Saturday, May 21, 2016

ਦਲਿਤ ਮਜ਼ਦੂਰਾਂ ਦੀ ਹਿਰਾਸਤ ਅਤੇ ਕੁੱਟਮਾਰ ਸੰਬੰਧੀ ਜਿ਼ਲ੍ਹਾ ਸੰਗਰੂਰ ਇਕਾਈ ਦੀ ਰਿਪੋਰਟ

ਪਿੰਡ ਮਾਨ੍ਹਾਂ ਜਿ਼ਲ੍ਹਾ ਸੰਗਰੂਰ ਦੇ ਦਲਿਤ ਮਜ਼ਦੂਰਾਂ ਦੀ ਹਿਰਾਸਤ ਅਤੇ ਕੁੱਟਮਾਰ ਸੰਬੰਧੀ ਜਾਂਚ ਰਿਪੋਰਟ
ਅਪਰੈਲ ਦੇ ਤੀਜੇ ਹਫਤੇ ਅਖਬਾਰਾਂ ਵਿੱਚ ਪਿੰਡ ਮਾਨਾਂ ਜਿ਼ਲ੍ਹਾਂ ਸੰਗਰੂਰ ਦੇ ਦੋ ਦਲਿਤ ਮਜਦੂਰਾਂ ਨੂੰ ਪੁਲਿਸ ਵਲੋਂ ਨਜਾਇਜ ਹਿਰਾਸਤ ਵਿੱਚ ਰਖਕੇ ਦਿੱਤੇ ਗਏ ਤਸੀਹਿਆਂ ਦੀਆਂ ਖਬਰਾਂ ਪੜਨ ਉਪਰੰਤ ਜਮਹੂਰੀ ਅਧਿਕਾਰ ਸਭਾ ਦੀ ਜਿ਼ਲ੍ਹਾ ਇਕਾਈ ਸੰਗਰੂਰ ਨੇ ਮਿਤੀ 19/04/16 ਨੂੰ ਹੰਗਾਮੀ ਮੀਟਿੰਗ ਕਰਕੇ ਇਸ ਘਟਨਾਂ ਸੰਬੰਧੀ ਤੱਥ ਖੋਜ ਕਮੇਟੀ ਦੇ ਗਠਨ ਕੀਤਾ ਜਿਸ ਵਿਚ ਸਰਵ ਸ਼੍ਰੀ ਨਾਮਦੇਵ ਭੂਟਾਲ (ਜਿਲਾ ਪ੍ਰਧਾਨ) ਗੁਰਬਖਸੀਸ ਸਿੰਘ, ਸਤਿਜੀਤ ਸਿੰਘ, ਅਮਰੀਕ ਸਿੰਘ ਖੋਖਰ, ਸਵਰਨਜੀਤ ਸਿੰਘ ਨੂੰ ਤੱਥ ਇਕੱਠੇ ਕਰਨ ਜੀ ਜਿੰਮੇਵਾਰੀ ਸੌਂਪੀ ਗਈ। ਇਸ ਤੱਥ ਖੋਜ ਕਮੇਟੀ ਵੱਲੋਂ ਇਸ ਘਟਨਾ ਸੰਬੰਧੀ ਪੀੜਤ ਮਜਦੂਰਾਂ, ਚੋਰੀ ਦਾ ਦੋਸ਼ ਲਗਾਉਣ ਵਾਲੀਆਂ ਧਿਰਾਂ, ਪੁਲੀਸ, ਮੌਕੇ ਦੇ ਗਵਾਹਾਂ ਨੂੰ ਮਿਲਕੇ ਜਾ ਸੰਪਰਕ ਕਰਕੇ ਅਤੇ ਦਸਤਾਵੇਜਾਂ ਦੀ ਘੋਖ ਪੜਤਾਲ ਕਰਕੇ ਤੱਥ ਇੱਕਠੇ ਕੀਤੇ ਗਏ।
ਪੜਤਾਲੀਆਂ ਟੀਮ ਨੇ ਸਭ ਤੋਂ ਪਹਿਲਾ ਪੀੜਤ ਮਜਦੂਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਪਰਬਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਮਾਨਾ ਨੂੰ ਮਿਲਕੇ ਗਲਬਾਤ ਕੀਤੀ। ਉਹਨਾਂ ਦੱਸਿਆ ਕਿ ਉਹ ਅਮਰਗੜ੍ਹ ਵਿਖੇ ਚੌਂਂਂਦਾ ਰੋਡ ਪਾਸ ਸੁਰਜੀਤ ਸਿੰਘ ਫੋਰਮੈਨ ਦੀ ਵਰਕਸ਼ਾਪ ਤੇ ਕੰਮ ਕਰਦੇ ਸੀ। 6 ਅਪਰੈਲ ਨੂੰ ਮਨਦੀਪ ਸਿੰਘ ਨੂੰ ਅਮਰਗੜ੍ਹ ਵਿਖੇ ਕੋਈ ਕੰਮ ਸੀ ਉਹ ਪਰਬਤ ਸਿੰਘ ਨੂੰ ਨਾਲ ਲੈ ਕੇ ਅਮਰਗੜ੍ਹ ਆਇਆ ਤੇ ਕੰਮ ਕਰਨ ਉਪਰੰਤ ਉਹ ਦੋਵੇਂ ਪਰਬਤ ਸਿੰਘ ਦੀ ਭੈਣ ਨੂੰ ਮਿਲਣ ਲਈ ਆਪਣੇ ਬਾਈਕNo.  PB02-BC 2497(ਪਲਾਟੀਨਾ) ਉਪਰ ਪਿੰਡ ਸਲਾਰ ਨੂੰ ਜਾ ਰਹੇ ਸੀ। ਸਵੇਰੇ 11:30 ਵਜੇ੍ਹ ਦੇ ਕਰੀਬ ਪਿੰਡ ਬੁਰਜ ਵਿਖੇ ਦੋ ਸਕੂਟਰ ਸਵਾਰ ਵਿਅਕਤੀਆਂ ਨੇ ਉਹਨਾਂ ਨੂੰ ਘੇਰ ਲਿਆ। ਘੇਰਨ ਸਾਰ ਸਾਡੇ ਬਾਈਕ ਨੂੰ ਜਿੰਦਾ ਲਗਾ ਕੇ ਚਾਬੀ ਕੱਢ ਲਈ। ਫਿਰ ਉਹਨਾਂ ਨੇ ਆਪਣੇ ਮੁਬਾਇਲ ਰਾਹੀਂ ਸਾਡੀਆਂ ਫੋਟੋਆ ਖਿਚੀਆਂ। ਸਾਡੇ ਪਿੱਛੇ ਆ ਰਹੇ ਵਿਅਕਤੀ ਭੋਲੂ ਮੀਆਂ ਨੇ ਸਾਡੇ ਤੇ ਦੋਸ਼ ਲਗਾਇਆ ਕਿ ਅਸਾਂ ਉਸਦੀ ਕੁੱਤੀ ਚੋਰੀ ਕੀਤੀ ਹੈ। ਉਸ ਕਿਹਾ ਕਿ ਚੋਰ ਤੁਸੀ ਨਹੀਂ ਪਰ ਮੋਟਰਸਾਈਕਲ ਇਹੀ ਹੈ ਜੋ ਚੋਰੀ ਸਮੇਂ ਵਰਤਿਆ ਗਿਆ ਹੈ। ਉਹਨਾਂ ਕਿਹਾ ਕਿ ਚੋਰਾਂ ਨੂੰ ਪੇਸ਼ ਕਰੋ, ਮੋਟਰ ਸਾਈਕਲ ਫਿਰ ਦੇਵਾਂਗੇ। ਅਸੀ ਉਥੋਂ ਪੈਦਲ ਚਲਕੇ ਪਰਬਤ ਸਿੰਘ ਦੀ ਭੈਣ ਦੇ ਘਰ ਸਲਾਰ ਚਲੇ ਗਏ। ਜਿਥੋਂ ਫਿਰ ਅਸੀਂ ਪਿੰਡ ਪਹੁੰਚੇ। ਇਸ ਉਪਰੰਤ ਅਸੀ ਦੋ ਤਿੰਨ ਦਿਨ ਇਧਰੋ ਉਧਰੋਂ ਬੰਦੇ ਭੇਜ ਕੇ ਆਪਣਾ ਮੋਟਰਸਾਇਕਲ ਲੈਣ ਦੀ ਕੋਸਿ਼ਸ਼ ਕੀਤੀ। ਪਰ ਉਹਨਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਅਸੀ ਮਿਤੀ 9/4/16 ਨੂੰ ਸਵੇਰੇ 10:30 ਵਜੇ ਸ਼੍ਰੀ ਮਲਕੀਤ ਸਿੰਘ ਧੰਦੀਵਾਲ, ਬਲਵੀਰ ਸਿੰਘ (ਪਿਤਾ-ਮਨਦੀਪ ਸਿੰਘ), ਜਗਨ ਸਿੰਘ ਪੰਚਾਇਤ ਮੈਂਬਰ ਪਿੰਡ ਮਾਨਾ, ਰਾਜਿੰਦਰ ਸਿੰਘ ਸਰਪੰਚ ਪਿੰਡ ਮਾਨਾ, ਜੋਧਾ ਸਿੰਘ ਪਿੰਡ ਚਪੜੌਦਾ ਨੂੰ ਨਾਲ ਲੈ ਕੇ ਥਾਣਾ ਅਮਰਗੜ੍ਹ ਗਏ ਤੇ ਸਾਡਾ ਮੋਟਰਸਾਈਕਲ ਦਿਵਾਉਣ ਦੀ ਫਰਿਆਦ ਕੀਤੀ। ਥਾਣੇ ਵਿੱਚ ਸਾਨੂੰ ਸ਼੍ਰੀ ਸੰਜੀਵ ਗੋਇਲ ਐਸ.ਐਚ.ੳ. ਅਤੇ ਸ਼੍ਰੀ ਰਘਵੀਰ ਸਿੰਘ ਏ.ਐਸ.ਆਈ. ਮਿਲੇ। ਉਹਨਾਂ ਕਿਹਾ ਕਿ ਕੁੱਤੀ ਦੀ ਤਾਂ ਕਹਾਣੀ ਬਣਾਈ ਗਈ ਹੈ। ਦਰਅਸਲ ਚਾਰ ਲੱਖ ਰੁਪਏ ਦੀ ਰਕਮ ਖੋਹੀ ਗਈ ਹੈ। ਇਸ ਸੰਬੰਧੀ ਪੀੜਤ ਧਿਰ ਤੁਹਾਡਾ ਨਾਮ ਰੱਖਦੀ ਹੈ। ਅਸੀਂ ਇਸ ਘਟਨਾ ਸੰਬੰਧੀ ਪੁੱਛ-ਗਿੱਛ ਕਰਨੀ ਹੈ। ਉਹਨਾਂ ਸਾਡੇ ਨਾਲ ਗਏ ਵਿਆਕਤੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ 2 ਘੰਟੇ ਬਾਅਦ ਸਾਨੂੰ ਛੱਡ ਦੇਣਗੇ। ਇਸ ਵਿਸਵਾਸ ਨਾਲ ਸਾਡੇ ਨਾਲ ਗਏ ਵਿਆਕਤੀ ਸਾਨੂੰ ਥਾਣੇ ਛੱਡ ਕੇ ਬਾਹਰ ਆ ਗਏ। ਏ.ਐਸ.ਆਈ. ਰਘਵੀਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਸਾਨੂੰ ਤਰਾਂ ਤਰਾਂ ਦੇ ਤਸੀਹੇ ਦਿੱਤੇ। ਸਾਡੀ ਬਹੁਤ ਹੀ ਜਿਆਦਾ ਕੁਟਮਾਰ ਕੀਤੀ। ਉਹ ਸਾਨੂੰ ਸਾਰਾ ਦਿਨ ਕੁਟਦੇ ਰਹੇ। ਜਦੋਂ ਸ਼ਾਮ ਤੱਕ ਵੀ ਪੁਲੀਸ ਨੇ ਸਾਨੂੰ ਨਾ ਛੱਡਿਆ ਤਾਂ ਸਾਡੇ ਰਿਸਤੇਦਾਰਾਂ ਦੇ 181 ਤੇ ਫੋਨ ਕਰਕੇ ਗੈਰਕਾਨੂੰਨੀ ਹਿਰਾਸਤ ਸੰਬੰਧੀ ਸਿ਼ਕਾਇਤ ਦਰਜ ਕਰਾਈ। ਪੁਲੀਸ ਅਗਲੇ ਦਿਨ ਸਾਨੂੰ ਹਿਮਤਾਨਾ ਚੌਂਕੀ ਲੈ ਗਈ। ਉਥੇ ਸਾਨੂੰ ਬਹੁਤ ਹੀ ਬੁਰੀ ਤਰ੍ਹਾਂ ਤਸੀਹੇ ਦਿੱਤੇ। ਸਾਡੇ ਗੁਪਤ ਅੰਗਾਂ ਤੇ ਕਰੰਟ ਲਗਾਏ ਗਏ ਸਾਨੂੰ ਬੁਰੀ ਤਰ੍ਹਾਂ ਤੜਫਾਇਆ ਗਿਆ। ਫਿਰ ਸ਼ਾਮ ਨੂੰ ਅਮਰਗੜ੍ਹ ਲੈ ਆਏ, ਅਗਲੇ ਦਿਨ 11 ਅਪਰੈਲ ਨੂੰASIਰਘਵੀਰ ਸਿੰਘ ਸਾਨੂੰ CIA ਸਟਾਫ ਬਹਾਦੁਰਸਿੰਘ ਵਾਲਾ ਲੈ ਆਇਆ। ਇਥੇ ਸਾਡੀ ਕੁਟਮਾਰ ਤਾਂ ਨਹੀਂ ਹੋਈ ਪਰ ਸਾਨੂੰ ਡਰਾਇਆ ਧਮਕਾਇਆ ਗਿਆ ਤੇ ਪੁੁੱਛ-ਗਿੱਛ ਕੀਤੀ ਗਈ। ਸ਼ਾਮ ਨੂੰ ਫਿਰ ਅਮਰਗੜ੍ਹ ਲੈ ਆਏ। 12/04/16 ਨੂੰ ਸਾਡੇ ਰਿਸਤੇਦਾਰਾਂ ਨੇ SSP ਸੰਗਰੂਰ ਨੂੰ ਮਿਲਕੇ ਸਾਰਾ ਮਾਮਲਾ ਧਿਆਨ ਵਿੱਚ ਲਿਆਂਦਾ। ਪੁਲੀਸ ਵੀ ਉਸ ਸਮੇਂ ਤੱਕ ਸਾਨੂੰ ਕਹਿਣ ਲੱਗੀ ਕਿ ਤੁਸੀ ਤਾਂ ਬੇਕਸੂਰੇ ਹੀ ਕੁੱਟੇ ਗਏ। ਤੁਹਾਡਾ ਗਲਤ ਨਾਮ ਰੱਖ ਦਿੱਤਾ ਹੈ। ਤੁਹਾਨੂੰ ਉਹਨਾਂ ਖਿਲਾਫ ਸਾਨੂੰ ਸਿ਼ਕਾਇਤ ਕਰਨੀ ਚਾਹੀਦੀ ਹੈ। ਫਿਰ ਪੁਲੀਸ ਨੇ 13/04/16 ਨੂੰ ਸਾਨੂੰ ਸ਼ਾਮ ਨੂੰ 6/7 ਵਜੇ੍ਹ ਛੱਡਿਆ। ਰਾਜਿੰਦਰ ਸਿੰਘ ਸਰਪੰਚ, ਜਗਨ ਸਿੰਘ ਮੈਂਬਰ, ਕੁਲਦੀਪ ਸਿੰਘ ਬਟੂਹਾ, ਮਲਕੀਤ ਸਿੰਘ ਧੰਦੀਵਾਲ, ਬਹਾਦੁਰ ਸਿੰਘ ਮਾਸਟਰ ਮਾਨਾ ਅਤੇ ਸਾਡੇ ਦੋਨਾ ਦੇ ਪਿਤਾ ਸਾਡੇ ਛੱਡਣ ਸਮੇਂ ਥਾਣੇ ਵਿੱਚ ਹਾਜਰ ਸਨ। ਸਾਨੂੰ ਉਹਨਾਂ ਦੇ ਸਪੁਰਦ ਕੀਤਾ ਗਿਆ। ਸਾਡੀ ਸਰੀਰਕ ਹਾਲਤ ਬਹੁਤ ਮਾੜੀ ਸੀ। ਅਗਲੇ ਦਿਨ 14/04/16 ਨੂੰ ਅਸੀਂ ਸਵੇਰੇ ਸਮੇਂ ਸਿਵਲ ਹਸਪਤਾਲ ਧੂਰੀ ਵਿਖੇ ਆ ਕੇ ਸਾਡਾ ਇਲਾਜ ਕਰਨ ਅਤੇ ਸਾਡਾ ਪਰਚਾ ਕੱਟਣ ਦੀ ਬੇਨਤੀ ਕੀਤੀ। ਪਰੰਤੂ ਉਹਨਾਂ ਨੇ ਪਰਚਾ ਕੱਟਣ ਤੇ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਸਿਰਫ ਪਰਚੀਆਂ ਤੇ ਦਵਾਈ ਲਿਖਕੇ ਦੇ ਦਿੱਤੀ। ਪਿਰਥੀ ਸਿੰਘ ਨੇ 104 ਨੰਬਰ ਤੇ ਫੋਨ ਕਰਕੇ ਸਿ਼ਕਾਇਤ ਕੀਤੀ। ਪਰ ਉਹਨਾਂ ਵੀ ਸਾਡੀ ਮਦਦ ਨਹੀਂ ਕੀਤੀ। ਫਿਰ ਅਸੀ ਦਵਾਈ ਲੈ ਕੇ ਪਿੰਡ ਵਾਪਸ ਮੁੜ ਗਏ। ਅਗਲੇ ਦਿਨ ਜਿਆਦਾ ਤੰਗ ਹੋਣ ਕਾਰਣ ਅਸੀ ਸੰਗਰੂਰ ਹਸਪਤਾਲ ਵਿੱਚ ਆ ਗਏ। ਉਹਨਾਂ ਨੇ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਸਰੀਰਕ ਤੌਰ ਤੇ ਜਿਆਦਾ ਤੰਗ ਹੋਣ ਕਾਰਨ ਅਸੀਂ ਲਿਖਕੇ ਦੇ ਦਿੱਤਾ ਕਿ ਅਸੀ ਕਾਨੂੰਨੀ ਕਾਰਵਾਈ ਨਹੀਂ ਕਰਨੀ। ਫਿਰ ਉਹਨਾਂ ਨੇ ਸਾਨੂੰ ਦਾਖਲ ਕੀਤਾ।
ਇਸ ਉਪਰੰਤ ਪੜਤਾਲੀਆਂ ਟੀਮ ਨੇ ਅਮਰਗੜ੍ਹ ਵਿਖੇ ਸੁਰਜੀਤ ਸਿੰਘ ਫੋਰਮੈਨ ਦੀ ਵਰਕਸ਼ਾਪ ਤੇ ਜਾ ਕੇ ਜਾਣਕਾਰੀ ਹਾਸਲ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਦੋਨਾ ਲੜਕਿਆਂ ਨੇ ਸਾਡੇ ਪਾਸ ਤਕਰੀਬਨ ਇੱਕ ਮਹੀਨਾ ਕੰਮ ਕੀਤਾ ਹੈ। ਇਹਨਾਂ ਨੇ ਠੀਕ ਤਰੀਕੇ ਨਾਲ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਇਹਨਾਂ ਨੇ ਦਸ਼ਮੇਸ ਵਾਲਿਆਂ ਦੇ ਵੀ ਕਈ ਮਹੀਨੇ ਲਗਾਏ ਹਨ। ਇਹ ਸਾਊ ਸੁਭਾਅ ਦੇ ਹਨ। ਇਹਨਾਂ ਦੀ ਉਥੇ ਵੀ ਕੋਈ ਸਿ਼ਕਾਇਤ ਨਹੀਂ ਸੀ। ਉਹਨਾਂ ਕਿਹਾ ਕਿ ਮਨਦੀਪ ਸਿੰਘ ਨੇ ਸਾਡੇ ਪਾਸ 26/3 ਦੀ ਦੁਪਹਿਰ ਤੱਕ ਕੰਮ ਕੀਤਾ ਹੈ। ਪਰਬਤ ਸਿੰਘ ਪਹਿਲਾਂ ਹਟ ਗਿਆ ਸੀ। 26/3 ਨੂੰ ਮਨਦੀਪ ਸਿੰਘ ਸਾਡੇ ਤੋਂ ਪੈਸੇ ਮੰਗ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਜਾਣਾ ਹੈ।
