Tuesday, January 28, 2014
ਕੋਟਫੱਤਾ ਥਾਣੇ ਵਿੱਚ ਇੱਕ ਦਲਿਤ ਔਰਤ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਕੇ ਕੱਪੜੇ ਪਾੜਨ ਅਤੇ ਜਬਰ-ਢਾਹੁਣ ਸਬੰਧੀ
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਬਠਿੰਡਾ ਦੀ ਤੱਥ ਖੋਜ ਰਿਪੋਰਟ
ਦਸੰਬਰ 2013 ਦੇ ਅਖੀਰਲੇ ਹਫਤੇ, 29 ਤਰੀਕ ਨੂੰ ਪਿੰਡ ਫੂਸ ਮੰਡੀ ਦੀ ਇੱਕ ਦਲਿਤ ਔਰਤ, ਬੀਬੀ ਅਮਰਜੀਤ ਕੌਰ ਪਤਨੀ ਬਲਦੇਵ ਸਿੰਘ ਜੋ ਆਸ਼ਾ ਹੈਲਪਰ ਵਜੋਂ ਕੰਮ ਕਰਦੀ ਹੈ, ਨੂੰ ਕੋਟਫੱਤਾ ਥਾਣੇ ਵਿੱਚ ਨਜਾਇਜ਼ ਹਿਰਾਸਤ ਵਿੱਚ ਰੱਖਕੇ ਪੁਲਸ ਵੱਲੋਂ ਉਸਦੇ ਕੱਪੜੇ ਪਾੜਨ ਅਤੇ ਕੁੱਟਮਾਰ ਕਰਨ ਦੀ ਘਟਨਾ ਅਖਬਾਰਾਂ ਰਾਹੀਂ ਲੋਕਾਂ ਵਿੱਚ ਚਰਚਾ ਅਤੇ ਚਿੰਤਾ ਦਾ ਵਿਸ਼ਾ ਬਣੀ। ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਬਠਿੰਡਾ ਇਕਾਈ ਨੇ ਸਹੀ ਤੱਥ ਲੋਕਾਂ ਸਾਹਮਣੇ ਲਿਆਉਣ ਲਈ ਇੱਕ ਤੱਥ ਖੋਜ ਕਮੇਟੀ ਬਣਾਕੇ ਪੜਤਾਲ ਕਰਨ ਦਾ ਫੈਸਲਾ ਕੀਤਾ। ਇਕਾਈ ਦੇ ਪ੍ਰਧਾਨ ਸੇਵਾਮੁਕਤ ਪਿੰਸੀਪਲ ਬੱਗਾ ਸਿੰਘ ਦੀ ਅਗਵਾਈ ਵਿੱਚ ਗਠਿਤ ਇਸ ਕਮੇਟੀ ਵਿੱਚ ਮੀਤ ਪ੍ਰਧਾਨ ਸੇਵਾ ਮੁਕਤ ਪਿੰਸੀਪਲ ਰਣਜੀਤ ਸਿੰਘ, ਐਡਵੋਕੇਟ ਐਨ.ਕੇ.ਜੀਤ, ਚੀਫ ਫਾਰਮਾਸ਼ਿਸਟ ਭੋਜ ਰਾਜ ਗੁਪਤਾ ਅਤੇ ਸੂਬਾ ਕਮੇਟੀ ਮੈਂਬਰ ਪ੍ਰਿਤਪਾਲ ਸਿੰਘ ਸ਼ਾਮਲ ਸਨ।
ਕਮੇਟੀ ਨੇ ਪੀੜਤ ਔਰਤ ਅਮਰਜੀਤ ਕੌਰ, ਉਸਦੇ ਪਰਿਵਾਰ, ਗਵਾਂਢੀਆਂ ਅਤੇ ਪਿੰਡ ਦੇ ਲੋਕਾਂ ਨੂੰ ਮਿਲਕੇ ਤੱਥ ਇਕੱਤਰ ਕੀਤੇ, ਪੀੜਤ ਦੀ ਡਾਕਟਰੀ ਰਿਪੋਰਟ (Medico Legal Report), ਕੋਟਫੱਤੇ ਥਾਣੇ ਦੀਆਂ ਦੋਵੇਂ ਐਫ.ਆਈ.ਆਰਾਂ- ਨੰ: 125 ਮਿਤੀ 27.12.2013 ਅਤੇ ਨੰ: 126 ਮਿਤੀ 29.12.2013 ਅਤੇ ਹੋਰ ਦਸਤਾਵੇਜ਼ਾਂ ਦੀ ਵੀ ਘੋਖ ਪੜਤਾਲ ਕੀਤੀ।
ਤੱਥ:
ਕਮੇਟੀ ਵੱਲੋਂ ਇੱਕਤਰ ਕੀਤੇ ਤੱਥਾਂ ਅਨੁਸਾਰ ਪੀੜਤ ਔਰਤ ਅਮਰਜੀਤ ਕੌਰ, ਉਮਰ ਲੱਗਭੱਗ 40-45 ਸਾਲ, ਪਿੰਡ ਫੂਸ ਮੰਡੀ ਦੇ ਇੱਕ ਦਲਿਤ ਪ੍ਰੀਵਾਰ ਨਾਲ ਸਬੰਧ ਰੱਖਦੀ ਹੈ ਅਤੇ ਪਿੰਡ ਵਿੱਚ ਹੀ ਆਸ਼ਾ ਸਹਾਇਕ ਦੇ ਵਜੋਂ ਕੰਮ ਕਰਦੀ ਹੈ। ਉਹ ਆਪਣੇ ਪਤੀ ਬਲਦੇਵ ਸਿੰਘ ਨਾਲ ਮਿਲਕੇ ਸਾਝੇ ਪ੍ਰੀਵਾਰ ਨਾਲ ਰਹਿਦੀ ਹੈ। ਪ੍ਰੀਵਾਰ ਵਿੱਚ ਕੁੱਲ 12 ਮੈਂਬਰ ਹਨ। ਬਲਦੇਵ ਸਿੰਘ ਅਤੇ ਉਸਦਾ ਭਾਈ ਜਸਵੰਤ ਸਿੰਘ ਖੇਤ ਮਜ਼ਦੂਰ ਹਨ। ਅਮਰਜੀਤ ਕੌਰ ਦੇ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ। ਵੱਡੀ ਲੜਕੀ ਵਿਆਹੀ ਹੋਈ ਹੈ।ਦੁਸਰੀ ਦੀ ਉਮਰ 19 ਸਾਲ ਹੈ ਅਤੇ ਛੋਟੀ ਲੜਕੀ ਦਸਵੀ ਵਿੱਚ ਅਤੇ ਇੱਕ ਲੜਕਾ ਬਾਰਵੀਂ ਵਿੱਚ ਪੜ੍ਹਦਾ ਹੈ। ਉਸਦਾ ਭਤੀਜਾ ਦਿਮਾਗ ਪੱਖੋਂ ਸਧਾਰਨ ਹੈ। ਇਸੇ ਪਿੰਡ ਦੀ ਇੱਕ ਹੋਰ ਔਰਤ ਸੁਰਜੀਤ ਕੌਰ ਵੀ ਆਸ਼ਾ ਸਹਾਇਕ ਲੱਗੀ ਹੋਈ ਹੈ ਜਿਸਨੂੰ ਅਮਰਜੀਤ ਕੌਰ ਨੇ ਹੀ ਇਸ ਨੌਕਰੀਤੇ ਲਗਵਾਇਆ ਸੀ।
26 ਦਸੰਬਰ ਦੀ ਸ਼ਾਮ ਨੂੰ ਕੋਟਫੱਤਾ ਪੁਲਸ ਨੇ ਅਮਰਜੀਤ ਕੌਰ ਨੂੰ ਥਾਣੇ ਬੁਲਇਆ ਅਤੇ ਉਸਨੂੰ ਕਿਹਾ ਗਿਆਂ ਕਿ ਸੁਰਜੀਤ ਕੌਰ ਨੇ ਉਸਦੇ ਖਿਲਾਫ਼, ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਅੱਠ ਤੋਲੇ ਸੋਨਾ ਅਤੇ ਦਸ ਹਜ਼ਾਰ ਰੁਪਏ ਨਗਦ ਚੌਰੀ ਕਰਨ ਬਾਰੇ ਸ਼ਿਕਾਇਤ ਕੀਤੀ ਹੈ। ਪਤਾ ਲੱਗਣ ਤੇ ਪਿਂਡ ਦੇ ਲੋਕ ਇਕੱਠੇ ਹੋਕੇ ਤੁਰੰਤ ਥਾਣੇ ਪਹੁੰਚ ਗਏ ਅਤੇ ਉਸਦੀ ਬੇਗੁਨਾਹੀ ਦੀ ਗਵਾਹੀ ਪਾਈ | ਪੁਲਸ ਨੇ ਉਸਨੂੰ ਸਰਸਰੀ ਪੁੱਛਗਿੱਛ ਕਰਨ ਤੋਂ ਬਾਦ ਵਾਪਸ ਭੇਜ ਦਿੱਤਾ।
27 ਦਸੰਬਰ ਨੂੰ ਪੁਲਸ ਫਿਰ ਉਸਨੂੰ ਫੜਕੇ ਥਾਣੇ ਲੈ ਗਈ। ਇਸ ਪੁਲਸ ਟੋਲੀ ਦੀ ਅਗਵਾਈ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਕਰ ਰਿਹਾ ਸੀ। ਸ਼ਾਮ ਦਾ ਸਮਾਂ ਹੋਣ ਦੇ ਬਾਵਜੂਦ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਥਾਣੇ ਪਹੁੰਚ ਗਏ। ਉਹਨਾਂ ਵਿੱਚ ਮੌਜੂਦਾ ਸਰਪੰਚ, ਸਾਬਕਾ ਸਰਪੰਚ, ਪੰਚਾਇਤ ਮੈਂਬਰ ਆਦਿ ਵੀ ਸ਼ਾਮਲ ਸਨ। ਲੋਕਾਂ ਦੇ ਇਕੱਠ ਮੂਹਰੇ ਪੇਸ਼ ਨਾ ਚਲਦੀ ਵੇਖ ਕੇ ਉਸ ਦਿਨ ਵੀ ਪੁਲਸ ਨੇ ਪੁੱਛਗਿੱਛ ਕਰਨ ਤੋਂ ਬਾਅਦ ਅਮਰਜੀਤ ਕੌਰ ਨੂੰ ਵਾਪਸ ਭੇਜ ਦਿੱਤਾ।
28 ਦਸੰਬਰ ਨੂੰ ਪਿੰਡ ਵਿੱਚ ਇੱਕ ਲੜਕੇ ਦਾ ਵਿਆਹ ਸੀ ਅਤੇ ਇਥੋਂ ਦੇ ਬਹੁਤੇ ਲੋਕ, ਖਾਸ ਤੌਰ ਤੇ ਮੋਹਤਬਰ ਵਿਅਕਤੀ ਇਸ ਵਿਆਹ ਵਿੱਚ ਬਰਾਤ ਗਏ ਹੋਏ ਸਨ। ਥਾਣੇਦਾਰ ਦਰਸ਼ਨ ਸਿੰਘ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਦੁਪਹਿਰ ਵੇਲੇ ਅਮਰਜੀਤ ਕੌਰ ਨੂੰ ਉਸ ਦੇ ਘਰੋਂ ਚੁੱਕ ਲਿਆ। ਉਸਦੀ ਲੜਕੀ ਪਿੰਡ ਦੇ ਸਰਪੰਚ ਅਤੇ ਪੰਚਇਤ ਮੈਂਬਰਾਂ ਨੂੰ ਬਲਾਉਣ ਗਈ, ਪ੍ਰੰਤੂ ਪੁਲਸ ਕੋਈ ਮੌਕਾ ਨਹੀਂ ਦੇਣਾ ਚਾਹੁੰਦੀ ਸੀ, ਇਸ ਲਈ ਪੁਲਸ ਨੇ ਅਮਰਜੀਤ ਕੌਰ ਨੂੰ ਆਵਦੀ ਗੱਡੀ ਵਿੱਚ ਸੁੱਟਕੇ ਥਾਣੇ ਕੋਟਫੱਤੇ ਲੈ ਆਂਦਾ।
ਪੀਤੜ ਔਰਤ, ਉਸਦੇ ਪਰਿਵਾਰ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਜਦੋਂ ਉਸ ਨੂੰ 26, 27 ਅਤੇ 28 ਦਸੰਬਰ ਨੂੰ ਹਿਰਾਸਤ ਵਿੱਚ ਲਿਆ ਅਤੇ ਪੁੱਛਗਿਛ ਕੀਤੀ ਤਾਂ ਕੋਈ ਔਰਤ ਪੁਲਸ ਮੁਲਾਜ਼ਮ ਉਥੇ ਮੌਜੂਦ ਨਹੀਂ ਸੀ।
ਨਜਾਇਜ਼ ਬੰਦੀ ਅਤੇ ਤਸ਼ੱਦਦ:-
28 ਦਸੰਬਰ ਨੂੰ ਜਦੋਂ ਉਸਨੂੰ ਥਾਣੇ ਲਿਆਂਦਾ ਗਿਆ ਤਾਂ ਉਸਨੂੰ ਬਕਾਇਦਾ ਗ੍ਰਿਫਤਾਰ ਨਹੀਂ ਕੀਤਾ ਗਿਆ। ਕੋਟਫੱਤੇ ਦਾ ਮੁੱਖ ਥਾਣੇਦਾਰ ਕਾਬਲ ਸਿੰਘ ਉਸ ਮੌਕੇ ਹਾਜ਼ਰ ਸੀ। ਉਸ ਨੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ ਤਫਤੀਸ਼ ਲਈ ਅਮਰਜੀਤ ਕੌਰ ਨੂੰ ਥਾਣੇ ਅੰਦਰਲਿਆਂ ਕਮਰਿਆਂ ਵਿੱਚ ਲਿਜਾਕੇ ਪੁੱਛਗਿਛ ਕਰਨ ਦਾ ਹੁਕਮ ਦਿੱਤਾ। ਦਰਸ਼ਨ ਸਿੰਘ ਨੇ ਉਸਨੂੰ ਅੰਦਰ ਲਿਜਾਕੇ ਪਹਿਲਾਂ ਉਸਦੀ ਸ਼ਾਲ ਲਾਹ ਦਿੱਤੀ, ਫਿਰ ਵਾਲਾਂ ਤੋਂ ਫੜ੍ਹ ਕੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ, ਉਸਦਾ ਸਿਰ ਕੰਧ ਨਾਲ ਮਾਰਿਆ, ਵਾਲ ਪੁੱਟ ਸੁੱਟੇ ਅਤੇ ਕਪੜੇ ਪਾੜ ਦਿੱਤੇ ਤੇ ਘਸੁੰਨ , ਮੁੱਕੇ ਅਤੇ ਲੱਤਾਂ ਮਾਰੀਆਂ। ਇਹ ਜਾਬਰ ਅਤੇ ਅਣਮਨੁੱਖੀ ਤਸ਼ੱਦਦ ਕਰਨ ਵੇਲੇ ਕੋਈ ਔਰਤ ਪੁਲਸ ਮੁਲਾਜ਼ਮ ਹਾਜ਼ਰ ਨਹੀਂ ਸੀ।
ਅਮਰਜੀਤ ਕੌਰ ਦੇ ਪਰਿਵਾਰ ਦੇ ਕੁੱਝ ਮੈਂਬਰ ਪਿੰਡ ਦੇ ਕੁਝ ਲੋਕਾਂ ਸਮੇਤ ਰਾਤ ਨੂੰ ਥਾਣੇ ਮੂਹਰੇ ਪੁੱਜ ਗਏ, ਪਰ ਪੁਲਸ ਨੇ ਨਾ ਤਾਂ ਉਹਨਾਂ ਨੂੰ ਅਮਰਜੀਤ ਕੌਰ ਨੂੰ ਮਿਲਣ ਦਿੱਤਾ ਅਤੇ ਨਾ ਹੀ ਰੋਟੀ ਵਗੇਰਾ ਦੇਣ ਦਿੱਤੀ।
29 ਦਸੰਬਰ ਨੂੰ ਸਵੇਰ ਤੱਕ ਫੁਸ ਮੰਡੀ ਦੇ ਜੋ ਲੋਕ ਬਰਾਤ ਗਏ ਸਨ ਵਾਪਸ ਆ ਗਏ। ਪਿੰਡ ਦੇ ਸਾਬਕਾ ਅਤੇ ਮੌਜੂਦਾ ਸਰਪੰਚ ਅਤੇ ਹੋਰਾਂ ਵੱਲੋਂ ਇਲਾਕੇ ਦੇ ਵਿਧਾਇਕ ਸਰਦਾਰ ਦਰਸ਼ਨ ਸਿੰਘ ਕੋਟਫੱਤਾ ਨਾਲ ਸੰਪਰਕ ਕਰਕੇ ਉਸਨੂੰ ਸਾਰੇ ਮਸਲੇ ਦੀ ਜਾਣਕਾਰੀ ਦਿਤੀ ਗਈ | ਜਦੋਂ ਪਿੰਡ ਦੇ ਲੋਕਾਂ ਨੇ ਸਵੇਰੇ ਥਾਣੇ ਅੱਗੇ ਧਰਨਾ ਲਾਇਆ ਤਾਂ ਵਿਧਾਇਕ ਦਰਸ਼ਨ ਸਿੰਘ ਦਾ ਭਰਾ ਵੀ ਉਹਨਾਂ ਵਿੱਚ ਸ਼ਾਮਲ ਹੋ ਗਿਆ। ਧਰਨੇ ਨੂੰ ਦੇਖ ਕੇ ਮੁੱਖ ਅਫਸਰ ਕਾਬਲ ਸਿੰਘ ਉਥੇ ਪਹੁੰਚ ਗਿਆ। ਲੋਕਾ ਦੇ ਰੋਹ ਨੂੰ ਭਾਂਪਦਿਆਂ ਉਸਨੇ ਅਮਰਜੀਤ ਕੌਰ ਨੂੰ ਨਜਾਇਜ ਹਿਰਾਸਤ ਵਿੱਚੋਂ ਰਿਹਾਅ ਕਰਨਾ ਮੰਨ ਲਿਆ। ਥਾਣੇ ਵਿੱਚੋਂ ਬਾਹਰ ਆਕੇ ਅਮਰਜੀਤ ਕੌਰ ਨੇ ਉਥੇ ਜੁੜੇ ਲੋਕਾਂ ਦੇ ਸਾਹਮਣੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਵੱਲੋਂ ਉਸਤੇ ਕੀਤੇ ਵਹਿਸ਼ੀ ਤਸ਼ੱਦਦ ਅਤੇ ਥਾਨੇਦਾਰ ਕਾਬਲ ਸਿੰਘ ਦੇ ਇਸ ਵਿਚ ਰੋਲ ਦੀ ਸਾਰੀ ਕਹਾਣੀ ਬਿਆਨ ਕੀਤੀ। ਉਸਨੇ ਆਪਣੇ ਪਾਟੇ ਹੋਏ ਕਪੜੇ ਅਤੇ ਪੁੱਟੇ ਹੋਏ ਵਾਲ ਵੀ ਲੋਕਾਂ ਨੂੰ ਦਿਖਾਏ।
ਧਰਨੇ ਤੇ ਬੈਠੇ ਲੋਕਾਂ ਨੇ ਉੱਚ ਅਧਿਕਾਰੀਆਂ ਅਤੇ ਪੱਤਰਕਾਰਾਂ ਨਾਲ ਸੰਪਰਕ ਕਰਕੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਅਮਰਜੀਤ ਕੌਰ ਨੂੰ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾ ਦਿੱਤਾ ਜਿਥੇ ਉਸਦਾ ਡਾਕਟਰੀ ਮੁਆਇਨਾ ਕੀਤਾ ਗਿਆ। ਅਮਰਜੀਤ ਕੌਰ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਸ ਨੇ ਉਹਨਾਂ ਤੇ ਦਬਾਅ ਪਾਕੇ ਉਸੇ ਦਿਨ ਸ਼ਾਮ ਨੂੰ ਹੀ ਅਮਰਜੀਤ ਕੌਰ ਦੀ ਹਸਪਤਾਲੋਂ ਛੁੱਟੀ ਕਰਵਾ ਦਿੱਤੀ ਹਾਲਾਂਕਿ ਉਸਨੂੰ ਡਾਕਟਰੀ ਸਹਾਇਤਾ ਅਤੇ ਇਲਾਜ ਦੀ ਸਖਤ ਲੋੜ ਸੀ।
ਪੁਲਸ ਹਰਕਤ ਵਿੱਚ ਆਈ:-
ਪਿੰਡ ਦੇ ਮੋਹਤਬਰ ਲੋਕਾਂ ਅਤੇ ਪੱਤਰਕਾਰਾਂ ਵੱਲੋਂ ਮਾਮਲਾ ਸੀਨੀਅਰ ਪੁਲਸ ਕਪਤਾਨ, ਬਠਿੰਡਾ ਦੀ ਜਾਣਕਾਰੀ ਵਿੱਚ ਲ਼ਿਆਂਉਣ ਤੇ, ਉਸਨੇ ASP ਬੀਬੀ ਅਲਕਾ ਮੀਨਾ ਨੂੰ ਮਾਮਲੇ ਦੀ ਪੜਤਾਲ ਕਰਨ ਲਈ ਭੇਜ ਦਿੱਤਾ। ਮੁੱਖ ਅਫਸਰ ਕਾਬਲ ਸਿੰਘ ਨੇ ਆਂਪਣੇ ਆਪਨੂੰ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਅਮਰਜੀਤ ਕੌਰ ਦੇ ਖਿਲਾਫ਼ ਕਾਹਲੀ ਨਾਲ ਥਾਣਾ ਕੋਟ ਫੱਤਾ ਵਿੱਚ ਐਫ.ਆਈ.ਆਰ. ਨੰ: 125 ਪਿਛਲੀ ਤਰੀਕ ਵਿੱਚ ਦਰਜ ਕਰਨਾ, ਉਸਦੇ ਪਰਿਵਾਰ ਤੇ ਦਬਾਅ ਪਾਕੇ ਉਸਨੂੰ ਸਿਵਲ ਹਸਪਤਾਲ ਚੋ ਡਿਸਚਾਰਜ ਕਰਵਾਉਣਾ, ਇਸੇ ਦਿਸ਼ਾ ਵਿੱਚ ਪੁੱਟੇ ਕਦਮ ਸਨ।
ASP ਬੀਬੀ ਅਲਕਾ ਮੀਨਾ ਨੇ ਤੁਰੰਤ ਪੀੜਤ ਦੇ ਘਰ ਜਾਕੇ ਮਾਮਲੇ ਦੀ ਵਿਸਥਾਰ ਪੂਰਵਕ ਜਾਂਚ ਕੀਤੀਂ ਅਤੇ ਬਾਦ ਵਿੱਚ ਪੀੜਤ ਦੇ ਪਤੀ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੁੱਖ ਅਫਸਰ ਕਾਬਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਖਿਲ਼ਾਫ਼ ਆਈ.ਪੀ.ਸੀ ਦੀ ਧਾਰਾ 323 (ਜਾਣਬੁੱਝਕੇ ਸੱਟਾਂ ਮਾਰਨ), 342 (ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣਾ) ਅਤੇ ਅਨੁਸੂਚਿਤ ਜਾਤਾਂ ਅਤੇ ਕਬੀਲਿਆਂ ਤੇ ਜਬਰ ਰੋਕੂ ਕਾਨੂੰਨ ਦੀ ਧਾਰਾ 3 ਅਤੇ 4 ਤਹਿਤ ਮੁਕੱਦਮਾ ਨੰ: 126, ਕੋਟਫੱਤਾ ਥਾਣੇ ਵਿੱਚ ਦਰਜ ਕਰਵਾ ਦਿੱਤਾ।
ਇਸ ਮਾਮਲੇ ਦਾ ਮੀਡੀਆ ਅਤੇ ਕੇਂਦਰੀ ਸਰਕਾਰ ਦੇ ਅਨੁਸ਼ੂਚਿਤ ਜਾਤੀ ਕਮਿਸ਼ਨ ਨੇ ਵੀ ਗੰਭੀਰ ਨੋਟਿਸ ਲਿਆ। ਕਮਿਸ਼ਨ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਦੌਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੇ ਸਖਤ ਨਿਰਦੇਸ਼ ਦਿੱਤੇ ਗਏ। ਪ੍ਰੰਤੂ ਇਸ ਸੱਭ ਕਾਸੇ ਦੇ ਬਾਵਜੂਦ ਅਜੇ ਸਿਰਫ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਥਾਣੇਦਾਰ ਕਾਬਲ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਪੁਲਸ, 'ਡੂੰਘੀ ਪੜਤਾਲ ਕਰਨ' ਦੇ ਬਹਾਨੇ ਹੇਠ ਟਾਲਾ ਵੱਟ ਰਹੀ ਹੈ।
ਪੀੜਤ ਡੂੰਘੇ ਸਦਮੇ ਵਿੱਚ:-
ਪੀੜਤ ਅਮਰਜੀਤ ਕੌਰ ਇਸ ਵਹਿਸ਼ੀ ਘਟਨਾ ਕਾਰਨ ਨਾ ਸਿਰਫ ਸਰੀਰਕ ਪੀੜ ਤੋਂ ਪਰੇਸ਼ਾਨ ਹੈ ਸਗੋਂ ਡੂੰਘੇ ਸਦਮੇਂ ਵਿੱਚ ਹੈ। ਦਿਨ ਵਿੱਚ ਅਤੇ ਰਾਤ ਵੇਲੇ ਉਹ ਆਂਪਣੇ ਤੇ ਹੋਏ ਤਸ਼ੱਦਦ ਨੂੰ ਯਾਦ ਕਰਕੇ ਅੱਬੜਵਾਹੇ ਉੱਠ ਖੜਦੀ ਹੈ, ਪਾਗਲਾਂ ਵਾਗ ਹਰਕਤਾਂ ਕਰਨ ਲੱਗ ਜਾਂਦੀ ਹੈ ਅਤੇ ਚੀਕਾਂ ਮਾਰਦੀ ਹੈ। ਤੱਥ ਖੋਜ ਕਮੇਟੀ ਦੇ ਮੈਂਬਰਾਂ ਨੂੰ ਉਸਨੇ ਆਪਨੇ ਸਿਰ, ਖੱਬੀ ਬਾਂਹ, ਢਿੱਡ, ਚੇਹਰੇ ਅਤੇ ਸਰੀਰ ਦੇ ਹੋਰ ਹਿਸਿਆਂ ਤੇ ਲੱਗੀਆਂ ਸੱਟਾਂ ਦਿਖਾਈਆਂ। ਪਿੰਡ ਦੇ ਮੋਹਤਬਰ ਲੋਕ ਵੱਖ-ਵੱਖ ਡਾਕਟਰਾਂ ਤੋਂ ਉਸਦਾ ਇਲਾਜ ਕਰਵਾ ਰਹੇ ਹਨ। ਪੇਟ ਦੀਆਂ ਸੱਟਾਂ ਲਈ ਉਸਦਾ ਡਾ. ਰੁਪਿੰਦਰ ਸਿੱਧੂ ਕੋਲੋੰ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਦਿਮਾਗੀ ਪ੍ਰੇਸ਼ਾਨੀ ਲਈ ਮਾਨਸਿਕ ਰੋਗਾਂ ਦੇ ਮਾਹਰ ਡਾ. ਸੁਸ਼ੀਲ ਵਰਮਾਂ ਕੋਲੋਂ । ਪੁਲਸ ਵੱਲੋਂ ਉਸਦੇ ਖਿਲਾਫ਼ ਸਰਜੀਤ ਕੌਰ ਦੇ ਘਰ ਵਿੱਚ ਵੜਕੇ ਗਹਿਣੇ ਅਤੇ ਨਗਦੀ ਚੋਰੀ ਕਰਨ ਸਬੰਧੀ ਦਰਜ ਕੀਤੀ FIR ਜਿਸਨੂੰ ਲੱਗਭੱਗ ਸਾਰੇ ਲੋਕ ਝੂਠੀ ਦਸਦੇ ਹਨ, ਵਿੱਚ ਪੁਲਸ ਵੱਲੋਂ ਉਸ ਨੂੰ ਫੜਕੇ ਮੁੜ ਤਸ਼ੱਦਦ ਦਾ ਸ਼ਿਕਾਰ ਬਣਾਏ ਜਾਣ ਦੇ ਡਰ ਤੋਂ ਵੀ ਉਹ ਖੌਫ ਜ਼ਦਾ ਹੈ।
ਘਟਨਾ ਦਾ ਪਿਛੋਕੜ:-
ਪੀੜਤ ਅਮਰਜੀਤ ਕੌਰ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ, ਆਸ਼ਾ ਸਹਾਇਕ ਵਜੋਂ ਕੰਮ ਕਰਦੀਆਂ ਦੋਵੇਂ ਦਲਿਤ ਔਰਤਾਂ (ਅਮਰਜੀਤ ਕੌਰ ਅਤੇ ਸਰਜੀਤ ਕੌਰ) ਦੇ ਕੇਸ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਰੱਕੀ/ਪੱਕੇ ਕਰਨ ਵਗੈਰਾ ਲਈ ਵਿਚਾਰੇ ਜਾਣੇ ਸਨ।ਸੀਨੀਅਰ ਹੋਣ ਕਾਰਨ ਅਮਰਜੀਤ ਕੌਰ ਦਾ ਪਹਿਲਾ ਨੰਬਰ ਸੀ। ਉਸਦਾ ਕੈਰੀਅਰ ਖਰਾਬ ਕਰਨ ਲਈ ਸੁਰਜੀਤ ਕੌਰ ਤੇ ਉਸਦੇ ਪਤੀ ਨੇ ਉਸ ਤੇ ਚੋਰੀ ਦਾ ਇਲਜਾਮ ਲਾਇਆ ਤਾਂ ਜੋ ਉਹ ਤਰੱਕੀ/ਪੱਕੇ ਹੋਣ ਦਾ ਲਾਭ ਨਾ ਲੈ ਸਕੇ। ਇਸ ਕੰਮ ਲਈ ਉਹਨਾਂ ਸਬੰਧਤੇ ਪੁਲਸ ਅਧਿਕਾਰੀਆਂ ਨਾਲ ਗੰਢ-ਤੁੱਪ ਕੀਤੀ ਹੋਈ ਸੀ।
ਸਿੱਟੇ:-
ਪੀੜਤ, ਉਸਦੇ ਪਰਿਵਾਰ, ਪਿੰਡ ਦੇ ਲੋਕਾਂ ਅਤੇ ਅਧਿਕਾਰੀਆਂ ਤੋਂ ਇਕੱਤਰ ਕੀਤੀ ਜਾਣਕਾਰੀ ਅਤੇ ਇਸ ਕੇਸ ਨਾਲ ਸਬੰਧਤ ਡਾਕਟਰੀ ਅਤੇ ਪੁਲਸ ਰਿਕਾਡ ਦੇਖਣ ਤੋਂ ਬਾਅਦ ਸਭਾ ਇਸ ਸਿੱਟੇ ਤੇ ਪਹੁੰਚਦੀ ਹੈ ਕਿ:-
(1) ਪੁਲਸ ਦੀ ਇਸ ਮਾਮਲੇ ਵਿੱਚ ਕਾਰਗੁਜਾਰੀ ਗੈਰ ਕਾਨੂੰਨੀ ਹੈ। ਪੁਲਸ ਨੇ ਸਿਰਫ ਕਾਨੂੰਨ ਦੀ ਉਲੰਘਣਾ ਹੀ ਨਹੀ ਕੀਤੀ ਸਗੋਂ ਲੋਕਾਂ, ਖਾਸ ਤੌਰ ਤੇ ਔਰਤਾਂ ਦੀ ਰਾਖੀ ਲਈ ਘੜੇ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਹਨ। ਇਸ ਮਾਮਲੇ ਵਿੱਚ ਥਾਣਾ ਕੋਟਫੱਤਾ ਦਾ ਮੁੱਖ ਅਫਸਰ ਕਾਬਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਪੂਰੀ ਤਰਾਂ ਜੁੰਮੇਦਾਰ ਹਨ।
(2) ਜਾਬਤਾ ਫੋਜਦਾਰੀ (Cr.P.C..) ਦੀ ਧਾਰਾ 46(4) ਵਿੱਚ ਸਾਫ ਦਰਜ ਹੈ ਕਿ ਕਿਸੇ ਵੀ ਔਰਤ ਨੂੰ ਸੂਰਜ ਛਿੱਪਣ ਤੋਂ ਬਾਅਦ ਅਤੇ ਸੂਰਜ ਨਿਕਲਣ ਤੋਂ ਪਹਿਲਾਂ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਜੇ ਕਿਸੇ ਵਿਸ਼ੇਸ਼ ਹਾਲਤ ਵਿੱਚ ਇਉਂ ਕਰਨਾ ਜਰੂਰੀ ਹੋਵੇ ਤਾਂ ਇੱਕ ਔਰਤ ਪੁਲਸ ਅਧਿਕਾਰੀ ਸਬੰਧਤ ਨਿਆਂਇੰਕ ਮੈਜਿਸਟਰੇਟ ਨੂੰ ਲਿਖਤੀ ਰਿਪੋਰਟ ਪੇਸ਼ ਕਰਕੇ ਅਗਾਉਂ ਪ੍ਰਵਾਨਗੀ ਹਾਸਲ ਕਰੇਗੀ। ਪ੍ਰੰਤੂ ਇਸ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਗਿਆ।
(3) ਜਾਬਤਾ ਫੌਜਦਾਰੀ ਦੀ ਧਾਰਾ 50 ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਦੇ ਸਮੇਂ ਪੁਲਸ ਅਫਸਰ ਨੇ ਉਸਨੂੰ ਆਪਣੇ ਨਾਂ, ਅਤੇ ਅਹੁਦੇ ਦੀ ਜਾਣਕਾਰੀ ਦੇਣੀ ਹੈ, ਉਸਦੇ ਖਿਲਾਫ਼ ਦੋਸ਼ ਅਤੇ ਦਰਜ ਮੁੱਕਦਮੇਂ ਬਾਰੇ ਦੱਸਣਾ ਹੈ, ਉਸਦੀ ਗ੍ਰਿਫਤਾਰੀ ਦੀ ਸੂਚਨਾ ਉਸਦੇ ਸਕੇ ਸਬੰਧੀਆਂ ਨੂੰ ਦੇਣੀ ਹੈ, ਅਤੇ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਕਿੱਥੇ ਰੱਖਿਆ ਜਾਵੇਗਾ, ਕਦੋਂ ਅਤੇ ਕਿਹੜੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਇਸ ਸਬੰਧੀ ਉਸਦੇ ਵਾਰਸਾਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ | ਧਾਰਾ 58 Cr.P.C. ਤਹਿਤ ਗ੍ਰਿਫਤਾਰ ਕੀਤੇ ਵਿਅਕਤੀ ਬਾਰੇ ਜ਼ਿਲਾ ਮੈਜਿਸਟਰੇਟ ਨੂੰ ਰਿਪੋਰਟ ਭੇਜਣੀ ਹੁੰਦੀ ਹੈ। ਪ੍ਰੰਤੂ ਬੀਬੀ ਅਮਰਜੀਤ ਕੌਰ ਦੇ ਸਬੰਧ ਵਿੱਚ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ।
(4) ਕਿਉਂਕਿ ਬੀਬੀ ਅਮਰਜੀਤ ਕੌਰ ਨੂੰ ਬਿਨਾ ਕੋਈ ਕਾਨੂੰਨੀ ਕਾਰਵਾਈ ਕੀਤਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਪਰਿਵਾਰ ਦੀ ਹਾਜ਼ਰੀ ਵਿੱਚ ਜਬਰਦਸਤੀ ਘਰੋਂ ਚੁੱਕਆ ਹੇ, ਇਸ ਲਈ ਉਸਦੇ ਖਿਲਾਫ ਧਾਰਾ 362 ਅਤੇ 365 IPC ਤਹਿਤ ਜੁਰਮ ਵੀ ਬਣਦੇ ਹਨ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ਹੇਠਲੀ ਪੁਲਸ ਟੀਮ ਨੇ ਅਮਰਜੀਤ ਕੌਰ ਨੂੰ ਧਕੇ ਨਾਲ ਅਗਵਾ ਕੀਤਾ, ਉਸਨੂੰ ਨਜਾਇਜ ਹਿਰਾਸਤ ਵਿੱਚ ਰੱਖਿਆ ਅਤੇ ਕੁੱਟ ਮਾਰ ਕੀਤੀ। ਥਾਣੇਦਾਰ ਕਾਬਲ ਸਿੰਘ ਵੀ ਇਸ ਕੰਮ ਵਿੱਚ ਬਰਾਬਰ ਦਾ ਦੋਸ਼ੀ ਹੈ ਕਿਉਂਕਿ ਉਹ ਥਾਣੇ ਦਾ ਇੰਚਾਰਜ ਸੀ ਅਤੇ ਦਰਸ਼ਨ ਸਿੰਘ ਦੀਆਂ ਸਾਰੀਆਂ ਗੈਰ ਕਾਨੂੰਨੀ ਕਾਰਵਾਈਆਂ ਤੋਂ ਨਾ ਸਿਰਫ ਵਾਕਿਫ਼ ਸੀ; ਸਗੋਂ ਉਹ ਇਹਨਾਂ ਸਾਰੀਆਂ ਕਾਰਵਾਈਆਂ ਚ ਬਰਾਬਰ ਦਾ ਭਾਈਵਾਲ ਸੀ|
(5) ਜਿੱਥੋਂ ਤੱਕ ਪੀੜਤ ਅਮਰਜੀਤ ਕੌਰ ਦੇ ਖਿਲਾਫ਼ ਕੋਟਫੱਤਾ ਥਾਣੇ ਵਿੱਚ ਦਰਜ FIR. ਨੰ: 125 ਮਿਤੀ 27.12.2013 ਦਾ ਸੰਬੰਧ ਹੈ, ਸਭਾ ਸਮਝਦੀ ਹੈ ਕਿ ਪੁਲਸ ਨੇ ਆਂਪਣੀਆਂ ਗੈਰ ਕਾਨੂੰਨੀ ਕਾਰਵਾਈਆਂ ਤੇ ਪੜਦਾ ਪਾਉਣ ਲਈ ਇਹ ਝੂਠੀ ਦਰਜ ਕੀਤੀ ਹੈ। ਸਭਾ ਇਸ ਨਿਰਣੇ ਤੇ ਨਿਮਨ ਲਿਖਤ ਤੱਥਾਂ ਦੇ ਅਧਾਰ ਤੇ ਪਹੁੰਚੀ ਹੈ:
(ੳ). ਇਹ FIR ਕਾਹਲੀ ਵਿੱਚ ਦਰਜ ਕੀਤੀ ਗਈ ਹੈ। ਇਸ ਵਿਚ ਉਹ ਲੋੜੀਂਦੇ ਵੇਰਵੇ ਵੀ ਦਰਜ ਨਹੀਂ ਕੀਤੇ ਗਏ ਜੋ ਪੁਲਸ ਵੱਲੋਂ ਖੁਦ ਲਿਖੇ ਬਿਆਨ ਵਿੱਚ ਮਦੱਈ ਨੇ ਦਿੱਤੇ ਸਨ। ਮਿਸਾਲ ਵੱਜੋਂ ਮਦੱਈ ਅਨੁਸਾਰ ਉਸਦੇ ਘਰ ਚੋਰੀ ਦੀ ਘਟਨਾ 22.12.2013 ਤੋਂ ਪਹਿਲਾਂ ਵਾਪਰੀ। ਉਸਨੇ ਪੁਲਸ ਨੂੰ ਇਸਦੀ ਸੂਚਨਾ 5 ਦਿਨ ਬਾਅਦ 27.12.2013 ਨੂੰ ਦਿੱਤੀ। ਇਸਤਰਾਂ ਪੁਲਸ ਕੋਲ ਸੂਚਨਾ ਪਹੁੰਚਣ ਵਿੱਚ 5 ਦਿਨ ਦੀ ਦੇਰੀ ਸੀ। ਪਰ FIR ਦੇ ਪੈਰਾ ਨੰ: 8 ਵਿੱਚ ਜਿੱਥੇ ਸੂਚਨਾ ਦੇਣ ਵਿੱਚ ਦੇਰੀ ਅਤੇ ਇਸਦੇ ਕਾਰਨ ਦਰਜ ਕਰਣੇ ਹੁੰਦੇ ਹਨ, ਉਥੇ FIR ਦਰਜ ਕਰਨ ਵਾਲੇ ਅਧਿਕਾਰੀ ਨੇ ਲਿਖਿਆ ਹੈ “ਕੋਈ ਦੇਰੀ ਨਹੀਂ ਹੋਈ”।
(ਅ). ਇਸੇ ਤਰਾਂ ਮੁਦਈ ਨੇ ਆਂਪਣੇ ਬਿਆਨ ਵਿੱਚ 8 ਤੋਲੇ ਸੋਨੇ ਦੇ ਗਹਿਣੇ ਅਤੇ ਦਸ ਹਜ਼ਾਰ ਰੁਪੈ ਨਗਦ ਚੋਰੀ ਹੋਣਾ ਦੱਸਿਆ ਗਿਆ ਹੈ ਪਰ FIR ਵਿੱਚ ਚੋਰੀ ਕੀਤੇ ਇਸ ਸਾਮਾਨ ਦਾ ਵੇਰਵਾ ਜੋ ਪੈਰਾ ਨੰਬਰ 9 ਵਿੱਚ ਦੇਣਾ ਹੁੰਦਾ ਹੈ, ਨਹੀਂ ਦਿੱਤਾ ਗਿਆ।
(ੲ). FIR ਵਿੱਚ ਦਰਜ ਕਹਾਣੀ ਅਨੁਸਾਰ ਮੁਦਈ ਸਰਜੀਤ ਸਿੰਘ ਨੇ ਥਾਣੇਦਾਰ ਦਰਸ਼ਨ ਸਿੰਘ ਕੋਲ 27.12.2013 ਨੂੰ ਸ਼ਾਮ ਦੇ 6 ਵਜਕੇ 40 ਮਿੰਟ ਤੇ ਆਪਣਾ ਬਿਆਨ ਬੱਸ ਅੱਡਾ ਕੋਟਫੱਤਾ ਵਿਖੇ ਦਰਜ ਕਰਵਾਇਆ। ਜਿਸਦਾ ਰੁੱਕਾ ਥਾਣੇ ਪੁਜਣ ਤੇ ਸ਼ਾਮ ਨੂੰ 8 ਵਜੇ FIR ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਘਟਨਾ ਬਾਰੇ ਪੁਲਿਸ ਕੋਲ ਕੋਈ ਰਿਪੋਟ ਨਹੀਂ ਸੀ ਲਿਖਵਾਈ ਗਈ। ਹੁਣ ਸਵਾਲ ਪੈਦਾ ਹੁੰਦਾ ਹੈ ਜੇ ਪੁਲਸ ਕੋਲ ਮਿਤੀ 27.12.2013 ਸ਼ਾਮ 6.40 ਵਜੇ ਤੱਕ ਕੋਈ ਰਪਟ ਨਹੀਂ ਸੀ ਤਾਂ ਅਮਰਜੀਤ ਕੌਰ ਨੂੰ ਪੁਲਸ ਨੇ 26.12.2013 ਨੂੰ ਥਾਣੇ ਕਿਸ ਜੁਰਮ ਤਹਿਤ ਬੁਲਇਆ ਸੀ? ਇਸੇ ਤਰਾਂ 27.12.2013 ਨੂੰ ਇਤਲਾਹ ਮਿਲਣ ਤੋਂ ਪਹਿਲਾਂ ਹੀ ਉਸਨੂੰ ਥਾਣੇ ਕਿਉਂ ਲੈ ਆਂਦਾ ਗਿਆ?
