Thursday, September 7, 2017

ਗ਼ੌਰੀ ਲੰਕੇਸ਼ ਦੇ ਕਤਲ ਦੇ ਵਿਰੋਧ ਵਿਚ ਨਵਾਂਸ਼ਹਿਰ ਵਿਖੇ ਰੋਸ ਮਾਰਚ ਕੀਤਾ ਗਿਆ


ਨਵਾਂਸ਼ਹਿਰ, 7 ਸਤੰਬਰ- ਕਰਨਾਟਕਾ ਦੇ ਸ਼ਹਿਰ ਬੈਂਗਲੂਰੁ ਵਿਚ ਸੀਨੀਅਰ ਪੱਤਰਕਾਰ ਅਤੇ ਕਾਰਕੁਨ ਗ਼ੌਰੀ ਲੰਕੇਸ਼ ਦੇ ਕੀਤੇ ਗਏ ਕਤਲ ਦੇ ਵਿਰੋਧ ਵਿਚ ਅੱਜ ਨਵਾਂਸ਼ਹਿਰ ਵਿਖੇ ਪੱਤਰਕਾਰਾਂ, ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਹੋਰ ਜਨਤਕ ਜਥੇਬੰਦੀਆਂ ਵਲ਼ੋਂ ਕਾਲੇ ਬਿੱਲੇ ਲਗਾ ਕੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਕਾਤਲਾਂ ਨੂੰ ਫ਼ੌਰੀ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਸਥਾਨਕ ਬਾਰਾਂਦਰੀ ਬਾਗ਼ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਗ਼ੌਰੀਲੰਕੇਸ਼ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਡੈਮੋਕਰੈਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਕਨਵੀਨਰ ਦਲਜੀਤ ਸਿੰਘ ਐਡਵੋਕੇਟ, ਪੱਤਰਕਾਰ ਦੀਦਾਰ ਸਿੰਘ ਸ਼ੇਤਰਾ, ਪੱਤਰਕਾਰ ਲਾਜਵੰਤ ਸਿੰਘ ਲਾਜ, ਪੱਤਰਕਾਰ ਮਨਦੀਪ ਸਿੰਘ, ਪੱਤਰਕਾਰ ਮਨੋਰੰਜਨ ਕਾਲੀਆ, ਪੱਤਰਕਾਰ ਸੁਸ਼ੀਲ ਪਾਂਡੇ, ਜਮਹੂਰੀ ਅਧਿਕਾਰ ਸਭਾ ਦੇ ਆਗੂ ਬੂਟਾ ਸਿੰਘ, ਜਸਬੀਰ ਦੀਪ, ਉਪਕਾਰ ਸੋਸਾਇਟੀ ਦੇ ਜਨਰਲ ਸਕੱਤਰ ਜਸਪਾਲ ਸਿੰਘ ਗਿੱਦਾ, ਡੀ.ਟੀ.ਐਫ ਦੇ ਸੂਬਾ ਪ੍ਧਾਨ ਭੁਪਿੰਦਰ ਸਿੰਘ ਵੜੈਚ ਨੇ ਆਖਿਆ ਕਿ ਸਮੁੱਚਾ ਪੱਤਰਕਾਰ ਭਾਈਚਾਰਾ ਅਤੇ ਦੇਸ਼ ਦੇ ਹੋਰ ਸਮੂਹ ਇਨਸਾਫ਼ਪਸੰਦ ਤੇ ਜਮਹੂਰੀ ਨਾਗਰਿਕ ਸਮਝਦੇ ਹਨ ਕਿ ਸੀਨੀਅਰ ਪੱਤਰਕਾਰ ਅਤੇ ਲੋਕਪੱਖੀ ਕਾਰਕੁਨ ਗ਼ੌਰੀ ਲੰਕੇਸ਼ ਦੀ ਹੱਤਿਆ ਸਾਡੇ ਸਮਾਜ ਅਤੇ ਦੇਸ਼ ਦੇ ਭਵਿੱਖ ਲਈ ਬਹੁਤ ਹੀ ਖ਼ਤਰਨਾਕ ਰੁਝਾਨ ਦੀ ਸੂਚਕ ਹੈ। ਬੇਬਾਕ ਲੇਖਕਾ ਹੋਣ ਕਾਰਨ ਗ਼ੌਰੀ ਲੰਕੇਸ਼ ਦੀ ਜਾਨ ਖ਼ਤਰੇ ਵਿਚ ਸੀ ਅਤੇ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਪਰ ਕਰਨਾਟਕਾ ਸਰਕਾਰ ਅਤੇ ਪੁਲਿਸ ਵੱਲੋਂ ਉਸ ਦੀ ਸੁਰੱਖਿਆ ਲਈ ਕੋਈ ਗੰਭੀਰ ਪੇਸ਼ ਬੰਦੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਇੱਕ ਪੱਤਰਕਾਰ ਦਾ ਕਤਲ ਨਹੀਂ ਬਲਕਿ ਪ੍ਰੈੱਸ ਦੀ ਆਜ਼ਾਦੀ ਦਾ ਕਤਲ ਹੈ ਅਤੇ ਇਹ ਵਿਚਾਰਾਂ ਦੀ ਆਜ਼ਾਦੀ ਦੇ ਹੱਕਾਂ ਨੂੰ ਖ਼ਤਮ ਕਰਨ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਇਸੇ ਕਰਨਾਟਕਾ ਸੂਬੇ ਵਿਚ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਐੱਮ.ਐੱਮਕਲਬੁਰਗੀ ਅਤੇ ਮਹਾਰਾਸ਼ਟਰ ਵਿਚ ਡਾ: ਨਰਿੰਦਰ ਡਭੋਲਕਰ ਅਤੇ ਗੋਵਿੰਦ ਪਾਨਸਰੇ ਵਰਗੀਆਂ ਜ਼ਹੀਨ ਅਗਾਂਹਵਧੂ ਸ਼ਖ਼ਸੀਅਤਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਚੁੱਕੀਆਂ ਹਨ।
ਬੁਲਾਰਿਆਂ ਨੇ ਆਖਿਆ ਕਿ ਇਸ ਤੋਂ ਵੱਧ ਚਿੰਤਾਜਨਕ ਹਾਲਤ ਕੀ ਹੋ ਸਕਦੀ ਹੈ ਕਿ 2016 ਵਿਚ ਦੇਸ਼ ਅੰਦਰ ਪੰਜ ਪੱਤਰਕਾਰਾਂ ਦੀ ਹੱਤਿਆ ਕੀਤੀ ਗਈ ਹੈ ਅਤੇ ਦੇਸ਼ ਵਿਚ ਵਿਚਾਰਾਂ ਦੀ ਆਜ਼ਾਦੀ ਅਤੇ ਸਭਿਆਚਾਰਕ ਵੰਨ-ਸੁਵੰਨਤਾ ਉੱਪਰ ਲਗਾਤਾਰ ਹਮਲੇ ਹੋ ਰਹੇ ਹਨ। ਇਨ੍ਹਾਂ ਹੱਤਿਆਵਾਂ ਅਤੇ ਫਾਸ਼ੀਵਾਦੀ ਹਮਲਿਆਂ ਦਾ ਇੱਕੋ-ਇੱਕ ਉਦੇਸ਼ ਆਜ਼ਾਦ ਤੇ ਵਿਗਿਆਨਕ ਖੋਜ ਅਤੇ ਵਿਚਾਰਾਂ ਦੀ ਆਜ਼ਾਦੀ ਦਾ ਗਲ਼ਾ ਘੁੱਟਣਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਵਿਚ ਸੱਤਾਧਾਰੀ ਧਿਰ ਦੀ ਅਸਿੱਧੀ ਹਮਾਇਤ ਕਾਰਨ ਹੁਣ ਲੋਕਾਂ ਦੀ ਨਿੱਜਤਾ ਦੀਆਂ ਅੰਦਰੂਨੀ ਪਰਤਾਂ ਵੀ ਇਹਨਾਂ ਤਾਕਤਾਂ ਦੀਆਂ ਤਿੱਖੀਆਂ ਤੇ ਕਾਤਲਾਨਾ ਨਜ਼ਰਾਂ ਤੋਂ ਮਹਿਫ਼ੂਜ਼ ਨਹੀਂ ਹਨ। ਨਿਹਾਇਤ ਚਿੰਤਾਜਨਕ ਇਹ ਹੈ ਕਿ ਪੁਲੀਸ ਅਤੇ ਹੋਰ ਜਾਂਚ ਏਜੰਸੀਆਂ ਇਨ੍ਹਾਂ ਹੱਤਿਆਵਾਂ ਦੀ ਸਹੀ ਜਾਂਚ ਕਰਕੇ ਇਨ੍ਹਾਂ ਘਿਣਾਉਣੇ ਜੁਰਮਾਂ ਲਈ ਜ਼ਿੰਮੇਵਾਰ ਤਾਕਤਾਂ ਨੂੰ ਸਜ਼ਾ ਨਹੀਂ ਦਿਵਾ ਸਕੀਆਂ। ਇਸੇ ਕਰਕੇ ਅਸਹਿਣਸ਼ੀਲ ਕੱਟੜਵਾਦੀ ਤਾਕਤਾਂ ਦੇ ਹੌਸਲੇ ਬੁਲੰਦ ਹਨ ਅਤੇ ਉਨ੍ਹਾਂ ਨੇ ਆਪਣੇ ਤੋਂ ਵੱਖਰੀ ਸੋਚ ਵਾਲਿਆਂ ਦੀਆਂ ਹੱਤਿਆਵਾਂ ਦਾ ਸਿਲਸਿਲਾ ਬੇਖ਼ੌਫ਼ ਜਾਰੀ ਰੱਖਿਆ ਹੋਇਆ ਹੈ। ਇਹ ਹਾਲਾਤ ਮੁਲਕ ਦੇ ਭਵਿੱਖ ਲਈ ਵੀ ਚਿੰਤਾਜਨਕ ਹਨ। ਜਿਸ ਦਾ ਜਮਹੂਰੀਅਤ ਪਸੰਦ ਜਥੇਬੰਦੀਆਂ ਵੱਲੋਂ ਇਕੱਠੇ ਹੋਕੇ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਇਸਤਰੀ ਜਾਗਿ੍ਰਤੀ ਮੰਚ ਦੀ ਸੂਬਾ ਪ੍ਧਾਨ ਬੀਬੀ ਗੁਰਬਖਸ਼ ਕੌਰ ਸੰਘਾ, ਪ੍ਗਤੀਸ਼ੀਲ ਵਿਚਾਰ ਮੰਚ ਦੇ ਆਗੂ ਪਿ੍ੰਸੀਪਲ ਇਕਬਾਲ ਸਿੰਘ, ਲੇਖਕ ਸੰਧੂ ਵਰਿਆਣਵੀ, ਤਰਕਸ਼ੀਲ ਸੋਸਾਇਟੀ ਦੇ ਆਗੂ ਜੋਗਿੰਦਰ ਕੱੁਲੇ ਵਾਲ ਮੁਕੰਦ ਲਾਲ, ਆਰ.ਟੀ.ਆਈ ਕਾਰਕੁਨ ਪਰਵਿੰਦਰ ਕਿੱਤਣਾਂ, ਪੀ.ਐੱਸ.ਯੂ ਆਗੂ ਬਿਕਰਮ ਕੁੱਲੇਵਾਲ, ਗੁਰਦੇਵ ਸਿੰਘ ਪਾਬਲਾ ਰਾਹੋਂ, ਮਾਸਟਰ ਮੁਕੇਸ਼ ਕੁਮਾਰ, ਮਾਸਟਰ ਅਜੇ ਖਟਕੜ, ਹਰਪਾਲ ਸਿੰਘ ਇੰਪਲਾਈਜ਼ ਫੈਡਰੇਸ਼ਨ, ਵਾਸਦੇਵ ਪਰਦੇਸੀ ਪ੍ਧਾਨ ਹਿੳੂਮਨ ਰਾਈਟਸ, ਡਾ. ਅਵਤਾਰ ਸਿੰਘ ਭਾਈ ਘਨੱਈਆ ਸੇਵਾ ਸੰਮਤੀ ਨੇ ਵੀ ਵਿਚਾਰ ਪ੍ਗਟ ਕੀਤੇ। ਇਸ ਮੌਕੇ ਤੇ ਡਾ: ਬਲਦੇਵ ਸਿੰਘ ਬੀਕਾਮਾ:ਕੁਲਵਿੰਦਰ ਸਿੰਘ ਖਟਕੜ, ਮਾ: ਨਰਿੰਦਰ ਸਿੰਘ ਉੜਾਪੜ, ਸੁਰਿੰਦਰ ਪਾਲ ਰਾਹੋਂ, ਸੁਖਵੀਰ ਸਿੰਘ ਬਲਾਚੌਰ, ਹਰੀ ਰਾਮ ਰਸੂਲਪੁਰੀ, ਹਰਜਿੰਦਰ ਸਿੰਘ ਰਸੂਲਪੁਰ ਵੀ ਮੌਜੂਦ ਸਨ।