ਇਸ ਉਪਰੰਤ ਟੀਮ ਬੁਰਜ ਪਿੰਡ ਪੁਜੀ ਜਿਥੇ ਇਹਨਾਂ ਦਾ ਮੋਟਰ ਸਾਈਕਲ ਕਬਜੇ ਵਿਚ ਲਿਆ ਗਿਆ ਸੀ। ਇਥੇ ਭੋਲੂ ਮੀਆਂ ਨੂੰ ਮਿਲਕੇ ਗਲਬਾਤ ਕੀਤੀ। ਉਸਨੇ ਕਿਹਾ ਕਿ 26/3 ਨੂੰ ਤਕਰੀਬਨ 6.32 ਵਜੇ ਸ਼ਾਮ ਨੂੰ ਮੈਂ ਦਾਤਣਾਂ ਤੋੜ ਕੇ ਘਰ ਆ ਰਿਹਾ ਸੀ ਤਾਂ ਇਕ ਨੌਜਵਾਨ ਮੋਟਰਸਾਇਕਲ ਉਪਰ ਖੜਾ ਸੀ ਤੇ ਦੂਸਰਾ ਸਾਡੀ ਗਲੀ ਵਿਚੋਂ ਕੁੱਤੀ ਚੁੱਕ ਕੇ ਮੇਰੇ ਪਾਸੋਂ ਗਲੀ ਦੇ ਮੋੜ ਤੇ ਲੰਘਿਆ। ਮੈਂ ਉਸ ਤੋਂ ਕੁੱਤੀ ਲੈਣੀ ਚਾਹੀ ਪਰ ਉਹ ਤੁਰੰਤ ਮੋਟਰਸਾਈਕਲ ਦੇ ਪਿਛੇ ਬੈਠ ਗਿਆ ਤੇ ਉਹ ਦੋਨੋ ਮੋਟਰ ਸਾਈਕਲ ਭਜਾ ਕੇ ਲੈ ਗਏ। ਮੈਂ ਅੰਦਰ ਜਾ ਕੇ ਮੋਟਰਸਾਈਕਲ ਚੁੱਕ ਕੇ ਉਹਨਾਂ ਦਾ ਪਿੱਛਾ ਕਰਨ ਦੀ ਕੋਸਿ਼ਸ ਕੀਤੀ ਪਰ ਉਹ ਦੂਰ ਜਾ ਚੁੱਕੇ ਸਨ ਜਦੋਂ ਉਸਨੂੰ ਪੁਛਿਆ ਕਿ ਤੁਸੀ ਰੌਲਾ ਪਾਇਆ ਸੀ ਜਾ ਅੱਗੇ ਕਿਸੇ ਨੂੰ ਰੋਕਣ ਵਾਸਤੇ ਕਿਹਾ ਸੀ ਤਾਂ ਉਹਨਾਂ ਕਿਹਾ ਕਿ ਮੈਂ ਅਜਿਹਾ ਨਹੀਂ ਕੀਤਾ। ਮੈਂ ਸੋਚਦਾ ਸੀ ਕਿ ਮੈਂ ਪਿਛੇ ਜਾ ਕੇ ਆਪ ਹੀ ਫੜ ਲਵਾਂਗਾ। ਜਦੋਂ ਉਸ ਤੋਂ ਮਿਤੀ 6/4/16 ਨੂੰ ਮੋਟਰਸਾਈਕਲ ਖੋਹਣ ਦੀ ਘਟਨਾ ਵਾਰੇ ਪੁਛਿਆ ਤਾਂ ਉਹਨਾਂ ਮੰਨਿਆ ਕਿ ਸਾਡੇ ਵਲੋਂ ਹੀ ਮੋਟਰ ਸਾਈਕਲ ਫੜਿਆ ਗਿਆ ਹੈ। ਉਹਨਾਂ ਕਿਹਾ ਕਿ ਇਥੇ 40-45 ਬੰਦਿਆਂ ਦੇ ਇਕੱਠ ਵਿਚ ਮੰਨ ਕੇ ਗਏ ਸੀ ਕਿ ਅਸੀ ਕੁੱਤੀ ਲਿਆ ਕੇ ਦੇਵਾਂਗੇ, ਉਸ ਸਮੇਂ ਮੇਰੇ ਮੁੰਡਿਆਂ ਨੇ ਉਹਨਾਂ ਦੀਆਂ ਫੋਟੋਆ ਵੀ ਖਿਚੀਆਂ ਸਨ। ਜਦੋਂ ਉਸਤੋਂ ਪੁਛਿਆ ਗਿਆ ਕਿ ਤੁਸੀ ਤਾਂ ਕਿਹਾ ਕਿ ਉਹ ਚੋਰ ਨਹੀਂ ਹਨ। ਸਿਰਫ ਮੋਟਰਸਾਈਕਲ ਹੀ ਉਹ ਹੈ ਜਿਸ ਤੇ ਚੋਰੀ ਹੋਈ ਹੈ;ਵਸ ਤਾਂ ਉਹਨਾਂ ਕਿਹਾ ਕਿ ਇੱਕ ਮੁੰਡਾ (ਮਨਦੀਪ ਸਿੰਘ ਫੋਟੋ ਦਿਖਾਕੇ) ਉਹੀ ਸੀ। ਪਰ ਮੈਂ ਜਾਣ ਬੁਝ ਕੇ ਕਹਿ ਦਿੱਤਾ ਸੀ ਕਿ ਇਹ ਚੋਰ ਨਹੀਂ ਹਨ। ਕਿਉਂਕਿ ਮੈਨੂੰ ਡਰ ਸੀ ਕਿ ਲੋਕ ਉਸਨੂੰ ਕੁੱਟ ਕੁੱਟ ਕੇ ਮਾਰ ਦੇਣਗੇ। ਜਦੋਂ ਉਸ ਤੋਂ 4 ਲੱਖ ਰੁਪਏ ਖੋਹਣ ਦੀ ਵਾਰਦਾਤ ਵਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਲਾਲਿਆ (ਕ੍ਰਿਸਨਾ ਰਾਣੀ) ਨਾਲ ਸਾਡਾ ਬਹੁਤ ਵਧੀਆ ਸਹਿਚਾਰ ਹੈ ਤੇ ਲੈਣ ਦੇਣ ਹੈ। ਉਹਨਾਂ ਸਾਨੂੰ ਕਿਹਾ ਸੀ ਕਿ ਜੇਕਰ ਤੁਹਾਨੂੰ ਕੁੱਤੀ ਚੁੱਕਣ ਵਾਲੇ ਲੱਭ ਜਾਣ ਤਾਂ ਸਾਨੂੰ ਦੱਸਿਓ। ਇਸ ਲਈ ਅਸੀ 6/14 ਨੂੰ ਉਸੇ ਸਮੇਂ ਉਹਨਾਂ ਨੂੰ ਦਸ ਦਿੱਤਾ ਸੀ। ਉਹਨਾਂ ਨੇ ਇਥੇ ਮੌਕੇ ਤੇ ਪੁਜ ਕੇ ਉਹਨਾਂ ਦੀਆਂ ਫੋਟੋਆ ਖਿੱਚ ਲਈਆ ਸਨ।
ਟੀਮ ਵਲੋਂ ਬੁਰਜ ਪਿੰਡ ਦੇ ਸਰਪੰਚ ਸ਼੍ਰੀ ਕੇਵਲ ਸਿੰਘ ਦੇ ਘਰ ਉਸ ਨਾਲ ਗਲਬਾਤ ਕੀਤੀ। ਉਹਨਾਂ ਦੱਸਿਆ ਕਿ 6/4/2016 ਨੂੰ ਉਹ ਘਰ ਨਹੀਂ ਸੀ। ਲੋਕਾਂ ਨੇੇ ਮੁੰਡਿਆਂ ਤੋਂ ਮੋਟਰ ਸਾਈਕਲ ਫੜਿਆ ਸੀ ਜੋ ਮੇਰੇ ਲੜਕੇ ਨੂੰ ਫੜਾ ਦਿੱਤਾ ਸੀ। ਉਸੇ ਦਿਨ ਤੋਂ ਮੇਰੇ ਘਰ ਖੜਾ ਹੈ। ਟੀਮ ਨੇ ਮੋਟਰਸਾਈਕਲ ਖੜਾ ਦੇਖਿਆ। ਉਸ ਕਿਹਾ ਕਿ ਹੁਣ ਪੁਲੀਸ ਇਸ ਨੂੰ ਮੰਗ ਰਹੀ ਹੈ ਪਰ ਮੈਂ ਨਹੀਂ ਦਿੱਤਾ।
ਇਸ ਉਪਰੰਤ ਟੀਮ ਨੇ ਬੁਰਜ ਦੇ ਨਾਲ ਲਗਦੇ ਪਿੰਡ ਸਲਾਰ ਵਿਖੇ ਪਰਬਤ ਸਿੰਘ ਦੀ ਭੈਣ ਸੁਖਵਿੰਦਰ ਕੌਰ ਪਤਨੀ ਕਮਲਜੀਤ ਸਿੰਘ ਉਰਫ ਘੋਟਨਾ ਨਾਲ ਗਲਬਾਤ ਕੀਤੀ। ਉਸ ਨੇ ਦੱਸਿਆ ਕਿ ਅਸੀਂ 6/4 ਨੂੰ ਮੋਟਰ ਸਾਈਕਲ ਫੜਨ ਸਮੇਂ ਬੁਰਜ ਚਲੀਆਂ ਗਈਆਂ ਸੀ। ਉਥੇ ਮੌਜੂਦ ਭੋਲੂ ਮੀਆ ਨੇ ਕਿਹਾ ਕਿ ਇਹ ਮੁੰਡੇ ਚੋਰ ਨਹੀਂ ਹਨ ਪਰ ਇਸੇ ਮੋਟਰ ਸਾਈਕਲ ਤੇ ਕੁੱਤੀ ਚੋਰੀ ਹੋਈ ਹੈ। ਚੋਰਾਂ ਨੂੰ ਪੇਸ ਕਰ ਦੇਵੋ ਤੇ ਮੋਟਰ ਸਾਈਕਲ ਲੈ ਜਾਵੋ। ਜਦੋਂ ਉਸ ਤੋਂ ਪੁਛਿਆ ਗਿਆ ਕਿ ਕੀ ਉਸ ਸਮੇਂ ਅਮਰਗੜ੍ਹ ਤੋਂ ਕ੍ਰਿਸਨਾ ਰਾਣੀ ਤੇ ਉਸਦੇ ਪਰਿਵਾਰ ਮੈਂਬਰ ਉਥੇ ਮੌਜੂਦ ਸਨ ਤਾਂ ਉਹਨਾਂ ਕਿਹਾ ਕਿ ਨਹੀਂ ਉਹ ਉਥੇ ਹਾਜਰ ਨਹੀਂ ਸਨ। ਸਿਰਫ ਪਿੰਡ ਦੇ ਕੁਝ ਬੰਦੇ ਸਨ। ਉਸ ਨੇ ਕਿਹਾ ਕਿ 9/4/16 ਤੋਂ 13/4/16 ਤੱਕ ਅਸੀਂ ਪਰਬਤ ਸਿੰਘ ਹੁਰਾਂ ਨੂੰ ਮਿਲਣ ਲਈ ਹਰ ਰੋਜ ਅਮਰਗੜ੍ਹ ਥਾਣੇ ਜਾਂਦੇ ਸੀ ਪਰ ਮੈਨੂੰ ਮਿਲਣ ਨਹੀਂ ਦਿੱਤਾ ਗਿਆ। ਉਸ ਨੇ ਕਿਹਾ ਕਿ ਸਾਡੇ ਮੁੰਡਿਆਂ ਨੇ ਦੱਸਿਆ ਸੀ ਕਿ ਭੜੀ ਪਿੰਡ ਦੇ ਮੁੰਡੇ ਇੱਕ ਦਿਨ ਉਹਨਾਂ ਦਾ ਮੋਟਰਸਾਈਕਲ ਮੰਗ ਕੇ ਲੈ ਕੇ ਗਏ ਸੀ। ਪਰ ਪੁਲੀਸ ਨੇ ਉਹਨਾਂ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ।
ਪੜਤਾਲੀਆ ਟੀਮ ਅਮਰਗੜ੍ਹ ਵਿਖੇ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਨੂੰ ਵੀ ਮਿਲੀ ਉਹਨਾਂ ਦੱਸਿਆ ਕਿ 27/3 ਨੂੰ ਸ਼ਾਮ ਨੂੰ ਤਕਰੀਬਨ 6 ਕੁ ਵਜੇ੍ਹ ਮੈਂ ਅਤੇ ਹਿਮਾਲੀਆ ਮਾਚਸ ਕੰਪਨੀ, ਭਗਤਾ ਭਾਈਕਾ ਦਾ ਸੇਲਜ ਮੈਨ, ਜਤਿੰਦਰ ਕੁਮਾਰ ਐਕਟਿਵਾ ਸਕੂਟਰ ਤੇ ਪਿੰਡਾਂ ਵਿਚ ਉਗਰਾਹੀ ਕਰਨ ਉਪਰੰਤ ਹੁਸੈਨਪੁਰੇ ਨਹਿਰ ਪਾਸ ਆ ਰਹੇ ਸੀ ਤਾਂ ਸਾਨੂੰ ਪੰਜ ਬੰਦਿਆਂ ਤੇ ਤਿੰਨ ਮੋਟਰ ਸਾਈਕਲ ਤੇ ਘੇਰ ਲਿਆ ਅਤੇ ਪਸਤੌਲ ਤਾਣ ਲਿਆ। ਸਾਡੀ ਐਕਟਿਵਾ ਖੋਹ ਕੇ ਭੱਜ ਗਏ। ਜਿਸ ਵਿਚ ਤਕਰੀਬਨ 4 ਲੱਖ ਰੂਪੈ ਸਨ। ਉਹਨਾਂ ਸਾਨੂੰ ਮਾਰਨ ਦੀ ਧਮਕੀ ਵੀ ਦਿੱਤੀ। ਮੈਂ ਉਸੇ ਦਿਨ ਪੁਲੀਸ ਨੂੰ ਰਿਪੋਰਟ ਲਿਖਾ ਦਿੱਤੀ ਸੀ। ਜਦੋਂ ਉਸ ਤੋਂ ਮਨਦੀਪ ਸਿੰਘ ਤੇ ਪਰਬਤ ਸਿੰਘ ਦੀ ਪਹਿਚਾਣ ਸੰਬੰਧੀ ਪੁਛਿਆ ਤਾਂ ਉਸਨੇ ਕਿਹਾ ਕਿ 6/4 ਨੂੰ ਬਰਜ ਵਿਚ ਫੋਟੋ ਖਿਚੀਆਂ ਸੀ। ਉਸ ਦਿਨ ਮੈਂ ਮਾਨਾ ਵਾਲੇ ਮਨਦੀਪ ਸਿੰਘ ਨੂੰ ਪਹਿਚਾਣਿਆ ਸੀ। ਮੈਂ ਇਸ ਸੰਬੰਧੀ ਪੁਲੀਸ ਨੂੰ ਦਸ ਦਿੱਤਾ ਸੀ ਤੇ ਫੋਟੋ ਵੀ ਦਿਖਾ ਦਿੱਤੀ ਸੀ। ਉਸਨੇ ਮੇਰੇ ਸਾਹਮਣੇ DSP ਤੇ SHO ਪਾਸ ਸਾਡਾ ਪਿੱਛਾ ਕਰਨ ਦੀ ਗੱਲ ਵੀ ਮੰਨੀ ਸੀ। ਮੇਰੇ ਨਾਲ ਗਏ ਸੇਲਜਮੈਨ ਨੇ ਵੀ ਫੋਟੋਆਂ ਦੀ ਪਹਿਚਾਣ ਕੀਤੀ ਹੈ। ਪਰ ਪਤਾ ਨਹੀਂ ਕਿਉਂ ਪੁਲੀਸ ਨੇ ਉਹਨਾਂ ਨੂੰ ਛੱਡ ਦਿੱਤਾ ਹੈ ਹੋ ਸਕਦਾ ਮਿਲ ਮਿਲਾ ਕੇ ਛੱਡ ਦਿੱਤਾ ਹੋਵੇ। ਜਦੋਂ ਉਸ ਤੋਂ ਪੁਛਿਆ ਗਿਆ ਕਿ ਹੁਣ ਫਿਰ ਉਗਰਾਹੀ ਕਿਵੇਂ ਕਰਦੇ ਹੋ ਤਾਂ ਉਸਨੇ ਕਿਹਾ ਕਿ ਮੈਂ ਤਾਂ ਉਸੇ ਤਰ੍ਹਾਂ ਹੀ ਲਗਾਤਾਰ ਐਕਟਿਵਾ ਤੇ ਉਗਰਾਹੀ ਕਰਕੇ ਲਿਆਉਂਦੀ ਹਾਂ। ਮੈਨੂੰ ਕੋਈ ਡਰ ਨਹੀਂ ਲਗਦਾ।
ਕ੍ਰਿਸਨਾ ਰਾਣੀ ਵਲੋਂ ਪੁਲੀਸ ਪਾਸ ਮਿਤੀ 29/03/16 ਨੂੰ ਲਿਖਾਈ FIR No 33 ਵਿੱਚ ਉਸਨੇ ਲਿਖਾਇਆ ਹੈ ਕਿ ਉਹ ਉਗਰਾਹੀ ਕਰਕੇ ਪਿੰਡ ਹੁਸੈਨਪੁਰ ਵਲ ਨੂੰ ਆ ਰਹੇ ਸੀ । ਜਦੋਂ ਉਹ ਨਹਿਰ ਦੀ ਕੱਚੀ ਪਟੜੀ ਪੁਲ ਦੇ ਨੇੜੇ ਪੁੱਜੇ ਸਾਹਮਣੇ ਤੋਂ ਮੋਟਰਸਾਈਕਲ ਉਪਰ ਇਕ ਲੜਕਾ ਆਇਆ। ਜਿਸਨੇ ਉਹਨਾਂ ਦੀ ਸਕੂਟਰੀ ਰੋਕ ਲਈ ਇਕ ਮੋਟਰ ਸਾਈਕਲ ਖੱਬੇ ਪਾਸਿਓ ਆਇਆ ਜਿਸ ਉਪਰ ਦੋ ਲੜਕੇ ਸਵਾਰ ਸਨ। ਇਕ ਮੋਟਰਸਾਈਕਲ ਮਨਵੀ ਵਲੋਂ ਸਾਡੇ ਪਿਛੇ ਆਇਆ। ਇਹਨਾਂ ਪੰਜਾਂ ਨੇ ਸਾਨੂੰ ਘੇਰ ਲਿਆ। ਇਕ ਲੜਕੇ ਨੇ ਮੇਰੀ ਸਕੂਟਰੀ ਦੀ ਚਾਬੀ ਕੱਢ ਲਈ ਇੱਕ ਨੇ ਪਿਸਤੌਲ ਕੱਢ ਕੇ ਕਿਹਾ ਕਿ ਜੋ ਕੁਝ ਹੈ ਸਾਨੂੰ ਦੇ ਦੇਵੋ। ਉਹ ਡਰ ਗਏ ਤੇ ਲੜਕਿਆਂ ਵਿਚੋਂ ਇੱਕ ਉਹਨਾਂ ਦੀ ਸਕੂਟਰੀ ਚੁੱਕ ਕੇ ਨਹਿਰ ਦੀ ਹੁੁਸੈਨਪੁਰ ਵਾਲੀ ਪਟੜੀ ਤੇ ਭਜਾ ਕੇ ਲੈ ਗਿਆ ਤੇ ਬਾਕੀ ਵੀ ਉਸ ਮਗਰ ਜਬੋਮਾਜਰਾ ਸਾਈਡ ਵਲ ਨੂੰ ਭੱਜ ਗਏ। ਕਰੀਬ 10 ਮਿੰਟ ਬਾਅਦ ਰਾਹਗੀਰਾਂ ਦੀ ਕਾਰ ਆ ਗਈ। ਉਹਨਾਂ ਨੇ ਲੜਕਿਆਂ ਦਾ ਪਿਛਾ ਕੀਤਾ। ਤਕਰੀਬਨ ਡੇਢ ਕਿਲੋ ਮੀਟਰ ਤੇ ਉਹਨਾਂ ਦੀ ਸਕੂਟਰੀ ਡਿਗੀ ਪਈ ਸੀ। ਜਿਸ ਵਿਚੋਂ ਰੁਪਿਆ ਵਾਲਾ ਬੈਗ, ਇਕ ਡਾਇਰੀ, 5/6 ਚੈਕ, ਇੱਕ ਦੋ ਸਿਮਾ ਵਾਲਾ ਮੋਬਾਇਲ ਉਹ ਚੋਰੀ ਕਰਕੇ ਲੈ ਗਏ ਸਨ। ਕ੍ਰਿਸਨਾ ਰਾਣੀ ਨੇ FIR ਵਿਚ ਲਿਖਾਇਆ ਹੈ ਕਿ ਉਹ 27/3 ਤੋਂ 29/3 ਤੱਕ ਆਪਣੇ ਤੌਰ ਤੇ ਇਹਨਾਂ ਗੁੰਮ ਹੋਏ ਤਕਰੀਬਨ ਚਾਰ ਲੱਖ ਦੀ ਭਾਲ ਕਰਦੇ ਰਹੇ ਇਸ ਉਪਰੰਤ ਹੀ 29/3 ਨੂੰ FIR ਲਿਖਾਈ ਗਈ ਹੈ।
ਪੜਤਾਲੀਆਂ ਟੀਮ ਨੇ ਥਾਣਾ ਅਮਰਗੜ੍ਹ ਜਾਂ ਕੇ SHO ਨੂੰ ਮਿਲਣ ਦੀ ਇਛਾ ਜਾਹਰ ਕੀਤੀ। ਪਰ ਉਹ ਛੁੱਟੀ ਤੇ ਗਏ ਹੋਏ ਸੀ। ਫਿਰ ਟੀਮ ਨੇ ਸ਼੍ਰੀ ਰਘਵੀਰ ਸਿੰਘ ASI ਨੂੰ ਮਿਲਕੇ ਜਾਣਕਾਰੀ ਹਾਸਲ ਕੀਤੀ। ਸ਼੍ਰੀ ਰਘਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਹੁਸੈਨਪੁਰੇ ਦੇ ਪੁਲਾਂ ਤੇ ਇੱਕ ਚਾਰ ਲੱਖ ਰੁਪਏ ਖੋਹਣ ਦੀ ਵਾਰਦਾਤ ਹੋਈ ਸੀ। ਇਸ ਸੰਬੰਧੀ ਅਸੀ FIR ਨੰ: 33 ਦਰਜ ਕੀਤੀ ਹੋਈ ਹੈ। ਕੁਝ ਦਿਨ ਪਹਿਲਾਂ ਸਾਨੂੰ ਸਿ਼ਕਾਇਤ ਕਰਤਾ ਨੇ ਆ ਕੇ ਦੱਸਿਆ ਕਿ ਅਸੀਂ ਵਾਰਦਾਤ ਕਰਨ ਵਾਲੇ ਨੌਜਵਾਨਾ ਵਿਚ ਦੋ ਦੀ ਸਨਾਖਤ ਕਰ ਲਈ ਹੈ। ਉਸ ਨੇ ਕਿਹਾ ਕਿ ਮਾਨਾ ਪਿੰਡ ਦੇ ਮਨਦੀਪ ਸਿੰਘ ਤੇ ਪਰਬਤ ਸਿੰਘ ਇਸ ਵਾਰਦਾਤ ਵਿਚ ਸ਼ਾਮਲ ਸਨ। ਉਸਨੇ ਉਹਨਾਂ ਦੀਆਂ ਫੋਟੋਆ ਵੀ ਆਪਣੇ ਮੁਬਾਇਲ ਵਿਚੋਂ ਸਾਨੂੰ ਦਿਖਾਈਆਂ । ਇਸ ਲਈ ਸੱ਼ਕ ਦੇ ਆਧਾਰ ਤੇ ਹੀ ਅਸੀ ਇਹਨਾਂ ਨੂੰ 9/4 ਨੂੰ ਥਾਣੇ ਵਿਚ ਬੁਲਾਇਆ ਸੀ ਅਤੇ ਇਹਨਾਂ ਤੋਂ ਪੁੱਛਗਿਛ ਕੀਤੀ ਸੀ। ਇਹਨਾਂ ਤੋਂ ਪੁੱਛਿਆ ਗਿਆ ਕਿ 27/3 ਨੂੰ ਉਹ ਕਿਥੇ ਸਨ। ਉਹਨਾਂ ਜੋ ਦੱਸਿਆ ਉਹ ਉਹਨਾਂ ਦੇ ਮੁਬਾਇਲ ਦੀਆਂ ਲੂਕੇਸ਼ਨਾ ਨਾਲ ਮਿਲਦਾ ਸੀ। ਜਿਸ ਤੋਂ ਪਤਾ ਲਗ ਗਿਆ ਕਿ ਇਹ ਵਾਰਦਾਤ ਵਿਚ ਸ਼ਾਮਲ ਨਹੀਂ ਸਨ। ਫਿਰ ਅਸੀਂ ਇਹਨਾਂ ਨੂੰ ਛੱਡ ਦਿੱਤਾ। ਜਦੋਂ ਉਹਨਾਂ ਤੋਂ ਪੁਛਿਆ ਗਿਆ ਕਿ ਉਹਨਾਂ ਦੀ ਹਾਲਤ ਦਸਦੀ ਹੈ ਕਿ ਪੁਲੀਸ ਵਲੋਂ ਉਹਨਾਂ ਦੀ ਕੁਟਮਾਰ ਕੀਤੀ ਗਈ ਹੈ। ਤਾਂ ਉਹਨਾਂ ਇਸ ਤੋਂ ਸਾਫ ਇਨਕਾਰ ਕੀਤਾ ਤੇ ਕਿਹਾ ਕਿ ਪਹਿਲਾਂ ਦੀ ਕੋਈ ਸੱਟ ਲੱਗੀ ਹੋਣੀ ਹੈ। ਅਸੀ ਤਾਂ ਸਿਰਫ ਪੁੱਛ-ਗਿਛ ਕੀਤੀ ਹੈ। ਜਦੋਂ ਉਹਨਾਂ ਤੋਂ ਪੁਛਿਆ ਕਿ ਕੀ ਤੁਸੀ ਉਹਨਾਂ ਨੂੰ ਹਿਮਤਾਨਾ ਤੇ ਙਂਂਬਹਾਦੁਰਸਿੰਘ ਵਾਲਾ ਲੈ ਕੇ ਗਏ ਸੀ। ਤਾਂ ਉਹਨਾਂ ਮੰਨਿਆਂ ਕਿ ਅਸੀਂ ਲੈ ਕੇ ਗਏ ਸੀ। ਕਿਉਂਕਿ ਉਹ ਗੈਰਕਾਨੂੰਨੀ ਹਿਰਾਸਤ ਵਿੱਚ ਸਨ ਇਸ ਲਈ ਕੋਈ ਸਿ਼ਕਾਇਤ ਹੋ ਸਕਦੀ ਸੀ। ਇਸ ਲਈ ਇਧਰ-ਉਧਰ ਕਰਨਾ ਪੈਂਦਾ ਹੈ। ਜਦੋਂ ਉਹਨਾਂ ਤੋਂ ਪੁਛਿਆ ਕਿ ਤੁਸੀ 9/4 ਤੋਂ 13/4 ਤੱਕ ਉਹਨਾਂ ਨਾਲ ਕੀ ਕਰਦੇ ਰਹੇ ਤਾਂ ਉਹਨਾਂ ਕਿਹਾ ਕਿ ਅਸੀਂ ਤਾਂ ਉਹਨਾਂ ਨੂੰ 11/4 ਨੂੰ ਛੱਡ ਦਿੱਤਾ ਸੀ। ਟੀਮ ਮੈਂਬਰ ਵਲੋਂ ਰਾਜਿੰਦਰ ਸਿੰਘ ਸਰਪੰਚ ਪਿੰਡ ਮਾਨਾ ਨਾਲ ਫੋਨ ਨੰਬਰ 98723-96969 ਤੇ ਕੀਤੀ ਗਲਬਾਤ ਵਿੱਚ ਉਹਨਾਂ ਦੱਸਿਆ ਕਿ ਉਹ ਦੋਨਾਂ ਲੜਕਿਆਂ ਨੂੰ ਪੇਸ਼ ਕਰਨ ਸਮੇਂ ਤੇ ਥਾਣੇ ਤੋਂ ਲੈ ਕੇ ਆਉਣ ਸਮੇਂ ਉਹਨਾਂ ਦੇ ਨਾਲ ਸੀ। ਉਹਨਾਂ ਕਿਹਾ ਕਿ ਭਾਵੇਂ ਮੇਰੇ ਪੱਕੀ ਤਾਰੀਕ ਯਾਦ ਨਹੀਂ ਪਰ ਦੋਨੋ ਲੜਕੇ 4-5 ਦਿਨ ਪੁਲੀਸ ਹਿਰਾਸਤ ਵਿਚ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਮੁੰਡਿਆਂ ਦਾ ਚਾਲ ਚਲਣ ਤੇ ਕਾਰ ਵਿਹਾਰ ਪਿੰਡ ਵਿਚ ਬਿਲਕੁੱਲ ਠੀਕ ਠਾਕ ਹੈ। ਇਹਨਾਂ ਤੋਂ ਕਿਸੇ ਕਿਸਮ ਦੀ ਵਾਰਦਾਤ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਪਰ ਇਹ ਠੀਕ ਹੈ ਕਿ ਸਾਡੇ ਸਾਹਮਣੇ ਹੀ ਸਿ਼ਕਾਇਤ ਕਰਤਾ ਨੇ ਇਹਨਾਂ ਦੀ ਸਨਾਖਤ ਕੀਤੀ ਸੀ ਜਿਸ ਕਰਕੇ ਇਹਨਾਂ ਨੂੰ ਥਾਣੇ ਛੱਡ ਕੇ ਆਉਣਾ ਪਿਆ।
