Tuesday, July 22, 2014

ਭਵਾਨੀਗੜ੍ਹ ਵਿਖੇ ਪੁਲਿਸ ਵਲੋਂ ਲੋਕਾਂ ਤੇ ਕੀਤੇ ਜਬਰ ਦੀ ਤੱਥ ਖੋਜ ਰਿਪੋਰਟ

27 ਜੂਨ 2014 ਨੂੰ ਭਵਾਨੀਗੜ੍ਹ ਵਿਖੇ ਪੁਲਿਸ ਵਲੋਂ ਲੋਕਾਂ ਤੇ ਕੀਤੇ ਜਬਰ ਦੀ ਤੱਥ ਖੋਜ ਰਿਪੋਰਟ।
27 ਜੂਨ 2014 ਨੂੰ ਭਵਾਨੀਗੜ੍ਹ ਵਿਖੇ ਬਾਲਦ ਕਲਾਂ ਦੀ ਪੰਚਾਇਤੀ ਜਮੀਨ ਵਿੱਚੋਂ ਦਲਿਤਾਂ ਦੇ ਹਿੱਸੇ ਦੀ ਜਮੀਨ ਦੀ ਬੋਲੀ ਹੋਣ ਸਮੇਂ ਪੁਲਿਸ ਵਲੋਂ ਪਹੁੰਚਯੋਗ ਰਾਖਵੀਂ ਕੀਮਤ ਤੇ ਬੋਲੀ ਦੀ ਮੰਗ ਕਰ ਰਹੇ ਲੋਕਾਂ ਤੇ ਲਾਠੀ ਚਾਰਜ ਕੀਤਾ ਗਿਆ ਜਿਸ ਵਿੱਚ ਕਾਫੀ ਮਰਦ ਤੇ ਔਰਤਾਂ ਜਖਮੀ ਹੋ ਗਏ ਜਿਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਤੇ ਕੁੱਝ ਨੂੰ ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ। ਪੁਲਿਸ ਤੇ ਔਰਤਾਂ ਨੂੰ ਹਿਰਾਸ਼ਤ ਵਿੱਚ ਲੈ ਗਿਆ ਗਿਆ। ਬਾਅਦ ਵਿੱਚ 41 ਵਿਅਕਤੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। 49 ਵਿਅਕਤੀਆਂ ਤੇ ਇਰਾਦਾ ਦਾ ਕਤਲ ਸਮੇਤ ਹੋਰ ਸੰਗੀਨ ਜੁਰਮਾਂ ਤਹਿਤ ਕੇਸ ਦਰਜ਼ ਕੀਤੇ ਗਏ।
ਜਮਹੂਰੀ ਅਧਿਕਾਰ ਸਭਾ ਨੇ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਮਸਲੇ ਦੀ ਸਚਾਈ ਜਾਣਨ ਲਈ ਤੱਥ ਖੋਜ ਕਮੇਟੀ ਦਾ ਗਠਨ ਕੀਤਾ। ਜਿਸ ਵਿੱਚ ਨਾਮਦੇਵ ਭੁਟਾਲ, ਸੁਖਵਿੰਦਰ ਪੱਪੀ, ਤਰਸੇਮ ਲਾਲ, ਬਸ਼ੇਸਰ ਰਾਮ, ਸਵਰਨਜੀਤ ਸਿੰਘ, ਗੁਰਪ੍ਰੀਤ ਕੌਰ, ਅਮਰੀਕ ਖੋਖਰ, ਬਲਵੀਰ ਭੱਟੀਵਾਲ, ਹਰਵਿੰਦਰ ਸਿੰਘ, ਚਰਨਜੀਤ ਪਟਵਾਰੀ ਆਦਿ ਸ਼ਾਮਲ ਸਨ। ਪਟਿਆਲਾ ਜ਼ਿਲ੍ਹਾ ਇਕਾਈ ਵੱਲੋਂ ਵਿਧੂ ਸੇਖਰ ਭਰਦਵਾਜ, ਭਗਵੰਤ ਸਿੰਘ ਕੰਗਣਵਾਲ ਅਤੇ ਬਰਨਾਲਾ ਜ਼ਿਲਾ ਇਕਾਈ ਵਲੋਂ ਜਗਜੀਤ ਸਿੰਘ ਨੇ ਵੀ ਇਸ ਪੜਤਾਲ ਵਿੱਚ ਸਹਿਯੋਗ ਕੀਤਾ।
ਤੱਥ ਖੋਜ ਕਮੇਟੀ ਪਿੰਡ ਬਾਲਦ ਕਲਾਂ ਦੇ ਘਟਨਾ ਵਿੱਚ ਸ਼ਾਮਲ ਲੋਕਾਂ, ਘਟਨਾ ਸਮੇਂ ਮੌਜੂਦ ਲੋਕਾਂ, ਪਟਿਆਲਾ ਹਸਪਤਾਲ ਵਿੱਚ ਦਾਖਲ ਮਰੀਜਾਂ, ਪਿੰਡ ਬਾਲਦ ਕਲਾਂ ਦੇ ਮੋਹਤਬਰ ਵਿਅਕਤੀਆਂ, ਬੂਟਾ ਸਿੰਘ ਸਰਪੰਚ, ਸਾਬਕਾ ਸਰਪੰਚ ਗੁਰਦੇਵ ਸਿੰਘ, ਜਮੀਨ ਦੀ ਬੋਲੀ ਦੇਣ ਵਾਲਾ ਉਂਕਾਰ ਸਿੰਘ ਤੇ ਉਸ ਦੇ ਪੁੱਤਰ ਸਵਰਨ ਸਿੰਘ ਅਤੇ ਧਰਮ ਪਾਲ, ਐਸ.ਡੀ.ਐਮ. ਸੰਗਰੂਰ, ਡੀ.ਐਸ.ਪੀ. ਨੂੰ ਮਿਲੀ ਅਤੇ ਬਿਆਨ ਦਰਜ਼ ਕੀਤੇ।
