Wednesday, May 14, 2014

ਜਮਹੂਰੀ ਅਧਿਕਾਰ ਸਭਾ ਦੀ ਕਨਵੈਨਸ਼ਨ ਵਿਚ ਸਾਂਝੇ ਜਮਹੂਰੀ ਸੰਘਰਸ਼ਾਂ 'ਤੇ ਜ਼ੋਰ











ਜਲੰਧਰ 14 May:  ''ਹੁਕਮਰਾਨਾਂ ਵਲੋਂ ਪੁਲਿਸ-ਫ਼ੌਜ ਰਾਹੀਂ ਦੇਸ਼ ਉਪਰ ਥੋਪੇ ਲੋਕ ਵਿਰੋਧੀ ਵਿਕਾਸ ਮਾਡਲ ਅਤੇ ਇਸ ਦੇ ਹਿੱਸੇ ਵਜੌਂ ਜਮਹੂਰੀ ਹੱਕਾਂ ਉਪਰ ਹਮਲਿਆਂ ਉਤੇ ਰੋਕ ਲੋਕ ਸੰਘਰਸ਼ਾਂ ਰਾਹੀਂ ਹੀ ਲੱਗ ਸਕਦੀ ਹੈ।'' ਇਹ ਵਿਚਾਰ ਅੱਜ ਇਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਪੰਜਾਬ ਵਿਚ ਜਮਹੂਰੀ ਅਧਿਕਾਰਾਂ ਦੀਆਂ ਉਲੰਘਣਾਵਾਂ ਬਾਰੇ ਨਾਮਵਰ ਸ਼ਖਸੀਅਤਾਂ ਪ੍ਰੋਫੈਸਰ ਏ.ਕੇ.ਮਲੇਰੀ, ਐਡਵੋਕੇਟ ਦਲਜੀਤ ਸਿੰਘ, ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਜਗਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਕਨਵੈਨਸ਼ਨ ਵਿਚ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਪੇਸ਼ ਕੀਤੇ।
ਉਨ੍ਹਾਂ ਕਿਹਾ ਕਿ ਉਦਾਰੀਕਰਨ ਦੇ ਆਰਥਕ ਮਾਡਲ ਤਹਿਤ ਜਿਥੇ ਲੋਕਾਂ ਦੇ ਵਸੀਲਿਆਂ ਨੂੰ ਖੋਹਕੇ ਉਨ੍ਹਾਂ ਨੂੰ ਹੋਰ ਵੀ ਹਾਸ਼ੀਏ 'ਤੇ ਧੱਕਿਆ ਜਾ ਰਿਹਾ ਹੈ ਉਥੇ ਸਿੱਖਿਆ ਨੂੰ ਆਤਮ-ਸ਼ਕਤੀ ਪੈਦਾ ਕਰਨ ਦੀ ਥਾਂ ਮਹਿਜ਼ ਕਾਗਜ਼ ਦਾ ਪੁਰਜਾ ਬਣਾ ਦਿੱਤਾ ਗਿਆ ਹੈ। ਵਿਕਾਸ ਸਮਾਜ ਦੀ ਬਜਾਏ ਕਾਰਪੋਰੇਟ ਸਰਮਾਏਦਾਰੀ ਦਾ ਹੋ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਪੈਦਾ ਹੋਣ ਵਾਲੀ ਸਮਾਜੀ ਬੇਚੈਨੀ ਨੂੰ ਬਾਰੇ ਮੁੜ ਸੋਚ ਵਿਚਾਰ ਕਰਕੇ ਆਰਥਕ ਵਿਕਾਸ ਮਾਡਲ ਬਾਰੇ ਨਜ਼ਰਸਾਨੀ ਕਰਨ ਦੀ ਬਜਾਏ ਪੁਲਿਸਤੰਤਰ ਰਾਹੀਂ ਲੋਕਾਂ ਦੇ ਜਮਹੂਰੀ ਵਿਰੋਧ ਨੂੰ ਕੁਚਲਿਆ ਜਾ ਰਿਹਾ ਹੈ। ਸਭਾ ਦੇ ਕੋਆਰਡੀਨੇਟਰ ਪ੍ਰੋਫੈਸਰ ਪਰਮਿੰਦਰ ਸਿੰਘ ਨੇ ਕਿਹਾ ਕਿ ਖੋਖਲਾ ਪ੍ਰਬੰਧ ਫਾਸ਼ੀਵਾਦੀ ਤੰਤਰ ਨੂੰ ਮਜ਼ਬੂਤ ਬਣਾਕੇ ਅਤੇ ਲੋਕਾਂ ਖ਼ਿਲਾਫ਼ ਜੰਗ ਛੇੜਕੇ ਆਪਣਾ ਗ਼ਲਬਾ ਬਣਾਈ ਰੱਖਰਿਹਾ ਹੈ। ਪ੍ਰੋਫੈਸਰ ਸੇਵਾ ਸਿੰਘ ਨੇ ਅਜੋਕੇ ਹਾਲਾਤ ਵਿਚ ਭਾਰਤ ਵਿਚ ਫਾਸ਼ੀਵਾਦ ਦੇ ਨਵੇਂ ਰੂਪਾਂ, ਖ਼ਾਸ ਕਰਕੇ ਸੱਭਿਆਚਾਰਕ ਫਾਸ਼ੀਵਾਦ ਨੂੰ ਗੰਭੀਰਤਾ ਨਾਲ ਲੈ ਕੇ ਇਸ ਦਾ ਟਾਕਰਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਕਨਵੈਨਸ਼ਨ ਵਿਚ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਗੁਰਲਾਲ ਸਿੰਘ ਪੰਡੋਰੀ, ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਜੋਸ਼ਨ, ਪੀ.ਐੱਸ.ਯੂ. ਦੇ ਸੂਬਾਈ ਆਗੂ ਰਾਜਿੰਦਰ ਸਿੰਘ ਮਝੈਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਜਮਹੂਰੀ ਅਧਿਕਾਰ ਦੇ ਆਗੂ ਹਰਜਾਪ ਸਿੰਘ, ਇਕਬਾਲ ਸਿੰਘ, ਹਰਬਿਲਾਸ ਬਸੀ ਅਤੇ ਦਲਜੀਤ ਸਿੰਘ ਐਡਵੋਕੇਟ ਨੇ ਸੰਬੋਧਨ ਕਰਦਿਆਂ ਵੱਖ-ਵੱਖ ਲੋਕ ਸੰਘਰਸ਼ਾਂ ਉਪਰ ਹਕੂਮਤੀ ਦਮਨ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਸਾਂਝੇ ਸੰਘਰਸ਼ਾਂ ਦੀ ਲੋੜ 'ਤੇ ਜ਼ੋਰ ਦਿੱਤਾ। ਕਨਵੈਨਸ਼ਨ ਵਲੋਂ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐੱਨ.ਸਾਈਬਾਬਾ ਦੀ ਗ੍ਰਿਫ਼ਤਾਰੀ ਅਤੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਦੇ ਘਰ ਉਪਰ ਪੈਟਰੋਲ ਬੰਬ ਨਾਲ ਹਮਲੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਕੁੱਟਮਾਰ ਕਰਨ ਦੀਆਂ ਘਟਨਾਵਾਂ ਰਾਹੀਂ ਸਾਹਮਣੇ ਆਏ ਰਾਜਕੀ ਫਾਸ਼ੀਵਾਦ ਦੇ ਨਵੇਂ ਰੂਪਾਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਪ੍ਰੋਫੈਸਰ ਸਾਈਬਾਬਾ ਅਤੇ ਹੋਰ ਜਮਹੂਰੀ ਕਾਰਕੁੰਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਕਾ. ਅਜਮੇਰ ਸਿੰਘ ਸਮਰਾ, ਡਾ. ਸੈਲੇਸ਼, ਮਾਸਟਰ ਲਵਿੰਦਰ ਸਿੰਘ, ਪਰਮਜੀਤ ਕਲਸੀ, ਹਰਬੰਸ ਹੀਉਂ, ਜਸਵੀਰ ਦੀਪ, ਮਹਿੰਦਰ ਸਿੰਘ ਜੋਸ਼, ਜਸਵੰਤ ਵਿਰਲੀ, ਡਾ. ਤੇਜਪਾਲ, ਐਡਵੋਕੇਟ ਅਮਰਜੀਤ ਬਾਈ, ਜਸਦੇਵ ਲਲਤੋਂ, ਪੁਸ਼ਕਰ, ਪ੍ਰਿਤਪਾਲ ਸਿੰਘ, ਵਿਸ਼ਵਮਿੱਤਰ ਬੰਮੀ ਸਮੇਤ ਬਹੁਤ ਸਾਰੀਆਂ ਜਮਹੂਰੀਅਤਪਸੰਦ ਅਤੇ ਲੋਕਪੱਖੀ ਸ਼ਖਸੀਅਤਾਂ ਹਾਜ਼ਰ ਸਨ।