Saturday, May 21, 2016

ਜੋਧਪੁਰ ਕਿਸਾਨ ਮਾਂ-ਪੁੱਤ ਖੁਦਕੁਸ਼ੀ ਬਰਨਾਲਾ ਇਕਾਈ ਦੀ ਪੜ੍ਹਤਾਲੀਆ ਰਿਪੋਰਟ

ਜੋਧਪੁਰ ਕਿਸਾਨ ਮਾਂ-ਪੁੱਤ ਖੁਦਕੁਸ਼ੀ ਕਾਂਡ
ਜਮਹੂਰੀ ਅਧਿਕਾਰ ਸਭਾ ਜਿਲ੍ਹਾ ਬਰਨਾਲਾ ਦੀ ਪੜ੍ਹਤਾਲੀਆ ਰਿਪੋਰਟ
26 ਅਪਰੈਲ ਨੂੰ ਬਰਨਾਲੇ ਨੇੜਲੇ ਪਿੰਡ ਜੋਧਪੁਰ ਦੇ ਕਿਸਾਨ ਮਾਂ-ਪੁੱਤ ਵੱਲੋਂ ਪੁਲੀਸ, ਸਿਵਲ ਪ੍ਰਸ਼ਾਸ਼ਨ ਤੇ ਲੋਕਾਂ ਦੀ ਹਾਜ਼ਰੀ ਵਿਚ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰ ਲੈਣ ਦੀ ਹਿਰਦੇਵੇਦਕ ਖਬਰ ਸੋਸ਼ਲ-ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲੀ। ਅੱਜ ਕੱਲ ਪੰਜਾਬ ’ਚ ਕਿਸਾਨਾਂ ਵੱਲੋਂ ਰੋਜ਼ਾਨਾਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਮੀਡੀਆ ਦਾ ਬਹੁਤ ਘੱਟ ਧਿਆਨ ਖਿਚਦੀਆਂ ਹਨ ਪਰ ਇਸ ਘਟਨਾ ਦੀ ਵਿਲੱਖਣਤਾ ਨੇ ਮੀਡੀਆ ਤੇ ਆਮ ਲੋਕਾਈ ਦੀ ਸਮੂਹਿਕ ਚੇਤਨਾ ਨੂੰ ਇੱਕ ਵਾਰ ਜ਼ਰੂਰ ਹਲੂਣਿਆ।
ਗੰਭੀਰ ਖੇਤੀ ਸੰਕਟ ਕਾਰਨ ਕਿਸਾਨ ਖੁਦਕੁਸ਼ੀਆਂ ਪੰਜਾਬ ਸਮੇਤ ਪੂਰੇ ਦੇਸ਼ ਵਿਚ ਸੰਨ ਨੱਬਵਿਆਂ ਦੇ ਅੱਧ ਤੋਂ ਬਾਅਦ ਇਕ ਚਿੰਤਾਜਨਕ ਵਰਤਾਰਾ ਬਣ ਗਈਆਂ ਹਨ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਸੰਨ 1997 ਤੋਂ ਬਾਅਦ ਦੇ ਡੇਢ ਦਹਾਕੇ ਦੌਰਾਨ 2,96,000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਦੇਸ਼ ਵਿਚ ਹਰ ਸਾਲ ਤਕਰੀਬਨ 17,000 ਕਿਸਾਨ ਖੁਦਕੁਸ਼ੀ ਕਰਦੇ ਹਨ ਅਤੇ ਪਿਛਲੇ ਦਹਾਕੇ ਦੌਰਾਨ ਪ੍ਰਤੀ ਦਿਨ 47 ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਅੰਕੜਾ ਹੁਣ ਵਧ ਕੇ 52 ਦਾ ਹੋ ਗਿਆ ਹੈ, ਯਾਨਿ ਹਰ ਅੱਧੇ ਘੰਟੇ ਬਾਅਦ ਇਕ ਕਿਸਾਨ ਨੂੰ ਖੇਤੀ ਸੰਕਟ ਦਾ ਦੈਂਤ ਨਿਗਲ ਲੈਂਦਾ ਹੈ। 2011 ਦੀ ਜਨਗਣਨਾ ਅਨੁਸਾਰ 2000 ਕਿਸਾਨ ਹਰ ਰੋਜ਼ ਖੇਤੀ ਦਾ ਧੰਦਾ ਛੱਡ ਰਹੇ ਹਨ। ਖੇਤੀ ਖੇਤਰ ਵਿਚ ਮੋਹਰੀ ਗਿਣੇ ਜਾਂਦੇ ਸੂਬੇ ਪੰਜਾਬ ਵਿਚ ਸੰਨ 2001 ਤੋਂ ਸ਼ੁਰੂ ਹੋਏ ਦਹਾਕੇ ਵਿਚ ਕੁਲ 6926 ਕਿਸਾਨਾਂ ਤੇ ਖੇਤ-ਮਜ਼ਦੂਰਾਂ ਨੇ ਖੇਤੀ ਸੰਕਟ ਨਾਲ ਸਬੰਧਿਤ ਕਾਰਨਾਂ ਕਰ ਕੇ ਖੁਦਕੁਸ਼ੀ ਕੀਤੀ। ਸਰਕਾਰੀ ਅੰਕੜਿਆਂ ਮੁਤਾਬਕ ਸੰਨ 2015 ਵਿਚ ਪੰਜਾਬ ਵਿਚ ਕੁਲ 449 ਕਿਸਾਨਾਂ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕੀਤੀ। ਮੌਜੂਦਾ ਸੂਬਾ ਸਰਕਾਰ ਵੱਲੋਂ ਵਿਕਾਸ ਦੇ ਮਾਰੇ ਜਾ ਰਹੇ ਦਮਗਜ਼ਿਆਂ ਦਾ ਸਿੱਟਾ ਦੇਸ਼ ਭਰ ਚੋਂ ਸੂਬੇ ਦਾ ਕਿਸ਼ਾਨ ਖੁਦਕਸ਼ੀਆਂ ਦੇ ਖੇਤਰ ਵਿੱਚ ਦੂਜੇ ਨੰਬਰ ’ਤੇ ਆਉਣ ’ਚ ਨਿਕਲਿਆ ਹੈ। 25 ਅਪਰੈਲ ਨੂੰ ਲੋਕ ਸਭਾ ਵਿੱਚ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਗਿਆ ਕਿ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿਚ ਦੇਸ਼ ਵਿਚ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ ਹੈ ਅਤੇ ਇਸ ਸਾਲ 11 ਮਾਰਚ ਤੱਕ ਪੰਜਾਬ ਵਿਚ 56 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ (ਚੇਤੇ ਰਹੇ ਕਿ ਇਹ ਸਰਕਾਰੀ ਅੰਕੜੇ ਹਨ ਅਤੇ ਇਹ ਜੱਗ-ਜ਼ਾਹਿਰ ਹੈ ਕਿ ਅਜਿਹੇ ਅੰਕੜੇ ਬਹੁਤ ਘਟਾ ਕੇ ਹੀ ਦੱਸੇ ਜਾਂਦੇ ਹਨ)।