(ਸ) FIR ਅਨੁਸਾਰ ਮੁਦਈ ਸੁਰਜੀਤ ਸਿੰਘ ਨੇ ਆਵਦੇ ਬਿਆਨ ਵਿੱਚ ਪੀੜਤ ਅਮਰਜੀਤ ਕੌਰ ਨੂੰ ਦੋਸ਼ੀ ਟਿਕਿਆ ਸੀ। ਜੇ ਉਸ ਦਿਨ (27.12.2013) FIR ਵਿੱਚ ਉਸ ਦਾ ਨਾਂ ਸੀ ਤਾਂ ਥਾਣੇ ਲੈਕੇ ਆਉਣ ਦੇ ਬਾਵਜੂਦ ਉਸਨੂੰ ਬਕਾਇਦਾ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਇਸੇ ਤਰਾਂ 28.12.2013 ਨੂੰ ਵੀ ਉਸਨੂੰ ਸਾਰੀ ਰਾਤ ਗੈਰ ਕਾਨੂੰਨੀ ਹਿਰਾਸਤ ਵਿੱਚ ਕਿਉਂ ਰੱਖਿਆ ਗਿਆ? ਉਸਦੀ ਗ੍ਰਿਫਤਾਰੀ ਕਿਉਂ ਨਹੀਂ ਪਾਈ ਗਈ? ਜੇਕਰ ਸੱਚਮੱਚ ਹੀ ਪੀੜਤ ਅਮਰਜੀਤ ਕੌਰ ਦੇ ਖਿਲਾਫ਼ 27.12.2013 ਨੂੰ FIR ਦਰਜ ਸੀ ਤਾ 28.12.2013 ਨੂੰ ਜਦੋਂ ਉਸਨੂੰ ਘਰੋਂ ਜਬਰੀ ਚੁੱਕ ਕੇ ਲਿਆਂਦਾ ਸੀ ਉਦੋਂ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਅਤੇ ਫਿਰ ਅਦਾਲਤ ਚੋਂ ਜਮਾਨਤ ਮਿਲਣ ਤੇ ਹੀ ਰਿਹਾ ਕੀਤਾ ਜਾਣਾ ਚਾਹੀਦਾ ਸੀ।
(ਹ) ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਅਸਲ ਵਿੱਚ FIR ਨੰ: 125, ਮਿਤੀ 27.12.2013 ਨੂੰ ਦਰਜ ਨਹੀਂ ਕੀਤੀ ਗਈ ਸਗੋਂ 29.12.2013 ਨੂੰ ਲੋਕਾਂ ਵੱਲੋਂ ਥਾਂਣੇ ਮੂਹਰੇ ਲਾਏ ਧਰਨੇ ਦੇ ਦਬਾਅ ਅਧੀਨ ਪੀੜਤ ਅਮਰਜੀਤ ਕੌਰ ਨੂੰ ਨਜਾਇਜ ਹਿਰਾਸਤ ਚੋਂ ਰਿਹਾ ਕਰਨ, ਉਸ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਕੇ ਮੈਡੀਕਲ ਕਰਵਾਉਣ ਅਤੇ ਉੱਚ ਪੁਲਸ ਅਧਿਕਾਰੀਆਂ ਦੇ ਹਰਕਤ ਵਿੱਚ ਆ ਜਾਣ ਤੋਂ ਬਾਦ, ਥਾਣਾ ਕੋਟ ਫੱਤਾ ਦੇ ਮੁੱਖ ਅਫਸਰ ਕਾਬਲ ਸਿੰਘ ਦੀ ਮਿਲੀ ਭੁਗਤ ਨਾਲ 29.12.2013 ਨੂੰ ਹੀ ਪਿਛਲੀ ਤਰੀਕ ਵਿੱਚ, ਦੋਸ਼ੀ ਪੁਲਸ ਅਫਸਰਾਂ ਨੂੰ ਬਚਾਉਣ ਲਈ ਦਰਜ ਕੀਤੀ ਗਈ। ਇਸ ਮੰਤਵ ਲਈ ਥਾਣੇ ਦੇ ਰੋਜ਼ਨਾਮਚੇ ਵਿੱਚ ਹੇਰਾ ਫੇਰੀ ਕੀਤੀ ਗਈ ਜਾਪਦੀ ਹੈ। ਇਹ ਇੱਕ ਗੰਭੀਰ ਮਸਲਾ ਹੈ ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਂਦੀ ਹੈ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ
(6) ਪਿੰਡ ਦੇ ਲੋਕਾਂ ਵੱਲੋਂ ਭਾਰੀ ਗਿਣਤੀ ਵਿੱਚ ਇਕੱਠੇ ਹੋਕੇ ਪੀੜਤ ਅਮਰਜੀਤ ਕੌਰ ਦੇ ਹੱਕ ਵਿੱਚ ਆਂਵਾਜ਼ ਉਠਾਉਣਾ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਨਾ ਇਸ ਘਟਨਾ ਦਾ ਸ਼ਾਨਦਾਰ ਪੱਖ ਹੈ। ਜੇਕਰ ਲੋਕ ਜਬਰ ਦੀਆਂ ਘਟਨਾਵਾਂ ਵਿਰੁੱਧ ਇਕੱਠੇ ਹੋਕੇ ਮੈਦਾਨ ਵਿੱਚ ਨਿਤਰਣ ਲੱਗ ਪੈਣ ਤਾ ਪੰਜਾਬ ਵਿੱਚ ਜਮਹੂ੍ਰੀ ਹੱਕਾਂ ਦੀ ਲਹਿਰ ਮਜਬੂਤ ਹੋ ਸਕਦੀ ਹੈ। ਸਭਾ ਸਮਝਦੀ ਹੈ ਕੇ ਅਗੋਂ ਲਈ ਵੀ ਲੋਕਾਂ ਨੂੰ ਇਸ ਕੇਸ ਸਬੰਧੀ ਲਗਾਤਾਰ ਸੁਚੇਤ ਰਹਿਣ ਅਤੇ ਆਵਦਾ ਇਕਠ ਬਣਾਈ ਰਖਣ ਦੀ ਲੋੜ ਹੈ।
(7) ਉੱਚ ਪੁਲਸ ਅਧਿਕਾਰੀਆਂ ਨੇ ਸ਼ੁਰੂ ਵਿੱਚ ਚਾਹੇ ਹਰਕਤ 'ਚ ਆਉਂਦਿਆਂ ਮਾਮਲੇ ਦੀ ਪੜਤਾਲ ਕਰਵਾਕੇ FIR ਦਰਜ ਕਰ ਲਈ, ਪਰ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ 'ਚ ਢਿੱਲ ਮੱਠ ਵਰਤੀ ਹੈ । ਸਹਾਇਕ ਥਾਣੇ ਥਾਣੇਦਾਰ ਦਰਸ਼ਨ ਸਿੰਘ ਨੂੰ ਕਈ ਦਿਨਾਂ ਬਾਂਅਦ ਗ੍ਰਿਫਤਾਰ ਕੀਤਾ ਗਿਆ, ਮੁੱਖ ਅਫਸਰ ਕਾਬਲ ਸਿੰਘ ਨੂੰ ਅਜੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਘਟਨਾ ਦੇ ਕਈ ਮਹੱਤਵ ਪੂਰਨ ਪੱਖਾਂ ਬਾਰੇ ਉਂਝ ਹੀ ਕੋਈ ਕਾਰਵਾਈ ਨਹੀਂ ਕੀਤੀ ।ਇਸ ਸੱਭ ਕਾਸੇ ਤੋਂ ਜਾਪਦਾ ਇਓਂ ਹੈ ਕਿ ਉੱਚ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਕਾਰਵਾਈ ਦਾ ਮਕਸਦ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਸਜਾ ਦਿਵਾਉਣਾ ਨਹੀਂ ਸਗੋਂ ਲੋਕਾਂ ਦੇ ਗੁਸੇ ਤੇ ਠੰਡਾ ਛਿੜਕਣਾ ਸੀ।
(8) ਇੱਕ ਦਲਿਤ ਔਰਤ ਨੂੰ ਸਾਰੇ ਕਾਨੂਨਾਂ ਦੀਆ ਧੱਜੀਆਂ ਉਡਾਕੇ, ਉਸਦੇ ਘਰੋਂ ਜਬਰੀ ਚੁੱਕ ਲਿਆਉਣਾ, ਥਾਣੇ ਵਿੱਚ ਨਜਾਇਜ ਢੰਗਾਂ ਨਾਲ ਬੰਦ ਕਰਕੇ ਉਸ ਉੱਤੇ ਵਹਿਸ਼ੀ ਜਬਰ ਢਾਹੁਣਾ, ਉਸਦੇ ਕੱਪੜੇ ਪਾੜਨਾ ਅਤੇ ਵਾਲ ਪੁੱਟਨਾ, ਇਹ ਸਾਰਾ ਕੁੱਝ ਪੁਲਸ ਦੇ ਦਲਿਤਾਂ ਅਤੇ ਔਰਤਾਂ ਪਰ੍ਤੀ ਜਾਬਰ ਅਤੇ ਦਬਾਊ ਰਵੱਈਏ ਦੀ ਉਘੜਵੀਂ ਮਿਸਾਲ ਹੈ। ਪੁਲਸ ਦਾ ਇਹ ਵਿਹਾਰ ਇਸ ਪਖੋਂ ਹੋਰ ਵੀ ਵਧ ਨਿਖੇਧੀ ਯੋਗ ਹੈ ਕਿਓਂਕੇ ਦਲਿਤਾਂ ਅਤੇ ਔਰਤਾਂ ਦੇ ਹਿਤਾਂ ਸੰਬੰਧੀ ਬਣੇ ਸਾਰੇ ਕ਼ਾਨੂਨਾਂ ਨੂੰ ਲਾਗੂ ਕਰਨ ਤੇ ਉਹਨਾਂ ਦੀ ਰਾਖੀ ਕਰਨ ਦੀ ਜ਼ਿਮੇੰਵਾਰੀ ਪੁਲਸ ਸਿਰ ਹੀ ਹੈ| ਇਹ ਕੋਈ ਕੱਲੀ ਕਹਿਰੀ ਘਟਨਾ ਨਹੀਂ। ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਹਨ। ਲੋਕਾਂ ਦੀ ਜਾਗਰੂਕਤਾ ਅਤੇ ਹਰਕਤ-ਸ਼ੀਲਤਾ ਹੀ ਇਸ ਤੇ ਅਸਰਦਾਰ ਰੋਕ ਬਣ ਸਕਦੀ ਹੈ।
ਮੰਗਾਂ ਅਤੇ ਸੁਝਾਅ:-
(1) ਸਭਾ ਸਮਝਦੀ ਹੈ ਕਿ ਥਾਣੇਦਾਰ ਕਾਬਲ ਸਿੰਘ ਦੀ ਇਸ ਘਟਨਾ ਵਿੱਚ ਸ਼ਮੂਲੀਅਤ ਬਿਲਕੁਲ ਸਪੱਸ਼ਟ ਹੈ। ਇਸ ਲਈ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
(2) ਪੀੜਤ ਅਮਰਜੀਤ ਕੌਰ ਦੇ ਖਿਲਾਫ ਦਰਜ FIR ਨੰ: 125 ਮਿਤੀ 27.12.2013 ਬਿਲਕੁਲ ਝੂਠੀ ਹੈ। ਇਹ ਮੁਦੱਈ ਸਰਜੀਤ ਸਿੰਘ ਨਾਲ ਗੰਢ-ਤੁੱਪ ਕਰਕੇ, ਇੱਕ ਸਾਜਿਸ਼ ਤਹਿਤ ਮੁੱਖ ਅਫਸਰ ਕਾਬਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੇ ਬਚਾਅ ਲਈ ਪਿਛਲੀ ਤਰੀਖ ਵਿੱਚ ਦਰਜ ਕੀਤੀ ਗਈ ਹੈ। ਨਾ ਸਿਰਫ ਪਿੰਡ ਦੇ ਲੋਕ ਅਜਿਹੇ ਵਾਕੇ ਦੇ ਵਾਪਰਨ ਤੋਂ ਇਨਕਾਰ ਕਰਦੇ ਹਨ, ਸਗੋਂ ਪੁਲਸ ਦਾ ਆਵਦਾ ਵਿਹਾਰ ਵੀ ਇਸ ਸਾਰੇ ਮਾਮਲੇ ਨੂੰ ਝੂਠਾ ਸਾਬਤ ਕਰਦਾ ਹੈ। ਇਸ ਲਈ FIR. ਨੰ:125 ਮਿਤੀ 27.12.2013 ਥਾਣਾ ਕੋਟਫੱਤਾ ਰੱਦ ਕੀਤੀ ਜਾਣੀ ਚਾਹੀਦੀ ਹੈ।
(3) FIR ਨੰ: 125 ਝੂਠੀ ਦਰਜ ਕਰਨ ਦੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਕੇ, ਜਿਹਨਾਂ ਪੁਲਸ ਅਧਿਕਾਰੀਆਂ ਨੇ ਪਿਛਲੀ ਤਾਰੀਖ ਵਿੱਚ ਇਹ ਝੂਠਾ ਮੁਕਦਮਾ ਦਰਜ ਕਰਨ ਲਈ ਥਾਣੇ ਦੇ ਰਿਕਾਰਡ ਵਿੱਚ ਹੇਰਾ ਫੇਰੀ ਕੀਤੀ ਹੈ, ਉਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
(4) FIR ਨੰ: 126 ਵਿੱਚ ਪੀੜਤ ਅਮਰਜੀਤ ਕੌਰ ਨੂੰ ਜਬਰੀ ਘਰੋਂ ਅਗਵਾ ਕਰਨ ਦਾ ਦੋਸ਼ ਅਤੇ ਥਾਣੇ ਦੇ ਰਿਕਾਰਡ ਵਿੱਚ ਭੰਨ ਤੋੜ ਕਰਕੇ ਝੂਠੀ ਸ਼ਹਾਦਤ ਤਿਆਰ ਕਰਨ ਲਈ ਝੂਠਾਂ ਮੁਕੱਦਮਾ ਨੰ: 125 ਦਰਜ ਕਰਨ ਦੇ ਦੋਸ਼ ਵੀ ਸ਼ਾਂਮਲ ਕੀਤੇ ਜਾਣੇ ਚਾਹੀਦੇ ਹਨ।
(5) ਪੀੜਤ ਅਮਰਜੀਤ ਕੌਰ ਨੂੰ ਉਸ ਨਾਲ ਹੋਈ ਵਧੀਕੀ ਦੇ ਇਵਜ਼ਾਨੇ ਵਜੋਂ ਪੰਜਾਬ ਸਰਕਾਰ ਵੱਲੋਂ ਢੁਕਵਾਂ ਮੁਆਵਜਾ ਦਿੱਤਾ ਜਾਵੇ।
(6) ਪੁਲਸ ਹਿਰਾਸਤ ਵਿੱਚ ਜਬਰ ਦਾ ਮਾਮਲਾ ਹੋਣ ਕਰਕੇ, ਪੀੜਤ ਦਾ ਡਾਕਟਰੀ ਮੁਆਇਨਾ ਕਰਨ ਲਈ ਡਾਕਟਰਾਂ ਦਾ ਇੱਕ ਬੋਰਡ ਬਨਾਇਆ ਜਾਣਾ ਚਾਹੀਦਾ ਸੀ ਅਤੇ ਸਾਰੇ ਅਮਲ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਣੀ ਚਾਹੀਦੀ ਸੀ, ਕਿਓਂਕੇ ਪੁਲਸ ਅਕਸਰ ਆਪਨੇ ਆਪ ਨੂੰ ਬਚਾਉਣ ਲਈ ਇਕੱਲੇ ਕੈਹਰੇ ਡਾਕਟਰ ਤੇ ਦਬਾ ਪਾਉਂਦੀ ਹੈ| ਪ੍ਰੰਤੂ ਇਸ ਕੇਸ ਵਿਚ ਇਉਂ ਨਹੀਂ ਕੀਤਾ ਗਿਆ। ਇਸ ਨਾਲ ਤਸ਼ੱਦਦ ਦੇ ਅਹਿਮ ਸਬੂਤ ਮਿਟਾ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਸਾਰੇ ਡਾਕਟਰੀ ਅਧਿਕਾਰੀਆਂ ਨੂੰ ਉਪਰੋਕਤ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਤਸ਼ੱਦਦ ਦੇ ਸਬੂਤਾ ਨਾਲ ਛੇੜਛਾੜ ਨਾ ਕੀਤੀ ਜਾ ਸਕੇ।
ਜਾਰੀ ਕਰਤਾ: ਪਿੰਸੀਪਲ ਬੱਗਾ ਸਿੰਘ (ਸੇਵਾ ਮੁਕਤ) ਮਿਤੀ: 28 .01 .2014
ਪ੍ਰਧਾਨ
ਜਮਹੂਰੀ ਅਧਿਕਾਰ ਸਭਾ ਪੰਜਾਬ, ਇਕਾਈ ਬਠਿੰਡਾ
ਸੰਪਰਕ – 9888986469 (੯੮੮੮੯੮੬੪੬੯)
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਬਠਿੰਡਾ
ਪ੍ਰੈਸ ਨੋਟ
ਜਮਹੂਰੀ ਅਧਿਕਾਰ ਸਭਾ ਪੰਜਾਬ, ਇਕਾਈ ਬਠਿੰਡਾ ਦੇ ਪ੍ਰਧਾਨ ਸੇਵਾ ਮੁਕਤ ਪਿੰਸੀਪਲ ਬੱਗਾ ਸਿੰਘ ਅਤੇ ਸਕੱਤਰ ਰਣਧੀਰ ਗਿੱਲਪੱਤੀ ਨੇ ਪਿੰਡ ਫੂਸ ਮੰਡੀ ਦੀ ਆਸ਼ਾ ਸਹਇਕ ਦਲਿਤ ਔਰਤ ਅਮਰਜੀਤ ਕੌਰ ਨੂੰ ਅਗਵਾ ਕਰਨ, ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ, ਕੁਟਮਾਰ ਕਰਨ ਅਤੇ ਕੱਪੜੇ ਪਾੜਨ ਦੀ ਘਟਨਾ ਨੂੰ ਲੋਕਾਂ ਦੀ ਸੁਰੱਖਿਆਂ ਦੀ ਸੰਵਿਧਾਨਿਕ ਪੈਹਰੇਦਾਰ - ਪੁਲਸ ਦੀ ਗੈਰ ਕਾਨੁੰਨੀ ਕਾਰਵਾਈ ਅਤੇ ਔਰਤਾਂ ਖਾਸ ਕਰਕੇ ਦਲਿਤ ਔਰਤਾਂ ਉਪਰ ਅਤਿ ਘਿਣਾਉਣੇ ਜਬਰ ਦੀ ਘਟਨਾ ਕਰਾਰ ਦਿੱਤਾ ਹੈ | ਸਭਾ ਨੇ ਇਸ ਘਟਨਾ ਲਈ ਥਾਣਾ ਕੋਟਫੱਤਾ ਦੇ ਮੁੱਖ ਅਫਸਰ ਕਾਬਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਪੂਰੀ ਤਰਾਂ ਦੋਸ਼ੀ ਟਿਕਿਆ ਹੈ। ਪੁਲਸ ਪ੍ਰਸ਼ਾਸਨ ਨੇਂ ਚਾਹੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਹੈ ਪਰ ਇਹ ਸਿਰਫ ਇੱਕ ਦਮ ਕੇਸ ਦਰਜ ਕਰ ਲੈਣ ਤਕ ਹੀ ਸੀਮਤ ਹੈ | ਸਾਰੇ ਦੋਸ਼ੀਆਂ ਨੂ ਗਿਰਫਤਾਰ ਨਾਂ ਕਰਨਾ ; ਥਾਣੇ ਦੇ ਰਿਕਾਰਡ ਚ ਹੇਰਾ ਫੇਰੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕੋਈ ਕਾਰਵਾਈ ਨਾਂ ਕਰਨਾ, ਅਤੇ ਦੋਸ਼ੀਆਂ ਖਿਲਾਫ਼ ਅਗਵਾ ਕਰਨਾ ਅਤੇ ਅਗਵਾ ਹੋਏ ਵਿਅਕਤੀ ਨੂੰ ਨਜਾਇਜ਼ ਹਿਰਾਸਤ ਚ ਰਖਣਾ (IPC ਦੀ ਧਾਰਾ 362, 365) ਦੇ ਜੁਰਮ ਨਾਂ ਲਾਉਣਾ, ਅਸਲ ਵਿੱਚ ਇਸ ਕਾਰਵਾਈ ਨੂੰ ਲੋਕਾਂ ਦੇ ਗੁੱਸੇ ਉਪਰ ਠੰਡਾ ਛਿੜਕ ਕੇ ਦੋਸ਼ੀ ਪੁਲਸ ਅੀਧਕਾਰੀਆਂ ਦਾ ਬਚਾਅ ਕਰਨ ਦੀ ਬੰਦੀ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਬਠਿੰਡਾ ਇਕਾਈ ਨੇ ਇਹ ਘਟਨਾ ਅਖਬਾਰਾਂ ਵਿੱਚ ਆਉਣ ਤੋਂ ਬਾਅਦ ਇੱਕ ਤੱਥ ਖੋਜ ਕਮੇਟੀ ਬਣਾਕੇ ਪੜਤਾਲ ਕਰਨ ਦਾ ਫੈਸਲਾ ਕੀਤਾ। ਇਕਾਈ ਦੇ ਪ੍ਰਧਾਨ ਸੇਵਾਮੁਕਤ ਪਿੰਸੀਪਲ ਬੱਗਾ ਸਿੰਘ ਦੀ ਅਗਵਾਈ ਵਿੱਚ ਗਠਿਤ ਇਸ ਕਮੇਟੀ ਵਿੱਚ ਮੀਤ ਪ੍ਰਧਾਨ ਸੇਵਾ ਮੁਕਤ ਪਿੰਸੀਪਲ ਰਣਜੀਤ ਸਿੰਘ, ਐਡਵੋਕੇਟ ਐਨ.ਕੇ.ਜੀਤ, ਚੀਫ ਫਾਰਮਾਸ਼ਿਸਟ ਭੋਜ ਰਾਜ ਗੁਪਤਾ ਅਤੇ ਸੂਬਾ ਕਮੇਟੀ ਮੈਂਬਰ ਪ੍ਰਿਤਪਾਲ ਸਿੰਘ ਸ਼ਾਮਲ ਸਨ।
ਕਮੇਟੀ ਨੇ ਪੀੜਤ ਔਰਤ ਅਮਰਜੀਤ ਕੌਰ, ਉਸਦੇ ਪਰਿਵਾਰ, ਗਵਾਂਢੀਆਂ ਅਤੇ ਪਿੰਡ ਦੇ ਲੋਕਾਂ ਨੂੰ ਮਿਲਕੇ ਤੱਥ ਇਕੱਤਰ ਕੀਤੇ, ਪੀੜਤ ਦੀ ਡਾਕਟਰੀ ਰਿਪੋਰਟ (Medico Legal Report), ਕੋਟਫੱਤੇ ਥਾਣੇ ਦੀਆਂ ਦੋਵੇਂ ਐਫ.ਆਈ.ਆਰਾਂ- ਨੰ: 125 ਮਿਤੀ 27.12.2013 ਅਤੇ ਨੰ: 126 ਮਿਤੀ 29.12.2013 ਅਤੇ ਹੋਰ ਦਸਤਾਵੇਜ਼ਾਂ ਦੀ ਵੀ ਘੋਖ ਪੜਤਾਲ ਕੀਤੀ।ਅਤੇ ਇਸ ਸਿੱਟੇ ਤੇ ਪਹੁੰਚੀ ਕਿ:
ਸਿੱਟੇ:-
ਪੀੜਤ, ਉਸਦੇ ਪਰਿਵਾਰ, ਪਿੰਡ ਦੇ ਲੋਕਾਂ ਅਤੇ ਅਧਿਕਾਰੀਆਂ ਤੋਂ ਇਕੱਤਰ ਕੀਤੀ ਜਾਣਕਾਰੀ ਅਤੇ ਇਸ ਕੇਸ ਨਾਲ ਸਬੰਧਤ ਡਾਕਟਰੀ ਅਤੇ ਪੁਲਸ ਰਿਕਾਡ ਦੇਖਣ ਤੋਂ ਬਾਅਦ ਸਭਾ ਇਸ ਸਿੱਟੇ ਤੇ ਪਹੁੰਚਦੀ ਹੈ ਕਿ:-
(1) ਪੁਲਸ ਦੀ ਇਸ ਮਾਮਲੇ ਵਿੱਚ ਕਾਰਗੁਜਾਰੀ ਗੈਰ ਕਾਨੂੰਨੀ ਹੈ। ਪੁਲਸ ਨੇ ਸਿਰਫ ਕਾਨੂੰਨ ਦੀ ਉਲੰਘਣਾ ਹੀ ਨਹੀ ਕੀਤੀ ਸਗੋਂ ਲੋਕਾਂ, ਖਾਸ ਤੌਰ ਤੇ ਔਰਤਾਂ ਦੀ ਰਾਖੀ ਲਈ ਘੜੇ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਹਨ। ਇਸ ਮਾਮਲੇ ਵਿੱਚ ਥਾਣਾ ਕੋਟਫੱਤਾ ਦਾ ਮੁੱਖ ਅਫਸਰ ਕਾਬਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਪੂਰੀ ਤਰਾਂ ਜੁੰਮੇਦਾਰ ਹਨ।
(2) ਜਾਬਤਾ ਫੋਜਦਾਰੀ (Cr.P.C..) ਦੀ ਧਾਰਾ 46(4) ਵਿੱਚ ਸਾਫ ਦਰਜ ਹੈ ਕਿ ਕਿਸੇ ਵੀ ਔਰਤ ਨੂੰ ਸੂਰਜ ਛਿੱਪਣ ਤੋਂ ਬਾਅਦ ਅਤੇ ਸੂਰਜ ਨਿਕਲਣ ਤੋਂ ਪਹਿਲਾਂ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਜੇ ਕਿਸੇ ਵਿਸ਼ੇਸ਼ ਹਾਲਤ ਵਿੱਚ ਇਉਂ ਕਰਨਾ ਜਰੂਰੀ ਹੋਵੇ ਤਾਂ ਇੱਕ ਔਰਤ ਪੁਲਸ ਅਧਿਕਾਰੀ ਸਬੰਧਤ ਨਿਆਂਇੰਕ ਮੈਜਿਸਟਰੇਟ ਨੂੰ ਲਿਖਤੀ ਰਿਪੋਰਟ ਪੇਸ਼ ਕਰਕੇ ਅਗਾਉਂ ਪ੍ਰਵਾਨਗੀ ਹਾਸਲ ਕਰੇਗੀ। ਪ੍ਰੰਤੂ ਇਸ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਗਿਆ।
(3) ਜਾਬਤਾ ਫੌਜਦਾਰੀ ਦੀ ਧਾਰਾ 50 ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਦੇ ਸਮੇਂ ਪੁਲਸ ਅਫਸਰ ਨੇ ਉਸਨੂੰ ਆਪਣੇ ਨਾਂ, ਅਤੇ ਅਹੁਦੇ ਦੀ ਜਾਣਕਾਰੀ ਦੇਣੀ ਹੈ, ਉਸਦੇ ਖਿਲਾਫ਼ ਦੋਸ਼ ਅਤੇ ਦਰਜ ਮੁੱਕਦਮੇਂ ਬਾਰੇ ਦੱਸਣਾ ਹੈ, ਉਸਦੀ ਗ੍ਰਿਫਤਾਰੀ ਦੀ ਸੂਚਨਾ ਉਸਦੇ ਸਕੇ ਸਬੰਧੀਆਂ ਨੂੰ ਦੇਣੀ ਹੈ, ਅਤੇ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਕਿੱਥੇ ਰੱਖਿਆ ਜਾਵੇਗਾ, ਕਦੋਂ ਅਤੇ ਕਿਹੜੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਇਸ ਸਬੰਧੀ ਉਸਦੇ ਵਾਰਸਾਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ | ਧਾਰਾ 58 Cr.P.C. ਤਹਿਤ ਗ੍ਰਿਫਤਾਰ ਕੀਤੇ ਵਿਅਕਤੀ ਬਾਰੇ ਜ਼ਿਲਾ ਮੈਜਿਸਟਰੇਟ ਨੂੰ ਰਿਪੋਰਟ ਭੇਜਣੀ ਹੁੰਦੀ ਹੈ। ਪ੍ਰੰਤੂ ਬੀਬੀ ਅਮਰਜੀਤ ਕੌਰ ਦੇ ਸਬੰਧ ਵਿੱਚ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ।
(4) ਕਿਉਂਕਿ ਬੀਬੀ ਅਮਰਜੀਤ ਕੌਰ ਨੂੰ ਬਿਨਾ ਕੋਈ ਕਾਨੂੰਨੀ ਕਾਰਵਾਈ ਕੀਤਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਪਰਿਵਾਰ ਦੀ ਹਾਜ਼ਰੀ ਵਿੱਚ ਜਬਰਦਸਤੀ ਘਰੋਂ ਚੁੱਕਆ ਹੇ, ਇਸ ਲਈ ਉਸਦੇ ਖਿਲਾਫ ਧਾਰਾ 362 ਅਤੇ 365 IPC ਤਹਿਤ ਜੁਰਮ ਵੀ ਬਣਦੇ ਹਨ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ਹੇਠਲੀ ਪੁਲਸ ਟੀਮ ਨੇ ਅਮਰਜੀਤ ਕੌਰ ਨੂੰ ਧਕੇ ਨਾਲ ਅਗਵਾ ਕੀਤਾ, ਉਸਨੂੰ ਨਜਾਇਜ ਹਿਰਾਸਤ ਵਿੱਚ ਰੱਖਿਆ ਅਤੇ ਕੁੱਟ ਮਾਰ ਕੀਤੀ। ਥਾਣੇਦਾਰ ਕਾਬਲ ਸਿੰਘ ਵੀ ਇਸ ਕੰਮ ਵਿੱਚ ਬਰਾਬਰ ਦਾ ਦੋਸ਼ੀ ਹੈ ਕਿਉਂਕਿ ਉਹ ਥਾਣੇ ਦਾ ਇੰਚਾਰਜ ਸੀ ਅਤੇ ਦਰਸ਼ਨ ਸਿੰਘ ਦੀਆਂ ਸਾਰੀਆਂ ਗੈਰ ਕਾਨੂੰਨੀ ਕਾਰਵਾਈਆਂ ਤੋਂ ਨਾ ਸਿਰਫ ਵਾਕਿਫ਼ ਸੀ; ਸਗੋਂ ਉਹ ਇਹਨਾਂ ਸਾਰੀਆਂ ਕਾਰਵਾਈਆਂ ਚ ਬਰਾਬਰ ਦਾ ਭਾਈਵਾਲ ਸੀ|
(5) ਜਿੱਥੋਂ ਤੱਕ ਪੀੜਤ ਅਮਰਜੀਤ ਕੌਰ ਦੇ ਖਿਲਾਫ਼ ਕੋਟਫੱਤਾ ਥਾਣੇ ਵਿੱਚ ਦਰਜ FIR. ਨੰ: 125 ਮਿਤੀ 27.12.2013 ਦਾ ਸੰਬੰਧ ਹੈ, ਸਭਾ ਸਮਝਦੀ ਹੈ ਕਿ ਪੁਲਸ ਨੇ ਆਂਪਣੀਆਂ ਗੈਰ ਕਾਨੂੰਨੀ ਕਾਰਵਾਈਆਂ ਤੇ ਪੜਦਾ ਪਾਉਣ ਲਈ ਇਹ ਝੂਠੀ ਦਰਜ ਕੀਤੀ ਹੈ। ਸਭਾ ਇਸ ਨਿਰਣੇ ਤੇ ਨਿਮਨ ਲਿਖਤ ਤੱਥਾਂ ਦੇ ਅਧਾਰ ਤੇ ਪਹੁੰਚੀ ਹੈ:
(ੳ). ਇਹ FIR ਕਾਹਲੀ ਵਿੱਚ ਦਰਜ ਕੀਤੀ ਗਈ ਹੈ। ਇਸ ਵਿਚ ਉਹ ਲੋੜੀਂਦੇ ਵੇਰਵੇ ਵੀ ਦਰਜ ਨਹੀਂ ਕੀਤੇ ਗਏ ਜੋ ਪੁਲਸ ਵੱਲੋਂ ਖੁਦ ਲਿਖੇ ਬਿਆਨ ਵਿੱਚ ਮਦੱਈ ਨੇ ਦਿੱਤੇ ਸਨ। ਮਿਸਾਲ ਵੱਜੋਂ ਮਦੱਈ ਅਨੁਸਾਰ ਉਸਦੇ ਘਰ ਚੋਰੀ ਦੀ ਘਟਨਾ 22.12.2013 ਤੋਂ ਪਹਿਲਾਂ ਵਾਪਰੀ। ਉਸਨੇ ਪੁਲਸ ਨੂੰ ਇਸਦੀ ਸੂਚਨਾ 5 ਦਿਨ ਬਾਅਦ 27.12.2013 ਨੂੰ ਦਿੱਤੀ। ਇਸਤਰਾਂ ਪੁਲਸ ਕੋਲ ਸੂਚਨਾ ਪਹੁੰਚਣ ਵਿੱਚ 5 ਦਿਨ ਦੀ ਦੇਰੀ ਸੀ। ਪਰ FIR ਦੇ ਪੈਰਾ ਨੰ: 8 ਵਿੱਚ ਜਿੱਥੇ ਸੂਚਨਾ ਦੇਣ ਵਿੱਚ ਦੇਰੀ ਅਤੇ ਇਸਦੇ ਕਾਰਨ ਦਰਜ ਕਰਣੇ ਹੁੰਦੇ ਹਨ, ਉਥੇ FIR ਦਰਜ ਕਰਨ ਵਾਲੇ ਅਧਿਕਾਰੀ ਨੇ ਲਿਖਿਆ ਹੈ “ਕੋਈ ਦੇਰੀ ਨਹੀਂ ਹੋਈ”।
(ਅ). ਇਸੇ ਤਰਾਂ ਮੁਦਈ ਨੇ ਆਂਪਣੇ ਬਿਆਨ ਵਿੱਚ 8 ਤੋਲੇ ਸੋਨੇ ਦੇ ਗਹਿਣੇ ਅਤੇ ਦਸ ਹਜ਼ਾਰ ਰੁਪੈ ਨਗਦ ਚੋਰੀ ਹੋਣਾ ਦੱਸਿਆ ਗਿਆ ਹੈ ਪਰ FIR ਵਿੱਚ ਚੋਰੀ ਕੀਤੇ ਇਸ ਸਾਮਾਨ ਦਾ ਵੇਰਵਾ ਜੋ ਪੈਰਾ ਨੰਬਰ 9 ਵਿੱਚ ਦੇਣਾ ਹੁੰਦਾ ਹੈ, ਨਹੀਂ ਦਿੱਤਾ ਗਿਆ।
(ੲ). FIR ਵਿੱਚ ਦਰਜ ਕਹਾਣੀ ਅਨੁਸਾਰ ਮੁਦਈ ਸਰਜੀਤ ਸਿੰਘ ਨੇ ਥਾਣੇਦਾਰ ਦਰਸ਼ਨ ਸਿੰਘ ਕੋਲ 27.12.2013 ਨੂੰ ਸ਼ਾਮ ਦੇ 6 ਵਜਕੇ 40 ਮਿੰਟ ਤੇ ਆਪਣਾ ਬਿਆਨ ਬੱਸ ਅੱਡਾ ਕੋਟਫੱਤਾ ਵਿਖੇ ਦਰਜ ਕਰਵਾਇਆ। ਜਿਸਦਾ ਰੁੱਕਾ ਥਾਣੇ ਪੁਜਣ ਤੇ ਸ਼ਾਮ ਨੂੰ 8 ਵਜੇ FIR ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਘਟਨਾ ਬਾਰੇ ਪੁਲਿਸ ਕੋਲ ਕੋਈ ਰਿਪੋਟ ਨਹੀਂ ਸੀ ਲਿਖਵਾਈ ਗਈ। ਹੁਣ ਸਵਾਲ ਪੈਦਾ ਹੁੰਦਾ ਹੈ ਜੇ ਪੁਲਸ ਕੋਲ ਮਿਤੀ 27.12.2013 ਸ਼ਾਮ 6.40 ਵਜੇ ਤੱਕ ਕੋਈ ਰਪਟ ਨਹੀਂ ਸੀ ਤਾਂ ਅਮਰਜੀਤ ਕੌਰ ਨੂੰ ਪੁਲਸ ਨੇ 26.12.2013 ਨੂੰ ਥਾਣੇ ਕਿਸ ਜੁਰਮ ਤਹਿਤ ਬੁਲਇਆ ਸੀ? ਇਸੇ ਤਰਾਂ 27.12.2013 ਨੂੰ ਇਤਲਾਹ ਮਿਲਣ ਤੋਂ ਪਹਿਲਾਂ ਹੀ ਉਸਨੂੰ ਥਾਣੇ ਕਿਉਂ ਲੈ ਆਂਦਾ ਗਿਆ?
(ਸ) FIR ਅਨੁਸਾਰ ਮੁਦਈ ਸੁਰਜੀਤ ਸਿੰਘ ਨੇ ਆਵਦੇ ਬਿਆਨ ਵਿੱਚ ਪੀੜਤ ਅਮਰਜੀਤ ਕੌਰ ਨੂੰ ਦੋਸ਼ੀ ਟਿਕਿਆ ਸੀ। ਜੇ ਉਸ ਦਿਨ (27.12.2013) FIR ਵਿੱਚ ਉਸ ਦਾ ਨਾਂ ਸੀ ਤਾਂ ਥਾਣੇ ਲੈਕੇ ਆਉਣ ਦੇ ਬਾਵਜੂਦ ਉਸਨੂੰ ਬਕਾਇਦਾ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਇਸੇ ਤਰਾਂ 28.12.2013 ਨੂੰ ਵੀ ਉਸਨੂੰ ਸਾਰੀ ਰਾਤ ਗੈਰ ਕਾਨੂੰਨੀ ਹਿਰਾਸਤ ਵਿੱਚ ਕਿਉਂ ਰੱਖਿਆ ਗਿਆ? ਉਸਦੀ ਗ੍ਰਿਫਤਾਰੀ ਕਿਉਂ ਨਹੀਂ ਪਾਈ ਗਈ? ਜੇਕਰ ਸੱਚਮੱਚ ਹੀ ਪੀੜਤ ਅਮਰਜੀਤ ਕੌਰ ਦੇ ਖਿਲਾਫ਼ 27.12.2013 ਨੂੰ FIR ਦਰਜ ਸੀ ਤਾ 28.12.2013 ਨੂੰ ਜਦੋਂ ਉਸਨੂੰ ਘਰੋਂ ਜਬਰੀ ਚੁੱਕ ਕੇ ਲਿਆਂਦਾ ਸੀ ਉਦੋਂ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਅਤੇ ਫਿਰ ਅਦਾਲਤ ਚੋਂ ਜਮਾਨਤ ਮਿਲਣ ਤੇ ਹੀ ਰਿਹਾ ਕੀਤਾ ਜਾਣਾ ਚਾਹੀਦਾ ਸੀ।
(ਹ) ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਅਸਲ ਵਿੱਚ FIR ਨੰ: 125, ਮਿਤੀ 27.12.2013 ਨੂੰ ਦਰਜ ਨਹੀਂ ਕੀਤੀ ਗਈ ਸਗੋਂ 29.12.2013 ਨੂੰ ਲੋਕਾਂ ਵੱਲੋਂ ਥਾਂਣੇ ਮੂਹਰੇ ਲਾਏ ਧਰਨੇ ਦੇ ਦਬਾਅ ਅਧੀਨ ਪੀੜਤ ਅਮਰਜੀਤ ਕੌਰ ਨੂੰ ਨਜਾਇਜ ਹਿਰਾਸਤ ਚੋਂ ਰਿਹਾ ਕਰਨ, ਉਸ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਕੇ ਮੈਡੀਕਲ ਕਰਵਾਉਣ ਅਤੇ ਉੱਚ ਪੁਲਸ ਅਧਿਕਾਰੀਆਂ ਦੇ ਹਰਕਤ ਵਿੱਚ ਆ ਜਾਣ ਤੋਂ ਬਾਦ, ਥਾਣਾ ਕੋਟ ਫੱਤਾ ਦੇ ਮੁੱਖ ਅਫਸਰ ਕਾਬਲ ਸਿੰਘ ਦੀ ਮਿਲੀ ਭੁਗਤ ਨਾਲ 29.12.2013 ਨੂੰ ਹੀ ਪਿਛਲੀ ਤਰੀਕ ਵਿੱਚ, ਦੋਸ਼ੀ ਪੁਲਸ ਅਫਸਰਾਂ ਨੂੰ ਬਚਾਉਣ ਲਈ ਦਰਜ ਕੀਤੀ ਗਈ। ਇਸ ਮੰਤਵ ਲਈ ਥਾਣੇ ਦੇ ਰੋਜ਼ਨਾਮਚੇ ਵਿੱਚ ਹੇਰਾ ਫੇਰੀ ਕੀਤੀ ਗਈ ਜਾਪਦੀ ਹੈ। ਇਹ ਇੱਕ ਗੰਭੀਰ ਮਸਲਾ ਹੈ ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਂਦੀ ਹੈ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ
(6) ਪਿੰਡ ਦੇ ਲੋਕਾਂ ਵੱਲੋਂ ਭਾਰੀ ਗਿਣਤੀ ਵਿੱਚ ਇਕੱਠੇ ਹੋਕੇ ਪੀੜਤ ਅਮਰਜੀਤ ਕੌਰ ਦੇ ਹੱਕ ਵਿੱਚ ਆਂਵਾਜ਼ ਉਠਾਉਣਾ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਨਾ ਇਸ ਘਟਨਾ ਦਾ ਸ਼ਾਨਦਾਰ ਪੱਖ ਹੈ। ਜੇਕਰ ਲੋਕ ਜਬਰ ਦੀਆਂ ਘਟਨਾਵਾਂ ਵਿਰੁੱਧ ਇਕੱਠੇ ਹੋਕੇ ਮੈਦਾਨ ਵਿੱਚ ਨਿਤਰਣ ਲੱਗ ਪੈਣ ਤਾ ਪੰਜਾਬ ਵਿੱਚ ਜਮਹੂ੍ਰੀ ਹੱਕਾਂ ਦੀ ਲਹਿਰ ਮਜਬੂਤ ਹੋ ਸਕਦੀ ਹੈ। ਸਭਾ ਸਮਝਦੀ ਹੈ ਕੇ ਅਗੋਂ ਲਈ ਵੀ ਲੋਕਾਂ ਨੂੰ ਇਸ ਕੇਸ ਸਬੰਧੀ ਲਗਾਤਾਰ ਸੁਚੇਤ ਰਹਿਣ ਅਤੇ ਆਵਦਾ ਇਕਠ ਬਣਾਈ ਰਖਣ ਦੀ ਲੋੜ ਹੈ।
(7) ਉੱਚ ਪੁਲਸ ਅਧਿਕਾਰੀਆਂ ਨੇ ਸ਼ੁਰੂ ਵਿੱਚ ਚਾਹੇ ਹਰਕਤ 'ਚ ਆਉਂਦਿਆਂ ਮਾਮਲੇ ਦੀ ਪੜਤਾਲ ਕਰਵਾਕੇ FIR ਦਰਜ ਕਰ ਲਈ, ਪਰ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ 'ਚ ਢਿੱਲ ਮੱਠ ਵਰਤੀ ਹੈ । ਸਹਾਇਕ ਥਾਣੇ ਥਾਣੇਦਾਰ ਦਰਸ਼ਨ ਸਿੰਘ ਨੂੰ ਕਈ ਦਿਨਾਂ ਬਾਂਅਦ ਗ੍ਰਿਫਤਾਰ ਕੀਤਾ ਗਿਆ, ਮੁੱਖ ਅਫਸਰ ਕਾਬਲ ਸਿੰਘ ਨੂੰ ਅਜੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਘਟਨਾ ਦੇ ਕਈ ਮਹੱਤਵ ਪੂਰਨ ਪੱਖਾਂ ਬਾਰੇ ਉਂਝ ਹੀ ਕੋਈ ਕਾਰਵਾਈ ਨਹੀਂ ਕੀਤੀ ।ਇਸ ਸੱਭ ਕਾਸੇ ਤੋਂ ਜਾਪਦਾ ਇਓਂ ਹੈ ਕਿ ਉੱਚ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਕਾਰਵਾਈ ਦਾ ਮਕਸਦ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਸਜਾ ਦਿਵਾਉਣਾ ਨਹੀਂ ਸਗੋਂ ਲੋਕਾਂ ਦੇ ਗੁਸੇ ਤੇ ਠੰਡਾ ਛਿੜਕਣਾ ਸੀ।
(8) ਇੱਕ ਦਲਿਤ ਔਰਤ ਨੂੰ ਸਾਰੇ ਕਾਨੂਨਾਂ ਦੀਆ ਧੱਜੀਆਂ ਉਡਾਕੇ, ਉਸਦੇ ਘਰੋਂ ਜਬਰੀ ਚੁੱਕ ਲਿਆਉਣਾ, ਥਾਣੇ ਵਿੱਚ ਨਜਾਇਜ ਢੰਗਾਂ ਨਾਲ ਬੰਦ ਕਰਕੇ ਉਸ ਉੱਤੇ ਵਹਿਸ਼ੀ ਜਬਰ ਢਾਹੁਣਾ, ਉਸਦੇ ਕੱਪੜੇ ਪਾੜਨਾ ਅਤੇ ਵਾਲ ਪੁੱਟਨਾ, ਇਹ ਸਾਰਾ ਕੁੱਝ ਪੁਲਸ ਦੇ ਦਲਿਤਾਂ ਅਤੇ ਔਰਤਾਂ ਪਰ੍ਤੀ ਜਾਬਰ ਅਤੇ ਦਬਾਊ ਰਵੱਈਏ ਦੀ ਉਘੜਵੀਂ ਮਿਸਾਲ ਹੈ। ਪੁਲਸ ਦਾ ਇਹ ਵਿਹਾਰ ਇਸ ਪਖੋਂ ਹੋਰ ਵੀ ਵਧ ਨਿਖੇਧੀ ਯੋਗ ਹੈ ਕਿਓਂਕੇ ਦਲਿਤਾਂ ਅਤੇ ਔਰਤਾਂ ਦੇ ਹਿਤਾਂ ਸੰਬੰਧੀ ਬਣੇ ਸਾਰੇ ਕ਼ਾਨੂਨਾਂ ਨੂੰ ਲਾਗੂ ਕਰਨ ਤੇ ਉਹਨਾਂ ਦੀ ਰਾਖੀ ਕਰਨ ਦੀ ਜ਼ਿਮੇੰਵਾਰੀ ਪੁਲਸ ਸਿਰ ਹੀ ਹੈ| ਇਹ ਕੋਈ ਕੱਲੀ ਕਹਿਰੀ ਘਟਨਾ ਨਹੀਂ। ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਹਨ। ਲੋਕਾਂ ਦੀ ਜਾਗਰੂਕਤਾ ਅਤੇ ਹਰਕਤ-ਸ਼ੀਲਤਾ ਹੀ ਇਸ ਤੇ ਅਸਰਦਾਰ ਰੋਕ ਬਣ ਸਕਦੀ ਹੈ।
ਮੰਗਾਂ ਅਤੇ ਸੁਝਾਅ:-
(1) ਸਭਾ ਸਮਝਦੀ ਹੈ ਕਿ ਥਾਣੇਦਾਰ ਕਾਬਲ ਸਿੰਘ ਦੀ ਇਸ ਘਟਨਾ ਵਿੱਚ ਸ਼ਮੂਲੀਅਤ ਬਿਲਕੁਲ ਸਪੱਸ਼ਟ ਹੈ। ਇਸ ਲਈ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
(2) ਪੀੜਤ ਅਮਰਜੀਤ ਕੌਰ ਦੇ ਖਿਲਾਫ ਦਰਜ FIR ਨੰ: 125 ਮਿਤੀ 27.12.2013 ਬਿਲਕੁਲ ਝੂਠੀ ਹੈ। ਇਹ ਮੁਦੱਈ ਸਰਜੀਤ ਸਿੰਘ ਨਾਲ ਗੰਢ-ਤੁੱਪ ਕਰਕੇ, ਇੱਕ ਸਾਜਿਸ਼ ਤਹਿਤ ਮੁੱਖ ਅਫਸਰ ਕਾਬਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੇ ਬਚਾਅ ਲਈ ਪਿਛਲੀ ਤਰੀਖ ਵਿੱਚ ਦਰਜ ਕੀਤੀ ਗਈ ਹੈ। ਨਾ ਸਿਰਫ ਪਿੰਡ ਦੇ ਲੋਕ ਅਜਿਹੇ ਵਾਕੇ ਦੇ ਵਾਪਰਨ ਤੋਂ ਇਨਕਾਰ ਕਰਦੇ ਹਨ, ਸਗੋਂ ਪੁਲਸ ਦਾ ਆਵਦਾ ਵਿਹਾਰ ਵੀ ਇਸ ਸਾਰੇ ਮਾਮਲੇ ਨੂੰ ਝੂਠਾ ਸਾਬਤ ਕਰਦਾ ਹੈ। ਇਸ ਲਈ FIR. ਨੰ:125 ਮਿਤੀ 27.12.2013 ਥਾਣਾ ਕੋਟਫੱਤਾ ਰੱਦ ਕੀਤੀ ਜਾਣੀ ਚਾਹੀਦੀ ਹੈ।
(3) FIR ਨੰ: 125 ਝੂਠੀ ਦਰਜ ਕਰਨ ਦੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਕੇ, ਜਿਹਨਾਂ ਪੁਲਸ ਅਧਿਕਾਰੀਆਂ ਨੇ ਪਿਛਲੀ ਤਾਰੀਖ ਵਿੱਚ ਇਹ ਝੂਠਾ ਮੁਕਦਮਾ ਦਰਜ ਕਰਨ ਲਈ ਥਾਣੇ ਦੇ ਰਿਕਾਰਡ ਵਿੱਚ ਹੇਰਾ ਫੇਰੀ ਕੀਤੀ ਹੈ, ਉਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
(4) FIR ਨੰ: 126 ਵਿੱਚ ਪੀੜਤ ਅਮਰਜੀਤ ਕੌਰ ਨੂੰ ਜਬਰੀ ਘਰੋਂ ਅਗਵਾ ਕਰਨ ਦਾ ਦੋਸ਼ ਅਤੇ ਥਾਣੇ ਦੇ ਰਿਕਾਰਡ ਵਿੱਚ ਭੰਨ ਤੋੜ ਕਰਕੇ ਝੂਠੀ ਸ਼ਹਾਦਤ ਤਿਆਰ ਕਰਨ ਲਈ ਝੂਠਾਂ ਮੁਕੱਦਮਾ ਨੰ: 125 ਦਰਜ ਕਰਨ ਦੇ ਦੋਸ਼ ਵੀ ਸ਼ਾਂਮਲ ਕੀਤੇ ਜਾਣੇ ਚਾਹੀਦੇ ਹਨ।
(5) ਪੀੜਤ ਅਮਰਜੀਤ ਕੌਰ ਨੂੰ ਉਸ ਨਾਲ ਹੋਈ ਵਧੀਕੀ ਦੇ ਇਵਜ਼ਾਨੇ ਵਜੋਂ ਪੰਜਾਬ ਸਰਕਾਰ ਵੱਲੋਂ ਢੁਕਵਾਂ ਮੁਆਵਜਾ ਦਿੱਤਾ ਜਾਵੇ।
(6) ਪੁਲਸ ਹਿਰਾਸਤ ਵਿੱਚ ਜਬਰ ਦਾ ਮਾਮਲਾ ਹੋਣ ਕਰਕੇ, ਪੀੜਤ ਦਾ ਡਾਕਟਰੀ ਮੁਆਇਨਾ ਕਰਨ ਲਈ ਡਾਕਟਰਾਂ ਦਾ ਇੱਕ ਬੋਰਡ ਬਨਾਇਆ ਜਾਣਾ ਚਾਹੀਦਾ ਸੀ ਅਤੇ ਸਾਰੇ ਅਮਲ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਣੀ ਚਾਹੀਦੀ ਸੀ, ਕਿਓਂਕੇ ਪੁਲਸ ਅਕਸਰ ਆਪਨੇ ਆਪ ਨੂੰ ਬਚਾਉਣ ਲਈ ਇਕੱਲੇ ਕੈਹਰੇ ਡਾਕਟਰ ਤੇ ਦਬਾ ਪਾਉਂਦੀ ਹੈ| ਪ੍ਰੰਤੂ ਇਸ ਕੇਸ ਵਿਚ ਇਉਂ ਨਹੀਂ ਕੀਤਾ ਗਿਆ। ਇਸ ਨਾਲ ਤਸ਼ੱਦਦ ਦੇ ਅਹਿਮ ਸਬੂਤ ਮਿਟਾ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਸਾਰੇ ਡਾਕਟਰੀ ਅਧਿਕਾਰੀਆਂ ਨੂੰ ਉਪਰੋਕਤ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਤਸ਼ੱਦਦ ਦੇ ਸਬੂਤਾ ਨਾਲ ਛੇੜਛਾੜ ਨਾ ਕੀਤੀ ਜਾ ਸਕੇ।
ਮਿਤੀ: 28 .01 .2014
ਜਾਰੀ ਕਰਤਾ:
ਪਿੰਸੀਪਲ ਬੱਗਾ ਸਿੰਘ (ਸੇਵਾ ਮੁਕਤ)
ਪ੍ਰਧਾਨ
ਜਮਹੂਰੀ ਅਧਿਕਾਰ ਸਭਾ ਪੰਜਾਬ, ਇਕਾਈ ਬਠਿੰਡਾ
ਸੰਪਰਕ – 9888986469
Friday, January 10, 2014
ਪੰਜਾਬ ਵਿੱਚ ਉੱਚ ਸਿਖਿਆ ਦੀ ਹਾਲਤ ਉਪਰ ਇਕ ਨਜ਼ਰ
ਸਰਕਾਰੀ ਕਾਲਜਾਂ ਦੀਆਂ ਲੋੜਾਂ ਦੀ ਅਣਦੇਖੀ
ਹਰ ਵਿਦਿਅਕ ਸਾਲ ਸ਼ੁਰੁ ਹੋਣ ਦੇ ਨਾਲ ਹੀ ਪਲੱਸ ਟੂ (ਬਾਰਵੀਂ) ਤੋਂ ਪਾਸ ਹੋ ਕੇ ਵਿਦਿਆਰਥੀ ਕਾਲਜਾਂ ਵਿੱਚ ਦਾਖ਼ਲਾ ਲੈਣ ਲਈ ਜਾਂਦੇ ਹਨ।ਪਿਛਲੇ ਸਮੇਂ ਵਿੱਚ ਵੱਡੀ ਪੱਧਰ ਤੇ ਪ੍ਰਾਈਵੇਟ ਕਾਲਜਾਂ ਦੇ ਖੁੱਲ੍ਹ ਜਾਣ ਦੇ ਬਾਵਜੂਦ ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀਆਂ ਦੀਆਂ ਦਾਖ਼ਲੇ ਲਈ ਲਾਈਨਾਂ ਲਗਦੀਆਂ ਹਨ। ਸਰਕਾਰੀ ਕਾਲਜਾਂ ਦੀਆਂ ਸੀਟਾਂ ਸੀਮਤ ਹੋਣ ਦਾ ਰੌਲਾ ਪੈਂਦਾ ਹੈ ਅਤੇ ਵਿਦਿਆਰਥੀਆਂ ਨੁੰ ਦਾਖ਼ਲੇ ਤੋਂ ਇਨਕਾਰ ਕਰਨ ਦੀਆਂ ਖ਼ਬਰਾਂ ਆਉਂਦੀਆਂ ਹਨ।ਫਿਰ ਵਿਦਿਆਰਥੀਆਂ ਨੂੰ ਦਾਖ਼ਲੇ ਲਈ ਹੜਤਾਲਾਂ ਕਰਨੀਆਂ ਪੈਂਦੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਿਦਿਅਕ ਸਾਲ ਦੇ ਸ਼ੁਰੂ ਵਿੱਚ ਟੀ.ਪੀ.ਡੀ. ਮਾਲਵਾ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ-ਮਹਿਰਾਜ, ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਅਤੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਸਮੇਤ ਹੋਰ ਕਈ ਕਾਲਜਾਂ ਤੋਂ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ ਹੜਤਾਲਾਂ ਹੋਣ ਦੀਆਂ ਖ਼ਬਰਾਂ ਸਭਾ ਦੇ ਧਿਆਨ ਵਿੱਚ ਆਈਆਂ।ਕਿਉਂਕਿ ਸਕੂਲਾਂ ਤੋਂ ਪਾਸ ਕਾਲਜਾਂ ਵਿੱਚ ਉੱਚ ਸਿਖਿਆ ਲਈ ਦਾਖ਼ਲ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘੱਟ ਰਹਿ ਜਾਂਦੀ ਹੈ। ਇਹ ਇੱਕ ਸਰਬ ਪ੍ਰਮਾਨਤ ਤੱਥ ਹੈ ਕਿ ਉਚੇਰੀ ਸਿੱਲ਼ਿਆ ਦੇ ਪੱਧਰ 'ਤੇ ਸਬੰਧਤ ਉਮਰ ਗੁੱਟ(17-23 ਸਾਲ) ਦੀ ਘੱਟੋ ਘੱਟ 20 ਫੀਸਦੀ ਵਸੋਂ ਦਾ ਦਾਖਲਾ ਕਿਸੇ ਵੀ ਦੇਸ਼ ਦੇ ਵਿਕਾਸ ਲਈ ਲਾਜ਼ਮੀ ਸ਼ਰਤ ਹੈ। ਪਰ ਜਿਥੇ ਵਿਕਸਤ ਦੇਸਾਂ 'ਚ ਇਹ ਦਰ 50 ਫੀਸਦੀ ਨੂੰ ਪਾਰ ਕਰ ਚੁੱਕੀ ਹੈ,ਉਥੇ ਭਾਰਤ 'ਚ ਇਹ ਦਰ ਮੁਕਾਬਲਤਨ ਬਹੁਤ ਹੀ ਘੱਟ ਕੇਵਲ 9 ਫੀਸਦੀ ਹੀ ਹੈ। ਸਭਾ ਲਈ ਇਹ ਫ਼ਿਕਰਮੰਦੀ ਦਾ ਵਿਸ਼ਾ ਹੈ।ਸਭਾ ਨੇ ਇਹਨਾਂ ਹੜਤਾਲਾਂ ਦੇ ਮੂਲ ਕਾਰਨ ਜਾਨਣ ਅਤੇ ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਦਾਖ਼ਲੇ ਲਈ ਆ ਰਹੀਆਂ ਮੁਸ਼ਕਲਾਂ ਦੇ ਮੂਲ ਕਾਰਨਾਂ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਫ਼ੈਸਲਾ ਕੀਤਾ। ਸੂਬਾ ਪ੍ਰਧਾਨ ਅਜਮੇਰ ਔਲਖ, ਸ੍ਰੀ. ਤਰਸੇਮ ਗੋਇਲ (ਸੂਬਾ ਵਿੱਤ ਸਕੱਤਰ ਅਤੇ ਸੀ੍ਰ. ਪ੍ਰਿਤਪਾਲ ਸਿੰਘ (ਸੂਬਾ ਪ੍ਰਕਾਸ਼ਨ ਸਕੱਤਰ) ਅਧਾਰਤ ਟੀਮ ਨੇ ਫਰੀਦਕੋਟ, ਰਾਮਪੁਰਾ ਅਤੇ ਮਾਨਸਾ ਇਕਾਈਆਂ ਤੋਂ ਸਥਾਨਿਕ ਮੈਬਰਾਂ ਸ੍ਰੀ ਹਰਦਾਸ ਸਿੰਘ, ਗੁਰਦਿਆਲ ਭੱਟੀ, ਓਮ ਪ੍ਰਕਾਸ, ਬਲਵਿੰਦਰ ਸਿੰਘ, ਭੋਲਾ ਸਿੰਘ ਸਿਧਾਣਾ, ਸ੍ਰੀ ਕੇਸੋ ਰਾਮ, ਡਾਕਟਰ ਜਗਤਾਰ ਫੂਲ, ਐਡਵੋਕੇਟ ਬਲਕਰਨ ਬੱਲੀ ਅਤੇ ਜਸਪਾਲ ਖੋਖਰ ਨੂੰ ਨਾਲ ਲੈਕੇ ਸਰਕਾਰੀ ਬਰਜਿੰਦਰਾ ਕਾਲਜ,ਫਰੀਦਕੋਟ, ਟੀ.ਪੀ.ਡੀ ਮਾਲਵਾ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ-ਮਹਿਰਾਜ ਅਥੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਜਾਣਕਾਰੀ ਇਕੱਤਰ ਕੀਤੀ।ਇਹ ਟੀਮਾਂ ਨੇ ਸਬੰਧਤ ਕਾਲਜਾਂ ਦੇ ਅਧਿਕਾਰੀਆਂ, ਵਿਦਿਆਰਥੀਆਂ ਅਤੇ ਵਿਦਿਆਰਥੀ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਹਾਸਲ ਸੀਟਾਂ, ਦਾਖ਼ਲ ਚਾਹੁਣ ਵਾਲੇ ਵਿਦਿਆਰਥੀਆਂ ਦੀ ਗਿਣਤੀ, ਸਟਾਫ਼ ਦੀ ਮੌਜੂਦਾ ਸਥਿਤੀ, ਪੜਾਉਣ ਲਈ ਕਮਰਿਆਂ, ਪ੍ਰਯੋਗਸ਼ਾਲਾਵਾਂ, ਲਾਇਬਰੇਰੀਆਂ ਆਦਿ ਦੀ ਉਪਲਭਤਾ ਅਤੇ ਅਧਿਆਪਕਾਂ ਦੀ ਗਿਣਤੀ, ਵਸੂਲ ਕੀਤੀਆ ਜਾ ਰਹੀਆਂ ਫ਼ੀਸਾਂ ਆਦਿ ਤੱਥਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ।ਪ੍ਰਾਈਵੇਟ ਕਾਲਜਾਂ ਦੀਆਂ ਫ਼ੀਸਾਂ ਦਾ ਪਤਾ ਵੀ ਲਗਾਇਆ।
ਟੀ ਪੀ ਡੀ ਮਾਲਵਾ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ-ਮਹਿਰਾਜ ਤੋਂ ਕੁੱਝ ਤੱਥ
ਇਥੇ ਬੀ.ਏ.ਭਾਗ ਪਹਿਲਾ ਦੀਆਂ ਵਿੱਚ 2011-12 ਕੁੱਲ ਸੀਟਾਂ 375 ਸਨ ਅਤੇ ਇੰਨੇ ਹੀ ਵਿਦਿਆਰਥੀ ਦਾਖ਼ਲ ਕੀਤੇ ਗਏ।ਪਰ 2012-13 ਵਿੱਚ ਇਹ ਸੀਟਾਂ ਵਧਾ ਕੇ 950 ਕਰਨੀਆਂ ਪਈਆਂ। 2013-14 ਵਿੱਚ ਵੀ ਦਾਖ਼ਲ ਦੀ ਗਿਣਤੀ 1000 ਤੱਕ ਪਹੁੰਚਣ ਦੀ ਉਮੀਦ ਹੈ।ਕਿਉਂਕਿ 600 ਨਵੇਂ ਵਿਦਿਆਰਥੀ ਅਤੇ 350 ਫੇਲ੍ਹ ਵਿਦਿਆਰਥੀਆਂ ਚੋਂ 250 ਵਿਦਿਆਰਥੀ ਦਾਖ਼ਲ ਕਰ ਲਏ ਸਨ ਅਤੇ ਹੋਰ ਦਾਖ਼ਲੇ ਜਾਰੀ ਸਨ।
ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਦੀ ਸਾਲਾਨਾ ਕੋਰਸ ਵਿੱਚ ਫ਼ੀਸ ਲਗਭਗ 5500 ਰੁਪਏ ਅਤੇ ਸਮੈਸਟਰ ਪ੍ਰੋਗਰਾਮ ਅਧੀਨ ਸਾਲਾਨਾ ਫ਼ੀਸ 7000 ਰੁਪਏ ਹੈ।ਬੀਏ ਭਾਗ ਦੂਜਾ ਅਤੇ ਤੀਜਾ ਕਲਾਸਾਂ ਵਿੱਚ ਦੂਜੇ ਕਾਲਜਾਂ ਤੋਂ ਆਏ ਵਿਦਿਆਰਥੀਆਂ ਤੋਂ 250/ ਰੁ: ਸਕਿਊਰਟੀ ਫ਼ੀਸ ਲਈ ਜਾਂਦੀ ਹੈ।
ਇਸ ਸਾਲ ਨਾਨ-ਮੈਡੀਕਲ ਗਰੁੱਪ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਪਹਿਲੇ ਸਾਲ ਵਿੱਚ ਕੁਲ ਵਿਦਿਆਰਥੀ 17 ਦਾਖ਼ਲ ਕੀਤੇ ਗਏ ਹਨ। ਕਾਲਜ ਵਿੱਚ ਕੋਈ ਪ੍ਰਯੋਗਸ਼ਾਲਾ ਜਾਂ ਸਾਇੰਸ ਦਾ ਅਧਿਆਪਕ ਨਹੀਂ ਹੈ। ਨੇੜੇ ਹੀ ਇੱਕ ਪਾਲੀਟੈਕਨਿਕ ਕਾਲਜ਼ ਹੈ।ਉਸ ਕਾਲਜ ਦੇ ਹੀ ਅਧਿਆਪਕਾਂ ਅਤੇ ਪ੍ਰਯੋਗਸ਼ਾਲਾ ਦੀ ਵਰਤੋਂ ਕੀਤੀ ਜਾਵੇਗੀ।ਕਾਮਰਸ ਦੀਆਂ ਤਿੰਨੋਂ ਕਲਾਸਾਂ ਵਿੱਚ ਕੁੱਲ 60 ਵਿਦਿਆਰਥੀ ਹਨ।ਬੀ.ਏ. ਦਾ ਸੈਕਸ਼ਨ 80-100 ਵਿਦਿਆਰਥੀਆਂ ਦਾ ਹੋਵੇਗਾ।ਕੁਲ ਕਮਰੇ 28, ਹਿਸਟਰੀ ਐਮ.ਏ. 20 ਸੀਟਾਂ, ਪੰਜਾਬੀ ਐਮ.ਏ. 30 ਸੀਟਾਂ ਹਨ।
ਕਾਲਜ ਵਿੱਚ 3 ਇੰਗਲਿਸ਼ ਅਤੇ ਪੰਜ ਪੰਜਾਬੀ ਦੇ ਅਧਿਆਪਕ, ਹਿਸਟਰੀ ਦੇ 3, ਇਕਨਾਮਿਕਸ ਦੇ 2, ਪਲਿਟੀਕਲ ਸਾਇੰਸ ਦੇ 1( ਅਤੇ 2 ਐਡਹਾਕ ਅਧਿਆਪਕ), ਹਿੰਦੀ ਇੱਕ ਰੈਗੂਲਰ ਅਧਿਆਪਕ ਹਨ, ਪਿਛਲੇ ਸਾਲ ਤਿੰਨ ਤਿੰਨ ਇੰਗਲਿਸ਼ ਅਤੇ ਪੰਜਾਬੀ ਦੇ ਅਧਿਆਪਕ ਠੇਕੇ ਤੇ ਗਏ ਰੱਖੇ ਸਨ।ਭਾਵ ਕੁਲ 24 ਅਧਿਆਪਕ ਹੋਣਗੇ।ਜਿਹਨਾਂ ਚੋਂ 15 ਰੈਗੂਲਰ ਅਧਿਆਪਕ ਹਨ।