ਪੜਤਾਲੀਆਂ ਟੀਮ ਨੇ ਮਨਦੀਪ ਸਿੰਘ ਦੇ ਸਹੁਰੇ ਘਰ ਪਿੰਡ ਧੰਦੀਵਾਲ ਜਾ ਕੇ ਉਸਦੇ ਸਹੁਰੇ, ਸੱਸ, ਸਾਲੇ (ਗੁਰਦੀਪ ਸਿੰਘ), ਪਤਨੀ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਨਦੀਪ ਸਿੰਘ ਆਪਣੀ ਪਤਨੀ ਦੇ ਇਲਾਜ ਸੰਬੰਧੀ 26/3 ਨੂੰ ਸ਼ਾਮ ਨੂੰ ਧੰਦੀਵਾਲ ਆਇਆ ਸੀ। ਧੰਦੀਵਾਲ ਆਉਣ ਉਪਰੰਤ ਇਹਨਾਂ ਨੇ ਰਣੀਕੇ ਜਾ ਕੇ ਇੱਕ ਨਰਸ ਪਾਸੋ ਦਵਾਈ ਵੀ ਲਿਆਂਦੀ ਸੀ। ਦੂਜੇ ਦਿਨ 27/3 ਨੂੰ ਚੀਮੇ ਜਾ ਕੇ ਧਾਗਾ/ਤਵੀਤ ਕਰਾਕੇ ਲਿਆਇਆ ਸੀ। ਕਿਉਂਕਿ ਇਸ ਤੋਂ ਪਹਿਲਾਂ ਇਸ ਦੇ ਦੋ ਵਾਰ ਅਬਾਰਸ਼ਨ ਹੋ ਗਿਆ ਸੀ। ਫਿਰ 28/3 ਨੂੰ ਵੀ ਇਹ ਧੰਦੀਵਾਲ ਹੀ ਰਹੇ ਹਨ ਤੇ 29/3 ਨੂੰ ਸਵੇਰੇ ਵਾਪਸ ਪਿੰਡ ਗਏ ਸਨ। ਉਹਨਾਂ ਕਿਹਾ ਕਿ ਇਸ ਦੀ ਜਾਮਨੀ ਸਾਰੇ ਵਿਹੜੇ ਵਿਚੋਂ ਕੀਤੀ ਜਾ ਸਕਦੀ ਹੈ। ਉਸ ਦਿਨ ਪਿੰਡ ਦੇ ਬੰਦੇ ਵੀ ਇਹਨਾਂ ਨੂੰ ਮਿਲੇ ਸਨ। ਰਣੀਕੇ ਨਰਸ ਪਾਸ ਜਾ ਕੇ ਵੀ ਪੁਛ ਸਕਦੇ ਹੋ। ਉਥੇ ਹੀ ਮੌਜੂਦ ਮਨਦੀਪ ਸਿੰਘ ਨੇ ਕਿਹਾ ਕਿ 26/3 ਨੂੰ ਦੁਪਹਿਰ ਵੇਲੇ ਸੁਰਜੀਤ ਸਿੰਘ ਫੋਰਮੈਨ ਦੇ ਘਰੋ ਆ ਕੇ ਮੈਂ ਪਿੰਡ ਆ ਗਿਆ ਸੀ। ਫਿਰ ਕੁਝ ਦੇਰ ਠਹਿਰ ਕੇ ਧੰਦੀਵਾਲ ਨੂੰ ਚਲ ਪਿਆ ਸੀ। ਅਸੀ ਸ਼ਾਮ ਨੂੰ 6.30 ਤੋਂ 7 ਵਜੇ੍ ਵਿਚਕਾਰ ਧੰਦੀਵਾਲ ਪਹੁੰਚ ਗਏ ਸੀ ਅਤੇ 29/3 ਨੂੰ ਵਾਪਸ ਪਿੰਡ ਆਏ ਸੀ। ਉਸ ਨੇ ਕਿਹਾ 16/3 ਨੂੰ ਮੇਰਾ ਮੋਟਰ ਸਾਈਕਲ ਭੜੀ ਦੇ ਮੁੰਡੇ ਮੰਗ ਕੇ ਲੈ ਕੇ ਗਏ ਸੀ। ਇਸ ਸੰਬੰਧੀ ਅਸੀਂ ਪੁਲੀਸ ਨੂੰ ਦਸ ਦਿਤਾ ਸੀ।
ਪਰਬਤ ਸਿੰਘ ਨੂੰ 26/3 ਤੇ 27/3 ਦੇ ਰੁਝੇਵਿਆਂ ਵਾਰੇ ਪੁਛਿਆ ਤਾਂ ਉਸਨੇ ਦੱਸਿਆ ਕਿ ਮੈਂ 25/3 ਨੂੰ ਸਾਮ ਨੂੰ 9.30 ਵਜੇ੍ਹ ਮੀਮਸੇ ਵਾਲੇ ਹੈਰੀ ਨਾਲ ਧੂਰੀ ਸਟੇਸ਼ਨ ਤੇ ਆ ਗਿਆ ਸੀ। ਇਥੋਂ ਰਾਤ ਦੀ 1:30 ਵਾਲੀ ਗੱਡੀ ਅਸੀ ਚੰਡੀਗੜ੍ਹ ਗਏ ਸੀ। ਸਵੇਰੇ ਚੰਡੀਗੜ੍ਹ ਸਟੇਸ਼ਨ ਤੋਂ ਅਸੀ ੍ਵ।ਭ।ਂ। ਚਲੇ ਗਏ ਸੀ। ਫਿਰ ੍ਵ।ਭ।ਂ। ਤੋਂ ਦੁਪਹਿਰ ਵੇਲੇ ਤਕਰੀਬਨ 1:30 ਵਜੇ ਅਸੀ ਸੁਖਣਾ ਝੀਲ ਤੇ ਚਲੇ ਗਏ ਸੀ। ਉਥੋ ਸ਼ਾਮ ਨੂੰ 8/8.30 ਵਜੇ੍ਹ ਅਸੀਂ ਚੰਡੀਗੜ੍ਹ ਸਟੇਸ਼ਨ ਤੇ ਆ ਕੇ ਧੂਰੀ ਲਈ ਗੱਡੀ ਫੜ ਲਈ ਸੀ ਅਤੇ 27/3 ਨੂੰ 1.30 ਵਜੇ੍ਹ ਸਵੇਰੇ ਅਸੀ ਧੂਰੀ ਪੁੱਜ ਗਏ ਸੀ। ਇਸ ਉਪਰੰਤ ਰਾਤ ਸਟੇਸ਼ਨ ਤੇ ਬਿਤਾਉਣ ਤੋਂ ਮਗਰੋ ਸਵੇਰੇ ਪਿੰਡ ਮਾਨਾ ਚਲਾ ਗਿਆ ਸੀ। ਫਿਰ ਮੈਂ 29/3 ਤੱਕ ਪਿੰਡ ਹੀ ਰਿਹਾ ਹਾਂ।
ਉਪਰੋਕਤ ਅਨੁਸਾਰ ਹੇਠ ਲਿਖੇ ਤੱਥ ਸਾਹਮਣੇ ਆਏ ਹਨ :
1) ਮਨਦੀਪ ਸਿੰਘ ਅਤੇ ਪਰਬਤ ਸਿੰਘ ਨੁੂੰ 9/3/16 ਤੋਂ 13/3/16 ਤੱਕ ਅਮਰਗੜ੍ਹ ਪੁਲੀਸ ਵਲੋਂ ਗੈਰਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਉਹਨਾਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ।
2) ਮਨਦੀਪ ਸਿੰਘ ਅਤੇ ਪਰਬਤ ਸਿੰਘ ਦਾ 26/3 ਨੂੰ ਪਿੰਡ ਬੁਰਜ ਵਿਚ ਕੁੱਤੀ ਚੋਰੀ ਅਤੇ 27/3 ਨੂੰ 4 ਲੱਖ ਰੁਪਏ ਖੋਹਣ ਦੀ ਵਾਰਦਾਤ ਨਾਲ ਕੋਈ ਸੰਬੰਧ ਨਹੀਂ ਹੈ। ਇਹਨਾਂ ਨੂੰ ਗਲਤ ਪਛਾਣ ਦੇ ਅਧਾਰ ਤੇ ਹੀ ਫੜਿਆ ਗਿਆ ਹੈ।
3) ਸਿ਼ਕਾਇਤ ਕਰਤਾ ਸ਼੍ਰੀਮਤੀ ਕ੍ਰਿਸਨਾ ਰਾਣੀ ਵਲੋਂ ਇਹ ਕਹਿਣਾ ਕਿ ਮੈਂ ਹੁਣ ਵੀ ਬਿਨਾਂ ਕਿਸੇ ਸੁਰੱਖਿਆ ਦੇ ਪਿੰਡਾਂ ਵਿਚ ਲੱਖਾਂ ਰੁਪਏ ਦੀ ਉਗਰਾਹੀ ਕਰਨ ਐਕਟਿਵਾ ਤੇ ਹੀ ਜਾਂਦੀ ਹਾਂ। ਪਸਤੌਲ ਦੀ ਨੋਕ ਤੇ ਪੈਸੇ ਖੋਹਣ ਦੀ ਇੰਨੀ ਵੱਡੀ ਘਟਨਾ ਬਾਅਦ ਅਜਿਹਾ ਕਰਨ ਦੀ ਜੁਅਰਤ ਕਰਨਾ ਘਟਨਾ ਦੀ ਅਸਲੀਅਤ ਤੇ ਪ੍ਰਸਨਚਿੰਨ ਲਗਾਉਂਦਾ ਹੈ। ਜਿਸ ਦੀ ਪੜਤਾਲ ਕਰਨੀ ਬਣਦੀ ਹੈ।
4) ਸਿਕਾਇਤ ਕਰਤਾ ਵਲੋ FIR  ਦੋ ਦਿਨ ਲੇਟ ਲਿਖਾਉਣਾ ਅਤੇ ਅਪਣੀ ਪੱਧਰ ਤੇ ਪੜਤਾਲ ਕਰਨਾ ਘਟਨਾ ਉਪਰੰਤ ਰਾਹਗੀਰਾਂ ਵਲੋਂ ਹਥਿਆਰਬੰਦ ਲੁਟੇਰਿਆਂ ਦਾ ਬਿਨ੍ਹਾ ਕਿਸੇ ਹਥਿਆਰ ਦੇ ਪਿਛਾ ਕਰਨ ਦੀ ਕਾਰਵਾਈ ਵੀ ਇਸ ਘਟਨਾ ਨੂੰ ਸ਼ੱਕੀ ਬਣਾਉਂਦੀ ਹੈ।
5) 26/3 ਨੂੰ ਕੁੱਤੀ ਚੋਰੀ ਦੀ ਘਟਨਾ ਨਾਲ ਸੰਬੰਧਤ ਭੋਲੂ ਮੀਆਂ ਦੀ ਸ਼੍ਰੀਮਤੀ ਕ੍ਰਿਸਨਾ ਰਾਣੀ ਦੇ ਪਰਿਵਾਰ ਨਾਲ ਨੇੜਤਾ ਹੋਣਾ ਅਤੇ 6/4 ਨੂੰ ਮੋਟਰਸਾਈਕਲ ਫੜਨ ਸਮੇਂ ਖਿਚੀਆ ਫੋਟੋਆ ਤੁਰੰਤ ਕ੍ਰਿਸਨਾ ਦੇਵੀ ਪਾਸ ਭੇਜਣਾ ਕਿਸੇ ਮਿਲੀਭੁਗਤ ਨੂੰ ਦਰਸਾਉਂਦਾ ਹੈ ਜਿਸ ਦੀ ਪੜਤਾਲ ਕਰਨੀ ਬਣਦੀ ਹੈ। ਦੂਸਰੇ ਪਹਿਲਾਂ ਫੋਟੋਆ ਖਿਚਕੇ ਪਿਛੋ ਥਾਣੇ ਵਿਚ ਉਸ ਵਿਅਕਤੀ ਦੀ ਸ਼ਨਾਖਤ ਕਰਨ ਦੀ ਕੋਈ ਵਾਜਬੀਅਤ ਨਹੀਂ ਬਣਦੀ।
6) ਮਨਦੀਪ ਸਿੰਘ ਵਲੋਂ 16/4 ਨੂੰ ਜਿੰਨ੍ਹਾ ਵਿਅਕਤੀਆਂ ਨੂੰ ਮੋਟਰ ਸਾਈਕਲ ਦਿੱਤਾ ਗਿਆ ਸੀ । ਉਹਨਾਂ ਦੀ ਮਨਦੀਪ ਸਿੰਘ ਦੀ ਪੁਲੀਸ ਹਿਰਾਸਤ ਸਮੇਂ ਇਸ ਦੇ ਸਾਹਮਣੇ ਪੜਤਾਲ ਨਾ ਕਰਨੀ ਪੁਲੀਸ ਦੀ ਕਾਰਗੁਜਾਰੀ ਤੇ ਪ੍ਰਸਨਚਿੰਨ ਲਗਾਉਂਦਾ ਹੈ।
7) ਘਟਨਾ ਦੀ ਪੜਤਾਲ ਕਰਨ ਸੰਬੰਧੀ ਵੀ ਪੁਲੀਸ ਦੀ ਦੋਗਲੀ ਪਹੁੰਚ ਸਾਹਮਣੇ ਆਉਂਦੀ ਹੈ। ਦਲਿਤ ਮਜਦੂਰਾਂ ਨੂੰ ਸੱ਼ਕ ਦੇ ਅਧਾਰ ਤੇ ਹੀ ਗੈਰ ਕਾਨੂੰਨੀ ਹਿਰਾਸਤ ਵਿਚ ਲੈ ਕੇ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ। ਪਰ ਜੇਕਰ ਇਸਦੀ ਥਾਂ ਕੋਈ ਅਮੀਰ ਤੇ ਰਸੂਖਵਾਨ ਵਿਅਕਤੀਆਂ ਦੇ ਲੜਕੇ ਹੁੰਦੇ ਤਾਂ ਸਿਰਫ ਪ੍ਰਸਨ ਪੁੱਛ ਕੇ ਮੁਬਾਇਲ ਲੁਕੇਸ਼ਨਾਂ ਪਤਾ ਕਰਕੇ ਹੀ ਸਾਰ ਲਿਆ ਜਾਂਦਾ।
 ਸਭਾ ਮੰਗ ਕਰਦੀ ਹੈ :1) ਸ਼੍ਰੀ ਮਨਦੀਪ ਸਿੰਘ ਅਤੇ ਸ਼੍ਰੀ ਪਰਬਤ ਸਿੰਘ ਨੂੰ 5 ਦਿਨ ਗੈਰਕਾਨੂੰਨੀ ਹਿਰਾਸਤ ਵਿਚ ਰੱਖਕੇ ਅਣਮਨੁੱਖੀ ਤਸੀਹੇ ਦੇਣ ਵਾਲੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ
2) 26/3 ਨੂੰ ਬੁਰਜ ਵਿਖੇ ਕੁੱਤੀ ਚੁੱਕਣ, ਅਤੇ 27/3 ਨੂੰ ਚਾਰ ਲੱਖ ਖੋਹਣ ਦੀਆਂ ਵਾਰਦਾਤਾਂ ਦੀ ਸਪੈਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਜਾਂਚ ਕੀਤੀ ਜਾਵੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।
3) ਸ਼੍ਰੀ ਮਨਦੀਪ ਸਿੰਘ ਅਤੇ ਸ਼੍ਰੀ ਪਰਬਤ ਸਿੰਘ ਨੂੰ ਆਪਣਾ ਇਲਾਜ ਕਰਾਉਣ, ਗੁਜਾਰਾ ਚਲਾਉਣ ਅਤੇ ਕਾਨੂੰਨੀ ਚਾਰਾਜੋਈ ਕਰਨ ਲਈ ਯੋਗ ਮੁਆਵਜਾ ਦਿੱਤਾ ਜਾਵੇ।
ਵੱਲੋਂ :  ਜਮਹੂਰੀ ਅਧਿਕਾਰ ਸਭਾ,   ਜਿ਼ਲ੍ਹਾ ਇਕਾਈ ਸੰਗਰੂਰ
ਜਾਰੀ ਕਰਤਾ ਸੁਖਵਿੰਦਰ ਪੱਪੀ ਸਕੱਤਰ (9417040717)

ਜੋਧਪੁਰ ਕਿਸਾਨ ਮਾਂ-ਪੁੱਤ ਖੁਦਕੁਸ਼ੀ ਬਰਨਾਲਾ ਇਕਾਈ ਦੀ ਪੜ੍ਹਤਾਲੀਆ ਰਿਪੋਰਟ

ਜੋਧਪੁਰ ਕਿਸਾਨ ਮਾਂ-ਪੁੱਤ ਖੁਦਕੁਸ਼ੀ ਕਾਂਡ
ਜਮਹੂਰੀ ਅਧਿਕਾਰ ਸਭਾ ਜਿਲ੍ਹਾ ਬਰਨਾਲਾ ਦੀ ਪੜ੍ਹਤਾਲੀਆ ਰਿਪੋਰਟ
26 ਅਪਰੈਲ ਨੂੰ ਬਰਨਾਲੇ ਨੇੜਲੇ ਪਿੰਡ ਜੋਧਪੁਰ ਦੇ ਕਿਸਾਨ ਮਾਂ-ਪੁੱਤ ਵੱਲੋਂ ਪੁਲੀਸ, ਸਿਵਲ ਪ੍ਰਸ਼ਾਸ਼ਨ ਤੇ ਲੋਕਾਂ ਦੀ ਹਾਜ਼ਰੀ ਵਿਚ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰ ਲੈਣ ਦੀ ਹਿਰਦੇਵੇਦਕ ਖਬਰ ਸੋਸ਼ਲ-ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲੀ। ਅੱਜ ਕੱਲ ਪੰਜਾਬ ’ਚ ਕਿਸਾਨਾਂ ਵੱਲੋਂ ਰੋਜ਼ਾਨਾਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਮੀਡੀਆ ਦਾ ਬਹੁਤ ਘੱਟ ਧਿਆਨ ਖਿਚਦੀਆਂ ਹਨ ਪਰ ਇਸ ਘਟਨਾ ਦੀ ਵਿਲੱਖਣਤਾ ਨੇ ਮੀਡੀਆ ਤੇ ਆਮ ਲੋਕਾਈ ਦੀ ਸਮੂਹਿਕ ਚੇਤਨਾ ਨੂੰ ਇੱਕ ਵਾਰ ਜ਼ਰੂਰ ਹਲੂਣਿਆ।
