ਸਰਕਾਰੀ ਕਾਲਜਾਂ ਦੀਆਂ ਲੋੜਾਂ ਦੀ ਅਣਦੇਖੀ
ਹਰ ਵਿਦਿਅਕ ਸਾਲ ਸ਼ੁਰੁ ਹੋਣ ਦੇ ਨਾਲ ਹੀ ਪਲੱਸ ਟੂ (ਬਾਰਵੀਂ) ਤੋਂ ਪਾਸ ਹੋ ਕੇ ਵਿਦਿਆਰਥੀ ਕਾਲਜਾਂ ਵਿੱਚ ਦਾਖ਼ਲਾ ਲੈਣ ਲਈ ਜਾਂਦੇ ਹਨ।ਪਿਛਲੇ ਸਮੇਂ ਵਿੱਚ ਵੱਡੀ ਪੱਧਰ ਤੇ ਪ੍ਰਾਈਵੇਟ ਕਾਲਜਾਂ ਦੇ ਖੁੱਲ੍ਹ ਜਾਣ ਦੇ ਬਾਵਜੂਦ ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀਆਂ ਦੀਆਂ ਦਾਖ਼ਲੇ ਲਈ ਲਾਈਨਾਂ ਲਗਦੀਆਂ ਹਨ। ਸਰਕਾਰੀ ਕਾਲਜਾਂ ਦੀਆਂ ਸੀਟਾਂ ਸੀਮਤ ਹੋਣ ਦਾ ਰੌਲਾ ਪੈਂਦਾ ਹੈ ਅਤੇ ਵਿਦਿਆਰਥੀਆਂ ਨੁੰ ਦਾਖ਼ਲੇ ਤੋਂ ਇਨਕਾਰ ਕਰਨ ਦੀਆਂ ਖ਼ਬਰਾਂ ਆਉਂਦੀਆਂ ਹਨ।ਫਿਰ ਵਿਦਿਆਰਥੀਆਂ ਨੂੰ ਦਾਖ਼ਲੇ ਲਈ ਹੜਤਾਲਾਂ ਕਰਨੀਆਂ ਪੈਂਦੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਿਦਿਅਕ ਸਾਲ ਦੇ ਸ਼ੁਰੂ ਵਿੱਚ ਟੀ.ਪੀ.ਡੀ. ਮਾਲਵਾ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ-ਮਹਿਰਾਜ, ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਅਤੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਸਮੇਤ ਹੋਰ ਕਈ ਕਾਲਜਾਂ ਤੋਂ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ ਹੜਤਾਲਾਂ ਹੋਣ ਦੀਆਂ ਖ਼ਬਰਾਂ ਸਭਾ ਦੇ ਧਿਆਨ ਵਿੱਚ ਆਈਆਂ।ਕਿਉਂਕਿ ਸਕੂਲਾਂ ਤੋਂ ਪਾਸ ਕਾਲਜਾਂ ਵਿੱਚ ਉੱਚ ਸਿਖਿਆ ਲਈ ਦਾਖ਼ਲ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘੱਟ ਰਹਿ ਜਾਂਦੀ ਹੈ। ਇਹ ਇੱਕ ਸਰਬ ਪ੍ਰਮਾਨਤ ਤੱਥ ਹੈ ਕਿ ਉਚੇਰੀ ਸਿੱਲ਼ਿਆ ਦੇ ਪੱਧਰ 'ਤੇ ਸਬੰਧਤ ਉਮਰ ਗੁੱਟ(17-23 ਸਾਲ) ਦੀ ਘੱਟੋ ਘੱਟ 20 ਫੀਸਦੀ ਵਸੋਂ ਦਾ ਦਾਖਲਾ ਕਿਸੇ ਵੀ ਦੇਸ਼ ਦੇ ਵਿਕਾਸ ਲਈ ਲਾਜ਼ਮੀ ਸ਼ਰਤ ਹੈ। ਪਰ ਜਿਥੇ ਵਿਕਸਤ ਦੇਸਾਂ 'ਚ ਇਹ ਦਰ 50 ਫੀਸਦੀ ਨੂੰ ਪਾਰ ਕਰ ਚੁੱਕੀ ਹੈ,ਉਥੇ ਭਾਰਤ 'ਚ ਇਹ ਦਰ ਮੁਕਾਬਲਤਨ ਬਹੁਤ ਹੀ ਘੱਟ ਕੇਵਲ 9 ਫੀਸਦੀ ਹੀ ਹੈ। ਸਭਾ ਲਈ ਇਹ ਫ਼ਿਕਰਮੰਦੀ ਦਾ ਵਿਸ਼ਾ ਹੈ।ਸਭਾ ਨੇ ਇਹਨਾਂ ਹੜਤਾਲਾਂ ਦੇ ਮੂਲ ਕਾਰਨ ਜਾਨਣ ਅਤੇ ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਦਾਖ਼ਲੇ ਲਈ ਆ ਰਹੀਆਂ ਮੁਸ਼ਕਲਾਂ ਦੇ ਮੂਲ ਕਾਰਨਾਂ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਫ਼ੈਸਲਾ ਕੀਤਾ। ਸੂਬਾ ਪ੍ਰਧਾਨ ਅਜਮੇਰ ਔਲਖ, ਸ੍ਰੀ. ਤਰਸੇਮ ਗੋਇਲ (ਸੂਬਾ ਵਿੱਤ ਸਕੱਤਰ ਅਤੇ ਸੀ੍ਰ. ਪ੍ਰਿਤਪਾਲ ਸਿੰਘ (ਸੂਬਾ ਪ੍ਰਕਾਸ਼ਨ ਸਕੱਤਰ) ਅਧਾਰਤ ਟੀਮ ਨੇ ਫਰੀਦਕੋਟ, ਰਾਮਪੁਰਾ ਅਤੇ ਮਾਨਸਾ ਇਕਾਈਆਂ ਤੋਂ ਸਥਾਨਿਕ ਮੈਬਰਾਂ ਸ੍ਰੀ ਹਰਦਾਸ ਸਿੰਘ, ਗੁਰਦਿਆਲ ਭੱਟੀ, ਓਮ ਪ੍ਰਕਾਸ, ਬਲਵਿੰਦਰ ਸਿੰਘ, ਭੋਲਾ ਸਿੰਘ ਸਿਧਾਣਾ, ਸ੍ਰੀ ਕੇਸੋ ਰਾਮ, ਡਾਕਟਰ ਜਗਤਾਰ ਫੂਲ, ਐਡਵੋਕੇਟ ਬਲਕਰਨ ਬੱਲੀ ਅਤੇ ਜਸਪਾਲ ਖੋਖਰ ਨੂੰ ਨਾਲ ਲੈਕੇ ਸਰਕਾਰੀ ਬਰਜਿੰਦਰਾ ਕਾਲਜ,ਫਰੀਦਕੋਟ, ਟੀ.ਪੀ.ਡੀ ਮਾਲਵਾ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ-ਮਹਿਰਾਜ ਅਥੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਜਾਣਕਾਰੀ ਇਕੱਤਰ ਕੀਤੀ।ਇਹ ਟੀਮਾਂ ਨੇ ਸਬੰਧਤ ਕਾਲਜਾਂ ਦੇ ਅਧਿਕਾਰੀਆਂ, ਵਿਦਿਆਰਥੀਆਂ ਅਤੇ ਵਿਦਿਆਰਥੀ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਹਾਸਲ ਸੀਟਾਂ, ਦਾਖ਼ਲ ਚਾਹੁਣ ਵਾਲੇ ਵਿਦਿਆਰਥੀਆਂ ਦੀ ਗਿਣਤੀ, ਸਟਾਫ਼ ਦੀ ਮੌਜੂਦਾ ਸਥਿਤੀ, ਪੜਾਉਣ ਲਈ ਕਮਰਿਆਂ, ਪ੍ਰਯੋਗਸ਼ਾਲਾਵਾਂ, ਲਾਇਬਰੇਰੀਆਂ ਆਦਿ ਦੀ ਉਪਲਭਤਾ ਅਤੇ ਅਧਿਆਪਕਾਂ ਦੀ ਗਿਣਤੀ, ਵਸੂਲ ਕੀਤੀਆ ਜਾ ਰਹੀਆਂ ਫ਼ੀਸਾਂ ਆਦਿ ਤੱਥਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ।ਪ੍ਰਾਈਵੇਟ ਕਾਲਜਾਂ ਦੀਆਂ ਫ਼ੀਸਾਂ ਦਾ ਪਤਾ ਵੀ ਲਗਾਇਆ।
ਟੀ ਪੀ ਡੀ ਮਾਲਵਾ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ-ਮਹਿਰਾਜ ਤੋਂ ਕੁੱਝ ਤੱਥ
ਇਥੇ ਬੀ.ਏ.ਭਾਗ ਪਹਿਲਾ ਦੀਆਂ ਵਿੱਚ 2011-12 ਕੁੱਲ ਸੀਟਾਂ 375 ਸਨ ਅਤੇ ਇੰਨੇ ਹੀ ਵਿਦਿਆਰਥੀ ਦਾਖ਼ਲ ਕੀਤੇ ਗਏ।ਪਰ 2012-13 ਵਿੱਚ ਇਹ ਸੀਟਾਂ ਵਧਾ ਕੇ 950 ਕਰਨੀਆਂ ਪਈਆਂ। 2013-14 ਵਿੱਚ ਵੀ ਦਾਖ਼ਲ ਦੀ ਗਿਣਤੀ 1000 ਤੱਕ ਪਹੁੰਚਣ ਦੀ ਉਮੀਦ ਹੈ।ਕਿਉਂਕਿ 600 ਨਵੇਂ ਵਿਦਿਆਰਥੀ ਅਤੇ 350 ਫੇਲ੍ਹ ਵਿਦਿਆਰਥੀਆਂ ਚੋਂ 250 ਵਿਦਿਆਰਥੀ ਦਾਖ਼ਲ ਕਰ ਲਏ ਸਨ ਅਤੇ ਹੋਰ ਦਾਖ਼ਲੇ ਜਾਰੀ ਸਨ।
ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਦੀ ਸਾਲਾਨਾ ਕੋਰਸ ਵਿੱਚ ਫ਼ੀਸ ਲਗਭਗ 5500 ਰੁਪਏ ਅਤੇ ਸਮੈਸਟਰ ਪ੍ਰੋਗਰਾਮ ਅਧੀਨ ਸਾਲਾਨਾ ਫ਼ੀਸ 7000 ਰੁਪਏ ਹੈ।ਬੀਏ ਭਾਗ ਦੂਜਾ ਅਤੇ ਤੀਜਾ ਕਲਾਸਾਂ ਵਿੱਚ ਦੂਜੇ ਕਾਲਜਾਂ ਤੋਂ ਆਏ ਵਿਦਿਆਰਥੀਆਂ ਤੋਂ 250/ ਰੁ: ਸਕਿਊਰਟੀ ਫ਼ੀਸ ਲਈ ਜਾਂਦੀ ਹੈ।