ਪਿੰਡ ਬਾਲਦ ਕਲਾਂ ਦੀ 2200 ਵਿੱਘੇ ਸਾਂਝੀ ਜਮੀਨ ਹੈ। ਇਹ ਪੰਚਾਇਤੀ ਜਮੀਨ ਹੈ। ਰਸਤੇ, ਪਹੇ, ਪਹੀਆਂ ਤੇ ਹੋਰ ਸ਼ਾਮਲਾਟ ਛੱਡ ਕੇ ਲੱਗਭੱਗ 1600 ਵਿੱਘੇ ਜਮੀਨ ਤੇ ਖੇਤੀ ਹੁੰਦੀ ਹੈ ਜਿਸ ਵਿੱਚੋਂ ਲੱਗਭੱਗ 530 ਵਿੱਘੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹਿੱਸੇ ਆਉਂਦੀ ਹੈ। ਪਿੰਡ ਵਿੱਚ ਦਲਿਤਾਂ ਦੇ ਲੱਗਭਗ 150 ਘਰ ਹਨ। ਕੁਝ ਬੇ ਜਮੀਨੇ ਕਿਸਾਨ ਵੀ ਹਨ। ਕੁਝ ਕਿਸਾਨ ਲਾਣਿਆਂ ਪਾਸ ਕਾਫੀ ਜਿਆਦਾ ਜਮੀਨ ਹੈ।
ਪਿੰਡ ਦੇ ਦਲਿਤਾਂ ਨੇ ਦੱਸਿਆ ਕਿ ਇਸ ਜਮੀਨ ਦੀ ਲੜਾਈ 1984 ਤੋਂ ਜਾਰੀ ਹੈ। ਕਿਸਾਨਾਂ ਨੇ ਪੰਚਾਇਤ ਰਾਹੀਂ ਇਸ ਦੀ ਵੰਡ ਹਿੱਸੇ ਅਨੁਸਾਰ ਕਰ ਲਈ ਸੀ। ਅਸੀਂ ਅਦਾਲਤ ਵਿੱਚ ਗਏ। ਅਦਾਲਤੀ ਲੜਾਈ ਵਿੱਚ ਇੱਕ ਦੁਕਾ ਅਧਿਕਾਰੀਆਂ ਤੋਂ ਇਲਾਵਾ ਜਿਆਦਾ ਸਰਕਾਰੀ ਪ੍ਰਬੰਧ ਕਿਸਾਨਾਂ ਦੇ ਹੱਕ ਵਿੱਚ ਖੜਾ ਰਿਹਾ। ਲੜਾਈ ਸਾਨੂੰ ਹੀ ਲੜਨੀ ਪਈ ਆਖਰ ਸਾਡੀ ਜਿੱਤ ਹੋਈ। ਹੁਣ ਇਸ ਵਿੱਚ ਬਿਜਲੀ ਦੇ ਟਿਊਬਵੈੱਲ ਲਗ ਗਏ ਹਨ। ਜਿਸ ਕਾਰਨ ਲੋਕਾਂ ਦੀ ਦਿਲਚਸਪੀ ਪਹਿਲਾਂ ਤੋਂ ਵੀ ਜਿਆਦਾ ਵਧ ਗਈ ਹੈ। ਉਨਾਂ ਕਿਹਾ ਪਿੰਡ ਵਿੱਚ ਜਾਤੀ ਅਧਾਰ ਤੇ ਕੋਈ ਕਤਾਰ ਬੰਦੀ ਨਹੀਂ ਹੈ। ਜਿਆਦਾਤਰ ਛੋਟੇ ਕਿਸਾਨ ਇਸ ਲੜਾਈ ਵਿੱਚ ਸਾਡੇ ਨਾਲ ਹਨ। ਲੋਕਾਂ ਇਹ ਵੀ ਦੱਸਿਆ ਕਿ ਅਸੀਂ ਇਸ ਮਸਲੇ ਸੰਬੰਧੀ ਵਾਰ-ਵਾਰ ਡਿਪਟੀ ਕਮਿਸ਼ਨਰ ਸੰਗਰੂਰ ਸਮੇਤ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਮਿਲਦੇ ਰਹੇ ਹਾਂ। ਪ੍ਰਸ਼ਾਸਨ ਨੇ ਸਾਡੀ ਮੰਗ ਨੂੰ ਜਾਇਜ ਕਿਹਾ ਹੈ। ਸਰਕਾਰ ਨੂੰ ਸਾਡੇ ਅਨੁਸਾਰ ਬੋਲੀ ਦੇ ਰੇਟ ਘੱਟ ਕਰਨ ਲਈ ਲਿਖ ਕੇ ਭੇਜਿਆ ਹੈ। ਅਸੀਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਮਿਲੇ ਹਾਂ। ਉਹਨਾਂ ਨੇ ਵੀ ਸਾਡੀ ਮੰਗ ਮੰਨ ਕੇ ਹੁਕਮ ਜਾਰੀ ਕਰਨ ਦਾ ਵਾਅਦਾ ਕੀਤਾ ਸੀ। ਪਰੰਤੂ ਇਹ ਸਾਰੇ ਸਰਕਾਰੀ ਵਾਅਦੇ ਵਫਾ ਨਹੀਂ ਹੋਏ।
27/6 ਦੀ ਘਟਨਾ ਵਾਰੇ ਪੁੱਛਣ ਤੇ ਦੱਸਿਆ ਕਿ ਅਸੀਂ ਸਵੇਰੇ ਇਕੱਠੇ ਹੋਏ। ਬੋਲੀ ਵਿੱਚ ਬੰਦੇ ਭੇਜਣ ਵਾਸਤੇ 13 ਬੰਦਿਆਂ ਦੀ ਲਿਸਟ ਤਿਆਰ ਕੀਤੀ। ਅਸੀਂ ਫੈਸਲਾ ਕੀਤਾ ਕਿ ਬਿਲਕੁਲ ਸਾਂਤ ਰਹਿ ਕੇ ਬੋਲੀ ਵਿੱਚ ਸ਼ਾਮਲ ਹੋਇਆ ਜਾਵੇਗਾ। ਜਦੋਂ ਅਸੀਂ ਬੋਲੀ ਵਾਲੀ ਥਾਂ ਤੇ ਪੁੱਜੇ ਤਾਂ ਉਹਨਾਂ ਸਾਨੂੰ 150 ਗਜ਼ ਪਹਿਲਾਂ ਹੀ ਰੋਕ ਲਿਆ। ਉਹਨਾਂ ਕਿਹਾ ਕਿ ਸਿਰਫ਼ ਪੰਜ ਬੰਦੇ ਬੋਲੀ ਦੇਣ ਜਾ ਸਕਦੇ ਹਨ। ਅਸੀਂ 