Wednesday, March 26, 2014

ਹਿਰਾਸਤ ਵਿਚ ਵਿਦਿਆਰਥੀਆਂ 'ਤੇ ਤਸ਼ੱਦਦ ਦੀ ਜਮਹੂਰੀ ਅਧਿਕਾਰ ਸਭਾ ਵਲੋਂ ਨਿਖੇਧੀ

ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲੱਖ ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਫ਼ੀਸਾਂ ਵਿਚ ਕੀਤੇ ਨਜਾਇਜ਼ ਵਾਧੇ ਨੂੰ ਵਾਪਸ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਅੰਦੋਲਨ ਕਰ ਰਹੇ ਸਟੂਡੈਂਟਸ ਫਾਰ ਸੁਸਾਇਟੀ ਦੇ ਵਿਦਿਆਰਥੀਆਂ ਉਪਰ ਯੂ.ਟੀ. ਪੁਲਿਸ ਵਲੋਂ ਕੈਂਪਸ ਵਿਚ ਜਾ ਕੇ ਹਮਲਾ ਕਰਨ, ਮੈਜਿਸਟਰੇਟ ਦੀ ਇਜਾਜ਼ਤ ਲਏ ਬਗ਼ੈਰ ਹੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਉਪਰ ਗ਼ੈਰਕਾਨੂੰਨੀ ਤਰੀਕੇ ਨਾਲ ਨਾ ਸਿਰਫ਼ ਲਾਠੀਚਾਰਜ ਕਰਨ ਸਗੋਂ ਉਨ੍ਹਾਂ ਨੂੰ ਬੰਦੂਕਾਂ ਦੇ ਬੱਟ ਮਾਰਕੇ ਬੇਰਹਿਮੀ ਨਾਲ ਕੁੱਟਣ ਅਤੇ ਫਿਰ ਗ੍ਰਿਫ਼ਤਾਰ ਕਰਕੇ ਪੁਲਿਸ ਹਿਰਾਸਤ ਅੰਦਰ ਭਾਰੀ ਤਸ਼ੱਦਦ ਢਾਹੁਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਸਭਾ ਦੇ ਆਗੂਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਇਸ਼ਾਰੇ 'ਤੇ ਇਸ ਪੁਲਿਸੀ ਕਾਰਵਾਈ ਨੂੰ ਪੂਰੀ ਤਰ੍ਹਾਂ ਭੜਕਾਊ, ਨਜਾਇਜ਼ ਤੇ ਗ਼ੈਰਕਾਨੂੰਨੀ ਤੇ ਜਮਹੂਰੀ ਹੱਕਾਂ ਦਾ ਘੋਰ ਉਲੰਘਣ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਇਸ ਵਹਿਸ਼ੀ ਜਬਰ ਦੀ ਮੈਜਿਸਟਰੇਟੀ ਜਾਂਚ ਕਰਾਈ ਜਾਵੇ, ਲਾਕਾਨੂੰਨੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇ ਅਤੇ ਗ੍ਰਿਫ਼ਤਾਰ ਕੀਤੇ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਖਿਆ ਦੇ ਵਪਾਰੀਕਰਨ ਤਹਿਤ ਫ਼ੀਸਾਂ ਵਿਚ ਬੇਤਹਾਸ਼ਾ ਵਾਧਾ ਹਾਸ਼ੀਆਗ੍ਰਸਤ ਅਵਾਮ ਨੂੰ ਸਿਖਿਆ ਦੇ ਬੁਨਿਆਦੀ ਹੱਕ ਤੋਂ ਵਾਂਝੇ ਕਰਕੇ ਸਮਾਜੀ ਨਾਬਰਾਬਰੀ ਨੂੰ ਵਧਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਆਪਣੇ ਸਿਖਿਆ ਦੇ ਬੁਨਿਆਦੀ ਹੱਕ ਦੀ ਰਾਖੀ ਲਈ ਅੰਦੋਲਨ ਵਿਦਿਆਰਥੀਆਂ ਦਾ ਬੁਨਿਆਦੀ ਸੰਵਿਧਾਨਕ ਹੱਕ ਹੈ। ਉਨ੍ਹਾਂ ਕਿਹਾ ਕਿ ਨਵ-ਉਦਾਰਵਾਦੀ ਵਿਕਾਸ ਮਾਡਲ ਅਤੇ ਰਾਜ ਦਾ ਫਾਸ਼ੀਵਾਦੀ ਰੁਝਾਨ ਇਕੋ ਸਿੱਕੇ ਦੇ ਦੋ ਪਹਿਲੂ ਹਨ। ਸਭਨਾਂ ਜਮਹੂਰੀ ਤੇ ਇਨਸਾਫ਼ਪਸੰਦ ਤਾਕਤਾਂ ਨੂੰ ਰਾਜ ਦੇ ਵਧ ਰਹੇ ਫਾਸ਼ੀਵਾਦ ਨੂੰ ਗੰਭੀਰਤਾ ਨਾਲ ਲੈ ਕੇ ਇਸ ਵਿਰੁੱਧ ਆਵਾਜ਼ ਉਠਾਉਂਦੇ ਹੋਏ ਬਿਹਤਰ ਜ਼ਿੰਦਗੀ ਅਤੇ ਬੁਨਿਆਦੀ ਹੱਕਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ।


