Sunday, December 17, 2017

ਨਾਬਾਲਿਗ ਬੱਚੇ ਨੂੰ ਪੁਲੀਸ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਢਾਉਣ ਬਾਰੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਤੱਥ ਖੋਜ ਰਿਪੋਰਟ

ਚੋਰੀ ਦੇ ਝੂਠੇ ਕੇਸਾਂ ਬਾਰੇ ਜਬਰੀ ਇਕਬਾਲ ਕਰਵਾਉਣ ਦੇ ਮਨਸ਼ੇ ਨਾਲ ਨਾਬਾਲਿਗ ਬੱਚੇ ਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਅੰਤਾਂ ਦਾ ਜਬਰ, ਗੁਪਤ ਅੰਗ ਵਿਚ ਪੈਟਰੋਲ ਪਾਇਆ, 
ਉੱਚ ਪੁਲਸ ਅਧਿਕਾਰੀਆਂ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ 
ਬਾਲ ਭਲਾਈ ਅਤੇ ਸਮਾਜ ਭਲਾਈ ਮਹਿਕਮਿਆਂ ਦੇ ਅਧਿਕਾਰੀ ਜ਼ਿੰਮੇਵਾਰੀ ਤੋਂ ਭੱਜੇ 
ਸਭਾ ਵੱਲੋਂ ਐਸ ਐਚ ਓ ਦਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਰਾਜਵੀਰ ਸਿੰਘ ਨੂੰ ਦੋਸ਼ੀ ਨਾਮਜ਼ਦ ਕਰਨ 
ਅਤੇ ਮੁਕੱਦਮੇ ਵਿਚ Juvenile Justice Act ਦੀ ਧਾਰਾ 23 ਅਤੇ Protection of Children from Sexual violence Act ਦੀ ਧਾਰਾ 3,5,6 ਅਧੀਨ ਜੁਰਮ ਜੋੜਨ ਅਤੇ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਨ ਅਤੇ ਨੌਕਰੀ ਤੋਂ ਕੱਢਣ ਦੀ ਮੰਗ 



ਬਠਿੰਡਾ ਪੁਲਸ ਵੱਲੋਂ ਇੱਕ ਨਾਬਾਲਗ ਬੱਚੇ ਨੂੰ ਫੜ ਕੇ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਅਤੇ ਉਸਤੇ ਤਸ਼ੱਦਦ ਕਰਨ ਸਬੰਧੀ ਅਖਬਾਰਾਂ ਵਿਚ ਖਬਰਾਂ ਛਪਣ ਤੇ ਜਮਹੂਰੀ ਅਧਿਕਾਰ ਸਭਾ ਬਠਿੰਡਾ ਨੇ ਇਸ ਬਾਰੇ ਤੱਥ ਇਕੱਠੇ ਕਰਨ ਲਈ ਸਭਾ ਦੀ ਸੂਬਾ ਸਕੱਤਰੇਤ ਦੇ ਮੈਂਬਰ ਸ਼੍ਰੀ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ | ਇਸ ਟੀਮ ਨੇ ਹਸਪਤਾਲ ਵਿਚ ਜਾ ਕੇ ਪੀੜਿਤ ਬੱਚੇ ਅਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਹੱਡ ਬੀਤੀ ਸੁਣੀ| ਟੀਮ ਨੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਕੁਝ ਹੋਰ ਡਾਕਟਰਾਂ ਨਾਲ ਮੁਲਾਕਾਤ ਕੀਤੀ ਅਤੇ ਬੱਚੇ ਦੇ ਡਾਕਟਰੀ ਮੁਆਇਨੇ ਅਤੇ ਇਲਾਜ ਬਾਰੇ ਜਾਣਕਾਰੀ ਲਈ | ਟੀਮ ਨੇ ਡਾਕਟਰੀ ਮੁਆਇਨੇ ਦੀ ਰਿਪੋਰਟ ਅਤੇ ਪੀੜਿਤ ਬਚੇ ਅਤੇ ਉਸ ਦੀ ਮਾਤਾ ਵੱਲੋਂ ਪੁਲਸ ਕੋਲ ਲਿਖਾਏ ਬਿਆਨਾਂ ਦੀਆਂ ਨਕਲਾਂ ਹਾਸਲ ਕੀਤੀਆਂ |
ਪੁਲਸ ਦੇ ਰਿਕਾਰਡ ਅਨੁਸਾਰ ਇਸ ਮਾਮਲੇ ਚ ਇੱਕ ਐਫ ਆਈ ਆਰ ਨੰਬਰ 251 ਮਿਤੀ 10.12.2017 ਨੂੰ ਥਾਣਾ ਕੋਤਵਾਲੀ ਬਠਿੰਡਾ ਵਿਖੇ ਦਰਜ ਕਰ ਲਈ ਗਈ ਹੈ | ਚਾਹੇ ਪੁਲਸ ਇਹ ਦਾਅਵਾ ਕਰਦੀ ਹੈ ਕਿ ਆਪਣੇ ਕੰਮ ਚ ਪਾਰਦਰਸ਼ਤਾ ਲਿਆਉਣ ਲਈ, ਓਹਨੇ ਹਰ ਰੋਜ਼ ਦਰਜ ਹੋਣ ਵਾਲੀਆਂ ਐਫ ਆਈ ਆਰਾਂ ਨੂੰ ਨੈਟ ਤੇ ਪਾਉਣਾਂ ਸ਼ੁਰੂ ਕੀਤਾ ਹੈ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਹ ਐਫ ਆਈ ਆਰ ਨੈਟ ਤੇ ਨਹੀਂ ਪਾਈ ਗਈ | ਸ਼ਾਇਦ ਪੁਲਸ ਇਸ ਨੂੰ ਜਨਤਕ ਨਹੀਂ ਕਰਨਾ ਚਾਹੁੰਦੀ | ਖੈਰ ਪੁਲਸ ਨੇ ਪੀੜਿਤ ਬੱਚੇ ਅਤੇ ਉਸਦੀ ਮਾਤਾ ਦਾ ਜੋ ਬਿਆਨ ਰਿਕਾਰਡ ਕੀਤਾ ਉਸਦੀ ਇੱਕ ਨਕਲ ਉਹ ਪੀੜਿਤ ਬੱਚੇ ਦੀ ਮਾਤਾ ਨੂੰ ਦੇ ਗਈ ਹੈ | ਸਾਡੀ ਜਾਣਕਾਰੀ ਦਾ ਅਧਾਰ ਇਹੋ ਬਿਆਨ ਹੈ | ਇਸ ਬਿਆਨ ਅਨੁਸਾਰ ਪੀੜਿਤ ਬੱਚਾ ਲਗਭੱਗ 12 ਸਾਲ ਦੀ ਉਮਰ ਦਾ ਹੈ | ਸਾਲ 2016 ਵਿਚ ਉਸਨੇ ਮੋਗਾ ਦੇ ਇੱਕ ਸਕੂਲ ਤੋਂ ਪੰਜਵੀਂ ਜਮਾਤ ਪਾਸ ਕੀਤੀ ਸੀ ਅਤੇ ਅੱਗੇ ਕਿਸੇ ਜਮਾਤ ਵਿਚ ਦਾਖਲਾ ਨਹੀਂ ਲਿਆ ਸੀ| 3 ਦਿਸੰਬਰ ਐਤਵਾਰ ਵਾਲੇ ਦਿਨ ਸਵੇਰੇ 9 ਕੁ ਵਜੇ ਉਹ ਆਪਣੇ ਇੱਕ ਦੋਸਤ ਨਾਲ ਖੇਡਣ ਲਈ ਉਸਦੇ ਘਰ ਗਿਆ, ਪਰ ਉਹ ਘਰ ਨਹੀਂ ਸੀ, ਇਸ ਲਈ ਉਹ ਵਾਪਿਸ ਆਵਦੇ ਘਰ ਵੱਲ ਚੱਲ ਪਿਆ | ਰਾਹ ਵਿਚ ਜਦੋਂ ਉਹ ਕਪੜਾ ਮਾਰਕੀਟ ਕੋਲ ਮਾਤਾ ਰਾਣੀ ਗਲੀ ਚ ਪੁੱਜਾ ਤਾਂ ਉਸਨੂੰ ਇੱਕ ਕੱਟੀ ਹੋਈ ਪਤੰਗ ਦਿਖਾਈ ਦਿੱਤੀ, ਜਿਸਨੂੰ ਫੜਨ ਲਈ ਉਹ ਪੌੜੀਆਂ ਚੜ੍ਹ ਕੇ ਛੱਤ ਤੇ ਪਹੁੰਚ ਗਿਆ | ਜਦੋਂ ਉਹ ਪਤੰਗ ਲੈ ਕੇ ਥੱਲੇ ਆ ਰਿਹਾ ਸੀ ਤਾਂ ਘਰ ਦੇ ਮਾਲਿਕ ਦਵਿੰਦਰ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਉਸਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ | ਉਸ ਨੇ ਰੌਲਾ ਪਾ ਕੇ ਕੁਝ ਗੁਆਂਢੀਆਂ ਨੂੰ ਵੀ ਬੁਲਾ ਲਿਆ ਅਤੇ ਬੱਚੇ ਨੂੰ ਚੋਰ ਦੱਸ ਕੇ ਉਸਦੀ ਕੁੱਟ ਮਾਰ ਕਰਵਾਉਣੀ ਸ਼ੁਰੂ ਕਰ ਦਿੱਤੀ| ਫਿਰ ਦਵਿੰਦਰ ਸਿੰਘ ਨੇ ਫੋਨ ਕਰਕੇ ਪੁਲਸ ਬੁਲਵਾ ਲਈ ਅਤੇ ਪੀੜਿਤ ਬੱਚੇ ਨੂੰ ਪੁਲਸ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ, ਜੋ ਉਸ ਨੂੰ ਕੋਤਵਾਲੀ ਠਾਣੇ ਲੈ ਗਏ|
ਬਿਆਨ ਅਨੁਸਾਰ ਕੋਤਵਾਲੀ ਠਾਣੇ ਵਿਚ ਪੀੜਿਤ ਬਚੇ ਨੇ ਥਾਣਾ ਮੁਖੀ ਦਵਿੰਦਰ ਸਿੰਘ ਨੂੰ ਆਪਣਾ ਨਾਮ ਪਤਾ, ਵਲਦੀਅਤ ਅਤੇ ਰਿਹਾਇਸ਼ ਬਾਰੇ ਦੱਸਿਆ ਅਤੇ ਉਸਨੂੰ ਬੇਨਤੀ ਕੀਤੀ ਕਿ ਉਸ ਦੀ ਮਾਤਾ ਨੂੰ ਫੋਨ ਕਰਕੇ ਬੁਲਾ ਲਿਆ ਜਾਵੇ | ਉਸ ਨੇ ਅੱਗੋਂ ਜਵਾਬ ਦਿੱਤਾ ਕਿ 'ਤੇਰੀ ਮਾਂ ਕੀ ਸਾਡੇ ਤੇ ਜੱਜ ਲੱਗੀ ਹੈ?’| ਫਿਰ ਥਾਣਾ ਮੁਖੀ ਅਤੇ ਕੁਲਵਿੰਦਰ ਸਿੰਘ ਨਾਂ ਦਾ ਪੁਲਸ ਮੁਲਾਜ਼ਮ ਉਸਦੀ ਕੁੱਟ ਮਾਰ ਕਰਨ ਲੱਗ ਪਏ| ਕੁਲਵਿੰਦਰ ਸਿੰਘ ਨੇ ਉਸਦੀਆਂ ਲੱਤਾਂ ਅਤੇ ਬਾਹਾਂ ਫੜ ਲਈਆਂ ਅਤੇ ਥਾਣਾ ਮੁਖੀ ਦਵਿੰਦਰ ਸਿੰਘ ਨੇ ਡੰਡੇ ਨਾਲ ਉਸਦੀਆਂ ਤਲੀਆਂ ਕੁੱਟਣੀਆਂ ਸ਼ੁਰੂ ਕਰ ਦਿੱਤੀਆਂ | ਕੁਝ ਦੇਰ ਬਾਅਦ ਜਦੋਂ ਡੰਡਾ ਟੁੱਟ ਗਿਆ ਤਾਂ ਦਵਿੰਦਰ ਸਿੰਘ ਨੇ ਕੁਲਵਿੰਦਰ ਤੋਂ ਲੋਹੇ ਦੀ ਪਾਈਪ ਮੰਗਵਾ ਲਈ ਅਤੇ ਉਸ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ | ਕੁਲਵਿੰਦਰ ਪਟਾ ਵੀ ਲੈ ਆਇਆ ਅਤੇ ਉਸਨੇ ਪੀੜਿਤ ਬਚੇ ਦੀ ਜੈਕਟ ਲਾਹ ਕੇ ਉਸਦੀ ਢੂਈ ਅਤੇ ਪਿੱਠ ਤੇ ਪਟੇ ਮਾਰਨੇ ਸ਼ੁਰੂ ਕਰ ਦਿੱਤੇ | ਪੁਲਸ ਇਹ ਸਾਰਾ ਤਸ਼ੱਦਦ ਕਰਕੇ ਉਸਤੋਂ 6 ਚੋਰੀਆਂ ਬਾਰੇ ਇਕਬਾਲ ਕਰਵਾਉਣਾ ਚਾਹੁੰਦੀ ਸੀ ਅਤੇ ਇਹ ਵੀ ਅਖਵਾਉਣਾ ਚਾਹੁੰਦੀ ਸੀ ਕਿ ਇਹ ਚੋਰੀਆਂ ਉਸ ਤੋਂ ਮਾਰਕੀਟ ਦੇ ਤਿੰਨ ਦੁਕਾਨਦਾਰਾਂ ਨੇ ਕਹਿ ਕੇ ਕਰਵਾਈਆਂ ਹਨ |
ਜਦੋਂ ਪੀੜਿਤ ਬੱਚਾ ਇਹ ਮੰਨਣ ਲਈ ਤਿਆਰ ਨਹੀਂ ਹੋਇਆ ਤਾਂ ਥਾਣਾ ਮੁਖੀ ਦਵਿੰਦਰ ਸਿੰਘ ਨੇ ਉਸਦੇ ਕਪੜੇ ਲੁਹਾ ਲਏ ਅਤੇ ਦੋ ਛੋਟੇ ਥਾਣੇਦਾਰਾਂ - ਕੁਲਵਿੰਦਰ ਸਿੰਘ ਅਤੇ ਰਾਜਵੀਰ ਸਿੰਘ ਨੂੰ ਉਸਦੀਆਂ ਲੱਤਾਂ ਨਾਲ ਡੰਡਾ ਬੰਨ੍ਹ ਕੇ ਖਿੱਚਣ ਲਈ ਕਿਹਾ | ਓਹਦੀਆਂ ਦੋਹੇਂ ਬਾਹਾਂ ਵੀ ਬੰਨ੍ਹ ਦਿੱਤੀਆਂ ਗਈਆਂ| ਫਿਰ ਥਾਣਾ ਮੁਖੀ ਦਵਿੰਦਰ ਸਿੰਘ ਨੇ ਉਸਦੇ ਕਪੜੇ ਲੁਹਾ ਲਏ ਅਤੇ ਦੋ ਛੋਟੇ ਥਾਣੇਦਾਰਾਂ - ਕੁਲਵਿੰਦਰ ਸਿੰਘ ਅਤੇ ਰਾਜਵੀਰ ਸਿੰਘ ਨੂੰ ਉਸਦੀਆਂ ਲੱਤਾਂ ਨਾਲ ਡੰਡਾ ਬੰਨ੍ਹ ਕੇ ਖਿੱਚਣ ਲਈ ਕਿਹਾ | ਓਹਦੀਆਂ ਦੋਹੇਂ ਬਾਹਾਂ ਵੀ ਬੰਨ੍ਹ ਦਿੱਤੀਆਂ ਗਈਆਂ | ਐਸ ਐਚ ਓ ਦਵਿੰਦਰ ਸਿੰਘ ਸਣੇ ਬੂਟ ਪਹਿਲਾਂ ਉਸ ਦੀਆਂ ਲੱਤਾਂ ਤੇ ਅਤੇ ਫਿਰ ਹੱਥਾਂ ਉੱਪਰ ਚੜ੍ਹ ਗਿਆ | ਫਿਰ ਐਸ ਐਚ ਓ ਨੇ ਰਾਜਵੀਰ ਤੋਂ ਇੱਕ ਪੀਕ ਮੰਗਵਾ ਕੇ ਉਸਦੇ ਪਿਛਲੇ ਗੁਪਤ ਅੰਗ ਵਿਚ ਪੈਟਰੋਲ ਪਾਇਆ ਜਿਸ ਕੰਮ ਚ ਥਾਣੇਦਾਰ ਕੁਲਵਿੰਦਰ ਸਿੰਘ ਵੀ ਸ਼ਾਮਿਲ ਸੀ | ਪੀੜ ਅਤੇ ਡਰ ਨਾਲ ਨਾਬਾਲਗ ਬਂਚੇ ਦਾ ਪਿਸ਼ਾਬ ਨਿੱਕਲ ਗਿਆ| ਉਹਨੇ ਚੀਕਾਂ ਮਾਰਦੇ ਹੋਏ ਪਾਣੀ ਮੰਗਿਆ ਪਰ ਉਸ ਨੂੰ ਪਾਣੀ ਨਹੀਂ ਦਿੱਤਾ ਗਿਆ | ਬਂਚੇ ਦਾ ਰੌਲਾ ਕਿਤੇ ਕਿਸੇ ਬਾਹਰਲੇ ਵਿਅਕਤੀ ਦਾ ਧਿਆਨ ਨਾਂ ਖਿੱਚ ਲਵੇ, ਇਸ ਲਈ ਪੁਲਸ ਨੇ ਠਾਣੇ ਦਾ ਗੇਟ ਬੰਦ ਕਰ ਲਿਆ ਜੋ ਲਗਭੱਗ ਘੰਟਾ ਭਰ ਬੰਦ ਰਿਹਾ | ਪੁਲਸ ਨਾਬਾਲਗ ਬਂਚੇ ਤੇ ਇਸ ਤਸ਼ੱਦਦ ਰਾਹੀਂ ਇਹ ਝੂਠਾ ਕਬੂਲਨਾਮਾ ਕਰਨ ਲਈ ਦਬਾਅ ਪਾ ਰਹੀ ਸੀ ਕਿ ਉਸਨੇ 6 ਚੋਰੀਆਂ ਤਿੰਨ ਦੁਕਾਨਦਾਰਾਂ, ਜਿਨ੍ਹਾਂ ਚੋਂ ਇੱਕ ਰਾਜਿੰਦਰ ਕੁਮਾਰ ਹੈ, ਨਾਲ ਮਿਲ ਕੇ ਕੀਤੀਆਂ ਹਨ | ਨਾਬਾਲਗ ਬਂਚੇ ਦੇ ਇਸ ਬਿਆਨ ਦੀ ਤਾਈਦ ਕਰਦਿਆਂ ਉਸਦੀ ਮਾਤਾ ਅਮਨਦੀਪ ਕੌਰ ਨੇ ਪੁਲਸ ਕੋਲ ਬਿਆਨ ਕੀਤਾ ਕਿ ਇਹ ਸਾਰਾ ਜਬਰ ਕਰਨ ਤੋਂ ਬਾਅਦ ਐਸ ਐਚ ਓ ਨੇ ਨਾਬਾਲਗ ਬਂਚੇ ਨੂੰ ਛੱਡਣ ਲਈ 15000 ਰੁਪਏ ਰਿਸ਼ਵਤ ਮੰਗੀ ਅਤੇ ਆਖਿਰ 12000 ਰੁਪਏ ਤੇ ਸਮਝੌਤਾ ਕਰ ਲਿਆ| 5000 ਰੁਪਏ ਨਕਦ ਲੈ ਕੇ ਬੱਚਾ ਉਸ ਨਾਲ ਭੇਜ ਦਿੱਤਾ ਅਤੇ ਵਾਰ ਵਾਰ ਫੋਨ ਤੇ ਧਮਕੀਆਂ ਦਿੰਦੇ ਰਹੇ ਕਿ ਜੇ ਬਾਕੀ ਪੈਸੇ ਨਾਂ ਦਿੱਤੇ ਤਾਂ ਅਗਲੇ ਦਿਨ ਸਵੇਰੇ ਪਰਚਾ ਦਰਜ ਕਰ ਲਿਆ ਜਾਵੇਗਾ | ਅਮਨਦੀਪ ਕੌਰ ਨੇ ਇਸ ਰਿਸ਼ਵਤ ਬਾਰੇ ਵਿਜੀਲੈਂਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਉਸ ਨੂੰ ਐਸ ਪੀ ਡੀ ਕੋਲ ਭੇਜ ਦਿੱਤਾ| ਐਸ ਪੀ ਡੀ ਨੇ ਉਸਦਾ ਹਲਫਨਾਮਾ ਸਾਂਭ ਕੇ ਰੱਖ ਲਿਆ ਪਰ ਕਾਰਵਾਈ ਕੋਈ ਨਹੀਂ ਕੀਤੀ| ਅਮਨਦੀਪ ਕੌਰ ਨੇ ਬੱਚੇ ਨੂੰ ਸਿਵਿਲ ਹਸਪਤਾਲ ਵਿਚ ਦਾਖਿਲ ਕਰਵਾ ਦਿੱਤਾ | 
ਸਿਵਲ ਹਸਪਤਾਲ ਬਠਿੰਡਾ ਦੇ ਅਧਿਕਾਰੀਆਂ ਦਾ ਰੋਲ: 
ਪੀੜਿਤ ਨਾਬਾਲਗ ਬੱਚੇ ਨੂੰ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖਲ ਕਰਵਾ ਕੇ ਮਿਤੀ 6–12–2017 ਨੂੰ ਉਹਦਾ ਡਾਕਟਰੀ ਮੁਆਇਨਾ ਕੀਤਾ ਗਿਆ। ਚਾਹੀਦਾ ਦਾ ਤਾਂ ਇਹ ਸੀ ਕਿ ਪੁਲਸ ਤਸ਼ੱਦਦ ਦਾ ਮਾਮਲਾ ਹੋਣ ਕਰਕੇ ਇਹ ਮੁਆਇਨਾ ਡਾਕਟਰਾਂ ਦੇ ਇੱਕ ਬੋਰਡ ਵੱਲੋ ਕੀਤਾ ਜਾਂਦਾ ਅਤੇ ਇਸ ਸਾਰੀ ਪ੍ਰਕਿਰਿਆ ਦੀ ਵੀਡੀਓ ਗਰਾਫ਼ੀ ਕੀਤੀ ਜਾਂਦੀ। ਪਰ ਇਉਂ ਨਹੀਂ ਕੀਤਾ ਗਿਆ। ਬੱਚੇ ਦੇ ਗੁਪਤ ਅੰਗਾਂ ਵਿੱਚ ਪੈਟਰੋਲ ਪਾਉਣ ਬਾਰੇ ਜਾਹਰਾ ਸਬੂਤ ਹੋਣ ਦੇ ਬਾਵਜੂਦ ਵੀ ਇਸ ਸੰਬੰਧੀ ਲੋੜੀਂਦੇ ਟੈਸਟ ਨਹੀਂ ਕਰਵਾਏ ਗਏ। ਬਹੁਤੀਆਂ ਸੱਟਾਂ ਬਾਰੇ ਐਕਸਰੇ, ਸਰਜਰੀ ਅਤੇ ਹੱਡੀਆਂ ਦੇ ਮਾਹਰਾਂ ਦੀ ਰਾਏ ਡੀ ਲੋੜ ਦੱਸ ਕੇ ਨਿਗਰਾਨੀ ਅਧੀਨ ਰੱਖ ਲਿਆ। ਬੱਚੇ ਦੇ ਪ੍ਰੀਵਾਰ ਦਾ ਦੋਸ਼ ਸੀ ਕਿ ਉਸਦਾ ਇਲਾਜ ਵੀ ਸਹੀ ਢੰਗ ਨਾਲ ਨਹੀਂ ਕੀਤਾ ਗਿਆ।
10 ਦਸੰਬਰ ਨੂੰ ਸਭਾ ਦੀ ਟੀਮ ਹਸਪਤਾਲ ’ਚ ਪੀੜਤ ਬੱਚੇ ਅਤੇ ਉਸਦੇ ਪਰਿਵਾਰ ਨੂੰ ਮਿਲਣ ਗਈ । ਉਸ ਤੋਂ ਕੁਲ ਹਾਲਾਤ ਦਾ ਪਤਾ ਕਰਕੇ ਟੀਮ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਮਿਲੀ। ਜਦੋਂ ਉਸਨੂੰ ਬੱਚੇ ਦੇ ਡਾਕਟਰੀ ਮੁਆਇਨੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਬੱਚੇ ਦੇ ਵਾਰਸ਼ਾਂ ਨੇ ਐਕਸਰੇ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ । ਪਰ ਹਕੀਕਤ ਇਹ ਨਹੀ. ਸੀ । ਐਕਸਰੇ ਲਈ ਪੀੜਤ ਬੱਚੇ ਦੇ ਪਰਿਵਾਰ ਤੋਂ ਲੱਗਭੱਗ 900(2700) ਰੁਪਏ ਮੰਗੇ ਜਾ ਰਹੇ ਸਨ, ਜੋ ਉਹ ਦੇਣ ਦੀ ਹਾਲਤ ਵਿੱਚ ਨਹੀਂ ਸਨ। ਉਹ ਕਹਿ ਰਹੇ ਸਨ ਕਿ ਐਕਸਰੇ ਕਰ ਲਵੋ ਪੈਸੇ ਬਾਅਦ ’ਚ ਬੰਦੋਬਸਤ ਕਰ ਕੇ ਦੇ ਦੇਵਾਂਗੇ। ਪਰ ਉਨ੍ਹਾਂ ਦੀ ਇਹ ਗੱਲ ਨਹੀਂ ਮੰਨੀ ਗਈ। ਸਭਾ ਦੀ ਟੀਮ ਨੇ 11 ਐਸਰਿਆਂ ਦੇ 880 ਰੁਪਏ ਆਪਣੇ ਕੋਲੋ ਜਮਾਂ ਕਰਵਾ ਦਿੱਤੇ। ਬਾਅਦ ਵਿੱਚ ਹਸਪਤਾਲ ਪ੍ਰਬੰਧਕਾਂ ਨੇ ਇਸ ਕੰਮ ਲਈ ਹੋਰ ਪੈਸੇ ਮੰਗ ਲਏ ਜੋ ਪੀੜਤ ਪਰਿਵਾਰ ਨੇ ਹੋਰਾਂ ਥਾਵਾਂ ਤੋਂ ਪ੍ਰਬੰਧ ਕਰਕੇ ਜਮਾਂ ਕਰਵਾਏ। 
12 ਦਸੰਬਰ ਨੂੰ ਸਭਾ ਦੀ ਟੀਮ ਸਿਵਲ ਸਰਜਨ ਨੂੰ ਮਿਲੀ ਅਤੇ ਉਸਨੂੰ ਪੀੜਤ ਬੱਚੇ ਦਾ ਮੈਡੀਕਲ ਬੋਰਡ ਤੋਂ ਮੁੜ ਡਾਕਟਰੀ ਮੁਆਇਨਾ ਕਰਵਾਉਣ, ਖਾਸ ਤੌਰ ’ਤੇ ਗੁਪਤ ਅੰਗ ਵਿੱਚ ਪੈਟਰੋਲ ਪਾਏ ਜਾਣ ਦੇ ਤੱਥ ਦੀ ਪੁਸ਼ਟੀ ਕਰਨ ਲਈ, ਬੇਨਤੀ ਕੀਤੀ। ਇਸ ਸਮੇਂ ਪੀੜਤ ਲੜਕੇ ਦੇ ਦੋ ਰਿਸ਼ਤੇਦਾਰ ਵੀ ਨਾਲ ਸਨ। ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਿਵਲ ਸਰਜਨ ਬਠਿੰਡਾ ਨੇ ਤਿੰਨ ਡਾਕਟਰਾਂ ਦਾ ਮੈਡੀਕਲ ਬੋਰਡ ਬਨਾਉਣ ਦਾ ਹੁਕਮ ਜਾਰੀ ਕਰ ਦਿੱਤਾ। 
ਡਾਕਟਰੀ ਮੁਆਇਨੇ ਦਾ ਖਰਚਾ ਪੀੜਤ ਸਿਰ: 
ਸਿਵਲ ਸਰਜਨ ਬਠਿੰਡਾ ਨਾਲ ਗਲਬਾਤ ਕਰਦਿਆਂ, ਸਭਾ ਦੀ ਟੀਮ ਨੂੰ ਇਹ ਵੀ ਪਤਾ ਲੱਗਾ ਕਿ ਕਿਸੇ ਵੀ ਫੌਜਦਾਰੀ ਕੇਸ ਵਿੱਚ ਡਾਕਟਰੀ ਮੁਆਇਨਾ ਕਰਵਾਉਣ ਦਾ ਖਰਚਾ ਪੀੜਤ ਨੂੰ ਆਪਣੀ ਜੇਬ ਵਿੱਚੋਂ ਕਰਨਾ ਪੈਂਦਾ ਹੈ। ਇੱਥੋ. ਤੱਕ ਕੇ ਦਲਿਤਾਂ ਅਤੇ ਗਰੀਬੀ ਰੇਖਾ ਤੋਂ ਕੱਲੇ ਰਹਿ ਰਹੇ ਲੋਕਾਂ ਨੂੰ ਵੀ ਇਸ ਤੋਂ ਛੋਟ ਨਹੀਂ।
ਪੁਲੀਸ ਦਾ ਪੱਖ: 
ਸਭਾ ਦੀ ਟੀਮ 12 ਦਸੰਬਰ ਨੂੰ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਨਵੀਨ ਸਿੰਗਲਾ ਨੂੰ ਮਿਲੀ। ਇਸ ਘਟਨਾ ਬਾਰੇ ਉਸਦਾ ਪੱਖ ਜਾਨਣ ਲਈ ਸਭਾ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਪੁਲੀਸ ਮੁਖੀ ਦਾ ਕਹਿਣਾ ਸੀ ਕਿ ਜਿਉਂ ਹੀ ਪੀੜਤ ਬੱਚੇ ਦਾ ਬਿਆਨ ਦਰਜ ਹੋ ਗਿਆ ਉਨ੍ਹਾਂ ਮੁਕੱਦਮਾ ਦਰਜ਼ ਕਰਨ ਦੇ ਹੁਕਮ ਦੇ ਦਿੱਤੇ। ਐਫ.ਆਈ.ਆਰ. ’ਚ ਕੋਤਵਾਲੀ ਠਾਣੇ ਦੇ ਐਸ.ਐਚ.ਓ. ਅਤੇ ਛੋਟੇ ਠਾਣੇਦਾਰ ਨੂੰ ਮੁਲਜ਼ਮ ਨਾ ਬਣਾਏ ਜਾਣ ਬਾਰੇ ਉਨ੍ਹਾ ਕਿਹਾ ਕਿ ਇਨ੍ਹਾਂ ਦੋਹਾਂ ਪੁਲਸ ਅਧਿਕਾਰੀਆਂ ਦੇ ਰੋਲ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਕੇਸ ਦੀ ਪੜਤਾਲ ਇੱਕ ਡੀ.ਐਸ.ਪੀ. ਵੱਲੋਂ ਉਸਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ , ਉਸ ਖਿਲਾਫ਼ ਲਾਜ਼ਮੀ ਕਾਰਵਾਈ ਕੀਤੀ ਜਾਵੇਗੀ। ਸਭਾ ਦੇ ਮੰਗ ਪੱਤਰ ਵਿੱਚ ਦਰਜ਼ ਮੰਗਾਂ ਬਾਰੇ ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਇਨ੍ਹਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਪੀੜਤ ਬੱਚੇ ਦਾ ਡਾਕਟਰੀ ਮੁਆਇਨਾ ਡਾਕਟਰਾਂ ਦੇ ਬੋਰਡ ਤੋਂ ਕਰਵਾਉਣ ਦੀ ਮੰਗ ਬਾਰੇ ਉਹਨਾ ਸਹਿਮਤੀ ਪ੍ਰਗਟਾਈ।
ਘਟਨਾ ਵਾਲੀ ਥਾਂ ਦਾ ਜਾਇਜ਼ਾ: 
ਸਭਾ ਦੀ ਪੜਤਾਲੀਆ ਟੀਮ ਮਾਤਾਰਾਣੀ ਗਲੀ ਬਠਿੰਡਾ ’ਚ ਸ਼ਨੀ ਦੇਵ ਮੰਦਰ ਸਾਹਮਣੇ ਸਥਿਤ ਉਹਨਾਂ ਦੁਕਾਨਾਂ ਅਤੇ ਪੌੜੀਆਂ ਨੂੰ ਦੇਖਣ ਗਈ ਜਿੱਥੋ ਇਸ ਘਟਨਾ ਦੀ ਸ਼ੁਰੂਆਤ ਹੋਈ। ਇਸ ਭੀੜੀ ਜਿਹੀ ਮਾਰਕੀਟ ਵਿੱਚ ਪੰਜ ਦੁਕਾਨਾਂ ਰਾਜਿੰਦਰ ਕੁਮਾਰ ਪੁੱਤਰ ਗਿਰਧਾਰੀ ਲਾਲ ਦੀਆਂ ਹਨ ਅਤੇ ਇੰਨੀਆਂ ਹੀ ਦੁਕਾਨਾ ਸਾਹਮਣੇ ਦੀ ਕਤਾਰ ਵਿੱਚ ਦੇਵ ਰਾਜ ਦੀਆਂ ਹਨ। ਪੀੜਿਤ ਬੱਚਾ ਜਿਨ੍ਹਾਂ ਪੌੜੀਆਂ ਦੇ ਰਸਤੇ ਪਤੰਗ ਲੁੱਟਣ ਲਈ ਛੱਤ ’ਤੇ ਚੜਿਆ ਉਹ ਦੇਵ ਰਾਜ ਦੀਆਂ ਦੁਕਾਨਾਂ ਦੇ ਅਖੀਰ ’ਚ ਸਥਿਤ ਹਨ। ਮੌਕੇ ’ਤੇ ਮੌਜੂਦ ਰਾਜਿੰਦਰ ਕੁਮਾਰ ਅਤੇ ਉਸਦੇ ਡਰਾਈਵਰ ਬਲਦੇਵ ਸਿੰਘ ਅਨੁਸਾਰ ਤਿੰਨ ਦਸੰਬਰ ਨੂੰ 9–10ਵਜੇ ਬੱਚਾ ਉਨ੍ਹਾ ਦੇ ਸਾਹਮਣੇ ਪੌੜੀਆਂ ਚੜਿਆ ਤਾਂ ਦਵਿੰਦਰ ਵਰਮਾਂ ਅਤੇ ਉਸਦੇ ਪਰਿਵਾਰ ਨੇ ਉਸਨੂੰ ਫੜ ਲਿਆ ਅਤੇ ਕੁੱਟ ਮਾਰ ਕੀਤੀ। ਬਾਅਦ ’ਚ ਪੁਲਸ ਬੁਲਾ ਲਈ ਗਈ| ਲੋਕਾਂ ਦਾ ਕਹਿਣਾ ਸੀ ਕਿ ਬੱਚੇ ਇੱਥੇ ਪੰਤਗ ਲੁੱਟਣ ਅਕਸਰ ਹੀ ਆਉਂਦੇ ਹਨ। ਉਨ੍ਹਾ ਦਾ ਕਹਿਣਾ ਸੀ ਕਿ ਕੋਤਵਾਲੀ ਦੇ ਦੋ ਠਾਣੇਦਾਰ ਕੁਲਵਿੰਦਰ ਸਿੰਘ ਅਤੇ ਰਾਜਬੀਰ ਸਿੰਘ ਬੱਚੇ ਨੂੰ ਓਥੋਂ ਮੋਟਰ ਸਾਈਕਲ ’ਤੇ ਬਿਠਾ ਕੇ ਲੈ ਗਏ ਸਨ । 
ਏ.ਐਸ.ਆਈ. ਕੁਲਵਿੰਦਰ ਸਿੰਘ ਦੇ ਇਸ ਕੇਸ ਵਿੱਚ ਰੋਲ ਦੀ ਪਿੱਠ ਭੂਮੀ ਦੇ ਵੇਰਵੇ ਦਸਦਿਆਂ ਰਾਜਿੰਦਰ ਕੁਮਾਰ ਨੇ ਦਸਿਆ ਕਿ ਉਸਨੇ ਮਈ 2013 ਵਿੱਚ ਦੋ ਕਾਰਾਂ ਮਨਜੀਤ ਸਿੰਘ ਬੰਟੀ ਕੋਟ ਫੱਤਾ ਨੂੰ 8 ਲੱਖ 35 ਹਜ਼ਾਰ ਵਿੱਚ ਵੇਚੀਆਂ ਸਨ ਜਿਸ ਦੇ ਉਸਨੇ ਇੱਕ ਲੱਖ 35 ਹਜ਼ਾਰ ਰੁਪਏ ਹੀ ਅਦਾ ਕੀਤੇ ਅਤੇ ਬਾਕੀ ਦੀ ਰਕਮ ਬਾਅਦ ਵਿੱਚ ਦੇਣੀ ਸੀ। ਬਾਕੀ ਪੈਸੇ ਦੇਣ ਦੀ ਥਾਂ ਉਸਨੇ ਇਹ ਦੋਵੇਂ ਕਾਰਾਂ ਜਾਅਲੀ ਦਸਤਾਵੇਜ਼ਾ ਦੇ ਆਧਾਰ ’ਤੇ ਥਾਣੇਦਾਰ ਕੁਲਵਿੰਦਰ ਸਿੰਘ ਦੀ ਮੱਦਦ ਨਾਲ ਅੱਗੇ ਵੇਚ ਦਿੱਤੀਆਂ ਸਨ। ਇਸ ਸਬੰਧੀ ਉਸਨੇ ਐਫ.ਆਈ.ਆਰ. ਨੰ: 336 ਮਿਤੀ 27.09.2017 ਅਦਾਲਤੀ ਹੁਕਮਾਂ ਰਾਹੀਂ ਦਰਜ਼ ਕਰਵਾਈ ਸੀ। ਉਸ ਅਨੁਸਾਰ ਬਰਾਮਦ ਕੀਤੀ ਇੱਕ ਕਾਰ ਥਾਣੇਦਾਰ ਕੁਲਵਿੰਦਰ ਸਿੰਘ ਨੇ ਗੈਰ ਕਾਨੂੰਨੀ ਢੰਗ ਨਾਲ ਮਨਜੀਤ ਸਿੰਘ ਨੂੰ ਦੇ ਦਿੱਤੀ ਸੀ। ਪੀੜਤ ਬੱਚੇ ’ਤੇ ਤਸ਼ੱਦਦ ਕਰਕੇ ਕੁਲਵਿੰਦਰ ਸਿੰਘ ਉਸ ਤੋਂ ਇੱਕ ਝੂਠਾ ਇਕਬਾਲੀਆ ਬਿਆਨ ਹਾਸਲ ਕਰਨਾ ਚਾਹੁੰਦਾ ਸੀ ਕਿ ਉਸਨੇ 6 ਚੋਰੀਆਂ ਰਾਜਿੰਦਰ ਕੁਮਾਰ ਅਤੇ ਦੋ ਹੋਰ ਦੁਕਾਨਦਾਰਾਂ ਨਾਲ ਮਿਲ ਕੇ ਕੀਤੀਆ ਹਨ, ਤਾਂ ਜੋ ਰਾਜਿੰਦਰ ਕੁਮਾਰ ’ਤੇ ਅਦਾਲਤ ਵਿੱਚ ਚੱਲ ਰਹੇ ਕੇਸ ਨੂੰ ਵਾਪਸ ਲੈਣ ਲਈ ਦਬਾਅ ਪਾਇਆ ਜਾ ਸਕੇ। 
ਪੜਤਾਲੀਆ ਟੀਮ ਦਵਿੰਦਰ ਕੁਮਾਰ ਵਰਮਾ ਦੀ ਪਤਨੀ ਪਰਵੀਨ ਕੁਮਾਰੀ ਵਰਮਾ ਨੂੰ ਵੀ ਮਿਲੀ ਜਿਸਨੇ ਆਪਣੇ ਪਤੀ ਨੂੰ ਨਿਰਦੋਸ਼ ਦੱਸਿਆ। ਉਸਨੇ ਕਿਹਾ ਕਿ ਪੀੜਤ ਬੱਚੇ ਦੇ ਮਾਪਿਆਂ ਨਾਲ ਸਮਝੈਤਾ ਹੋ ਜਾਣ ਤੋਂ ਬਾਅਦ 4 ਦਸੰਬਰ ਨੂੱ ਬੱਚੇ ਨੂੰ ਕੋਤਵਾਲੀ ’ਚੋਂ ਛੱਡ ਦਿੱਤਾ ਗਿਆ ਸੀ। ਪਰ ਉਸਨੇ ਮੰਗਣ ’ਤੇ ਪੜਤਾਲੀਆ ਟੀਮ ਨੂੰ ਸਮਝੌਤੇ ਦੀ ਨਕਲ ਨਹੀਂ ਦਿਖਾਈ। ਉਸਨੇ ਇਹ ਵੀ ਕਿਹਾ ਕਿ ਉਹ ਥਾਣੇਦਾਰ ਕੁਲਵਿੰਦਰ ਸਿੰਘ ਨੂੱ ਬਚਾਉਣ ਲਈ , ਜਿੱਥੇ ਵੀ ਉਸਨੂੰ ਬੁਲਾਇਆ ਗਿਆ ਬਿਆਨ ਦੇਣ ਜਾਂਦੀ ਰਹੀ ਹੈ।

