Saturday, May 2, 2015

ਸੀਪਲ ਡਾ ਦਲਜੀਤ ਸਿੰਘ ਤੇ ਹੋਏ ਹਮਲੇ ਬਾਰੇ ਜਮਹੂਰੀ ਅਧਿਕਾਰ ਸਭਾ, ਇਕਾਈ ਬਠਿੰਡਾ ਦੀ ਪੜਤਾਲ ਰਿਪੋਰਟ

ਮਿਤੀ 4.4.15 ਨੂੰ ਪਿੰਡ ਭਗਤਾ ਭਾਈਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ, ਵਾਸੀ ਭਗਤਾ ਭਾਈਕਾ, 'ਤੇ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕਰਨ ਤੇ ਉਹਨਾਂ ਨੂੰ ਜਲੀਲ ਕਰਨ ਵਾਸਤੇ ਉਹਨਾਂ ਦੀ ਪੱਗ ਉਤਾਰ ਕੇ
ਲੈ ਜਾਣ ਦੀ ਘਟਨਾ ਵਾਪਰੀ। ਅਖਬਾਰੀ ਰਿਪੋਰਟਾਂ ਅਤੇ ਸਭਾ ਦੇ ਸਥਾਨਕ ਮੈਂਬਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਹਮਾਲਵਰਾਂ ਦਾ ਮੋਬਾਇਲ ਝੜਪ ਦੌਰਾਨ ਡਿੱਗ ਪਿਆ ਸੀ ਜਿਸਨੂੰ ਡਾ ਦਲਜੀਤ ਸਿੰਘ ਨੇ ਪੁਲੀਸ ਨੂੰ ਸੌਂਪ ਦਿੱਤਾ ਸੀ ਪਰ ਹਾਲੇ ਤੱਕ ਪੁਲਸ ਦੋਸ਼ੀਆਂ ਨੂੰ
ਗਿਰਫਤਾਰ ਕਰਨ 'ਚ ਨਕਾਮ ਰਹੀ ਹੈ। ਸਗੋਂ ਨਗਰ ਕੌਂਸਲ ਭਗਤਾ ਭਾਈਕਾ ਦੇ ਪ੍ਰਧਾਨ ਸ਼੍ਰੀ ਰਕੇਸ਼ ਕੁਮਾਰ ਦੀ ਇੱਕ ਸ਼ਿਕਾਇਤ 'ਤੇ ਹੋਈ ਇਨਕੁਆਰੀ ਨੂੰ ਅਧਾਰ ਬਣਾ ਕੇ ਡਾ ਦਲਜੀਤ ਸਿੰਘ ਦੀ ਹੀ ਸਕੂਲ 'ਚੋਂ ਬਦਲੀ ਕਰ ਦਿੱਤੀ ਗਈ ਹੈ। ਇਸ ਮਸਲੇ 'ਤੇ ਸਥਾਨਕ ਪੱਧਰ ਤੇ "ਅਨਿਆਂ ਵਿਰੋਧੀ ਕਮੇਟੀ, ਭਗਤਾ ਭਾਈ" ਦੀ ਅਗਵਾਈ 'ਚ ਸੰਘਰਸ਼ ਚੱਲ ਰਿਹਾ ਹੈ ਜਿਸਦੀ ਬਹੁਤ ਸਾਰੀਆਂ ਅਧਿਆਪਕ, ਕਿਸਾਨ, ਪੱਲੇਦਾਰ, ਖੇਤ ਮਜ਼ਦੂਰ ਵਿਦਿਆਰਥੀ ਤੇ ਹੋਰ ਸਾਹਿਤਕ ਜਥੇਬੰਦੀਆਂ ਹਮਾਇਤ ਕਰ ਰਹੀਆਂ ਹਨ ਤੇ ਇਹਨਾਂ ਦੀ ਅਗਵਾਈ ਵਿੱਚ ਮਿਤੀ 9.4.15 ਅਤੇ 19.4.15 ਨੂੰ ਇਲਾਕੇ ਭਰ ਦੇ ਹਜਾਰਾਂ ਮਰਦ-ਔਰਤਾਂ, ਵਿਦਿਆਰਥੀਆਂ, ਤੇ ਹੋਰ ਲੋਕਾਂ ਦਾ ਇਕਠ ਹੋ ਚੁੱਕਾ ਹੈ। ਮੁਢਲੀ ਜਾਣਕਾਰੀ ਦੇ ਅਧਾਰ ਤੇ ਇਸ ਨੂੰ ਜਮਹੂਰੀ, ਮਨੁਖੀ ਤੇ ਕਾਨੂੰਨੀ ਅਧਿਕਾਰਾਂ 'ਤੇ ਹਮਲੇ ਵਜੋਂ ਸਮਝਦਿਆਂ ਜਮਹੂਰੀ ਅਧਿਕਾਰ ਸਭਾ ਨੇ ਇਸ ਮਸਲੇ ਦੀ ਪੜਤਾਲ ਕਰਨ ਦਾ ਫੈਸਲਾ ਲਿਆ।

ਸਭਾ ਦੀ ਪੜਤਾਲੀਆ ਟੀਮ:  ਸਭਾ ਨੇ ਇੱਕ ਪੜਤਾਲੀਆ ਟੀਮ ਦਾ ਗਠਨ ਕੀਤਾ ਜਿਸ ਵਿੱਚ ਸਭਾ ਦੀ ਇਕਾਈ ਦੇ ਮੀਤ ਪ੍ਰਧਾਨ
ਸ਼੍ਰੀ ਰਣਜੀਤ ਸਿੰਘ, ਸੰਯੁਕਤ ਸਕੱਤਰ ਸ਼੍ਰੀ ਬਲਵੰਤ ਮਹਿਰਾਜ, ਸ਼੍ਰੀ ਬਾਰੂ ਸਤਵਰਗ, ਸ਼੍ਰੀਰੂਪ ਸਿੰਘ, ਸ਼੍ਰੀ ਕਰਮਜੀਤ ਸਿੰਘ, ਸ਼੍ਰੀ ਸੰਤੋਖ ਸਿੰਘ ਤੇ ਸ਼੍ਰੀ ਕਰਮ ਸਿੰਘ ਸ਼ਾਮਲ ਹੋਏ।
ਪੜਤਾਲ ਦੌਰਾਨ ਇਸ ਟੀਮ ਨੇ ਘਟਨਾ ਨਾਲ ਸਬੰਧਤ ਧਿਰਾਂ, ਅਧਿਕਾਰੀਆਂ, ਚੁਣੇ ਨੁਮਾਇੰਦਿਆਂ, ਹੋਰ ਪ੍ਰਬੰਧਕੀ ਅਹੁਦੇਦਾਰਾਂ,   ਵਿਦਿਆਰਥੀਆਂ, ਮਾਪਿਆਂ, ਆਮ ਸ਼ਹਿਰੀਆਂ ਤੇਸੰਘਰਸ਼ੀਲ ਆਗੂਆਂ ਨਾਲ ਸਪੰਰਕ ਕੀਤਾ।

ਘਟਨਾ ਦਾ ਬਿਉਰਾ:

ਡਾ ਦਲਜੀਤ ਦੇ ਬਿਆਨਾਂ 'ਤੇ ਦਰਜ ਐਫ.ਆਈ.ਆਰ ਮੁਤਾਬਕ ਨਗਰ ਪੰਚਾਇਤ ਭਗਤਾ ਭਾਈਕਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਨੇ ਉਸ ਖਿਲਾਫ ਸਾਜਿਸ਼ ਅਧੀਨ ਇੱਕ ਝੂਠੀ ਤੇ ਨਿਰਅਧਾਰ ਸ਼ਿਕਾਇਤ ਕੀਤੀ ਜਿਸਦਾ ਬਹੁਤ ਸਾਰੇ ਐਮ.ਸੀ ਨੇ ਵਿਰੋਧ ਵੀ ਕੀਤਾ। ਸ਼ਿਕਾਇਤ ਦੀ ਪੜਤਾਲ ਪੱਖਪਾਤੀ ਢੰਗ ਨਾਲ ਕੀਤੀ ਗਈ ਅਤੇ ਉਸ ਦੌਰਾਨ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਧਮਕਾ ਕੇ ਪ੍ਰਧਾਨ ਰਕੇਸ਼ ਕੁਮਾਰ ਦੀ ਹਾਜਰੀ ਵਿੱਚ ਅਧਿਆਪਕਾਂ ਦੀ ਮਰਜੀ ਖਿਲਾਫ ਜਵਾਬ ਲਿਖੇ ਗਏ। ਉਸ ਸਮੇਂ ਤੋਂ ਹੀ ਡਾ ਦਲਜੀਤ ਸਿੰਘ 'ਤੇ ਲਗਾਤਾਰ ਹਮਲੇ ਕਰਵਾਏ ਜਾ ਰਹੇ ਹਨ। ਐਫ.ਆਈ.ਆਰ ਅਨੁਸਾਰ ਉਹਨਾਂ ਤੇ ਸਭ ਤੋਂ ਪਹਿਲਾ ਹਮਲਾ ਮਿਤੀ 24.3.15 ਨੂੰ ਸਵੇਰੇ 7.30 ਵਜੇ ਦੋ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਕੀਤਾ ਜਿਸ ਬਾਰੇ ਉਹਨਾਂ ਤੁਰੰਤ ਪੁਲਸ ਨੂੰ ਸੂਚਤਕੀਤਾ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਮਿਤੀ 30.3.15 ਤੋਂ ਲੈਕੇ ਲਗਾਤਾਰ ਤਿੰਨ ਦਿਨ ਸ਼ੱਕੀ ਵਿਅਕਤੀ ਬਿਨਾ ਨੰਬਰ ਪਲੇਟ ਦੀ ਮਾਰੂਤੀ ਕਾਰ ਵਿਚ ਲਗਾਤਾਰ ਦੋ ਢਾਈ ਘੰਟੇ ਖੜਦੇ ਰਹੇ ਤੇ ਪਿੰਡ ਦੇ ਨੌਜਵਾਨਾਂ ਵਲੋਂ ਉਹਨਾਂ ਦਾ ਪਿਛਾ ਕਰਨ ਤੇ ਭਜਦੇ ਰਹੇ ਹਨ। ਪੁਲਸ ਦੇ ਵਤੀਰੇ ਬਾਰੇ ਉਹਨਾਂ ਐਫ.ਆਈ.ਆਰ 'ਚ ਕਿਹਾ ਕਿ ਪੁਲਸ ਨੇ ਉਹਨਾਂ ਦੇ ਸਕੂਲ ਆਉਣ-ਜਾਣ ਦੇ ਸਮੇਂ 'ਤੇ ਪੈਟਰੋਲਿੰਗ ਕਰਨ ਦਾ ਭਰੋਸਾ ਦਿਵਾਇਆ ਪਰ ਇਹ ਲਾਗੂ ਨਹੀਂ ਕੀਤਾ। ਜਦ ਹਮਲੇ ਤੋਂ ਬਾਅਦ ਉਹਨਾਂ ਪੁਲਸ ਤੋਂ ਪੁਛਿਆ ਤਾਂ ਸਬੰਧਤ ਅਫਸਰਨੇ ਉਲਟਾ ਕਿਹਾ ਕਿ ਤੁਸੀਂ ਮੈਨੂੰ ਯਾਦ ਕਿਉਂ ਨਹੀਂ ਕਰਵਾਇਆ। ਹਮਲੇ ਦੀ ਸਾਜਿਸ਼ ਬਾਰੇ ਐਫ.ਆਈ.ਆਰ 'ਚ ਪ੍ਰਿੰਸੀਪਲ ਡਾ ਦਲਜੀਤ ਸਿੰਘ ਨੇ ਸਪਸ਼ਟ ਦੋਸ਼ ਲਗਾਇਆ ਹੈ ਕਿ ਇਸ ਵਿੱਚ ਸਕੂਲ ਦੇ ਦੋ ਅਧਿਆਪਕ ਜਿਹਨਾਂ 'ਚੋਂ ਇੱਕ ਨਗਰ ਪੰਚਾਇਤ ਦੇ ਪ੍ਰਧਾਨ ਦਾ ਸਕਾ ਭਰਾ ਹੈ ਅਤੇ ਦੂਸਰਾ ਸਕੂਲ ਅੰਦਰ ਚਲਦੇ ਸਪੋਰਟਸ ਵਿੰਗ ਦੀ ਮੈਸ ਦੇ ਠੇਕੇਦਾਰ ਸ਼੍ਰੀ ਰਣਧੀਰ ਸਿੰਘ ਧੀਰਾ ਦਾ ਭਰਾ ਹੈ, ਵੀ ਸ਼ਾਮਲ ਹਨ। ਡਾ. ਦਲਜੀਤ ਸਿੰਘ ਨੇ ਸ਼੍ਰੀ ਧੀਰਾ ਤੇ ਮੈਸ ਦੇ ਪੈਸੇ ਹੜਪਣ ਦਾ ਦੋਸ਼ ਲਗਾਇਆ ਹੈ। ਡਾ ਦਲਜੀਤ ਸਿੰਘ ਨੇ ਇਹ ਸਾਰੇ ਦੋਸ਼ ਪੁਲਸ ਪਾਸ ਬਕਾਇਦਾਆਪਣੇ ਲਿਖਤੀ ਬਿਆਨ 'ਚ ਦਰਜ ਕਰਾਏ ਹਨ।

ਘਟਨਾ ਬਾਰੇ ਦਲਜੀਤ ਸਿੰਘ ਦਾ ਪੱਖ ਸਮਝਣ ਲਈ ਉਸਦੀ ਅਕਾਦਮਿਕ ਯੋਗਤਾ, ਸਰਵਿਸ ਰਿਕਾਰਡ, ਸਕੂਲ 'ਚ ਪ੍ਰਬੰਧਕ ਵਜੋਂ ਉਸਦੀ ਕਾਰਗੁਜਾਰੀ, ਘਟਨਾ ਦੀ ਸਾਜਿਸ਼ ਬਾਰੇ ਉਸਦੇ ਪੱਖ, ਘਟਨਾ ਮਗਰੋਂ ਉਸ ਵਲੋਂ ਚੁੱਕੇ ਕਦਮਾਂ ਆਦਿ ਬਾਰੇ ਪੁੱਛ ਪੜਤਾਲ ਕੀਤੀ ਗਈ। ਫਿਰ ਦਲਜੀਤ ਸਿੰਘ ਦੇ ਪੱਖ ਅਤੇ ਦਾਅਵਿਆਂ ਬਾਰੇ ਦੂਸਰੀ ਧਿਰ ਅਤੇ ਆਮ ਵਿਅਕਤੀਆਂ ਦੇ ਵਿਚਾਰ ਜਾਣਕੇ ਰਾਇ ਬਨਾਉਣ ਦਾ ਯਤਨ ਕੀਤਾ ਗਿਆ।

