ਪਿੰਡ ਮਾਨ੍ਹਾਂ ਜਿ਼ਲ੍ਹਾ ਸੰਗਰੂਰ ਦੇ ਦਲਿਤ ਮਜ਼ਦੂਰਾਂ ਦੀ ਹਿਰਾਸਤ ਅਤੇ ਕੁੱਟਮਾਰ ਸੰਬੰਧੀ ਜਾਂਚ ਰਿਪੋਰਟ
ਅਪਰੈਲ ਦੇ ਤੀਜੇ ਹਫਤੇ ਅਖਬਾਰਾਂ ਵਿੱਚ ਪਿੰਡ ਮਾਨਾਂ ਜਿ਼ਲ੍ਹਾਂ ਸੰਗਰੂਰ ਦੇ ਦੋ ਦਲਿਤ ਮਜਦੂਰਾਂ ਨੂੰ ਪੁਲਿਸ ਵਲੋਂ ਨਜਾਇਜ ਹਿਰਾਸਤ ਵਿੱਚ ਰਖਕੇ ਦਿੱਤੇ ਗਏ ਤਸੀਹਿਆਂ ਦੀਆਂ ਖਬਰਾਂ ਪੜਨ ਉਪਰੰਤ ਜਮਹੂਰੀ ਅਧਿਕਾਰ ਸਭਾ ਦੀ ਜਿ਼ਲ੍ਹਾ ਇਕਾਈ ਸੰਗਰੂਰ ਨੇ ਮਿਤੀ 19/04/16 ਨੂੰ ਹੰਗਾਮੀ ਮੀਟਿੰਗ ਕਰਕੇ ਇਸ ਘਟਨਾਂ ਸੰਬੰਧੀ ਤੱਥ ਖੋਜ ਕਮੇਟੀ ਦੇ ਗਠਨ ਕੀਤਾ ਜਿਸ ਵਿਚ ਸਰਵ ਸ਼੍ਰੀ ਨਾਮਦੇਵ ਭੂਟਾਲ (ਜਿਲਾ ਪ੍ਰਧਾਨ) ਗੁਰਬਖਸੀਸ ਸਿੰਘ, ਸਤਿਜੀਤ ਸਿੰਘ, ਅਮਰੀਕ ਸਿੰਘ ਖੋਖਰ, ਸਵਰਨਜੀਤ ਸਿੰਘ ਨੂੰ ਤੱਥ ਇਕੱਠੇ ਕਰਨ ਜੀ ਜਿੰਮੇਵਾਰੀ ਸੌਂਪੀ ਗਈ। ਇਸ ਤੱਥ ਖੋਜ ਕਮੇਟੀ ਵੱਲੋਂ ਇਸ ਘਟਨਾ ਸੰਬੰਧੀ ਪੀੜਤ ਮਜਦੂਰਾਂ, ਚੋਰੀ ਦਾ ਦੋਸ਼ ਲਗਾਉਣ ਵਾਲੀਆਂ ਧਿਰਾਂ, ਪੁਲੀਸ, ਮੌਕੇ ਦੇ ਗਵਾਹਾਂ ਨੂੰ ਮਿਲਕੇ ਜਾ ਸੰਪਰਕ ਕਰਕੇ ਅਤੇ ਦਸਤਾਵੇਜਾਂ ਦੀ ਘੋਖ ਪੜਤਾਲ ਕਰਕੇ ਤੱਥ ਇੱਕਠੇ ਕੀਤੇ ਗਏ।
ਪੜਤਾਲੀਆਂ ਟੀਮ ਨੇ ਸਭ ਤੋਂ ਪਹਿਲਾ ਪੀੜਤ ਮਜਦੂਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਪਰਬਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਮਾਨਾ ਨੂੰ ਮਿਲਕੇ ਗਲਬਾਤ ਕੀਤੀ। ਉਹਨਾਂ ਦੱਸਿਆ ਕਿ ਉਹ ਅਮਰਗੜ੍ਹ ਵਿਖੇ ਚੌਂਂਂਦਾ ਰੋਡ ਪਾਸ ਸੁਰਜੀਤ ਸਿੰਘ ਫੋਰਮੈਨ ਦੀ ਵਰਕਸ਼ਾਪ ਤੇ ਕੰਮ ਕਰਦੇ ਸੀ। 6 ਅਪਰੈਲ ਨੂੰ ਮਨਦੀਪ ਸਿੰਘ ਨੂੰ ਅਮਰਗੜ੍ਹ ਵਿਖੇ ਕੋਈ ਕੰਮ ਸੀ ਉਹ ਪਰਬਤ ਸਿੰਘ ਨੂੰ ਨਾਲ ਲੈ ਕੇ ਅਮਰਗੜ੍ਹ ਆਇਆ ਤੇ ਕੰਮ ਕਰਨ ਉਪਰੰਤ ਉਹ ਦੋਵੇਂ ਪਰਬਤ ਸਿੰਘ ਦੀ ਭੈਣ ਨੂੰ ਮਿਲਣ ਲਈ ਆਪਣੇ ਬਾਈਕNo.
PB02-BC 2497(ਪਲਾਟੀਨਾ) ਉਪਰ ਪਿੰਡ ਸਲਾਰ ਨੂੰ ਜਾ ਰਹੇ ਸੀ। ਸਵੇਰੇ 11:30 ਵਜੇ੍ਹ ਦੇ ਕਰੀਬ ਪਿੰਡ ਬੁਰਜ ਵਿਖੇ ਦੋ ਸਕੂਟਰ ਸਵਾਰ ਵਿਅਕਤੀਆਂ ਨੇ ਉਹਨਾਂ ਨੂੰ ਘੇਰ ਲਿਆ। ਘੇਰਨ ਸਾਰ ਸਾਡੇ ਬਾਈਕ ਨੂੰ ਜਿੰਦਾ ਲਗਾ ਕੇ ਚਾਬੀ ਕੱਢ ਲਈ। ਫਿਰ ਉਹਨਾਂ ਨੇ ਆਪਣੇ ਮੁਬਾਇਲ ਰਾਹੀਂ ਸਾਡੀਆਂ ਫੋਟੋਆ ਖਿਚੀਆਂ। ਸਾਡੇ ਪਿੱਛੇ ਆ ਰਹੇ ਵਿਅਕਤੀ ਭੋਲੂ ਮੀਆਂ ਨੇ ਸਾਡੇ ਤੇ ਦੋਸ਼ ਲਗਾਇਆ ਕਿ ਅਸਾਂ ਉਸਦੀ ਕੁੱਤੀ ਚੋਰੀ ਕੀਤੀ ਹੈ। ਉਸ ਕਿਹਾ ਕਿ ਚੋਰ ਤੁਸੀ ਨਹੀਂ ਪਰ ਮੋਟਰਸਾਈਕਲ ਇਹੀ ਹੈ ਜੋ ਚੋਰੀ ਸਮੇਂ ਵਰਤਿਆ ਗਿਆ ਹੈ। ਉਹਨਾਂ ਕਿਹਾ ਕਿ ਚੋਰਾਂ ਨੂੰ ਪੇਸ਼ ਕਰੋ, ਮੋਟਰ ਸਾਈਕਲ ਫਿਰ ਦੇਵਾਂਗੇ। ਅਸੀ ਉਥੋਂ ਪੈਦਲ ਚਲਕੇ ਪਰਬਤ ਸਿੰਘ ਦੀ ਭੈਣ ਦੇ ਘਰ ਸਲਾਰ ਚਲੇ ਗਏ। ਜਿਥੋਂ ਫਿਰ ਅਸੀਂ ਪਿੰਡ ਪਹੁੰਚੇ। ਇਸ ਉਪਰੰਤ ਅਸੀ ਦੋ ਤਿੰਨ ਦਿਨ ਇਧਰੋ ਉਧਰੋਂ ਬੰਦੇ ਭੇਜ ਕੇ ਆਪਣਾ ਮੋਟਰਸਾਇਕਲ ਲੈਣ ਦੀ ਕੋਸਿ਼ਸ਼ ਕੀਤੀ। ਪਰ ਉਹਨਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਅਸੀ ਮਿਤੀ 9/4/16 ਨੂੰ ਸਵੇਰੇ 10:30 ਵਜੇ ਸ਼੍ਰੀ ਮਲਕੀਤ ਸਿੰਘ ਧੰਦੀਵਾਲ, ਬਲਵੀਰ ਸਿੰਘ (ਪਿਤਾ-ਮਨਦੀਪ ਸਿੰਘ), ਜਗਨ ਸਿੰਘ ਪੰਚਾਇਤ ਮੈਂਬਰ ਪਿੰਡ ਮਾਨਾ, ਰਾਜਿੰਦਰ ਸਿੰਘ ਸਰਪੰਚ ਪਿੰਡ ਮਾਨਾ, ਜੋਧਾ ਸਿੰਘ ਪਿੰਡ ਚਪੜੌਦਾ ਨੂੰ ਨਾਲ ਲੈ ਕੇ ਥਾਣਾ ਅਮਰਗੜ੍ਹ ਗਏ ਤੇ ਸਾਡਾ ਮੋਟਰਸਾਈਕਲ ਦਿਵਾਉਣ ਦੀ ਫਰਿਆਦ ਕੀਤੀ। ਥਾਣੇ ਵਿੱਚ ਸਾਨੂੰ ਸ਼੍ਰੀ ਸੰਜੀਵ ਗੋਇਲ ਐਸ.