ਬੂਟਾ ਸਿੰਘ
ਸੂਬਾ ਪ੍ਰੈੱਸ ਸਕੱਤਰ, 
ਮਿਤੀ : 18 ਮਾਰਚ 2014


ਮਹਿਜ਼ ਵੋਟਾਂ ਦਾ ਅਧਿਕਾਰ ਹੀ ਜਮਹੁ੍ਰੀਅਤ ਨਹੀਂ- ਜਮਹੂਰੀ ਅਧਿਕਾਰ ਸਭਾ


ਮਹਿਜ਼ ਵੋਟ ਦੇਣ ਦਾ ਅਧਿਕਾਰ ਹੀ ਜਮਹੂ੍ਰਰੀਅਤ ਨਹੀਂ ਜੇ ਲੋਕਾਂ ਨੂੰ 

ਵਿਚਾਰ ਪ੍ਰਗਟ ਕਰਨ, ਜਥੇਬੰਦ ਹੋਣ ਅਤੇ ਰੋਸ ਪ੍ਰਗਟ ਕਰਨ ਦੇ ਹੱਕ ਹਾਸਲ ਨਾ ਹੋਣ। ਇਹ ਵਿਚਾਰ ਪ੍ਰਿਤਪਾਲ ਸਿੰਘ ਸੂਬਾ ਕਮੇਟੀ ਮੈਂਬਰ ਅਤੇ ਮਨਜੀਤ ਸਿੰਘ ਪੈਸ ਸਕੱਤਰ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਬਠਿੰਡਾ ਨੇ ਪੈਸ ਦੇ ਨਾਮ ਬਿਆਨ ਜਾਰੀ ਕਰਦਿਆ ਪ੍ਰਗਟ ਕੀਤੇ। ਪੰਜਾਬ ਭਰ 'ਚ ਵਿਸ਼ੇਸ਼ ਕਰਕੇ ਬਠਿੰਡਾ-ਮਾਨਸਾ ਜ਼ਿਲ੍ਹਾ ਹੈਡਕੁਆਟਰਾਂ ਉਪਰ ਧਰਨੇ ਮੁਜਾਹਰਿਆ ਉਪਰ ਪੂਰਨ ਪਾਬੰਦੀ ਲੱਗੀ ਹੋਈ ਹੈ ਅਤੇ ਇਸ ਦੇ ਨਾਲੋ ਨਾਲ ਚੋਣਾਂ ਰਾਹੀਂ ਸਰਕਾਰ ਚੁਨਣ ਦਾ ਅਧਿਕਾਰ ਦੇਣ ਤੱਕ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਦੇਸ਼ ਭਰ ਵਿੱਚ ਇਹ ਅਮਲ ਜ਼ੋਰ ਸ਼ੋਰ ਨਾਲ ਜਾਰੀ ਹੈ। ਆਪਣੇ ਲਈ ਰਿਹਾਈਸ਼ੀ ਪਲਾਂਟਾਂ ਦੀ ਮੰਗ ਕਰਦੇ ਖੇਤ ਮਜ਼ਦੂਰਾਂ ਅਤੇ ਹਮਾਇਤੀ ਕਿਸਾਨਾਂ ਉਪਰ ਭੁੱਚੋ ਖੁਰਦ ਅਤੇ ਜੱਸੀ-ਪੌ ਵਾਲੀ (ਬਠਿੰਡਾ) ਅਤੇ ਮਾਨਸਾ ਵਿੱਚ ਕਿਸਾਨ-ਮਜ਼ਦੂਰਾਂ 
ਨੂੰ ਜ਼ਿਲ੍ਹਾ ਹੈਡਕੁਆਟਰਾਂ ਉਪਰ ਪਹੁੰਚਣ ਤੋਂ ਰੋਕਣ ਲਈ ਲਾਈਆਂ ਰੋਕਾਂ ਅਤੇ 