ਸਿੱਟੇ: 
(1) ਚਾਹੇ ਜ਼ਿਲ੍ਹਾ ਪੁਲੀਸ ਮੁਖੀ ਨੇ ਇਹ ਦਾਅਵਾ ਕੀਤਾ ਹੈ ਕਿ ਪੀੜਤ ਬੱਚੇ ਦਾ ਬਿਆਨ ਲਿਖੇ ਜਾਣ ਤੋ. ਬਾਅਦ ਉਸਨੇ ਤੁਰੰਤ ਕਾਰਵਾਈ ਕਰਦਿਆਂ ਐਫ.ਆਈ.ਆਰ. ਦਰਜ਼ ਕਰਨ ਦਾ ਹੁਕਮ ਦੇ ਦਿੱਤਾ ਸੀ, ਪਰ ਇਹ ਅਧੂਰਾ ਸੱਚ ਹੈ। ਹਕੀਕਤ ਇਹ ਹੈ ਕਿ ਪੁਲਸ ਨੇ ਸਮੇ. ਸਿਰ ਕਾਰਵਾਈ ਨਹੀਂ ਕੀਤੀ, ਜਿਸ ਦਾ ਤਫ਼ਤੀਸ਼ ’ਤੇ ਮਾੜਾ ਅਸਰ ਪੈਣਾ ਲਾਜ਼ਮੀ ਹੈ। ਇਸ ਤਰ੍ਹਾਂ ਦੋਸ਼ੀਆਂ ਨੂੰ ਲਾਭ ਮਿਲੇਗਾ।
(2) ਇਸ ਘਟਨਾ ਦੀ ਸ਼ੁਰੂਆਤ 3 ਦਸੰਬਰ ਨੂੰ ਸਵੇਰੇ 9 ਵਜੇ ਹੋਈ ਹੈ, ਲੱਗਭੱਗ 10 ਵਜੇ ਸਵੇਰੇ ਪੁਲੀਸ ਪੀੜਤ ਬੱਚੇ ਨੂੰ ਥਾਣਾ ਕੋਤਵਾਲੀ ਲੈ ਗਈ ਸੀ ਅਤੇ ਉਸ ਉੱਤੇ ਤਸ਼ੱਦਦ ਸ਼ੁਰੂ ਕਰ ਦਿੱਤਾ ਸੀ। 5 ਦਸੰਬਰ ਨੂੰ ਉਸਦੀ ਮਾਤਾ ਅਮਨਦੀਪ ਕੌਰ ਨੇ ਨੋਟਰੀ ਪਬਲਿਕ ਤੋ ਤਸਦੀਕ ਕਰਵਾਕੇ ਇੱਕ ਹਲਫਨਾਮਾ ਐਸ.ਪੀ ਡੀ ਬਠਿੰਡਾ ਦੇ ਪੇਸ਼ ਕੀਤਾ ਜਿਸ ਵਿੱਚ ਬੱਚੇ ’ਤੇ ਕੀਤੇ ਜਾ ਰਹੇ ਤਸ਼ੱਦਦ ਤੋਂ ਇਲਾਵਾ ਐਸ.ਐਚ.ਓ. ਦਵਿੰਦਰ ਸਿੰਘ ਅਤੇ ਏ.ਐਸ.ਆਈ. ਕੁਲਿਵਿੰਦਰ ਸਿੰਘ ਵੱਲੋਂ ਬੱਚੇ ਨੂੰ ਛੱਡਣ ਲਈ 15 ਹਜ਼ਾਰ ਰੁਪਏ ਰਿਸ਼ਵਤ ਮੰਗਣ ਬਾਰੇ ਵੀ ਸਪੱਸ਼ਟ ਜਾਣਕਾਰੀ ਦਿੱਤੀ ਗਈ ਸੀ, ਪਰ ਐਸ.ਪੀ ਡੀ ਨੇ ਇਹ ਹਲਫਨਾਮਾ ਸਾਂਭ ਕੇ ਰੱਖ ਲਿਆ ਅਤੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ । 6 ਦਸੰਬਰ ਨੂੰ ਸਿਵਲ ਹਸਪਤਾਲ ਵਿੱਚ ਪੀੜਤ ਬੱਚੇ ਦਾ ਡਾਕਟਰੀ ਮੁਆਇਨਾ ਹੋਣ ਸਮੇਂ ਪੁਲਸ ਨੂੰ ਲਿਖਤੀ ਰੁਕਾ ਉਸਦੇ ਬਿਆਨ ਲਿਖਣ ਲਈ ਭੇਜਿਆ ਗਿਆ ਪਰ ਬੱਚੇ ਦਾ ਬਿਆਨ ਲਿਖਣ ਵਿੱਚ ਪੁਲਸ ਨੇ ਦੇਰੀ ਕੀਤੀ ਅਤੇ ਆਖਰ 10 ਦਸੰਬਰ ਨੂੰ ਪੁਲਸ ਨੇ ਮੁਕੱਦਮਾ ਦਰਜ਼ ਕੀਤਾ। ਪਰਚਾ ਦਰਜ਼ ਕਰਨ ਵਿੱਚ ਹੋਈ 5 ਦਿਨਾਂ ਦੀ ਦੇਰੀ ਬਾਰੇ ਪੁਲਸ ਨੇ ਕੋਈ ਕਾਰਨ ਨਹੀਂ ਦੱਸਿਆ।
(3) ਪੜਤਾਲੀਆ ਟੀਮ ਨੇ ਇਹ ਵੀ ਨੋਟ ਕੀਤਾ ਕਿ ਇਸ ਘਟਨਾ ਸਬੰਧੀ ਅਖਬਾਰਾਂ ਵਿੱਚ 9 ਦਸੰਬਰ ਨੂੰ ਖਬਰਾਂ ਛਪ ਗਈਆਂ ਸਨ। ਪੱਤਰਕਾਰਾਂ ਨੇ 8 ਦਸੰਬਰ ਨੂੰ ਜ਼ਿਲਾ ਪੁਲਸ ਮੁਖੀ ਦਾ ਪੱਖ ਜਾਣਿਆ ਸੀ ਜੋ ਖਬਰਾਂ ਵਿੱਚ ਦਰਜ਼ ਹੈ। ਇਸ ਤਰ੍ਰਾ ਇਹ ਘਟਨਾ 8 ਦਿਸੰਬਰ ਨੂੰ ਜ਼ਿਲਾ ਪੁਲਸ ਮੁਖੀ ਦੇ ਜਾਤੀ ਨੋਟਿਸ ਵਿੱਚ ਆ ਚੁੱਕੀ ਸੀ।
(4) ਪੁਲਸ ਨੇ ਇਸ ਘਟਨਾ ਬਾਰੇ ਜਾਣਕਾਰੀ ਜਨਤਕ ਕਰਨ ਵਿੱਚ ਵੀ ਦੇਰੀ ਕੀਤੀ ਹੈ। ਕਾਨੂੰਨ ਅਨੁਸਾਰ ਐਫ ਆਈ ਆਰ ਦਾ ਇੱਕ ਉਤਾਰਾ ਪੁਲਸ ਵੱਲੋਂ ਮੁਦਈ ਨੂੰ ਦਿੱਤਾ ਜਾਣਾ ਚਾਹੀਦਾ ਹੈ। ਪਰ ਇਉਂ ਨਹੀਂ ਕੀਤਾ ਗਿਆ। ਐਫ.ਆਈ.ਆਰ. ਨੈੱਟ ’ਤੇ ਵੀ ਨਹੀਂ ਪਾਈ ਗਈ। ਸਿਰਫ਼ ‘ਰੋਜਾਨਾ ਜੁਰਮ ਰਿਪੋਰਟ’ ਹੀ ਪਾਈ ਗਈ ਜਿਸ ਵਿੱਚ ਕੋਈ ਵੇਰਵਾ ਨਹੀਂ ਦਿੱਤਾ ਗਿਆ ਸੀ।
(5) ਇਹ ਤੱਥ ਨਿਰਵਿਵਾਦਤ ਹੈ ਕਿ ਦਵਿੰਦਰ ਕੁਮਾਰ ਅਤੇ ਉਸਦੇ ਪਰਿਵਾਰ ਦੇ ਲੋਕਾਂ ਨੇ ਨਾਬਾਲਗ ਪੀੜਤ ਬੱਚੇ ਦੀ ਪਹਿਲਾਂ ਖੁਦ ਕੁੱਟ ਮਾਰ ਕੀਤੀ ਅਤੇ ਫਿਰ ਉਸਨੂੰ ਕੋਤਵਾਲੀ ਬਠਿੰਡਾ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਜਿਸਨੇ ਉਸਨੂੰ 36 ਘੰਟਿਆਂ ਤੋਂ ਵੱਧ ਆਵਦੀ ਹਿਰਾਸਤ ਵਿੱਚ ਰੱਖਿਆ। ਸਰਸਰੀ ਨਜ਼ਰ ਤੋਂ ਇਹ ਨਾਬਾਲਗਾਂ ਨਾਲ ਇਨਸਾਫ, ਉਸਦੀ ਦੇਖ ਭਾਲ ਅਤੇ ਰਾਖੀ ਬਾਰੇ ਕਾਨੂੰਨ, 2000 Juvenile Justice (Care and Protection) Act -2000, ਦੀ ਧਾਰਾ 23 ਤਹਿਤ ਪੁਲਸ ਦੀ ਦਖਲ ਅੰਦਾਜ਼ੀ ਯੋਗ ਜੁਰਮ ਹੈ, ਜਿਸ ਬਾਰੇ ਸੂਚਨਾ ਮਿਲਣ ਤੇ ਪਰਚਾ ਦਰਜ ਕਰਨਾ ਲਾਜ਼ਮੀ ਹੈ| ਇਸ ਧਾਰਾ ਤਹਿਤ ਨਬਾਲਗ ’ਤੇ ਕਿਸੇ ਵੱਲੋਂ ਵੀ ਹਿੰਸਾ ਦਾ ਪ੍ਰਯੋਗ ਅਤੇ ਉਸਨੂੰ ਪੁਲਸ ਹਿਰਾਸਤ ਵਿਚ ਰੱਖਣਾ ਗੰਭੀਰ ਮੁਜਰਮਾਨਾ ਕੁਤਾਹੀ ਹੈ। ਹੋ ਸਕਦਾ ਹੈ, ਦਵਿੰਦਰ ਕੁਮਾਰ ਅਜਿਹੇ ਜੁਰਮ ਬਾਰੇ ਅਣਜਾਣ ਹੋਵੇ ਪਰ ਪੁਲਸ ਇਸ ਤੋਂ ਅਣਜਾਣ ਨਹੀਂ ਹੋ ਸਕਦੀ| ਪੁਲਸ ਵੱਲੋਂ ਸ਼ਰੇਆਮ ਇਸ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਜੋ ਇੱਕ ਗੰਭੀਰ ਮਸਲਾ ਹੈ। 
(6) ਪੀੜਤ ਬੱਚੇ ਦੇ ਬਿਆਨ ਅਨੁਸਾਰ ਥਾਣਾ ਮੁਖੀ ਦਵਿੰਦਰ ਸਿੰਘ, ਛੋਟੇ ਥਾਣੇਦਾਰ ਕੁਲਵਿੰਦਰ ਸਿੰਘ, ਰਾਜਵੀਰ ਸਿੰਘ ਅਤੇ ਇੱਕ ਮੁਨਸ਼ੀ ਨੇ ਉਸ ਦੇ ਗੁਪਤ ਅੰਗ ਵਿੱਚ ਕੀਪ (funnel) ਪਾ ਕੇ ਪੈਟਰੋਲ ਪਾਇਆ ਹੈ। ਬੱਚਿਆਂ ਦੀ ਜਿਣਸੀ ਜੁਰਮਾਂ ਤੋਂ ਰਾਖੀ ਬਾਰੇ ਕਾਨੂੰਨ 2012 (Protection of Children from Sexual Offences Act-2012) ਦੀ ਧਾਰਾ 3, 5 ਅਤੇ 6 ਅਨੁਸਾਰ ਇਹ ਗੰਭੀਰ ਜੁਰਮ ਹੈ ਜਿਸ ਲਈ ਅਦਾਲਤ ਵੱਲੋਂ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਦੋਸ਼ੀ ਪੁਲਸ ਮੁਲਾਜ਼ਮਾਂ ਨਾਲ ਰਿਆਇਤ ਦਿਲੀ ਵਰਤਦਿਆਂ ਪੁਲਸ ਨੇ ਇਹ ਜੁਰਮ ਐਫ.ਆਈ.ਆਰ. ਵਿੱਚ ਸ਼ਾਮਲ ਨਹੀਂ ਕੀਤਾ। ਇਹ ਪੁਲਸ ਦੀ ਗੰਭੀਰ ਕੁਤਾਹੀ ਹੈ।
(7) ਸਿਵਲ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਪੀੜਤ ਬੱਚੇ ਦਾ ਇਲਾਜ ਅਤੇ ਡਾਕਟਰੀ ਮੁਆਇਨਾ ਕਰਨ ਵਾਲੇ ਡਾਕਟਰਾਂ ਨੇ ਘੋਰ ਕੁਤਾਹੀ ਅਤੇ ਅਣਗਹਿਲੀ ਕੀਤੀ ਹੈ| ਦਰਅਸਲ ਉਨਾਂ ਦਾ ਰਵੱਈਆ ਗੈਰ ਮਨੁੱਖੀ ਹੈ। ਨਾ ਤਾਂ ਉਹਨਾਂ ਨੇ ਪੀੜਤ ਬਚੇ ਦਾ ਸਹੀ ਢੰਗ ਨਾਲ ਇਲਾਜ ਕੀਤਾ ਅਤੇ ਨਾ ਹੀ ਉਸਦਾ ਡਾਕਟਰੀ ਮੁਆਇਨਾ ਸਹੀ ਢੰਗ ਨਾਲ ਕੀਤਾ| ਬੱਚੇ ਦੀ ਕੇਸ ਹਿਸਟਰੀ ਦੇਖਦਿਆਂ ਜਿਨ੍ਹਾਂ ਟੈਸਟਾਂ ਦੀ ਲੋੜ ਸੀ, ਜਿਵੇਂ Endoscopy, ਉਹ ਕਰਵਾਏ ਨਹੀ ਗਏ ਸਗੋ ਫਾਲਤੂ ਦੇ ਟੈਸਟ ਕਰਵਾਏ ਗਏ। ਇੱਕ ਗ਼ਰੀਬ ਦਲਿਤ ਤੋ ਡਾਕਟਰੀ ਮੁਆਇਨੇ ਲਈ ਰਕਮਾਂ ਖਰਚੇ ਵਜੋਂ ਵਸੂਲਣੀਆਂ ਇਖਲਾਕੀ ਪੱਖ ਤੋਂ ਸਹੀ ਨਹੀਂ।
(8) ਇਹ ਘਟਨਾ ਪੁਲਸ ਅਧਿਕਾਰੀਆਂ ਦੀ ਇੱਕ ਘਿਨਾਉਣੀ ਅਤੇ ਨਿੰਦਣਯੋਗ ਕਾਰਵਾਈ ਹੈ। ਇਹਨਾਂ ਅਧਿਕਾਰੀਆਂ ਨੇ ਸਾਰੇ ਕਾਨੂੰਨ ਛਿੱਕੇ ’ਤੇ ਟੰਗ ਕੇ ਪਹਿਲਾਂ ਨਾਬਾਲਗ ਬੱਚੇ ’ਤੇ ਅਣਮਨੁੱਖੀ ਤਸ਼ੱਦਦ ਕੀਤਾ, ਫਿਰ ਉਸਨੂੰ ਛੱਡਣ ਲਈ ਰਿਸ਼ਵਤ ਵਸੂਲੀ ਅਤੇ ਬਾਅਦ ਵਿੱਚ ਇਸ ਸਾਰੇ ਜੁ਼ਲਮ ਉੱਤੇ ਪਰਦਾ ਪਾਉਣ ਲਈ ਹਰ ਹਰਬਾ ਵਰਤਿਆ, ਓਹਨਾ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।
(9) ਇਹ ਘਟਨਾ ਪੁਲਸ ਅਧਿਕਾਰੀਆਂ ਵੱਲੋਂ ਕਾਨੂੰਨ ਨੂੰ ਟਿੱਚ ਕਰਕੇ ਜਾਨਣ ਦੀ ਉੱਘੜਵੀਂ ਮਿਸਾਲ ਹੈ | ਜਮਹੂਰੀ ਹੱਕਾਂ ਦੀ ਲਹਿਰ ਨੂੰ ਇਸ ਜਮਹੂਰੀਅਤ ਵਿਰੋਧੀ ਰੁਝਾਨ ਖਿਲਾਫ ਡਟਣ ਦੀ ਲੋੜ ਹੈ।



ਮੰਗਾਂ: 
ਜਮਹੂਰੀ ਅਧਿਕਾਰ ਸਭਾ ਮੰਗ ਕਰਦੀ ਹੈ ਕਿ :–
(1) ਐਸ.ਐਚ.ਓ. ਦਵਿੰਦਰ ਕੁਮਾਰ ਅਤੇ ਛੋਟੇ ਥਾਣੇਦਾਰ ਰਾਜਵੀਰ ਸਿੰਘ ਨੂੰ ਦੇਸ਼ੀ ਨਾਮਜਦ ਕੀਤਾ ਜਾਵੇ।
(2) ਐਫ.ਆਈ. ਆਰ. ਵਿਚ ਨਾਬਾਲਗ ਨਾਲ ਇਨਸਾਫ (Juvenile Justice (Care and Protection) Act-2000 ਦੀ ਧਾਰਾ 23 ਅਤੇ ਬੱਚਿਆਂ ਨੂੰ ਜਿਨਸੀ ਜੁਰਮਾਂ ਤੋਂ ਬਚਾਉਣ ਬਾਰੇ ਕਾਨੂੰਨ 2012 (Protection of Children fronm Sexual Offences Act-2012) ਦੀ ਧਾਰਾ 3,5,6 ਤਹਿਤ ਜੁਰਮ ਨਾਲ ਜੋੜਿਆ ਜਾਵੇ।
(3) ਸਿਵਲ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਹੋਰ ਸੰਬੰਧਿਤ ਡਾਕਟਰਾਂ ਜਿਨ੍ਹਾਂ ਨੇ ਪੀੜਤ ਬੱਚੇ ਦਾ ਡਾਕਟਰੀ ਮੁਆਇਨਾ ਅਤੇ ਇਲਾਜ਼ ਕਰਨ ਵਿੱਚ ਅਣਗਹਿਲੀ ਕੀਤੀ ਹੈ, ਦੇ ਵਿਰੁੱਧ ਵਿਭਾਗੀ ਪੜਤਾਲ ਕਰਕੇ ਢੁਕਵੀਂ ਕਾਰਵਾਈ ਕੀਤੀ ਜਾਵੇ।
(4) ਪੀੜਤ ਬੱਚਾ ਦਲਿਤ ਪਰਿਵਾਰ ਦਾ ਹੈ, ਉਸਦੀ ਮਾਤਾ ਦੀ ਸ਼ਿਕਾਇਤ ਹੈ ਹੈ ਕਿ ਦੋਸ਼ੀ ਪੁਲਸ ਮੁਲਾਜ਼ਮਾਂ ਨੇ ਉਸਨੂੱ ਜਾਤ ਦਾ ਨਾਂ ਲੈ ਕੇ ਗਾਹਲਾਂ ਕੱਢੀਆਂ ਅਤੇ ਉਸਦੀ ਬੇਪਤੀ ਕੀਤੀ ਹੈ। ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਸ ਨੇ ਇਸ ਸ਼ਿਕਾਇਤ ਦਾ ਅਜੇ ਤੱਕ ਨੋਟਿਸ ਨਹੀਂ ਲਿਆ। ਇਹਨਾ ਸਾਰੇ ਦੋਸ਼ੀਆਂ ਖਿਲਾਫ਼ ਲੋੜੀਂਦੀ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇ।
(5) ਇਸ ਘਟਨਾ ’ਚ ਪੀੜਤ ਇੱਕ ਨਾਬਾਲਗ ਬੱਚਾ ਹੈ, ਇਹ ਠੀਕ ਹੈ ਕਿ ਅਖਬਾਰਾਂ ਵਿੱਚ ਖਬਰਾਂ ਛੱਪਣ ਤੋਂ ਬਾਅਦ ਪੰਜਾਬ ਰਾਜ ਦੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਦੇ ਕਮਿਸ਼ਨ ਨੇ ਇਸ ਦਾ ਨੋਟਿਸ ਲੈਂਦਿਆਂ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਦੋਹਾਂ ਧਿਰਾਂ ਨੂੰ ਬਿਆਨ ਦਰਜ਼ ਕਰਨ ਲਈ ਚੰਡੀਗੜ ਬੁਲਾਇਆ ਹੈ ਪਰ ਸਥਾਨਿਕ ਜ਼ਿਲਾ ਬਾਲ ਸੁਰਖਿਆ ਅਫਸਰ, ਜਿਸ ਦੀ ਮੁਖ ਜ਼ਿੰਮੇਵਾਰੀ ਬਾਲਾਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਅਤੇ Juvenile Justive (Care and Protection) Act ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ , ਵੱਲੋਂ ਇਸ ਮਸਲੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਆਪਣੀ ਜ਼ਿੰਮੇਵਾਰੀ ਨਾਂ ਨਿਭਾਉਣ ਕਾਰਨ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |
(6) ਪੀੜਿਤ ਪਰਿਵਾਰ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ. 
(7) ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਕੇ ਨੌਕਰੀ ਤੋਂ ਕੱਢਿਆ ਜਾਵੇ

ਵੱਲੋਂ
ਜ਼ਿਲ੍ਹਾ ਕਮੇਟੀ ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਇਕਾਈ ਬਠਿੰਡਾ 
ਮਿਤੀ 14 .12. 2017
ਜਾਰੀ ਕਰਤਾ ਬੱਗਾ ਸਿੰਘ ਪ੍ਰਧਾਨ ਸੰਪਰਕ 9888986469
ਪ੍ਰਿਤਪਾਲ ਸਿੰਘ ਸਕੱਤਰ ਸੰਪਰਕ 9876060280
ਮਿਤੀ 14.12.2017

Tuesday, November 28, 2017

ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦੀ ਘਿਣਾਉਣੀ ਹਰਕਤ ਬੰਦ ਕੀਤੀ ਜਾਵੇ - ਜਮਹੂਰੀ ਅਧਿਕਾਰ ਸਭਾ


ਜਮਹੂਰੀ ਅਧਿਕਾਰ ਸਭਾ ਨੇ ਦਿਆਲ ਸਿੰਘ ਕਾਲਜ ਦਿੱਲੀ ਦਾ ਨਾਮ ਬਦਲਣ ਨੂੰ ਇਕ ਜਾਣਬੁਝ ਕੇ ਨੀਤੀਗਤ ਸ਼ਰਾਰਤ ਦੱਸਦੇ ਹੋਏ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜਮਹੂਰੀ ਸਭਾ ਦੇ ਪ੍ਰਧਾਨ ਪੋ੍ਰਫੈਸਰ ਏ ਕੇ ਮਲੇਰੀ , ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ, ਮੀਤ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਨਾਮ ਬਦਲੀ ਦੀ ਚਾਲ ਪਿਛਲੇ ਕੁਝ ਸਮੇਂ ਤੋ ਅਪਨਾਈ ਜਾ ਰਹੀ ਭਗਵੀਂ ਨੀਤੀ ਦਾ ਹਿੱਸਾ ਹੀ ਹੈ ਜਿਸ ਦੇ ਤਹਿਤ ਇਤਿਹਾਸ ਨੂੰ ਵਿਗਾੜਣ ਤੇ ਭੁਲੇਖਾ ਪਾਊ ਬਣਾਉਣ ਦੀ ਕੁਹਜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿਆਲ ਸ਼ਿੰਘ ਕਾਲਜ ਦੇ ਪ੍ਰਬੰਧਕ ਬੇਵਕੂਫ ਨਹੀ ਕਿ ਇਹ ਨਾਂ ਜਾਣਦੇ ਹੋਣ ਕਿ ਸਰਦਾਰ ਦਿਆਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਲਹਿਣਾ ਸਿੰਘ ਦੇ ਪੁੱਤਰ ਸਨ। ਲਹਿਣਾ ਸਿੰਘ ਪੰਜਾਬ ਦੀ ਆਜ਼ਾਦਾਨਾ ਹਸਤੀ ਸਥਾਪਤ ਕਰਨ ਵਾਲੇ ਪਹਿਲੇ ਜਰਨੈਲਾਂ ਵਿਚੋਂ ਸਨ ਜਿਨ੍ਹਾਂ ਦੀ ਕਾਬਲੀਅਤ ਨੇ ਮਹਾਰਾਜਾ ਰਣਜੀਤ ਸ਼ਿੰਘ ਨੂੰ ਕਾਮਯਾਬੀ ਦਿਵਾਈ। ਉਹ ਵਿਗਿਆਨਕ ਵਿਚਾਰਾਂ ਦੇ ਧਾਰਨੀ, ਕੁਸ਼ਲ ਪ੍ਰਬੰਧਕ ਤੇ ਈਮਾਨਦਾਰ, ਦਿਆਲੂ ਵਿਅਕਤੀ ਸਨ। ਦਿਆਲ ਸਿੰਘ ਜਿਹਨਾਂ ਨੇ ਦਰਬਾਰ ਸਾਹਿਬ ਦੀ ਲੰਬਾ ਸਮਾ ਸੇਵਾ ਕੀਤੀ, ਸਵਾਮੀ ਦਯਾਨੰਦ ਦੇ ਪੰਜਾਬ ਦੌਰੇ ਦੌਰਾਨ ਮੇਜ਼ਬਾਨ ਰਹੇ ਅਤੇ ਪੰਜਾਬ ਦੀ ਪੁਨਰ ਜਾਗਰਿਤੀ ਦੇ ਅਲੰਬਰਦਾਰ ਸਨ। ਉਹਨਾਂ ਨੇ ਆਪਣੀ ਕਾਰੋਬਾਰੀ ਕਮਾਈ ਸਮਾਜਿਕ ਜਾਗਰਿਤੀ ਦੇ ਲੇਖੇ ਲਾਈ। ਜਿਵੇਂ ਪਹਿਲੀ ਪਬਲਿਕ ਲਾਇਬ੍ਰੇਰੀ ਸਥਾਪਿਤ ਕਰਨਾ , ਕਾਲਜ ਖੋਹਲਣਾ, ਪੰਜਾਬ ਯੁਨੀਵਰਸਟੀ ਬਣਾਉਣ ਵਿਚ ਮੋਹਰੀ ਹਿੱਸਾ ਪਾਉਣਾ, ਜਨਤਕ ਹਿਤ ਦੇ ਵਿਚਾਰਾਂ ਦੇ ਪਰਗਟਾਵੇ ਲਈ ਟਿ੍ਰਬਿਊਨ ਅਖ਼ਬਾਰ ਸਥਾਪਤ ਕਰਨਾ , ਕੌਮੀ ਬੈਂਕ ਪੰਜਾਬ ਨੈਸ਼ਨਲ ਬੈਂਕ ਸਥਾਪਿਤ ਕਰਨਾ ਅਤੇ ਚਲਾਉਣਾ। ਉਹਨਾਂ ਨੇ ਆਪਣੀ ਜਾਇਦਾਦ ਲੋਕ ਹਿਤਾਂ ਲਈ ਟਰਸਟ ਦੇ ਨਾਂ ਕੀਤੀ। ਕੀ ਇਸ ਇਤਿਹਾਸਕ ਸਮਾਜਿਕ ਦੇਣ ਨੂੰ ਮਿਟਾਉਣ ਦਾ ਯਤਨ ਇਨਸਾਨੀਅਤ ਵਿਰੋਧੀ ਤੇ ਨਵੀੰ ਪੀੜੀ ਨੂੰ ਗੁੰਮਰਾਹ ਕਰਨਾ ਨਹੀਂ ਹੈ? ਉੱਪਰੋਂ ਸਿਤਮਜ਼ਰੀਫ਼ੀ ਇਹ ਕਿ ਹਰ ਦਲੀਲ਼ ਨੂੰ ਹੈਂਕੜ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਾਜਸ਼ੀ ਦਿਮਾਗਾਂ ਦੀ ਖ਼ੂਬੀ ਹੀ ਹੋ ਸਕਦੀ ਹੈ।
ਇਹਨਾਂ ਪ੍ਰਬੰਧਕਾਂ ਦੀ ਮਾਨਸਿਕਤਾ ਆਰ ਕੇ ਨਾਰਾਇਣ ਦੀ ਲੋਲੇ ਰੋਡ ਕਹਾਣੀ ਦੇ ਪਾਤਰਾਂ ਦੀ ਯਾਦ ਦਿਵਾਉਂਦੀ ਹੈ। ਜੋ ਕਿ ਪਹਿਲਾਂ ਅੰਗਰੇਜਾਂ ਦਾ ਦਲਾਲ ਹੁੰਦਾ ਹੈ ਅਤੇ 15 ਅਗਸਤ ਤੋਂ ਬਾਅਦ ਨਵਾਂ ਰਾਸ਼ਟਰਵਾਦੀ ਬਨਣ ਲਈ ਸੜਕਾਂ ਦੇ ਨਾਂ ਬਦਲਣ ਨੂੰ ਰਾਸ਼ਟਰ ਸੇਵਾ ਕਹਿੰਦਾ ਹੈ ਤੇ ਫਿਰ ਲੋਲੇ ਦਾ ਬੁਤ ਹਟਾਉਣ ਲਈ ਲੋਕਾਂ ਨੂੰ ਜਜ਼ਬਾਤੀ ਕਰਦਾ ਹੈ ਤੇ ਜਦ ਪਤਾ ਲਗਦਾ ਹੈ ਕਿ ਮਿਸਟਰ ਲੌਲੇ ਤਾਂ ਲੋਕ ਹਿਤੇਸ਼ੀ ਸੀ ਤਾਂ ਆਪਣੀ ਬੇਵਕੂਫੀ ਨੂੰ ਲੁਕੋਣ ਲਈ ਲੱਖਾਂ ਰੁਪਏ ਖ਼ਰਚਦਾ ਹੈ।
ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਕਾਲਜ ਦਾ ਨਾਂ ਬਦਲਣ ਦਾ ਅਹਿਮਕਾਨਾ ਫ਼ੈਸਲਾ ਵਾਪਸ ਲਿਆ ਜਾਵੇ ਤੇ ਪ੍ਰਬੰਧਕ ਇਸ ਘਿਣਾਉਣੀ ਹਰਕਤ ਦੀ ਜਨਤਾ ਤੋਂ ਮੁਆਫ਼ੀ ਮੰਗਣ।
ਜਾਰੀ ਕਰਤਾ : 


ਪ੍ਰੈੱਸ ਸਕੱਤਰ
ਮਿਤੀ: 27. 11. 2017

Saturday, November 11, 2017

ਪੰਜਾਬ ਸਰਕਾਰ ਦੀ ਪਕੋਕਾ ਦੀ ਤਜਵੀਜ਼ ਜਮਹੂਰੀ ਹੱਕਾਂ ਉੱਪਰ ਨਵਾਂ ਹਮਲਾ - ਜਮਹੂਰੀ ਅਧਿਕਾਰ ਸਭਾ


ਅੱਜ ਜਾਰੀ ਕੀਤੇ ਪ੍ਰੈੱਸ ਬਿਆਨ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਨੂੰ ਰੋਕਣ ਦੇ ਨਾਂ ਹੇਠ ‘ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕਰਾਈਮ ਐਕਟ’ (ਪਕੋਕਾ) ਬਣਾਉਣ ਦੀ ਤਜਵੀਜ਼ ਪਾਸ ਕਰਨ ਅਤੇ ਮੁੱਖ ਮੰਤਰੀ ਵਲੋਂ ਕੈਬਨਿਟ ਸਬ-ਕਮੇਟੀ ਨੂੰ ਇਸਦਾ ਬਿੱਲ ਤਿਆਰ ਕਰਨ ਦਾ ਆਦੇਸ਼ ਦੇਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਉਹਨਾਂ ਕਿਹਾ ਕਿ ‘‘ਜਥੇਬੰਦ ਜੁਰਮਾਂ ਅਤੇ ਗੈਂਗਸਟਰਾਂ’’ ਦੇ ਵਧਣ-ਫੁੱਲਣ ਦਾ ਕਾਰਨ ਸਖ਼ਤ ਕਾਨੂੰਨਾਂ ਦੀ ਘਾਟ ਨਹੀਂ ਜਿਵੇਂ ਕਿ ਨਾਗਰਿਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਬਲਕਿ ਹਾਕਮ ਜਮਾਤੀ ਪਾਰਟੀਆਂ ਵਲੋਂ ਆਪਣੇ ਸੌੜੇ ਸਵਾਰਥਾਂ ਲਈ ਸਮਾਜ ਵਿਰੋਧੀ ਅਨਸਰਾਂ ਦੀ ਪੁਸ਼ਤਪਨਾਹੀ ਅਤੇ ਸਰਕਾਰਾਂ ਵਿਚ ਇਹਨਾਂ ਅਨਸਰਾਂ ਦੀਆਂ ਕਾਰਵਾਈਆਂ ਨੂੰ ਨੱਥ ਪਾਉਣ ਲਈ ਲੋੜੀਂਦੀ ਰਾਜਸੀ ਇੱਛਾ ਦੀ ਅਣਹੋਂਦ ਇਸ ਲਈ ਜ਼ਿੰਮੇਵਾਰ ਹੈ। ਪਿਛਲੀ ਸਰਕਾਰ ਤੋਂ ਲੋਕਾਂ ਦੀ ਬਦਜ਼ਨੀ ਦਾ ਸਿਆਸੀ ਲਾਹਾ ਲੈਣ ਲਈ ਪੰਜਾਬ ਦੀ ਮੌਜੂਦਾ ਸਰਕਾਰ ਵੱਡੇ-ਵੱਡੇ ਲੋਕ-ਲੁਭਾਊ ਵਾਅਦੇ ਕਰਕੇ ਸੱਤਾ ਵਿਚ ਆਈ ਹੈ ਅਤੇ ਇਸ ਕੋਲ ਦਿਨੋਦਿਨ ਸਮਾਜ ਵਿਚ ਵੱਧ ਰਹੀ ਨਾਬਰਾਬਰੀ, ਵਿਕਰਾਲ ਖੇਤੀ ਸੰਕਟ, ਸੰਕਟਗ੍ਰਸਤ ਸਨਅਤੀ ਖੇਤਰ ਦੀ ਮੁੜ-ਸੁਰਜੀਤੀ, ਬੇਰੋਜ਼ਗਾਰੀ, ਨਸ਼ਿਆਂ ਦੀ ਮਹਾਂਮਾਰੀ, ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਮਨੁੱਖੀ ਜ਼ਰੂਰਤਾਂ ਦੀ ਪੂਰਤੀ ਆਦਿ ਮਸਲਿਆਂ ਨੂੰ ਹੱਲ ਕਰਨ ਦਾ ਕੋਈ ਨਿੱਗਰ ਪ੍ਰੋਗਰਾਮ ਨਹੀਂ ਹੈ। ਆਪਣੀ ਇਸ ਕਮਜ਼ੋਰੀ ਨੂੰ ਲੁਕੋਣ ਅਤੇ ਸਮਾਜਿਕ ਬਦਜ਼ਨੀ ਦੇ ਮੂਲ ਕਾਰਨਾਂ ਨੂੰ ਮੁਖ਼ਾਤਬ ਹੋਣ ਅਤੇ ਇਹਨਾਂ ਦੇ ਹੱਲ ਲਈ ਠੋਸ ਵਿਕਾਸਮੁਖੀ ਨੀਤੀਆਂ ਅਮਲ ਵਿਚ ਲਿਆਉਣ ਦੀ ਬਜਾਏ ਸਰਕਾਰ ਜਵਾਬਦੇਹੀ ਤੋਂ ਬਚਣ ਲਈ ਜਥੇਬੰਦ ਜੁਰਮਾਂ ਦਾ ਹਊਆ ਖੜ੍ਹਾ ਕਰ ਰਹੀ ਅਤੇ ਇਸ ਦੇ ਬਹਾਨੇ ਪੁਲਿਸ ਨੂੰ ਹੋਰ ਤਾਨਾਸ਼ਾਹ ਤਾਕਤਾਂ ਨਾਲ ਲੈਸ ਕਰ ਰਹੀ ਹੈ। ਸਰਕਾਰ ‘ਕਾਨੂੰਨ ਦੇ ਰਾਜ’ ਲਈ ਸਮਾਜ ਦਾ ਮਾਹੌਲ ਸਾਜ਼ਗਰ ਬਣਾਉਣ ਦੀ ਬਜਾਏ ਜਾਬਰ ਕਾਨੂੰਨਾਂ ਰਾਹੀਂ ਨਾਗਰਿਕਾਂ ਉੱਪਰ ਰਾਜ ਦੀ ਅਥਾਰਟੀ ਥੋਪਣ ਦੀ ਤਾਨਾਸ਼ਾਹ ਨੀਤੀ ਉੱਪਰ ਚੱਲ ਰਹੀ ਹੈ ਕਿਕਿ ਲੋਕਾਂ ਦਾ ਸੱਤਾਧਾਰੀ ਧਿਰ ਦੀ ਵਾਅਦਾਖ਼ਿਲਾਫ਼ੳਮਪ;ੀ ਅਤੇ ਥੋਥੀ ਬਿਆਨਬਾਜ਼ੀ ਤੋਂ ਮੋਹ ਭੰਗ ਹੋਣ ਕਾਰਨ ਬੇਚੈਨੀ ਵਧ ਰਹੀ ਹੈ ਅਤੇ ਉਹ ਸੱਤਾਧਾਰੀ ਧਿਰ ਤੋਂ ਜਵਾਬਦੇਹੀ ਦੀ ਮੰਗ ਕਰ ਰਹੇ ਹਨ। ਸਰਕਾਰ ਦਾ ਸਖ਼ਤ ਕਾਨੂੰਨ ਬਣਾਕੇ ਗੈਂਗਸਟਰਾਂ ਵਿਚ ਡਰ ਪੈਦਾ ਕਰਨ ਦੀ ਲੋੜ ਦਾ ਹੋਹੱਲਾ ਆਮ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਿਨਾ ਕੁਝ ਨਹੀਂ। ਇਹ ਪੁਲੀਸ ਪ੍ਰਸ਼ਾਸਨ ਨੂੰ ਸਤ ਤੇ ਕੁਸ਼ਲ ਬਣਾਉਣ ਦੀ ਬਜਾਏ ਇਸ ਨੂੰ ਵਧ ਧੱਕੜ ਤੇ ਭਰਿਸ਼ਟ ਬਣਾਉਣ ਦਾ ਸਬਬ ਬਣੇਗਾ; ਤੇ ਲੋਕਾਂ ਨੂੰ ਹੋਰ ਵੀ ਵਧੇਰੇ ਅਸੁਰੱਖਿਆ ਦਾ ਸਾਹਮਣਾ ਕਰਨਾ ਪਵੇਗਾ। ਪਹਿਲਾਂ ਕੈਪਟਨ ਸਰਕਾਰ ਵਲੋਂ ‘ਸਰਕਾਰੀ ਅਤੇ ਨਿੱਜੀ ਜਾਇਦਾਦ ਭੰਨਤੋੜ ਰੋਕੂ ਕਾਨੂੰਨ-2017’ ਚੁੱਪਚੁਪੀਤੇ ਥੋਪ ਦਿੱਤਾ ਗਿਆ ਅਤੇ ਹੁਣ ਇਕ ਹੋਰ ਕਾਲਾ ਬਿੱਲ ਲਿਆਉਣ ਦੀ ਤਜਵੀਜ਼ ਪੁਲਿਸ ਨੂੰ ਹੋਰ ਵੀ ਜਾਬਰ ਬਣਾਉਣ ਦਾ ਰਾਹ ਪੱਧਰਾ ਕਰਨ ਲਈ ਹੈ ਜਿਸ ਨੂੰ ਲੋਕ ਸੰਘਰਸ਼ਾਂ ਵਿਰੁੱਧ ਵਰਤੋਂ ਵਿਚ ਲਿਆਂਦਾ ਜਾਵੇਗਾ।
ਸਭਾ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਨਵੇਂ ਜਾਬਰ ਬਿੱਲ ਦੀ ਤਜਵੀਜ਼ ਨੂੰ ਲੋਕ ਜਥੇਬੰਦੀਆਂ, ਜੋ ਵੱਖ-ਵੱਖ ਹਿੱਸਿਆਂ ਦੀ ਨੁਮਾਇੰਦਗੀ ਕਰਦੀਆਂ ਹਨ, ਵਲੋਂ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਹੱਲ ਕਰਨ ਵਿਚ ਮੌਜੂਦਾ ਸਰਕਾਰ ਦੇ ਅਸਫ਼ਲ ਰਹਿਣ, ਜਥੇਬੰਦੀਆਂ ਦੇ ਵਫ਼ੳਮਪ;ਦਾਂ ਨਾਲ ਸਰਕਾਰ ਦੀ ਗੱਲਬਾਤ ਹਮੇਸ਼ਾ ਬੇਸਿੱਟਾ ਰਹਿਣ ਕਾਰਨ ਬੇਚੈਨੀ ਵੱਧਣ ਅਤੇ ਲੋਕ ਅੰਦੋਲਨ ਤੇਜ਼ ਹੋਣ ਅਤੇ ਦੂਜੇ ਪਾਸੇ, ਪੰਜਾਬ ਵਿਚ ਹਿੰਦੂਤਵੀ ਝੁਕਾਅ ਵਾਲੇ ਵਿਅਕਤੀਆਂ ਦੇ ਅਤੇ ਹੋਰ ਕਤਲਾਂ ਦੇ ਮਾਮਲੇ ਵਿਚ ਠੋਸ ਜਾਂਚ ਦੀ ਬਜਾਏ ਸਰਕਾਰ ਵਲੋਂ ‘ਵਿਦੇਸ਼ੀ ਸਾਜ਼ਿਸ਼ ਦਾ ਹੱਥ ਹੋਣ’ ਦੀ ਸਨਸਨੀਖ਼ੇਜ਼ ਬਿਆਨਬਾਜ਼ੀ ਦਾ ਸਹਾਰਾ ਲਏ ਜਾਣ ਦੇ ਪ੍ਰਸੰਗ ਵਿਚ ਦੇਖਿਆ ਜਾਣਾ ਚਾਹੀਦਾ ਹੈ। ਜੋ ਸਰਕਾਰ ਦੀ ਪ੍ਰਸ਼ਾਸਨਿਕ ਬਦਇੰਤਜ਼ਾਮੀ ਅਤੇ ਨਲਾਇਕੀ ਦੇ ਲਖਾਇਕ ਹਨ। ਉਹਨਾਂ ਸਪਸ਼ਟ ਕੀਤਾ ਕਿ ਐੱਨ.ਐੱਸ.ਏ., ਟਾਡਾ, ਪੋਟਾ, ਯੂ.ਏ.ਪੀ.ਏ. ਆਦਿ ਬੇਮਿਸਾਲ ਜਾਬਰ ਕਾਨੂੰਨ ਤੱਤਕਾਲੀ ਸੱਤਾਧਾਰੀਆਂ ਵਲੋਂ ਮੁੱਖ ਤੌਰ ’ਤੇ ਆਮ ਲੋਕਾਂ ਨੂੰ ਦਬਾਉਣ ਲਈ ਹੀ ਵਰਤੇ ਗਏ ਅਤੇ ਇਹ ਮਨੁੱਖੀ ਹੱਕਾਂ ਦੇ ਘਾਣ ਦਾ ਸੰਦ ਹੀ ਸਾਬਤ ਹੋਏ। ਮੌਜੂਦਾ ਬਿੱਲ ਵੀ ਇਸ ਤੋਂ ਵੱਖਰਾ ਨਹੀਂ ਹੋਵੇਗਾ।
ਸਭਾ ਦੇ ਆਗੂਆਂ ਨੇ ਸਮੂਹ ਜਮਹੂਰੀ ਤਾਕਤਾਂ ਨੂੰ ਸਰਕਾਰ ਦੇ ਇਸ ਤਾਨਾਸ਼ਾਹ ਰੁਝਾਨ ਤੋਂ ਚੌਕਸ ਕਰਦਿਆਂ ਜਮਹੂਰੀ ਹੱਕਾਂ ਦੀ ਰਾਖੀ ਲਈ ਸੁਚੇਤ ਹੋਣ ਅਤੇ ਤਾਨਾਸ਼ਾਹ ਰੁਝਾਨ ਨੂੰ ਰੋਕਣ ਲਈ ਲੋਕ ਰਾਇ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।
ਸੂਬਾ ਪ੍ਰੈੱਸ ਸਕੱਤਰ
ਮਿਤੀ: 11 ਨਵੰਬਰ 2017

Friday, October 27, 2017

ਪੰਜਾਬ ਸਰਕਾਰ ਤਾਨਾਸ਼ਾਹ ਵਤੀਰਾ ਤਿਆਗਕੇ ਚੋਣ ਵਾਅਦਿਆਂ ਪ੍ਰਤੀ ਜਵਾਬਦੇਹ ਹੋਵੇ - ਜਮਹੂਰੀ ਅਧਿਕਾਰ ਸਭਾ

ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ  ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਤੋਂ ਪਹਿਲੀ ਬਾਦਲ ਸਰਕਾਰ ਦੇ ਤਾਨਾਸ਼ਾਹ ਜਬਰ, ਮਨਮਾਨੀਆਂ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਅੱਕੇ ਪੰਜਾਬ ਦੇ ਲੋਕਾਂ ਨੂੰ ਲੁੱਟ ਅਤੇ ਜਬਰ ਦੇ ਰਾਜ ਤੋਂ ਮੁਕਤ ਕਰਾਉਣ ਅਤੇ ਬੇਰੋਜ਼ਗਾਰੀ, ਖੇਤੀ ਸੰਕਟ ਅਤੇ ਨਸ਼ੇ ਆਦਿ ਵਿਰਾਟ ਸਮੱਸਿਆ ਨੂੰ ਹੱਲ ਦੇ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਪਰ ਇਹ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹਟਕੇ ਨਾ ਸਿਰਫ਼ ਆਪਣੇ ਤੋਂ ਪਹਿਲੇ ਹੁਕਮਰਾਨਾਂ ਦੀ ਤਰ੍ਹਾਂ ਧੱਕੜ ਅਤੇ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਹੈ ਸਗੋਂ ਨਾਗਰਿਕਾਂ ਦੇ ਚੋਣ ਵਾਅਦਿਆਂ ਦੀ ਜਵਾਬਦੇਹੀ ਦੀ ਮੰਗ ਕਰਨ ਅਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਪੁਲਿਸ ਦੀ ਤਾਕਤ ਨਾਲ ਕੁਚਲ ਰਹੀ ਹੈ। ਪਿਛਲੇ ਦਿਨੀਂ ਆਪਣੇ ਰੋਜ਼ਗਾਰ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਆਂਗਨਵਾੜੀ ਵਰਕਰਾਂ ਦੀ ਆਵਾਜ਼ ਨੂੰ ਦਬਾਉਣ ਲਈ ਪਟਿਆਲਾ ਵਿਖੇ ਉਹਨਾਂ ਦੇ ਪੁਰਅਮਨ ਰੋਸ ਪ੍ਰਦਰਸ਼ਨ ਉੱਪਰ ਬੇਤਹਾਸ਼ਾ ਜਬਰ ਕੀਤਾ ਗਿਆ। ਇਸ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਕਿਸਾਨਾਂ ਦੇ ਪੁਰਅਮਨ ਪ੍ਰਦਰਸ਼ਨਾਂ ਨੂੰ ਪੁਲਿਸ ਤਾਕਤ ਨਾਲ ਅਸਫ਼ਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਕੈਪਟਨ ਸਰਕਾਰ ਨੇ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲੈਕੇ ਆਂਗਨਬਾੜੀ ਵਰਕਰਾਂ ਦੇ ਰੋਜ਼ਗਾਰ ਅਤੇ ਗ਼ਰੀਬ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਉੱਪਰ ਹਮਲਾ ਕਰ ਦਿੱਤਾ ਹੈ ਅਤੇ ਅਤੇ ਬਿਜਲੀ ਦੀਆਂ ਦਰਾਂ ਵਿਚ 9.33ਫ਼ੀ ਸਦੀ ਵਾਧਾ ਕਰਕੇ ਪਹਿਲਾਂ ਹੀ ਡੂੰਘੇ ਆਰਥਕ ਸੰਕਟ ਨਾਲ ਜੂਝ ਰਹੇ ਆਮ ਲੋਕਾਂ ਉੱਪਰ ਹੋਰ ਬੋਝ ਲੱਦ ਦਿੱਤਾ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਆਪਣੇ ਹਿੱਤਾਂ ਦੀ ਰਾਖੀ ਲਈ ਸਮੂਹਿਕ ਸੰਘਰਸ਼ ਕਰਨਾ, ਵਿਕਾਸ ਤੇ ਤਰੱਕੀ ਦੇ ਦਾਅਵੇਦਾਰ ਹਾਕਮਾਂ ਤੋਂ ਵਾਅਦਿਆਂ ਦੀ ਜਵਾਬਦੇਹੀ ਦੀ ਮੰਗ ਕਰਨਾ ਅਤੇ ਰੋਜ਼ਗਾਰ, ਸਮਾਜਿਕ ਸੁਰੱਖਿਆ ਸਮੇਤ ਜ਼ਿੰਦਗੀ ਦੀ ਬਿਹਤਰੀ ਦੇ ਤਮਾਮ ਸਰੋਕਾਰਾਂ ਨੂੰ ਲੈ ਕੇ ਜਥੇਬੰਦ ਹੋਣਾ ਤੇ ਜਮਹੂਰੀ ਢੰਗ ਨਾਲ ਆਵਾਜ਼ ਉਠਾਉਣਾ ਨਾਗਰਿਕਾਂ ਦਾ ਸੰਵਿਧਾਨਕ ਹੱਕ ਹੈ ਜੋ ਕਿ ਜਮਹੂਰੀਅਤ ਦਾ ਬੁਨਿਆਦੀ ਮਾਪਦੰਡ ਹੈ। ਨਿੱਤਰੋਜ਼ ਨਿਹੱਥੇ ਅੰਦੋਲਨਕਾਰੀਆਂ ਉੱਪਰ ਬੇਤਹਾਸ਼ਾ ਸਰਕਾਰੀ ਜਬਰ ਦੀਆਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਹੁਕਮਰਾਨ ਲੋਕਾਂ ਦੀ ਜਥੇਬੰਦ ਹੱਕ-ਜਤਾਈ ਨੂੰ ਪੁਲਿਸ ਤਾਕਤ ਨਾਲ ਕੁਚਲਣ ਉੱਪਰ ਤੁਲੇ ਹੋਏ ਹਨ, ਲੋਕਾਂ ਦੇ ਮਸਲਿਆਂ ਨੂੰ ਸੰਜੀਦਾ ਹੋ ਕੇ ਮੁਖ਼ਾਤਬ ਹੋਣਾ ਉਨ੍ਹਾਂ ਦੇ ਏਜੰਡੇ ਉੱਪਰ ਹੀ ਨਹੀਂ ਹੈ। ਦਲਿਤਾਂ ਦੇ ਜ਼ਮੀਨ ਦੇ ਕਾਨੂੰਨੀ ਹਿੱਸੇ ਲਈ ਸੰਘਰਸ਼ ਅਤੇ ਕਿਸਾਨਾਂ ਵਲੋਂ ਡੂੰਘੇ ਖੇਤੀ ਸੰਕਟ ਦੇ ਹੱਲ ਲਈ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਪ੍ਰਤੀ ਪੰਜਾਬ ਸਰਕਾਰ ਦੀ ਗ਼ੈਰਜ਼ਿੰਮੇਵਾਰਾਨਾ ਅਣਦੇਖੀ ਅਤੇ ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਆਦਿ ਉੱਪਰ ਜਬਰ ਤੇ ਗ੍ਰਿਫ਼ਤਾਰੀਆਂ ਲਗਾਤਾਰ ਜਾਰੀ ਹਨ। ਤਾਨਾਸ਼ਾਹ ਜ਼ਿਹਨੀਅਤ ਦੇ ਮਾਲਕ ਸੱਤਾਧਾਰੀ ਨਾਗਰਿਕਾਂ ਪ੍ਰਤੀ ਸੰਵਿਧਾਨਕ ਜਵਾਬਦੇਹੀ ਤੋਂ ਇਨਕਾਰੀ ਹਨ ਅਤੇ ਲੋਕਾਂ ਨੂੰ ਮਹਿਜ਼ ਸੱਤਾ ਦੀ ਪੌੜੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਸਮੂਹ ਜਮਹੂਰੀਅਤਪਸੰਦ ਤਾਕਤਾਂ ਨੂੰ ਹੁਕਮਰਾਨਾਂ ਦੇ ਇਸ ਦਿਨੋਦਿਨ ਵੱਧ ਰਹੇ ਤਾਨਾਸ਼ਾਹ ਵਤੀਰੇ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਇਸ ਤਾਨਾਸ਼ਾਹ ਰੁਝਾਨ ਨੂੰ ਸਮੁੱਚੀਆਂ ਅਗਾਂਹਵਧੂ ਅਤੇ ਜਮਹੂਰੀ ਤਾਕਤਾਂ ਦੀ ਅਗਵਾਈ ਵਿਚ ਆਮ ਲੋਕਾਂ ਦੀ ਜਮਹੂਰੀ ਚੇਤਨਾ ਅਤੇ ਜਥੇਬੰਦਕ ਤਾਕਤ ਹੀ ਰੋਕ ਸਕਦੀ ਹੈ ਜਿਸ ਨੂੰ ਪੂਰੀ ਸ਼ਿੱਦਤ ਨਾਲ ਮੁਖ਼ਾਤਿਬ ਹੋਣ ਦੀ ਲੋੜ ਹੈ। ਸਭਾ ਸਾਰੀਆਂ ਜਮਹੂਰੀ ਤਾਕਤਾਂ ਨੂੰ ਅਪੀਲ ਕਰਦੀ ਹੈ ਕਿ ਹੁਕਮਰਾਨਾਂ ਤੇ ਰਾਜ-ਮਸ਼ੀਨਰੀ ਦੇ ਇਸ ਫਾਸ਼ੀਵਾਦ ਰੁਝਾਨ ਦੇ ਖ਼ਿਲਾਫ਼ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਵਿਸ਼ਾਲ ਜਨਤਕ ਲਹਿਰ ਉਸਾਰਨ ਲਈ ਇਕਜੁੱਟ ਹੋਇਆ ਜਾਵੇ ਅਤੇ  ਇਸ ਤਾਨਾਸ਼ਾਹ ਜ਼ਿਹਨੀਅਤ ਨੂੰ ਠੱਲ ਪਾਈ ਜਾਵੇ ਨਹੀਂ ਤਾਂ ਆਪਣੇ ਹਿਤਾਂ ਲਈ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਹੱਕ ਹੀ ਸੁਰਖਿਅਤ ਨਹੀਂ ਰਹੇਗਾ। ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਹੈਂਕੜਬਾਜ਼ ਤਾਨਾਸ਼ਾਹ ਰਵੱਈਆ ਤਿਆਗਕੇ ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ, ਕੱਚੇ ਮੁਲਾਜ਼ਮਾਂ, ਬੇਰੋਜ਼ਗਾਰਾਂ ਅਤੇ ਹੋਰ ਹਿੱਸਿਆਂ ਦੀਆਂ ਹੱਕੀ ਅਤੇ ਪੂਰੀ ਤਰ੍ਹਾਂ ਜਾਇਜ਼ ਮੰਗਾਂ ਦੇ ਹੱਲ ਲਈ ਸੰਜੀਦਾ ਪਹੁੰਚ ਅਪਣਾਵੇ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਪ੍ਰਤੀ ਜਵਾਬਦੇਹ ਹੋਵੇ।
ਬੂਟਾ ਸਿੰਘ ਪ੍ਰੈੱਸ ਸਕੱਤਰ,
ਮਿਤੀ: 27 ਅਕਤੂਬਰ 2017

