Friday, December 25, 2015

ਵਹਿਸ਼ੀ ਅਬੋਹਰ ਕਾਂਡ ਨਾਲ ਜੁੜੇ ਸਿਆਸੀ ਅਤੇ ਸ਼ਰਾਬ ਮਾਫੀਏ ਦੇ ਤੰਦ

ਵਹਿਸ਼ੀ ਅਬੋਹਰ ਕਾਂਡ ਨਾਲ ਜੁੜੇ ਸਿਆਸੀ ਅਤੇ ਸ਼ਰਾਬ ਮਾਫੀਏ ਦੇ ਤੰਦ
ਜਮਹੂਰੀ ਅਧਿਾਕਰ ਸਭਾ ਪੰਜਾਬ
ਸੱਤਾਧਾਰੀ ਪਾਰਟੀ ਅਕਾਲੀ ਦਲ ਬਾਦਲ ਦੇ ਹਲਕਾ ਅਬੋਹਰ ਇੰਚਾਰਜ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ’ਤੇ 11 ਦਸੰਬਰ ਨੂੰ ਦੁਪਿਹਰੇ ਭੀਮ ਟਾਂਕ ਦੀਆਂ ਬੇਕਿਰਕੀ ਨਾਲ ਲੱਤਾਂ ਬਾਹਾਂ ਵੱਢ ਕੇ ਕੀਤੇ ਗਏ ਕਤਲ ਅਤੇ ਉਸਦੇ ਸਾਥੀ ਜੰਟੇ ਦੀ ਲੱਤ ਅਤੇ ਬਾਂਹ ਵੱਢ ਕੇ ਜਾਨ ਲੈਣ ਵਾਲੀ ਵਹਿਸ਼ੀ ਕੋਸ਼ਿਸ਼ ਦੀ ਘਟਨਾ ਨੇ ਪੰਜਾਬ ਸਮੇਤ ਦੇਸ਼ ਭਰ ਦੇ ਮਾਨਵੀ ਹਿਰਦਿਆਂ ਨੂੰ ਵਲੂੰਦਰ ਦਿੱਤਾ। ਇੱਕ ਪਾਸੇ ਲੋਕ ਸਭਾ ਵਿੱਚ ਐਮ.ਪੀ. ਹਰਸਿਮਰਨਜੀਤ ਕੌਰ ਬਾਦਲ ਨੇ ਇਸ ਨੂੰ ਗੈਂਗ ਵਾਰ ਕਹਿਕੇ ਪੱਲਾ ਛੜਾਉਣ ਦੀ ਕੋਸ਼ਿਸ਼ ਕੀਤੀ ਅਤੇ ਦੂਜੇ ਪਾਸੇ ਅਬੋਹਰ ਦੇ ਬਾਲਮੀਕੀ ਸਮਾਜ ਅਤੇ ਇਨਸਾਫ ਪਸੰਦ ਸ਼ਹਿਰੀਆਂ ਨੇ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਿਵ ਲਾਲ ਡੋਡਾ ਸਮੇਤ ਕਾਂਡ ’ਚ ਸ਼ਾਮਲ ਸਾਰੇ ਦੋਸ਼ੀਆਂ ਖਿਲਾਫ਼ ਕਤਲ ਦੇ ਮੁਕੱਦਮੇ ਦਰਜ ਕਰਨ ਦੀ ਮੰਗ ਕੀਤੀ। ਘਟਨਾ ਦੀ ਗੰਭੀਰਤਾ ਨੂੰ ਸਮਝਦੇ ਹੋਏ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਡਾ. ਪਰਮਿੰਦਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ), ਨਰਭਿੰਦਰ (ਸੂਬਾ ਜਥੇਬੰਦਕ ਸਕੱਤਰ), ਪਿ੍ਰਤਪਾਲ ਸਿੰਘ ਤੇ ਅਮਰਜੀਤ ਬਾਈ(ਸੂਬਾ ਕਮੇਟੀ ਮੈਂਬਰ) ਅਤੇ ਜਗਸ਼ੀਰ ਜੀਦਾ (ਇਨਕਲਾਬੀ ਕਵੀ) ਅਧਾਰਿਤ ਪੜਤਾਲੀਆ ਕਮੇਟੀ ਬਣਾਕੇ ਘਟਨਾ ਦੀ ਤਹਿ ਹੇਠ ਕੰਮ ਕਰਦੇ ਕਾਰਕਾਂ ਨੂੰ ਲੋਕਾਂ ਅੱਗੇ ਰੱਖਣ ਦਾ ਫੈਸਲਾ ਕੀਤਾ। ਕਮੇਟੀ ਨੇ ਭੀਮ ਟਾਂਕ ਦੇ ਪਰਿਵਾਰ, ਸੰਤ ਨਗਰ ਅਬੋਹਰ ਵਿੱਚ ਧਰਨਾ ਦੇ ਰਹੀ ਐਕਸ਼ਨ ਕਮੇਟੀ, ਸ਼ਹਿਰੀਆਂ, ਪੱਤਰਕਾਰਾਂ, ਅਮਨਦੀਪ ਹਸਪਤਾਲ ਅੰਮਿ੍ਰਤਸਰ ਵਿੱਚ ਦਾਖਲ ਗੁਰਜੰਟ ਸਿੰਘ ਜੰਟਾ ਅਤੇ ਗੁਰਜੰਟ ਸਿੰਘ ਦੇ ਮਾਮਾ ਭੋਲਾ ਤੋਂ ਜਾਣਕਾਰੀ ਲਈ। ਟੀਮ ਸ਼ਿਵ ਲਾਲ ਦੋਦਾ ਦੇ ਫਾਰਮ ਹਾਊਸ ਅਤੇ ਭੀਮ ਟਾਂਕ ਵੱਲੋਂ ਚਲਾਏ ਜਾ ਰਹੇ ‘ਪੰਜਾਬੀ ਤੜਕਾ’ ਨਾਮੀ ਢਾਬੇ ’ਤੇ ਵੀ ਗਈ ਅਤੇ ਘਟਨਾ ਨਾਲ ਸੁਬੰਧਿਤ ਐੱਫ. ਆਈ. ਆਰ. ਦੀ ਘੋਖ ਵੀ ਕੀਤੀ।
ਪੰਜਾਬ ਦੇ ਪੱਛੜੇ ਇਲਾਕੇ ਵਜੋਂ ਜਾਣੇ ਜਾਂਦੇ ਅਬੋਹਰ ਵਿੱਚ ਇੱਕ ਪਾਸੇ ਵੱਡੇ ਵੱਡੇ ਫਾਰਮ ਹਨ ਅਤੇ ਦੂਜੇ ਪਾਸੇ ਗਰੀਬ ਕਿਸਾਨੀ ਅਤੇ ਜ਼ਮੀਨ ਵਿਹੂਣੇ ਤਬਕੇ ਹਨ। ਸ਼ਹਿਰ ਵਿੱਚ ਅਮੀਰ ਬੰਗਲੇ ਅਤੇ ਗ਼ਰੀਬ ਬਸਤੀਆਂ ਹਨ ਟੀਮ ਨੂੰ ਭੀਮ ਟਾਂਕ ਦੇ ਪਿਤਾ ਸ੍ਰੀ ਕਪੂਰ ਟਾਂਕ ਬਾਲਮੀਕੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੇ ਦੋ ਲੜਕੇ ਅਤੇ ਦੋ ਲੜਕੀਆਂ ਹਨ। ਵੱਡਾ ਲੜਕਾ ਭੀਮ ਸਰੀਰ ਪੱਖੋਂ ਸਿਹਤਮੰਤ ਅਤੇ ਕੱਦ ਕਾਠ ਵਾਲਾ ਸੀ। ਉਸਦਾ ਕੱਦ 6 ਫੁੱਟ 2 ਇੰਚ ਅਤੇ ਉਮਰ 24 ਸਾਲ ਸੀ। ਸਾਡਾ ਪਰਿਵਾਰ ਬੱਸ ਸਟੈਂਡ ਨੇੜੇ ਬਰਫ਼ ਵੇਚਣ ਦਾ ਕੰਮ ਕਰਦਾ ਸੀ। ਭੀਮ ਹੋਰੀ ਦੋਨੇ ਭਰਾ ਇਸ ਕੰਮ ਵਿੱਚ ਮੇਰੇ ਸਹਿਯੋਗੀ ਸਨ। ਇੱਥੇ ਕੰਮ ਕਰਦਿਆਂ 6 ਕੁ ਸਾਲ ਪਹਿਲਾਂ ਭੀਮ ਦਾ ਵਾਹ ਸ਼ਰਾਬ ਦੇ ਵੱਡੇ ਵਪਾਰੀ ਸ਼ਿਵ ਲਾਲ ਡੋਡਾ ਦੇ ਭਤੀਜੇ ਅਮਿਤ ਲਾਲ ਡੋਡਾ ਨਾਲ ਪਿਆ ਅਤੇ ਅਮਿਤ ਨੇ ਭੀਮ ਨੂੰ ਆਪਣੇ ਸ਼ਰਾਬ ਦੇ ਕਾਰੋਬਾਰ ਵਿੱਚ ਕੰਮ ਕਰਨ ਲਾ ਲਿਆ। ਛੇਤੀ ਹੀ ਭੀਮ ਨੇ ਸਾਧਾਰਨ ਕਰਿੰਦੇ ਤੋਂ ਚੱਲ ਕੇ ਉਹਨਾਂ ਦੇ ਸ਼ਰਾਬ ਦੇ ਕਾਰੋਬਾਰ ਦੀ ਵੱਡੀ ਜ਼ਿੰਮੇਵਾਰੀ ਸੰਭਾਲ ਲਈ। ਪਿੱਛਲੇ 6 ਸਾਲਾਂ ਦੌਰਾਨ ਭੀਮ ਨੇ ਅਬੋਹਰ ਤੋਂ ਇਲਾਵਾ ਅੰਮਿ੍ਰਤਸਰ, ਤਰਨਤਾਰਨ, ਬਟਾਲਾ, ਬਰਨਾਲਾ ਅਤੇ ਜਲੰਧਰ ਆਦਿ ਹੋਰ ਇਲਾਕਿਆਂ ਵਿੱਚ ਵੀ ਸ਼ਰਾਬ ਦੇ ਕਾਰੋਬਾਰ ਦੀ ਜ਼ਿੰਮੇਵਾਰੀ ਨਿਭਾਈ। ਬਹੁਤ ਸਾਰੇ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਡੋਡਾ ਪਰਿਵਾਰ ਦੇ ਸ਼ਰਾਬ ਦੇ ਕਾਰੋਬਾਰ ਦੇ ਵਿਸਥਾਰ ਸਮੇਂ ਉਸਦਾ ਟਕਰਾਅ ਅੰਮਿ੍ਰਤਸਰ ਦੇ ਸਥਾਨਿਕ ਸ਼ਰਾਬ ਮਾਫ਼ੀਏ ਨਾਲ ਹੋਇਆ ਜਿਸ ਦੇ ਪਿੱਛੇ ਬਿਕਰਮਜੀਤ ਮਜੀਠੀਆ ਦੇ ਹੋਣ ਦੇ ਚਰਚੇ ਹਨ। ਇਸ ਟਕਰਾਅ ਵਿੱਚ ਭੀਮ ਅਬੋਹਰ ਅਤੇ ਹੋਰ ਥਾਵਾਂ ਤੋਂ ਆਪਣੇ ਲੱਠਮਾਰ ਉੱਥੇ ਲੈ ਕੇ ਗਿਆ। ਉਹ ਡੋਡਾ ਪਰਿਵਾਰ ਦੇ ਬਹੁਤ ਨੇੜੇ ਹੋ ਗਿਆ। ਇਸ ਪਿੱਛੋਂ ਭੀਮ ਟਾਂਕ ਦਾ ਅਮਿਤ ਡੋਡੇ ਨਾਲ ਕੋਈ ਤਕਰਾਰ ਹੋ ਗਿਆ ਜਿਸ ਪਿੱਛੋਂ ਅਮਿਤ ਡੋਡੇ ਨੇ ਭੀਮ ਹੱਥੋਂ ਜ਼ਿੰਮੇਵਾਰੀ ਖੋਹ ਕੇ ਹਰਪ੍ਰੀਤ ਹੈਰੀ ਨਾਂ ਦੇ ਇੱਕ ਹੋਰ ਕਰਿੰਦੇ ਨੂੰ ਦੇ ਦਿੱਤੀ ਅਤੇ ਭੀਮ ਟਾਂਕ ਨੂੰ ਬਰਨਾਲੇ ਭੇਜ ਦਿੱਤਾ। ਦੱਸਿਆ ਗਿਆ ਕਿ ਪਿੱਛੋਂ ਹੈਰੀ ਦੀ ਅੰਮਿ੍ਰਤਸਰ ਵਿੱਚ ਕੋਈ ਕੁੱਟਮਾਰ ਵੀ ਹੋਈ। ਇਸ ਸਮੇਂ ਦੌਰਾਨ ਭੀਮ ਟਾਂਕ ਨੇ ਸ਼ਿਵ ਲਾਲ ਡੋਡਾ ਦੇ ਕਾਰੋਬਾਰ ਤੋਂ ਪਾਸੇ ਹੋ ਕੇ ਛੇ ਕੁ ਮਹੀਨੇ ਪਹਿਲਾਂ ਅਬੋਹਰ ਸ਼ਹਿਰ ਵਿੱਚ ਗੰਗਾਨਗਰ ਬਾਈਪਾਸ ਦੇ ਆਪਣਾ ਢਾਬਾ ਖੋਲ੍ਹ ਲਿਆ। ਇਹ ਵੀ ਜਾਣਕਾਰੀ ਮਿਲੀ ਕਿ ਉਹ ਟਾਟਾ ਪਿੱਕਅਪ ਯੂਨੀਅਨ ਦਾ ਪ੍ਰਧਾਨ ਵੀ ਰਿਹਾ।
ਪਰਿਵਾਰ, ਕਮੇਟੀ ਅਤੇ ਹੋਰ ਸ਼ਹਿਰੀਆਂ ਦੇ ਦੱਸਣ ਮੁਤਾਬਿਕ ਨੇ ਸ਼ਿਵ ਲਾਲ ਡੋਡਾ ਦੇ ਗੈਰ ਕਾਨੂੰਨੀ ਕਾਰੋਬਾਰ ਦੀ ‘ਸੇਵਾ’ ਕਰਦਿਆਂ ਭੀਮ ਟਾਂਕ ’ਤੇ ਕੋਈ ਪੌਣੀ ਦਰਜ਼ਨ ਦੇ ਲੱਗਭੱਗ ਮੁਕੱਦਮੇ ਅਬੋਹਰ ਅਤੇ ਹੋਰ ਸ਼ਹਿਰਾਂ ਵਿੱਚ ਦਰਜ ਹੋਏ। ਸ਼ਰਾਬ ਮਾਫੀਏ ਦੇ ਸਰਗਣੇ ਸ਼ਿਵ ਲਾਲ ਡੋਡਾ ਲਈ ਜਿੱਥੇ ਭੀਮ ਟਾਂਕ ਨੇ ਪੁੱਠੇ ਸਿੱਧੇ ਕੰਮ ਕੀਤੇ ਉੱਥੇ ਉਹਨਾਂ ਦੇ ਸ਼ਿਸ਼ਕਾਰ ਅਤੇ ਥਾਪੜੇ ਨਾਲ ਭੀਮ ਦੀ ਇੱਕ ਧਾਕੜ ਛਵੀ ਬਣ ਗਈ ਸੀ। ਭੀਮ ਟਾਂਕ ਦੇ ਨੇੜਲੇ ਹਲਕਿਆਂ ਅਨੁਸਾਰ ਉਹ ਸ਼ਰਾਬ ਦੇ ਧੰਦੇ ਚੋਂ ਨਿਕਲ ਗਿਆ ਸੀ ਅਤੇ ਢਾਬਾ ਚਲਾ ਕੇ ਆਪਣੇ ਪਿਛੋਕੜ ਨੂੰ ਭੁੱਲਣਾ ਚਾਹੁੰਦਾ ਸੀ। ਪਰ ਸ਼ਿਵ ਲਾਲ ਡੋਡਾ ਉਸਨੂੰ ਇਸ ਕਾਰੋਬਾਰ ਵਿੱਚ ਮੁੜ ਸ਼ਾਮਲ ਕਰਨ ਲਈ ਯਤਨਸ਼ੀਲ ਸੀ ਜਿਸ ਵਾਸਤੇ ਅਮਿਤ ਡੋਡਾ ਨੇ ਪਲੋਸਣ, ਧਮਕੀਆਂ ਦੇਣ, ਹੋਰ ਪੁਲੀਸ ਕੇਸਾਂ ’ਚ ਉਲਝਾਉਣ ਅਤੇ ਇੱਕ ਔਰਤ ਸੇਵਕਾ ਰਾਹੀਂ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਸਨ। ਅਮਿਤ ਡੋਡਾ ਨੇ ਭੀਮ ਟਾਂਕ ਨੂੰ ਫਾਰਮ ਹਾਊਸ ’ਤੇ ਮਿਲਣ ਆਉਣ ਲਈ ਬਹੁਤ ਸਾਰੇ ਸੁਨੇਹੇ ਭੇਜੇ ਪਰ ਉਹ ਨਾ ਗਿਆ। ਆਖਰ ਇੱਕ ਔਰਤ ਨੂੰ ਢਾਬੇ ’ਤੇ ਭੇਜ ਕੇ ਭੀਮ ਟਾਂਕ ਨੂੰ ਆਪਣੇ ਜ਼ਾਲ ਵਿੱਚ ਫਸਾ ਲਿਆ ਅਤੇ ‘ਔਰਤ ਨਾਲ ਜਬਰਦਸਤੀ ਕਰਨ ਦੇ ਕੇਸ’ ਦੀ ਧਮਕੀ ਦੇ ਕੇ ਫਾਰਮ ਹਾਊਸ ਪਹੁੰਚਣ ਲਈ ਮਜ਼ਬੂਰ ਕਰ ਦਿੱਤਾ।
ਪਰਿਵਾਰ ਅਤੇ ਗੁਰਜੰਟ ਸਿੰਘ ਜੰਟੇ ਮੁਤਾਬਕ ਭੀਮ ਨੂੰ 10 ਦਸੰਬਰ ਦੀ ਰਾਤ ਅਤੇ 11 ਦਸੰਬਰ ਨੂੰ ਸਵੇਰੇ 10 ਵਜ਼ੇ ਹੈਰੀ ਦੇ ਡੋਡਾ ਫਾਰਮ ’ਤੇ ਪਹੁੰਚ ਕੇ ਸਮਝੋਤਾ ਕਰਨ ਲਈ ਫੋਨ ਆਏ। 