ਜੋਧਪੁਰ ਦੇ ਕਿਸਾਨ ਪਰਿਵਾਰ ਨਾਲ ਸਬੰਧਿਤ ਮਾਂ-ਪੁੱਤ ਵੱਲੋਂ ਕੀਤੀ ਖੁਦਕੁਸ਼ੀ ਦੀ ਘਟਨਾ ਨਾਲ ਜੁੜ੍ਹੇ ਵਿਸ਼ੇਸ਼ ਕਾਰਨਾਂ ਦੇ ਬਾਵਜੂਦ, ਕਿਸਾਨ ਖੁਦਕੁਸ਼ੀਆਂ ਦੇ ਸਮੁੱਚੇ ਵਰਤਾਰੇ ਦੀ ਹੀ ਇਕ ਕੜੀ ਹੈ ਜਿਸ ਦੇ ਵਿਆਪਕ ਕਾਰਨਾਂ ਦੀ ਪੈੜ, ਦੇਸ਼ ਦੇ ਹਾਕਮਾਂ ਵੱਲੋਂ ਕਿਸਾਨਾਂ ਸਿਰ ਥੋਪੇ ‘ਖੇਤੀ ਵਿਕਾਸ ਦੇ ਲੋਕ ਵਿਰੋਧੀ ਮਾਡਲ’ ਅਤੇ ਸਾਮਰਾਜੀ ਮੁਲਕਾਂ ਦੇ ਦਬਾਅ ਹੇਠ ਲਾਗੂ ਕੀਤੀਆਂ ਨਵ-ਉਦਾਰਵਾਦੀ ਨੀਤੀਆਂ ਤੱਕ ਜਾ ਪਹੁੰਚਦੀ ਹੈ। ਇਸ ਘਟਨਾ ਨਾਲ ਸਿੱਧੇ ਤੇ ਫੌਰੀ ਤੌਰ ’ਤੇ ਜੁੜ੍ਹੇ ਵਿਸ਼ੇਸ਼ ਕਾਰਨਾਂ ਅਤੇ ਇੰਨ੍ਹਾਂ ਦੀ ਕਿਸਾਨ ਖੁਦਕਸ਼ੀਆਂ ਦੇ ਸਮੁੱਚੇ ਵਰਤਾਰੇ ਨਾਲ ਸਬੰਧਾਂ ਦੀ ਬਰੀਕੀ ਨਾਲ ਛਾਣਬੀਨ ਕਰਨ ਦੀ ਮਨਸ਼ਾ ਨਾਲ ਜਮਹੂਰੀ ਅਧਿਕਾਰ ਸਭਾ ਜਿਲ੍ਹਾ ਬਰਨਾਲਾ ਨੇ ਇਕ 5 ਮੈਂਬਰੀ ਪੜਤਾਲੀਆ ਕਮੇਟੀ ਦਾ ਗਠਨ ਕੀਤਾ। ਗੁਰਮੇਲ ਸਿੰਘ ਠੁੱਲੀਵਾਲ, ਬਲਵੰਤ ਸਿੰਘ ਉਪਲੀ, ਹਰਚਰਨ ਪੱਤੀ, ਹਰਚਰਨ ਸਿੰਘ ਚਹਿਲ ਅਤੇ ਪਰਮਜੀਤ ਕੌਰ ਜੋਧਪੁਰ ਉੱਪਰ ਆਧਾਰਿਤ ਇਸ ਟੀਮ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਇਲਾਵਾ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ, ਗੁਆਂਢੀਆਂ, ਪਿੰਡ ਦੇ ਸਰਪੰਚ ਨਾਜ਼ਰ ਸਿੰਘ, ਪੰਚ ਤੇ ਪ੍ਰਧਾਨ ਗੁਰਦੁਵਾਰਾ ਕਮੇਟੀ ਦਰਸ਼ਨ ਸਿੰਘ, ਸਾਬਕਾ ਪ੍ਰਧਾਨ ਗੁਰਦੁਵਾਰਾ ਕਮੇਟੀ ਸ਼ੇਰ ਸਿੰਘ, ਬੀ.ਕੇ.ਯੂ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਪਿੰਡ ਇਕਾਈ ਦੇ ਮੀਤ-ਪ੍ਰਧਾਨ ਤੇ ਮਿ੍ਰਤਕ ਬਲਜੀਤ ਸਿੰਘ ਦੇ ਚਾਚਾ ਬਲਵਿੰਦਰ ਸਿੰਘ, ਕੱਚਾ-ਆੜ੍ਹਤੀ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ, ਮੈਂਬਰ ਇਕਬਾਲ ਸਿੰਘ ਢਿੱਲੋਂ, ਪੁਲੀਸ ਅਧਿਕਾਰੀ ਸਵਰਨ ਸਿੰਘ ਖੰਨਾ (ਐਸ.ਪੀ.-ਡੀ), ਪਟਵਾਰੀ ਮਹਿੰਦਰ ਸਿੰਘ ਆਦਿ ਨਾਲ ਮੁਲਾਕਾਤ ਕਰ ਕੇ ਮਾਮਲੇ ਨਾਲ ਸਬੰਧਿਤ ਤੱਥ ਤੇ ਵੇਰਵੇ ਇਕੱਠੇ ਕੀਤੇ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਤਕ ਬਲਜੀਤ ਸਿੰਘ ਦਾ ਪਿਤਾ ਸਵ: ਦਰਸ਼ਨ ਸਿੰਘ ਪੁੱਤਰ ਦਲੀਪ ਸਿੰਘ ਲਾਗਲੇ ਪਿੰਡ ਚੀਮਾ ਦੇ ਆੜ੍ਹਤੀਏ ਤੇਜਾ ਸਿੰਘ ਤੇ ਬਲਜੀਤ ਸਿੰਘ ਦਾ, ਪਹਿਲਾਂ ਤੋਂ ਚਲੇ ਆਉਂਦੇ ਹਿਸਾਬ-ਕਿਤਾਬ ਮੁਤਾਬਕ ਸੰਨ 2002 ਵਿਚ 1,80,000 ਰੁਪਏ ਦਾ ਕਰਜ਼ਾਈ ਸੀ ਜਿਸ ਦੀ ਤੇਜਾ ਸਿੰਘ ਆੜ੍ਹਤੀਏ ਨੇ ਉਸ ਸਾਲ ਲਿਖਤ-ਪੜ੍ਹਤ ਕਰ ਲਈ। ਇਕ ਸਾਲ ਬਾਅਦ ਸੰਨ 2003 ਵਿਚ ਉਸ ਨੇ ਬਿਲਕੁਲ ਅਨਪੜ੍ਹ,ਸਾਧਾਰਨ ਬੁੱਧੀ ਦੇ ਮਾਲਕ ਅਤੇ ਥੋੜੇ ਨਸ਼ੇ-ਪੱਤੇ ਦੇ ਆਦੀ ਦਰਸ਼ਨ ਸਿੰਘ ਤੋਂ 2,80,000 ਰੁਪਏ (ਸਾਲ ਭਰ ਵਿਚ ਦੇਣਦਾਰੀ ਵਿਚ ਇਹ ਇਕ ਲੱਖ ਦਾ ਵਾਧਾ ਜੋ ਸਿਰਫ਼ ਵਿਆਜ਼ ਕਾਰਨ ਸੀ ਜਾਂ ਕੁਝ ਹੋਰ ਲੈਣ-ਦੇਣ ਹੋਇਆ ਸੀ, ਦਾ ਪਤਾ ਨਹੀ ਲੱਗ ਸਕਿਆ) ਦੀ ਦੇਣਦਾਰੀ ਦੇ ਬਦਲੇ ਉਸ ਦੀ 15 ਕਨਾਲ ਜ਼ਮੀਨ ਦੇ ਬਿਆਨੇ ਉੱਪਰ ਅੰਗੂਠਾ ਲਗਵਾ ਲਿਆ--(ਹੁਣ ਫੌਤ ਹੋ ਚੁੱਕੇ ਦਰਸ਼ਨ ਸਿੰਘ ਅਤੇ ਮਿ੍ਰਤਕਾਂ ਤੋਂ ਇਲਾਵਾ ਬਾਕੀ ਬੱਚਦਾ ਪਰਿਵਾਰ ਵੀ ਬਿਲਕੁਲ ਅਨਪੜ੍ਹ ਹੈ। ਦਰਸ਼ਨ ਸਿੰਘ ਦਾ ਦੂਜਾ ਬੇਟਾ ਤੇ ਨੂੰਹ ਵੀ ਬਿਲਕੁਲ ਅਨਪੜ੍ਹ ਤੇ ਸਧਾਰਨ ਬੁੱਧੀ ਦੇ ਮਾਲਕ ਹਨ। 