Wednesday, October 25, 2017

ਸਮਾਰਾਜਵਾਦ ਦੀ ਚਾਕਰੀ ਕਰਦੀਆਂ ਗੈਰਸਰਕਾਰੀ ਸੰਸਥਾਵਾਂ (ਐਨਜੀਓਜ਼)


ਲੇਖਕ: ਜੇਮਜ਼ ਪੈਤਰਾਸ, ਹੈਨਰੀ ਵੈਲਟਮੇਅਰ
ਅਨੁਵਾਦਕ ਡਾ. ਬਲਜਿੰਦਰ
(ਸਮਾਜ ਸੇਵਾ, ਸਮਾਜ ਸੇਵੀ, ਧਰਮਅਰਥ, ਚੈਰੀਟੇਬਲ, ਸਵੈ ਸੇਵੀ ਸੰਸਥਾਵਾਂ ਆਦਿ ਦੇ ਭਾਂਤ ਸੁਭਾਂਤੇ  ਨਾਵਾਂ ਹੇਠ ਕੰਮ ਕਰਦੀਆਂ ਸੰਸਥਾਵਾਂ ਨਾਲ ਆਮ ਰੂਪ 'ਚ ਹੀ ਸਾਡਾ ਵਾਹ-ਵਾਸਤਾ  ਪੈਂਦਾ ਰਹਿੰਦਾ ਹੈ। ਇਹਨਾਂ ਸੰਸਥਾਵਾਂ ਦੀ ਵਿਆਪਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜ਼ਿੰਦਗੀ ਦੇ ਹਰ ਖੇਤਰ 'ਚ ਇਹਨਾਂ ਦੀ ਮੌਜੂਦਗੀ ਹੈ। 1980 'ਚ ਸੰਯੁਕਤ ਰਾਸ਼ਟਰ ਦੇ ਪ੍ਰਕਾਸ਼ਨ ਵਿਭਾਗ ਵੱਲੋਂ ਜਾਰੀ ਲਿਸਟ 'ਚ  ਇਸ ਕਿਸਮ ਦੀਆਂ ਸੰਸਥਾਵਾਂ ਨੂੰ ਲੜੀ 'ਚ ਪਰੋਂਦਿਆਂ ਇਹਨਾਂ ਨੂੰ ਐਨਜੀਓ ਭਾਵ ਗੈਰ ਸਰਕਾਰੀ ਸੰਸਥਾਵਾਂ ਕਹਿੰਦਿਆਂ ਇਉਂ ਪ੍ਰੀਭਾਸ਼ਤ ਕੀਤਾ ਗਿਆ ਹੈ ਕਿ '' ਐਨਜੀਓ ਉਹਨਾਂ ਸੰਸਥਾਵਾਂ ਨੂੰ ਕਿਹਾ ਜਾ ਸਕਦਾ ਹੈ ਜਿਹੜੀਆਂ ਸਰਕਾਰ ਦਾ ਹਿੱਸਾ ਨਹੀ ਹਨ ਅਤੇ ਨਾ ਹੀ ਇਹਨਾਂ ਦਾ ਗਠਨ ਸਰਕਾਰਾਂ ਦਰਮਿਆਨ ਕਿਸੇ ਸਮਝੌਤੇ ਤਹਿਤ ਕੀਤਾ ਗਿਆ ਹੈ। ਐਨਜੀਓ ਕੋਈ ਖੋਜ ਸੰਸਥਾ, ਪੇਸ਼ੇਵਰਾਂ ਦੀਆਂ ਸੰਸਥਾਵਾਂ, ਟਰੇਡ ਯੂਨੀਅਨਾਂ, ਚੈਂਬਰ ਆਫ ਕਮੱਰਸ, ਨੌਜਵਾਨਾਂ ਦੀਆਂ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸੀਨੀਅਰ ਸਿਟੀਜਨ ਸੰਸਥਾਵਾਂ, ਟੂਰਿਸਟ ਬਾਡੀਜ਼, ਪ੍ਰਾਈਵੇਟ ਫਾਉਂਡੇਸ਼ਨਾਂ, ਸਿਆਸੀ ਪਾਰਟੀਆਂ, ਯਹੂਦੀ ਸੰਸਥਾਵਾਂ, ਵਿਤੀ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਜਾਂ ਵਿਕਾਸ  ਕਰਨ ਵਾਲੀਆਂ ਕੌਮਾਂਤਰੀ ਅਤੇ ਦੇਸ਼ੀ ਸੰਸਥਾਵਾਂ, ਅਤੇ ਹੋਰ ਕੋਈ ਵੀ ਗੈਰ ਸਰਕਾਰੀ ਖਾਸੇ ਵਾਲੀ ਸੰਸਥਾ ਹੋ ਸਕਦੀ  ਹੈ।''
ਇਹ ਪ੍ਰੀਭਾਸ਼ਾ ਆਪਣੇ ਆਪ 'ਚ ਹੀ ਇਹਨਾਂ ਸੰਸਥਾਵਾਂ ਦੀ ਵਿਆਪਕਤਾ ਨੂੰ ਉਜ਼ਾਗਰ ਕਰਦੀ ਹੈ। ਅੱਜ ਕੱਲ ਹਰ ਖੇਤਰ ਚਾਹੇ ਉਹ ਸਿੱਖਿਆ, ਸਿਹਤ, ਵੈਕਸੀਨੇਸ਼ਨ, ਪਰਿਵਾਰ ਨਿਯੋਜਨ, ਆਬਾਦੀ ਕੰਟਰੋਲ, ਵਾਤਾਵਰਣ ਸੰਭਾਲ, ਦਰਿਆਵਾਂ 'ਚ ਪ੍ਰਦੂਸ਼ਨ, ਬੱਚਿਆਂ ਦੀ ਭਲਾਈ, ਨਸ਼ਾ ਛੁਡਾਊ ਸੰਸਥਾਵਾਂ ਦੇ ਖੇਤਰ ਹੋਣ, ਜਾਂ ਹੋਰ ਅਨੇਕਾਂ ਖੇਤਰ ਹਨ ਜਿੱਥੇ ਕਿਤੇ ਵੀ ਨਜ਼ਰ ਮਾਰੀਏ ਅਣਗਿਣਤ ਕੌਮਾਂਤਰੀ ਅਤੇ ਕੌਮੀ ਐਨਜੀਓ ਸਰਗਰਮ ਹਨ। ਉਪਰੋਂ ਦੇਖਣ ਨੂੰ ਇਹ ਸੰਸਥਾਵਾਂ ਆਮ ਗ਼ਰੀਬਾਂ, ਮਜ਼ਦੂਰਾਂ, ਔਰਤਾਂ ਬੱਚਿਆਂ ਆਦਿ ਦੀ ਭਲਾਈ ਅਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਉਠਾਉਣ ਅਤੇ ਉਸਨੂੰ ਸੁਧਾਰਨ ਦੀ ਗੱਲ ਕਰਦੀਆਂ ਹਨ ਅਤੇ ਅਜਿਹੇ ਐਲਾਨ ਹੀ ਉਹ ਆਪਣੇ ਐਲਾਨ-ਨਾਮਿਆਂ 'ਚ ਕਰਦੀਆਂ ਹਨ। ਬਸਤੀਵਾਦ ਤੋਂ ਪਹਿਲਾਂ ਦੇ ਦੌਰ 'ਚ ਸ਼ੁਰੂ ਹੋਈਆਂ ਇਹਨਾਂ ਸੰਸਥਾਵਾਂ ਦੇ ਗਠਨ ਦਾ ਸਿਲਸਿਲਾ ਅੱਜ ਨਵਬਸਤੀਵਾਦ ਦੇ ਦੌਰ 'ਚ ਬੇਰੋਕ ਜਾਰੀ ਹੈ ਅਤੇ ਹੋਰ ਵਧੇਰੇ ਤੇਜੀ ਨਾਲ ਵਧ ਰਿਹਾ ਹੈ। ਅਜਿਹੀਆਂ ਸੰਸਥਾਵਾਂ ਦੀ ਗਿਣਤੀ ਦੁਨੀਆਂ ਪੱਧਰ 'ਤੇ  ਇੱਕ ਅੰਦਾਜ਼ੇ ਮੁਤਾਬਕ ਪੰਜਾਹ ਹਜ਼ਾਰ ਆਂਕੀ ਗਈ ਹੈ।  ਇਹਨਾਂ ਸੰਸਥਾਵਾਂ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਮਿਆਂ 'ਚ ਸੰਯੁਕਤ ਰਾਸ਼ਟਰ ਦੀ ਰਹਿਨੁਮਾਈ ਹੇਠ ਹੋਈਆਂ ਕੌਮਾਂਤਰੀ ਕਾਨਫਰੰਸਾਂ, ਰਾਹੀਂ ਐਨਜੀਓ ਬਹੁਤ ਹੀ ਸ਼ਕਤੀਸਾਲੀ ਹੋ ਗਈਆਂ ਹਨ। 1990 'ਚ ਹੋਈ ਦੂਜੀ ਕਾਨਫਰੰਸ  ਵਰਗੀਆਂ ਕੌਮਾਂਤਰੀ ਪੱਧਰ 'ਤੇ ਕੀਤੀਆਂ ਜਾਂਦੀਆਂ ਕਾਨਫਰੰਸਾਂ 'ਚ ਆਪਣੇ ਹਿਤ ਮੂਜਬ ਏਜੰਡੇ ਤਹਿ ਕੀਤੇ ਜਾਂਦੇ ਹਨ। ਆਪਹੁਦਰੇ ਢੰਗ ਨਾਲ ਅਜਿਹੇ ਮੁੱਦਿਆਂ 'ਤੇ ਬਹਿਸਾਂ ਕਰਕੇ ਇਹਨਾਂ ਕਾਨਫਰੰਸਾਂ 'ਚ  ਮਤੇ ਪਾਸ ਕੀਤੇ ਜਾਂਦੇ ਹਨ ਜਿਹੜੇ ਦੁਨੀਆਂ ਭਰ ਦੇ ਕਰੋੜਾਂ-ਕਰੋੜ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਨੂੰ ਪ੍ਰੀਭਾਸ਼ਤ ਕਰਦੇ ਹਨ। ਇਹਨਾਂ ਕਾਨਫਰੰਸਾਂ 'ਚ ਪਾਸ ਅਜਿਹੇ ਮਤੇ ਨੀਤੀਆਂ ਬਣ ਜਾਂਦੀਆਂ ਹਨ।
ਐਨਜੀਓਜ਼  ਬਾਰੇ ਇੱਕ ਹੋਰ ਪੱਖ ਤੋਂ ਵੀ ਧਿਆਨ ਦੇਣ ਦੀ ਲੋੜ ਹੈ । ਬਹੁਤ ਸਾਰੀਆਂ ਹਾਲਤਾਂ 'ਚ  ਅਤੇ ਕਈ ਤਰ੍ਹਾਂ ਦੇ ਖੇਤਰਾਂ 'ਚ ਸਰਕਾਰ ਆਪਣੀਆਂ ਸੇਵਾਵਾਂ ਤੋਂ ਭਜਦਿਆਂ ਅਜਿਹੀਆਂ ਸੇਵਾਵਾਂ ਦਾ ਨਿਜੀਕਰਨ ਕਰ ਦਿੰਦੀਆਂ ਹਨ ਅਤੇ ਅਜਿਹੇ ਅਦਾਰਿਆਂ ਨੂੰ ਐਨਜੀਓਜ਼ ਨੂੰ ਦੇ ਹਵਾਲੇ ਕਰ ਦਿੰਦੀਆਂ ਹਨ। ਪਰ ਸਰਕਾਰਾਂ ਇਹਨਾਂ ਖੇਤਰਾਂ 'ਚ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦਾ ਸਿਹਰਾ ਆਪਣੇ ਸਿਰ ਬੰਨਦੀਆਂ ਹਨ।   ਸੰਯੁਕਤ ਰਾਸ਼ਟਰ ਵੱਲੋਂ ਉੱਪਰ ਬਿਆਨੀ ਪ੍ਰੀਭਾਸ਼ਾ 'ਚ ਹਰ ਸੰਸਥਾ/ਪਾਰਟੀ/ਟਰੇਡ ਯੂਨੀਅਨ ਆਦਿ ਨੂੰ ਇੱਕੋ ਰੱਸੇ ਬੰਨਿਆ ਗਿਆ ਹੈ। ਇੱਥੇ ਅਜਿਹਾ ਕਰਨ ਪਿੱਛੇ ਮਕਸਦ ਇਹ ਹੈ  ਕਿ ਲੋਕ ਪੱਖੀ  ਅਤੇ ਲੋਕ ਵਿਰੋਧੀ ਸੰਸਥਾਵਾਂ ਆਦਿ 'ਚ ਮੌਜੂਦ ਵਖਰੇਵੇਂ ਨੂੰ ਖਤਮ ਕੀਤਾ ਜਾਵੇ ਅਤੇ ਹਾਕਮ ਜਮਾਤਾਂ ਦੀ ਚਾਕਰੀ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਲੋਕ-ਭਲਾਈ ਸੰਸਥਾਵਾਂ ਵਜੋਂ ਸਥਾਪਤ ਕਰਕੇ ਆਮ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਜਾ ਸਕੇ।  ਅਜਿਹਾ ਕਰਦਿਆਂ ਲੋਕਾਂ ਨੂੰ ਨਾਲ ਲੈ ਕੇ ਤੁਰਨ ਵਾਲੀਆਂ ਸੰਸਥਾਵਾਂ ਨੂੰ ਉਹਨਾਂ ਦੇ ਨਾਲ ਨੱਥੀ ਕਰਕੇ ਇਹਨਾਂ ਲੋਕ ਪੱਖੀ ਸੰਸਥਾਵਾਂ  ਦੇ ਅਸਲ ਮਕਸਦਾਂ ਤੋਂ ਲੋਕਾਂ ਧਿਆਨ ਪਾਸੇ ਭਟਕਾਇਆ ਜਾਂਦਾ ਹੈ।
ਆਪਣਾ ਮਕਸਦ ਹੱਲ ਕਰਕੇ ਜਾਂ ਆਪਣੇ ਹੱਕ 'ਚ ਹੱਲ ਨਾ ਹੁੰਦਾ ਵੇਖ  ਕੇ ਸਾਮਰਾਜੀ ਤਾਕਤਾਂ ਨੇ ਧਰਮਅਰਥ ਵਾਲੀਆਂ ਚੈਰੀਟੇਬਲ ਸੰਸਥਾਵਾਂ ਦੀ ਥਾਂ 'ਤੇ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਸਨ 1961 'ਚ ਅਮਰੀਕਾ ਵੱਲੋਂ ਇੱਕ ਸ਼ਾਂਤੀ ਸੈਨਾ ਦਾ ਗਠਨ ਕੀਤਾ ਗਿਆ। ਅਜਿਹਾ ਕਰਦਿਆਂ ਅਮਰੀਕਨ  ਨੀਤੀ ਘਾੜਿਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ  ਕਿ ਈਸਾਈ ਮਿਸ਼ਨਰੀਆਂ ਅਤੇ ਧਰਮਅਰਥ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਰਾਹਤ ਕਾਰਜ ਅਤੇ ਲੋਕ ਭਲਾਈ ਕੰਮਾਂ ਦੀਆਂ ਆਪਣੀਆਂ ਸੀਮਤਾਈਆਂ ਹਨ। ਮਿਸਾਲ ਦੇ ਤੌਰ 'ਤੇ ਸ਼ਾਂਤੀ ਸੈਨਾ ਦਾ ਗਠਨ  ਕਰਨ ਲਈ ਬਣਨ ਵਾਲੀਆਂ ਹਾਲਤਾਂ ਦਾ ਜ਼ਿਕਰ ਕਰਦਿਆਂ ਇੱਕ ਅਮਰੀਕੀ  ਵਿਦੇਸ਼ ਨੀਤੀ ਮਾਹਰ ਨੇ ਇਉਂ ਕਿਹਾ ਸੀ, '' ਭੁੱਖਮਰੀ ਦੀ ਹਾਲਤ ਹੰਢਾ ਰਿਹਾ ਕੋਈ ਭੁੱਖਾ  ਇੱਕ ਬਾਟੀ ਚਾਵਲਾਂ ਬਦਲੇ ਇਸਾਈ ਧਰਮ ਧਾਰਨ ਕਰਨ ਲਈ ਰਾਜ਼ੀ ਹੋ ਜਾਵੇਗਾ ਪਰ ਭੁੱਖ ਦੀ ਕੀਮਤ 'ਤੇ ਬਣਿਆਂ ਇਸਾਈ ਉਨ੍ਹੀ ਦੇਰ ਤੱਕ ਹੀ ਇਸਾਈ ਰਹੇਗਾ ਜਦੋਂ ਤੱਕ ਉਹ ਭੁੱਖਾ ਹੈ।''
ਧਰਮਅਰਥ ਕੰਮਾਂ ਦੇ ਅਜਿਹੇ ਥੁੜ ਚਿਰੇ ਅੰਜ਼ਾਮਾਂ ਨੂੰ ਭਾਂਪਦਿਆਂ ਹੀ ਸ਼ਾਂਤੀ ਸੈਨਾ ਦਾ ਗਠਨ ਕੀਤਾ ਗਿਆ ਸੀ। ਭਾਵੇਂ ਕਿ ਅਮਰੀਕਾ ਦੀ ਕਾਨੂੰਨ ਘੜਨੀ ਸੰਸਦ ਨੇ ਇਸ ਸੈਨਾ ਦਾ ਗਠਨ ਵੇਲੇ ਇਸ ਦਾ ਆਸ਼ਾ ਬਿਆਨ ਕਰਦਿਆਂ ਕਿਹਾ ਸੀ, ''ਇਸ ਸੈਨਾ ਰਾਹੀਂ ਸੰਸਾਰ ਅੰਦਰ  ਸ਼ਾਂਤੀ ਤੇ ਦੋਸਤੀ ਨੂੰ ਉਗਾਸਾ ਦੇਣਾ ਹੈ, ਜਿਸ ਰਾਹੀਂ ਅਮਰੀਕਾ ਦੀ ਸੈਨਾ 'ਚ ਭਰਤੀ ਹੋਣ ਦੇ ਕਾਬਲ ਅਤੇ ਔਖੇਰੀਆਂ ਹਾਲਤਾਂ 'ਚ ਕੰਮ ਕਰਨ ਤੋਂ ਨਾ ਝਿਜਕਣ ਵਾਲੇ ਮਰਦਾਂ ਅਤੇ ਔਰਤਾਂ ਨੂੰ ਉਹਨਾਂ ਦੇਸ਼ਾਂ ਦੇ ਲੋਕਾਂ ਅਤੇ ਇਲਾਕਿਆਂ 'ਚ ਉਹਨਾਂ ਦੇਸ਼ਾਂ ਦੀਆਂ ਲੋੜਾਂ ਅਨੁਸਾਰ ਯੋਗਤਾ ਪ੍ਰਾਪਤ ਮਨੁੱਖੀ ਸਰੋਤ ਮੁਹੱਈਆ ਕਰਵਾਉਣਾ ਅਤੇ ਇਉਂ ਕਰਦਿਆਂ ਅਮਰੀਕੀ ਲੋਕਾਂ ਦੀ ਉਹਨਾਂ ਦੂਸਰੇ ਦੇਸ਼ਾਂ ਦੇ ਲੋਕਾਂ ਵਿਚਕਾਰ ਅਤੇ ਦੂਸਰੇ ਦੇਸ਼ਾਂ ਦੇ ਲੋਕਾਂ ਵਿਚਕਾਰ ਅਤੇ ਦੂਸਰੇ ਦੇਸ਼ਾਂ ਦੇ ਲੋਕਾਂ ਦੀ ਅਮਰੀਕੀ ਲੋਕਾਂ ਨਾਲ ਦੋਸਤੀ  ਤੇ ਸਮਝ ਨੂੰ ਹੁਲਾਰਾ ਦੇਣਾ ਹੈ। '' ਆਪਣੇ ਗਠਨ ਦੇ ਫੌਰਨ ਬਾਅਦ ਹੀ ਇਸ ਸ਼ਾਂਤੀ ਸੈਨਾ ਨੇ ਆਪਣਾ ਕੰਮ ਕਰਨ ਲਈ ਘਾਨਾ 'ਚ ਵਲੰਟੀਅਰ ਭੇਜੇ। ਗਠਨ ਦੇ ਦੋ ਸਾਲਾਂ ਅੰਦਰ-ਅੰਦਰ ਦੁਨੀਆਂ ਦੇ 50 ਤੋਂ ਵੱਧ ਦੇਸ਼ਾਂ 'ਚ ਸ਼ਾਂਤੀ ਸੈਨਾ ਦੇ 5000 ਵਲੰਟੀਅਰ ਆਪੋ-ਆਪਣਾ ਕੰਮ ਕਰ ਰਹੇ ਸਨ। ਜਦ ਕਿ 1966 ਤੱਕ ਅਪੜਦਿਆਂ ਅਪੜਦਿਆਂ ਇਹਨਾਂ ਦੀ ਗਿਣਤੀ 15556 ਦਾ ਅੰਕੜਾ ਪਾਰ ਕਰ ਗਈ। ਇਹ ਸ਼ਾਂਤੀ ਸੈਨਾ ਕਿਵੇ ਬਗਾਨੇ ਦੇਸ਼ਾਂ 'ਚ ਜਾ ਕੇ ਕੰਮ ਕਰਦੀ ਹੈ ਇਹਦੇ ਬਾਰੇ ਬਹੁਤੀ ਵਿਆਖਿਆ ਦੀ ਜ਼ਰੂਰਤ ਨਹੀਂ। ਪਰ ਅਮਰੀਕੀ ਸ਼ਾਂਤੀ ਸੈਨਾ ਦੇ ਗਠਨ ਦੀ ਦੇਖਾ ਦੇਖੀ  ਸੰਸਾਰ ਪੱਧਰ 'ਤੇ ਸ਼ਾਂਤੀ ਸਥਾਪਨਾ ਦਾ ਕੰਮ ਕਰਨ ਵਾਲੀਆਂ ਹੋਰ ਅਨੇਕਾਂ ਰੰਗ ਬਰੰਗੀਆਂ ਸੰਸਥਾਵਾਂ ਹੋਂਦ 'ਚ ਆ ਗਈਆਂ। 
 ਅਜਿਹੀਆਂ ਗੈਰ ਸਰਕਾਰੀ ਸੰਸਥਾਵਾਂ ਦੇ ਢਾਂਚੇ, ਮਕਸਦ ਅਤੇ ਇਹਨਾਂ ਦੀ ਉਪਯੋਗਤਾ ਅਤੇ ਇਹਨਾਂ ਦੇ ਚਲਣ ਢੰਗ 'ਤੇ ਬਾਰੀਕੀ ਨਾਲ ਚਾਨਣਾ ਪਾਉਣ ਦੇ ਮਕਸਦ ਨਾਲ ਹੇਠਲਾ ਲੇਖ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਇਹ ਲੇਖ ਜੇਮਜ਼ ਪੀਤਰਾਸ ਅਤੇ ਹੈਨਰੀ ਵੈਲਟਮੇਅਰ ਵੱਲੋਂ ਰਚੀ ਗਈ ਪੁਸਤਕ  ਅਤੇ 2001 'ਚ ਪ੍ਰਕਾਸ਼ਤ ''ਗਲੋਬਲਾਈਜੇਸ਼ਨ ਅਣਮਾਸਕਡ (ਸੰਸਾਰੀਕਰਨ ਬੇਨਕਾਬ) 21 ਵੀ ਸਦੀ ਦਾ ਸਾਮਰਾਜ'' ਚੋਂ ਲਿਆ ਗਿਆ ਹੈ। ਸਮੇਂ ਸਮੇਂ ਇਹਨਾਂ ਚੋਂ ਕੁੱਝ ਸੰਸਥਾਵਾਂ ਅਲੋਪ ਹੋ ਜਾਂਦੀਆਂ ਹਨ ਅਤੇ ਨਵੀਆਂ ਹਾਲਤਾਂ ਦੇ ਮੱਦੇ ਨਜ਼ਰ ਨਵੀਆਂ ਐਨਜੀਓ ਹੋਂਦ 'ਚ ਆ ਜਾਂਦੀਆਂ ਹਨ। ਆਪਣੇ ਪਾਠਕਾਂ ਦੀ ਸਹੂਲੀਅਤ ਲਈ  ਇਸ ਲੇਖ ਦੀ ਅੰਤਿਕਾ ਵਜੋਂ ਕੌਮਾਂਤਰੀ ਤੇ ਕੌਮੀ ਪੱਧਰ 'ਤੇ ਕੁੱਝ ਕੁ ਮਹੱਤਵਪੂਰਨ 300 ਕੁ ਐਨਜੀਓ ਦੀ ਲਿਸਟ (ਜੋ ਕਿ ਪੀ ਜੇ ਜੇਮਜ਼ਦੀ ''ਨਾਨ ਗਵਰਨਮੈਂਟਲ ਵਲੰਟਰੀ ਆਰਗੇਨਾਈਜੇਸ਼ਨਜ਼ (ਅਸਲੀ ਮਿਸ਼ਨ) ਚੋਂ ਧੰਨਵਾਦ ਸਾਹਿਤ ਲਈ ਗਈ ਹੈ ਅਤੇ ਇਸ ਲਿਸਟ ਨੂੰ ਪੰਜਾਬੀ ਰੂਪ ਦੇਣ 'ਚ ਸੇਵਾ ਮੁਕਤ ਪ੍ਰਿੰਸੀਪਲ ਰਣਜੀਤ ਸਿੰਘ ਨੇ ਯੋਗਦਾਨ ਪਾਇਆ ਹੈ।) ਪਾਠਕਾਂ ਦੀ ਜਾਣਕਾਰੀ ਹਿਤ ਜਾਰੀ ਕੀਤੀ ਗਈ ਹੈ। ਇਸ ਲਿਸਟ ਤੋਂ ਸੇਧ ਲੈ ਕੇ ਪਾਠਕ ਆਪਣੇ ਆਲੇ ਦੁਆਲੇ ਸਰਗਰਮ ਐਨਜੀਓਜ਼ ਬਾਰੇ ਹੋਰ ਵੀ ਡੂੰਘਾਈ ਨਾਲ ਪੁਣਛਾਣ ਕਰ ਸਕਦੇ ਹਨ।)
                                                               ਅਨੁਵਾਦਕ