ਪਿੰਸੀਪਲ ਡਾ. ਅਨਿਲ ਕੁਮਾਰ ਵਰਮਾ ਬਲਜਿੰਦਰਾ ਕਾਲਜ ਫ਼ਰੀਦਕੋਟ ਅਨੁਸਾਰ ਹਰ ਸਾਲ 1100-1200 ਵਿਦਿਆਰਥੀ ਦਾਖ਼ਲ ਹੋਣ ਲਈ ਬੇਨਤੀ ਪੱਤਰ ਦਿੰਦੇ ਹਨ ਅਤੇ ਪਿਛਲੇ ਸਾਲ ਤੋਂ ਅਸੀਂ 1000 ਦੇ ਲੱਗਭੱਗ ਨੂੰ ਦਾਖ਼ਲਾ ਦਿੰਦੇ ਆ ਰਹੇ ਹਾਂ। ਸਟਾਫ਼ 29 ਰੈਗੂਲਰ, 11 ਪਾਰਟ ਟਾਈਮ ਅਤੇ 28 ਗੈਸਟ ਫੈਕਲਟੀ (ਪੀਐਚ ਡੀ ਕੁਆਲੀਫੀਕੇਸ਼ਨ ਵਾਲਾ ਸਟਾਫ਼) ਪੀਟੀਏ ਵਿੱਚੋਂ 7000 ਰੁ. ਪ੍ਰਤੀ ਮਹੀਨਾ,ਤਨਖ਼ਾਹ ਦਿੱਤੀ ਜਾਂਦੀ ਹੈ।ਅੰਗਰੇਜ਼ੀ ਦੇ ਟੀਚਰ ਕੇਵਲ 6 ਰਹਿ ਗਏ ਹਨ। ਉਹਨਾਂ ਵਿੱਚ ਕੋਈ ਬੇਚੈਨੀ ਨਹੀਂ ਪੂਰੇ ਜ਼ੋਰ ਨਾਲ ਪੜ੍ਹਾੳਂਦੇ ਹਨ। ਅਨੁਪਾਤ 80:1 ਦਾ ਹੈ ਪਰ ਵਿਦਿਆਰਥੀ ਵੱਧ ਵੀ ਜਾਣ ਤਾਂ 150 ਵੀ ਹੋ ਸਕਦੇ ਹਨ, ਕਮਰਿਆਂ ਵਿੱਚ ਕਿਵੇਂ ਨਾ ਕਿਵੇਂ ਬੈਠਣ ਦਾ ਪ੍ਰਬੰਧ ਕੀਤਾ ਜਾਂਦਾ ਹੈ।ਪੀਟੀਏ ਫੰਡ 1300-1400 ਲਿਆ ਜਾਂਦਾ ਹੈ।
ਮੇਰੇ ਕੋਲ ਬੀ.ਐਡ ਕਾਲਜ ਦਾ ਵੀ ਚਾਰਜ ਹੈ।ਉਹ ਵੀ ਇੱਕ ਸਿਰਦਰਦੀ ਹੈ।ਟੀਚਰ ਲਗਾਤਾਰ ਘਟ ਰਹੇ ਹਨ। ਉਹਨਾਂ ਦੀ ਪੂਰਤੀ ਗੈਸਟ ਫੈਕਲਟੀ ਨਾਲ ਕੀਤੀ ਜਾਂਦੀ ਹੈ। ਸਾਡੇ ਵਿਦਿਆਰਥੀ ਯੂਨੀਵਰਸਿਟੀ ਵਿੱਚ ਚੰਗੀਆਂ ਪੂਜ਼ੀਸ਼ਨਾਂ ਪਹਿਲੀਆਂ ਦੂਜੀਆਂ ਹਾਸਲ ਕਰਦੇ ਹਨ। ਐਮ.ਐਸਸੀ. ਕਮਿਸਟਰੀ ਇਥੇ (20 ਸੀਟਾਂ) ਪੜਾਈ ਜਾਂਦੀ ਹੈ, ਐਮ.ਏ. ਪੂੰਜਾਬੀ ਅਤੇ ਇਕਨਾਮਿਕਸ ਵੀ ਹੈ। ਬੀ.ਏ.ਭਾਗ ਪਹਿਲੇ ਚੋਂ ਬੀ.ਏ.ਭਾਗ ਦੂਜੇ ਵਿੱਚ 50 ਫੀਸਦੀ ਬੱਚੇ ਪਾਸ ਹੁੰਦੇ ਹਨ।ਫਿਰ ਬੀਏ ਦੂਜੇ ਤੋਂ ਬੀਏ ਤੀਜੇ ਵਿੱਚ ਸਭ ਚੜ੍ਹ ਜਾਂਦੇ ਹਨ।
ਇਹ ਪੁੱਛੇ ਜਾਣ ਤੇ ਕਿ ਕੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਜਾਨਣ ਲਈ ਕੋਈ ਵਿਦਿਆਰਥੀ-ਅਧਿਆਪਕ ਕਮੇਟੀ ਦੀ ਹੋਂਦ ਹੈ, ਦੱਸਿਆ ਗਿਆ ਕਿ ਸੀਨੀਅਰ ਵਿਦਿਆਰਥੀ ਕਮੇਟੀ ਵਿੱਚ ਲਏ ਜਾਂਦੇ ਹਨ, ਸਿਲੇਬਸ ਵਾਰੇ ਵਿਦਿਆਰਥੀਆ ਦੇ ਵਿਚਾਰ ਜਾਨਣ ਲਈ ਵਿਸ਼ੇ ਵਾਈਜ ਸੈਮੀਨਾਰ ਵੀ ਕਰਵਾਏ ਜਾਂਦੇ ਹਨ ਕੰਧ ਨਾਮ ਦਾ ਮੈਗਜ਼ੀਨ ਕੱਢਿਆ ਜਾਂਦਾ ਹੈ ਵਿਦਿਆਰਥੀ ਉਸ ਵਿੱਚ ਲਿਖਦੇ ਹਨ।ਕਾਲਜ ਵਿੱਚ ਆਪਣੇ ਵਿਚਾਰ ਲਿਖਣ ਲਈ ਕੋਈ ਬੋਰਡ ਨਹੀਂ ਹੈ ਇਸ ਦੀ ਦੁਰ ਵਰਤੋਂ ਹੁੰਦੀ ਹੈ।
ਨੈਹਰੂ ਮੈਮੋਰੀਅਲ ਕਾਲਜ ਮਾਨਸਾ
ਬੀ.ਏ. ਪਹਿਲਾ ਵਿੱਚ 2011-12 ਵਿੱਚ ਦਾਖ਼ਲ ਵਿਦਿਆਰਥੀ 900, 2012-13 ਵਿੱਚ 1100 ਅਤੇ 2013-14 ਵਿੱਚ ਹੁਣ ਤੱਕ 900 ਵਿਦਿਆਰਥੀ ਦਾਖ਼ਲ ਹੋਏ। 1100 ਚੋਂ 700 ਵਿਦਿਆਰਥੀ ਬੀ.ਏ.ਭਾਗ ਪਹਿਲਾ ਚੋਂ ਪਾਸ ਹੋਏ। ਹਰ ਸਾਲ 400-500 ਵਿਦਿਆਰਥੀ ਦਾਖ਼ਲੇ ਤੋਂ ਵਾਂਝੇ ਰਹਿ ਜਾਂਦੇ ਹਨ।ਕੁਲ 16 ਕਮਰਿਆਂ ਵਿੱਚੋਂ ਦੋ ਲੈਕਚਰ ਹਾਲਾਂ ਨੂੰ ਕਾਲਜ ਦੀਆਂ ਲੈਬਾਰਟਰੀਆਂ ਅਤੇ ਪੀਟੀਯੂ ਸੈਂਟਰ ਚਲਾਉਣ ਲਈ ਵਰਤਿਆ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕੇਵਲ 14 ਕਮਰੇ ਰਹਿ ਜਾਂਦੇ ਹਨ।ਬੀ.ਕਾਮ. ਵਿੱਚ ਕੁਲ ਵਿਦਿਆਰਥੀ 150 ਤੋਂ ਉਪਰ; ਬੀ.ਸੀ.ਏ., ਪੀ.ਜੀ.ਡੀ.ਸੀ.ਏ. ਵਿੱਚ 150 ਤੋਂ ਉਪਰ, ਐਮ.ਏ. ਪੰਜਾਬੀ ਤੇ ਰਾਜਨੀਤੀ-ਸ਼ਾਸਤਰ ਕੁਲ ਵਿਦਿਆਰਥੀ 160(40 ਪ੍ਰਤੀ ਕਲਾਸ) ਹਨ।ਕੁੱਲ ਪੰਜ ਅਧਿਆਪਕ (ਕਮਰਸ=2, ਪੁਲਿਟੀਕਲ ਸਾਇੰਸ=1, ਅਰਥਸਾਸ਼ਤਰ=1, ਹਿਸਾਬ=1) ਰੈਗੂਲਰ, 4 ਪਾਰਟ ਟਾਈਮ, 13 ਗੈਸਟ ਫੈਕਲਟੀ ਅਤੇ 2 ਠੇਕੇ ਤੇ ਭਰਤੀ ਹਨ। ਯੂ.ਜੀ.ਸੀ ਅਨੁਸਾਰ (ਵਿਦਿਆਰਥੀ ਅਧਿਆਪਕ ਅਨੁਪਾਤ) ਕੰਪਲਸਰੀ ਵਿਸ਼ਾ 80:1, ਚੋਣਵਾਂ ਵਿਸ਼ਾ 60:1 ਨਿਰਧਾਰਤ ਹੈ। ਪਰ ਕਾਲਜ ਵਿੱਚ ਇਹ ਅਨੁਪਾਤ ਲਿਟਰੇਚਰ ਵਿੱਚ (ਵਿਦਿਆਰਥੀ 800, ਸੈਕਸ਼ਨ ਤਿੰਨ) 267:1, ਕੰਪਲਸਰੀ ਵਿਸ਼ੇ 900/4=225:1 ਤੱਕ ਹੈ।ਪੀਟੀਏ ਫੰਡ: ਬੀ.ਸੀ.ਏ. 700 ਰ., ਆਰਟਸ ਅਤੇ ਐਮ ਏ 1000 ਰੁ. ਮਹੀਨਾ ਲਿਆ ਜਾਂਦਾ ਹੈ।ਕਾਲਜ ਵਿੱਚ ਵਿਦਿਆਰਥੀਆਂ ਨੁੰ ਵਿਚਾਰ ਪ੍ਰਗਟ ਕਰਨ ਨੂੰ ਕੋਈ ਬੋਰਡ ਦੀ ਸਹੂਲਤ ਨਹੀਂ, ਕੋਈ ਵਿਦਿਆਰਥੀ-ਅਧਿਆਪਕ ਕਮੇਟੀ ਨਹੀ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਅਨੁਸਾਰ ਪੰਜਾਬ ਵਿੱਚ ਕੁੱਲ 56 ਸਰਕਾਰੀ ਕਾਲਜ ਹਨ (ਇਹਨਾਂ ਨੂੰ ਆਰਟਸ ਕਾਲਜ ਹੀ ਕਿਹਾ ਜਾਂਦਾ ਹੈ ਕਿਉਂਕਿ ਇਹਨਾ ਕਾਲਜਾਂ ਵਿੱਚ ਮੁੱਖ ਤੌਰ ਤੇ ਆਰਟਸ ਹੀ ਪੜਾਇਆ ਜਾਂਦਾ ਹੈ, ਸਾਇੰਸ ਦਾ ਉਨਾ ਪ੍ਰਬੰਧ ਨਹੀਂ ਜਿਵੇਂ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਸਾਇੰਸ ਦਾ ਇੱਕ ਹੀ ਬੈਚ ਚਲਦਾ ਹੈ 60 ਵਿਦਿਆਰਥੀਆਂ ਦਾ।) ਪੰਜਾਬ ਭਰ ਵਿੱਚ ਅਧਿਆਪਕਾਂ ਦੀਆਂ ਕੁੱਲ 1873 ਆਸਾਮੀਆਂ ਹਨ ਅਤੇ ਲਗਭਗ 1100 ਖਾਲੀ ਹਨ। ਇਹਨਾਂ ਨੂੰ 850 ਲੈਕਚਰਾਰ (ਪਾਰਟ ਟਾਈਮ ਸਮੇਤ ) 600 ਗੈਸਟ ਫੈਕਲਟੀ (7000 ਰੁ. ਠੇਕੇ ਉਪਰ), ਜਦੋਂ ਕਿ ਯੂ.ਜੀ.ਸੀ. ਵੱਲੋਂ ਪੀ.ਟੀ.ਏ. ਫੰਡ ਵਿੱਚੋਂ ਤਨਖ਼ਾਹ ਦੇਣੀ ਵਰਜਿਤ ਹੈ।ਅਨੁਸੂਚਿਤ ਵਰਗ ਦੇ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਵੱਲੋਂ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਅਧੀਨ 2.50 ਲੱਖ ਤੋਂ ਘੱਟ ਪ੍ਰੀਵਾਰਕ ਆਮਦਨ ਵਾਲੇ ਵਿਦਿਆਰਥੀਆਂ ਦੀ ਪੂਰੀ ਫ਼ੀਸ ਮਾਫ਼ ਹੈ, ਪਰ ਪੰਜਾਬ ਸਰਕਾਰ ਪੀਟੀਏ ਫੰਡ ਵਸੂਲ ਰਹੀ ਹੈ। ਪੰਜਾਬ ਦੇ ਬਹੁਤੇ ਕਾਲਜਾਂ ਵਿੱਚ 2-3 ਹੀ ਰੈਗੂਲਰ ਅਧਿਆਪਕ ਪ੍ਰਤੀ ਕਾਲਜ ਹਨ, ਇੱਕ ਇੱਕ ਪਿੰਸੀਪਲ ਕੋਲ ਕਈ ਕਈ (5-6) ਕਾਲਜਾਂ ਦਾ ਚਾਰਜ ਹੈ।ਪੀਟੀਏ ਫੰਡ 1500 ਰੁਪਏ ਲਿਆ ਜਾ ਰਿਹਾ ਹੈ।ਪਹਿਲਾਂ 60:1 ਦਾ ਅਨੁਪਾਤ ਸੀ ਹੁਣ 80:1 ਇੱਕ ਕਰ ਦਿੱਤਾ ਗਿਆ ਹੈ ਕਈ ਵਾਰੀ ਸਟਾਫ਼ ਦੀ ਅਣਹੋਂਦ ਕਾਰਨ ਇਹ ਅਨੁਪਾਤ 150-200 ਵੀ ਹੋ ਜਾਂਦਾ ਹੈ।ਇਸੇ ਕਾਰਨ ਅਧਿਆਪਕ ਵਿਦਿਆਰਥੀਆਂ ਦਾ ਸਜਿੰਦ ਰਿਸ਼ਤਾ ਨਹੀਂ ਬਣਦਾ।ਬਲਜਿੰਦਰਾ ਕਾਲਜ (ਫ਼ਰੀਦਕੋਟ). ਰਾਜਿੰਦਰਾ ਕਾਲਜ (ਬਠਿੰਡਾ), ਮਹਿੰਦਰਾ ਕਾਲਜ (ਪਟਿਆਲਾ) ਹੀ ਵੱਡੇ ਕਾਲਜ ਹਨ।ਜਿਥੇ 3000-4000 ਵਿਦਿਆਰਥੀ ਹਨ, ਬਾਕੀ ਕਾਲਾ ਅਫ਼ਗਾਨਾ ਕਾਲਜ, ਜੀਰਾ ਕਾਲਜ ਆਦਿ ਵਿਚ ਤਾਂ 150-200 ਵਿਦਿਆਰਥੀ ਹੀ ਪੜ੍ਹਦੇ ਹਨ।ਕਿਰਤੀ ਕਾਲਜ ਨਿਆਲ ਪਾਤੜਾਂ ਜੋ ਕਾਮਰੇਡ ਤੇਜਾ ਸਿੰਘ ਸਤੰਤਰ ਨੇ ਬਣਵਾਇਆ ਸੀ, ਵਿੱਚ 1100 ਵਿਦਿਆਰਥੀ ਹਨ।ਸਰਕਾਰ ਵੱਲੋਂ ਪ੍ਰਾਈਵੇਟ ਕਾਲਜਾਂ ਨੂੰ ਸ਼ਡਿਊਲ ਕਾਸਟ ਵਿਦਿਆਰਥੀਆਂ ਦੀਆਂ ਫ਼ੀਸਾਂ ਰੀਇੰਬਰਸ ਕੀਤੀਆਂ ਜਾਂਦੀਆਂ ਹਨ ਪਰ ਉਹ ਫਿਰ ਵੀ ਫ਼ੀਸਾਂ ਵਸੂਲ ਰਹੇ ਹਨ।ਸਰਕਾਰ ਸਰਕਾਰੀ ਕਾਲਜਾਂ ਤੋਂ ਪੱਲਾ ਛੁਡਵਾ ਰਹੀ ਹੈ, ਇਹਨਾਂ ਨੂੰ ਕਾਂਸਟੀਚਿਊਟ ਕਾਲਜਾਂ ਦੀ ਸਕੀਮ ਨਾਲ ਯੂਨੀਵਰਸਿਟੀਆਂ ਦੇ ਹਵਾਲੇ ਕਰ ਰਹੀ ਹੈ।26-27 ਜੁਲਾਈ ਦੇ ਅਜੀਤ ਵਿੱਚ ਸਰਕਾਰ ਵੱਲੋਂ ਕਾਲਜਾਂ ਨੂੰ ਸਰਕਾਰ ਵੱਲੋਂ ਜਾਰੀ ਗਰਾਂਟ ਦੇ ਵੇਰਵੇ ਛਪੇ ਹਨ।ਢੂੱਡੀਕੇ ਕਾਲਜ ਵਿੱਚ ਇੱਕ ਵੀ ਰੈਗੂਲਰ ਅੀਧਆਪਕ ਨਹੀਂ ਹੈ ਅਤੇ 500 ਵਿਦਿਆਰਥੀ ਹਨ।ਰੋਡੇ ਕਾਲਜ ਵਿੱਚ ਇੱਕ ਰੇਗੂਲਰ ਅਧਿਆਪਕ ਹੈ ਵਿਦਿਆਰਥੀ 400-500 ਹਨ।ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਬਰਜਿੰਦਰਾ ਕਾਲਜ ਤੋਂ ਬਿਨਾਂ ਕਿਸੇ ਵੀ ਕਾਲਜ ਵਿੱਚ ਖੇਤੀ ਬਾੜੀ ਦੀ ਪੜ੍ਹਾਈ ਨਹੀਂ, ਇੱਥੇ ਵੀ ਕੇਵਲ 40 ਸੀਟਾਂ ਹਨ।345000 ਵਿਦਿਆਰਥੀ +1, +2 ਵਿੱਚ ਦਾਖ਼ਲ ਹੁੰਦੇ ਹਨ।ਗੌਰਮਿੰਟ ਕਾਲਜ ਫਾਜ਼ਿਲਕਾ ਵਿੱਚ 28 ਲੱਖ ਪੀਟੀਏ ਫੰਡ ਹੈ ਪਰ ਉਥੇ ਇੱਕ ਵੀ ਬਾਥ ਰੂਮ ਜਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ। ਜਿਥੇ ਅਕਾਦਮਿਕ ਮਾਹੌਲ ਪੜ੍ਹਨ ਦਾ ਹੈ ਉਥੇ ਹੀ ਸਟੂਡੈਂਟਸ ਯੂਨੀਅਨ ਕੰਮ ਕਰ ਸਕਦੀ ਹੈ ਦੂਸਰੇ ਕਾਲਜਾਂ ਵਿੱਚ ਸੰਭਵ ਨਹੀਂ ਹੈ।ਬਰਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਬੀ ਏ 900 ਸੀਟਾਂ ਹਨ ਜੋ ਪਿਛਲੇ ਸਾਲ ਐਜੀਟੈਸ਼ਨ ਕਰਕੇ 550 ਤੋਂ ਵਧਵਾਈਆਂ ਗਈਆਂ ਸਨ। ਦੂਜੇ ਸਾਲ ਇਹਨਾਂ ਵਿੱਚੋਂ 50% ਹੀ ਪਾਸ ਹੁੰਦੇ ਹਨ।ਪੰਜਾਬੀ ਯੂਨੀਵਰਸਿਟੀ ਨੇ 15% ਅਤੇ, ਪੰਜਾਬ ਅਤੇ ਗੁਰੁ ਨਾਨਕ ਦੇਵ ਯੂਨੀ ਵਰਸਿਟੀ ਨੇ 20 ਫ਼ੀ ਸਦੀ ਫ਼ੀਸਾਂ ਵਧਾ ਦਿੱਤੀਆਂ ਹਨ।
ਪ੍ਰਾਈਵੇਟ ਕਾਲਜਾਂ ਵਿੱਚ ਫ਼ੀਸਾਂ ਵਧੇਰੇ ਹਨ। ਬੀ.ਏ ਲਈ ਇਹ ਫ਼ੀਸਾਂ 14000 ਤੋਂ 28000 ਤੱਕ ਹਨ। ਜਦੋਂ ਕਿ ਸਰਕਾਰੀ ਕਾਲਜਾਂ ਵਿੱਚ 5000-7000 ਤੱਕ ਹਨ।ਬੀਐਡ ਦੀਆਂ ਫ਼ੀਸਾਂ ਦਾ ਸਰਕਾਰੀ ਕਾਲਜਾਂ ਦੀਆਂ 10-12000) ਦੇ ਮੁਕਾਬਲੇ ਪ੍ਰਾਈਵੇਟ ਕਾਲਜਾਂ ਵਿੱਚ ਸਰਕਾਰ ਵੱਲੋਂ ਨਿਰਧਾਰਤ 40000 ਤੋਂ ਵੀ ਵੱਧ ਹਨ।ਪਰ ਤਕਨੀਕੀ ਕਾਲਜਾਂ ਦੀਆਂ ਫ਼ੀਸਾਂ ਬਹੁਤ ਉਚੀਆਂ ਹਨ ਜਿਵੇਂ 70-80000 ਰੁਪਏ ਪ੍ਰਤੀ ਛਿਮਾਹੀ।ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਮੈਰਿਟ ਆਧਾਰਤ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਹੀ 2ਲੱਖ ਹੈ, ਇਸ ਤੋਂ ਇਲਾਵਾ ਹੋਰ ਫੰਡ ਅਤੇ ਖਰਚਿਆਂ ਨਾਲ ਇਹ ਤਿੰਨ ਲੱਖ ਤੋਂ ਵੀ ਵੱਧ ਵਸੂਲ ਕੀਤੀ ਜਾਂਦੀ ਹੈ।
ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ +2 ਲਈ 192 ਵਿਸ਼ਿਆਂ ਵਿੱਚ ਪ੍ਰੀਖਿਆ ਲਈ ਜਾਂਦੀ ਹੈ। ਇਸ ਸਾਲ 2,75,044 ਵਿਦਿਆਰਥੀ +2 ਦੀ ਪ੍ਰੀਖਿਆ ਵਿੱਚ ਬੈਠੇ ਪ੍ਰੰਤੂ ਕੇਵਲ 42075 ਹਿਸਾਬ ਵਿਸ਼ੇ, 41236 ਫਿਜ਼ਿਕਸ, 36573 ਕੈਮਸਿਟਰੀ ਵਿਸ਼ੇ ਵਿੱਚ ਪ੍ਰੀਖਿਆ ਲਈ ਬੈਠੇ ਜੋ ਕੁਲ ਵਿਦਿਆਰਥੀਆਂ ਦਾ ਸਿਰਫ਼ 15-17 ਫ਼ੀਸਦੀ ਬਣਦੇ ਹਨ।ਚੋਣਵੇਂ ਅੰਗਰੇਜ਼ੀ ਵਿਸ਼ੇ ਲਈ ਕੇਵਲ 2938 ਵਿਦਿਆਰਥੀਆਂ ਨੇ ਹੀ ਪ੍ਰੀਖਿਆ ਦਿੱਤੀ ਜੋ ਲੱਗਭਗ 10 ਫ਼ੀ ਸਦੀ ਹੀ ਬਣਦੇ ਹੈ। ਭਾਵ ਵਿੁਦਿਆਰਥੀਆਂ ਦਾ ਵਿਗਿਆਨ ਵੱਲ ਰੁਝਾਨ ਘੱਟ ਰਿਹਾ ਹੈ।
ਆਦਰਸ਼ ਅਧਿਆਪਕ-ਵਿਦਿਆਰਥੀ ਅਨੁਪਾਤ 30:1 ਅਤੇ ਪੀਰੀਅਰਡ 18-24 ਪ੍ਰਤੀ ਹਫ਼ਤਾ ਪ੍ਰਤੀ ਅਧਿਆਪਕ ਹੋਣੇ ਚਾਹੀਦੇ ਹਨ। ਉਹਨਾਂ ਤੋਂ 1000-2000 ਰੁਪਏ ਤੱਕ ਪੀ.ਟੀ.ਏ. ਫੰਡ ਵਸੂਲਿਆ ਜਾ ਰਿਹਾ ਹੈ। ਇਹ ਸਿੱਖਿਆ ਦਾ ਨਿੱਜੀਕਰਨ ਹੀ ਹੈ।ਸਰਕਾਰ ਨੇ 2005 ਤੋਂ ਬਾਅਦ ਕਿਸੇ ਵੀ ਕਾਲਜ ਦਾ ਬਜਟ ਨਹੀਂ ਵਧਾਇਆ।ਪੰਜਾਬੀ ਟ੍ਰਿਬਿਊਨ (24 ਅਕਤੂਬਰ,2013) ਦੀ ਰਿਪੋਰਟ ਅਨੁਸਾਰ ਅਧਿਆਪਕ-ਵਿਦਿਆਰਥੀ ਅਨੁਪਾਤ 1:114 ਹੈ ਅਤੇ 3366 ਆਸਾਮੀਆਂ ਵਿੱਚੋਂ ਰੈਗੂਲਰ ਅਧਿਆਪਕ ਸਿਰਫ਼ 1641 ਹਨ,1725 ਆਸਾਮੀਆਾਂ ਖਾਲੀ ਹਨ। 2005 ਤੋਂ ਬਾਅਦ ਕੋਈ ਭਰਤੀ ਨਹੀਂ।
ਉਪਰਲੇ ਤੱਥਾਂ ਤੋਂ ਸਭਾ ਇਸ ਸਿੱਟੇ ਤੇ ਪਹੁੰਚੀ ਕਿ
ਗਰੀਬ ਤੇ ਦਰਮਿਆਨੇ ਮਿਹਨਤਕਸ਼ ਲੋਕਾਂ ਦੀ ਆਰਥਿਕਤਾ ਦੇ ਮੱਦੇਨਜ਼ਰ ਪ੍ਰਾਈਵੇਟ ਕਾਲਜ ਉਹਨਾਂ ਦੀ ਪਹੁੰਚ ਤੋਂ ਬਾਹਰ ਹਨ ਕਿਉਂਕਿ ਪ੍ਰਾਈਵੇਟ ਕਾਲਜਾਂ ਦੀਆਂ ਫ਼ੀਸਾਂ ਦੁੱਗਣੀਆਂ ਤੋਂ ਲੈਕੇ ਚਾਰ ਪੰਜ ਗੁਣਾ ਜਾਂ ਇਸ ਤੋਂ ਵੀ ਵੱਧ ਹਨ।ਪਰ ਸਰਕਾਰੀ ਕਾਲਜਾਂ ਵਿੱਚ ਲੈਕਚਰਾਰਾਂ, ਇਮਾਰਤਾਂ ਦੀ ਵੱਡੀ ਘਾਟ ਹੈ।ਪ੍ਰੈਕਟੀਕਲਾਂ ਲਈ ਲੈਬਾਂ, ਪੜ੍ਹਨ ਲਈ ਲਾਇਬਰੇਰੀਆਂ, ਪੀਣ ਵਾਲਾ ਪਾਣੀ, ਖੇਡਾਂ, ਟੁਾਇਲਟਾਂ ਆਦਿ ਵੱਲ ਧਿਆਨ ਹੋਣਾ ਤਾਂ ਦੂਰ ਦੀ ਗੱਲ ਹੈ।ਸਰਕਾਰ ਆਪਣੀ ਇਸ ਜ਼ੁੰਮੇਵਾਰੀ ਤੋਂ ਭੱਜ ਗਈ ਹੈ।ਇਸ ਕਰਕੇ ਉਹਨਾਂ ਨੂੰ ਵਿਦਿਆ ਦੇ ਹੱਕ ਤੋਂ ਵਿਰਵਾ ਕੀਤਾ ਜਾ ਰਿਹਾ ਹੈ।ਇਹ ਹਰ ਨਾਗਰਿਕ ਦੇ ਸਿਖਿਆ ਦੇ ਅਧਿਕਾਰ ਦੀ ਉਲੰਘਣਾ ਹੈ।
ਸਰਕਾਰੀ ਤੌਰ ਤੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੀਆਂ ਫ਼ੀਸਾਂ ਮਾਫ਼ ਹਨ ਪਰ ਉਹਨਾਂ ਤੋਂ ਪੀ.ਟੀ.ਏ ਫੰਡ ਲਿਆ ਜਾ ਰਿਹਾ ਹੈ।
ਪੀ.ਟੀ.ਏ ਫੰਡ ਦੀ ਵਰਤੋਂ ਲਈ ਯੂ.ਸੀ.ਏ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਇਸ ਵਿੱਚੋਂ ਗੈਸਟ ਫੈਕਲਟੀ ਨੂੰ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ।ਇਹ ਵਿਦਿਆ ਦਾ ਸਰਕਾਰੀ ਕਾਲਜਾਂ ਵਿੱਚ ਨਿੱਜੀਕਰਨ ਹੈ।
ਗੈਸਟ ਫੈਕਲਟੀ ਨੂੰ 7000 ਰੁਪਏ ਤਨਖ਼ਾਹ ਦਿੱਤੀ ਜਾ ਰਹੀ ਹੈ ਜਦੋਂ ਕਿ ਰੈਗੂਲਰ ਅਧਿਆਪਕਾਂ ਦੀਆਂ ਤਨਖ਼ਾਹਾਂ ਇਸ ਤੋਂ ਕਿਤੇ ਵੱਧ ਹਨ। ਇਹ ਬਰਾਬਰ ਕੰਮ ਬਰਾਬਰ ਮਿਹਨਤਾਨਾ ਦੇ ਹੱਕ ਦੀ ਸਿੱਧੀ ਉਲੰਘਣਾ ਹੈ।
ਸਹੂਲਤਾਂ ਦੀ ਘਾਟ ਕਾਰਨ ਬੀ.ਏ.ਭਾਗ ਪਹਿਲਾ ਚੋਂ ਪਾਸ ਪ੍ਰਤੀਸ਼ਤ ਅੱਧ ਤੋਂ ਵੀ ਘੱਟ ਹੈ।
ਇਸਤੋਂ ਇਹ ਸਾਫ ਹੈ ਕਿ ਨਰੋਏ ਸਮਾਜ ਦੇ ਵਿਕਾਸ ਲਈ ਸਬੰਧਿਤ ਉਮਰ ਗੁੱਟ(17-23 ਸਾਲ) ਦੀ ਵਸੋਂ ਚੋਂ ਉਚੇਰੀ ਵਿਦਿਆ ਲਈ ਦਾਖਲ ਹੋਣ ਵਾਲੇ ਨੌਜਵਾਨਾਂ ਦਾ ਹਿੱਸਾ ਵੱਧਣਾ ਚਾਹੀਦਾ ਹੈ, ਪਰ ਅਜਿਹੀਆਂ ਹਾਲਤਾਂ ਵਿੱਚ ਇਹ 9ਫੀਸਦੀ ਤੋਂ ਵੀ ਘੱਟ ਜਾਵੇਗਾਜੋ ਸਮਾਜ ਲਈ ਨੁਕਸਾਨਦੇਹ ਸਾਬਿਤ ਹੋਵੇਗਾ।
ਸਭਾ ਮੰਗ ਕਰਦੀ ਹੈ ਕਿ
-ਵਿਦਿਆ ਦਾ ਨਿੱਜੀਕਰਨ ਬੰਦ ਕੀਤਾ ਜਾਵੇ।ਸਰਕਾਰੀ ਕਾਲਜਾਂ ਵਿੱਚ ਲੋੜੀਦੇ ਸਟਾਫ਼ ਦੀ ਭਰਤੀ ਕੀਤੀ ਜਾਵੇ।ਲੋੜੀਂਦੀਆਂ ਬਿਲਡਿੰਗਾਂ ਉਸਾਰ ਕੇ ਲਾਇਬ੍ਰੇਰੀਆਂ, ਲੈਕਚਰ ਹਾਲਾਂ ਅਤੇ ਪ੍ਰਯੋਗਸ਼ਾਲਾਵਾਂ ਪਖ਼ਾਨਿਆਂ ਦਾ ਪ੍ਰਬੰਧ ਕੀਤਾ ਜਾਵੇ।ਵਿਦਿਅਕ ਬਜਟ ਵਧਾਕੇ 10ਫੀਸਦੀ ਕੀਤਾ ਜਾਵੇ।
-ਬਰਾਬਰ ਕੰਮ-ਬਰਾਬਰ ਤਨਖ਼ਾਹ ਦੇ ਨਿਯਮ ਨੂੰ ਲਾਗੂ ਕਰਨ ਲਈ ਠੇਕੇ, ਗੈਸਟ ਫੈਕਲਟੀ ਭਰਤੀ ਬੰਦ ਕਰਕੇ ਉਹਨਾਂ ਦੀ ਥਾਂ ਰੈਗੂਲਰ ਸਟਾਫ਼ ਭਰਤੀ ਕੀਤਾ ਜਾਵੇ।
-ਵਿਕਸਤ ਮੁਲਕਾਂ ਵਜੋਂ ਜਾਣੇ ਜਾਦੇ ਮੁਲਕਾਂ (ਯੂਰਪ, ਅਮਰੀਕਾ) ਵਿੱਚ ਵਿਦਿਅਕ ਪ੍ਰਬੰਧ ਦਾ ਵੱਡਾ ਹਿੱਸਾ 80% ਜਨਤਕ ਖੇਤਰ ਅਧੀਨ ਹੈ। ਸਗੋਂ ਜਿਥੇ ਵਿਦਿਅਕ ਪ੍ਰਬੰਧ ਦਾ ਵੱਡਾ ਹਿੱਸਾ ਪ੍ਰਾਈਵੇਟ ਹੈ ਉਹ ਮੁਲਕ ਘੱਟ ਵਿਕਸਤ ਹਨ ਜਿਵੇਂ ਅਫ਼ਰੀਕਨ ਮੁਲਕ।ਇਸ ਕਰਕੇ ਨਿਜੀਕਰਨ ਦਾ ਰਾਹ ਤਿਆਗਕੇ ਜਨਤਕ ਵਿਦਿਅਕ ਪ੍ਰਬੰਧ ਨੂੰ ਤਕੜਾ ਕੀਤਾ ਜਾਵੇ।
ਸਭਾ ਲੋਕਪੱਖੀ ਤਾਕਤਾਂ ਨੂੰ ਸਿਖਿਆ ਦੀ ਨਿੱਘਰ ਰਹੀ ਹਾਲਤ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਨਿਘਾਰ ਨੂੰ ਰੋਕਣ ਲਈ ਇਸ ਵਿੱਚ ਸਰਗਰਮ ਦਖ਼ਲ ਦੇਣ ਦੀ ਅਪੀਲ ਕਰਦੀ ਹੈ।
ਜਾਰੀ ਕਰਤਾ : ਪ੍ਰੋਫੈਸਰ ਅਜਮੇਰ ਔਲਖ (ਸੂਬਾ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ)
ਪ੍ਰੋਫੈਸਰ ਜਗਮੋਹਨ ਸਿੰਘ (ਜਨਰਲ ਸਕੱਤਰ ਜਮਹੂਰੀ ਅਧਿਕਾਰ ਸਭਾ ਪੰਜਾਬ।)
Monday, December 30, 2013
ਸਕੂਲੀ ਸਿੱਖਿਆ ਅੰਦਰ ਭ੍ਰਿਸ਼ਟਾਚਾਰ
ਸਿੱਖਿਆ ਦਾ ਹੱਕ ਚੰਗਾ ਜੀਵਨ ਜੀਊਣ ਲਈ ਹਰ ਨਾਗਰਿਕ ਦਾ ਮੁੱਢਲਾ ਹੱਕ ਹੈ। ਇਸ ਲਈ ਸਭ ਨੂੰ ਸਿੱਖਿਆ ਦੇ ਸਮਾਨ ਮੌਕੇ ਦੇਣੇ ਵੀ ਅਤੀ ਜਰੂਰੀ ਹਨ। ਵੰਡੀਆ ਭਰੇ ਸਮਾਜ ਵਿੱਚ ਸਿੱਖਿਆ ਦੇ ਮੌਕੇ ਵੀ ਵੱਖ -ਵੱਖ ਨਾਗਰਿਕਾ ਲਈ ਵੱਧੋ ਵੱਖਰੇ ਹਨ। ਸਰਕਾਰੀ, ਏਡਿਡ ਪ੍ਰਾਈਵੇਟ, ਮਾਡਲ, ਕਨਵੈਂਟ, ਪਬਲਿਕ, ਨਵੋਦਿਆ, ਆਦਰਸ਼, ਕੇਂਦਰੀ ਆਦਿ ਸਕੂਲਾਂ ਦੀ ਅਣਗਿਣਤ ਵੰਨਗੀਆਂ ਹਨ। ਅਗੋਂ ਇੰਨਾਂ ਸਕੂਲਾਂ ਵਿੱਚ ਇੱਕੋ ਜਿਹੀਆਂ ਯੋਗਤਾਵਾਂ ਰੱਖਣ ਵਾਰੇ ਵੱਖ-ਵੱਖ ਤਨਖਾਹਾਂ ਅਤੇ ਵੱਖ-ਵੱਖ ਸੇਵਾ ਸ਼ਰਤਾਂ ਵਾਲੇ ਵੱਖ- ਵੱਖ ਕੈਟਾਗੀਰੀਆਂ ਦੇ ਅਧਿਆਪਕ ਜਿਵੇਂ ਸਰਵਿਸ ਪ੍ਰੋਵਾਈਡਰ, ਟੀਚੰਗ-ਫੇੈਲੋ, ਸਿੱਖਿਆ ਕਰਮੀ, ਸਿੱਖਿਆ ਗਰੰਟੀ ਸਕੀਮ, ਏ.ਆਈ.ਈ. ਟੀਚਰ, ਕੇਂਦਰੀ ਸਕੀਮ ਵਾਲੇ ਅਧਿਆਪਕ, ਰਮਸਾ ਅਧਿਆਪਕ, ਐਸ.ਐਸ.ਏ. ਅਧਿਆਪਕ ਆਦਿ ਅਨੇਕਾ ਵੰਨਗੀਆ ਆਪੋ ਆਪਣੀਆਂ ਤਨਖਾਹਾਂ ਤੇ ਸੇਵਾ ਸ਼ਰਤਾਂ ਦੇ ਸੁਧਾਰ ਲਈ ਸੰਘਰਸ਼ ਕਰ ਰਹੇ ਹਨ।
ਸਿੱਖਿਆ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਮਿਸਾਲਾਂ ਬਹੁਤ ਘੱਟ ਹਨ। ਕੋਈ ਇੱਕਾ ਦੁਕਾ ਸਕੂਲ ਅਧਿਆਪਕ ਜਾਂ ਸਕੂਲ ਮੁੱਖੀ ਹੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੁੰਦਾ ਰਿਹਾ ਹੈ। ਸਰਵ ਸਿੱਖਿਆ ਅਭਿਆਨ ਦੀ ਸਕੂਲਾਂ ਦੇ ਕਮਰਿਆਂ ਦੀ ਉਸਾਰੀ ਲਈ ਗਰਾਂਟ ਸਾਰੇ ਸਕੂਲਾਂ ਵਿੱਚ ਸੁਚੱਜੇ ਢੰਗ ਨਾਲ ਵਰਤੀ ਗਈ ਹੈ। ਮਿਡ-ਡੇ-ਮੀਲ ਵੀ ਸਕੂਲ ਅਧਿਆਪਕ ਪੜ੍ਹਾਈ ਦੇ ਨਾਲ-ਨਾਲ (ਪੜ੍ਹਾਈ ਦਾ ਥੋੜਾ ਨੁਕਸਾਨ ਤਾ ਹੁੰਦਾ ਹੀ ਹੈ) ਬੜੇ ਸੁਚੱਜੇ ਢੰਗ ਨਾਲ ਨਿਭਾ ਰਹੇ ਹਨ। ਉਸ ਵਿੱਚ ਥੋੜਾ ਬੱਚਤ ਕਰਕੇ ਵੀ ਸਕੂਲ ਭਲਾਈ ਤੇ ਖਰਚ ਕਰਦੇ ਹਨ। (ਜਿਥੇ ਬੱਚੇ 100 ਤੋਂ ਵੱਧ ਹਨ।) ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦੀਆਂ ਗਰਾਂਟਾਂ ਵੀ ਸਕੂਲ ਪੱਧਰ ਤੇ ਕਾਫੀ ਹੱਦ ਤੱਕ ਸੁੱਚਜੇ ਢੰਗ ਨਾਲ ਖਰਚੀਆਂ ਗਈਆਂ ਹਨ।
ਇਸ ਸਾਰੇ ਕੁੱਝ ਦੇ ਬਾਵਜੂਦ ਬਦਲੀਆਂ ਵੇਲੇ ਅਤੇ ਅਧਿਆਪਕਾਂ ਦੇ ਨੌਕਰੀ ਸੰਬੰਧੀ ਕੰਮਾਂ ਕਾਰਾਂ ਲਈ ਉਨ੍ਹਾਂ ਨੂੰ ਅਕਸਰ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰੰਤੂ ਜਿਹੜੀ ਖਰੀਦ ਉਪਰਲੇ ਪੱਧਰ ਤੇ ਹੁੰਦੀ ਹੈ ਉਹ ਭਾਵੇਂ ਵਰਦੀਆਂ ਦੀ ਖਰੀਦ ਹੋਵੇ (ਜ਼ਿਲ੍ਹਾ ਗੁਰਦਾਸਪੁਰ ਸਿੰਦੋ ਸਾਹਣੀ ਕੇਸ) ਭਾਵੇਂ ਸਾਈਕਲਾਂ ਦੀ ਖਰੀਦ ਹੋਵੇ (ਹਰਿਆਣਾ ਵਿੱਚ ਇਹੀ ਸਾਈਕਲ ਗੁੱਣਵੱਤਾ ਪੱਖੋ ਵਧੀਆ ਤੇ ਖਰੀਦ ਦਰ ਪੰਜਾਬ ਦੀ ਖਰੀਦ ਦਰ ਦੇ 70% ਦੇ ਬਰਾਬਰ) ਭ੍ਰਿਸ਼ਟਾਚਾਰ ਦੀ ਬੋ ਆਉਂਦੀ ਰਹੀ ਹੈ। ਜਦੋਂ ਕਿ ਇੱਕਠੀ ਚੀਜ ਖਰੀਦਨ ਤੇ ਸਸਤੀ ਮਿਲਣੀ ਚਾਹੀਦੀ ਹੈ।
ਸਿੱਖਿਆ ਮੰਤਰੀ ਦੇ ਮੌਜੂਦਾ ਘਪਲਿਆਂ ਨੇ ਪੰਜਾਬ ਦੇ ਸਿੱਖਿਆ ਅਦਾਰੇ ਨੂੰ ਪੂਰੀ ਤਰ੍ਹਾਂ ਬਦਨਾਮ ਕਰ ਦਿੱਤਾ ਹੈ। ਪ੍ਰੈਕਟੀਕਲ ਕਾਪੀਆਂ ਖਾਸ ਪ੍ਰਕਾਸ਼ਕਾਂ ਕੋਲੋਂ ਹੀ ਬਜ਼ਾਰ ਮੁੱਲ ਤੋਂ ਲਗਭਗ ਦੁਗਨੇ ਮੁੱਲ ਤੇ ਖਰੀਦਨ ਦੇ ਹੁਕਮ ਲੱਗਪਗ 46 ਕਰੋੜ ਰੁਪਏ ਦੇ ਘਪਲਾ ਹੈ। ਪੰਜਾਬ ਦੇ 19550 ਸਕੂਲਾਂ ਦੇ 36 ਲੱਖ ਵਿਦਿਆਰਥੀ ਸਾਇੰਸ ਤੇ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਦੀਆਂ ਕਾਪੀਆਂ ਜੋ ਬਜ਼ਾਰ ਵਿੱਚ 15 ਤੋਂ 25 ਰੁਪੈ ਵਿੱਚ ਉਪਲਬਧ ਹਨ ਉਨ੍ਹਾਂ ਖਾਸ ਪਬਲਿਸ਼ਰਾਂ ਤੋਂ 35 ਤੋਂ 50 ਰੁਪੈ ਵਿੱਚ ਖਰੀਦਨ ਲਈ ਮਜ਼ਬੂਰ ਕੀਤੇ ਗਏ। ਉਨ੍ਹਾਂ ਵਿੱਚਲੀ ਸਮੱਗਰੀ ਵੀ ਊਨਤਾਈਆਂ ਭਰਭੂਰ ਸੀ। ਕਾਫੀ ਚਰਚਾ ਹੋਣ ਤੇ ਮੁੱਖ ਮੰਤਰੀ ਨੇ ਅਜਿਹੇ ਹੁਕਮਾਂ ਤੇ ਰੋਕ ਲਾਈ।ਇਸੇ ਤਰ੍ਹਾਂ ਹਿਸਾਬ ਦੀਆਂ ਪ੍ਰੈਕਟੀਕਲਾਂ ਕਾਪੀਆਂ ਅਤੇ ਭੁਗੋਲ ਦੇ ਮੈਪ ਮਾਸਟਰ ਵੀ ਇਸੇ ਸ਼੍ਰੈਣੀ ਵਿੱਚ ਆਉਂਦੇ ਹਨ।
ਇਸ ਤੋਂ ਬਾਦ ਮਸਲਾ ਸਾਇੰਸ ਕਿੱਦਾ ਦੀ ਖਰੀਦ ਦਾ ਆਉਂਦਾ ਹੈ। ਇਹ ਵੀ ਕੇਂਦਰੀ ਪੱਧਰ ਤੇ ਖਰੀਦ ਕਮੇਟੀ ਬਣਾਕੇ ਐਸ.ਐਸ.ਏ. ਰਮਸਾ ਦੇ ਨਿਯਮਾਂ ਦੀ ਉਲੰਘਣਾ ਕਰਕੇ ਅੰਬਾਲੇ ਦੀਅ ਖਾਸ ਫਰਮਾਂ ਤੋਂ 99203/- ਰੁਪਏ ਵਿੱਚ ਖਰੀਦ ਕੀਤੀਆਂ ਗਈਆਂ ਮੁਕਾਬਲਤਨ ਹੋਰ ਫਰਮਾਂ ਉਹੀ ਕਿੱਟ 33000 ਰੁਪੈ ਵਿੱਚ ਦੇਣ ਲਈ ਤਿਆਰ ਹਨ।
ਸਭ ਤੋਂ ਵੱਧ ਚਰਚਾ ਸਕੂਲ ਲਾਇਬ੍ਰਰੀਆਂ ਲਈ ਖਰੀਦੀਆਂ ਜਾਣ ਵਾਲੀਆਂ 55 ਪੁਸਤਕਾਂ ਦੇ ਸੈਟ ਦੀ ਹੋਈ ਹੈ। ਇਹ ਪੁਸਤਕਾਂ ਖਰੀਦਨ ਲਈ ਬਣਾਈ ਕਮੇਟੀ ਨਿਯਮਾਂ ਦੀ ਉਲੰਘਣਾ, ਕਮੇਟੀ ਵਲੋਂ ਟੈਂਡਰ ਘੱਟ ਪ੍ਰਚਲਿਤ ਅਖਬਾਰਾਂ ਵਿੱਚ ਦੇਕੇ, ਟੈਂਡਰ ਮੁੱਖ ਰੂਪ ਵਿੱਚ ਸਰਦੂਲਗੜ ਦੀ ਇੱਕ ਫਰਮ ਜੋ ਪਾਈਪਾਂ ਦਾ ਕੰਮ ਕਰਦੀ ਹੈ ਨੂੰ ਦੇਣਾ। ਕਿਤਾਬਾਂ ਦੀ ਚੋਣ ਬੇਹੱਦ ਘਟੀਆ/ਪੂਰਾ ਕੰਮ ਕਾਹਲ ਵਿੱਚ ਛੇਤੀ ਸਿਰੇ ਚਾੜ੍ਹਨ ਦੀ ਧੁੱਸ ਸਾਫ ਸਪੱਸ਼ਟ ਨਜ਼ਰ ਆਉਂਦਾ ਹੈ। ਸਕੂਲ ਕਮੇਟੀਆਂ ਨੂੰ ਚੈਕ ਸਬੰਧਤ ਕੰਪਨੀ ਦੇ ਨਾਮ ਕੱਟਨ ਦੇ ਆਦੇਸ਼, ਜਦੋਂ ਕਿ ਕਿਤਾਬਾਂ ਦੇ ਮੁੱਲ ਬਜ਼ਾਰ ਮੁੱਲ ਨਾਲੋਂ 40% ਤੋਂ 80% ਤੱਕ ਵੱਧ ਹਨ।
ਲੜੀ ਨੰ:
ਪੁਸਤਕ ਦਾ ਟਾਈਟਲ ਕੀਮਤ ਬਜ਼ਾਰੀ ਕੀਮਤ
1 ਹਿੱਤ ਉਪਦੇਸ਼ ਦੀਆਂ ਕਹਾਣੀਆਂ 270 160
2 ਨਾਨੀ ਮਾਂ ਦੀਆਂ ਬਾਤਾਂ 250 150
3 ਸੁੱਚੇ ਮੋਤੀ - -
4 ਹਾਸ ਪਟਾਰੀ - -
5 ਬਿਕਰਮ ਬੇਤਾਲ ਦੀਆਂ ਕਹਾਣੀਆਂ - -
6 ਬੱਚੇ ਦੀ ਸੰਭਾਲ ਤੇ ਸਿੱਖਿਆ - -
7 ਪੰਜਾਬੀ ਲੋਕ ਗੀਤ - -
8 ਗਿੱਧੇ, ਭੰਗੜੇ ਤੇ ਬੋਲੀਆਂ - -
9 ਕਾਲੇ ਲਿਖ ਨਾ ਲੇਖ - -
10 ਕੰਵਲ ਕਹਿੰਦਾ ਰਿਹਾ
11 ਲੌਂਗ ਤਵੀਤੀਆਂ
ਇੰਨਾਂ ਕਿਤਾਬਾਂ ਵਿੱਚ ਹੇਠ ਲਿਖੀਆਂ ਇਤਰਾਜਯੋਗ ਲਿਖਤਾ ਜੋ ਬੱਚਿਆਂ ਲਈ ਢੁੱਕਵੀਆਂ ਨਹੀਂ ਹਨ ਨੋਟ ਕੀਤੀਆਂ ਗਈਆਂ:
''ਰੰਨ-ਨਹਾਕੇ ਛੱਪੜ ਵਿੱਚੋਂ ਨਿੱਕਲੀ ਸੁਲਫੇ ਦੀ ਲਾਟ ਵਗਰੀ"
''ਤੇਰੇ ਲੱਕ ਨੂੰ ਜ਼ਰਬ ਨਾਂ ਆਵੇ ਨਿੱਕਾ ਘੜਾ ਚੱਕ ਲੱਛੀਏ"
''ਦਿਨੇ ਵੀ ਲੜਦਾ, ਰਾਤੀ ਵੀ ਲੜਦਾ, ਗਾਲਾਂ ਕੱਢਦਾ ਚਾਲੀ, ਕੈਦ ਕਰਾ ਦੂੰਗੀ ਮੈਂ ਡਿਪਟੀ ਦੀ ਸਾਲੀ"
ਰਾਜੀਵ ਨਾਲ ਅਸੀਂ ''ਰੇ" ਅਤੇ ''ਰੇ ਬੇਰੇ" ਨੂੰ ਵੀ ਮੁਆਫ ਨਹੀਂ ਕਰਾਂਗੇ"
''ਕੁੜੀਆਂ ਜ਼ਹਿਰ ਦੀਆਂ ਪੁੜੀਆਂ"
ਆਦਿ ਸਮੱਗਰੀ ਨੋਟ ਕੀਤੀ ਗਈ ਜੋ ਬੱਚਿਆਂ ਲਈ ਬਿਲਕੁਲ ਢੁਕਵੀਂ ਨਹੀਂ। ਬੱਚੇ ਇਸ ਉਮਰ ਵਿੱਚ ਪਰੀ ਕਹਾਣੀਆਂ ਜਾਂ ਕਲਪਨਾਸ਼ੀਲ ਵਿਗਿਆਨਿਕ ਕਹਾਣੀਆਂ ਪੜ੍ਹਨ ਲਈ ਪ੍ਰੇਰਿਤ ਕਰਨੇ ਚਾਹੀਦੇ ਹਨ।
ਇਸ ਸਾਰੇ ਕੁੱਝ ਨੂੰ ਸਿਰੇ ਚਾੜਨ ਲਈ ਸਿੱਖਿਆ ਮੰਤਰੀ ਨੇ ਇੱਕ ਮਿਣੀ ਯੋਜਨਾ ਤਹਿਤ ਆਪਣੀ ਨੂੰਹ ਜੋ ਪੰਚਾਇਤੀ ਰਾਜ ਵਿਭਾਗ ਵਿੱਚ ਬੀ.ਡੀ.ਪੀ.ੳ. (ਕਾਰਜ ਕਰਤਾ ਡੀ.ਡੀ.ਪੀ.ੳ.) ਕੰਮ ਕਰਦੀ ਸੀ ਨੂੰ ਸਰਵ ਸਿੱਖਿਆ ਅਭਿਆਨ ਵਿੱਚ ਡਿਪਟੀ ਡੀ.ਜੀ.ਐਸ.ਈ. ਨਿਯੁਕਤ ਕਰਵਾਇਆ ਅਤੇ ਉਸ ਨੂੰ ਵਿਤੀ ਤਾਕਤਾਂ ਵੀ ਦਿੱਤੀਆਂ (ਦੁਵਾਈਆਂ)।
ਡੀ.ਜੀ.ਐਸ.ਈ. ਦੀਆਂ ਤਾਕਤਾਂ ਦੀ ਉਲੰਘਣਾ ਕਰਕੇ ਵਿਸ਼ੇਸ਼ ਕਮੇਟੀ ਜਿਸ ਵਿੱਚ ਪ੍ਰਿਤਪਾਲ ਕੌਰ ਡੀ.ਪੀ.ਆਈ. (ਐਲੀਮੈਂਟਰੀ), ਵਿਨੋਦ ਕੁਮਾਰ ਡੀ.ਈ.ਓ. ਮੋਹਾਲੀ, ਗੁਰਤੇਜ਼ ਸਿੰਘ ਵਿੱਤ ਅਤੇ ਲੇਖਾ ਅਫਸਰ ਪੰ.ਸ.ਸਿ.ਬੋ. ਬਣਾਈ ਗਈ।
ਪ੍ਰਿਤਪਾਲ ਕੌਰ ਨੂੰ ਚਾਰ ਸੀਨੀਅਰ ਅਧਿਕਾਰੀ ਨਜ਼ਰ ਅੰਦਾਜ਼ ਕਰਕੇ ਡੀ.ਪੀ.ਆਈ. ਬਣਾਇਆ ਗਿਆ ਸੀ। ਵਿਨੋਦ ਕੁਮਾਰ 2010 ਬੈਚ ਦਾ ਪ੍ਰਿੰਸੀਪਲ ਹੈ ਜਿਸ ਵਿਰੋਧ ਸ.ਸ.ਸ.ਸ. ਬਾਗਪੁਰ ਸਤੌਰ (ਹੁਸ਼ਿਆਰਪੁਰ) ਵਿਖੇ ਜੁਲਾਈ 2010 ਨੂੰ ਗੰਭੀਰ ਵਿੱਤੀ ਬੇਨਿਯਮਾਂ ਵਾਰੇ ਚਾਰਜ਼ ਸ਼ੀਟ ਜਾਰੀ ਹੋਈ ਸੀ। ਇਸੇ ਵਿਨੋਦ ਕੁਮਾਰ ਨੂੰ ਸਿੱਖਿਆ ਮੰਤਰੀ ਨੇ ਬੋਰਡ ਦੀ 24 ਮੈਬਰੀ ਫੈਸਲਾ ਲੈਣੀ ਕਮੇਟੀ ਵਿੱਚ ਪੰਜਾਬ ਦੇ ਸਾਰੇ ਡੀ.ਈ.ਓ. ਅਤੇ ਸੀ.ਈ.ੳ. ਵਿੱਚੋਂ ਸ਼ਾਮਲ ਕੀਤਾ ਹੈ।
ਗੁਰਤੇਜ ਸਿੰਘ 1998 ਵਿੱਚ ਬੋਰਡ ਵਿੱਚ ਤਰਸ ਦੇ ਅਧਾਰ ਤੇ ਕਲਰਕ ਭਰਤੀ ਹੋਇਆ ਸੀ। ਜਿਸ ਦੀ ਇਸ ਪੱਧਰ ਤੱਕ ਤਰੱਕੀ ਕਰ ਦਿੱਤੀ ਗਈ ਹੈ। ਜਦਕਿ ਉਸ ਦੇ ਨਾਲ ਦੇ ਮੁਸਕਲ ਨਾਲ ਸੀ. ਸਹਾਇਕ ਹੀ ਬਣੇ ਹਨ।
ਇਸ ਸਾਰੇ ਕੁੱਝ ਲਈ ਕੁੱਝ ਹੇਠਲੇ ਕਰਮਚਾਰੀਆਂ ਤੇ ਗੁੱਸਾ ਕੱਢਦੇ ਹੋਏ ਉਨ੍ਹਾਂ ਨੂੰ ਬਦਲ ਦਿੱਤਾ ਗਿਆ ਹੈ। ਸਿੱਖਿਆ ਕਮੇਟੀ ਦੇ ਤਿੰਨੇ ਮੈੇਂਬਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ਤੇ ਪਰਦਾ ਪਾਉਣ ਲਈ ਅਮਰਨਾਥ ਜ਼ਿੰਦਲ (ਜੋ ਪਹਿਲਾ ਹੀ ਅਕਾਲੀ ਸਰਕਾਰ ਦੇ ਨੇੜੇ ਗਿਣਿਆ ਜਾਂਦਾ ਹੈ) ਨੂੰ ਪੜਤਾਲ ਸੌਂਪੀ ਗਈ ਹੈ।
ਕੇਂਦਰੀ ਟੀਮ ਵੀ ਬੇਨਿਯਮੀਆਂ ਦੀ ਜਾਂਚ ਕਰ ਚੁੱਕੀ ਹੈ। ਪਰੰਤੂ ਸਿੱਖਿਆ ਮੰਤਰੀ ਅਜੇ ਵੀ ਸਫਾਈਆਂ ਪੇਸ਼ ਕਰ ਰਹੇ ਹਨ। ਅਤੇ ਮੁੱਖ ਮੰਤਰੀ ਉਸ ਦਾ ਪੂਰੀ ਤਰ੍ਹਾ ਬਚਾਓ ਕਰ ਰਹੇ ਹਨ। ਇਹ ਸਿੱਖਿਆ ਖੇਤਰ ਲਈ ਬਹੁਤ ਮੰਦਭਾਗਾ ਹੈ।
(ਤਰਸੇਮ ਲਾਲ)
9463218707
Email: tarsemgoyal.54@gmail.com
ਪਿੰਡ ਢੁਡੀਕੇ 'ਚ ਡੇਰਾ ਸੱਚਾ ਸੌਦਾ ਅਤੇ ਸ਼ਰਾਰਤੀ ਤੱਤਾਂ ਵਿੱਚ ਤਨਾਅ ਦੀ ਹਕੀਕੀ ਕਹਾਣੀ- ਜਮਹੂਰੀ ਅਧਿਕਾਰ ਸਭਾ ਦੀ ਤੱਥ ਖੋਜ ਰਿਪੋਰਟ
ਪਿਛਲੇ 25-26 ਨਵੰਬਰ 2013 ਨੂੰ ਪਿੰਡ ਢੁਡੀਕੇ 'ਚ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਅਤੇ ਕੱਟੜ ਸਿੱਖਾਂ ਦਰਮਿਆਨ ਤਨਾਅ ਨੇ ਪੰਜਾਬ ਦੇ ਲੋਕਾਂ ਨੂੰ ਫਿਰ ਝੰਜੋੜ ਦਿੱਤਾ। ਪੰਜਾਬ ਦੇ ਜਮਹੂਰੀਅਤ ਪਸੰਦ ਲੋਕਾਂ ਦੇ ਮਨਾਂ ਵਿੱਚ ਤੌਖਲੇ ਉੱਠੇ ਰਹੇ ਹਨ ਕਿ 13 ਮਈ 2007 ਨੂੰ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰਾ ਸਲਾਬਤਪੁਰਾ ਵਿੱਚ ਜਾਮੇ-ਏ-ਇਨਸਾਂ ਪਿਲਾਉਣ ਵੇਲੇ ਇੱਕ ਤਨਾਅ ਭਰੇ ਮਹੌਲ ਤੋਂ ਪਿਛੋਂ ਲਗਾਤਾਰ ਹੋ ਰਹੇ ਟਕਰਾ, ਅਮ੍ਰਿਤਸਰ ਵਿਖੇ 1979 ਵਿੱਚ ਵਿਸਾਖੀ ਵੇਲੇ ਸਿੱਖਾਂ ਅਤੇ ਨਿਰੰਕਾਰੀਆਂ ਵਿੱਚ ਹੋਏ ਖੂਨੀ ਟਕਰਾ ਤੋਂ ਬਾਅਦ ਪੰਜਾਬ ਵੱਲੋਂ ਅੱਸੀਵਿਆਂ ਦੇ ਹੰਢਾਏ ਸੰਤਾਪ ਵਿੱਚ ਤਬਦੀਲ ਨਾ ਹੋ ਜਾਵੇ।ਇਸ ਕਰਕੇ ਲਗਾਤਾਰ ਵਾਪਰ ਰਹੀਆਂ ਇਹਨਾਂ ਟਕਰਾ ਦੀ ਘਟਨਾਵਾਂ ਤੋਂ ਚਿੰਤਤ ਹੋਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਇਸ ਵਿੱਚ ਸਾਰਥਕ ਦਖਲ ਦੇਣ ਹਿੱਤ ਢੁਡੀਕੇ ਦੀ ਘਟਨਾ ਦੀ ਜਾਂਚ ਕਰਕੇ ਤੱਥ ਲੋਕਾਂ ਸਾਹਮਣੇ ਲਿਆਉਣ ਦਾ ਫੈਸਲਾ ਲਿਆ।ਸੂਬਾ ਕਮੇਟੀ ਵੱਲੋਂ ਪ੍ਰੋ. ਏ. ਕੇ. ਮਲੇਰੀ ਦੀ ਅਗਵਾਈ ਹੇਠ ਇੱਕ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਜਿਸ ਦੇ ਮੈਂਬਰ ਨਰਭਿੰਦਰ ਸੂਬਾ ਜਥੇਬੰਦਕ ਸਕੱਤਰ ਅਤੇ ਪ੍ਰਿਤਪਾਲ ਸਿੰਘ ਸੂਬਾ ਕਮੇਟੀ ਮੈਂਬਰ ਸਨ।ਇਸ ਜਾਂਚ ਕਮੇਟੀ ਨੇ ਮੋਗਾ ਇਕਾਈ ਦੇ ਸਥਾਨਕ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ।ਇਸ ਕਮੇਟੀ ਨੇ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਦੇ ਸਰਪੰਚ ਜਸਦੀਪ ਸਿੰਘ ਗੈਰੀ, ਹੋਰ ਉਘੀਆਂ ਸ਼ਖਸ਼ੀਅਤਾਂ ਜਸਵੰਤ ਕੰਵਲ, ਕ੍ਰਿਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਢੁਡੀਕੇ ਆਦਿ ਤੋਂ ਇਲਾਵਾ ਸਰਕਲ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ (ਪਟਨੇਵਾਲੇ), ਪ੍ਰੇਮੀ ਪ੍ਰੀਵਾਰ, ਪੁਲਸ ਅਧਿਕਾਰੀਆਂ ਅਤੇ ਪਿੰਡ ਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ।ਕੁੱਝ ਪਿੰਡ ਬਾਰੇ:- ਮੋਗੇ ਜ਼ਿਲ੍ਹੇ ਦਾ ਪਿੰਡ ਢੁਡੀਕੇ ਪੰਜਾਬ ਦਾ ਇੱਕ ਮਸ਼ਹੂਰ ਪਿੰਡ ਹੈ।ਇਸ ਪਿੰਡ ਦੀ ਕੁੱਲ ਆਬਾਦੀ 10,000 ਹੈ।4000 ਕੁ ਹਜ਼ਾਰ ਵੋਟਾਂ ਨਾਲ ਚੁਣੀ ਜਾਂਦੀ ਇਸ ਪੰਚਾਇਤ ਦੀ ਪਹਿਚਾਣ ਇਸ ਪੱਖੌਂ ਹੈ ਕਿ ਇਥੇ ਪੰਚਾਇਤੀ ਚੋਣਾ ਪਿਛੋਂ ਪਿੰਡ ਦੇ ਵਿਕਾਸ ਲਈ ਸਾਰੇ ਹੀ ਗਰੁੱਪ/ਧੜੇ ਇਕੱਠੇ ਹੁੰਦੇ ਹਨ।ਕੋਈ ਵੈਰ ਵਿਰੋਧ ਨਾ ਰੱਖਦੇ ਹੋਏ ਵਿਚਾਰਾਂ ਦੀ ਭਿੰਨਤਾਵਾਂ ਹੋਣ ਦੇ ਬਾਵਜੂਦ ਪਿੰਡ ਦੀ ਭਾਈਚਾਰਕ ਸਾਂਝ ਮਜ਼ਬੂਤ ਰਹੀ ਹੈ। ਇਸ ਦਾ ਕਾਰਨ ਸ਼ਾਇਦ ਆਜ਼ਾਦੀ ਦੀ ਲੜਾਈ ਵਿੱਚ ਇਸ ਪਿੰਡ ਦਾ ਬਹੁਤ ਅਹਿਮ ਯੋਗਦਾਨ ਹੋਣਾ ਵੀ ਹੈ। 1913-16 'ਚ ਚੱਲੀ ਗਦਰ ਲਹਿਰ ਸਮੇਂ ਇਹ ਪਿੰਡ ਮਾਲਵੇ ਦਾ ਕੇਂਦਰ ਰਿਹਾ ਹੈ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਇਥੇ ਕਈ ਵਾਰ ਮੀਟਿੰਗਾਂ ਕਰਵਾਉਣ ਆਉਂਦੇ ਰਹੇ। ਇਥੋਂ ਦੇ ਬਾਬਾ ਈਸ਼ਰ ਸਿੰਘ ਅਤੇ ਬਾਬਾ ਰੂੜ ਸਿੰਘ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਬਾਬਾ ਜਥੇਦਾਰ ਪਾਲਾ ਸਿੰਘ ਛੋਟਾ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ। ਬਾਬਾ ਪਾਖਰ ਸਿੰਘ, ਬਾਬਾ ਸ਼ਾਮ ਸਿੰਘ, ਹਰਨਾਮ ਸਿੰਘ, ਬਾਬਾ ਮਹਿੰਦਰ ਸਿੰਘ, ਬਾਬਾ ਅਤਰ ਸਿੰਘ, ਮਾਸਟਰ ਫੇਰਾ ਸਿੰਘ ਅਤੇ ਨੰਬਰਦਾਰ ਕਾਲਾ ਸਿੰਘ ਇਸ ਪਿੰਡ ਦੇ ਉਘੇ ਗਦਰੀ ਰਹੇ ਹਨ। ਦੇਸ਼ ਦੀ ਆਜ਼ਾਦੀ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਲਾਲਾ ਲਾਜਪੱਤ ਰਾਏ ਦੀ ਜਨਮ ਭੂਮੀ(ਨਾਨਕਾ ਪਿੰਡ) ਵੀ ਹੈ।ਇਸ ਪਿੰਡ ਵਿੱਚ ਤਿੰਨ ਕਾਲਜ ਹਨ।ਪਿਛਲੇ ਕਈ ਦਹਾਕਿਆਂ ਤੋਂ ਇਹ ਪਿੰਡ ਖੱਬੇ ਪੱਖੀ ਲਹਿਰਾਂ ਦਾ ਵੀ ਕੇਂਦਰ ਰਿਹਾ ਹੈ।ਇਸ ਕਾਰਨ ਲੋਕਾਂ ਵਿੱਚ ਭਾਈਚਾਰਕ ਸਾਂਝ ਦਾ ਮਜ਼ਬੂਤ ਆਧਾਰ ਹੈ। ਹਰ ਵਰ੍ਹੇ ਇੱਥੇ ਗਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ ਵੀ ਕਰਵਾਇਆ ਜਾਂਦਾ ਹੈ ਅਤੇ ਅਗਾਂਹਵਧੂ ਸੱਭਿਆਂਚਾਰਕ ਪ੍ਰੋਗਰਾਮ ਵੀ ਹੁੰਦੇ ਰਹਿੰਦੇ ਹਨ।