ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਏ.ਕੇ.ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਲੋਕਪੱਖੀ ਲੇਖਕ ਸੁਰਜੀਤ ਗੱਗ ੳੱੁਪਰ ਦੁਸਹਿਰੇ ਉੱਪਰ ਲਿਖੇ ਲੇਖ ਨੂੰ ਅਧਾਰ ਬਣਾਕੇ ਥਾਣਾ ਸ਼੍ਰੀ ਆਨੰਦਪੁਰ ਸਾਹਿਬ ਵਿਚ ਧਾਰਾ 295-ਏ ਤਹਿਤ ਪਰਚਾ ਦਰਜ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸੱਭਿਅਕ ਸਮਾਜ ਨੂੰ ਧਾਰਮਿਕਤਾ ਦੀ ਆੜ ਹੇਠ ਦਣਦਣਾ ਰਹੀ ਧੌਂਸਬਾਜ਼ ਅਤੇ ਅਸਹਿਣਸ਼ੀਲ ਬਿਰਤੀ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਜਿਸ ਵਿਚ ਗ੍ਰਸਤ ਤਾਕਤਾਂ ਵਲੋਂ ਲੇਖਕਾਂ ਦੇ ਵਿਚਾਰਾਂ ਨੂੰ ਸੰਵਾਦ ਰਾਹੀਂ ਗ਼ਲਤ ਸਾਬਤ ਕਰਨ ਦੀ ਬਜਾਏ ਵੱਖਰੇ ਤੇ ਆਲੋਚਨਾਤਮਕ ਖ਼ਿਆਲਾਂ ਵਾਲੀਆਂ ਕਲਮਾਂ ਨੂੰ ਵਾਰ-ਵਾਰ ਪੁਲਿਸ ਕੇਸਾਂ ਵਿਚ ਉਲਝਾਇਆ ਜਾ ਰਿਹਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਬਹਾਨਾ ਬਣਾਕੇ ਇਸ ਤਰ੍ਹਾਂ ਦੀਆਂ ਕਾਨੂੰਨੀ ਵਿਵਸਥਾਵਾਂ ਦੀ ਆਪਣੇ ਸੌੜੇ ਹਿਤਾਂ ਲਈ ਲਗਾਤਾਰ ਦੁਰਵਰਤੋਂ ਕੀਤੀ ਜਾ ਰਹੀ ਹੈ। ਰੂੜ੍ਹੀਵਾਦੀ ਪਿਛਾਂਹਖਿੱਚੂ ਤਾਕਤਾਂ ਨਹੀਂ ਚਾਹੰੁਦੀਆਂ ਕਿ ਲੋਕ ਮਜ਼੍ਹਬੀ ਰੂੜ੍ਹੀਵਾਦ, ਪਾਖੰਡਵਾਦ ਅਤੇ ਕਰਮਾਂ-ਕਾਂਡਾਂ ਦੇ ਚੱਕਰ ਵਿੱਚੋਂ ਨਿਕਲਕੇ ਸਮਾਜ ਨੂੰ ਜਿਊਣਯੋਗ ਬਣਾਉਣ ਲਈ ਜਾਗਰੂਕ ਹੋਣ। ਇਸ ਖ਼ਤਰਨਾਕ ਵਰਤਾਰੇ ਵਿਰੁੱਧ ਜ਼ੋਰਦਾਰ ਲੋਕ ਰਾਇ ਉਸਾਰਨ ਦੀ ਲੋੜ ਹੈ ਕਿਉਕਿ ਇਹ ਸਮਾਜਿਕ ਤਰੱਕੀ ਦਾ ਰਾਹ ਰੋਕਣ ਦਾ ਪਿਛਾਖੜੀ ਰੁਝਾਨ ਹੈ। ਇਸ ਤਰ੍ਹਾਂ ਧੌਂਸਬਾਜ਼ੀ ਨਾਲ ਕਿਸੇ ਲੇਖਕ ਦੀ ਵਕਤੀ ਜ਼ੁਬਾਨਬੰਦੀ ਤਾਂ ਕੀਤੀ ਜਾ ਸਕਦੀ ਹੈ ਪਰ ਇਹ ਤਰੀਕਾ ਕਦੇ ਵੀ ਸਮਾਜ ਵਿਚ ਸਹੀ ਵਿਚਾਰਾਂ ਨੂੰ ਸਥਾਪਤ ਕਰਨ ਦਾ ਸਾਧਨ ਨਹੀਂ ਹੋ ਸਕਦਾ। ਧੌਂਸਬਾਜ਼ੀ ਤਾਕਤਾਂ ਦੀ ਹਮੇਸ਼ਾ ਹਾਰ ਹੰੁਦੀ ਆਈ ਹੈ ਅਤੇ ਹਮੇਸ਼ਾ ਤਰੱਕੀਪਸੰਦ ਵਿਚਾਰ ਹੀ ਸਮਾਜ ਦੀ ਤਰੱਕੀ ਦਾ ਸਾਧਨ ਬਣਦੇ ਰਹੇ ਹਨ, ਇਤਿਹਾਸ ਵਿਚ ਇਹ ਵਾਰ-ਵਾਰ ਸਾਬਤ ਹੋ ਚੁੱਕਾ ਹੈ।