11 ਦਸੰਬਰ ਨੂੰ ਦਪਿਹਰ 12ਕੁ ਵਜ਼ੇ ਭੀਮ ਟਾਂਕ ਗੁਰਜੰਟ ਸਿੰਘ ਜੰਟੇ ਅਤੇ ਤਿੰਨ ਹੋਰ ਮਿੱਤਰਾਂ ਨੂੰ ਲੈ ਕੇ ਡੋਡਾ ਫਾਰਮ ’ਤੇ ਪਹੁੰਚ ਗਿਆ ਅਤੇ ਹੈਰੀ ਦੇ ਫੋਨ ਰਾਹੀ ਹੀ ਗੇਟ ਕੀਪਰ ਨੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ। ਇਹਨਾਂ ਪੰਜਾਂ ਨੂੰ ਗੇਟ ਨਾਲ ਲਗਦੇ ਗੈਸਟ ਹਾਊਸ ਵਿੱਚ ਬਿਠਾ ਦਿੱਤਾ ਅਤੇ ਬਾਅਦ ’ਚ ਭੀਮ ਟਾਂਕ ਅਤੇ ਗੁਰਜੰਟ ਸਿੰਘ ਜੰਟੇ ਨੂੰ ਬੁਲਾ ਕੇ ਅੱਗੇ ਲੈ ਗਏ। ਥੋੜੇ ਸਮੇਂ ਬਾਅਦ ਬੈਠਿਆਂ ਚੋਂ ਇੱਕ ਜਣਾ ਬਾਹਰ ਆਇਆ ਜਿਸ ਨੇ ਅੱਗੇ ਖੁੱਲੇ ਪਾਰਕ ਚੋਂ ਚੀਕਾਂ ਸੁਣੀਆਂ ਅਤੇ ਤਾਂ ਨਾਲ ਆਏ ਤਿੰਨੇ ਜਣੇ ਡਰਦੇ ਬਾਹਰ ਭੱਜ ਗਏ ਗੁਰਜੰਟ ਸਿੰਘ ਜੰਟੇ ਅਨੁਸਾਰ ਅੰਦਰ ਹਰਪ੍ਰੀਤ ਹੈਰੀ, ਰਾਜਾ, ਵਜ਼ੀਰ, ਰਾਧੇ ਸ਼ਾਮ, ਗੁਲਾਬੀਆਂ, ਦਵਿੰਦਰ, ਹੈਪੀ, ਵਿੱਕੀ ਪੰਡਤ, ਸਿਮਰਨ, ਛੱਜੂ ਸਮੇਤ 25-30 ਬੰਦੇ ਸਨ ਜਿਹਨਾਂ ਕੋਲ ਲੋਹੇ ਦੇ ਖਾਪੇ ਸਨ। ਉਹਨਾਂ ਭੀਮ ਟਾਂਕ ਨੂੰ ਥੱਲੇ ਸੁੱਟ ਕੇ ਪਹਿਲਾਂ ਉਸਦੇ ਗਿੱਟਿਆਂ ਕੋਲੋਂ ਦੋਨੋ ਪੈਰ ਤੇ ਫਿਰ ਦੋਨੇ ਗੁੱਟ ਵੱਢ ਦਿੱਤੇ ਅਤੇ ਫੇਰ ਮੋਢਿਆਂ ਕੋਲੋਂ ਦੋਨੇ ਬਾਹਵਾਂ ਵੱਢ ਸੁੱਟੀਆਂ। ਭੀਮ ਨੂੰ ਤੜਫਦਾ ਛੱਡ ਕੇ ਉਹ ਗੁਰਜੰਟ ਵੱਲ ਹੋਏ ਉਹਦਾ ਇੱਕ ਹੱਥ ਵੱਢ ਦਿੱਤਾ ਅਤੇ ਇੱਕ ਲੱਤ ’ਤੇ ਟੋਕੇ ਦਾ ਵਾਰ ਕੀਤਾ ਕਿ ਰੌਲਾ ਪੈ ਗਿਆ। ਭੀਤ ਟਾਂਕ ਦੇ ਸੱਥਰ ’ਤੇ ਬੈਠੇ ਉਸਦੇ ਪਿਤਾ ਅਤੇ ਲੋਕਾਂ ਅਨੁਸਾਰ ਕਿਸੇ ਨੇ ਪੁਲੀਸ ਨੂੰ ਇਸ ਘਟਨਾ ਸਬੰਧੀ 181 ਨੰਬਰ ਫੋਨ ਉਪਰ ਇਤਲਾਹ ਦੇ ਦਿੱਤੀ ਸੀ ਜਿਸਦੀ ਤਸਦੀਕ ਐੱਸ. ਐੱਸ. ਪੀ. ਦੇ ਦਫਤਰ ’ਚ ਹਾਜ਼ਰ ਇੱਕ ਸ਼ਹਿਰੀ ਨੇ ਕੀਤੀ। ਪਰ ਪੁਲੀਸ ਹਰਕਤ ’ਚ ਨਾ ਆਈ। ਗੁਰਜੰਟ ਦੇ ਇੱਕ ਬਿਆਨ ਮੁਤਾਬਿਕ ਹਤਿਆਰੇ ਹੈਰੀ ਹੋਰਾਂ ਦਾ ਟੋਲਾ ਕਹਿ ਰਿਹਾ ਸੀ ਕਿ “ਅਮਿਤ ਡੋਡਾ ਨੇ ਕਿਹਾ ਹੈ ਕਿ ਸਾਡਾ ਕੰਮ ਛੱਡ ਕੇ ਜਾਣ ਵਾਲੇ ਭੀਮ ਨੂੰ ਐਸਾ ਸਬਕ ਸਿਖਾ ਦਿਓ ਕਿ ਉਹ ਕਿਸੇ ਕੰਮ ਜੋਗਾ ਨਾ ਰਹੇ।” ਉੱਥੇ ਇਸ ਮੌਕੇ ਮੇਰਾ ਮਾਮਾ ਭੋਲਾ ਅਤੇ ਭਰਾ ਰਾਣਾ ਆ ਗਏ ਜੋ ਸਾਨੂੰ ਅਬੋਹਰ ਸਿਵਲ ਹਸਪਤਾਲ ਲੈ ਆਏ। ਗੁਰਜੰਟ ਸਿੰਘ ਜੱਟੇ ਨੇ ਕਿਹਾ ਕਿ ਸਾਡੇ ਵੱਢੇ ਟੁੱਕੇ ਹੱਥ ਪੈਰ ਦੇਖ ਕੇ ਸਿਵਲ ਹਸਪਤਾਲ ਅਬੋਹਰ ਦੀ ਡਾਕਟਰ ਕੰਬ ਗਈ। ਪਰ ਉੱਥੇ ਕੋਈ ਪ੍ਰਬੰਧ ਨਾ ਹੋਣ ਕਰਕੇ ਜ਼ਖਮੀਆਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਭੀਮ ਟਾਂਕ ਦੀ ਅੰਮਿ੍ਰਤਸਰ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ।
ਭੀਮ ਦੇ ਮਿ੍ਰਤਕ ਸਰੀਰ ਨੂੰ ਵਾਪਸ ਅਬੋਹਰ ਲਿਆਉਂਦੇ ਸਮੇ ਪੁਲੀਸ ਨੇ ਰਸਤੇ ਵਿੱਚ ਰੋਕ ਕੇ ਫ਼ਾਜ਼ਿਲਕਾ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਉਣ ਲਈ ਦਬਾਅ ਪਾਇਆ। ਭੀਮ ਦੇ ਭਰਾ ਇੰਦਰ ਦੇ ਤਕਰਾਰ ਅਤੇ ਲੋਕਾਂ ਦੇ ਵਿਰੋਧ ਪਿੱਛੋਂ ਇਸ ਨੂੰ ਟਾਲਣਾ ਪਿਆ। ਭੀਮ ਦੀ ਲਾਸ਼ ਨੂੰ ਰੋਕਣ ਵਾਲੇ ਪੁਲੀਸ ਦੇ ਕਾਫਲੇ ਵਿੱਚ ਇੱਕ ਗੱਡੀ ਨੰਬਰ ਪੀਬੀ22ਐਲ 7557 ਵੀ ਸੀ । ਲੋਕਾਂ ਮੁਤਬਿਕ ਇਹ ਗੱਡੀ ਸ਼ਿਵਲਾਲ ਡੋਡਾ ਦੇ ਕਾਰੋਬਾਰ ਵਿੱਚ ਆਮ ਵਰਤੀ ਜਾਂਦੀ ਹੈ। ਪੁਲੀਸ ਨੇ 11 ਦਸੰਬਰ ਇਸ ਸਬੰਧੀ ਕੋਈ ਐਫ.ਆਈ. ਆਰ. ਦਰਜ ਨਹੀਂ ਕੀਤੀ। 12 ਦਸੰਬਰ ਨੂੰ ਲੋਕਾਂ ਦੇ ਰੋਸ ਪ੍ਰਗਟ ਕਰਨ ਪਿੱਛੋਂ ਸਵੇਰੇ ਸਵਾ ਚਾਰ ਵਜ਼ੇ ਹੀਰਿਪੋਰਟ ਦਰਜ ਕੀਤੀ ਜਿਸ ਵਿੱਚੋਂ ਸ਼ਿਵ ਲਾਲ ਡੋਡਾ ਪਰਿਵਾਰ ਨੂੰ ਪਾਸੇ ਰੱਖਿਆ।
ਸ਼ਿਵ ਲਾਲ ਡੋਡਾ ਦਾ ਪਿਛੋਕੜ: ਸ਼ਹਿਰ ਵਾਸ਼ੀਆਂ ਅਤੇ ਅਖਬਾਰੀ ਰਿਪੋਰਟਾਂ ਮੁਤਾਬਿਕ ਅਰੋੜਾ ਬਰਾਦਰੀ ਨਾਲ ਸਬੰਧਿਤ ਸ਼ਿਵ ਲਾਲ ਡੋਡਾ ਇੱਕ ਗਰੀਬ ਪਰਿਵਾਰ ਸੀ। ਉਸਦਾ ਪਿਤਾ ਸਬਜ਼ੀ ਵੇਚਦਾ ਸੀ ਅਤੇ ਸ਼ਿਵ ਲਾਲ ਡੋਡਾ ਉਰਫ ਸ਼ੋਲ੍ਹੀ ਬਰਫ ਦਾ ਫੱਟਾ ਲਾਉਂਦਾ ਸੀ। 