13 ਬੰਦੇ ਭੇਜਣ ਦੀ ਮੰਗ ਕੀਤੀ ਉਹ ਇਸ ਗੱਲ ਤੇ ਨਾ ਮੰਨੇ। ਫਿਰ ਇਸ ਧੱਕੇਸਾਹੀ ਖਿਲਾਫ ਨਾਹਰੇਬਾਜ਼ੀ ਸ਼ੁਰੂ ਹੋਈ। ਅਸੀਂ ਅੱਗੇ ਵਧਣਾ ਚਾਹਿਆ ਉਹਨਾਂ ਸਾਡੇ ਤੇ ਲਾਠੀਚਾਰਜ ਕੀਤਾ। ਫਿਰ ਲੋਕ ਦੁਬਾਰਾ ਆ ਕੇ ਬੈਠ ਗਏ ਤੇ ਨਾਹਰੇਬਾਜ਼ੀ ਕਰਨ ਲੱਗੇ। ਉਹਨਾਂ ਸਾਡੇ ਬੈਠਿਆਂ ਤੇ ਬਹੁਤ ਹੀ ਨਿਰਦਈ ਤਰੀਕੇ ਨਾਲ ਲਾਠੀਚਾਰਜ ਕੀਤਾ ਮਰਦ ਪੁਲਿਸ ਵਾਲਿਆਂ ਨੇ ਲੇਡੀ ਪੁਲਿਸ ਨੂੰ ਮੂਹਰੇ ਲਾ ਕੇ ਔਰਤਾਂ ਦੇ ਹੁੱਜਾਂ ਮਾਰੀਆਂ। ਪਹਿਲਾਂ 200-250 ਬੰਦਿਆਂ ਦਾ ਇਕੱਠ ਸੀ ਜਿਸ ਵਿੱਚ 100 ਦੇ ਲੱਗਭੱਗ ਔਰਤਾਂ ਸਨ ਫਿਰ ਹੋਰ ਲੋਕ ਸ਼ਾਮਲ ਹੋ ਗਏ ਇਕੱਠ ਵਧ ਗਿਆ। ਅਸੀਂ ਬੋਲੀ ਰੋਕਣ ਅਤੇ ਸਾਨੂੰ ਡੀ.ਸੀ., ਐਸ.ਐਸ.ਪੀ. ਨਾਲ ਮਿਲਾਉਣ ਦੀ ਮੰਗ ਕੀਤੀ। ਪਰੰਤੂ ਉਹਨਾਂ ਫਿਰ ਤੀਸਰੀ ਵਾਰ ਸਾਡੇ ਤੇ ਲਾਠੀਚਾਰਜ ਕੀਤਾ। ਕੁੱਝ ਆਗੂਆਂ ਜਿਵੇਂ ਗੁਰਪ੍ਰੀਤ ਸਿੰਘ ਖੇੜੀ, ਬਲਵੀਰ ਸਿੰਘ, ਪ੍ਰਗਟ ਸਿੰਘ, ਅਵਤਾਰ ਸਿੰਘ, ਸੁਰਜਨ ਸਿੰਘ ਨੂੰ ਬੇਤਹਾਸ਼ਾ ਜਾਣਬੁਝ ਕੇ ਕੁੱਟਿਆ ਗਿਆ। ਇਹਨਾਂ ਨੂੰ ਭਵਾਨੀਗੜ੍ਹ ਥਾਣੇ ਵਿੱਚ ਲੈਜਾ ਕੇ ਥਾਣੇ ਵਿੱਚ ਵੀ ਕੁੱਟਮਾਰ ਕੀਤੀ ਗਈ।
ਲਾਠੀਚਾਰਜ ਤੋਂ ਬਾਅਦ ਪੁਰਸ਼ਾਂ ਤੇ ਔਰਤਾਂ ਨੂੰ ਬੋਰੀਆਂ ਵਾਂਗ ਚੁੱਕ ਕੇ ਗੱਡੀਆਂ ਵਿੱਚ ਸੁੱਟਿਆ ਗਿਆ। ਉਹਨਾਂ ਦੱਸਿਆ ਕਿ ਕਰਨੈਲ ਸਿੰਘ ਪੁੱਤਰ ਕਾਕਾ ਸਿੰਘ ਨੇ ਕਸ਼ਮੀਰ ਸਿੰਘ ਏ.ਐਸ.ਆਈ. ਭਵਾਨੀਗੜ੍ਹ ਖਿਲਾਫ ਇੱਕ ਸ਼ਿਕਾਇਤ ਕੀਤੀ ਹੋਈ ਸੀ। ਉਸ ਨੂੰ ਵੀ ਮਿਥ ਕੇ ਕੁੱਟਿਆ ਗਿਆ। ਉਸ ਦਾ ਗੁੱਟ ਟੁੱਟ ਗਿਆ ਪਰੰਤੂ ਫਿਰ ਵੀ ਉਸ ਨੂੰ ਨਾਲ ਸਦਰ ਸੰਗਰੂਰ ਥਾਣੇ ਬਾਲੀਆਂ ਲਿਆਂਦਾ ਗਿਆ। ਜਦੋਂ ਅਸੀਂ ਥਾਣੇ ਵਿੱਚ ਇਸ ਦਾ ਇਲਾਜ ਕਰਾਉਣ ਦੀ ਮੰਗ ਕੀਤੀ ਤਾਂ ਉਸ ਨੂੰ ਮੁੜ ਭਵਾਨੀਗੜ੍ਹ ਲਿਆਂਦਾ ਗਿਆ। ਉਸਨੂੰ ਪ੍ਰਾਈਵੇਟ ਡਾਕਟਰ ਦੇ ਦਾਖਲ ਕਰਾਉਣ ਦੀ ਕੋਸ਼ਿਸ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਪੁਲਿਸ ਉਸਨੂੰ ਭਵਾਨੀਗੜ੍ਹ ਬਜ਼ਾਰ ਵਿੱਚ ਸੁੱਟ ਕੇ ਚਲੀ ਗਈ ਉਸ ਨੂੰ ਸ਼ਾਮ ਚਾਰ ਵਜੇ ਪਿੰਡ ਦੇ ਬੰਦਿਆਂ ਨੇ ਚੁੱਕ ਕੇ ਦਾਖਲ ਕਰਾਇਆ। ਹਸਪਤਾਲ ਵਿੱਚ ਦਾਖਲ ਵਿਆਕਤੀਆਂ ਵਿੱਚ ਜੈਲਾ ਸਿੰਘ, ਸੁਰਜਨ ਸਿੰਘ, ਨਿਰਮਲ ਸਿੰਘ, ਪਰਮਜੀਤ ਕੌਰ, ਜਗਤਾਰ ਸਿੰਘ, ਅੰਗਰੇਜ਼ ਕੌਰ, ਚਰਨਜੀਤ ਕੌਰ, ਗੁਰਜੰਟ ਕੌਰ, ਕ੍ਰਿਸ਼ਨਾ, ਗੁਰਮੇਲ ਕੌਰ, ਕੁਲਵੰਤ ਕੌਰ, ਸ਼ਾਮਲ ਸਨ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਹਸਪਤਾਲ ਵਿੱਚ ਪੁਲਿਸ ਵਲੋਂ ਉਹਨਾਂ ਦੇ ਬਿਆਨ ਦਰਜ਼ ਕੀਤੇ ਗਏ ਸਨ ਤਾਂ ਉਹਨਾਂ ਕਿਹਾ ਕਿ ਕੋਈ ਵੀ ਸਾਡੇ ਬਿਆਨ ਨਹੀਂ ਲੈ ਕੇ ਗਿਆ। ਜਦ ਕਿ ਇਸ ਦੀ ਸੂਚਨਾ ਹਸਪਤਾਲ ਵਲੋਂ ਪੁਲਿਸ ਨੂੰ ਲਿਖਤੀ ਰੂਪ ਵਿੱਚ ਭੇਜੀ ਹੋਈ ਸੀ। ਉਹਨਾਂ ਇਹ ਵੀ ਦੱਸਿਆ ਕਿ ਸਾਨੂੰ ਇਲਾਜ ਕਰਨ ਤੋਂ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ। ਇਹ ਪੁਲਿਸ ਦੇ ਦਬਾਅ ਹੇਠ ਕੀਤਾ ਗਿਆ।
ਘਟਨਾ ਸਮੇਂ ਲਾਠੀਚਾਰਜ ਦਾ ਸ਼ਿਕਾਰ ਔਰਤਾਂ ਵੱਲੋਂ ਦੱਸਿਆ ਗਿਆ ਕਿ ਸਾਡੇ ਪੁਲਿਸ ਮੁਲਾਜਮਾਂ ਨੇ ਹੁੱਜਾਂ ਮਾਰੀਆਂ, ਸਾਡੀਆਂ ਗੁਤਾਂ ਪੁੱਟੀਆਂ ਗਈਆਂ, ਘੜੀਸਿਆ ਗਿਆ, ਗੰਦੀਆਂ ਗਾਲਾਂ ਕੱਢੀਆਂ ਗਈਆਂ। ਉਹਨਾਂ ਕਿਹਾ ਕਿ ਸਾਨੂੰ ਪੁਰਸ਼ ਮੁਲਾਜਮਾਂ ਨੇ ਹੀ ਚੁੱਕ ਕੇ ਗੱਡੀਆਂ ਵਿੱਚ ਸੁੱਟਿਆ। ਹਸਪਤਾਲ ਵਿੱਚ ਦਾਖਲ ਉਪਰੰਤ ਆਈਆਂ ਔਰਤਾਂ ਨੇ ਹਸਪਤਾਲ ਵਿੱਚ ਡਾਕਟਰਾਂ ਵਲੋਂ ਦੁਰ ਵਿਵਹਾਰ ਕਰਨ ਦੀ ਸ਼ਿਕਾਇਤ ਵੀ ਕੀਤੀ। ਟੀਮ ਨੇ ਇਹ ਵੀ ਨੋਟ ਕੀਤਾ ਕਿ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਮਰੀਜਾਂ ਦੇ ਇਲਾਜ ਵਿੱਚ ਲਾਪ੍ਰਵਾਹੀ ਵਰਤੀ ਗਈ। ਇਲਾਜ ਦੇਰੀ ਨਾਲ ਸ਼ੁਰੂ ਕੀਤਾ। ਨਿਰਮਲ ਸਿੰਘ ਭੜੋ ਮੈਂਬਰ ਐਸ.ਜੀ.ਪੀ.ਸੀ. ਨੇ ਕਿਹਾ ਕਿ ਪੁਲਿਸ ਨੇ ਲਾਠੀਚਾਰਜ ਮੇਰੇ ਸਾਹਮਣੇ ਕੀਤਾ ਹੈ।  ਜਦੋਂ ਬੋਲੀ ਵਾਰੇ ਜਾਣਕਾਰੀ ਹਾਸਲ ਕੀਤੀ ਤਾਂ 29/6 ਨੂੰ ਕੁੱਲ 11 ਟੱਕਾਂ ਦੀ ਬੋਲੀ ਹੋਈ। 468 ਵਿੱਘੇ 7 ਵਿਸ਼ਵੇ ਦੀ ਬੋਲੀ 26,48,000 ਵਿੱਚ ਹੋਈ। ਇਸ ਵਿੱਚੋਂ 227 ਵਿੱਘੇ 04 ਵਿਸ਼ਵੇ ਉਂਕਾਰ ਸਿੰਘ ਤੇ ਉਸ ਦੇ ਪੁੱਤਰ ਧਰਮਪਾਲ, ਸਵਰਨ ਸਿੰਘ, ਗੁਰਚਰਨ ਸਿੰਘ ਨੇ 12,94,000 ਰੁਪੈ ਵਿੱਚ ਸੁਖਦੇਵ ਸਿੰਘ ਪੁੱਤਰ ਬਾਬੂ ਸਿੰਘ (ਜੋ ਬਾਹਰਲੇ ਪਿੰਡ ਤੋਂ ਸੀ) ਨੇ 62 ਵਿੱਘੇ 10 ਵਿਸਵੇ 3 ਲੱਖ 41 ਹਜ਼ਾਰ ਤੇ ਬਾਕੀ ਚਾਰ ਵਿਅਕਤੀਆਂ ਨੇ 178 ਵਿੱਘੇ 13 ਵਿਸਵੇ 10 ਲੱਖ 13 ਹਜ਼ਾਰ ਰੁਪੈ ਵਿੱਚ ਲਈ।