ਉਹਨਾਂ ਕਿਹਾ ਕਿ ਧਾਰਾ 144, ਧਾਰਾ 295-ਏ, ਧਾਰਾ 124-ਏ (ਰਾਜਧ੍ਰੋਹ), ਧਾਰਾ 121 (ਰਾਜ ਵਿਰੁੱਧ ਜੰਗ ਛੇੜਨ) ਆਦਿ ਐਸੀਆਂ ਸੰਵਿਧਾਨਕ ਧਾਰਾਵਾਂ ਹਨ ਜੋ ਨਾਗਰਿਕਾਂ ਦੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਇਕੱਠੇ ਹੋਕੇ ਆਪਣੇ ਹਿਤਾਂ ਲਈ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣ ਦਾ ਸਾਧਨ ਹਨ। ਲੋਟੂ ਹਾਕਮ ਜਮਾਤਾਂ ਅਤੇ ਹੋਰ ਸਥਾਪਤੀ ਪੱਖੀ ਤਾਕਤਾਂ ਵਲੋਂ ਇਹਨਾਂ ਦੀ ਲਗਾਤਾਰ ਥੋਕ ਪੈਮਾਨੇ ’ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸਦੀ ਤਾਜ਼ਾ ਮਿਸਾਲ ਸੁਰਜੀਤ ਗੱਗ ਉਪਰ ਦਰਜ ਨਵਾਂ ਪਰਚਾ ਹੈ ਜਿਸ ਵਿਚ ਦੋ ਸਾਲ ਪਹਿਲਾਂ ਲਿਖੇ ਇਕ ਲੇਖ ਨੂੰ ਅਧਾਰ ਬਣਾ ਲਿਆ ਗਿਆ। ਇਸ ਵਾਰ ਬਹਾਨਾ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਹੈ। ਪੰਜਾਬ ਇੰਟੈਲੀਜੈਂਸ ਦੇ ਏ ਆਈ ਜੀ ਦੀ ਸ਼ਿਕਾਇਤ ਦੇ ਅਧਾਰ ’ਤੇ ਡੀ ਐਸ ਪੀ ਸ਼੍ਰੀ ਆਨੰਦਪੁਰ ਸਾਹਿਬ ਦੀ ਪੜਤਾਲ ਦੇ ਹਵਾਲੇ ਨਾਲ ਕੇਸ ਦਰਜ ਕੀਤਾ ਗਿਆ ਹੈ ਜਿਸ ਤੋਂ ਇਸ ਪਿੱਛੇ ਲੁਕੀ ਮਨਸ਼ਾ ਸਪਸ਼ਟ ਦੇਖੀ ਜਾ ਸਕਦੀ ਹੈ।
ਸਭਾ ਦੇ ਆਗੂਆਂ ਨੇ ਸਮੂਹ ਲੋਕਪੱਖੀ ਜਮਹੂਰੀ ਤਾਕਤਾਂ ਅਤੇ ਲੇਖਕ ਸਭਾਵਾਂ ਨੂੰ ਸੁਰਜੀਤ ਗੱਗ ਉੱਪਰ ਮਾਮਲੇ ਨੂੰ ਲੇਖਕ ਦੀ ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲੇ ਦੇ ਤੌਰ ’ਤੇ ਗੰਭੀਰਤਾ ਨਾਲ ਲੈਂਦੇ ਹੋਏ ਇਸ ਰੁਝਾਨ ਦਾ ਡੱਟਕੇ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਇਹ ਮੰਗ ਵੀ ਜ਼ੋਰਦਾਰ ਰੂਪ ਵਿਚ ਕੀਤੀ ਜਾਣੀ ਚਾਹੀਦੀ ਹੈ ਕਿ ਸੁਰਜੀਤ ਗੱਗ ਖ਼ਿਲਾਫ਼ ਦਰਜ ਕੀਤਾ ਪਰਚਾ ਤੁਰੰਤ ਰੱਦ ਕੀਤਾ ਜਾਵੇ ਦਫ਼ਾ 295-ਏ, ਦਫ਼ਾ 144, ਧਾਰਾ 124-ਏ, ਧਾਰਾ 121 ਅਤੇ ਤਾਨਾਸ਼ਾਹ ਸੁਭਾਅ ਵਾਲੀਆਂ ਧਾਰਾਵਾਂ ਸੰਵਿਧਾਨ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਕੀਤੀਆਂ ਜਾਣ ਜੋ ਨਾਗਰਿਕਾਂ ਦੇ ਸੰਵਿਧਾਨਕ ਅਤੇ ਜਮਹੂਰੀ ਹੱਕਾਂ ਦਾ ਘਾਣ ਕਰਦੀਆਂ ਹਨ।
ਬੂਟਾ ਸਿੰਘ, ਪ੍ਰੈੱਸ ਸਕੱਤਰ
ਮਿਤੀ: 13 ਜਨਵਰੀ 2018