12-13 ਸਾਲ ਦਾ ਪੋਤਾ ਬੱਕਰੀਆਂ ਚਾਰਦਾ ਹੈ, 10-11 ਸਾਲ ਦੀ ਪੋਤੀ ਹੀ ਸਕੂਲ ਜਾਂਦੀ ਹੈ)--। ਬਿਆਨੇ ਵਿਚ ਲਿਖੀ ਤਰੀਕ ਲੰਘ ਜਾਣ ’ਤੇ ਆੜ੍ਹਤੀ ਤੇਜਾ ਸਿੰਘ ਸੰਨ 2004-05 ਵਿੱਚ ਬਿਆਨੇ ਦੇ ਆਧਾਰ ’ਤੇ ਜ਼ਮੀਨ ਦੀ ਰਜਿਸਟਰੀ ਉਸ ਦੇ ਨਾਮ ਕਰਨ ਲਈ ਮਾਲ ਵਿਭਾਗ ਕੋਲ ਪੇਸ਼ ਹੋਇਆ। ਦੂਸਰੀ ਧਿਰ ਦੀ ਗ਼ੈਰ-ਹਾਜ਼ਰੀ ਦਾ ਅੜ੍ਹਿਕਾ ਲੱਗ ਜਾਣ ਕਾਰਨ ਤੇਜਾ ਸਿੰਘ ਸਿਵਲ ਕੋਰਟ ਚਲਾ ਗਿਆ। ਇਸ ਸਾਰੀ ਪਰਕਿਰਿਆ ਦੌਰਾਨ ਦਰਸ਼ਨ ਸਿੰਘ ਕੋਰਟਾਂ ਵਿਚ ਇਸ ਕੇਸ ਦੀ ਪੈਰਵਾਈ ਪ੍ਰਤੀ ਅਵੇਸਲਾ ਰਿਹਾ। ਇਸ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਅਦਾਲਤੀ ਸੰਮਨ ਮਿਲੇ ਵੀ ਸਨ ਕਿ ਨਹੀਂ। ਇਸ ਦੌਰਾਨ ਅਪਰੈਲ 2012 ਵਿਚ ਦਰਸ਼ਨ ਸਿੰਘ ਦੀ ਮੌਤ ਹੋ ਗਈ। ਮਿਤੀ 07-12-2012 ਨੂੰ ਸਿਵਲ ਕੋਰਟ ਬਰਨਾਲਾ ਨੇ ਆਪਣਾ ਨੁਮਾਇੰਦਾ ਤਹਿਸੀਲਦਾਰ ਦਫਤਰ ਭੇਜ ਕੇ ਤੇਜਾ ਸਿੰਘ ਆੜ੍ਹਤੀ ਵੱਲੋਂ ਨਾਮਜ਼ਦ ਉਸ ਦੇ ਕਾਰੋਬਾਰੀ ਹਿੱਸੇਦਾਰ ਬਲਜੀਤ ਸਿੰਘ ਆੜ੍ਹਤੀ ਦੇ ਨਾਂ ਕੁਲ 5,62,000 ਰੁਪਏ ਦੇ ਬਦਲੇ ਵਿੱਚ 15 ਕਨਾਲ ਜ਼ਮੀਨ ਦੀ ਰਜਿਸਟਰੀ ਕਰਵਾ ਦਿਤੀ (ਇਸ 5,62,000 ਦੀ ਰਕਮ ਵਿਚ ਆੜਤੀ ਤੇਜਾ ਸਿੰਘ ਵੱਲੋਂ, ਸਵ:ਦਰਸ਼ਨ ਸਿੰਘ ਦੀ ਇਕ ਕੌਮੀਕਿ੍ਰਤ ਬੈਂਕ ਦੇ ਕਰਜ਼ੇ ਬਦਲੇ, ਸਰਕਾਰੀ ਖਜ਼ਾਨੇ ਵਿਚ ਜਮਾਂ ਕਰਵਾਈ ਗਈ ਰਕਮ ਵੀ ਸ਼ਾਮਲ ਹੈ)। ਇਹ ਜ਼ਮੀਨ ਪਿੰਡ ਜੋਧਪੁਰ ਦੇ ਦੱਖਣ-ਪੱਛਮ ਦੀ ਨਿਆਂਈ ਵਿਚ ਫਿਰਨੀ ’ਤੇ ਰਿਹਾਇਸ਼ੀ ਇਲਾਕੇ ਵਿਚ ਹੋਣ ਕਾਰਨ ਆਮ ਜ਼ਮੀਨਾਂ ਨਾਲੋਂ ਕਾਫੀ ਮਹਿੰਗੇ ਮੁੱਲ ਦੀ ਜ਼ਮੀਨ ਹੈ। ਮਿ੍ਰਤਕਾਂ ਦੇ ਘਰ ਦਾ ਮਾਮੂਲੀ ਹਿੱਸਾ ਛੱਡ ਕੇ ਉਨ੍ਹਾਂ ਦਾ ਸਾਰਾ ਘਰ ਵੀ ਇਸੇ ਜ਼ਮੀਨ ਵਿਚ ਆਉਂਦਾ ਹੈ। ਭਾਵ ਕਬਜ਼ਾ ਹੋ ਜਾਣ ‘ਤੇ ਪਰਿਵਾਰ ਨੇ ਕੁੱਲੀ ਗੁੱਲੀ ਤੋਂ ਪੂਰੀ ਤਰ੍ਹਾਂ ਬਾਹਰਾ ਹੋ ਜਾਣਾ ਸੀ।
ਜਿਲ੍ਹਾ ਪ੍ਰਸ਼ਾਸਨ ਰਾਹੀਂ ਅਤੇ ਹਾਈਕੋਰਟ ਦੇ ਹੁਕਮਾਂ ਰਾਹੀਂ ਜ਼ਮੀਨ ਦਾ ਕਬਜ਼ਾ ਲੈਣ ਦੀਆਂ ਕਈ ਕੋਸ਼ਿਸ਼ਾਂ ਕਿਸਾਨ ਜਥੇਬੰਦੀ ਬੀ.ਕੇ.ਯੂ ਡਕੌਂਦਾ ਦੇ ਸਖਤ ਵਿਰੋਧ ਕਾਰਨ ਸਿਰੇ ਨਾ ਚੜ੍ਹ ਸਕੀਆਂ। ਇਸ ਦੌਰਾਨ ਪਿੰਡ ਤੇ ਇਲਾਕੇ ਦੇ ਮੋਹਤਵਰ ਬੰਦਿਆਂ ਅਤੇ ਬੀ.ਕੇ.ਯੂ ਡਕੌਂਦਾ ਦੇ ਜ਼ਿਲ੍ਹਾ ਆਗੂਆਂ ਨੇ ਕਈ ਵਾਰ ਦੋਹਾਂ ਧਿਰਾਂ ਵਿਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇੰਨ੍ਹਾ ਕੋਸ਼ਿਸ਼ਾਂ ਕਰਨ ਵਾਲੇ ਬੰਦਿਆਂ ਨੇ ਪੜਤਾਲੀਆ ਟੀਮ ਨੂੰ ਦੱਸਿਆ ਕਿ ਹਰ ਵਾਰ ਆੜ੍ਹਤੀ ਤੇਜਾ ਸਿੰਘ ਕਿਸੇ ਬਹਾਨੇ ਗੱਲਬਾਤ ਟਾਲ ਜਾਂਦਾ ਸੀ ਅਤੇ ਬਿਲਕੁਲ ਸੰਭਵ ਲੱਗਦੇ ਸਮਝੌਤੇ ਨੂੰ ਤਾਰਪੀਡੋ ਕਰ ਦਿੰਦਾ ਸੀ। ਇਕ ਵਾਰ ਸਰਪੰਚ ਦੇ ਘਰ 100 ਤੋਂ ਵਧ ਬੰਦਿਆਂ ਦੇ ਇਕੱਠ ਵਿੱਚ ਤੇਰਾਂ ਲੱਖ ਦਾ ਪ੍ਰਸਤਾਵ ਵੀ ਠੁਕਰਾ ਦਿੱਤਾ ਜਦ ਕਿ ਕੁਲ ਰਕਮ ਸਾਰੇ ਖਰਚਿਆਂ ਸਮੇਤ 15 ਲੱਖ ਤੋਂ ਵੀ ਘੱਟ ਬਣਦੀ ਸੀ। ਇਕ ਵਾਰ ਚਾਰ ਕਨਾਲ ਜ਼ਮੀਨ ਦਿਤੇ ਜਾਣ ਦੀ ਆਫਰ ਠੁਕਰਾ ਦਿਤੀ ਜਿਸ ਦੀ ਬਾਜ਼ਾਰੂ ਕੀਮਤ ਆੜਤੀਏ ਦੀ ਬਣਦੀ ਕੁੱਲ ਰਕਮ ਤੋਂ ਕਿਤੇ ਜ਼ਿਆਦਾ ਸੀ।