ਕੀਤੇ ਗਏ ਲਾਠੀਚਾਰਜ ਦੀ ਨਿਖੇਦੀ ਕਰਦਿਆਂ ਆਗੂਆ ਨੇ ਕਿਹਾ ਕਿ 7 ਮਾਰਚ 2013 ਨੂੰ ਪੰਜਾਬ ਦੀ ਕੈਬਨਿਟ ਨੇ ਇੱਕ ਗੈਰਜਮਹੂਰੀ ਫੈਸਲੇ ਨਾਲ ਪੰਜਾਬ ਭਰ 'ਚ ਜ਼ਿਲਾ ਹੈਡਕੁਆਟਰਾਂ ਉਪਰ ਵਿਖਾਵੇ ਕਰਨ ਦੇ ਹੱਕ ਨੂੰ ਖੋਹ ਲਿਆ ਹੈ। ਬਠਿੰਡਾ ਪ੍ਰਸ਼ਾਸਨ ਇਸ ਹੁਕਮ ਉਪਰ ਪੂਰੇ ਫੂੱਲ ਚੜ੍ਹਾ ਰਿਹਾ ਹੈ। ਆਏ ਦਿਨ ਉਹ ਧਰਨਾਕਾਰੀਆ ਉਪਰ ਤਾਕਤ ਦੀ ਵਰਤੋਂ ਕਰਦਾ ਆ ਰਿਹਾ ਹੈ ਭਾਵੇਂ ਮਸਲਾ ਅੰਦੋਲਨ ਕਾਰੀ ਅਧਿਆਪਕਾਂ ਤੋਂ ਰਜਾਈਆ ਖੋਹਣ ਦਾ ਹੋਵੇ, ਮੈਡੀਕਲ ਪ੍ਰੇਕਟੀਸ਼ਨਰਾਂ ਜਾਂ ਗੈਸਟ ਫੈਕਲਟੀ ਲੈਕਚਰਾਰਾਂ, ਆਸਾ ਵਰਕਰਾਂ ਜਾ ਆਸਾ ਵਲੱਟੀਅਰਾਂ, ਸਟਾਫ ਨਰਸਾਂ ਜਾਂ ਸਪੈਸਲ ਟਰੈਨਰ ਅਧਿਆਪਕਾਂ ਰਮਸਾ ਅਧਿਆਪਕਾ ਜਾਂ ਰਮਸਾ ਕਰਮਚਾਰੀਆਂ ਜਾ ਸਹਿਕਾਰੀ ਮੁਲਾਜ਼ਮਾਂ ਨੂੰ ਧਰਨਾ ਦੇਣ ਤੋਂ ਰੋਕਣ ਦਾ ਹੋਵੇ। ਜ਼ਿਲਾ ਪ੍ਰਸ਼ਾਸਨ ਲਗਾਤਾਰ ਬੇਰੋਕ ਟੋਕ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਬਸਤੀਵਾਦੀ ਹਕੂਮਤ ਖਿਲਾਫ ਲੜਾਈ 
ਦੌਰਾਨ ਲੋਕਾਂ ਵੱਲੋਂ ਹਾਸ਼ਲ ਕੀਤੇ ਨਿਗੂਣੇ ਜਮਹੂਰੀ ਹੱਕਾਂ ਨੂੰ ਪੈਰਾ ਹੇਠ ਦਰੜ 
ਰਿਹਾ ਹੈ। ਇਸ ਤੋਂ ਵੀ ਅੱਗੇ ਜ਼ਿਲ੍ਹਾ ਪ੍ਰਸਾਸਨ ਨੇ ਸਥਾਨਕ ਦੁਕਾਨਦਾਰਾਂ ਨੂੰ 
ਮਜਾਹਰਾ ਕਾਰੀਆਂ ਨੂੰ ਸਪੀਕਰਾਂ-ਟੈਂਟਾਂ ਦੀ ਸਪਲਾਈ ਨਾ ਕਰਨ ਅਤੇ ਪ੍ਰੈਸ ਨੂੰ 
