Saturday, August 3, 2013

ਸੀਵਰੇਜ ਵਾਟਰ ਟਰੀਟਮੈਂਟ ਪਲਾਂਟ ਅਤੇ ਸਾਲਡ ਵੇਸਟ ਪਲਾਂਟ ਬਾਰੇ ਜਮਹੂਰੀ ਅਧਿਕਾਰ ਸਭਾ (ਪੰਜਾਬ) ਇਕਾਈ ਬਠਿੰਡਾ ਦੀ ਰਿਪੋਰਟ









ਲੋਕਾਂ ਦੇ ਤੰਦਰੁਸਤ ਜੀਣ 'ਤੇ ਸਿੱਧਾ ਹਮਲਾ


ਜੁਲਾਈ 2013 ਦੀਆਂ ਅਖਬਾਰਾਂ ਵਲੋਂ ਬਠਿੰਡਾ ਮਾਨਸਾ ਰੋਡ ਤੇ ਆਈ.ਟੀ.ਆਈ, ਦੇ ਸਾਹਮਣੇ ਸੂਏ ਦਾ ਨਾਲ ਭਾਈ ਮਤੀ ਦਾਸ ਨਗਰ ਦੇ ਨੇੜੇ ਅਤੇ ਹਰਬੰਸ ਨਗਰ, ਨਛੱਤਰ ਨਗਰ, ਜੋਗਾ ਨਗਰ, ਗੁਰੂ ਰਾਮ ਦਾਸ ਨਗਰ ਦੇ ਵਿਚਕਾਰ ਅਤੇ ਹਾਊਸਫੈਡ ਕਲੋਨੀ ਦੇ ਪਿਛਲੇ ਪਾਸੇ 18 ਸ਼ਹਿਰਾਂ ਦਾ ਕੂੜਾ ਕਰਕਟ ਡੰਪ ਕਰਨ ਤੇ ਬਠਿੰਡਾ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਨਗਰ ਨਿਗਮ ਬਠਿੰਡਾ ਵੱਲੋਂ ਮੱਲੋ ਜ਼ੋਰੀ, ਲੋਕਾਂ ਦੇ ਸ਼ਖ਼ਤ ਵਿਰੋਧ ਕਰਨ ਦੇ ਬਾਵਜੂਦ ਬਣਾਏ ਜਾ ਰਹੇ ਗੰਦ ਮੰਦ ਨੂੰ ਡੰਪ ਕਰਨ ਤੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਲਾਏ ਜਾ ਰਹੇ ਟਰੀਟਮੈਂਟ ਪਲਾਂਟ ਦਾ ਮਸਲਾ ਚਰਚਾ ਵਿੱਚ ਆਉਣ ਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਹੀ ਤੱਥ ਜਾਨਣ ਤੇ ਲੋਕਾਂ ਨਾਲ ਸਹੀ ਜਾਣਕਾਰੀ ਸਾਂਝੀ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸਦੇ ਮੈਂਬਰ ਸ: ਬੱਗਾ ਸਿੰਘ ਪ੍ਰਧਾਨ, ਪ੍ਰਿੰਸੀਪਲ (ਰਿਟਾ.) ਰਣਜੀਤ ਸਿੰਘ ਉਪ ਪ੍ਰਧਾਨ, ਜ਼ਿਲਾ ਸਕੱਤਰ ਰਣਧੀਰ ਗਿੱਲਪੱਤੀ, ਡਾ. ਰਮਿੰਦਰ ਸਿੰਘ ਅਤੇ ਸੂਬਾ ਪ੍ਰਕਾਸ਼ਨ ਸਕੱਤਰ ਪ੍ਰਿਤਪਾਲ ਸਨ।
ਤੱਥ ਖੋਜ ਕਮੇਟੀ ਵੱਲੋਂ ਪ੍ਰਭਾਵਤ ਖੇਤਰ ਦੇ ਲੋਕਾਂ, ਸੰਘਰਸ਼ ਦੀ ਅਗਵਾਈ ਕਰ ਰਹੀ ਸੰਘਰਸ਼ ਕਮੇਟੀ, ਅਤੇ ਡੰਪਿੰਗ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਤੇ ਕਮੇਟੀ ਨੇ ਹੇਠ ਲਿਖੇ ਤੱਥ ਨੋਟ ਕੀਤੇ।ਕਿ,
ਇਹ ਕੁੱਲ 36 ਏਕੜ ਰਕਬਾ ਜੋ ਭਾਈ ਮਤੀ ਦਾਸ ਨਗਰ ਦੇ ਨੇੜੇ, ਅਤੇ ਹਰਬੰਸ ਨਗਰ, ਨਛੱਤਰ ਨਗਰ, ਜੋਗਾ ਨਗਰ ਤੇ ਗੁਰੁ ਰਾਮਦਾਸ ਨਗਰ ਵਿਚਕਾਰ ਪਾਣੀ ਵਾਲੇ ਸੂਏ ਦੇ ਬਿਲਕੁਲ ਨਾਲ ਹੈ। ਇਸ ਦਾ 20 ਏਕੜ ਰਕਬਾ ਸਾਲਡ ਵੇਸਟ ਡੰਪਿੰਗ ਲਈ ਅਤੇ 16 ਏਕੜ ਰਕਬਾ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਟਰੀਟਮੈਂਟ ਪਲਾਂਟ ਲਈ ਵਰਤੋਂ ਅਧੀਨ ਹੈ।
ਇਹ ਸਾਰੀ ਥਾਂ ਵਾਕਫ ਬੋਰਡ ਦੀ ਹੈ ਜਿਸ ਨੂੰ ਸਰਕਾਰ ਨੇ ਇੱਕ ਰੁਪਏ ਪ੍ਰਤੀ ਗੱਜ ਲੀਜ ਉਪਰ ਜੇ.ਆਈ.ਟੀ.ਈ. ਕੰਪਨੀ ਨੂੰ ਦਿੱਤਾ ਹੈ।
ਇਸ ਡੰਪ ਦੁਆਲੇ ਪੰਜ ਨਗਰਾਂ ਤੇ ਹਾਊਸ ਫੈਡ ਕਲੋਨੀ ਦੀ ਲਗਭਗ ਚੌਦਾਂ ਹਜ਼ਾਰ ਵਸੋਂ ਇਸ ਗੰਦ ਤੋਂ ਬੁਰੀ ਤਰਾਂ ਪ੍ਰਭਾਵਤ ਹੈ। ਲੋਕਾਂ ਦੇ ਘਰਾਂ ਵਿੱਚ ਮੱਖੀਆਂ, ਮਛਰਾਂ ਤੇ ਗੰਦੀ ਹਵਾ ਕਾਰਨ ਮੁਸਕ ਮਾਰਦਾ ਹੈ।ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਸਾਰੇ ਨਗਰ ਡੰਪਿੰਗ ਵਾਲੀ ਥਾਂ ਤੋਂ ਪੰਜਾਹ, ਸੌ, ਡੇਢ ਸੌ, ਅਤੇ ਢਾਈ ਸੌ ਗੱਜ ਦੀ ਦੂਰੀ ਤੋਂ ਵੱਧ ਦੂਰ ਨਹੀਂ। ਸਾਰੇ ਨਗਰ ਹੀ 500 ਗੱਜ ਦੀ ਦੂਰੀ ਤੋਂ ਗੱਟ ਦੂਰੀ ਤੇ ਸਥਿਤ ਹਨ।ਇਹ ਡੰਪਿੰਗ ਥਾਂ ਦੀ ਚੋਣ ਕਰਨ ਦੀ ਮੁਢਲੀ ਸ਼ਰਤ ਦੀ ਘੋਰ ਉਲੰਘਣਾ ਹੈ।
ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਵਾਲੇ ਨਾਲੇ ਅਤੇ ਵਗਦੇ ਨਹਿਰੀ ਪਾਣੀ ਦੇ ਸੂਏ ਦੇ ਵਿਚਕਾਰ ਸਿਰਫ ਦੋ ਕੁ ਫੁੱਟ ਹੀ ਚੌੜੀ ਵੱਟ ਹੈ। ਜਿਥੋਂ ਅਕਸਰ ਗੰਦਾ ਪਾਣੀ ਨਹਿਰੀ ਪਾਣੀ ਵਿੱਚ ਮਿਲਦਾ ਰਹਿੰਦਾ ਹੈ।ਇਸ ਨਹਿਰੀ ਸੂਏ ਦੇ ਪਾਣੀ ਨੂੰ ਪਿੰਡ ਜੋਧਪੁਰ ਰੋਮਾਣਾ, ਨਰੂਆਣਾ, ਜੈ ਸਿੰਘ ਵਾਲਾ, ਮੀਆਂ, ਬਾਹੋ ਯਾਤਰੀ, ਬਾਹੋ ਖੁਰਦ ਦੇ ਲੋਕ, ਪਸ਼ੂ-ਪੰਛੀ ਆਮ ਹੀ ਪੀਣ ਲਈ ਵਰਤਦੇ ਹਨ।
ਨਹਿਰੀ  ਮਹਿਕਮੇਂ ਵੱਲੋਂ ਵੀ ਟਰੀਟਮੈਂਟ ਪਲਾਂਟ ਕਗਾਉਣ ਤੇ ਸਹਿਮਤੀ ਨਹੀਂ ਦਿੱਤੀ ਗਈ।
ਪ੍ਰਦੂਸਣਕੰਟਰੋਲ ਬੋਰਡ ਨੇ ਵੀ ਫਰਜ਼ੀ ਪਬਲਿਕ ਸੁਣਵਾਈ ਕੀਤੀ ਜਿਥੇ ਲੋਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਬੋਰਡ ਵੱਲੋਂ ਅਤੇ ਨਹਿਰੀ ਮਹਿਕਮੇਂ ਵੱਲੋਂ ਟਰੀਟਮੈਂਟ ਪਲਾਂਟ ਲੱਗਣ ਤੇ ਇਤਰਾਜ ਕਰਕੇ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ।
ਉਪਰੋਕਤ ਸਾਰੇ ਨਗਰਾਂ ਨੂੰ ਪੀਣ ਵਾਲਾ ਪਾਣੀ ਮਹੱਈਆ ਕਰਨ ਵਾਲੇ ਵਾਟਰ ਵਰਕਸ਼ ਦੇ ਪਾਣੀ ਇਕੱਠਾ ਕਰਨ ਵਾਲੇ ਟੈਂਕ ਵੀ ਡੰਪਿੰਗ ਥਾਂ ਤੋਂ 500 ਮੀਟਰ ਦੀ ਦੂਰੀ ਤੋਂ ਘੱਟ ਦੂਰ ਹਨ।
ਡੰਪਿੰਗ ਵਾਲੀ ਥਾਂ ਤੇ ਸੂਰ, ਕੁੱਤੇ, ਅਤੇ ਅਵਾਰਾ ਪਸ਼ੂ ਗੰਦ ਨੂੰ ਫਰੋਲਦੇ ਆਮ ਹੀ ਵੇਖੇ ਜਾ ਸਕਦੇ ਹਨ।
ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਅੱਧਾ ਪਾਣੀ ਹੀ ਟਰੀਟਮੈਂਟ ਪਲਾਂਟ ਵੱਲ ਜਾਂਦਾ ਹੈ ਤੇ ਬਾਕੀ ਅੱਧਾ ਪਾਣੀ ਬਿੰਨਾ ਸਾਫ ਕੀਤੇ ਹੀ ਅੱਗੇ ਲੰਘ ਜਾਂਦਾ ਹੈ।ਇਸ ਗੰਦੇ ਪਾਣੀ ਵਿੱਚ ਹੋਰ ਵੀ ਸੀਵਰੇਜ ਦਾ ਪਾਣੀ ਅੱਗੇ ਜਾਕੇ ਸੁਟਿਆ ਜਾਂਦਾ ਹੈ।