ਇਸ ਸਾਲ ਨਾਨ-ਮੈਡੀਕਲ ਗਰੁੱਪ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਪਹਿਲੇ ਸਾਲ ਵਿੱਚ ਕੁਲ ਵਿਦਿਆਰਥੀ 17 ਦਾਖ਼ਲ ਕੀਤੇ ਗਏ ਹਨ। ਕਾਲਜ ਵਿੱਚ ਕੋਈ ਪ੍ਰਯੋਗਸ਼ਾਲਾ ਜਾਂ ਸਾਇੰਸ ਦਾ ਅਧਿਆਪਕ ਨਹੀਂ ਹੈ। ਨੇੜੇ ਹੀ ਇੱਕ ਪਾਲੀਟੈਕਨਿਕ ਕਾਲਜ਼ ਹੈ।ਉਸ ਕਾਲਜ ਦੇ ਹੀ ਅਧਿਆਪਕਾਂ ਅਤੇ ਪ੍ਰਯੋਗਸ਼ਾਲਾ ਦੀ ਵਰਤੋਂ ਕੀਤੀ ਜਾਵੇਗੀ।ਕਾਮਰਸ ਦੀਆਂ ਤਿੰਨੋਂ ਕਲਾਸਾਂ ਵਿੱਚ ਕੁੱਲ 60 ਵਿਦਿਆਰਥੀ ਹਨ।ਬੀ.ਏ. ਦਾ ਸੈਕਸ਼ਨ 80-100 ਵਿਦਿਆਰਥੀਆਂ ਦਾ ਹੋਵੇਗਾ।ਕੁਲ ਕਮਰੇ 28, ਹਿਸਟਰੀ ਐਮ.ਏ. 20 ਸੀਟਾਂ, ਪੰਜਾਬੀ ਐਮ.ਏ. 30 ਸੀਟਾਂ ਹਨ।
ਕਾਲਜ ਵਿੱਚ 3 ਇੰਗਲਿਸ਼ ਅਤੇ ਪੰਜ ਪੰਜਾਬੀ ਦੇ ਅਧਿਆਪਕ, ਹਿਸਟਰੀ ਦੇ 3, ਇਕਨਾਮਿਕਸ ਦੇ 2, ਪਲਿਟੀਕਲ ਸਾਇੰਸ ਦੇ 1( ਅਤੇ 2 ਐਡਹਾਕ ਅਧਿਆਪਕ), ਹਿੰਦੀ ਇੱਕ ਰੈਗੂਲਰ ਅਧਿਆਪਕ ਹਨ, ਪਿਛਲੇ ਸਾਲ ਤਿੰਨ ਤਿੰਨ ਇੰਗਲਿਸ਼ ਅਤੇ ਪੰਜਾਬੀ ਦੇ ਅਧਿਆਪਕ ਠੇਕੇ ਤੇ ਗਏ ਰੱਖੇ ਸਨ।ਭਾਵ ਕੁਲ 24 ਅਧਿਆਪਕ ਹੋਣਗੇ।ਜਿਹਨਾਂ ਚੋਂ 15 ਰੈਗੂਲਰ ਅਧਿਆਪਕ ਹਨ।
ਪਿੰਸੀਪਲ ਡਾ. ਅਨਿਲ ਕੁਮਾਰ ਵਰਮਾ ਬਲਜਿੰਦਰਾ ਕਾਲਜ ਫ਼ਰੀਦਕੋਟ ਅਨੁਸਾਰ ਹਰ ਸਾਲ 1100-1200 ਵਿਦਿਆਰਥੀ ਦਾਖ਼ਲ ਹੋਣ ਲਈ ਬੇਨਤੀ ਪੱਤਰ ਦਿੰਦੇ ਹਨ ਅਤੇ ਪਿਛਲੇ ਸਾਲ ਤੋਂ ਅਸੀਂ 1000 ਦੇ ਲੱਗਭੱਗ ਨੂੰ ਦਾਖ਼ਲਾ ਦਿੰਦੇ ਆ ਰਹੇ ਹਾਂ। ਸਟਾਫ਼ 29 ਰੈਗੂਲਰ, 11 ਪਾਰਟ ਟਾਈਮ ਅਤੇ 28 ਗੈਸਟ ਫੈਕਲਟੀ (ਪੀਐਚ ਡੀ ਕੁਆਲੀਫੀਕੇਸ਼ਨ ਵਾਲਾ ਸਟਾਫ਼) ਪੀਟੀਏ ਵਿੱਚੋਂ 7000 ਰੁ. ਪ੍ਰਤੀ ਮਹੀਨਾ,ਤਨਖ਼ਾਹ ਦਿੱਤੀ ਜਾਂਦੀ ਹੈ।ਅੰਗਰੇਜ਼ੀ ਦੇ ਟੀਚਰ ਕੇਵਲ 6 ਰਹਿ ਗਏ ਹਨ। ਉਹਨਾਂ ਵਿੱਚ ਕੋਈ ਬੇਚੈਨੀ ਨਹੀਂ ਪੂਰੇ ਜ਼ੋਰ ਨਾਲ ਪੜ੍ਹਾੳਂਦੇ ਹਨ। ਅਨੁਪਾਤ 80:1 ਦਾ ਹੈ ਪਰ ਵਿਦਿਆਰਥੀ ਵੱਧ ਵੀ ਜਾਣ ਤਾਂ 150 ਵੀ ਹੋ ਸਕਦੇ ਹਨ, ਕਮਰਿਆਂ ਵਿੱਚ ਕਿਵੇਂ ਨਾ ਕਿਵੇਂ ਬੈਠਣ ਦਾ ਪ੍ਰਬੰਧ ਕੀਤਾ ਜਾਂਦਾ ਹੈ।ਪੀਟੀਏ ਫੰਡ 1300-1400 ਲਿਆ ਜਾਂਦਾ ਹੈ।
ਮੇਰੇ ਕੋਲ ਬੀ.ਐਡ ਕਾਲਜ ਦਾ ਵੀ ਚਾਰਜ ਹੈ।ਉਹ ਵੀ ਇੱਕ ਸਿਰਦਰਦੀ ਹੈ।ਟੀਚਰ ਲਗਾਤਾਰ ਘਟ ਰਹੇ ਹਨ। ਉਹਨਾਂ ਦੀ ਪੂਰਤੀ ਗੈਸਟ ਫੈਕਲਟੀ ਨਾਲ ਕੀਤੀ ਜਾਂਦੀ ਹੈ। ਸਾਡੇ ਵਿਦਿਆਰਥੀ ਯੂਨੀਵਰਸਿਟੀ ਵਿੱਚ ਚੰਗੀਆਂ ਪੂਜ਼ੀਸ਼ਨਾਂ ਪਹਿਲੀਆਂ ਦੂਜੀਆਂ ਹਾਸਲ ਕਰਦੇ ਹਨ। ਐਮ.ਐਸਸੀ. ਕਮਿਸਟਰੀ ਇਥੇ (20 ਸੀਟਾਂ) ਪੜਾਈ ਜਾਂਦੀ ਹੈ, ਐਮ.ਏ. ਪੂੰਜਾਬੀ ਅਤੇ ਇਕਨਾਮਿਕਸ ਵੀ ਹੈ। ਬੀ.ਏ.ਭਾਗ ਪਹਿਲੇ ਚੋਂ ਬੀ.ਏ.ਭਾਗ ਦੂਜੇ ਵਿੱਚ 50 ਫੀਸਦੀ ਬੱਚੇ ਪਾਸ ਹੁੰਦੇ ਹਨ।ਫਿਰ ਬੀਏ ਦੂਜੇ ਤੋਂ ਬੀਏ ਤੀਜੇ ਵਿੱਚ ਸਭ ਚੜ੍ਹ ਜਾਂਦੇ ਹਨ।
ਇਹ ਪੁੱਛੇ ਜਾਣ ਤੇ ਕਿ ਕੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਜਾਨਣ ਲਈ ਕੋਈ ਵਿਦਿਆਰਥੀ-ਅਧਿਆਪਕ ਕਮੇਟੀ ਦੀ ਹੋਂਦ ਹੈ, ਦੱਸਿਆ ਗਿਆ ਕਿ ਸੀਨੀਅਰ ਵਿਦਿਆਰਥੀ ਕਮੇਟੀ ਵਿੱਚ ਲਏ ਜਾਂਦੇ ਹਨ, ਸਿਲੇਬਸ ਵਾਰੇ ਵਿਦਿਆਰਥੀਆ ਦੇ ਵਿਚਾਰ ਜਾਨਣ ਲਈ ਵਿਸ਼ੇ ਵਾਈਜ ਸੈਮੀਨਾਰ ਵੀ ਕਰਵਾਏ ਜਾਂਦੇ ਹਨ ਕੰਧ ਨਾਮ ਦਾ ਮੈਗਜ਼ੀਨ ਕੱਢਿਆ ਜਾਂਦਾ ਹੈ ਵਿਦਿਆਰਥੀ ਉਸ ਵਿੱਚ ਲਿਖਦੇ ਹਨ।ਕਾਲਜ ਵਿੱਚ ਆਪਣੇ ਵਿਚਾਰ ਲਿਖਣ ਲਈ ਕੋਈ ਬੋਰਡ ਨਹੀਂ ਹੈ ਇਸ ਦੀ ਦੁਰ ਵਰਤੋਂ ਹੁੰਦੀ ਹੈ।
ਨੈਹਰੂ ਮੈਮੋਰੀਅਲ ਕਾਲਜ ਮਾਨਸਾ
ਬੀ.ਏ. ਪਹਿਲਾ ਵਿੱਚ 2011-12 ਵਿੱਚ ਦਾਖ਼ਲ ਵਿਦਿਆਰਥੀ 900, 2012-13 ਵਿੱਚ 1100 ਅਤੇ 2013-14 ਵਿੱਚ ਹੁਣ ਤੱਕ 900 ਵਿਦਿਆਰਥੀ ਦਾਖ਼ਲ ਹੋਏ। 1100 ਚੋਂ 700 ਵਿਦਿਆਰਥੀ ਬੀ.ਏ.ਭਾਗ ਪਹਿਲਾ ਚੋਂ ਪਾਸ ਹੋਏ। ਹਰ ਸਾਲ 400-500 ਵਿਦਿਆਰਥੀ ਦਾਖ਼ਲੇ ਤੋਂ ਵਾਂਝੇ ਰਹਿ ਜਾਂਦੇ ਹਨ।ਕੁਲ 16 ਕਮਰਿਆਂ ਵਿੱਚੋਂ ਦੋ ਲੈਕਚਰ ਹਾਲਾਂ ਨੂੰ ਕਾਲਜ ਦੀਆਂ ਲੈਬਾਰਟਰੀਆਂ ਅਤੇ ਪੀਟੀਯੂ ਸੈਂਟਰ ਚਲਾਉਣ ਲਈ ਵਰਤਿਆ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕੇਵਲ 14 ਕਮਰੇ ਰਹਿ ਜਾਂਦੇ ਹਨ।ਬੀ.ਕਾਮ. ਵਿੱਚ ਕੁਲ ਵਿਦਿਆਰਥੀ 150 ਤੋਂ ਉਪਰ; ਬੀ.ਸੀ.ਏ., ਪੀ.ਜੀ.ਡੀ.ਸੀ.ਏ. ਵਿੱਚ 150 ਤੋਂ ਉਪਰ, ਐਮ.ਏ. ਪੰਜਾਬੀ ਤੇ ਰਾਜਨੀਤੀ-ਸ਼ਾਸਤਰ ਕੁਲ ਵਿਦਿਆਰਥੀ 160(40 ਪ੍ਰਤੀ ਕਲਾਸ) ਹਨ।ਕੁੱਲ ਪੰਜ ਅਧਿਆਪਕ (ਕਮਰਸ=2, ਪੁਲਿਟੀਕਲ ਸਾਇੰਸ=1, ਅਰਥਸਾਸ਼ਤਰ=1, ਹਿਸਾਬ=1) ਰੈਗੂਲਰ, 4 ਪਾਰਟ ਟਾਈਮ, 13 ਗੈਸਟ ਫੈਕਲਟੀ ਅਤੇ 2 ਠੇਕੇ ਤੇ ਭਰਤੀ ਹਨ। ਯੂ.ਜੀ.ਸੀ ਅਨੁਸਾਰ (ਵਿਦਿਆਰਥੀ ਅਧਿਆਪਕ ਅਨੁਪਾਤ) ਕੰਪਲਸਰੀ ਵਿਸ਼ਾ 80:1, ਚੋਣਵਾਂ ਵਿਸ਼ਾ 60:1 ਨਿਰਧਾਰਤ ਹੈ। ਪਰ ਕਾਲਜ ਵਿੱਚ ਇਹ ਅਨੁਪਾਤ ਲਿਟਰੇਚਰ ਵਿੱਚ (ਵਿਦਿਆਰਥੀ 800, ਸੈਕਸ਼ਨ ਤਿੰਨ) 267:1, ਕੰਪਲਸਰੀ ਵਿਸ਼ੇ 900/4=225:1 ਤੱਕ ਹੈ।ਪੀਟੀਏ ਫੰਡ: ਬੀ.ਸੀ.ਏ. 700 ਰ., ਆਰਟਸ ਅਤੇ ਐਮ ਏ 1000 ਰੁ. ਮਹੀਨਾ ਲਿਆ ਜਾਂਦਾ ਹੈ।