ਸੰਨ 2016 ਦੇ ਫਰਵਰੀ ਮਹੀਨੇ ਵਿਚ ਹਾਈਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਕਬਜ਼ਾ ਵਰੰਟ ਦੀ ਤਰੀਕ 26-04-16 ਤਹਿ ਹੋਈ ਸੀ ਜਿਸ ਉੱਪਰ ਕੀਤੀ ਗਈ ਕਾਰਵਾਈ ਦੀ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈਕੋਰਟ ਨੂੰ 06-05-16 ਨੂੰ ਦੇਣੀ ਹੈ। ਮਿਤੀ 25-04-16 ਨੂੰ ਸ਼ਾਮ ਨੂੰ ਪੁਲੀਸ ਨੇ ਅਗਲੇ ਦਿਨ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪਰਿਵਾਰ ਨੂੰ ਖਬਰ ਕੀਤੀ ਅਤੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ, ਇਸ ਸੂਚਨਾ ਕਾਰਨ ਪਰਿਵਾਰ ਬਹੁਤ ਤਣਾਅ ਵਿੱਚ ਆ ਗਿਆ। ਇਕ ਮੈਂਬਰ ਨੇ ਦੱਸਿਆ ਕਿ ਦੋਵੇਂ ਮਿ੍ਰਤਕਾਂ ਨੇ ਤਾਂ ਉਸ ਰਾਤ ਖਾਣਾ ਵੀ ਨਹੀਂ ਖਾਧਾ। 26 ਤਰੀਕ ਨੂੰ ਗਿਆਰਾਂ ਕੁ ਵਜੇ ਡਿਊਟੀ ਮੈਜਿਸਟਰੇਟ ਅਤੇ ਪੁਲੀਸ ਦੇ ਭਾਰੀ ਗਿਣਤੀ ਵਿਚ ਪਹੁੰਚਣ ਤੋਂ ਪਹਿਲਾਂ ਹੀ ਬੀ.ਕੇ.ਯੂ ਡਕੌਂਦਾ ਦੀ ਜਿਲ੍ਹੇ ਦੀ ਲੀਡਰਸ਼ਿਪ ਆਪਣੇ ਸੌ-ਡੇਢ ਸੌ ਕਾਰਕੁਨਾਂ ਸਮੇਤ ਦਰੀਆਂ ਵਿਛਾ ਕੇ ਝਗੜ੍ਹੇ ਵਾਲੀ ਜ਼ਮੀਨ ਉੱਪਰ ਧਰਨਾ ਲਾ ਕੇ ਬੈਠੀ ਹੋਈ ਸੀ। ਪੁਲੀਸ ਨੇ ਗੱਲਬਾਤ ਰਾਹੀਂ ਕਿਸਾਨ ਲੀਡਰਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਪਰ ਉਹ ਨਾਹਰੇ ਲਾਉਦੇ ਅਤੇ ਕਬਜ਼ਾ ਵਰੰਟ ’ਤੇ ਕੋਈ ਕਾਰਵਾਈ ਨਾ ਕਰਨ ਦੀ ਮੰਗ ’ਤੇ ਅੜੇ ਰਹੇ। ਇਸ ਦੌਰਾਨ ਆੜ੍ਹਤੀ ਤੇਜਾ ਸਿੰਘ, ਬਲਜੀਤ ਸਿੰਘ ਅਤੇ ਉਨ੍ਹਾਂ ਦਾ ਇਕ ਸਾਥੀ ਬਲਜੀਤ ਸਿੰਘ ਕੈਂਰੋ ਉਰਫ ਬਾਬਾ ਆ ਗਏ ਅਤੇ ਉਨ੍ਹਾਂ ਨੇ ਮਿ੍ਰਤਕ ਦੇ ਘਰ ਮੂਹਰੇ ਪਏ ਮੰਜੇ ਉੱਪਰ ਪੂਰੇ ਜੇਤੂ ਅੰਦਾਜ਼ ਵਿਚ ਬੈਠਣ ਦੀ ਭੜਕਾਊ ਹਰਕਤ ਕੀਤੀ। ਇਸ ਹਰਕਤ ’ਤੇ ਮਿ੍ਰਤਕ ਬਲਜੀਤ ਸਿੰਘ ਉਰਫ ਬੱਲੂ ਨੂੰ ਗੁੱਸਾ ਆਇਆ ਜਿਸ ਕਾਰਨ ਉਸ ਦੀ ਤੇਜਾ ਸਿੰਘ ਨਾਲ ਤਿੱਖੀ ਤਕਰਾਰ ਵੀ ਹੋਈ। ਪਰ ਪ੍ਰਸਾਸ਼ਨ ਨੇ ਆੜਤੀਆਂ ਨੂੰ ਭੜਕਾਊ ਹਰਕਤਾਂ ਕਰਨ ਤੋਂ ਨਹੀਂ ਰੋਕਿਆ ।
ਧਰਨੇ ਵਾਲੀ ਜਗ੍ਹਾ ’ਤੇ ਡਟੇ ਹੋਏ ਅਤੇ ਪ੍ਰਸ਼ਾਸ਼ਨ ਖਿਲਾਫ ਨਾਹਰੇਬਾਜ਼ੀ ਕਰਦੇ ਕਿਸਾਨ ਆਗੂਆਂ ਦੀ ਪੁਲੀਸ ਨੇ ਫੜੋ-ਫੜਾਈ ਸ਼ੁਰੂ ਕਰ ਦਿਤੀ ਅਤੇ ਕੁਝ ਕੁ ਨੂੰ ਥੋੜੀ ਦੂਰ ਖੜੀ ਆਪਣੀ ਬੱਸ ਵਿਚ ਬਿਠਾ ਲਿਆ। ਇਸ ਰੌਲੇ-ਰੱਪੇ ਦੌਰਾਨ ਸ਼ਾਇਦ ਖੁਦ ਨੂੰ ਬੇਸਹਾਰਾ ਹੁੰਦੇ ਅਤੇ ਘਰ ਸਮੇਤ ਆਪਣਾ ਸਭ-ਕੁਝ ਖੁਸਦੇ ਦੇਖ ਬਲਜੀਤ ਸਿੰਘ ਉਰਫ ਬੱਲੂ, ਘਰ ਦੀ ਵੱਖੀ ’ਚ ਰੱਖੇ ਇਕ ਛੋਟੇ ਗੇਟ ਰਾਹੀਂ ਦਾਖਲ ਹੋਕੇ, ਲੋਹੇ ਦੀ ਪੌੜੀ ਰਾਹੀਂ ਛੱਤ ਪੁਤਰ ਚੜ੍ਹ ਗਿਆ ਅਤੇ ਪੌੜੀ ਉਪਰ ਖਿੱਚ ਲਈ। ਉਹ ਛੱਤ ਉਪਰੋਂ ਹੀ ਪੁਲੀਸ ਨੂੰ, ਜ਼ਮੀਨ ਉਪਰ ਕਬਜ਼ਾ ਕਰਵਾਉਣ ਦੀ ਕਾਰਵਾਈ ਨੂੰ ਬੰਦ ਕਰਨ ਵਰਨਾ ਜ਼ਹਿਰ ਪੀ ਲੈਣ ਦੀਆਂ ਗੱਲਾਂ ਕਰਦਾ ਰਿਹਾ। ਕੋਈ ਸਾਰਥਿਕ ਪ੍ਰਤੀਕਰਮ ਨਾ ਮਿਲਣ ‘ਤੇ, ਉਸ ਨੇ ੳੱੁਥੇ ਹਾਜ਼ਰ ਪ੍ਰਸ਼ਾਸ਼ਨ ਤੇ ਲੋਕਾਂ ਦੇ ਸਾਹਮਣੇ ਹੀ ਕੀਟਨਾਸ਼ਕ ਪੀ ਲਿਆ। ਘਟਨਾਕ੍ਰਮ ਦੀ ਅਸਲੀਅਤ ਮਹਿਸੂਸ ਕਰਨ ਬਾਅਦ ਉਥੇ ਹਾਜ਼ਰ ਪਰਿਵਾਰਕ ਮੈਂਬਰ, ਗੁਆਂਢੀ ਤੇ ਪੁਲੀਸ ਮੁਲਾਜ਼ਮ ਉਸ ਨੂੰ ਹੇਠਾਂ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ। ਇਸੇ ਰੌਲੇ ਰੱਪੇ ਵਿਚ ਭਾਣਾ ਵਰਤ ਜਾਣ ਦਾ ਪਤਾ ਲੱਗਣ ’ਤੇ ਉਸ ਦੀ ਮਾਤਾ ਬਲਵੀਰ ਕੌਰ ਨੇ ਵੀ ਘਰ ਵਿਚ ਪਿਆ ਹੋਇਆ ਕੀਟਨਾਸ਼ਕ ਚੁਕ ਕੇ ਪੀ ਲਿਆ। ਪਤਾ ਲੱਗਣ ’ਤੇ ਪੁਲੀਸ ਵਾਲਿਆਂ ਨੇ ਫੜੇ ਹੋਏ ਕਿਸਾਨ ਲੀਡਰਾਂ ਨੂੰ ਛੱਡ ਕੇ ਉਨ੍ਹਾਂ ਨੂੰ ਦੋਹਾਂ ਮਾਂ-ਪੁੱਤ ਨੂੰ ਹਸਪਤਾਲ ਪਹੁੰਚਾਉਣ ਵਿਚ ਪੁਲੀਸ ਦੀ ਮਦਦ ਕਰਨ ਨੂੰ ਕਿਹਾ। ਬੱਲੂ ਵੱਲੋਂ ਤੇਲ ਪਾਕੇ ਆਪਣੇ ਆਪ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੇ ਰੋਕਿਆ। ਪੁਲੀਸ ਦੁਆਰਾ ਸਿਵਲ ਹਸਪਤਾਲ ਬਰਨਾਲਾ ਪਹੁੰਚਾਏ ਮਾਂ-ਪੁੱਤ ਨੂੰ ਡਾਕਟਰਾਂ ਨੇ ਮਿ੍ਰਤਕ ਐਲਾਨ ਦਿਤਾ।
ਉਸੇ ਸ਼ਾਮ ਬੀ.ਕੇ.ਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਦੀ ਰਿਪੋਰਟ ‘ਤੇ ਪੁਲੀਸ ਨੇ ਪੰਜ ਮੁਲਜ਼ਮਾਂ ਤੇਜਾ ਸਿੰਘ, ਬਲਜੀਤ ਸਿੰਘ ਆੜ੍ਹਤੀ, ਬਲਜੀਤ ਸਿੰਘ ਕੈਰੋਂ ਉਰਫ ਬਾਬਾ, ਜਸਪ੍ਰੀਤ ਸਿੰਘ ਜੱਸਾ (ਆਗੂ ਐਸ.ਓ.ਆਈ.) ਤੇ ਮਨਪ੍ਰੀਤ ਸਿੰਘ ਮੰਨਾ ਦੋਵੇਂ ਪੁਤਰ ਤੇਜਾ ਸਿੰਘ ਉਪਰ ਆਈ.ਪੀ.ਸੀ ਦੀ ਧਾਰਾ 306,452,506,148 ਤੇ 149 ਅਧੀਨ ਕੇਸ ਦਰਜ ਕਰ ਲਿਆ (ਇਸ ਐਫ.ਆਈ.ਆਰ ਨੰਬਰ 35 ਮਿਤੀ 26/04/2016 ਦੀ ਕਾਪੀ ਸਭਾ ਕੋਲ ਹੈ)। ਪਹਿਲੇ ਤਿੰਨ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਕੇ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ ਅਤੇ ਰਿਪੋਰਟ ਲਿਖੇ ਜਾਣ ਤੱਕ ਜਸਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ।
ਸਿੱਟੇ: ਪੂਰੇ ਘਟਨਾਕ੍ਰਮ ਅਤੇ ਇਕੱਤਰ ਕੀਤੇ ਸਾਰੇ ਤੱਥਾਂ ਤੇ ਵੇਰਵਿਆਂ ਉੱਪਰ ਵਿਚਾਰ ਕਰਨ ਤੋਂ ਬਾਅਦ ਸਭਾ ਦੀ ਜਿਲ੍ਹਾ ਕਾਰਜਕਾਰੀ ਕਮੇਟੀ ਹੇਠ ਲਿਖੇ ਸਿਟਿਆਂ ’ਤੇ ਪਹੁੰਚੀ:
1. ਸਭਾ ਮਹਿਸੂਸ ਕਰਦੀ ਹੈ ਕਿ ਜੋਧਪੁਰ ਦੀ ਇਹ ਦੁਖਦਾਈ ਘਟਨਾ ਦਾ ਮੁੱਖ ਜ਼ਿੰਮੇਵਾਰ ਤੇਜਾ ਸਿੰਘ ਆੜਤੀਆ ਤੇ ਉਹਦੇ ਸਾਥੀ, ਜ਼ਿਲ੍ਹਾ ਪ੍ਰਸਾਸ਼ਨ ਅਤੇ ਮਸ਼ੀਨੀ ਢੰਗ ਨਾਲ ਚੱਲ ਰਿਹਾ ਪੂਰਾ ਪ੍ਰਬੰਧ ਹੈ। ਇਸ ਨੂੰ ਕਿਸਾਨ ਖੁਦਕੁਸ਼ੀਆਂ ਦੇ ਸਮੁੱਚੇ ਵਰਤਾਰੇ ਨਾਲ ਜੋੜ੍ਹ ਕੇ ਦੇਖਿਆ ਜਾਣਾ ਚਾਹੀਦਾ ਹੈ ਅਤੇ ਸਿੱਧੇ ਤੇ ਫੌਰੀ ਕੁਝ ਵਿਸ਼ੇਸ਼ ਕਾਰਨਾਂ ਦੇ ਹੁੰਦੇ ਹੋਏ ਵੀ ਕਿਸਾਨ ਖੁਦਕੁਸ਼ੀਆਂ ਦੇ ਸਮੁੱਚੇ ਵਰਤਾਰੇ ਦੇ ਕਾਰਨ, ਇਸ ਘਟਨਾ ਲਈ ਵੀ ਜ਼ਿੰਮੇਵਾਰ ਹਨ। ਸਾਮਰਾਜੀ ਸ਼ਕਤੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਹਰੇ ਇਨਕਲਾਬ’ ਦੇ ਨਾਂ ਹੇਠ ਕਿਸਾਨਾਂ ਸਿਰ ਥੋਪੇ ਗਏ ਖੇਤੀ ਦੇ ਸਰਮਾਏਦਾਰਾਨਾ ਵਿਕਾਸ ਮਾਡਲ ਨਾਲ ਖੇਤੀ ਪੂਰੀ ਤਰ੍ਹਾਂ ਸਰਮਾਏ ਦੇ ਅਧੀਨ ਆ ਗਈ ਹੈ ਜਿਸ ਕਾਰਨ ਇਹ ਇੱਕ ਘਾਟੇ ਵਾਲਾ ਧੰਦਾ ਬਣ ਗਈ ਹੈ। ਰਹਿੰਦੀ ਕਸਰ ਨੱਬਵਿਆਂ ਦੇ ਸ਼ੁਰੂ ਵਿਚ ਲਾਗੂ ਕੀਤੀਆਂ ਨਵਉਦਾਰਵਾਦੀ ਨੀਤੀਆਂ ਨੇ ਕੱਢ ਦਿਤੀ ਜਿਨ੍ਹਾਂ ਅਧੀਨ ਵਿਸ਼ਵ-ਵਪਾਰ-ਸੰਸਥਾ ਦੇ ਨਿਰਦੇਸ਼ ਲਾਗੂ ਕੀਤੇ ਜਾ ਰਹੇ ਹਨ। ਇੰਨ੍ਹਾਂ ਨੀਤੀਆਂ ਕਾਰਨ ਖੇਤੀ ਸਬਸਿਡੀਆਂ ਘੱਟ ਕੀਤੀਆਂ ਜਾ ਰਹੀਆਂ ਹਨ, ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਖਤਮ ਕੀਤੀ ਜਾ ਰਹੀ ਹੈ। ਖੇਤੀ ਵਸਤਾਂ ਤੇ ਲਾਗਤਾਂ ਨੂੰ ਖੁੱਲੀ-ਮੰਡੀ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਸ ਕਾਰਨ ਅੰਤਰ-ਰਾਸ਼ਟਰੀ ਮੰਡੀ ਦੇ ਉਤਰਾਵਾਂ-ਚੜਾਵਾਂ ਦਾ ਅਸਰ, ਸਿਧਾ ਹੀ ਸਾਡੇ ਕਿਸਾਨਾਂ ਉਪਰ ਪੈਣ ਲੱਗਿਆ ਹੈ।
2. ਸਭਾ ਮਹਿਸੂਸ ਕਰਦੀ ਹੈ ਕਿ ਆੜਤੀਏ ਤੇਜਾ ਸਿੰਘ ਦੀ ਸ਼ੁਰੂ ਤੋਂ ਹੀ ਇਸ ਜ਼ਮੀਨ ਨੂੰ ਹੜੱਪ ਲੈਣ ਲਈ ਰੱਖੀ ਨਜ਼ਰ ਇਸ ਘਟਨਾ ਦਾ ਮੁੱਖ, ਸਿਧਾ ਤੇ ਫੌਰੀ ਕਾਰਨ ਬਣਦਾ ਹੈ ਸਮਝੌਤਾ ਹੋ ਜਾਣ ਦੇ ਕਈ ਮੌਕੇ ਉਸ ਨੇ ਇਸੇ ਬੁਰੀ ਨੀਅਤ ਕਾਰਨ ਠੁਕਰਾਏ ਅਤੇ ਕਿਸਾਨ ਪਰਿਵਾਰ ਉੱਪਰ ਦਬਾਅ ਬਣਾਈ ਰੱਖਣ ਲਈ ਆਪਣੀ ਆਰਥਿਕ ਹੈਸੀਅਤ ਤੇ ਰਾਜਸੀ ਰਸੂਖ ਦੀ ਨਜਾਇਜ਼ ਵਰਤੋਂ ਕੀਤੀ। ਆੜਤੀ ਤੇਜਾ ਸਿੰਘ ਵੱਲੋਂ ਸ਼ੱਕੀ ਹਾਲਤਾਂ ਤੇ ਢੰਗ ਤਰੀਕਿਆਂ ਨਾਲ ਆਪਣੇ ਨਾਂ ਕਰਵਾਈ ਜ਼ਮੀਨ ਦੀ ਕੀਮਤ ਉਸ ਦੀ ਅਸਲੀ ਲੈਣਦਾਰੀ ਨਾਲੋਂ ਕਈ ਗੁਣਾਂ ਜ਼ਿਆਦਾ ਹੋਣ ਕਾਰਨ ਉਸ ਦਾ ਮੁੱਖ ਨਿਸ਼ਾਨਾ ਕਿਸੇ ਤਰ੍ਹਾਂ ਵੀ ਜ਼ਮੀਨ ਹਾਸਲ ਕਰਨਾ ਬਣ ਗਿਆ। ਇਸ ਆੜਤੀਏ ਦਾ ਇਲਾਕੇ ਵਿਚ ਅਜਿਹੇ ਕਈ ਹੋਰ ਝਗੜਿਆਂ ਵਿਚ ਫਸੇ ਹੋਣ ਦਾ ਵੀ ਜ਼ਿਕਰ ਹੁੰਦਾ ਹੈ। ਵੈਸੇ ਵੀ ਦਰਸ਼ਨ ਸਿੰਘ ਵਰਗੇ ਆਰਥਿਕ, ਸਮਾਜਿਕ ਤੇ ਸਿਆਸੀ ਪੁੱਗਤ ਤੋਂ ਵਿਹੂਣੇ ਅਤੇ ਅਨਪੜ ਤੇ ਅਨਭੋਲ ਪਰਿਵਾਰਾਂ ਦੀ ਜ਼ਮੀਨਾਂ ਉੱਪਰ ਦਿਹਾਤੀ ਖੇਤਰ ਵਿਚ ਨਵੇਂ ਉੱਭਰੇ ਇਸ ਆੜਤੀਆ ਵਰਗ ਦੀ ਬਾਜ਼ ਅੱਖ, ਝਪਟ ਮਾਰ ਲੈਣ ਦਾ ਮੌਕਾ ਹਰ ਸਮੇਂ ਤਲਾਸ਼ਦੀ ਰਹਿੰਦੀ ਹੈ।
3. ਸਭਾ ਸਮਝਦੀ ਹੈ ਸੂਦ ਖੋਰ ਆੜਤੀਆ ਪ੍ਰਬੰਧ ਬਿਨਾਂ ਕਿਸੇ ਜ਼ਰੂਰਤ ਦੇ ਅਤੇ ਖੇਤੀ-ਮਾਹਿਰਾਂ ਦੀਆਂ ਇਸ ਪ੍ਰਬੰਧ ਨੂੰ ਖਤਮ ਕਰਨ ਦੀਆਂ ਸਪਸ਼ਟ ਸ਼ਿਫਾਰਸ਼ਾਂ ਦੇ ਬਾਵਜੂਦ ਇਸ ਦਾ ਜਾਰੀ ਰਹਿਣਾ, ਆੜਤੀਆ ਤੇ ਸਿਆਸੀ ਗੱਠਜੇੜ ਦਾ ਪ੍ਰਤੱਖ ਸਬੂਤ ਹੈ। ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਆੜਤੀਆਂ ਤੇ ਕਿਸਾਨਾਂ ਦੇ ਸਬੰਧਾਂ ਬਾਰੇ, ਸੰਨ 2014 ਵਿਚ ਛਪੀ ਰਿਪੋਰਟ ਦਸਦੀ ਹੈ ਕਿ ਆੜਤੀਏ ਪੰਜਾਬ ਭਰ ’ਚ ਆੜਤ ਰਾਹੀ. ਹਰ ਸਾਲ 1000 ਕਰੋੜ ਤੋਂ ਵੱਧ (2012-13ਵਿੱਚ 1033 ਕਰੋੜ) ਆਪਣੀਆ ਜੇਬਾਂ ’ਚ ਪਾ ਲੈਂਦੇ ਹਨ ਇਸ ਆਮਦਨ ਨੂੰ ਸ੍ਰੋਤ ਵਜੋ ਵਰਤ ਕੇ ਉਨ੍ਹਾਂ ਨੇ ਕਿਸਾਨੀ, ਵਿਸ਼ੇਸ਼ ਕਰ ਛੋਟੀ ਕਿਸਾਨੀ ਨੂੰ,ਕਰਜ਼ੇ ਨਾਲ ਵਿੰਨਿਆ ਹੋਇਆ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਪੰਜਾਬ ਦੀ ਕਿਸਾਨੀ ਸਿਰ ਚੜੇ ਕੁੱਲ 70 ਹਜ਼ਾਰ ਕਰੋੜ ਦੇ ਕਰਜ਼ੇ ਚੋਂ ਤਕਰੀਬਨ 13 ਹਜ਼ਾਰ ਕਰੋੜ ਰੁਪਏ ਸੂਦਖੋਰ ਆੜਤੀਆਂ ਦਾ ਕਰਜ਼ਾ ਹੈ। ਬਿਨਾਂ ਕਿਸੇ ਲਾਈਸੈਂਸ ਦੇ ਕੀਤਾ ਜਾ ਰਿਹਾ ਇਹ ਸਾਹੂਕਾਰਾ ਧੰਦਾ ਕਿਸਾਨੀ ਨੂੰ ਕਰਜ਼ਾਈ ਕਰਨ ਦੇ ਸਬੱਬ ਤੋਂ ਇਲਾਵਾ, ਗੈਰ ਕਾਨੂੰਨੀ ਵੀ ਹੈ।