ਦਲਜੀਤ ਸਿੰਘ ਦਾ ਪੱਖ: ਇਸ ਪੜਤਾਲ ਦੌਰਾਨ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਕਰੀਬ ਇੱਕ ਸਾਲ ਤੋਂ ਭਗਤਾ ਭਾਈਕਾ ਸਕੂਲ ਵਿਚ ਬਤੌਰ ਪ੍ਰਿੰਸੀਪਲ ਤਾਇਨਾਤ ਹਨ ਤੇ ਇਸ ਅਰਸੇ ਦੌਰਾਨ ਇੱਕ ਪ੍ਰਬੰਧਕ ਵਜੋਂ ਆਪਣੇ ਯਤਨਾਂ ਬਾਰੇ ਉਹਨਾਂ ਦਾਅਵਾ ਕੀਤਾ ਕਿ ਉਹ ਹਰ ਰੋਜ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਸਕੂਲ ਜਾਂਦੇ ਹਨ ਤੇ ਵਾਪਸੀ ਵੀ ਸਕੂਲ ਸਮੇਂ ਤੋਂ ਬਾਅਦ ਕਰਦੇ ਹਨ। ਸਕੂਲ ਵਿੱਚ ਉਹਨਾਂ ਦੇ ਕਾਰਜਕਾਲ ਸਮੇਂ ਉਹਨਾਂ ਨੇ ਸਕੂਲ ਅੰਦਰ ਲੜਕੀਆਂ ਵਾਸਤੇ ਹਾਕੀ ਦਾ ਗਰਾਊਂਡ ਤਿਆਰ ਕਰਵਾਇਆ ਤੇ ਲੜਕੀਆਂ ਦੀ ਟੀਮ ਸੂਬਾ ਪੱਧਰ ਦੇ ਮੁਕਾਬਲਿਆਂ ਤੱਕ ਪਹੁੰਚ ਸਕੀ। ਉਹਨਾਂ ਉਸਾਰੂ ਸਭਿਆਚਾਰਕ ਸਰਗਰਮੀਆਂ ਵੱਲ ਵਿਸ਼ੇਸ਼ ਤਵਜੋ ਦਿੱਤੀ ਤੇ ਸਕੂਲ ਦੀ ਇੱਕ ਲੜਕੀ ਨੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਓਪਨ ਭਾਸ਼ਣ ਮੁਕਾਬਲਿਆਂ 'ਚ ਪਹਿਲਾ ਸਥਾਨ ਹਾਸਲ ਕੀਤਾ।  ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਵਾਸਤੇ ਸਕੂਲ ਅੰਦਰ ਚਰਚਿਤ ਸ਼ਖਸ਼ੀਅਤਾਂ  ਦੇ ਦਿਨ ਮਨਾਏ ਜਾਣ ਲੱਗੇ। ਉਹ ਵਿਦਿਆਰਥੀਆਂ ਦੀ ਨੈਤਿਕ ਸਿੱਖਿਆ 'ਤੇ ਵਿਸ਼ੇਸ਼ ਜੋਰ ਦਿੰਦੇ ਰਹੇ ਹਨ ਤੇ ਸਕੂਲ 'ਚ ਡਸਿਪਲਿਨ ਮਜਬੂਤ ਕਰਨ ਵਾਸਤੇ ਉਹਨਾਂ ਸਕੂਲ 'ਚ ਕਈ
ਸੀ.ਸੀ.ਟੀ.ਵੀ ਕੈਮਰੇ ਲਗਵਾਏ ਹਨ। ਸਕੂਲ ਅੰਦਰ ਸਾਫ-ਸਫਾਈ ਤੇ ਬਲ ਦੇਣ ਵਾਸਤੇ ਉਹ ਖੁਦ  ਸਾਫ-ਸਫਾਈ 'ਚ ਹਿੱਸਾ ਲੈਂਦੇ ਸਨ। ਸਕੂਲ ਦੀ ਆਮਦਨ-ਖਰਚ 'ਚ ਪਾਰਦਰਸ਼ਤਾ 'ਚ ਉਹਨਾਂ ਵਿਸ਼ੇਸ਼ ਧਿਆਨ ਦਿੱਤਾ। ਸਕੂਲ ਪਾਸ ਆਪਣੀ ਕਰੀਬ ਸਾਢੇ-ਪੰਜ ਏਕੜ ਜਮੀਨ ਹੈ ਜਿਸਦਾ ਠੇਕਾ ਪਹਿਲਾਂ 39 ਹਜਾਰ ਤੋਂ ਵਧਾਕੇ 50 ਹਜਾਰ ਕਰਕੇ ਸਕੂਲ ਦੀ ਆਮਦਨ ਵਧਾਈ ਗਈ। ਉਹਨਾਂ ਨਕਲ
ਦਾ ਰੁਝਾਨ ਰੋਕਣ ਲਈ ਵਿਸ਼ੇਸ਼ ਯਤਨ ਕੀਤੇ।

ਸਰਵਿਸ ਰਿਕਾਰਡ ਬਾਰੇ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਸਰਵਿਸ ਪੂਰੀ ਤਰ੍ਹਾਂ ਬੇਦਾਗ ਹੈ। ਪਰ ਇਸਦੇ ਬਾਵਜੂਦ ਉਹਨਾਂ ਨੂੰ ਬਣਦੀਆਂ ਤਰਕੀਆਂ ਤੋਂ ਲਾਂਭੇ ਰੱਖਿਆ ਗਿਆ ਜਿਸ ਬਾਰੇ ਉਹਨਾਂ ਨੂੰ ਹਾਈ ਕੋਰਟ ਤੱਕ ਕਾਨੂੰਨੀ ਲੜਾਈ ਲੜਨੀ ਪਈ। ਉਹਨਾਂ ਨੂੰ ਅਰਸਾ ਕਰੀਬ ਡੇਢ ਸਾਲ ਪਹਿਲਾਂ ਸਰਕਾਰੀ ਸਕੂਲ ਦਿਆਲਪੁਰਾ ਮਿਰਜਾ 'ਚ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਗਿਆ। ਪਰ ਕੁਝ ਅਰਸਾ ਬਾਅਦ ਹੀ ਉਹਨਾਂ ਦੀ ਦਿਆਲਪੁਰਾ ਮਿਰਜਾ ਤੋਂ ਭਗਤਾ ਭਾਈਕਾ ਵਿਖੇ ਬਦਲੀ ਕਰ ਦਿੱਤੀ ਗਈ ਹਾਲਾਂਕਿ ਉਹਨਾਂ ਨੇ ਆਪਣੀ ਬਦਲੀ ਬਾਰੇ ਕੋਈ ਦਰਖਾਸਤ ਨਹੀਂ ਦਿੱਤੀ ਸੀ। ਉਹਨਾਂ ਦੱਸਿਆ ਕਿ ਦਿਆਲਪੁਰਾ ਮਿਰਜਾ ਦੇ ਲੋਕਾਂ ਨੇ ਇਸ ਬਦਲੀ ਦੇ ਵਿਰੋਧ
ਵਿੱਚ ਸੜਕ ਜਾਮ ਕਰਕੇ ਰੋਸ ਪ੍ਰਗਟਾਇਆ ਸੀ।

ਆਪਣੇ ਨਾਲ ਹੋ ਰਹੇ ਵਿਤਕਰੇ ਤੇ ਧੱਕੇ ਦੀ ਵਜਾਹ ਬਾਰੇ ਦਸਦਿਆਂ ਉਹਨਾਂ ਕਿਹਾ ਕਿ ਪਹਿਲਾ ਉਹਨਾਂ ਦਾ ਪਰਿਵਾਰ ਰਾਜ ਕਰ ਰਹੀ ਪਾਰਟੀ ਦਾ ਹਮਾਇਤੀ ਸੀ ਪਰ ਪਿਛਲੇ ਕੁਝ ਅਰਸੇ ਤੋਂ ਉਹਨਾਂ ਦਾ ਪਰਿਵਾਰ ਇੱਕ ਹੋਰ ਵਿਰੋਧੀ ਪਾਰਟੀ ਦੀ ਹਮਾਇਤ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਹਾਲਾਂਕਿ ਉਹਨਾਂ ਦਾ ਆਪਣਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਪਰ ਉਦੋਂ ਤੋਂ ਹੀ ਉਹਨਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਤੰਗ ਕਰਨ ਤੇ ਸਬਕ ਸਿਖਾਉਣ ਲਈ ਢੰਗ-ਹਰਬੇ ਵਰਤੇ ਜਾ ਰਹੇ ਹਨ। ਤਾਜਾ ਹਮਲੇ ਲਈ ਵੀ ਉਹਨਾਂ ਨੇ ਇਲਾਕੇ ਵਿੱਚ ਵਿਰੋਧੀ ਸਿਆਸੀ ਵਿਚਾਰਾਂ ਨੂੰ ਕੁਚਲਣ ਅਤੇ ਦਹਿਸ਼ਤ ਪੈਦਾ ਕਰਨ ਦੇ ਮਹੌਲ ਨੂੰ ਜੁੰਮੇਵਾਰ ਦੱਸਿਆ।

ਘਟਨਾ ਦੇ ਬਾਰੇ ਉਹਨਾਂ ਐਫ.ਆਈ.ਆਰ ਦੇ ਆਪਣੇ ਬਿਆਨ ਦੁਹਰਾਏ ਤੇ ਉਹਨਾਂ ਮੁਤਾਬਕ ਸਕੂਲ ਦੇ ਹਿਸਾਬ-ਕਿਤਾਬ ਦੀ ਪਾਰਦਰਸ਼ਤਾ ਦੇ ਉਹਨਾਂ ਦੇ ਯਤਨਾਂ ਕਾਰਣ ਹੀ ਐਫ.ਆਈ.ਆਰ 'ਚ ਦਰਸਾਏ ਹਮਲੇ ਦੇ ਸਾਜਸ਼ੀਆਂ ਨਾਲ ਕੁੜਤਣ ਬਣੀ ਜਿਹਨਾਂ ਨੂੰ ਸਿਆਸੀ ਥਾਪੜਾ ਹੋਣ ਕਾਰਣ ਹੀ ਉਹਨਾਂ 'ਤੇ ਹਮਲੇ ਦੀ ਘਟਨਾ ਵਾਪਰੀ ਅਤੇ ਇਸੇ ਸਿਆਸੀ ਪੁਸ਼ਤਪਨਾਹੀ ਕਾਰਣ ਹਾਲੇ ਤੱਕ ਦੋਸ਼ੀਆਂ ਦੀ ਗਿਰਫਤਾਰੀ ਨਹੀਂ ਕੀਤੀ ਗਈ। ਦਲਜੀਤ ਸਿੰਘ ਨੇ ਦੱਸਿਆ ਕਿ ਰਣਧੀਰ ਸਿੰਘ ਧੀਰਾ ਨੇ ਹੋਸਟਲ ਵਾਰਡਨ ਨੂੰ ਪ੍ਰੇਸ਼ਾਨ ਕਰਕੇ ਭਜਾ ਦਿੱਤਾ ਤੇ ਉਸਦੇ ਕਮਰੇ ਤੇ ਕਬਜਾ ਜਮਾ ਲਿਆ। ਪੁਲਸ ਦੇ ਰਵਈਏ ਬਾਰੇ ਉਹਨਾਂ ਕਿਹਾ ਕਿ ਘਟਨਾ ਤੋਂ ਬਾਅਦ ਜਦ ਉਹ ਸਬੰਧਤ ਡੀ.ਐਸ.ਪੀ ਨੂੰ ਮਿਲਣ ਗਏ ਤਾਂ ਉਹਨਾਂ ਉਸ ਨਾਲ ਮਾੜਾ ਵਿਹਾਰ ਕੀਤਾ ਤੇ ਉਸਨੂੰ ਧਮਕਾਇਆ ਕਿ ਜੇਕਰ ਉਸਨੇ ਨੌਕਰੀ ਕਰਨੀ ਹੈ ਤਾਂ ਸਹੀ ਤਰੀਕੇ ਨਾਲ ਚੱਲੇ।
ਸਰੀ ਧਿਰ ਦਾ ਪੱਖ:

ਸ਼੍ਰੀ ਦਲਜੀਤ ਸਿੰਘ ਦਾ ਪੱਖ ਜਾਨਣ ਤੋਂ ਬਾਅਦ ਸਭਾ ਦੇ ਮੈਂਬਰ ਨਗਰ ਕੌਂਸਲ ਭਗਤਾ ਭਾਈਕਾ ਪ੍ਰਧਾਨ ਸ਼੍ਰੀ ਰਕੇਸ਼ ਕੁਮਾਰ ਨੂੰ ਮਿਲੇ ਜਿਹਨਾਂ ਨੇ ਦਲਜੀਤ ਸਿੰਘ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਜਿਸ ਸ਼ਿਕਾਇਤ ਦੇ ਅਧਾਰ ਤੇ ਦਲਜੀਤ ਸਿੰਘ ਦੀ ਬਦਲੀ ਕੀਤੀ ਗਈ ਹੈ। ਇਹ ਪੁੱਛੇਜਾਣ 'ਤੇ ਕਿ ਦਲਜੀਤ ਸਿੰਘ ਦੀ ਦਿਆਲਪੁਰਾ ਮਿਰਜਾ ਤੋਂ ਭਗਤਾ ਵਿਖੇ ਬਦਲੀ ਕਿਵੇਂ ਹੋਈ ਸੀ ਤਾਂ ਉਹਨਾਂ ਨੇ ਕਿਹਾ ਕਿ ਮਲੂਕਾ ਸਾਹਿਬ ਨੂੰ ਕਹਿ ਕੇ ਉਹ ਹੀ ਉਸਦੀ ਬਦਲੀ ਕਰਵਾਕੇ ਭਗਤਾ ਲੈਕੇ ਆਏ ਸਨ ਕਿ ਦਲਜੀਤ ਸਿੰਘ ਵਧੀਆ ਬੰਦਾ ਹੈ। ਸ਼੍ਰੀ ਦਲਜੀਤ ਸਿੰਘ 'ਤੇ ਹੋਏ ਹਮਲੇ ਨੂੰ ਉਹਨਾਂ ਗਲਤ ਕਰਾਰ ਦਿੱਤਾ। ਉਹਨਾਂ ਮਾਰਕੁਟ ਦੇ ਦੋਸ਼ੀਆਂ ਬਾਰੇ ਅਨਜਾਣਤਾ ਜਾਹਰ ਕੀਤੀ ਤੇ ਕਿਹਾ ਕਿ ਸ਼੍ਰੀ ਦਲਜੀਤ ਸਿੰਘ ਨੇ ਐਫ.ਆਈ.ਆਰ 'ਚ ਉਹਨਾਂ ਦਾ ਨਾਂ ਵੀ ਦਰਜ ਕਰਵਾ ਦਿੱਤਾ ਹੈ। ਸ਼੍ਰੀ ਰਣਧੀਰ ਧੀਰਾ ਨਾਲ ਡਾ ਦਲਜੀਤ ਸਿੰਘ ਦੇ ਝਗੜੇ ਬਾਰੇ ਪੁਛੇ ਜਾਣ 'ਤੇ ਉਹਨਾਂ ਦੱਸਿਆ ਕਿ ਸਕੂਲ ਦੇ ਬਿਲਾਂ ਦਾ ਰੌਲਾ ਹੈ। ਸਭਾ ਨੇ ਸ਼੍ਰੀ ਰਕੇਸ਼ਕੁਮਾਰ ਵਲੋਂ ਦਲਜੀਤ ਸਿੰਘ ਖਿਲਾਫ ਕੀਤੀ ਸ਼ਿਕਾਇਤ ਦੀ ਕਾਪੀ ਦੀ ਮੰਗ ਵੀ ਕੀਤੀ ਪਰ ਉਹਨਾਂ ਕਿਹਾ ਕਿ ਉਹਨਾਂ ਪਾਸ ਕਾਪੀ ਨਹੀਂ ਹੈ। ਸਭਾ ਨੇ ਪੁਛਿਆ ਕਿ ਕਿਸੇ ਨੇ ਤੁਹਾਡੇ ਪਾਸ ਦਲਜੀਤ ਸਿੰਘ ਖਿਲਾਫ ਲਿਖਤੀ ਸ਼ਿਕਾਇਤ ਕੀਤੀ ਸੀ ਤਾਂ ਉਹਨਾਂ ਕਿਹਾ ਕਿ ਕੁਝ ਵਿਅਕਤੀ
ਆਏ ਸਨ ਅਤੇ ਉਹਨਾਂ ਜੁਬਾਨੀ ਸ਼ਿਕਾਇਤ ਕੀਤੀ ਸੀ। ਉਹਨਾਂ ਕਿਹਾ ਕਿ ਉਹ ਸਕੂਲ ਦੇ ਮਹੌਲ  ਬਾਰੇ ਪ੍ਰਿੰਸੀਪਲ ਦਲਜੀਤ ਸਿੰਘ ਨੂੰ ਮਿਲੇ ਸਨ ਤੇ ਉਹਨਾਂ ਮਹੌਲ 'ਚ ਸੁਧਾਰ ਕਰਨ ਦਾ ਭਰੋਸਾ ਦਿਵਾਇਆ ਸੀ। ਉਹਨਾਂ ਨੂੰ ਪੁਛਿਆ ਕਿ ਸ਼ਿਕਾਇਤ ਵਿੱਚ ਕੀ ਲਿਖਿਆ ਹੈ ਤਾਂ ਸ਼੍ਰੀ
ਰਕੇਸ਼ ਕੁਮਾਰ ਨੇ ਕਿਹਾ ਕਿ ਗਲਤ ਨਾਟਕ ਕਰਾਉਂਦੇ ਸੀ, ਕਿਸੇ ਵਿਦਿਆਰਥੀ ਨੇ ਮੰਤਰੀ ਸਾਹਬ ਖਿਲਾਫ ਕਵਿਤਾ ਬੋਲੀ ਸੀ, ਬਚਿਆਂ ਨੂੰ ਬਿਠਾਈ ਰਖਦੇ ਸੀ। ਉਹਨਾਂ ਅਨੁਸਾਰ ਇੱਕ ਵਿਅਕਤੀ ਨੇ ਉਹਨਾਂ ਨੂੰ ਦੱਸਿਆ ਕਿ ਦਲਜੀਤ ਸਿੰਘ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਬੰਦੇ ਸਕੂਲ 'ਚ ਨਾ ਆਉਣ। ਉਸ ਵਿਅਕਤੀ ਦਾ ਨਾਂ ਪੁਛੇ ਜਾਣ 'ਤੇ ਉਹਨਾਂ ਕਿਹਾ ਕਿ ਫੂਲਾ ਸਿੰਘ ਨੇ ਦੱਸਿਆ ਹੈ। ਦੁਬਾਰਾ ਉਹਨਾਂ ਕਿਹਾ ਕਿ ਫੂਲਾ ਸਿੰਘ ਦੀ ਘਰਵਾਲੀ ਨੇ ਕਿਹਾ ਹੈ। ਉਹਨਾਂ ਦੱਸਿਆ ਕਿ ਸ਼ਿਕਾਇਤ 'ਤੇ ਸਾਰੇ ਐਮ.ਸੀਆਂ ਨੇ ਸਾਈਨ ਨਹੀਂ ਕੀਤੇ। ਉਹਨਾਂ ਕਿਹਾ ਕਿ
ਸੱਤ/ਅੱਠ ਐਮ ਸੀ ਸ਼ਿਕਾਇਤ 'ਚ ਨਾਲ ਸਨ। ਉਹਨਾਂ ਦੱਸਿਆ ਕਿ ਸਕੂਲ ਦਾ ਮਹੌਲ ਖਰਾਬ ਸੀ ਤੇ ਜਦ ਇੱਕ ਵਾਰ ਉਹ ਇਸ ਬਾਰੇ ਗੱਲ ਕਰਨ ਸਕੂਲ ਗਏ ਤਾਂ ਸ਼੍ਰੀ ਦਲਜੀਤ ਸਿੰਘ ਮੌਜੂਦ ਨਹੀ ਸੀ ਤਾਂ ਮੌਜੂਦ ਇੰਚਾਰਜ ਲੇਡੀ ਟੀਚਰ ਨੇ ਦੱਸਿਆ ਕਿ ਸਕੂਲ ਦਾ ਬਹੁਤ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਉਸ ਟੀਚਰ ਦਾ ਨਾਂ ਯਾਦ ਨਹੀਂ।