ਗੰਭੀਰ ਖੇਤੀ ਸੰਕਟ ਕਾਰਨ ਕਿਸਾਨ ਖੁਦਕੁਸ਼ੀਆਂ ਪੰਜਾਬ ਸਮੇਤ ਪੂਰੇ ਦੇਸ਼ ਵਿਚ ਸੰਨ ਨੱਬਵਿਆਂ ਦੇ ਅੱਧ ਤੋਂ ਬਾਅਦ ਇਕ ਚਿੰਤਾਜਨਕ ਵਰਤਾਰਾ ਬਣ ਗਈਆਂ ਹਨ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਸੰਨ 1997 ਤੋਂ ਬਾਅਦ ਦੇ ਡੇਢ ਦਹਾਕੇ ਦੌਰਾਨ 2,96,000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਦੇਸ਼ ਵਿਚ ਹਰ ਸਾਲ ਤਕਰੀਬਨ 17,000 ਕਿਸਾਨ ਖੁਦਕੁਸ਼ੀ ਕਰਦੇ ਹਨ ਅਤੇ ਪਿਛਲੇ ਦਹਾਕੇ ਦੌਰਾਨ ਪ੍ਰਤੀ ਦਿਨ 47 ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਅੰਕੜਾ ਹੁਣ ਵਧ ਕੇ 52 ਦਾ ਹੋ ਗਿਆ ਹੈ, ਯਾਨਿ ਹਰ ਅੱਧੇ ਘੰਟੇ ਬਾਅਦ ਇਕ ਕਿਸਾਨ ਨੂੰ ਖੇਤੀ ਸੰਕਟ ਦਾ ਦੈਂਤ ਨਿਗਲ ਲੈਂਦਾ ਹੈ। 2011 ਦੀ ਜਨਗਣਨਾ ਅਨੁਸਾਰ 2000 ਕਿਸਾਨ ਹਰ ਰੋਜ਼ ਖੇਤੀ ਦਾ ਧੰਦਾ ਛੱਡ ਰਹੇ ਹਨ। ਖੇਤੀ ਖੇਤਰ ਵਿਚ ਮੋਹਰੀ ਗਿਣੇ ਜਾਂਦੇ ਸੂਬੇ ਪੰਜਾਬ ਵਿਚ ਸੰਨ 2001 ਤੋਂ ਸ਼ੁਰੂ ਹੋਏ ਦਹਾਕੇ ਵਿਚ ਕੁਲ 6926 ਕਿਸਾਨਾਂ ਤੇ ਖੇਤ-ਮਜ਼ਦੂਰਾਂ ਨੇ ਖੇਤੀ ਸੰਕਟ ਨਾਲ ਸਬੰਧਿਤ ਕਾਰਨਾਂ ਕਰ ਕੇ ਖੁਦਕੁਸ਼ੀ ਕੀਤੀ। ਸਰਕਾਰੀ ਅੰਕੜਿਆਂ ਮੁਤਾਬਕ ਸੰਨ 2015 ਵਿਚ ਪੰਜਾਬ ਵਿਚ ਕੁਲ 449 ਕਿਸਾਨਾਂ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕੀਤੀ। ਮੌਜੂਦਾ ਸੂਬਾ ਸਰਕਾਰ ਵੱਲੋਂ ਵਿਕਾਸ ਦੇ ਮਾਰੇ ਜਾ ਰਹੇ ਦਮਗਜ਼ਿਆਂ ਦਾ ਸਿੱਟਾ ਦੇਸ਼ ਭਰ ਚੋਂ ਸੂਬੇ ਦਾ ਕਿਸ਼ਾਨ ਖੁਦਕਸ਼ੀਆਂ ਦੇ ਖੇਤਰ ਵਿੱਚ ਦੂਜੇ ਨੰਬਰ ’ਤੇ ਆਉਣ ’ਚ ਨਿਕਲਿਆ ਹੈ। 25 ਅਪਰੈਲ ਨੂੰ ਲੋਕ ਸਭਾ ਵਿੱਚ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਗਿਆ ਕਿ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿਚ ਦੇਸ਼ ਵਿਚ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ ਹੈ ਅਤੇ ਇਸ ਸਾਲ 11 ਮਾਰਚ ਤੱਕ ਪੰਜਾਬ ਵਿਚ 56 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ (ਚੇਤੇ ਰਹੇ ਕਿ ਇਹ ਸਰਕਾਰੀ ਅੰਕੜੇ ਹਨ ਅਤੇ ਇਹ ਜੱਗ-ਜ਼ਾਹਿਰ ਹੈ ਕਿ ਅਜਿਹੇ ਅੰਕੜੇ ਬਹੁਤ ਘਟਾ ਕੇ ਹੀ ਦੱਸੇ ਜਾਂਦੇ ਹਨ)।
ਜੋਧਪੁਰ ਦੇ ਕਿਸਾਨ ਪਰਿਵਾਰ ਨਾਲ ਸਬੰਧਿਤ ਮਾਂ-ਪੁੱਤ ਵੱਲੋਂ ਕੀਤੀ ਖੁਦਕੁਸ਼ੀ ਦੀ ਘਟਨਾ ਨਾਲ ਜੁੜ੍ਹੇ ਵਿਸ਼ੇਸ਼ ਕਾਰਨਾਂ ਦੇ ਬਾਵਜੂਦ, ਕਿਸਾਨ ਖੁਦਕੁਸ਼ੀਆਂ ਦੇ ਸਮੁੱਚੇ ਵਰਤਾਰੇ ਦੀ ਹੀ ਇਕ ਕੜੀ ਹੈ ਜਿਸ ਦੇ ਵਿਆਪਕ ਕਾਰਨਾਂ ਦੀ ਪੈੜ, ਦੇਸ਼ ਦੇ ਹਾਕਮਾਂ ਵੱਲੋਂ ਕਿਸਾਨਾਂ ਸਿਰ ਥੋਪੇ ‘ਖੇਤੀ ਵਿਕਾਸ ਦੇ ਲੋਕ ਵਿਰੋਧੀ ਮਾਡਲ’ ਅਤੇ ਸਾਮਰਾਜੀ ਮੁਲਕਾਂ ਦੇ ਦਬਾਅ ਹੇਠ ਲਾਗੂ ਕੀਤੀਆਂ ਨਵ-ਉਦਾਰਵਾਦੀ ਨੀਤੀਆਂ ਤੱਕ ਜਾ ਪਹੁੰਚਦੀ ਹੈ। ਇਸ ਘਟਨਾ ਨਾਲ ਸਿੱਧੇ ਤੇ ਫੌਰੀ ਤੌਰ ’ਤੇ ਜੁੜ੍ਹੇ ਵਿਸ਼ੇਸ਼ ਕਾਰਨਾਂ ਅਤੇ ਇੰਨ੍ਹਾਂ ਦੀ ਕਿਸਾਨ ਖੁਦਕਸ਼ੀਆਂ ਦੇ ਸਮੁੱਚੇ ਵਰਤਾਰੇ ਨਾਲ ਸਬੰਧਾਂ ਦੀ ਬਰੀਕੀ ਨਾਲ ਛਾਣਬੀਨ ਕਰਨ ਦੀ ਮਨਸ਼ਾ ਨਾਲ ਜਮਹੂਰੀ ਅਧਿਕਾਰ ਸਭਾ ਜਿਲ੍ਹਾ ਬਰਨਾਲਾ ਨੇ ਇਕ 5 ਮੈਂਬਰੀ ਪੜਤਾਲੀਆ ਕਮੇਟੀ ਦਾ ਗਠਨ ਕੀਤਾ। ਗੁਰਮੇਲ ਸਿੰਘ ਠੁੱਲੀਵਾਲ, ਬਲਵੰਤ ਸਿੰਘ ਉਪਲੀ, ਹਰਚਰਨ ਪੱਤੀ, ਹਰਚਰਨ ਸਿੰਘ ਚਹਿਲ ਅਤੇ ਪਰਮਜੀਤ ਕੌਰ ਜੋਧਪੁਰ ਉੱਪਰ ਆਧਾਰਿਤ ਇਸ ਟੀਮ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਇਲਾਵਾ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ, ਗੁਆਂਢੀਆਂ, ਪਿੰਡ ਦੇ ਸਰਪੰਚ ਨਾਜ਼ਰ ਸਿੰਘ, ਪੰਚ ਤੇ ਪ੍ਰਧਾਨ ਗੁਰਦੁਵਾਰਾ ਕਮੇਟੀ ਦਰਸ਼ਨ ਸਿੰਘ, ਸਾਬਕਾ ਪ੍ਰਧਾਨ ਗੁਰਦੁਵਾਰਾ ਕਮੇਟੀ ਸ਼ੇਰ ਸਿੰਘ, ਬੀ.ਕੇ.ਯੂ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਪਿੰਡ ਇਕਾਈ ਦੇ ਮੀਤ-ਪ੍ਰਧਾਨ ਤੇ ਮਿ੍ਰਤਕ ਬਲਜੀਤ ਸਿੰਘ ਦੇ ਚਾਚਾ ਬਲਵਿੰਦਰ ਸਿੰਘ, ਕੱਚਾ-ਆੜ੍ਹਤੀ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ, ਮੈਂਬਰ ਇਕਬਾਲ ਸਿੰਘ ਢਿੱਲੋਂ, ਪੁਲੀਸ ਅਧਿਕਾਰੀ ਸਵਰਨ ਸਿੰਘ ਖੰਨਾ (ਐਸ.ਪੀ.-ਡੀ), ਪਟਵਾਰੀ ਮਹਿੰਦਰ ਸਿੰਘ ਆਦਿ ਨਾਲ ਮੁਲਾਕਾਤ ਕਰ ਕੇ ਮਾਮਲੇ ਨਾਲ ਸਬੰਧਿਤ ਤੱਥ ਤੇ ਵੇਰਵੇ ਇਕੱਠੇ ਕੀਤੇ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਤਕ ਬਲਜੀਤ ਸਿੰਘ ਦਾ ਪਿਤਾ ਸਵ: ਦਰਸ਼ਨ ਸਿੰਘ ਪੁੱਤਰ ਦਲੀਪ ਸਿੰਘ ਲਾਗਲੇ ਪਿੰਡ ਚੀਮਾ ਦੇ ਆੜ੍ਹਤੀਏ ਤੇਜਾ ਸਿੰਘ ਤੇ ਬਲਜੀਤ ਸਿੰਘ ਦਾ, ਪਹਿਲਾਂ ਤੋਂ ਚਲੇ ਆਉਂਦੇ ਹਿਸਾਬ-ਕਿਤਾਬ ਮੁਤਾਬਕ ਸੰਨ 2002 ਵਿਚ 1,80,000 ਰੁਪਏ ਦਾ ਕਰਜ਼ਾਈ ਸੀ ਜਿਸ ਦੀ ਤੇਜਾ ਸਿੰਘ ਆੜ੍ਹਤੀਏ ਨੇ ਉਸ ਸਾਲ ਲਿਖਤ-ਪੜ੍ਹਤ ਕਰ ਲਈ। ਇਕ ਸਾਲ ਬਾਅਦ ਸੰਨ 2003 ਵਿਚ ਉਸ ਨੇ ਬਿਲਕੁਲ ਅਨਪੜ੍ਹ,ਸਾਧਾਰਨ ਬੁੱਧੀ ਦੇ ਮਾਲਕ ਅਤੇ ਥੋੜੇ ਨਸ਼ੇ-ਪੱਤੇ ਦੇ ਆਦੀ ਦਰਸ਼ਨ ਸਿੰਘ ਤੋਂ 2,80,000 ਰੁਪਏ (ਸਾਲ ਭਰ ਵਿਚ ਦੇਣਦਾਰੀ ਵਿਚ ਇਹ ਇਕ ਲੱਖ ਦਾ ਵਾਧਾ ਜੋ ਸਿਰਫ਼ ਵਿਆਜ਼ ਕਾਰਨ ਸੀ ਜਾਂ ਕੁਝ ਹੋਰ ਲੈਣ-ਦੇਣ ਹੋਇਆ ਸੀ, ਦਾ ਪਤਾ ਨਹੀ ਲੱਗ ਸਕਿਆ) ਦੀ ਦੇਣਦਾਰੀ ਦੇ ਬਦਲੇ ਉਸ ਦੀ 15 ਕਨਾਲ ਜ਼ਮੀਨ ਦੇ ਬਿਆਨੇ ਉੱਪਰ ਅੰਗੂਠਾ ਲਗਵਾ ਲਿਆ--(ਹੁਣ ਫੌਤ ਹੋ ਚੁੱਕੇ ਦਰਸ਼ਨ ਸਿੰਘ ਅਤੇ ਮਿ੍ਰਤਕਾਂ ਤੋਂ ਇਲਾਵਾ ਬਾਕੀ ਬੱਚਦਾ ਪਰਿਵਾਰ ਵੀ ਬਿਲਕੁਲ ਅਨਪੜ੍ਹ ਹੈ। ਦਰਸ਼ਨ ਸਿੰਘ ਦਾ ਦੂਜਾ ਬੇਟਾ ਤੇ ਨੂੰਹ ਵੀ ਬਿਲਕੁਲ ਅਨਪੜ੍ਹ ਤੇ ਸਧਾਰਨ ਬੁੱਧੀ ਦੇ ਮਾਲਕ ਹਨ। 12-13 ਸਾਲ ਦਾ ਪੋਤਾ ਬੱਕਰੀਆਂ ਚਾਰਦਾ ਹੈ, 10-11 ਸਾਲ ਦੀ ਪੋਤੀ ਹੀ ਸਕੂਲ ਜਾਂਦੀ ਹੈ)--। ਬਿਆਨੇ ਵਿਚ ਲਿਖੀ ਤਰੀਕ ਲੰਘ ਜਾਣ ’ਤੇ ਆੜ੍ਹਤੀ ਤੇਜਾ ਸਿੰਘ ਸੰਨ 2004-05 ਵਿੱਚ ਬਿਆਨੇ ਦੇ ਆਧਾਰ ’ਤੇ ਜ਼ਮੀਨ ਦੀ ਰਜਿਸਟਰੀ ਉਸ ਦੇ ਨਾਮ ਕਰਨ ਲਈ ਮਾਲ ਵਿਭਾਗ ਕੋਲ ਪੇਸ਼ ਹੋਇਆ। ਦੂਸਰੀ ਧਿਰ ਦੀ ਗ਼ੈਰ-ਹਾਜ਼ਰੀ ਦਾ ਅੜ੍ਹਿਕਾ ਲੱਗ ਜਾਣ ਕਾਰਨ ਤੇਜਾ ਸਿੰਘ ਸਿਵਲ ਕੋਰਟ ਚਲਾ ਗਿਆ। ਇਸ ਸਾਰੀ ਪਰਕਿਰਿਆ ਦੌਰਾਨ ਦਰਸ਼ਨ ਸਿੰਘ ਕੋਰਟਾਂ ਵਿਚ ਇਸ ਕੇਸ ਦੀ ਪੈਰਵਾਈ ਪ੍ਰਤੀ ਅਵੇਸਲਾ ਰਿਹਾ। ਇਸ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਅਦਾਲਤੀ ਸੰਮਨ ਮਿਲੇ ਵੀ ਸਨ ਕਿ ਨਹੀਂ। ਇਸ ਦੌਰਾਨ ਅਪਰੈਲ 2012 ਵਿਚ ਦਰਸ਼ਨ ਸਿੰਘ ਦੀ ਮੌਤ ਹੋ ਗਈ। ਮਿਤੀ 07-12-2012 ਨੂੰ ਸਿਵਲ ਕੋਰਟ ਬਰਨਾਲਾ ਨੇ ਆਪਣਾ ਨੁਮਾਇੰਦਾ ਤਹਿਸੀਲਦਾਰ ਦਫਤਰ ਭੇਜ ਕੇ ਤੇਜਾ ਸਿੰਘ ਆੜ੍ਹਤੀ ਵੱਲੋਂ ਨਾਮਜ਼ਦ ਉਸ ਦੇ ਕਾਰੋਬਾਰੀ ਹਿੱਸੇਦਾਰ ਬਲਜੀਤ ਸਿੰਘ ਆੜ੍ਹਤੀ ਦੇ ਨਾਂ ਕੁਲ 5,62,000 ਰੁਪਏ ਦੇ ਬਦਲੇ ਵਿੱਚ 15 ਕਨਾਲ ਜ਼ਮੀਨ ਦੀ ਰਜਿਸਟਰੀ ਕਰਵਾ ਦਿਤੀ (ਇਸ 5,62,000 ਦੀ ਰਕਮ ਵਿਚ ਆੜਤੀ ਤੇਜਾ ਸਿੰਘ ਵੱਲੋਂ, ਸਵ:ਦਰਸ਼ਨ ਸਿੰਘ ਦੀ ਇਕ ਕੌਮੀਕਿ੍ਰਤ ਬੈਂਕ ਦੇ ਕਰਜ਼ੇ ਬਦਲੇ, ਸਰਕਾਰੀ ਖਜ਼ਾਨੇ ਵਿਚ ਜਮਾਂ ਕਰਵਾਈ ਗਈ ਰਕਮ ਵੀ ਸ਼ਾਮਲ ਹੈ)। ਇਹ ਜ਼ਮੀਨ ਪਿੰਡ ਜੋਧਪੁਰ ਦੇ ਦੱਖਣ-ਪੱਛਮ ਦੀ ਨਿਆਂਈ ਵਿਚ ਫਿਰਨੀ ’ਤੇ ਰਿਹਾਇਸ਼ੀ ਇਲਾਕੇ ਵਿਚ ਹੋਣ ਕਾਰਨ ਆਮ ਜ਼ਮੀਨਾਂ ਨਾਲੋਂ ਕਾਫੀ ਮਹਿੰਗੇ ਮੁੱਲ ਦੀ ਜ਼ਮੀਨ ਹੈ। ਮਿ੍ਰਤਕਾਂ ਦੇ ਘਰ ਦਾ ਮਾਮੂਲੀ ਹਿੱਸਾ ਛੱਡ ਕੇ ਉਨ੍ਹਾਂ ਦਾ ਸਾਰਾ ਘਰ ਵੀ ਇਸੇ ਜ਼ਮੀਨ ਵਿਚ ਆਉਂਦਾ ਹੈ। ਭਾਵ ਕਬਜ਼ਾ ਹੋ ਜਾਣ ‘ਤੇ ਪਰਿਵਾਰ ਨੇ ਕੁੱਲੀ ਗੁੱਲੀ ਤੋਂ ਪੂਰੀ ਤਰ੍ਹਾਂ ਬਾਹਰਾ ਹੋ ਜਾਣਾ ਸੀ।
ਜਿਲ੍ਹਾ ਪ੍ਰਸ਼ਾਸਨ ਰਾਹੀਂ ਅਤੇ ਹਾਈਕੋਰਟ ਦੇ ਹੁਕਮਾਂ ਰਾਹੀਂ ਜ਼ਮੀਨ ਦਾ ਕਬਜ਼ਾ ਲੈਣ ਦੀਆਂ ਕਈ ਕੋਸ਼ਿਸ਼ਾਂ ਕਿਸਾਨ ਜਥੇਬੰਦੀ ਬੀ.ਕੇ.ਯੂ ਡਕੌਂਦਾ ਦੇ ਸਖਤ ਵਿਰੋਧ ਕਾਰਨ ਸਿਰੇ ਨਾ ਚੜ੍ਹ ਸਕੀਆਂ। ਇਸ ਦੌਰਾਨ ਪਿੰਡ ਤੇ ਇਲਾਕੇ ਦੇ ਮੋਹਤਵਰ ਬੰਦਿਆਂ ਅਤੇ ਬੀ.ਕੇ.ਯੂ ਡਕੌਂਦਾ ਦੇ ਜ਼ਿਲ੍ਹਾ ਆਗੂਆਂ ਨੇ ਕਈ ਵਾਰ ਦੋਹਾਂ ਧਿਰਾਂ ਵਿਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇੰਨ੍ਹਾ ਕੋਸ਼ਿਸ਼ਾਂ ਕਰਨ ਵਾਲੇ ਬੰਦਿਆਂ ਨੇ ਪੜਤਾਲੀਆ ਟੀਮ ਨੂੰ ਦੱਸਿਆ ਕਿ ਹਰ ਵਾਰ ਆੜ੍ਹਤੀ ਤੇਜਾ ਸਿੰਘ ਕਿਸੇ ਬਹਾਨੇ ਗੱਲਬਾਤ ਟਾਲ ਜਾਂਦਾ ਸੀ ਅਤੇ ਬਿਲਕੁਲ ਸੰਭਵ ਲੱਗਦੇ ਸਮਝੌਤੇ ਨੂੰ ਤਾਰਪੀਡੋ ਕਰ ਦਿੰਦਾ ਸੀ। ਇਕ ਵਾਰ ਸਰਪੰਚ ਦੇ ਘਰ 100 ਤੋਂ ਵਧ ਬੰਦਿਆਂ ਦੇ ਇਕੱਠ ਵਿੱਚ ਤੇਰਾਂ ਲੱਖ ਦਾ ਪ੍ਰਸਤਾਵ ਵੀ ਠੁਕਰਾ ਦਿੱਤਾ ਜਦ ਕਿ ਕੁਲ ਰਕਮ ਸਾਰੇ ਖਰਚਿਆਂ ਸਮੇਤ 15 ਲੱਖ ਤੋਂ ਵੀ ਘੱਟ ਬਣਦੀ ਸੀ। ਇਕ ਵਾਰ ਚਾਰ ਕਨਾਲ ਜ਼ਮੀਨ ਦਿਤੇ ਜਾਣ ਦੀ ਆਫਰ ਠੁਕਰਾ ਦਿਤੀ ਜਿਸ ਦੀ ਬਾਜ਼ਾਰੂ ਕੀਮਤ ਆੜਤੀਏ ਦੀ ਬਣਦੀ ਕੁੱਲ ਰਕਮ ਤੋਂ ਕਿਤੇ ਜ਼ਿਆਦਾ ਸੀ।
ਸੰਨ 2016 ਦੇ ਫਰਵਰੀ ਮਹੀਨੇ ਵਿਚ ਹਾਈਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਕਬਜ਼ਾ ਵਰੰਟ ਦੀ ਤਰੀਕ 26-04-16 ਤਹਿ ਹੋਈ ਸੀ ਜਿਸ ਉੱਪਰ ਕੀਤੀ ਗਈ ਕਾਰਵਾਈ ਦੀ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈਕੋਰਟ ਨੂੰ 06-05-16 ਨੂੰ ਦੇਣੀ ਹੈ। ਮਿਤੀ 25-04-16 ਨੂੰ ਸ਼ਾਮ ਨੂੰ ਪੁਲੀਸ ਨੇ ਅਗਲੇ ਦਿਨ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪਰਿਵਾਰ ਨੂੰ ਖਬਰ ਕੀਤੀ ਅਤੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ, ਇਸ ਸੂਚਨਾ ਕਾਰਨ ਪਰਿਵਾਰ ਬਹੁਤ ਤਣਾਅ ਵਿੱਚ ਆ ਗਿਆ। ਇਕ ਮੈਂਬਰ ਨੇ ਦੱਸਿਆ ਕਿ ਦੋਵੇਂ ਮਿ੍ਰਤਕਾਂ ਨੇ ਤਾਂ ਉਸ ਰਾਤ ਖਾਣਾ ਵੀ ਨਹੀਂ ਖਾਧਾ। 26 ਤਰੀਕ ਨੂੰ ਗਿਆਰਾਂ ਕੁ ਵਜੇ ਡਿਊਟੀ ਮੈਜਿਸਟਰੇਟ ਅਤੇ ਪੁਲੀਸ ਦੇ ਭਾਰੀ ਗਿਣਤੀ ਵਿਚ ਪਹੁੰਚਣ ਤੋਂ ਪਹਿਲਾਂ ਹੀ ਬੀ.ਕੇ.ਯੂ ਡਕੌਂਦਾ ਦੀ ਜਿਲ੍ਹੇ ਦੀ ਲੀਡਰਸ਼ਿਪ ਆਪਣੇ ਸੌ-ਡੇਢ ਸੌ ਕਾਰਕੁਨਾਂ ਸਮੇਤ ਦਰੀਆਂ ਵਿਛਾ ਕੇ ਝਗੜ੍ਹੇ ਵਾਲੀ ਜ਼ਮੀਨ ਉੱਪਰ ਧਰਨਾ ਲਾ ਕੇ ਬੈਠੀ ਹੋਈ ਸੀ। ਪੁਲੀਸ ਨੇ ਗੱਲਬਾਤ ਰਾਹੀਂ ਕਿਸਾਨ ਲੀਡਰਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਪਰ ਉਹ ਨਾਹਰੇ ਲਾਉਦੇ ਅਤੇ ਕਬਜ਼ਾ ਵਰੰਟ ’ਤੇ ਕੋਈ ਕਾਰਵਾਈ ਨਾ ਕਰਨ ਦੀ ਮੰਗ ’ਤੇ ਅੜੇ ਰਹੇ। ਇਸ ਦੌਰਾਨ ਆੜ੍ਹਤੀ ਤੇਜਾ ਸਿੰਘ, ਬਲਜੀਤ ਸਿੰਘ ਅਤੇ ਉਨ੍ਹਾਂ ਦਾ ਇਕ ਸਾਥੀ ਬਲਜੀਤ ਸਿੰਘ ਕੈਂਰੋ ਉਰਫ ਬਾਬਾ ਆ ਗਏ ਅਤੇ ਉਨ੍ਹਾਂ ਨੇ ਮਿ੍ਰਤਕ ਦੇ ਘਰ ਮੂਹਰੇ ਪਏ ਮੰਜੇ ਉੱਪਰ ਪੂਰੇ ਜੇਤੂ ਅੰਦਾਜ਼ ਵਿਚ ਬੈਠਣ ਦੀ ਭੜਕਾਊ ਹਰਕਤ ਕੀਤੀ। ਇਸ ਹਰਕਤ ’ਤੇ ਮਿ੍ਰਤਕ ਬਲਜੀਤ ਸਿੰਘ ਉਰਫ ਬੱਲੂ ਨੂੰ ਗੁੱਸਾ ਆਇਆ ਜਿਸ ਕਾਰਨ ਉਸ ਦੀ ਤੇਜਾ ਸਿੰਘ ਨਾਲ ਤਿੱਖੀ ਤਕਰਾਰ ਵੀ ਹੋਈ। ਪਰ ਪ੍ਰਸਾਸ਼ਨ ਨੇ ਆੜਤੀਆਂ ਨੂੰ ਭੜਕਾਊ ਹਰਕਤਾਂ ਕਰਨ ਤੋਂ ਨਹੀਂ ਰੋਕਿਆ ।