ਡੰਪਿੰਗ ਪਲਾਂਟ ਦੇ ਆਲੇ ਦੁਆਲੇ ਬਣਾਈ ਜਾਣ ਵਾਲੀ ਦਰੱਖਤਾਂ ਦੀ ਹਰੀ ਪੱਟੀ ਲਾਈ ਹੀ ਨਹੀਂ ਗਈ।
ਇਸ ਡੰਪਿੰਗ ਸਥਾਨ ਦੇ ਨੇੜਲਾ ਹਵਾਈ ਅੱਡਾ ਅੰਮ੍ਰਿਤਸਰ ਦੱਸਿਆ ਗਿਆ ਹੈ, ਹਾਲਾਂ ਕਿ ਬਠਿੰਡਾ ਦਾ ਸਿਵਲ ਏਅਰ ਟਰਮੀਨਲ ਅਤੇ ਸੁਰੱਖਿਆ ਪੱਖੋਂ ਅਤੀ ਸੰਵੇਧਨਸ਼ੀਲ ਹਵਾਈ ਸੈਨਾ ਦਾ ਏਅਰ ਬੇਸ ਭਲਾਈਆਣਾ ਇਥੋਂ ਸਿਰਫ ਪੰਦਰਾਂ ਕੁ ਕਿਲੋਮੀਟਰ ਦੂਰ ਹੈ।ਇਸ ਤੱਥ ਨੂੰ ਜਾਣ ਬੁੱਝਕੇ ਛੁਪਾ ਲਿਆ ਗਿਆ ਹੈ। ਇਸੇ ਤਰਾਂ ਨੇੜਲੇ ਨਗਰ ਜਨਤਾ ਨਗਰ, ਪਰਸ ਰਾਮ ਨਗਰ, ਹਾਜੀ ਰਤਨ , ਲਾਲ ਸਿੰਘ ਨਗਰ ਨੂੰ ਦੱਸਿਆ ਗਿਆ ਹੈ ਪਰ ਜੋ ਨਗਰ ਨੇੜੇ ਹਨ ਉਹਨਾਂ ਦਾ ਜਿਕਰ ਤੱਕ ਨਹੀਂ ਕੀਤਾ ਗਿਆ। ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਉਮਾਂ ਸੰਕਰ ਵੱਲੋਂ ' ਇਸ ਦੇ ਪੰਜ ਸੌ ਮੀਟਰ ਦੇ ਘੇਰੇ ਵਿੱਚ ਕੋਈ ਆਬਾਦੀ ਨਹੀਂ'  ਦਾ ਹਲਫੀਆ ਬਿਆਨ ਦੇ ਕੇ ਸਰਾਸਰ ਝੂਠ ਬੋਲਿਆ ਗਿਆ ਹੈ।
ਲੋਕਾਂ ਵੱਲੋਂ ਪ੍ਰਦੂਸ਼ਣ ਰਹਿਤ ਜੀਣ ਤੇ ਸੱਚ ਦੇ ਸੰਘਰਸ਼ ਨੂੰ ਸਲਾਮ
2006 ਵਿੱਚ ਇਸ ਥਾਂ ਦੀ ਨੋਟੀਫੀਕੇਸ਼ਨ ਕਰਨ ਸਮੇਂ ਪਤਾ ਲਗਣ ਤੋਂ ਲੈਕੇ ਹੀ ਲੋਕ ਇਸ ਦਾ ਵਿਰੋਧ ਕਰਦੇ ਆ ਰਹੇ ਹਨ।ਇਸ ਆਬਾਦੀ ਦੇ ਬਣੇ 29 ਅਤੇ 30 ਨੰਬਰ ਵਾਰਡਾਂ ਦੇ ਐਮ.ਸੀ. ਜੋ ਅਕਾਲ਼ੀ ਦਲ ਨਾਲ ਸਬੰਧਤ ਹਨ ਵੱਲੋਂ ਕਿਸੇ ਮਜ਼ਬੂਰੀ ਵੱਸ ਮਤੇ ਤਾਂ ਦਸਤਖਤ ਕੀਤੇ ਗਏ ਸਨ, ਪਰ ਉਹ ਲੋਕਾਂ ਨਾਲ ਹਨ।