ਜਦੋਂ ਇਸ ਘਟਨਾ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਘਟਨਾ ਨੂੰ ਧੱਕੇ ਸਾਹੀ ਦਸਦਿਆਂ ਦੱਸਿਆ ਕਿ ਹੁਣ ਤੱਕ ਪਿੰਡ ਦੇ ਹੀ ਕਿਸਾਨ ਦਲਿਤਾਂ ਦੇ ਨਾਮ ਤੇ ਜਮੀਨ ਦੀ ਬੋਲੀ ਤੁੜਵਾ ਕੇ ਵਾਹੁੰਦੇ ਰਹੇ ਹਨ। ਉਂਝ ਅਜੇ ਤੱਕ ਕਿਸੇ ਵੀ ਦਲਿਤ ਨੇ ਆਪਣੇ ਨਾਮ ਤੇ ਫਸਲ ਨਹੀਂ ਵੇਚੀ। ਉਹਨਾਂ ਕਿਹਾ ਕਿ ਹੁਣ ਵੀ ਪਿੰਡ ਵਿੱਚ ਬੋਲੀ ਦੇਣ ਵਾਲੇ ਦਲਿਤਾਂ ਨੂੰ ਪਿੰਡ ਦੇ ਮੌਜੂਦਾ ਸਰਪੰਚ ਕੁਝ ਪੰਚ ਤੇ ਸਹਿਕਾਰੀ ਸੁਸਾਇਟੀ ਦਾ ਪ੍ਰਧਾਨ ਨਾਲ ਲੈ ਕੇ ਗਏ ਹਨ ਤੇ ਇਹਨਾਂ ਦੀ ਹਾਜਰੀ ਵਿੱਚ ਹੀ ਬੋਲੀ ਹੋਈ ਹੈ। ਉਹਨਾਂ ਇਹ ਵੀ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਵਿੱਚ ਰਿਜ਼ਰਵ ਕੋਟੇ ਦੀ ਜਮੀਨ ਦੀ ਬੋਲੀ ਸਮੇਂ ਜਨਰਲ ਵਰਗ ਦੇ ਬੰਦਿਆਂ ਨੂੰ ਬਾਹਰ ਕਰਨ ਦੀ ਮੰਗ ਪ੍ਰਸ਼ਾਸਨ ਨੇ ਨਹੀਂ ਮੰਨੀ ਸੀ। ਦਲਿਤਾਂ ਨੇ ਇਸ ਦਾ ਵਿਰੋਧ ਕਰ ਦਿੱਤਾ। ਬੋਲੀ ਨਾ ਹੋ ਸਕੀ। ਬੋਲੀ ਰੱਦ ਕਰਨ ਦਾ ਐਲਾਨ ਇਕੱਠ ਵਿੱਚ ਕੀਤਾ ਗਿਆ ਪਰੰਤੂ ਫਿਰ ਵੀ ਕਾਗਜਾਂ ਵਿੱਚ ਇੱਕ ਟੱਕ ਦੀ ਬੋਲੀ ਕੀਤੀ ਦਿਖਾ ਦਿੱਤੀ। ਉਹਨਾਂ ਕਿਹਾ ਕਿ ਪਿਛਲੇ ਸਾਲ ਦੀ ਬੋਲੀ ਜਨਤਕ ਤੌਰ ਤੇ ਵੱਧ ਹੋਈ ਸੀ ਪਰ ਕਾਗਜਾਂ ਵਿੱਚ ਘਟ ਦਿਖਾਈ ਸੀ।
ਜਦੋਂ ਇਸ ਘਟਨਾ ਸਬੰਧੀ ਮੌਜੂਦਾ ਸਰਪੰਚ ਬੂਟਾ ਸਿੰਘ ਵਾਲ ਗੱਲ ਕੀਤੀ ਗਈ ਤਾਂ ਉਹਨਾਂ ਕਬੂਲ ਕੀਤਾ ਕਿ ਬੋਲੀ ਦੇ ਪੈਸੇ ਕਿਸਾਨ ਹੀ ਦਿੰਦੇ ਹਨ, ਬੋਲੀਕਾਰ ਨਾਲ ਹਿੱਸਾ ਪੱਤੀ ਕਰਕੇ ਵਾਹੁੰਦੇ ਹਨ। ਉਹਨਾਂ ਕਿਹਾ ਕਿ ਜਿਮੀਂਦਾਰਾਂ ਦੀ ਆਪਸ ਵਿੱਚ ਲੜਾਈ ਹੈ। ਜਿਸ ਕਾਰਨ ਕਤਾਰਬੰਦੀ ਪੈਦਾ ਹੋਈ ਹੈ। ਉਹਨਾਂ ਪਿੰਡ ਤੋਂ ਬਾਹਰਲੇ ਬੰਦੇ ਦੇ ਨਾਮ ਬੋਲੀ ਦੇਣ ਨੂੰ ਜਾਇਜ ਦਸਦਿਆਂ ਕਿਹਾ ਕਿ ਅਦਾਲਤ ਦੇ ਫੈਸਲੇ ਅਨੁਸਾਰ ਇਹ ਕਾਨੂੰਨੀ ਤੌਰ ਤੇ ਠੀਕ ਹੈ।
ਜਦੋਂ ਸਵਰਨ ਸਿੰਘ ਪੁੱਤਰ ਉਂਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਮੈਂ ਜਮੀਨ ਠੇਕੇ ਤੇ ਲਈ ਹੈ। ਮੈਂ ਮਜਦੂਰੀ ਕਰਦਾ ਸੀ, ਹੁਣ ਵਿਹਲਾ ਹਾਂ। ਮੈਂ ਪਿੰਡ ਦੇ ਕਿਸਾਨ ਤੋਂ 18% ਵਿਆਜ ਤੇ ਕਰਜ਼ਾ ਲੈ ਕੇ ਪੈਸੇ ਦਾ ਪ੍ਰਬੰਧ ਕੀਤਾ ਹੈ। ਮੇਰਾ ਇੱਕ ਭਰਾ ਭੱਠੇ ਤੇ ਲੱਗਿਆ ਹੈ ਇਕ ਮਜਦੂਰੀ ਕਰਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਸਾਡੇ ਲੋਕ ਜਮੀਨ ਲੈ ਕੇ ਕਿਸਾਨਾਂ ਨੂੰ ਦਿੰਦੇ ਸਨ। ਪਰ ਹੁਣ ਅਸੀਂ ਆਪ ਖੇਤੀ ਕਰਾਂਗੇ। ਪਰ ਉਹਨਾਂ ਕਿਹਾ ਕਿ ਸਾਡੇ ਪਾਸ ਖੇਤੀ ਕਰਨ ਦੇ ਕੋਈ ਸੰਦ / ਸਾਧਨ ਨਹੀਂ ਹਨ।
ਧਰਮਪਾਲ ਪੁੱਤਰ ਉਂਕਾਰ ਸਿੰਘ ਨੇ ਵੀ ਕਿਹਾ ਕਿ ਬੋਲੀ ਤੇ ਲਈ ਜਮੀਨ ਦੇ ਪੈਸੇ ਵਿਆਜ ਤੇ ਲਏ ਹਨ ਜਿਸ ਤੇ 18% ਵਿਆਜ ਦੇਣਾ ਹੈ। ਮੈਂ ਮਜਦੂਰੀ ਕਰਦਾ ਹਾਂ। ਖੇਤੀ ਦੇ ਸੰਦ ਕਿਰਾਏ ਤੇ ਲੈ ਕੇ ਖੇਤੀ ਕਰਾਂਗਾ।