ਐਚ.ੳ. ਅਤੇ ਸ਼੍ਰੀ ਰਘਵੀਰ ਸਿੰਘ ਏ.ਐਸ.ਆਈ. ਮਿਲੇ। ਉਹਨਾਂ ਕਿਹਾ ਕਿ ਕੁੱਤੀ ਦੀ ਤਾਂ ਕਹਾਣੀ ਬਣਾਈ ਗਈ ਹੈ। ਦਰਅਸਲ ਚਾਰ ਲੱਖ ਰੁਪਏ ਦੀ ਰਕਮ ਖੋਹੀ ਗਈ ਹੈ। ਇਸ ਸੰਬੰਧੀ ਪੀੜਤ ਧਿਰ ਤੁਹਾਡਾ ਨਾਮ ਰੱਖਦੀ ਹੈ। ਅਸੀਂ ਇਸ ਘਟਨਾ ਸੰਬੰਧੀ ਪੁੱਛ-ਗਿੱਛ ਕਰਨੀ ਹੈ। ਉਹਨਾਂ ਸਾਡੇ ਨਾਲ ਗਏ ਵਿਆਕਤੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ 2 ਘੰਟੇ ਬਾਅਦ ਸਾਨੂੰ ਛੱਡ ਦੇਣਗੇ। ਇਸ ਵਿਸਵਾਸ ਨਾਲ ਸਾਡੇ ਨਾਲ ਗਏ ਵਿਆਕਤੀ ਸਾਨੂੰ ਥਾਣੇ ਛੱਡ ਕੇ ਬਾਹਰ ਆ ਗਏ। ਏ.ਐਸ.ਆਈ. ਰਘਵੀਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਸਾਨੂੰ ਤਰਾਂ ਤਰਾਂ ਦੇ ਤਸੀਹੇ ਦਿੱਤੇ। ਸਾਡੀ ਬਹੁਤ ਹੀ ਜਿਆਦਾ ਕੁਟਮਾਰ ਕੀਤੀ। ਉਹ ਸਾਨੂੰ ਸਾਰਾ ਦਿਨ ਕੁਟਦੇ ਰਹੇ। ਜਦੋਂ ਸ਼ਾਮ ਤੱਕ ਵੀ ਪੁਲੀਸ ਨੇ ਸਾਨੂੰ ਨਾ ਛੱਡਿਆ ਤਾਂ ਸਾਡੇ ਰਿਸਤੇਦਾਰਾਂ ਦੇ 181 ਤੇ ਫੋਨ ਕਰਕੇ ਗੈਰਕਾਨੂੰਨੀ ਹਿਰਾਸਤ ਸੰਬੰਧੀ ਸਿ਼ਕਾਇਤ ਦਰਜ ਕਰਾਈ। ਪੁਲੀਸ ਅਗਲੇ ਦਿਨ ਸਾਨੂੰ ਹਿਮਤਾਨਾ ਚੌਂਕੀ ਲੈ ਗਈ। ਉਥੇ ਸਾਨੂੰ ਬਹੁਤ ਹੀ ਬੁਰੀ ਤਰ੍ਹਾਂ ਤਸੀਹੇ ਦਿੱਤੇ। ਸਾਡੇ ਗੁਪਤ ਅੰਗਾਂ ਤੇ ਕਰੰਟ ਲਗਾਏ ਗਏ ਸਾਨੂੰ ਬੁਰੀ ਤਰ੍ਹਾਂ ਤੜਫਾਇਆ ਗਿਆ। ਫਿਰ ਸ਼ਾਮ ਨੂੰ ਅਮਰਗੜ੍ਹ ਲੈ ਆਏ, ਅਗਲੇ ਦਿਨ 11 ਅਪਰੈਲ ਨੂੰASIਰਘਵੀਰ ਸਿੰਘ ਸਾਨੂੰ CIA ਸਟਾਫ ਬਹਾਦੁਰਸਿੰਘ ਵਾਲਾ ਲੈ ਆਇਆ। ਇਥੇ ਸਾਡੀ ਕੁਟਮਾਰ ਤਾਂ ਨਹੀਂ ਹੋਈ ਪਰ ਸਾਨੂੰ ਡਰਾਇਆ ਧਮਕਾਇਆ ਗਿਆ ਤੇ ਪੁੁੱਛ-ਗਿੱਛ ਕੀਤੀ ਗਈ। ਸ਼ਾਮ ਨੂੰ ਫਿਰ ਅਮਰਗੜ੍ਹ ਲੈ ਆਏ। 12/04/16 ਨੂੰ ਸਾਡੇ ਰਿਸਤੇਦਾਰਾਂ ਨੇ SSP ਸੰਗਰੂਰ ਨੂੰ ਮਿਲਕੇ ਸਾਰਾ ਮਾਮਲਾ ਧਿਆਨ ਵਿੱਚ ਲਿਆਂਦਾ। ਪੁਲੀਸ ਵੀ ਉਸ ਸਮੇਂ ਤੱਕ ਸਾਨੂੰ ਕਹਿਣ ਲੱਗੀ ਕਿ ਤੁਸੀ ਤਾਂ ਬੇਕਸੂਰੇ ਹੀ ਕੁੱਟੇ ਗਏ। ਤੁਹਾਡਾ ਗਲਤ ਨਾਮ ਰੱਖ ਦਿੱਤਾ ਹੈ। ਤੁਹਾਨੂੰ ਉਹਨਾਂ ਖਿਲਾਫ ਸਾਨੂੰ ਸਿ਼ਕਾਇਤ ਕਰਨੀ ਚਾਹੀਦੀ ਹੈ। ਫਿਰ ਪੁਲੀਸ ਨੇ 13/04/16 ਨੂੰ ਸਾਨੂੰ ਸ਼ਾਮ ਨੂੰ 6/7 ਵਜੇ੍ਹ ਛੱਡਿਆ। ਰਾਜਿੰਦਰ ਸਿੰਘ ਸਰਪੰਚ, ਜਗਨ ਸਿੰਘ ਮੈਂਬਰ, ਕੁਲਦੀਪ ਸਿੰਘ ਬਟੂਹਾ, ਮਲਕੀਤ ਸਿੰਘ ਧੰਦੀਵਾਲ, ਬਹਾਦੁਰ ਸਿੰਘ ਮਾਸਟਰ ਮਾਨਾ ਅਤੇ ਸਾਡੇ ਦੋਨਾ ਦੇ ਪਿਤਾ ਸਾਡੇ ਛੱਡਣ ਸਮੇਂ ਥਾਣੇ ਵਿੱਚ ਹਾਜਰ ਸਨ। ਸਾਨੂੰ ਉਹਨਾਂ ਦੇ ਸਪੁਰਦ ਕੀਤਾ ਗਿਆ। ਸਾਡੀ ਸਰੀਰਕ ਹਾਲਤ ਬਹੁਤ ਮਾੜੀ ਸੀ। ਅਗਲੇ ਦਿਨ 14/04/16 ਨੂੰ ਅਸੀਂ ਸਵੇਰੇ ਸਮੇਂ ਸਿਵਲ ਹਸਪਤਾਲ ਧੂਰੀ ਵਿਖੇ ਆ ਕੇ ਸਾਡਾ ਇਲਾਜ ਕਰਨ ਅਤੇ ਸਾਡਾ ਪਰਚਾ ਕੱਟਣ ਦੀ ਬੇਨਤੀ ਕੀਤੀ। ਪਰੰਤੂ ਉਹਨਾਂ ਨੇ ਪਰਚਾ ਕੱਟਣ ਤੇ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਸਿਰਫ ਪਰਚੀਆਂ ਤੇ ਦਵਾਈ ਲਿਖਕੇ ਦੇ ਦਿੱਤੀ। ਪਿਰਥੀ ਸਿੰਘ ਨੇ 104 ਨੰਬਰ ਤੇ ਫੋਨ ਕਰਕੇ ਸਿ਼ਕਾਇਤ ਕੀਤੀ। ਪਰ ਉਹਨਾਂ ਵੀ ਸਾਡੀ ਮਦਦ ਨਹੀਂ ਕੀਤੀ। ਫਿਰ ਅਸੀ ਦਵਾਈ ਲੈ ਕੇ ਪਿੰਡ ਵਾਪਸ ਮੁੜ ਗਏ। ਅਗਲੇ ਦਿਨ ਜਿਆਦਾ ਤੰਗ ਹੋਣ ਕਾਰਣ ਅਸੀ ਸੰਗਰੂਰ ਹਸਪਤਾਲ ਵਿੱਚ ਆ ਗਏ। ਉਹਨਾਂ ਨੇ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਸਰੀਰਕ ਤੌਰ ਤੇ ਜਿਆਦਾ ਤੰਗ ਹੋਣ ਕਾਰਨ ਅਸੀਂ ਲਿਖਕੇ ਦੇ ਦਿੱਤਾ ਕਿ ਅਸੀ ਕਾਨੂੰਨੀ ਕਾਰਵਾਈ ਨਹੀਂ ਕਰਨੀ। ਫਿਰ ਉਹਨਾਂ ਨੇ ਸਾਨੂੰ ਦਾਖਲ ਕੀਤਾ।
ਇਸ ਉਪਰੰਤ ਪੜਤਾਲੀਆਂ ਟੀਮ ਨੇ ਅਮਰਗੜ੍ਹ ਵਿਖੇ ਸੁਰਜੀਤ ਸਿੰਘ ਫੋਰਮੈਨ ਦੀ ਵਰਕਸ਼ਾਪ ਤੇ ਜਾ ਕੇ ਜਾਣਕਾਰੀ ਹਾਸਲ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਦੋਨਾ ਲੜਕਿਆਂ ਨੇ ਸਾਡੇ ਪਾਸ ਤਕਰੀਬਨ ਇੱਕ ਮਹੀਨਾ ਕੰਮ ਕੀਤਾ ਹੈ। ਇਹਨਾਂ ਨੇ ਠੀਕ ਤਰੀਕੇ ਨਾਲ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਇਹਨਾਂ ਨੇ ਦਸ਼ਮੇਸ ਵਾਲਿਆਂ ਦੇ ਵੀ ਕਈ ਮਹੀਨੇ ਲਗਾਏ ਹਨ। ਇਹ ਸਾਊ ਸੁਭਾਅ ਦੇ ਹਨ। ਇਹਨਾਂ ਦੀ ਉਥੇ ਵੀ ਕੋਈ ਸਿ਼ਕਾਇਤ ਨਹੀਂ ਸੀ। ਉਹਨਾਂ ਕਿਹਾ ਕਿ ਮਨਦੀਪ ਸਿੰਘ ਨੇ ਸਾਡੇ ਪਾਸ 26/3 ਦੀ ਦੁਪਹਿਰ ਤੱਕ ਕੰਮ ਕੀਤਾ ਹੈ। ਪਰਬਤ ਸਿੰਘ ਪਹਿਲਾਂ ਹਟ ਗਿਆ ਸੀ। 26/3 ਨੂੰ ਮਨਦੀਪ ਸਿੰਘ ਸਾਡੇ ਤੋਂ ਪੈਸੇ ਮੰਗ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਜਾਣਾ ਹੈ।
ਇਸ ਉਪਰੰਤ ਟੀਮ ਬੁਰਜ ਪਿੰਡ ਪੁਜੀ ਜਿਥੇ ਇਹਨਾਂ ਦਾ ਮੋਟਰ ਸਾਈਕਲ ਕਬਜੇ ਵਿਚ ਲਿਆ ਗਿਆ ਸੀ। ਇਥੇ ਭੋਲੂ ਮੀਆਂ ਨੂੰ ਮਿਲਕੇ ਗਲਬਾਤ ਕੀਤੀ। ਉਸਨੇ ਕਿਹਾ ਕਿ 26/3 ਨੂੰ ਤਕਰੀਬਨ 6.32 ਵਜੇ ਸ਼ਾਮ ਨੂੰ ਮੈਂ ਦਾਤਣਾਂ ਤੋੜ ਕੇ ਘਰ ਆ ਰਿਹਾ ਸੀ ਤਾਂ ਇਕ ਨੌਜਵਾਨ ਮੋਟਰਸਾਇਕਲ ਉਪਰ ਖੜਾ ਸੀ ਤੇ ਦੂਸਰਾ ਸਾਡੀ ਗਲੀ ਵਿਚੋਂ ਕੁੱਤੀ ਚੁੱਕ ਕੇ ਮੇਰੇ ਪਾਸੋਂ ਗਲੀ ਦੇ ਮੋੜ ਤੇ ਲੰਘਿਆ। ਮੈਂ ਉਸ ਤੋਂ ਕੁੱਤੀ ਲੈਣੀ ਚਾਹੀ ਪਰ ਉਹ ਤੁਰੰਤ ਮੋਟਰਸਾਈਕਲ ਦੇ ਪਿਛੇ ਬੈਠ ਗਿਆ ਤੇ ਉਹ ਦੋਨੋ ਮੋਟਰ ਸਾਈਕਲ ਭਜਾ ਕੇ ਲੈ ਗਏ। ਮੈਂ ਅੰਦਰ ਜਾ ਕੇ ਮੋਟਰਸਾਈਕਲ ਚੁੱਕ ਕੇ ਉਹਨਾਂ ਦਾ ਪਿੱਛਾ ਕਰਨ ਦੀ ਕੋਸਿ਼ਸ ਕੀਤੀ ਪਰ ਉਹ ਦੂਰ ਜਾ ਚੁੱਕੇ ਸਨ ਜਦੋਂ ਉਸਨੂੰ ਪੁਛਿਆ ਕਿ ਤੁਸੀ ਰੌਲਾ ਪਾਇਆ ਸੀ ਜਾ ਅੱਗੇ ਕਿਸੇ ਨੂੰ ਰੋਕਣ ਵਾਸਤੇ ਕਿਹਾ ਸੀ ਤਾਂ ਉਹਨਾਂ ਕਿਹਾ ਕਿ ਮੈਂ ਅਜਿਹਾ ਨਹੀਂ ਕੀਤਾ। ਮੈਂ ਸੋਚਦਾ ਸੀ ਕਿ ਮੈਂ ਪਿਛੇ ਜਾ ਕੇ ਆਪ ਹੀ ਫੜ ਲਵਾਂਗਾ। ਜਦੋਂ ਉਸ ਤੋਂ ਮਿਤੀ 6/4/16 ਨੂੰ ਮੋਟਰਸਾਈਕਲ ਖੋਹਣ ਦੀ ਘਟਨਾ ਵਾਰੇ ਪੁਛਿਆ ਤਾਂ ਉਹਨਾਂ ਮੰਨਿਆ ਕਿ ਸਾਡੇ ਵਲੋਂ ਹੀ ਮੋਟਰ ਸਾਈਕਲ ਫੜਿਆ ਗਿਆ ਹੈ। ਉਹਨਾਂ ਕਿਹਾ ਕਿ ਇਥੇ 40-45 ਬੰਦਿਆਂ ਦੇ ਇਕੱਠ ਵਿਚ ਮੰਨ ਕੇ ਗਏ ਸੀ ਕਿ ਅਸੀ ਕੁੱਤੀ ਲਿਆ ਕੇ ਦੇਵਾਂਗੇ, ਉਸ ਸਮੇਂ ਮੇਰੇ ਮੁੰਡਿਆਂ ਨੇ ਉਹਨਾਂ ਦੀਆਂ ਫੋਟੋਆ ਵੀ ਖਿਚੀਆਂ ਸਨ। ਜਦੋਂ ਉਸਤੋਂ ਪੁਛਿਆ ਗਿਆ ਕਿ ਤੁਸੀ ਤਾਂ ਕਿਹਾ ਕਿ ਉਹ ਚੋਰ ਨਹੀਂ ਹਨ। ਸਿਰਫ ਮੋਟਰਸਾਈਕਲ ਹੀ ਉਹ ਹੈ ਜਿਸ ਤੇ ਚੋਰੀ ਹੋਈ ਹੈ;ਵਸ ਤਾਂ ਉਹਨਾਂ ਕਿਹਾ ਕਿ ਇੱਕ ਮੁੰਡਾ (ਮਨਦੀਪ ਸਿੰਘ ਫੋਟੋ ਦਿਖਾਕੇ) ਉਹੀ ਸੀ। ਪਰ ਮੈਂ ਜਾਣ ਬੁਝ ਕੇ ਕਹਿ ਦਿੱਤਾ ਸੀ ਕਿ ਇਹ ਚੋਰ ਨਹੀਂ ਹਨ। ਕਿਉਂਕਿ ਮੈਨੂੰ ਡਰ ਸੀ ਕਿ ਲੋਕ ਉਸਨੂੰ ਕੁੱਟ ਕੁੱਟ ਕੇ ਮਾਰ ਦੇਣਗੇ। ਜਦੋਂ ਉਸ ਤੋਂ 4 ਲੱਖ ਰੁਪਏ ਖੋਹਣ ਦੀ ਵਾਰਦਾਤ ਵਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਲਾਲਿਆ (ਕ੍ਰਿਸਨਾ ਰਾਣੀ) ਨਾਲ ਸਾਡਾ ਬਹੁਤ ਵਧੀਆ ਸਹਿਚਾਰ ਹੈ ਤੇ ਲੈਣ ਦੇਣ ਹੈ। ਉਹਨਾਂ ਸਾਨੂੰ ਕਿਹਾ ਸੀ ਕਿ ਜੇਕਰ ਤੁਹਾਨੂੰ ਕੁੱਤੀ ਚੁੱਕਣ ਵਾਲੇ ਲੱਭ ਜਾਣ ਤਾਂ ਸਾਨੂੰ ਦੱਸਿਓ। ਇਸ ਲਈ ਅਸੀ 6/14 ਨੂੰ ਉਸੇ ਸਮੇਂ ਉਹਨਾਂ ਨੂੰ ਦਸ ਦਿੱਤਾ ਸੀ। ਉਹਨਾਂ ਨੇ ਇਥੇ ਮੌਕੇ ਤੇ ਪੁਜ ਕੇ ਉਹਨਾਂ ਦੀਆਂ ਫੋਟੋਆ ਖਿੱਚ ਲਈਆ ਸਨ।
ਟੀਮ ਵਲੋਂ ਬੁਰਜ ਪਿੰਡ ਦੇ ਸਰਪੰਚ ਸ਼੍ਰੀ ਕੇਵਲ ਸਿੰਘ ਦੇ ਘਰ ਉਸ ਨਾਲ ਗਲਬਾਤ ਕੀਤੀ। ਉਹਨਾਂ ਦੱਸਿਆ ਕਿ 6/4/2016 ਨੂੰ ਉਹ ਘਰ ਨਹੀਂ ਸੀ। ਲੋਕਾਂ ਨੇੇ ਮੁੰਡਿਆਂ ਤੋਂ ਮੋਟਰ ਸਾਈਕਲ ਫੜਿਆ ਸੀ ਜੋ ਮੇਰੇ ਲੜਕੇ ਨੂੰ ਫੜਾ ਦਿੱਤਾ ਸੀ। ਉਸੇ ਦਿਨ ਤੋਂ ਮੇਰੇ ਘਰ ਖੜਾ ਹੈ। ਟੀਮ ਨੇ ਮੋਟਰਸਾਈਕਲ ਖੜਾ ਦੇਖਿਆ। ਉਸ ਕਿਹਾ ਕਿ ਹੁਣ ਪੁਲੀਸ ਇਸ ਨੂੰ ਮੰਗ ਰਹੀ ਹੈ ਪਰ ਮੈਂ ਨਹੀਂ ਦਿੱਤਾ।
ਇਸ ਉਪਰੰਤ ਟੀਮ ਨੇ ਬੁਰਜ ਦੇ ਨਾਲ ਲਗਦੇ ਪਿੰਡ ਸਲਾਰ ਵਿਖੇ ਪਰਬਤ ਸਿੰਘ ਦੀ ਭੈਣ ਸੁਖਵਿੰਦਰ ਕੌਰ ਪਤਨੀ ਕਮਲਜੀਤ ਸਿੰਘ ਉਰਫ ਘੋਟਨਾ ਨਾਲ ਗਲਬਾਤ ਕੀਤੀ। ਉਸ ਨੇ ਦੱਸਿਆ ਕਿ ਅਸੀਂ 6/4 ਨੂੰ ਮੋਟਰ ਸਾਈਕਲ ਫੜਨ ਸਮੇਂ ਬੁਰਜ ਚਲੀਆਂ ਗਈਆਂ ਸੀ। ਉਥੇ ਮੌਜੂਦ ਭੋਲੂ ਮੀਆ ਨੇ ਕਿਹਾ ਕਿ ਇਹ ਮੁੰਡੇ ਚੋਰ ਨਹੀਂ ਹਨ ਪਰ ਇਸੇ ਮੋਟਰ ਸਾਈਕਲ ਤੇ ਕੁੱਤੀ ਚੋਰੀ ਹੋਈ ਹੈ। ਚੋਰਾਂ ਨੂੰ ਪੇਸ ਕਰ ਦੇਵੋ ਤੇ ਮੋਟਰ ਸਾਈਕਲ ਲੈ ਜਾਵੋ। ਜਦੋਂ ਉਸ ਤੋਂ ਪੁਛਿਆ ਗਿਆ ਕਿ ਕੀ ਉਸ ਸਮੇਂ ਅਮਰਗੜ੍ਹ ਤੋਂ ਕ੍ਰਿਸਨਾ ਰਾਣੀ ਤੇ ਉਸਦੇ ਪਰਿਵਾਰ ਮੈਂਬਰ ਉਥੇ ਮੌਜੂਦ ਸਨ ਤਾਂ ਉਹਨਾਂ ਕਿਹਾ ਕਿ ਨਹੀਂ ਉਹ ਉਥੇ ਹਾਜਰ ਨਹੀਂ ਸਨ। ਸਿਰਫ ਪਿੰਡ ਦੇ ਕੁਝ ਬੰਦੇ ਸਨ। ਉਸ ਨੇ ਕਿਹਾ ਕਿ 9/4/16 ਤੋਂ 13/4/16 ਤੱਕ ਅਸੀਂ ਪਰਬਤ ਸਿੰਘ ਹੁਰਾਂ ਨੂੰ ਮਿਲਣ ਲਈ ਹਰ ਰੋਜ ਅਮਰਗੜ੍ਹ ਥਾਣੇ ਜਾਂਦੇ ਸੀ ਪਰ ਮੈਨੂੰ ਮਿਲਣ ਨਹੀਂ ਦਿੱਤਾ ਗਿਆ। ਉਸ ਨੇ ਕਿਹਾ ਕਿ ਸਾਡੇ ਮੁੰਡਿਆਂ ਨੇ ਦੱਸਿਆ ਸੀ ਕਿ ਭੜੀ ਪਿੰਡ ਦੇ ਮੁੰਡੇ ਇੱਕ ਦਿਨ ਉਹਨਾਂ ਦਾ ਮੋਟਰਸਾਈਕਲ ਮੰਗ ਕੇ ਲੈ ਕੇ ਗਏ ਸੀ। ਪਰ ਪੁਲੀਸ ਨੇ ਉਹਨਾਂ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ।
ਪੜਤਾਲੀਆ ਟੀਮ ਅਮਰਗੜ੍ਹ ਵਿਖੇ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਨੂੰ ਵੀ ਮਿਲੀ ਉਹਨਾਂ ਦੱਸਿਆ ਕਿ 27/3 ਨੂੰ ਸ਼ਾਮ ਨੂੰ ਤਕਰੀਬਨ 6 ਕੁ ਵਜੇ੍ਹ ਮੈਂ ਅਤੇ ਹਿਮਾਲੀਆ ਮਾਚਸ ਕੰਪਨੀ, ਭਗਤਾ ਭਾਈਕਾ ਦਾ ਸੇਲਜ ਮੈਨ, ਜਤਿੰਦਰ ਕੁਮਾਰ ਐਕਟਿਵਾ ਸਕੂਟਰ ਤੇ ਪਿੰਡਾਂ ਵਿਚ ਉਗਰਾਹੀ ਕਰਨ ਉਪਰੰਤ ਹੁਸੈਨਪੁਰੇ ਨਹਿਰ ਪਾਸ ਆ ਰਹੇ ਸੀ ਤਾਂ ਸਾਨੂੰ ਪੰਜ ਬੰਦਿਆਂ ਤੇ ਤਿੰਨ ਮੋਟਰ ਸਾਈਕਲ ਤੇ ਘੇਰ ਲਿਆ ਅਤੇ ਪਸਤੌਲ ਤਾਣ ਲਿਆ। ਸਾਡੀ ਐਕਟਿਵਾ ਖੋਹ ਕੇ ਭੱਜ ਗਏ। ਜਿਸ ਵਿਚ ਤਕਰੀਬਨ 4 ਲੱਖ ਰੂਪੈ ਸਨ। ਉਹਨਾਂ ਸਾਨੂੰ ਮਾਰਨ ਦੀ ਧਮਕੀ ਵੀ ਦਿੱਤੀ। ਮੈਂ ਉਸੇ ਦਿਨ ਪੁਲੀਸ ਨੂੰ ਰਿਪੋਰਟ ਲਿਖਾ ਦਿੱਤੀ ਸੀ। ਜਦੋਂ ਉਸ ਤੋਂ ਮਨਦੀਪ ਸਿੰਘ ਤੇ ਪਰਬਤ ਸਿੰਘ ਦੀ ਪਹਿਚਾਣ ਸੰਬੰਧੀ ਪੁਛਿਆ ਤਾਂ ਉਸਨੇ ਕਿਹਾ ਕਿ 6/4 ਨੂੰ ਬਰਜ ਵਿਚ ਫੋਟੋ ਖਿਚੀਆਂ ਸੀ। ਉਸ ਦਿਨ ਮੈਂ ਮਾਨਾ ਵਾਲੇ ਮਨਦੀਪ ਸਿੰਘ ਨੂੰ ਪਹਿਚਾਣਿਆ ਸੀ। ਮੈਂ ਇਸ ਸੰਬੰਧੀ ਪੁਲੀਸ ਨੂੰ ਦਸ ਦਿੱਤਾ ਸੀ ਤੇ ਫੋਟੋ ਵੀ ਦਿਖਾ ਦਿੱਤੀ ਸੀ। ਉਸਨੇ ਮੇਰੇ ਸਾਹਮਣੇ DSP ਤੇ SHO ਪਾਸ ਸਾਡਾ ਪਿੱਛਾ ਕਰਨ ਦੀ ਗੱਲ ਵੀ ਮੰਨੀ ਸੀ। ਮੇਰੇ ਨਾਲ ਗਏ ਸੇਲਜਮੈਨ ਨੇ ਵੀ ਫੋਟੋਆਂ ਦੀ ਪਹਿਚਾਣ ਕੀਤੀ ਹੈ। ਪਰ ਪਤਾ ਨਹੀਂ ਕਿਉਂ ਪੁਲੀਸ ਨੇ ਉਹਨਾਂ ਨੂੰ ਛੱਡ ਦਿੱਤਾ ਹੈ ਹੋ ਸਕਦਾ ਮਿਲ ਮਿਲਾ ਕੇ ਛੱਡ ਦਿੱਤਾ ਹੋਵੇ। ਜਦੋਂ ਉਸ ਤੋਂ ਪੁਛਿਆ ਗਿਆ ਕਿ ਹੁਣ ਫਿਰ ਉਗਰਾਹੀ ਕਿਵੇਂ ਕਰਦੇ ਹੋ ਤਾਂ ਉਸਨੇ ਕਿਹਾ ਕਿ ਮੈਂ ਤਾਂ ਉਸੇ ਤਰ੍ਹਾਂ ਹੀ ਲਗਾਤਾਰ ਐਕਟਿਵਾ ਤੇ ਉਗਰਾਹੀ ਕਰਕੇ ਲਿਆਉਂਦੀ ਹਾਂ। ਮੈਨੂੰ ਕੋਈ ਡਰ ਨਹੀਂ ਲਗਦਾ।
ਕ੍ਰਿਸਨਾ ਰਾਣੀ ਵਲੋਂ ਪੁਲੀਸ ਪਾਸ ਮਿਤੀ 29/03/16 ਨੂੰ ਲਿਖਾਈ FIR No 33 ਵਿੱਚ ਉਸਨੇ ਲਿਖਾਇਆ ਹੈ ਕਿ ਉਹ ਉਗਰਾਹੀ ਕਰਕੇ ਪਿੰਡ ਹੁਸੈਨਪੁਰ ਵਲ ਨੂੰ ਆ ਰਹੇ ਸੀ । ਜਦੋਂ ਉਹ ਨਹਿਰ ਦੀ ਕੱਚੀ ਪਟੜੀ ਪੁਲ ਦੇ ਨੇੜੇ ਪੁੱਜੇ ਸਾਹਮਣੇ ਤੋਂ ਮੋਟਰਸਾਈਕਲ ਉਪਰ ਇਕ ਲੜਕਾ ਆਇਆ। ਜਿਸਨੇ ਉਹਨਾਂ ਦੀ ਸਕੂਟਰੀ ਰੋਕ ਲਈ ਇਕ ਮੋਟਰ ਸਾਈਕਲ ਖੱਬੇ ਪਾਸਿਓ ਆਇਆ ਜਿਸ ਉਪਰ ਦੋ ਲੜਕੇ ਸਵਾਰ ਸਨ। ਇਕ ਮੋਟਰਸਾਈਕਲ ਮਨਵੀ ਵਲੋਂ ਸਾਡੇ ਪਿਛੇ ਆਇਆ। ਇਹਨਾਂ ਪੰਜਾਂ ਨੇ ਸਾਨੂੰ ਘੇਰ ਲਿਆ। ਇਕ ਲੜਕੇ ਨੇ ਮੇਰੀ ਸਕੂਟਰੀ ਦੀ ਚਾਬੀ ਕੱਢ ਲਈ ਇੱਕ ਨੇ ਪਿਸਤੌਲ ਕੱਢ ਕੇ ਕਿਹਾ ਕਿ ਜੋ ਕੁਝ ਹੈ ਸਾਨੂੰ ਦੇ ਦੇਵੋ। ਉਹ ਡਰ ਗਏ ਤੇ ਲੜਕਿਆਂ ਵਿਚੋਂ ਇੱਕ ਉਹਨਾਂ ਦੀ ਸਕੂਟਰੀ ਚੁੱਕ ਕੇ ਨਹਿਰ ਦੀ ਹੁੁਸੈਨਪੁਰ ਵਾਲੀ ਪਟੜੀ ਤੇ ਭਜਾ ਕੇ ਲੈ ਗਿਆ ਤੇ ਬਾਕੀ ਵੀ ਉਸ ਮਗਰ ਜਬੋਮਾਜਰਾ ਸਾਈਡ ਵਲ ਨੂੰ ਭੱਜ ਗਏ। ਕਰੀਬ 10 ਮਿੰਟ ਬਾਅਦ ਰਾਹਗੀਰਾਂ ਦੀ ਕਾਰ ਆ ਗਈ। ਉਹਨਾਂ ਨੇ ਲੜਕਿਆਂ ਦਾ ਪਿਛਾ ਕੀਤਾ। ਤਕਰੀਬਨ ਡੇਢ ਕਿਲੋ ਮੀਟਰ ਤੇ ਉਹਨਾਂ ਦੀ ਸਕੂਟਰੀ ਡਿਗੀ ਪਈ ਸੀ। ਜਿਸ ਵਿਚੋਂ ਰੁਪਿਆ ਵਾਲਾ ਬੈਗ, ਇਕ ਡਾਇਰੀ, 5/6 ਚੈਕ, ਇੱਕ ਦੋ ਸਿਮਾ ਵਾਲਾ ਮੋਬਾਇਲ ਉਹ ਚੋਰੀ ਕਰਕੇ ਲੈ ਗਏ ਸਨ। ਕ੍ਰਿਸਨਾ ਰਾਣੀ ਨੇ FIR ਵਿਚ ਲਿਖਾਇਆ ਹੈ ਕਿ ਉਹ 27/3 ਤੋਂ 29/3 ਤੱਕ ਆਪਣੇ ਤੌਰ ਤੇ ਇਹਨਾਂ ਗੁੰਮ ਹੋਏ ਤਕਰੀਬਨ ਚਾਰ ਲੱਖ ਦੀ ਭਾਲ ਕਰਦੇ ਰਹੇ ਇਸ ਉਪਰੰਤ ਹੀ 29/3 ਨੂੰ FIR ਲਿਖਾਈ ਗਈ ਹੈ।