ਇਤਿਹਾਸ ਗਵਾਹ ਹੈ ਕਿ ਸਮਾਜ ਦੇ ਇੱਕ ਨਿਗੂਣੇ ਹਿੱਸੇ ਦੀ ਨੁਮਾਇੰਦਗੀ ਕਰਨ ਵਾਲੀਆਂ ਹਾਕਮ ਜਮਾਤਾਂ ਨੇ ਆਪਣੀ ਤਾਕਤ, ਮੁਨਾਫੇ ਤੇ ਸਹੂਲਤਾਂ (ਵਿਸ਼ੇਸ਼ ਹੱਕਾਂ) ਦੀ ਰਾਖੀ ਕਰਨ ਹਿਤ ਧੱਕੜ ਸਰਕਾਰੀ ਤੰਤਰ ਅਤੇ ਸਮਾਜਕ ਸੰਸਥਾਵਾਂ 'ਤੇ ਆਪਣੀ ਟੇਕ ਬਣਾਈ ਰੱਖੀ ਹੈ। ਪਿਛਲੇ ਸਮਿਆਂ 'ਚ ਖਾਸਕਰ ਤੀਜੀ ਦੁਨੀਆਂ ਦੇ ਮੁਲਕਾਂ ਅੰਦਰ ਸਾਮਰਾਜੀ ਹਾਕਮ ਜਮਾਤਾਂ ਦੱਬੇ ਕੁਚਲੇ (ਲੱਟੇ ਪੁੱਟੇ ਜਾਂਦੇ) ਲੋਕਾਂ ਨੂੰ ਕਾਬੂ 'ਚ ਰੱਖਣ ਲਈ ਅਤੇ ਉਹਨਾਂ ਅੰਦਰ ਪਨਪਦੇ ਰੋਹ ਨੂੰ ਲੀਹੋਂ ਲਾਹ ਕੇ ਇਸ ਰੋਹ ਨੂੰ ਧਾਰਮਿਕ ਤੇ ਫਿਰਕੂ ਦੰਗਿਆਂ ਅਤੇ ਟਕਰਾਵਾਂ 'ਚ ਬਦਲਣ ਲਈ ਦੇਸੀ ਅਤੇ ਵਿਦੇਸ਼ੀ ਧਾਰਮਿਕ ਸੰਸਥਾਵਾਂ ਦੀ ਮਾਲੀ ਮੱਦਦ ਅਤੇ ਪਾਲਣ ਪੋਸਣ ਕਰਦੀਆਂ ਰਹੀਆਂ ਹਨ। 
ਚਾਹੇ ਅੱਜ ਕੱਲ ਵੀ ਇਹ ਸਿਲਸਿਲਾ ਜਾਰੀ ਹੈ ਪਰ ਅਜੋਕੇ ਸਮਿਆਂ 'ਚ ਇੱਕ ਨਵੀਂ ਸਮਾਜਕ ਸੰਸਥਾ ਨੇ ਅਵਤਾਰ ਧਾਰਿਆ ਹੈ ਜਿਹੜੀ ਲੋਕ ਰੋਹ ਨੂੰ ਕਾਬੂ 'ਚ ਰੱਖਣ ਤੇ ਇਸ ਨੂੰ ਵਿਚਾਰਧਾਰਕ ਭੰਬਲਭੂਸੇ 'ਚ ਪਾਉਣ ਦੀ ਉਹੀ ਪੁਰਾਣੀ ਭੂਮਿਕਾ ਅਦਾ ਕਰਦੀ ਹੈ। ਇਹ ਨਵੀਂ ਬਣੀ ਸੰਸਥਾ ਦਾ ਰੂਪ ਹੈ-ਆਪੂੰ ਬਣੀਆਂ ''ਗੈਰ ਸਰਕਾਰੀ ਸੰਸਥਾਵਾਂ (ਐਨਜੀਓਜ਼)।'' ਅੱਜ ਤੀਜੀ ਦੁਨੀਆਂ ਦੇ ਮੁਲਕਾਂ ਅੰਦਰ ਅਜਿਹੀਆਂ ਘੱਟੋ ਘੱਟ 50000 ਐਨਜੀਓਜ਼ ਸਰਗਰਮ ਹਨ ਜਿਹੜੀਆਂ ਕੌਮਾਂਤਰੀ ਵਿਤੀ ਸੰਸਥਾਵਾਂ, ਯੂਰਪੀ, ਅਮਰੀਕੀ ਤੇ ਜਾਪਾਨੀ ਸਰਕਾਰੀ ਏਜੰਸੀਆਂ ਅਤੇ ਸਥਾਨਕ ਸਰਕਾਰਾਂ ਤੋਂ 10 ਬਿਲੀਅਨ (ਅਰਬ) ਡਾਲਰ ਤੋਂ ਕਿਤੇ ਵੱਧ ਇਮਦਾਦ ਦੇ ਰੂਪ 'ਚ ਹਾਸਲ ਕਰ ਰਹੀਆਂ ਹਨ। ਵੱਡੀਆਂ ਐਨਜੀਓਜ਼ ਦੇ ਮੈਨੇਜਰ ਆਪਣੀਆਂ ਐਨਜੀਓਜ਼ ਦੇ ਮਿਲੀਅਨ ਡਾਲਰਾਂ ਦੇ ਬਜਟਾਂ ਦੀ ਦੇਖ ਰੇਖ ਕਰਦੇ ਹਨ ਅਤੇ ਕਿਸੇ ਵੀ ਬਹੁ ਕੌਮੀ ਕਾਰਪੋਰੇਸ਼ਨ ਦੇ ਚੀਫ ਐਕਜੀਕਿਊਟਿਵ ਦੇ ਬਰਾਬਰ ਤਨਖਾਹਾਂ ਤੇ ਭੱਤੇ ਹਾਸਲ ਕਰਦੇ ਹਨ। ਉਹ ਹਵਾਈ ਜਹਾਜ਼ਾਂ ਦੇ ਝੂਟੇ ਲੈ ਕੇ ਕੌਮਾਂਤਰੀ ਕਾਨਫਰੰਸਾਂ 'ਚ ਸ਼ਿਰਕਤ ਕਰਦੇ ਹਨ, ਚੋਟੀ ਦੇ ਵਪਾਰੀਆਂ ਤੇ ਵਿਤੀ ਡਾਇਰੈਕਟਰਾਂ ਨਾਲ ਗੁਫ਼ਤਗੂ ਕਰਦੇ ਹਨ ਅਤੇ ਅਜਿਹੀਆਂ ਨੀਤੀਆਂ ਘੜਦੇ ਹਨ ਜਿਹੜੀਆਂ ਕਿ ਬਹੁਤੀਆਂ ਹਾਲਤਾਂ 'ਚ ਕਰੋੜਾਂ ਕਰੋੜ ਲੋਕਾਂ ਖਾਤਰ ਖਾਸਕਰ ਗ਼ਰੀਬਾਂ, ਔਰਤਾਂ ਤੇ ਗੈਰ ਜਥੇਬੰਦ ਖੇਤਰਾਂ ਦੇ ਕਾਮਿਆਂ ਦੀ ਜ਼ਿੰਦਗੀ ਨੂੰ ਮਾੜੇ ਰੁਖ ਪ੍ਰਭਾਵਤ ਕਰਦੀਆਂ ਹਨ।
ਐਨਜੀਓ ਆਲਮੀ ਪੱਧਰ 'ਤੇ ਅਜਿਹੇ ਮਹੱਤਵਪੂਰਨ ਸਿਆਸੀ ਤੇ ਸਮਾਜਕ ਕਾਰਜਕਰਤਾ ਹਨ ਜਿਹੜੇ ਏਸ਼ੀਆ, ਲਾਤੀਨੀ ਅਮਰੀਕਾ ਤੇ ਅਫਰੀਕਾ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ 'ਚ ਕਾਰਜਸ਼ੀਲ ਹਨ ਅਤੇ ਅਕਸਰ ਯੂਰਪ, ਅਮਰੀਕਾ ਤੇ ਜਾਪਾਨ ਵਿਚਲੇ ਆਪਣੇ ਪ੍ਰਮੁੱਖ ਦਾਨੀਆਂ ਨਾਲ ਮਤਾਹਿਤ ਭੂਮਿਕਾ  ਦੇ ਰੂਪ 'ਚ ਬੱਝੇ ਹੋਏ ਹਨ। ਐਨਜੀਓਜ਼ ਦੇ ਵਿਆਪਕ ਪੱਧਰ 'ਤੇ ਫੈਲਾਅ ਕਰਕੇ ਅਤੇ ਕਥਿਤ ''ਅਗਾਂਹਵਧੂ ਤਬਕੇ'' ਉੱਪਰ ਇਹਨਾਂ ਦੀ ਆਰਥਿਕ ਤੇ ਸਿਆਸੀ ਚੌਧਰ ਹੋਣ ਕਰਕੇ ਹੀ ਹੈ ਕਿ ਇਹਨਾਂ ਦੇ ਨਾਂਹ ਪੱਖੀ ਪ੍ਰਭਾਵਾਂ ਬਾਰੇ ਖੱਬੇ ਪੱਖੀਆਂ ਵੱਲੋਂ ਕੋਈ ਗੰਭੀਰ ਤਬਸਰੇ ਨਹੀਂ ਕੀਤੇ ਗਏ। ਵਧੇਰੇ ਕਰਕੇ ਅਜਿਹੀ ਕੁਤਾਹੀ  ਜਥੇਬੰਦ ਖੱਬੇ ਪੱਖੀ ਲਹਿਰਾਂ ਦੀ ਜਗ੍ਹਾ ਐਨਜੀਓ ਵੱਲੋਂ ਆਪਣੀ ਚੌਧਰ ਸਥਾਪਤ ਕਰਨ ਤੇ ਅਜਿਹੀਆਂ ਲਹਿਰਾਂ ਨੂੰ ਖਦੇੜਨ 'ਚ ਅਤੇ ਇਹਨਾਂ ਲਹਿਰਾਂ ਦੇ ਨੀਤੀ ਘਾੜਿਆਂ ਅਤੇ ਜਥੇਬੰਦਕ ਆਗੂਆਂ ਨੂੰ ਆਪਣੇ ਅੰਦਰ ਸਮੋਂ ਲੈਣ 'ਚ  ਮਿਲੀਆਂ ਕਾਮਯਾਬੀਆਂ ਕਰਕੇ ਹੋਈ ਹੈ। 
 ਅੱਜ ਕੱਲ ਬਹੁਤੀ ਖੱਬੀ ਲਹਿਰ ਤੇ ਮਕਬੂਲ ਬੁਲਾਰੇ ਆਪਣੀਆਂ ਤਕਰੀਰਾਂ 'ਚ ਆਪਣੀ ਅਲੋਚਨਾ ਨੂੰ ਕੌਮਾਂਤਰੀ ਮੁਦਰਾ ਕੋਸ਼ (IMF), ਸੰਸਾਰ ਬੈਂਕ, ਬਹੁਕੌਮੀ ਕਾਰਪੋਰੇਸ਼ਨਾਂ, ਨਿਜੀ ਬੈਂਕਾਂ ਆਦਿ ਉਪਰ ਕੇਂਦਰਤ ਰਖਦੇ ਹਨ ਜਿਹੜੇ ਕਿ ਤੀਜੀ ਦੁਨੀਆਂ ਦੀ ਲੁੱਟ ਖਸੁੱਟ ਲਈ ਇੱਕ ਵਿਸ਼ਾਲ ਏਜੰਡਾ ਤਹਿ ਕਰਦੇ ਹਨ। ਹਾਂ ਇਹ ਵੀ ਇੱਕ ਮਹੱਤਵਪੂਰਨ ਕਾਰਜ ਹੈ। ਭਾਂਵੇ ਕਿ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਸਨਅਤੀ ਆਧਾਰ, ਆਜ਼ਾਦੀ ਤੇ ਜੀਵਨ ਪੱਧਰ 'ਤੇ ਹਮਲੇ ਦੀ ਮਾਰ ਵਿਸ਼ਾਲ ਆਰਥਿਕ ਅਤੇ ਸੂਖਮ ਸਮਾਜਕ ਸਿਆਸੀ ਪੱਧਰਾਂ 'ਤੇ ਪੈਂਦੀ ਹੈ, ਪਰ ਢਾਂਚਾਗਤ ਢਲਾਈ ਨੀਤੀਆਂ (SAP)1 ਦੇ ਉਜਰਤੀ ਤੇ ਤਨਖਾਹਦਾਰ ਕਾਮਿਆਂ, ਕਿਸਾਨਾਂ ਅਤੇ ਛੋਟੇ ਕੌਮੀ ਕਾਰੋਬਾਰੀਆਂ 'ਤੇ ਪੈਣ ਵਾਲੇ ਗੰਭੀਰ ਅਸਰ ਦੇਸ਼ ਅੰਦਰ ਸੁਭਾਵਿਕ ਕੌਮੀ ਲੋਕ ਰੋਹ ਨੂੰ ਜਨਮ ਦਿੰਦੇ ਹਨ ਅਤੇ ਇਹੀ ਉਹ ਖੇਤਰ ਹੈ ਜਿੱਥੇ ਐਨਜੀਓ ਆਪਣੀ ਅਲਖ ਜਗਾਉਂਦੀਆਂ ਹਨ, ਜਿੱਥੇ ਇਹ ਕਾਰਪੋਰੇਟ ਬੈਂਕਿੰਗ ਵਾਲੇ ਸਤਾ ਦੇ ਥੰਮਾਂ ਅਤੇ ਮੁਨਾਫ਼ਿਆਂ ਪ੍ਰਤੀ ਪੈਦਾ ਹੋਣ ਵਾਲੇ ਸਿੱਧੇ ਰੋਹ ਨੂੰ ਭੰਬਲਭੂਸੇ 'ਚ ਪਾ ਕੇ ਭਟਕਾਉਂਦੀਆਂ ਹਨ ਅਤੇ ਸੰਘਰਸ਼ ਨੂੰ ਸਥਾਨਕ ਨਿੱਕੀਆਂ ਮੋਟੀਆਂ ਯੋਜਨਾਵਾਂ ਵੱਲ ''ਬਹੁਤ ਹੀ ਹੇਠਲੇ ਪੱਧਰ'' 'ਤੇ ਖੁਦ ਵੱਲੋਂ ਕੀਤੀ ਜਾਂਦੀ ਹੋਣ ਵਾਲੀ ਗੈਰ-ਸਿਆਸੀ ਲੁੱਟ ਖਸੁੱਟ ਅਤੇ ''ਆਮ ਰੂਪ 'ਚ ਦਿੱਤੀ ਜਾਂਦੀ ਵਿਆਖਿਆ'' ਵੱਲ ਲੈ ਜਾਂਦੀਆਂ ਹਨ ਜਿਹੜੀ ਕਿ ਸਾਮਰਾਜਵਾਦ ਅਤੇ ਸਰਮਾਏਦਾਰਾਨਾ ਮੁਨਾਫ਼ਾਖੋਰੀ ਦੇ ਜਮਾਤੀ ਵਿਸ਼ਲੇਸ਼ਣ ਤੋਂ ਪਾਸਾ ਵਟਦੀੇ ਹੈ। 
ਹਵਾਈ ਸੁਪਨੇ ਪਾਲਣ ਵਾਲੇ ਪੜ੍ਹੇ ਲਿਖੇ ਤਬਕਿਆਂ ਸਾਹਮਣੇ ਸਿਖਰ ਡੰਡੇ 'ਤੇ ਪਹੁੰਚਣ ਲਈ ਸੰਸਾਰ ਪੱਧਰ 'ਤੇ ਐਨਜੀਓਜ਼ ਹੀ ਇੱਕ ਨਵਾਂ ਸਾਧਨ ਬਣ ਗਈਆਂ ਹਨ। ਅਜਿਹੇ ਵਿਦਵਾਨਾਂ, ਪੱਤਰਕਾਰਾਂ ਅਤੇ ਪੇਸ਼ਾਵਰਾਂ (ਇੰਜੀਨੀਅਰਾਂ, ਡਾਕਟਰਾਂ, ਵਕੀਲਾਂ, ਅਕਾਉਟੈਂਟਾਂ ਆਦਿ) ਨੇ ਖੱਬੇ ਪੱਖੀ ਲਹਿਰ 'ਚ ਘੱਟ ਵੁੱਕਤ ਵਾਲੀ ਆਪਣੀ ਪਹਿਲਾਂ ਵਾਲੀ ਰੁਚੀ ਨੂੰ ਤਿਆਗਕੇ ਇੱਕ ਐਨਜੀਓ ਨੂੰ ਚਲਾਉਣ ਦੇ ਲੁਭਾਉਣੇ ਕਿੱਤੇ ਨੂੰ ਅਪਣਾਇਆ ਹੈ, ਇੱਥੇ ਇਹਨਾਂ ਨੇ ਆਪਣੀਆਂ ਜਥੇਬੰਦਕ ਤੇ ਲੱਛੇਦਾਰ ਭਾਸ਼ਣ ਦੇਣ ਦੀਆਂ ਜੁਗਤਾਂ ਅਤੇ ਕੁੱਝ ਹੱਦ ਤੱਕ ਪ੍ਰਚਲਿਤ ਸ਼ਬਦਾਵਲੀ ਵੀ ਨਾਲ ਲਿਆਂਦੀ। ਅੱਜ ਐਨਜੀਓਜ਼ ਦੇ ਹਜ਼ਾਰਾਂ ਡਾਇਰੈਕਟਰ ਆਪਣੇ ਬੱਚਿਆਂ ਤੇ ਘਰ ਦੇ ਬਾਕੀ ਘਰੋਗੀ ਕੰਮਾਂ ਕਾਰਾਂ ਨੂੰ ਨੌਕਰਾਂ ਹਵਾਲੇ ਕਰਕੇ ਅਤੇ ਆਪਣੇ ਬਗੀਚਿਆਂ ਦੀ ਸਾਂਭ-ਸੰਭਾਈ ਮਾਲੀਆਂ ਹਵਾਲੇ ਕਰਕੇ ਆਪਣੇ ਅਲੀਸ਼ਾਨ ਮਹਿੰਗੇ ਫਲੈਟਾਂ ਚੋਂ 40-40 ਹਜ਼ਾਰ ਡਾਲਰਾਂ ਦੀ ਕੀਮਤ ਵਾਲੀਆਂ ਮਹਿੰਗੀਆਂ ਐਸਯੂਵੀ ਕਾਰਾਂ 'ਚ ਸਵਾਰ ਹੋ ਕੇ ਆਪਣੇ ਪੂਰੀ ਤਰ੍ਹਾਂ ਸਜੇ ਧਜੇ ਆਲੀਸ਼ਾਨ ਦਫ਼ਤਰਾਂ ਤੇ ਬਿਲਡਿੰਗਾਂ 'ਚ ਜਾਂਦੇ ਹਨ। ਉਹ ਆਪਣੇ ਖੁਦ ਦੇ ਦੇਸ਼ ਦੇ ਧੂੜ ਫਕਦੇ ਪਿੰਡਾਂ ਦੀ ਬਜਾਏ ਗ਼ਰੀਬੀ 'ਤੇ ਕੀਤੀਆਂ ਜਾਣ ਵਾਲੀਆਂ ਆਪਣੀਆਂ ਕੌਮਾਂਤਰੀ ਕਾਨਫਰੰਸਾਂ ਦੇ ਵਿਦੇਸ਼ੀ ਟਿਕਾਣਿਆਂ (ਵਾਸ਼ਿੰਗਟਨ, ਬੈਂਕਾਕ, ਬਰਸਲਜ਼, ਰੋਮ ਆਦਿ) ਬਾਰੇ ਵਧੇਰੇ ਜਾਣਕਾਰੀ ਰਖਦੇ ਹਨ ਅਤੇ ਆਪਣਾ ਵਧੇਰੇ ਸਮਾਂ ਵੀ ਇਹਨਾਂ ਟਿਕਾਣਿਆਂ 'ਤੇ ਹੀ ਗੁਜ਼ਾਰਦੇ ਹਨ। ਉਹ ਘੱਟ ਤਨਖਾਹਾਂ 'ਤੇ ਕੰਮ ਕਰਦੇ ਪੇਂਡੂ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ 'ਤੇ ਪੁਲੀਸ ਵੱਲੋਂ ਵਰ੍ਹਾਈਆਂ ਲਾਠੀਆਂ ਆਪਣੇ ਜਿਸਮਾਂ 'ਤੇ ਖਾਣ ਦੀ ਬਜਾਏ ''ਗੁਣੀ ਪੇਸ਼ੇਵਰਾਂ'' ਖਾਤਰ ਨੋਟ ਵਟੋਰਨ ਵਾਲੀਆਂ ਨਵੀਆਂ ਤਜ਼ਵੀਜਾਂ ਲਿਖਣ 'ਚ ਵਧੇਰੇ ਮਾਹਰ ਹਨ। ਐਨਜੀਓਜ਼ ਦੇ ਕਰਤਾ-ਧਰਤਾ ਇੱਕ ਨਵੀਂ ਉਹ ਜਮਾਤ ਹੈ ਜਿਹੜੀ ਜਾਇਦਾਦ ਮਾਲਕੀ ਜਾਂ ਸਰਕਾਰੀ ਸਾਧਨਾਂ 'ਤੇ ਅਧਾਰਿਤ ਨਹੀਂ ਹੈ, ਸਗੋਂ ਇਹ ਸਾਮਰਾਜੀ ਇਮਦਾਦ 'ਚੋਂ ਪਣਪੀ ਹੈ ਅਤੇ ਜਿਹੜੀ ਮਕਬੂਲੀਅਤ ਪ੍ਰਾਪਤ ਅਹਿਮ ਗਰੁੱਪਾਂ ਨੂੰ ਕਾਬੂ ਹੇਠ ਰੱਖਣ ਦੀ ਆਪਣੀ ਸਮਰੱਥਾ 'ਤੇ ਟਿਕੀ ਹੋਈ ਹੈ। ਐਨਜੀਓ ਦੇ ਮੋਹਰੀਆਂ ਨੂੰ ਇੱਕ ਨਵ-ਦਲਾਲ (ਖੁਫੀਆ/ਗੁੱਝੇ ਕਰਿੰਦੇ: ਅਨੁਵਾਦਕ) ਗਰੁੱਪ ਵਜੋਂ ਚਿਤਵਿਆ ਜਾ ਸਕਦਾ ਹੈ ਜਿਹੜਾ ਕੋਈ ਵੀ ਵਰਤਣਯੋਗ ਵਸਤ ਪੈਦਾ ਨਹੀਂ ਕਰਦਾ ਹੈ ਸਗੋਂ ਦਾਨੀ ਦੇਸ਼ਾਂ ਲਈ ਸੇਵਾਵਾਂ ਪੈਦਾ ਕਰਨ ਦਾ ਧੰਦਾ ਕਰਦਾ ਹੈ ਅਤੇ ਜਿਹੜਾ ਆਪਣੇ ਨਿਜੀ ਲਾਭਾਂ ਲਈ ਦੇਸ਼ ਵਿਚਲੀ ਗਰੀਬੀ ਦਾ ਵਪਾਰ ਕਰਦਾ ਹੈ। 
ਆਪਣੇ ਰੁਤਬਿਆਂ ਨੂੰ ਜਾਇਜ਼ ਠਹਿਰਾਉਣ ਲਈ ਐਨਜੀਓਜ਼ ਦੇ ਡਾਇਰੈਕਟਰਾਂ ਵੱਲੋਂ ਵਰਤੇ ਜਾਂਦੇ ਰਸਮੀ ਦਾਅਵੇ ਕਿ ਉਹ ਗਰੀਬੀ, ਨਾ-ਬਰਾਬਰੀ ਆਦਿ ਖਿਲਾਫ਼ ਲੜਦੇ ਹਨ-ਖੁਦ ਦੀ ਸੇਵਾ ਕਰਨ ਵਾਲੇ (ਖੁਦਗਰਜ਼ੀ ਭਰੇ) ਅਤੇ ਥੋਥੇ ਹਨ। ਐਨਜੀਓਜ਼ ਦੀ ਗਿਣਤੀ 'ਚ ਹੋਏ ਵਾਧੇ ਅਤੇ ਰਹਿਣ ਸਹਿਣ ਦੇ ਪੱਧਰ 'ਚ ਆਈ ਗਿਰਾਵਟ ਵਿਚਕਾਰ ਸਿੱਧਾ ਰਿਸ਼ਤਾ ਹੈ: ਐਨਜੀਓਜ਼ ਦੀ ਗਿਣਤੀ 'ਚ ਹੋਏ ਵਾਧੇ ਨੇ ਨਾ ਤਾਂ ਢਾਂਚਾਗਤ ਬੇਰੁਜ਼ਗਾਰੀ ਨੂੰ ਜਾਂ ਕਿਸਾਨਾਂ ਦੇ ਭਾਰੀ ਉਜਾੜੇ ਨੂੰ ਘਟਾਇਆ ਅਤੇ ਨਾ ਹੀ ਗੈਰ ਰਸਮੀ ਖੇਤਰ ਵਿਚਲੇ ਕਾਮਿਆਂ ਦੀ ਵਧ ਰਹੀ ਫੌਜ ਲਈ ਕੋਈ ਗੁਜ਼ਾਰੇਯੋਗ ਭੱਤੇ ਮੁਹੱਈਆ ਕਰਵਾਏ ਹਨ। ਐਨਜੀਓਜ਼ ਨੇ ਪੇਸ਼ੇਵਰਾਂ ਦੀ ਇੱਕ ਓਸ ਨਿਗੂਣੀ ਗਿਣਤੀ ਨੂੰ ਨਗਦ ਨੋਟਾਂ ਦੀ ਕਮਾਈ ਮੁਹੱਈਆ ਕਰਵਾਈ ਹੈ ਜੋ ਕਿ ਉਹਨਾਂ ਦੇ ਆਪਣੇ ਮੁਲਕਾਂ ਅਤੇ ਉੱਥੋਂ ਦੇ ਲੋਕਾਂ ਨੂੰ ਤਬਾਹ ਕਰ ਰਹੀ ਨਵ:ਉਦਾਰਵਾਦੀ ਆਰਥਿਕਤਾ ਦੇ ਸਿੱਟੇ ਵਜੋਂ ਪੇਸ਼ ਆ ਰਹੀਆਂ ਦੁਸ਼ਵਰੀਆਂ ਤੋਂ ਬਚ ਸਕੇ ਹਨ ਅਤੇ ਮੌਜੂਦਾ ਸਮਾਜਿਕ ਜਮਾਤੀ ਢਾਂਚੇ ਦੀਆਂ ਪੌੜੀਆਂ ਚੜ੍ਹਨ ਜੋਗੇ ਹੋਏ ਹਨ। 
ਉਪਰ ਬਿਆਨੀ ਹਕੀਕਤ ਐਨਜੀਓਜ਼ ਦੇ ਕਰਮਚਾਰੀਆਂ ਵੱਲੋਂ ਆਪਣੀ ਖੁਦ ਦੀ ਬਣਾਈ ਸਾਖ ਨਾਲ ਟਕਰਾਵੀਂ ਹੈ। ਆਪਣੇ ਪ੍ਰੈਸ ਬਿਆਨਾਂ ਅਤੇ ਜਨਤਕ ਤਕਰੀਰਾਂ 'ਚ ਉਹ ''ਹੁਕਮਰਾਨਾ ਰਾਜ ਸੱਤਾ'' ਅਤੇ ''ਮੰਡੀ ਮੁਖੀ ਜਾਂਗਲੀ ਸਰਮਾਏਦਾਰੀ'' ਦਰਮਿਆਨ ਆਪਣੇ ਆਪ ਨੂੰ ਇੱਕ ''ਤੀਜੇ ਬਦਲ'' ਵਜੋਂ ਪੇਸ਼ ਕਰਦੇ ਹਨ: ਉਹ ਆਪਣੇ ਆਪਨੂੰ ''ਸਿਵਲ ਸੁਸਾਇਟੀ'' ਦੇ ਹਰਾਵਲ ਦਸਤੇ ਵਜੋਂ ਪੇਸ਼ ਕਰਦੇ ਹਨ ਜਿਹੜੇ ''ਆਲਮੀ ਆਰਥਿਕਤਾ'' ਦੇ ਹੱਕ 'ਚ ਲੜ ਰਹੇ ਹਨ। ਐਨਜੀਓਜ਼ ਦੀਆਂ ਕਾਨਫਰੰਸਾਂ 'ਚ ਜੋ ਸਾਂਝਾ ਮਕਸਦ ਸਭ ਤੋਂ ਵਧੇਰੇ ਗੂੰਜਦਾ ਹੈ ਉਹ ਹੈ ''ਨਵੇਕਲੀ ਕਿਸਮ ਦਾ ਵਿਕਾਸ'' ।
''ਸਿਵਲ ਸੁਸਾਇਟੀ'' ਦਾ ਰਟਨ ਮੰਤਰ ਕਰਨਾ ਖਲਾਅ 'ਚ ਗੋਤੇ ਲਾਉਂਣਾ ਹੈ। ''ਸਿਵਲ ਸੁਸਾਇਟੀ'' ਕੋਈ ਇੱਕ ਰੂਪ ਬੱਝਵੇਂ ਸਰਬੱਤ ਦੇ ਭਲੇ ਵਾਲੀ ਸੰਸਥਾ ਨਹੀਂ ਹੈ, ਇਸ ਵਿੱਚ ਉਹ ਸਾਰੀਆਂ ਜਮਾਤਾਂ ਸ਼ਾਮਲ ਹਨ ਜਿਹਨਾਂ ਦੀ ਜਮਾਤੀ ਪਾਲਾਬੰਦੀ ਇਸ ਸਦੀ 'ਚ ਸ਼ਾਇਦ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਸਪੱਸ਼ਟ ਹੈ। ਮਜ਼ਦੂਰਾਂ ਨਾਲ ਕੀਤੀਆਂ ਜਾਂਦੀਆਂ ਸਭ ਤੋਂ ਵੱਡੀਆਂ ਬੇਇਨਸਾਫੀਆਂ ਚੋਂ ਬਹੁਤੀਆਂ ਸਿਵਲ ਸੁਸਾਇਟੀ ਦੇ ਉਹਨਾਂ ਧਨਾਢ ਬੈਂਕਰਾਂ ਦੁਆਰਾ ਹੀ ਕੀਤੀਆਂ ਗਈਆਂ ਹਨ ਜਿਹਨਾਂ ਨੇ ਅੰਦਰੂਨੀ ਕਰਜ਼ੇ 'ਤੇ ਅੰਨੇ ਵਿਆਜ਼ ਲਾ ਕੇ ਕਿਰਤੀਆਂ ਦੀ ਰੱਤ ਨਿਚੋੜੀ ਹੈ; ਉਹਨਾਂ ਭੂਮੀ ਮਾਲਕਾਂ ਦੁਆਰਾ ਜਿਹਨਾਂ ਨੇ ਕਿਸਾਨਾਂ ਤੋਂ ਜ਼ਮੀਨ ਖੋਹ ਲਈ ਹੈ; ਉਹਨਾਂ ਸਨਅਤੀ ਸਰਮਾਏਦਾਰਾਂ ਦੁਆਰਾ ਜਿਹਨਾਂ ਨੇ ਨਿਗੂਣੀਆਂ ਉਜਰਤਾਂ 'ਤੇ ਫੈਕਟਰੀਆਂ 'ਚ ਮਜ਼ਦੂਰੀ ਕਰਵਾ ਕੇ ਮਜ਼ਦੂਰਾਂ ਦਾ ਸਤ ਕੱਢਿਆ ਹੈ (ਖੂਨ ਚੂਸਿਆ ਹੈ)। ''ਸਿਵਲ ਸੁਸਾਇਟੀ'' ਬਾਰੇ ਗੱਲ ਕਰਕੇ ਐਨਜੀਓਜ਼ਵਾਦੀ  ਉਸ ਤਿੱਖੀ ਜਮਾਤੀ ਵੰਡ, ਜਮਾਤੀ ਲੁੱਟ ਖਸੁੱਟ ਅਤੇ ਜਮਾਤੀ ਸੰਘਰਸ਼ 'ਤੇ ਪਰਦਾਪੋਸ਼ੀ ਕਰਦੇ ਹਨ ਜਿਸ ਨੇ ਅਜੋਕੀ ''ਸਿਵਲ ਸੁਸਾਇਟੀ'' 'ਚ ਪਾਲਾਬੰਦੀ ਕੀਤੀ ਹੋਈ ਹੈ। ਭਾਵੇਂ ਵਿਸ਼ਲੇਸ਼ਨ ਦੇ ਤੌਰ 'ਤੇ ਦੇਖਦਿਆਂ ''ਸਿਵਲ ਸੁਸਾਇਟੀ'' ਦਾ ਸੰਕਲਪ ਬੇਕਾਰ ਅਤੇ ਭਰਮਾਊ ਹੈ ਪਰ ਇਹ ਐਨਜੀਓਜ਼ ਦੀ ਉਹਨਾਂ ਸਰਮਾਏਦਾਰਾਂ ਨਾਲ ਭਾਈਵਾਲੀ ਲਈ ਰਾਹ ਪੱਧਰਾ ਕਰਦਾ ਹੈ ਜਿਹੜੇ ਇਹਨਾਂ ਸੰਸਥਾਵਾਂ ਨੂੰ ਵਿਤੀ ਸਹਾਇਤਾ ਮੁਹੱਈਆ ਕਰਦੇ ਹਨ ਅਤੇ ਐਨਜੀਓ ਨੂੰ ਆਪਣੀਆਂ ਯੋਜਨਾਵਾਂ ਅਤੇ ਚੇਲੇ ਚਾਪੜਿਆਂ ਨੂੰ ਉਹਨਾਂ ਦੇ ਵੱਡੇ ਵਪਾਰਕ ਹਿਤਾਂ ਦੇ ਅਧੀਨ ਕਰਦੇ ਹਨ। ਇਸ ਦੇ ਨਾਲੋ ਨਾਲ ਅਕਸਰ ਹੀ ਇਹ ਦੇਖਿਆ ਗਿਆ ਹੈ ਕਿ ਐਨਜੀਓਜ਼ਵਾਦੀਆਂ ਵੱਲੋਂ ''ਸਿਵਲ ਸੁਸਾਇਟੀ'' ਦਾ ਮੰਤਰ ਉਚਾਰਨ ਦਾ ਮਤਲਬ ਸਮਾਜਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਰਵਮੁਖੀ ਜਨਤਕ ਪ੍ਰੋਗਰਾਮਾਂ ਅਤੇ ਸਰਕਾਰੀ ਸੰਸਥਾਵਾਂ 'ਤੇ ਹਮਲਾ ਕਰਨਾ ਹੀ ਹੁੰਦਾ ਹੈ। ਐਨਜੀਓਜ਼ਵਾਦੀ ਵੱਡੇ ਵਪਾਰਕ ਘਰਾਣਿਆਂ ਵੱਲੋਂ ਕੀਤੇ ਜਾਂਦੇ ''ਸਰਕਾਰ ਵਿਰੋਧੀ'' ਪ੍ਰਚਾਰ ਦੀ ਹਾਂ 'ਚ ਹਾਂ ਮਿਲਾਉਂਦੇ ਹਨ-ਸਰਕਾਰੀ ਸਾਧਨਾਂ ਨੂੰ ਆਪਣੇ ਪੱਖ 'ਚ ਭਗਤਾਉਣ ਲਈ ਇੱਕ ਤਾਂ ਉਹ ''ਸਿਵਲ ਸੁਸਾਇਟੀ'' ਦੀ ਦੁਹਾਈ ਪਾਉਂਦੇ ਹਨ ਅਤੇ ਦੂਜਾ ਮੰਡੀ ਦੀ ਹਾਲ ਪਾਹਰਿਆ ਕਰਦੇ ਹਨ। ਸਰਮਾਏਦਾਰ ''ਸਰਕਾਰੀ ਵਿਰੋਧਵਾਦ'' ਰਾਹੀ ਬਰਾਮਦਾਂ ਨੂੰ ਸਬਸਿਡੀਆਂ ਮੁਹੱਈਆ ਕਰਵਾਉਣ ਅਤੇ ਪੂੰਜੀਪਤੀਆਂ ਨੂੰ ਵਿਤੀ ਸੰਕਟਾਂ ਚੋਂ ਕੱਢਣ ਲਈ ਜਨਤਕ ਫੰਡਾਂ 'ਚ ਵਾਧਾ ਕੀਤੇ ਜਾਣ ਲਈ ਕਹਿੰਦੇ ਹਨ, ਜਦੋਂ ਕਿ ਐਨਜੀਓਜ਼ਵਾਦੀ ਲੋਕਾਂ ਦੀ ਬਹੁਤ ਹੀ ਨਿਗੂਣੇ ਹਿੱਸੇ ਨੂੰ ਨੀਵੇਂ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਦਿੱਤੇ ''ਠੇਕਿਆਂ 'ਚੋਂ ਹਿੱਸੇਪੱਤੀ'' ਰਾਹੀਂ ਆਪਣੀ ਚੁੰਗ ਹਾਸਲ ਕਰਨ ਦਾ ਯਤਨ ਕਰਦੇ ਹਨ।  
ਐਨਜੀਓਵਾਦੀਆਂ ਵੱਲੋਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਖੋਜੀ ਆਗੂਆਂ ਵਜੋਂ ਆਪੂੰ ਬਣਾਈ ਸਾਖ ਦੇ ਉਲਟ ਉਹ ਅਸਲ 'ਚ ਬੁਨਿਆਦੀ ਤੌਰ 'ਤੇ ਪਿਛਾਂਹ ਖਿੱਚੂ ਹਨ ਜਿਹੜੇ ''ਹੇਠਲੀ ਪੱਧਰ'' 'ਤੇ ਨਿਜੀਕਰਨ ਰਾਹੀਂ ਅਤੇ ਜਨਤਕ ਲਹਿਰ ਨੂੰ ਖਿਡਾਉਣ ਰਾਹੀਂ ਵਿਰੋਧ ਦੀ ਸੰਘੀ ਨੱਪਣ ਲਈ ਆਈਐਮਐਫ ਦੇ ਏਜੰਡੇ ਦੇ ਪੂਰਕ ਹੋਣ ਦਾ ਹੀ ਰੋਲ ਨਿਭਾਅ ਰਹੇ ਹਨ।
ਐਨਜੀਓਜ਼ ਦੇ ਹਰ ਪਾਸੇ ਪਸਰੇ ਹੋਣ ਦੇ ਮੱਦੇ ਨਜ਼ਰ ਖੱਬੇ ਪੱਖੀਆਂ ਸਾਹਮਣੇ ਇੱਕ ਗੰਭੀਰ ਚਣੌਤੀ ਦਰਪੇਸ਼ ਹੈ ਜਿਹੜੀ ਮੰਗ ਕਰਦੀ ਹੈ ਕਿ ਇਹਨਾਂ ਐਨਜੀਓਜ਼ ਦੇ ਪਨਪਣ, ਢਾਂਚੇ ਅਤੇ ਵਿਚਾਰਧਾਰਾ ਦਾ ਗਹਿ ਗੰਭੀਰ ਸਿਆਸੀ ਵਿਸ਼ਲੇਸ਼ਣ ਕੀਤਾ ਜਾਵੇ।
ਐਨਜੀਓਜ਼ ਦਾ ਪਨਪਣਾਂ, ਢਾਂਚਾ ਤੇ ਵਿਚਾਰਧਾਰਾ:
ਸਿਆਸਤ ਦੇ ਪਿੜ 'ਚ ਐਨਜੀਓ ਵਿਰੋਧਭਾਸ਼ੀ ਵਾਲੀ ਭੂਮਿਕਾ ਨਿਭਾ ਰਹੀਆਂ ਪ੍ਰਤੀਤ ਹੁੰਦੀਆਂ ਹਨ। ਇੱਕ ਪਾਸੇ ਉਹ ਤਾਨਾਸ਼ਾਹੀਆਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦਾ ਵਿਰੋਧ ਕਰਦੀਆਂ ਹਨ, ਜਦੋਕਿ ਦੂਜੇ ਪਾਸੇ ਉਹ ਖੱਬੀ ਸਮਾਜਿਕ ਸਿਆਸੀ ਲਹਿਰ ਦੇ ਮੁਕਾਬਲੇ 'ਤੇ  ਖੜਕੇ ਜਨਤਕ ਉਭਾਰ ਨੂੰ ਸਤਾ 'ਤੇ ਬਿਰਾਜਮਾਨ ਨਵ-ਉਦਾਰਵਾਦੀ ਉੱਚ ਵਰਗ ਨਾਲ ਸਾਂਝ ਭਿਆਲੀ ਵਾਲੇ ਸਬੰਧਾਂ 'ਚ ਤਬਦੀਲ ਕਰਨ ਲਈ ਯਤਨਸ਼ੀਲ ਰਹਿੰਦੀਆਂ ਹਨ। ਅਸਲ 'ਚ ਉਹਨਾਂ ਦੀ ਇਹ ਸਿਆਸੀ ਸੇਧ ਐਨੀ ਆਪਾ ਵਿਰੋਧੀ ਨਹੀਂ ਜਿੰਨੀ ਇਹ ਦੇਖਣ ਨੂੰ ਪ੍ਰਤੀਤ ਹੁੰਦੀ ਹੈ। 
ਪਿਛਲੇ 25 ਸਾਲਾਂ ਦੌਰਾਨ ਐਨਜੀਓਜ਼ ਦੇ ਵਿਕਾਸ ਅਤੇ ਗਿਣਤੀ 'ਚ ਵਾਧਾ ਹੋਣ 'ਤੇ ਝਾਤ ਮਾਰਦਿਆਂ ਅਸੀਂ ਦੇਖਦੇ ਹਾਂ ਕਿ ਐਨਜੀਓਜ਼ ਤਿੰਨ ਤਰ੍ਹਾਂ ਦੀਆਂ ਹਾਲਤਾਂ 'ਚ ਉੱਭਰ  ਕੇ ਸਾਹਮਣੇ ਆਈਆਂ ਹਨ। ਪਹਿਲ ਪ੍ਰਿਥਮੇਂ ਇਹ ਤਾਨਾਸ਼ਾਹੀ ਸਮਿਆਂ ਦੌਰਾਨ ਵਿਰੋਧੀ ਸੁਰ ਵਾਲੇ ਬੁੱਧੀਜੀਵੀਆਂ ਲਈ ਇੱਕ ਅਜਿਹਾ ਸੁਰੱਖਿਆ ਕਵਚ ਬਣਕੇ ਸਾਹਮਣੇ ਆਈਆਂ ਜਿਸ ਦੀ ਆੜ ਹੇਠ ਮਨੱਖੀ ਅਧਿਕਾਰਾਂ ਦੇ ਹਨਨ ਦੇ ਮੁੱਦਿਆਂ ਦੀ ਪੈਰਵਾਈ ਕਰਨ ਅਤੇ ਢਿੱਡਾਂ ਨੂੰ ਗੰਢਾਂ ਦੇ ਕੇ ਜਿਉਣ ਵਰਗੇ ਕਰੜੇ ਸੰਜਮੀ ਪ੍ਰੋਗਰਾਮਾਂ ਤੋਂ ਪੀੜਤ ਲੋਕਾਂ ਵਾਸਤੇ ''ਜਿਉਂਦੇ ਰਹਿਣ ਦੀਆਂ ਸਕੀਮਾਂ'' ਬਣਾਕੇ ਦੇ ਸਕਦੇ ਹਨ। ਇਹ ਮਾਨਵਵਾਦੀ ਐਨਜੀਓ ਅਲੱਗ ਅਲੱਗ ਦੇਸ਼ਾਂ ਅੰਦਰ ਸਥਾਨਕ ਪੱਧਰ 'ਤੇ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੇ ਹਨਨ 'ਚ ਅਮਰੀਕੀ ਤੇ ਯੂਰਪੀ ਮੁਲਕਾਂ ਦਾ ਹੱਥ ਹੋਣ ਦੀ ਨਿਖੇਧੀ ਕਰਨ ਜਾਂ ਆਮ ਲੋਕਾਈ ਨੂੰ ਕੰਗਾਲ ਕਰ  ਰਹੀਆਂ ''ਮੁਕਤ ਬਾਜ਼ਾਰ'' ਦੀਆਂ ਨੀਤੀਆਂ 'ਚੋਂ ਉੱਭਰ ਰਹੇ ਸੁਆਲ ਉਠਾਉਣ ਤੋਂ ਬੜੀ ਸਾਵਧਾਨੀ ਨਾਲ ਕਿਨਾਰਾ ਕਰ ਜਾਂਦੀਆਂ ਹਨ। ਇਓੁਂ ਦੇਖਿਆਂ ਜਦੋਂ ਕਿਤੇ ਵੀ ਜਾਬਰ ਹਾਕਮਾਂ ਵਾਸਤੇ ਜਨਤਕ ਲੋਕ ਲਹਿਰਾਂ ਗੰਭੀਰ ਚਣੌਤੀ ਬਣਨ ਲਗਦੀਆਂ ਹਨ ਤਾਂ ਐਨਜੀਓਵਾਦੀ ਯੁੱਧਨੀਤਕ ਤੌਰ 'ਤੇ ਤਾਇਨਾਤ ''ਡੈਮੋਕਰੇਟ'' ਹਨ ਜਿਹੜੇ ਸਥਾਨਕ ਹਾਕਮ ਜਮਾਤਾਂ ਅਤੇ ਸਾਮਰਾਜੀ ਨੀਤੀ ਘਾੜਿਆਂ ਦੇ ਸਿਆਸੀ ਬਦਲ ਦੇ ਰੂਪ 'ਚ ਮੌਜੂਦ ਹਨ। ਗੱਦੀ 'ਤੇ ਬੈਠੇ ਪਿਛਾਖੜੀ ਹਾਕਮਾਂ ਦੇ ਲੜਖੜਾ ਜਾਣ ਦੀ ਹਾਲਤ 'ਚ ਪੱਛਮੀ ਮੁਲਕਾਂ ਵੱਲੋਂ ਐਨਜੀਓਜ਼ ਨੂੰ ਆਪਣੇ 'ਆਲੋਚਕ' ਬਣਾਕੇ ਮਾਲੀ ਸਹਾਇਤਾ ਪ੍ਰਦਾਨ ਕਰਨਾ ਆਪਣੇ ਹਿਤਾਂ ਦੀ ਰਾਖੀ ਲਈ ਬੀਮਾ ਕਰਾਉਣ ਦੇ ਬਰਾਬਰ ਸੀ। ਇਹ ਮਾਮਲਾ ਉਹਨਾਂ ਅਹਿਮ ਅਲੋਚਕ ਐਨਜੀਓਜ਼ ਦੇ ਮਾਮਲੇ 'ਚ ਦੇਖਿਆ ਜਾ ਸਕਦਾ ਸੀ ਜਿਹੜੀਆਂ ਫਿਲਪਾਈਨ 'ਚ ਮਾਰਕੋਜ਼ ਦੇ ਰਾਜ 'ਚ, ਚਿੱਲੀ 'ਚ ਪਿਨੋਚੇ ਦੀ ਹਕੂਮਤ ਦੌਰਾਨ, ਕੋਰੀਆ ਦੇ ਪਾਰਕ ਦੀ ਡਿਕਟੇਟਰਸ਼ਿਪ ਆਦਿ ਦੌਰਾਨ ਪ੍ਰਗਟ ਹੋਈਆਂ ਸਨ। 