ਇਹੀ ਕਾਰਨ ਹੈ ਕਿ ਪੰਚਾਇਤ ਦੀ ਚੋਣ ਮੌਕੇ ਰਵਾਇਤੀ ਕਾਂਗਰਸੀ/ਅਕਾਲੀ ਦਲ ਦੇ ਬੈਨਰਾਂ ਨਾਲੋਂ ਇੱਕ ਸਾਂਝੇ ਅਤੇ ਨਿਰਪੱਖ ਆਗੂ ਦੀ ਚੋਣ ਨੂੰ ਪਹਿਲ ਮਿਲਦੀ ਹੈ। ਮੌਜੂਦਾ ਸਰਪੰਚ ਵੀ ਸਿਆਸੀ ਪਾਰਟੀਆਂ ਤੋਂ ਨਿਰਲੇਪ ਹੈ।25 ਨਵੰਬਰ ਦੀ ਘਟਨਾ:- ਲੋਕਾਂ ਅਨੁਸਾਰ ਪਿੰਡ 'ਚ 28 ਨਵੰਬਰ ਗਦਰੀ ਬਾਬਿਆਂ ਦੀ ਯਾਦ 'ਚ ਪ੍ਰੋਗਰਾਮ ਕਰਵਾਉਣ ਦੀਆਂ ਤਿਆਰੀਆਂ ਚਲ ਰਹੀਆਂ ਸਨ। ਅਤੇ ਸਬੰਧਤ ਕਮੇਟੀ ਫੰਡ ਇਕੱਠਾ ਕਰ ਰਹੀ ਸੀ ਕਿ ਸ਼ਾਮ ਨੂੰ ਪਿੰਡ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਪਿੰਡ ਦੀ ਦਾਣਾ ਮੰਡੀ ਵਿੱਚ ਡੇਰਾ ਸੱਚਾ ਸੌਦਾ ਸਰਸਾ ਵਾਲੇ ਕੋਈ ਸਮਾਗਮ ਕਰ ਰਹੇ ਹਨ।ਪਿੰਡ ਚੋਂ ਇੱਕ ਦੋ ਵਿਅਕਤੀਆਂ ਨੇ ਚੁੱਪ ਚਪੀਤੇ ਅੰਦਰ ਖਾਤੇ ਇਸ ਸਮਾਗਮ ਦੇ ਵਿਰੋਧ 'ਚ ਇੱਕ ਇਕੱਠ ਕੀਤਾ, ਅਤੇ ਇਕੱਠ ਨੂੰ ਉਤੇਚਤ ਕਰ ਦਿੱਤਾ।ਇਸ ਸਬੰਧੀ ਪਿੰਡ ਦੇ ਇੱਕ ਗੁਰਦੁਵਾਰੇ ਵਿੱਚ ਅਨਾਉਂਸਮੈਂਟ ਵੀ ਕਰਵਾ ਦਿੱਤੀ ਕਿ ਡੇਰੇ ਵਾਲੇ ਸਮਾਗਮ ਕਰ ਰਹੇ ਹਨ ਅਤੇ ਸਾਧ ਸੰਗਤ ਇੱਕ ਗੁਰਦੁਆਰੇ ਵਿੱਚ ਇਕੱਠੀ ਹੋਵੇ। ਸੋ ਸ਼ਾਮੀ 7 ਵਜ਼ੇ ਇਸ ਹੋਕੇ ਉਪਰ ਇਕੱਠੇ ਹੋਣ ਵਾਲੇ ਜਿਆਦਾ ਤਰ ਮੁੰਡੇ ਹੀ ਸਨ।ਇਨ੍ਹਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਅਤੇ ਸਰਕਲ ਯੂਥ ਅਕਾਲੀ ਮੁੱਖੀ ਗੁਰਪ੍ਰੀਤ ਸਿੰਘ (ਪਟਨੇਵਾਲੇ) ਵੀ ਸਨ।ਇਸ ਮੌਕੇ ਹੀ ਨੌਜਵਾਨ ਸਰਪੰਚ ਜਸਦੀਪ ਸਿੰਘ ਗੈਰੀ ਨੂੰ ਗੁਰਦਵਾਰੇ ਵਿੱਚ ਹੋਏ ਇਸ ਇਕੱਠ ਵਿੱਚ ਆਉਣ ਲਈ ਫੋਨ ਆਇਆ। ਜਦੋਂ ਸਰਪੰਚ ਇਸ ਇਕੱਠ ਵਿੱਚ ਪਹੁੰਚਿਆਂ ਤਾਂ ਇਹ ਇਕੱਠ ਡੇਰੇ ਵਾਲਿਆਂ ਦੇ ਸਮਾਗਮ ਨੂੰ ਰੋਕਣ ਲਈ ਬਜ਼ਿਦ ਸੀ।ਸਰਪੰਚ ਨੇ ਕਿਹਾ ਕਿ ਪ੍ਰੇਮੀਆਂ ਨਾਲ ਗੱਲ ਕਰ ਲੈਂਦੇ ਹਾਂ।ਸਰਪੰਚ ਨੇ ਫੋਨ ਮਿਲਾ ਲਿਆ ਅਤੇ ਗੱਲ ਵੀ ਕੀਤੀ ਕਿ ਸਮਾਗਮ ਘਰੇ ਕਰ ਲਉ ਕਿਤੇ ਤਨਾਅ ਨਾ ਬਣ ਜਾਵੇ।ਅੱਗੋਂ ਵੀ ਜਵਾਬ ਸੀ ਕਿ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਇਸ ਪ੍ਰੋਗਰਾਮ ਨੂੰ ਕੈਂਸਲ ਕਰ ਦਿੱੰਦੇ ਹਾਂ, ਪਰ ਇਸੇ ਫੋਨ ਵਿੱਚ ਸਰਪੰਚ ਨੇ ਸਾਹਮਣੇ ਵਾਲਾ ਉਥੇ ਸਮਾਗਮਕਾਰਾਂ ਨੂੰ ਇਹ ਕਹਿੰਦਾ ਸੁਣਿਆ ਕਿ ਟੈਂਟ ਲਾਉ ਸਰਪੰਚ ਨੇ ਜੁੰਮੇਵਾਰੀ ਲੈ ਲਈ ਹੈ।ਸਰਪੰਚ ਦਾ ਸੁਝਾ ਸੀ ਕਿ ਅਸੀ ਚਾਰ ਜਣੇ ਜਾ ਕੇ ਗੱਲ ਕਰਾਂਗੇ। ਪਰ ਹਜ਼ੂਮ ਨੇ ਇਸ ਦੀ ਪ੍ਰਵਾਹ ਨਾ ਕਰਦਿਆਂ ਸਰਪੰਚ ਅਤੇ ਹੋਰ ਮੋਹਤਬਰਾਂ ਤੋਂ ਪਹਿਲਾਂ ਹੀ ਮੰਡੀ ਵੱਲ ਕੂਚ ਕਰ ਦਿੱਤਾ ਅਤੇ ਟੈਂਟ ਲਾ ਰਹੇ ਡੇਰਾ ਪ੍ਰੇਮੀਆਂ ਦੇ ਮੋਟਰਸਾਈਕਲਾਂ ਅਤੇ ਟੈਂਟ ਨੂੰ ਅੱਗ ਲਾ ਦਿੱਤੀ।ਸਾੜਨ ਵਾਲਿਆਂ ਨੇ ਉੱਥੇ ਭੰਗੜਾ ਵੀ ਪਾਇਆ। ਡੇਰਾ ਪ੍ਰੇਮੀ ਇਸ ਹੋ ਹੱਲੇ ਨੁੰ ਟਾਲਦੇ ਹੋਏ ਸਹਿਜੇ ਹੀ ਇੱਧਰ ਉਧਰ ਹੋ ਗਏ। ਸਰਪੰਚ ਗੈਰੀ ਨੇ ਕਿਹਾ ਕਿ ਸਾਡੀ ਗਲਬਾਤ ਦੀ ਤਜ਼ਵੀਜ਼ ਤਾਂ ਭੀੜ ਦੀ ਇਸ ਕਾਰਵਾਈ ਕਾਰਨ ਹੀ ਫੇਲ ਗਈ।ਇਸ ਘਟਨਾ ਸਬੰਧੀ ਗਤੀਵਿਧੀਆਂ ਕੋਈ ਪੰਜ ਕੁ ਵਜ਼ੇ ਹੀ ਸੁਰੂ ਹੋ ਗਈਆਂ ਸਨ ਅਤੇ ਗੁਰਦਵਾਰੇ ਵਿੱਚ ਇੱਕ ਪੁਲਸ ਅਧਿਕਾਰੀ 2-3 ਪੁਲਸ ਮਲਾਜਮਾ ਸਮੇਤ ਦੇਖਿਆ ਗਿਆ ਸੀ।ਡੇਰਾ ਪਰੇਮੀਆਂ ਵੱਲੋਂ ਆਪਣੀਆਂ ਉਪਰਲੀਆਂ ਕਮੇਟੀਆਂ ਨੂੰ ਫੋਨ ਰਾਹੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਅਤੇ ਰਾਤ ਨੂੰ ਕੋਈ 200-200 ਡੇਰਾ ਪ੍ਰੇਮੀ ਵੱਖ ਵੱਖ ਪਿੰਡਾਂ ਚੋਂ ਢੁਡੀਕੇ ਪਹੁੰਚ ਗਏ ਸਨ।ਅਤੇ ਉਹ ਪੁਲਸ ਅਧਿਕਾਰੀਆਂ ਨੂੰ ਵੀ ਮਿਲੇ। ਰਾਤ ਨੂੰ ਇੱਕ ਵਜੇ ਪੁਲਸ ਹਰਕਤ ਵਿੱਚ ਆਈ ਅਤੇ ਪਹਿਲਾਂ ਸਰਪੰਚ ਗੈਰੀ ਨੂੰ ਉਠਾਇਆ ਕਿ ਤੁਹਾਨੂੰ ਐਸ.ਐਸ.ਪੀ. ਨੇ ਬੁਲਾਇਆ ਹੈ ਅਤੇ ਗੱਡੀ ਵਿੱਚ ਬਿਠਾ ਲਿਆ। ਇਵੇਂ ਹੀ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਅਤੇ ਗੁਰਪ੍ਰੀਤ ਸਿੰਘ (ਪਟਨੇਵਾਲੇ) ਨੂੰ ਵੀ ਬਿਠਾ ਲਿਆਂ। ਥਾਣੇ ਜਾਂਦਿਆ ਹੀ ਪੁਲਸ ਅਧਿਕਾਰੀ ਨੇ ਕਿਹਾ ਕਿ ਸਰਪੰਚਾ ਕੀ ਕਰਵਾ ਦਿੱਤਾ? ਸਰਪੰਚ ਨੇ ਘਟਨਾ ਦਾ ਵਿਸਥਾਰ ਦੱਸਿਆ ਅਤੇ ਥਾਣੇਦਾਰ ਨਾਲ ਠੀਕ ਪ੍ਰਬੰਧ ਨਾ ਹੋਣ ਕਾਰਨ ਤਲਖੀ ਵੀ ਕੀਤੀ । ਫਿਰ ਐਸ.ਐਸ.ਪੀ. ਸਾਨੂੰ ਇਹ ਕਹਿ ਕਿ ਚਲਾ ਗਿਆ ਕਿ ਉਹ ਹੁਣੇ ਆਉਂਦਾ ਹੈ ਚਲਾ ਗਿਆ। ਜਦੋਂ ਪੁਲੀਸ ਨੇ ਇਹ ਦੱਸਿਆ ਕਿ ਤੁਹਾਡੀ ਗ੍ਰਿਫਤਾਰੀ ਹੋ ਗਈ ਹੈ ਕੇਸ ਦਰਜ਼ ਕਰ ਰਹੇ ਹਾਂ ਤਾਂ ਮੈਂ ਪਿੰਡ ਸੂਚਿਤ ਕੀਤਾ।26 ਨਵੰਬਰ ਦੀਆਂ ਘਟਨਾਵਾਂ:-26 ਨਵੰਬਰ ਨੁੰ ਸਵੇਰੇ ਪੰਜ ਵਜ਼ੇ ਸੂਚਨਾ ਮਿਲਦਿਆਂ ਹੀ ਕਿ ਸਰਪੰਚ ਗੈਰੀ ਉਪਰ ਕੇਸ ਦਰਜ਼ ਕੀਤਾ ਜਾ ਰਿਹਾ ਹੈ ਤਾਂ 60-70 ਲੋਕ ਥਾਣੇ ਅੱਗੇ ਧਰਨਾ ਦੇਣ ਲਈ ਪਹੁੰਚ ਗਏ।ਕਾਫੀ ਬਹਿਸ ਪਿਛੋਂ ਜਦੋਂ ਪਿੰਡ 'ਚ ਦੁਬਾਰਾ ਤਨਾਅ ਵਾਲੇ ਹਾਲਾਤ ਬਣ ਗਏ ਸਨ ਤਾਂ ਇੰਨਾਂ ਨੂੰ ਪੁਲਸ ਗੱਡੀਆਂ ਵਿੱਚ ਬਿਠਾ ਕੇ ਪਿੰਡ ਲੈ ਆਈ।ਰਾਤ ਨੂੰ ਐਫ.ਆਈ.ਆਰ ਨੂੰਬਰ 97 ਲਿਖੀ ਗਈ ਜੋ ਡੇਰਾ ਪ੍ਰੇਮੀਆਂ ਦੇ ਅਹੁਦੇ ਦਾਰਾਂ ਵੱਲੋਂ ਲਿਖਵਾਈ ਗਈ। 25 ਨਵੰਬਰ ਦੀਆਂ ਭੜਕਾਉ ਕਾਰਵਾਈਆਂ ਪਿਛੋਂ ਪ੍ਰੇਮੀ ਵੀ ਉਤੇਜਤ ਹੋ ਗਏ। ਉਹਨਾ ਵੀ ਪੁਲਸ ਉਪਰ ਦਬਾਅ ਬਣਾ ਲਿਆ ਕਿ ਉਹ ਪ੍ਰੋਗਰਾਮ ਹਰ ਹਾਲਤ ਕਰਨਗੇ। ਉਹਨਾਂ ਦੇ ਇਲਾਕਾ ਅਤੇ ਪੰਜਾਬ ਦੇ ਆਗੂ ਵੀ ਉੱਥੇ ਪਹੁੰਚ ਗਏ ਸਨ। ਉਨ੍ਹਾਂ ਦੁਬਾਰਾ ਟੈਂਟ ਲਾ ਕੇ ਆਪਣਾ ਸਮਾਗਮ ਸ਼ੁਰੂ ਕਰ ਦਿੱਤਾ। ਪ੍ਰੇਮੀਆਂ ਦੀ ਗਿਣਤੀ ਕੋਈ 150-175 ਸਮਾਗਮ ਸੁਣਨ ਲਈ ਬੈਠੀ ਸੀ।26 ਨਵੰਬਰ ਨੂੰ ਜ਼ਿਲ੍ਹੇ ਭਰ ਦੀ ਪੁਲਸ ਢੁਡੀਕੇ ਪਹੁੰਚ ਗਈ। ਇਧਰ ਪਿੰਡ ਵਾਲਿਆਂ ਵੱਲੋਂ ਪਿੰਡ ਦੇ ਸਰਪੰਚ ਅਤੇ ਹੋਰਾਂ ਦੀ ਗ੍ਰਿਫਤਾਰੀ ਨੂੰ ਲੈਕੇ ਅਜਿਤਵਾਲ ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਲਗਭਗ 400-500 ਗਿਣਤੀ ਦੀ ਭੀੜ ਪਿੰਡ ਦੇ ਬਾਹਰਲੇ ਗੇਟ ਕੋਲ ਇਕੱਠੀ ਹੋ ਗਈ ਸੀ। ਅਤੇ ਉਹ ਪੁਲਸ ਅਤੇ ਪ੍ਰੇਮੀਆਂ ਖਿਲਾਫ ਨਾਹਰੇ ਲਾਉਣ ਲੱਗੀ। ਪੁਲਸ-ਅਕਾਲੀ ਆਗੂਆਂ ਜਿਨ੍ਹਾਂ ਵਿੱਚ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਜਗਰਾਜ ਸਿੰਘ ਦੋਧਰ ਵੀ ਸ਼ਾਮਲ ਸੀ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਗਲਬਾਤ ਕਰਕੇ ਹੱਲ ਕੱਢਣ ਦੀ ਤਜ਼ਬੀਜ਼ ਲੈ ਆਈ।ਇਸ ਸਬੰਧੀ ਇੱਕ ਦਸ ਮੈਂਬਰੀ ਕਮੇਟੀ ਬਣਾਈ ਜਾ ਰਹੀ ਸੀ ਕਿ ਇਸੇ ਸਮੇਂ ਡੇਰਾ ਪ੍ਰੇਮੀਆਂ ਨੇ ਸਪੀਕਰ ਲਾਕੇ ਨਾਮ ਚਰਚਾ ਸ਼ੁਰੂ ਕਰ ਦਿੱਤੀ। ਮਹੌਲ ਉਤੇਜਿਤ ਹੋ ਗਿਆ ਅਤੇ ਭੀੜ ਭੜਕ ਕੇ ਰੋੜੇ ਚਲਾਉਣ ਲੱਗੀ। ਕਿਉਂਕਿ ਪੁਲਸ ਵੱਡੀ ਗਿਣਤੀ ਵਿੱਚ ਸੀ, ਉਹ ਕੰਧ ਬਣਕੇ ਖੜ੍ਹ ਗਈ। ਪੁਲਸ ਅਤੇ ਭੀੜ ਵਿੱਚ ਚਲੀ ਕਸ਼ਮਕਸ਼ ਵਿੱਚ ਪੁਲੀਸ ਨੇ ਅਥਰੂ ਗੈਸ ਛੱਡੀ ਅਤੇ ਹਵਾਈ ਫਾਇਰ ਕੀਤੇ, ਭੀੜ ਖਿੰਡ ਗਈ। ਦਸ ਮੈਂਬਰੀ ਕਮੇਟੀ ਜਿਸ ਵਿੱਚ ਥਾਣੇ ਤੋਂ ਲਿਆਂਦਾ ਸਰਪੰਚ ਅਤੇ ਹੋਰ ਸਾਂਝੇ ਆਦਮੀ ਸਨ ਕੋਈ ਕਾਰਵਾਈ ਨਹੀਂ ਕਰ ਸਕੀ। ਪੁਲਸ ਨੇ ਭੀੜ ਨੂੰ ਪਿੰਡ ਵਿੱਚ ਵਾੜ ਦਿੱਤਾ।ਪਿੰਡ ਵਿੱਚ ਦਫਾ 144 ਲਗਾ ਦਿੱਤੀ। ਤਕਰੀਬਨ 11-11.30 ਵਜ਼ੇ ਪ੍ਰੇਮੀਆਂ ਨੂੰ ਪੁਲਸ ਆਪਣੀ ਹਿਫਾਜ਼ਤ ਵਿੱਚ ਮੋਗੇ ਨਾਮ ਚਰਚਾ ਘਰ ਛੱਡ ਆਈ। ਪੁਲਸ ਵੱਲੋਂ ਪਿੰਡ 'ਚ ਫਲੈਗ ਮਾਰਚ ਕੀਤਾ ਗਿਆ ਅਤੇ ਕਰਫਿਊ ਲਾ ਦਿੱਤਾ ਗਿਆ। ਇਹ ਸਥਿਤੀ ਕਈ ਦਿਨ ਬਣੀ ਰਹੀ। ਮਿਤੀ 26 ਨਵੰਬਰ ਨੂੰ ਇੱਕ ਹੋਰ ਮਕੱਦਮਾ ਨੰਬਰ 98 ਦਰਜ਼ ਕੀਤਾ ਗਿਆ। ਜਿਸ ਵਿੱਚ ਹਜ਼ੂਮ ਵੱਲੋਂ ਪੁਲਸ ਉਪਰ ਹਮਲਾ ਕਰਨ ਦਾ ਦੋਸ਼ ਹੈ। ਡੀ.ਐਸ.ਪੀ. ਨੇ ਸਭਾ ਦੇ ਵਫਦ ਨੂੰ ਦੋਵੇਂ ਐਫ.ਆਈ.ਆਰਾਂ ਦਿਖਾਉਣ ਤੋਂ ਟਾਲਾ ਵੱਟਿਆ ਅਤੇ ਜੁਬਾਨੀ ਕਲਾਮੀ ਦੱਸਿਆ ਕਿ ਭੀੜ ਵੱਲੋਂ ਇੱਕ ਪੁਲਸ ਅਧਿਕਾਰੀ ਦਾ ਮੋਟਰ ਸਾਈਕਲ 26 ਨਵੰਬਰ ਨੂੰ ਸਾੜਿਆ ਗਿਆ ਹੈ।ਪਰ ਪਿੰਡ ਦੇ ਲੋਕਾਂ ਅਤੇ ਮੌਕੇ ਤੇ ਹਾਜ਼ਰ ਡੇਰਾ ਪ੍ਰੇਮੀਆਂ 26 ਨਵੰਬਰ ਨੂੰ ਕਿਸੇ ਕਿਸਮ ਦੀ ਸ਼ਾੜ ਫੂਕ ਦੀ ਘਟਨਾ ਦੀ ਜਾਣਕਾਰੀ ਸਭਾ ਦੀ ਟੀਮ ਨੂੰ ਨਹੀਂ ਦਿੱਤੀ। 27ਨਵੰਬਰ ਨੂੰ ਕਰਫਿਊ ਸ਼ਖਤੀ ਨਾਲ ਲਾਗੂ ਰਿਹਾ। 28ਨਵੰਬਰ ਨੂੰ ਗਦਰ ਪਾਰਟੀ ਦਾ ਸਮਾਗਮ ਹੋਇਆ ਜਿਸ ਵਿੱਚ ਭਾਈਚਾਰਕ ਏਕਤਾ ਬਣਾਉਣ ਦੀ ਅਪੀਲ ਕੀਤੀ। ਮਿਤੀ 29 ਨਵੰਬਰ ਨੂੰ ਪਿੰਡ ਦੇ ਇੱਕ ਗੁਰੂਦਵਾਰੇ ਵਿੱਚ ਸੰਤ ਦਾਦੂਵਾਲ ਆਇਆ, ਜਿਸ ਨੇ ਪਹਿਲਾਂ ਇੱਕ ਅਖਬਾਰੀ ਬਿਆਨ ਜਾਰੀ ਕੀਤਾ ਸੀ, ਨੇ ਕਿਹਾ ਕਿ ਅਕਾਲ ਤਖਤ ਵੱਲੋਂ ਜਾਰੀ ਹੁਕਮਨਾਮੇ ਨੂੰ ਲਾਗੂ ਕਰ ਰਹੀਆ ਸਿੱਖ ਸੰਗਤਾਂ ਉਪਰ ਤਸ਼ਦੱਦ ਕਰਨਾ, ਕੇਸ ਬਣਾਉਣੇ ਅਤੇ ਡੇਰਾ ਸੱਚਾ ਸੌਦਾ ਨੂੰ ਨਾਮ ਚਰਚਾ ਕਰਨ ਦੀ ਖੁੱਲ਼ ਦੇਣਾ ਭੜਕਾਊ ਕਾਰਵਾਈ ਹੈ। ਇਸ ਤੋਂ ਨਿਕਲਣ ਵਾਲੇ ਸਿਟਿਆਂ ਦੀ ਸਰਕਾਰ ਖੁਦ ਜੁੰਮੇਵਾਰ ਹੋਵੇਗੀ।ਪਰ ਸੰਤ ਦਾਦੂਵਾਲ ਨੇ ਭਾਵੇਂ ੜਬਕਾਊ ਸ਼ਬਦਾਵਲੀ ਦੀ ਵਰਤੋਂ ਕੀਤੀ ਪਰ ਪਿੰਡ ਵਾਸ਼ੀਆਂ ਨੇ ਸੰਜਮ ਤੋਂ ਕੰਮ ਲਿਆ ਅਤੇ ਦਾਦੂ ਵਾਲ ਦੇ ਵਿਚਾਰਾਂ ਨੂੰ ਨਕਾਰਿਆ।ਇਸ ਦੌਰਾਨ ਪਿੰਡ ਦੀਆ ਕੁੱਝ ਸ਼ਖਸ਼ੀਅਤਾਂ ਨਾਵਲਕਾਰਾ ਜਸਵੰਤ ਕੰਵਲ ਅਤੇ ਕਿਸਾਨ ਆਗੂ ਨਿਰਭੈ ਸਿੰਘ ਢੁਡੀਕੇ ਲਗਾਤਾਰ ਪੁਲਸ ਅਧਿਕਾਰੀਆਂ ਨੂੰ ਮਿਲਦੇ ਰਹੇ ਤਾਂ ਕਿ ਪੁਲਸ ਪਿੰਡ ਵਿੱਚ ਕੋਈ ਭੜਕਾਊ ਕਾਰਵਾਈ ਨਾ ਕਰੇ।3 ਦਸੰਬਰ ਨੂੰ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰ ਆਦਮੀਆਂ ਸਮੇਤ ਲੋਕਾਂ ਦੀ ਬੈਠਕ ਹੋਈ ਜਿਸ ਵਿੱਚ ਸਰਬਸੰਤੀ ਨਾਲ ਫੈਸਲਾ ਕੀਤਾ ਗਿਆ ਕਿ- ਪਿੰਡ ਵਿੱਚ ਸ਼ਾਂਤੀ ਅਤੇ ਭਾੲਚਾਰਾ ਬਣਿਆ ਰਹਿਣਾ ਚਾਹੀਦਾ ਹੈ, ਪਿੰਡ ਦੇ ਕਿਸੇ ਫਿਰਕੇ ਨੂੰ ਭਾਵੇਂ ਉਹ ਕਿਸੇ ਵੀ ਵਿਚਾਰਾਂ ਅਤੇ ਜਾਤ ਨਾਲ ਸਬੰਧ ਰਖਦਾ ਹੋਵੇ ਨਾਲ ਭਾਈਚਾਰਕ ਸਬੰਧਾਂ ਨੂੰ ਆਂਚ ਨਹੀਂ ਆਉਣ ਦੇਣੀ ਚਾਹੀਦੀ ਅਤੇ ਕਿਸੇ ਵੀ ਡੇਰਾ ਪ੍ਰੇਮੀ ਦਾ ਪਿੰਡ ਵੱਲੋਂ ਬਾਈਕਾਟ ਨਹੀਂ ਕੀਤਾ ਜਾਵੇਗਾ। ਸਭਾ ਦੀ ਕਮੇਟੀ ਦੇ ਦੌਰੇ ਸਮੇਂ ਪਿੰਡ ਵਿੱਚ ਪੁਲਸ ਕੈਂਪ ਥਾਂ ਥਾਂ ਲਗੇ ਹੋਏ ਸਨ ਪਰ ਪਿੰਡ ਸ਼ਾਂਤ ਸੀ।ਡੇਰਾ ਪ੍ਰੇਮੀਆਂ ਨਾਲ ਗਲਬਾਤ ਉੱਤੇ ਵੀ ਉਹਨਾਂ ਨੂੰ ਘਟਨਾਵਾ ਉਪਰ ਚਿੰਤਾ ਅਤੇ ਅਫਸੋਸ ਤਾਂ ਸੀ ਪਰ ਖੌਫ ਵਰਗਾ ਕੁੱਝ ਨਹੀਂ ਦਿਸਦਾ ਸੀ।ਉਹਨਾਂ ਦਾ ਮੰਨਣਾ ਸੀ ਕਿ ਪਿੰਡ 'ਚ ਕਦੇ ਵੀ ਸਾਡਾ ਬਾਈਕਾਟ ਨਹੀਂ ਕੀਤਾ ਗਿਆ। ਡੇਰਾ ਪਰੇਮੀ ਹੋਣ ਕਰਕੇ ਕੋਈ ਬੁਰਾ ਵਿਵਹਾਰ ਨਹੀਂ ਕੀਤਾ ਗਿਆ।ਇਸ ਚੋਂ ਪਿੰਡ ਵਿੱਚ ਭਾਈਚਾਰਕ ਏਕਤਾ ਦਾ ਚਿੰਨ ਸ਼ਾਫ ਝਲਕਦਾ ਸੀ।ਕੁੱਝ ਮੂੜ ਮੱਤੀਆਂ ਨੇ ਪ੍ਰੇਮੀਆਂ ਨੂੰ ਦੁੱਧ ਆਦਿ ਨਾ ਦੇਣ ਦਾ ਹੋਕਾ ਦਿੱਤਾ ਜੋ ਪਿੰਡ ਵਾਸ਼ੀਆਂ ਨੇ ਗੌਲਿਆ ਨਹੀਂ। ਡੇਰਾ ਪ੍ਰੇਮੀਆਂ ਨੇ ਦੱਸਿਆ ਕਿ ਉਹਨਾਂ ਆਪਣੇ ਸਮਾਗਮ ਦੀ ਇਤਲਾਹ ਥਾਣੇ ਦਿੱਤੀ ਸੀ ਅਤੇ ਡੀ ਐਸ ਪੀ ਨੇ ਵੀ ਸਭਾ ਦੇ ਵਫਤ ਕੋਲ ਮੰਨਿਆ ਕਿ ਥਾਣੇਦਾਰ ਨੇ ਇਸ ਸਮਾਗਮ ਦੀ ਸੁਰੱਖਿਆਂ ਲਈ ਕੋਈ ਕਾਰਵਾਈ ਨਹੀਂ ਕੀਤੀਸਿੱਟੇ:-ਸਭਾ ਸਮਝਦੀ ਹੈ ਡੇਰਾ ਸੱਚਾ ਸੋਦਾ ਸਿੱਖ ਵਿਵਾਦ ਦੀ ਸ਼ੁਰੂਆਤ 13 ਮਈ 2007 ਤੋਂ ਹਇੀ ਜਦੋਂ ਡੇਰਾ ਸਲਾਬਤਪੁਰੇ ਦੇ ਸਮਾਗਮ ਵਿੱਚ ਡੇਰਾ ਮੁੱਖੀ ਰਾਮ ਰਹੀਮ ਗੁਰਮੀਤ ਸਿੰਘ ਨੇ ਜਾਮੇ-ਏ ਇਨਸ਼ਾ ਪਿਆ ਕੇ ਨਵੀਂ ਰੀਤ ਚਲਾਈ। ਕੱਟੜ ਸਿੱਖਾਂ ਨੂੰ ਇਤਰਾਜ਼ ਹੈ ਕਿ ਉਸਨੇ ਇਹ ਸੱਭ ਗੁਰੁ ਗੋਬਿੰਦ ਸਿੰਘ ਜੀ ਦੀ ਨਕਲ ਵਜ਼ੋਂ ਕੀਤਾਂ। ਇਸ ਘਟਨਾਂ ਦੀ ਭੜਕਾਹਟ 'ਚ ਪੰਜਾਬ ਅਸ਼ਾਂਤ ਹੋ ਗਿਆ ਤੇ ਬਠਿੰਡਾ, ਮਾਨਸਾ ਅਤੇ ਸੁਨਾਮ ਵਿੱਚ ਕਈ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ। ਇਸ ਪਿਛੋਂ ਸਿੱਖਾਂ ਦੀ ਸਰਵੱਚ ਸੰਸਥਾਂ ਅਕਾਲ ਤਖਤ ਸਾਹਿਬ ਨੇ ਪੰਜਾਂ ਸਿੰਘ ਸਹਿਬਾਨਾਂ ਦੇ ਦਸਖਤਾਂ ਹੇਠ ਆਦੇਸ਼ ਜਾਰੀ ਕੀਤਾ ਕਿ ਸਮੂਹ ਸਿੱਖ ਸੰਗਤਾਂ ਇਸ ਦੰਭੀ, ਪਾਖੰਡੀ ਅਤੇ ਪੰਥ ਦੋਖੀ ਰਾਮ ਰਹੀਮ ਸਿੰਘ ਅਤੇ ਉਸ ਨਾਲ ਸਬੰਧਤ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਕਿਸਮ ਦੇ ਧਾਰਮਿਕ, ਸਮਾਜਿਕ,ਭਾਈਚਾਰਕ ਅਤੇ ਰਾਜਸੀ ਸਬੰਧ ਨਾ ਰੱਖਣ।ਅਜਿਹੇ ਹੀ ਹੁਕਮ ਮਿਤੀ 20/5, 29 /5 ਅਤੇ 27/6 ਨੂੰ ਵੀ ਜਾਰੀ ਹੋਏ।ਜਿੰਨਾਂ ਨੇ ਸਿੱਖ ਧਰਮ ਦੇ ਜਾਨੂੰਨੀ ਪੈਰੋਕਾਰਾਂ ਨੂੰ ਉਤਸ਼ਾਹਤ ਕੀਤਾ।ਉਦੋਂ ਤੋਂ ਹੀ ਇਹ ਧਿਰ ਡੇਰੇ ਵਾਲਿਆਂ ਪ੍ਰਤੀ ਹਿੰਸਕ ਰੁੱਖ ਅਪਣਾਉਂਦੀ ਪ੍ਰਵਿਰਤੀ ਨੂੰ ਖੁਰਾਕ ਦਿੰਦੀ ਆ ਰਹੀ ਹੈ।ਇਸ ਨਾਲ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿੱਚ ਇੱਕ ਲੀਕ ਖਿੱਚੀ ਗਈ ਹੈ।ਡੇਰਾ ਸੱਚਾ ਸੌਦਾ ਪਿਛਲੇ ਕਈ ਸਾਲਾਂ ਤੋਂ ਇੱਕ ਵਿਵਾਦਤ ਸੰਸਥਾ ਰਹੀ ਹੈ। ਸ਼ਾਹ ਮਸਤਾਨਾ, ਸ਼ਾਹਸਤਨਾਮ ਤੋਂ ਪਿਛੋਂ ਬਣੇ ਨਵੇਂ ਮੁੱਖੀ ਗੁਰਮੀਤ ਸਿੰਘ ਜਿਸਨੇ ਰਾਮ ਰਹੀਮ ਗੁਰਮੀਤ ਸਿੰਘ ਨਾਂ ਧਾਰਨ ਕੀਤਾ ਹੈ ਉਪਰ ਕਈ ਇਲਜ਼ਾਮ ਲਗਦੇ ਆ ਰਹੇ ਹਨ ਅਤੇ ਉਹਨਾਂ ਸਬੰਧੀ ਕੇਸ ਵੀ ਅਦਾਲਤਾਂ ਵਿੱਚ ਚੱਲ ਰਹੇ ਹਨ ਜਿਨ੍ਹਾਂ 'ਚ ਚਰਚਿਤ ਇੱਕ ਸਾਧਵੀਂ ਦੇ ਸਰੀੂਰਕ ਸ਼ੋਸ਼ਣ ਦਾ ਮਾਮਲਾ, ਇਹਨਾਂ ਖਬਰਾਂ ਅਤੇ ਡੇਰਾ ਸਬੰਧੀ ਖਬਰਾਂ ਨੂੰ ਲਗਾਤਾਰ ਛਾਪਣ ਵਾਲਾ ਪੱਤਰਕਾਰ ਰਾਮ ਚੰਦਰ ਛੱਤਰਪੱਤੀ ਅਤੇ ਸਾਧਵੀ ਦੇ ਭਰਾ ਰਣਜੀਤ ਸਿੰਘ ਦਾ ਕਤਲ ਕਰਵਾਉਣਾ ਦਾ ਮਾਮਲਾ ਆਦਿ ਹੈ। ਸਮਾਜਿਕ ਵਿਕਾਸ ਵਿਸ਼ੇਸ਼ ਕਰਕੇ ਅੱਸੀਵਿਆਂ ਤੋਂ ਬਾਅਦ ਦੇ ਵਿਕਾਸ ਨੇ ਹਰ ਇੱਕ ਨੂੰ ਬਰਾਬਰੀ ਨਾਲ ਵੇਖਣ ਅਤੇ ਪਹਿਚਾਣ ਦੇਣ ਦੀ ਥਾਂ ਧੌਂਸਵਾਦ ਨੂੰ ਪ੍ਰਮੁੱਖਤਾ ਦਿੱਤੀ ਹੈ ਜਿਸ ਨੇ ਸਮਾਜਿਕ ਤਬਕਿਆਂ ਵਿੱਚ ਦੂਰੀ ਬਣਾ ਦਿੱਤੀ ਹੈ। ਧਾਰਮਿਕ,ਰਾਜਨੀਤਕ, ਆਰਥਿਕ ਅਤੇ ਸਮਾਜਿਕ ਸੰਸਥਾਵਾਂ ਉਪਰ ਧੌਂਸਵਾਦੀ ਧਨਾਢ ਅੰਸਰਾਂ ਦੀ ਪੁਗਤ ਹੋ ਗਈ, ਅਤੇ ਸਮਾਜ ਦਾ ਦੱਬਿਆ ਕੁੱਚਲਿਆ ਕ੍ਰਿਤੀ ਵਰਗ ਅਤੇ ਜਾਤਾਂ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਨ ਲੱਗੀਆਂ ਹਨ। ਪਰ ਦੂਜੇ ਪਾਸੇ ਸਮਾਜ ਦੇ ਚੇਤਨਾ ਪੱਧਰ ਕਾਰਨ ਹਰ ਮਨੁੱਖ, ਅਤੇ ਵਿਸ਼ੇਸ਼ ਕਰਕੇ ਦੱਬੇ ਕੁੱਚਲੇ ਵਰਗਾਂ ਅਤੇ ਜਾਤਾਂ ਦੇ ਵਿਅਕਤੀਆਂ ਨੂੰ ਇੱਕ ਪਹਿਚਾਣ ਅਤੇ ਸੁਰੱਖਿਆ ਦੀ ਲੋੜ ਹੈ।