ਉਂਕਾਰ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਵੀ ਖੇਤੀ ਕਰਦਾ ਰਿਹਾ ਹਾਂ ਪਹਿਲਾ ਪਾਣੀ ਦਾ ਸਾਧਨ ਨਹੀਂ ਸੀ। ਪਿੰਡ ਦੇ ਦਲਿਤ ਲੋਕਾਂ ਨੇ ਸਾਨੂੰ ਕੋਈ ਸੁਨੇਹਾ ਹੀ ਨਹੀਂ ਦਿੱਤਾ ਕਿ ਭਾਈਚਾਰੇ ਦਾ ਇਕੱਠ ਕਰਿਆ ਹੈ। ਇਸ ਕਾਰਨ ਅਸੀਂ ਬੋਲੀ ਦੇ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਹੁਣ ਲੀਡਰ ਬਣੇ ਫਿਰਦੇ ਹਨ ਪਹਿਲਾਂ ਆਪਣੇ ਨਾਮ ਜਮੀਨ ਲੈ ਕੇ ਕਿਸਾਨਾਂ ਨੂੰ ਦਿੰਦੇ ਰਹੇ ਹਨ।
ਜੇਲ ਵਿੱਚ ਬੰਦ ਵਿਆਕਤੀਆਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਪੁਲਿਸ ਨੇ ਕੁੱਝ ਵਿਆਕਤੀਆਂ ਨੂੰ ਸਬਕ ਸਿਖਾਉਣ ਦੇ ਮਕਸ਼ਦ ਨਾਲ ਮਿਥ ਕੇ ਕੁਟਿੱਆ। ਕੁਝ ਆਗੂਆਂ ਨੂੰ ਥਾਣੇ ਲਿਜਾ ਕੇ ਕੁੱਟਮਾਰ ਕੀਤੀ ਤੇ ਪੁੱਛਦੇ ਰਹੇ ਕਿ ਕਿਹੜੇ ਬੰਦੇ ਨਾਲ ਸਨ ਉਹਨਾਂ ਦੇ ਨਾਮ ਦੱਸੋ।
ਲਾਠੀ ਚਾਰਜ ਸਮੇਂ ਹਾਜ਼ਰ ਭਵਾਨੀਗੜ੍ਹ ਦੇ ਕੁੱਝ ਵਿਅਕਤੀਆਂ ਨਾਲ ਗਲਬਾਤ ਕਰਨ ਤੇ ਪਤਾ ਲੱਗਾ ਕਿ ਬਲਦ ਕਲਾਂ ਦੀ ਜਮੀਨ ਦੇ ਬੋਲੀ ਸਮੇਂ ਆਏ ਸਾਰੇ ਵਿਅਕਤੀ ਨਿਹੱਥੇ ਸਨ ਇਹਨਾਂ ਨੇ ਨਾਹਰੇਬਾਜ਼ੀ ਕੀਤੀ ਤੇ ਬੋਲੀ ਵਿੱਚ ਹਾਜ਼ਰ ਹੋਣ ਦੀ ਕੋਸ਼ਿਸ ਕੀਤੀ। ਇਹਨਾਂ ਵੱਲੋਂ ਕੋਈ ਡੰਡਾ, ਰੋੜਾ ਨਹੀਂ ਚਲਾਇਆ ਗਿਆ ਸਗੋਂ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਭਵਾਨੀਗੜ੍ਹ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਸੀ।
ਹਸਪਤਾਲ ਵਿੱਚ ਦਾਖਲ ਪੁਲਿਸ ਮੁਲਾਜਮਾਂ ਦੇ ਲੱਗੀਆਂ ਸੱਟਾਂ ਦੀ ਜਾਣਕਾਰੀ ਹਾਸਲ ਕੀਤੀ ਤਾਂ ਉਹਨਾਂ ਦੇ ਕੋਈ ਵੀ ਅਜਿਹੀ ਸੱਟ ਨਹੀਂ ਸੀ ਜੋ ਜਾਨ ਨੂੰ ਖਤਰਾ ਬਣਦੀ ਹੋਵੇ। ਦੁਸਰੇ ਪਾਸੇ ਦਲਿਤਾਂ ਦੇ ਸੱਟਾਂ ਦੇ ਨਿਸ਼ਾਨ ਸਨ, ਡਾਂਗਾਂ ਦੀਆਂ ਹੁੱਜਾਂ ਮਾਰੀਆਂ ਸਾਫ ਦਿਸਦੀਆਂ ਸਨ। ਇੱਕ ਵਿਅਕਤੀ ਦੀ ਹੱਡੀ ਟੁੱਟੀ ਹੋਈ ਸੀ। ਕੁੱਝ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸਨ।