ਐਫ.ਆਈ.ਆਰ 'ਚ ਦਲਜੀਤ ਸਿੰਘ ਵਲੋਂ ਘਟਨਾ ਦੇ ਸਾਜਸ਼ੀਆਂ 'ਚ ਦਰਜ ਕੰਪਿਊਟਰ ਟੀਚਰ ਸ਼੍ਰੀ ਇਕਬਾਲ ਸਿੰਘ ਨੇ ਕਿਹਾ ਕਿ ਮਾਰਕੁਟਾਈ ਦੀ ਕਥਿਤ ਘਟਨਾ ਡਰਾਮਾ ਹੈ ਅਤੇ ਇਹ ਦਲਜੀਤ ਸਿੰਘ ਦੀ ਹੀ ਘੜੀ ਸਾਜਿਸ਼ ਹੈ। ਮੋਬਾਈਲ ਫੋਨ ਬਾਰੇ ਉਹਨਾਂ ਕਿਹਾ ਕਿ ਇਹ ਵੀ ਦਲਜੀਤ ਸਿੰਘ ਦੀ ਆਪਣੀ ਸਾਜਿਸ਼ ਹੋ ਸਕਦੀ ਹੈ। ਪ੍ਰਬੰਧਕੀ ਕੰਮਾ ਬਾਰੇ ਉਹਨਾਂ ਕਿਹਾ ਕਿ ਚਾਰ ਇੱਟਾਂ ਲਗਾਉਣ ਨੂੰ ਗਰਾਊਂਡ ਬਨਾਉਣਾ ਨਹੀਂ ਕਿਹਾ ਜਾ ਸਕਦਾ। ਗਰਾਊਂਡ ਪਹਿਲਾਂ ਹੀ ਬਣਿਆ ਹੋਇਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਵੀ ਪੁਲਸ ਨੂੰ ਦਲਜੀਤ ਸਿੰਘ ਖਿਲਾਫ ਦਰਖਾਸਤ ਦਿੱਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਇਨਕੁਆਰੀ 'ਚ ਦਲਜੀਤ ਸਿੰਘ ਦੇ ਉਲਟ ਬਿਆਨ ਦਿੱਤਾ ਸੀ
ਜਿਸ ਕਾਰਣ ਹੀ ਦਲਜੀਤ ਸਿੰਘ ਨੇ ਪਰਚੇ 'ਚ ਉਸਦਾ ਨਾਂ ਲਿਖਾਇਆ ਹੈ। 
ਇਸੇ ਤਰ੍ਹਾਂ ਪਰਚੇ 'ਚ ਦਰਜ ਇੱਕ ਹੋਰ ਅਧਿਆਪਕ ਸ਼੍ਰੀ ਅਨਿਲ ਕੁਮਾਰ ਜਿ ਨਾਂ ਦੀ ਪ੍ਰਮੋਸ਼ਨ ਹੋਣ ਕਾਰਣ ਪਿੰਡ ਗਿਦੜ ਬਦਲੀ ਹੋ ਗਈ ਹੈ, ਨੇ ਦੱਸਿਆ ਕਿ ਉਹਨਾਂ ਦੇ ਮਨ 'ਚ ਦਲਜੀਤ ਸਿੰਘ ਖਿਲਾਫ ਕੋਈ ਰੌਲਾ ਨਹੀਂ। ਦਲਜੀਤ ਸਿੰਘ ਵਧੀਆ ਬੰਦਾ ਹੈ ਅਤੇ ਉਹ ਉਸਦਾ
ਹੁਣ ਵੀ ਸਤਿਕਾਰ ਕਰਦੇ ਹਨ। ਉਹਨਾਂ ਕਿਹਾ ਕਿ ਪੱਗ ਕੇਵਲ ਦਲਜੀਤ ਸਿੰਘ ਦੀ ਨਹੀਂ ਸਗੋਂ
ਅਧਿਆਪਕ ਵਰਗ ਦੀ ਲੱਥੀ ਹੈ। ਉਹਨਾਂ ਦੱਸਿਆ ਕਿ ਦਲਜੀਤ ਸਿੰਘ ਨਾਲ ਪਹਿਲਾਂ ਉਸਦੇ ਸਬੰਧ
ਬਹੁਤ ਵਧੀਆ ਸੀ ਤੇ ਉਹ ਉਸ 'ਤੇ ਬਹੁਤ ਭਰੋਸਾ ਕਰਦੇ ਸੀ ਤੇ ਬਿਲ ਵਗੈਰਾ ਉਹ ਹੀ
ਬਣਾਉਂਦਾ ਸੀ। ਮੈਸ ਦੇ ਬਿਲਾਂ ਬਾਰੇ ਪੁੱਛੇ ਜਾਣ 'ਤੇ ਉਹਨਾਂ ਦੱਸਿਆ ਕਿ ਮੈਸ ਦੇ ਬਿਲ
ਉਹ ਨਹੀਂ ਬਣਾਉਂਦੇ ਸੀ ਤੇ ਉਹਨਾਂ ਨੂੰ ਨਹੀਂ ਪਤਾ ਕਿ ਕੌਣ ਬਣਾਉਂਦਾ ਸੀ। ਉਹਨਾਂ ਕਿਹਾ
ਕਿ ਉਹਨਾਂ ਦਾ ਭਰਾ ਨਗਰ ਪੰਚਾਇਤ ਦਾ ਪ੍ਰਧਾਨ ਹੈ ਤੇ ਉਸਨੇ ਦਲਜੀਤ ਸਿੰਘ ਖਿਲਾਫ
ਸ਼ਿਕਾਇਤ ਕੀਤੀ ਹੈ ਤੇ ਇਸੇ ਕਾਰਣ ਦਲਜੀਤ ਸਿੰਘ ਨੇ ਪਰਚੇ 'ਚ ਉਸਦਾ ਨਾਂ ਲਿਖਾਇਆ ਹੈ।
ਬੱਚੇ ਵਲੋਂ ਪੜ੍ਹੀ ਸ਼ਿਕਾਇਤ ਅਧੀਨ ਕਵਿਤਾ ਬਾਰੇ ਉਹਨਾਂ ਇੱਕ ਲੇਡੀ ਟੀਚਰ ਦਾ ਨਾਂ ਲੈ
ਕੇ ਦੱਸਿਆ ਕਿ ਬੱਚੇ ਨੇ ਉਸਨੂੰ ਕਵਿਤਾ ਦਿਖਾਈ ਹੋਰ ਸੀ ਪਰ ਪੜ੍ਹ ਹੋਰ ਦਿੱਤੀ। ਕਵਿਤਾ
ਵਿੱਚ ਨਸ਼ਿਆਂ ਬਾਰੇ ਤੇ ਪੈਸੇ ਖਾਧੇ ਹੋਣ ਬਾਰੇ ਜਿਕਰ ਸੀ। ਉਹਨਾਂ ਕਿਹਾ ਕਿ ਪ੍ਰਿੰਸੀਪਲ
ਨੂੰ ਨਹੀਂ ਪਤਾ ਹੁੰਦਾ ਕਿ ਕੀ ਕਵਿਤਾ ਪੜ੍ਹੀ ਜਾਣੀ ਹੈ। ਪ੍ਰਿੰਸੀਪਲ ਇਸਦਾ ਜੁੰਮੇਵਾਰ
ਨਹੀਂ ਹੁੰਦਾ। ਉਹਨਾਂ ਕਿਹਾ ਕਿ ਪ੍ਰਿੰਸੀਪਲ ਨੂੰ ਕਵਿਤਾ ਦੀ ਨਿਖੇਧੀ ਕਰਨੀ ਚਾਹੀਦੀ
ਸੀ। ਅਸੀਂ ਸਰਕਾਰੀ ਮੁਲਾਜਮ ਹਾਂ ਤੇ ਸਾਨੂੰ ਸਰਕਾਰ ਖਿਲਾਫ ਨਹੀਂ ਬੋਲਣਾ ਚਾਹੀਦਾ।
ਉਹਨਾਂ ਕਿਹਾ ਕਿ ਸਾਰੇ ਸਕੂਲਾਂ 'ਚ ਹੀ ਨਾਟਕ ਹੁੰਦੇ ਰੰਹਿਦੇ ਹਨ, ਇਥੇ ਸਕੂਲ ਵਿੱਚ
ਪਹਿਲੀ ਵਾਰ ਨਾਟਕ ਹੋਇਆ ਸੀ। ਉਹਨਾਂ ਕਿਹਾ ਕਿ ਹਮਲੇ ਦੀ ਪਹਿਲੀ ਘਟਨਾ ਵਕਤ ਉਸਨੇ
ਦਲਜੀਤ ਸਿੰਘ ਨੂੰ ਕਿਹਾ ਸੀ ਕਿ ਸਾਰੇ ਸਟਾਫ ਨੂੰ ਨਾਲ ਲੈਕੇ ਥਾਣੇ ਜਾਣਾ ਚਾਹੀਦਾ ਹੈ।
ਮੋਬਾਈਲ ਬਾਰੇ ਉਹਨਾਂ ਕਿਹਾ ਕਿ ਪੁਲਸ ਚਾਹਵੇ ਤਾਂ ਕੀ ਨਹੀਂ ਹੋ ਸਕਦਾ। ਮੈਸ ਠੇਕੇਦਾਰ
ਵਲੋਂ ਵਾਰਡਨ ਭਜਾ ਦੇਣ ਤੇ ਹੋਰ ਦੋਸ਼ਾਂ ਬਾਰੇ ਉਹਨਾਂ ਅਣਜਾਣਤਾ ਜਾਹਰ ਕੀਤੀ। ਇਨਕੁਆਰੀ
'ਚ ਦਬਾਅ ਪਾਉਣ ਬਾਰੇ ਉਹਨਾਂ ਕਿਹਾ ਕਿ ਇਨਕੁਆਰੀ ਵੇਲੇ ਉਹ ਮੌਜੂਦ ਸਨ ਪਰ ਬਿਆਨ ਬਦਲੇ
ਹੋਣ ਬਾਰੇ ਉਹਨਾਂ ਨੂੰ ਨਹੀਂ ਪਤਾ।

ਟੀਮ ਨੇ ਪਰਚੇ 'ਚ ਜਿਕਰ ਆਏ ਮੈਸ ਠੇਕੇਦਾਰ ਰਣਧੀਰ ਸਿੰਘ ਧੀਰਾ ਨਾਲ ਸਪੰਰਕ ਕਰਨ ਵਾਸਤੇ
ਸਕੂਲ ਦੇ ਮੌਜੂਦਾ ਮੁਖੀ ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਰਣਧੀਰ ਸਿੰਘ ਧੀਰਾ ਦੇ ਸਕੂਲ
ਵਿੱਚ ਤਾਇਨਾਤ ਭਰਾ ਸ਼੍ਰੀ ਬਲਬੀਰ ਸਿੰਘ ਤੇ ਸ਼੍ਰੀ ਅਨਿਲ ਕੁਮਾਰ ਤੋਂ ਫੋਨ ਮੰਗਿਆ ਪਰ
ਉਹਨਾਂ ਕਿਹਾ ਕਿ ਉਹਨਾਂ ਪਾਸ ਉਸਦਾ ਫੋਨ ਨੰਬਰ ਨਹੀਂ ਹੈ। ਰਣਧੀਰ ਧੀਰਾ ਦਾ ਠੇਕਾ ਖਤਮ
ਹੋ ਜਾਣ ਕਾਰਣ ਹੁਣ ਉਹ ਸਕੂਲ ਵੀ ਨਹੀਂ ਆਉਂਦਾ। ਜਿਸ ਕਾਰਣ ਉਸ ਨਾਲ ਟੀਮ ਦਾ ਸੰਪਰਕ
ਨਹੀਂ ਹੋ ਸਕਿਆ।