30 ਤੋ 35 ਸਾਲ ਪਹਿਲਾਂ ਬਰਫ ਦੇ ਅੱਡੇ ’ਤੇ ਕੰਮ ਕਰਦਿਆਂ ਇੱਕ ਮਾਮੂਲੀ ਤਕਰਾਰ ‘ਚ ਸ਼ਿਵ ਲਾਲ ਨੇ ਇੱਕ ਵਿਅਕਤੀ ਦੇ ਛੂਰਾ ਮਾਰ ਦਿੱਤਾ। ਸ਼ਿਵ ਲਾਲ ਡੋਡਾ ਦਿੱਲੀ ਭੱਜ ਗਿਆ ਅਤੇ ਉਸਦੇ ਭਾਈ ਨੂੰ ਸਜ਼ਾ ਹੋ ਗਈ। ਸ਼ਿਵ ਲਾਲ ਨੇ ਹਰਿਆਣੇ ਤੋਂ ਨਜਾਇਜ਼ ਸ਼ਰਾਬ ਲਿਜਾਕੇ ਦਿੱਲੀ ਵੇਚਣ ਦਾ ਧੰਦਾ ਸ਼ੁਰੂ ਕੀਤਾ ਅਤੇ ਆਪਣੇ ਕਾਰੋਬਾਰ ਵਧਾ ਲਿਆ। ਲੋਕਾਂ ਵਿੱਚ ਚਰਚਾ ਹੈ ਕਿ ਦਿੱਲੀ ਦੇ ਇੱਕ ਸ਼ਰਾਬ ਦੇ ਕਾਰੋਬਾਰੀ ਜਿਸ ਦਾ ਉਹ ਕਰਿੰਦਾ ਸੀ, ਦੀ ਮੌਤ ’ਤੋਂ ਪਿੱਛੋਂ ਉਸਦੇ ਸਮੁੱਚੇ ਕਾਰੋਬਾਰ ਨੂੰ ਇਸ ਨੇ ਹਥਿਆ ਲਿਆ। ਸ਼ਿਵ ਲਾਲ ਡੋਡਾ ਨੂੰ ਗੁੜਗਾਓ ਦੇ ਐਡੀਸ਼ਨਲ ਸ਼ੈਸ਼ਨ ਜੱਜ ਨੇ 1990 ‘ਚ ਦਰਜ ਸ਼ਰਾਬ ਦੇ ਨਜਾਇਜ਼ ਕਾਰੋਬਾਰ ਦੇ ਇੱਕ ਕੇਸ ਵਿੱਚ ਦੋ ਸਾਲ ਦੀ ਸਜਾ ਅਤੇ ਇੱਕ ਹਜਾਰ ਰੁਪਏ ਜੁਰਮਾਨਾਂ ਵੀ ਕੀਤਾ ਦੱਸੀਆ ਜਾਂਦਾ ਹੈ।
ਲੋਕਾਂ ਨੇ ਦੱਸਿਆ ਕਿ “15 ਕੁ ਸਾਲ ਪਹਿਲਾ ਸ਼ਿਵ ਲਾਲ ਨੇ ਹਨੂੰਮਾਲਗੜ ਰੋੜ ’ਤੇ ਰਾਮਸਰਾ ਵਿੱਚ ਇੱਕ 35 ਕੁ ਏਕੜ ਦਾ ਫਾਰਮ ਸਥਾਪਤ ਕਰ ਲਿਆ। ਇਸ ਦੇ ਨਾਲ ਹੀ ਉਹਦਾ ਸ਼ਰਾਬ ਦਾ ਕਾਰੋਬਾਰ ਪੰਜਾਬ ਤੋਂ ਇਲਾਵਾ ਯੂਪੀ,ਬਿਹਾਰ, ਦਿੱਲੀ, ਰਾਜਸਥਾਨ ਅਤੇ ਗੁਜਰਾਤ ਤੱਕ ਫੇਲਿਆ ਹੋਇਆ ਹੈ। ਰਾਜਸਥਾਨ ਵਿੱਚ ਭੁੱਕੀ ਦੇ ਠੇਕੇ ਅਤੇ ਬੰਗਲੋਰ ਵਿੱਚ ਇੱਕ ਸ਼ਰਾਬ ਦੀ ਫੈਕਟਰੀ, ਹਰਿਆਣੇ ਵਿੱਚ ਇੱਕ ਵਿਦਿਅਕ ਸੰਸਥਾ ਹੈ। ਅਬੋਹਰ ਸ਼ਹਿਰ ਵਿੱਚ ਸ਼ਹਿਰੀ ਜਾਇਦਾਦ ਦੇ ਨਾਲ ਸ਼ਰਾਬਦੇ ਵੱਡੇ ਵੱਡੇ ਗੁਦਾਮ ਹਨ। ਆਪਣੀ ਸਿਆਸੀ ਪਹੁੰਚ ਨਾਲ ਸ਼ਿਵ ਲਾਲ ਡੋਡਾ ਨੇ ਅਬੋਹਰ ਸਹਿਰ ਵਿੱਚ ਐਲ1 ਸ਼ਰਾਬ ਗੁਦਾਮ ਦੀ ਮਨਜ਼ੂਰ ਕਰਵਾਇਆ ਜਦੋਂ ਕਿ ਇਹ ਜ਼ਿਲ੍ਹਾ ਪੱਧਰ ‘ਤੇ ਸਥਾਪਤ ਹੁੰਦਾ ਹੈ।” ਲੋਕਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ਿਵ ਲਾਲ ਡੋਡਾ ਉੱਪਰ ਸ਼ਰਾਬ ਦੇ ਵਪਾਰੀ ਰੂਪ ਲਾਲ ਬਾਂਸਲ ਦੀਆਂ ਲੱਤਾ ਤੋੜਨ,ਅਤੇ ਸਤਪਾਲ ਸੇਤੀਆ ਅਤੇ ਉਸਦੀ ਪਤਨੀ ਨੂੰ ਦਿਨ ਦਿਹਾੜੇ ਗੋਲੀਆਂ ਮਾਰਨ ਦੇ ਇਲਜ਼ਾਮ ਲਾਏ ਹਨ। ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਿਵ ਲਾਲ ਡੋਡਾ ਸ਼ਰਾਬ ਦੇ ਗੁਦਾਮਾਂ ਵਿੱਚ ਸ਼ਰਾਬ ਦੀ ਮਿਲਾਵਟ ਕਰਕੇ ਮੁੜ ਪੈਕਿੰਗ ਹੁੰਦੀ ਹੈ ਅਤੇ ਲੇਬਲ ਚਪਕਾਏ ਜਾਂਦੇ ਹਨ। ਲੋਕਾਂ ਨੇ ਇਹ ਵੀ ਦੱਸਿਆ ਕਿ ਪਿੱਛਲਾ ਵਿੱਤੀ ਸਾਲ 31 ਮਾਰਚ 2015 ਨੂੰ ਖਤਮ ਹੋਣ ਸਮੇਂ ਪਿਛਲੇ ਸ਼ਿਵ ਲਾਲ ਡੋਡਾ ਨੇ ਠੇਕੇਦਾਰਾਂ ਤੋਂ ਸਸਤੀ ਸ਼ਰਾਬ ਖਰੀਦ ਲਈ ਅਤੇ ਫਿਰ ਸ਼ਹਿਰ ਵਿੱਚ 26 ਮਾਰਚ ਤੋਂ ਹੀ ਸਰਾਬ ਸਸਤੀ ਹੋਣ ਦੀ ਥਾਂ ਮਹਿੰਗੀ ਹੋ ਗਈ। ਸ਼ਰਾਬ ਤੋਂ ਇਲਾਵਾ ਇਸ ਦਾ ਰੀਅਲ ਅਸਟੇਟ ਅਤੇ ਛੱਟਾ ਬਾਜ਼ੀ ਦਾ ਕਾਰੋਰਾਬ ਹੋਣ ਦੀ ਵੀ ਚਰਚਾ ਹੈ।
ਸ਼ਿਵ ਲਾਲ ਡੋਡਾ ਦਾ ਫਾਰਮ ਹਾਊਸ: ਸ਼ਹਿਰ ਤੋਂ 6 ਕੁ ਕਿਲੋਮੀਟਰ ਦੂਰ ਹਨੂੰਮਾਨ ਰੋਡ ’ਤੇ 35 ਕੁ ਏਕੜ ’ਚ ਫੈਲਿਆ ਇਹ ਫਾਰਮ ਆਪਣੇ ਆਪ ’ਚ ਹੀ ਇੱਕ ਰਹੱਸ ਹੈ ਜਿਸ ਦੁਆਲੇ 8-10 ਫੁੱਟ ਉੱਚੀਆਂ ਕੰਧਾਂ ਹਨ। ਮੁੱਖ ਸੜਕ ਤੇ ਇੱਕ ਵੱਡਾ ਅਤੇ ਇੱਕ ਛੋਟਾ ਗੇਟ ਹੈ। ਕਿਲੇ ਨੁਮਾ ਇਸ ਫਾਰਮ ਹਾਊਸ ਅੰਦਰ ਗੇਟ ਦੇ ਨਾਲ ਦੋ ਵੱਡੀਆਂ ਇਮਾਰਤਾਂ ਹਨ। ਖੱਬੇ ਹੱਥ ਵਾਲੀ ਇਮਾਰਤ ਵਿੱਚ ਉਹਦਾ ਕਾਰੋਬਾਰੀ ਦਫਤਰ ਹੈ ਅਤੇ ਸੱਜੇ ਪਾਸੇ ਗੈਸਟ ਹਾਊਸ ਹੈ। ਇਸ ਫਾਰਮ ਹਾਊਸ ਵਿੱਚ ਹੋਰ ਇਮਾਰਤਾਂ ਤੋਂ ਇਲਾਵਾ ਇੱਕ ਕਿੰਨੋ ਦਾ ਬਾਗ, ਦੋ ਮੱਝਾਂ ਦੇ ਵਾੜੇ ਅਤੇ ਗੇਟ ਦੇ ਸਾਹਮਣੇ 200 ਕੁ ਮੀਟਰ ਅੰਦਰ ਇੱਕ ਵੱਡਾ ਪਾਰਕ ਹੈ। ਜਾਂਚ ਟੀਮ ਨੂੰ ਹਾਜ਼ਰ ਮਜਦੂਰਾਂ ਨੇ ਦੱਸਿਆ ਕਿ ਇਸ ਫਾਰਮ ਹਾਊਸ ਦੇ ਗੇਟ ਅੰਦਰ ਮਾਲਕ ਦੀ ਇਜਾਜ਼ਤ ਤੋਂ ਬਿਨਾਂ ਕੋਈ ਨਹੀਂ ਜਾ ਸਕਦਾ। ਸਾਡੀ ਵੀ ਆੳਂਦਿਆਂ ਜਾਂਦਿਆਂ ਦੀ ਤਲਾਸ਼ੀ ਲਈ ਜਾਂਦੀ ਹੈ। ਸਾਡੇ ਮਿਲਣ ਵਾਲੇ ਅੰਦਰ ਨਹੀਂ ਜਾ ਸਕਦੇ। ਉਸਦੀ ਆਪਣੀ ਨਿੱਜੀ ਰਿਹਾਇਸ਼ ਸ਼ਹਿਰ ਵਿੱਚ ਵੱਖਰੀ ਹੈ।