ਅਸਲ 'ਚ ਐਨਜੀਓ ਸਾਮਰਾਜੀ ਪ੍ਰਭੂਸਤਾ ਨੂੰ ਚੁਣੌਤੀ ਦੇਣ ਵਾਲੀਆਂ ਜਨਤਕ ਲੋਕ ਲਹਿਰਾਂ ਦੇ ਉਭਾਰ ਦੇ ਸਮਿਆਂ 'ਚ ਖੁੰਬਾਂ ਵਾਂਗ ਉੱਗੀਆਂ ਹਨ। ਖੱਬੇ ਪੱਖੀ ਲਹਿਰਾਂ ਤੇ ਜਦੋਜਹਿਦਾਂ ਦੇ ਉਭਾਰ ਨੇ ਇੱਕ ਅਜਿਹੀ ਦਿਲਕਸ਼ ਵਪਾਰਕ ਵਸਤੂ ਮੁਹੱਈਆ ਕਰ ਦਿੱਤੀ ਹੈ ਜਿਸਨੂੰ ਖਰੀਦਣ ਦੀਆਂ ਇੱਛੁਕ ਤੇ ਇਹਨਾਂ ਲਹਿਰਾਂ ਪ੍ਰਤੀ ਫ਼ਿਕਰਮੰਦ ਯੂਰਪੀ ਤੇ ਅਮਰੀਕੀ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਸਰਕਾਰਾਂ ਨਾਲ ਪੀਡੀਆਂ ਤੰਦਾਂ ਨਾਲ ਜੁੜੀਆਂ ਤਸੱਲੀਬਖਸ਼ ਵਿਤੀ ਸਹਾਇਤਾ ਪ੍ਰਾਪਤ ਨਿਜੀ ਤੇ ਸਰਕਾਰੀ ਸੰਸਥਾਵਾਂ ਕੋਲ ਸਾਬਕਾ ਖੱਬੇ ਪੱਖੀ ਤੇ ਨਕਲੀ ਲੋਕ ਪੱਖੀ ਬੁਧੀਜੀਵੀ ਵਿਕਣ ਜੋਗੇ ਹੋ ਗਏ। ਦਾਨ ਦੇਣ ਵਾਲਿਆਂ ਦਾਨੀਆਂ ਦੀ ਧੁੱਸ ਸੂਹ ਲਾਉਣ ਵਾਲੇ ਸਮਾਜਕ ਵਿਗਿਆਨ ਦੀ ਨਜ਼ਰਸਾਨੀ ਕਰਨਾ ਸੀ ਮਿਸਾਲ ਦੇ ਤੌਰ 'ਤੇ ''ਸ਼ਹਿਰੀ ਗ਼ਰੀਬ ਬਸਤੀਆਂ 'ਚ ਹਿੰਸਾ ਭੜਕਣ ਦੀ ਸੰਭਾਵਨਾ ਦੀ ਸੂਹ ਲਾਉਣੀ'' (1983-86 ਦੇ ਜਨਤਕ ਉਭਾਰ ਦੌਰਾਨ ਚਿੱਲੀ 'ਚ ਐਨਜੀਓਜ਼ ਵੱਲੋਂ ਆਪਣੇ ਹੱਥ ਹੇਠ ਲਈ ਗਈ ਇੱਕ ਅਜਿਹੀ ਯੋਜਨਾ), ਐਨਜੀਓ ਵਾਦੀਆਂ ਦੀ ਮਸ਼ਹੂਰ ਭਾਈਚਾਰਿਆਂ ਨੂੰ ਆਪਣੇ ਕਲਾਵੇ 'ਚ ਲੈਣ ਅਤੇ ਉਹਨਾਂ ਦੀ ਤਾਕਤ ਨੂੰ ਸਮਾਜਕ ਤਬਦੀਲੀ ਵਾਲਾ ਰੁਖ ਅਪਨਾਉਣ ਦੀ ਬਜਾਏ ਸਵੈ-ਸਹਾਇਤਾ ਯੋਜਨਾਵਾਂ 'ਤੇ ਟੇਕ ਰੱਖਣ ਵੱਲ ਸੇਧਤ ਕਰਨ ਦੀ ਸਮਰੱਥਾ ਅਤੇ ਜਮਾਤੀ ਭਾਈਵਾਲੀ ਵਾਲੀ ਲਫ਼ਾਜ਼ੀ ਨੂੰ ''ਇੱਕ ਨਵੀਂ'' ਪਹਿਚਾਣ ਦੇ ਕੇ ਇੱਕ ਅਜਿਹੀ ਨਵੀਂ ਸ਼ਕਲ ਦੇਣ ਵੱਲ ਸੇਧਤ ਹਨ ਜਿਹੜੀ ਕਿ ਇਨਕਲਾਬੀ ਕਾਰਕੁਨਾਂ ਦੀ ਸਾਖ਼ ਨੂੰ ਖੋਰੇਗੀ ਅਤੇ ਉਹਨਾਂ ਨੂੰ ਲੋਕਾਂ 'ਚੋਂ ਨਿਖੇੜ ਦੇਵੇਗੀ।
ਜਨਤਕ ਲਹਿਰਾਂ ਦੇ ਉਭਾਰ ਨੇ ਵਿਦੇਸ਼ੀ ਏਜੰਸੀਆਂ ਨੂੰ ਆਪਣੇ ਖਜ਼ਾਨਿਆਂ ਦੇ ਮੂੰਹ ਖੋਲ੍ਹਣ ਲਈ ਮਜ਼ਬੂਰ ਕਰ ਦਿੱਤਾ ਅਤੇ ਸੱਤਰਵਿਆਂ ਦੌਰਾਨ ਇੰਡੋਨੇਸ਼ੀਆ, ਥਾਈਲੈਂਡ ਤੇ ਪੀਰੂ 'ਚ, ਅੱਸੀਵਿਆਂ ਦੌਰਾਨ ਨਿਕਾਰਾਗੁਆ, ਚਿੱਲੀ ਤੇ ਫਿਲਪਾਈਨ 'ਚ  ਅਤੇ 90 ਵਿਆਂ 'ਚ ਅਲਸਲਵਾਡੋਰ, ਗੁਆਟੇਮਾਲਾ ਤੇ ਕੋਰੀਆ 'ਚ ਮਿਲੀਅਨ ਡਾਲਰਾਂ (ਕਰੋੜਾਂ ਰੁਪਏ) ਦੀ ਬਰਸਾਤ ਕੀਤੀ ਗਈ। ਐਨਜੀਓਜ਼ ਇਹਨਾਂ ਮੁਲਕਾਂ 'ਚ ''ਅੱਗ ਬੁਝਾਉਣ'' ਲਈ ਤਿਆਰ ਬਰ ਤਿਆਰ ਬੈਠੀਆਂ ਸਨ। ਉਸਾਰੂ ਯੋਜਨਾਵਾਂ ਦੇ ਪਰਦੇ ਹੇਠ ਇਹਨਾਂ ਨੇ ਵਿਚਾਰਧਾਰਕ ਜਦੋ ਜਹਿਦਾਂ ਦੇ ਲੜ ਲੱਗਣ ਦੇ ਵਿਰੋਧ 'ਚ ਦਲੀਲਾਂ ਦਿੱਤੀਆਂ, ਇਓੁਂ ਕਰਦਿਆਂ ਇਹਨਾਂ ਨੇ ਵਿਦੇਸ਼ੀ ਪੈਸੇ ਨਾਲ ਸਥਾਨਕ ਆਗੂਆਂ ਦੀ ਭਰਤੀ ਕੀਤੀ, ਉਹਨਾਂ ਨੂੰ ਵਿਦੇਸ਼ੀ ਕਾਨਫਰੰਸਾਂ 'ਚ ਭੇਜਿਆ ਅਤੇ ਸਥਾਨਕ ਪੱਧਰ  ਦੇ ਗਰੁੱਪਾਂ ਨੂੰ ਨਵ-ਉਦਾਰਵਾਦ ਦੇ ਸਾਂਚੇ 'ਚ ਢਲਣ ਲਈ ਹੱਲਾ ਸ਼ੇਰੀ ਦਿੱਤੀ। 
ਕਿਉਂਕਿ ਅਥਾਹ ਪੈਸਾ ਮਿਲ ਰਿਹਾ ਸੀ, ਇਸ ਲਈ ਐਨਜੀਓਜ਼ ਖੁੰਬਾਂ ਵਾਂਗ ਉੱਠੀਆਂ, ਜਿਹਨਾਂ ਨੇ ਭਾਈਚਾਰਿਆਂ ਦੀ ਹਾਲਤ ਮਾਸ ਦਾ ਟੁਕੜੇ ਲਈ ਲੜਨ ਵਾਲੇ ਕੁੱਤਿਆਂ ਵਰਗੀ ਬਣਾ ਦਿੱਤੀ।  ''ਜ਼ਮੀਨੀ ਪੱਧਰ 'ਤੇ ਸਰਗਰਮ ਹਰੇਕ ਕਰਿੰਦੇ '' ਨੇ ਗ਼ਰੀਬਾਂ (ਔਰਤਾਂ, ਘੱਟ ਗਿਣਤੀਆਂ, ਨੌਜਵਾਨ ਲੋਕਾਂ ਆਦਿ) ਦੇ ਨਵੇਂ ਪੂਰ ਲੈ ਕੇ ਖੁਦ ਦੀ ਆਪਣੀ ਨਵੀਂ ਐਨਜੀਓ ਖੜੀ ਕੀਤੀ ਅਤੇ ਇਸ ਸਹਾਰੇ ਉਹਨੇ ਆਪਣੇ ਮਾਲ ਦੀ ਵਿਕਰੀ, ਆਪਣੀ ਸਰਗਰਮੀ ਜਾਂ ਆਪਣੇ ਇਲਾਕੇ ਲਈ ਅਤੇ ਆਪਣੇ ਕੇਂਦਰ ਤੇ ਇਉਂ ਆਪਣੇ ਕੈਰੀਅਰਾਂ ਲਈ ਵਿਤੀ ਸਾਧਨ ਹਾਸਲ ਕਰਨ ਲਈ ਐਮਸਟਰਡਮ, ਸਟਾਕਹੋਮ ਆਦਿ ਦੀ ਹੱਜ ਯਾਤਰਾ ਕੀਤੀ। 
ਐਨਜੀਓਜ਼ ਦੀ ਗਿਣਤੀ 'ਚ ਚੋਖੀ ਵਾਧਾ ਹੋਣ 'ਚ ਤੀਜੇ ਨੰਬਰ 'ਤੇ ਉਹ ਹਾਲਤਾਂ ਆਉਂਦੀਆਂ ਹਨ ਜਦੋਂ ਮੁਕਤ ਸਰਮਾਏਦਾਰਾਨਾ ਮੰਡੀ ਵੱਲੋਂ ਬਾਰਮਬਾਰ ਤੇ ਹੋਰ ਵਧੇਰੇ ਡੂੰਘੇਰੇ ਪੈਦਾ ਕੀਤੇ ਜਾਂਦੇ ਆਰਥਿਕ ਸੰਕਟ। ਜਿਵੇਂ ਜਿਵੇਂ ਬਜਟਾਂ 'ਚ ਕਟੌਤੀ ਹੁੰਦੀ ਗਈ ਤਾਂ ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ ਤੇ ਪੇਸ਼ਾਵਰਾਂ ਨੂੰ ਆਪਣੇ ਰੁਜ਼ਗਾਰ ਦੇ ਮੌਕੇ ਖਤਮ ਹੁੰਦੇ ਦਿਸੇ ਅਤੇ ਤਨਖਾਹਾਂ 'ਚ ਗਿਰਾਵਟ ਦਰਜ਼ ਹੁੰਦੀ ਦਿਸੀ, ਆਪਣਾ ਕੋਈ ਬਦਲਵਾਂ ਰੁਜ਼ਗਾਰ ਲੱਭਣਾ ਇਹਨਾਂ ਦੀ ਮਜ਼ਬੂਰੀ ਬਣ ਗਈ। ਇੱਕ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੀ ਏਜੰਸੀ ਬਣਕੇ ਐਨਜੀਓਜ਼ ਸਾਹਮਣੇ 'ਤੇ ਆਈਆਂ ਅਤੇ ਸਲਾਹਕਾਰ ਏਜੰਸੀਆਂ ਹੇਠਲੇ ਪੱਧਰ 'ਤੇ ਸੰਭਾਵਤ ਹਰਕਤਸ਼ੀਲ ਬੁੱਧੀਜੀਵੀਆਂ ਲਈ ਇੱਕ ਸੁਰੱਖਿਆ ਛਤਰੀ ਬਣਕੇ ਸਾਹਮਣੇ ਆਈਆਂ ਜਿਹਨਾਂ ਨੇ ''ਸਿਵਲ ਸੁਸਾਇਟੀ'' 'ਚ ਹੜ੍ਹ ਲੈ ਆਂਦਾ ਅਤੇ ਨਾਲ ਹੀ ਆਪਣੀ ਮੁਕਤ ਮੰਡੀ ਵੱਲ ਵਿਕਾਸ ਦੀ ਬਦਲਵੀਂ ਦਿਸ਼ਾ ਵਾਲੀਆਂ ਨੀਤੀਆਂ ਅਤੇ ਨਵਉਦਾਰਵਾਦੀ ਸਰਕਾਰਾਂ ਤੇ ਕੌਮਾਂਤਰੀ ਵਿਤੀ ਸੰਸਥਾਵਾਂ ਨਾਲ ਸਾਂਝ ਭਿਆਲੀ ਵਾਲੀਆਂ ਨੀਤੀਆਂ ਨੂੰ ਅੱਗੇ ਵਧਾਇਆ। ਜਦੋਂ ਲੱਖਾਂ ਲੋਕ ਆਪਣੇ ਰੁਜ਼ਗਾਰ ਤੋਂ ਹੱਥ ਧੋ ਬਹਿੰਦੇ ਹਨ ਅਤੇ ਆਬਾਦੀ ਦੇ ਵੱਡੇ ਹਿੱਸੇ 'ਚ ਗ਼ਰੀਬੀ ਫੈਲ ਜਾਂਦੀ ਹੈ ਤਾਂ ਉਦੋਂ ਐਨਜੀਓਜ਼ ਵਿਵਸਥਾ ਦੇ ਬਚਾਅ ਦਾ ਪੈਤੜਾ ਅਪਣਾਉਂਦੀਆਂ ਹਨ; ਉਹ ਆਮ ਹੜਤਾਲਾਂ ਕਰਨ ਦੀ ਬਜਾਏ ''ਆਪਣੀ ਜਾਨ ਬਖਸ਼ੀ ਜਾਣ ਵਾਲੀ ਜੁਗਤਾਂ'' 'ਤੇ ਕੇਦਰਤ ਕਰਦੀਆਂ ਹਨ; ਉਹ ਖਾਣ ਪੀਣ ਵਾਲੀਆਂ ਵਸਤਾਂ ਦੀ ਜ਼ਖੀਰੇਬਾਜ਼ੀ ਕਰਨ ਵਾਲਿਆਂ, ਨਵ-ਉਦਾਰਵਾਦੀ ਹਕੂਮਤਾਂ ਜਾਂ ਅਮਰੀਕੀ ਸਾਮਰਾਜ ਖਿਲਾਫ਼ ਜਨਤਕ ਰੋਸ ਮੁਜ਼ਾਹਰੇ ਕਰਨ ਦੀ ਬਜਾਏ ਲੰਗਰ (ਰਾਹਤ ਕੈਂਪ) ਲਾਉਂਦੀਆਂ ਹਨ। 
ਜਦੋਂ ਪੁਰਾਣਾ ਢਾਂਚਾ ਢਹਿ ਢੇਰੀ ਹੋ ਰਿਹਾ ਸੀ, ਬਦਇਖਲਾਕ ਹਾਕਮਾਂ ਹੱਥੋਂ ਸਤਾ ਦੀ ਡੋਰ ਖੁਸਦੀ ਜਾ ਰਹੀ ਸੀ ਅਤੇ ਜਨਤਕ ਘੋਲ ਅੱਗੇ ਵਧ ਰਹੇ ਸਨ ਤਾਂ ਅਜਿਹੇ ਸਮਿਆਂ 'ਚ ਅਸਪੱਸ਼ਟ ''ਜਮਹੂਰੀ ਤਬਦੀਲੀਆਂ'' ਦੇ ਮੁਢਲੇ ਦੌਰਾਂ 'ਚ ਹੋ ਸਕਦੈ ਐਨਜੀਓਜ਼ ਨੂੰ ਮਾੜੀ ਮੋਟੀ ''ਅਗਾਂਹਵਧੂ'' ਪੁੱਠ ਚਾੜ੍ਹੀ ਗਈ ਹੋਵੇ। ਪੁਰਾਣੀਆਂ ਹਕੂਮਤਾਂ ਅਤੇ ਰੂੜੀਵਾਦੀ ਪਾਰਲੀਮਾਨੀ ਸਿਆਸਤਦਾਨਾਂ ਵਿਚਕਾਰ ਹੋਈਆਂ ਸੌਦੇਬਾਜ਼ੀਆਂ 'ਚ ਐਨਜੀਓਜ਼ ਸਾਧਨ ਬਣੀਆਂ। ਐਨਜੀਓਜ਼ ਨੇ ਆਪਣੇ ਜ਼ਮੀਨੀ ਪੱਧਰ ਨਾਲ ਜੁੜੇ ਹੋਣ ਦੇ ਪ੍ਰਚਾਰ, ਆਪਣੇ ਜਥੇਬੰਦਕ ਸਾਧਨਾਂ ਸ੍ਰੋਤਾਂ ਅਤੇ ''ਜਮਹੂਰੀ'' ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਹੋਣ ਦੀ ਆਪਣੀ  ਜਨਤਕ ਦਿੱਖ ਨੂੰ ਸਮਾਜਕ ਆਰਥਿਕ ਤਬਦੀਲੀਆਂ ਦੇ ਹੱਕ 'ਚ ਭੁਗਤਾਉਣ ਦੀ ਬਜਾਏ ਕਾਨੂੰਨੀ, ਸਿਆਸੀ ਸੁਧਾਰਾਂ ਦੇ ਬਦਲ ਤੱਕ ਸੀਮਤ ਰੱਖਣ ਵਾਲੇ ਸਿਆਸਤਦਾਨਾਂ ਤੇ ਪਾਰਟੀਆਂ ਲੜ ਲਾਉਣ ਲਈ ਝੋਕ ਦਿੱਤਾ। ਐਨਜੀਓਜ਼ ਨੇ ਜਨਤਕ ਲਾਮਬੰਦੀ ਨੂੰ ਖੇਰੂ ਖੇਰੂ ਕੀਤਾ ਅਤੇ ਲਹਿਰਾਂ ਨੂੰ ਖੱਖੜੀਆਂ ਕਰੇਲੇ ਕਰ ਦਿੱਤਾ। ਚਿੱਲੀ ਤੋਂ ਲੈ ਕੇ ਫਿਲਪਾਈਨ ਤੇ ਦੱਖਣੀ ਕੋਰੀਆ ਅਤੇ ਇਸ ਤੋਂ ਵੀ ਅਗਾਂਹ 1980 ਵਿਆਂ ਤੇ 1990 ਵਿਆਂ ਦੌਰਾਨ ਜਿਸ ਕਿਸੇ ਵੀ ਦੇਸ਼ 'ਚ ''ਪਾਰਲੀਮਾਨੀ ਵੋਟ ਪ੍ਰਣਾਲੀ'' ਵੱਲ ਨੂੰ ਤਬਦੀਲੀ ਹੋਈ ਹੈ, ਐਨਜੀਓਜ਼ ਨੇ ਉਹਨਾਂ ਹਕੂਮਤਾਂ ਦੇ ਹੱਕ 'ਚ ਵੋਟਾਂ ਭੁਗਤਾਉਣ 'ਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ ਜਿਹਨਾਂ ਨੇ ਮੌਜੂਦਾ ਸਮਾਜਕ ਆਰਥਿਕ ਹਾਲਤਾਂ ਨੂੰ ਜਿਉਂ ਦੀਆਂ ਤਿਉਂ ਕਾਇਮ ਰੱਿਖਆ ਜਾਂ ਹੋਰ ਡੂੰਘੇਰਾ ਕੀਤਾ ਹੈ। ਇਨਾਮ ਵਜੋਂ ਬਹੁਤ ਸਾਰੇ ਸਾਬਕਾ ਐਨਜੀਓਵਾਦੀਆਂ ਨੂੰ ਸਰਕਾਰੀ ਏਜੰਸੀਆਂ ਚਲਾਉਣ ਨੂੰ ਮਿਲੀਆਂ ਜਾਂ ਕਈਆਂ ਨੂੰ ਲੋਕ ਲੁਭਾਉਣੇ ਮਹਿਕਮਿਆਂ (ਔਰਤਾਂ ਦੇ ਅਧਿਕਾਰਾਂ, ਨਾਗਰਿਕ ਭਾਗੀਦਾਰੀ, ਜਨਤਕ ਸ਼ਕਤੀ ਆਦਿ) 'ਚ ਸਰਕਾਰੀ ਮੰਤਰੀ ਦੇ ਰੁਤਬਿਆਂ ਨਾਲ ਨਵਾਜਿਆ ਗਿਆ। 
ਐਨਜੀਓਜ਼ ਦਾ ਇਹ ਪਿਛਾਂਹ ਖਿਚੂ ਸਿਆਸੀ ਰੋਲ ਉਸ ਤਾਣੇ-ਬਾਣੇ 'ਚ ਪਿਆ ਹੈ ਜਿਸ ਢਾਂਚੇ 'ਤੇ ਇਹਨਾਂ ਨੂੰ ਜੱਥੇਬੰਦ ਕੀਤਾ ਗਿਆ ਹੈ।
ਐਨਜੀਓਜ਼ ਦਾ ਢਾਂਚਾ-ਦੇਖਣ ਦਿਖਾਉਣ ਨੂੰ ਸੇਵਾ ਭਾਵਨਾ ਪਰ ਅੰਦਰੋ ਧਨਾਢ ਪੱਖੀ (ਮੂੰਹ 'ਚ ਰਾਮ ਰਾਮ ਬਗਲ 'ਚ ਛੁਰੀ)
ਹਕੀਕਤ ਇਹ ਹੈ ਕਿ ਐਨਜੀਓਜ਼ ''ਗੈਰ ਸਰਕਾਰੀ'' ਸੰਸਥਾਵਾਂ ਨਹੀਂ ਹਨ। ਉਹ ਵਿਦੇਸ਼ੀ ਸਰਕਾਰਾਂ ਤੋਂ ਚੰਦੇ ਪ੍ਰਾਪਤ ਕਰਦੀਆਂ ਹਨ ਅਤੇ ਸਥਾਨਕ ਸਰਕਾਰਾਂ ਦੇ ਪ੍ਰਾਈਵੇਟ ਨੀਮ ਠੇਕੇਦਾਰ ਵਜੋਂ ਕੰਮ ਕਰਦੀਆਂ ਹਨ ਅਤੇ ਜਾਂ ਕਾਰਪੋਰੇਟਾਂ ਦੇ ਮਾਲੀ ਸਾਧਨਾਂ ਰਾਹੀਂ ਸਥਾਪਤ ਤੇ ਸਰਕਾਰੀ ਢਾਂਚੇ ਨਾਲ ਘਿਉ-ਖਿਚੜੀ ਬਣਕੇ ਚੱਲਣ ਵਾਲੀਆਂ ਕਾਰਪੋਰੇਟਾਂ ਤੋ ਰਿਆਇਤਾਂ ਪ੍ਰਾਪਤ ਕਰਕੇ ਕੰਮ ਕਰਨ ਵਾਲੀਆਂ ਨਿਜੀ ਸੰਸਥਾਵਾਂ ਹਨ। ਅਕਸਰ ਹੀ ਉਹ ਦੇਸ਼ ਜਾਂ ਵਿਦੇਸ਼ਾਂ ਵਿਚਲੀਆਂ ਸਰਕਾਰੀ ਏਜੰਸੀਆਂ ਨਾਲ ਸ਼ਰੇਆਮ ਭਾਈਵਾਲੀ ਕਰਕੇ ਚਲਦੀਆਂ ਹਨ। ਉਹ ਆਪਣੇ ਪ੍ਰੋਗਰਾਮਾਂ ਲਈ ਸਥਾਨਕ ਲੋਕਾਂ ਨੂੰ ਨਹੀਂ ਸਗੋਂ ਉਨ੍ਹਾਂ ਵਿਦੇਸ਼ੀ ਦਾਨੀਆਂ ਨੂੰ ਜਵਾਬਦੇਹ ਹਨ ਜਿਹੜੇ ਐਨਜੀਓਜ਼ ਦੀ ਕਾਰਜ਼ਕੁਸ਼ਲਤਾ ਦੀ ਸਮੀਖਿਆ ਆਪਣੇ ਖੁਦ ਦੇ ਪੈਮਾਨੇ ਅਤੇ ਹਿਤਾਂ ਮੁਤਾਬਕ ਕਰਦੇ ਹਨ ਤੇ ਇਹਨਾਂ 'ਤੇ ਨਜ਼ਰਸਾਨੀ ਕਰਦੇ ਹਨ। ਐਨਜੀਓਜ਼ ਦੇ ਆਹੁਦੇਦਾਰ ਆਪੂੰ ਨਿਯੁਕਤ ਕੀਤੇ ਹੁੰਦੇ ਹਨ ਅਤੇ ਉਹਨਾਂ ਦਾ ਕੇਂਦਰੀ ਕਾਰਜ਼ ਅਜਿਹੀਆਂ ਸਕੀਮਾਂ ਘੜਨਾ ਹੁੰਦਾ ਹੈ ਜਿਹਨਾਂ ਨਾਲ ਇਹਨਾਂ ਨੂੰ ਪੈਸਾ ਮਿਲਦਾ ਰਹੇ। ਬਹੁਤ ਸਾਰੀਆਂ ਹਾਲਤਾਂ 'ਚ ਇਹਨਾਂ ਐਨਜੀਓਜ਼ ਦੇ ਆਗੂਆਂ ਨੂੰ ਅਜਿਹੇ ਮਸਲੇ ਤਲਾਸ਼ਣੇ ਪੈਂਦੇ ਹਨ ਜਿਹੜੇ ਇਹਨਾਂ ਦੇ ਪੱਛਮੀ ਮੁਲਕਾਂ ਵਿਚਲੇ ਕੁਲੀਨ ਅੰਨ ਦਾਤਿਆਂ ਨੂੰ ਰਾਸ ਬਹਿੰਦੇ ਹੋਣ ਅਤੇ ਉਹ ਇਸੇ ਅਨੁਸਾਰ ਹੀ ਆਪਣੀਆਂ ਯੋਜਨਾਵਾਂ ਤਜਵੀਜ਼ ਕਰਦੇ ਹਨ। ਇਉਂ 1980 ਵਿਆਂ ਦੌਰਾਨ ''ਸਰਕਾਰ ਚਲਾਉਣ ਦੀ ਯੋਗਤਾ'' ਅਤੇ ''ਜਮਹੂਰੀ ਬਦਲਾਅ'' ਦਾ ਅਧਿਐਨ ਕਰਨ ਅਤੇ ਇਹਨਾਂ 'ਤੇ ਸਿਆਸੀ ਤਜਵੀਜ਼ਾਂ ਮੁਹੱਈਆ ਕਰਵਾਉਣ ਲਈ ਐਨਜੀਓਜ਼ ਨੂੰ ਫੰਡ ਮੁਹੱਈਆ ਕਰਵਾਏ ਗਏ ਜਿਸ ਚੋਂ ਸਾਮਰਾਜੀ ਤਾਕਤਾਂ ਦੇ ਖਦਸ਼ਿਆਂ ਦਾ ਝਲਕਾਰਾ ਮਿਲਦਾ ਸੀ ਕਿ ਕਿਤੇ ਡਿਕਟੇਟਰਸ਼ਿਪ ਦੇ ਖਾਤਮੇ ਨਾਲ ''ਅਫਰਾ ਤਫਰੀ ਦੇ ਪ੍ਰਸਾਸ਼ਨ ਵਾਲਾ'' ਮਾਹੌਲ ਨਾ ਬਣ ਜਾਵੇ -ਜਾਨੀਕਿ ਜਨਤਕ ਲਹਿਰਾਂ ਨਾ ਉਠ ਪੈਣ ਜਿਹੜੀਆਂ ਸੰਘਰਸ਼ ਨੂੰ ਹੋਰ ਡੂੰਘੇਰਾ ਕਰਨ ਤੇ ਸਮਾਜਕ ਨਿਜਾਮ ਨੂੰ ਹੀ ਤਬਦੀਲ ਕਰ ਦੇਣ। ਆਪਣੇ ਆਪ ਨੂੰ ਧੁਰ ਧਰਾਤਲ ਤੱਕ ਜਮਹੂਰੀ ਨਿਜਾਮ ਨਾਲ ਜੁੜੇ ਹੋਣ ਦੀ ਹਾਲ ਪਾਹਰਿਆ ਕਰਨ ਦੇ ਬਾਵਜੂਦ ਐਨਜੀਓਜ਼ ਪਦ-ਪ੍ਰਥਾ ਵਾਲੀਆਂ ਅਜਿਹੀਆਂ ਸੰਸਥਾਵਾਂ ਹਨ ਜਿਹਨਾਂ 'ਚ ਡਾਇਰੈਕਟਰ ਸਾਰੀਆਂ ਯੋਜਨਾਵਾਂ, ਕਿਸ ਨੂੰ ਰੱਖਣਾ ਤੇ ਕਿਸ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੈ ਆਦਿ 'ਚ ਪੂਰਾ ਕਰਤਾ-ਧਰਤਾ ਹੁੰਦਾ ਹੈ ਅਤੇ ਨਾਲ ਹੀ ਇਸ ਗੱਲ ਦਾ ਫੈਸਲਾ ਵੀ ਉਹੀ ਕਰਦਾ ਹੈ ਕਿ ਕੌਮਾਂਤਰੀ ਕਾਨਫਰੰਸਾਂ 'ਚ ਸ਼ਾਮਲ ਹੋਣ ਲਈ ਕਿਸ ਨੂੰ ਪੈਸਾ ਮੁਹੱਈਆ ਕਰਵਾਉਣਾ ਹੈ। ''ਲੋਕ ਹਿਤਾਂ'' ਲਈ ਕੰਮ ਕਰਦੇ ਹੋਣ ਦੀ ਗੱਲ ਕਰਨਾ ਅਜਿਹੀਆਂ ਇਸ ਪਦ-ਪ੍ਰਥਾ ਵਾਲੀਆਂ ਸੰਸਥਾਵਾਂ ਲਈ ਮਹਿਜ਼ ਰਟਨ-ਮੰਤਰ ਹੈ ਜਦੋਂ ਕਿ ਉਹ ਲੋਕ ਕਦੇ ਵੀ ਉਸ ਪੈਸੇ ਦੇ ਦਰਸ਼ਨ ਦਿਦਾਰ ਨਹੀਂ ਕਰਦੇ ਜੋ ''ਇਹਨਾਂ ਦੀਆਂ'' ਐਨਜੀਓਜ਼ ਇਕੱਤਰ ਕਰਦੀਆਂ ਹਨ, ਨਾਹੀ ਕਦੇ ਉਹ ਵਿਦੇਸ਼ੀ ਦੌਰਿਆਂ 'ਤੇ ਜਾਂਦੇ ਹਨ ਅਤੇ ਨਾ ਹੀ ਉਹ ਤਨਖਾਹਾਂ ਭੱਤੇ ਹਾਸਲ ਕਰਦੇ ਹਨ ਜੋ ਉਹਨਾਂ ਦੇ ''ਜਨਤਕ ਪੱਧਰ ਦੇ '' ਆਗੂ ਹਾਸਲ ਕਰਦੇ ਹਨ। ਇਸ ਤੋਂ ਵੀ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਵੀ ਫੈਸਲੇ 'ਤੇ ਵੋਟਿੰਗ ਨਹੀਂ ਕੀਤੀ ਜਾਂਦੀ। ਵੱਧ ਤੋਂ ਵੱਧ ਡਾਇਰੈਕਟਰ 'ਤੇ ਵਿਦੇਸ਼ੀ ਦਾਨੀਆਂ ਵਿਚਕਾਰ ਖਿਚੜੀ ਰਿੱਝ ਜਾਣ ਤੋਂ ਬਾਅਦ ਉਸ ਪ੍ਰੋਜੈਕਟ 'ਤੇ ਮੋਹਰ ਲਾਉਣ ਲਈ ਐਨਜੀਓ ਸਟਾਫ ਗ਼ਰੀਬਾਂ ਲਈ ਕੰਮ ਕਰਨ ਵਾਲੇ ''ਹੇਠਲੇ ਪੱਧਰ ਦੇ ਕਾਰਜਕਰਤਾਵਾਂ'' ਦੀ ਮੀਟਿੰਗ ਬੁਲਾ ਲੈਂਦਾ ਹੈ। ਬਹੁਤ ਸਾਰੇ ਮਾਮਲਿਆਂ 'ਚ ਐਨਜੀਓਜ਼ ਮੈਂਬਰਸ਼ਿੱਪ ਅਧਾਰਤ ਜਥੇਬੰਦੀਆਂ ਨਹੀਂ ਹੁੰਦੀਆਂ ਸਗੋਂ ਆਪੂੰ ਨਿਯੁਕਤ ਕੀਤਾ ਕੁਲੀਨ ਵਰਗ ਹੁੰਦਾ ਹੈ ਜਿਹੜਾ ਜਨਤਕ ਲਹਿਰਾਂ ਲਈ ''ਵਿਉਂਤਕਾਰੀ ਵਿਅਕਤੀਆਂ'' ਦਾ ਮੁਖੌਟਾ ਪਹਿਨਦਾ ਹੈ ਪਰ ਅਸਲ 'ਚ ਉਹ ਇਹਨਾਂ ਲੋਕ ਲਹਿਰਾਂ ਦੇ ਸਮਾਨਅੰਤਰ ਲਹਿਰ ਖੜ੍ਹਾ ਕਰਕੇ ਇਹਨਾਂ ਲਹਿਰਾਂ ਦੇ ਜੜ੍ਹੀਂ ਤੇਲ ਦਿੰਦੇ ਹਨ।  ਇਸ ਪੱਖੋਂ ਦੇਖਿਆਂ ਸਥਾਨਕ ਲੋਕਾਂ ਤੇ ਉਹਨਾਂ ਦੇ ਚੁਣੇ ਆਗੂਆਂ ਦਰਮਿਆਨ ਸਮਾਜਕ ਪ੍ਰੋਗਰਾਮਾਂ ਅਤੇ ਉਸ ਸਬੰਧੀ ਹੋਣ ਵਾਲੇ ਵਿਚਾਰ ਵਟਾਂਦਰੇ ਨੂੰ ਖੋਹਕੇ ਐਨਜੀਓਜ਼ ਜਮਹੂਰੀਅਤ ਦੇ ਜੜ੍ਹੀਂ ਦਾਤੀ ਫੇਰਦੀਆਂ ਹਨ ਅਤੇ ਉਪਰੋਂ ਥੋਪੇ ਹੋਏ ਵਿਦੇਸ਼ੀ ਅਫਸਰਾਂ 'ਤੇ ਉਹਨਾਂ ਦੁਆਰਾ ਨਿਯੁਕਤ ਕੀਤੇ ਸਥਾਨਕ ਅਫਸਰਾਂ ਉੱਪਰ ਨਿਰਭਰਤਾ ਸਥਾਪਤ ਕਰ ਦਿੰਦੀਆਂ ਹਨ। 
ਐਨਜੀਓਜ਼ ਨਵੇਂ ਕੌਮਾਂਤਰੀਵਾਦ ਦੇ ਪਰਦੇ ਹੇਠ ਇੱਕ ਨਵੀਂ ਕਿਸਮ ਦਾ ਸੱਭਿਆਚਾਰਕ ਅਤੇ ਆਰਥਿਕ ਬਸਤੀਵਾਦ ਥੋਪਦੀਆਂ ਹਨ। ਸੈਂਕੜੇ ਵਿਅਕਤੀ ਸ਼ਕਤੀਸ਼ਾਲੀ ਨਿਜੀ ਕੰਪਿਊਟਰਾਂ (PCs)ਸਾਹਮਣੇ ਬੈਠ ਕੇ ਕੌਮਾਂਤਰੀ ਕਾਨਫਰੰਸਾਂ ਲਈ ਮੈਨੀਫੈਸਟੋ, ਤਜਵੀਜ਼ਾਂ ਅਤੇ ਸੱਦਾ ਪੱਤਰਾਂ ਦਾ ਇੱਕ ਦੂਜੇ ਨਾਲ ਅਦਾਨ-ਪ੍ਰਦਾਨ ਕਰਦੇ ਹਨ। ਫਿਰ ਉਹ ਮਹਿੰਗੇ ਹੋਟਲਾਂ ਦੇ ਸਹੂਲਤਾਂ ਸੰਪੰਨ ਕਾਨਫਰੰਸ ਹਾਲਾਂ 'ਚ ਇਕੱਤਰ ਹੋ ਕੇ ਆਪਣੇ ''ਸਮਾਜਕ ਆਧਾਰ'' ਯਾਨੀ ਕਿ ਆਪਣੇ ਤਨਖਾਹੀਏ ਕਰਮਚਾਰੀਆਂ ਨਾਲ ਤੱਤਕਾਲੀ ਚੱਲ ਰਹੇ ਸੰਘਰਸ਼ਾਂ ਅਤੇ ਚੜ੍ਹਾਵਿਆਂ ਜਾਂ ਭੇਟਾ ਨੂੰ ਵਿਚਾਰਦੇ ਹਨ ਜਿਹੜੇ ਮੋੜਵੇਂ ਰੂਪ 'ਚ ਇਹਨਾਂ ਤਜਵੀਜ਼ਾਂ ਨੂੂੰ ਹੱਥ-ਪਰਚਿਆਂ ਅਤੇ ਅਖਬਾਰਾਂ ਰਾਹੀਂ ''ਲੋਕਾਈ'' ਤੱਕ ਲੈ ਕੇ ਜਾਂਦੇ ਹਨ। ਜਦੋਂ ਕਦੇ ਵਿਦੇਸ਼ੀ ਦਾਨੀ ਸੱਜਣ ਫੇਰੀ ਪਾਉਣ ਆਉਂਦੇ ਹਨ ਤਾਂ ਉਹਨਾਂ ਨੂੰ ''ਦਿਖਾਵੇ'' ਵਜੋਂ ਰੱਖੀਆਂ ਯੋਜਨਾਵਾਂ ਦੇ ਗਿਣੇ ਮਿਥੇ ਢੰਗ ਨਾਲ ਟੂਰ ਵਿਉਂਤੇ ਜਾਂਦੇ ਹਨ ਜਿੱਥੇ ਗ਼ਰੀਬ ਲੋਕ ਆਪਣੀ ਸਹਾਇਤਾ ਆਪ ਕਰਦੇ ਦਿਖਾਏ ਜਾਂਦੇ ਹਨ ਅਤੇ ਉਹਨਾਂ ਵਿਦੇਸ਼ੀਆਂ ਸਾਹਮਣੇ ਉਸ ਬਹੁ-ਗਿਣਤੀ ਨੂੰ ਅੱਖੋਂ ਪਰੋਖੇ ਕਰਦਿਆਂ ਜਿਹੜੇ ਕਾਮਯਾਬ ਨਹੀਂ ਹੋਏ ਹੁੰਦੇ, ਇੱਕ ਛੋਟੀ ਜਿਹੀ ਗਿਣਤੀ ਵਾਲੇ ਕਾਮਯਾਬ ਕਾਰੋਬਾਰੀਆਂ ਨੂੰ ਗੱਲਬਾਤ ਲਈ ਪੇਸ਼ ਕੀਤਾ ਜਾਦਾ ਹੈ।
ਇਹ ਨਵਾਂ ਬਸਤੀਵਾਦ ਕਿਵੇਂ ਕੰਮ ਕਰਦਾ ਹੈ ਇਹ ਸਮਝਣਾ ਕੋਈ ਔਖੀ ਗੱਲ ਨਹੀਂ। ਸਾਮਰਾਜੀ ਕੇਂਦਰਾਂ ਤੇ ਉਹਨਾਂ ਦੀਆਂ ਸੰਸਥਾਵਾਂ ਦੀਆਂ ਤਰਜੀਹਾਂ ਤੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ 'ਤੇ ਯੋਜਨਾਵਾਂ ਨੂੰ ਘੜਿਆ ਜਾਂਦਾ ਹੈ। ਅੱਗੋਂ ਉਹ ਭਾਈਚਾਰਿਆਂ ਨੂੰ ''ਮੁੱਲ ਵੇਚ'' ਦਿੱਤੀਆਂ ਜਾਂਦੀਆਂ ਹਨ। ਇਹਨਾਂ ਯੋਜਨਾਵਾਂ ਦਾ ਲੇਖਾਜੋਖਾ ਸਾਮਰਾਜੀ ਸੰਸਥਾਵਾਂ ਲਈ ਅਤੇ ਉਹਨਾਂ ਦੁਆਰਾ ਹੀ ਕੀਤਾ ਜਾਂਦਾ ਹੈ। ਫੰਡਾਂ ਦੀ ਕਿਸੇ ਹੋਰ ਕੰਮ ਲਈ ਕੀਤੀ ਗਈ ਵਰਤੋਂ ਜਾਂ ਮਾੜੀ ਕਾਰਗੁਜ਼ਾਰੀ ਦਾ ਨਤੀਜਾ ਗਰੁੱਪਾਂ, ਭਾਈਚਾਰਿਆਂ, ਕਿਸਾਨਾਂ  ਅਤੇ ਸਹਿਕਾਰੀ ਸੰਸਥਾਵਾਂ ਦੇ ਭੋਗ ਪਾਉਣ 'ਚ ਨਿਕਲਦਾ ਹੈ। ਦਾਨੀ ਵਿਅਕਤੀਆਂ ਦੀਆਂ ਲੋੜਾਂ ਅਤੇ ਉਹਨਾਂ ਦੇ ਯੋਜਨਾ ਸਮੀਖਕਾਂ ਦੀੇ ਜੀ ਹਜ਼ੂਰੀ ਕਰਨ ਲਈ ਹਰੇਕ 'ਤੇ ਜਬਤ ਦਾ ਡੰਡਾ ਚਾੜ੍ਹਿਆ ਜਾਂਦਾ ਹੈ। ਨਵੇਂ ਵਾਇਸਰਾਇਆਂ ਵਾਂਗੂੰ ਐਨਜੀਓਜ਼ ਦੇ ਡਾਇਰੈਕਟਰ ਪੈਸੇ ਦੀ ਸਹੀ ਵਰਤੋਂ 'ਤੇ ਨਜ਼ਰ ਰਖਦੇ ਹਨ ਅਤੇ ਦਾਨੀਆਂ ਦੇ ਟੀਚਿਆਂ, ਕਦਰਾਂ ਤੇ ਵਿਚਾਰਧਾਰਾਂ ਨਾਲ ਇੰਨ ਬਿੰਨ ਬੱਝੇ ਰਹਿਣਾ ਯਕੀਨੀ ਬਣਾਉਂਦੇ ਹਨ।
