Tuesday, November 28, 2017

ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦੀ ਘਿਣਾਉਣੀ ਹਰਕਤ ਬੰਦ ਕੀਤੀ ਜਾਵੇ - ਜਮਹੂਰੀ ਅਧਿਕਾਰ ਸਭਾ


ਜਮਹੂਰੀ ਅਧਿਕਾਰ ਸਭਾ ਨੇ ਦਿਆਲ ਸਿੰਘ ਕਾਲਜ ਦਿੱਲੀ ਦਾ ਨਾਮ ਬਦਲਣ ਨੂੰ ਇਕ ਜਾਣਬੁਝ ਕੇ ਨੀਤੀਗਤ ਸ਼ਰਾਰਤ ਦੱਸਦੇ ਹੋਏ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜਮਹੂਰੀ ਸਭਾ ਦੇ ਪ੍ਰਧਾਨ ਪੋ੍ਰਫੈਸਰ ਏ ਕੇ ਮਲੇਰੀ , ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ, ਮੀਤ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਨਾਮ ਬਦਲੀ ਦੀ ਚਾਲ ਪਿਛਲੇ ਕੁਝ ਸਮੇਂ ਤੋ ਅਪਨਾਈ ਜਾ ਰਹੀ ਭਗਵੀਂ ਨੀਤੀ ਦਾ ਹਿੱਸਾ ਹੀ ਹੈ ਜਿਸ ਦੇ ਤਹਿਤ ਇਤਿਹਾਸ ਨੂੰ ਵਿਗਾੜਣ ਤੇ ਭੁਲੇਖਾ ਪਾਊ ਬਣਾਉਣ ਦੀ ਕੁਹਜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿਆਲ ਸ਼ਿੰਘ ਕਾਲਜ ਦੇ ਪ੍ਰਬੰਧਕ ਬੇਵਕੂਫ ਨਹੀ ਕਿ ਇਹ ਨਾਂ ਜਾਣਦੇ ਹੋਣ ਕਿ ਸਰਦਾਰ ਦਿਆਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਲਹਿਣਾ ਸਿੰਘ ਦੇ ਪੁੱਤਰ ਸਨ। ਲਹਿਣਾ ਸਿੰਘ ਪੰਜਾਬ ਦੀ ਆਜ਼ਾਦਾਨਾ ਹਸਤੀ ਸਥਾਪਤ ਕਰਨ ਵਾਲੇ ਪਹਿਲੇ ਜਰਨੈਲਾਂ ਵਿਚੋਂ ਸਨ ਜਿਨ੍ਹਾਂ ਦੀ ਕਾਬਲੀਅਤ ਨੇ ਮਹਾਰਾਜਾ ਰਣਜੀਤ ਸ਼ਿੰਘ ਨੂੰ ਕਾਮਯਾਬੀ ਦਿਵਾਈ। ਉਹ ਵਿਗਿਆਨਕ ਵਿਚਾਰਾਂ ਦੇ ਧਾਰਨੀ, ਕੁਸ਼ਲ ਪ੍ਰਬੰਧਕ ਤੇ ਈਮਾਨਦਾਰ, ਦਿਆਲੂ ਵਿਅਕਤੀ ਸਨ। ਦਿਆਲ ਸਿੰਘ ਜਿਹਨਾਂ ਨੇ ਦਰਬਾਰ ਸਾਹਿਬ ਦੀ ਲੰਬਾ ਸਮਾ ਸੇਵਾ ਕੀਤੀ, ਸਵਾਮੀ ਦਯਾਨੰਦ ਦੇ ਪੰਜਾਬ ਦੌਰੇ ਦੌਰਾਨ ਮੇਜ਼ਬਾਨ ਰਹੇ ਅਤੇ ਪੰਜਾਬ ਦੀ ਪੁਨਰ ਜਾਗਰਿਤੀ ਦੇ ਅਲੰਬਰਦਾਰ ਸਨ। ਉਹਨਾਂ ਨੇ ਆਪਣੀ ਕਾਰੋਬਾਰੀ ਕਮਾਈ ਸਮਾਜਿਕ ਜਾਗਰਿਤੀ ਦੇ ਲੇਖੇ ਲਾਈ। ਜਿਵੇਂ ਪਹਿਲੀ ਪਬਲਿਕ ਲਾਇਬ੍ਰੇਰੀ ਸਥਾਪਿਤ ਕਰਨਾ , ਕਾਲਜ ਖੋਹਲਣਾ, ਪੰਜਾਬ ਯੁਨੀਵਰਸਟੀ ਬਣਾਉਣ ਵਿਚ ਮੋਹਰੀ ਹਿੱਸਾ ਪਾਉਣਾ, ਜਨਤਕ ਹਿਤ ਦੇ ਵਿਚਾਰਾਂ ਦੇ ਪਰਗਟਾਵੇ ਲਈ ਟਿ੍ਰਬਿਊਨ ਅਖ਼ਬਾਰ ਸਥਾਪਤ ਕਰਨਾ , ਕੌਮੀ ਬੈਂਕ ਪੰਜਾਬ ਨੈਸ਼ਨਲ ਬੈਂਕ ਸਥਾਪਿਤ ਕਰਨਾ ਅਤੇ ਚਲਾਉਣਾ। ਉਹਨਾਂ ਨੇ ਆਪਣੀ ਜਾਇਦਾਦ ਲੋਕ ਹਿਤਾਂ ਲਈ ਟਰਸਟ ਦੇ ਨਾਂ ਕੀਤੀ। ਕੀ ਇਸ ਇਤਿਹਾਸਕ ਸਮਾਜਿਕ ਦੇਣ ਨੂੰ ਮਿਟਾਉਣ ਦਾ ਯਤਨ ਇਨਸਾਨੀਅਤ ਵਿਰੋਧੀ ਤੇ ਨਵੀੰ ਪੀੜੀ ਨੂੰ ਗੁੰਮਰਾਹ ਕਰਨਾ ਨਹੀਂ ਹੈ? ਉੱਪਰੋਂ ਸਿਤਮਜ਼ਰੀਫ਼ੀ ਇਹ ਕਿ ਹਰ ਦਲੀਲ਼ ਨੂੰ ਹੈਂਕੜ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਾਜਸ਼ੀ ਦਿਮਾਗਾਂ ਦੀ ਖ਼ੂਬੀ ਹੀ ਹੋ ਸਕਦੀ ਹੈ।
ਇਹਨਾਂ ਪ੍ਰਬੰਧਕਾਂ ਦੀ ਮਾਨਸਿਕਤਾ ਆਰ ਕੇ ਨਾਰਾਇਣ ਦੀ ਲੋਲੇ ਰੋਡ ਕਹਾਣੀ ਦੇ ਪਾਤਰਾਂ ਦੀ ਯਾਦ ਦਿਵਾਉਂਦੀ ਹੈ। ਜੋ ਕਿ ਪਹਿਲਾਂ ਅੰਗਰੇਜਾਂ ਦਾ ਦਲਾਲ ਹੁੰਦਾ ਹੈ ਅਤੇ 15 ਅਗਸਤ ਤੋਂ ਬਾਅਦ ਨਵਾਂ ਰਾਸ਼ਟਰਵਾਦੀ ਬਨਣ ਲਈ ਸੜਕਾਂ ਦੇ ਨਾਂ ਬਦਲਣ ਨੂੰ ਰਾਸ਼ਟਰ ਸੇਵਾ ਕਹਿੰਦਾ ਹੈ ਤੇ ਫਿਰ ਲੋਲੇ ਦਾ ਬੁਤ ਹਟਾਉਣ ਲਈ ਲੋਕਾਂ ਨੂੰ ਜਜ਼ਬਾਤੀ ਕਰਦਾ ਹੈ ਤੇ ਜਦ ਪਤਾ ਲਗਦਾ ਹੈ ਕਿ ਮਿਸਟਰ ਲੌਲੇ ਤਾਂ ਲੋਕ ਹਿਤੇਸ਼ੀ ਸੀ ਤਾਂ ਆਪਣੀ ਬੇਵਕੂਫੀ ਨੂੰ ਲੁਕੋਣ ਲਈ ਲੱਖਾਂ ਰੁਪਏ ਖ਼ਰਚਦਾ ਹੈ।
ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਕਾਲਜ ਦਾ ਨਾਂ ਬਦਲਣ ਦਾ ਅਹਿਮਕਾਨਾ ਫ਼ੈਸਲਾ ਵਾਪਸ ਲਿਆ ਜਾਵੇ ਤੇ ਪ੍ਰਬੰਧਕ ਇਸ ਘਿਣਾਉਣੀ ਹਰਕਤ ਦੀ ਜਨਤਾ ਤੋਂ ਮੁਆਫ਼ੀ ਮੰਗਣ।
ਜਾਰੀ ਕਰਤਾ : 


ਪ੍ਰੈੱਸ ਸਕੱਤਰ
ਮਿਤੀ: 27. 11. 2017

No comments:

Post a Comment