ਉਹਨਾਂ ਦੇ ਇਸ਼ਤਿਹਾਰ ਨਾ ਛਾਪਣ ਦੇ ਜਬਾਨੀ ਧਮਕੀਆ ਦਿੱਤੀਆਂ ਹੋਈਆ ਹਨ। ਮਾਨਸਾ ਪ੍ਰਸ਼ਾਸਨ ਵੀ ਇਹਨਾਂ ਕਦਮਾ ਉਪਰ ਹੀ ਚੱਲ ਰਿਹਾ ਹੈ ਜਿਸਨੇ ਅੱਜ ਵੀ ਭੱਠਾ ਮਜ਼ਦੂਰਾਂ ਅਤੇ ਖੇਤ ਮਜਦੂਰਾਂ ਦੇ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕੀਤੀ ਹੈ। ਕਪੂਰਥਲਾ ਪ੍ਰਸ਼ਾਸਨ ਉਹਨਾਂ ਨੌਜਵਾਨਾਂ ਨੂੰ ਹਾਲੇ ਵੀ ਜੇਲਾਂ ਵਿੱਚ ਡੱਕੀ ਬੈਠਾ ਹੈ ਜਿਹਨਾਂ ਨੇ ਨਸ਼ਿਆ ਦੀ ਰੋਕ-ਥਾਮ ਲਈ ਕੈਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਾਲੇ ਝੰਡੇ ਦਿਖਾਏ ਸਨ। ਚੰਡੀਗੜ੍ਹ ਪ੍ਰਸਾਸਨ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਵਾਧੇ ਖਿਲਾਫ ਭੁੱਖ ਹੜਤਾਲ ਤੇ ਬੈਠੇ ਵਿਦਿਆਰਥੀਆਂ ਨੂੰ ਚੁੱਕ ਕੇ ਮਾਰਕੁਟਾਈ ਕੀਤੀ ਅਤੇ ਕੇਸ ਦਰਜ ਕਰ ਦਿੱਤੇ।ਜਮਹੂਰੀ ਅਧਿਕਾਰਾਂ ਨੂੰ ਦਰੜਨ ਦੀ ਇਹ ਲੜੀ ਅਟੁੱਟ ਹੈ।ਰਾਜ ਦੇ ਤਾਨਾਸ਼ਾਹੀ ਵੱਲ ਵੱਧਦੇ ਕਦਮ ਜਮਹੁਰੀ ਪਸੰਦ ਅਤੇ ਜਮਹੂਰੀ ਹੱਕਾਂ ਲਈ ਲੜਨ ਵਾਲੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। 23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ ਰਾਜ ਗੁਰੁ ਅਤੇ ਸੁਖਦੇਵ ਦੀ ਕਾਰਬਾਨੀ ਅਜਿਹੇ ਜ਼ਾਬਰ ਕਦਮਾਂ ਵਿਰੁੱਧ ਜਾਗਰੂਕ ਹੋਕੇ, ਇੱਕ ਜੁੱਟ ਹੋਕੇ ਆਪਣੇ ਹੱਕਾਂ ਦੀ ਰਾਖੀ 
ਲਈ ਪ੍ਰੇਰ ਰਹੀ ਹੈ।
ਜਾਰੀ ਕਰਤਾ ਪ੍ਰਿਤਪਾਲ ਸਿੰਘ 9876060280