ਪੜਤਾਲੀਆਂ ਟੀਮ ਨੇ ਥਾਣਾ ਅਮਰਗੜ੍ਹ ਜਾਂ ਕੇ SHO ਨੂੰ ਮਿਲਣ ਦੀ ਇਛਾ ਜਾਹਰ ਕੀਤੀ। ਪਰ ਉਹ ਛੁੱਟੀ ਤੇ ਗਏ ਹੋਏ ਸੀ। ਫਿਰ ਟੀਮ ਨੇ ਸ਼੍ਰੀ ਰਘਵੀਰ ਸਿੰਘ ASI ਨੂੰ ਮਿਲਕੇ ਜਾਣਕਾਰੀ ਹਾਸਲ ਕੀਤੀ। ਸ਼੍ਰੀ ਰਘਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਹੁਸੈਨਪੁਰੇ ਦੇ ਪੁਲਾਂ ਤੇ ਇੱਕ ਚਾਰ ਲੱਖ ਰੁਪਏ ਖੋਹਣ ਦੀ ਵਾਰਦਾਤ ਹੋਈ ਸੀ। ਇਸ ਸੰਬੰਧੀ ਅਸੀ FIR ਨੰ: 33 ਦਰਜ ਕੀਤੀ ਹੋਈ ਹੈ। ਕੁਝ ਦਿਨ ਪਹਿਲਾਂ ਸਾਨੂੰ ਸਿ਼ਕਾਇਤ ਕਰਤਾ ਨੇ ਆ ਕੇ ਦੱਸਿਆ ਕਿ ਅਸੀਂ ਵਾਰਦਾਤ ਕਰਨ ਵਾਲੇ ਨੌਜਵਾਨਾ ਵਿਚ ਦੋ ਦੀ ਸਨਾਖਤ ਕਰ ਲਈ ਹੈ। ਉਸ ਨੇ ਕਿਹਾ ਕਿ ਮਾਨਾ ਪਿੰਡ ਦੇ ਮਨਦੀਪ ਸਿੰਘ ਤੇ ਪਰਬਤ ਸਿੰਘ ਇਸ ਵਾਰਦਾਤ ਵਿਚ ਸ਼ਾਮਲ ਸਨ। ਉਸਨੇ ਉਹਨਾਂ ਦੀਆਂ ਫੋਟੋਆ ਵੀ ਆਪਣੇ ਮੁਬਾਇਲ ਵਿਚੋਂ ਸਾਨੂੰ ਦਿਖਾਈਆਂ । ਇਸ ਲਈ ਸੱ਼ਕ ਦੇ ਆਧਾਰ ਤੇ ਹੀ ਅਸੀ ਇਹਨਾਂ ਨੂੰ 9/4 ਨੂੰ ਥਾਣੇ ਵਿਚ ਬੁਲਾਇਆ ਸੀ ਅਤੇ ਇਹਨਾਂ ਤੋਂ ਪੁੱਛਗਿਛ ਕੀਤੀ ਸੀ। ਇਹਨਾਂ ਤੋਂ ਪੁੱਛਿਆ ਗਿਆ ਕਿ 27/3 ਨੂੰ ਉਹ ਕਿਥੇ ਸਨ। ਉਹਨਾਂ ਜੋ ਦੱਸਿਆ ਉਹ ਉਹਨਾਂ ਦੇ ਮੁਬਾਇਲ ਦੀਆਂ ਲੂਕੇਸ਼ਨਾ ਨਾਲ ਮਿਲਦਾ ਸੀ। ਜਿਸ ਤੋਂ ਪਤਾ ਲਗ ਗਿਆ ਕਿ ਇਹ ਵਾਰਦਾਤ ਵਿਚ ਸ਼ਾਮਲ ਨਹੀਂ ਸਨ। ਫਿਰ ਅਸੀਂ ਇਹਨਾਂ ਨੂੰ ਛੱਡ ਦਿੱਤਾ। ਜਦੋਂ ਉਹਨਾਂ ਤੋਂ ਪੁਛਿਆ ਗਿਆ ਕਿ ਉਹਨਾਂ ਦੀ ਹਾਲਤ ਦਸਦੀ ਹੈ ਕਿ ਪੁਲੀਸ ਵਲੋਂ ਉਹਨਾਂ ਦੀ ਕੁਟਮਾਰ ਕੀਤੀ ਗਈ ਹੈ। ਤਾਂ ਉਹਨਾਂ ਇਸ ਤੋਂ ਸਾਫ ਇਨਕਾਰ ਕੀਤਾ ਤੇ ਕਿਹਾ ਕਿ ਪਹਿਲਾਂ ਦੀ ਕੋਈ ਸੱਟ ਲੱਗੀ ਹੋਣੀ ਹੈ। ਅਸੀ ਤਾਂ ਸਿਰਫ ਪੁੱਛ-ਗਿਛ ਕੀਤੀ ਹੈ। ਜਦੋਂ ਉਹਨਾਂ ਤੋਂ ਪੁਛਿਆ ਕਿ ਕੀ ਤੁਸੀ ਉਹਨਾਂ ਨੂੰ ਹਿਮਤਾਨਾ ਤੇ ਙਂਂਬਹਾਦੁਰਸਿੰਘ ਵਾਲਾ ਲੈ ਕੇ ਗਏ ਸੀ। ਤਾਂ ਉਹਨਾਂ ਮੰਨਿਆਂ ਕਿ ਅਸੀਂ ਲੈ ਕੇ ਗਏ ਸੀ। ਕਿਉਂਕਿ ਉਹ ਗੈਰਕਾਨੂੰਨੀ ਹਿਰਾਸਤ ਵਿੱਚ ਸਨ ਇਸ ਲਈ ਕੋਈ ਸਿ਼ਕਾਇਤ ਹੋ ਸਕਦੀ ਸੀ। ਇਸ ਲਈ ਇਧਰ-ਉਧਰ ਕਰਨਾ ਪੈਂਦਾ ਹੈ। ਜਦੋਂ ਉਹਨਾਂ ਤੋਂ ਪੁਛਿਆ ਕਿ ਤੁਸੀ 9/4 ਤੋਂ 13/4 ਤੱਕ ਉਹਨਾਂ ਨਾਲ ਕੀ ਕਰਦੇ ਰਹੇ ਤਾਂ ਉਹਨਾਂ ਕਿਹਾ ਕਿ ਅਸੀਂ ਤਾਂ ਉਹਨਾਂ ਨੂੰ 11/4 ਨੂੰ ਛੱਡ ਦਿੱਤਾ ਸੀ। ਟੀਮ ਮੈਂਬਰ ਵਲੋਂ ਰਾਜਿੰਦਰ ਸਿੰਘ ਸਰਪੰਚ ਪਿੰਡ ਮਾਨਾ ਨਾਲ ਫੋਨ ਨੰਬਰ 98723-96969 ਤੇ ਕੀਤੀ ਗਲਬਾਤ ਵਿੱਚ ਉਹਨਾਂ ਦੱਸਿਆ ਕਿ ਉਹ ਦੋਨਾਂ ਲੜਕਿਆਂ ਨੂੰ ਪੇਸ਼ ਕਰਨ ਸਮੇਂ ਤੇ ਥਾਣੇ ਤੋਂ ਲੈ ਕੇ ਆਉਣ ਸਮੇਂ ਉਹਨਾਂ ਦੇ ਨਾਲ ਸੀ। ਉਹਨਾਂ ਕਿਹਾ ਕਿ ਭਾਵੇਂ ਮੇਰੇ ਪੱਕੀ ਤਾਰੀਕ ਯਾਦ ਨਹੀਂ ਪਰ ਦੋਨੋ ਲੜਕੇ 4-5 ਦਿਨ ਪੁਲੀਸ ਹਿਰਾਸਤ ਵਿਚ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਮੁੰਡਿਆਂ ਦਾ ਚਾਲ ਚਲਣ ਤੇ ਕਾਰ ਵਿਹਾਰ ਪਿੰਡ ਵਿਚ ਬਿਲਕੁੱਲ ਠੀਕ ਠਾਕ ਹੈ। ਇਹਨਾਂ ਤੋਂ ਕਿਸੇ ਕਿਸਮ ਦੀ ਵਾਰਦਾਤ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਪਰ ਇਹ ਠੀਕ ਹੈ ਕਿ ਸਾਡੇ ਸਾਹਮਣੇ ਹੀ ਸਿ਼ਕਾਇਤ ਕਰਤਾ ਨੇ ਇਹਨਾਂ ਦੀ ਸਨਾਖਤ ਕੀਤੀ ਸੀ ਜਿਸ ਕਰਕੇ ਇਹਨਾਂ ਨੂੰ ਥਾਣੇ ਛੱਡ ਕੇ ਆਉਣਾ ਪਿਆ।