ਧਰਨੇ ਵਾਲੀ ਜਗ੍ਹਾ ’ਤੇ ਡਟੇ ਹੋਏ ਅਤੇ ਪ੍ਰਸ਼ਾਸ਼ਨ ਖਿਲਾਫ ਨਾਹਰੇਬਾਜ਼ੀ ਕਰਦੇ ਕਿਸਾਨ ਆਗੂਆਂ ਦੀ ਪੁਲੀਸ ਨੇ ਫੜੋ-ਫੜਾਈ ਸ਼ੁਰੂ ਕਰ ਦਿਤੀ ਅਤੇ ਕੁਝ ਕੁ ਨੂੰ ਥੋੜੀ ਦੂਰ ਖੜੀ ਆਪਣੀ ਬੱਸ ਵਿਚ ਬਿਠਾ ਲਿਆ। ਇਸ ਰੌਲੇ-ਰੱਪੇ ਦੌਰਾਨ ਸ਼ਾਇਦ ਖੁਦ ਨੂੰ ਬੇਸਹਾਰਾ ਹੁੰਦੇ ਅਤੇ ਘਰ ਸਮੇਤ ਆਪਣਾ ਸਭ-ਕੁਝ ਖੁਸਦੇ ਦੇਖ ਬਲਜੀਤ ਸਿੰਘ ਉਰਫ ਬੱਲੂ, ਘਰ ਦੀ ਵੱਖੀ ’ਚ ਰੱਖੇ ਇਕ ਛੋਟੇ ਗੇਟ ਰਾਹੀਂ ਦਾਖਲ ਹੋਕੇ, ਲੋਹੇ ਦੀ ਪੌੜੀ ਰਾਹੀਂ ਛੱਤ ਪੁਤਰ ਚੜ੍ਹ ਗਿਆ ਅਤੇ ਪੌੜੀ ਉਪਰ ਖਿੱਚ ਲਈ। ਉਹ ਛੱਤ ਉਪਰੋਂ ਹੀ ਪੁਲੀਸ ਨੂੰ, ਜ਼ਮੀਨ ਉਪਰ ਕਬਜ਼ਾ ਕਰਵਾਉਣ ਦੀ ਕਾਰਵਾਈ ਨੂੰ ਬੰਦ ਕਰਨ ਵਰਨਾ ਜ਼ਹਿਰ ਪੀ ਲੈਣ ਦੀਆਂ ਗੱਲਾਂ ਕਰਦਾ ਰਿਹਾ। ਕੋਈ ਸਾਰਥਿਕ ਪ੍ਰਤੀਕਰਮ ਨਾ ਮਿਲਣ ‘ਤੇ, ਉਸ ਨੇ ੳੱੁਥੇ ਹਾਜ਼ਰ ਪ੍ਰਸ਼ਾਸ਼ਨ ਤੇ ਲੋਕਾਂ ਦੇ ਸਾਹਮਣੇ ਹੀ ਕੀਟਨਾਸ਼ਕ ਪੀ ਲਿਆ। ਘਟਨਾਕ੍ਰਮ ਦੀ ਅਸਲੀਅਤ ਮਹਿਸੂਸ ਕਰਨ ਬਾਅਦ ਉਥੇ ਹਾਜ਼ਰ ਪਰਿਵਾਰਕ ਮੈਂਬਰ, ਗੁਆਂਢੀ ਤੇ ਪੁਲੀਸ ਮੁਲਾਜ਼ਮ ਉਸ ਨੂੰ ਹੇਠਾਂ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ। ਇਸੇ ਰੌਲੇ ਰੱਪੇ ਵਿਚ ਭਾਣਾ ਵਰਤ ਜਾਣ ਦਾ ਪਤਾ ਲੱਗਣ ’ਤੇ ਉਸ ਦੀ ਮਾਤਾ ਬਲਵੀਰ ਕੌਰ ਨੇ ਵੀ ਘਰ ਵਿਚ ਪਿਆ ਹੋਇਆ ਕੀਟਨਾਸ਼ਕ ਚੁਕ ਕੇ ਪੀ ਲਿਆ। ਪਤਾ ਲੱਗਣ ’ਤੇ ਪੁਲੀਸ ਵਾਲਿਆਂ ਨੇ ਫੜੇ ਹੋਏ ਕਿਸਾਨ ਲੀਡਰਾਂ ਨੂੰ ਛੱਡ ਕੇ ਉਨ੍ਹਾਂ ਨੂੰ ਦੋਹਾਂ ਮਾਂ-ਪੁੱਤ ਨੂੰ ਹਸਪਤਾਲ ਪਹੁੰਚਾਉਣ ਵਿਚ ਪੁਲੀਸ ਦੀ ਮਦਦ ਕਰਨ ਨੂੰ ਕਿਹਾ। ਬੱਲੂ ਵੱਲੋਂ ਤੇਲ ਪਾਕੇ ਆਪਣੇ ਆਪ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੇ ਰੋਕਿਆ। ਪੁਲੀਸ ਦੁਆਰਾ ਸਿਵਲ ਹਸਪਤਾਲ ਬਰਨਾਲਾ ਪਹੁੰਚਾਏ ਮਾਂ-ਪੁੱਤ ਨੂੰ ਡਾਕਟਰਾਂ ਨੇ ਮਿ੍ਰਤਕ ਐਲਾਨ ਦਿਤਾ।
ਉਸੇ ਸ਼ਾਮ ਬੀ.ਕੇ.ਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਦੀ ਰਿਪੋਰਟ ‘ਤੇ ਪੁਲੀਸ ਨੇ ਪੰਜ ਮੁਲਜ਼ਮਾਂ ਤੇਜਾ ਸਿੰਘ, ਬਲਜੀਤ ਸਿੰਘ ਆੜ੍ਹਤੀ, ਬਲਜੀਤ ਸਿੰਘ ਕੈਰੋਂ ਉਰਫ ਬਾਬਾ, ਜਸਪ੍ਰੀਤ ਸਿੰਘ ਜੱਸਾ (ਆਗੂ ਐਸ.ਓ.ਆਈ.) ਤੇ ਮਨਪ੍ਰੀਤ ਸਿੰਘ ਮੰਨਾ ਦੋਵੇਂ ਪੁਤਰ ਤੇਜਾ ਸਿੰਘ ਉਪਰ ਆਈ.ਪੀ.ਸੀ ਦੀ ਧਾਰਾ 306,452,506,148 ਤੇ 149 ਅਧੀਨ ਕੇਸ ਦਰਜ ਕਰ ਲਿਆ (ਇਸ ਐਫ.ਆਈ.ਆਰ ਨੰਬਰ 35 ਮਿਤੀ 26/04/2016 ਦੀ ਕਾਪੀ ਸਭਾ ਕੋਲ ਹੈ)। ਪਹਿਲੇ ਤਿੰਨ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਕੇ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ ਅਤੇ ਰਿਪੋਰਟ ਲਿਖੇ ਜਾਣ ਤੱਕ ਜਸਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ।
ਸਿੱਟੇ: ਪੂਰੇ ਘਟਨਾਕ੍ਰਮ ਅਤੇ ਇਕੱਤਰ ਕੀਤੇ ਸਾਰੇ ਤੱਥਾਂ ਤੇ ਵੇਰਵਿਆਂ ਉੱਪਰ ਵਿਚਾਰ ਕਰਨ ਤੋਂ ਬਾਅਦ ਸਭਾ ਦੀ ਜਿਲ੍ਹਾ ਕਾਰਜਕਾਰੀ ਕਮੇਟੀ ਹੇਠ ਲਿਖੇ ਸਿਟਿਆਂ ’ਤੇ ਪਹੁੰਚੀ:
1. ਸਭਾ ਮਹਿਸੂਸ ਕਰਦੀ ਹੈ ਕਿ ਜੋਧਪੁਰ ਦੀ ਇਹ ਦੁਖਦਾਈ ਘਟਨਾ ਦਾ ਮੁੱਖ ਜ਼ਿੰਮੇਵਾਰ ਤੇਜਾ ਸਿੰਘ ਆੜਤੀਆ ਤੇ ਉਹਦੇ ਸਾਥੀ, ਜ਼ਿਲ੍ਹਾ ਪ੍ਰਸਾਸ਼ਨ ਅਤੇ ਮਸ਼ੀਨੀ ਢੰਗ ਨਾਲ ਚੱਲ ਰਿਹਾ ਪੂਰਾ ਪ੍ਰਬੰਧ ਹੈ। ਇਸ ਨੂੰ ਕਿਸਾਨ ਖੁਦਕੁਸ਼ੀਆਂ ਦੇ ਸਮੁੱਚੇ ਵਰਤਾਰੇ ਨਾਲ ਜੋੜ੍ਹ ਕੇ ਦੇਖਿਆ ਜਾਣਾ ਚਾਹੀਦਾ ਹੈ ਅਤੇ ਸਿੱਧੇ ਤੇ ਫੌਰੀ ਕੁਝ ਵਿਸ਼ੇਸ਼ ਕਾਰਨਾਂ ਦੇ ਹੁੰਦੇ ਹੋਏ ਵੀ ਕਿਸਾਨ ਖੁਦਕੁਸ਼ੀਆਂ ਦੇ ਸਮੁੱਚੇ ਵਰਤਾਰੇ ਦੇ ਕਾਰਨ, ਇਸ ਘਟਨਾ ਲਈ ਵੀ ਜ਼ਿੰਮੇਵਾਰ ਹਨ। ਸਾਮਰਾਜੀ ਸ਼ਕਤੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਹਰੇ ਇਨਕਲਾਬ’ ਦੇ ਨਾਂ ਹੇਠ ਕਿਸਾਨਾਂ ਸਿਰ ਥੋਪੇ ਗਏ ਖੇਤੀ ਦੇ ਸਰਮਾਏਦਾਰਾਨਾ ਵਿਕਾਸ ਮਾਡਲ ਨਾਲ ਖੇਤੀ ਪੂਰੀ ਤਰ੍ਹਾਂ ਸਰਮਾਏ ਦੇ ਅਧੀਨ ਆ ਗਈ ਹੈ ਜਿਸ ਕਾਰਨ ਇਹ ਇੱਕ ਘਾਟੇ ਵਾਲਾ ਧੰਦਾ ਬਣ ਗਈ ਹੈ। ਰਹਿੰਦੀ ਕਸਰ ਨੱਬਵਿਆਂ ਦੇ ਸ਼ੁਰੂ ਵਿਚ ਲਾਗੂ ਕੀਤੀਆਂ ਨਵਉਦਾਰਵਾਦੀ ਨੀਤੀਆਂ ਨੇ ਕੱਢ ਦਿਤੀ ਜਿਨ੍ਹਾਂ ਅਧੀਨ ਵਿਸ਼ਵ-ਵਪਾਰ-ਸੰਸਥਾ ਦੇ ਨਿਰਦੇਸ਼ ਲਾਗੂ ਕੀਤੇ ਜਾ ਰਹੇ ਹਨ। ਇੰਨ੍ਹਾਂ ਨੀਤੀਆਂ ਕਾਰਨ ਖੇਤੀ ਸਬਸਿਡੀਆਂ ਘੱਟ ਕੀਤੀਆਂ ਜਾ ਰਹੀਆਂ ਹਨ, ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਖਤਮ ਕੀਤੀ ਜਾ ਰਹੀ ਹੈ। ਖੇਤੀ ਵਸਤਾਂ ਤੇ ਲਾਗਤਾਂ ਨੂੰ ਖੁੱਲੀ-ਮੰਡੀ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਸ ਕਾਰਨ ਅੰਤਰ-ਰਾਸ਼ਟਰੀ ਮੰਡੀ ਦੇ ਉਤਰਾਵਾਂ-ਚੜਾਵਾਂ ਦਾ ਅਸਰ, ਸਿਧਾ ਹੀ ਸਾਡੇ ਕਿਸਾਨਾਂ ਉਪਰ ਪੈਣ ਲੱਗਿਆ ਹੈ।
2. ਸਭਾ ਮਹਿਸੂਸ ਕਰਦੀ ਹੈ ਕਿ ਆੜਤੀਏ ਤੇਜਾ ਸਿੰਘ ਦੀ ਸ਼ੁਰੂ ਤੋਂ ਹੀ ਇਸ ਜ਼ਮੀਨ ਨੂੰ ਹੜੱਪ ਲੈਣ ਲਈ ਰੱਖੀ ਨਜ਼ਰ ਇਸ ਘਟਨਾ ਦਾ ਮੁੱਖ, ਸਿਧਾ ਤੇ ਫੌਰੀ ਕਾਰਨ ਬਣਦਾ ਹੈ ਸਮਝੌਤਾ ਹੋ ਜਾਣ ਦੇ ਕਈ ਮੌਕੇ ਉਸ ਨੇ ਇਸੇ ਬੁਰੀ ਨੀਅਤ ਕਾਰਨ ਠੁਕਰਾਏ ਅਤੇ ਕਿਸਾਨ ਪਰਿਵਾਰ ਉੱਪਰ ਦਬਾਅ ਬਣਾਈ ਰੱਖਣ ਲਈ ਆਪਣੀ ਆਰਥਿਕ ਹੈਸੀਅਤ ਤੇ ਰਾਜਸੀ ਰਸੂਖ ਦੀ ਨਜਾਇਜ਼ ਵਰਤੋਂ ਕੀਤੀ। ਆੜਤੀ ਤੇਜਾ ਸਿੰਘ ਵੱਲੋਂ ਸ਼ੱਕੀ ਹਾਲਤਾਂ ਤੇ ਢੰਗ ਤਰੀਕਿਆਂ ਨਾਲ ਆਪਣੇ ਨਾਂ ਕਰਵਾਈ ਜ਼ਮੀਨ ਦੀ ਕੀਮਤ ਉਸ ਦੀ ਅਸਲੀ ਲੈਣਦਾਰੀ ਨਾਲੋਂ ਕਈ ਗੁਣਾਂ ਜ਼ਿਆਦਾ ਹੋਣ ਕਾਰਨ ਉਸ ਦਾ ਮੁੱਖ ਨਿਸ਼ਾਨਾ ਕਿਸੇ ਤਰ੍ਹਾਂ ਵੀ ਜ਼ਮੀਨ ਹਾਸਲ ਕਰਨਾ ਬਣ ਗਿਆ। ਇਸ ਆੜਤੀਏ ਦਾ ਇਲਾਕੇ ਵਿਚ ਅਜਿਹੇ ਕਈ ਹੋਰ ਝਗੜਿਆਂ ਵਿਚ ਫਸੇ ਹੋਣ ਦਾ ਵੀ ਜ਼ਿਕਰ ਹੁੰਦਾ ਹੈ। ਵੈਸੇ ਵੀ ਦਰਸ਼ਨ ਸਿੰਘ ਵਰਗੇ ਆਰਥਿਕ, ਸਮਾਜਿਕ ਤੇ ਸਿਆਸੀ ਪੁੱਗਤ ਤੋਂ ਵਿਹੂਣੇ ਅਤੇ ਅਨਪੜ ਤੇ ਅਨਭੋਲ ਪਰਿਵਾਰਾਂ ਦੀ ਜ਼ਮੀਨਾਂ ਉੱਪਰ ਦਿਹਾਤੀ ਖੇਤਰ ਵਿਚ ਨਵੇਂ ਉੱਭਰੇ ਇਸ ਆੜਤੀਆ ਵਰਗ ਦੀ ਬਾਜ਼ ਅੱਖ, ਝਪਟ ਮਾਰ ਲੈਣ ਦਾ ਮੌਕਾ ਹਰ ਸਮੇਂ ਤਲਾਸ਼ਦੀ ਰਹਿੰਦੀ ਹੈ।
3. ਸਭਾ ਸਮਝਦੀ ਹੈ ਸੂਦ ਖੋਰ ਆੜਤੀਆ ਪ੍ਰਬੰਧ ਬਿਨਾਂ ਕਿਸੇ ਜ਼ਰੂਰਤ ਦੇ ਅਤੇ ਖੇਤੀ-ਮਾਹਿਰਾਂ ਦੀਆਂ ਇਸ ਪ੍ਰਬੰਧ ਨੂੰ ਖਤਮ ਕਰਨ ਦੀਆਂ ਸਪਸ਼ਟ ਸ਼ਿਫਾਰਸ਼ਾਂ ਦੇ ਬਾਵਜੂਦ ਇਸ ਦਾ ਜਾਰੀ ਰਹਿਣਾ, ਆੜਤੀਆ ਤੇ ਸਿਆਸੀ ਗੱਠਜੇੜ ਦਾ ਪ੍ਰਤੱਖ ਸਬੂਤ ਹੈ। ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਆੜਤੀਆਂ ਤੇ ਕਿਸਾਨਾਂ ਦੇ ਸਬੰਧਾਂ ਬਾਰੇ, ਸੰਨ 2014 ਵਿਚ ਛਪੀ ਰਿਪੋਰਟ ਦਸਦੀ ਹੈ ਕਿ ਆੜਤੀਏ ਪੰਜਾਬ ਭਰ ’ਚ ਆੜਤ ਰਾਹੀ. ਹਰ ਸਾਲ 1000 ਕਰੋੜ ਤੋਂ ਵੱਧ (2012-13ਵਿੱਚ 1033 ਕਰੋੜ) ਆਪਣੀਆ ਜੇਬਾਂ ’ਚ ਪਾ ਲੈਂਦੇ ਹਨ ਇਸ ਆਮਦਨ ਨੂੰ ਸ੍ਰੋਤ ਵਜੋ ਵਰਤ ਕੇ ਉਨ੍ਹਾਂ ਨੇ ਕਿਸਾਨੀ, ਵਿਸ਼ੇਸ਼ ਕਰ ਛੋਟੀ ਕਿਸਾਨੀ ਨੂੰ,ਕਰਜ਼ੇ ਨਾਲ ਵਿੰਨਿਆ ਹੋਇਆ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਪੰਜਾਬ ਦੀ ਕਿਸਾਨੀ ਸਿਰ ਚੜੇ ਕੁੱਲ 70 ਹਜ਼ਾਰ ਕਰੋੜ ਦੇ ਕਰਜ਼ੇ ਚੋਂ ਤਕਰੀਬਨ 13 ਹਜ਼ਾਰ ਕਰੋੜ ਰੁਪਏ ਸੂਦਖੋਰ ਆੜਤੀਆਂ ਦਾ ਕਰਜ਼ਾ ਹੈ। ਬਿਨਾਂ ਕਿਸੇ ਲਾਈਸੈਂਸ ਦੇ ਕੀਤਾ ਜਾ ਰਿਹਾ ਇਹ ਸਾਹੂਕਾਰਾ ਧੰਦਾ ਕਿਸਾਨੀ ਨੂੰ ਕਰਜ਼ਾਈ ਕਰਨ ਦੇ ਸਬੱਬ ਤੋਂ ਇਲਾਵਾ, ਗੈਰ ਕਾਨੂੰਨੀ ਵੀ ਹੈ।
4. ਸਭਾ ਮਹਿਸੂਸ ਕਰਦੀ ਹੈ ਕਿ ਜੁਡੀਸ਼ਰੀ ਸਮੇਤ ਸਾਰੀਆਂ ਸਰਕਾਰੀ ਸੰਸਥਾਵਾਂ,ਗਰੀਬ ਕਿਸਾਨ ਦੇ ਵਿਰੁਧ ਤੇ ਰਸੂਖਵਾਨ ਆੜਤੀ ਦੇ ਹੱਕ ਵਿਚ ਭੁਗਤੀਆਂ। ਰਜਿਸਟਰੀ ਸਮੇਂ ਆੜਤੀਏ ਵੱਲੋਂ ਵਧਾ-ਚੜਾ ਕੇ ਬਣਾਏ ਕੁੱਲ ਕਰਜ਼ੇ 5,62,000 ਰੁਪਏ ਦੀ ਨਿਗੂਣੀ ਰਕਮ ਬਦਲੇ,ਰਿਹਾਇਸ਼ੀ ਇਲਾਕੇ ਵਿਚ ਸਥਿਤ ਕਿਸਾਨ ਦੀ 15 ਕਨਾਲ ਜ਼ਮੀਨ ਦੀ ਕਿਤੇ ਵੱਧ ਅਸਲੀ ਬਾਜ਼ਾਰੀ ਕੀਮਤ ਹੋਣ ਦੇ ਬਾਵਜੂਦ, ਰਜਿਸਟਰੀ ਕਰਨਾ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ ਬਣਦਾ। ਮੂਲ ਤੋਂ ਦੁਗਣੀ ਤੋਂ ਜ਼ਿਆਦਾ ਰਕਮ ਵਸੂਲੇ ਨਾ ਜਾਣ ਦੇ ਮਾਪਦੰਡ, ਇਸ ਗਰੀਬ ਪਰਿਵਾਰ ਲਈ ਕਿਉਂ ਨਹੀਂ ਲਾਗੂ ਕੀਤੇ ਗਏ?