ਹੁਣ ਸਤੰਬਰ 2012 ਵਿੱਚ ਜਦੋਂ ਗੋਨੇਆਣਾ ਤੋਂ ਮਰੀਆਂ ਮੁਰਗੀਆਂ ਦੀ ਰਹਿੰਦ ਖੂੰਹਦ ਏਥੇ ਸੁੱਟੀ ਗਈ ਜਿਸ ਨਾਲ ਆਲੇ ਦੁਆਲੇ ਬਦਬੂ ਫੈਲ ਗਈ ਤਾਂ ਇਹਨਾਂ ਨਗਰਾਂ ਦੀਆਂ ਔਰਤਾਂ ਨੇ ਵੱਡੀ ਤਾਦਾਤ ਵਿੱਚ ਇਸ ਦਾ ਵਿਰੋਧ ਕੀਤਾ। ਗੁਰਇਕਬਾਲ ਸਿੰਘ ਚਾਹਿਲ ਵਕੀਲ ਇਸ ਦੀ ਕਾਨੂੰਨੀ ਚਾਰਾਜੋਈ ਕਰ ਰਿਹਾ ਹੈ। ਸਾਰੇ ਨਗਰਾਂ ਤੇ ਆਧਾਰਤ ਪੰਜ-ਪੰਜ ਮੈਂਬਰ ਲੈ ਕੇ ਸੰਘਰਸ਼ ਕਮੇਟੀ ਬਣੀ ਹੋਈ ਹੈ। ਉਹਨਾਂ ਦੇ ਦੱਸਣ ਮੁਤਾਬਕ ਲੋਕਾਂ ਤੋਂ ਇਕੱਠਾ ਕੀਤਾ ਲਗਭਗ 4 ਲੱਖ ਰੁਪਿਆ ਇਸ ਜਦੋ ਜਹਿਦ ਦੀ ਭੇਟ ਚੜ੍ਹ ਗਿਆ ਹੈ।
ਨਗਰ ਨਿਗਮ, ਪ੍ਰਦੂਸ਼ਨ ਕੰਟਰੋਲ ਬੋਰਡ, ਸਿਵਲ ਅਧਿਕਾਰੀਆਂ ਸਿਆਸਤਦਾਨਾਂ ਕੋਲ ਬੇਨਤੀਆਂ, ਅਰਜੋਈਆਂ/ਧਰਨੇ ਮੁਜ਼ਾਹਰੇ ਕਰਨ ਤੋਂ ਬਾਅਦ ਲੋਕਾਂ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਕੱਤਰ ਨੂੰ ਨਿਯਮਾਂ ਸਬੰਧੀ ਕੰਮ ਹੋਣ ਬਾਰੇ ਹਲਫੀਆ ਬਿਆਨ ਦਾਖਲ ਕਰਨ ਲਈ ਕਿਹਾ ਤਾਂ ਸਕੱਤਰ ਨੇ ਇਹ ਕੋਰੇ ਝੂਠ ਦਾ ਹਲਫੀਆ ਬਿਆਨ ਦੇ ਦਿੱਤਾ ਹੈ। ਟ੍ਰਿਬਿਊਨਲ ਵੱਲੋਂ ਲੋਕਲ ਕਮਿਸ਼ਨਰ 27/7/2013 ਨੂੰ ਨਿਯੁਕਤ ਕਰਕੇ ਭੇਜਿਆ ਗਿਆ ਜਿਸਨੇ ਲੋਕਾਂ ਨੂੰ ਠੀਕ ਤੇ ਨਗਰ ਨਿਗਮ ਵੱਲੋਂ ਕੀਤੀਆਂ ਉਲੰਘਣਾਵਾਂ ਨੋਟ ਕੀਤੀਆਂ ਹਨ। ਨਗਰ ਨਿਗਮ ਵੱਲੋਂ ਬੋਲੇ ਜਾਂਦੇ ਝੂਠ  ਅੱਗੇ ਲੋਕਾਂ ਵੱਲੋਂ ਖੜਨ ਤੇ ਨਿਗਮ ਨੇ ਕੈਪਟਨ ਮੱਲ ਸਿੰਘ(ਮਤੀ ਦਾਸ ਨਗਰ), ਰਿਟਾਇਡ ਡੀ.ਐਸ.ਪੀ. ਨਗੌਰ ਸਿੰਘ(ਹਰਬੰਸ ਨਗਰ), ਲਖਵਿੰਦਰ ਸਿੰਘ ਪ੍ਰਧਾਨ ਨਛੱਤਰ ਨਗਰ ਅਤੇ ਗੁਰਮੇਲ ਸਿੰਘ ਉਪਰ ਧਾਰਾ 353 ਅਤੇ 186 ਅਧੀਨ ਕੇਸ ਦਰਜ ਕਰਵਾਇਆ ਗਿਆ ਹੈ। ਪਰ ਲੋਕ ਡਰਨ ਜਾਂ ਦਹਿਸ਼ਤਜਦਾ ਹੋਣ ਦੀ ਬਜਾਏ ਧੜੱਲੇ ਨਾਲ ਹੱਕ ਸੱਚ ਦੀ ਲੜਾਈ ਲੜੂ ਰਹੇ ਹਨ।