ਪੜਤਾਲੀਆਂ ਟੀਮ ਨੇ ਮਨਦੀਪ ਸਿੰਘ ਦੇ ਸਹੁਰੇ ਘਰ ਪਿੰਡ ਧੰਦੀਵਾਲ ਜਾ ਕੇ ਉਸਦੇ ਸਹੁਰੇ, ਸੱਸ, ਸਾਲੇ (ਗੁਰਦੀਪ ਸਿੰਘ), ਪਤਨੀ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਨਦੀਪ ਸਿੰਘ ਆਪਣੀ ਪਤਨੀ ਦੇ ਇਲਾਜ ਸੰਬੰਧੀ 26/3 ਨੂੰ ਸ਼ਾਮ ਨੂੰ ਧੰਦੀਵਾਲ ਆਇਆ ਸੀ। ਧੰਦੀਵਾਲ ਆਉਣ ਉਪਰੰਤ ਇਹਨਾਂ ਨੇ ਰਣੀਕੇ ਜਾ ਕੇ ਇੱਕ ਨਰਸ ਪਾਸੋ ਦਵਾਈ ਵੀ ਲਿਆਂਦੀ ਸੀ। ਦੂਜੇ ਦਿਨ 27/3 ਨੂੰ ਚੀਮੇ ਜਾ ਕੇ ਧਾਗਾ/ਤਵੀਤ ਕਰਾਕੇ ਲਿਆਇਆ ਸੀ। ਕਿਉਂਕਿ ਇਸ ਤੋਂ ਪਹਿਲਾਂ ਇਸ ਦੇ ਦੋ ਵਾਰ ਅਬਾਰਸ਼ਨ ਹੋ ਗਿਆ ਸੀ। ਫਿਰ 28/3 ਨੂੰ ਵੀ ਇਹ ਧੰਦੀਵਾਲ ਹੀ ਰਹੇ ਹਨ ਤੇ 29/3 ਨੂੰ ਸਵੇਰੇ ਵਾਪਸ ਪਿੰਡ ਗਏ ਸਨ। ਉਹਨਾਂ ਕਿਹਾ ਕਿ ਇਸ ਦੀ ਜਾਮਨੀ ਸਾਰੇ ਵਿਹੜੇ ਵਿਚੋਂ ਕੀਤੀ ਜਾ ਸਕਦੀ ਹੈ। ਉਸ ਦਿਨ ਪਿੰਡ ਦੇ ਬੰਦੇ ਵੀ ਇਹਨਾਂ ਨੂੰ ਮਿਲੇ ਸਨ। ਰਣੀਕੇ ਨਰਸ ਪਾਸ ਜਾ ਕੇ ਵੀ ਪੁਛ ਸਕਦੇ ਹੋ। ਉਥੇ ਹੀ ਮੌਜੂਦ ਮਨਦੀਪ ਸਿੰਘ ਨੇ ਕਿਹਾ ਕਿ 26/3 ਨੂੰ ਦੁਪਹਿਰ ਵੇਲੇ ਸੁਰਜੀਤ ਸਿੰਘ ਫੋਰਮੈਨ ਦੇ ਘਰੋ ਆ ਕੇ ਮੈਂ ਪਿੰਡ ਆ ਗਿਆ ਸੀ। ਫਿਰ ਕੁਝ ਦੇਰ ਠਹਿਰ ਕੇ ਧੰਦੀਵਾਲ ਨੂੰ ਚਲ ਪਿਆ ਸੀ। ਅਸੀ ਸ਼ਾਮ ਨੂੰ 6.30 ਤੋਂ 7 ਵਜੇ੍ ਵਿਚਕਾਰ ਧੰਦੀਵਾਲ ਪਹੁੰਚ ਗਏ ਸੀ ਅਤੇ 29/3 ਨੂੰ ਵਾਪਸ ਪਿੰਡ ਆਏ ਸੀ। ਉਸ ਨੇ ਕਿਹਾ 16/3 ਨੂੰ ਮੇਰਾ ਮੋਟਰ ਸਾਈਕਲ ਭੜੀ ਦੇ ਮੁੰਡੇ ਮੰਗ ਕੇ ਲੈ ਕੇ ਗਏ ਸੀ। ਇਸ ਸੰਬੰਧੀ ਅਸੀਂ ਪੁਲੀਸ ਨੂੰ ਦਸ ਦਿਤਾ ਸੀ।
ਪਰਬਤ ਸਿੰਘ ਨੂੰ 26/3 ਤੇ 27/3 ਦੇ ਰੁਝੇਵਿਆਂ ਵਾਰੇ ਪੁਛਿਆ ਤਾਂ ਉਸਨੇ ਦੱਸਿਆ ਕਿ ਮੈਂ 25/3 ਨੂੰ ਸਾਮ ਨੂੰ 9.30 ਵਜੇ੍ਹ ਮੀਮਸੇ ਵਾਲੇ ਹੈਰੀ ਨਾਲ ਧੂਰੀ ਸਟੇਸ਼ਨ ਤੇ ਆ ਗਿਆ ਸੀ। ਇਥੋਂ ਰਾਤ ਦੀ 1:30 ਵਾਲੀ ਗੱਡੀ ਅਸੀ ਚੰਡੀਗੜ੍ਹ ਗਏ ਸੀ। ਸਵੇਰੇ ਚੰਡੀਗੜ੍ਹ ਸਟੇਸ਼ਨ ਤੋਂ ਅਸੀ ੍ਵ।ਭ।ਂ। ਚਲੇ ਗਏ ਸੀ। ਫਿਰ ੍ਵ।ਭ।ਂ। ਤੋਂ ਦੁਪਹਿਰ ਵੇਲੇ ਤਕਰੀਬਨ 1:30 ਵਜੇ ਅਸੀ ਸੁਖਣਾ ਝੀਲ ਤੇ ਚਲੇ ਗਏ ਸੀ। ਉਥੋ ਸ਼ਾਮ ਨੂੰ 8/8.30 ਵਜੇ੍ਹ ਅਸੀਂ ਚੰਡੀਗੜ੍ਹ ਸਟੇਸ਼ਨ ਤੇ ਆ ਕੇ ਧੂਰੀ ਲਈ ਗੱਡੀ ਫੜ ਲਈ ਸੀ ਅਤੇ 27/3 ਨੂੰ 1.30 ਵਜੇ੍ਹ ਸਵੇਰੇ ਅਸੀ ਧੂਰੀ ਪੁੱਜ ਗਏ ਸੀ। ਇਸ ਉਪਰੰਤ ਰਾਤ ਸਟੇਸ਼ਨ ਤੇ ਬਿਤਾਉਣ ਤੋਂ ਮਗਰੋ ਸਵੇਰੇ ਪਿੰਡ ਮਾਨਾ ਚਲਾ ਗਿਆ ਸੀ। ਫਿਰ ਮੈਂ 29/3 ਤੱਕ ਪਿੰਡ ਹੀ ਰਿਹਾ ਹਾਂ।
ਉਪਰੋਕਤ ਅਨੁਸਾਰ ਹੇਠ ਲਿਖੇ ਤੱਥ ਸਾਹਮਣੇ ਆਏ ਹਨ :
1) ਮਨਦੀਪ ਸਿੰਘ ਅਤੇ ਪਰਬਤ ਸਿੰਘ ਨੁੂੰ 9/3/16 ਤੋਂ 13/3/16 ਤੱਕ ਅਮਰਗੜ੍ਹ ਪੁਲੀਸ ਵਲੋਂ ਗੈਰਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਉਹਨਾਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ।
2) ਮਨਦੀਪ ਸਿੰਘ ਅਤੇ ਪਰਬਤ ਸਿੰਘ ਦਾ 26/3 ਨੂੰ ਪਿੰਡ ਬੁਰਜ ਵਿਚ ਕੁੱਤੀ ਚੋਰੀ ਅਤੇ 27/3 ਨੂੰ 4 ਲੱਖ ਰੁਪਏ ਖੋਹਣ ਦੀ ਵਾਰਦਾਤ ਨਾਲ ਕੋਈ ਸੰਬੰਧ ਨਹੀਂ ਹੈ। ਇਹਨਾਂ ਨੂੰ ਗਲਤ ਪਛਾਣ ਦੇ ਅਧਾਰ ਤੇ ਹੀ ਫੜਿਆ ਗਿਆ ਹੈ।