ਅਧਿਕਾਰੀਆਂ, ਚੁਣੇ ਨੁਮਾਇੰਦਿਆਂ ਤੇ ਹੋਰ ਪ੍ਰਬੰਧਕੀ ਅਹੁਦੇਦਾਰਾਂ ਦੇ ਵਿਚਾਰ:

ਸਭਾ ਦੇ ਮੈਂਬਰ ਇਸ ਮਸਲੇ ਨੂੰ ਦੇਖ ਰਹੇ ਸਬੰਧਤ ਪੁਲਸ ਅਧਿਕਾਰੀ ਸ਼੍ਰੀ ਅਮਰੀਕ ਸਿੰਘ
ਨੂੰ ਵੀ ਮਿਲੇ। ਸਭਾ ਦੇ ਕਾਰਕੁੰਨਾ ਨੇ ਪੁਛਿਆ ਕਿ ਉਹ ਇਸ ਮਾਮਲੇ 'ਚ ਹੁਣ ਕੀ ਕਦਮ ਲੈ
ਰਹੇ ਸਨ ਤਾਂ ਉਹਨਾਂ ਜੁਆਬ ਦਿਤਾ ਕਿ ਪਰਚਾ ਦਰਜ ਹੋ ਚੁਕਾ ਹੈ, ਮਾਮਲਾ ਉਚ ਅਧਿਕਾਰੀਆਂ
ਦੇ ਧਿਆਨ 'ਚ ਹੈ ਅਗਲੀ ਕਾਰਵਾਈ ਉਹਨਾਂ ਅਨਸੁਾਰ ਹੋਵੇਗੀ। ਸ਼੍ਰੀ ਅਮਰੀਕ ਸਿੰਘ ਨਾਲ
ਬੈਠੇ ਇੱਕ ਹੋਰ ਅਧਿਕਾਰੀ ਨੇ ਸ਼ਿਕਾਇਤੀਆ ਲਹਿਜੇ 'ਚ ਕਿਹਾ ਕਿ ਦਲਜੀਤ ਸਿੰਘ ਨੇ ਪੁਲਸ
ਨੂੰ ਮੋਬਾਈਲ ਛੇ ਦਿਨ ਬਾਅਦ ਦਿੱਤਾ ਹੈ ਤੇ ਅੱਗੇ ਉਸ ਅਧਿਕਾਰੀ ਨੇ ਦੋਸ਼ ਲਾਇਆ ਕਿ ਇਸ
ਅਰਸੇ ਦੌਰਾਨ ਫੋਨ ਨਾਲ ਛੇੜਛਾੜ ਵੀ ਕੀਤੀ ਗਈ ਹੋ ਸਕਦੀ ਹੈ। ਹੋਰ ਵਿਸਥਾਰ 'ਚ ਪੁਛੇ
ਜਾਣ ਤੇ ਜਦ ਰਿਕਾਰਡ ਵੇਖਿਆ ਤਾਂ ਪੁਲਸ ਅਨੁਸਾਰ ਦਲਜੀਤ ਸਿੰਘ ਨੇ ਘਟਨਾ ਤੋਂ ਦੋ ਦਿਨ
ਬਾਅਦ ਹੀ ਫੋਨ ਪੁਲਸ ਨੂੰ ਸੌਂਪ ਦਿੱਤਾ ਸੀ। ਜਦ ਟੀਮ ਨੇ ਕਿਹਾ ਕਿ ਫੋਨ ਤੋਂ ਦੋਸ਼ੀਆਂ
ਨੂੰ ਟਰੇਸ ਕਰਨਾ ਮੁਸ਼ਕਲ ਨਹੀਂ ਤਾਂ ਸ਼੍ਰੀ ਅਮਰੀਕ ਸਿੰਘ ਨੇ ਕਿਹਾ ਇਹ ਕੰਮ ਉਪਰਲੇ
ਅਧਿਕਾਰੀ ਹੀ ਕਰਨਗੇ।

ਟੀਮ ਦੇ ਮੈਂਬਰ ਸਕੂਲ ਦੇ ਮੌਜੂਦਾ ਇੰਚਾਰਜ ਸ਼੍ਰੀ ਗੁਰਚਰਨ ਸਿੰਘ ਨੂੰ ਮਿਲੇ ਤਾਂ ਉਹਨਾਂ
ਦੱਸਿਆ ਕਿ ਦਲਜਿਤ ਸਿੰਘ ਮਾਰਚ 2014 'ਚ ਭਗਤਾ ਸਕੂਲ 'ਚ ਆਏ ਸਨ। ਉਹਨਾਂ ਦੱਸਿਆ ਕਿ
ਸ਼੍ਰੀ ਦਲਜੀਤ ਸਿੰਘ ਦੇ ਆਉਣ ਤੋਂ ਬਾਅਦ ਸਕੂਲ ਦਾ ਮਹੌਲ ਵਿਗੜਿਆ ਹੈ। ਇਹ ਪੁਛੇ ਜਾਣ ਤੇ
ਕਿ ਹੁਣ ਮਹੌਲ ਕਿਵੇਂ ਹੈ ਉਹਨਾਂ ਦੱਸਿਆ ਕਿ ਹੁਣ ਤਾਂ ਠੀਕ ਹੈ। ਮਹੌਲ ਖਰਾਬ ਹੋਣ ਦੀਆਂ
ਮਿਸਾਲਾਂ ਪੁਛੇ ਜਾਣ 'ਤੇ ਉਹਨਾਂ ਲੜਕੇ-ਲੜਕੀਆਂ ਦੇ ਵਿਚਰਣ ਬਾਰੇ ਦੋ ਮਿਸਾਲਾਂ ਦੇ ਕੇ
ਕਿਹਾ ਕਿ ਪ੍ਰਿੰਸੀਪਲ ਦਲਜੀਤ ਸਿੰਘ ਦੇ ਧਿਆਨ 'ਚ ਲਿਆਂਦੇ ਜਾਣ ਦੇ ਬਾਵਜੂਦ ਉਹਨਾਂ ਕੁਝ
ਨਹੀਂ ਕੀਤਾ। ਉਹਨਾਂ ਦੱਸਿਆ ਕਿ ਦਲਜੀਤ ਸਿੰਘ ਦੀ ਸਟਾਫ ਤੋਂ ਕੰਮ ਲੈਣ ਦੀ ਆਦਤ ਘੱਟ
ਹੈ। ਪ੍ਰਬੰਧਕੀ ਤਜਰਬਾ ਘੱਟ ਹੈ।

ਸਹਿਕਾਰੀ ਸੁਸਾਇਟੀ ਦੇ ਉਪ-ਪ੍ਰਧਾਨ ਸ਼੍ਰੀ ਜਗਸੀਰ ਸਿੰਘ ਨੇ ਵੀ ਸ਼੍ਰੀ ਰਕੇਸ਼ ਕੁਮਾਰ
ਵਲੋਂ ਦਲਜੀਤ ਸਿੰਘ ਖਿਲਾਫ ਦਿੱਤੀ ਸ਼ਿਕਾਇਤ ਤੇ ਹਸਤਾਖਰ ਕੀਤੇ ਸਨ। ਫੋਨ 'ਤੇ ਉਹਨਾਂ
ਟੀਮ ਨੂੰ ਦੱਸਿਆ ਕਿ ਉਹਨਾਂ ਨੂੰ ਨਹੀਂ ਪਤਾ ਸ਼ਿਕਾਇਤ 'ਚ ਕੀ ਸੀ ਤੇ ਸ਼ਿਕਾਇਤ ਤੇ ਕਾਫੀ
ਸਾਈਨ ਕੀਤੇ ਹੋਏ ਸਨ ਜਿਹਨਾਂ ਨੂੰ ਵੇਖਕੇ ਉਹਨਾਂ ਨੇ ਵੀ ਸਾਈਨ ਕਰ ਦਿੱਤੇ।

ਸਭਾ ਦੀ ਟੀਮ ਨੂੰ ਜਿਲਾ ਪੱਧਰੀ ਸਿੱਖਿਆ ਵਿਭਾਗ ਐਡਵਾਇਜ਼ਰੀ ਕਮੇਟੀ ਬਠਿੰਡਾ ਦੇ ਮੈਂਬਰ
ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਦੇ ਆਉਣ ਤੋਂ ਬਾਅਦ ਸਕੂਲ ਦਾ ਮਹੌਲ
ਪਹਿਲਾਂ ਦੇ ਮੁਕਾਬਲੇ ਬਹੁਤ ਵਧੀਆ ਹੋਇਆ ਹੈ। ਉਹਨਾਂ ਕਿਹਾ ਕਿ ਮੈਂ ਆਪਣਾ ਪੋਤਾ ਚੰਗੇ
ਪ੍ਰਈਵੇਟ ਸਕੂਲ ਤੋਂ ਬਦਲ ਕੇ ਇਸ ਸਕੂਲ 'ਚ ਲਗਾ ਦਿੱਤਾ ਹੈ। ਪੜਾਈ ਤੇ ਪੂਰੀ ਤਸਲੀ ਹੈ।
ਜਦੋਂ ਪ੍ਰਧਾਨ ਸ਼੍ਰੀ ਰਕੇਸ਼ ਕੁਮਾਰ ਤੇ ਕੁਝ ਹੋਰ ਵਿਅਕਤੀ ਦਲਜੀਤ ਸਿੰਘ ਨੂੰ ਸਕੂਲ ਦੇ
ਮਹੌਲ ਦੀ ਸ਼ਿਕਾਇਤ ਲੈ ਕੇ ਮਿਲਣ ਆਏ ਸੀ ਤਾਂ ਮੈਂ ਮੌਕੇ 'ਤੇ ਮੌਜੂਦ ਸੀ ਤਾਂ ਟੀਚਰਾਂ
ਨੇ ਤੇ ਮੈਂ ਸਕੂਲ ਦਾ ਮਹੌਲ ਵਧੀਆ ਹੋਣ ਬਾਰੇ ਦੱਸਿਆ ਸੀ ਤੇ ਸ਼੍ਰੀ ਰਕੇਸ਼ ਕੁਮਾਰ ਤੇ
ਨਾਲ ਦੇ ਵਿਅਕਤੀ ਸਹਿਮਤ ਹੋਕੇ ਅਤੇ ਸੰਤੁਸ਼ਟੀ ਜਾਹਰ ਕਰਕੇ ਗਏ ਸੀ।

ਸਕੂਲ ਮਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਮੰਦਰ ਸਿੰਘ ਨੇ ਟੀਮ ਨੂੰ ਦਸਿਆ ਕਿ ਸ਼੍ਰੀ
ਦਲਜੀਤ ਸਿੰਘ ਦੇ ਆਉਣ ਤੋਂ ਬਾਅਦ ਮਹੌਲ ਹਰ ਪੱਖੋਂ ਬਹੁਤ ਵਧੀਆ ਹੋਇਆ ਹੈ। ਗਰੀਬ
ਬੱਚਿਆਂ ਨੂੰ ਇਥੇ ਪੜ੍ਹਾਈ ਦਾ ਬਹੁਤ ਫਾਇਦਾ ਹੋਇਆ ਹੈ। ਲੋੜਬੰਦ ਵਿਦਿਆਰਥੀਆਂ ਨੂੰ
ਸ਼੍ਰੀ ਦਲਜੀਤ ਸਿੰਘ ਆਪਣੇ ਪਲਿਓਂ ਮਦਦ ਕਰਦੇ ਸੀ। ਹੁਣ ਮੈਨੂੰ ਫਿਕਰ ਹੈ ਕਿ ਸਕੂਲ ਦਾ
ਮਹੌਲ ਵਿਗੜੇਗਾ ਤੇ ਬੱਚਿਆਂ ਨੂੰ ਹਟਾ ਕੇ ਕਿਥੇ ਲਗਾਇਆ ਜਾਵੇ ਕਿਉਂਕਿ ਅਸੀਂ ਤਾਂ
ਬਚਿਆਂ ਨੂੰ ਟਿਊਸ਼ਨਾ ਵੀ ਨਹੀਂ ਕਰਵਾ ਸਕਦੇ। ਸਾਡੇ ਗਰੀਬ ਘਰਾਂ ਦੀਆਂ ਕੁੜੀਆਂ ਵੀ ਹਾਕੀ
ਦੀ ਖੇਡ 'ਚ ਹਿਸਾ ਲੈ ਸਕਦੀਆਂ ਹਨ।

ਵਿਦਿਆਰਥੀਆਂ, ਮਾਪਿਆਂ ਤੇ ਹੋਰ ਲੋਕਾਂ ਦੇ ਵਿਚਾਰ:

ਜਦ ਟੀਮ ਨੇ ਸਕੂਲ ਵਿੱਚ ਜਾਕੇ ਅਧਿਆਪਕਾਂ, ਸਟਾਫ ਤੇ ਵਿਦਿਆਰਥੀਆਂ ਦੇ ਵਿਚਾਰ ਜਾਨਣੇ
ਚਾਹੇ ਤਾਂ ਸਕੂਲ ਦੇ ਮੌਜੂਦਾ ਮੁਖੀ ਸ਼੍ਰੀ ਗੁਰਚਰਨ ਸਿੰਘ ਨੇ ਇਸਦੀ ਇਜਾਜਤ ਦੇਣ ਤੋਂ
ਇਨਕਾਰ ਕਰ ਦਿੱਤਾ। ਟੀਮ ਨੇ ਸਕੂਲ ਤੋਂ ਬਾਹਰ ਆਉਂਦੇ-ਜਾਂਦੇ ਵਿਦਿਆਰਥੀਆਂ ਤੇ ਸਕੂਲ
ਕਰਮਚਾਰੀ ਨਾਲ ਮੁਲਾਕਾਤ ਕੀਤੀ। ਜਿਹਨਾਂ ਨੇ ਜੋਰਦਾਰ ਤਰੀਕੇ ਨਾਲ ਦਲਜੀਤ ਸਿੰਘ ਦੀ
ਸ਼ਲਾਘਾ ਕੀਤੀ। ਉਹਨਾਂ ਨੇ ਦਲਜੀਤ ਸਿੰਘ ਦੇ ਆਉਣ ਤੋਂ ਬਾਅਦ ਨਕਲ ਦੇ ਰੁਝਾਨ 'ਚ ਕਮੀ
ਆਉਣ, ਖੇਡਾਂ, ਗਰਾਊਂਡਾਂ ਤੇ ਹੋਰ ਇੰਤਜਾਮਾਂ ਬਾਰੇ ਦੱਸਿਆ ਤੇ ਦਲਜੀਤ ਸਿੰਘ ਵਲੋਂ
ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਤੇ ਬਲ ਦੇਣ ਦੀ ਗੱਲ ਵੀ ਦੱਸੀ। ਟੀਮ ਨੇ ਨੋਟ ਕੀਤਾ
ਕਿ ਇਸ ਸਾਰੇ ਅਰਸੇ ਦੌਰਾਨ ਕੰਪਿਊਟਰ ਅਧਿਆਪਕ ਸ਼੍ਰੀ ਇਕਬਾਲ ਸਿੰਘ ਟੀਮ 'ਤੇ ਨਿਗਾਹ
ਰਖਦੇ ਰਹੇ ਤੇ ਜੋ ਵਿਦਿਆਰਥਣਾ ਟੀਮ ਨੂੰ ਮਿਲਕੇ ਗਈਆਂ ਸਨ, ਇਕਬਾਲ ਸਿੰਘ ਨੇ ਉਹਨਾਂ
ਲੜਕੀਆਂ ਨੂੰ ਰੋਕ ਕੇ ਵੀ ਕੋਈ ਪੁਛਗਿਛ ਕੀਤੀ। ਟੀਮ ਨੂੰ ਪ੍ਰਤਖਦਰਸ਼ੀਆਂ ਤੋਂ ਅਜਿਹੇ
ਵਿਰਤਾਂਤ ਵੀ ਸੁਨਣ ਨੂੰ ਮਿਲੇ ਜਿਸ ਅਨੁਸਾਰ ਸ਼੍ਰੀ ਇਕਬਾਲ ਸਿੰਘ ਪ੍ਰਦਰਸ਼ਨਾਂ 'ਚ ਹਿੱਸਾ
ਲੈਣ ਵਾਲੇ ਵਿਦਿਆਰਥੀਆਂ ਦੀ ਲਾਹ-ਪਾਹ ਕਰ ਰਹੇ ਹਨ ਤੇ ਮੌਜੂਦਾ ਸਕੂਲ ਮੁਖੀ ਸ਼੍ਰੀ
ਗੁਰਚਰਨ ਸਿੰਘ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਉਹਨਾਂ ਇਸ ਵਿਹਾਰ ਨੂੰ ਰੋਕਣ ਦਾ ਕੋਈ
ਯਤਨ ਨਹੀਂ ਕੀਤਾ।