ਸੂਬਾ ਕਮੇਟੀ ਮੈਂਬਰ ਜਮਹੂਰੀ ਅਧਿਕਾਰ ਸ਼ਭਾ ਪੰਜਾਬ

ਜਮਹੂਰੀ ਅਧਿਕਾਰ ਸਭਾ ਨੇ ਡਾਇਟ ਦਿਉਣ ਵਿਖੇ ਔਰਤ ਦਿਵਸ ਮਨਾਇਆ



ਜਮਹੂਰੀ ਅਧਿਕਾਰ ਸ਼ਭਾ ਪੰਜਾਬ ਇਕਾਈ ਬਠਿੰਡਾ ਨੇ ਔਰਤ ਮਾਮਲਿਆਂ ਨੂੰ ਸੰਬੋਧਤ ਹੋਣ ਅਤੇ ਭਵਿਖ ਵਿੱਚ ਅਧਿਆਪਕਾਂ ਦਾ ਕਿੱਤਾ ਅਪਨਾਉਣ ਵਾਲੇ ਸਿਖਿਆਰਥੀਅਆਂ ਨੂੰ ਔਰਤਾਂ ਦੀ ਦਸ਼ਾ ਬਦਲਣ ਵਿੱਚ ਆਪਣਾ ਹਾਂ ਪੱਖੀ ਰੋਲ ਨਿਭਾਉਣ ਵਾਸਤੇ ਜਾਗਰੂਕ ਕਰਨ ਲਈ ਡਾਈਟ ਦਿਉਣ ਬਠਿੰਡਾ ਵਿਖੇ ਔਰਤ ਦਿਵਸ ਮਨਾਇਆ। ਇਸ ਵਿੱਚ ਸਭਾ ਦੇ ਪ੍ਰਧਾਨ ਸੇਵਾ ਮੁਕਤ ਪਿੰਸੀਪਲ ਬੱਗਾ ਸਿੰਘ ਨੇ ਬੋਲਦਿਆਂ ਕਿਹਾ ਕਿ ਪੂਰਨ  ਅਤੇ ਸਾਵੀਂ ਸ਼ਖਸੀਅਤ ਦੇ ਵਿਕਾਸ ਦੇ ਅਜਿਹੇ ਮੌਕੇ ਪ੍ਰਦਾਨ ਕਰਨਾ ਜਿੰਨਾਂ ਰਾਹੀਂ ਸਮਾਜਿਕ ਉਨਤੀ ਵਿੱਚ ਵੱਧ ਤੋਂ ਵੱਧ ਹਿਸਾ ਪਾਇਆਂ ਜਾ ਸਕੇ, ਅਸਲ ਅਜ਼ਾਦੀ ਹੈ। ਮਨੁੱਖੀ ਸ਼ਖਸੀਅਤ ਵਿਕਾਸ ਲਈ ਤਿੰਨ ਪੱਖਾਂ ਤੋਂ ਵਿਚਾਰ ਕਰਨਾ ਜਰੂਰੀ ਹੈ (1) ਸਮਾਜਿਕ ਪੈਦਾਵਾਰ ਵਿੱਚ ਹਿੱਸਾ ਪਾਉਣਾ ਅਤੇ ਉਸਦੀ ਸਮਾਜਿਕ ਮਾਨਤਾ ਮਨਵਾਉਣੀ । 