3) ਸਿ਼ਕਾਇਤ ਕਰਤਾ ਸ਼੍ਰੀਮਤੀ ਕ੍ਰਿਸਨਾ ਰਾਣੀ ਵਲੋਂ ਇਹ ਕਹਿਣਾ ਕਿ ਮੈਂ ਹੁਣ ਵੀ ਬਿਨਾਂ ਕਿਸੇ ਸੁਰੱਖਿਆ ਦੇ ਪਿੰਡਾਂ ਵਿਚ ਲੱਖਾਂ ਰੁਪਏ ਦੀ ਉਗਰਾਹੀ ਕਰਨ ਐਕਟਿਵਾ ਤੇ ਹੀ ਜਾਂਦੀ ਹਾਂ। ਪਸਤੌਲ ਦੀ ਨੋਕ ਤੇ ਪੈਸੇ ਖੋਹਣ ਦੀ ਇੰਨੀ ਵੱਡੀ ਘਟਨਾ ਬਾਅਦ ਅਜਿਹਾ ਕਰਨ ਦੀ ਜੁਅਰਤ ਕਰਨਾ ਘਟਨਾ ਦੀ ਅਸਲੀਅਤ ਤੇ ਪ੍ਰਸਨਚਿੰਨ ਲਗਾਉਂਦਾ ਹੈ। ਜਿਸ ਦੀ ਪੜਤਾਲ ਕਰਨੀ ਬਣਦੀ ਹੈ।
4) ਸਿਕਾਇਤ ਕਰਤਾ ਵਲੋ FIR ਦੋ ਦਿਨ ਲੇਟ ਲਿਖਾਉਣਾ ਅਤੇ ਅਪਣੀ ਪੱਧਰ ਤੇ ਪੜਤਾਲ ਕਰਨਾ ਘਟਨਾ ਉਪਰੰਤ ਰਾਹਗੀਰਾਂ ਵਲੋਂ ਹਥਿਆਰਬੰਦ ਲੁਟੇਰਿਆਂ ਦਾ ਬਿਨ੍ਹਾ ਕਿਸੇ ਹਥਿਆਰ ਦੇ ਪਿਛਾ ਕਰਨ ਦੀ ਕਾਰਵਾਈ ਵੀ ਇਸ ਘਟਨਾ ਨੂੰ ਸ਼ੱਕੀ ਬਣਾਉਂਦੀ ਹੈ।
5) 26/3 ਨੂੰ ਕੁੱਤੀ ਚੋਰੀ ਦੀ ਘਟਨਾ ਨਾਲ ਸੰਬੰਧਤ ਭੋਲੂ ਮੀਆਂ ਦੀ ਸ਼੍ਰੀਮਤੀ ਕ੍ਰਿਸਨਾ ਰਾਣੀ ਦੇ ਪਰਿਵਾਰ ਨਾਲ ਨੇੜਤਾ ਹੋਣਾ ਅਤੇ 6/4 ਨੂੰ ਮੋਟਰਸਾਈਕਲ ਫੜਨ ਸਮੇਂ ਖਿਚੀਆ ਫੋਟੋਆ ਤੁਰੰਤ ਕ੍ਰਿਸਨਾ ਦੇਵੀ ਪਾਸ ਭੇਜਣਾ ਕਿਸੇ ਮਿਲੀਭੁਗਤ ਨੂੰ ਦਰਸਾਉਂਦਾ ਹੈ ਜਿਸ ਦੀ ਪੜਤਾਲ ਕਰਨੀ ਬਣਦੀ ਹੈ। ਦੂਸਰੇ ਪਹਿਲਾਂ ਫੋਟੋਆ ਖਿਚਕੇ ਪਿਛੋ ਥਾਣੇ ਵਿਚ ਉਸ ਵਿਅਕਤੀ ਦੀ ਸ਼ਨਾਖਤ ਕਰਨ ਦੀ ਕੋਈ ਵਾਜਬੀਅਤ ਨਹੀਂ ਬਣਦੀ।
6) ਮਨਦੀਪ ਸਿੰਘ ਵਲੋਂ 16/4 ਨੂੰ ਜਿੰਨ੍ਹਾ ਵਿਅਕਤੀਆਂ ਨੂੰ ਮੋਟਰ ਸਾਈਕਲ ਦਿੱਤਾ ਗਿਆ ਸੀ । ਉਹਨਾਂ ਦੀ ਮਨਦੀਪ ਸਿੰਘ ਦੀ ਪੁਲੀਸ ਹਿਰਾਸਤ ਸਮੇਂ ਇਸ ਦੇ ਸਾਹਮਣੇ ਪੜਤਾਲ ਨਾ ਕਰਨੀ ਪੁਲੀਸ ਦੀ ਕਾਰਗੁਜਾਰੀ ਤੇ ਪ੍ਰਸਨਚਿੰਨ ਲਗਾਉਂਦਾ ਹੈ।
7) ਘਟਨਾ ਦੀ ਪੜਤਾਲ ਕਰਨ ਸੰਬੰਧੀ ਵੀ ਪੁਲੀਸ ਦੀ ਦੋਗਲੀ ਪਹੁੰਚ ਸਾਹਮਣੇ ਆਉਂਦੀ ਹੈ। ਦਲਿਤ ਮਜਦੂਰਾਂ ਨੂੰ ਸੱ਼ਕ ਦੇ ਅਧਾਰ ਤੇ ਹੀ ਗੈਰ ਕਾਨੂੰਨੀ ਹਿਰਾਸਤ ਵਿਚ ਲੈ ਕੇ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ। ਪਰ ਜੇਕਰ ਇਸਦੀ ਥਾਂ ਕੋਈ ਅਮੀਰ ਤੇ ਰਸੂਖਵਾਨ ਵਿਅਕਤੀਆਂ ਦੇ ਲੜਕੇ ਹੁੰਦੇ ਤਾਂ ਸਿਰਫ ਪ੍ਰਸਨ ਪੁੱਛ ਕੇ ਮੁਬਾਇਲ ਲੁਕੇਸ਼ਨਾਂ ਪਤਾ ਕਰਕੇ ਹੀ ਸਾਰ ਲਿਆ ਜਾਂਦਾ।
ਸਭਾ ਮੰਗ ਕਰਦੀ ਹੈ :1) ਸ਼੍ਰੀ ਮਨਦੀਪ ਸਿੰਘ ਅਤੇ ਸ਼੍ਰੀ ਪਰਬਤ ਸਿੰਘ ਨੂੰ 5 ਦਿਨ ਗੈਰਕਾਨੂੰਨੀ ਹਿਰਾਸਤ ਵਿਚ ਰੱਖਕੇ ਅਣਮਨੁੱਖੀ ਤਸੀਹੇ ਦੇਣ ਵਾਲੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
2) 26/3 ਨੂੰ ਬੁਰਜ ਵਿਖੇ ਕੁੱਤੀ ਚੁੱਕਣ, ਅਤੇ 27/3 ਨੂੰ ਚਾਰ ਲੱਖ ਖੋਹਣ ਦੀਆਂ ਵਾਰਦਾਤਾਂ ਦੀ ਸਪੈਛਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਜਾਂਚ ਕੀਤੀ ਜਾਵੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।
3) ਸ਼੍ਰੀ ਮਨਦੀਪ ਸਿੰਘ ਅਤੇ ਸ਼੍ਰੀ ਪਰਬਤ ਸਿੰਘ ਨੂੰ ਆਪਣਾ ਇਲਾਜ ਕਰਾਉਣ, ਗੁਜਾਰਾ ਚਲਾਉਣ ਅਤੇ ਕਾਨੂੰਨੀ ਚਾਰਾਜੋਈ ਕਰਨ ਲਈ ਯੋਗ ਮੁਆਵਜਾ ਦਿੱਤਾ ਜਾਵੇ।
ਵੱਲੋਂ : ਜਮਹੂਰੀ ਅਧਿਕਾਰ ਸਭਾ, ਜਿ਼ਲ੍ਹਾ ਇਕਾਈ ਸੰਗਰੂਰ
ਜਾਰੀ ਕਰਤਾ ਸੁਖਵਿੰਦਰ ਪੱਪੀ ਸਕੱਤਰ (9417040717)
No comments:
Post a Comment