ਟੀਮ ਨੂੰ ਪਿੰਡ ਦੇ ਇੱਕ ਵਿਅਕਤੀ ਨੇ ਸ਼ੋਸ਼ਲ ਮੀਡੀਆ ਤੇ ਇੱਕ ਤਸਵੀਰ ਵੀ ਨੋਟ ਕਰਵਾਈ ਜਿਸ
ਵਿੱਚ ਘਟਨਾ ਤੋਂ ਬਾਅਦ ਗਿਦੜ ਪਿੰਡ 'ਚ ਜੁਆਇਨਿੰਗ ਸਮੇਂ ਸ਼੍ਰੀ ਅਨਿਲ ਕੁਮਾਰ ਨਾਲ ਸ਼੍ਰੀ
ਗੁਰਪ੍ਰੀਤ ਸਿੰਘ ਮਲੂਕਾ, ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਇਕਬਾਲ ਸਿੰਘ, ਸ਼੍ਰੀ ਰਕੇਸ਼
ਕੁਮਾਰ, ਸ਼੍ਰੀ ਹਰਦੇਵ ਸਿੰਘ ਅਤੇ ਹੋਰ ਬਹੁਤ ਸਾਰੇ ਵਿਅਕਤੀ ਸ਼ਾਮਲ ਸਨ।

ਸਕੂਲ ਦੇ ਸਾਹਮਣੇ ਦੁਕਾਨ ਕਰਦੇ ਬਲਜੀਤ ਸਿੰਘ ਖਾਲਸਾ ਤੇ ਨਵੀਨ ਨੇ ਦਲਜੀਤ ਸਿੰਘ ਦੇ
ਹੁੰਦਿਆਂ ਸਕੂਲ ਦਾ ਪ੍ਰਬੰਧ ਵਧੀਆ ਹੋਣ ਦੀ ਪੁਸ਼ਟੀ ਕੀਤੀ। ਉਹਨਾਂ ਦੱਸਿਆ ਕਿ ਪਹਿਲਾਂ
ਗੈਰ-ਵਿਦਿਆਰਥੀ ਲੜਕੇ ਸਕੂਲ ਦੇ ਬਾਹਰ ਗੇੜੇ ਕਢਦੇ ਰੰਹਿਦੇ ਸੀ ਪਰ ਦਲਜੀਤ ਸਿੰਘ ਦੇ
ਆਉਣ ਮਗਰੋਂ ਇਹ ਮਹੌਲ ਖਤਮ ਹੋ ਗਿਆ ਹੈ। ਉਹਨਾਂ ਅਨੁਸਾਰ ਸਕੂਲ ਦੇ ਵਿਦਿਆਰਥੀ ਵੀ
ਪ੍ਰਿੰਸੀਪਲ ਦੀ ਪ੍ਰਸ਼ੰਸਾ ਕਰਦੇ ਹਨ। ਟੀਮ ਨੇ ਕੁਝ ਹੋਰ ਅਧਿਆਪਕਾਂ ਨਾਲ ਸਪੰਰਕ ਕਰਨ ਦਾ
ਯਤਨ ਕੀਤਾ ਪਰ ਉਹਨਾਂ ਇਸ ਮਾਮਲੇ 'ਤੇ ਟਿਪਣੀ ਕਰਨ ਤੋਂ ਗੁਰੇਜ ਕੀਤਾ। ਇਸਤੋਂ ਬਿਨਾਂ
ਕੁਝ ਵਿਦਿਆਰਥੀਆਂ ਤੇ ਮਾਪਿਆਂ ਨਾਲ ਵੀ ਟੀਮ ਨੇ ਮੁਲਾਕਾਤ ਕੀਤੀ ਜਿਹਨਾਂ ਨੇ ਦਲਜੀਤ
ਸਿੰਘ ਬਾਰੇ ਹਾਂ-ਪੱਖੀ ਪ੍ਰਭਾਵ ਸਾਂਝਾ ਕੀਤਾ।

ਇਸਤੋਂ ਬਿਨਾਂ ਸਭਾ ਦੀ ਟੀਮ ਨੇ ਨੋਟ ਕੀਤਾ ਕਿ ਮਿਤੀ 9.4.15 ਅਤੇ 19.4.15 ਨੂੰ ਜੋ
ਹਜਾਰਾਂ ਮਰਦ-ਔਰਤਾਂ ਦਾ ਇਕਠ ਹੋਇਆ ਹੈ ਉਹ ਸ਼੍ਰੀ ਦਲਜੀਤ ਸਿੰਘ ਦੀ ਸ਼ਖਸ਼ੀਅਤ ਤੇ ਕੰਮਕਾਰ
ਬਾਰੇ ਉਹਨਾਂ ਦੇ ਅਕਸ ਤੇ ਉਸ ਨਾਲ ਹੋ ਰਹੀ ਵਧੀਕੀ ਦੇ ਮਸਲੇ ਬਾਰੇ ਲੋਕਾਂ ਅੰਦਰ ਆਮ
ਪ੍ਰਭਾਵ ਦਾ ਪ੍ਰਗਟਾਵਾ ਹੈ ਤੇ ਇਸ ਨੂੰ ਇਸ ਮਸਲੇ ਬਾਰੇ ਰਾਇ ਬਨਾਉਣ 'ਚ ਸਭਾ ਨੇ ਵਿਸ਼ੇਸ਼
ਤਵਜੋ ਦਿੱਤੀ ਹੈ। ਇਸ ਤੋਂ ਪਹਿਲਾਂ ਦਿਆਲਪੁਰਾ ਮਿਰਜਾ ਤੋਂ ਬਦਲੀ ਵਕਤ ਵੀ ਲੋਕਾਂ ਨੇ
ਬਦਲੀ ਰੁਕਵਾਉਣ ਲਈ ਜਾਮ ਲਗਾ ਦਿੱਤਾ ਸੀ। ਪੜਤਾਲ ਦੌਰਾਨ ਵਿਚਰਦਿਆਂ ਵੀ ਇਹੋ ਪ੍ਰਭਾਵ
ਨੋਟ ਹੋਇਆ ਹੈ। ਆਮ ਲੋਕਾਂ ਦੇ ਇਸ ਵਿਹਾਰ ਨੂੰ ਨੋਟ ਕੀਤਾ ਜਾਣਾ ਬਣਦਾ ਹੈ।

ਇਸ ਮਸਲੇ ਤੇ ਦਲਜੀਤ ਸਿੰਘ ਨੂੰ ਨਾਲ ਲੈਕੇ ਡਿਪਟੀ ਕਮਿਸ਼ਨਰ ਬਠਿੰਡਾ ਤੇ ਸਿੱਖਿਆ ਮੰਤਰੀ
ਪੰਜਾਬ ਨੂੰ ਮਿਲੇ ਡੈਪੂਟੇਸ਼ਨਾਂ 'ਚ ਸ਼ਾਮਲ ਇੱਕ ਜੁੰਮੇਵਾਰ ਆਗੂ ਨੇ ਦੱਸਿਆ ਕਿ ਸਿਵਲ ਤੇ
ਪੁਲਸ ਪ੍ਰਸਾਸਨ ਨੇ ਉਹਨਾਂ ਪਾਸ ਮੰਨਿਆ ਕਿ ਜਦ ਦਲਜੀਤ ਸਿੰਘ ਨੇ ਸਕੂਲ ਮੁਖੀ ਦੀ
ਹੈਸੀਅਤ 'ਚ ਲਿਖਤੀ ਤੌਰ 'ਤੇ ਸਬੰਧਤ ਪੁਲਸ ਅਧਿਕਾਰੀ ਪਾਸ ਆਪਣੇ 'ਤੇ ਹਮਲਾ ਹੋਣ ਦਾ
ਖਦਸ਼ਾ ਪ੍ਰਗਟਾਇਆ ਸੀ ਤਾਂ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਸੀ। ਪੁੱਛੇ ਜਾਣ
'ਤੇ ਆਗੂ ਨੇ ਦੱਸਿਆ ਕਿ ਦਲਜੀਤ ਸਿੰਘ ਨੇ ਖੁਦ ਡਿਪਟੀ ਕਮਿਸ਼ਨਰ ਸਾਹਮਣੇ ਸਬੰਧਤ
ਡੀ.ਐਸ.ਪੀ ਵਲੋਂ ਉਸ ਨਾਲਾ ਮਾੜਾ ਵਿਹਾਰ ਕਰਨ ਤੇ ਇਨਕੁਆਰੀ ਦੌਰਾਨ ਦਬਾਅ ਪਾਕੇ ਬਿਆਨ
ਕਰਾਉਣ ਦੇ ਮਾਮਲੇ ਰੱਖੇ ਸਨ। ਡਿਪਟੀ ਕਮਿਸ਼ਨਰ ਨੇ ਇਸ ਮਸਲੇ 'ਤੇ ਸਿਖਿਆ ਮੰਤਰੀ ਪੰਜਾਬ
ਨਾਲ ਡੈਪੂਟੇਸ਼ਨ ਦੀ ਮਿਲਣੀ ਤਹਿ ਕਰਵਾਈ। ਸਿਖਿਆ ਮੰਤਰੀ ਨਾਲ ਮਿਲਣੀ ਸਮੇਂ ਸਿਖਿਆ
ਮੰਤਰੀ ਸ਼੍ਰੀ ਦਲਜੀਤ ਸਿੰਘ ਚੀਮਾ, ਸਿਖਿਆ ਸਕਤਰ ਸ਼੍ਰੀ ਸੀ ਰਾਉਲ,ਵਿਸੇਸ਼ ਸਕਤਰ,
ਡੀ.ਜੀ.ਐਸ.ਸੀ ਪੰਜਾਬ, ਡੀ.ਪੀ.ਆਈ ਸਕੈਂਡਰੀ ਤੇ ਐਲੀਮੈਂਟਰੀ ਤੇ ਹੋਰ ਉਚ ਅਧਿਕਾਰੀ
ਮੌਜੂਦ ਸਨ। ਡੈਪੂਟੇਸ਼ਨ ਨੇ ਸਾਰਾ ਮਾਮਲਾ ਵਿਸਥਾਰ 'ਚ ਸਰਕਾਰ ਦੇ ਧਿਆਨ 'ਚ ਲਿਆਂਦਾ।
ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸ਼੍ਰੀ ਦਲਜੀਤ ਸਿੰਘ ਦੀ ਬਦਲੀ ਇਨਕੁਆਰੀ ਦੇ ਅਧਾਰ 'ਤੇ
ਨਹੀਂ ਕੀਤੀ ਗਈ। ਉਹਨਾਂ ਮਹਿਕਮੇ ਵਲੋਂ ਡੀ.ਜੀ.ਪੀ ਪੰਜਾਬ ਨੂੰ ਪੁਲਸ ਕਾਰਵਾਈ ਸਬੰਧੀ
ਪੱਤਰ ਲਿਖਣ ਦਾ ਭਰੋਸਾ ਦਵਾਇਆ। ਉਹਨਾਂ ਪਹਿਲੀ ਇਨਕੁਆਰੀ ਰੱਦ ਕਰਕੇ ਦੁਬਾਰਾ ਸਰਕਲ
ਅਫਸਰ ਤੋਂ ਇਨਕੁਆਰੀ ਕਰਾਉਣ ਦਾ ਭਰੋਸਾ ਦਿੱਤਾ ਅਤੇ ਨਿਰਪਖ ਤੇ ਪਾਰਦਰਸ਼ੀ ਇਨਕੁਆਰੀ
ਯਕੀਨੀ ਕਰਨ ਤੇ ਇਨਸਾਫ ਦਵਾਉਣ ਦਾ ਭਰੋਸਾ ਵੀ ਦਿਵਾਇਆ।

ਸਿੱਟਾ:

· ਪੜਤਾਲ ਦੇ ਅਧਾਰ ਤੇ ਸਭਾ ਨੋਟ ਕਰਦੀ ਹੈ ਕਿ ਸ਼੍ਰੀ ਦਲਜੀਤ ਸਿੰਘ ਨੂੰ
ਸ਼ਰਾਰਤੀ ਅਨਸਰਾਂ ਨੇ ਕਈ ਵਾਰ ਹਮਲੇ ਦਾ ਨਿਸ਼ਾਨਾ ਬਨਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ
ਸਮੇਂ ਸਿਰ ਪੁਲਸ ਨੂੰ ਸੂਚਿਤ ਵੀ ਕੀਤਾ। ਪਰ, ਪੁਲਸ ਨੇ ਉਹਨਾਂ ਦੇ ਬਚਾਅ ਲਈ ਕੋਈ
ਕਾਰਵਾਈ ਨਹੀਂ ਕੀਤੀ। ਇਸ ਮਾਮਲੇ 'ਚ ਪੁਲਸ ਵਲੋਂ ਕੀਤੀ ਕੁਤਾਹੀ ਨੂੰ ਜਿਲਾ ਸਿਵਲ ਤੇ
ਪੁਲਸ ਪ੍ਰਸ਼ਾਸਨ ਨੇ ਵੀ ਡੈਲੀਗੇਸ਼ਨਾਂ 'ਚ ਪ੍ਰਵਾਨ ਕੀਤਾ ਹੈ। ਹੁਣ ਵੀ ਸ਼ਰਾਰਤੀ ਅਨਸਰਾਂ
ਦਾ ਮੋਬਾਈਲ ਫੋਨ ਦਿੱਤੇ ਜਾਣ ਦੇ ਬਾਵਜੂਦ ਹਾਲੇ ਤੱਕ ਦੋਸ਼ੀ ਗਿਰਫਤਾਰ ਨਹੀਂ ਕੀਤੇ ਗਏ।
ਪੁਲਸ ਨੇ ਜੇ ਪਹਿਲੀਆਂ ਸ਼ਿਕਾਇਤਾਂ ਦੌਰਾਨ ਹੀ ਵੇਲੇ ਸਿਰ ਕਾਰਵਾਈ ਕੀਤੀ ਹੁੰਦੀ ਤਾਂ
ਤਾਜਾ ਹਮਲੇ ਤੋਂ ਬਚਾਅ ਹੋ ਸਕਦਾ ਸੀ ਤੇ ਹਮਲੇ ਤੋਂ ਬਾਅਦ ਹੁਣ ਤੱਕ ਦੋਸ਼ੀ ਫੜੇ ਜਾ
ਸਕਦੇ ਸੀ। ਅਜਿਹੇ ਵਿੱਚ ਪੁਲਸ ਦੀ ਇਹ ਢਿਲਮਠ ਕੋਈ ਸਧਾਰਣ ਮਾਮਲਾ ਨਹੀਂ ਸਗੋਂ
ਮੁਜਰਮਾਨਾ ਅਣਗਹਿਲੀ ਹੈ। ਲੋਕਾਂ ਦੇ ਵਲੋਂ ਹਜਾਰਾਂ ਦੀ ਗਿਣਤੀ 'ਚ ਏਡਾ ਰੋਸ ਪ੍ਰਦਰਸ਼ਨ
ਕਰਨ ਦੇ ਬਾਵਜੂਦ, ਪਰਚਾ ਦਰਜ ਹੋਣ ਦੇ ਬਾਵਜੂਦ, ਪੁਲਸ ਦਾ ਕਾਰਵਾਈ ਨਾ ਕਰਨਾ ਸ਼੍ਰੀ
ਦਲਜੀਤ ਸਿੰਘ ਦੇ ਇਸ ਦਾਅਵੇ ਨੂੰ ਬਲ ਬਖਸ਼ਦਾ ਹੈ ਕਿ ਹਮਲੇ ਦੇ ਪਿਛੇ ਵਡੀ ਸਾਜਿਸ਼ ਹੈ।
ਸਭਾ ਮਹਿਸੂਸ ਕਰਦੀ ਹੈ ਕਿ ਜੇ ਇਸ ਸਾਜਿਸ਼ ਦਾ ਭਾਂਡਾ ਨਹੀਂ ਭੰਨਿਆ ਜਾਂਦਾ ਤਾਂ ਸ਼ਰਾਰਤੀ
ਅਨਸਰਾਂ ਦੇ ਹੌਂਸਲੇ ਵਧਣਗੇ ਤੇ ਆਉਣ ਵਾਲੇ ਸਮੇਂ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਹੋਰ
ਖਤਰੇ ਪੈਦਾ ਹੋਣਗੇ।