(2੿)ਜਮਾਤੀ ਲੋੜਾਂ ਦੀ ਪੂਰਤੀ ਲਈ ਚਲਦੇ ਕ੍ਰਿਤੀ ਜਮਾਤ ਦੇ ਘੋਲਾਂ ਵਿੱਚ ਹਿੱਸਾਂ ਪਾਉਣਾ। (3) ਵਿਗਿਆਂਨਕ ਤੌਰ ਤਰੀਕਿਆਂ ਰਾਹੀਂ ਗਿਆਨ ਪ੍ਰਾਪਤ ਕਰਨ ਨਾਲ ਮਨੁੱਖੀ ਸਖਸ਼ੀਅਤ ਦਾ ਪੜਆ ਵਾਰ ਵਿਕਾਸ ਹੁੰਦਾ ਹੈ। 

ਉਹਨਾਂ ਨੇ ਉੱਚ-ਵਰਗ, ਮੱਧ-ਵਰਗ ਤੇ ਹੇਠਲੇ ਵਰਗ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਉਪਰ ਵਿਸਥਾਰ ਨਾਲ ਚਾਨਣਾ ਪਾਇਆ। ਸੇਵਾਮੁਕਤ ਪਿੰਸੀਪਲ ਰਣਜੀਤ ਸਿੰਘ ਨੇ ਗੁਰਬਾਣੀ ਅਧਾਰਤ ਅਤੇ ਜਮੀਨੀ ਤਲਖ ਹਕੀਕਤਾਂ ਵਿੱਚ 
ਔਰਤ ਦੀ ਦਸ਼ਾ ਬਾਰੇ ਚਰਚਾ ਕੀਤੀ। ਜ਼ਿਲਾ ਸਿਖਿਆ ਅਤੇ ਸਿਖਲਾਈ ਸੰਸਥਾ ਦਿਉਣ ਦੇ ਵਿਦਿਆਰਥਣਾ ਅਤੇ ਅਧਿਆਪਕਾਵਾਂ ਵੱਲੋਂ ਉਠਾਏ ਗਏ ਸਵਾਲਾਂ ਦਾ ਵਿਸਥਾਰ ਪੂਰਬਕ ਜਵਾਬ ਦਿੱਤੇ ਗਏ। ਸੂਬਾ ਕਮੇਟੀ ਮੈਂਬਰ ਪ੍ਰਿਤਪਾਲ ਸਿੰਘ ਨੇ ਨਾਲ ਸਹਿਯੋਗ ਕੀਤਾ ਅਤੇ ਸ੍ਰੀ ਦਰਸ਼ਨ ਸਿੰਘ ਮੌੜ ਨੇ ਸਟਣ ਦੀ ਭੂਮਿਕਾ ਪੂਰੀ 
ਜਿੰਮੇਵਾਰੀ ਨਾਲ ਨਿਭਾਈ।ਪ੍ਰਵੀਨ, ਸੁਨੀਤ ਅਤੇ ਸਤਵਿੰਦਰ, ਅਤੇ ਸਿਖਿਆਂਰਥੀਆਂ ਨੇ ਵੀ ਔਰਤ ਦੀ ਆਜ਼ਾਦੀ ਪ੍ਰਤੀ ਆਪਣੀਆਂ ਧਾਰਨਾਵਾਂ ਖੂੱਲ ਕੇ ਪੇਸ਼ ਕੀਤੀਆਂ ਜਿਸ ਨਾਲ ਵਿਚਾਰ ਚਰਚਾ ਹੋਰ ਸੰਜਿਦ ਹੋ ਗਈઽ
ਜਾਰੀ ਕਰਤਾ: ਬੱਗਾ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਬਠਿੰਡਾ। (9888986469)