Friday, May 2, 2014

AFDR condemns attack on Dr. Dharamvir Gandhi. read complete text on following link in May 2nd Nawanzamana issue. on the following link:
http://nawanzamana.in/e_paper_image.html?id=1907


ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲੱਖ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਸੂਬੇ ਵਿਚ ਲੋਕ ਸਭਾ ਚੋਣਾਂ ਲਈ ਪੋਲਿੰਗ ਦੌਰਾਨ ਸੱਤਾਧਾਰੀ ਧਿਰ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਉਪਰ ਹਮਲਾ ਕਰਨ ਅਤੇ ਹੋਰ ਕਈ ਥਾਈਂ ਹਿੰਸਾ ਵਰਤਾਉਣ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਇਸ ਨੂੰ ਨਾਗਰਿਕਾਂ ਦੇ ਆਪਣੀ ਪਸੰਦ ਅਨੁਸਾਰ ਵੋਟ ਪਾਉਣ ਦੇ ਜਮਹੂਰੀ ਹੱਕ ਉਪਰ ਹਮਲਾ ਅਤੇ ਚੋਣ ਅਮਲ ਨੂੰ ਦਹਿਸ਼ਤ ਰਾਹੀਂ ਪ੍ਰਭਾਵਤ ਕਰਕੇ ਆਪਣੇ ਸੌੜੇ ਮੁਫ਼ਾਦਾਂ ਦੇ ਹੱਕ ਵਿਚ ਭੁਗਤਾਉਣ ਦੀ ਘੋਰ ਗ਼ੈਰਜਮਹੂਰੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਤਾ ਨੂੰ ਆਪਣਾ ਪੁਸ਼ਤੈਨੀ ਅਧਿਕਾਰ ਅਤੇ ਅਜਾਰੇਦਾਰੀ ਸਮਝਣ ਵਾਲੇ ਸਿਆਸੀ ਹਿੱਸੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਅਤੇ ਕੁਸ਼ਾਸਨਿਕ ਕਾਰਗੁਜ਼ਾਰੀ 'ਤੇ ਨਜ਼ਰਸਾਨੀ ਕਰਨ ਅਤੇ ਲੋਕਾਈ ਦੇ ਜਮਹੂਰੀ ਫ਼ਤਵੇ ਨੂੰ ਪ੍ਰਵਾਨ ਕਰਨ ਦੀ ਬਜਾਏ ਲੋਕ ਰਾਇ ਨੂੰ ਦਬਾਕੇ ਧੱਕੜ ਤੇ ਜਮਹੂਰੀਅਤ ਵਿਰੋਧੀ ਢੰਗਾਂ ਜ਼ਰੀਏ ਹਰ ਹੀਲੇ ਸੱਤਾ ਉਪਰ ਜੱਫ਼ਾ ਮਾਰੀ ਰੱਖਣਾ ਚਾਹੁੰਦੇ ਹਨ। ਚੋਣਾਂ ਮੌਕੇ ਤਾਜ਼ਾ ਹਿੰਸਾ ਇਕਾ-ਦੁੱਕਾ ਜਾਂ ਆਪਮੁਹਾਰੀਆਂ ਹਿੰਸਕ ਘਟਨਾਵਾਂ ਨਾ ਹੋ ਕੇ ਜਮਹੂਰੀ ਆਵਾਜ਼ ਨੂੰ ਦਹਿਸ਼ਤਜ਼ਦਾ ਕਰਨ ਦੇ ਸਥਾਪਤੀ ਦੇ ਖੁੱਲ੍ਹੇ ਫਾਸ਼ੀਵਾਦੀ ਰੁਝਾਨ ਦਾ ਸੰਕੇਤ ਹੈ। ਜਿਸ ਦਾ ਪ੍ਰਗਟਾਵਾ ਪਿਛਲੇ ਸਮੇਂ ਤੋਂ ਅਵਾਮ ਦੇ ਜਥੇਬੰਦ ਹੋ ਕੇ ਸੰਘਰਸ਼ ਕਰਨ ਵਾਲੇ ਹਿੱਸਿਆਂ ਨੂੰ ਪੁਲਿਸਤੰਤਰ ਰਾਹੀਂ ਦਬਾਉਣ ਤੇ ਜਮਹੂਰੀ ਹੱਕਾਂ ਨੂੰ ਕੁਚਲਣ ਅਤੇ ਜਨਤਾ ਦੇ ਵਸੀਲਿਆਂ ਨੂੰ ਹੜੱਪਣ ਦੀ ਸੱਤਾਧਾਰੀਆਂ ਦੀ ਲਾਲਸਾ ਵਿਚ ਅੜਿੱਕਾ ਬਣਦੇ ਪ੍ਰਸ਼ਾਸਨਿਕ ਅਧਿਕਾਰੀਆਂ, ਧਾਂਦਲੀਆਂ ਦਾ ਪਰਦਾਫਾਸ਼ ਕਰਦੇ ਸੂਚਨਾ ਅਧਿਕਾਰ ਕਾਰਕੁੰਨਾਂ ਅਤੇ ਸੀਨੀਅਰ ਪੱਤਰਕਾਰ ਉਪਰ ਹਮਲੇ ਕਰਵਾਉਣ ਆਦਿ ਵੱਖੋ-ਵੱਖਰੇ ਰੂਪਾਂ ਵਿਚ ਵਾਰ ਵਾਰ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੇ ਇਸ ਫਾਸ਼ੀਵਾਦੀ ਰੁਝਾਨ ਦਾ ਗੰਭੀਰ ਨੋਟਿਸ ਲੈਂਦਿਆਂ ਸਾਰੀਆਂ ਜਮਹੂਰੀ ਤਾਕਤਾਂ ਨੂੰ ਇਸ ਨੂੰ ਜਮਹੂਰੀ ਹੱਕਾਂ ਉਪਰ ਘਾਤਕ ਹਮਲੇ ਵਜੋਂ ਲੈਂਦੇ ਹੋਏ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਨਾਗਰਿਕਾਂ ਦੇ ਲੋਕ ਰਾਇ ਰਾਹੀਂ ਨਿਜ਼ਾਮ ਬਦਲਣ ਦੇ ਜਮਹੂਰੀ ਹੱਕ ਦੀ ਰਾਖੀ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਮਿਤੀ: 01 ਮਈ 2014