ਸਾਰੇ ਤੱਥਾਂ ਤੇ ਹਾਲਾਤਾਂ ਦੀ ਬਰੀਕੀ ਨਾਲ ਛਾਣਬੀਣ ਕਰਨ ਤੋਂ ਬਾਅਦ ਸਭਾ ਵੱਲੋਂ ਗਠਿਤ ਕੀਤੀ ਟੀਮ ਇਸ ਸਿੱਟੇ ਤੇ ਪਹੁੰਚੀ ਤੇ ਮੰਗ ਕਰਦੀ ਹੈ ਕਿ
ਨਗਰ ਨਿਗਮ ਸਰਕਾਰੀ ਸਰਪ੍ਰਸਤੀ ਹੇਠ ਧੱਕੇ ਨਾਲ 14 ਹਜ਼ਾਰ ਆਬਾਦੀ ਵਿਚਕਾਰ ਇਹਨਾਂ ਨਗਰਾਂ ਦੇ ਬਿਲਕੁਲ ਨੇੜੇ ਸੀਵਰੇਜ ਦੇ ਪਾਣੀ ਤੇ ਸਾਲਡ ਵੇਸਟ ਦਾ ਗੰਦ ਸੁਟ ਰਹੀ ਹੈ।
ਸਰਕਾਰ ਨੇ ਵਧੀਆ ਸਿਹਤ ਸਹੂਲਤਾਂ ਤੇ ਸਵੱਛ ਵਾਤਾਵਰਨ ਤਾਂ ਕੀ ਦੇਣਾ ਸੀ ਸਗੋਂ ਲੋਕਾਂ ਦੇ ਤੰਦਰੁਸਤ ਜੀਣ ਦਾ ਮੁਢਲਾ ਜਮਹੂਰੀ ਹੱਕ ਖੋਹ ਰਹੀ ਹੈ।ਪਿਛੇ ਜਿਹੇ ਸ਼ਰਾਬ ਦੀ ਫੈਕਟਰੀ ਲਾ ਕੇ ਪਿੰਡ ਮਸ਼ਾਨੇ ਦੇ ਲੋਕਾਂ ਨਾਲ ਵੀ ਇਵੇਂ ਕੀਤਾ ਗਿਆ ਹੈ।
ਸਭਾ ਮੰਗ ਕਰਦੀ ਹੈ ਕਿ:
ਹੱਕੀ ਸੰਘਰਸ਼ ਕਰਦੇ ਲੋਕਾਂ ਤੇ ਬਣਾਏ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ।
ਵਸੋਂ ਦੇ ਬਿਲਕੁਲ ਵਿਚਕਾਰ ਅਤੇ ਬਿਲਕੁਲ ਨੇੜੇ ਲਗਾਏ ਜਾ ਰਹੇ ਸੀਵਰੇਜ ਵਾਟਰ ਟਰੀਟਮੈਂਟ ਪਲਾਂਟ ਅਤੇ ਸਾਲਡ ਵੇਸਟ ਪਲਾਂਟ ਨੂੰ ਆਬਾਦੀ ਤੋਂ ਦੂਰ ਸਿਫਟ ਕੀਤਾ ਜਾਵੇ।
ਜਾਰੀ ਕਰਤਾ:ਬੱਗਾ ਸਿੰਘ ਪ੍ਰਧਾਨ,                                              ਜਮਹੂਰੀ ਅਧਿਕਾਰ ਸਭਾ(ਪੰਜਾਬ),
           ਮੋਬਾਈਲ 9465325909                                          ਇਕਾਈ ਬਠਿੰਡਾ
            2 ਅਗਸਤ 2013