ਸ਼ਿਵ ਲਾਲ ਡੋਡਾ ਪੰਜਾਬ ਵਿਧਾਨ ਸਭਾ 2012 ਦੀਆਂ ਚੋਣਾਂ ਵਿੱਚ ਅਬੋਹਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਿਆ ਅਤੇ 46000 ਵੋਟਾ ਪ੍ਰਾਪਤ ਕਰ ਕੇ ਦੂਸਰੇ ਨੰਬਰ ਤੇ ਰਿਹਾ। ਜੇਤੂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ 53000 ਵੋਟਾਂ ਮਿਲੀਆਂ ਸਨ ਅਤੇ ਅਕਾਲੀ ਭਾਜਪਾ ਉਮੀਦਵਾਰ ਲਕਸ਼ਮੀ ਭਾਦੂ ਨੂੰ ਮਹਿਜ਼ 9000 ਵੋਟ ਹੀ ਮਿਲੇ। ਚਰਚਾ ਇਹ ਹੈ ਕਿ ਅਕਾਲੀ ਦਲ ਬਾਦਲ ਨੇ ਡੋਡਾ ਦੀ ਅੰਦਰ ਖਾਤੇ ਮੱਦਦ ਕੀਤੀ। ਚੋਣਾਂ ਪਿੱਛੋਂ ਅਕਾਲੀ ਦਲ ਬਾਦਲ ਨੇ ਡੋਡਾ ਨੂੰ ਅਬੋਹਰ ਚੋਣ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਅਤੇ ਇਸ ਦੇ ਫਾਰਮ ਹਾਊਸ ’ਤੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆਂ ਵੀ ਆਏ। ਕਿਸੇ ਸਮੇ ਇਸ ਫਾਰਮ ਹਾਊਸ ਦੀਆਂ ਰਜਿਸਟਰੀਆਂ ਮਜੀਠੀਏ ਦੇ ਨਾਮ ਹੋਣ ਦੀ ਵੀ ਚਰਚਾ ਹੋਈ। ਇਸਦੇ ਵਪਾਰਕ ਕਾਰੋਬਾਰ ਦੀ ਨਿਗਰਾਨੀ ਇਸ ਦਾ ਭਤੀਜਾ ਅਮਿਤ ਡੋਡਾ ਹੀ ਕਰਦਾ ਹੈ। ਇਸ ਦੀ ਅਰਬਾਂ ਖਰਬਾਂ ਦੀ ਜਾਇਦਾਦ ਇੱਕ ਰਹੱਸ ਹੀ ਹੈ। ਵਿਧਾਨ ਸਭਾ ਚੋਣਾ 2012 ਚ ਉਹਦੀ ਪਤਨੀ ਸ਼ੁਸ਼ੀਲ ਡੋਡਾ ਵੱਲੋਂ ਦਾਖਲ ਹਲਫਨਾਮੇ ਵਿੱਚ ਸ਼ਿਵ ਲਾਲ ਡੋਡਾ ਦੀ ਸਾਲ 2010-11 ਦੀ ਆਮਦਨ 1,03,76,240 ਰੁਪਏ ਅਤੇ ਪਤਨੀ ਦੀ ਆਮਦਨ 3,00,830 ਰੁਪਏ ਐਲਾਨੀ ਗਈ ਹੈ।
ਬਹਾਵ ਵਾਲਾ ਠਾਣੇ ਦਾ ਮੁੱਖੀ ਹਰਿੰਦਰ ਸਿੰਘ ਚਮੇਲੀ ਵੀ ਡੋਡਾ ਦੇ ਫਾਰਮ ਹਾਊਸ ਦੇ ਅੰਦਰ ਰਹਿੰਦੇ ਰਿਹਾ ਹੈ। ਐਸ ਪੀ ਗੁਰਭੇਜ ਸਿਘ ਅਤੇ ਡੀਐਸਪੀ ਵੀਰ ਚੰਦ ਹਲਕਾ ਬੱਲੂਆਣਾ ਨੇ ਰਸਤੇ ਵਿੱਚ ਭੀਮ ਦੀ ਲਾਸ ਰੋਕਣ ਵੇਲੇ ਕਿਹਾ ਕਿ ਅਸੀ ਮਜਬੂਰ ਹਾਂ ਕੁਝ ਨਹੀਂ ਕਰ ਸਕਦੇ।
ਸਿੱਟੇ : ਪਰਿਵਾਰਕ ਮੈਬਰਾਂ, ਭੀਮ ਦੇ ਨੇੜਲਿਆਂ, ਸ਼ਹਿਰੀਆਂ ਅਤੇ ਪੱਤਕਾਰਾਂ, ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਤੋਂ ਸਭਾ ਸਮਝਦੀ ਹੈ ਕਿ
1. ਭੀਮ ਟਾਂਕ ਦਾ ਵਹਿਸ਼ੀ ਕਤਲ ਕੋਈ ਗੈਂਗਵਾਰ ਨਹੀਂ ਸਗੋ ਇੱਕ ਯੋਜਨਾ ਵੱਧ ਵਹਿਸ਼ੀਆਨਾ ਕਤਲ ਹੈ ਜਿਹੜਾ ਸ਼ਿਵ ਲਾਲ ਡੋਡਾ ਦੇ ਕਿਲੇਨੁਮਾ ਫਾਰਮ ਹਾਊਸ ਵਿੱਚ ਕੀਤਾ ਗਿਆ ਹੈ। ਇਹ ਸ਼ਿਵ ਲਾਲ ਡੋਡਾ ਅਤੇ ਅਮਿਤ ਡੋਡਾ ਦੀ ਜਾਣਕਾਰੀ ਤੋਂ ਬਿਨਾ ਸੰਭਵ ਨਹੀਂ। ਭੀਮ ਦੀ ਕੋਈ ਸਾਫ ਛਵੀ ਨਹੀ ਪਰ ਫਿਰ ਵੀ ਬਲਾਤਕਾਰ ਦੀ ਕਹਾਣੀ ਦੋਸ਼ੀਆਂ ਅਤੇ ਪੁਲੀਸ ਵੱਲੋਂ ਮਿਲ ਕੇ ਪਲਾਂਟ ਕੀਤੀ ਗਈ। ਇਹ ਕਹਾਣੀ ਭੀਮ ਟਾਂਕ ਨੂੰ ਧੋਖੇ ਨਾਲ ਫਾਰਮ ਹਾਊਸ ਤੇ ਬਲਾਉਣ ਦਾ ਜਰੀਆ ਸੀ।
2. ਸ਼ਿਵ ਲਾਲ ਡੋਡਾ ਨਾਲ ਅਬੋਹਰ ਸ਼ਹਿਰ ਅਤੇ ਬਾਹਰ ਕੁੱਝ ਕਤਲਾਂ ਦੇ ਸ਼ੱਕ ਦੀ ਸੂਈ ਟਿਕਦੀ ਹੈ। ਇਹ ਘਟਨਾ ਅਤੇ ਸਧਾਰਨ ਬਰਫ ਦੇ ਕੰਮ ਤੋਂ ਸ਼ਰਾਬ ਦੇ ਕਾਰੋਬਾਰ ਅਤੇ ਜਾਇਦਾਦ ਦੇ ਉਸਰੇ ਕਿਲੇ ਤੋਂ ਉਸ ਦੀ ਗੈਂਗ ਪਾਲਣ ਦੀ ਪਰਵਿਰਤੀ ਵੱਲ ਸਪੱਸ਼ਟ ਇਸ਼ਾਰਾ ਝਲਕਦਾ ਹੈ।
3. ਸ਼ਿਵ ਲਾਲ ਦੇ ਸਿਆਸੀ ਪਾਰਟੀਆਂ ਲਾਲ ਸਬੰਧ ਜੱਗ ਜਾਹਰ ਹਨ। ਅਕਾਲੀ ਦਲ ਦਾ ਮਾਫੀਆ ਗਰੋਹਾਂ ਨਾਲ ਲੈਣ ਦੇਣ ਨੰਗਾ ਕਰਨ ਦੀ ਲੋੜ ਹੈ। ਬੀਬੀ ਹਰਸਿਮਰਤ ਵੱਲੋਂ ਲੋਕ ਸਭਾ ਵਿੱਚ ਇਸ ਨੂੰ ਗੈਂਗਵਾਰ ਕਹਿਣਾ ਜਾਂ ਇਸ ਨੂੰ ਮਾਮੂਲੀ ਘਟਨਾ ਦੱਸਣਾ ਸ਼ਿਵ ਲਾਲ ਡੋਡਾ ਦੀ ਨੰਗੀ ਚਿੱਟੀ ਪੁਸ਼ਤ ਪਨਾਹੀ ਹੈ।
