Thursday, May 12, 2016

ਅਧਿਆਪਕ ਦੀ ਬੱਚੀ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ


ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ  ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਬੀ. ਐਡ. ਟੈੱਟ ਪਾਸ ਬੇਰੁਜ਼ਗਾਰਾਂ ਦੇ ਸੰਘਰਸ਼ ਨੂੰ ਦਬਾਉਣ ਲਈ ਬਾਦਲ ਸਰਕਾਰ ਵੱਲੋਂ ਅਖ਼ਤਿਆਰ ਕੀਤੇ ਜਾਬਰ ਰਵੱਈਏ ਕਾਰਨ ਇਕ ਅਧਿਆਪਕ ਦੀ ਬੱਚੀ ਦੀ ਮੌਤ ਹੋ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਸੱਤਾਧਾਰੀ ਧਿਰ ਦੀ ਨਿੱਜੀ ਫ਼ੌਜ ਵਾਂਗ ਕੰਮ ਕਰ ਰਹੇ ਬੇਰਹਿਮ ਪੁਲਿਸ ਅਧਿਕਾਰੀਆਂ ਵਲੋਂ 8 ਮਈ ਦੇ ਰੋਸ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਅਧਿਆਪਕ ਸੰਦੀਪ ਸਿੰਘ ਫ਼ਾਜ਼ਿਲਕਾ ਦਾ ਫ਼ੋਨ ਖੋਹ ਲਿਆ ਗਿਆ। ਉਸ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕਰਕੇ ਬੀਮਾਰ ਜਪਨੀਤ ਕੌਰ ਦੇ ਇਲਾਜ ਦਾ ਇੰਤਜ਼ਾਮ ਕਰਨ ਤੋਂ ਰੋਕਣਾ ਬੱਚੀ ਦੀ ਮੌਤ ਦਾ ਕਾਰਨ ਬਣਿਆ। ਇਸ ਤੋਂ ਪਹਿਲਾਂ ਬਠਿੰਡਾ ਪੁਲਿਸ ਦੀ ਬੇਰਹਿਮੀ ਕਾਰਨ ਇਕ ਬੱਚੀ ਰੂਥ ਮੌਤ ਦੇ ਮੂੰਹ ਵਿਚ ਜਾ ਪਈ ਸੀ। ਆਗੂਆਂ ਨੇ ਕਿਹਾ ਕਿ ਸਵਾ ਲੱਖ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੇ ਮੁੱਖ ਮੰਤਰੀ ਨੂੰ ਬੱਚੀ ਦੀ ਮੌਤ ਦੀ ਇਖ਼ਲਾਕੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਰੋਜ਼ਗਾਰ ਦੇ ਨਾਂ ਹੇਠ ਸਿਆਸੀ ਸਟੰਟ ਖੇਡਣਾ ਬੰਦ ਕਰਕੇ ਬੇਰੋਜ਼ਗਾਰੀ ਦੀ ਗੰਭੀਰ ਸਮੱਸਿਆ ਨੂੰ ਮੁਖ਼ਾਤਬ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ਗਾਰ ਦੀ ਵਿਕਰਾਲ ਸਮੱਸਿਆ ਪ੍ਰਤੀ ਸਰਕਾਰ ਦੀ ਬੇਰੁਖ਼ੀ ਦੇ ਮੱਦੇਨਜ਼ਰ ਰੋਜ਼ਗਾਰ ਅਤੇ ਜ਼ਿੰਦਗੀ ਦੀਆਂ ਜ਼ਰੂਰੀ ਲੋੜਾਂ ਦੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰਨਾ ਨੌਜਵਾਨਾਂ ਤੇ ਹੋਰ ਨਾਗਰਿਕਾਂ ਦਾ ਜਮਹੂਰੀ ਹੱਕ ਹੈ ਅਤੇ ਇਨ੍ਹਾਂ ਮੰਗਾਂ ਨੂੰ ਸੰਜੀਦਗੀ ਨਾਲ ਲੈਕੇ ਹੱਲ ਕਰਨ ਲਈ ਸਰਕਾਰ ਹਰ ਨਾਗਰਿਕ ਨੂੰ ਜਵਾਬਦੇਹ ਹੈ। ਅਜਿਹੀ ਤਾਨਾਸ਼ਾਹ ਨੀਤੀ ਅਤੇ ਜਮਹੂਰੀ ਹੱਕਾਂ ਦਾ ਘਾਣ ਰਾਹੀਂ ਪੰਜਾਬ ਸਰਕਾਰ ਹੱਕਾਂ ਮੰਗਾਂ ਲਈ ਅਤੇ ਜਿਊਣਯੋਗ ਜ਼ਿੰਦਗੀ ਲਈ ਜਥੇਬੰਦਕ ਸੰਘਰਸ਼ਾਂ ਨੂੰ ਦਬਾ ਨਹੀਂ ਸਕੇਗੀ। ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਬੱਚੀ ਦੀ ਮੌਤ ਲਈ ਦੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਦੇ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇ। ਪੰਜਾਬ ਸਰਕਾਰ ਬੱਚੀ ਦੀ ਮੌਤ ਲਈ ਜਨਤਕ ਮੁਆਫ਼ੀ ਮੰਗੇ ਅਤੇ ਸਿੱਖਿਆ ਵਿਭਾਗ ਦੀਆਂ ਚਾਲੀ ਹਜਾਰ ਅਸਾਮੀਆਂ ਸਮੇਤ ਸਾਰੇ ਹੀ ਵਿਭਾਗਾਂ ਵਿਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਅਪਣਾਈ ਤਾਨਾਸ਼ਾਹ ਨੀਤੀ ਬੰਦ ਕਰਕੇ ਸਰਕਾਰ ਨਾਗਰਿਕਾਂ ਨੂੰ ਜਵਾਬਦੇਹ ਹੋਵੇ।

ਮਿਤੀ: 12 ਮਈ 2016