ਕਾਲਜ ਵਿੱਚ ਵਿਦਿਆਰਥੀਆਂ ਨੁੰ ਵਿਚਾਰ ਪ੍ਰਗਟ ਕਰਨ ਨੂੰ ਕੋਈ ਬੋਰਡ ਦੀ ਸਹੂਲਤ ਨਹੀਂ, ਕੋਈ ਵਿਦਿਆਰਥੀ-ਅਧਿਆਪਕ ਕਮੇਟੀ ਨਹੀ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਅਨੁਸਾਰ ਪੰਜਾਬ ਵਿੱਚ ਕੁੱਲ 56 ਸਰਕਾਰੀ ਕਾਲਜ ਹਨ (ਇਹਨਾਂ ਨੂੰ ਆਰਟਸ ਕਾਲਜ ਹੀ ਕਿਹਾ ਜਾਂਦਾ ਹੈ ਕਿਉਂਕਿ ਇਹਨਾ ਕਾਲਜਾਂ ਵਿੱਚ ਮੁੱਖ ਤੌਰ ਤੇ ਆਰਟਸ ਹੀ ਪੜਾਇਆ ਜਾਂਦਾ ਹੈ, ਸਾਇੰਸ ਦਾ ਉਨਾ ਪ੍ਰਬੰਧ ਨਹੀਂ ਜਿਵੇਂ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਸਾਇੰਸ ਦਾ ਇੱਕ ਹੀ ਬੈਚ ਚਲਦਾ ਹੈ 60 ਵਿਦਿਆਰਥੀਆਂ ਦਾ।) ਪੰਜਾਬ ਭਰ ਵਿੱਚ ਅਧਿਆਪਕਾਂ ਦੀਆਂ ਕੁੱਲ 1873 ਆਸਾਮੀਆਂ ਹਨ ਅਤੇ ਲਗਭਗ 1100 ਖਾਲੀ ਹਨ। ਇਹਨਾਂ ਨੂੰ 850 ਲੈਕਚਰਾਰ (ਪਾਰਟ ਟਾਈਮ ਸਮੇਤ ) 600 ਗੈਸਟ ਫੈਕਲਟੀ (7000 ਰੁ. ਠੇਕੇ ਉਪਰ), ਜਦੋਂ ਕਿ ਯੂ.ਜੀ.ਸੀ. ਵੱਲੋਂ ਪੀ.ਟੀ.ਏ. ਫੰਡ ਵਿੱਚੋਂ ਤਨਖ਼ਾਹ ਦੇਣੀ ਵਰਜਿਤ ਹੈ।ਅਨੁਸੂਚਿਤ ਵਰਗ ਦੇ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਵੱਲੋਂ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਅਧੀਨ 2.50 ਲੱਖ ਤੋਂ ਘੱਟ ਪ੍ਰੀਵਾਰਕ ਆਮਦਨ ਵਾਲੇ ਵਿਦਿਆਰਥੀਆਂ ਦੀ ਪੂਰੀ ਫ਼ੀਸ ਮਾਫ਼ ਹੈ, ਪਰ ਪੰਜਾਬ ਸਰਕਾਰ ਪੀਟੀਏ ਫੰਡ ਵਸੂਲ ਰਹੀ ਹੈ। ਪੰਜਾਬ ਦੇ ਬਹੁਤੇ ਕਾਲਜਾਂ ਵਿੱਚ 2-3 ਹੀ ਰੈਗੂਲਰ ਅਧਿਆਪਕ ਪ੍ਰਤੀ ਕਾਲਜ ਹਨ, ਇੱਕ ਇੱਕ ਪਿੰਸੀਪਲ ਕੋਲ ਕਈ ਕਈ (5-6) ਕਾਲਜਾਂ ਦਾ ਚਾਰਜ ਹੈ।ਪੀਟੀਏ ਫੰਡ 1500 ਰੁਪਏ ਲਿਆ ਜਾ ਰਿਹਾ ਹੈ।ਪਹਿਲਾਂ 60:1 ਦਾ ਅਨੁਪਾਤ ਸੀ ਹੁਣ 80:1 ਇੱਕ ਕਰ ਦਿੱਤਾ ਗਿਆ ਹੈ ਕਈ ਵਾਰੀ ਸਟਾਫ਼ ਦੀ ਅਣਹੋਂਦ ਕਾਰਨ ਇਹ ਅਨੁਪਾਤ 150-200 ਵੀ ਹੋ ਜਾਂਦਾ ਹੈ।ਇਸੇ ਕਾਰਨ ਅਧਿਆਪਕ ਵਿਦਿਆਰਥੀਆਂ ਦਾ ਸਜਿੰਦ ਰਿਸ਼ਤਾ ਨਹੀਂ ਬਣਦਾ।ਬਲਜਿੰਦਰਾ ਕਾਲਜ (ਫ਼ਰੀਦਕੋਟ). ਰਾਜਿੰਦਰਾ ਕਾਲਜ (ਬਠਿੰਡਾ), ਮਹਿੰਦਰਾ ਕਾਲਜ (ਪਟਿਆਲਾ) ਹੀ ਵੱਡੇ ਕਾਲਜ ਹਨ।ਜਿਥੇ 3000-4000 ਵਿਦਿਆਰਥੀ ਹਨ, ਬਾਕੀ ਕਾਲਾ ਅਫ਼ਗਾਨਾ ਕਾਲਜ, ਜੀਰਾ ਕਾਲਜ ਆਦਿ ਵਿਚ ਤਾਂ 150-200 ਵਿਦਿਆਰਥੀ ਹੀ ਪੜ੍ਹਦੇ ਹਨ।ਕਿਰਤੀ ਕਾਲਜ ਨਿਆਲ ਪਾਤੜਾਂ ਜੋ ਕਾਮਰੇਡ ਤੇਜਾ ਸਿੰਘ ਸਤੰਤਰ ਨੇ ਬਣਵਾਇਆ ਸੀ, ਵਿੱਚ 1100 ਵਿਦਿਆਰਥੀ ਹਨ।ਸਰਕਾਰ ਵੱਲੋਂ ਪ੍ਰਾਈਵੇਟ ਕਾਲਜਾਂ ਨੂੰ ਸ਼ਡਿਊਲ ਕਾਸਟ ਵਿਦਿਆਰਥੀਆਂ ਦੀਆਂ ਫ਼ੀਸਾਂ ਰੀਇੰਬਰਸ ਕੀਤੀਆਂ ਜਾਂਦੀਆਂ ਹਨ ਪਰ ਉਹ ਫਿਰ ਵੀ ਫ਼ੀਸਾਂ ਵਸੂਲ ਰਹੇ ਹਨ।