ਐਨਜੀਓਜ਼ ਬਨਾਮ ਇਨਕਲਾਬੀ ਸਮਾਜਕ -ਸਿਆਸੀ ਲਹਿਰਾਂ: ਐਨਜੀਓਜ਼ ਜਦੋਜਹਿਦਾਂ ਦੀ ਬਜਾਏ ਪ੍ਰੋਜੈਕਟਾਂ ਉੱਪਰ ਜ਼ੋਰ ਦਿੰਦੀਆਂ ਹਨ। ਉਹ ਲੋਕਾਂ ਨੂੰ ਕਿਨਾਰੇ 'ਤੇ ਰਹਿਕੇ ਪੈਦਾਵਾਰ ਕਰਨ ਲਈ ਠੋਕਰਦੇ ਹਨ ਨਾ ਕਿ ਪੈਦਾਵਾਰ ਤੇ ਦੌਲਤ 'ਤੇ ਕਾਬਜ਼ ਹੋਣ ਲਈ ਸੰਘਰਸ਼ ਕਰਨ ਵਾਸਤੇ। ਉਹ ਯੋਜਨਾਵਾਂ ਦੇ ਤਕਨੀਕੀ ਅਤੇ ਵਿਤੀ ਸਹਾਇਤਾ ਵਾਲੇ ਪੱਖਾਂ 'ਤੇ ਕੇਂਦਰਤ ਕਰਦੇ ਹਨ ਨਾ ਕਿ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਰੂਪਮਾਨ ਕਰਨ ਵਾਲੀਆਂ ਸਮਾਜਕ ਢਾਂਚਾਗਤ ਹਾਲਤਾਂ ਉੱਤੇ। ਐਨਜੀਓਜ਼, ਖੱਬੇ ਪੱਖੀਆਂ ਦੇ ਸੰਕਲਪਾਂ-''ਜਨਤਕ ਤਾਕਤ'', ''ਸਮਰੱਥ ਬਨਾਉਣ'', ''ਲਿੰਗ ਸਮਾਨਤਾ'', ''ਸੰਪੂਰਨ ਵਿਕਾਸ'' , ''ਹੇਠੋਂ ਅਗਵਾਈ'' ਆਦਿ ਵਾਲੀ ਬੋਲੀ ਬੋਲਦੇ ਹਨ। ਸਮੱਸਿਆ ਇਹ ਹੈ ਕਿ ਉਹਨਾਂ ਦੀ ਇਹ ਲਫ਼ਾਜੀ ਦਾਨੀਆਂ ਅਤੇ ਸਰਕਾਰੀ ਏਜੰਸੀਆਂ ਦੀ ਸਿਆਸਤ ਵਾਲੇ ਸਾਂਝ ਭਿਆਲੀ ਦੇ ਢਾਂਚੇ ਨਾਲ ਜੁੜੀ ਹੋਈ ਹੈ ਜਿਹੜੀ ਟਕਰਾਅ 'ਚ ਨਾ ਪੈਣ ਵੱਲ ਪ੍ਰਣਾਈ ਹੁੰਦੀ ਹੈ। ਐਨਜੀਓਜ਼ ਦੀ ਸਥਾਨਕ ਪੱਧਰ ਦੀ ਸਰਗਰਮੀ ਦਾ ਖਾਸਾ ਸੀਮਤ ਸਾਧਨਾਂ ਨਾਲ ਜ਼ਿੰਦਗੀ ਦੇ ਇੱਕ ਛੋਟੇ ਹਿੱਸੇ ਨੂੰ ਪ੍ਰਭਾਵਤ ਕਰਨ ਤੋਂ ਅੱਗੇ ਨਹੀਂ ਜਾਂਦਾ, ਇਹ ਹਮੇਸ਼ਾਂ ਨਵ-ਉਦਾਰਵਾਦੀ ਹਕੂਮਤ ਅਤੇ ਵਿਸ਼ਾਲ ਆਰਥਿਕ ਢਾਂਚੇ ਵੱਲੋਂ ਪ੍ਰਦਾਨ ਕੀਤੀਆਂ ਹਾਲਤਾਂ ਦੇ ਘੇਰੇ ਅੰਦਰ ਹੀ ਰਹਿੰਦਾ ਹੈ। 
ਐਨਜੀਓਜ਼ ਅਤੇ ਉਹਨਾਂ ਦੇ ਪੇਸ਼ੇਵਰ ਅਧਿਕਾਰੀ ਗ਼ਰੀਬਾਂ, ਔਰਤਾਂ, ਨਸਲੀ ਵਿਕਤਰੇ ਦਾ ਸ਼ਿਕਾਰ ਲੋਕਾਂ ਆਦਿ ਦਰਮਿਆਨ ਆਪਣਾ ਪ੍ਰਭਾਵ ਸਥਾਪਤ ਕਰਨ ਲਈ ਸਮਾਜਕ ਸਿਆਸੀ ਲਹਿਰਾਂ ਨਾਲ ਸਿੱਧੇ ਮੁਕਾਬਲੇ 'ਚ ਪੈਂਦੇ ਹਨ। ਐਨਜੀਓਜ਼ ਦੇ ਸਿਧਾਂਤ ਤੇ ਅਮਲ ਗ਼ਰੀਬੀ ਦੀ ਬਿਮਾਰੀ ਅਤੇ ਇਲਾਜ ਤੋਂ ਪੀੜਤਾਂ ਦਾ ਧਿਆਨ ਪਾਸੇ ਭਟਕਾਉਂਦੇ ਹਨ। (ਅੱਗੇ ਵੱਲ ਅਤੇ ਬਾਹਰ ਵੱਲ ਦੇਖਣ ਦੀ ਬਜਾਏ ਹੇਠਾਂ ਵੱਲ ਅਤੇ ਆਪਣੇ ਅੰਦਰ ਝਾਤੀ ਮਾਰਨ ਵੱਲ ਲੈ ਜਾਂਦੇ ਹਨ)।  ਜੇਕਰ ਛੋਟੇ ਕਾਰੋਬਾਰਾਂ ਦੀ ਗੱਲ ਕਰੀਏ ਤਾਂ ਵਿਦੇਸ਼ੀ ਬੈਂਕਾਂ ਦੀ ਲੁੱਟ ਖਸੁੱਟ ਖਤਮ ਕਰਕੇ ਗ਼ਰੀਬੀ ਹੱਲ ਕਰਨ ਦੀ ਬਜਾਏ ਇਹਨਾਂ ਦੀ ਪਹੁੰਚ ਇਸ ਝੂਠੀ ਧਾਰਨਾ 'ਤੇ ਅਧਾਰਤ ਹੈ ਕਿ ਕਮਾਈ ਦੇ ਬਾਹਰਲੇ ਮੁਲਕਾਂ 'ਚ ਚਲੇ ਜਾਣ ਕਰਕੇ ਗ਼ਰੀਬੀ ਨਹੀਂ ਹੈ ਸਗੋਂ ਗ਼ਰੀਬੀ ਲਈ ਕਿਸੇ ਵਿਅਕਤੀ ਦੀ ਜਾਤੀ ਪਹਿਲ ਕਦਮੀ ਦੀ ਘਾਟ ਹੀ ਜ਼ੁੰਮੇਵਾਰ ਹੈ। ਐਨਜੀਓਜ਼ ਦੀ ''ਮੱਦਦ'' ਆਬਾਦੀ ਦੇ ਛੋਟੇ ਹਿੱਸਿਆਂ ਨੂੰ ਹੀ ਪ੍ਰਭਾਵਤ ਕਰਦੀ ਹੈ ਜਿਸ ਦੇ ਨਤੀਜੇ ਵਜੋਂ ਪਹਿਲਾਂ ਹੀ ਸਾਧਨਾਂ ਦੇ ਕਸਾਰੇ ਨਾਲ ਦੋ-ਚਾਰ ਹੋ ਰਹੇ ਭਾਈਚਾਰਿਆਂ ਨੂੰ ਸ਼ਰੀਕੇਬਾਜ਼ੀ ਵੱਲ ਧੱਕਦੀ ਹੈ, ਲੁਕਵੇਂ ਰੂਪ 'ਚ ਤਰੇੜਾਂ ਪੈਦਾ ਕਰਦੀ ਹੈ ਅਤੇ ਭਾਈਚਾਰਿਆਂ ਵਿਚਕਾਰ ਅੰਦੂਨੀ ਤੇ ਬਾਹਰੀ ਵੈਰ ਵਿਰੋਧ ਪਨਪਦਾ ਹੈ ਜਿਹੜਾ ਕਿ ਜਮਾਤੀ ਇੱਕਜੁੱਟਤਾ ਨੂੰ ਖੋਰਾ ਲਾਉਂਦਾ ਹੈ। ਇਹੀ ਗੱਲ ਪੇਸ਼ੇਵਰਾਂ ਨਾਲ ਵੀ ਵਾਪਰਦੀ ਹੈ। ਹਰ ਕੋਈ ਵਿਦੇਸ਼ੀ ਪੈਸੇ ਵਟੋਰਨ ਲਈ ਆਪੋ ਆਪਣੀ ਐਨਜੀਓ ਖੜ੍ਹੀ ਕਰ ਲੈਂਦਾ ਹੈ। ਉਹ ਆਪਣੇ ਵਿਦੇਸ਼ੀ ਦਾਨੀਆਂ ਦੀਆਂ ਇਛਾਵਾਂ ਦੇ ਨੇੜੇ ਢੁਕਦੀਆਂ ਘੱਟ ਖਰਚੇ 'ਤੇ ਵਧੇਰੇ ਗਿਣਤੀ ਦੀ ਨਫ਼ਰੀ ਦਾ ਦਾਅਵਾ ਕਰਦੀਆਂ ਤਜਵੀਜ਼ਾਂ ਪੇਸ਼ ਕਰਨ ਵਿੱਚ ਇੱਕ ਦੂਜੇ ਨਾਲ ਮੁਕਾਬਲੇਬਾਜ਼ੀ 'ਚ ਪੈਂਦੇ ਹਨ। ਇਸ ਦਾ ਸਿੱਟਾ ਐਨਜੀਓਜ਼ ਦੀ ਬਹੁਤਾਤ 'ਚ ਨਿਕਲਦਾ ਹੈ ਜਿਹੜੀ ਵੱਖੋ-ਵੱਖ ਭਾਈਚਾਰਿਆਂ ਨੂੰ ਵਿਸ਼ਾਲ ਸਮਾਜਿਕ ਤਸਵੀਰ ਨੂੰ ਅਣਡਿੱਠ ਕਰਨ ਵਾਲੀਆਂ ਰੰਗ ਬਰੰਗੀਆਂ ਖੇਤਰੀ ਤੇ ਉਪ-ਖੇਤਰੀ ਗੁੱਟਬੰਦੀਆਂ 'ਚ ਵੰਡ ਦਿੰਦੀ ਹੈ।
ਮੌਜੂਦਾ ਤਜਰਬਿਆਂ ਨੇ ਵੀ ਦਿਖਾਇਆ ਹੈ ਕਿ ਵਿਦੇਸ਼ੀ ਦਾਨੀ ਸਥਾਪਤੀ ਨੂੰ ਦਰਪੇਸ਼ ਸਿਆਸੀ ਤੇ ਆਰਥਿਕ ਚਣੌਤੀਆਂ 'ਚੋਂ ਉੱਠੇ ''ਸੰਕਟਾਂ'' ਦੌਰਾਨ ਯੋਜਨਾਵਾਂ ਲਈ ਪੈਸਾ ਮਹੱਈਆ ਕਰਵਾਉਂਦੇ ਹਨ। ਇਕ ਵਾਰੀ ਜਦੋਂ ਜਦੋਜਹਿਦਾਂ ਢੈਲੀਆਂ ਪੈ ਜਾਂਦੀਆਂ ਹਨ ਤਦ ਉਹ ਆਪਣੇ ਨਵ-ਉਦਾਰਵਾਦੀ ਏਜੰਡੇ ਤਹਿਤ ਐਨਜੀਓਜ਼ ਅਤੇ ਸਰਕਾਰ ਦੀ ''ਭਾਈਵਾਲੀ'' ਵੱਲ ਵਿਤੀ ਵਸੀਲਿਆਂ ਦਾ ਮੂੰਹ ਭਵਾਂਹ ਦਿੰਦੇ ਹਨ। ਸਮਾਜਕ ਤਬਦੀਲੀ ਲਈ ਸਮਾਜ ਨੂੰ ਜਥੇਬੰਦ ਕਰਨ ਦੀ ਥਾਂ ''ਖੁੱਲ੍ਹੀ ਮੰਡੀ'' ਮੂਜਬ ਆਰਥਿਕ ਵਿਕਾਸ ਕਰਨਾ ਇਹਨਾਂ ਦਾਨੀਆਂ ਦੇ ਏਜੰਡੇ ਦੀ ਮੁੱਖ ਮੁੱਦਾ ਬਣ ਜਾਂਦਾ ਹੈ।
 ''ਗੈਰ ਸਿਆਸੀ'' ਦਿਖਾਵੇ ਅਤੇ ਸਵੈ-ਸਹਾਇਤਾ 'ਤੇ ਟੇਕ ਉੱਤੇ ਕੇਂਦਰਤ ਐਨਜੀਓਜ਼ ਦਾ ਢਾਂਚਾ ਤੇ ਖਾਸਾ ਗ਼ਰੀਬਾਂ ਦਾ ਗੈਰਸਿਆਸੀ ਕਰਨ ਕਰਦਾ ਹੈ ਅਤੇ ਇਹਨਾਂ ਨੂੰ ਗੈਰ ਸਰਗਰਮ ਕਰਦਾ ਹੈ। ਐਨਜੀਓਜ਼ ਨਵ-ਉਦਾਰਵਾਦੀ ਪਾਰਟੀਆਂ ਤੇ ਜਨਤਕ ਮੀਡੀਆ ਦੁਆਰਾ ਥਾਪੜਾ ਪ੍ਰਾਪਤ ਪਾਰਲੀਮਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ। ਸਾਮਰਾਜਵਾਦ ਦੇ ਖਾਸੇ, ਨਵਉਦਾਰਵਾਦ ਦਾ ਜਮਾਤੀ ਆਧਾਰ ਅਤੇ ਬਰਾਮਦਕਾਰਾਂ ਤੇ ਕੱਚੇ ਕਾਮਿਆਂ ਦਰਮਿਆਨ ਜਮਾਤੀ ਜਦੋਜਹਿਦ ਬਾਰੇ ਸਿਆਸੀ ਸਿੱਖਿਆ ਮੁਹੱਈਆ ਕਰਨ ਤੋਂ ਟਾਲਾ ਵੱਟਿਆ ਜਾਂਦਾ ਹੈ।  ਇਸ ਦੀ ਬਜਾਏ ਐਨਜੀਓਜ਼ ''ਸਮਾਜ ਚੋਂ ਖੁੱਡੇ ਲਾਏ'', ''ਨਿਤਾਣੇ, ਕੰਗਾਲ'', ਲਿੰਗਕ ਜਾਂ ਨਸਲੀ ਵਿਤਕਰੇ ਦਾ ਸ਼ਿਕਾਰ'', ਵਰਗੇ ਮੁੱਦਿਆਂ 'ਤੇ ਸਤੱਹੀ ਚਰਚਾ ਕਰਨ ਤੋਂ ਅੱਗੇ ਉਸ ਸਮਾਜਕ ਤਾਣੇ-ਬਾਣੇ ਬਾਰੇ ਕੋਈ ਗੱਲ ਨਹੀਂ ਕਰਦੇ ਜਿਸਨੇ ਅਜਿਹੇ ਹਾਲਤ ਪੈਦਾ ਕੀਤੇ ਹਨ। ਸ਼ੁੱਧ ਨਿਜੀ ''ਸਵੈ ਸੇਵੀ'' ਅਮਲ ਰਾਹੀ ਗ਼ਰੀਬਾਂ ਨੂੰ ਨਵਉਦਾਰਵਾਦੀ ਆਰਥਿਕਤਾ 'ਚ ਜਜ਼ਬ ਕਰਕੇ ਐਨਜੀਓ ਇੱਕ ਅਜਿਹੀ ਸਿਆਸੀ ਦੁਨੀਆਂ ਸਿਰਜਦੀਆਂ ਹਨ ਜਿੱਥੇ ਇਹਨਾਂ ਦੀ ਇੱਕਜੁਟਤਾ ਤੇ ਸਮਾਜਕ ਸਰਗਰਮੀ ਵਾਲੀ ਦਿੱਖ ਕੌਮਾਂਤਰੀ ਤੇ  ਕੌਮੀ ਹਕੂਮਤੀ ਢਾਂਚੇ ਨਾਲ ਜੁੜੇ ਹੋਏ ਰੂੜੀਵਾਦ 'ਤੇ ਪਰਦਾਕਸ਼ੀ ਕਰਦੀ ਹੈ। 
ਇਹ ਕੋਈ ਇਤਫ਼ਾਕ ਨਹੀਂ ਕਿ ਜਿਹਨਾਂ ਖਾਸ ਖੇਤਰਾਂ 'ਚ ਐਨਜੀਓਜ਼ ਦਾ ਦਬਦਬਾ ਕਾਇਮ ਹੋਇਆ ਹੈ ਉਹਨਾਂ ਖੇਤਰਾਂ 'ਚ ਆਜ਼ਾਦਾਨਾ ਜਮਾਤੀ ਸਿਆਸੀ ਸਰਗਰਮੀ ਘਟ ਗਈ ਹੈ ਅਤੇ ਨਵ-ਉਦਾਰਵਾਦ ਨੂੰ ਉੱਥੇ ਕੋਈ ਚਣੌਤੀ ਦਰਪੇਸ਼ ਨਹੀਂ।  ਮੁਕਦੀ ਗੱਲ ਇਹ ਹੈ ਕਿ ਐਨਜੀਓਜ਼ ਦੇ ਪੈਦਾ ਹੋਣ ਦਾ ਸਿਲਸਿਲਾ ਨਵ-ਉਦਾਰਵਾਦੀਆਂ ਵੱਲੋਂ ਵਧੇਰੇ ਧਨ ਮੁਹੱਈਆ ਕੀਤੇ ਜਾਣ ਤੇ ਚਾਰ ਚੁਫੇਰੇ ਵੱਧ ਰਹੀ ਵਿਆਪਕ ਗ਼ਰੀਬੀ ਦੇ ਨਾਲੋ ਨਾਲ ਚਲਦਾ ਹੈ। ਐਨਜੀਓਜ਼ ਵੱਲੋਂ ਬਹੁਤ ਸਾਰੀਆਂ ਸਥਾਨਕ ਪੱਧਰ 'ਤੇ ਕਾਮਯਾਬੀਆਂ ਹਾਸਲ ਕਰਨ ਦੇ ਆਪਣੇ ਦਾਅਵਿਆਂ ਦੇ ਬਾਵਜੂਦ ਨਵਉਦਾਰਵਾਦ ਦੀ ਸੰਪੂਰਨ ਸ਼ਕਤੀ ਨੂੰ ਕੋਈ ਚੁਣੌਤੀ ਦਰਪੇਸ਼ ਨਹੀਂ ਹੈ ਅਤੇ ਐਨਜੀਓਜ਼ ਸਤਾ ਦੇ ਗਲਿਆਰਿਆਂ 'ਚ ਆਪਣੀ ਥਾਂ ਬਨਾਉਣ ਲਈ ਕਿਸੇ ਨਾ ਕਿਸੇ ਮੋਰੀ ਨੂੰ ਲੱਭਣ ਦੀ ਤਾਕ 'ਚ ਰਹਿੰਦੀਆਂ ਹਨ।
ਵਿਕਲਪਾਂ ਨੂੰ ਸੂਤਰਬੱਧ ਕਰਨ ਦੇ ਮਸਲੇ 'ਚ ਇੱਕ ਹੋਰ ਢੰਗ ਨਾਲ ਅੜਿਕਾ ਡਾਹਿਆ ਜਾਂਦਾ ਹੈ। ਗੁਰੀਲਾ ਤੇ ਸਮਾਜਕ ਜਦੋਜਹਿਦਾਂ, ਟਰੇਡ ਯੂਨੀਅਨਾਂ ਤੇ ਮਕਬੂਲ ਔਰਤ ਜਥੇਬੰਦੀਆਂ ਦੇ ਬਹੁਤ ਸਾਰੇ ਸਾਬਕਾ ਆਗੂਆਂ ਨੂੰ ਐਨਜੀਓਜ਼ ਨੇ ਆਪਣੇ ਨਾਲ ਰਲਾ ਲਿਆ ਹੈ। ਤਜ਼ਵੀਜ ਐਨੀ ਲੁਭਾਉਣੀ ਪੇਸ਼ ਕੀਤੀ ਜਾਂਦੀ ਹੈ -ਉੱਚ ਤਨਖਾਹ (ਅਕਸਰ ਨਕਦੀ ਦੇ ਰੂਪ 'ਚ), ਮਾਨ-ਇੱਜ਼ਤ ਅਤੇ ਵਿਦੇਸ਼ੀ ਦਾਨ-ਦਾਤਿਆਂ ਵੱਲੋਂ ਦਿੱਤੀ ਜਾਣ ਵਾਲੀ ਪਹਿਚਾਣ, ਬਦੇਸ਼ਾਂ 'ਚ ਕਾਨਫਰੰਸਾਂ ਅਤੇ ਤਾਣਾ ਬਾਣਾ, ਦਫਤਰੀ ਅਮਲਾ ਅਤੇ ਤਸ਼ੱਦਦ ਤੋਂ ਮੁਕਾਬਲਤਨ ਬਚਾਅ। ਇਸ ਦੇ ਮੁਕਾਬਲੇ ਸਮਾਜਕ ਸਿਆਸੀ ਜਦੋਜਹਿਦਾਂ ਪਦਾਰਥਕ ਰੂਪ 'ਚ ਕੁੱਝ ਵੀ ਪ੍ਰਦਾਨ ਨਹੀਂ ਕਰਦੀਆਂ, ਪਰ ਵਧੇਰੇ ਇੱਜ਼ਤ ਤੇ ਆਜ਼ਾਦੀ  ਅਤੇ ਸਭ ਤੋਂ ਵੱਧ ਮਹੱਤਵਪੂਰਨ ਸਿਆਸੀ ਤੇ ਆਰਥਿਕ ਪ੍ਰਬੰਧ ਨੂੰ ਵੰਗਾਰਨ ਦੀ ਖੁੱਲ੍ਹ  ਦਿੰਦੀਆਂ ਹਨ। ਐਨਜੀਓਜ਼ ਅਤੇ ਉਹਨਾਂ ਦੇ ਵਿਦੇਸ਼ੀ ਬੈਂਕਿੰਗ ਹਮਾਇਤੀ (ਇੰਟਰ-ਅਮਰੀਕਨ ਬੈਂਕ, ਏਸ਼ੀਅਨ ਬੈਂਕ, ਸੰਸਾਰ ਬੈਂਕ) ਜਨਤਕ ਖਪਤ 'ਚ ਗਿਰਾਵਟ ਆਉਣ, ਘੱਟ ਕੀਮਤਾਂ ਵਾਲੀਆਂ ਦਰਾਮਦਾਂ ਦਾ ਸਥਾਨਕ ਮੰਡੀ 'ਚ ਹੜ੍ਹ ਲਿਆਉਣ ਤੇ ਕਰਜ਼ੇ ਦੀਆਂ ਵਿਆਜ਼ ਦਰਾਂ 'ਚ ਤਿੱਖੇ ਵਾਧੇ ਹੋ ਜਾਣ ਕਰਕੇ ਬੰਦ ਹੋਣ ਵਾਲੇ ਬਹੁਤੇ ਕਾਰੋਬਾਰਾਂ ਦਾ ਜ਼ਿਕਰ ਕੀਤੇ ਤੋਂ ਬਿਨਾਂ ਹੀ ਛੋਟੇ ਕਾਰੋਬਾਰੀਆਂ ਤੇ ਹੋਰਨਾਂ ਸਵੈ-ਸਹਾਇਤਾ ਯੋਜਨਾਵਾਂ ਦੀ ਕਾਮਯਾਬੀ ਦੀਆਂ ਕਹਾਣੀਆਂ ਵਧਾ ਚੜ੍ਹਾ ਕੇ ਆਪਣੇ ਅਖਬਾਰਾਂ ਰਸਾਲਿਆਂ 'ਚ ਛਾਪਦੇ ਰਹਿੰਦੇ ਹਨ-ਜਿਵੇਂ ਕਿ 1990ਵਿਆਂ ਦੌਰਾਨ  ਬਰਾਜ਼ੀਲ ਅਤੇ ਇੰਡੋਨੇਸ਼ੀਆਂ ਦੇ ਮਾਮਲੇ 'ਚ ਕੀਤਾ ਗਿਆ ਸੀ।
ਅਸਲ 'ਚ ਇਹ ''ਕਾਮਯਾਬੀਆਂ'' ਵੀ ਸਮੁੱਚੇ ਗ਼ਰੀਬ ਵਰਗ ਦੇ ਇੱਕ ਨਿਗੂਣੇ ਹਿੱਸੇ ਨੂੰ ਹੀ ਨਸੀਬ ਹੁੰਦੀਆਂ ਹਨ ਅਤੇ ਇਹ ਵੀ ਉਸ ਹੱਦ ਤੱਕ ਕਿ ਹੋਰ ਲੋਕ ਉਸ ਖਾਸ ਮੰਡੀ 'ਚ ਦਾਖਲ ਨਹੀਂ ਹੋ ਸਕਦੇ। ਕੁੱਝ ਕੁ ਛੋਟੇ ਕੱਲੇ ਕਹਿਰੇ ਕਾਰੋਬਾਰੀਆਂ ਦੀ ਕਾਮਯਾਬੀ ਦਾ ਢਿੰਡੋਰਾ ਪਿੱਟਣ ਦੇ ਪ੍ਰਚਾਰ ਦਾ ਮੁੱਲ ਇਸ ਭਰਮ ਨੂੰ ਪੱਕਿਆਂ ਕਰਨ ਲਈ ਕੀਤਾ ਜਾਂਦਾ ਹੈ ਕਿ ਨਵਉਦਾਰਵਾਦ ਇੱਕ ਜਨਤਕ ਵਰਤਾਰਾ ਬਣ ਚੁੱਕਿਆ ਹੈ। ਛੋਟੇ ਕਾਰੋਬਾਰਾਂ ਨੂੰ ਉਤਸ਼ਾਹਤ ਕਰਨ ਵਾਲੇ ਇਲਾਕਿਆਂ 'ਚ ਅਕਸਰ ਹੁੰਦੀਆਂ ਹਿੰਸਕ ਜਨਤਕ ਝੜਪਾਂ ਇਹ ਦਰਸਾਉਂਦੀਆਂ ਹਨ ਕਿ ਉਹਨਾਂ ਵੱਲੋਂ ਪ੍ਰਚਾਰੀ ਜਾਂਦੀ ਇਸ ਵਿਚਾਰਧਾਰਾ ਦੀ ਚੌਧਰ ਸਥਾਪਤ ਨਹੀਂ ਹੋਈ ਹੈ ਅਤੇ ਹਾਲੇ ਤੱਕ ਐਨਜੀਓ ਆਜ਼ਾਦਾਨਾ ਜਮਾਤੀ ਸੰਘਰਸ਼ਾਂ ਦਾ ਬਦਲ ਨਹੀਂ ਬਣ ਸਕੀਆਂ ਹਨ।
ਐਨਜੀਓ ਦੀ ਵਿਚਾਰਧਾਰਾ ਦਾ ਦਾਰੋਮਦਾਰ ਵਧੇਰੇ ਕਰਕੇ ਲਾਜਮੀ ਪਹਿਚਾਣ ਵਾਲੀ ਸਿਆਸਤ 'ਤੇ ਟਿਕਿਆ ਹੋਇਆ ਹੈ ਜਿਹੜੀ ਜਮਾਤੀ ਨਿਰਣੇ ਦੇ ਆਧਾਰ 'ਤੇ ਖੜੀਆਂ ਖੱਬੇ ਪੱਖੀ ਲਹਿਰਾਂ ਨਾਲ ਮੁਕਾਬਲਤਨ ਇੱਕ ਬੇਈਮਾਨੀ ਵਾਲੀ ਬਹਿਸ ਭੇੜ 'ਚ ਪੈਂਦੀ ਹੈ। ਮਾਰਕਸਵਾਦ ਅੰਦਰ ਨਸਲ, ਘੱਟ ਗਿਣਤੀਆਂ ਅਤੇ ਲਿੰਗ ਸਮਾਨਤਾ ਵਰਗੇ ਮਸਲਿਆਂ 'ਤੇ ਮੌਜੂਦ ਵਿਆਪਕ ਬਹਿਸਾਂ ਅਤੇ ਵਾਰਤਾਲਾਪ ਨੂੰ ਨਜ਼ਰਅੰਦਾਜ ਕਰਦਿਆਂ ਉਹ ਬਹਿਸ ਇਸ ਗਲਤ ਧਾਰਨਾ ਤੋਂ ਸ਼ੁਰੂ ਕਰਦੇ ਹਨ ਕਿ ਮਾਰਕਸਵਾਦ ਕੇਵਲ ਜਮਾਤੀ ਵਿਸ਼ਲੇਸ਼ਨ ਕਰਨ ਤੱਕ ਹੀ ਸੁੰਘੜਿਆ ਹੋਇਆ ਹੈ ਅਤੇ  ਉਹ ਇਸ ਤੋਂ ਕਿਤੇ ਵਧੇਰੇ ਗੰਭੀਰ ਪੜਚੋਲ ਤੋਂ ਪਾਸਾ ਵਟਦੇ ਹਨ ਕਿ ਪਹਿਚਾਣਾਂ ਖੁਦ ਵੀ ਸਪੱਸ਼ਟ ਰੂਪ 'ਚ ਅਤੇ ਵਿਆਪਕ ਪੱਧਰ 'ਤੇ  ਜਮਾਤੀ ਵੰਡ ਅਨੁਸਾਰ ਹੀ ਵੰਡੀਆਂ ਹੋਈਆਂ ਹਨ। ਸ਼ਾਨਦਾਰ ਸ਼ਹਿਰੀ ਘਰ 'ਚ ਰਹਿੰਦੀ ਚਿਲੀਅਨ ਜਾਂ ਇੰਡੀਅਨ ਫੈਮੀਨਿਸਟਾਂ (ਔਰਤਾਂ ਦੀ ਗੱਲ ਕਰਨ ਵਾਲੀ) ਦੀ ਹੀ ਮਿਸਾਲ ਲੈ ਲਈਏ, ਜਿਹੜੀਆਂ ਕਿ ਹਫਤੇ 'ਚੋਂ 6 ਦਿਨਾਂ ਉਹਨਾਂ ਦੇ ਘਰਾਂ ਅੰਦਰ ਕੰਮ ਕਰਨ ਵਾਲੀਆਂ ਘਰੇਲੂ ਨੌਕਰ ਔਰਤਾਂ ਨਾਲੋਂ 15 ਤੋਂ 20 ਗੁਣਾ ਵਧੇਰੇ ਤਨਖਾਹ ਹਾਸਲ ਕਰਦੀਆਂ ਹਨ। ਲਿੰਗਾਂ ਵਿੱਚ ਮੌਜੂਦ ਜਮਾਤੀ ਭੇਦ-ਭਾਵ ਹੀ ਘਰ, ਰਹਿਣ-ਸਹਿਣ ਦੇ ਪੱਧਰ, ਸਿਹਤ, ਵਿਦਿਆ ਦੇ ਮੌਕੇ ਅਤੇ ਵਾਫਰ ਕਦਰ ਦੇ ਹਥਿਆਏ ਜਾਣ ਨੂੰ ਨਿਰਧਾਰਤ ਕਰਦੇ ਹਨ। ਇਸ ਦੇ ਬਾਵਜੂਦ ਐਨਜੀਓ ਦੀ ਬਹੁਤ ਵੱਡੀ ਗਿਣਤੀ ਪਹਿਚਾਣ ਦੀ ਸਿਆਸਤ  ਦੇ ਆਧਾਰ 'ਤੇ ਹੀ ਕੰਮ ਕਰਦੀ ਹੈ ਅਤੇ ਦਲੀਲ ਦਿੰਦੀ ਹੈ ਕਿ ਨਵੀਂ, ਨਵੀਂ ਜਮਾਨੇ ਤੋਂ ਬਾਅਦ ਦੀ ਸਿਆਸਤ ਲਈ ਇਹ ਹੋਰਨਾਂ ਸਿਆਸਤ ਨਾਲੋਂ ਨਿਖੇੜਣ ਦਾ ਬੁਨਿਆਦੀ ਨੁਕਤਾ ਹੈ। ਪਹਿਚਾਣ ਦੀ ਇਹ ਸਿਆਸਤ ਆਈ.ਐਮ.ਐਫ. ਦੇ ਨਿਜੀਕਰਨ, ਬਹੁਕੌਮੀ ਕਾਰਪੋਰੇਸ਼ਨਾਂ ਤੇ ਸਥਾਨਕ ਭੋਂ ਮਾਲਕਾਂ ਦੇ ਮਰਦ ਪ੍ਰਧਾਨ ਕੁਲੀਨ ਸੰਸਾਰ ਨੂੰ ਕੋਈ  ਚੁਣੌਤੀ ਨਹੀਂ ਦਿੰਦੀਆਂ। ਇਸ ਦੀ ਬਜਾਏ  ਇਹ ਘਰੋਗੀ ਕੰਮਾਂ ਕਾਰਾਂ, ਪਰਿਵਾਰਕ ਹਿੰਸਾ, ਤਲਾਕ, ਪਰਿਵਾਰ ਨਿਯੋਜਨ ਵਰਗੇ  ਮਸਲਿਆਂ ਬਾਰੇ ''ਪਿਤਰੀ ਸੱਤਾ'' 'ਤੇ ਹੀ ਕੇਂਦਰਤ ਕਰਨ ਵਾਲੀ ਸਿਆਸਤ ਹੈ। ਦੂਜੇ ਲਫਜ਼ਾਂ 'ਚ ਇਹ ਦੱਬੇ ਕੁੱਚਲੇ ਲੋਕਾਂ ਦੇ ਆਪਣੇ ਅੰਦਰਲੇ ਛੋਟੇ ਸੰਸਾਰ ਅੰਦਰ ਲਿੰਗ ਸਮਾਨਤਾ ਲਈ ਲੜਾਈ ਲੜਦੀ ਹੈ ਜਿਸ 'ਚ ਲੁੱਟਿਆ-ਪੁੱਟਿਆ ਅਤੇ ਗਰੀਬ ਮਰਦ ਮਜ਼ਦੂਰ ਜਾਂ ਮਰਦ ਕਿਸਾਨ ਹੀ ਮੁੱਖ ਦੁਸ਼ਟ ਵਜੋਂ ਉਭਰਦਾ ਹੈ। ਭਾਵੇਂ ਕਿ ਕਿਸੇ ਵੀ ਪੱਧਰ ਦੀ ਲਿੰਗਕ ਲੁੱਟ ਖਸੁੱਟ ਤੇ ਵਿਤਕਰੇ ਦੀ ਹਮਾਇਤ ਨਹੀਂ ਕੀਤੀ ਜਾਣੀ ਚਾਹੀਦੀ, ਪਰ ਨਾਰੀਵਾਦੀ ਐਨਜੀਓਜ਼ ਕਿਰਤੀ ਔਰਤਾਂ ਨੂੰ ਉਹਨਾਂ ਦਾ ਖੂਨ ਪਸੀਨਾ ਚੂਸਣ ਵਾਲੇ ਉਹਨਾਂ ਹੀ ਕਾਰਖਾਨਿਆਂ ਦੇ ਗੁਲਾਮ ਬਣਾਕੇ ਵੱਡਾ ਧਰੋਹ ਕਮਾ ਰਹੀਆਂ ਹਨ, ਜਿਹੜੇ ਅਦਾਰੇ ਉੱਚ ਵਰਗ ਦੇ ਆਦਮੀਆਂ ਤੇ ਇਸਤਰੀਆਂ, ਮਾਲੀਆ ਉਗਰਾਹੁਣ ਵਾਲੇ ਮਰਦ ਤੇ ਔਰਤ ਜਾਇਦਾਦ ਮਾਲਕਾਂ ਅਤੇ ਦੋਵੇਂ ਲਿੰਗਾਂ ਦੇ ਸੀ.ਈ.ਓਜ਼ ਨੂੰ ਫਾਇਦਾ ਪਹੁੰਚਾਉਂਦੇ ਹਨ। ਨਾਰੀਵਾਦੀ ਐਨਜੀਓ ਵੱਲੋਂ ''ਵਿਸ਼ੇਸ਼ ਚਿਤਰਪਟ'' ਨੂੰ ਅੱਖੋਂ ਉਹਲੇ ਕਰਕੇ ਸਥਾਨਕ ਮਸਲਿਆਂ ਤੇ ਜਾਤੀ ਸਿਆਸਤ 'ਤੇ ਕੇਂਦਰਤ ਕਰਨ ਦਾ ਕਾਰਨ ਇਹ ਹੈ ਕਿ ਇਸ ਕੰਮ ਲਈ ਸਲਾਨਾ ਖਰਬਾਂ ਡਾਲਰ ਝੋਕੇ ਜਾਂਦੇ ਹਨ। ਜੇਕਰ ਨਾਰੀਵਾਦੀ ਐਨਜੀਓਜ਼ ਬਰਾਜ਼ੀਲ, ਇੰਡੋਨੇਸ਼ੀਆ, ਥਾਈਲੈਂਡ ਜਾਂ ਫਿਲਪਾਈਨ ਅੰਦਰਲੇ ਬੇਜ਼ਮੀਨੇ ਮਰਦ ਔਰਤ ਮਜ਼ਦੂਰਾਂ ਨਾਲ ਰਲਕੇ ਜ਼ਮੀਨਾਂ 'ਤੇ ਕਬਜ਼ੇ ਕਰਨ ਲੱਗ ਜਾਣ ਜਾਂ ਉਹ ਢਾਂਚਾਗਤ ਢਲਾਈ ਨੀਤੀਆਂ (SAP) ਖਿਲਾਫ਼ ਘੱਟ ਤਨਖਾਹਾਂ 'ਤੇ ਕੰਮ ਕਰਦੇ ਵਿਸ਼ੇਸ਼ ਤੌਰ 'ਤੇ ਔਰਤ ਅਧਿਆਪਕਾਵਾਂ ਵੱਲੋਂ ਕੀਤੀਆਂ ਜਾਂਦੀਆਂ ਆਮ ਹੜਤਾਲਾਂ 'ਚ ਸ਼ਮੂਲੀਅਤ ਕਰ ਲੈਣ ਤਾਂ ਐਨਜੀਓ ਦੇ ਸਾਮਰਾਜੀ ਦਾਨੀਆਂ ਨੇ ਆਪਣੇ ਬਟੂਆਂ ਦੇ ਮੂੰਹ ਬੰਦ ਕਰ ਦੇਣੇ ਹਨ। ਸੋ ਭਲਾ ਇਸ ਗੱਲ ਵਿੱਚ ਹੀ ਹੈ ਆਪਣੀ ਹੋਂਦ ਬਚਾਈ ਰੱਖਣ ਲਈ ਲੂਜ਼ੋਨ ਵਰਗੇ ਦੂਰ-ਦਰਾਡੇ ਕਿਸੇ ਖਾਸ ਪਿੰਡ ਅੰਦਰ ਹੀ ਸਥਾਨਕ ਪੱਧਰ  ਦੀ ਮਰਦ ਪ੍ਰਧਾਨਗੀ ਦਾ ਰਾਗ ਅਲਾਪਿਆ ਜਾਵੇ।
ਜਮਾਤੀ ਇਕਮੁਠਤਾ ਬਨਾਮ ਵਿਦੇਸ਼ੀ ਦਾਨੀਆਂ ਨਾਲ ਐਨਜੀਓ ਦੀ ਜੋਟੀਦਾਰੀ: ''ਇਕਮੁਠਤਾ'' ਦੇ ਲਫ਼ਜ ਨੂੰ ਐਨੀ ਬੁਰੀ ਤਰ੍ਹਾਂ ਵਰਤਿਆ ਗਿਆ ਹੈ ਕਿ ਬਹੁਤ ਸਾਰੇ ਸੰਦਰਭਾਂ 'ਚ ਇਹ ਆਪਣਾ ਅਰਥ ਵੀ ਗੁਆ ਚੁੱਕਿਆ ਹੈ। ਐਨਜੀਓਵਾਦੀਆਂ ਦੀਆਂ ਨਜ਼ਰਾਂ 'ਚ ''ਇਕਮੁਠਤਾ'' ਦੀ ਪ੍ਰੀਭਾਸ਼ਾ ਦਾ ਅਰਥ ਕਿਸੇ ਮਿਥੇ ਗਏ '' ਦੱਬੇ ਕੁਚਲੇ'' ਗਰੁੱਪ ਲਈ ਵਿਦੇਸ਼ੀ ਮੱਦਦ ਹਾਸਲ ਕਰਨਾ ਹੈ। ਪੇਸ਼ੇਵਰ ਲੋਕਾਂ ਵੱਲੋਂ ਗ਼ਰੀਬਾਂ ਬਾਰੇ ''ਖੋਜ'' ਕਰਨਾ ਜਾਂ ''ਆਮ ਜਾਣਕਾਰੀ'' ਮੁਹੱਈਆ ਕਰਵਾਉਣ ਨੂੰ ''ਇਕਮੁਠਤਾ'' ਕਿਹਾ ਜਾਂਦਾ ਹੈ। ਬਹੁਤ ਸਾਰੇ ਪੱਖਾਂ ਤੋਂ ਦੇਖਿਆਂ ਪਦ-ਪ੍ਰਥਾ ਪ੍ਰਧਾਨ ਢਾਂਚੇ ਦੀ ਬਣਤਰ ''ਸਹਾਇਤਾ'' ਅਤੇ ''ਸਿਖਲਾਈ'' ਪ੍ਰਦਾਨ ਕਰਨ ਦੇ ਢੰਗ ਤਰੀਕੇ 19ਵੀਂ ਸਦੀ ਦੇ ਇਸਾਈ ਮੱਤ ਦੇ ਮਿਸ਼ਨਰੀਆਂ ਦੇ ਧਰਮਅਰਥ ਕਾਰਜਾਂ ਨਾਲ ਮੇਲ ਖਾਂਦੇ ਹਨ ਅਤੇ ਅਜਿਹਾ ਕੁੱਝ ਕਰਨ ਵਾਲੇ ਵੀ ਇਸਾਈ ਮਿਸ਼ਨਰੀਆਂ ਤੋਂ ਕੋਈ ਬਹੁਤੇ ਵਖਰੇ ਨਹੀਂ ਹਨ।
''ਪਿਤਰੀਸੱਤਾ ਅਤੇ ਰਾਜ ਵੱਲ ਝਾਕ ਕਰਦੇ ਰਹਿਣ 'ਤੇ ਹਮਲਾ ਵਿਢਦਿਆਂ ਐਨਜੀਓਵਾਦੀ ''ਸਵੈ ਸਹਾਇਤਾ'' 'ਤੇ ਜ਼ੋਰ ਦਿੰਦੇ ਹਨ। ਨਵਉਦਾਰਵਾਦ ਦੇ ਸ਼ਿਕਾਰ ਲੋਕਾਂ ਨੂੰ ਆਪਣੇ ਚੁੰਗਲ 'ਚ ਫਸਾਉਣ ਲਈ ਐਨਜੀਓ 'ਚ ਚੱਲ ਰਹੀ ਚੂਹਾ ਦੌੜ 'ਚ ਉਹ ਯੂਰਪ ਤੇ ਅਮਰੀਕਾ 'ਚ ਬੈਠੇ ਆਪਣੇ ਹਮਜੋਲੀਆਂ ਤੋਂ ਮਹੱਤਵਪੂਰਨ ਸਬਸਿਡੀਆਂ ਹਾਸਲ ਕਰਦੇ ਹਨ। ਸਵੈ-ਸਹਾਇਤਾ  ਦੀ ਦੇ ਸਿਧਾਂਤ ਦੀ ਮੁੱਖ ਧੁੱਸ ਸਰਕਾਰੀ ਮੁਲਾਜ਼ਮਾਂ ਨੂੰ ਭਰਤੀ ਕਰਨ ਦੀ ਥਾਂ 'ਤੇ ਵਲੰਟੀਅਰ ਅਤੇ ਸਿਖਰਲੇ ਡੰਡੇ 'ਤੇ ਚੜ੍ਹਨ ਲਈ ਤੱਤਪਰ ਪੇਸ਼ੇਵਰਾਂ ਨੂੰ ਅਸਥਾਈ ਆਧਾਰ 'ਤੇ ਠੇਕੇ 'ਤੇ ਭਰਤੀ ਕਰਨ ਵੱਲ ਹੈ। ਅਮੀਰ ਵਰਗ ਦੇ ਸਰਕਾਰੀ ਵਸੀਲਿਆਂ ਦੇ ਕਰਤਾ-ਧਰਤਾ ਹੋਣ ਤੋਂ ਧਿਆਨ ਪਾਸੇ ਹਟਾਉਣ ਅਤੇ ਗ਼ਰੀਬਾਂ ਵੱਲੋਂ ਖੁਦ ਕੀਤੀ ਜਾਂਦੀ ਲੁੱਟ ਖਸੁੱਟ ਵੱਲ ਕੇਂਦਰਤ ਕਰਕੇ ਨਵਉਦਾਰਵਾਦ ਦੀ ਵਿਸ਼ਾਲ ਆਰਥਿਕਤਾ 'ਚ ਭਾਈਵਾਲੀ ਬਣਨ ਅਤੇ ਉਸਦੇ ਮੁਤਾਹਿਤ ਬਣਾਕੇ ਰੱਖਣ ਨੂੰ ''ਇੱਕਮੁਠਤਾ'' ਕਹਿਣਾ ਐਨਜੀਓ ਦੀ ਬੁਨਿਆਦੀ ਫਿਲਾਸਫੀ ਹੈ। 