5. ਸਭਾ ਮਹਿਸੂਸ ਕਰਦੀ ਹੈ ਖੇਤੀ ਸੰਕਟ ਕਾਰਨ ਕਿਸਾਨ ਖੁਦਕਸ਼ੀਆਂ ਦੇ ਚਲਦੇ ਇਸ ਦੌਰ ਵਿਚ ਜਿੱਥੇ ਕਬਜ਼ਾ ਵਰੰਟ ਦਾ ਮਸ਼ੀਨੀ ਢੰਗ ਨਾਲ ਜਾਰੀ ਤੇ ਲਾਗੂ ਕਰਨਾ,ਕਿਸਾਨ ਪਰਿਵਾਰ ਦੀ ਕੁੱਲੀ ਗੁੱਲੀ ਜੁੱਲੀ ਖੋਹਣ ਅਤੇ ਉਸ ਨੂੰ ਖੁਦਕਸ਼ੀ ਕਰਨ ਲਈ ਮਜ਼ਬੂਰ ਕਰਨ ਦੀ ਕਾਰਵਾਈ ਹੈ, ਉਥੇ ਇਸ ਘਟਨਾ ਮੌਕੇ ਹਾਜ਼ਰ ਅਧਿਕਾਰੀਆਂ ਦੀ ਗ਼ੈਰ-ਪੇਸ਼ੇਵਾਰਾਨਾ ਪਹੁੰਚ ਅਤੇ ਅਜਿਹੇ ਹੁਕਮਾਂ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਧਾਰੀ ਸਾਜ਼ਿਸੀ ਚੁੱਪ ਵੀ ਬਰਾਬਰ ਦੀ ਦੋਸ਼ੀ ਹੈ। ਲੋਕਾਂ ਲਈ ਕੁੱਲੀ ਗੁੱਲੀ ਜੁੱਲੀ ਦਾ ਪ੍ਰਬੰਧ ਕਰਨਾ ਰਾਜ ਦੀ ਜ਼ਿੰਮੇਵਾਰੀ ਹੈ ਅਤੇ ਇੰਨ੍ਹਾਂ ਸਹੂਲਤਾਂ ਨੂੰ ਕਿਸਾਨ ਤੋਂ ਖੋਹ ਲੈਣ ਦੀ ਪ੍ਰਕਿਰਿਆ ਕਾਰਨ ਵਾਪਰੀ ਘਟਨਾ ਲਈ ਵੀ ਰਾਜ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।
ਸੁਝਾਅ ਤੇ ਮੰਗਾਂ: (1)ਤੱਤਕਾਲੀ
* ਸਾਰੇ ਮੁਲਜ਼ਿਮਾਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਜ਼ਿੰਮੇਵਾਰ ਹਾਜ਼ਰ ਸਿਵਲ ਤੇ ਪੁਲਸ ਅਧਿਕਾਰੀਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ।
* ਪੀੜਿਤ ਪਰਿਵਾਰ ਦੀ ਫੌਰੀ ਤੌਰ ’ਤੇ ਆਰਥਿਕ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ।
* ਪੀੜਿਤ ਪਰਿਵਾਰ ਨੂੰ ਜ਼ਮੀਨ, ਘਰ ਖੁਸ ਜਾਣ ਦੇ ਡਰ ਤੋਂ ਮੁਕਤ ਕਰਨ ਅਤੇ ਜ਼ਮੀਨ ਦੀ ਮਾਲਕੀ, ਮੁੜ ਤੋਂ ਉਨ੍ਹਾਂ ਦੇ ਨਾਂ ਤਬਦੀਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ। ਕਬਜ਼ਾ ਵਰੰਟ, ਕੁਰਕੀ ਆਦਿ ਦੀ ਪ੍ਰਕਿਰਿਆ ਤੁਰੰਤ ਬੰਦ ਕੀਤੀ ਜਾਵੇ।
* ਸੱਤਾਧਾਰੀ ਪਾਰਟੀਆਂ ਦੇ ਸਥਾਨਕ ਲੀਡਰਾਂ ਦੀ ਸ੍ਰਪਰਸਤੀ ਹੇਠ ਬਰਨਾਲਾ ਦੀ ਆੜਤੀਆ ਐਸੋਸੀਏਸ਼ਨ ਨੇ 29-04-16 ਨੂੰ ਦਫਾ 144 ਲੱਗੀ ਹੋਣ ਦੇ ਬਾਵਜੂਦ, ਕੌਰੀਡੋਰ ਵਿਚ ਵੜ੍ਹ ਕੇ, ਜਿਲ੍ਹਾ ਅਧਿਕਾਰੀਆਂ ਦੇ ਦਫਤਰ੍ਹਾਂ ਦੇ ਬਿਲਕੁਲ ਸਾਹਮਣੇ, ਕਿਸਾਨਾਂ ਦੇ ਵਿਰੋਧ ਵਿਚ ਧਰਨਾ ਦਿਤਾ। ਆੜਤੀਆਂ ਦੀ ਬਰਨਾਲਾ ਰੈਲੀ ਵਿਚ, 01-05-16 ਨੂੰ ਪੰਜਾਬ ਮੰਡੀਕਰਨ ਬੋਰਡ ਦੇ ਵਾਈਸ ਚੇਅਰਮੈਨ ਤੇ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਖੁਦਕੁਸ਼ੀਆਂ ਲਈ ਕਿਸਾਨਾਂ ਨੂੰ ਅਤੇ ਸਰਕਾਰ ਵੱਲੋਂ ਖੁਦਕੁਸ਼ੀ ਉਪਰੰਤ ਦਿਤੀ ਜਾਣ ਵਾਲੀ ਰਾਹਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਲਟਾ ਕਿਸਾਨ ਆਗੂਆਂ ’ਤੇ ਕੇਸ ਦਰਜ ਕਰਨ ਦੀ ਮੰਗ ਕੀਤੀ। ਜਿਲ੍ਹਾ ਪ੍ਰਸ਼ਾਸ਼ਨ ’ਤੇ ਦਬਾਅ ਪਾਉਣ ਵਾਲੀ, ਅਜਿਹੀ ਸਿਧੀ ਸਿਆਸੀ ਦਖਲ-ਅੰਦਾਜ਼ੀ ਤੁਰੰਤ ਬੰਦ ਕਰਵਾਈ ਜਾਵੇ।
(2)ਸਮੁਚੇ ਕਿਸਾਨ ਖੁਦਕੁਸ਼ੀ ਵਰਤਾਰੇ ਨੂੰ ਠੱਲ ਪਾਉਣ ਬਾਰੇ:
* ਕਿਸਾਨਾਂ ਦੀਆਂ ਜਮੀਨਾ ਦੀ ਕੁਰਕੀ ਤੇ ਕਬਜਿਆਂ ਆਦਿ ਦੀਆਂ ਕਾਰਵਾਈਆਂ ’ਤੇ ਰੋਕ ਲਾਈ ਜਾਵੇ।
* ਸਨਅਤਾਂ ਦੀ ਤਰਜ਼ ’ਤੇ ਖੇਤੀ ਕਰਜ਼ਿਆਂ ਵਿਚ ਵੀ ਯਕਮੁਸ਼ਤ ਛੋਟ ਦਿਤੀ ਜਾਵੇ ਅਤੇ ਅੱਗੇ ਤੋਂ ਪੈਰਾਂ ਸਿਰ ਖੜ੍ਹੇ ਕਰਨ ਲਈ, ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾਵੇ। ਕੇਂਦਰ ਸਰਕਾਰ ਵੱਲੋਂ ਹਰ ਸਾਲ ਵੱਡੇ ਕਾਰਪੋਰੇਟਾਂ ਨੂੰ ਲੱਖਾਂ ਕ੍ਰੋੜ ਰੁਪਏ ਦੀਆਂ ਟੈਕਸ ਰਿਆਇਤਾਂ ਤੇ ਸਬਸਿਡੀਆਂ (ਇਸ ਸਾਲ ਦੇ ਬਜ਼ਟ ਵਿਚ 6.11 ਲੱਖ ਕਰੋੜ) ਦਿੱਤੀਆਂ ਜਾਂਦੀਆਂ ਹਨ ਅਤੇ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਦੇ 1,14,000 ਕ੍ਰੋੜ ਰੁਪਏ ਦੇ ਬੈਂਕ ਕਰਜ਼ੇ ਵੱਟੇ-ਖਾਤੇ ਪਾ ਦਿੱਤੇ ਗਏ ਪਰ ਕਿਸਾਨਾਂ ਨੂੰ ਨਿਗੂਣੀ ਰਾਹਤ ਦੇਣ ਲਈ ਵੀ ਹਮੇਸ਼ਾਂ ਫੰਡਾਂ ਦੀ ਘਾਟ ਦਾ ਰੌਲਾ ਪਾਇਆ ਜਾਂਦਾ ਹੈ। ।
* ਕਰਜ਼ਾ ਨਿਬੇੜੂ ਬਿਲ ਨੂੰ ਸਹੀ ਅਰਥਾਂ ਵਿਚ ਕਿਸਾਨ ਪੱਖੀ ਬਣਾਇਆ ਜਾਵੇ ਅਤੇ ਉਸ ਚੋਂ ਸੂਦਖੋਰਾਂ ਦੇ ਹਿਤ ਪੂਰਦੀਆਂ ਧਾਰਾਵਾਂ ਖਤਮ ਕੀਤੀਆਂ ਜਾਣ ।
* ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਸਹਿਕਾਰੀ ਤੇ ਸਰਕਾਰੀ ਬੈਂਕਾਂ ਤੋਂ ਆਸਾਨ ਸ਼ਰਤਾਂ ’ਤੇ ਕਰਜ਼ੇ ਦਿਵਾਏ ਜਾਣ ਅਤੇ ਖੇਤੀ ਸੰਦਾਂ ਅਤੇ ਮਸ਼ੀਨਰੀ ਦਾ ਸਹਿਕਾਰੀ ਸੁਸਾਇਟੀਆਂ ਜਾਂ ਸਰਕਾਰੀ ਅਦਾਰਿਆਂ ਰਾਹੀਂ ਪ੍ਰਬੰਧ ਕੀਤਾ ਜਾਵੇ।
* ਆੜਤੀਆਂ ਵੱਲੋਂ ਬਿਨਾਂ ਰਜਿਸਟਰੇਸ਼ਨ ਤੋਂ ਕੀਤੇ ਜਾਂਦੇ ਸੂਦਖੋਰੀ ਦੇ ਧੰਦੇ ਨੂੰ ਨੱਥ ਪਾਈ ਜਾਵੇ। ਕਿਸਾਨ ਦੀ ਉਪਜ ਦੀ ਸਿੱਧੀ ਅਦਾਇਗੀ ਕੀਤੀ ਜਾਵੇ ਅਤੇ ਆੜਤੀਆ ਪ੍ਰਬੰਧ ਬੰਦ ਕੀਤਾ ਜਾਵੇ।
* ਖੇਤੀ ਨੂੰ ਸੰਕਟ ਵੱਲ ਧੱਕਣ ਦਾ ਕਾਰਨ ਬਣੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਰੱਦ ਕੀਤਾ ਜਾਵੇ। ਬਦਲਵੇ ਰੁਜ਼ਗਾਰ ਦਾ ਪ੍ਰਬੰਧ ਕੀਤੇ ਬਗ਼ੈਰ (ਕਈ ‘ਮਾਹਿਰ’ ਤਾਂ 70 ਫੀ ਸਦੀ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕੱਢਣ ਦੀ ‘ਨੇਕ ਸਲਾਹ’ ਵੀ ਦਿੰਦੇ ਹਨ) ਕਿਸਾਨਾਂ ਨੂੰ ਖੇਤੀ ਧੰਦੇ ਤੋਂ ਬਾਹਰ ਕਰਨ ਦੀਆਂ ਗੋਂਦਾਂ ਨਾ ਗੁੰਦੀਆਂ ਜਾਣ। ਇਹ ਸੋਚ ਕਿਸਾਨਾਂ ਦੀ ਨਸ਼ਲਕੁਸ਼ੀ ਕਰਨ ਦੇ ਬਰਾਬਰ ਹੈ।
ਵੱਲੋਂ:                             ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਇਕਾਈ ਬਰਨਾਲਾ
ਜਾਰੀ ਕਰਤਾ:                    ਗੁਰਮੇਲ ਸਿੰਘ ਠੁਲੀਵਾਲ ਪ੍ਰਧਾਨ                                               ਬਲਵੰਤ ਸਿੰਘ ਉਪਲੀ, ਸਕੱਤਰ
                                  ਸੰਪਰਕ:  94631 28554                                                  ਸੰਪਰਕ:94175 97218

ਬਰਨਾਲਾ ਵਿਖੇ ਹੋਈਆਂ ਖੁਦਕੁਸ਼ੀਆਂ–ਆੜ੍ਹਤੀ-ਪੁਲੀਸ ਗਠਜੋੜ੍ਹ ਬੇਨਕਾਬ

ਬਰਨਾਲਾ ਵਿਖੇ ਹੋਈਆਂ ਖੁਦਕੁਸ਼ੀਆਂ–ਆੜ੍ਹਤੀ-ਪੁਲੀਸ ਗਠਜੋੜ੍ਹ ਬੇਨਕਾਬ
( ਦਾ ਟ੍ਰਿਬਿਊਨ ਦੀ ਸੰਪਾਦਕੀ 2ਮਈ 2016) ਅਨੁਵਾਦ ਹਰਚਰਨ ਚਾਹਿਲ

ਪੁਲੀਸ ਨੂੰ ਨਾਲ ਲੈ ਕੇ ਪਹੁੰਚੇ ਇਕ ਆੜ੍ਹਤੀਏ ਵੱਲੋਂ ਉਕਸਾਏ ਜਾਣ ’ਤੇ,ਬਰਨਾਲਾ ਨੇੜਲੇ ਪਿੰਡ ਜੋਧਪੁਰ ਦੇ ਇਕ ਮਾਂ-ਪੁੱਤ ਜੋੜ੍ਹੇ ਵੱਲੋਂ 26 ਅਪਰੈਲ ਨੂੰ ਕੀਤੀਆਂ ਦਿਲਕੰਬਾਊ ਖੁਦਕੁਸ਼ੀਆਂ ਦੀ ਘਟਨਾ, ਪੰਜਾਬ ਦੇ ਦਿਨ-ਬ-ਦਿਨ ਡੂੰਘੇ ਹੋ ਰਹੇ ਜ਼ਰਈ ਸੰਕਟ ਦੇ ਕਈ ਪਰਤਾਂ ਚੋਂ ਇਕ ਪਰਤ ਵੱਲ ਇਸਾਰਾ ਕਰਦੀ ਹੈ। ਮੁਲਕ ’ਚ ਹੋ ਰਹੀਆਂ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿਚ, ਮਹਾਂਰਾਸ਼ਟਰ ਬਾਅਦ ਪੰਜਾਬ ਦੂਜੇ ਨੰਬਰ ’ਤੇ ਆਉਂਦਾ ਹੈ। ਅਜਿਹੀ ਦਰਦਨਾਕ ਸਥਿਤੀ ਵੀ ਸੂਬੇ ਦੀ ਮੌਜੂਦ ਾ ਸਿਆਸੀ ਲੀਡਰਸ਼ਿਪ ਦੀ ਗਿਣੀ-ਮਿਥੀ ਚੁੱਪ ਨੂੰ ਨਹੀਂ ਤੁੜ੍ਹਵਾ ਸਕੀ। ਆਪਣੇ ‘ਸੰਗਤ-ਦਰਸ਼ਨ’ ਪ੍ਰੋਗਰਾਮਾਂ ਵਿਚ ਕਿਸਾਨ ਖੁਦਕੁਸ਼ੀਆਂ ਬਾਰੇ ਬੋਲਣ ਦੀ ਬਜਾਏ, ਮੁੱਖ ਮੰਤਰੀ ਬਾਦਲ ਲੋਕਾਂ ਨੂੰ, ਵੋਟਾਂ-ਵਟੋਰਣ ਲਈ ਜ਼ਿਆਦਾ ਲਾਹੇਬੰਦ ਲੱਗਦੇ ਮੁੱਦੇ, ਐਸ.ਵਾਈ.ਐਲ ਉੱਪਰ ਕੁਰਬਾਨੀਆਂ ਦੇਣ ਲਈ ਤਿਆਰ ਰਹਿਣ ਵਾਸਤੇ ਕਹਿੰਦਾ ਹੈ, ਜਿਸ ਕਾਰਨ ਖੁਦਕੁਸ਼ੀਆਂ ਮਸਲੇ ’ਤੇ ਸਰਕਾਰ ਦੇ ਲੋੜੀਂਦੇ ਪ੍ਰਤੀਕਰਮ ਦੀ ਘਾਟ ਬਾਰੇ ਸਵਾਲ ਉਠਦੇ ਹਨ।
ਆੜ੍ਹਤੀਆ ਸਮੂਹ ਨੂੰ ਅਕਾਲੀ ਤੇ ਕਾਂਗਰਸ, ਦੋਹਾਂ ਪਾਰਟੀਆਂ ਦੀ ਸ੍ਰਪਰਸਤੀ ਹਾਸਲ ਹੈ। ਵਿਚੋਲੀਆਂ ਨੂੰ ਦਰਕਿਨਾਰ ਕਰਕੇ, ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ‘ਸਿਧੀ ਅਦਾਇਗੀ’ ਕਰਨ ਦੀ ਐਫ.ਸੀ.ਆਈ ਦੀ ਸਿਫਾਰਸ਼ ਉਪਰ ਹੋਣ ਜਾ ਰਹੇ ਫੈਸਲੇ ਨੂੰ ਐਨ ਅਖੀਰੀ ਸਮੇਂ ਤਾਰਪੀਡੋ ਕਰਨ ਲਈ, ਬਾਦਲ ਸਾਅਬ ਵਿਸ਼ੇਸ਼ ਤੌਰ ‘ਤੇ ਜਹਾਜ਼ ਲੈ ਕੇ ਦਿਲੀ ਜਾ ਧਮਕੇ ਸਨ। ਇਸ ਪ੍ਰਕਾਰ ਦੀ ਫੁਰਤੀ ਉਨ੍ਹਾਂ ਕਿਸਾਨੀ ਮੁੱਦਿਆਂ ਦੇ ਦੇ ਹੱਲ ਪ੍ਰਤੀ ਨਹੀਂ ਦਿਖਾਈ। ਪਹਿਲੀ ਵਾਰ ਸੰਨ 2001 ਵਿਚ ਚਰਚਾ ਚ ਆਏ ਕਿਸਾਨੀ ਕਰਜ਼ਿਆਂ ਬਾਰੇ ਬ੍ਵਿਲ ਨੂੰ ਉਨ੍ਹਾਂ ਮਸਾਂ ਆਕੇ ਇਸ ਸਾਲ ਪਾਸ ਕੀਤਾ ਹੈ। ਆੜਤੀਆਂ ਨੂੰ 2.5 ਫੀ ਸਦੀ ਦੇ ਮੋਟੇ ਕਮਿਸ਼ਨ ਦੇ ਭੁਗਤਾਨ ਨੂੰ ਯਕੀਨੀ ਬਣਾਇਆ ਹੋਇਆ ਹੈ। ਸਰਕਾਰ ਨੇ ਕਿਸਾਨਾਂ ਦੀ ਉਪਜ ਦੀ ਅਦਾਇਗੀ ਨੂੰ ਆੜਤੀਆਂ ਰਾਹੀਂ ਦੇਣ ਦੀ ਪ੍ਰਣਾਲੀ ਅਪਣਾ ਕੇ, ਉਨ੍ਹਾਂ ਦੇ ਸੂਦਖੋਰੀ ਦੇ ਕਾਰੋਬਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ। ਜੇ ਫੇਰ ਵੀ ਕਿਸਾਨ ਆੜਤੀਏ ਦੇ ਕਰਜ਼ੇ ਦੀ ਅਦਾਇਗੀ ਨਹੀਂ ਕਰਦਾ ਤਾਂ ਪੂਲੀਸ ਦੀ ਸਹਾਇਤਾ ਹਾਜ਼ਰ ਹੈ ਜਿਵੇਂ ਕਿ ਬਰਨਾਲਾ ਵਾਲੇ ਕੇਸ ਵਿਚ ਵਾਪਰਿਆ। ਬਰਨਾਲਾ ਵਾਲੀ ਘਟਨਾ ਦੇ ਇਕ ਵੀਡੀਉ ਵਿਚ ਪੁਲੀਸ ਦੀ ਹਾਜ਼ਰੀ ਵਿਚ ਨੌਜਵਾਨ ਕਿਸਾਨ ਜ਼ਹਿਰ ਦੀ ਬੋਤਲ ਚੁੱਕੇ ਹੋਏ ਦਿਖਾਈ ਦਿੰਦਾ ਹੈ। ਉਸ ਨੂੰ ਰੋਕਣ ਦੀ ਬਜਾਏ ਪੁਲੀਸ ਵਾਲੇ ਉਸ ਨੂੰ ਕਰਜ਼ਾ ਨਾ ਮੋੜਨ ਦੀ ਸੂਰਤ ਵਿਚ ਪੁਲਿਸ ਕੇਸ ਵਿਚ ਫਸਾਉਣ ਦੀ ਧਮਕੀ ਦਿੰਦੇ ਹਨ ,ਇਸ ਤਰ੍ਹਾਂ ਇਹ ਵੀਡੀਉ ਪੁਲੀਸ ਦੇ ਉਸ ਦਾਅਵੇ ਦੀ ਪੋਲ ਖੋਲਦੀ ਹੈ ਜਿਸ ਅਨੁਸਾਰ ਖੁਦਕੁਸ਼ੀਆਂ ਪੁਲੀਸ ਦੇ ਘਟਨਾ-ਸਥਾਨ ਤੋਂ ਚਲੇ ਜਾਣ ਬਾਅਦ ਹੋਈਆਂ।
       ਇਹ ਕੋਈ ਅਪਵਾਦ ਨਹੀਂ ਹੈ। ਕਾਰਨ ਵੱਖਰੇ ਹੋ ਸਕਦੇ ਹਨ ਪਰ ਅਜਿਹੀਆਂ ਘਟਨਾਵਾਂ ਰੋਜਮਰ੍ਹਾ ਦਾ ਵਰਤਾਰਾ ਬਣ ਗਈਆਂ ਹਨ। ਸਗੋਂ ਕਿਸਾਨ ਖੁਦਕੁਸ਼ੀਆਂ ਦੇ ਵਰਤਾਰੇ ਵਿਚ ਇਕ ਦਮ ਤਿੱਖਾ ਵਾਧਾ ਹੋਇਆ ਹੈ। ਯੂਨੀਵਰਸਿਟੀਆਂ ਨੂੰ ਜ਼ਿੰਦਗੀਆਂ ਗਵਾ ਬੰਦਿਆਂ ਦੀ ਗਿਣਤੀ ਕਰਨ ਲਈ ਕਹਿ ਦੇਣਾ ਜਾਂ ਗ਼ੈਰ-ਸੰਸਥਾਗਤ ਕਰਜ਼ਿਆਂ ਦੇ ਨਿਬੇੜੇ ਲਈ ਬਿਲ ਪਾਸ ਕਰ ਦੇਣਾ, ਸਮੱਸਿਆ ਦਾ ਪੂਰਾ ਹੱਲ ਨਹੀਂ ਹੈ। ਖੇਤੀ ਸੰਕਟ ਉੱਪਰ ਹੁੰਦੀਆਂ ਅਕਾਦਮਿਕ ਬਹਿਸਾਂ ਨੂੰ ਪਾਸੇ ਰੱਖ ਕੇ, ਸਭ ਤੋਂ ਪਹਿਲੀ ਜ਼ਰੂਰਤ ਇੰਨਾਂ ਖੁਦਕੁਸ਼ੀਆਂ ਨੂੰ ਤੁਰੰਤ ਰੋਕਣ ਦੀ ਹੈ। ਕਿਸਾਨ ਵੱਲੋਂ ਸਿਰੇ ਦਾ ਘਾਤਕ ਕਦਮ ਉਠਾਏ ਜਾਣ ਉਪਰੰਤ ਉਸ ਦੇ ਪੀੜਿਤ ਪਰਿਵਾਰ ਨੂੰ ਰਾਹਤ ਦਾ ਚੈਕ ਫੜਾਉਣ ਦੇ ਅਮਲ ਨਾਲੋਂ ਚੰਗਾ ਇਹ ਹੈ ਕਿ ਜਿਉਂਦੇ ਜੀਅ ਉਸ ਦੁਖੀ ਕਿਸਾਨ ਦੀ ਬਾਂਹ ਫੜੀ ਜਾਵੇ । ਜੇਕਰ ਇਹ ਪੀੜਿਤ ਕਿਸਾਨ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦੀ ਤਾਂ ਪੁਲੀਸ ਨੂੰ ਘੱਟੋ-ਘੱਟ ਸਿਆਸੀ ਰਸੂਖ ਰੱਖਣ ਵਾਲੇ ਆੜਤੀਆ ਵਰਗ ਦੀ ਸਹਾਇਤਾ ਨਹੀਂ ਕਰਨੀ ਚਾਹੀਦੀ। ਵੈਸੇ ਵੀ ਕਰਜ਼ੇ ਦੀ ਅਦਾਇਗੀ ਨਾ ਕਰਨਾ ਇਹ ਸਿਵਲ ਅਪਰਾਧ ਹੈ।*
*(ਮਾਨਯੋਗ ਸੰਪਾਦਕ ਦਾ ਇਸ਼ਾਰਾ ਹੈ ਕਿ ਫੌਜਦਾਰੀ ਕੇਸਾਂ ਤੋਂ ਉਲਟ ਸਿਵਲ ਕੇਸਾਂ ਵਿਚ ਸਿਧਾ ਪੁਲੀਸ ਦਖਲ ਨਹੀਂ ਹੁੰਦਾ—ਅਨੁਵਾਦਕ) 
ਦਾ ਟ੍ਰਿਬਿਊਨ ਦੀ ਸੰਪਾਦਕੀ 2 ਮਈ 2016

Thursday, May 19, 2016

ਮਾਲੇ ਗਾਉਂ : ਸਬੂਤਾਂ ਨਾਲ ਛੇੜਛਾੜ - ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦਾ ਤਾਲਮੇਲ ਅਦਾਰਾ (ਸੀਡੀਆਓ)


ਮੰਬਈ 15 ਮਾਰਚ 2016:ਜਿੱਥੇ ਮਈ ਦੇ ਸ਼ੁਰੂ 'ਚ ਭਾਜਪਾ ਵੱਲੋਂ ਪਾਣੀ ਮਾਫੀਏ ਖ਼ਿਲਾਫ ਮਹਾਰਾਸ਼ਟਰਾਂ ਵਿਉਂਤੁਬੱਧ ਆਪਰਾਧ ਰੋਕੂ ਕਾਨੂੰਨ (ਮਕੋਕਾ) ਅਧੀਨ ਕਾਰਵਾਈ ਕਰਨ ਦੀ ਮੰਗ ਕੀਤੀ ਗਈ,10ਮਈ ਨੂੰ ਮੁੰਬਈ ਦੇ ਦਿੳਨਾਰ ਇਲਾਕੇ 'ਚ ਅਤੀਖઠਖਾਂ, ਰਫੀਕ ਖਾਂ ਅਤੇ ਜਾਵੇਦ ਤਿੰਨ ਰੈਗ ਪਿਕਰਾਂ ਖਿਲਾਫ਼ ਕੂੜਾ ਸੁੱਟਣ ਵਾਲੀ ਜਗ੍ਹਾ 'ਤੇ ਅੱਗ ਲਾਉਣ ਦੇ ਮੁਜ਼ਰਮ ਵਿੱਚ ਮਕੋਕਾ ਅਧੀਨ ਮਕੱਦਮਾ ਦਰਜ਼ ਕੀਤਾ ਗਿਆ ਉੱਥੇ 2008 'ਚ ਮਾਲੇਗਾਉਂ ਧਮਾਕਿਆਂ(ਮਕੋਕਾ ਸਪੈਸ਼ਲ ਕੇਸ ਨੰ 1 2009) ਦੇ ਮੁਜਰਮਾਂ ਦੇ ਮਾਮਲੇ 'ਚ ਐਨ. ਆਈ.ਏ. ਵੱਲੋਂ 'ਅਭਿਨਵ ਭਾਰਤ' ਨਾਂ ਦੀ ਭਗਵੀਂ ਜਥੇਬੰਦੀ ਨਾਲ ਸਬੰਧੰਤ ਸਾਧਵੀ ਪਰਾਗਿਆ ਸਮੇਤ ਪੰਜਾਂ ਮੁਜਰਮਾਂ ਖਿਲਾਫ਼ ਮਕੋਕਾ ਤਹਿਤ ਆਇਤ ਦੋਸ਼ਾਂ ਨੂੰ ਵਾਪਸ ਲੈ ਲੈਣ ਦੀ ਵੱਡੀ ਕਹਾਣੀ ਸਾਹਮਣੇ ਆਈ ਹੈ। 29 ਸਤੰਬਰ, 2009 ਨੂੰ ਰਮਜਾਨ ਸਮੇਂ ਹੋਏ ਮਾਲੇਗਾਉਂ ਧਮਾਕਿਆਂ ਵਿੱਚ ਸੰਪਤੀ ਦੀ ਵੱਡੀ ਤਬਾਹੀ ਦੇ ਨਾਲ ਨਾਲ 7 ਵਿਅਕਤੀ ਮਾਰੇ ਗਏ ਸਨ ਅਤੇ 101 ਲੋਕ ਜ਼ਖ਼ਮੀ ਹੋ ਗਏ ਸਨ ਜਿਹੜੇ ਸਾਰੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਨ। ਇਹ ਧਮਾਕੇઠ ਐਲ.ਐਮ.ਐਲ. ਫਰੀਡਮ ਮੋਟਰਸਾਈਕਲ ਨੰ.$8-15-੍ਵ-4572 ਵਿੱਚ ਫਿੱਟ ਕੀਤੀ ਧਮਾਕਾਖੇਜ਼ ਸਮੱਗਰੀ ਰਾਹੀਂ ਕੀਤੇ ਗਏ। ਤਫਤੀਸ਼ ਰਾਹੀਂ ਵਰਤਿਆ ਗਿਆ ਮੋਟਰਸਾਈਕਲ ਮੁਜਰਮ ਨੰ. 1 ਪਰੱਗਿਆਸਿੰਘ ਚੰਦਰਾਪਾਲ ਸਿੰਘ ਉਰਫ਼ ਸਵਾਮੀ ਪੂਰਨਾਚੰਦ ਗਿਰੀ ਦਾ ਅਤੇ ਧਮਾਕੇ ਭਗੌੜੇ ਮੁਜਰਮਾਂ ਅਤੇ ਹੋਰਾਂ ਵੱਲੋਂ ਕੀਤੇ ਜਾਣਾ ਸਿੱਧ ਹੋਣ ਤੋਂ ਬਾਅਦ 3 ਭਗੌੜਿਆਂ ਸਮੇਤ 14 ਮੁਜਰਮਾਂ ਖਿਲਾਫ਼ ਏ.ਟੀ.ਐਸ. ਵੱਲੋਂ ਐਫ.ਆਈ.ਆਰ. ਦਰਜ਼ ਕੀਤੀ ਗਈ। ਫੋਨ ਰਾਹੀ ਟੈਪ ਕੀਤੀਆਂ ਗੱਲਾਂਬਾਤਾਂ ਤੋਂ ਸਾਜਿਸ਼ ਦਾ ਪਤਾ ਲੱਗਿਆ ਅਤੇ ਚਾਰਜਸੀਟ ਨੇ ਧਮਾਕਿਆਂ ਦੀ ਸਾਜਿਸ਼ ਰੱਚਣ ਅਤੇ ਲਾਗੂ ਕਰਨ ਸਬੰਧੀ ਮੀਟਿੰਗ ਦੇ ਵੇਰਵਿਆਂ ਅਤੇ ਤਰੀਕਾਂ ਨੂੰ ਸਾਹਮਣੇ ਲਿਆਂਦਾ।ਈਪੀਡਬਲਯੂ ਰਸਾਲੇ ਦੀ ਸਾਈਟ 'ਤੇ ਛਪੀ ਚਾਰਜਸੀਟ ਦਰਸਾਉਂਦੀ ਹੈ ਕਿ 'ਅਭਿਨਵ ਭਾਰਤ' ਦਾ ਪੱਕਾ ਮੁੱਢਲਾ ਮੈਂਬਰ ਰਾਕੇਸ਼ ਧਾਵੜੇ 2003 ਤੋਂ ਧਮਾਕੇ ਕਰਨ ਵਿੱਚ ਸ਼ਾਮਲ ਸੀ ਅਤੇ ਚਾਰਜਸੀਟ ਵਿੱਚ ਉਸ 'ਤੇ ਦੋ ਚਲਦੇ ਮੁਕੱਦਮਿਆਂ ਦੇ ਵੇਰਵੇ ਵੀ ਦਿੱਤੇઠ ਗਏ। ਕਰਨਲ ਪੁਰੋਹਿਤ ਕੋਲੋਂ ਧਮਾਕਾਖੇਜ਼ ਬਰਾਮਦ ਹੋਏ। ਦਹਿਸ਼ਤਗਰਦੀ ਵਿਰੋਧੀ ਸੁਕਐਡ(ਏਟੀਐਸ) ਨੇ ਮਕੋਕਾ, ਫੌਜਦਾਰੀ ਕਾਨੂੰਨ, ਆਰਮਜ਼ ਐਕਟ, ਧਮਾਕਾਖੇਜ ਸਮੱਗਰੀ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਸੀ।ਐਨ.ਆਈ.ਏ. ਨੇ ਏਟੀਐਸ ਦੇ ਢੰਗ ਤਰੀਕਿਆਂ ਨੂੰ ਸ਼ੱਕੀ ਅਤੇ ਸਵਾਲੀਆ ਗਰਦਾਨਦੇ ਹੋਏ 2011 ਵਿੱਚ ਤਫਤੀਸ਼ ਆਪਣੇ ਹੱਥ ਲੈ ਲਈ ਅਤੇ 13 ਮਈ 2016 ਨੂੰ ਚਲਾਣ ਪੇਸ਼ ਕੀਤਾ ਅਤੇ ਪੰਜ ਮੁਲਜ਼ਮਾਂ ਨੂੰ ਮੁਕਤ ਕਰ ਦਿੱਤਾ ਅਤੇ ਮਕੋਕਾ ਅਧੀਨ ਦੋਸ਼ ਮੁਕਤ ਕਰਨ ਦਾ ਆਧਾਰ ਇਹ ਬਣਾਇਆ ਗਿਆ ਕਿ ਰਾਕੇਸ਼ ਧਾਵੜੇ ਵਿਰੁੱਧ ਦੋ ਮੁਕੱਦਮਿਆਂ 'ਚ ਦੋਸ਼ਾਂ 'ਤੇ ਇਸ ਲਈ ਸਵਾਲੀਆ ਚਿੰਨ ਲੱਗ ਗਿਆ ਹੈ ਕਿਉਂਕਿ ਇਹ ਦੋਸ਼ ਮੌਜੂਦਾ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਵਿੱਚ ਲਾਏ ਗਏ ਹਨ।ઠ ઠਮਕੋਕਾ ਹਟਾਉਣ ਨਾਲ ਡੀਸੀਪੀ ਦੁਆਰਾ ਰਿਕਾਰਡ ਕੀਤਾ ਇਕਬਾਲੀਆ ਬਿਆਨ ਅਦਾਲਤ ਵਿੱਚ ਦਖ਼ਲਯੋਗ ਨਹੀ ਰਿਹਾ ਜਿਵੇਂ ਕਿ ਮਕੋਕਾ ਤਹਿਤ ਹੋਣਾ ਸੀ। ਇਉਂ ਸਾਜਿਸ਼ ਦੇ ਵੇਰਵੇ ਦੱਸਣ ਵਾਲੇ ਦਾ ਬਿਆਨ ਵੀ ઠਛੱਡਣਾ ਪਵੇਗਾ। ਐਨ.ਆਈ.ਏ. ਨੇ ਕਿਹਾ ਕਿ ਤਸੀਹਿਆ ਨਾਲ ਪ੍ਰਾਪਤ ਕੀਤੇ ਇਕਬਾਲੀਆ ਬਿਆਨ ਤੋਂ ਮੁਕਰਨ ਤੋਂ ਬਾਅਦ ਉਹਨਾਂ ਦੀ ਸਬੂਤਾ ਵਜੋਂ ਕੋਈ ਕੀਮਤ ਨਹੀਂ ਰਹੀ। ਐਨ.ਆਈ.ਏ. ਦੀਆਂ ਦਲੀਲਾਂ ਸਵਾਗਤਯੋਗ ਹੁੰਦੀਆਂ ਜੇਕਰ ਇਹਨਾਂ ਨੂੰ ਇਕਸਾਰ ਲਾਗੂ ਕੀਤਾ ਜਾਵੇ। ਸਬੂਤ ਅਤੇ ਇਕਬਾਲੀਆ ਬਿਆਨ ਜਿਹਨਾਂ ਨੂੰ ਮੁਜਰਮਾਂ ਨੂੰ ਸਜ਼ਾਵਾਂ ਦੇਣ ਲਈ ਵਰਤਿਆ ਜਾਂਦਾ ਹੈ, ਹਾਸਲ ਕਰਨ ਲਈ ਤਸੀਹਿਆਂ ਦੀ ਵਰਤੋਂ ਕਰਨਾ ਆਮ ਵਰਤਾਰਾ ਹੈ ਜਿਹੜਾ ਹੋਰ ਮਾਮਲਿਆਂ 'ਚ ਤਸੀਹਿਆਂ ਦੇ ਪੁਖਤਾ ਸਬੂਤਾਂ ਦੇ ਹੁੰਦੇ ਹੋਏ ਵੀ ਮੁਜਰਮਾਂ ਦੇ ਮਨੁੱਖੀ ਅਧਿਕਾਰਾਂ ਲਈ ਚਿੰਤਾ ਦਾ ਵਿਸ਼ਾ ਨਾ ਤਾਂ ਕਦੇ ਤਫਤੀਸ਼ੀ ਏਜੰਸੀਆਂ ਦਾ ਬਣਿਆ ਹੈ ਅਤੇ ਨਾ ਹੀ ਕਦੇ ਨਿਆਂਇਕ ਪ੍ਰਬੰਧ ਦਾ।ਸਾਧਵੀ ਦਾ ਇਹ ਬਿਆਨ ਕਿ 'ਭਾਵੇਂ ਮੋਟਰਸਾਈਕਲ ਉਸਦਾ ਹੈ ਪਰ ਉਸਨੇ ਵਰਤਿਆਂ ਨਹੀਂ' ਨੂੰ ਆਧਾਰ ਬਣਾ ਕੇઠ ਅਤੇ ਹੋਰ ਗਵਾਹਾਂ ਦੇ ਮੁਕਰ ਜਾਣ ਕਰਕੇ ਸਾਧਵੀ ਨੂੰੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ। ਤਫਤੀਸ਼ੀ ਏਜੰਸੀ ਦਾ ਮੁਲਜ਼ਮ ਦੇ ਬਿਆਨ 'ਤੇ ਇੱਥੋਂ ਤੱਕ ਭਰੋਸਾ ਕਰਨ ਦੀ ਸੰਵੇਦਨਸ਼ੀਲਤਾ ਇਸ ਤੋਂ ਪਹਿਲਾਂ ਕਦੇ ਕਿਸੇ ਅਦਾਲਤੀ ਫ਼ੈਸਲੇ 'ਚ ਨਜ਼ਰ ਨਹੀਂ ਆਈ। ਚਲਾਣ 'ਚ ઠਦਾਅਵਾ ਕੀਤਾ ਗਿਆ ਹੈ ਕਿ ਘਟਨਾ 29 ਸਤੰਬਰ 2008 ਨੂੰ ਹੋਈ ਅਤੇ ਐਨ.ਆਈ. ਏ ਕੋਲ ਤਫਤੀਸ਼ ਲਈ 13 ਅਪ੍ਰੈਲ 2011 ਨੂੰ ਆਇਆ। ਇਸ ਨਾਲ ਹਾਲਾਤ ਇਹ ਬਣ ਗਏ ਕਿ ਅਪਰਾਧ ਵਾਲੀ ਥਾਂ ਤੋਂ ਹੋਰ ਸਬੂਤ ਇਕੱਠੇ ਨਹੀਂ ਕੀਤੇ ਜਾ ਸਕਦੇ ਅਤੇ ਪਹਿਲੀ ਤਫ਼ਤੀਸੀ ਏਜੰਸੀ ਦੁਆਰਾ ਇਕੱਠੇ ਕੀਤੇ ਸਬੂਤਾਂ ਦੀ ਪੁਖਤਾ ਬਹਾਲ ਨਹੀਂ ਰੱਖੀ ਜਾ ਸਕਦੀ। ਇਸ ਲਈ ਏ.ਟੀ.ਐਸ. ਦਆਰਾ ਇਕੱਠੇ ਕੀਤੇ ਸਬੂਤਾਂ ਨੂੰ ਘੋਖਣ ਲਈ ਐਨ.ਆਈ.ਏ. ਜੁਡੀਸ਼ਰੀ ਦਾ ਰੋਲ ਅਦਾ ਕਰਨ ਲੱਗ ਪਈ। ઠਐਨ.ਆਈ.ਏ. ਜਿੱਥੇ ਇਸ ਮਾਮਲੇ 'ਚ ਏ.ਟੀ.ਐਸ. ਦੁਆਰਾ ਇਕੱਠੇ ਕੀਤੇ ਸਬੂਤਾਂ ਨੂੰ ਸ਼ੱਕੀ ਦੱਸ ਕੇ ਮੁਜਰਮਾਂ ਦੀ ਰਿਹਾਈ ਅਤੇ ਦੋਸ਼ਾਂ ਨੂੰ ਪਤਲੇ ਕਰਨ ਦੀ ਪਹੁੰਚ ਅਖ਼ਤਿਆਰ ਕਰ ਲਈ ਹੈ ਉੱਥੇઠ ਇਸ ਨੇ 2006 ਮਾਲੇਗਾਉਂ ਧਮਾਕਿਆਂ ਵਿੱਚ ਏ.ਟੀ.