ਸਰਕਾਰ ਸਰਕਾਰੀ ਕਾਲਜਾਂ ਤੋਂ ਪੱਲਾ ਛੁਡਵਾ ਰਹੀ ਹੈ, ਇਹਨਾਂ ਨੂੰ ਕਾਂਸਟੀਚਿਊਟ ਕਾਲਜਾਂ ਦੀ ਸਕੀਮ ਨਾਲ ਯੂਨੀਵਰਸਿਟੀਆਂ ਦੇ ਹਵਾਲੇ ਕਰ ਰਹੀ ਹੈ।26-27 ਜੁਲਾਈ ਦੇ ਅਜੀਤ ਵਿੱਚ ਸਰਕਾਰ ਵੱਲੋਂ ਕਾਲਜਾਂ ਨੂੰ ਸਰਕਾਰ ਵੱਲੋਂ ਜਾਰੀ ਗਰਾਂਟ ਦੇ ਵੇਰਵੇ ਛਪੇ ਹਨ।ਢੂੱਡੀਕੇ ਕਾਲਜ ਵਿੱਚ ਇੱਕ ਵੀ ਰੈਗੂਲਰ ਅੀਧਆਪਕ ਨਹੀਂ ਹੈ ਅਤੇ 500 ਵਿਦਿਆਰਥੀ ਹਨ।ਰੋਡੇ ਕਾਲਜ ਵਿੱਚ ਇੱਕ ਰੇਗੂਲਰ ਅਧਿਆਪਕ ਹੈ ਵਿਦਿਆਰਥੀ 400-500 ਹਨ।ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਬਰਜਿੰਦਰਾ ਕਾਲਜ ਤੋਂ ਬਿਨਾਂ ਕਿਸੇ ਵੀ ਕਾਲਜ ਵਿੱਚ ਖੇਤੀ ਬਾੜੀ ਦੀ ਪੜ੍ਹਾਈ ਨਹੀਂ, ਇੱਥੇ ਵੀ ਕੇਵਲ 40 ਸੀਟਾਂ ਹਨ।345000 ਵਿਦਿਆਰਥੀ +1, +2 ਵਿੱਚ ਦਾਖ਼ਲ ਹੁੰਦੇ ਹਨ।ਗੌਰਮਿੰਟ ਕਾਲਜ ਫਾਜ਼ਿਲਕਾ ਵਿੱਚ 28 ਲੱਖ ਪੀਟੀਏ ਫੰਡ ਹੈ ਪਰ ਉਥੇ ਇੱਕ ਵੀ ਬਾਥ ਰੂਮ ਜਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ। ਜਿਥੇ ਅਕਾਦਮਿਕ ਮਾਹੌਲ ਪੜ੍ਹਨ ਦਾ ਹੈ ਉਥੇ ਹੀ ਸਟੂਡੈਂਟਸ ਯੂਨੀਅਨ ਕੰਮ ਕਰ ਸਕਦੀ ਹੈ ਦੂਸਰੇ ਕਾਲਜਾਂ ਵਿੱਚ ਸੰਭਵ ਨਹੀਂ ਹੈ।ਬਰਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਬੀ ਏ 900 ਸੀਟਾਂ ਹਨ ਜੋ ਪਿਛਲੇ ਸਾਲ ਐਜੀਟੈਸ਼ਨ ਕਰਕੇ 550 ਤੋਂ ਵਧਵਾਈਆਂ ਗਈਆਂ ਸਨ। ਦੂਜੇ ਸਾਲ ਇਹਨਾਂ ਵਿੱਚੋਂ 50% ਹੀ ਪਾਸ ਹੁੰਦੇ ਹਨ।ਪੰਜਾਬੀ ਯੂਨੀਵਰਸਿਟੀ ਨੇ 15% ਅਤੇ, ਪੰਜਾਬ ਅਤੇ ਗੁਰੁ ਨਾਨਕ ਦੇਵ ਯੂਨੀ ਵਰਸਿਟੀ ਨੇ 20 ਫ਼ੀ ਸਦੀ ਫ਼ੀਸਾਂ ਵਧਾ ਦਿੱਤੀਆਂ ਹਨ।
ਪ੍ਰਾਈਵੇਟ ਕਾਲਜਾਂ ਵਿੱਚ ਫ਼ੀਸਾਂ ਵਧੇਰੇ ਹਨ। ਬੀ.ਏ ਲਈ ਇਹ ਫ਼ੀਸਾਂ 14000 ਤੋਂ 28000 ਤੱਕ ਹਨ। ਜਦੋਂ ਕਿ ਸਰਕਾਰੀ ਕਾਲਜਾਂ ਵਿੱਚ 5000-7000 ਤੱਕ ਹਨ।ਬੀਐਡ ਦੀਆਂ ਫ਼ੀਸਾਂ ਦਾ ਸਰਕਾਰੀ ਕਾਲਜਾਂ ਦੀਆਂ 10-12000) ਦੇ ਮੁਕਾਬਲੇ ਪ੍ਰਾਈਵੇਟ ਕਾਲਜਾਂ ਵਿੱਚ ਸਰਕਾਰ ਵੱਲੋਂ ਨਿਰਧਾਰਤ 40000 ਤੋਂ ਵੀ ਵੱਧ ਹਨ।ਪਰ ਤਕਨੀਕੀ ਕਾਲਜਾਂ ਦੀਆਂ ਫ਼ੀਸਾਂ ਬਹੁਤ ਉਚੀਆਂ ਹਨ ਜਿਵੇਂ 70-80000 ਰੁਪਏ ਪ੍ਰਤੀ ਛਿਮਾਹੀ।ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਮੈਰਿਟ ਆਧਾਰਤ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਹੀ 2ਲੱਖ ਹੈ, ਇਸ ਤੋਂ ਇਲਾਵਾ ਹੋਰ ਫੰਡ ਅਤੇ ਖਰਚਿਆਂ ਨਾਲ ਇਹ ਤਿੰਨ ਲੱਖ ਤੋਂ ਵੀ ਵੱਧ ਵਸੂਲ ਕੀਤੀ ਜਾਂਦੀ ਹੈ।
ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ +2 ਲਈ 192 ਵਿਸ਼ਿਆਂ ਵਿੱਚ ਪ੍ਰੀਖਿਆ ਲਈ ਜਾਂਦੀ ਹੈ। ਇਸ ਸਾਲ 2,75,044 ਵਿਦਿਆਰਥੀ +2 ਦੀ ਪ੍ਰੀਖਿਆ ਵਿੱਚ ਬੈਠੇ ਪ੍ਰੰਤੂ ਕੇਵਲ 42075 ਹਿਸਾਬ ਵਿਸ਼ੇ, 41236 ਫਿਜ਼ਿਕਸ, 36573 ਕੈਮਸਿਟਰੀ ਵਿਸ਼ੇ ਵਿੱਚ ਪ੍ਰੀਖਿਆ ਲਈ ਬੈਠੇ ਜੋ ਕੁਲ ਵਿਦਿਆਰਥੀਆਂ ਦਾ ਸਿਰਫ਼ 15-17 ਫ਼ੀਸਦੀ ਬਣਦੇ ਹਨ।ਚੋਣਵੇਂ ਅੰਗਰੇਜ਼ੀ ਵਿਸ਼ੇ ਲਈ ਕੇਵਲ 2938 ਵਿਦਿਆਰਥੀਆਂ ਨੇ ਹੀ ਪ੍ਰੀਖਿਆ ਦਿੱਤੀ ਜੋ ਲੱਗਭਗ 10 ਫ਼ੀ ਸਦੀ ਹੀ ਬਣਦੇ ਹੈ। ਭਾਵ ਵਿੁਦਿਆਰਥੀਆਂ ਦਾ ਵਿਗਿਆਨ ਵੱਲ ਰੁਝਾਨ ਘੱਟ ਰਿਹਾ ਹੈ।
ਆਦਰਸ਼ ਅਧਿਆਪਕ-ਵਿਦਿਆਰਥੀ ਅਨੁਪਾਤ 30:1 ਅਤੇ ਪੀਰੀਅਰਡ 18-24 ਪ੍ਰਤੀ ਹਫ਼ਤਾ ਪ੍ਰਤੀ ਅਧਿਆਪਕ ਹੋਣੇ ਚਾਹੀਦੇ ਹਨ। ਉਹਨਾਂ ਤੋਂ 1000-2000 ਰੁਪਏ ਤੱਕ ਪੀ.ਟੀ.ਏ. ਫੰਡ ਵਸੂਲਿਆ ਜਾ ਰਿਹਾ ਹੈ। ਇਹ ਸਿੱਖਿਆ ਦਾ ਨਿੱਜੀਕਰਨ ਹੀ ਹੈ।ਸਰਕਾਰ ਨੇ 2005 ਤੋਂ ਬਾਅਦ ਕਿਸੇ ਵੀ ਕਾਲਜ ਦਾ ਬਜਟ ਨਹੀਂ ਵਧਾਇਆ।ਪੰਜਾਬੀ ਟ੍ਰਿਬਿਊਨ (24 ਅਕਤੂਬਰ,2013) ਦੀ ਰਿਪੋਰਟ ਅਨੁਸਾਰ ਅਧਿਆਪਕ-ਵਿਦਿਆਰਥੀ ਅਨੁਪਾਤ 1:114 ਹੈ ਅਤੇ 3366 ਆਸਾਮੀਆਂ ਵਿੱਚੋਂ ਰੈਗੂਲਰ ਅਧਿਆਪਕ ਸਿਰਫ਼ 1641 ਹਨ,1725 ਆਸਾਮੀਆਾਂ ਖਾਲੀ ਹਨ। 2005 ਤੋਂ ਬਾਅਦ ਕੋਈ ਭਰਤੀ ਨਹੀਂ।
ਉਪਰਲੇ ਤੱਥਾਂ ਤੋਂ ਸਭਾ ਇਸ ਸਿੱਟੇ ਤੇ ਪਹੁੰਚੀ ਕਿ
ਗਰੀਬ ਤੇ ਦਰਮਿਆਨੇ ਮਿਹਨਤਕਸ਼ ਲੋਕਾਂ ਦੀ ਆਰਥਿਕਤਾ ਦੇ ਮੱਦੇਨਜ਼ਰ ਪ੍ਰਾਈਵੇਟ ਕਾਲਜ ਉਹਨਾਂ ਦੀ ਪਹੁੰਚ ਤੋਂ ਬਾਹਰ ਹਨ ਕਿਉਂਕਿ ਪ੍ਰਾਈਵੇਟ ਕਾਲਜਾਂ ਦੀਆਂ ਫ਼ੀਸਾਂ ਦੁੱਗਣੀਆਂ ਤੋਂ ਲੈਕੇ ਚਾਰ ਪੰਜ ਗੁਣਾ ਜਾਂ ਇਸ ਤੋਂ ਵੀ ਵੱਧ ਹਨ।ਪਰ ਸਰਕਾਰੀ ਕਾਲਜਾਂ ਵਿੱਚ ਲੈਕਚਰਾਰਾਂ, ਇਮਾਰਤਾਂ ਦੀ ਵੱਡੀ ਘਾਟ ਹੈ।ਪ੍ਰੈਕਟੀਕਲਾਂ ਲਈ ਲੈਬਾਂ, ਪੜ੍ਹਨ ਲਈ ਲਾਇਬਰੇਰੀਆਂ, ਪੀਣ ਵਾਲਾ ਪਾਣੀ, ਖੇਡਾਂ, ਟੁਾਇਲਟਾਂ ਆਦਿ ਵੱਲ ਧਿਆਨ ਹੋਣਾ ਤਾਂ ਦੂਰ ਦੀ ਗੱਲ ਹੈ।ਸਰਕਾਰ ਆਪਣੀ ਇਸ ਜ਼ੁੰਮੇਵਾਰੀ ਤੋਂ ਭੱਜ ਗਈ ਹੈ।ਇਸ ਕਰਕੇ ਉਹਨਾਂ ਨੂੰ ਵਿਦਿਆ ਦੇ ਹੱਕ ਤੋਂ ਵਿਰਵਾ ਕੀਤਾ ਜਾ ਰਿਹਾ ਹੈ।ਇਹ ਹਰ ਨਾਗਰਿਕ ਦੇ ਸਿਖਿਆ ਦੇ ਅਧਿਕਾਰ ਦੀ ਉਲੰਘਣਾ ਹੈ।
ਸਰਕਾਰੀ ਤੌਰ ਤੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੀਆਂ ਫ਼ੀਸਾਂ ਮਾਫ਼ ਹਨ ਪਰ ਉਹਨਾਂ ਤੋਂ ਪੀ.ਟੀ.ਏ ਫੰਡ ਲਿਆ ਜਾ ਰਿਹਾ ਹੈ।