4. ਸਭਾ ਸਮਝਦੀ ਹੈ ਕਿ ਸ਼ਿਵ ਲਾਲ ਡੋਡਾ ਵਰਗੇ ਮਾਫੀਏ ਗਰੋਹਾਂ ਦੇ ਸਰਗਣਿਆਂ ਵੱਲੋਂ ਭੀਮ ਟਾਂਕ ਵਰਗੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੈਸੇ ਦੇ ਗਲੈਮਰ ਵਿੱਚ ਬਹਿਲਾ ਫੁਸਲਾ ਕੇ ਆਪਣੇ ਗਲਤ ਤੇ ਗੈਰ ਕਾਨੂੰਨੀ ਧੰਦਿਆ ਵਿੱਚ ਵਰਤਿਆ ਜਾਂਦਾ ਹੈ ਅਤੇ ਉਹਨਾਂ ਪਾਸੋ ਜਰਾਇਮ ਪੇਸ਼ਾ ਕਾਰਵਾਈਆਂ, ਕੁੱਟ ਮਾਰ, ਕਤਲ ਅਤੇ ਹੋਰ ਗੈਰ ਸਮਾਜੀ ਅਤੇ ਦਹਿਸ਼ਤੀ ਕਾਰੇ ਕਰਵਾਏ ਜਾਂਦੇ ਹਨ। ਅਤੇ ਜਦੋਂ ਉਹ ਤੋੜ ਵਿਛੋੜਾ ਕਰਨ ਦਾ ਯਤਨ ਕਰਦੇ ਹਨ ਤਾਂ ਇਹ ਮਾਫੀਆ ਗਰੋਹ ਉਹਨਾ ਦਾ ਅਜਿਹਾ ਦੁਖਦਾਈ ਅੰਤ ਕਰਦਾ ਹੈ ਤਾਂ ਕਿ ਆਤੰਕਿਤ ਕੀਤਾ ਜਾਵੇ। ਅਜਿਹੇ ਮਾਫੀਏ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਜਨਤਕ ਜਾਗਰੂਕਤਾ ਰਾਹੀ ਲਾਮਬੰਦੀ ਦੀ ਲੋੜ ਦੀ ਹੈ। ਅਸਲ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਨਾ ਕਰਨਾ ਅਤੇ ਇਹਨਾ ਮਾਫੀਆ ਗਰੋਹਾਂ ਦਾ ਚੁੰਗਲ ਚ ਫਸਣ ਵੱਲ ਧੱਕਣਾ ਇਸ ਲੋਕ ਵਿਰੋਧੀ ਪ੍ਰਬੰਧ ਦੀ ਦੇਣ ਹੈ।
5. ਮਜਦੂਰ ਕਾਨੂਂਨ ਲਾਗੂ ਕਰਨ ਬਾਰੇ : ਅਜੇਹੇ ਧੰਦੇ ਮਜਦੂਰ ਕਾਨੂਂਨਾਂ ਨੂੰ ਛਿਕੇ ਟੰਗ ਕੇ ਚਲ ਰਹੇ ਹਨ ,ਇਹ ਸਰਕਾਰ ਦੀ ਜਿਮੇਵਾਰੀ ਹੈ ਕਿ ਸਭ ਕਾਰਿੰਦਿਆਂ ਦਾ ਪੱਕਾ ਰੀਕਾਰਡ ਹੋਣਾ ਚਾਹੀਦਾ ਹੈ ਤੇ ਮਜਦੂਰ ਕਾਨੂਂਨ ਲਾਗੂ ਕੀਤੇ ਜਾਣ।
6. ਸਭਾ ਪੁਲੀਸ ਦੀ ਟਰਕਾਉ ਕਾਰਗੁਜਾਰੀ ਦਾ ਸਖਤ ਨੋਟਿਸ ਲੈਂਦੀ ਹੈ। ਪੁਲੀਸ ਮੁਖੀ ਦਾ ਫਾਰਮ ਹਾਊਸ ਵਿੱਚ ਰਹਿਣਾ, ਉਸਦੇ ਗਰੋਹਾਂ ਨੂੰ ਅਣਡਿੱਠ ਕਰਨਾ, ਵਾਰਦਾਤ ਦੇ ਮੌਕੇ ਦੇਰੀ ਨਾਲ ਪਹੁੰਚਣਾ ਅਤੇ 16 ਘੰਟੇ ਪਿੱਛੋਂ ਐਫ. ਆਈ. ਆਰ. ਦਰਜ ਕਰਨਾ ਅਤੇ ਮੁੱਖ ਸਾਜ਼ਿਸ਼ ਕਾਰੀਆਂ ਨੂੰ ਕੇਸ ਤੋਂ ਪਾਸੇ ਰੱਖਣ ਦਾ ਯਤਨ, ਉਹਨਾਂ ਦੀਆਂ ਗਿ੍ਰਫਤਾਰੀਆਂ ਵਿੱਚ ਅਣਾਕਣੀ ਕਰਨੀ ਪੁਲਸ ਦੀ ਕਾਰਗੁਜਾਰੀ ’ਤੇ ਪ੍ਰਸ਼ਨ ਚਿੰਨ ਹਨ। ਪੁਲਸ ਅਧਿਕਾਰੀਆਂ ਦੀ ਮੁਅਤਲੀ ਜਾਂ ਬਦਲੀਆਂ ਅੱਖਾਂ ਪੂੰਝਣ ਦੀਆਂ ਕਾਰਵਾਈਆਂ ਹਨ।
7. ਪੁਲੀਸ ਵੱਲੋਂ ਫਾਰਮ ਹਾਊਸ ਦੀ ਘਟਨਾ ਤੋਂ ਕਈ ਘੰਟੇ ਬਾਅਦ ਬਲਾਤਕਾਰ ਦਾ ਪਰਚਾ ਦਰਜ ਕਰਨਾ ਪੁਲੀਸ ਦੀ ਕਾਰਗੁਜਾਰੀ ਤੇ ਸਵਾਲ ਖੜਾ ਕਰਦਾ ਹੈ । ਐਸ ਸੀ ਐਸ.ਟੀ. ਕਮਿਸ਼ਨ ਨੇ ਵੀ ਪੁਲਸ ਦੀ ਕਾਰਗੁਜਾਰੀ ਤੇ ਸਵਾਲ ਉਠਾਇਆ ਹੈ।
8. ਲੋਕਾਂਦੀ ਏਕਤਾ ਨਾਲ ਹੀ ਇਹ ਕੇਸ ਨੰਗਾ ਹੋਇਆ ਹੈ ਪਰ ਸੱਤਾਧਾਰੀਆਂ ਵੱਲੋਂ ਅਜਿਹੇ ਗੈਂਗਾਂ ਨੂੰ ਬਚਾਉਣ ਅਤੇ ਇਸ ਨਾਲ ਸਿਆਸੀ ਤੰਦਾਂ ਨੂੰ ਲਕੋ ਕੇ ਰੱਖਣ ਦੀਆਂ ਕਾਰਵਾਈਆ ਨਵੀਆਂ ਨਹੀਂ ਹਨ। ਮਹਿਲ ਕਲਾਂ ਅਤੇ ਸ਼ਰੂਤੀ ਕਾਂਡ ਵਿਰੁੱਧ ਕੀਤੀ ਲੰਮੀ ਅਤੇ ਚੌਕਸ ਜਨਤਕ ਲਾਮਬੰਦੀ ਅਜਿਹੇ ਮਾਫੀਏ ਅਤੇ ਸਿਆਸੀ ਸਰਪ੍ਰਸਤਾਂ ਤੋਂ ਰਾਖੀ ਦਾ ਜਰੀਆ ਹੈ।
ਮੰਗਾਂ: ਸਭਾ ਮੰਗ ਕਰਦੀ ਹੈ ਕਿ
  1. ਹੋਰਾਂ ਦੋਸ਼ੀਆਂ ਤੋਂ ਇਲਾਵਾ ਮੁੱਖ ਦੋਸ਼ੀ ਸ਼ਿਵ ਲਾਲ ਡੋਡਾ ਅਤੇ ਉਸਦੇ ਭਤੀਜੇ ਅਮਿਤ ਲਾਲ ਡੋਡਾ ਖ਼ਿਲਾਫ਼ ਭੀਮ ਟਾਂਕ ਦੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ ਇਸ ਲਈ ਸ਼ਿਵ ਲਾਲ ਡੋਡਾ ਨੂੰ ਤੁਰੰਤ ਗ਼ਿ੍ਰਫਤਾਰ ਕੀਤਾ ਜਾਵੇ।
  2. ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਬਣਿਆ ਸ਼ਰਾਬ ਮਾਫੀਆ, ਪੁਲਿਸ ਅਤੇ ਸਿਆਸੀ ਗੱਠਜੋੜ ਨੰਗਾ ਕਰਨ ਲਈ ਹਾਈਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
  3. ਸ਼ਿਵ ਲਾਲ ਡੋਡਾ ਨਾਲ ਜੁੜੇ ਕਤਲਾਂ ਅਤੇ ਹੋਰ ਅਪਰਾਧਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਜਾਂਚ ਦੇ ਘੇਰੇ ਵਿੱਚ ਸ਼ਿਵ ਲਾਲ ਡੋਡਾ ਦੇ ਜਾਇਦਾਦ ਦੇ ਉਸਰੇ ਕਿਲੇ ਨੂੰ ਲਿਆ ਜਾਵੇ। ਨਿਰਪੱਖ ਜਾਂਚ ਲਈ ਜਰੂਰੀ ਹੈ ਕਿ ਇਸ ਜਾਂਚ ਦੌਰਾਨ ਸ਼ਿਵ ਲਾਲ ਡੋਡਾ ਦੀ ਜਾਇਦਾਦ ਨੂੰ ਸੀਲ ਕੀਤਾ।
  4. ਸ਼ਿਵ ਲਾਲ ਡੋਡਾ ਦੇ ਮਾਫੀਏ ਦੀਆਂ ਕਾਰਵਾਈਆਂ ਗ੍ਰਤੀ ਗੰਭੀਰ ਕਰਿਮੀਨਲ ਕੋਤਾਹੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅਤਲ ਕਰਨ ਅਤੇ ਉਹਨਾਂ ਵਿਰੁੱਧ ਕੀਤੀ ਗਈ ਜਾਂਚ ਜਨਤਕ ਕੀਤੀ ਜਾਵੇ। ਕਿਉਂਕਿ ਪੰਜਾਬ ਪੁਲਸ ਦੀ ਕਾਰਗੁਜ਼ਾਰੀ ਸ਼ੱਕੀ ਹੈ ਇਸ ਲਈ ਪੀੜਤਾਂ ਦੀ ਤਸੱਲੀ ਅਨੁਸਾਰ ਰਾਜ ਉਹਨਾਂ ਨੂੰ ਸੁਰੱੱਖਿਆ ਮਹੱਈਆ ਕਰਵਾਵੇ।
