ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲੱਖ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਮਹਾਂਰਾਸ਼ਟਰ ਦੇ ਬਹੁਤ ਹੀ ਮਕਬੂਲ ਸੀਨੀਅਰ ਕਮਿਊਨਿਸਟ ਆਗੂ, ਸ਼ਿਵਾਜੀ ਬਾਰੇ ਬਹੁਤ ਹੀ ਮਸ਼ਹੂਰ ਕਿਤਾਬ ਦੇ ਲੇਖਕ ਅਤੇ ਟੌਲ ਵਿਰੋਧੀ ਮੁਹਿੰਮ ਦੇ ਮੋਹਰੀ ਆਗੂ ਕਾਮਰੇਡ ਗੋਵਿੰਦ ਪਾਨਸਰੇ ਦੀ ਮੌਤ ਉਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕਾ. ਪਾਨਸਰੇ ਅਤੇ ਉਨ੍ਹਾਂ ਦੀ ਪਤਨੀ ਊਮਾ ਨੂੰ ਕੁਝ ਦਿਨ ਪਹਿਲਾਂ ਕੋਹਲਾਪੁਰ (ਮਹਾਰਾਸ਼ਟਰ) ਵਿਚ ਅਣਪਛਾਤੇ ਹਮਲਾਵਰਾਂ ਨੇ ਕਾਤਲਾਨਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ 20 ਅਗਸਤ 2013 ਨੂੰ ਐਨ ਇਸੇ ਤਰੀਕੇ ਨਾਲ ਅੰਧਵਿਸ਼ਵਾਸਾਂ ਵਿਰੋਧੀ ਲਹਿਰ ਦੇ ਹਰਮਨਪਿਆਰੇ ਆਗੂ ਡਾ. ਨਰਿੰਦਰ ਡਭੋਲਕਰ ਨੂੰ ਪੁਣੇ ਵਿਚ ਕਤਲ ਕੀਤਾ ਗਿਆ ਸੀ। ਪੁਲਿਸ ਤੇ ਸੁਰੱਖਿਆ ਏਜੰਸੀਆਂ ਅੱਜ ਤਕ ਡਾ. ਡਭੋਲਕਰ ਦੇ ਕਾਤਲਾਂ ਦਾ ਸੁਰਾਗ਼ ਨਹੀਂ ਲਾ ਸਕੀਆਂ। ਮਹਾਂਰਾਸ਼ਟਰ ਸਰਕਾਰ ਵਲੋਂ ਡਾ. ਡਭੋਲਕਰ ਦੇ ਕਤਲ ਦੀ ਜਾਂਚ ਕੌਮੀ ਜਾਂਚ ਏਜੰਸੀ ਤੋਂ ਕਰਵਾਉਣ ਤੋਂ ਇਨਕਾਰ ਕੀਤੇ ਜਾਣ ਅਤੇ ਹੁਣ ਕਾ. ਪਾਨਸਰੇ ਨੂੰ ਮਿਲੇ ਧਮਕੀ-ਪੱਤਰਾਂ ਦਾ ਕੋਈ ਨੋਟਿਸ ਨਾ ਲੈਣ ਤੋਂ ਸਾਬਤ ਹੋ ਗਿਆ ਸੀ ਕਿ ਇਨ੍ਹਾਂ ਕਾਤਲਾਂ ਨੂੰ ਸੱਤਾਧਾਰੀਆਂ ਦੀ ਸ਼ਹਿ ਸੀ। ਇਸ ਨਾਲ ਸਮਾਜਿਕ ਤਰੱਕੀ ਦਾ ਰਾਹ ਰੋਕਣ ਵਾਲੀਆਂ ਤਾਕਤਾਂ ਦੇ ਹੌਸਲੇ ਵਧੇ। ਉਨ੍ਹਾਂ ਨੇ ਮਸ਼ਹੂਰ ਲੇਖਕ ਅਤੇ ਲੋਕ ਘੁਲਾਟੀਏ ਕਾ. ਪਾਨਸਰੇ ਦੀ ਆਵਾਜ਼ ਬੰਦ ਕਰਨ ਲਈ ਉਨ੍ਹਾਂ ਨੂੰ ਬੇਖੌਫ਼ ਹੋ ਕੇ ਕਾਤਲਾਨਾ ਹਮਲੇ ਦਾ ਨਿਸ਼ਾਨਾ ਬਣਾਇਆ। ਸਭਾ ਦੇ ਆਗੂਆਂ ਨੇ ਕਿਹਾ ਕਾ. ਪਾਨਸਰੇ ਦਾ ਕਤਲ ਵਿਚਾਰਾਂ ਦੀ ਆਜ਼ਾਦੀ 'ਤੇ ਵੱਡਾ ਹਮਲਾ ਹੈ ਜਿਸ ਦਾ ਜਮਹੂਰੀ ਲਹਿਰ ਨੂੰ ਗੰਭੀਰ ਨੋਟਿਸ ਲੈ ਕੇ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਕਾ. ਪਾਨਸਰੇ ਅਤੇ ਡਾ. ਨਰੇਂਦਰ ਦੋਵਾਂ ਕਤਲਾਂ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
21 ਫਰਵਰੀ 2015