· ਸਭਾ ਨੋਟ ਕਰਦੀ ਹੈ ਕਿ ਸ਼੍ਰੀ ਰਕੇਸ਼ ਕੁਮਾਰ ਨੇ ਖੁਦ ਮੰਨਿਆ ਹੈ ਕਿ ਉਹਨਾਂ
ਮਲੂਕਾ ਸਾਹਬ ਨੂੰ ਕਹਿ ਕੇ ਦਲਜੀਤ ਸਿੰਘ ਦੀ ਬਦਲੀ ਦਿਆਲਪੁਰਾ ਮਿਰਜਾ ਤੋਂ ਭਗਤਾ ਭਾਈਕਾ
ਕਰਵਾਈ ਸੀ। ਅਜਿਹਾ ਬਿਨਾ ਸ਼੍ਰੀ ਦਲਜੀਤ ਸਿੰਘ ਦੀ ਸਹਿਮਤੀ ਜਾਂ ਮੰਗ ਤੋਂ ਕੀਤਾ ਗਿਆ।
ਅਜਿਹਾ ਦਿਆਲਪੁਰਾ ਮਿਰਜਾ ਦੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਕੀਤਾ ਗਿਆ। ਇਹ ਇੰਕਸਾਫ
ਸਰਕਾਰੀ ਮਹਿਕਮਿਆਂ ਅੰਦਰ ਵਧੀ ਸਿਆਸੀ ਦਖਲਅੰਦਾਜੀ ਦਾ ਇੰਕਸ਼ਾਫ ਹੈ। ਨੇਮਾਂ, ਰੂਲਾਂ
ਨੂੰ ਤਾਕ ਤੇ ਰੱਖ ਕੇ ਮਰਜੀ ਦੇ ਫੈਸਲੇ ਥੋਪ ਸਕਣ ਦੀ ਸਿਆਸੀ ਹਸਤੀ ਦਾ ਇੰਕਸ਼ਾਫ ਹੈ।
ਸ਼੍ਰੀ ਰਕੇਸ਼ ਕੁਮਾਰ ਦਾ ਇਹ ਇੰਕਸ਼ਾਫ ਸ਼੍ਰੀ ਦਲਜੀਤ ਸਿੰਘ ਦੇ ਇਨਕੁਆਰੀ ਦੇ ਪਖਪਾਤੀ ਤੇ
ਗਲਤ ਹੋਣ ਦੇ ਦੋਸ਼ ਨੂੰ ਬਲ ਬਖਸ਼ਦਾ ਹੈ। ਜੋ ਹਸਤੀ ਬਿਨਾ ਕੋਈ ਕਾਰਣ ਘੜੇ ਦਿਆਲਪੁਰੇ ਤੋਂ
ਇੱਕ ਸੰਸਥਾ ਮੁਖੀ ਨੂੰ ਬਦਲਵਾ ਸਕਦੀ ਹੈ, ਉਸ ਵਾਸਤੇ ਭਗਤੇ ਤੋਂ ਬਦਲੀ ਕਰਾਉਣ ਦਾ ਕਾਰਣ
ਘੜਨਾ ਕੀ ਮੁਸ਼ਕਿਲ ਹੈ? ਸਭਾ ਸਿਖਿਆ ਮਹਿਕਮੇ ਅੰਦਰ ਸਿਆਸੀ ਲੋਕਾਂ ਦੀ ਇਸ ਦਖਲਅੰਦਾਜੀ
ਦਾ ਵਿਰੋਧ ਕਰਦੀ ਹੈ।

· ਸਭਾ ਮਹਿਸੂਸ ਕਰਦੀ ਹੈ ਕਿ ਹਮਲੇ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ 'ਚ
ਢਿਲਮਠ ਤੇ ਦਲਜੀਤ ਸਿੰਘ ਦੀ ਬਦਲੀ 'ਚ ਦਿਖਾਈ ਤੱਦੀ ਮਹਿਜ ਕੋਈ ਮੌਕਾ-ਮੇਲ ਨਹੀਂ। ਇਸ
ਤਰ੍ਹਾਂ ਦੋਸ਼ੀ ਠਹਿਰਾ ਕੇ ਤੇ ਜਲੀਲ ਕਰਕੇ ਦਲਜੀਤ ਸਿੰਘ ਨੂੰ ਲਾਚਾਰੀ ਦੀ ਸਥਿਤੀ 'ਚ
ਸੁਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਪਿੱਛੇ ਸਰਗਰਮ ਤਾਕਤਾਂ ਲੋਕਾਂ ਨੂੰ ਦੱਸਣਾ
ਚਾਹੁੰਦੀਆਂ ਹਨ ਕਿ ਉਹ ਕਿਸੇ ਨੂੰ ਵੀ ਰੋਲ ਕੇ ਰੱਖ ਦੇਣ ਦੇ ਸਮਰਥ ਹਨ। ਇਹ ਸਥਿਤੀ
ਦਲਜੀਤ ਸਿੰਘ ਦੀ ਇਸ ਗੱਲ ਨੂੰ ਬਲ ਬਖਸ਼ਦੀ ਹੈ ਕਿ ਇਸ ਸਾਰੇ ਘਟਨਾਕ੍ਰਮ ਪਿਛੇ ਸਿਆਸੀ
ਬਦਲਾਖੋਰੀ ਦੀ ਨੀਤੀ ਕੰਮ ਕਰਦੀ ਹੈ।

· ਦਲਜੀਤ ਸਿੰਘ ਨੇ ਐਫ.ਆਈ.ਆਰ 'ਚ ਰਣਧੀਰ ਸਿੰਘ ਧੀਰਾ 'ਤੇ ਸਿੱਧੇ ਤੇ ਸਪਸ਼ਟ
ਦੋਸ਼ ਲਗਾਏ ਹਨ ਕਿ ਉਹ ਖੁਦ ਨੂੰ ਪੰਜਾਬ ਪੁਲੀਸ ਵਿੱਚ ਏ.ਐਸ.ਆਈ ਦਸਦਾ ਸੀ ਤੇ ਕੁਸ਼ਤੀ
ਵਿੰਗ ਦੇ ਖਿਡਾਰੀਆਂ ਦੇ ਖਾਣੇ ਦਾ ਖਰਚਾ ਹੜਪਦਾ ਸੀ। ਟੀਮ ਨੂੰ ਉਹਨਾਂ ਦੱਸਿਆ ਹੈ ਕਿ
ਕੁਸ਼ਤੀ ਵਿੰਗ ਦੀਆਂ ਰਣਧੀਰ ਸਿੰਘ ਧੀਰਾ ਵਲੋਂ ਪਾਈਆਂ ਜਾਂਦੀਆਂ ਖੁਰਾਕਾਂ ਸਕੂਲ ਵਿੱਚ
ਵਿਦਿਆਰਥੀਆਂ ਦੀ ਹਾਜਰੀ ਦੇ ਰਿਕਾਰਡ ਨਾਲ ਮੇਲ ਨਹੀਂ ਖਾਂਦੀਆਂ। ਉਹਨਾਂ ਕਿਹਾ ਕਿ
ਪ੍ਰਤੀ ਦਿਨ 125 ਰੁਪਏ ਇੱਕ ਖੁਰਾਕ ਦੇ ਪਾਏ ਜਾਂਦੇ ਸੀ। ਉਹਨਾਂ ਐਫ.ਆਈ.ਆਰ 'ਚ ਸਕੂਲ
ਦੇ ਕੁਝ ਹੋਰ ਅਧਿਆਪਕਾਂ/ਕਰਮਚਾਰੀਆਂ 'ਤੇ ਵੀ ਉਸ ਨਾਲ ਸਾਜਿਸ਼ 'ਚ ਸ਼ਾਮਲ ਹੋਣ ਦੇ ਦੋਸ਼
ਲਗਾਏ ਹਨ। ਹਮਲੇ ਤੋਂ ਬਾਅਦ ਏਨੇ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਇਹਨਾਂ ਦੋਸ਼ਾਂ
ਦੀ ਵਿਭਾਗੀ ਤੇ ਪੁਲਸ ਪੜਤਾਲ ਨਾ ਕੀਤੇ ਜਾਣਾ - ਪੁਲਸ ਦੀ ਕਾਰਗੁਜਾਰੀ ਨੂੰ ਸ਼ੱਕੀ
ਬਣਾਉਂਦਾ ਹੈ ਅਤੇ ਜਾਹਰ ਕਰਦਾ ਹੈ ਕਿ ਪੁਲਸ ਨੇ ਹਮਲੇ ਪਿਛੇ ਕੰਮ ਕਰਦੀ ਸਾਜਿਸ਼ ਨੂੰ
ਬੇਪਰਦ ਨਾ ਕਰਨ ਦਾ ਰਵਈਆ ਧਾਰਣ ਕੀਤਾ ਹੋਇਆ ਹੈ।

· ਸ਼੍ਰੀ ਰਕੇਸ਼ ਕੁਮਾਰ ਨੇ ਦਲਜੀਤ ਸਿੰਘ ਖਿਲਾਫ ਜੋ ਸ਼ਿਕਾਇਤ ਕੀਤੀ ਹੈ ਉਸਤੇ
ਸਾਈਨ ਕਰਨ ਵਾਲੇ ਸਹਿਕਾਰੀ ਸੁਸਾਇਟੀ ਦੇ ਉਪ-ਪ੍ਰਧਾਨ ਜਗਸੀਰ ਸਿੰਘ ਨੇ ਸਪਸ਼ਟ ਕੀਤਾ ਹੈ
ਕਿ ਉਸਨੇ ਬਿਨਾਂ ਪੜ੍ਹੇ ਹੀ ਸਿਕਾਇਤ 'ਤੇ ਸਾਈਨ ਕੀਤੇ ਸਨ। ਸ਼੍ਰੀ ਜਗਸੀਰ ਸਿੰਘ ਦਾ ਇਹ
ਬਿਆਨ ਇਸ ਸ਼ਿਕਾਇਤ ਦੀ ਭਰੋਸੇਯੋਗਤਾ 'ਤੇ ਹੀ ਸਵਾਲੀਆ ਚਿੰਨ੍ਹ ਲਗਾ ਦਿੰਦਾ ਹੈ।

· ਜਿਥੋਂ ਤੱਕ ਇਨਕੁਆਰੀ ਵਿੱਚ ਦਲਜੀਤ ਸਿੰਘ 'ਤੇ ਲਗਾਏ ਦੋਸ਼ਾਂ ਦਾ ਸਵਾਲ ਹੈ
ਤਾਂ ਰੌਚਕ ਤੱਥ ਇਹ ਹੈ ਕਿ ਇਹ ਦੋਸ਼ ਵਿਦਿਆਰਥੀਆਂ ਜਾਂ ਮਾਪਿਆਂ ਨੇ ਨਹੀਂ ਲਗਾਏ। ਨਾ ਹੀ
ਉਹਨਾਂ ਦਲਜੀਤ ਸਿੰਘ ਖਿਲਾਫ ਗਵਾਹੀ ਜਾਂ ਕੋਈ ਲਿਖਤੀ ਬਿਆਨ ਕਿਸੇ ਨੂੰ ਦਿੱਤਾ ਹੈ। ਜੇ
ਅਧਿਆਪਕਾਂ ਨੇ ਇਨਕੁਆਰੀ ਦੌਰਾਨ ਮਰਜੀ ਨਾਲ ਦਲਜੀਤ ਸਿੰਘ ਖਿਲਾਫ ਬਿਆਨ ਦਿੱਤੇ ਸਨ ਤਾਂ
ਉਹ ਜਨਤਕ ਤੌਰ ਤੇ ਆਕੇ ਆਪਣੇ ਬਿਆਨਾਂ ਦੀ ਵਜਾਹਤ ਵੀ ਕਰ ਸਕਦੇ ਸਨ। ਲੋਕਾਂ ਦੇ ਭੁਲੇਖੇ
ਦੂਰ ਕਰ ਸਕਦੇ ਸਨ। ਸਿਖਿਆ ਤੇ ਪੁਲਸ ਅਧਿਕਾਰੀ ਵੀ ਅਜਿਹਾ ਕਰ ਸਕਦੇ ਹਨ। ਹੁਣ ਤਾਂ
ਸਗੋਂ ਇਸ ਇਨਕੁਆਰੀ ਨੂੰ ਰੱਦ ਕਰਕੇ ਖੁਦ ਸਿੱਖਿਆ ਮਹਿਕਮੇ ਦੇ ਅਧਿਕਾਰੀਆਂ ਨੇ ਇਸਦੇ
ਪਖਪਾਤੀ ਤੇ ਦਬਾਅ 'ਚ ਕੀਤੇ ਗਏ ਹੋਣ ਬਾਰੇ ਦਲਜੀਤ ਸਿੰਘ ਦੇ ਦੋਸ਼ਾਂ ਤੇ ਮੋਹਰ ਲਗਾ
ਦਿੱਤੀ ਹੈ। ਇਸ ਰੱਦ ਕੀਤੀ ਇਨਕੁਆਰੀ ਪਿੱਛੇ ਸ਼੍ਰੀ ਦਲਜੀਤ ਸਿੰਘ 'ਤੇ ਹਮਲੇ ਅਤੇ ਉਹਨਾਂ
ਦੀ ਪੱਗ ਉਤਾਰ ਦੇਣ ਦੇ ਗੰਭੀਰ ਮਸਲੇ ਤੋਂ ਧਿਆਨ ਧਿਲਕਾਉਣ ਅਤੇ ਉਲਟਾ ਉਹਨਾਂ ਨੂੰ ਹੀ
ਕਟਹਿਰੇ 'ਚ ਖੜਾਉਣ ਦੀ ਕੋਸ਼ਿਸ਼ ਨਜਰ ਪੈਂਦੀ ਹੈ। ਪੀੜਤ ਨੂੰ ਹੀ ਮੁਜਰਮ ਬਣਾ ਧਰਨ ਦੀ
ਕੋਸ਼ਿਸ਼ ਨਜਰ ਪੈਂਦੀ ਹੈ। ਉਹਨਾਂ ਨਾਲ ਹੋਈ ਵਧੀਕੀ ਲਈ ਉਹਨਾਂ ਨੂੰ ਹੀ ਜੁੰਮੇਵਾਰ
ਠਹਿਰਾਉਣ ਦੀ ਕੋਸ਼ਿਸ਼ ਨਜਰ ਪੈਂਦੀ ਹੈ।