  5. ਸਰਕਾਰ ਨਿੱਜੀ ਕਾਰੋਬਾਰੀਆਂ ਦੇ ਮੁਨਾਫ਼ਿਆਂ ਲਈ ਅਤੇ ਸਰਕਾਰੀ ਆਮਦਨ ਦੇ ਨਾਂ ਤੇ ਸ਼ਰਾਬ ਦੀ ਸਨਅਤ/ ਕਾਰੋਬਾਰ ਨੂੰ ਪ੍ਰੋਮੋਟ ਕਰਨਾ ਬੰਦ ਕਰੇ।
  6. ਸ਼ਰਾਬ ਦਾ ਕਾਰੋਬਾਰ ਕਰ ਰਹੇ ਠੇਕੇਦਾਰਾਂ ਨੂੰ ਉਹਨਾ ਕੋਲ ਕੰਮ ਕਰਦੇ ਮਜਦੂਰਾਂ ਦੀ ਲਿਸਟ ਕਿਰਤ ਵਿਭਾਗ ਕੋਲ ਦਾਖਲ ਕਰਨੀ ਲਾਜਮੀ ਕੀਤੀ ਜਾਵੇ, ਨਵੇਂ ਰੱਖੇ ਕਾਮੇ ਰੱਖਣ ਤੋਂ ਪਹਿਲਾਂ ਅਤੇ ਕੰਮ ਤੋਂ ਕੱਢੇ ਗਏ ਕਾਮਿਆਂ ਉਸਦੀ ਸੂਚਨਾ ਕਿਰਤ ਵਿਭਾਗ ਨੂੰ ਭੇਜੀ ਜਾਵੇ ਜਿਸਦੀ ਤਸਦੀਕ ਸੁਦਾ ਕਾਪੀ ਠੇਕੇਦਾਰ ਕੋਲ ਹੋਵੇ। ਸਾਰੇ ਠੇਕਾ ਮਜਦੂਰਾਂ ਨੂੰ ਸ਼ਨਾਖਤੀ ਪੱਤਰ ਜਾਰੀ ਕੀਤੇ ਜਾਣ।
ਜਾਰੀ ਕਰਤਾ: ਪ੍ਰੋਫੈਸਰ ਜਗਮੋਹਨ ਸਿੰਘ            ਸੂਬਾ ਜਨਰਲ ਸਕੱਤਰ ਜਮਹੂਰੀ ਅਧਿਕਾਰ ਸਭਾ ਪੰਜਾਬ
25 ਦਸੰਬਰ 2015

Sunday, December 20, 2015

ਜਮਹੂਰੀ ਅਧਿਕਾਰ ਸਭਾ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਦੀ ਸੀ.ਬੀ.ਆਈ. ਤੋਂ ਵਿਸ਼ੇਸ਼ ਜਾਚ ਕਰਾਏ ਜਾਣ ਦੀ ਮੰਗ

ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਗੁਰਮੀਤ ਸਿੰਘ ਪਿੰਕੀ 'ਕੈਟ' ਵਲੋਂ ਪੰਜਾਬ ਵਿਚ ਖ਼ਾਲਸਤਾਨੀ ਲਹਿਰ ਦੇ ਦੌਰ ਵਿਚ ਝੂਠੇ ਪੁਲਿਸ ਮੁਕਾਬਲਿਆਂ ਤੇ ਹੋਰ ਢੰਗਾਂ ਰਾਹੀਂ ਮਨੁੱਖੀ ਹੱਕਾਂ ਦੀਆਂ ਘੋਰ ਉਲੰਘਣਾਵਾਂ ਅਤੇ ਪੁਲੀਸ ਵਿਚ ਵੱਡੇ ਪੈਮਾਨੇ ਦੇ ਭਰਿਸ਼ਟਾਚਾਰ ਤੇ ਰਿਸ਼ਵਤਖ਼ੋਰੀ ਰਾਹੀ ਨਿਯੁਕਤੀਆਂ, ਤਬਾਦਲਿਆਂ ਦੇ ਤਾਜ਼ਾ ਖ਼ੁਲਾਸਿਆਂ ਦਾ ਗੰਭੀਰ ਨੋਟਿਸ ਲੈੇਂਦੇ ਹੋਏ ਇਸ ਨੂੰ ਸਿਆਸੀ ਸਰਪ੍ਰਸਤੀ ਵਾਲਾ ਬਹੁਤ ਹੀ ਖ਼ਤਰਨਾਕ ਵਰਤਾਰਾ ਕਰਾਰ ਦਿੱਤਾ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਕਿਉਂਕਿ ਪਿੰਕੀ 'ਕੈਟ' ਨੇ ਚਸ਼ਮਦੀਦ ਗਵਾਹ ਹੋਣ ਦੇ ਦਾਅਵੇ ਤਹਿਤ ਆਪਣੇ ਇੰਕਸ਼ਾਫ਼ ਰਾਹੀਂ ਪੁਲਿਸ ਵਲੋਂ ਕਤਲਾਂ, ਅਗਵਾ ਅਤੇ ਇਨ੍ਹਾਂ ਜੁਰਮਾਂ ਦੇ ਸਬੂਤਾਂ ਨੂੰ ਮਿਟਾਉਣ ਦੇ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ ਅਤੇ ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਇਹ ਸਾਰੇ ਅਦਾਲਤ ਵਿਚ ਸੁਣਵਾਈਯੋਗ ਮਾਮਲੇ ਹਨ ਇਸ ਲਈ ਪੁਲਿਸ ਨੂੰ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਬੰਧਤ ਥਾਣਿਆਂ ਵਿਚ ਤੁਰੰਤ ਐੱਫ.ਆਈ.ਆਰ. ਦਰਜ ਕਰਨੀਆਂ ਚਾਹੀਦੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਹਾਈ ਕੋਰਟ ਦੀ ਨਿਗਰਾਨੀ ਹੇਠ ਇਨ੍ਹਾਂ ਮਾਮਲਿਆਂ ਦੀ ਸੀ.ਬੀ.ਆਈ. ਕੋਲੋਂ ਵਿਸ਼ੇਸ਼ ਜਾਂਚ ਕਰਾਈ ਜਾਵੇ ਅਤੇ ਇਸ ਸਬੰਧ ਵਿਚ ਤੇਜ਼ੀ ਨਾਲ ਮੁਕੱਦਮੇ ਚਲਾਉਣ ਲਈ ਸਪੈਸ਼ਲ ਪਬਲਿਕ ਪਰਾਸੀਕਿਊਟਰ ਲਗਾਕੇ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਜਾਵੇ। ਤਾਂ ਜੋ ਆਪੇ ਹੀ ਜੱਜ ਬਣਕੇ ਅਤੇ ਜੁਡੀਸ਼ੀਅਲ ਪ੍ਰਬੰਧ ਦੀਆਂ ਧੱਜੀਆਂ ਉਡਾਕੇ ਗ਼ੈਰਅਦਾਲਤੀ ਹੱਤਿਆਵਾਂ ਕਰਨ ਵਾਲੇ ਤੇ ਮਨੁੱਖੀ ਜਾਨਾਂ ਲੈਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਢੁੱਕਵੀਂਆਂ ਸਜ਼ਾਵਾਂ ਯਕੀਨੀਂ ਬਣਾਈਆਂ ਜਾ ਸਕਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਕਸੂਰਵਾਰ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਨ ਦੇ ਨਾਲ-ਨਾਲ ਉਸ ਦੌਰ ਵਿਚ ਪੁਲਿਸ ਨੂੰ ਇਨ੍ਹਾਂ ਗ਼ੈਰਕਾਨੂੰਨੀ ਕਤਲਾਂ ਦਾ ਹੁਕਮ ਦੇਣ ਅਤੇ ਮਨਮਾਨੀਆਂ ਦੀ ਖੁੱਲ੍ਹ ਦੇਣ ਵਾਲੇ ਸੱਤਾਧਾਰੀਆਂ ਨੂੰ ਵੀ ਬਰਾਬਰ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਉਨ੍ਹਾਂ ਨੂੰ ਵੀ ਕਟਹਿਰੇ ਵਿਚ ਖੜ੍ਹੇ ਕੀਤਾ ਜਾਵੇ।