ਜਦੋਂ ਇਸ ਘਟਨਾ ਬਾਰੇ ਐਸ.ਡੀ.ਐਮ. ਨਾਲ ਗਲਬਾਤ ਕੀਤੀ ਗਈ। ਉਹਨਾਂ ਕਬੂਲ ਕੀਤਾ ਕਿ ਲਾਠੀਚਾਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬੋਲੀ ਦੇ ਰੇਟ ਘੱਟ ਕਰਨ ਲਈ ਸਰਕਾਰ ਨੂੰ ਲਿਖਿਆ ਗਿਆ ਸੀ। ਇਸ ਲਈ ਸਮਾਂ ਵੀ ਦਿੱਤਾ ਗਿਆ। ਬੋਲੀ ਛੇ ਵਾਰ ਰੱਦ ਕੀਤੀ ਗਈ। ਪਰੰਤੂ ਸਰਕਾਰ ਵੱਲੋਂ ਰੇਟ ਘੱਟ ਕਰਨ ਸਬੰਧੀ ਕੋਈ ਫੈਸਲਾ ਨਾ ਕਰਨ ਕਾਰਨ ਬੋਲੀ ਕਰਾਉਣਾ ਪ੍ਰਸ਼ਾਸਨ ਦੀ ਜੁੰਮੇਵਾਰੀ ਸੀ। ਇਸ ਲਈ ਪ੍ਰਸ਼ਾਸਨ ਨੂੰ ਇਹ ਕਾਰਵਾਈ ਸਿਰੇ ਚਾੜਨ ਲਈ ਮਜਬੂਰਨ ਲਾਠੀਚਾਰਜ ਕਰਵਾਉਣਾ ਪਿਆ ਉਹਨਾਂ ਕਿਹਾ ਕਿ ਬੋਲੀਕਾਰ ਜਮੀਨ ਆਪ ਵਾਹੇਗਾ ਜੇਕਰ ਉਹ ਜਮੀਨ ਸਬਲੈਟ ਕਰਦਾ ਹੈ ਤਾਂ ਬੋਲੀ ਰੱਦ ਕਰ ਦਿੱਤੀ ਜਾਵੇਗੀ।
ਡੀ.ਐਸ.ਪੀ. ਨੇ ਕਿਹਾ ਕਿ ਬਾਹਰਲੇ ਸ਼ਰਾਰਤੀ ਅਨਸਰ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਉਹਨਾਂ ਤੇ ਕੇਸ ਦਰਜ਼ ਕਰਨੇ ਬਣਦੇ ਹਨ। ਉਹਨਾਂ ਕਿਹਾ ਕਿ ਇਹ ਵਿਅਕਤੀ ਕੁਝ ਵੀ ਕਰ ਸਕਦੇ ਹਨ। ਉਹਨਾਂ ਸਾਡੇ ਬੰਦਿਆਂ ਉੱਤੇ ਹਮਲਾ ਕੀਤਾ ਹੈ। ਉਹ ਮਾਰ ਵੀ ਸਕਦੇ ਸੀ।
ਉਪਰੋਕਤ ਤੱਥਾਂ ਦੀ ਰੋਸ਼ਨੀ ਵਿੱਚ ਸਭਾ ਇਸ ਨਤੀਜੇ ਤੇ ਪੁੱਜੀ ਹੈ ਕਿ:-
1. 27/6 ਦੀ ਘਟਨਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਸੀ। ਸਗੋਂ ਪ੍ਰਸ਼ਾਸਨ ਵਲੋਂ ਯੋਜਨਾ ਵੱਧ ਤਰੀਕੇ ਨਾਲ ਬੋਲੀ ਪ੍ਰਕਿਰਿਆ ਨੂੰ ਸਿਰੇ ਚਾੜਨ ਲਈ ਕੀਤੀ ਗਈ ਕਾਰਵਾਈ ਹੈ। 
2. ਇਸ ਘਟਨਾ ਵਿੱਚ ਬੇਲੋੜੀ ਸ਼ਕਤੀ ਦੀ ਵਰਤੋਂ ਕੀਤੀ ਗਈ ਹੈ। ਲਾਠੀਚਾਰਜ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿੱਤੀ ਗਈ।
3. ਉਸ ਸਮੇਂ ਸੰਘਰਸ਼ਸ਼ੀਲ ਵਿਆਕਤੀਆਂ ਨਾਲ ਕਿਸੇ ਵੀ ਪ੍ਰਸ਼ਾਸਨਕ ਅਧਿਕਾਰੀ ਨੇ ਗਲਬਾਤ ਕਰਕੇ ਮਸਲਾ ਨਿਪਟਾਉਣ ਦੀ ਕੋਸ਼ਿਸ ਨਹੀਂ ਕੀਤੀ।
4. ਲਾਠੀਚਾਰਜ ਵਿੱਚ ਜਖਮੀ ਵਿਆਕਤੀਆਂ ਦੇ ਬਿਆਨ ਦਰਜ਼ ਨਾ ਕਰਨਾ ਸਿਰੇ ਦੀ ਗੈਰ ਕਾਨੂੰਨੀ ਕਾਰਵਾਈ ਹੈ।
5. ਆਗੂਆਂ ਨੂੰ ਪਹਿਲਾਂ ਬਾਹਰ ਤੇ ਫਿਰ ਥਾਣੇ ਲਿਜਾ ਕੇ ਕੁੱਟਮਾਰ ਕਰਨਾ ਅਤਿ ਦਰਜ਼ੇ ਦਾ ਘੋਰ ਅਪਰਾਧ ਹੈ।
6. ਪੁਲਿਸ ਵਲੋਂ ਕੁੱਝ ਮੁਲਾਜਮਾਂ ਨੂੰ ਹਸਪਤਾਲ ਦਾਖਲ ਕਰਾਉਣਾ, ਫਰਜ਼ੀ ਪਰਚੇ ਕਟਵਾਉਣਾ ਬਿਲਕੁਲ ਝੂਠੀ ਤੇ ਨਾਟਕੀ ਕਾਰਵਾਈ ਹੈ। ਅੰਦੋਲਨਕਾਰੀਆਂ ਵਲੋਂ ਕੋਈ ਭੜਕਾਹਟ ਤੱਥ ਖੋਜ ਕਮੇਟੀ ਦੇ ਸਾਹਮਣੇ ਨਹੀਂ ਆਈ।
7. ਪੁਲਿਸ ਵੱਲੋਂ ਸੰਜੀਵ ਕੁਮਾਰ ਮਿੰਟੂ ਆਗੂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਨੂੰ ਇਸ ਕੇਸ ਵਿੱਚ ਬਿਲਕੁਲ ਜਾਣਬੁਝ ਕੇ ਉਲਝਾਇਆ ਗਿਆ ਹੈ। ਉਹ ਇਸ ਘਟਨਾ ਸਮੇਂ ਹਾਜ਼ਰ ਨਹੀਂ ਸੀ।
