ਮਾਓਵਾਦੀ ਲਹਿਰ ਬਾਰੇ ਮਸ਼ਹੂਰ ਸਫ਼ਰਨਾਮਾ 'ਜੰਗਲਨਾਮਾ' ਦੇ ਰਚੇਤਾ, ਸੰਸਾਰ ਪ੍ਰਸਿੱਧ ਨਾਵਲ 'ਸਪਾਰਟਕਸ' ਦਾ ਪੰਜਾਬੀ ਵਿਚ ਅਨੁਵਾਦ ਅਤੇ ਇਨਕਲਾਬੀ ਸ਼ਾਇਰ ਜਗਮੋਹਣ ਜੋਸ਼ੀ ਦੀ ਉਰਦੂ ਸ਼ਾਇਰੀ ਦੇ ਸੰਗ੍ਰਹਿ 'ਪੈਮਾਨੇ-ਇਨਕਲਾਬ' ਦਾ ਲਿੱਪੀਅੰਤਰ ਕਰਨ ਵਾਲੇ ਮਸ਼ਹੂਰ ਲੇਖਕ, ਇਨਕਲਾਬੀ ਚਿੰਤਕ ਅਤੇ ਕਮਿਊਨਿਸਟ ਲਹਿਰ ਦੇ ਕੁਲਵਕਤੀ ਸਾਥੀ ਸਤਨਾਮ 28 ਅਪ੍ਰੈਲ ਨੂੰ ਸਵੇਰ ਵੇਲੇ ਪਟਿਆਲਾ ਵਿਖੇ ਆਪਣੇ ਘਰ ਵਿਚ ਪੱਖੇ ਨਾਲ ਲਟਕਦੇ ਹੋਏ ਮ੍ਰਿਤਕ ਹਾਲਤ ਵਿਚ ਪਾਏ ਗਏ।
ਅੰਮ੍ਰਿਤਸਰ ਦੇ ਇਕ ਪਿਛੜੇ ਪਰਿਵਾਰ ਦੇ ਜੰਮਪਲ ਸਤਨਾਮ ਬਹੁਤ ਹੀ ਰੌਸ਼ਨਖ਼ਿਆਲ, ਚਿੰਤਨਸ਼ੀਲ ਅਤੇ ਮਨੁੱਖਤਾਵਾਦੀ ਸ਼ਖਸੀਅਤ ਸਨ। ਖ਼ਾਲਸਾ ਕਾਲਜ ਵਿਚ 12ਵੀਂ ਜਮਾਤ ਵਿਚ ਪੜ੍ਹਦਿਆਂ 1970ਵਿਆਂ ਦੇ ਸ਼ੁਰੂ ਵਿਚ ਉਹ ਨਕਸਲਬਾੜੀ
ਲਹਿਰ ਵਿਚ ਕੁੱਦ ਪਏ। ਕੁਲਵਕਤੀ ਵਜੋਂ ਮੁਲਾਜ਼ਮਾਂ, ਮਜ਼ਦੂਰਾਂ ਵਿਚ ਕੰਮ ਕਰਨ ਲੱਗੇ। ਉਨ੍ਹਾਂ ਨੇ ਨਾ ਸਿਰਫ਼ ਮਿਹਨਤਕਸ਼ ਲੋਕਾਂ ਨੂੰ ਜਮਾਤੀ ਲੜਾਈ ਵਿਚ ਲਾਮਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸਗੋਂ ਦਲਿਤ, ਕੌਮੀਅਤਾਂ ਅਤੇ ਧਾਰਮਿਕ ਘੱਟਗਿਣਤੀਆਂ ਦੇ ਸਵਾਲ ਉੱਪਰ ਵੀ ਨਿੱਠਕੇ ਕੰਮ ਕੀਤਾ। ਘਰੇਲੂ ਸਮੱਸਿਆ ਦੇ ਥੋੜ੍ਹੇ ਅਰਸੇ ਨੂੰ ਛੱਡਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਾਢੇ ਚਾਰ ਦਹਾਕੇ ਸਰਗਰਮੀ ਨਾਲ ਕੰਮ ਕੀਤਾ। ਗੁਜਰਾਤ ਵਿਚ ਮੁਸਲਮਾਨਾਂ ਦੀ ਕਤਲੋਗ਼ਾਰਤ ਵਿਰੁੱਧ ਉਨ੍ਹਾਂ ਨੇ ਮੁਸਲਿਮ ਘੱਟਗਿਣਤੀ ਦੇ ਹਿੱਤਾਂ ਲਈ ਸਰਗਰਮ ਜਥੇਬੰਦੀਆਂ ਅਤੇ ਜਮਹੂਰੀ ਜਥੇਬੰਦੀਆਂ ਨੂੰ ਇਕ ਮੰਚ 'ਤੇ ਲਿਆਉਣ ਲਈ ਜ਼ੋਰਦਾਰ ਸਰਗਰਮੀ ਕੀਤੀ। ਸਾਮਰਾਜਵਾਦ ਵਿਰੋਧੀ ਇਨਕਲਾਬੀ ਟਾਕਰਾ ਮੰਚ, ਮੁੰਬਈ ਰਜਿਸਟੈਂਸ-2004 ਨੂੰ ਜਥੇਬੰਦ ਕਰਨ ਅਤੇ ਇਸ ਤੋਂ ਬਾਦ ਦਲਿਤ ਅਤੇ ਘੱਟਗਿਣਤੀਆਂ ਦੇ ਸਵਾਲਾਂ ਉੱਪਰ ਇਨਕਲਾਬੀ-ਜਮਹੂਰੀ ਨਜ਼ਰੀਏ ਤੋਂ ਲਾਮਬੰਦੀ ਕਰਨ ਲਈ ਉਨ੍ਹਾਂ ਨੇ ਬਹੁਤ ਹੀ ਸਰਗਰਮੀ ਨਾਲ ਕੰਮ ਕੀਤਾ। ਉਹ ਪੀਪਲਜ਼ ਡੈਮੋਕਰੇਟਿਕ ਫਰੰਟ ਆਫ ਇੰਡੀਆ ਦੀ ਆਲ ਇੰਡੀਆ ਕਾਰਜਕਾਰਨੀ ਦੇ ਮੈਂਬਰ ਸਨ। ਕਸ਼ਮੀਰ ਵਿਚ ਜਬਰ ਦੇ ਸਵਾਲ ਨੂੰ ਲੈਕੇ ਆਲ ਇੰਡੀਆ ਪੱਧਰ 'ਤੇ ਮੁਹਿੰਮ ਚਲਾਉਣ ਵਿਚ ਉਨ੍ਹਾਂ ਦੀ ਮੋਹਰੀ ਭੂਮਿਕਾ ਸੀ। ਅੰਗਰੇਜ਼ੀ ਵਿਚ ਲਿਖਣ ਦੀ ਉਨ੍ਹਾਂ ਦੀ ਖ਼ਾਸ ਕਮਾਂਡ ਸੀ ਅਤੇ ਕੌਮਾਂਤਰੀ ਸਿਆਸੀ ਮਾਮਲਿਆਂ ਵਿਚ ਉਨ੍ਹਾਂ ਦੀ ਖ਼ਾਸ ਰੁਚੀ ਸੀ। ਉਨ੍ਹਾਂ ਨੇ ਨਾ ਸਿਰਫ਼ ਵੱਖ-ਵੱਖ ਨਾਵਾਂ ਹੇਠ ਕੌਮਾਂਤਰੀ ਮਾਮਲਿਆਂ ਬਾਰੇ ਬੇਸ਼ੁਮਾਰ ਟਿੱਪਣੀਆਂ ਲਿਖੀਆਂ ਸਗੋਂ ਇਨਕਲਾਬੀ ਮਾਸਿਕ ਰਸਾਲੇ ਪੀਪਲਜ਼ ਮਾਰਚ, ਜਮਹੂਰੀ ਪੇਪਰਾਂ ਪੀਪਲਜ਼ ਰਜਿਸਟੈਂਸ, ਜਨ ਪ੍ਰਤੀਰੋਧ ਅਤੇ ਇਨਕਲਾਬੀਪੰਜਾਬੀ ਦੋ-ਮਾਸਿਕ ਸੁਲਗਦੇ ਪਿੰਡ ਤੇ ਲੋਕ ਕਾਫ਼ਲਾ ਦੇ ਸੰਪਾਦਕੀ ਮੰਡਲਾਂ ਵਿਚ ਵੀ ਸਰਗਰਮੀ ਨਾਲ ਕੰਮ ਕੀਤਾ। ਉਹ ਪੰਜਾਬ ਵਿਚ ਓਪਰੇਸ਼ਨ ਗਰੀਨ ਹੰਟ ਵਿਰੁੱਧ ਮੁਹਿੰਮ ਸ਼ੁਰੂ ਕਰਨ ਵਿਚ ਆਗੂ ਭੂਮਿਕਾ ਨਿਭਾਈ। ਪਿਛਲੇ ਕੁਝ ਮਹੀਨਿਆਂ ਤੋਂ ਉਹ ਸਿਆਸੀ ਤੇ ਸਿਧਾਂਤਕ ਕੰਮਜ਼ੋਰੀਆਂ ਕਾਰਨ ਕਮਿਊਨਿਸਟ ਲਹਿਰ ਦੇ ਸਿਆਸੀ ਸੰਕਟ ਤੋਂ ਕਾਫ਼ੀ ਪ੍ਰੇਸ਼ਾਨ ਵੀ ਸਨ, ਅਤੇ ਡੂੰਘੀ ਨਿਰਾਸ਼ਤਾ ਵਿਚ ਵੀ ਸਨ। ਆਖ਼ਿਰ ਕਮਿਊਨਿਸਟ ਵਿਚਾਰਧਾਰਾ ਦੇ ਦ੍ਰਿੜ ਧਾਰਨੀ ਸਾਥੀ ਸਤਨਾਮ ਲਹਿਰ ਦੀਆਂ ਕਮਜ਼ੋਰੀਆਂ ਨਾਲ ਜੂਝਦਿਆਂ ਜ਼ਿੰਦਗੀ ਦੀ ਲੜਾਈ ਹਾਰ ਗਏ ਅਤੇ 64 ਸਾਲ ਦੀ ਉਮਰ ਵਿਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਅੱਜ ਪਟਿਆਲਾ ਵਿਖੇ ਉਨ੍ਹਾਂ ਦੇ ਗ਼ਮਗੀਨ ਸੰਗੀ-ਸਾਥੀਆਂ, ਦੋਸਤਾਂ, ਪਰਿਵਾਰ ਮੈਂਬਰਾਂ ਅਤੇ ਸ਼ੁਭਚਿੰਤਕਾਂ ਨੇ ਆਪਣੇ ਅਜ਼ੀਜ਼ ਨੂੰ ਭਰੀਆਂ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਯਾਦ ਵਿਚ 8 ਮਈ ਨੂੰ ਪਟਿਆਲਾ ਵਿਖੇ ਸ਼ੋਕ/ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ।
ਜਮਹੂਰੀ ਅਧਿਕਾਰ ਸਭਾ, ਸੂਬਾ ਕਮੇਟੀ ਉਨ੍ਹਾਂ ਦੀ ਦਰਦਨਾਕ ਮੌਤ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ।
ਮਿਤੀ: 29 ਅਪ੍ਰੈਲ 2016