ਪੀ.ਟੀ.ਏ ਫੰਡ ਦੀ ਵਰਤੋਂ ਲਈ ਯੂ.ਸੀ.ਏ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਇਸ ਵਿੱਚੋਂ ਗੈਸਟ ਫੈਕਲਟੀ ਨੂੰ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ।ਇਹ ਵਿਦਿਆ ਦਾ ਸਰਕਾਰੀ ਕਾਲਜਾਂ ਵਿੱਚ ਨਿੱਜੀਕਰਨ ਹੈ।
ਗੈਸਟ ਫੈਕਲਟੀ ਨੂੰ 7000 ਰੁਪਏ ਤਨਖ਼ਾਹ ਦਿੱਤੀ ਜਾ ਰਹੀ ਹੈ ਜਦੋਂ ਕਿ ਰੈਗੂਲਰ ਅਧਿਆਪਕਾਂ ਦੀਆਂ ਤਨਖ਼ਾਹਾਂ ਇਸ ਤੋਂ ਕਿਤੇ ਵੱਧ ਹਨ। ਇਹ ਬਰਾਬਰ ਕੰਮ ਬਰਾਬਰ ਮਿਹਨਤਾਨਾ ਦੇ ਹੱਕ ਦੀ ਸਿੱਧੀ ਉਲੰਘਣਾ ਹੈ।
ਸਹੂਲਤਾਂ ਦੀ ਘਾਟ ਕਾਰਨ ਬੀ.ਏ.ਭਾਗ ਪਹਿਲਾ ਚੋਂ ਪਾਸ ਪ੍ਰਤੀਸ਼ਤ ਅੱਧ ਤੋਂ ਵੀ ਘੱਟ ਹੈ।
ਇਸਤੋਂ ਇਹ ਸਾਫ ਹੈ ਕਿ ਨਰੋਏ ਸਮਾਜ ਦੇ ਵਿਕਾਸ ਲਈ ਸਬੰਧਿਤ ਉਮਰ ਗੁੱਟ(17-23 ਸਾਲ) ਦੀ ਵਸੋਂ ਚੋਂ ਉਚੇਰੀ ਵਿਦਿਆ ਲਈ ਦਾਖਲ ਹੋਣ ਵਾਲੇ ਨੌਜਵਾਨਾਂ ਦਾ ਹਿੱਸਾ ਵੱਧਣਾ ਚਾਹੀਦਾ ਹੈ, ਪਰ ਅਜਿਹੀਆਂ ਹਾਲਤਾਂ ਵਿੱਚ ਇਹ 9ਫੀਸਦੀ ਤੋਂ ਵੀ ਘੱਟ ਜਾਵੇਗਾਜੋ ਸਮਾਜ ਲਈ ਨੁਕਸਾਨਦੇਹ ਸਾਬਿਤ ਹੋਵੇਗਾ।
ਸਭਾ ਮੰਗ ਕਰਦੀ ਹੈ ਕਿ
-ਵਿਦਿਆ ਦਾ ਨਿੱਜੀਕਰਨ ਬੰਦ ਕੀਤਾ ਜਾਵੇ।ਸਰਕਾਰੀ ਕਾਲਜਾਂ ਵਿੱਚ ਲੋੜੀਦੇ ਸਟਾਫ਼ ਦੀ ਭਰਤੀ ਕੀਤੀ ਜਾਵੇ।ਲੋੜੀਂਦੀਆਂ ਬਿਲਡਿੰਗਾਂ ਉਸਾਰ ਕੇ ਲਾਇਬ੍ਰੇਰੀਆਂ, ਲੈਕਚਰ ਹਾਲਾਂ ਅਤੇ ਪ੍ਰਯੋਗਸ਼ਾਲਾਵਾਂ ਪਖ਼ਾਨਿਆਂ ਦਾ ਪ੍ਰਬੰਧ ਕੀਤਾ ਜਾਵੇ।ਵਿਦਿਅਕ ਬਜਟ ਵਧਾਕੇ 10ਫੀਸਦੀ ਕੀਤਾ ਜਾਵੇ।
-ਬਰਾਬਰ ਕੰਮ-ਬਰਾਬਰ ਤਨਖ਼ਾਹ ਦੇ ਨਿਯਮ ਨੂੰ ਲਾਗੂ ਕਰਨ ਲਈ ਠੇਕੇ, ਗੈਸਟ ਫੈਕਲਟੀ ਭਰਤੀ ਬੰਦ ਕਰਕੇ ਉਹਨਾਂ ਦੀ ਥਾਂ ਰੈਗੂਲਰ ਸਟਾਫ਼ ਭਰਤੀ ਕੀਤਾ ਜਾਵੇ।
-ਵਿਕਸਤ ਮੁਲਕਾਂ ਵਜੋਂ ਜਾਣੇ ਜਾਦੇ ਮੁਲਕਾਂ (ਯੂਰਪ, ਅਮਰੀਕਾ) ਵਿੱਚ ਵਿਦਿਅਕ ਪ੍ਰਬੰਧ ਦਾ ਵੱਡਾ ਹਿੱਸਾ 80% ਜਨਤਕ ਖੇਤਰ ਅਧੀਨ ਹੈ। ਸਗੋਂ ਜਿਥੇ ਵਿਦਿਅਕ ਪ੍ਰਬੰਧ ਦਾ ਵੱਡਾ ਹਿੱਸਾ ਪ੍ਰਾਈਵੇਟ ਹੈ ਉਹ ਮੁਲਕ ਘੱਟ ਵਿਕਸਤ ਹਨ ਜਿਵੇਂ ਅਫ਼ਰੀਕਨ ਮੁਲਕ।ਇਸ ਕਰਕੇ ਨਿਜੀਕਰਨ ਦਾ ਰਾਹ ਤਿਆਗਕੇ ਜਨਤਕ ਵਿਦਿਅਕ ਪ੍ਰਬੰਧ ਨੂੰ ਤਕੜਾ ਕੀਤਾ ਜਾਵੇ।
ਸਭਾ ਲੋਕਪੱਖੀ ਤਾਕਤਾਂ ਨੂੰ ਸਿਖਿਆ ਦੀ ਨਿੱਘਰ ਰਹੀ ਹਾਲਤ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਨਿਘਾਰ ਨੂੰ ਰੋਕਣ ਲਈ ਇਸ ਵਿੱਚ ਸਰਗਰਮ ਦਖ਼ਲ ਦੇਣ ਦੀ ਅਪੀਲ ਕਰਦੀ ਹੈ।