 ਇਸ ਦੇ ਉਲਟ ਮਾਰਕਸਵਾਦ ਆਪਣੇ ਦੇਸੀ ਤੇ ਵਿਦੇਸ਼ੀ ਲੁਟੇਰਿਆਂ ਖਿਲਾਫ਼ ਜਮਾਤਾਂ ਅੰਦਰ ਹੀ ਅਤੇ ਦੱਬੇ ਕੁਚਲੇ ਵਰਗਾਂ (ਔਰਤਾਂ, ਨਸਲੀ ਵਿਤਕਰੇ) ਦਰਮਿਆਨ ਜਮਾਤੀ ਇਕਮੁਠਤਾ 'ਤੇ ਜੋਰ ਦਿੰਦਾ ਹੈ। ਮੁੱਖ ਧੁੱਸ ਜਮਾਤਾਂ 'ਚ ਵੰਡੀਆਂ ਪਾਉਣ ਵਾਲੀਆਂ ਅਤੇ ਸੀਮਤ ਸਮੇਂ 'ਚ ਕੁੱਝ ਛੋਟੇ ਸਮੂਹਾਂ ਨੂੰ ਸ਼ਾਂਤ ਕਰਨ ਵਾਲੇ ਦਾਨ ਚੰਦਿਆਂ 'ਤੇ ਨਹੀਂ ਰੱਖੀ ਜਾਂਦੀ। ਇਕਜੁਟਤਾ ਦਾ ਮਾਰਕਸਵਾਦੀ ਸੰਕਲਪ ਜਮਾਤ ਦਾ ਇੱਕੋ ਜਿਹੇ  ਮੈਂਬਰਾਂ ਵੱਲੋਂ ਆਪਣੀਆਂ ਆਮ ਆਰਥਿਕ ਸਮੱਸਿਆਵਾਂ ਨੂੰ ਸਾਂਝੀਆਂ ਕਰਨ ਅਤੇ ਸਮੂਹ ਦੀ ਆਰਥਿਕ ਬੇਹਤਰੀ ਲਈ ਸਾਂਝੀ ਸਰਗਰਮੀ ਕਰਨ 'ਤੇ ਕੇਂਦਰਤ ਹੁੰਦਾ ਹੈ। ਇਸ ਸੰਘਰਸ਼ 'ਚ ਉਹ ਬੁਧੀਜੀਵੀ ਵੀ ਸ਼ਾਮਲ ਹੁੰਦੇ ਹਨ ਜਿਹੜੇ ਜਦੋਜਹਿਦ ਕਰ ਰਹੀਆਂ ਸਮਾਜਕ ਲਹਿਰਾਂ ਦੇ ਹੱਕ 'ਚ  ਲਿਖਦੇ ਤੇ ਬੋਲਦੇ ਹਨ ਅਤੇ ਜਿਹੜੇ ਉਹਨਾਂ ਵਰਗੇ ਸਿਆਸੀ ਨਤੀਜੇ ਭੁਗਤਣ ਲਈ ਪ੍ਰਤੀਬੱਧ ਹੁੰਦੇ ਹਨ। ਇੱਕਮੁਠਤਾ ਦਾ ਸੰਕਲਪ ਉਹਨਾਂ ''ਜਾਗਦੀ ਜ਼ਮੀਰ ਵਾਲੇ'' ਬੁੱਂਧੀਜੀਵੀਆਂ ਨਾਲ ਜੁੜਿਆ ਹੋਇਆ ਹੈ ਜਿਹੜੇ ਬੁਨਿਆਦੀ ਰੂਪ 'ਚ ਲਹਿਰ ਦਾ ਹਿੱਸਾ ਹੁੰਦੇ ਹਨ, ਜਮਾਤੀ ਸੰਘਰਸ਼ ਲਈ ਵਿਸ਼ਲੇਸ਼ਣ ਅਤੇ ਸਿਖਲਾਈ ਦੇਣ ਦੇ ਸਰੋਤਾਂ ਦੇ ਰੂਪ 'ਚ ਲਹਿਰ ਦਾ ਹਿੱਸਾ ਹੁੰਦੇ ਹਨ ਅਤੇ ਸਿੱਧੀ ਸਰਗਰਮੀ ਦੌਰਾਨ ਉਹਨਾਂ ਵਰਗੇ ਹੀ ਸਿਆਸੀ ਖਤਰੇ ਸਹੇੜਦੇ ਹਨ। ਇਸ ਦੇ ਉਲਟ ਐਨਜੀਓਵਾਦੀ ਸੰਸਥਾਵਾਂ ਅਕਾਦਮਿਕ ਸੈਮੀਨਾਰ, ਵਿਦੇਸ਼ੀ ਸੰਸਥਾਵਾਂ ਅਤੇ ਕੌਮਾਂਤਰੀ ਕਾਨਫਰੰਸਾਂ ਦੀ ਦੁਨੀਆਂ 'ਚ ਗਲਤਾਨ ਰਹਿੰਦੇ ਹਨ ਅਤੇ ਜਿਹਨਾਂ ਦੀ ਬੋਲੀ ਨੂੰ ਕੇਵਲ ਅੰਦਰੂਨੀ ਪਹਿਚਾਣ ਨੂੰ ਸਮਰਪਤ ਆਤਮਿਕ ਮੱਤ ਵਾਲੀਆਂ ਨਾਮਦਾਨ ਪ੍ਰਾਪਤ ਉਹੀ ਰੂਹਾਂ ਹੀ ਸਮਝ ਸਕਦੀਆਂ ਹਨ। ਮਾਰਕਸਵਾਦੀ ਇਕਮੁਠਤਾ ਨੂੰ ਜਮਾਤੀ ਸਿਆਸੀ ਜਦੋਜਹਿਦਾਂ 'ਚ ਬਰਾਬਰ ਦੀਆਂ ਔਕੜਾਂ ਝੱਲਣ ਵਜੋਂ ਲੈਂਦੇ ਹਨ ਨਾ ਕਿ ਬਾਹਰ ਬੈਠਕੇ ਟਿੱਪਣੀ ਕਰਨ ਵਾਲਿਆਂ ਵਜੋਂ ਜਿਹੜੇ ਸੁਆਲ ਤਾਂ ਬਥੇਰੇ ਖੜੇ ਕਰਦੇ ਹਨ ਪਰ ਪ੍ਰੋੜਤਾ ਕਿਸੇ ਦੀ ਵੀ ਨਹੀਂ ਕਰਦੇ।  ਐਨਜੀਓ ਵਾਦੀਆਂ ਦਾ ਮੁੱਖ ਨਿਸ਼ਾਨਾ ਆਪਣੇ ''ਪ੍ਰੋਜੈਕਟਾਂ'' ਲਈ ਵਿਦੇਸ਼ੀ ਸਹਾਇਤਾ ਹਾਸਲ ਕਰਨਾ ਹੁੰਦਾ ਹੈ। ਮਾਰਕਸਵਾਦੀਆਂ ਸਾਹਮਣੇ ਮੁੱਖ ਮਸਲਾ ਸਮਾਜਕ ਤਬਦੀਲੀ ਹਾਸਲ ਕਰਨ ਲਈ ਸਿਆਸੀ ਜਦੋਜਹਿਦ ਦਾ ਅਮਲ ਤੇ ਸਿਖਲਾਈ ਦੇਣਾ ਹੁੰਦਾ ਹੈ। ਜਦੋਜਹਿਦ ਹੀ ਹਰ ਚੀਜ਼ ਹੁੰਦਾ ਹੈ, ਜੋ ਸਮਾਜਕ ਤਬਦੀਲੀ ਲਈ ਲੋਚਣ ਲਈ ਚੇਤਨਾ ਦਾ ਪੱਧਰ ਉੱਚਾ ਚੁੱਕਣ ਦਾ ਸਾਧਨ ਹੈ ਅਤੇ ਵਿਸ਼ਾਲ ਬਹੁਗਿਣਤੀ ਦੀ ਜ਼ਿੰਦਗੀ ਤਬਦੀਲ ਕਰਨ ਹਿਤ ਸਿਆਸੀ ਸਤਾ ਹਾਸਲ ਕਰਨ ਲਈ ਲੋੜੀਂਦੀ ਹੈ। ਐਨਜੀਓਵਾਦੀਆਂ ਲਈ ''ਇਕਮੁਠਤਾ '' ਦਾ ਅਰਥ ਆਜਾਦੀ  ਦੇ ਮੁੱਖ ਉਦੇਸ਼ ਤੋਂ ਵਿਰਵਾ ਹੁੰਦਾ ਹੈ। ਉਹਨਾਂ ਲਈ ਇਹ ਮਹਿਜ ਆਪਣੇ ਕਿਸੇ ਰੁਜ਼ਗਾਰ ਨੂੰ ਸਲਾਮਤ ਰੱਖਣ ਲਈ ਸੈਮੀਨਾਰ ਕਰਨ ਜਾਂ ਕੋਈ ਲੈਟਰੀਨ ਦੀ ਉਸਾਰੀ ਕਰਨ ਲਈ ਲੋਕਾਂ ਨੂੰ ਇਕੱਠੇ ਕਰਨਾ ਹੈ। ਮਾਰਕਸਵਾਦੀਆਂ ਮੁਤਾਬਕ ਭਵਿੱਖ 'ਚ ਉਸਾਰੇ ਜਾਣ ਵਾਲੀ ਜਮਹੂਰੀ ਸਾਂਝੀਵਾਲਤਾ ਵਾਲੇ ਸਮਾਜ ਦੇ ਅੰਸ਼ ਸਮੋਏ ਹੋਏ ਹੋਣ ਵਾਲੀ ਸਾਂਝੀ ਜਦੋਜਹਿਦ ਕਰਨਾ ਹੀ ਇੱਕਮੁਠਤਾ ਹੁੰਦੀ ਹੈ। ਇਹ ਵਿਸ਼ਾਲ ਪਰਿਪੇਖ ਜਾਂ ਇਸ ਦੀ ਅਣਹੋਂਦ ਹੀ ਹੈ ਜਿਹੜੀ ਇਕਮੁਠਤਾ ਦੇ ਰੰਗ-ਬਰੰਗੇ ਸੰਕਲਪਾਂ ਦੇ ਅਲੱਗ ਅਲੱਗ ਅਰਥ ਬਿਆਨ ਕਰਦੀ ਹੈ।   
ਜਮਾਤੀ ਸੰਘਰਸ਼ ਤੇ ਸਹਿਕਾਰਤਾ: ਐਨਜੀਓਵਾਦੀ ਦੂਰ ਨੇੜੇ ਦੀ ਹਰ ਕਿਸਮ ਦੀ ''ਸਹਿਕਾਰਤਾ'' ਦਾ ਜ਼ਿਕਰ ਇਸ ਦੀ ਗਹਿਰਾਈ 'ਚ ਪੁਣਛਾਣ ਕੀਤਿਆਂ ਬਿਨਾਂ ਕਰਦੇ ਹਨ ਕਿ ਨਵਉਦਾਰਵਾਦੀ ਹਕੂਮਤਾਂ ਅਤੇ ਵਿਦੇਸ਼ੀ ਧਨ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਦਾ ਸਹਿਯੋਗ ਹਾਸਲ ਕਰਨ ਲਈ ਕਿੰਨੀ ਕੀਮਤ ਤਾਰਨੀ ਪੈਂਦੀ ਹੈ ਅਤੇ ਕਿਹੜੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਹਨ। ਜਮਾਤੀ ਸੰਘਰਸ਼ ਨੂੰ ਬੀਤੇ ਸਮੇਂ ਦੀ ਜੱਦੀ ਬਿਮਾਰੀ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਜਿਹੜੀ ਕਿ ਹੁਣ ਖਤਮ ਹੋ ਚੁੱਕੀ ਹੈ। ਅੱਜ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ''ਗ਼ਰੀਬ ਲੋਕ'' ਇੱਕ ਨਵੀਂ ਜ਼ਿੰਦਗੀ ਉਸਾਰਣ ਲਈ ਉਤਾਵਲੇ ਹਨ। ਉਹ ਰਵਾਇਤੀ ਸਿਆਸਤ, ਵਿਚਾਰਧਾਰਾ ਅਤੇ ਸਿਆਸਤਦਾਨਾਂ ਤੋਂ ਅੱਕ ਚੁੱਕੇ ਹਨ। ਐਥੋਂ ਤੱਕ ਤਾਂ ਗੱਲ ਠੀਕ ਹੈ। ਮਸਲਾ ਇਹ ਹੈ ਕਿ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਲਈ ਪੱਬਾਂ ਭਾਰ ਹੋਏ ਫਿਰਦੇ ਐਨਜੀਓਵਾਦੀ ਵਿਚੋਲਗਿਰੀ ਤੇ ਦਲਾਲਾਂ ਵਾਲੇ ਆਪਣੇ ਕਿਰਦਾਰਾਂ ਦੀ ਵਿਆਖਿਆ ਨਹੀਂ ਕਰ ਰਹੇ। ਵਰ੍ਹਿਆਂ ਤੋਂ ਸਹਿਕਾਰਤਾ, ਛੋਟੇ ਕਾਰੋਬਾਰਾਂ ਤੇ ਸਵੈ ਸਹਾਇਤਾ ਬਾਰੇ ਕੀਤੀ ਜਾਂਦੀ ਭਕਾਈ ਦੇ ਬਾਅਦ ਵੀ ਆਮਦਨ ਦਾ ਕੁੱਝ ਹੱਥਾਂ 'ਚ ਇਕੱਠੇ ਹੋ ਜਾਣਾ ਅਤੇ ਨਾਬਰਾਬਰੀ 'ਚ ਵਾਧਾ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਹੈ। ਅੱਜ ਸੰਸਾਰ ਬੈਂਕ ਵਰਗੇ ਬੈਂਕ ਬਰਾਮਦ ਮੁਖੀ ਖੇਤੀ ਕਾਰੋਬਾਰਾਂ ਨੂੰ ਫੰਡ ਉਪਲੱਬਧ ਕਰਦੇ ਹਨ ਜਿਹੜੇ ਛੋਟੀਆਂ ਯੋਜਨਾਵਾਂ ਦੀ ਵਿਤੀ ਸਹਾਇਤਾ ਕਰਨ ਲਈ ਫੰਡ ਮੁਹੱਈਆ ਕਰਦਿਆਂ ਕਰੋੜਾਂ-ਕਰੋੜ ਖੇਤ ਮਜ਼ਦੂਰਾਂ ਦੀ ਲੁੱਟ-ਖਸੁੱਟ ਕਰਦੇ ਹਨ ਅਤੇ ਇਹਨਾਂ ਦੀ ਜਿੰਦਗੀ 'ਚ ਜ਼ਹਿਰ ਘੋਲਦੇ ਹਨ। ਇਹਨਾਂ ਛੋਟੇ ਪੱਧਰ ਦੀਆਂ ਯੋਜਨਾਵਾਂ 'ਚ ਐਨਜੀਓ ਦਾ ਰੋਲ ਹੇਠਲੇ ਪੱਧਰ 'ਤੋ ਉਠਣ ਵਾਲੇ ਕਿਸੇ ਵੀ ਸਿਆਸੀ ਵਿਰੋਧ ਨੂੰ ਖਾਰਜ ਕਰਨਾ ਅਤੇ ਟੀਸੀ 'ਤੇ ਬੈਠਕੇ ਨਵਉਦਾਰਵਾਦ ਨੂੰ ਉਗਾਸਾ ਦੇਣਾ ਹੈ। ਸਹਿਕਾਰਤਾ ਦਾ ਸਿਧਾਂਤ ਐਨਜੀਓ ਦੇ ਮਾਧਿਅਮ ਰਾਹੀਂ ਹੇਠਲੇ ਪੱਧਰ 'ਤੇ ਗ਼ਰੀਬ ਵਰਗ ਅਤੇ ਚੋਟੀ 'ਤੇ ਬੈਠੇ ਨਵਉਦਾਰਵਾਦੀਆਂ ਦਰਮਿਆਨ ਕੜੀ ਸਥਾਪਤ ਕਰਦੀ ਹੈ।
ਬੋਧਿਕ ਤੌਰ 'ਤੇ ਦੇਖਿਆਂ ਐਨਜੀਓਜ਼ ਵਿਦਵਾਨ ਅਜਿਹੇ ਪੁਲੀਸ ਵਾਲੇ ਹਨ ਜਿਹੜੇ ''ਪ੍ਰਵਾਨਯੋਗ'' ਖੋਜ ਕਾਰਜ਼ਾਂ ਦੀ ਪ੍ਰੀਭਾਸ਼ਾ ਘੜਦੇ ਹਨ, ਫੰਡ ਵਰਤਾਉਂਦੇ ਹਨ ਅਤੇ ਅਜਿਹੇ ਵਿਸ਼ੇ ਅਤੇ ਨਜ਼ਰੀਏ ਛਾਣਦੇ/ਛਾਂਟਦੇ ਹਨ ਜਿਹੜੇ ਜਮਾਤੀ ਵਿਸ਼ਲੇਸ਼ਣ ਅਤੇ ਜਦੋਜਹਿਦਾਂ ਦੀਆਂ ਸੰਭਾਵਨਾਵਾਂ ਦੇ ਨਕਸ਼ ਉਭਾਰਦੇ ਹਨ। ਮਾਰਕਸਵਾਦੀਆਂ ਨੂੰ ਇਹਨਾਂ ਕਾਨਫਰੰਸਾਂ ਤੋਂ ਬਾਹਰ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੂੰ ''ਗੂੜ'' ਗਿਆਨੀਆਂ ਵਜੋਂ ਬਦਨਾਮ ਕੀਤਾ ਜਾਂਦਾ ਹੈ ਜਦ ਕਿ ਐਨਜੀਓਵਾਦੀ ਆਪਣੇ ਆਪਨੂੰ ''ਸਮਾਜਕ ਵਿਗਿਆਨੀਆਂ'' ਦੇ ਤੌਰ 'ਤੇ ਪੇਸ਼ ਕਰਦੇ ਹਨ। ਬੌਧਿਕ ਫੈਸ਼ਨਪ੍ਰਸਤੀ, ਪਬਲੀਕੇਸ਼ਨਜ਼, ਕਾਨਫਰੰਸਾਂ ਅਤੇ ਖੋਜ ਲਈ ਆਉਣ ਵਾਲੇ ਫੰਡ ਸਾਬਕਾ ਮਾਰਕਸਵਾਦੀਆਂ ਲਈ ਇੱਕ ਅਹਿਮ ਤਾਕਤਵਰ ਆਧਾਰ ਮੁਹੱਈਆ ਕਰਦੇ ਹਨ, ਪਰ ਇਉਂ ਕਰਦਿਆਂ ਆਖਰ 'ਚ ਉਹ ਵਿਦੇਸ਼ੀ ਫੰਡ ਸਰਪ੍ਰਸਤਾਂ ਨਾਲ ਟਕਰਾਅ ਤੋਂ ਪਾਸਾ ਵੱਟ ਕੇ ਲੰਘ ਜਾਣ ਦੇ ਮੁਥਾਜ ਹੋ ਕੇ ਰਹਿ ਜਾਂਦੇ ਹਨ।
ਗੰਭੀਰ ਮਾਰਕਸਵਾਦੀ ਬੁੱਧੀਜੀਵੀ ਆਪਣੀ ਤਾਕਤ ਇਸ ਤੱਥ ਤੋਂ ਪ੍ਰਾਪਤ ਕਰਦੇ ਹਨ ਕਿ ਉਘੜ ਰਹੀਆਂ ਸਮਾਜਕ ਹਕੀਕਤਾਂ ਉਹਨਾਂ ਦੇ ਵਿਚਾਰਾਂ ਨਾਲ ਸੁਰਤਾਲ ਹਨ। ਉਹਨਾਂ ਦੇ ਸਿਧਾਂਤਕ ਅਨੁਮਾਨਾਂ ਮੁਤਾਬਿਕ ਜਮਾਤਾਂ ਦੀ ਪਾਲਾਬੰਦੀ ਅਤੇ ਉਹਨਾਂ ਦਰਮਿਆਨ ਹਿੰਸਕ ਟਾਕਰੇ ਵੱਧ ਰਹੇ ਹਨ। ਇਸੇ ਨਜ਼ਰੀਏ ਅਨੁਸਾਰ ਹੀ ਮਾਰਕਸਵਾਦੀ ਐਨਜੀਓਜ਼ ਦੇ ਮੁਕਾਬਲੇ ਚਤੁਰਾਈਆਂ ਕਰਨ ਪੱਖੋਂ ਕਮਜ਼ੋਰ ਅਤੇ ਯੁੱਧਨੀਤਕ ਤੌਰ 'ਤੇ ਤਾਕਤਵਰ ਹੁੰਦੇ ਹਨ। 
ਐਨਜੀਓ ਦਾ ਬਦਲ: ਕੋਈ ਦਲੀਲ ਦੇ ਸਕਦਾ ਹੈ ਕਿ ਬਹੁਤ ਹੀ ਭਾਂਤ-ਸੁਭਾਂਤੀਆਂ ਐਨਜੀਓ ਹਨ ਅਤੇ ਜਿਹਨਾਂ ਚੋਂ ਬਹੁਤੀਆਂ ਢਾਂਚਾਗਤ ਢਲਾਈ ਨੀਤੀਆਂ (ਸਟਰੱਕਚਰਲ ਐਡਜਸਟਮੈਂਟ ਪ੍ਰੋਗਰਾਮ, ਐਸਏਪੀ), ਆਈ.ਐਮ.ਐਫ., ਕਰਜ਼ਿਆਂ ਦਾ ਭੁਗਤਾਨ ਆਦਿ ਦਾ ਵਿਰੋਧ ਕਰਦੀਆਂ ਹਨ ਤੇ ਲੋਕਾਂ ਨੂੰ ਇਹਨਾਂ ਵਿਰੁੱਧ ਜਥੇਬੰਦ ਕਰਦੀਆਂ ਹਨ ਅਤੇ ਇਹਨਾਂ ਸਾਰੀਆਂ ਨੂੰ ਇਕੇ ਵੱਟੇ ਨਾਪਣਾ ਜਾਇਜ਼ ਨਹੀਂ ਹੈ। ਇਹਦੇ 'ਚ ਕੁੱਝ ਸੱਚ ਵੀ ਪਿਆ ਹੈ, ਪਰ ਇਹ ਪਹੁੰਚ ਵਡੇਰੇ ਬੁਨਿਆਦੀ ਮਸਲੇ ਨੂੰ ਝੁਠਲਾਉਂਦੀ ਹੈ। ਏਸ਼ੀਆਂ ਤੇ ਲਾਤੀਨੀ ਅਮਰੀਕਾ ਦੇ ਜਿੰਨੇ ਵੀ ਕਿਸਾਨ ਆਗੂਆਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਚੋਂ ਬਹੁਤਿਆਂ ਦਾ ''ਪ੍ਰਗਤੀਵਾਦੀ'' ਐਨਜੀਓ ਵੱਲੋਂ ਖੇਡੀ ਜਾਂਦੀ ਫੁੱਟ ਪਾਊ ਤੇ ਕੁਲੀਨ ਵਰਗ ਦੀ ਖੇਡ ਪ੍ਰਤੀ ਤਲਖੀ ਭਰਿਆ ਸ਼ਿਕਵਾ ਇਹ ਸੀ ਕਿ ਐਨਜੀਓਜ਼ ਕਿਸਾਨ ਆਗੂਆਂ ਨੂੰ ਆਪਣੀਆਂ ਸੰਸਥਾਵਾਂ ਦੇ ਮਤਾਹਿਤ ਕਰਨਾ ਚਾਹੁੰਦੇ ਸਨ ਅਤੇ ਉਹਨਾਂ ਦੇ ਕਹੇ ਅਨੁਸਾਰ ਹੀ ਗ਼ਰੀਬਾਂ ਦੇ ਆਗੂ ਅਤੇ ਬੁਲਾਰੇ ਬਣਨਾ ਲੋਚਦੀਆਂ ਹਨ। ਇਹ ਐਨਜੀਓ ਕਿਸੇ ਦੇ ਮਤਾਹਿਤ ਕੰਮ ਕਰਨ ਨੂੰ ਮਨਜ਼ੂਰ ਨਹੀਂ ਕਰਦੀਆਂ। ਇਹ ਪ੍ਰਗਤਵਾਦੀ ਐਨਜੀਓ ਕਿਸਾਨਾਂ ਤੇ ਗ਼ਰੀਬਾਂ ਨੂੰ ਆਪਣੇ ਖੋਜ ਪ੍ਰੋਜੈਕਟਾਂ ਲਈ ਵਰਤਦੀਆਂ ਹਨ ਅਤੇ ਇਹਨਾਂ ਦੀਆਂ ਰਿਪੋਰਟਾਂ ਛਾਪ ਕੇ ਮੁਨਾਫ਼ਾ ਖਟਦੀਆਂ ਹਨ। ਮੋੜਵੇਂ ਰੂਪ 'ਚ ਸੰਘਰਸ਼ਾਂ ਨੂੰ ਰੱਤੀ ਭਰ ਵੀ ਸਹਾਰਾ ਨਹੀਂ ਮਿਲਦਾ, ਇੱਥੋਂ ਤੱਕ ਕਿ ਕਿਸਾਨਾਂ ਤੇ ਗ਼ਰੀਬਾਂ ਦੇ ਨਾਂ 'ਤੇ ਕੀਤੇ ਜਾਂਦੇ ਖੋਜ ਕਾਰਜ਼ਾਂ ਦੀਆਂ ਰਿਪੋਰਟ ਕਾਪੀਆਂ ਵੀ ਇਹਨਾਂ ਨੂੰ ਮੁਹੱਈਆ ਨਹੀ ਕਰਵਾਈਆਂ ਜਾਂਦੀਆਂ। ਇਸ ਤੋਂ ਵੀ ਅੱਗੇ ਕਿਸਾਨ ਆਗੂ ਸੁਆਲ ਕਰਦੇ ਹਨ ਕਿ ਇਹ ਐਨਜੀਓ ਆਪਣੇ ਸਿਖਲਾਈ ਸੈਮੀਨਾਰਾਂ ਤੋਂ ਬਾਅਦ ਇਹਨਾਂ 'ਤੇ ਅਮਲ ਕਰਨ ਲਈ ਆਪਣੇ ਸੀਸ ਪੇਸ਼ ਕਿਉਂ ਨਹੀਂ  ਕਰਦੀਆਂ? ਉਹ ਅਮੀਰਾਂ ਤੇ ਤਾਕਤਵਰਾਂ ਦਾ ਅਧਿਐਨ ਕਿਉਂ ਨਹੀ ਕਰਦੇ? ਸਾਡਾ ਹੀ ਕਿਉਂ?
ਅਗਰ ਇਹ ਗੱਲ ਵੀ ਮੰਨ ਲਈਏ ਕਿ ''ਪ੍ਰਗਤੀਵਾਦੀ ਐਨਜੀਓ'' ਦਾ ਇੱਕ ਛੋਟਾ ਹਿੱਸਾ ਅਜਿਹਾ ਵੀ ਹੈ ਜਿਹੜਾ ਖੱਬੇ ਪੱਖੀ ਸਮਾਜਕ ਸਿਆਸੀ ਜਥੇਬੰਦੀਆਂ ਲਈ ''ਸਰੋਤ'' ਦਾ ਕੰਮ ਕਰਦਾ ਹੈ, ਪਰ ਹਕੀਕਤ ਇਹ ਹੈ ਕਿ ਐਨਜੀਓ ਨੂੰ ਮਿਲਣ ਵਾਲੇ ਪੈਸਿਆਂ ਚੋਂ ਤਿਨਕਾਮਾਤਰ ਹੀ ਲੋਕਾਂ ਤੱਕ ਪਹੁੰਚਦਾ ਹੈ। ਇਸ ਤੋਂ ਵੀ ਅੱਗੇ ਐਨਜੀਓਜ਼ ਦਾ ਬਹੁਤ ਵੱਡਾ ਹਿੱਸਾ ਉੱਪਰ ਬਿਆਨ ਕੀਤੀ ਪੀ੍ਰਭਾਸ਼ਾ 'ਚ ਫਿੱਟ ਬੈਠਦਾ ਹੈ। ਕੁੱਝ ਕੁ ਨੂੰ ਛੱਡ ਕੇ ਇਹਨਾਂ ਕੋਲ ਆਪਣੇ ਆਪ ਨੂੰ ਲੋਕ ਪੱਖੀ ਸਾਬਤ ਕਰਨ ਦਾ ਰਸਤਾ ਨਹੀਂ ਹੈ। ਸਾਮਰਾਜ ਅਤੇ ਇਸਦੇ ਸਥਾਨਕ ਗਾਹਕਾਂ ਨਾਲ ਆਪਣੇ ਹਮਜੋਲੀਆਂ ਦੇ ਗਠਜੋੜਾਂ, ਉਹਨਾਂ ਦੀ ਨਵਉਦਾਰਵਾਦ ਨੂੰ ਅਪਣਾਉਣ ਦੀ ਵਿਚਾਰਧਾਰਾ, ਉਹਨਾਂ ਦੇ ਤਾਨਾਸ਼ਾਹ ਤੇ ਕੁਲੀਨ ਵਰਗੀੇ ਤਾਣੇ-ਬਾਣਿਆਂ ਦੀ ਸਿਲਸਿਲੇ ਵਾਰ ਢੰਗ ਪ੍ਰਣਾਲੀ ਰਾਹੀਂ ਨੁਕਤਾਚੀਨੀ ਕਰਨ ਤੇ ਇਹਨਾਂ ਦਾ ਵਿਰੋਧ ਕਰਕੇ ਹੀ ''ਪ੍ਰਗਤੀਵਾਦੀ ਐਨਜੀਓ'' ਕੋਈ ਮਹੱਤਵਪੂਰਨ ਹਾਂਦਰੂ ਕਦਮ ਪੁੱਟ ਸਕਣਗੀਆਂ। ਤਦ ਹੀ ਉਹ ਪੱਛਮੀ ਦੇਸ਼ਾਂ ਵਿਚਲੀਆਂ ਆਪਣੀਆਂ ਹਮਜੋਲੀ ਐਨਜੀਓ ਨੂੰ ਇਹ ਦੱਸਣਗੀਆਂ ਕਿ  ਉਹ (ਪੱਛਮੀ ਐਨਜੀਓ) ਫਾਂਉਂਡੇਸ਼ਨ/ ਸਰਕਾਰੀ ਤਾਣ- ਬਾਣੇ ਤੋਂ ਆਪਣੇ ਆਪ ਨੂੰ ਮੁਕਤ ਕਰਾਉਣ ਅਤੇ ਯੂਰਪ ਤੇ ਉਤਰੀ ਅਮਰੀਕਾ ਵਿੱਚ ਵਸਦੇ ਆਪਣੇ ਖੁਦ ਦੇ ਲੋਕਾਂ ਦੀਆਂ ਸਮਾਜਕ-ਸਿਆਸੀ ਜਦੋਜਹਿਦਾਂ ਜਥੇਬੰਦ ਕਰਨ ਅਤੇ ਜਾਗਰੂਕ ਕਰਨ ਜਿਹੜੇ ਕਿ ਮੋੜਵੇਂ ਰੂਪ 'ਚ ਬੈਂਕਾਂ ਤੇ ਬਹੁ-ਕੌਮੀ ਕਾਰਪੋਰੇਸ਼ਨਾਂ ਦੀ ਸੇਵਾ 'ਚ ਲੱਗੀਆਂ ਸੱਤਾ 'ਤੇ ਕਾਬਜ਼ ਸਰਕਾਰਾਂ ਤੇ ਪਾਰਟੀਆਂ ਨੂੰ ਚਣੌਤੀ ਦੇਣਗੀਆਂ।
ਕਹਿਣ ਦਾ ਭਾਵ, ਐਨਜੀਓ ਨੂੰ ਐਨਜੀਓ ਨਹੀਂ ਬਣੇ ਰਹਿਣਾ ਚਾਹੀਦਾ ਬਲਕਿ ਉਹਨਾਂ ਨੂੰ ਆਪਣੇ ਆਪਨੂੰ ਸਮਾਜਕ-ਸਿਆਸੀ ਜਦੋਜਹਿਦਾਂ ਦਾ ਹਿੱਸਾ ਬਣ ਜਾਣਾ ਚਾਹੀਦਾ ਹੈ। ਇਹੀ ਸਭ ਤੋਂ ਵਧੀਆ ਰਾਹ ਹੈ ਜਿਸ 'ਤੇ ਚੱਲਕੇ ਦਾਨੀਆਂ ਦੇ ਪੈਸੇ 'ਤੇ ਪਲਣ ਵਾਲੀਆਂ ਹੋਰਨਾਂ ਹਜ਼ਾਰਾਂ ਲੱਖਾਂ ਐਨਜੀਓਜ਼ ਦੇ ਗੰਦਮੰਦ 'ਚ ਗਿਣੇ ਜਾਣ ਤੋਂ ਬਚਿਆ ਜਾ ਸਕਦਾ ਹੈ।
ਅੰਤਕਾ: ਐਨਜੀਓ ਦੇ ਸਿਧਾਂਤ ਵੱਲ ਇੱਕ ਕਦਮ: ਐਨਜੀਓਜ਼ ਦੇ ਪਲਰਨ ਪਸਰਨ ਬਾਰੇ ਢਾਂਚਾਗਤ ਰੂਪ 'ਚ ਗੱਲ ਕਰਦਿਆਂ ਇਹ ਜ਼ਾਹਰ ਹੁੰਦਾ ਹੈ ਕਿ ਐਨਜੀਓ ''ਪੁਰਾਣੇ'' ਦੁਕਾਨਦਾਰਾਂ, ਆਜ਼ਾਦਾਨਾ ਤੌਰ 'ਤੇ ਕੰਮ ਕਰਦੇ ਪੇਸ਼ੇਵਰਾਂ ਅਤੇ ''ਨਵੇਂ'' ਸਰਕਾਰੀ ਮੁਲਾਜ਼ਮ ਗਰੁੱਪਾਂ ਨਾਲੋਂ ਇੱਕ ਵੱਖਰੀ ਕਿਸਮ ਦੀ ਨਵੀਂ ਨਿੱਕ-ਬੁਰਜੂਆਜ਼ੀ ਦੇ ਉਭਾਰ ਦਾ ਪ੍ਰਤੀਕ ਹੈ।  ਠੇਕੇ ਦਰ ਠੇਕੇ 'ਤੇ ਚੱਲਣ ਵਾਲਾ ਇਹ ਖੇਤਰ ਪਹਿਲਾਂ ਮੌਜੂਦ ਦਲਾਲ ਸਰਮਾਏਦਾਰੀ ਨਾਲ ਇਸ ਪੱਖੋਂ ਮੇਲ ਖਾਂਦਾ ਹੈ ਕਿ ਯਥਾਰਥ ਰੂਪ 'ਚ ਇਹ ਕੋਈ ਜਿਨਸ ਪੈਦਾ ਨਹੀਂ ਕਰਦਾ ਸਗੋਂ ਇਹ ਸਾਮਰਾਜੀ ਤੇ ਛੋਟੇ-ਮੋਟੇ ਕਾਰੋਬਾਰਾਂ 'ਚ ਲੱਗੇ ਯਥਾਰਥਕ ਤੌਰ 'ਤੇ ਜਿਨਸ ਉਤਪਾਦਕਾਂ ਦਰਮਿਆਨ ਇੱਕ ਕੜੀ ਬਣਨ ਦਾ ਕੰਮ ਕਰਦਾ ਹੈ। ਆਪਣੇ ਮੱਧ ਯੁੱਗੀ ਰੂਪਾਂ ਨਾਲ ਮੇਲ ਖਾਂਦੀ ਇਸ ਨਵੀਂ ਨਿੱਕ ਬੁਰਜ਼ਆਜ਼ੀ ਚੋਂ ਇਹ ਸਚਾਈ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਹਨਾਂ ਚੋਂ ਬਹੁਤੇ ਸਾਬਕਾ ਮਾਰਕਸਵਾਦੀ ਹਨ ਜਿਹੜੇ ''ਜਨਤਕ ਲੱਫਾਜ਼ੀ'' ਆਪਣੇ ਨਾਲ ਲੈ ਕੇ ਆਏ ਹਨ ਅਤੇ ਕਈ ਹਾਲਾਤਾਂ 'ਚ ਉਹ ਆਪਣੀਆਂ ਸੰਸਥਾਵਾਂ ਨੂੰ ਇੱਕ ਕੁਲੀਨ ਵਰਗ ਵਾਲੀ, ''ਮੁਹਰੈਲ ਦਸਤਾ ਹੋਣ'' ਦੀ ਧਾਰਨਾ ਦਾ ਪ੍ਰਚਾਰ ਕਰਦੇ ਹਨ। ਸਰਕਾਰੀ ਤੰਤਰ 'ਚ ਕਿਸੇ ਜਾਇਦਾਦ ਜਾਂ ਕਿਸੇ ਸਥਾਪਤ ਰੁਤਬੇ ਦੇ ਬਲਬੂਤੇ ਨਾ ਹੋਣ ਕਰਕੇ ਇਹ ਨਵੀਂ ਜਮਾਤ ਆਪਣੇ ਨਵੇਂ ਪੂਰ ਪੈਦਾ ਕਰਨ ਲਈ ਨਿਰੀ ਵਿਦੇਸ਼ੀ ਪੈਸੇ 'ਤੇ ਨਿਰਭਰ ਹੁੰਦੀ ਹੈ। ਲੋਕਾਂ ਅੰਦਰ ਕੰਮ ਕਰਦੀ ਹੋਣ ਕਰਕੇ ਆਪਣੇ ਜਨ ਆਧਾਰ ਵਾਸਤੇ ਇਸ ਨੂੂੰ ਜਨਤਕ ਅਡੰਬਰ ਦੀ ਦੁਹਾਈ ਦੇ ਨਾਲ ਨਾਲ ਮਾਰਕਸਵਾਦ ਵਿਰੋਧੀ ਅਤੇ ਸਰਕਾਰ ਵਿਰੋਧੀ ਅਪੀਲ ਵੀ ਜੋੜਨੀ ਪੈਂਦੀ ਹੈ-ਇਓੁਂ ''ਤੀਸਰੇ ਬਦਲ'' ਅਤੇ ''ਸਿਵਲ ਸੁਸਾਇਟੀ '' ਵਰਗੇ ਮਿਲਗੋਭੇ ਵਾਲੇ ਸੰਕਲਪ ਸਾਹਮਣੇ ਆਉਂਦੇ ਹਨ ਜਿਹੜੇ ਦੋਨਾਂ ਆਧਾਰਾਂ 'ਤੇ ਪਰਦਾ ਪੋਸ਼ੀ ਕਰਨ ਦੇ ਮਾਮਲੇ 'ਚ ਕਾਫੀ ਘਚੋਲੇ ਭਰੇ ਹਨ। ਇਹ ਨਵੀਂ ਉਠੀ ਨਿੱਕ ਬੁਰਜੁਆਜ਼ੀ ਆਪਣੀ ਹੋਂਦ ਬਣਾਈ ਰੱਖਣ ਲਈ ਕੌਮਾਂਤਰੀ ਇਕੱਠਾਂ 'ਤੇ ਟੇਕ ਰਖਦੀ ਹੈ ਜਦ ਕਿ ਦੇਸ਼ ਅੰਦਰ ਇਸਨੂੇੰ ਕੋਈ ਠੋਸ ਜਨਤਕ ਹਮਾਇਤ ਪ੍ਰਾਪਤ ਨਹੀਂ ਹੁੰਦੀ। ''ਗਲੋਬਲਿਸਟ'' ਹੋਣ ਦੀ ਰਟ ਦਹੁਰਾਈ ਸਾਮਰਾਜੀ ਵਿਰੋਧੀ ਕਿਸੇ ਵੀ ਵਚਣਬੱਧਤਾਂ ਤੋਂ ਸੱਖਣੇ ਜਾਅਲੀ ''ਕੌਮਾਂਤਰੀਵਾਦ''  ਲਈ ਛਤਰੀ ਮੁਹੱਈਆ ਕਰਦੀ ਹੈ। ਸੰਖੇਪ 'ਚ ਗੱਲ ਕਰਨੀ ਹੋਵੇ ਤਾਂ ਇਹ ਨਿੱਕ-ਬੁਰਜੁਆਜ਼ੀ ਦੇ ਨਵਉਦਾਰਵਾਦੀ ਨਿਜ਼ਾਮ ਦਾ ''ਖੱਬਾ ਧੜਾ'' ਹੈ।
ਸਿਆਸੀ ਪੱਖੋਂ ਐਨਜੀਓਜ਼ ਸਾਮਰਾਜੀ ਨੀਤੀਘਾੜਿਆਂ ਦੀ ਸੱਜਰੀ ਸੋਚ 'ਚ ਫਿੱਟ ਬਹਿੰਦੀਆਂ ਹਨ। ਜਦ ਕਿ ਆਈ.ਐਮ.ਐਫ., ਸੰਸਾਰ ਬੈਂਕ ਅਤੇ ਬਹੁ ਕੌਮੀ ਕਾਰਪੋਰੇਸ਼ਨਾਂ ਸਥਾਨਕ ਕੁਲੀਨ ਜਮਾਤ ਨਾਲ ਮਿਲਕੇ ਉਪਰੋਂ ਆਰਥਿਕਤਾ ਦੀ ਲੁੱਟ ਮਾਰ ਕਰਨ 'ਚ ਲੱਗੇ ਹੋਏ ਹਨ ਤਾਂ ਐਨਜੀਓ ਆਰਥਿਕਤਾ ਨੂੰ ਪਾਏ ਜਾ ਰਹੇ ਖੋਰੇ ਦੇ ਨਤੀਜੇ ਵਜੋਂ ਉੱਠ ਰਹੇ ਰੋਸ ਨੂੰ ਖੱਸੀ ਕਰਨ ਤੇ ਇਸਨੂੰ ਖੇਰੂ ਖੇਰੂ ਕਰਨ ਲਈ ਜ਼ਮੀਨੀ ਪੱਧਰ 'ਤੇ ਰਹਿਕੇ ਇੱਕ ਸਹਾਇਕ ਵਜੋਂ ਸਰਗਰਮੀ ਕਰਨ 'ਚ ਮਸ਼ਰੂਫ ਹਨ। ਜਿਸ ਢੰਗ ਨਾਲ ਸਾਮਰਾਜਵਾਦ ਲੁੱਟ-ਖਸੁੱਟ ਅਤੇ ਘੇਰਾ ਬੰਦੀ ਦੀ ਦੋ ਧਾਰੀ ਸੂਖਮ ਤੇ ਵਿਸ਼ਾਲ ਯੁੱਧਨੀਤੀ ਅਪਣਾਉਂਦਾ ਹੈ ਤਾਂ ਉਸੇ ਤਰ੍ਹਾਂ  ਹੀ ਖੱਬੇ ਪੱਖੀ ਲਹਿਰਾਂ ਨੂੰ ਵੀ ਸਾਮਰਾਜ ਵਿਰੋਧੀ ਦੋ ਧਾਰੀ ਯੁੱਧਨੀਤੀ ਅਪਣਾਉਂਣੀ ਪਵੇਗੀ।
ਐਨਜੀਓ ਨੇ ਉਹਨਾਂ ਬਹੁਤ ਸਾਰੇ ''ਖੁੱਲ੍ਹੇ ਫ਼ਿਰਦੇ'' (Free Floating) ਬੁੱਧੀਜੀਵੀਆਂ ਨੂੰ ਆਪਣੇ ਕਲਾਵੇ 'ਚ ਲੈ ਲਿਆ ਹੈ ਜਿਹਨਾਂ ਨੇ ਆਪਣੇ ਜਮਾਤੀ ਪਿਛੋਕੜ ਨੂੰ ਤਿਆਗ ਕੇ ਜਨਤਕ ਲਹਿਰਾਂ 'ਚ ਸ਼ਾਮਲ ਹੋਣਾ ਹੀ ਸੀ। ਨਤੀਜੇ ਵਜੋਂ ਸਰਮਾਏਦਾਰੀ ਅੰਦਰ (ਏਸ਼ੀਆ, ਲਾਤੀਨੀ ਅਮਰੀਕਾ ਅੰਦਰ ਮੰਦੀ ਤੇ ਰੂਸ ਦੇ ਢਹਿ ਢੇਰੀ ਹੋਣ ਕਰਕੇ) ਪੈਦਾ ਹੋਏ ਵਿਆਪਕ ਸੰਕਟ ਅਤੇ ਬਰਾਜ਼ੀਲ, ਕੋਲੰਬੀਆ ਅਤੇ ਸ਼ਇਦ ਦੱਖਣੀ ਕੋਰੀਆਂ ਨੂੰ ਛੱਡਕੇ ਹੋਰਨਾਂ ਮੁਲਕਾਂ ਅੰਦਰ ਕੋਈ ਮਹੱਤਵਪੂਰਨ ਜਥੇਬੰਦ ਇਨਕਲਾਬੀ ਜਦੋਜਹਿਦਾਂ ਦੀ ਅਣਹੋਂਦ ਦਰਮਿਆਨ ਅਸਥਾਈ ਪਾੜਾ ਦਿਖਾਈ ਦਿੰਦਾ ਹੈ। ਬੁਨਿਆਦੀ ਸੁਆਲ ਇਹ ਹੈ ਕਿ ਕੀ ਇਹਨਾਂ ਇਨਕਲਾਬੀ ਸਮਾਜਕ ਜਦੋਜਹਿਦਾਂ ਚੋਂ ਉਭਰਕੇ ਸਾਹਮਣੇ ਆਉਣ ਵਾਲੀ ਜਾਗਦੀ ਜ਼ਮੀਰ ਵਾਲੇ  ਬੁੱਧੀਜੀਵੀਆਂ ਦੀ ਇੱਕ ਨਵੀਂ ਪੀੜੀ ਐਨਜੀਓ ਦੇ ਝਾਂਸੇ ਤੋਂ ਕਿਨਾਰਾ ਕਰਦਿਆਂ ਆਉਣ ਵਾਲੀ ਇਨਕਲਾਬੀ ਲਹਿਰ ਦਾ ਅਨਿਖੜਵਾਂ ਅੰਗ ਬਣੇਗੀ।%                             
ਨੋਟ 1 ਢਾਂਚਾ ਢਲਾਈ ਨੀਤੀਆਂ ਸੰਸਾਰ ਬੈਂਕ/ਕੌਮਾਂਤਰੀ ਮੁਦਰਾ ਕੋਸ਼ ਜੋੜੀ ਵੱਲੋਂ ਨਵਉਦਾਰਵਾਦੀ ਨੀਤੀਆਂ ਨੂੰ 100 ਦੇ ਕਰੀਬ ਨਵਉਦਾਰਵਾਦੀ ਮੁਲਕਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਨਾਲ ਬੱਝੀਆਂ ਸ਼ਰਤਾਂ ਹਨ। ਇਹਨਾਂ 'ਚ ਉਦਾਰ ਦਰਾਮਦੀ ਪ੍ਰਬੰਧ ਜਿਸ 'ਚ ਸਰਮਾਏ ਅਤੇ ਤਕਨੀਕ ਦਾ ਬੇਰੋਕ ਪ੍ਰਵਾਹ ਜਿਸ ਵਿੱਚ ਵਿਦੇਸ਼ੀ ਸਰਮਾਏ ਦੀ ਆਮਦ ਜਾਂ ਇਸ ਦੇ ਬਾਹਰ ਜਾਣ 'ਤੇ ਲੱਗਣ ਵਾਲੀਆਂ ਸਾਰੀਆਂ ਰੋਕਾਂ ਦਾ ਸਫ਼ਾਇਆ, ਬਹੁ-ਕੌਮੀ ਬਰਾਮਦਕਾਰ ਕੰਪਨੀਆਂ ਨੂੰ ਟੈਕਸਾਂ 'ਚ ਰਿਆਇਤਾਂ ਅਤੇ ਸਬਸਿਡੀਆਂ, ਸਿੱਧੇ ਟੈਕਸ ਦੀ ਥਾਂ 'ਤੇ ਅਸਿੱਧੇ ਟੈਕਸ ਲਾਉਣ ਵਾਲੀ ਪਿਛਲਮੋੜੀ ਨੀਤੀ ਲਾਗੂ ਕਰਨੀ, ਜਨਤਕ ਵੰਡ-ਪ੍ਰਣਾਲੀ ਦਾ ਭੋਗ ਪਾਕੇ ਖੁਰਾਕ ਅਤੇ ਹੋਰ ਜ਼ਰੂਰੀ ਵਸਤਾਂ 'ਚ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਨੂੰ ਉਤਸ਼ਾਹਤ ਕਰਨਾ, ਯੂਨੀਅਲ ਵਿਰੋਧੀ ਤੇ ਹੜਤਾਲ ਵਿਰੋਧੀ ਕਾਨੂੰਨ ਲਾਗੂ ਕਰਕੇ ਤਨਖਾਹਾਂ ਭੱਤਿਆਂ 'ਚ ਖੜੋਤ ਲਿਆਉਣਾ, ਨਿਜੀ ਸੱਟੇਬਾਜ਼ੀ ਨੂੰ ਉਤਸ਼ਾਹਤ ਕਰਨਾ ਸ਼ਾਮਲ ਹੈ। ਇਸ ਸਾਰੇ ਕੁੱਝ ਦਾ ਅਰਥ ਜਨਤਕ ਖੇਤਰ 'ਚ ਸਰਕਾਰ ਵੱਲੋਂ ਖਰਚੀ ਜਾਂਦੀ ਰਕਮ 'ਚ ਕਟੌਤੀ ਕਰਦਿਆਂ ਆਮ ਲੋਕਾਂ ਦੀ ਸੰਘੀ ਘੁੱਟਣਾ ਹੈ।