· ਸ਼੍ਰੀ ਰਕੇਸ਼ ਕੁਮਾਰ ਨੇ ਆਪਣੀ ਸ਼ਿਕਾਇਤ 'ਚ ਜੋ ਦੋਸ਼ ਲਗਾਏ ਵੀ ਹਨ ਉਹਨਾਂ
ਵਿੱਚ ਦਲਜੀਤ ਸਿੰਘ ਦੀ ਸੁਹਿਰਦਤਾ, ਸਮਰਪਣ, ਇਖਲਾਕ, ਯੋਗਤਾ ਜਾਂ ਵਿਹਾਰ ਬਾਰੇ ਕੋਈ
ਦੋਸ਼ ਸ਼ਾਮਲ ਨਹੀਂ। ਵੱਧ ਤੋਂ ਵੱਧ ਪ੍ਰਬੰਧਕੀ ਕੁਸ਼ਲਤਾ ਬਾਰੇ ਦੂਸ਼ਣ ਲਗਾਏ ਗਏ ਹਨ। ਸ਼੍ਰੀ
ਰਕੇਸ਼ ਕੁਮਾਰ ਅਨਸੁਾਰ ਉਹ ਲੜਕੇ ਲੜਕੀਆਂ ਦੇ ਵਿਚਰਣ ਦੇ ਮਾਮਲੇ 'ਚ ਢਿਲੇ ਚਲਦੇ ਸਨ ਜਿਸ
ਕਾਰਣ ਸਕੂਲ ਦਾ ਮਹੌਲ ਵਿਗੜਦਾ ਸੀ। ਪ੍ਰੰਤੂ ਟੀਮ ਦੀ ਪੜਤਾਲ ਦੌਰਾਨ ਮਾਪਿਆਂ ਜਾਂ
ਵਿਦਿਆਰਥੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਸਗੋਂ ਦਲਜੀਤ ਸਿੰਘ ਵਲੋਂ ਉਸਾਰੂ ਮਹੌਲ
ਸਿਰਜਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਨੌਜਵਾਨਾਂ ਅੰਦਰ ਸਭਿਆਚਾਰਕ ਕਦਰਾਂ ਕੀਮਤਾਂ
ਦੇ ਨਿਘਾਰ ਤੇ ਨਸ਼ਿਆਂ ਵਰਗੀਆਂ ਅਲਾਮਤਾਂ ਕਾਰਣ ਵਿਗੜ ਰਹੇ ਮਹੌਲ ਬਾਰੇ ਸਮਾਰਾਜੀ
ਸਭਿਆਚਾਰਕ ਹਮਲਾ ਦੋਸ਼ੀ ਹੈ, ਨੰਜੇਗਵਾਦ ਦੋਸ਼ੀ ਹੈ - ਟੀਵੀ ਚੈਨਲਾਂ ਰਾਹੀਂ ਵਰਤਾਇਆ ਜਾ
ਰਿਹਾ ਖਪਤਵਾਦ ਦਾ ਸਭਿਆਚਾਰ ਦੋਸ਼ੀ ਹੈ। ਇਸ ਮਹੌਲ ਤੋਂ ਨੌਜਵਾਨਾਂ ਨੂੰ ਬਚਾਉਣ ਲਈ
ਉਹਨਾਂ ਨੂੰ ਨੈਤਿਕ ਸਿਖਿਆ ਦੇਣਾ, ਉਹਨਾਂ ਦਾ ਰੁਝਾਨ ਖੇਡਾਂ ਵੱਲ ਕਰਨਾ, ਉਹਨਾਂ ਦਾ
ਨਾਤਾ ਉਸਾਰੂ ਸਭਿਆਚਾਰ ਨਾਲ ਜੋੜਨਾ ਜਰੂਰੀ ਹੈ। ਦਲਜੀਤ ਸਿੰਘ ਆਪਣੇ ਅਮਲ 'ਚ ਇਹੀ ਕਦਮ
ਲੈ ਰਹੇ ਸਨ। ਇਹ ਪ੍ਰਵਾਨਤ ਵਿਗਿਆਨਕ ਧਾਰਨਾ ਹੈ ਕਿ ਉਸਾਰੂ ਬਦਲ ਪੇਸ਼ ਕੀਤੇ ਬਿਨਾ ਕੇਵਲ
ਸਖਤੀ ਨਾਲ ਨੌਜਵਾਨਾਂ ਨੂੰ ਵਿਗੜ ਰਹੇ ਮਹੌਲ ਤੋਂ ਬਚਾਇਆ ਨਹੀ ਜਾ ਸਕਦਾ। ਸਗੋਂ
ਹਮਦਰਦੀ, ਪ੍ਰੇਰਨਾ ਤੇ ਉਸਾਰੂ ਬਦਲ ਰਾਹੀਂ ਉਹਨਾਂ ਨੂੰ ਸੇਧ ਦਿੱਤੀ ਜਾ ਸਕਦੀ ਹੈ।

· ਇਨਕੁਆਰੀ ਵਾਸਤੇ ਕੀਤੀ ਸ਼ਿਕਾਇਤ 'ਚ ਇੱਕ ਦੋਸ਼ 'ਗਲਤ' ਨਾਟਕ ਕਰਾਉਣ ਤੇ
ਕਿਸੇ ਵਿਦਿਆਰਥੀ ਵਲੋਂ ਕਥਿਤ ਤੌਰ ਤੇ ਕਿਸੇ ਨੇਤਾ ਖਿਲਾਫ ਕਵਿਤਾ ਪੜ੍ਹਨ ਦਾ ਜਿਕਰ ਹੈ।
ਬਕੌਲ ਸ਼੍ਰੀ ਰਕੇਸ਼ ਕੁਮਾਰ ਇਹ ਕਵਿਤਾ ਮੰਤਰੀ ਸਾਹਬ ਦੇ ਖਿਲਾਫ ਸੀ। ਜਿਥੋਂ ਤੱਕ ਗਲਤ
ਨਾਟਕ ਦਾ ਸਵਾਲ ਹੈ ਤਾਂ ਜਾਣਕਾਰੀ ਅਨੁਸਾਰ ਇਹ ਇੱਕ ਅਗਾਂਹਵਧੂ ਚੇਤਨਾ ਦੇਣ ਵਾਲਾ ਨਾਟਕ
ਸੀ ਤੇ ਇਹ ਪਹਿਲਾਂ ਵੀ ਬਹੁਤ ਵਾਰ ਵੱਖ ਵੱਖ ਸਕੂਲਾਂ 'ਚ ਖੇਡਿਆ ਜਾ ਚੁੱਕਾ ਹੈ। ਬਾਕੀ
ਕਵਿਤਾ ਬਾਰੇ ਸ਼੍ਰੀ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਕਵਿਤਾ ਵਿਦਿਆਰਥੀਆਂ ਦੀ
ਵਿਦਾਇਗੀ ਪਾਰਟੀ ਮੌਕੇ ਪੜ੍ਹੀ ਗਈ ਸੀ ਤੇ ਇਸਦਾ ਵਿਸ਼ਾ ਵਸਤੂ ਉਹਨਾਂ ਨੂੰ ਪਤਾ ਨਹੀਂ ਸੀ
ਤੇ ਇਸਦੇ ਵਿੱਚ ਕੁਝ ਵਿਅੰਗਾਤਮਕ ਸਤਰਾਂ ਸਨ। ਉਹਨਾਂ ਦੱਸਿਆ ਕਿ ਸਟੇਜ ਦੀ ਕਾਰਵਾਈ ਵੀ
ਉਹ ਨਹੀਂ ਚਲਾ ਰਹੇ ਸਨ। ਇਹ ਕਵਿਤਾ ਕਿਸ ਹਾਲਤ 'ਚ ਪੜ੍ਹੀ ਗਈ ਨੂੰ ਪਾਸੇ ਛਡਦਿਆਂ ਸਭਾ
ਸਮਝਦੀ ਹੈ ਕਿ ਅਲੋਚਨਾਤਮਕ, ਵਿਅੰਗਾਤਮਕ ਤੇ ਕਟਾਖਸ਼ ਕਰਦੀ ਕਲਾ-ਪੇਸ਼ਕਾਰੀ ਨਾ
ਗੈਰ-ਅਕਾਦਮਿਕ ਹੈ, ਨਾ ਗੈਰ-ਸੰਵਿਧਾਨਕ ਹੈ, ਨਾ ਗੈਰ-ਕਾਨੂੰਨੀ ਹੈ ਤੇ ਨਾ ਹੀ ਗਲਤ ਹੈ
ਸਗੋਂ ਇਹ ਵਿਦਿਆਰਥੀਆਂ ਨੂੰ ਚੇਤਨ ਤੇ ਜਾਗਰੂਕ ਨਾਗਰਿਕ ਬਨਾਉਣ ਲਈ ਬੇਹਦ ਜਰੂਰੀ ਹੈ।
ਸ਼ਾਇਦ ਸ਼੍ਰੀ ਰਕੇਸ਼ ਕੁਮਾਰ ਪੰਜਾਬ ਦੇ ਮਧਕਾਲੀਨ ਤੋਂ ਹੁਣ ਤੱਕ ਦੇ ਸਾਹਿਤ ਤੋਂ ਵਾਕਿਫ
ਨਹੀਂ ਜੋ ਬਕਾਇਦਾ ਸਲੇਬਸਾਂ ਦਾ ਹਿੱਸਾ ਹੈ - ਇਹ ਸਾਰਾ ਸਾਹਿਤ ਸਮੇਂ ਦੀਆਂ ਸਰਕਾਰਾਂ
ਤੇ ਹੋਰ ਜੁਲਮ ਧੱਕੇ ਖਿਲਾਫ ਲੋਕ ਸਰੋਕਾਰਾਂ ਦਾ ਸਾਹਿਤ ਹੈ। ਸ਼ਾਇਦ ਸ਼੍ਰੀ ਰਕੇਸ਼ ਕੁਮਾਰ
ਨੂੰ ਵਿਦਿਅਕ ਮੁਕਾਬਲਿਆਂ ਅੰਦਰ ਕਵਿਤਾਵਾਂ ਦਾ ਪਾਠ ਸੁਨਣ ਜਾਂ ਨਾਟਕ ਵੇਖਣ ਦਾ ਮੌਕਾ
ਨਹੀਂ ਮਿਲਿਆ ਨਹੀਂ ਤਾਂ ਉਹ ਇੱਕ ਚਰਚਿਤ ਅਕਾਲੀ ਆਗੂ ਵਾਂਗ ਗੁਰਸ਼ਰਨ ਭਾਜੀ ਦੇ ਨਾਟਕ
"ਕੁਰਸੀ, ਮੋਰਚਾ ਤੇ ਹਵਾ 'ਚ ਲਟਕਦੇ ਲੋਕ" ਤੇ ਪਾਬੰਦੀਆਂ ਲਾਉਣ ਦਾ ਕਾਰਨਾਮਾ ਦੁਹਰਾ
ਦੇਣ। ਸਭਾ ਮਹਿਸੂਸ ਕਰਦੀ ਹੈ ਕਿ ਮੁਲਕ ਭਰ ਅੰਦਰ ਵਿਦਿਅਕ ਸੰਸਥਾਵਾਂ ਅੰਦਰ ਅਕਾਦਮਿਕ
ਅਜ਼ਾਦੀਆਂ ਤੇ ਕੁਹਾੜਾ ਵਾਹਿਆ ਜਾ ਰਿਹਾ ਹੈ ਤੇ ਵਿਦਿਆਰਥੀਆਂ ਨੂੰ ਕਲਾ ਰਾਹੀਂ ਆਪਣੇ ਮਨ
ਦੀ ਅਵਾਜ਼ ਪ੍ਰਗਟ ਕਰ ਸਕਣ ਦੀ ਗੁੰਜਾਇਸ਼ ਤੋਂ ਵਾਂਝਿਆਂ ਕਰਨ ਦੇ ਯਤਨ ਹੋ ਰਹੇ ਹਨ
ਜਿਹਨਾਂ ਦਾ ਹਰ ਪਧਰ ਤੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ।

· ਦਲਜੀਤ ਸਿੰਘ ਨੇ ਸਬੰਧਤ ਡੀ.ਐਸ.ਪੀ ਵਲੋਂ ਮਾੜਾ ਵਿਹਾਰ ਕਰਨ ਤੇ ਧਮਕਾਉਣ
ਬਾਰੇ ਜੋ ਦੋਸ਼ ਲਗਾਏ ਹਨ ਉਹਨਾਂ ਇਹ ਦੋਸ਼ ਉੱਚ ਅਧਿਕਾਰੀਆਂ ਤੇ ਸਿੱਖਿਆ ਮੰਤਰੀ ਸਾਹਮਣੇ
ਵੀ ਦੁਹਰਾਏ ਹਨ। ਮਸਲੇ 'ਤੇ ਪੁਲਸ ਪ੍ਰਸ਼ਾਸਨ ਦਾ ਸ਼ੱਕੀ ਰਵਈਆ ਤੇ ਸਕੂਲ ਅੰਦਰ ਐਫ.ਆਈ.ਆਰ
'ਚ ਦਰਜ ਵਿਅਕਤੀਆਂ ਵਲੋਂ ਵਿਦਿਆਰਥੀਆਂ ਨਾਲ ਕੀਤਾ ਜਾ ਰਿਹਾ ਵਿਹਾਰ - ਇਸ ਮਸਲੇ ਦੀ
ਅੱਗੇ ਹੋਣ ਵਾਲੀ ਇਨਕੁਆਰੀ ਦੌਰਾਨ ਦਬਾਅ ਦਾ ਮਹੌਲ ਬਰਕਰਾਰ ਰਹਿਣ ਦਾ ਸੂਚਕ ਹੈ। ਅਜਿਹੇ
ਵਿਚ ਹੁਣ ਵੀ ਇਨਕੁਆਰੀ ਦੇ ਨਿਰਪਖ ਤੇ ਪਾਰਦਰਸ਼ੀ ਰਹਿਣ ਦੀ ਸੰਭਾਵਨਾ ਨਜਰ ਨਹੀਂ ਆਉਂਦੀ।

ਮੰਗਾਂ:

ਇਹਨਾਂ ਹਾਲਤਾਂ ਵਿੱਚ ਸਭਾ ਮੰਗ ਕਰਦੀ ਹੈ ਕਿ:-

1. ਦਲਜੀਤ ਸਿੰਘ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ।

2. ਸ਼੍ਰੀ ਰਣਧੀਰ ਸਿੰਘ ਧੀਰਾ ਦੇ ਪਿਛੋਕੜ ਦੀ ਪੜਤਾਲ ਕੀਤੀ ਜਾਵੇ। ਉਸਦੇ ਪੁਲਸ
ਮੁਲਾਜਮ ਹੋਣ ਜਾਂ ਨਾ ਹੋਣ ਬਾਰੇ ਪਤਾ ਲਗਾਇਆ ਜਾਵੇ। ਉਸ ਵਲੋਂ ਕੁਸ਼ਤੀ ਵਿੰਗ ਦੀਆਂ
ਖੁਰਾਕਾਂ ਹੜਪਣ ਦੇ ਮਾਮਲੇ ਦੀ ਵਿਭਾਗੀ ਤੇ ਪੁਲਸ ਪੜਤਾਲ ਕਰਕੇ ਲੋੜੀਂਦੀ ਕਾਰਵਾਈ ਕੀਤੀ
ਜਾਵੇ।