8. ਪੁਲਿਸ ਵਲੋਂ ਆਗੂਆਂ ਵਿਰੁੱਧ ਪਾਇਆ ਇਰਾਦਾ ਕਤਲ ਦਾ ਕੇਸ ਬਿਲਕੁੱਲ ਝੂਠਾ ਹੈ ਤੇ ਤੱਥਾਂ ਤੋਂ ਪਰੇ ਹੈ।
9. ਬੋਲੀ ਦੀ ਪ੍ਰਕਿਰਿਆ ਨਾਟਕੀ ਹੈ ਤੇ ਪਹਿਲਾਂ ਹੀ ਤਿਆਰ ਕੀਤੀ ਕਾਰਵਾਈ ਹੈ।
10. ਪੁਲਿਸ ਪ੍ਰਸ਼ਾਸਨ ਵਲੋਂ ਮਜਦੂਰਾਂ ਨੂੰ ਚੇਤਨ ਕਰਨ ਵਾਲੇ ਮਜਦੂਰ ਆਗੂਆਂ ਨੂੰ ਸਰਾਰਤੀ ਅਨਸਰ ਕਹਿਣਾ, ਉਹਨਾਂ ਤੇ ਜਾਣਬੁਝ ਕੇ ਝੂਠੇ ਕੇਸ ਪਾਉਣਾ, ਆਗੂਆਂ ਨੂੰ ਮਿਥ ਕੇ ਕੁੱਟਣਾ, ਸਿਰੇ ਦੀ ਨਿੰਦਣਯੋਗ ਅਤੇ ਗੈਰ ਜਿੰਮੇਵਾਰ ਕਾਰਵਾਈ ਹੈ।
ਸਭਾ ਮੰਗ ਕਰਦੀ ਹੈ ਕਿ:-
1. 27/6 ਦੀ ਘਟਨਾ ਵਿੱਚ ਜਖਮੀ ਵਿਆਕਤੀਆਂ ਦੇ ਬਿਆਨ ਦਰਜ਼ ਕਰਕੇ ਘਟਨਾ ਲਈ ਦੋਸ਼ੀ ਪੁਲਿਸ / ਪ੍ਰਸ਼ਾਸਨਕ ਅਧਿਕਾਰੀਆਂ ਖਿਲਾਫ ਕੇਸ ਦਰਜ਼ ਕੀਤਾ ਜਾਵੇ।
2. ਜੇਲ ਡੱਕੇ 41 ਵਿਅਕਤੀਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤੇ 49 ਵਿਆਕਤੀਆਂ ਤੇ ਦਰਜ਼ ਝੂਠੇ ਕੇਸ ਵਾਪਸ ਲਏ ਜਾਣ।
3. ਬੋਲੀ ਦੀ ਪ੍ਰਕਿਰਿਆ ਦੀ ਹਕੀਕਤ ਲੋਕਾਂ ਦੇ ਸਾਹਮਣੇ ਲਿਆਉਣ ਲਈ ਬੋਲੀ ਦੀ ਵੀਡਿਓ ਗਰਾਫੀ ਜਨਤਕ ਕੀਤੀ ਜਾਵੇ।
4. ਵੱਖ-ਵੱਖ ਬੋਲੀਕਾਰਾਂ ਵਲੋਂ ਵਿਆਜ ਤੇ ਲਈ ਰਕਮ ਨੂੰ ਜਨਤਕ ਕੀਤਾ ਜਾਵੇ। ਜਿਹਨਾਂ ਕਿਸਾਨਾਂ / ਵਿਆਕਤੀਆਂ ਤੋਂ ਇਹ ਰਕਮ ਲਈ ਗਈ ਹੈ, ਉਹਨਾਂ ਦੇ ਨਾਮ ਜਨਤਕ ਕੀਤੇ ਜਾਣ।
5. ਨਾਟਕੀ ਢੰਗ ਨਾਲ ਕੀਤੀ ਬੋਲੀ ਰੱਦ ਕੀਤੀ ਜਾਵੇ। ਦਲਿਤਾਂ ਦੀ ਪਹੁੰਚ ਯੋਗ ਜਮੀਨ ਦੇ ਛੋਟੇ ਟੱਕ ਬਣਾਏ ਜਾਣ ਤੇ ਲੋਕਾਂ ਦੀ ਪਹੁੰਚਯੋਗ ਕੀਮਤ ਤੇ ਬੋਲੀ ਦੁਬਾਰਾ ਕੀਤੀ ਜਾਵੇ। ਜਾਂ ਫਿਰ ਸੁਸਾਇਟੀ ਨੂੰ ਜਮੀਨ ਲੀਜ ਤੇ ਦਿੱਤੀ ਜਾਵੇ ਤਾਂ ਜੋ ਸਾਂਝੀ ਖੇਤੀ ਕਰ ਸਕਣ।
6. ਪਿਛਲੇ ਸਾਲਾਂ ਵਿੱਚ ਹੋਈ ਬੋਲੀ ਦੇ ਰੇਟ ਜਨਤਕ ਕੀਤੇ ਜਾਣ ਤੇ ਇਸ ਵਿੱਚ ਹੋਈ ਹੇਰਾਫੇਰੀ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ।
7. ਸਮੁੱਚੇ ਪੰਜਾਬ ਵਿੱਚ ਪੰਚਾਇਤੀ ਜਮੀਨ ਵਿੱਚ ਦਲਿਤਾਂ ਦੇ ਹਿੱਸੇ ਦੀ ਜਮੀਨ ਦਲਿਤ ਦੀ ਪਹੁੰਚ ਯੋਗ ਕੀਮਤ ਤੇ ਦਿੱਤੀ ਜਾਵੇ। ਬੇਨਾਮੀ ਬੋਲੀ ਦਾ ਵਰਤਾਰਾ ਬੰਦ ਕੀਤਾ ਜਾਵੇ। ਪੰਚਾਇਤੀ ਜਮੀਨ ਦੀ ਆਮਦਨ ਨੂੰ ਪਿੰਡ ਵਿੱਚ ਲੋਕ ਭਲਾਈ ਦੇ ਕੰਮਾਂ ਤੇ ਖਰਚਣ ਨੂੰ ਯਕੀਨੀ ਬਣਾਇਆ ਜਾਵੇ। 

ਪ੍ਰਕਾਸ਼ਕ: ਵੱਲੋਂ:-
ਸੁਖਵਿੰਦਰ ਪੱਪੀ ਜਮਹੂਰੀ ਅਧਿਕਾਰ ਸਭਾ ਪੰਜਾਬ 
ਜ਼ਿਲ੍ਹਾ ਸਕੱਤਰ ਜ਼ਿਲ੍ਹਾ ਇਕਾਈ ਸੰਗਰੁੂਰ।