ਮਿਤੀ: 15 ਦਸੰਬਰ 2015

ਜਮਹੂਰੀ ਅਧਿਕਾਰ ਸਭਾ ਵਲੋਂ ਚੰਨੂ ਅਤੇ ਅਬੋਹਰ ਕਾਂਡਾਂ ਦੀ ਨਿਖੇਧੀ


ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਪਿੰਡ ਚੰਨੂ ਦੀ ਵਿਦਿਆਰਥਣ ਨੂੰ ਬੱਸ ਹੇਠ ਦਰੜਕੇ ਮਾਰ ਦੇਣ ਅਤੇ ਅਬੋਹਰ ਵਿਚ ਸ਼ਰਾਬ ਮਾਫ਼ੀਆ ਵਲੋਂ ਦੋ ਨੌਜਵਾਨਾਂ ਦੀਆਂ ਲੱਤਾਂ-ਬਾਹਾਂ ਘੋਰ ਬੇਰਹਿਮੀ ਨਾਲ ਵੱਢ ਦੇਣ ਦੀਆਂ ਘਟਨਾਵਾਂ ਨੂੰ ਬਹੁਤ ਹੀ ਚਿੰਤਾਜਨਕ ਕਰਾਰ ਦਿੰਦਿਆਂ ਇਨ੍ਹਾਂ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਇਹ ਦੋਵੇਂ ਘਟਨਾਵਾਂ ਨਾ ਸਿਰਫ਼ ਬੇਰਹਿਮੀ ਦੀ ਸਿਖ਼ਰ ਹਨ ਸਗੋਂ ਅਬੋਹਰ ਕਾਂਡ ਸੰਯੁਕਤ ਰਾਸ਼ਟਰ ਦੀ ਤਸੀਹਿਆਂ ਤੇ ਜ਼ਾਲਮ ਸਜ਼ਾਵਾਂ ਬਾਰੇ ਕਨਵੈਨਸ਼ਨ ਦੀ ਘੋਰ ਉਲੰਘਣਾ ਵੀ ਹੈ ਜਿਨ੍ਹਾਂ ਨੂੰ ਰੋਕਣ ਲਈ ਭਾਰਤੀ ਰਾਜ ਪਾਬੰਦ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮਾਮਲੇ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨਾਲ ਸਬੰਧਤ ਹਨ ਜਿਨ੍ਹਾਂ ਨੂੰ ਕਾਇਦੇਕਾਨੂੰਨਾਂ ਦੀ ਕੋਈ ਪ੍ਰਵਾਹ ਨਈਂ। ਸੱਤਾਧਾਰੀ ਧਿਰ ਕਾਇਦੇਕਾਨੂੰਨਾਂ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰ ਨਿਭਾਉਣ ਅਤੇ ਨਾਗਰਿਕਾਂ ਪ੍ਰਤੀ ਜਵਾਬਦੇਹ ਹੋਣ ਦੀ ਥਾਂ ਜੁਰਮਾਂ ਤੇ ਮਨਮਾਨੀਆਂ ਦੀ ਸਿਆਸੀ ਪੁਸ਼ਤਪਨਾਹੀ ਕਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਅਜਿਹੇ ਨਿਹਾਇਤ ਹੌਲਨਾਕ ਕਾਂਡ ਵਾਰ-ਵਾਰ ਵਾਪਰ ਰਹੇ ਹਨ। ਲੜਕੀ ਨੂੰ ਕੁਚਲਕੇ 
ਮਾਰ ਦੇਣ ਦੇ ਮਾਮਲੇ ਵਿਚ ਬੱਸ ਡਰਾਈਵਰ ਨੂੰ ਤੁਰੰਤ ਜ਼ਮਾਨਤ 'ਤੇ ਰਿਹਾਅ ਕਰਨਾ ਜਦਕਿ ਮੁਆਵਜ਼ੇ ਨਾਲ ਪੀੜਤ ਪਰਿਵਾਰ ਦਾ ਮੂੰਹ ਬੰਦ ਕਰਕੇ ਸੜਕੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਅਸਲ ਜੁਰਮ ਨੂੰ ਰਫ਼ਾ-ਦਫ਼ਾ ਕਰਨਾ ਤੇ ਦੂਜੇ ਪਾਸੇ ਨਿੱਜੀ ਟਰਾਂਸਪੋਰਟ ਦੀਆਂ ਮਨਮਾਨੀਆਂ ਵਿਰੁੱਧ ਰੋਸ ਪ੍ਰਗਟਾਉਣ ਵਾਲੇ ਲੋਕਾਂ ਵਿਰੁੱਧ ਸੰਗੀਨ ਪਰਚੇ ਦਰਜ ਕਰਨਾ ਅਤੇ ਅਬੋਹਰ ਕਤਲ ਕਾਂਡ ਵਿਚ ਮੁੱਖ ਦੋਸ਼ੀਆਂ ਨੂੰ ਐੱਫ.ਆਈ.ਆਰ. ਵਿਚ ਸ਼ਾਮਲ ਕਰਨ ਦੀ ਥਾਂ ਸੱਤਾਧਾਰੀ ਧਿਰ ਵਲੋਂ ਉਨ੍ਹਾਂ ਦੇ ਬੇਕਸੂਰ ਹੋਣ ਦੀ ਵਕਾਲਤ ਕਰਨਾ ਇਸ ਦਾ ਇਕ ਤਾਜ਼ਾ ਸਬੂਤ ਹੈ ਕਿ ਸਿਆਸਤਦਾਨਾਂ-ਮੁਜਰਿਮਾਂ ਅਤੇ ਰਾਜ ਮਸ਼ੀਨਰੀ ਦਾ ਕਿੰਨਾ ਨਾਪਾਕ ਤੇ ਡੂੰਘਾ ਗੱਠਜੋੜ ਕੰਮ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸੱਤਾਧਾਰੀ ਧਿਰ ਨਾਲ ਸਬੰਧਤ ਨਿੱਜੀ ਬਸ ਟਰਾਂਸਪੋਰਟਾਂ ਵਲੋਂ ਰਾਹ ਜਾਂਦੇ ਲੋਕਾਂ ਨੂੰ ਕੁਚਲ ਕੇ ਮਾਰ ਦੇਣ ਦੀਆਂ ਵਾਰ-ਵਾਰ ਵਾਪਰਦੀਆਂ ਘਟਨਾਵਾਂ ਪ੍ਰਤੀ ਗੰਭੀਰਤਾ ਦਿਖਾਕੇ ਦੋਸ਼ੀਆਂ ਖ਼ਿਲਾਫ਼ ਢੁੱਕਵੀਂ ਕਾਨੂੰਨੀ ਕਾਰਵਾਈ ਕਰੇ ਅਤੇ ਇਸ ਟਰਾਂਸਪੋਰਟ ਦੇ ਅਮਲੇ ਨੂੰ ਸੜਕੀ ਕਾਇਦੇਕਾਨੂੰਨਾਂ ਲਈ ਜਵਾਬਦੇਹ ਬਣਾਇਆ ਜਾਵੇ। ਸਭਾ ਦੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਅਬੋਹਰ ਕਾਂਡ ਲਈ ਮੁੱਖ ਜ਼ਿੰਮੇਵਾਰ ਸ਼ਰਾਬ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਮਾਜਿਕ-ਆਰਥਕ ਪੱਥ ਤੋਂ ਕਮਜੋਰ ਤੇ ਨਿਤਾਣੇ ਲੋਕਾਂ ਉੱਪਰ ਜ਼ੁਲਮਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।
ਮਿਤੀ: 18 ਦਸੰਬਰ 2015