4. ਸਭਾ ਮਹਿਸੂਸ ਕਰਦੀ ਹੈ ਕਿ ਜੁਡੀਸ਼ਰੀ ਸਮੇਤ ਸਾਰੀਆਂ ਸਰਕਾਰੀ ਸੰਸਥਾਵਾਂ,ਗਰੀਬ ਕਿਸਾਨ ਦੇ ਵਿਰੁਧ ਤੇ ਰਸੂਖਵਾਨ ਆੜਤੀ ਦੇ ਹੱਕ ਵਿਚ ਭੁਗਤੀਆਂ। ਰਜਿਸਟਰੀ ਸਮੇਂ ਆੜਤੀਏ ਵੱਲੋਂ ਵਧਾ-ਚੜਾ ਕੇ ਬਣਾਏ ਕੁੱਲ ਕਰਜ਼ੇ 5,62,000 ਰੁਪਏ ਦੀ ਨਿਗੂਣੀ ਰਕਮ ਬਦਲੇ,ਰਿਹਾਇਸ਼ੀ ਇਲਾਕੇ ਵਿਚ ਸਥਿਤ ਕਿਸਾਨ ਦੀ 15 ਕਨਾਲ ਜ਼ਮੀਨ ਦੀ ਕਿਤੇ ਵੱਧ ਅਸਲੀ ਬਾਜ਼ਾਰੀ ਕੀਮਤ ਹੋਣ ਦੇ ਬਾਵਜੂਦ, ਰਜਿਸਟਰੀ ਕਰਨਾ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ ਬਣਦਾ। ਮੂਲ ਤੋਂ ਦੁਗਣੀ ਤੋਂ ਜ਼ਿਆਦਾ ਰਕਮ ਵਸੂਲੇ ਨਾ ਜਾਣ ਦੇ ਮਾਪਦੰਡ, ਇਸ ਗਰੀਬ ਪਰਿਵਾਰ ਲਈ ਕਿਉਂ ਨਹੀਂ ਲਾਗੂ ਕੀਤੇ ਗਏ?
5. ਸਭਾ ਮਹਿਸੂਸ ਕਰਦੀ ਹੈ ਖੇਤੀ ਸੰਕਟ ਕਾਰਨ ਕਿਸਾਨ ਖੁਦਕਸ਼ੀਆਂ ਦੇ ਚਲਦੇ ਇਸ ਦੌਰ ਵਿਚ ਜਿੱਥੇ ਕਬਜ਼ਾ ਵਰੰਟ ਦਾ ਮਸ਼ੀਨੀ ਢੰਗ ਨਾਲ ਜਾਰੀ ਤੇ ਲਾਗੂ ਕਰਨਾ,ਕਿਸਾਨ ਪਰਿਵਾਰ ਦੀ ਕੁੱਲੀ ਗੁੱਲੀ ਜੁੱਲੀ ਖੋਹਣ ਅਤੇ ਉਸ ਨੂੰ ਖੁਦਕਸ਼ੀ ਕਰਨ ਲਈ ਮਜ਼ਬੂਰ ਕਰਨ ਦੀ ਕਾਰਵਾਈ ਹੈ, ਉਥੇ ਇਸ ਘਟਨਾ ਮੌਕੇ ਹਾਜ਼ਰ ਅਧਿਕਾਰੀਆਂ ਦੀ ਗ਼ੈਰ-ਪੇਸ਼ੇਵਾਰਾਨਾ ਪਹੁੰਚ ਅਤੇ ਅਜਿਹੇ ਹੁਕਮਾਂ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਧਾਰੀ ਸਾਜ਼ਿਸੀ ਚੁੱਪ ਵੀ ਬਰਾਬਰ ਦੀ ਦੋਸ਼ੀ ਹੈ। ਲੋਕਾਂ ਲਈ ਕੁੱਲੀ ਗੁੱਲੀ ਜੁੱਲੀ ਦਾ ਪ੍ਰਬੰਧ ਕਰਨਾ ਰਾਜ ਦੀ ਜ਼ਿੰਮੇਵਾਰੀ ਹੈ ਅਤੇ ਇੰਨ੍ਹਾਂ ਸਹੂਲਤਾਂ ਨੂੰ ਕਿਸਾਨ ਤੋਂ ਖੋਹ ਲੈਣ ਦੀ ਪ੍ਰਕਿਰਿਆ ਕਾਰਨ ਵਾਪਰੀ ਘਟਨਾ ਲਈ ਵੀ ਰਾਜ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।
ਸੁਝਾਅ ਤੇ ਮੰਗਾਂ: (1)ਤੱਤਕਾਲੀ
* ਸਾਰੇ ਮੁਲਜ਼ਿਮਾਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਜ਼ਿੰਮੇਵਾਰ ਹਾਜ਼ਰ ਸਿਵਲ ਤੇ ਪੁਲਸ ਅਧਿਕਾਰੀਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ।
* ਪੀੜਿਤ ਪਰਿਵਾਰ ਦੀ ਫੌਰੀ ਤੌਰ ’ਤੇ ਆਰਥਿਕ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ।
* ਪੀੜਿਤ ਪਰਿਵਾਰ ਨੂੰ ਜ਼ਮੀਨ, ਘਰ ਖੁਸ ਜਾਣ ਦੇ ਡਰ ਤੋਂ ਮੁਕਤ ਕਰਨ ਅਤੇ ਜ਼ਮੀਨ ਦੀ ਮਾਲਕੀ, ਮੁੜ ਤੋਂ ਉਨ੍ਹਾਂ ਦੇ ਨਾਂ ਤਬਦੀਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ। ਕਬਜ਼ਾ ਵਰੰਟ, ਕੁਰਕੀ ਆਦਿ ਦੀ ਪ੍ਰਕਿਰਿਆ ਤੁਰੰਤ ਬੰਦ ਕੀਤੀ ਜਾਵੇ।
* ਸੱਤਾਧਾਰੀ ਪਾਰਟੀਆਂ ਦੇ ਸਥਾਨਕ ਲੀਡਰਾਂ ਦੀ ਸ੍ਰਪਰਸਤੀ ਹੇਠ ਬਰਨਾਲਾ ਦੀ ਆੜਤੀਆ ਐਸੋਸੀਏਸ਼ਨ ਨੇ 29-04-16 ਨੂੰ ਦਫਾ 144 ਲੱਗੀ ਹੋਣ ਦੇ ਬਾਵਜੂਦ, ਕੌਰੀਡੋਰ ਵਿਚ ਵੜ੍ਹ ਕੇ, ਜਿਲ੍ਹਾ ਅਧਿਕਾਰੀਆਂ ਦੇ ਦਫਤਰ੍ਹਾਂ ਦੇ ਬਿਲਕੁਲ ਸਾਹਮਣੇ, ਕਿਸਾਨਾਂ ਦੇ ਵਿਰੋਧ ਵਿਚ ਧਰਨਾ ਦਿਤਾ। ਆੜਤੀਆਂ ਦੀ ਬਰਨਾਲਾ ਰੈਲੀ ਵਿਚ, 01-05-16 ਨੂੰ ਪੰਜਾਬ ਮੰਡੀਕਰਨ ਬੋਰਡ ਦੇ ਵਾਈਸ ਚੇਅਰਮੈਨ ਤੇ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਖੁਦਕੁਸ਼ੀਆਂ ਲਈ ਕਿਸਾਨਾਂ ਨੂੰ ਅਤੇ ਸਰਕਾਰ ਵੱਲੋਂ ਖੁਦਕੁਸ਼ੀ ਉਪਰੰਤ ਦਿਤੀ ਜਾਣ ਵਾਲੀ ਰਾਹਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਲਟਾ ਕਿਸਾਨ ਆਗੂਆਂ ’ਤੇ ਕੇਸ ਦਰਜ ਕਰਨ ਦੀ ਮੰਗ ਕੀਤੀ। ਜਿਲ੍ਹਾ ਪ੍ਰਸ਼ਾਸ਼ਨ ’ਤੇ ਦਬਾਅ ਪਾਉਣ ਵਾਲੀ, ਅਜਿਹੀ ਸਿਧੀ ਸਿਆਸੀ ਦਖਲ-ਅੰਦਾਜ਼ੀ ਤੁਰੰਤ ਬੰਦ ਕਰਵਾਈ ਜਾਵੇ।