ਅਜਿਹੇ ਸਮੇਂ ਵੱਖ ਵੱਖ ਕਾਰਨਾਂ ਕਰਕੇ ਇਹਨਾਂ ਦੱਬੀਆਂ ਕੁੱਚਲੀਆ ਜਾਤਾਂ ਅਤੇ ਜਮਾਤਾਂ ਦਾ ਵੱਡਾ ਹਿੱਸਾ ਅਜਿਹੇ ਡੇਰਿਆਂ ਵਰਗੀਆਂ ਸੰਸਥਾਵਾਂ ਵੱਲ ਖਿਚਿਆ ਗਿਆ। ਅਤੇ ਡੇਰਾ ਸੱਚਾ ਸੌਦਾ ਸਰਸੇ ਵਾਲੇ ਦੇ ਪੈਰੋਕਾਰ ਵੀ ਇਹਨਾਂ ਵਰਗਾਂ ਅਤੇ ਜਾਤਾਂ ਚੋਂ ਹੀ ਹਨ। ਇਸ ਡੇਰੇ ਦਾ ਪੰਜਾਬ ਦੇ ਮਾਲਵਾ ਖੇਤਰ ਖਾਸ ਕਰਕੇ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਫਰੀਦਕੋਟ, ਮੁਕਤਸਰ ਜ਼ਿਲ੍ਹਿਆਂ, ਹਰਿਆਣਾ ਦੇ ਸਰਸਾ ਅਤੇ ਆਸ ਪਾਸ ਦੇ ਜ਼ਿਲ੍ਹੇ ਅਤੇ ਉਤਰੀ ਰਾਜਸਥਾਨ ਦੇ ਇਲਾਕੇ ਵਿੱਚ ਤਕੜਾ ਪ੍ਰਭਾਵ ਹੈ। ਇਹਨਾਂ ਇਲਾਕਿਆਂ ਵਿੱਚ ਇਸ ਦੇ ਪੈਰੋਕਾਰਾਂ ਦੇ ਵੋਟਰਾਂ ਦੀ ਗਿਣਤੀ ਲੱਖਾਂ ਵਿੱਚ ਹੈ ਅਤੇ ਉਹ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਦੇ ਹਨ।ਡੇਰਾ ਸੱਚਾ ਸੌਦਾ ਦਾ ਮੁੱਖੀ ਰਾਮ ਰਹੀਮ ਗੁਰਮੀਤ ਸਿੰਘ ਹੀ ਨਹੀ ਹੈ, ਸਗੋਂ ਇਸ ਦੀ ਖਾਸ ਬਣਤਰ ਹੈ। ਇਸਦੀ ਕਮੇਟੀ ਵਿੱਚ ਕੱਟੜਤਾ ਅਤੇ ਧੌਂਸਗਿਰੀ ਵਾਲੀਆਂ ਪ੍ਰਵਿਰਤੀਆਂ ਕਾਫੀ ਵੇਖਣ ਨੂੰ ਮਿਲਦੀਆਂ ਹਨ। ਇੱਥੇ ਵੀ ਸਾਧਾਰਨ ਮਨੁੱਖ ਵਿੱਚ ਮਿਲਣ ਵਾਲੀ ਮਨੁੱਖੀ ਸ਼ਹਿਨੀਲਤਾ, ਤਰਕਸ਼ੀਲਤਾ, ਦੂਸਰੇ ਦੇ ਵਿਚਾਰਾਂ ਨੂੰ ਸੁਨਣ, ਅਤੇ ਹਾਲਾਤ ਨੂੰ ਵਾਚਣ ਅਤੇ ਵਿਚਾਰਣ ਦੀ ਪ੍ਰਵ੍ਰਿਤੀ ਗਾਇਬ ਹੈ। ਇਸ ਦਾ ਇੱਕ ਸਿਆਸੀ ਵਿੰਗ ਵੀ ਹੈ। ਜੋ ਕਿਸੇ ਵੀ ਚੋਣ ਸਮੇਂ ਆਪਣੇ ਪੈਰੋਕਾਰਾਂ ਨੂੰ ਵੋਟਾਂ ਸਬੰਧੀ ਆਦੇਸ਼ ਜਾਰੀ ਕਰਦੇ ਹਨ। ਅਤੇ ਹਰ ਤਰਾਂ ਦੇ ਸਿਆਸੀ ਨੇਤਾ ਅਤੇ ਪਾਰਟੀਆਂ ਵੋਟਾਂ ਲੈਣ ਲਈ ਇਸ ਡੇਰੇ ਤੱਕ ਪਹੁੰਚ ਕਰਨ ਸਮੇਤ ਅਨੇਕਾਂ ਢੰਗ ਅਪਣਾਉਂਦੀਆਂ ਹਨ।ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਦੀ ਸਵਰਗੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਦੀਆਂ ਡੇਰੇ ਦੇ ਮੁੱਖੀ ਤੋਂ ਅਸ਼ੀਰਵਾਦ ਲੈਂਦਿਆਂ ਦੀਆਂ ਤਸਵੀਰਾਂ ਜੱਗ ਜਾਹਰ ਹਨ।ਸਭਾ ਦੀ ਸਮਝ ਅਨੁਸਾਰ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਦੇ ਮੌਜੂਦਾ ਵਿਵਾਦ ਦੀ ਜੜ੍ਹ ਡੇਰੇ ਵੱਲੋਂ 2007 ਦੀਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਾਲਵੇ ਦੇ ਹਲਕਿਆਂ ਵਿੱਚ ਇਸ ਡੇਰੇ ਨੇ ਕਾਂਗਰਸ ਦੇ ਹੱਕ ਵਿੱਚ ਭੁਗਤ ਕੇ ਅੱਜ ਦੀ ਹਾਕਮ ਅਕਾਲੀ ਪਾਰਟੀ ਜਿਸਦੀ ਦਾ ਆਧਾਰ ਜਿਆਦਾ ਕਰਕੇ ਸੰਗਰੂਰ, ਮਾਨਸਾ, ਬਠਿੰਡਾ ਅਤੇ ਫਰੀਦਕੋਟ ਜ਼ਿਲਿਆਂ ਵਿੱਚ ਹੈ ਅਤੇ ਸਿੱਖ ਵੋਟਰਾਂ ਦੀ ਰਾਜਨੀਤੀ ਉਪਰ ਆਧਾਰਤ ਹੈ, ਲਈ ਕਈ ਅਣਕਿਆਸੇ ਨਤੀਜੇ ਕੱਢ ਦਿੱਤੇ।ਇਸ ਡੇਰੇ ਨੂੰ ਸਬਕ ਸਿਖਾਉਣ ਅਤੇ ਆਪਣੇ ਪ੍ਰਭਾਵ ਹੇਠ ਲਿਆਉਣ ਲਈ ਹੁਕਮਰਾਨ ਪਾਰਟੀ ਮੌਕੇ ਦੀ ਤਲਾਸ ਵਿੱਚ ਸੀ। 13 ਮਈ 2007 ਦੀ ਘਟਨਾ ਇੱਕ ਸਬੱਬ ਬਣਕੇ ਬਹੁੜੀ ਜਿਸਨੂੰ ਇਹ ਪਾਰਟੀ ਨੇ ਜਿਥੇ ਡੇਰੇ ਉਪਰ ਦਬਾਅ ਪਾਉਣ ਲਈ ਵਰਤ ਰਹੀ ਹੈ, ਉਥੇ ਇਹ ਲੋਕਾਂ ਵਿੱਚ ਵੰਡੀਆਂ ਪਾਕੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਲਈ ਉਹਨਾਂ ਦੇ ਸੰਘਰਸ਼ ਨੂੰ ਵੀ ਕਮਜ਼ੋਰ ਕਰਨ ਲਈ ਵੀ ਸਫਲਤਾ ਪੂਰਬਕ ਵਰਤ ਰਹੀ ਹੈ।ਢੁਡੀਕੇ ਦੀ ਘਟਨਾ ਸਮੇਤ ਪੰਜਾਬ ਭਰ ਵਿੱਚ ਪ੍ਰੇਮੀਆਂ ਅਤੇ ਸਿੱਖਾਂ ਦੇ ਟਕਰਾ ਦੀਆਂ ਸਾਰੀਆਂ ਹੀ ਘਟਨਾਵਾਂ ਵਿੱਚ ਹੁਕਮਰਾਨ ਪਾਰਟੀ ਦਾ ਦੋਗਲਾ ਕਿਰਦਾਰ ਸਾਹਮਣੇ ਆ ਰਿਹਾ ਹੈ।ਇਸ ਲਈ ਇਹ ਇਸ ਦੇ ਅਸਰ-ਰਸੂਖ ਹੇਠ ਸ੍ਰੋਮਣੀ ਕਮੇਟੀ ਰਾਹੀਂ ਸਿੱਖ ਸੰਸਥਾਵਾਂ ਨੂੰ ਮੌਕੇ ਮੌਕੇ ਵਰਤ ਰਹੀ ਹੈ।ਸਭਾ ਸਮਝਦੀ ਹੈ ਕਿ ਅਕਾਲੀ ਹੁਕਮਰਾਨ ਪਾਰਟੀ ਦੀ ਲੀਡਰਸ਼ਿਪ ਭੜਕਾਹਟ ਪੈਦਾ ਕਰਨ ਸਮੇਂ ਤਾਂ ਹਾਜ਼ਰ ਰਹੀ ਪਰ ਸਾਰਥਕ ਭੂਮਿਕਾ ਨਿਭਾਉਣ ਸਮੇਂ ਲਗਭਗ ਚੁੱਪ ਰਹੀ ਹੈ। 26 ਨਵੰਬਰ ਨੂੰ ਜਦੋਂ ਸਿੱਖ ਪੈਰੋਕਾਰ ਨਾਮ ਚਰਚਾ ਬੰਦ ਕਰਾਉਣ ਲਈ ਟਕਰਾਅ ਦਾ ਰੁੱਖ ਅਪਣਾ ਰਹੇ ਸਨ, ਅਤੇ ਸ੍ਰੋਮਣੀ ਕਮੇਟੀ ਮੈਂਬਰ ਸਰਦਾਰ ਜਗਰਾਜ ਸਿੰਘ ਦੌਧਰ ਅਤੇ ਸਰਕਲ ਯੂਥ ਅਕਾਲੀ ਦਲ ਦੇ ਮੁੱਖੀ ਸਰਦਾਰ ਗੁਰਪ੍ਰੀਤ ਸਿੰਘ (ਪਟਨੇਵਾਲੇ) ਹਾਜ਼ਰ ਸਨ, ਤਾਂ ਉਹਨਾਂ ਨੇ ਆਪਣਾ ਧਾਰਮਿਕ ਅਸਰ-ਰਸੂਖ਼ ਵਰਤ ਕੇ ਭੀੜ ਨੂੰ ਸ਼ਾਂਤ ਕਰਨ ਦੀ ਭੂਮਿਕਾ ਨਿਭਾਉਣ ਦੀ ਥਾਂ ਮੌਕੇ ਤੋਂ ਖਿਸਕਣਾ ਹੀ ਬਿਹਤਰ ਸਮਝਿਆ। ਸਥਾਨਕ ਅਕਾਲੀ ਵਿਧਾਇਕ ਨੇ ਅਜੇ ਤੱਕ ਪਿੰਡ ਪਹੁੰਚਣਾ ਹੀ ਆਪਣਾ ਫਰਜ਼ ਨਹੀਂ ਸਮਝਿਆ।ਜਥੇਦਾਰ ਤੋਤਾ ਸਿੰਘ ਸਿਰਫ ਅੱਖਾਂ ਪੂੰਝਣ ਆਇਆ, ਮਹੌਲ ਵਿੱਚ ਕੋਈ ਭਾਈਚਾਰਕ ਏਕਤਾ ਬਣਾਈ ਰੱਖਣ ਜਾਂ ਨੌਜਵਾਨਾਂ ਨੂੰ ਇਸ ਸਬੰਧੀ ਠੀਕ ਰਾਹ ਅਪਣਾਉਣ ਦਾ ਕੋਈ ਵੀ ਸੰਦੇਸ਼ ਨਹੀਂ ਦਿੱਤਾ। ਇਹੀ ਹਾਲ ਕਾਂਗਰਸ ਪਾਰਟੀ ਦਾ ਹੈ।ਸਭਾ ਸਮਝਦੀ ਹੈ ਕਿ ਵਿਚਾਰ ਭਾਵੇਂ ਕਿਸੇ ਵੀ ਧਰਮ ਨਾਲ ਸਬੰਧਤ ਹੋਣ ਜਾਂ ਧਰਮ ਨੂੰ ਨਾ ਮੰਨਣ ਵਾਲੇ ਦੇ ਹੋਣ ਵਿੱਚ ਸ਼ਹਿਣਸ਼ੀਲਤਾ, ਇੱਕ ਦੂਜੇ ਦੇ ਤਰਕ ਨੂੰ ਵਾਚਣ ਤੇ ਵਿਚਾਰਨ ਦੀ ਪ੍ਰਵਿਰਤੀ, ਉਹਨਾਂ ਨੂੰ ਥਾਂ ਦੇਣ ਦੀ ਪ੍ਰਵ੍ਰਿਤੀ ਗੁੰਮ ਹੋ ਰਹੀ ਹੈ। ਇਸ ਦੀ ਥਾਂ ਦੂਸਰੇ ਦੇ ਵਿਚਾਰਾਂ ਨੂੰ ਬਰਦਾਸ਼ਤ ਨਾ ਕਰਨ, ਆਪਣੇ ਵਿਚਾਰਾਂ ਨੂੰ ਦੂਸਰੇ ਉਪਰ ਠੋਸਣ, ਧੌਂਸ ਅਤੇ ਦਾਬੇ ਨਾਲ ਆਪਣੇ ਵਿਚਾਰਾਂ ਨੂੰ ਲਾਗੂ ਕਰਾਉਣ ਦੀ ਪ੍ਰਵਿਰਤੀ ਸਮਾਜ ਦੇ ਹਰ ਖੇਤਰ ਵਿੱਚ ਭਾਰੂ ਹੋਈ ਹੈ।ਧਾਰਮਿਕ ਭਾਵਨਾ ਨੂੰ ਠੇਸ ਪਹੁੰਚਣ ਦੀ ਆਂੜ ਹੇਠ ਵਿਰੋਧੀ ਵਿਚਾਰਾਂ ਨੂੰ ਹੀ ਦਬਾਇਆ ਜਾ ਰਿਹਾ ਹੈ। ਫਾਜ਼ਿਲਕਾ ਅਤੇ ਤਪੇ ਵਿੱਚ ਤਰਕਸ਼ੀਲਾਂ ਨਾਲ ਝਗੜਿਆਂ ਸਮੇਤ ਹਰ ਰੋਜ਼ ਲਿਖਤਾਂ,ਕਲਾ ਕ੍ਰਿਤਾਂ ਅਤੇ ਫਿਲਮਾਂ ਦਿਖਾਉਣ ਜਾਂ ਨਾ ਦਿਖਾਉਣ ਲਈ ਧਾਰਮਿਕ ਸੰਸਥਾਵਾਂ ਵੱਲੋਂ ਹੁਕਮ ਜਾਰੀ ਕਰਨੇ, ਕੇਸ਼ ਦਰਜ਼ ਕਰਵਾਉਣੇ, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਅਤੇ ਸੰਗਮ ਪ੍ਰਕਾਸ਼ਨ ਸਮਾਣਾ ਦੇ ਮਾਲਕਾਂ ਵਿਰੁੱਧ ਇਤਿਹਾਸਕ ਲਿਖਤਾਂ ਵਿਚ ਦਰਜ਼ ਜਾਤੀਸੂਚਕ ਹਵਾਲਿਆਂ ਨੂੰ ਬਹਾਨਾ ਬਣਾ ਕੇ ਪਰਚੇ ਦਰਜ਼ ਕਰਾਉਣੇ, ਵਿਰੋਧੀ ਵਿਚਾਰ ਨੂੰ ਨਾ ਬਰਦਾਸ਼ਤ ਕਰਨ ਦੀ ਪ੍ਰਵਿਰਤੀ ਦਾ ਇਜ਼ਹਾਰ ਹੀ ਹੈ।ਆਰਥਿਕ ਵਿਕਾਸ ਨਾਲ ਚੇਤਨਾ ਪੱਧਰ ਵੀ ਉੱਚਾ ਹੁੰਦਾ ਹੈ ਪਰ ਭਾਰਤ ਵਿੱਚ ਸਮਾਜਿਕ ਚੇਤਨਾ ਦਾ ਸੁੰਘੜਨਾ ਅਤੇ ਸਿਮਟਣਾ ਖਤਰਨਾਕ ਹੈ।ਢੂਡੀਕੇ ਦੀ ਘਟਨਾ ਵਿੱਚ ਵੀ ਇਹੀ ਮਿਸਾਲ ਹੈ।ਭਾਰਤ ਸਰਕਾਰ ਨੇ ਵੀ ਸੁਪਰੀਮ ਕੋਰਟ ਵਿੱਚ ਦਾਖਲ ਕੀਤੇ ਐਫੀਡੈਵਿਟ ਵਿੱਚ ਵਿਚਾਰਾਂ ਨੂੰ ਵੱਧ ਖਤਰਨਾਕ ਦੱਸਿਆ ਹੈ। ਇਹ ਚਿੰਤਾ ਦਾ ਵਿਸ਼ਾ ਹੈ।ਸਭਾ ਸਮਝਦੀ ਹੈ ਕਿ ਹਰ ਇੱਕ ਵਿਚਾਰ ਨੂੰ ਰੱਖਣ ਅਤੇ ਪ੍ਰਚਾਰਣ ਦਾ ਮੁਢਲਾ ਅਤੇ ਬੁਨਿਆਦੀ ਹੱਕ ਹੈ। ਢੁਡੀਕੇ ਵਿੱਚ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਵੀ ਇਸੇ ਅਧਿਕਾਰ ਹੇਠ ਆਉਂਦੀ ਹੈ।ਇੱਕ ਧਿਰ ਵੱਲੋਂ ਕੀਤੀ ਭੜਕਾਉ ਕਾਰਵਾਈ ਨਿੰਦਣਯੋਗ ਹੈ ਜਿਸ ਨੇ ਸਮਾਜਿਕ ਤਨਾਓ ਨੂੰ ਜਨਮ ਦਿੱਤਾ।ਕੁੱਝ ਕੱਟੜ ਸਿੱਖਾਂ ਵੱਲੋਂ ਕਹਿਣਾ ਕਿ "ਡੇਰਾ ਕੋਈ ਧਰਮ ਨਹੀਂ ਹੈ, ਸੰਵਿਧਾਨ ਵਿੱਚ ਸਿਰਫ ਸੱਤ ਧਰਮਾਂ ਨੂੰ ਹੀ ਮਾਨਤਾ ਹੈ" ਕਦਾਚਿਤ ਪ੍ਰਵਾਨ ਕਰਨ ਯੋਗ ਨਹੀਂ।ਵਿਚਾਰ ਕਿਸੇ ਸੰਵਿਧਾਨ ਦੁਆਰਾ ਨਿਰਧਾਰਤ ਨਹੀਂ ਕੀਤੇ ਜਾ ਸਕਦੇ।ਸਭਾ ਸਮਝਦੀ ਹੈ 25 ਨਵੰਬਰ ਨੂੰ ਸ਼ਾਮੀ ਅਗਜ਼ਨੀ ਦੀਆਂ ਘਟਨਾਵਾਂ ਇੱਕ ਛੋਟੀ ਜਿਹੀ ਕੱਟੜ ਧਿਰ ਦੀ ਸੋਚੀ ਸਮਝੀ ਵਿਉਂਤ ਦਾ ਹਿੱਸਾ ਹਨ ਜਿਸ ਨੇ ਡੇਰਾ ਮੁੱਖੀ ਦੇ ਚਰਿੱਤਰ ਖਿਲਾਫ ਲੋਕਾਂ ਦੇ ਗੁੱਸੇ ਨੂੰ ਵਰਤ ਲਿਆ। ਡੇਰਾ ਸ਼ਰਧਾਲੂ ਆਪਣੇ ਮੁੱਖੀ ਖਿਲਾਫ ਲੱਗੇ ਇਹਨਾਂ ਦੋਸ਼ਾਂ ਨੂੰ ਤਰਕ ਸੰਗਤ ਢੰਗ ਨਾਲ ਦੂਰ ਕਰਨ ਦੀ ਬਜਾਏ ਲੋਕਾਂ ਦੀ ਜ਼ਬਾਨ ਬੰਦ ਕਰਨ ਤੇ ਉੱਤਰ ਆਉਂਦੇ ਹਨ। ਜੋਕਿ ਗਲਤ ਢੰਗ ਹੈ। ਸਭਾ ਸਮਝਦੀ ਹੈ ਕਿ ਘਟਨਾਵਾਂ ਨੂੰ ਰੋਕਣ ਵਿੱਚ ਪੂਰੇ ਪ੍ਰਸਾਸ਼ਨ ਦੀ ਸਾਜ਼ਸੀ ਗੈਰ ਜੁੰਮੇਵਾਰੀ ਹੈ,ਇਸ ਲਈ ਕੇਵਲ ਥਾਣੇ ਦਾ ਇੰਚਾਰਜ਼ ਹੀ ਜੰਮੇਵਾਰ ਨਹੀਂ। ਇਸ ਇਲਾਕੇ ਵਿੱਚ ਨਾਮ ਚਰਚਾ ਸਮੇਂ ਝਗੜੇ ਹੁੰਦੇ ਹੀ ਰਹਿੰਦੇ ਹਨ, ਇਹਨਾਂ ਨੂੰ ਸਰਸਰੀ ਲੈਣ ਦਾ ਕੋਈ ਆਧਾਰ ਨਹੀਂ ਬਣਦਾ।ਸਰਗਰਮੀਆ ਸਾੜਫੂਕ ਤੋਂ 2-3 ਘੰਟੇ (ਸ਼ਾਮੀ ਪੰਜ ਸਾਢੇ ਪੰਜ ਵਜੇ) ਪਹਿਲਾਂ ਸ਼ੁਰੂ ਹੋ ਗਈਆਂ ਸਨ। ਪਰ ਪ੍ਰਸਾਸ਼ਨ ਨੂੰ ਜਿਵੇਂ ਕੋਈ ਫਿਕਰ ਨਹੀਂ ਹੁੰਦਾ ਕੋਈ ਵੀ ਵਾਜਬ ਕਦਮ ਨਹੀਂ ਉਠਾਇਆ। ਸਭਾ ਸਮਝਦੀ ਹੈ ਕਿ ਸਰਪੰਚ ਗੈਰੀ ਨੂੰ ਗ੍ਰਿਫਤਾਰ ਕਰਨਾ ਵੀ ਮਾਮਲੇ ਦੇ ਭਾਈਚਾਰਕ ਹੱਲ ਨੂੰ ਰੋਕਣ ਦੀ ਕਾਰਵਾਈ ਹੈ। ਬਿਨਾਂ ਕਿਸੇ ਤਫਤੀਸ਼ ਦੇ ਇੱਕ ਇਤਲਾਹ ਦੇ ਆਧਾਰ ਤੇ ਹੀ ਉਸ ਖਿਲਾਫ ਕੇਸ ਦਰਜ਼ ਕਰਕੇ ਗ੍ਰਿਫਤਾਰ ਕਰ ਲੈਣਾ ਇੱਕ ਉਤੇਜਿਤੀ ਕਾਰਵਾਈ ਹੈ।ਪ੍ਰੇਮੀਆਂ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਜੋ ਘਟਨਾ ਸਮੇਂ ਹਾਜਰ ਹੀ ਨਹੀਂ ਸੀ ਵੱਲੋਂ ਲਿਖਵਾਈ ਗਈ ਐਫ.ਆਈ.ਆਰ. ਵਿੱਚ ਮਾਰ ਦੇਣ ਲਈ ਗੋਲੀ ਚਲਾਉਣ ਦਾ ਕੋਈ ਵੀ ਤੱਥ ਸਭਾ ਦੀ ਟੀਮ ਨੂੰ ਨਹੀਂ ਮਿਲਿਆ।ਪੁਲਸ ਆਮ ਮਾਮਲਿਆਂ ਵਿੱਚ ਕਈ ਕਈ ਦਿਨ ਕਾਰਵਾਈ ਨਹੀਂ ਕਰਦੀ ਪਰ ਇਥੇ ਤੁਰੰਤ ਗ੍ਰਿਫਤਾਰੀਆਂ ਸ਼ੰਕੇ ਖੜੇ ਕਰਦੀਆਂ ਹਨ।ਇਹ ਹੁਕਮਰਾਨ ਪਾਰਟੀ ਵੱਲੋਂ ਸਰਪੰਚ ਨੂੰ ਆਪਣੇ ਪੱਖ ਵਿੱਚ ਝੁਕਾਉਣ ਦਾ ਢੰਗ ਹੋ ਸਕਦਾ ਹੈ ਜਿਸ ਕਰਕੇ ਪਿੰਡ ਦੀ ਜਮਹੂਰੀ ਧਿਰ ਵਿੱਚ ਗੁੱਸਾ ਹੈ। ਜਿਥੇ ਡੇਰਾ ਪ੍ਰੇਮੀਆਂ ਨੂੰ ਨਾਮ ਚਰਚਾ ਕਰਨ ਦਾ ਜਮਹੂਰੀ ਹੱਕ ਹੈ ਉਥੇ ਉਹ ਟਕਰਾਵਾਂ ਨੂੰ ਰੋਕਣ ਲਈ ਕੋਈ ਸੰਜੀਦਗੀ ਨਹੀਂ ਦਿਖਾ ਰਹੇ ਸਿਰਫ ਆਪਣੀ ਤਾਕਤ (ਵਿਚਾਰਧਾਰਕ ਤਾਕਤ ਨਹੀਂ) ਅਤੇ ਪੁ੍ਰਸਾਸ਼ਨ ਉਪਰ ਟੇਕ ਰੱਖ ਰਹੇ ਹਨ।ਸਭਾ ਖੱਬੇ ਪੱਖੀ ਧਿਰਾਂ ਸਮੇਤ ਸਮੂਹ ਜਮਹੂਰੀ ਲੋਕਾਂ ਦੀ ਉਸਾਰੂ ਭੂਮਿਕਾ ਦੀ ਸ਼ਲਾਘਾ ਕਰਦੀ ਹੈ ਜਿਹਨਾਂ ਨੇ ਇਨ੍ਹਾਂ ਦਿਨਾਂ ਵਿੱਚ ਨਾਵਲਕਾਰ ਜਸਵੰਤ ਕੰਵਲ ਦੀ ਅਗਵਾਈ ਹੇਠ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਉਪਰਾਲੇ ਕੀਤੇ। ਉਹਨਾਂ ਦੋਵਾਂ ਧਿਰਾਂ ਨਾਲ ਸਬੰਧ ਬਣਾਉਂਦੇ ਹੋਏ ਪੁਲੀਸ ਨਾਲ ਵੀ ਸੰਪਰਕ ਬਣਾਈ ਰੱਖਿਆ। ਬੇਸ਼ੱਕ ਸਾੜਫੂਕ ਦੀ ਘਟਨਾ ਪਿੰਡੋਂ ਬਾਹਰ ਦੀ ਸੀ ਪਰ ਡੇਰਾ ਪ੍ਰੇਮੀਆਂ ਦੇ ਘਰਾਂ ਅਤੇ ਆਲੇ ਦੁਆਲੇ ਕੋਈ ਵੀ ਟਕਰਾ ਜਾਂ ਬਾਈਕਾਟ ਵਾਲੀ ਹਾਲਤ ਨਹੀਂ ਸੀ। ਪ੍ਰੇਮੀਆਂ ਅਨੁਸਾਰ "ਭਾਵੇਂ ਪਿੰਡ ਵਿੱਚ ਡੇਰੇ ਦੇ ਪੈਰੋਕਾਰਾਂ ਦੀ ਗਿਣਤੀ ਪਿੰਡ ਦੇ ਕੇਵਲ 50 ਕੁ ਘਰ ਹਨ। ਪਰ ਉਹਨਾਂ ਲਈ ਕੋਈ ਘਬਰਾਹਟ ਵਾਲੇ ਹਾਲਤ ਨਹੀਂ ਹੈ।ਇਸਦਾ ਸਿਹਰਾ ਖੱਬੇ ਪੱਖੀਆਂ ਨੂੰ ਜਾਂਦਾ ਹੈ"।ਨਾਵਲਕਾਰ ਜਸਵੰਤ ਕੰਵਲ ਦਾ ਕਹਿਣਾ ਹੈ ਕਿ ਸਾਡੇ ਵੱਲੋਂ 1950 ਵਿਆਂ 'ਚ ਤਨਾਅ ਗ੍ਰਸਤ ਪਿੰਡ ਨੂੰ ਸ਼ਾਂਤੀ ਪਸੰਦ ਅਤੇ ਵਿਕਾਸ ਦੇ ਰਾਹ ਉਪਰ ਪਾਉਣ ਦੇ ਉਪਰਾਲੇ ਬਰਕਰਾਰ ਰਹਿਣਗੇ। ਪਿੰਡ ਵਿੱਚ ਤਿੰਨ ਕਾਲਜ ਅਤੇ ਹੋਰ ਵਿਦਿਅਕ ਅਦਾਰੇ ਹਨ।ਪਿੰਡ ਦਾ ਵਿਕਾਸ ਪ੍ਰਭਾਵਸ਼ਾਲੀ ਹੈ। ਇਹ ਸਾਡੀ ਭਾਈਚਾਰਕ ਸਾਂਝ ਦਾ ਹੀ ਸਿੱਟਾ ਹੈ।ਕੰਵਲ ਹੋਰਾਂ ਦਾ ਇਹ ਵੀ ਕਹਿਣਾ ਸੀ ਕਿ ਘਟਨਾ ਦੀ ਕਨਸੋਅ ਮੈਨੂੰ ਮਿਲ ਜਾਂਦੀ ਤਾਂ ਮੈਂ ਵਿਚਕਾਰ ਜਾ ਖਲੋਣਾ ਸੀ ਅਤੇ ਟਕਰਾਅ ਰੋਕ ਦੇਣਾ ਸੀ ਬੇਸ਼ੱਕ ਮੈਨੂੰ ਕੁਰਬਾਨੀ ਕਿਉਂ ਨਾ ਦੇਣੀ ਪੈਂਦੀ।ਇਹੀ ਵਿਚਾਰ ਨਿਰਭੈ ਸਿੰਘ ਢੁਡੀਕੇ ਅਤੇ ਚਮਕੌਰ ਸਿੰਘ ਹੋਰਾਂ ਦੇ ਸਨ।ਮੰਗਾਂ ਅਤੇ ਸੁਝਾਅ:-ਦੋਹਾਂ ਪਾਸਿਆਂ ਤੋਂ ਭੜਕਾਹਟ ਪੈਦਾ ਕਰਨ ਵਾਲਿਆਂ ਦੀ ਨਿਸ਼ਾਨ ਦੇਹੀ ਕਰਕੇ ਲੋਕਾਂ ਵਿੱਚੋਂ ਨਿਖੇੜਿਆ ਜਾਵੇ। ਸਰਪੰਚ ਅਤੇ ਹੋਰ ਬੇਕਸੂਰ ਲੋਕਾਂ ਉਪਰ ਮੜੇ ਝੂਠੇ ਕੇਸ ਵਾਪਸ ਲਏ ਜਾਣ।ਵਿਚਾਰਾਂ ਦੀ ਆਜ਼ਾਦੀ ਜੋ ਸਮਾਜਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਨੂੰ ਵਿਕਸਤ ਕੀਤਾ ਜਾਵੇ, ਧੌਸਵਾਦੀ ਤਾਕਤਾਂ ਨੂੰ ਨਿਖੇੜਿਆ ਜਾਵੇ।ਵਿਰੋਧੀ ਵਿਚਾਰਾਂ ਨੂੰ ਬਰਦਾਸ਼ਤ ਕਰਨ, ਵਾਚਣ ਅਤੇ ਵਿਚਾਰਣ ਦਾ ਸੱਭਿਆਚਾਰ ਸਿਰਜਣ ਵੱਲ ਵੱਧਿਆ ਜਾਵੇ।ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀਆ ਤਾਕਤਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਨਿਖੇੜਿਆ ਜਾਵੇ।ਇਸ ਘਟਨਾ ਵਿੱਚ ਪ੍ਰਸਾਸ਼ਨ ਦੇ ਰੋਲ ਦੀ ਜਾਂਚ ਕਰਕੇ ਜੁੰਮੇਵਾਰ ਅਧਿਕਾਰੀਆਂ ਦੇ ਗੈਰਜ਼ੁੰਮੇਵਾਰਾਨਾ ਰਵੱਈਏ ਦੀ ਸਜ਼ਾ ਦਿੱਤੀ ਜਾਵੇ।ਸਿੱਖੀ ਦੀ ਵਿਰਾਸਤ ਵਿਚਾਰਾਂ ਦੀ ਆਜ਼ਾਦੀ ਅਤੇ ਤਾਕਤ ਦੀ ਧੌਂਸਬਾਜ਼ੀ ਦਾ ਵਿਰੋਧ ਕਰਨ ਦੀ ਰਹੀ ਹੈ। ਸਿੱਖ ਭਾਈਚਾਰੇ ਅਤੇ ਸਿੱਖ ਸੰਸਥਾਵਾਂ ਨੂੰ ਕੱਟੜਪੰਥੀ ਰੁਝਾਨ ਦੇ ਬਹਿਕਾਵੇ ਵਿਚ ਆ ਕੇ ਅਸਹਿਣਸ਼ੀਲਤਾ ਦਿਖਾਉਣ ਦੀ ਥਾਂ ਵਿਚਾਰਾਂ ਦੀ ਆਜ਼ਾਦੀ ਅਤੇ ਜਮਹੂਰੀ ਢੰਗ ਨਾਲ ਵਿਚਾਰਧਾਰਕ ਸੰਵਾਦ ਦਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ।
Saturday, December 28, 2013
ਜਮਹੂਰੀ ਅਧਿਕਾਰ ਸਭਾ (ਜਿਲ੍ਹਾ ਇਕਾਈ ਸੰਗਰੂਰ) ਵਲੋਂ 10 ਦਸੰਬਰ ਮਨੁੱਖੀ ਅਧਿਕਾਰ ਦਿਵਸ ਨੂੰ ਸਮਪਰਪਤ "ਰਾਜ ਅਤੇ ਮਨੁੱਖੀ ਅਧਿਕਾਰ" ਵਿਸ਼ੇ ਤੇ ਕਨਵੈਨਸ਼ਨ ਕੀਤੀ ਗਈ
