Saturday, May 2, 2015

ਚਲਦੀ ਬੱਸ ਵਿੱਚੋਂ ਬਾਹਰ ਸੁੱਟਕੇ ਬੱਚੀ ਨੂੰ ਕਤਲ ਕਰਨ ਦੀ ਘਟਨਾ ਨੂੰ ਔਰਤਾਂ ਦੀ ਸੁਰੱਖਿਅਤਾ ਅਤੇ ਸਵੈਮਾਨ ਉੱਪਰ ਹਮਲਾ ਕਰਾਰ



ਪ੍ਰੈਸ ਨੋਟ
ਬਠਿੰਡਾ 2 ਮਈ 2015 ( ) ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮੋਗਾ ਨੇੜੇ ਹਾਕਮ ਘਰਾਣੇ ਦੀ ਬੱਸ ਵਿੱਚ ਦਲਿਤ ਬੱਚੀ ਅਤੇ ਉਸਦੀ ਮਾਂ ਨਾਲ ਬਦਸਲੂਕੀ ਅਤੇ ਉਹਨਾਂ ਨੂੰ ਚਲਦੀ ਬੱਸ ਵਿੱਚੋਂ ਧੱਕੇ ਨਾਲ ਬਾਹਰ ਸੁੱਟਕੇ ਬੱਚੀ ਨੂੰ ਕਤਲ ਕਰਨ ਦੀ ਘਟਨਾ ਨੂੰ ਦੱਬੇ ਕੁੱਚਲੇ ਲੋਕਾਂ ਵਿਸ਼ੇਸ਼ ਕਰ ਕੇ ਦਲਿਤ ਔਰਤਾਂ ਦੀ ਸੁਰੱਖਿਅਤਾ ਅਤੇ ਸਵੈਮਾਨ ਉੱਪਰ ਹਮਲਾ ਕਰਾਰ ਦਿੱਤਾ। ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਅਜਮੇਰ ਔਲਖ, ਸੂਬਾ ਸਕੱਤਰ ਪ੍ਰੋ. ਜਗਮੋਹਨ ਸਿੰਘ, ਜਥੇਬੰਦਕ ਸਕੱਤਰ ਨਰਭਿੰਦਰ ਅਤੇ ਪ੍ਰਕਾਸ਼ਨ ਸਕੱਤਰ ਪਿ੍ਰਤਪਾਲ ਨੇ ਪੰਜਾਬ ਵਿੱਚ ਔਰਤਾਂ ਦੀ ਅਸੁਰੱਖਿਅਤਾ ਦੀਆਂ ਵੱਧ ਰਹੀਆਂ ਅਜਿਹੀਆਂ ਘਟਨਾਵਾਂ ਉੱਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟਰ ਵਿਸ਼ੇਸ਼ ਕਰ ਕੇ ਸੱਤਾ ’ਤੇ ਬਿਰਾਜਮਾਨ ਅਤੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਘਰਾਣੇ ਔਰਤਾਂ ਨਾਲ ਵਧੀਕੀਆਂ ਕਰਨ ਸਮੇਤ ਲੋਕਾਂ ਦੇ ਹੱਕਾਂ ਨੂੰ ਪੈਰਾਂ ਥੱਲੇ ਦਰੜ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਕਾਲੇ ਸ਼ੀਸੇ, ਪਰਦੇ, ਅਸ਼ਲੀਲ ਗਾਣੇ ਅਤੇ ਫ਼ਿਲਮਾਂ ਚਲਾਉਣ, ਪ੍ਰੈਸ਼ਰ ਹਾਰਨ ਅਤੇ ਖ਼ਤਰਨਾਕ ਤੇਜ਼ ਰਫਤਾਰੀ ਦੀ ਮਨਾਹੀ ; ਬੱਸ ਰੂਟ ਅਤੇ ਪਰਮਿਟ ਦਾ ਬੋਰਡ ਨਾ ਲਾਕੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਇਹ ਟਰਾਂਸਪੋਰਟਰ ਟਿੱਚ ਕਰ ਕੇ ਜਾਣਦੇ ਹਨ। ਪਿਛਲੇ ਸਮੇਂ ਵਿੱਚ ਸਭਾ ਵੱਲੋਂ ਜਾਰੀ ਰਿਪੋਰਟਾਂ ਸਮੇਤ ਆਏ ਦਿਨ ਇਹਨਾਂ ਟਰਾਂਸਪੋਰਟਰਾਂ ਵੱਲੋਂ ਬੱਸ ਮੁਸਾਫ਼ਰਾਂ ਵਿਸ਼ੇਸ਼ ਕਰ ਕੇ ਔਰਤਾਂ ਨਾਲ ਦੁਰਵਿਵਹਾਰ, ਦੂਸਰੇ ਵਾਹਣਾ ਦੇ ਚਾਲਕਾਂ ਅਤੇ ਸਵਾਰਾਂ ਦੀ ਕੁੱਟਮਾਰ, ਦਰੜ ਕੇ ਲੰਘ ਜਾਣ, ਸਰਕਾਰੀ ਅਤੇ ਛੋਟੀ ਟਰਾਂਸਪੋਰਟ ਦੇ ਮੁਲਾਜ਼ਮਾਂ ਦੀ ਕੁੱਟਮਾਰ ਧੱਕੇਸ਼ਾਹੀ ਦੀਆਂ ਘਟਨਾਵਾਂ ਨੂੰ ਲੋਕ ਹਰ ਰੋਜ਼ ਹੱਡੀ ਹੰਢਾ ਰਹੇ ਹਨ। ਇਸ ਵਰਤਾਰੇ ਵਿਰੁੱਧ ਲੋਕ ਦਬਾਅ ਹੇਠ ਦਰਜ਼ ਕੀਤੇ ਗਏ ਕੁੱਝ ਕੁ ਮਾਮਲਿਆਂ ਵਿੱਚ ਕਾਗਜ਼ੀ ਕਾਰਵਾਈ ਤੋਂ ਗੱਲ ਅੱਗੇ ਨਹੀਂ ਵੱਧੀ ਅਤੇ ਨਾਹੀ ਇਸ ਵਰਤਾਰੇ ਨੂੰ ਠੱਲ ਪਈ ਹੈ। ਸਭਾ ਤੱਤਕਾਲੀ ਘਟਨਾ ਵਿੱਚ ਬੱਚੀ ਦੇ ਕਤਲ ਦੇ ਮੁੱਖ ਜ਼ਿੰਮੇਵਾਰ ਬੱਸ ਮਾਲਕਾਂ ਨੂੰ ਟਿੱਕਦੀ ਅਤੇ ਮੰਗ ਕਰਦੀ ਕਿ ਉਹਨਾਂ ਨੂੰ ਤੁਰੰਤ ਗਿ੍ਰਫਤਾਰ ਕਰ ਕੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ। ਨੰਨੀ ਛਾਂ ਦਾ ਢਕੌਂਚ ਕਰਨ ਵਾਲੀ ਅਤੇ ਲੋਕਾਂ ਸਾਹਮਣੇ ਝੂਠ ਬੋਲਣ ਵਾਲੀ, ਬੱਸ ਦੀ ਹਿੱਸੇਦਾਰ ਸੰਸਦ ਮੈਂਬਰ ਹਰਸਿਮਰਤ ਕੌਰ ਸਮੇਤ ਸ਼ਾਹੀ ਘਰਾਣੇ ਦੀ ਛੱਤਰ ਛਾਇਆ ਹੇਠ ਪਲ ਰਹੀ ਗੰੁਡਾਗਰਦੀ ਨਾਲ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਘਾਣ ਦਾ ਵਿਰੋਧ ਕੀਤਾ ਜਾਵੇ। ਕਿੳਂ ਕਿ ਹੋਮ ਮਨਿਸਟਰ ਖੁਦ ਮਾਲਕ ਵੀ ਹੈ, ਨੂੰ ਅਸਤੀਫਾ ਦੇਣਾ ਬਣਦਾ ਹੈ। ਸਭਾ ਇਹ ਵੀ ਮੰਗ ਕਰ ਦੀ ਹੈ ਕਿ ਨਿਯਮ ਅਨੁਸਾਰ ਜਨਤਾ ਨੂੰ ਸਰਵਿਸ ਦੇਣ ਵਾਲੇ ਸਰਕਾਰੀ ਜਾਂ ਪਰਾਈਵੇਟ ਅਦਾਰੇ ਦੇ ਕਾਮੇ ਵਰਦੀ ਵਿਚ ਹੋਣ ਤੇ ਉਸ ਉਤੇ ਉਸ ਦਾ ਨਾਂ ਤੇ ਮੋਬਾਇਲ ਲਿਖਿਆ ਹੋਵੇ। ਬਸ ਦੇ ਬਾਹਰ ਉਸ ਦੇ ਚਾਲਕ ਤੇ ਸਭ ਕਰਮਚਾਰੀਆਂ ਦੇ ਨਾਂ ਤੇ ਮੋਬਾਇਲ ਨੰਬਰ ਸਾਫ ਲਿਖੇ ਹੋਣ । ਇਕ ਜੂਡੀਸ਼ਅਲ ਅਫਸਰ ਇਹਨਾਂ ਖ਼ਿਲਾਫ਼ ਸ਼ਿਕਾਇਤਾਂ ਦੀ ਨਜਰ ਸਾਨੀ ਕਰੇ। ਜਿਥੇ ਤੁਰੰਤ ਕਾਰਵਈ ਕਰਕੇ ਪੀੜਤ ਪਰਵਾਰ ਨੂੰ ਇਨਸਾਫ ਯਕੀਨੀ ਬਣਾਇਆ ਜਾਵੇ। ਗੁੁਨਾਹ ਲਈ ਵਰਤੀ ਗਈ ਬੱਸ ਦੇ ਮਾਲਕ ਵੀ ਗੁਨਾਂਹ ਵਿਚ ਕਾਨੂੰਨੀ ਤੌਰ ਤੇ ਹਿੱਸੇਦਾਰ ਹਨ, ਉਨ੍ਹਾਂ ’ਤੇ ਵੀ ਸਖਤ ਕਾਰਵਾਈ ਕੀਤੀ ਜਾਵੇ। ਔਰਤਾਂ ਤੇ ਆਮ ਸਵਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਪਰ ਸੁਝਾਏ ਤਰੀਕੇ ਲਾਗੂ ਕਰਨੇ ਯਕੀਨੀ ਬਣਾਏ ਜਾਣ।
ਸਭਾ ਨੇ ਪੰਜਾਬ ਦੇ ਜਮਹੂਰੀ ਲੋਕਾਂ, ਲੋਕ ਪੱਖੀ ਬੁਧੀਜੀਵੀਆਂ ਅਤੇ ਸੰਘਰਸਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਇਸ ਘਟਨਾ ਦੇ ਮੁੱਖ ਦੋਸ਼ੀਆਂ ਦੀਆਂ ਲੋਕ ਵਿਰੋਧੀ ਕਾਰਵਾਈਆਂ ਨੂੰ ਨੰਗਾ ਕਰ ਕੇ ਲੋਕਾਂ ਦੀ ਚੇਤਨਾ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਸਾਂਝੇ ਉਪਰਾਲੇ ਕੀਤੇ ਜਾਣ ਉਥੇ ਔਰਤਾਂ ਅਤੇ ਆਮ ਸਵਾਰੀਆਂ ਦੀ ਸੁਰੀਖਆ ਨੂੰ ਯਕੀਨੀ ਬਣਾਊਣ ਵਾਲੇ ਢੰਗ ਤਰੀਕਿਆਂ ਦੀ ਜਨਤਕ ਏਕਤਾ ਤੇ ਸੰਘਰਸ਼ ਰਾਹੀ ਲਾਗੂ ਕਰਵਾਣ ਲਈ ਲਾਮ ਬੰਦ ਹੋਣ।
ਜਾਰੀ ਕਰਤਾ: ਪਿ੍ਰਤਪਾਲ ਸਿੰਘ
ਸੂਬਾ ਪ੍ਰਕਾਸ਼ਨ ਸਕੱਤਰ 9876060280

No comments:

Post a Comment