(2)ਸਮੁਚੇ ਕਿਸਾਨ ਖੁਦਕੁਸ਼ੀ ਵਰਤਾਰੇ ਨੂੰ ਠੱਲ ਪਾਉਣ ਬਾਰੇ:
* ਕਿਸਾਨਾਂ ਦੀਆਂ ਜਮੀਨਾ ਦੀ ਕੁਰਕੀ ਤੇ ਕਬਜਿਆਂ ਆਦਿ ਦੀਆਂ ਕਾਰਵਾਈਆਂ ’ਤੇ ਰੋਕ ਲਾਈ ਜਾਵੇ।
* ਸਨਅਤਾਂ ਦੀ ਤਰਜ਼ ’ਤੇ ਖੇਤੀ ਕਰਜ਼ਿਆਂ ਵਿਚ ਵੀ ਯਕਮੁਸ਼ਤ ਛੋਟ ਦਿਤੀ ਜਾਵੇ ਅਤੇ ਅੱਗੇ ਤੋਂ ਪੈਰਾਂ ਸਿਰ ਖੜ੍ਹੇ ਕਰਨ ਲਈ, ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾਵੇ। ਕੇਂਦਰ ਸਰਕਾਰ ਵੱਲੋਂ ਹਰ ਸਾਲ ਵੱਡੇ ਕਾਰਪੋਰੇਟਾਂ ਨੂੰ ਲੱਖਾਂ ਕ੍ਰੋੜ ਰੁਪਏ ਦੀਆਂ ਟੈਕਸ ਰਿਆਇਤਾਂ ਤੇ ਸਬਸਿਡੀਆਂ (ਇਸ ਸਾਲ ਦੇ ਬਜ਼ਟ ਵਿਚ 6.11 ਲੱਖ ਕਰੋੜ) ਦਿੱਤੀਆਂ ਜਾਂਦੀਆਂ ਹਨ ਅਤੇ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਦੇ 1,14,000 ਕ੍ਰੋੜ ਰੁਪਏ ਦੇ ਬੈਂਕ ਕਰਜ਼ੇ ਵੱਟੇ-ਖਾਤੇ ਪਾ ਦਿੱਤੇ ਗਏ ਪਰ ਕਿਸਾਨਾਂ ਨੂੰ ਨਿਗੂਣੀ ਰਾਹਤ ਦੇਣ ਲਈ ਵੀ ਹਮੇਸ਼ਾਂ ਫੰਡਾਂ ਦੀ ਘਾਟ ਦਾ ਰੌਲਾ ਪਾਇਆ ਜਾਂਦਾ ਹੈ। ।
* ਕਰਜ਼ਾ ਨਿਬੇੜੂ ਬਿਲ ਨੂੰ ਸਹੀ ਅਰਥਾਂ ਵਿਚ ਕਿਸਾਨ ਪੱਖੀ ਬਣਾਇਆ ਜਾਵੇ ਅਤੇ ਉਸ ਚੋਂ ਸੂਦਖੋਰਾਂ ਦੇ ਹਿਤ ਪੂਰਦੀਆਂ ਧਾਰਾਵਾਂ ਖਤਮ ਕੀਤੀਆਂ ਜਾਣ ।
* ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਸਹਿਕਾਰੀ ਤੇ ਸਰਕਾਰੀ ਬੈਂਕਾਂ ਤੋਂ ਆਸਾਨ ਸ਼ਰਤਾਂ ’ਤੇ ਕਰਜ਼ੇ ਦਿਵਾਏ ਜਾਣ ਅਤੇ ਖੇਤੀ ਸੰਦਾਂ ਅਤੇ ਮਸ਼ੀਨਰੀ ਦਾ ਸਹਿਕਾਰੀ ਸੁਸਾਇਟੀਆਂ ਜਾਂ ਸਰਕਾਰੀ ਅਦਾਰਿਆਂ ਰਾਹੀਂ ਪ੍ਰਬੰਧ ਕੀਤਾ ਜਾਵੇ।
* ਆੜਤੀਆਂ ਵੱਲੋਂ ਬਿਨਾਂ ਰਜਿਸਟਰੇਸ਼ਨ ਤੋਂ ਕੀਤੇ ਜਾਂਦੇ ਸੂਦਖੋਰੀ ਦੇ ਧੰਦੇ ਨੂੰ ਨੱਥ ਪਾਈ ਜਾਵੇ। ਕਿਸਾਨ ਦੀ ਉਪਜ ਦੀ ਸਿੱਧੀ ਅਦਾਇਗੀ ਕੀਤੀ ਜਾਵੇ ਅਤੇ ਆੜਤੀਆ ਪ੍ਰਬੰਧ ਬੰਦ ਕੀਤਾ ਜਾਵੇ।
* ਖੇਤੀ ਨੂੰ ਸੰਕਟ ਵੱਲ ਧੱਕਣ ਦਾ ਕਾਰਨ ਬਣੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਰੱਦ ਕੀਤਾ ਜਾਵੇ। ਬਦਲਵੇ ਰੁਜ਼ਗਾਰ ਦਾ ਪ੍ਰਬੰਧ ਕੀਤੇ ਬਗ਼ੈਰ (ਕਈ ‘ਮਾਹਿਰ’ ਤਾਂ 70 ਫੀ ਸਦੀ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕੱਢਣ ਦੀ ‘ਨੇਕ ਸਲਾਹ’ ਵੀ ਦਿੰਦੇ ਹਨ) ਕਿਸਾਨਾਂ ਨੂੰ ਖੇਤੀ ਧੰਦੇ ਤੋਂ ਬਾਹਰ ਕਰਨ ਦੀਆਂ ਗੋਂਦਾਂ ਨਾ ਗੁੰਦੀਆਂ ਜਾਣ। ਇਹ ਸੋਚ ਕਿਸਾਨਾਂ ਦੀ ਨਸ਼ਲਕੁਸ਼ੀ ਕਰਨ ਦੇ ਬਰਾਬਰ ਹੈ।
ਵੱਲੋਂ:                             ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਇਕਾਈ ਬਰਨਾਲਾ
ਜਾਰੀ ਕਰਤਾ:                    ਗੁਰਮੇਲ ਸਿੰਘ ਠੁਲੀਵਾਲ ਪ੍ਰਧਾਨ                                               ਬਲਵੰਤ ਸਿੰਘ ਉਪਲੀ, ਸਕੱਤਰ
                                  ਸੰਪਰਕ:  94631 28554                                                  ਸੰਪਰਕ:94175 97218

No comments:

Post a Comment