ਸੰਗਰੂਰ:- ਸਥਾਨਕ ਈੀਟੰਗ ਮਾਲ ਹੋਟਲ ਵਿਖੇ ਜਮਹੂਰੀ ਅਧਿਕਾਰ ਸਭਾ, ਪੰਜਾਬ ਜਿਲ੍ਹਾ ਇਕਾਈ ਸੰਗਰੂਰ ਵਲੋਂ 10 ਦਸੰਬਰ ਮਨੁੱਖੀ ਅਧਿਕਾਰ ਦਿਵਸ ਨੂੰ ਸਮਪਰਪਤ "ਰਾਜ ਅਤੇ ਮਨੁੱਖੀ ਅਧਿਕਾਰ" ਵਿਸ਼ੇ ਤੇ ਕਨਵੈਨਸ਼ਨ ਕੀਤੀ ਗਈ।ਕਨਵੈਨਸ਼ਨ ਨੂੰ ਉਘੇ ਚਿੰਤਕ ਤੇ ਇਨਕਲਾਬੀ ਕਾਰਕੁਨ ਕਾਮਰੇਡ ਦਰਸ਼ਨ ਖਟਕੜ ਨੇ ਮੁਖ ਬੁਲਾਰੇ ਦੇ ਤੌਰ ਤੇ ਸੰਬੋਧਨ ਕੀਤਾ।ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਮਤਲਵ ਹਰ ਮਨੁੱਖ ਦੇ ਬਰਾਬਰ ਹੋਣ ਤੋਂ ਹੀ ਹੈ।ਹਰ ਮਨੁੱਖ ਨੂੰ ਉਸਦੀਆਂ ਬੁਨਿਆਦੀ ਜਰੂਰਤਾਂ ਰੋਟੀ,ਕਪੜਾ ,ਮਕਾਨ,ਵਿਦਿਆ ਅਤੇ ਸਿਹਤ ਆਦਿ ਮਿਲਣੀਆਂ ਚਾਹਦੀਆਂ ਹਨ।ਉਹਨਾਂ ਕਿਹਾ ਕਿ 1948 ਵਿਚ ਮਨੁੱਖੀ ਅਧਿਕਾਰ ਦਾ ਅੇਲਾਨਨਾਮਾ ਪਾਸ ਹੋਣ ਤੋਂ ਬਾਅਦ ਪੂਰੇ ਵਿਸ਼ਵ 'ਚ ਪੂੰਜੀਬਾਦ ਸਿਸਟਮ ਹੋਣ ਕਾਰਨ ਲਗਾਤਾਰ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ।ਅੱਜ ਭਾਰਤ ਦੇ ਬਹੁਤ ਵੱਡੇ ਹਿੱਸੇ 'ਚ ਰਹਿ ਰਹੇ ਕਬਾਇਲੀ ਲੋਕਾਂ ਦੇ ਹੱਕ ਤਰਾਂ ਤਰਾਂ ਦੀਆਂ ਕੰਪਨੀਆਂ ਵੱਲੋਂ ਆਪਣੇ ਮੁਨਾਫੇ ਲਈ ਆਪਣੇ ਪੈਰਾਂ 'ਚ ਰੋਲੇ ਜਾ ਰਹੇ ਹਨ ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਅੱਜ 128 ਜਥੇਬੰਦੀਆਂ ਜਿਹੜੀਆਂ ਵੱਖ ਵੱਖ ਵਰਗਾਂ ਦੀ ਰਹਿਨੁਮਾਈ ਕਰਦੀਆਂ ਹਨ ਨੂੰ ਮਾਓਵਾਦੀਆਂ ਦੀਆਂ ਫੱਟਾ ਜਥੇਬੰਦੀਆਂ ਆਖ ਕੇ ਸਰਕਾਰ ਵੱਖ ਵੱਖ ਵਰਗਾਂ ਦੇ ਮਨੁੱਖੀ ਅਧਿਕਾਰਾਂ ਨੂੰ ਖਤਮ ਕਰਨ ਦੇ ਰਾਹ ਪਈ ਹੋਈ ਹੈ।ਉਹਨਾਂ ਵਿਚੋਂ ਜਮਹੂਰੀ ਅਧਿਕਾਰ ਸਭਾ ਇਕ ਹੈ।ਉਹਨਾਂ ਕਿਹਾ ਕੇ ਅੱਜ ਹਜ਼ਾਰਾਂ ਮਨੁੱਖੀ ਕਾਰਕੁਨ ਸਟੇਟ ਦੇ ਭਾਰੀ ਦਮਨ ਦਾ ਸਾਹਮਣਾ ਕਰ ਰਹੇ ਹਨ।ਛਤੀਸਗੜ ਦੀ ਅਧਿਆਪਕਾ ਸੋਨੀ ਸ਼ੋਰੀ, ਡਾ. ਵਨਾਇਕ ਸੇਨ,ਸੀਮਾ ਅਜਾਦ ਜਤਿਨ ਗਰਾਂਡੀ ਆਦਿ ਕਾਰਕੁਨਾਂ ਤੇ ਬਣਾਏ ਕੇਸ ਅਤੇ ਤਸ਼ੱਦਦ ਇਸ ਦੀ ਮੂਹ ਬੋਲਦੀ ਤਸਵੀਰ ਹਨ।ਘੱਟ ਗਿਣਤੀਆਂ,ਦਲਤਾਂ ਉੱਪਰ UAPA ਵਰਗੇ ਕਾਨੂੰਨ ਲਗਾਕੇ ਜੇਲਾਂ ਵਿਚ ਬੰਦ ਕੀਤਾ ਹੋਇਆ ਹੈ।ਸੀਪੀਆਈ (ਅੇਮ ਅੇਲ ਲਿਬਰੇਸ਼ਨ) ਦੇ ਹਰਭਗਵਾਨ ਭੀਖੀ ਨੇ ਸਬੋਧਨ ਕਰਦੇ ਕਿਹਾ ਕਿ ਸਾਨੂੰ ਇਹ ਪਹਿਚਾਣ ਕਰਨੀ ਚਾਹੀਦੀ ਹੈ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕਿਹੜੇ ਲੋਂਕਾਂ ਦਾ ਹੋ ਰਿਹਾ ਹੈ।ਉਹਨਾਂ ਕਿਹਾ ਕਿ ਜਦੋਂ ਤਕ ਮਨੁਖ ਹੱਥੋਂ ਮਨੁਖ ਦੀ ਲੁੱਟ ਖਤਮ ਨਹੀਂ ਹੁਦੀ ਉਦੋਂ ਤਕ ਮਨੁੱਖੀ ਅਧਿਕਾਰਾਂ ਦਾ ਘਾਣ ਹੁਦਾ ਰਹੇਗਾ। ਸਾਨੂੰ ਇਸ ਲੁੱਟ ਨੂੰ ਖਤਮ ਕਰਵਾਉਣ ਲਈ ਸ਼ੰਘਰਸ਼ ਕਰਨੇ ਚਾਹੀਦੇ ਹਨ।ਆਈਡੀਪੀ ਦੇ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਜਮਹੂਰੀ ਅਧਿਕਾਰਾਂ ਦਾ ਘਾਣ ਮਨੁਖਾਂ ਤੱਕ ਹੀ ਸੀਮਤ ਨਹੀਂ ਇਹ ਸਾਡੇ ਕੁਦਰਤੀ ਸਰੋਤਾਂ ਤੇ ਵੀ ਹੋ ਰਿਹਾ ਹੈ। ਸਾਂਨੂੰ ਸਾਡੇ ਕੁਦਰਤੀ ਸਾਧਨਾਂ ਨੂੰ ਵੀ ਵਚਾਉਣ ਲਈ ਵੀ ਸੰਘਰਸ਼ ਕਰਨਾਂ ਪਵੇਗਾ।ਇਸ ਤੋਂ ਇਲਾਵਾ ਕਨਵੈਨਸ਼ਨ ਨੂੰ ਜਮਹੂਰੀ ਅਧਿਕਾਰ ਸਭਾ ਦੇ ਸੁਬਾਈ ਆਗੂ ਮਾਸਟਰ ਤਰਸ਼ੇਮ ਲਾਲ, ਮੁਲਾਜਮ ਆਗੂ ਸਵਰਨਜੀਤ ਸਿੰਘ, ਕ੍ਰਾਂਤੀਕਾਰੀ ਮਜਦੂਰ ਯੁਨੀਅਨ ਦੇ ਸੰਜੀਵ ਮਿੰਟੂ, ਪੀ ਐਸ ਯੂ ਦੇ ਸੂਬਾ ਪ੍ਰਧਾਨ ਗੁਰਮੁਖ ਸਿੰਘ ਮਾਨ ,ਸਭਾ ਦੇ ਸਕੱਤਰ ਸੁਖਵਿੰਦਰ ਪੱਪੀ,ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਸਭਾ ਦੇ ਪ੍ਰਧਾਨ ਨਾਮਦੇਵ ਸਿੰਘ ਭੁਟਾਲ ਨੇ ਬਾਖੂਬੀ ਨਿਭਾਈ। ਮਨਧੀਰ ਸਿੰਘ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਚੇਤਨਾ ਕਨਵੈਨਸ਼ਨ
ਅੱਜ ਜਮਹੂਰੀ ਅਧਿਕਾਰੀ ਸਭਾ ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਰਾਜ ਦੇ ਫਾਸ਼ੀਵਾਦੀ ਰੁਝਾਨ ਵਿਰੁੱਧ ਲੋਕਾਂ ਨੂੰ ਜਾਗਰੁਕ ਕਰਨ ਲਈ ਚੇਤਨਾ ਕਨਵੈਨਸ਼ਨ ਕਰਵਾਈ ਗਈ ਜਿਸ ਵਿੱਚ ਮਨੁੱਖੀ ਹੱਕਾਂ ਦੀ ਸਥਿਤੀ ਤੇ ਰਾਜ ਦੀ ਭੂਮਿਕਾ ਵਿਸ਼ੇ ਉਪਰ ਡਾ. ਸੁੱਚਾ ਸਿੰਘ ਗਿੱਲ ਡਾਇਰੈਕਟਰ ਜਨਰਲ ਕਰਿਡ ਚੰਡੀਗੜ੍ਹ ਅਤੇ ਡਾ. ਜਤਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਰਾਜਨੀਤੀ ਸ਼ਾਸਤਰ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਅੰਦਰ ਦਿਨ ਪ੍ਰਤੀ ਦਿਨ ਮਨੁੱਖੀ ਹੱਕਾਂ ਦੇ ਘਾਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਦਾਰੀਕਰਨ-ਨਿੱਜੀਕਰਨ-ਵਿਸ਼ਵੀਕਰਨ ਦਾ ਜੋ ਵਿਕਾਸ ਮਾਡਲ ਲੋਕਾਂ ਦੇ ਉਪਰ ਠੋਸਿਆ ਜਾ ਰਿਹਾ ਹੈ ਇਹ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਤੋਰ ਤੇ ਲੋਕਾਂ ਦੇ ਹਿਤਾਂ ਦੇ ਖਿਲਾਫ ਹੈ। ਇਨ੍ਹਾਂ ਨੀਤੀਆਂ ਨੇ ਸਮਾਜ ਵਿੱਚ ਤਬਾਹੀ ਮਚਾ ਰੱਖੀ ਹੈ ਅਤੇ ਰਾਜ ਦਿਨ ਪ੍ਰਤੀ ਦਿਨ ਆਪਣਾ ਫਾਸ਼ੀਵਾਦੀ ਚਿਹਰਾ ਨੰਗਾ ਕਰਕੇ ਲੋਕਾਂ ਸਾਹਮਣੇ ਆ ਖੜਾ ਹੋ ਰਿਹਾ ਹੈ। ਪਿਛਲੇ ਦਿਨੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 128 ਜਥੇਬੰਦੀਆਂ ਦੀ ਸੂਚੀ ਜਾਰੀ ਕਰਕੇ ਉਨ੍ਹਾਂ ਨੁੰ ਮਾਓਵਾਦੀਆਂ/ਨਕਸਲੀਆਂ ਦੀਆਂ ਫਰੰਟ ਜਥੇਬੰਦੀਆਂ ਐਲਾਨਿਆ ਗਿਆ ਹੈ। ਇਨ੍ਹਾਂ ਵਿੱਚ ਕਿਸਾਨ, ਮਜ਼ਦੂਰ ਜਮਹੂਰੀ ਮੰਚਾਂ, ਸਭਿਆਚਾਰਕ ਮੰਡਲੀਆਂ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੇ ਨਾਮ ਸ਼ਾਮਲ ਹਨ। ਕੇਂਦਰੀ ਹਕੂਮਤ ਦਾ ਇਹ ਕਦਮ ਘੋਰ ਨਿੰਦਣਯੋਗ ਹੈ ਅਤੇ ਇਹ ਰਾਜ ਦੇ ਤੇਜੀ ਨਾਲ ਫਾਸ਼ੀਵਾਦ ਵੱਲ ਵੱਧਣ ਦਾ ਇਸ਼ਾਰਾ ਹੈ। ਸਾਰੀਆਂ ਜਮਹੂਰੀ ਅਤੇ ਇਨਸਾਫ ਪਸੰਦ ਤਾਕਤਾਂ ਨੂੰ ਇਸ ਤਾਨਾਸ਼ਾਹ ਰੁਝਾਨ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਦੇਸ਼ ਪਹਿਲਾਂ ਵੀ 1975 ਵਿੱਚ ਐਮਰਜੰਸੀ ਦੇ ਘੋਰ ਦਮਨਦਾਰੀ ਦੋਰ ਵਿੱਚੋਂ ਲੰਘ ਚੁਕਿਆ ਹੈ ਅਤੇ ਹੁਣ ਵੀ ਹਾਲਾਤ ਬਿਲਕੁਲ ਉਸੀ ਤਰ੍ਹਾਂ ਬਣਾਏ ਜਾ ਰਹੇ ਹਨ। ਲੋਕਾਂ ਨੂੰ ਜਮਹੂਰੀ ਹੱਕਾਂ ਦੇ ਘਾਣ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਸਮੂੰਹ ਜਮਹੂਰੀ ਤਾਕਤਾਂ ਨੂੰ ਹੁਕਮਰਾਨਾਂ ਦੀ ਇਸ ਪਹੁੰਚ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂਕਿ ਮੁਲਕ 'ਚ ਫੈਲੀ ਸਮਾਜਿਕ-ਸਿਆਸੀ ਬੇਚੈਨੀ ਦੇ ਮੂਲ ਸਮਾਜਿਕ-ਆਰਥਕ ਤੇ ਸਿਆਸੀ ਕਾਰਨਾਂ ਨੂੰ ਮੁਖਾਤਬ ਹੋਣ ਦੀ ਥਾਂ ਹਰ ਮਸਲੇ ਨੂੰ ਅਮਨ-ਕਾਨੂੰਨ ਦੀ ਸਮੱਸਿਆ ਬਣਾ ਕੇ ਪੇਸ਼ ਕਰਨ ਦੀ ਹਕੂਮਤੀ ਨੀਤੀ ਜਮਹੂਰੀਅਤ ਦੀ ਮੂਲ ਭਾਵਨਾ ਦਾ ਨਿਖੇਧ ਹੈ। ਇਸ ਵਰਤਾਰੇ ਬਾਰੇ ਸੋਝੀ ਨੂੰ ਅਵਾਮ ਦੀ ਜਮਹੂਰੀ ਹੱਕਾਂ ਬਾਰੇ ਚੇਤਨਾ ਦਾ ਹਿੱਸਾ ਬਣਾਉਣ ਲਈ ਸੰਜੀਦਾ ਯਤਨ ਕਰਨ ਦੀ ਲੋੜ ਹੈ ਤਾਂ ਜੋ ਇਹ ਰਾਜ ਦੇ ਖੂਨੀ ਹੱਥਾਂ ਨੂੰ ਰੋਕਣ ਵਾਲੀ ਪ੍ਰਭਾਵਸ਼ਾਲੀ ਲੋਕ ਤਾਕਤ ਬਣ ਕੇ ਉਭਰ ਸਕੇ।ਇਸ ਸਮੇਂ ਡਾ. ਰਣਜੀਤ ਸਿੰਘ ਘੁੰਮਣ, ਤਰਸੇਮ ਗੋਇਲ, ਵਿਧੂ ਸ਼ੇਖਰ ਭਾਰਦਵਾਜ ਨੇ ਆਪਣੇ ਵਿਚਾਰ ਰੱਖੇ ਅਤੇ ਇਕੱਤਰ ਹੋਏ ਸਾਥੀਆਂ ਨੇ 128 ਜਮਹੂਰੀ ਜਥੇਬੰਦੀਆਂ ਦੀ ਜਾਰੀ ਕੀਤੀ ਕਾਲੀ ਸੂਚੀ ਨੂੰ ਰੱਦ ਕਰਨ, ਪੂਰੇ ਪੰਜਾਬ ਅੰਦਰ ਜਿਲ੍ਹਾ ਕੇਂਦਰਾਂ ਉਪਰ ਧਰਨਿਆਂ ਉਤੇ ਲਾਈ ਪਾਬੰਦੀ ਨੂੰ ਵਾਪਸ ਲੈਣ, ਸੰਘਰਸ਼ੀਲ ਜਨਤਕ ਜਮਹੂਰੀ ਜਥੇਬੰਦੀਆਂ ਉਪਰ ਕੀਤੇ ਜਾ ਰਹੇ ਤਸ਼ਦਦ ਨੂੰ ਰੋਕਣਾ, ਪੂਰੇ ਦੇਸ਼ ਅੰਦਰ ਵੱਖੋ ਵੱਖਰੀਆਂ ਜੇਲਾਂ ਵਿੱਚ ਆਪਣੀ ਸਜਾ ਪੂਰੀ ਕਰ ਚੁੱਕੇ ਅਤੇ ਅਦਾਲਤ ਵਿੱਚ ਜਮਾਨਤ ਮਿਲਣ ਦੇ ਬਾਵਜੂਦ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਫੋਰੀ ਰਿਹਾਅ ਕਰਨ ਦੀ ਮੰਗ ਕੀਤੀ, ਪਟਿਆਲਾ ਸ਼ਹਿਰ ਵਿੱਚ ਮਾਲਵਾ ਖੇਤਰ ਦੀ ਸਭ ਤੋਂ ਵੱਡੀ ਸਿਹਤ ਸੰਸਥਾ ਰਜਿੰਦਰਾ ਹਸਪਤਾਲ, ਪਟਿਆਲਾ ਦੀ ਵਿਗੜ ਰਹੀ ਹਾਲਤ ਨੂੰ ਸੁਧਾਰਨ ਅਤੇ ਮੁਜਫਰ ਨਗਰ (ਯੂ.ਪੀ.) ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਦੰਗਾ ਪੀੜ੍ਹਤ ਲੋਕਾਂ ਦਾ ਮੁੜ ਵਸੇਬਾ ਕੀਤਾ ਜਾਵੇ ਦੇ ਮਤੇ ਪਾਸ ਕੀਤੇ ਗਏ।
ਜਾਰੀ ਕਰਤਾ : ਵਿਧੂ ਸ਼ੇਖਰ ਭਾਰਦਵਾਜ ਸਕੱਤਰ ਜਮਹੂਰੀ ਅਧਿਕਾਰ ਸਭਾ ਪੰਜਾਬ ਪਟਿਆਲਾ ਇਕਾਈ 9872036192
ਸਜ਼ਾ ਪੂਰੀ ਕਰ ਚੁੱਕੇ ਸਿਆਸੀ ਅਤੇ ਆਮ ਕੈਦੀਆਂ ਨੂੰ ਰਿਹਾ ਨਾ ਕਰਨਾ - ਮਨੁੱਖੀ ਅਧਿਕਾਰਾਂ ਦਾ ਘਾਣ
ਪ੍ਰੈਸ ਨੋਟ
ਸਜ਼ਾ ਪੂਰੀ ਕਰ ਚੁੱਕੇ ਸਿਆਸੀ ਅਤੇ ਆਮ ਕੈਦੀਆਂ ਨੂੰ ਰਿਹਾ ਨਾ ਕਰਨਾ - ਮਨੁੱਖੀ ਅਧਿਕਾਰਾਂ ਦਾ ਘਾਣ -ਜਮਹੂਰੀ ਅਧਿਕਾਰ ਸਭਾ ਪੰਜਾਬ
ਜਮਹੂਰੀ ਅਧਿਕਾਰ ਸਭਾ ਪੰਜਾਬ ਸਜ਼ਾ ਪੂਰੀ ਕਰ ਚੁੱਕੇ ਸਿਆਸੀ ਅਤੇ ਇਖਲਾਕੀ ਕੈਦੀਆਂ ਨੂੰ ਰਿਹਾ ਨਾ ਕੀਤੇ ਜਾਣ ਨੂੰ ਸੰਵਿਧਾਨਿਕ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਪੱਖਪਾਤੀ ਵਤੀਰਾ ਕਰਾਰ ਦਿੰਦੀ ਹੈ।ਸਭਾ ਸਮਝਦੀ ਹੈ ਕਿ ਕੈਦੀਆਂ ਦੀ ਰਿਹਾਈ ਦੀ ਪ੍ਰਕ੍ਰਿਆ ਅੰਗਰੇਜ਼ਾਂ ਦੇ ਜ਼ਮਾਨੇ ਵਾਲੀ ਹੈ ਜੋ ਉਹਨਾਂ ਨੇ ਆਪਣੇ ਬਸਤੀਵਾਦੀ ਰਾਜ ਦੇ ਹਿੱਤ ਵਿੱਚ ਸਾਡੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਜੇਲਾਂ ਵਿੱਚ ਸ਼ਾੜਨ ਅਤੇ ਆਜ਼ਾਦੀ ਦੀ ਜਦੋਜਹਿਦ ਨੂੰ ਦਬਾਉਣ ਲਈ ਬਣਾਈ ਸੀ। ਇਸ ਪ੍ਰਕ੍ਰਿਆ ਅਨੁਸਾਰ ਸਜ਼ਾ ਪੂਰੀ ਕਰ ਚੁੱਕੇ ਕੈਦੀ ਨੂੰ ਆਪਣੀ ਰਿਹਾਈ ਲਈ ਪ੍ਰਸਾਸ਼ਨ ਤੋਂ ਕਲੀਨ ਚਿੱਟ ਲੈਣੀ ਪੈਂਦੀ ਹੈ। ਮੁਲਕ ਦੇ ਹੁਕਮਰਾਨ ਤਬਦੀਲੀ ਪਸੰਦ ਵਿਚਾਰਾਂ ਨੂੰ ਸੱਭ ਤੋਂ ਖਤਰਨਾਕ ਸਮਝਦੇ ਹਨ। ਉਹਨਾਂ ਦਾ ਰਾਜਤੰਤਰ ਵਿਰੋਧੀ ਵਿਚਾਰਾਂ/ਸਰਗਰਮੀਆਂ ਵਾਲੇ ਵਿਅਕਤੀ ਨੂੰ ਕਦੇ ਵੀ ਕਲੀਨ ਚਿੱਟ ਨਹੀਂ ਦੇਵੇਗਾ। 21 ਵੀਂ ਸਦੀ 'ਚ ਜਮਹੂਰੀਅਤ ਦੇ ਯੁੱਗ ਵਿੱਚ ਬਸਤੀਵਾਦੀਆਂ ਦੇ ਬਣਾਏ ਅਜਿਹੇ ਕਾਇਦੇ ਕਾਨੂੰਨਾਂ ਨੂੰ ਜਾਰੀ ਰੱਖਣਾ ਸਮਾਜ ਦੀ ਤਰੱਕੀ ਦਾ ਰਾਹ ਰੋਕਣਾ ਹੈ। ਵਿਹਾਰਕ ਨਜ਼ਰੀਏ ਤੋਂ ਇਹ ਲੰਬੀ ਚੌੜੀ ਪ੍ਰਕ੍ਰਿਆ ਆਰਥਿਕ ਅਤੇ ਸਮਾਜਿਕ ਪੱਖ ਤੋਂ ਵਾਂਝੇ ਆਮ ਨਾਗਰਿਕਾਂ ਅਤੇ ਦੱਬੇ ਕੁੱਚਲੇ ਲੋਕਾਂ ਦੇ ਵੱਸੋਂ ਬਾਹਰ ਹੈ। ਇਹ ਕਾਨੂੰਨ ਸਿਰਫ ਸਥਾਪਤੀ ਪੱਖੀ, ਸਮਾਜਿਕ ਅਤੇ ਸਿਆਸੀ ਅਸਰ ਰਸੂਖ ਵਾਲੇ ਅਤੇ ਸਾਧਨਾ ਵਾਲੇ ਕੁਲੀਨ ਹਿੱਸੇ ਲਈ ਵਿਸ਼ੇਸ਼ ਸਹੂਲਤ ਬਣਿਆ ਹੋਇਆ ਹੈ। ਇਸ ਸਮੇਂ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਦੇ ਕੋਈ 280 ਕੈਦੀਆਂ ਸਮੇਤ ਦੇਸ਼ ਭਰ ਵਿੱਚ ਹਜ਼ਾਰਾਂ ਕੈਦੀ ਆਪਣੀ ਸਜ਼ਾ ਪੁਰੀ ਕਰਨ ਦੇ ਬਾਵਜੂਦ ਜੇਲਾਂ ਵਿੱਚ ਰੁਲ ਰਹੇ ਹਨ। ਇਹਨਾਂ ਵਿੱਚ ਸਥਾਪਤੀ ਵਿਰੋਧੀ ਲਹਿਰਾਂ ਦੇ ਕਾਰਕੁੰਨ, ਮੁਸਲਮਾਨ, ਸਿੱਖਾਂ ਅਤੇ ਇਸਾਈ ਧਾਰਮਿਕ ਘੱਟ ਗਿਣਤੀਆਂ ਦੇ ਸਮੇਤ ਵੱਡੀ ਗਿਣਤੀ ਆਰਥਿਕ ਪੱਖੋਂ ਗਰੀਬ, ਦਲਿਤ, ਆਦਿਵਾਸੀਆਂ ਅਤੇ ਵਿਦੇਸ਼ੀਆਂ ਰਾਜਨੀਤਕ ਕੈਦੀ ਸ਼ਾਮਿਲ ਹਨ। ਇਸ ਪ੍ਰਬੰਧ ਵਿੱਚ ਸਭਨਾ ਲਈ ਇਕਸਾਰ ਨਿਯਮ ਲਾਗੂ ਨਹੀਂ ਹਨ। ਆਰਥਿਕ ਅਤੇ ਰਾਜਨੀਤਕ ਪੱਖੋਂ ਪਹੁੰਚ ਵਾਲੇ ਲੋਕ, ਜਿਹੜੇ ਪਹਿਲਾਂ ਹੀ ਆਪਣੇ ਸਿਆਸੀ ਅਸਰ ਰਸੂਖ ਦੇ ਜ਼ੋਰ ਮੁਕੱਦਮੇ ਦਰਜ਼ ਹੋਣ ਅਤੇ ਸਜ਼ਾਵਾਂ ਤੋਂ ਅਕਸਰ ਹੀ ਬਚ ਨਿਕਲਦੇ ਹਨ, ਕਦੇ ਵੀ ਪੂਰੀਆ ਸਜ਼ਾਵਾਂ ਜੇਲਾਂ ਵਿੱਚ ਨਹੀਂ ਕੱਟਦੇ, ਸਗੋਂ ਅਕਸਰ ਹੀ ਉਹ ਆਪਣੀਆਂ ਸਜ਼ਾਵਾਂ ਨੂੰ ਮੁਆਫ ਵੀ ਕਰਵਾ ਲੈਂਦੇ ਹਨ। ਦਿੱਲੀ ਦੰਗਿਆਂ ਦੇ ਕੁੱਝ ਦੋਸ਼ੀਆਂ ਦੀ ਸਜ਼ਾ, ਜੋ ਹਾਈਕੋਰਟ ਨੇ ਘਟਾ ਕੇ ਉਮਰ ਕੈਦ ਕਰ ਦਿੱਤੀ ਸੀ, ਨੂੰ ਦਿੱਲੀ ਸਰਕਾਰ ਨੇ ਬਿਲਕੁਲ ਹੀ ਮੁਆਫ ਕਰ ਦਿੱਤਾ ਸੀ। ਗੁਜਰਾਤ ਦੰਗਿਆਂ ਦੀ ਦੋਸ਼ੀ ਉਥੋਂ ਦੀ ਸਾਬਕਾ ਸਿਹਤ ਮੰਤਰੀ ਮਾਇਆ ਕੋਡਨਾਨੀ ਜੇਲ ਵਿੱਚੋ ਪੈਰੋਲ ਦੀ ਸਹੂਲਤ ਲੈ ਚੁੱਕੀ ਹੈ।
ਇਸ ਤੋਂ ਇਲਵਾ ਦੇਸ਼ ਭਰ ਵਿੱਚ ਜੇਲਾਂ ਵਿੱਚ ਬੰਦ 3.85 ਲੱਖ ਕੈਦੀਆਂ ਵਿੱਚੋਂ 2.54 ਲੱਖ ਹਵਾਲਾਤੀ ਹਨ ਜਿਹੜੇ ਕੁੱਲ ਕੈਦੀਆਂ ਦਾ 65 ਫੀਸਦੀ ਬਣਦੇ ਹਨ। ਹਵਾਲਾਤੀਆਂ ਚੋਂ 1.58 ਲੱਖ ਹਵਾਲਾਤੀ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ ਵਿੱਚ ਹਨ। ਪੰਜ ਸਾਲ ਤੋਂ ਵੱਧ ਸੁਣਵਾਈ ਅਧੀਨ ਲਟਕ ਰਹੇ ਹਵਾਲਾਤੀਆਂ ਦੀ ਗਿਣਤੀ (317) ਨਾਲ ਪੰਜਾਬ ਦੇਸ਼ ਭਰ ਵਿੱਚ ਚੋਂ ਦੂਜੇ ਨੰਬਰ(ਪਹਿਲਾ ਸਥਾਨ ਯੂ.ਪੀ-324ਹਵਾਲਾਤੀ) 'ਤੇ ਹੈ। ਬਹੁਤੇ ਹਵਾਲਾਤੀਆਂ ਦੇ ਮੁਕੱਦਮਿਆਂ ਦੀ ਸੁਣਵਾਈ ਹੀ ਸ਼ੁਰੂ ਨਹੀਂ ਹੁੰਦੀ ਅਤੇ ਅਨੇਕਾਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਮਾਮੂਲੀ ਗੁਨਾਹਾਂ ਦੇ ਹਵਾਲਾਤੀ ਆਪਣੇ ਇਲਜ਼ਾਮ ਦੀ ਬਣਦੀ ਸਜ਼ਾ ਤੋਂ ਵੱਧ ਸਮਾਂ ਪਹਿਲਾਂ ਹੀ ਜੇਲ ਵਿੱਚ ਗੁਜ਼ਾਰ ਚੁੱਕੇ ਹਨ। ਹਵਾਲਾਤੀਆਂ ਵਿੱਚੋਂ ਬਹੁਤੇ ਗਰੀਬ, ਅਣਪੜ, ਦਲਿਤ ਅਤੇ ਆਦਿਵਾਸੀ ਲੋਕ ਹਨ ਜਿਹੜੇ ਸਾਧਨਾ ਅਤੇ ਸ੍ਰੋਤਾਂ ਦੀ ਘਾਟ ਕਰਕੇ ਜਮਾਨਤ ਵੀ ਨਹੀਂ ਕਰਵਾ ਸਕਦੇ। ਦੱਬੇ ਕੁਚਲੇ ਅਤੇ ਸਾਧਨਾ ਤੋਂ ਵਾਂਝੇ ਹਿੱਸਿਆ ਦੇ ਬੇਸ਼ੁਮਾਰ ਕੈਦੀ ਛੋਟੇ ਛੋਟੇ ਇਲਜਾਮਾਂ ਹੇਠ ਜੇਲਾਂ ਵਿੱਚ ਸੜ੍ਹ ਰਹੇ ਹਨ।ਇੱਕ ਉਭਰਵੀ ਉਦਾਹਰਣ ਕੇਂਦਰੀ ਆਸਾਮ ਦੇ ਆਦਿ ਵਾਸੀ ਮਚਾਂਗ ਲਾਲੁੰਗ ਦੀ ਹੈ ਜਿਸਨੂੰ 23 ਸਾਲ ਦੀ ਉਮਰ ਵਿੱਚ ਆਈ.ਪੀ.ਸੀ. ਦੀ ਧਾਰਾ 326 ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2005 ਵਿੱਚ ਉਸਨੂੰ 54 ਸਾਲਾਂ ਪਿਛੋਂ ਰਿਹਾ ਕੀਤਾ ਗਿਆ। ਇਸ ਤਰਾਂ ਲੋਕਾਂ ਦਾ ਜੇਲਾਂ ਵਿੱਚ ਰੁਲਣਾ ਸੰਵਿਧਾਨ ਦੀ ਧਾਰਾ 21 ਦੀ ਖੁੱਲੇਆਮ ਉਲੰਘਣਾ ਹੈ। ਸਭਾ ਮੰਗ ਕਰਦੀ ਹੈ ਕਿ 'ਬਸਤੀਵਾਦੀ ਸਮੇਂ ਤੋਂ ਚਲੀਆ ਰਹੀ ਰਿਹਾਈ ਪ੍ਰਕ੍ਰਿਆ ਨੂੰ ਖਤਮ ਕੀਤਾ ਜਾਵੇ ਅਤੇ ਇਸ ਨੂੰ ਅਦਾਲਤ ਦੀ ਨਿਗਰਾਨੀ ਹੇਠ ਪਾਰਦਰਸ਼ੀ ਅਤੇ ਸਰਲ ਬਣਾਇਆ ਜਾਵੇ ਅਤੇ ਸਜ਼ਾ ਪੂਰੀ ਕਰ ਚੱਕੇ ਕੈਦੀਆਂ ਦੀ ਰਿਹਾਈ ਬਿਨਾਂ ਕਿਸੇ ਵਿਤਕਰੇ ਦੇ ਯਕੀਨੀ ਬਣਾਈ ਜਾਵੇ। ਇਸ ਵਿੱਚ ਹੀ ਸਰਬੱਤ ਦਾ ਭਲਾ ਹੈ। ਬਿਨਾਂ ਸੁਣਵਾਈ ਜਾਂ ਲੰਮੇ ਸਮੇ ਤੋਂ ਸੁਣਵਾਈ ਅਧੀਨ ਚੱਲ ਰਹੇ ਮੁਕੱਦਮਿਆਂ ਦੇ ਵੇਰਵੇ ਲੋਕਾਂ ਸਾਹਮਣੇ ਲਿਆਕੇ, ਗ੍ਰਿਫਤਾਰ ਲੋਕਾਂ ਦੀ ਰਿਹਾ ਕੀਤਾ ਜਾਵੇ'।ਸਭਾ ਆਪਣੇ ਮੈਂਬਰਾਂ ਸਮੇਤ ਸੱਭ ਜਮਹੂਰੀ ਪਸੰਦ ਤਾਕਤਾਂ, ਬੁਧੀਜੀਵੀਆਂ ਅਤੇ ਸੰਘਰਸ਼ੀਲ ਲੋਕਾਂ ਨੂੰ ਇਸ ਬਾਰੇ ਲੋਕਰਾਏ ਲਾਮਬੰਦ ਕਰਨ ਦੀ ਮੁਹਿੰਮ ਚਲਾਉਣ ਦੀ ਅਪੀਲ ਕਰਦੀ ਹੈ।
ਜਾਰੀ ਕਰਤਾ: ਜਾਰੀ ਕਰਤਾ: ਪ੍ਰੋਫੈਸਰ ਅਜਮੇਰ ਅੋਲਖ , ਸੂਬਾ ਪ੍ਰਧਾਨ (9815575495)
ਪ੍ਰੋਫੈਸਰ ਜਗਮੋਹਨ ਸਿੰਘ, ਸੂਬਾ ਜਨਰਲ ਸਕੱਤਰ (9814001836)
Subscribe to:
Posts (Atom)
