ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲੱਖ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਅੰਮ੍ਰਿਤਸਰ ਵਿਚ ਕਿਸਾਨਾਂ ਦੇ ਰੋਸ-ਵਿਖਾਵੇ ਨੂੰ ਖਦੇੜਨ ਲਈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਾਕਤ ਦੀ ਬਦਰੇਗ ਵਰਤੋਂ ਕਰਨ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਇਸ ਰਾਜਕੀ ਜ਼ੁਲਮ ਦੀ ਅਦਾਲਤੀ ਜਾਂਚ ਕਰਾਈ ਜਾਵੇ, ਸਾਰੇ ਗ੍ਰਿਫ਼ਤਾਰ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਤਸ਼ੱਦਦ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰਾਜ ਦੇ ਅਣਮਨੁੱਖੀ ਵਤੀਰੇ ਤੇ ਪ੍ਰਸ਼ਾਸਨ ਵਲੋਂ ਗਿਣ-ਮਿੱਥਕੇ ਕੀਤੇ ਤਸ਼ੱਦਦ ਨਾਲ ਇਕ ਕਿਸਾਨ ਦੀ ਜਾਨ ਚਲੀ ਗਈ ਗਈ ਅਤੇ ਬੇਸ਼ਮੁਾਰ ਕਿਸਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਚੋਂ ਅਜੇ ਵੀ ਬਹੁਤ ਸਾਰੇ ਕਿਸਾਨ ਲਾਪਤਾ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜਾਇਜ਼ ਮੰਗਾਂ-ਮਸਲਿਆਂ ਤੇ ਸ਼ਿਕਾਇਤਾਂ ਪ੍ਰਤੀ ਹਕੂਮਤ ਤੇ ਪ੍ਰਸ਼ਾਸਨ ਵਲੋਂ ਅਖ਼ਤਿਆਰ ਕੀਤੀ ਗ਼ੈਰਜ਼ਿੰਮੇਵਾਰਾਨਾ ਅਮੁੱਕ ਟਾਲਮਟੋਲ ਅਤੇ ਸਰਕਾਰੀ ਪੱਧਰ 'ਤੇ ਸੁਣਵਾਈ ਨਾ ਹੋਣ ਦੀ ਸੂਰਤ ਵਿਚ ਮਸਲਿਆਂ ਦੇ ਹੱਲ ਲਈ ਸਰਕਾਰ ਅਤੇ ਸਬੰਧਤ ਸਰਕਾਰੀ ਅਧਿਕਾਰੀਆਂ ਵਿਰੁੱਧ ਪੁਰਅਮਨ ਸੰਘਰਸ਼ ਕਰਨਾ ਨਾਗਰਿਕਾਂ ਦਾ ਜਮਹੂਰੀ ਹੱਕ ਹੈ। ਜੇ ਆਹਲਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਚਾਹੁੰਦੇ ਤਾਂ ਤਹੱਮਲ ਨਾਲ ਪੇਸ਼ ਆਉਂਦਿਆਂ ਕਿਸਾਨਾਂ ਵਲੋਂ ਠੱਪ ਕੀਤੀ ਆਵਾਜਾਈ ਨੂੰ ਗੱਲਬਾਤ ਰਾਹੀਂ ਖੁੱਲਵਾ ਸਕਦੇ ਸਨ। ਅਜਿਹਾ ਕਰਨ ਦੀ ਬਜਾਏ ਉਲਟਾ ਇਸ ਪਾਵਰ ਕਾਮ ਅਧਿਕਾਰੀਆਂ ਨੂੰ ਰੋਕਣ ਨੂੰ ਬਹਾਨਾ ਬਣਾਕੇ ਮੁਕਾਮੀ ਪ੍ਰਸ਼ਾਸਨ ਵਲੋਂ ਸਿਆਸੀ ਇਸ਼ਾਰੇ 'ਤੇ ਸੱਤਾ ਦੀ ਬੇਲਗਾਮ ਤਾਕਤ ਦੀ ਬੇਲੋੜੀ ਤੇ ਬਦਰੇਗ ਵਰਤੋਂ ਕੀਤੀ ਗਈ। ਜਿਸ ਦਾ ਵਾਹਦ ਮਕਸਦ ਨਾਗਰਿਕਾਂ ਦੀ ਜਥੇਬੰਦ ਹੱਕ ਜਤਾਈ ਤੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣਾ ਅਤੇ ਉਨ੍ਹਾਂ ਦੇ ਜਥੇਬੰਦ ਸੰਘਰਸ਼ ਨੂੰ ਦਹਿਸ਼ਤਜ਼ਦਾ ਕਰਕੇ ਹਕੂਮਤੀ ਨੀਤੀਆਂ ਨੂੰ ਨਿਰਵਿਰੋਧ ਥੋਪਣਾ ਹੈ। ਹੁਕਮਰਾਨ ਆਪਣੀਆਂ ਗ਼ਲਤ ਨੀਤੀਆਂ ਬਾਰੇ ਮੁੜ ਵਿਚਾਰ ਕਰਨ ਦੀ ਥਾਂ ਨਾਗਰਿਕਾਂ ਦੇ ਪੁਰਅਮਨ ਸੰਘਰਸ਼ ਦੇ ਜਮਹੂਰੀ ਹੱਕ ਨੂੰ ਮਿੱਥਕੇ ਨਿਸ਼ਾਨਾ ਬਣਾ ਰਹੇ ਹਨ। ਸਭਾ ਦੇ ਆਗੂਆਂ ਨੇ ਸਾਰੀਆਂ ਹੀ ਜਮਹੂਰੀ ਤਾਕਤਾਂ ਨੂੰ ਅਪੀਲ ਕੀਤੀ ਕਿ ਰਾਜ ਦਾ ਦਿਨੋ-ਦਿਨ ਵਧ ਰਿਹਾ ਫਾਸ਼ੀਵਾਦੀ ਰੁਝਾਨ ਡੂੰਘੀ ਚਿੰਤਾ ਦਾ ਵਿਸ਼ਾ ਹੈ। ਕਿਸਾਨਾਂ ਉਪਰ ਵਹਿਸ਼ੀਆਨਾ ਤਸ਼ੱਦਦ ਢਾਹਕੇ ਆਹਲਾ ਪੁਲਿਸ ਅਧਿਕਾਰੀਆਂ ਵਲੋਂ 'ਪੰਜਾਬ ਪੁਲਿਸ ਜ਼ਿੰਦਾਬਾਦ' ਦੇ ਨਾਅਰੇ ਲਾਕੇ ਜਿੱਤ ਦੇ ਜਸ਼ਨ ਮਨਾਉਣਾ ਰਾਜਤੰਤਰ ਦੀ ਵਹਿਸ਼ੀ ਜ਼ਹਿਨੀਅਤ ਦਾ ਖੁੱਲ੍ਹਾ ਇਜ਼ਹਾਰ ਹੈ। ਨਾਗਰਿਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ 'ਚ ਹੁਕਮਰਾਨ ਧਿਰ ਦੇ ਅਸਫ਼ਲ ਰਹਿਣ, ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜਣ ਅਤੇ ਆਪਣੀ ਨਾਲਾਇਕੀ ਨੂੰ ਛੁਪਾਉਣ ਦੀ ਜ਼ਰੂਰਤ ਵਿਚੋਂ ਹੀ ਜਥੇਬੰਦ ਹੱਕ ਜਤਾਈ ਨੂੰ ਦਬਾਉਣ ਦਾ ਫਾਸ਼ੀਵਾਦੀ ਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਾਰੀਆਂ ਹੀ ਜਮਹੂਰੀ ਤਾਕਤਾਂ ਨੂੰ ਇਸ ਖ਼ਤਰਨਾਕ ਰੁਝਾਨ ਦਾ ਗੰਭੀਰ ਨੋਟਿਸ ਲੈ ਕੇ ਜਮਹੂਰੀ ਹੱਕਾਂ ਦੇ ਘਾਣ ਨੂੰ ਠੱਲ ਪਾਉਣ ਲਈ ਇਕਜੁੱਟ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।
ਜਾਰੀ ਕਰਤਾਬੂਟਾ ਸਿੰਘ
ਸੂਬਾ ਪ੍ਰੈੱਸ ਸਕੱਤਰ
ਮਿਤੀ: 23 ਫਰਵਰੀ 2014