ਕੁੱਝ ਕੁ ਮਸ਼ਹੂਰ ਅੰਤਰਰਾਸ਼ਟਰੀ ਅਤੇ ਦੇਸੀ ਐਨਜੀਓ ਦੀ ਸੂਚੀ 
1 ਐਕੋਰਡ ਕੰਨਸੌਰਟੀਅਮ ਆਫ਼ ਵੋਲੰਟੀਅਰ ਆਰਗੇਨਾਈਜੇਸ਼ਨਜ਼ (ਯੂ.ਕੇ.)।
2 ਏਸ਼ੀਆ ਰਿਜਨਲ ਕਮੇਟੀ ਆਨ ਕਮਿਊਨਿਟੀ ਮੈਨੇਜਮੈਂਟ (ਫੋਰਡ, ਯੂਐਸਏਆਈਡੀ ਨਾਲ ਸਬੰਧਿਤ)।
3. ਅਫਰੀਕਾ ਪੀਸ ਕਮੇਟੀ (ਅਮਰੀਕਾ ਦੀਆਂ ਦਰਜਨਾਂ ਵਲੰਟੀਅਰ ਅਤੇ ਧਾਰਮਿਕ ਆਰਗੇਨਾਈਜੇਸ਼ਨਾਂ ਤੋਂ ਮਿਲ ਕੇ ਬਣੀ)।
4. ਅਮਰੀਕਨ ਫਰੈਂਡਜ਼ ਸਰਵਿਸ ਕਮੇਟੀ (ਏਐਫਐਸਸੀ)।
5. ਅਮਰੀਕਨ ਜਿਊਇਸ਼ ਜੁਇੰਟ ਡਿਸਟਰੀਬਿਊਸ਼ਨ ਕਮੇਟੀ।
6. ਐਸੋਸੀਏਸ਼ਨ ਆਫ ਡੀਵੈਲਪਮੈਂਟ ਏਜੰਸੀਜ਼ ਇਨ ਬੰਗਲਾ ਦੇਸ਼ (ਏਡੀਏਬੀ)।
7. ਏਸ਼ੀਅਨ ਕੋਲੀਸ਼ਨ ਫਾਰ ਅਗਰੇਰੀਅਨ ਰੀਫਾਰਮਜ਼ ਐਂਡ ਰੂਰਲ ਡਿਵੈਲਪਮੈਂਟ, ਮਨੀਲਾ (ਏਐਨਜੀਓਸੀ)।
8. ਐਸੋਸੀਏਸ਼ਨ ਫਾਰ ਪਰਮੋਟਿੰਗ ਇੰਟਰਨੈਸ਼ਨਲ ਕੋਆਪਰੇਸ਼ਨ, ਜਾਪਾਨ (ਏਪੀਆਈਸੀ)।
9. ਐਸੋਸੀਏਸ਼ਨ ਆਫ ਵੇਲੰਟਰੀ ਏਜੰਸੀਜ਼ ਫਾਰ ਰੂਰਲ ਡਿਵੈਲਪਮੈਂਟ, ਇੰਡੀਆ (ਏਵੀਏਆਰਡੀ)।
10.  ਐਸੋਸੀਏਸ਼ਨ ਆਫ ਅਫਰੀਕਨ ਵਿਮੈਨ ਫਾਰ ਰੀਸਰਚ ਐਂਡ ਡਿਵੈਲਪਮੈਂਟ (ਏਏਡਬਲਯੂਏਆਰਡੀ)।
11. ਆਸਟਰੇਲੀਅਨ ਕੌਂਸਲ ਫਾਰ ੳਵਰਸੀਜ਼ ਏਡ (ਏਸੀਐਫਓਏ)।
12. ਏਸ਼ੀਅਨ ਕਮਿਊਨਿਟੀ ਟਰੱਸਟ ਜਾਪਾਨ (ਏਸੀਟੀ)।
13. ਅਫਰੀਕਨ ਡਿਵੈਲਪਮੈਂਟ ਫੈਡਰੇਸ਼ਨ  ਯੂਐਸਏ  (ਏਡੀਐਫ)।
14. ਅਰਬ ਲਾਇਰਜ਼ ਯੂਨੀਅਨ।
15. ਐਸੋਸੀਏਸ਼ਨ ਫਾਰ ਰੂਰਲ ਪੂਅਰ, ਇੰਡੀਆ।
16. ਐਡਵੈਟਿਸਟਸ ਡਿਸਾਸਟਰ ਰਿਲੀਫ ਏਜੰਸੀ ਯੂਐਸਏ (ਏਡੀਆਰਏ)।
17. ਅਮਰੀਕਨ ਕੌਂਸਲ ਫਾਰ ਵੋਲੰਟਰੀ ਏਜੰਸੀਜ਼ ਫਾਰ ਫਾਰੇਨ ਸਰਵਿਸ।
18. ਐਸੋਸੀਏਸ਼ਨ ਆਫ ਫਾਊਂਡੇਸ਼ਨਜ਼, ਯੂਐਸਏ।
19. ਆਲ ਅਫਰੀਕਾ ਕੌਂਸਲ ਫਾਰ ਚਰਚਜ਼।
20. ਆਲ ਇੰਡੀਆ ਪੀਸ ਐਂਡ ਸੋਲਡੈਰਿਟੀ ਆਰਗੇਨਾਈਜ਼ੇਸ਼ਨ (ਏਆਈਪੀਐਸਓ, ਨਵੀਂ ਦਿੱਲੀ)।
21. ਅਡਵਾਈਜਰੀ ਕੌਂਸਲ ਆਨ ਵੋਲੰਟਰੀ ਫਾਰੇਨ ਏਡ, ਯੂਐਸਏ।
22. ਐਕਸ਼ਨ ਇੰਟਰਨੈਸ਼ਨਲ-ਯੂਐਸਏ।
23. ਅਫੈਰੀਕੇਅਰ, ਯੂਐਸਏ।
24. ਐਗਰੀਕਲਚਰ ਕੌਆਪਰੇਇਟਵ ਡਿਵੈਲਪਮੈਂਟ ਇੰਟਰਨੈਸ਼ਨਲ, ਯੂਐਸਏ।
25. ਏਡ ਟੂ ਆਰਟੀਸਨਜ਼, ਯੂਐਸਏ।
26. ਐਕਸ਼ਨ ਫਾਰ ਵਰਲਡ ਸਾਲਡੈਰਿਟੀ ਐਂਡ ਹੈਲਥ, ਜਰਮਨੀ।
27. ਅੰਧੇਰੀ-ਹਾਈਲਫ, ਜਰਮਨੀ।
28. ਐਂਟੀ ਸਲੇਵਰੀ ਇੰਟਰਨੈਸ਼ਨਲ।
29. ਆਗਾ ਖਾਨ ਫਾਊਂਡੇਸ਼ਨ, ਪਾਕਿਸਤਾਨ।
30. ਏਸ਼ੀਆ ਫਾਊਂਡੇਸ਼ਨ।
31. ਅਮਰੀਕਨ ਪੀਸ ਕਾਰਪਸ।
32. ਏਸ਼ੀਅਨ ਇੰਸਟੀਚਿਊਟ ਫਾਰ ਰੂਰਲ ਡਿਵੈਲਪਮੈਂਟ, ਬੰਗਲੌਰ।
33. ਅਕੈਡਮੀ ਆਫ ਗਾਂਧੀਅਨ ਸਟੱਡੀਜ਼, ਤਿਰੂਪਤੀ/ਹੈਦਰਾਬਾਦ।
34. ਆਲ ਇੰਡੀਆ ਸਰਵ ਸੇਵਾ ਸੰਘ (ਏਆਈਐਸਐਸਐਸ)।
35. ਐਕਸ਼ਨ ਏਡ, ਯੂਐਸਏ।
36. ਐਪਰੋਪਰੀਏਟ ਟੈਕਨਾਲੋਜੀ ਇੰਟਰਨੈਸਨਲ (ਯੂਐਸਏ)।
37. ਬੰਗਲੌਰ ਰੂਰਲ ਐਡਵਾਂਸਮੈਂਟ ਕਮੇਟੀ (ਬੀਆਰਏਸੀ)।
38. ਦੀ ਫੈਡਰਲ ਕਾਂਗਰਸ ਆਫ 150 ਡਿਵੈਲਪਮੈਂਟ ਗਰੁੱਪਸ ਇਨ ਜਰਮਨੀ (ਬੀਯੂਕੇਓ)।
39. ਬਰਦਰਜ਼ ਬਰਦਰ ਫਾਊਂਡੇਸ਼ਨ, ਯੂਐਸਏ।
40. ਭੁਵਨੇਸ਼ਵਰੀ ਮਹਿਲਾ ਆਸ਼ਰਮ, ਇੰਡੀਆ।
41. ਬੰਗਲੌਰ ਭੀਮਾ ਸੰਘ, ਇਡੀਆ।
42. ਭੂਦਾਨ/ਗ੍ਰਾਮੋਦਾਨ ਮੂਵਮੈਂਟ, ਇੰਡੀਆ
43. ਰਿਫਊਜੀ ਰੀਲੀਫ ਇੰਨਰਨੈਸ਼ਨਲ, ਯੂਐਸਏ।
44. ਭਾਰਤੀ ਆਦਿਮ ਜਾਤੀ ਸੇਵਾ ਸੰਘ, ਇੰਡੀਆ।
45. ਭਾਰਤ ਸੇਵਕ ਸਮਾਜ।
46. ਬਰੈਡ ਫਾਰ ਦੀ ਵਰਲਡ, ਜਰਮਨੀ।
47. ਦੀ ਬੰਬੇ ਅਰਬਨ ਇੰਡਸਟਰੀਅਲ ਲੀਗ ਫਾਰ ਡਿਵੈਲਪਮੈਂਟ (ਬੀਯੂਆਈਐਲਡੀ)
48. ਕੌਆਪਰੇਟਿਵ ਫਾਰ ਅਮੈਰੀਕਨ ਰੀਲੀਫ ਐਵਰੀਵੇਅਰ (ਸੀਏਆਰਈ)।
49. ਕਮਿਸ਼ਨ ਆਨ ਦੀ ਚਰਚਜ਼ ਪਾਰਟੀਸੀਪੇਸ਼ਨ ਇਨ ਡਿਵੈਲਪਮੈਂਟ, ਡਬਲਯੂ ਸੀ ਸੀ ਵੱਲੋਂ 1977 ਵਿੱਚ ਸਥਾਪਤ (ਸੀਸੀਪੀਡੀ)
50. ਸੈਂਟਰ ਫਾਰ ਵਰਲਡ ਡਿਵੈਲਪਮੈਂਟ ਐਜੂਕੇਸ਼ਨ, ਯੂ ਕੇ ( ਸੀਡਬਲਯੂ ਡੀਈ)।
51. ਦਾ ਕੌਆਡੀਨੇਸ਼ਨ ਮਕੈਨਿਜ਼ਮ ਆਫ 12 ਨੈਸ਼ਨਲ ਕੈਥੋਲਿਕ ਡਿਵੈਲਪਮੈਂਟ ਇਨ ਯੂਰਪ ਐਂਡ ਨੌਰਥ ਅਮਰੀਕਾ, (ਸੀਆਈਡੀਐਸਈ)।
52. ਕੈਥੋਲਿਕ ਰੀਲੀਫ ਸਰਵਿਸਜ਼, ਯੂਐਸਏ।
53. ਚਰਚ ਵਰਲਡ ਸਰਵਿਸ, ਯੂਐਸਏ।
54. ਕਰਿਸਚੀਅਨ ਇੰਸਟੀਚਿਊਟ ਫਾਰ ਦਾ ਸਟੱਡੀ ਆਫ ਰਿਲੀਜਨ ਐਂਡ ਸੋਸਾਇਟੀ, ਬੰਗਲੌਰ (ਸੀਆਈਐਸਆਰਐਸ)।
55. ਕੈਰੀਬੀਅਨ ਬੇਸਿਨ ਇੰਨੀਸ਼ੀਏਟਿਵ, ਯੂਐਸਏ।
56. ਕਰਿਸਚੀਅਨ ਚਿਲਡਰਨਜ਼ ਫੰਡ, ਯੂਐਸਏ।
57. ਕੌਂਸਲ ਫਾਰ ਕੈਰੇਬੀਅਨ ਇੰਸਟੀਚਿਊਸ਼ਨਜ਼ ਫਾਰ ਡਿਵੈਲਪਮੈਂਟ (ਸੀਓਯੂਐਨਸੀਏਆਰਆਈਡੀ)।
58. ਸੈਂਟਰ ਫਾਰ ਵਿਮੈਨਜ਼ ਡੀਵੈਲਪਮੈਂਟ ਸਟੱਡੀਜ਼।
59. ਕੌਂਸਲ ਫਾਰ ਡੀਵੈਲਪਮੈਂਟ, ਦਿੱਲੀ।
60. ਸੈਂਟਰ ਆਨ ਇੰਟੈਗਰੇਟਡ ਰੂਰਲ ਡੀਵੈਲਪਮੈਂਟ ਫਾਰ ਏਸ਼ੀਆ ਐਂਡ ਪੈਸੀਫਿਕ, ਬੰਗਲਾ ਦੇਸ਼ (ਸੀਆਈਆਰਡੀਏਪੀ)।
61 ਕਾਰਨੇਗੀ ਫਾਊਡੇਸ਼ਨ, ਯੂਐਸਏ।
62. ਕਰਿਸਚੀਅਨ ਏਡ, ਯੂਐਸਏ।
63. ਕੰਸਰਨਡ ਫਾਰ ਵਰਕਿੰਗ ਚਿਲਡਰਲ, ਯੂਐਸਏ (ਸੀਡਬਲਯੂਸੀ)।
64. ਚਰਚਜ਼ ਔਗਜ਼ਿਲਰੀ ਫਾਰ ਸ਼ੋਸਲ ਐਕਸ਼ਨ (ਸੀਏਐਸਏ)।
65. ਸੈਂਟਰ ਫਾਰ ਡਿਵੈਲਪਿੰਗ ਸੋਸਾਇਟੀਜ਼।
66. ਲੈਟਿਨ ਅਮੈਰੀਕਨ ਐਪਿਸਕੋਪਲ ਕੌਂਸਲ (ਸੀਈਐਲਏਐਮ)।
67. ਇੰਟਰਨੈਸ਼ਨਲ ਕੰਨਫਡਰੇਸ਼ਨ ਆਫ ਐਸੋਸੀਏਸ਼ਨ ਫਾਰ ਦੀ ਯੂਨੀਫੀਕੇਸ਼ਨ ਆਫ ਅਮੈਰੀਕਨ ਸੋਸਾਇਟੀਜ਼ ਫਾਰ ਲੈਟਿਨ ਅਮੈਰਿਕਾ (ਸੀਏਯੂਐਸਏ)।
68. ਕੰਸੋਰਟੀਅਮ ਆਫ ਪਰੋਟੈਸਟੈਂਟ ਐਂਡ ਕੈਥੋਲਿਕ ਡੀਵੈਲਪਮੇਂਟ ਗਰੁੱਪਸ (ਸੀਓਡੀਈਐਲ)।
69. ਸੈਂਟਰ ਫਾਰ ਸਟਰੈਟਜਿਕ ਇੰਟਰਨੈਸ਼ਨਲ ਸਟੱਡੀਜ਼, ਯੂਐਸਏ (ਸੀਐਸਆਈਐਸ)।
70 . ਕੌਂਸਲ ਫਾਰ ਡੀਫੈਂਸ ਆਫ ਫਰੀਡਮ, ਯੂਐਸਏ।
71. ਕੌਂਸਲ ਫਾਰ ਅਮੈਰੀਕਨ ਸਕਿਉਰਟੀ (ਸੀਆਈਐਸ)।
72. ਕੈਨੇਡੀਅਨ ਕੌਂਸਲ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (ਸੀਸੀਆਈਸੀ)।
73. ਸੀਈਪੀਏਐਲ, ਯੂਐਸਏ।
74. ਕੈਨੇਡੀਅਨ ਯੂਨੀਵਰਸਿਟੀ ਸਰਵਿਸ ਆਰਗੇਨਾਈਜੇਸ਼ਨ (ਸੀਯੂਐਸਓ)।
75. ਚਾਰਲਜ਼ ਐਫ ਕੈਟਰਿੰਗ ਫਾਉਂਡੇਸ਼ਨ।
76. ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ।
77. ਕਮਿਊਨਿਟੀ ਏਡ ਐਬਰੋਡ, ਇੰਡੀਆ, (ਸੀਏਏ)।
78. ਕਮਿਊਨਿਟੀ ਐਕਸ਼ਨ ਫਾਰ ਡੀਵੈਲਪਮੈਂਟ, ਇੰਡੀਆ।
79. ਚਿਪਕੋ ਅੰਦੋਲਨ ਇੰਡੀਆ।
80. ਕੰਪਰੀਹੈਂਸਿਵ ਰੂਰਲ ਔਪਰੇਸ਼ਨਜ਼ ਸਰਵਿਸ ਸੋਸਾਇਟੀ (ਸੀਆਰਓਐਸਐਸ)।
81. ਕੈਰੀਟਾਸ ਇਟੈਲੀਆਨਾ, ਇਟਲੀ।
82. ਕਰਿਚੀਅਨ ਏਡ ਐਬਰੋਡ, ਆਸਟਰੇਲੀਆ।
83. ਕਮਿਊਨਿਟੀ ਏਡ ਐਬਰੋਡ, ਆਸਟਰੇਲੀਆ।
84. ਕੈਨੇਡੀਅਨ ਹੰਗਰ ਫਾਉਂਡੇਸ਼ਨਜ਼।
85. ਸੀਈਬੀਈਐਮਓ, ਜਰਮਨੀ।
86 ਛਾਤਰਾ ਸੰਘਰਸ਼ ਯੁਵਾ ਵਹਿਨੀ, ਇੰਡੀਆ।
87. ਕੈਨੇਡੀਅਨ ਓਵਰਸੀਜ਼ ਇੰਟਰਨੈਸ਼ਨਲ।
88. ਕੌਂਸਲ ਫਾਰ ਐਡਵਾਂਸਮੈਂਟ ਆਫ ਪੀਪਲਜ਼ ਐਕਸ਼ਨ ਐਂਡ ਰੂਰਲ ਟੈਕਨਾਲੋਜੀ।
89. ਦਾਗ ਹਾਮਾਰਸਜੋਲਡ ਫਾਉਂਡੇਸ਼ਨ (1975)।
90. ਡਾਇਰੈਕਟ ਰੀਲੀਫ ਇੰਟਰਨੈਸ਼ਨਲ, ਯੂਐਸਏ।
91. ਦਲਿਤ ਸ਼ਿਕਸ਼ਾ ਅੰਦੋਲਨ (ਉਤਰ ਪ੍ਰੇਦਸ਼)।
92 ਦਿੱਲੀ ਫੌਰਮ।
93. ਦਿਸ਼ਾ (ਇੰਡੀਆ)।
94 ਡੀਫੈੋਂਸ ਆਫ ਚਿਲਡਰਨ ਇੰਟਰਨੈਸ਼ਨਲ।
95. ਡੈਂਟਲ ਹੈਲਥ ਇੱਟਰਨੈਸ਼ਨਲ ਯੂਐਸਏ।
96. ਡੈਨਿਸ ਇਟਰਨੈਸ਼ਨਲ ਡੀਵੈਲਪਮੈਂਟ ਏਜੰਸੀ।
97. ਦਾ ਐਕੂਮੈਨੀਕਲ ਡੀਵੈਲਪਮੈਂਟ ਫੰਡ।
98. ਐਨਵਾਇਰਮੈਂਟਲ ਲੀਅਨ ਸੈਟਰ (ਈਐਲਸੀ)।
99. ਈਈਸੀ/ਐਨਜੀਓ ਲੀਅਨ ਕਮੇਟੀ।
100. ਐਨਵਾਇਰਨਮੈਂਟ ਸਰਵਿਸ ਗਰੁੱਪ, ਇੰਡੀਆ।
101. ਏਕ ਆਤਮਾ ਸਮਾਜ ਕੇਂਦਰ, ਇੰਡੀਆ।
102. ਈਜੈਡਈ ਜਰਮਨੀ।
103. ਫੰਡਾਕੇਓਡ ਇੰਟੈਗਰੇਕਾਓ ਡੀਸੈਨਵੋਲਵੀਮੈਂਟ ਐਡੂਕਾਕੋਡੋ ਨੋਰੀਸਟੇ ਡੋ ਐਸਟਾਡੋ, ਬਰਾਜ਼ੀਲ (ਐਫਆਈਡੀਈਐਨਈ)।
104. ਫਰੈਂਡਜ਼ ਆਫ਼ ਅਮੈਰਿਕਾਜ਼।
105. ਫਰੈਡਰਿਚ ਏਬਰਟ ਸਟਿਫਟੰਗ (ਐਫਈਐਸ)ਜਰਮਨੀ।
106. ਫੂਡ ਫਾਰ ਦੀ ਹੰਗਰੀ, ਯੂਐਸਏ।
107. ਫੈਮਿਲੀ ਫਾਊਂਡੇਸ਼ਨ ਆਫ ਅਮੈਰਿਕਾ।
108. ਫੋਰਡ ਫਾਊਂਡੇਸ਼ਨ, ਯੂਐਸਏ।
109. ਫਾਦਰ ਲੈਂਡ ਐਂਡ ਲਿਬਰਟੀ, ਫਾਈਨਾਂਸਡ ਬਾਈ ਜਰਮਨ ਬਿਸ਼ਪਸ।
110. ਫੂਡ ਫਾਰ ਪੀਸ ਪ੍ਰੋਗਰਾਮ, ਯੂਐਸਏ।
111. ਫੰਡ ਫਾਰ ਅਫਰੀਕਨ ਡੀਵੈਲਪਮੈਂਟ, ਯੂਐਸਏ।
112. ਫਰੀਡਮ ਰੀਸਰਚ ਫਾਊਂਡੇਸ਼ਨ, ਯੂਐਸਏ (ਐਫਆਰਐਫ)।
113. ਫਰੀ ਕਾਂਗਰਸ ਐਂਡ ਐਜੂਕੇਸ਼ਨ ਫਾਊਂਡੇਸ਼ਨ ਯੂਐਸਏ।
114. ਫਰੀਡਮ ਫਰੋਮ ਹੰਗਰ ਕੰਪੇਨ/ਐਕਸ਼ਨ ਫਾਰ ਡੀਵੈਲਪਮੈਂਟ (ਇਸਟੈਬਲਿਸਡ ਇੰਨ 70'ਜ਼ ਬਾਈ ਐਫਏਓ) (ਐਫਐਫਐਚਸੀ)।
115. ਫੈਡਰੇਸ਼ਨ ਆਫ ਵਲੰਟੀਅਰ ਆਰਗੇਨਾਈਜੇਸ਼ਨ ਫਾਰ ਰੂਰਲ ਡੀਵੈਲਪਮੈਂਟ, ਇੰਡੀਆ (ਐਫਈਵੀਓਆਰਡੀ)।
116. ਫੌਰਮ ਫਾਰ ਅਫਰੀਕਨ ਵਲੰਟਰੀ ਡੀਵੈਲਪਮੇਂਟ ਆਰਗੇਨਾਈਜੇਸ਼ਨ (ਐਫਏਵੀਡੀਓ)।
117. ਗਾਂਧੀ ਪੀਸ ਫਾਂਊਡੇਸ਼ਨ, ਇੰਡੀਆ।
118. ਗਰਾਮਾਸ਼ਰਾਮਾ, ਇੰਡੀਆ।
119. ਗਰਾਮ ਵਿਕਾਸ ਕੇਂਦਰ।
120. ਗਰਾਮ ਵਿਕਾਸ ਸਵਾਸਰੀਆ ਸੰਗਮ।
121. ਗ੍ਰਾਂਟ ਫਾਊਂਡੇਸ਼ਨ ਯੂਐਸਏ।
122. ਗਰੀਕ ਕਮੇਟੀ ਫਾਰ ਇੰਟਰਨੈਸ਼ਨਲ ਡੈਮੋਕਰੇਟਿਕ ਸਾਲੀਡੈਰਿਟੀ।
123. ਗਲੋਬਲ ਵਾਟਰ, ਯੂਐਸਏ।
124. ਗਾਂਧੀ ਸਮਾਰਕਾ ਨਿਧੀ, ਇੰਡੀਆ।
125 ਹੈਲਥ ਐਕਸ਼ਨ ਇੰਟਰਨੈਸ਼ਨਲ।
126. ਹੈਲਨ ਕੀਲਰ ਇੰਟਰਨੈਸ਼ਨਲ, ਯੂਐਸਏ।
127. ਹਾਰਵਰਡ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਡੀਵੈਲਪਮੈਂਟ, ਯੂਐਸਏ।
128. ਹੈਲਨ ਕੈਲਰ ਇੰਟਰਨੈਸ਼ਨਲ, ਯੂਐਸਏ।
129. ਹੈਤੀਅਨ ਐਸੋਸੀਏਸ਼ਨ ਆਫ ਵਲੰਟਰੀ ਏਜੰਸੀਜ਼ (ਐਚਏਵੀਏ)।
130. ਹੈਲਪ ਦਾ ਏਜਡ, ਯੂਕੇ।
131. ਹਰੀਜਨ ਸੇਵਾ ਸੰਘ, ਇੰਡੀਆ।
132 ਇੰਟਰ ਅਮੈਰੀਕਨ ਫਾਊਂਡੇਸ਼ਨ-ਏ-ਸੈਮੀਆਟੋਨੋਮਸ ਯੂਐਸ ਗੌਰਮਿੰਟ ਏਜੰਸੀ ਦੈਟ ਫਾਈਨਾਨਸਜ਼ ਵਲੰਅਰੀ ਏਜੰਸੀਜ਼ ਇਨ ਲੈਟਿਨ ਅਮੈਰਿਕਾ ਐਂਡ ਦਾ ਕੈਰੇਬੀਅਨ।
133. ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰ ਡੀਵੈਲਪਮੈਂਟ (ਆਈਐਫਏਡੀ)।
134. ਇਟਰਨੈਸ਼ਨਲ ਸੈਂਟਰ ਫਾਰ ਵਲੰਟਰੀ ਐਕਸ਼ਨ , ਜੈਨੇਵਾ (ਆਈਸੀਵੀਏ)।
135. ਇੰਟਰਨੈਸ਼ਨਲ ਪਲੈਨਡ ਪੇਰੈਂਟਹੁੱਡ ਫੈਡਰੇਸ਼ਨ, ਯੂਐਸਏ।
136. ਇੰਟਰਨੈਸ਼ਨਲ ਕੰਨਫੈਡਰੇਸ਼ਨ ਆਫ ਫਰੀਡਮ ਯੂਨੀਅਨਜ਼ (ਆਈਸੀਐਫਟੀਯੂ)।
137. ਇੰਟਰਨੈਸ਼ਨਲ ਪੀਪਲਜ਼ ਹੈਲਥ ਕੌਂਸਲ, ਨਿਕਾਰਾਗੂਆ।
138 ਇੰਸਟੀਚਿਊਟ ਆਫ ਸੋਸ਼ਲ ਸਾਇੰਸ।
139. ਇੰਸਟੀਚਿਊਟ ਫਾਰ ਸੋਸ਼ਲ ਐਂਡ ਇਕਨਾਮਕ ਰੀਸਰਚ, ਐਜੂਕੇਸ਼ਨ ਐਂਡ ਇੰਨਫਰਮੇਸ਼ਨ (ਐਲਪੀ3ਈਐਸ), ਇੰਡੋਨੇਸ਼ੀਆ ਦੀ ਏਜੰਸੀ ਜਿਸਦੇ ਸਰਪ੍ਰਸਤ ਫੋਰਡ ਅਤੇ ਯੂਐਸਏਆਈਡੀ ਹਨ।
140. ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਜਰਨਲਿਸਟਸ।
141. ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਦੀ ਇਲੀਮੀਨੇਸ਼ਨ ਆਫ ਆਲ ਫਾਰਮਜ਼ ਆਫ ਰੇਸ਼ੀਅਲ ਡਿਸਕਰਿਮੀਨੇਸ਼ਨ।
142. ਇੰਟਰਨੈਸ਼ਨਲ ਫੈਡਰੇਸ਼ਨ ਆਫ ਰਜ਼ਿਸਟੈਸ ਮੂਵਮੇਂਟਸ।
143. ਇੰਟਰਨੈਸ਼ਨਲ ਲੀਅਨ ਕਮੇਟੀ ਫਾਰ ਦਾ ਪੀਸਫੁਲ ਰੀਯੂਨੀਫੀਕੇਸ਼ਨ ਆਫ ਕੋਰੀਆ।
144. ਇੰਟਰਨੈਸ਼ਨਲ ਕੁਲੀਸ਼ਨ ਫਾਰ ਡੀਵੈਲਪਮੇਂਟ ਆਲਟਰਨੇਟਿਵਜ਼ (ਆਈਐਫਡੀਏ)।
145. ਇੰਟਰਨੈਸ਼ਨਲ ਕੁਲੀਸ਼ਨ ਫਾਰ ਡੀਵੈਲਪਮੇਂਟ ਐਕਸ਼ਨ (ਆਈਸੀਡੀਏ)।
146. ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈਟਵਰਕ, ਯੂਐਸਏ (ਆਈਬੀਐਫਏਐਨ)।
147. ਇੰਟਰਐਕਸ਼ਨ, ਯੂਐਸਏ।
148 ਇੰਟਰਨੈਸ਼ਨਲ ਆਈ ਫਾਊਂਡੇਸ਼ਨ, ਯੂਐਸਏ।
149. ਇੰਟਰਨੈਸ਼ਨਲ ਸੈਂਟਰ ਫਾਰ ਰੀਸਰਚ ਆਨ ਵਿਮੈਨ, ਯੂਐਸਏ।
150. ਇੰਟਰਨੈਸ਼ਨਲ ਪੀਸ ਰੀਸਰਚ ਇੰਸਟੀਚਿਊਟ (ਐਸਆਈਪੀਆਰਆਈ) ਸਟੋਕਹੋਮ, ਓਸਲੋ।
151. ਇਟਰਨੈਸ਼ਨਲ ਹਾਰਟ ਆਫ ਜੀਸਸ।
152. ਇੰਟਰਨੈਸ਼ਨਲ ਰੈਸਕਿਊ ਕਮੇਟੀ, ਯੂਐਸਏ (ਆਈਆਰਸੀ)।
153 ਇੰਟਰਨੈਸ਼ਨਲ ਪਬਲਿਕ ਪਾਲਿਸੀ ਫਾਊਂਡੇਸ਼ਨ, ਯੂਐਸਏ (ਆਈਪੀਪੀਐਫ)।
154. ਇੰਟਰਨੈਸ਼ਨਲ ਪਬਲਿਕ ਪਾਲਿਸੀ ਰੀਸਰਚ ਕਾਰਪੋਰੇਸ਼ਨ, ਯੂਐਸਏ।
155. ਇੰਅਰਨੈਸ਼ਨਲ ਕੌਂਸਲ ਫਾਰ ਦਾ ਐਜੂਕੇਸ਼ਨ ਡੀਵੈਲਪਮੇਂਟ, ਯੂਐਸਏ।
156. ਇੰਟਰਨੈਸ਼ਨਲ ਡੀਵੈਲਪਮੈਂਟ ਕਾਨਫਰੰਸ ਫੌਰਮ।
157. ਇੰਟਰਨੈਸ਼ਨਲ ਡੀਵੈਲਪਮੈਂਟ ਰੀਸਰਚ ਸੈਂਟਰ, ਕੈਨੇਡਾ (ਆਈਡੀਆਰਸੀ)।
158. ਇੰਡੋਨੇਸ਼ੀਅਨ ਡੀਵੈਲਪਮੇਂਟ ਆਫ ਹਿਊਮਨ ਰੀਸੋਰਸਜ਼ ਇੰਨ ਰੂਰਲ ਏਰੀਆਜ਼ (ਆਈਐਨਡੀਐਚਆਰਆਰਏ)।
159. ਇੰਟਰਨੈਸ਼ਨਲ ਟਰਾਂਸਨੈਸ਼ਨਲ ਐਸੋਸੀਏਸ਼ਨਜ਼।
160. ਇਜਰਾਈਲ ਚੈਪਟਰ ਆਫ ਸੋਸਾਇਟੀ ਫਾਰ ਇੰਟਰਨੈਸ਼ਨਲ ਡੀਵੈਲਪਮੈਂਟ।
161 ਇੰਟਰਨੈਸ਼ਨਲ ਨਿਊਟਰੀਸ਼ਨ ਪਲਾਨਿੰਗ ਪ੍ਰੋਗਰਾਮ।
162. ਇੰਟਰਨੈਸ਼ਨਲ ਇੰਨਸੀਚਿਊਟ ਫਾਰ ਐਨਵਾਇਰਮੈਂਟ ਐਂਡ ਡੀਵੈਲਪਮੈਂਟ।
163. ਇੰਟਰ ਰਚਰਚ ਕੋਆਪਰੇਟਿਵ, ਜਰਮਨੀ।
164. ਇੰਡੋ ਜਰਮਨ ਸੋਸ਼ਲ ਸਰਵਿਸ ਸੋਸਾਇਟੀ (ਐਮਆਈਐਸਈਆਰਓਆਰ)।
165. ਇੰਡੀਅਨ ਸੋਸ਼ਲ ਇੰਸਟੀਚਿਊਟ, ਬੰਗਲੌਰ।
166. ਇੰਸਟੀਚਿਊਟ ਫਾਰ ਮੋਟੀਵੇਟਿੰਗ ਸੈਲਫ ਐਮਪਲਾਇਮੈਂਟ, ਕਲਕੱਤਾ (ਆਈਐਮਐਸਈ)।
167. ਇੰਡੀਅਨ ਸਕੂਲ ਫਾਰ ਰੀਸਰਚ ਐਂਡ ਐਜੂਕੇਸ਼ਨ, ਬੰਬਈ।
168. ਦਾ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ (ਆਈਜੀਐਮਟੀ)।
169. ਦਾ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ।
170. ਇੰਸਟੀਚਿਊਟ ਆਫ ਯੂਥ ਐਂਡ ਡਿਸਾਸਟਰ ਪਰੀਪੇਅਰਡਨੈਸ, ਇੰਡੀਆ।
171. ਇੰਟਰਨੈਸ਼ਨਲ ਨੈਟਵਰਕ ਆਫ ਫਿਲਪਾਈਨ ਸਟੱਡੀਜ਼।
172. ਇੰਟਰਨੈਸ਼ਨਲ ਲੀਗ ਫਾਰ ਰਾਈਟਸ ਐਂਡ ਲਿਬਰਟੀਜ਼ ਆਫ ਪੀਪਲਜ਼।
173. ਜਨਸ਼ਕਤੀ, ਇੰਡੀਆ।
174. ਜਨਵਿਕਾਸ ਅੰਦੋਲਨ, ਇੰਡੀਆ।
175. ਜਾਇੰਟ ਵਰਕਿੰਗ ਗਰੁੱਪ ਆਨ ਡੀਵੈਲਪਮੈਂਟ ਐਜੂਕੇਸ਼ਨ।
176. ਜਾਪਾਨ ਐਨਜੀਓ ਸਟੱਡੀ ਗਰੁੱਪ।
177 ਜਵਾਹਰਲਾਲ ਨਹਿਰੂ ਮੈਮੋਰੀਅਲ ਫੰਡ।
178. ਕੈਲੈਗ ਫਾਊਂਡੇਸ਼ਨ, ਯੂਐਸਏ।
179. ਕੀਨੀਆ ਐਨਰਜੀ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਜ਼ ਐਸੋਸੀਏਸ਼ਨ (ਕੇਈਐਨਜੀ)।
180. ਕ੍ਰਿਸ਼ਨਾਮੂਰਥੀ ਇੰਟਰਨੈਸ਼ਨਲ ਐਗਰੀਕਲਚਰ ਡੀਵੈਲਪਮੈਂਟ ਫਾਊਂਡੇਸ਼ਨ, ਇੰਡੀਆ, (ਕੇਆਈਏਡੀਐਫ)।
181. ਕਸਤੂਰਬਾ ਗਾਂਧੀ ਨੈਸ਼ਨਲ ਮੇਮੋਰੀਅਲ ਟਰੱਸਟ, ਇੰਡੀਆ (ਕੇਜੀਐਨਐਮਟੀ)।
182. ਕਮਲਾ ਨਹਿਰੂ ਹਸਪਤਾਲ ਟਰੱਸਟ।
183. ਕੋਨਰਾਡ ਐਂਡਨਿਊ ਫੰਡ, ਜਰਮਨੀ।
184. ਲੀਗਲ ਰੀਸੋਰਸਜ਼ ਫਾਰ ਸੋਸ਼ਲ ਐਕਸ਼ਨ, ਇੰਡੀਆ।
185. ਲਿਲੀ ਫਾਊਂਡੇਸ਼ਨ, ਯੂਐਸਏ।
186. ਲਾਈਵ ਏਡ/ਬੈਂਡ ਏਡ, ਯੂਕੇ।
187. ਲ2ੂਥੀਰਨ ਵਰਲਡ ਫੈਡਰੇਸ਼ਨ (ਜੈਨੇਵਾ)।
188. ਲੂਥੀਰਨ ਵਰਲਡ ਰੀਲੀਫ, ਯੂਐਸਏ।
189. ਲੋਕਾਯਾਨ-ਰਾਕਫੈਲਰ ਫੰਡਡ ਇਸਟੀਚਿਊਟ ਆਫ ਰਜਨੀ ਕੋਠਾਰੀ।
190. ਮੈਨੋਨਾਈਟ ਸੈਂਟਰਲ ਕਮੇਟੀ, ਯੂਐਸਏ।
191. ਮੌਟ ਫਾਊਂਡੇਸ਼ਨ, ਯੂਐਸਏ।
192. ਮਰਯਾਦਾ, ਇੰਡੀਆ (ਐਮਵਾਈਆਰਡੀਏ)।
193. ਮਲਟੀ ਐਕਸ਼ਨ ਰੀਸਰਚ ਗਰੁੱਪ, ਇੰਡੀਆ (ਮਾਰਗ)।
194. ਨਾਗਾਲੈਂਡ ਪੀਸ ਸੈਂਟਰ, ਇੰਡੀਆ।
195. ਨਰਮਦਾ ਬਚਾਓ ਅੰਦੋਲਨ (ਐਨਬੀਏ)।
196. ਨੈਸ਼ਨਲ ਕੰਪੇਅਨ ਫਾਰ ਹਾਊਸਿੰਗ ਰਾਈਟਸ, ਇੰਡੀਆ (ਐਨਸੀਐਚਆਰ)।
197. ਨੈਸ਼ਨਲ ਕੌਂਸਲ ਫਾਰ ਇੰਅਰਨੈਸ਼ਨਲ ਹੈਲਥ, ਵਸ਼ਿੰਗਟਨ,ਡੀ.ਸੀ.।
198. ਨੈਸ਼ਨਲ ਨੇਚਰ ਐਜੂਕੇਸ਼ਨ ਫਾਊਂਡੇਸ਼ਨ।
199. ਨੈਸ਼ਨਲ ਆਰਗੇਨਾਈਜੇਸ਼ਨ ਫਾਰ ਵਿਮੈਨ, ਯੂਐਸਏ (ਐਨਓਡਬਲਯੂ)।
200. ਨੈਸ਼ਨਲ ਸੈਂਟਰ ਫਾਰ ਸਿਟੀਜ਼ਨ ਇਨਵਾਲਵਮੈਂਟ, ਯੂਐਸਏ।
201. ਦਾ ਨਿਕਾਰਾਗੂਆ ਰਿਫੂਜੀ ਫੰਡ, ਯੂਐਸਏ।
202. ਨੈਸ਼ਨਲ ਇੰਸਟੀਚਿਊਟ ਆਫ ਰੂਰਲ ਇੰਨਟੈਗਰੇਟਡ ਡੀਵੈਲਪਮੈਂਟ, ਇੰਡੀਆ (ਐਨਆਈਆਰਆਈਡੀ)।
203. ਨੌਰਵੇਜ਼ੀਅਨ ਏਜੰਸੀ ਫਾਰ ਇੰਟਰਨੈਸ਼ਨਲ ਡੀਵੈਲਪਮੈਂਟ, ਓਸਲੋ (ਐਨਓਆਰਏਡੀ)।
204. ਨੀਦਰਲੈਂਡ ਆਰਗੇਨਾਈਜੇਸ਼ਨ ਫਾਰ ਇੰਟਰਨੈਸ਼ਨਲ ਡੀਵੈਲਪਮੈਂਟ ਕੋਆਪਰੇਸ਼ਨ (ਐਨਓਵੀਆਈਡੀੇ)।
205 . ਨੀਦਰਲੈਂਡ ਆਰਗੇਨਾਈਜੇਸ਼ਨ ਫਾਰ ਇੰਟਰਨੈਸ਼ਨਲ ਡੀਵੈਲਪਮੈਂਟ ਕੋਆਪਰੇਸ਼ਨ (ਐਨਵਾਈਕੇ)।
206. ਓਵਰਸੀਜ਼ ਡੀਵੈਲਪਮੈਂਟ ਕੌਂਸਲ, ਯੂਕੇ।
207. ਓਵਰਸੀਜ਼ ਐਜੂਕੇਸ਼ਨ ਫੰਡ, ਵਾਸ਼ਿੰਗਟਨ, ਡੀਸੀ।
208. ਔਕਸਫਾਮ, ਅਮੈਰਿਕਾ।
209. ਔਕਸਫਾਮ, ਯੂਕੇ।
210. ਓ.ਈ.ਸੀ.ਡੀ. ਡੀਵੈਲਪਮੈਂਟ ਸੈਂਟਰ।
211. ਆਰਗੇਨਾਈਜੇਸ਼ਨ ਆਫ ਰੂਰਲ ਐਸੋਸੀਏਸ਼ਨਜ਼ ਫਾਰ ਪ੍ਰੋਗਰੈਸ, ਜਿੰਮਬਾਵੇ (ਓਆਰਏਪੀ)।
212. ਆਪਰੇਸ਼ਨ ਸੈਲਫ ਹੈਲਪ (ਓਐਸਐਚ)।
213 ਪੈਨ ਅਮੈਰੀਕਨ ਡੀਵੈਲਪਮੈਂਟ ਫਾਊਂਡੇਸ਼ਨ।
214. ਪਾਟਰਨਰਸ਼ਿੱਪ ਫਾਰ ਪਰੋਡਕਟੀਵਿਟੀ, ਯੂਐਸਏ।
215. ਪਾਰਟਰਨਰਜ਼ ਆਫ ਦਾ ਅਮੈਰਿਕਾਜ਼, ਯੂਐਸਏ।
216. ਪੀਸ ਐਕਸ਼ਨ ਨਾਗਾਲੈਂਡ।
217. ਪੀਪਲਜ਼ ਐਜੂਕੇਸ਼ਨ ਐਂਡ ਡੀਵੈਲਪਮੈਂਟ ਆਰਗੇਨਾਈਜੇਸ਼ਨ, ਰਾਜਸਥਾਨ (ਪੀਈਡੀਓ)।
218. ਪੀਪਲਜ਼ ਸੈਂਟਰ ਫਾਰ ਕਮਿਊਨਲ ਹਾਰਮੋਨੀ ਬੰਬਈ (ਪੀਸੀਸੀਐਚ)।
219. ਪਲੈਨਡ ਪੇਰੈਂਟਹੁੱਡ ਫਾਊਂਡੇਸ਼ਨ, ਯੂਐਸਏ।
220. ਪੌਂਟੀਫੀਸ਼ੀਅਲ ਮਿਸ਼ਨ ਏਡ ਸੁਸਾਇਟੀ।
221. ਪਾਪੂਲੇਸ਼ਨ ਐਕਸ਼ਨ ਇੰਟਰਨੈਸ਼ਨਲ, ਯੂਐਸਏ (ਪੀਏਆਈ)।
222. ਪ੍ਰੋਗਰਾਮ ਫਾਰ ਕਮਿਊਨਿਟੀ ਐਕਸ਼ਨ ਕੇਰਲਾ।
223. ਪ੍ਰੋਗਰਾਮ ਆਨ ਨਾਨ ਪ੍ਰਾਫਿਟ ਆਰਗੇਨਾਈਜੇਸ਼ਨਜ਼।
224. ਪ੍ਰੋਜੈਕਟ ਕਨਸਰਨ ਇੰਟਰਨੈਸ਼ਨਲ, ਯੂਐਸਏ।
225. ਪ੍ਰੋਟੈਸਟੈਂਟ ਰਿਲੀਫ ਐਂਡ ਡੀਵੈਲਪਮੈਂਟ ਏਜੰਸੀ, ਨਿਕਾਰਾਗੂਆ।
226. ਪ੍ਰੇਮ-ਪੀਪਲਜ਼ ਰੂਰਲ ਐਜੂਕੇਸ਼ਨ ਮੂਵਮੈਂਟ, ਇੰਡੀਆ।
227. ਪਬਲਿਕ ਇੰਟਰਨੈਸ਼ਨਲ ਰੀਸਰਚ ਗਰੁੱਪ, ਨਵੀਂ ਦਿੱਲੀ (ਪੀਆਈਆਰਜੀ)।
228. ਫਿਲਪਾਈਨ ਬਿਜ਼ਨਸ ਫਾਰ ਸੋਸ਼ਲ ਪ੍ਰੋਗਰੈਸ, ਮਨੀਲਾ (ਪੀਬੀਐਸਪੀ)।
229. ਪਾਪੂਲੇਸ਼ਨ ਐਂਡ ਕਮਿਊਨਿਟੀ ਡੀਵੈਲਪਮੈਂਟ ਏਜੰਸੀ (ਪੀਡੀਏ)।
230. ਪ੍ਰਾਈਵੇਟ ਏਜੰਸੀਜ਼ ਕੋਲੇਬੋਰੇਟਿੰਗ ਟੂਗੈਦਰ, ਯੂਐਸਏ (ਪੀਏਸੀਟੀ)।
231. ਪ੍ਰਾਈਵੇਟ ਏਜੰਸੀਜ਼ ਇਨ ਇੰਟਰਨੈਸ਼ਨਲ ਡੀਵੈਲਪਮੈਂਟ , ਵਾਸ਼ਿੰਗਟਨ ਡੀ ਸੀ (ਪੀਏਆਈਡੀ)।
232. ਪੁਲਮਾਰਾ, ਇੰਡੀਆ।
233. ਪਾਰਟਨਰ ਫਾਰ ਡੀਵੈਲਪਮੈਂਟ ਆਫ ਹਿਊਮਨ ਰੀਸੋਰਸ ਇਨ ਰੂਰਲ ਏਰੀਆ, ਮਨੀਲਾ (ਪੀਐਚਆਈਐਲਡੀਐਚਆਰਆਰਏ - ਫਿਲਪਾਈਨ)।
234. ਪ੍ਰੋਫੈਸ਼ਨਲ ਅਸਿਸਟੈਂਸ ਫਾਰ ਡੀਵੈਲਪਮੈਂਟ ਐਕਸ਼ਨ (ਪੀਆਰਏਡੀਏਐਨ)।
235. ਪੀਪਲਜ਼ ਸਾਇੰਸ ਇੰਸਟੀਚਿਊਟ, ਇੰਡੀਆ (ਪੀਐਸਆਈ)।
236. ਪ੍ਰੋਗਰਾਮ ਆਫ ਅਡਵਾਂਸ ਸਟੱਡੀਜ਼ ਇਨ ਇਨਸਟੀਚਿਊਸ਼ਨਲ ਬਿਲਡਿੰਗ ਐਂਡ ਟੈਕਨੀਕਲ ਅਸਿਸਟੈਂਸ ਮੈਥੋਡੋਲੋਜੀ (ਯੂਐਸਏਆਈਡੀ)।
237. ਪੀਪਲਜ਼ ਐਕਸ਼ਨ ਫਾਰ ਪਾਰਟੀਸੀਪੇਟਰੀ ਐਕਸ਼ਨ ਰੀਸਰਚ, ਇੰਡੀਆ (ਪੀਆਈ ਪੀਏਆਰ)।
238. ਸੁਸਾਇਟੀ ਫਾਰ ਪਾਰਟੀਸੀਪੇਟਰੀ ਰੀਸਰਚ ਇਨ ਏਸ਼ੀਆ, ਇੰਡੀਆ (ਪੀਆਰਆਈਏ)।
239. ਰਾਜੀਵ ਗਾਂਧੀ ਫਾਊਂਡੇਸ਼ਨ।
240. ਰਾਮਾਕ੍ਰਿਸ਼ਨਾ ਮਿਸ਼ਨ, ਇੰਡੀਆ।
241. ਰ{ੌਕਫੈਲਰ ਫਾਊਂਡੇਸ਼ਨ।
242. ਰ{ੂਰਲ ਡੀਵੈਲਪਮੈਂਟ ਅਡਵਾਈਜ਼ਰੀ ਸਰਵਿਸ, ਸਿਕੰਦਰਾਬਾਦ, ਇੰਡੀਆ।
243. ਰਸਲਸੇਜ ਫਾਊਂਡੇਸ਼ਨ।
244. ਸਹਾਇਕ (ਉਤਰ ਪ੍ਰਦੇਸ਼)।
245. ''ਸੰਧਾਨ''।
246. ਸਮਵਰਧਨ, ਗੁਜਰਾਤ।
247. ਸਾਲਵੇਸ਼ਨ ਆਰਮੀ।ੋ
248. ਸਾਸਾਕਾਵਾ ਪੀਸ ਫਾਊਂਡੇਸ਼ਨ, ਟੋਕੀਓ।
249. ਸੇਵ ਦਾ ਚਿਲਡਰਨ, ਯੂਐਸਏ।
250. ਸੇਵ ਏ ਫੈਮਲੀ ਪਲਾਨ ਕੈਨੇਡਾ (ਐਸਏਐਫਪੀ)।
251. ਸਰਵੋਦਿਆ ਸਰੱਮਾਦਾਨ ਮੂਵਮੈਂਟ, ਇੰਡੀਆ।
252. ਸਾਵਰ ਗੋਨੋਸ਼ਸ਼ਠੀਆ ਕੇਂਦਰ।
253. ਸਰਵ ਸੇਵਾ ਸੰਘ, ਇੰਡੀਆ।
254. ਸਾਰਵਾਸ ਇੰਟਰਨੈਸ਼ਨਲ।
255. ਸੀ. ਅਵਰਜ਼ ਕੈਥੋਲੀਕ, ਫਰਾਂਸ।
256. ਸ਼ਾਂਤੀ ਸੈਨਾ ਮੰਡਲ, ਇੰਡੀਆ।
257. ਦਾ ਸਵਿਸ ਡੀਵੈਲਪਮੈਂਟ ਕਾਰਪੋਰੇਸ਼ਨ/ਇੰਟਰ ਕਾਰਪੋਰੇਸ਼ਨ, ਸਵਿਟਰਜ਼ਲੈਂਡ (ਐਸਡੀਸੀ)।
258. ਐਸਈਐਲਏਵੀਆਈਪੀ।
259. ਸਵੀਡਿਸ਼ ਇੰਟਰਨੈਸ਼ਨਲ ਡੀਵੈਲਪਮੈਂਟ ਏਜੰਸੀ (ਐਸਆਈਡੀਏ)।
260. ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਵੇਸਟ ਲੈਂਡ ਡੀਵੈਲਪਮੈਂਟ, ਇੰਡੀਆ, ਲੂਜਲੀ ਲਿੰਕਡ ਵਿਦ ਫੋਰਡ ਫਾਂਊਂਡੇਸ਼ਨ (ਐਸਪੀਡਬਲਯੂਡੀ)।
261. ਸਾਊਥ ਏਸ਼ੀਅਨ ਪਾਰਟਨਰਸ਼ਿੱਪ, ਕੈਨੇਡਾ।
262. ਸਾਊਥ ਏਸ਼ੀਅਨ ਹਿਊਮਨ ਰਾਈਟਸ ਡਾਕੂਮੈਂਟਸ਼ਨ ਸੈਂਟਰ, ਇੰਡੀਆ।
263. ਸ੍ਰੀ ਲੰਕਾ ਐਨਜੀਓ ਕੌਂਸਲ। 
264. ਐਸਆਰਸੀ (ਕੌਝੀਕੋਡੇ, ਇੰਡੀਆ)।
265. ਸੋਸ਼ਲ ਸਰਵਿਸ ਨੈਸ਼ਨਲ ਕੋਆਰਡੀਨੇਸ਼ਨ ਕੌਂਸਲ, ਨੇਪਾਲ (ਐਸਐਸਐਸਟਸੀਸੀ)।
266 ਸੂਤਰਾ, ਇੰਡੀਆ (ਐਸਯੂਟੀਆਰਏ)।
267. ਐਸਈਡਬਡਯੂਏ ਆਫ ਇਲਾ ਭੱਟ।
268. ਸੁਲੱਭ ਇੰਟਰਨੈਸ਼ਨਲ, ਇੰਡੀਆ।
269. ਟਾਟਾ ਰੀਲੀਫ ਕਮੇਟੀ, ਇੰਡੀਆ।
270. ਦਾ ਐਕਸ਼ਨ ਰੀਸਰਚ ਯੂਨਿਟ, ਇੰਡੀਆ, ਥਰਡ ਵਰਲਡ ਨੈਟਵਰਕ (ਟੀਏਆਰਯੂ)।
271. ਟੈਕਨੀਕਲ ਅਸਿਸਟੈੋਂਸ ਇਨਫਰਮੇਸ਼ਨ ਕਲੀਰਿੰਗ ਹਾਊਸ, ਨਿਊਯਾਰਕ (ਟੀਏਆਈਸੀਐਚ)।
272. ਟੈਕਨੋਸਰਵ, ਯੂਐਸਏ।
273. ਟ੍ਰਿਕਲ-ਅਪ ਪ੍ਰੋਗਰਾਮ ਯੂਐਸਏ।
274. ਯੂਨਾਈਟਡ ਬਲੈਕ ਫੰਡ, ਯੂਐਸਏ।
275. ਯੂਨੀਫੀਕੇਸ਼ਨ ਚਰਚ ਇਨ ਸਾਊਥ ਕੋਰੀਆ।
276. ਅਰਬਨ ਇੰਡਸਟਰੀਅਲ ਰੂਰਲ ਮਿਸ਼ਨ ਵਰਲਡ ਕੌਂਸਲ ਆਫ ਚਰਚਜ਼ ਦੀ ਸਰਪ੍ਰਸਤੀ ਹੇਠ।
277. ਯੂਨੀਸੈਫ ਡੀਵੈਲਪਮੈਂਟ ਐਜੂਕੇਸ਼ਨ ਸੈਂਟਰ।
278. ਯੂਐਨ ਆਫਿਸ ਆਫ ਐਮਰਜੈਂਸੀ ਆਪਰੇਸ਼ਨ ਇਨ ਅਫਰੀਕਾ।
279. ਯੂਕੇ ਇੰਡੀਪੈਂਡੈਂਟ ਗਰੁੱਪ।
280. ਯੂਨੀਅਨ ਆਫ ਇੰਟਰਨੈਸ਼ਨਲ ਐਸੋਸੀਏਸ਼ਨਜ਼ (ਯੂਆਈਏ)।
281. ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡੀਵੈਲਪਮੈਂਟ (ਯੂਐਸਏਆਈਡੀ)।
282. ਯੂਐਸ ਡੇ ਰਾਨਸ ਫਾਊਂਡੇਸ਼ਨ।
283. ਯੂਐਸ ਇਨਫਰਮੇਸ਼ਨ ਸਰਵਿਸ (ਯੂਐਸਆਈਐਸ)।
284. ਵਿਕਲ, ਇੰਡੀਆ।
285. ਵਲੰਟਰੀ ਯੂਐਸ ਫਾਰੇਨ ਏਡ ਪ੍ਰੋਗਰਾਮ।
286 ਵਲੰਟਰੀ ਹੈਲਥ ਐਸੋਸੀਏਸ਼ਨ ਆਫ ਇੰਡੀਆ।
287. ਵਲੰਟਰੀਅਰਜ਼ ਇਨ ਟੈਕਨੀਕਲ ਅਸਿਸਟੈਂਸ, ਯੂਐਸਏ (ਵੀਆਈਟੀਏ)।
288. ਵਲੰਟਰੀ ਐਕਸ਼ਨ ਨੈਟਵਰਕ ਆਫ ਇੰਡੀਆ (ਵੀਏਐਨਆਈ)।
289. ਵਲੰਟਰੀ ਆਰਗੇਨਾਈਜੇਸ਼ਨ ਇਨ ਕਮਿਊਨਿਟੀ ਐਂਟਰਪਰਾਈਜ਼, ਜ਼ਿੰਮਬਾਵੇ (ਵੀਓਆਈਸੀਈ)। 
290. ਵਨ ਵਾਸੀ ਸੇਵਾ ਕੇਂਦਰ, ਇੰਡੀਆ (ਵੀਵੀਐਸਕੇ)।
291. ਵਾਰ ਰਜ਼ਿਸਟਰਜ਼ ਇੰਟਰਨੈਸ਼ਨਲ, ਵਿਸਕਾਨਸਿਨ, ਯੂਐਸਏ।
292. ਵਿਮੈਨਜ਼ ਡੀਵੈਲਪਮੈਂਟ ਪ੍ਰਾਜੈਕਟ, ਰਾਜਸਥਾਨ।
293. ਵਰਲਡ ਵਿਜ਼ਨ, ਯੂਐਸਏ।
294. ਵਰਲਡ ਕੌਂਸਲ ਆਫ ਚਰਚਜ਼।
295. ਵਰਲਡ ਨੇਬਰਜ਼, ਯੂਐਸਏ।
296. ਵਰਲਡ ਬੈਂਕ/ਐਨਜੀਓ ਕਮੇਟੀ।
297. ਵਰਕਿੰਗ ਗਰੁੱਪ ਆਨ ਅਲਟਰਨੇਟਿਵ ਸਟਰੈਟਜੀਜ਼, ਨਿਊ ਦਿੱਲੀ।
298. ਵਰਲਡ ਪੀਸ ਕੌਂਸਲ।
299. ਵਰਲਡ ਐਸੋਸੀਏਸ਼ਨ ਆਫ ਗਰਲ ਗਾਈਡਜ਼ ਐਂਡ ਸਕਾਊਟਸ।
300. ਵਰਲਡ ਫੈਡਰੇਸ਼ਨ ਆਫ ਮੈਥੋਡਿਸਟ ਵਿਮੈਨ।
301. ਦਾ ਵਰਲਡ ਮੈਡੀਕਲ ਰਿਲੀਫ ਇੰਨਕੋਰਪੋਰੇਟਡ ਯੂਐਸਏ।
302. ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼।
303. ਵਰਲਡ ਐਜੂਕੇਸ਼ਨ।
304. ਵਰਲਡ ਕੰਨਫੈਡਰੇਸ਼ਨ ਆਫ ਟੀਚਿੰਗ ਪ੍ਰੋਫੈਸ਼ਨ।
305. ਇੰਸਟੀਚਿਊਟ ਫਾਰ ਵਿਮੈਨ ਐਂਡ ਡੀਵੈਲਪਮੈਂਟ (ਡਬਲਯੂਏਐਨਡੀ)।
306. ਵਰਕਿੰਗ ਵਿਮੇਨ ਫੋਰਮ, ਇੰਡੀਆ (ਡਬਲਯੂਡਲਯੂਐਫ)।
307. ਵਰਲਡ ਵਾਈਲਡਲਾਈਫ ਫੰਡ (ਡਬਲਯੂਡਲਯੂਐਫ)। 
308. ਯੰਗ ਮੈਨ ਕਰਿਸਚੀਅਨ ਐਸੋਸੀਏਸ਼ਨ (ਵਾਈਐਮਸੀਏ)। 
309. ਯੰਗ ਵਿਮੈਨ ਕਰਿਸਚੀਅਨ ਐਸੋਸੀਏਸ਼ਨ (ਵਾਈਡਬਲਯੂਸੀਏ)।
310. ਯੰਗ ਸਟੂਡੈਂਟਸ ਮੂਵਮੈਂਟ ਫਾਰ ਡੀਵੈਲਪਮੈਂਟ, ਇੰਡੀਆ (ਵਾਈਐਸਐਮਡੀ)।
311. ਯਾਇਅਸਮ ਦਿਆਨ ਦੇਸਾ, ਏਸ਼ੀਆ।
312. ਜਾਂਬੀਆਂ ਕੌਂਸਲ ਫਾਰ ਸੋਸ਼ਲ ਡੀਵੈਲਪਮੈਂਟ।  
 
ਅਤੇ ਅਜਿਹੀਆਂ ਹੀ ਹੋਰ ਬਹੁਤ ਸਾਰੀਆਂ  ਸੰਸਥਾਵਾਂ