3. ਹਮਲੇ ਦੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਜਾਵੇ ਤੇ ਸ਼ਰਾਰਤੀ ਅਨਸਰਾਂ ਨੂੰ ਸ਼ਹਿ ਤੇ
ਥਾਪੜਾ ਦੇਣ ਵਾਲੀਆਂ ਤਾਕਤਾਂ ਨੂੰ ਨਸ਼ਰ ਕਰਕੇ ਸ਼ਰਾਰਤੀ ਅਨਸਰਾ ਦੀ ਕਾਰਵਾਈਆਂ ਤੇ ਠੱਲ੍ਹ
ਪਾਈ ਜਾਵੇ।

4. ਦਲਜੀਤ ਸਿੰਘ ਦੀ ਬਦਲੀ ਫੌਰੀ ਰੱਦ ਕੀਤੀ ਜਾਵੇ।

5. ਦਲਜੀਤ ਸਿੰਘ ਨੂੰ ਸੁਰੱਖਿਆ ਮੁਹਈਆ ਕਰਾਉਣ ਦੇ ਮਾਮਲੇ 'ਚ ਕੁਤਾਹੀ ਕਰਨ ਵਾਲੇ
ਪੁਲਸ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

6. ਇਨਕੁਆਰੀ ਵਾਸਤੇ ਦਬਾਅ ਰਹਿਤ ਮਹੌਲ ਕਾਇਮ ਕਰਨਾ ਸੁਨਿਸ਼ਚਤ ਕੀਤਾ ਜਾਵੇ।
ਇਨਕੁਆਰੀ ਦੇ ਨਿਰਪਖ ਤੇ ਪਾਰਦਰਸ਼ੀ ਹੋਣ ਬਾਰੇ ਲੋੜੀਂਦੇ ਕਦਮ ਲਏ ਜਾਣ।

7. ਵਿਦਿਅਕ ਸੰਸਥਾਵਾਂ ਦੇ ਪ੍ਰਬੰਧ ਅੰਦਰ ਸਿਆਸੀ ਦਖਲਅੰਦਾਜੀ ਦੀ ਨੀਤੀ ਬੰਦ ਕੀਤੀ ਜਾਵੇ।

8. ਵਿਦਿਅਕ ਸੰਸਥਾਵਾ ਅੰਦਰ ਅਕਾਦਮਿਕ ਅਜ਼ਾਦੀਆਂ ਤੇ ਸਵੈ ਪ੍ਰਗਟਾਵੇ ਦੇ ਅਧਿਕਾਰ ਦੀ
ਜਾਮਨੀ ਕੀਤੀ ਜਾਵੇ ਤੇ ਵਿਦਿਆਰਥੀਆਂ ਨੂੰ ਸੁਚੇਤ ਤੇ ਜਾਗਰੂਕ ਨਾਗਰਿਕ ਬਨਾਉਣ ਲਈ
ਉਸਾਰੂ ਕਲਾ ਪ੍ਰਗਟਾਵੇ ਦੀ ਅਜ਼ਾਦੀ ਦਿੱਤੀ ਜਾਵੇ।



ਜਾਰੀ ਕਰਤਾ:

ਬੱਗਾ ਸਿੰਘ (9888986469), ਪ੍ਰਧਾਨ

ਸੁਦੀਪ ਸਿੰਘ ਐਡਵੋਕੇਟ, ਪ੍ਰੈਸ ਸਕੱਤਰ

ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ।

ਚਲਦੀ ਬੱਸ ਵਿੱਚੋਂ ਬਾਹਰ ਸੁੱਟਕੇ ਬੱਚੀ ਨੂੰ ਕਤਲ ਕਰਨ ਦੀ ਘਟਨਾ ਨੂੰ ਔਰਤਾਂ ਦੀ ਸੁਰੱਖਿਅਤਾ ਅਤੇ ਸਵੈਮਾਨ ਉੱਪਰ ਹਮਲਾ ਕਰਾਰ



ਪ੍ਰੈਸ ਨੋਟ
ਬਠਿੰਡਾ 2 ਮਈ 2015 ( ) ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮੋਗਾ ਨੇੜੇ ਹਾਕਮ ਘਰਾਣੇ ਦੀ ਬੱਸ ਵਿੱਚ ਦਲਿਤ ਬੱਚੀ ਅਤੇ ਉਸਦੀ ਮਾਂ ਨਾਲ ਬਦਸਲੂਕੀ ਅਤੇ ਉਹਨਾਂ ਨੂੰ ਚਲਦੀ ਬੱਸ ਵਿੱਚੋਂ ਧੱਕੇ ਨਾਲ ਬਾਹਰ ਸੁੱਟਕੇ ਬੱਚੀ ਨੂੰ ਕਤਲ ਕਰਨ ਦੀ ਘਟਨਾ ਨੂੰ ਦੱਬੇ ਕੁੱਚਲੇ ਲੋਕਾਂ ਵਿਸ਼ੇਸ਼ ਕਰ ਕੇ ਦਲਿਤ ਔਰਤਾਂ ਦੀ ਸੁਰੱਖਿਅਤਾ ਅਤੇ ਸਵੈਮਾਨ ਉੱਪਰ ਹਮਲਾ ਕਰਾਰ ਦਿੱਤਾ। ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਅਜਮੇਰ ਔਲਖ, ਸੂਬਾ ਸਕੱਤਰ ਪ੍ਰੋ. ਜਗਮੋਹਨ ਸਿੰਘ, ਜਥੇਬੰਦਕ ਸਕੱਤਰ ਨਰਭਿੰਦਰ ਅਤੇ ਪ੍ਰਕਾਸ਼ਨ ਸਕੱਤਰ ਪਿ੍ਰਤਪਾਲ ਨੇ ਪੰਜਾਬ ਵਿੱਚ ਔਰਤਾਂ ਦੀ ਅਸੁਰੱਖਿਅਤਾ ਦੀਆਂ ਵੱਧ ਰਹੀਆਂ ਅਜਿਹੀਆਂ ਘਟਨਾਵਾਂ ਉੱਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟਰ ਵਿਸ਼ੇਸ਼ ਕਰ ਕੇ ਸੱਤਾ ’ਤੇ ਬਿਰਾਜਮਾਨ ਅਤੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਘਰਾਣੇ ਔਰਤਾਂ ਨਾਲ ਵਧੀਕੀਆਂ ਕਰਨ ਸਮੇਤ ਲੋਕਾਂ ਦੇ ਹੱਕਾਂ ਨੂੰ ਪੈਰਾਂ ਥੱਲੇ ਦਰੜ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਕਾਲੇ ਸ਼ੀਸੇ, ਪਰਦੇ, ਅਸ਼ਲੀਲ ਗਾਣੇ ਅਤੇ ਫ਼ਿਲਮਾਂ ਚਲਾਉਣ, ਪ੍ਰੈਸ਼ਰ ਹਾਰਨ ਅਤੇ ਖ਼ਤਰਨਾਕ ਤੇਜ਼ ਰਫਤਾਰੀ ਦੀ ਮਨਾਹੀ ; ਬੱਸ ਰੂਟ ਅਤੇ ਪਰਮਿਟ ਦਾ ਬੋਰਡ ਨਾ ਲਾਕੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਇਹ ਟਰਾਂਸਪੋਰਟਰ ਟਿੱਚ ਕਰ ਕੇ ਜਾਣਦੇ ਹਨ। ਪਿਛਲੇ ਸਮੇਂ ਵਿੱਚ ਸਭਾ ਵੱਲੋਂ ਜਾਰੀ ਰਿਪੋਰਟਾਂ ਸਮੇਤ ਆਏ ਦਿਨ ਇਹਨਾਂ ਟਰਾਂਸਪੋਰਟਰਾਂ ਵੱਲੋਂ ਬੱਸ ਮੁਸਾਫ਼ਰਾਂ ਵਿਸ਼ੇਸ਼ ਕਰ ਕੇ ਔਰਤਾਂ ਨਾਲ ਦੁਰਵਿਵਹਾਰ, ਦੂਸਰੇ ਵਾਹਣਾ ਦੇ ਚਾਲਕਾਂ ਅਤੇ ਸਵਾਰਾਂ ਦੀ ਕੁੱਟਮਾਰ, ਦਰੜ ਕੇ ਲੰਘ ਜਾਣ, ਸਰਕਾਰੀ ਅਤੇ ਛੋਟੀ ਟਰਾਂਸਪੋਰਟ ਦੇ ਮੁਲਾਜ਼ਮਾਂ ਦੀ ਕੁੱਟਮਾਰ ਧੱਕੇਸ਼ਾਹੀ ਦੀਆਂ ਘਟਨਾਵਾਂ ਨੂੰ ਲੋਕ ਹਰ ਰੋਜ਼ ਹੱਡੀ ਹੰਢਾ ਰਹੇ ਹਨ। ਇਸ ਵਰਤਾਰੇ ਵਿਰੁੱਧ ਲੋਕ ਦਬਾਅ ਹੇਠ ਦਰਜ਼ ਕੀਤੇ ਗਏ ਕੁੱਝ ਕੁ ਮਾਮਲਿਆਂ ਵਿੱਚ ਕਾਗਜ਼ੀ ਕਾਰਵਾਈ ਤੋਂ ਗੱਲ ਅੱਗੇ ਨਹੀਂ ਵੱਧੀ ਅਤੇ ਨਾਹੀ ਇਸ ਵਰਤਾਰੇ ਨੂੰ ਠੱਲ ਪਈ ਹੈ। ਸਭਾ ਤੱਤਕਾਲੀ ਘਟਨਾ ਵਿੱਚ ਬੱਚੀ ਦੇ ਕਤਲ ਦੇ ਮੁੱਖ ਜ਼ਿੰਮੇਵਾਰ ਬੱਸ ਮਾਲਕਾਂ ਨੂੰ ਟਿੱਕਦੀ ਅਤੇ ਮੰਗ ਕਰਦੀ ਕਿ ਉਹਨਾਂ ਨੂੰ ਤੁਰੰਤ ਗਿ੍ਰਫਤਾਰ ਕਰ ਕੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ। ਨੰਨੀ ਛਾਂ ਦਾ ਢਕੌਂਚ ਕਰਨ ਵਾਲੀ ਅਤੇ ਲੋਕਾਂ ਸਾਹਮਣੇ ਝੂਠ ਬੋਲਣ ਵਾਲੀ, ਬੱਸ ਦੀ ਹਿੱਸੇਦਾਰ ਸੰਸਦ ਮੈਂਬਰ ਹਰਸਿਮਰਤ ਕੌਰ ਸਮੇਤ ਸ਼ਾਹੀ ਘਰਾਣੇ ਦੀ ਛੱਤਰ ਛਾਇਆ ਹੇਠ ਪਲ ਰਹੀ ਗੰੁਡਾਗਰਦੀ ਨਾਲ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਘਾਣ ਦਾ ਵਿਰੋਧ ਕੀਤਾ ਜਾਵੇ। ਕਿੳਂ ਕਿ ਹੋਮ ਮਨਿਸਟਰ ਖੁਦ ਮਾਲਕ ਵੀ ਹੈ, ਨੂੰ ਅਸਤੀਫਾ ਦੇਣਾ ਬਣਦਾ ਹੈ। ਸਭਾ ਇਹ ਵੀ ਮੰਗ ਕਰ ਦੀ ਹੈ ਕਿ ਨਿਯਮ ਅਨੁਸਾਰ ਜਨਤਾ ਨੂੰ ਸਰਵਿਸ ਦੇਣ ਵਾਲੇ ਸਰਕਾਰੀ ਜਾਂ ਪਰਾਈਵੇਟ ਅਦਾਰੇ ਦੇ ਕਾਮੇ ਵਰਦੀ ਵਿਚ ਹੋਣ ਤੇ ਉਸ ਉਤੇ ਉਸ ਦਾ ਨਾਂ ਤੇ ਮੋਬਾਇਲ ਲਿਖਿਆ ਹੋਵੇ। ਬਸ ਦੇ ਬਾਹਰ ਉਸ ਦੇ ਚਾਲਕ ਤੇ ਸਭ ਕਰਮਚਾਰੀਆਂ ਦੇ ਨਾਂ ਤੇ ਮੋਬਾਇਲ ਨੰਬਰ ਸਾਫ ਲਿਖੇ ਹੋਣ । ਇਕ ਜੂਡੀਸ਼ਅਲ ਅਫਸਰ ਇਹਨਾਂ ਖ਼ਿਲਾਫ਼ ਸ਼ਿਕਾਇਤਾਂ ਦੀ ਨਜਰ ਸਾਨੀ ਕਰੇ। ਜਿਥੇ ਤੁਰੰਤ ਕਾਰਵਈ ਕਰਕੇ ਪੀੜਤ ਪਰਵਾਰ ਨੂੰ ਇਨਸਾਫ ਯਕੀਨੀ ਬਣਾਇਆ ਜਾਵੇ। ਗੁੁਨਾਹ ਲਈ ਵਰਤੀ ਗਈ ਬੱਸ ਦੇ ਮਾਲਕ ਵੀ ਗੁਨਾਂਹ ਵਿਚ ਕਾਨੂੰਨੀ ਤੌਰ ਤੇ ਹਿੱਸੇਦਾਰ ਹਨ, ਉਨ੍ਹਾਂ ’ਤੇ ਵੀ ਸਖਤ ਕਾਰਵਾਈ ਕੀਤੀ ਜਾਵੇ। ਔਰਤਾਂ ਤੇ ਆਮ ਸਵਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਪਰ ਸੁਝਾਏ ਤਰੀਕੇ ਲਾਗੂ ਕਰਨੇ ਯਕੀਨੀ ਬਣਾਏ ਜਾਣ।
ਸਭਾ ਨੇ ਪੰਜਾਬ ਦੇ ਜਮਹੂਰੀ ਲੋਕਾਂ, ਲੋਕ ਪੱਖੀ ਬੁਧੀਜੀਵੀਆਂ ਅਤੇ ਸੰਘਰਸਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਇਸ ਘਟਨਾ ਦੇ ਮੁੱਖ ਦੋਸ਼ੀਆਂ ਦੀਆਂ ਲੋਕ ਵਿਰੋਧੀ ਕਾਰਵਾਈਆਂ ਨੂੰ ਨੰਗਾ ਕਰ ਕੇ ਲੋਕਾਂ ਦੀ ਚੇਤਨਾ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਸਾਂਝੇ ਉਪਰਾਲੇ ਕੀਤੇ ਜਾਣ ਉਥੇ ਔਰਤਾਂ ਅਤੇ ਆਮ ਸਵਾਰੀਆਂ ਦੀ ਸੁਰੀਖਆ ਨੂੰ ਯਕੀਨੀ ਬਣਾਊਣ ਵਾਲੇ ਢੰਗ ਤਰੀਕਿਆਂ ਦੀ ਜਨਤਕ ਏਕਤਾ ਤੇ ਸੰਘਰਸ਼ ਰਾਹੀ ਲਾਗੂ ਕਰਵਾਣ ਲਈ ਲਾਮ ਬੰਦ ਹੋਣ।
ਜਾਰੀ ਕਰਤਾ: ਪਿ੍ਰਤਪਾਲ ਸਿੰਘ
ਸੂਬਾ ਪ੍ਰਕਾਸ਼ਨ ਸਕੱਤਰ 9876060280