ਐਸ. ਵੱਲੋਂ ਇਹਦੀ ਆਪਣੀ ਚਾਰਜਸੀਟ ਦੇ ਉਲਟ ઠਮੁਜਰਮਾਂ ਨੂੰ ਬਰੀ ਕਰਨ ਅਤੇ ਉਲਟਾ ਹਿੰਦੂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ਅਦਾਲਤ 'ਚ ਵਿਰੋਧੀ ਪਹੁੰਚ ਅਖ਼ਤਿਆਰ ਕੀਤੀ ਸੀ।8 ਅਪ੍ਰੈਲ 2014 (ਲੋਕ ਸਭਾ ਚੋਣਾ ਤੋਂ ਇੱਕ ਮਹੀਨਾ ਪਹਿਲਾਂ) ਦੀ ਪਹੁੰਚ ਦੇ ਉਲਟ 13 ਅਪ੍ਰੈਲ 2016 ਨੂੰ ਮੁਲਜ਼ਮਾਂ ਵੱਲੋਂ ਦੋਸ਼ ਰੱਦ ਕਰਨ ਦੀ ਅਰਜ਼ੀ 'ਤੇ ਦਲੀਲ ਦਿੰਦਿਆਂ ਐਨ ਆਈ ਏ ਦੇ ਵਕੀਲ ਪ੍ਰਕਾਸ਼ ਸੈਟੀ ਨੇ ਅਦਾਲਤ ਨੂੰ ਦੱਸਿਆ ਕਿ 3 ਆਜ਼ਾਦ ਏਜੰਸੀਆਂ ਨੇ ਮਾਮਲੇ ਦੀ ਤਫ਼ਤੀਸ਼ ਕੀਤੀ ਹੈ।ਸੂਬੇ ਦੀ ਏ.ਟੀ.ਐਸ. ਅਤੇ ਸੀ.ਬੀ.ਆਈ. ਨੇ ਇੱਕ ਗਰੁੱਪ ਦਾ ਮੁਜਰਮ ਟਿੱਕਿਆ ਹੈ । ਪਰ ਕੀ ਪਹਿਲੀਆਂ ਏਜੰਸੀਆਂ ਦੁਆਰਾ ਮੁਜਰਮ ਟਿੱਕੇ ਮੁਲਜ਼ਮਾਂ ਨੂੰ ਮੁੱਕਤ ਕੀਤਾ ਜਾ ਸਕਦਾ ਹੈ? ਇੰਝ ਨਹੀਂ ਕੀਤਾ ਜਾ ਸਕਦਾ। ਇਹ ਅਦਾਲਤ ਤਹਿ ਕਰੇਗੀ ਕਿ ਕਿਹੜੇ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਮੁਲਜ਼ਮਾਂ ਖਿਲਾਫ਼ ਕਿਹੜੇ ਸਬੂਤ ਹਨ। ਇਸ ਮੌਕੇ ਦੋਸ਼ ਮੁਕਤ ਕਰਨ ਦੀ ਆਗਿਆ ਨਹੀਂ ਦਿੱਤੀ ਜਾઠ ਸਕਦੀ।ਮੁੰਬਈ ਨੇ 1992 ਦੰਗਿਆਂ ਤੋਂ ਕਾਰਜਕਾਰਨੀ ਖ਼ਾਸ ਤੌਰ 'ਤੇ ਪੁਲੀਸ ਦਾ ਫਿਰਕੂ ਕਰਨ ਵੇਖਿਆ ਹੈ ਅਤੇ ਪੁਲੀਸ ਤੇ ਹਿੰਦੂਤਵੀ ਤੱਤਾਂ ਵਿਚਕਾਰ ਗੱਠਜੋੜ ਨੂੰ ਸ੍ਰੀ ਕ੍ਰਿਸ਼ਨਾ ਕਮਿਸ਼ਨ ਨੇ ਵੀ ਰਿਕਾਰਡ ਕੀਤਾ ਹੈ। ઠਐਨ.ਆਈ.ਏ. ਦੀ ਵਕੀਲ ਰੋਹਿਨੀ ਸਾਲਿਆਨ ਦੀ ਜੂਨ 2015 ਦੀ ਇੰਟਰਵਿਊ ਦੇ ਮੱਦੇ ਨਜ਼ਰ ਇਹ ਉਲਟਬਾਜ਼ੀ ਹੈਰਾਨੀਜਨਕ ਨਹੀਂ ਹੈ। ਉਸ ਇੰਟਰਵਿਊ 'ਚ ਉਸਨੇ ਇਸ ਮਾਮਲੇ 'ਚ ਸਾਧਵੀ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਨਰਮ ਰੁੱਖ ਬਣਾਉਣ ਲਈ ਐਨ.ਆਈ.ਏ. ਵੱਲੋਂ ਉਸ ਉੱਪਰ ਪਾਏ ਜਾ ਰਹੇ ਦਬਾਅ ਦਾ ਦੋਸ਼ ਲਾਇਆ ਸੀ।ਦੋਸ਼ ਮੁਕਤ ਕਰ ਦੇਣ ਦੀ ਤਾਜ਼ਾ ਦਰਖ਼ਾਸਤ ਏ.ਟੀ.ਐਸ. ਦੇ ਸਵਰਗੀ ਮੁਖੀ ਹੇਮੰਤ ਕਰਕਰੇ ਵੱਲ ਨਿਸ਼ਾਨਾ ਬਣਾਉਂਦੀ ਹੈ। ਹੇਮੰਤ ਕਰਕਰੇ ਨੇ ਹੀ ਮਾਲੇਗਾਉਂ ਦੇ ਦੋਵੇਂ ਧਮਾਕਿਆਂ 'ਚ ਹਿੰਦੂਤਵੀ ਤੱਤਾਂ ਦੀ ਭਾਗੀਦਾਰੀ ਨੂੰ ਨੰਗਾ ਕਰਕੇ ਹਿੰਦੂਤਵ ਦਹਿਸ਼ਤਗਰਦੀ ਦਾ ਪਰਦਾਚਾਕ ਕੀਤਾ ਸੀ।ਸੀਡੀਆਰੳ ਜਿੱਥੇ ਇਸਨੂੰ ਇੱਕ ਜਾਬਰ ਕਾਨੂੰਨ ਸਮਝਦੀ ਹੈ ਜਿਸਨੂੰ ਸੰਵਿਧਾਨ ਚੋਂ ਹਟਾਏ ਜਾਣ ਦੀ ਜ਼ਰੂਰਤ ਹੈ, ਉੱਥੇ ਇਹ ਸਮਝਦੀ ਹੈ ਮੁਸਲਮਾਨਾਂ ਨੂੰ ਮਾਰਨ 'ਚ ਸ਼ਾਮਲ ਲੋਕਾਂ ਖਿਲਾਫ਼ ਦੋਸ਼ ਰੱਦ ਕਰਕੇ ਐਨ.ਆਈ.ਏ. ਨੇ ਸੰਵਿਧਾਨਕ ਅਤੇ ਨੈਤਿਕ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਨੂੰ ਤਿਆਗ ਦਿੱਤਾ ਹੈ। ਧਾਰਾ 2 ਈ 'ਤੇ ਸਰਸਰੀ ਨਿਗਾਹ ਮਾਰਿਆਂ ਪਤਾ ਲੱਗਦਾ ਹੈ ਕਿ ਕਿਸੇ ਵੀ ਵਿਅਕਤੀ ਦੁਆਰਾ ਇਕੱਲੇ ਜਾਂ ਰਲ ਕੇ, ਇੱਕ ਜਥੇਬੰਦਕ ਅਪਰਾਧੀ ਗੁੱਟ ਦੇ ਮੈਂਬਰ ਵਜੋਂ ਜਾਂ ਅਜਿਹੇ ਗੁੱਟ ਵੱਲੋਂ ਹਿੰਸਾ ਦੀ ਵਰਤੋਂ ਕਰਕੇ ਜਾਂ ਹਿੰਸਾ ਦੀ ਧਮਕੀ ਜਾਂ ਧੌਂਸ ਜਾਂ ਜਬਰੀ, ਜਾਂ ਕਿਸੇ ਗੈਰਕਾਨੂੰਨੀ ਢੰਗ ਨਾਲ ਬੌਧਿਕ ਫਾਇਦੇ ਦੇ ਮਕਸਦ ਲਈ, ਜਾਂ ਅਣਉਚਿੱਤ ਆਰਥਿਕ ਜਾਂ ਆਪਣੇ ਜਾਂ ਕਿਸੇ ਹੋਰ ਦੇઠ ਲਈ ਹੋਰ ਫਾਇਦੇ ਲੈਣ ਜਾਂ ਖ਼ਾਨਾਜੰਗੀ ਨੂੰ ਉਤਸ਼ਾਹਤ ਕਰਨ ਲਈ ਜਾਰੀ ਰੱਖੀ ਜਾ ਰਹੀ ਗੈਰ ਕਾਨੂੰਨੀ ਗਤੀਵਿਧੀ 'ਤੇ ਇਹ ਕਾਨੂੰਨ ਲਾਗੂ ਹੁੰਦਾ ਹੈ। ઠਮਕੋਕਾ ਐਕਟ ਦੀ ਧਾਰਾ 2(1)(ਈ) ਦੀ ਸੰਵਿਧਾਨਿਕ ਵਾਜਬੀਅਤ ਨੂੰ ਮਾਲੇਗਾਉਂ, ਔਰੰਗਾਬਾਦ ਅਤੇ ਮੁੰਬਈ ਟਰੇਨ ਧਮਾਕਿਆਂ ਦੇ ਮੁਜ਼ਰਮੀ ਮੁਸਲਮਾਨਾਂ ਨੇ ਐਹਮਦ ਲਤੀਫਉਰ ਰਹਿਮਾਨ ਬਨਾਮ ਮਹਾਰਾਸ਼ਟਰਾ ਸਰਕਾਰ ਮਾਮਲੇ 'ਚ ਦਿੱਤੀ ਚਣੌਤੀ ਨੂੰ ਸੁਪਰੀਮ ਕੋਰਟ ਨੇ ਨਕਾਰ ਦਿੱਤਾ ਸੀ। ઠਸੁਪਰੀਮ ਕੋਰਟ ਨੇ ਖਾਨਾਜੰਗੀ ਨੂੰ ਇਉਂ ਪਰਿਭਾਸ਼ਤ ਕੀਤਾ ਕਿ ਕਿਸੇ ਵੀ ਕਿਸਮ ਦੀ ਅੰਦਰੂਨੀ ਗੜਬੜ੍ਹ ਜਿਹੜੀ ਲੋਕਾਂ ਦੇ ਜਾਨਮਾਲ ਨੂੰ ਗੰਭੀਰ ਖਤਰਾ ਬਣੇ, ਦਹਿਸ਼ਤ ਦੇ ਹਾਲਾਤ ਪੈਦਾ ਕਰੇ ਅਤੇ ਰਾਜ ਦੀ ਵਿਕਾਸ ਅਤੇ ਆਰਥਿਕ ਖੁਸ਼ਹਾਲੀ 'ਚ ਰੋਕઠ ਬਣੇ। ਇਸ ਮਾਮਲੇ ਵਿੱਚ ਮਕੋਕਾ ਦੇ ਲਾਗੂ ਕੀਤੇ ਜਾਣ ਦਾ ਸਵਾਲ 'ਤੇ 31 ਜੁਲਾਈ 2009 ਵਿੱਚ ઠਮਕੋਕਾ ਐਕਟ ਹੇਠ ਸਜ਼ਾਯੋਗ ਮੁਜਰਮਾਂ ਦੇ ਬਰੀ ਕੀਤੇ ਜਾਣ ਵਾਲੀ ਸੁਣਵਾਈ ਅਦਾਲਤ ਦੇ 31 ਜੁਲਾਈ 2009 ਦੇ ઠਫੈਸਲੇ ਤੋਂ ਪ੍ਰਸ਼ਨਚਿੰਨ ਲੱਗਿਆ ਹੋਇਆ ਹੈ। ਟਰੈਲ ਕੋਰਟ ਦਾ ਫੈਸਲਾ ਬੰਬੇ ਹਾਈਕੋਰਟ ਨੇ 2010 ਵਿੱਚ ਇਸ ਆਧਾਰ 'ਤੇ ਖਾਰਜ ਕਰ ਦਿੱਤਾ ਗਿਆ ઠਕਿ ਜੁਰਮ ਨੂੰ ਧਿਆਨ 'ਚ ਰੱਖਿਆ ਗਿਆ ਹੈ ਨਾ ਕਿ ਮੁਜ਼ਰਮੀ ਨੂੰ ਅਤੇ ਮਕੋਕਾ ਦੇ ਲਾਗੂ ਕੀਤਾ ਜਾਣ ਨੂੰ ਚਣੌਤੀ ਇਸ ਆਧਾਰ 'ਤੇ ਨਹੀਂ ਦਿੱਤੀ ਜਾ ਸਕਦੀ ਕਿ ਉਸਨੂੰ ਚੱਲਦੇ ਮਾਮਲੇ 'ਚ ਪੂਰਕ ਚਲਾਨ ਰਾਹੀਂ ਮੁਜਰਮ ਨਾਮਜਦ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ 15 ਅਪ੍ਰੈਲ 2015 ਦੇ ਫੈਸਲੇ ਨਾਲ ਇਸ ਮਕੱਦਮੇ 'ਚ ਮਕੋਕਾ ਦੇ ਲਾਗੂ ਕੀਤੇ ਜਾਣ ਨੂੰ ਇਸ ਆਧਾਰ 'ਤੇ ਵਾਜਬ ਠਹਿਰਾਇਆ ਕਿ ਉਪਰਲੇ ਤੱਥਾਂ ਦੀ ਬਰੀਕੀ ਨਾਲ ਜਾਂਚ ਤੋਂ ਸਿੱਟਾ ਨਿਕਲਦਾ ਹੈ ਕਿ ਜਿਥੋਂ ਤੱਕ ਮੁਜਰਮੀ ਨੰ. 7 ਦਾ ਸਬੰਧ ਹੈ, ਉਸਦਾ ਇੱਕ ਜਥੇਬੰਦ ਆਪਰਾਧੀ ਗੁੱਟ ਦੇ ਮੈਂਬਰ ਨਾਲ ਗੱਠਜੋੜ ਹੈ ਅਤੇ ਪਾਰਬਾਨੀ ਤੇ ਜਲਾਨਾ ਨਾਮੀ ਦੋ ਪਹਿਲੇ ਮਕੱਦਮਿਆਂ ਅਤੇ ਮਾਲੇਗਾਉਂ ਦੇ ਤਾਜ਼ਾ ਬੰਬ ਧਮਾਕੇ ਵਿੱਚ ਸਿੱਧੀ ਭਾਗੀਦਾਰੀ ਕਰਕੇ ઠਜਥੇਬੰਦਕ ਆਪਰਾਧ ਦੇ ਜੁਰਮ ਨਾਲ ਹਰ ਕਿਸਮ ਦਾ ਗੱਠਜੋੜ ਵੀ ਹੈ।ਅਜਿਹੇ ਹਾਲਾਤਾਂ 'ਚ  ਜਿਥੋਂ ਤੱਕ ਮੁਜਰਮ ਨੰ. 7 ਦਾ ਤਾਲੁਕ ਹੈ ਇਹ ਸਿੱਟਾ ਕੱਢਣ ਵਿੱਚ ਕੋਈ ਦਿੱਕਤ ਨਹੀਂ ਕਿ ਪਾਰਬਾਨੀ, ਜਲਾਨਾ ਅਤੇ ਮਾਲੇਗਾਉਂ ਨਾਮੀ ਸਾਰੇ ਤਿੰਨੇ ਘਟਨਾਵਾਂ ਨਾਲ ਜੁੜੀਆਂ ਉਸਦੀਆਂ ਗਤੀਵਿਧੀਆਂ ਅਤੇ ਸਮੂਲੀਅਤ ਜੁਰਮ ਨਾਲ ਅਤੇ ਜੁਰਮ ਵਿੱਚ ਸਾਮਲ ਦੂਜੇ ਮੁਜ਼ਰਮਾਂ ਨਾਲ ਗੱਠਜੋੜ ਨੰਗਾ ਕਰਦੀ ਹੈ ਅਤੇ ਇਸ ਕਰਕੇ ਇੱਕ ਜਥੇਬੰਦ ਆਪਰਾਧੀ ਗੁੱਟ ਦੀ ਤਰਫ਼ੋਂ ਇੱਕ ਜਥੇਬੰਦ ਅਪਰਾਧ ਲਈ ਗੈਰਕਾਨੂੰਨੀ ਗਤੀਵਿਧੀ ਜਾਰੀ ਰੱਖਣ ਦੀ ਸੰਤੋਸ਼ਜਨਕ ਪਰਿਭਾਸ਼ਾ ਤਸੱਲੀ ਨਾਲ ਸਾਬਤ ઠਹੋ ਗਈ ਹੈ।ਐਨ.ਆਈ. ਏ. ਦੇ ਕਦਮ ਸਵਾਗਤਯੋਗ ਹੁੰਦੇ ਜੇ ਮੁਜਰਮਾਂ ਦੇ ਹੱਕਾਂ ਅਤੇ ਸਚਾਈ ਦੇ ਸਰੋਕਾਰ ਇਕਸਾਰ ਹੁੰਦੇ। ਪਰ ਵੱਖ ਵੱਖ ਮਾਮਲਿਆਂ ਲਈ ਸਬੂਤਾਂ ਦੇ ਅਲੱਗ ਅਲੱਗ ਮਿਆਰਾਂ ਦੀ ਇਹ ਚੋਣਵੀਂ ਵਰਤੋਂ ਅਤੇ ਹਿੰਦੂਤਵੀ ਦਹਿਸ਼ਤ ਲਈ ਨਿਯਮਾਂ ਦਾ ਤੋੜਨਾ ਮਰੋੜਨਾ ਅਤੇ ਪਰ ਘੱਟ ਗਿਣਤੀਆਂ ਨਾਲ ਸਬੰਧਤ ਅਤੇ ਦੇਸ਼ ਧ੍ਰੋਹੀਆਂ ਵਜੋਂ ਟਿੱਕੇ ਜਾਂਦੇઠ ਮੁਜ਼ਰਮਾਂ ਦੇ ਹੱਕਾਂ ਦੇ ਮਾਮਲੇ 'ਚ ਲੋਕਾਂ ਦੀਆਂ ਸਮੂਹਕ ਭਾਵਨਾਵਾਂ ਦੇ ਸਬੂਤਾਂ ਦੇ ਮਿਆਰਾਂ ਦਾ ਇਸਤੇਮਾਲ ਕਾਨੂੰਨ ਦਾ ਰਾਜ ਲਾਗੂ ਕਰਨ ਵਾਲੀਆਂ ਸਟੇਟ ਏਜੰਸੀਆਂ ਅਤੇ ਹਿੰਦੂਤਵੀ ਸ਼ਕਤੀਆਂ ਦੇ ਗੱਠਜੋੜ ਨੂੰ ઠਨੰਗੇ ਕਰਦਾ ਹੈ। ઠਇਹ ਸੰਵਿਧਾਨ ਵਿੱਚ ਦਰਜ ਕੇਵਲ ਕਾਨੂੰਨ ਅੱਗੇ ਬਰਾਬਰੀ ਅਤੇ ਬਰਾਬਰ ਸੁਰੱਖਿਆ ਦੇ ਹੱਕ ਨੂੰ ਹੀ ਨਹੀਂ ਪ੍ਰੰਤੂ ਇਨਸਾਫ਼ ਪ੍ਰਾਪਤੀ ਦੇ ਜਮਹੂਰੀ ਹੱਕ ਨੂੰ ਵੀ ਕਮਜ਼ੋਰ ਨਹੀਂ ਕਰਦਾ ਹੈ। ਐਨ.ਆਈ.ਏ. ਦੀਆਂ ਕਾਰਵਾਈਆਂ ਕੇਵਲ ਮਕੰਮਲ ਬਰਾਬਰੀ ਦੇ ਸਮਾਜ ਦੀ ਸਿਰਜਣਾ ਵਿੱਚ ਰੁਕਾਵਟ ਹੀ ਨਹੀਂ ਕਿ ਉਹਨਾਂ ਨੂੰ ਕਾਨੂੰਨ ਤੋਂ ਉਪਰ ਰੱਖਣ ਦਾ ਧਤਨ ਹੈ ਜਿਹੜੇ ઠਇਤਿਹਾਸ ਨੂੰ ਤੋੜਨ ਮਰੋੜਨ ਅਤੇ ਦਵਾਰਾ ਲਿਖਣ ਦੇ ਦਾਅਵੇਦਾਰ ਵੀ ਹਨ।ਜਾਰੀ ਕਰਤਾ: ਸੀ. ਚੰਦਰਾਸ਼ੇਖਰ (ਸੀਐਲਸੀ, ਆਂਧਰਾ ਪ੍ਰਦੇਸ਼), ਅਸੀਸ਼ ਗੁਪਤਾ (ਪੀਯੂਡੀਆਰ ਦਿੱਲੀ), ਪ੍ਰਿਤਪਾਲ ਸਿੰਘ (ਏਐਫਡੀਆਰ, ਪੰਜਾਬ), ਫੂਲੈਂਦਰੋ ਕੁਨਸਮ(ਕੋਹਰ, ਮਨੀਪੁਰ) ਅਤੇ ਤਪਸ ਚੱਕਰਾਵਰਤੀ (ਏਪੀਡੀਆਰ, ਪੱਛਮੀ ਬੰਗਾਲ) (ਸੀਡੀਆਰਓ ਦੇ ਕੋਆਰਡੀਨੇਟਰ), ਸਾਮਲ ਜਥੇਬੰਦੀਆਂ ਏਐਫਡੀਆਰ ਪੰਜਾਬ; ਏਪੀਡੀਆਰ ਪੱਛਮੀ ਬੰਗਾਲ, ਬੀਐਮਸੀ ਪੱਛਮੀ ਬੰਗਾਲ, ਸੀਪੀਡੀਐਮ ਦਿੱਲੀ, ਸੀਐਲਸੀ ਆਂਧਰਾ ਪ੍ਰਦੇਸ਼, ਸੀਐਲਸੀ ਤਿਲੰਗਾਨਾ, ਸੀਪੀਡੀਆਰ ਮੁੰਬਈ, ਕੋਹਰ ਮਨੀਪੁਰ, ਐਚਆਰਐਫ ਆਂਧਰਾ, ਜਮਹੂਰੀ ਹੱਕਾਂ ਲਈ ਕੌਂਸਲ ਝਾਰਖੰਡ, ਝਾਰਖੰਡ ਮਾਨਵ ਅਧਿਕਾਰ ਸੰਮਿਤੀ, ਮਾਸ ਆਸਾਮ, ਐਟਪੀਐਮਐਚਆਰ ਨਾਗਾਲੈਂਡ, ਓਪੀਡੀਆਰ ਆਂਧਰਾ ਪ੍ਰਦੇਸ਼, ਪੀਸੀਐਚਆਰ ਜੰਮੂ ਕਸ਼ਮੀਰ, ਪੀਡੀਐਫ ਕਰਨਾਟਕਾ, ਪੀਯੂਡੀਆਰ ਦਿੱਲੀ, ਪੀਯੂਸੀਆਰ ਹਰਿਆਣਾ, ਸੀਪੀਡੀਆਰ ਤਾਮਿਲਨਾਡੂ