Monday, December 30, 2013

ਪਿੰਡ ਢੁਡੀਕੇ 'ਚ ਡੇਰਾ ਸੱਚਾ ਸੌਦਾ ਅਤੇ ਸ਼ਰਾਰਤੀ ਤੱਤਾਂ ਵਿੱਚ ਤਨਾਅ ਦੀ ਹਕੀਕੀ ਕਹਾਣੀ- ਜਮਹੂਰੀ ਅਧਿਕਾਰ ਸਭਾ ਦੀ ਤੱਥ ਖੋਜ ਰਿਪੋਰਟ

ਪਿਛਲੇ 25-26 ਨਵੰਬਰ 2013 ਨੂੰ ਪਿੰਡ ਢੁਡੀਕੇ 'ਚ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਅਤੇ ਕੱਟੜ ਸਿੱਖਾਂ ਦਰਮਿਆਨ ਤਨਾਅ ਨੇ ਪੰਜਾਬ ਦੇ ਲੋਕਾਂ ਨੂੰ ਫਿਰ ਝੰਜੋੜ ਦਿੱਤਾ। ਪੰਜਾਬ ਦੇ ਜਮਹੂਰੀਅਤ ਪਸੰਦ ਲੋਕਾਂ ਦੇ ਮਨਾਂ ਵਿੱਚ ਤੌਖਲੇ ਉੱਠੇ ਰਹੇ ਹਨ ਕਿ 13 ਮਈ 2007 ਨੂੰ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰਾ ਸਲਾਬਤਪੁਰਾ ਵਿੱਚ ਜਾਮੇ-ਏ-ਇਨਸਾਂ ਪਿਲਾਉਣ ਵੇਲੇ ਇੱਕ ਤਨਾਅ ਭਰੇ ਮਹੌਲ ਤੋਂ ਪਿਛੋਂ ਲਗਾਤਾਰ ਹੋ ਰਹੇ ਟਕਰਾ, ਅਮ੍ਰਿਤਸਰ ਵਿਖੇ 1979 ਵਿੱਚ ਵਿਸਾਖੀ ਵੇਲੇ ਸਿੱਖਾਂ ਅਤੇ ਨਿਰੰਕਾਰੀਆਂ ਵਿੱਚ ਹੋਏ ਖੂਨੀ ਟਕਰਾ ਤੋਂ ਬਾਅਦ ਪੰਜਾਬ ਵੱਲੋਂ ਅੱਸੀਵਿਆਂ ਦੇ ਹੰਢਾਏ ਸੰਤਾਪ ਵਿੱਚ ਤਬਦੀਲ ਨਾ ਹੋ ਜਾਵੇ।ਇਸ ਕਰਕੇ ਲਗਾਤਾਰ ਵਾਪਰ ਰਹੀਆਂ ਇਹਨਾਂ ਟਕਰਾ ਦੀ ਘਟਨਾਵਾਂ ਤੋਂ ਚਿੰਤਤ ਹੋਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਇਸ ਵਿੱਚ ਸਾਰਥਕ ਦਖਲ ਦੇਣ ਹਿੱਤ ਢੁਡੀਕੇ ਦੀ ਘਟਨਾ ਦੀ ਜਾਂਚ ਕਰਕੇ ਤੱਥ ਲੋਕਾਂ ਸਾਹਮਣੇ ਲਿਆਉਣ ਦਾ ਫੈਸਲਾ ਲਿਆ।ਸੂਬਾ ਕਮੇਟੀ ਵੱਲੋਂ ਪ੍ਰੋ. ਏ. ਕੇ. ਮਲੇਰੀ ਦੀ ਅਗਵਾਈ ਹੇਠ ਇੱਕ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਜਿਸ ਦੇ ਮੈਂਬਰ ਨਰਭਿੰਦਰ ਸੂਬਾ ਜਥੇਬੰਦਕ ਸਕੱਤਰ ਅਤੇ ਪ੍ਰਿਤਪਾਲ ਸਿੰਘ ਸੂਬਾ ਕਮੇਟੀ ਮੈਂਬਰ ਸਨ।ਇਸ ਜਾਂਚ ਕਮੇਟੀ ਨੇ ਮੋਗਾ ਇਕਾਈ ਦੇ ਸਥਾਨਕ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ।ਇਸ ਕਮੇਟੀ ਨੇ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਦੇ ਸਰਪੰਚ ਜਸਦੀਪ ਸਿੰਘ ਗੈਰੀ, ਹੋਰ ਉਘੀਆਂ ਸ਼ਖਸ਼ੀਅਤਾਂ ਜਸਵੰਤ ਕੰਵਲ, ਕ੍ਰਿਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਢੁਡੀਕੇ ਆਦਿ ਤੋਂ ਇਲਾਵਾ ਸਰਕਲ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ (ਪਟਨੇਵਾਲੇ), ਪ੍ਰੇਮੀ ਪ੍ਰੀਵਾਰ, ਪੁਲਸ ਅਧਿਕਾਰੀਆਂ ਅਤੇ ਪਿੰਡ ਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ।ਕੁੱਝ ਪਿੰਡ ਬਾਰੇ:- ਮੋਗੇ ਜ਼ਿਲ੍ਹੇ ਦਾ ਪਿੰਡ ਢੁਡੀਕੇ ਪੰਜਾਬ ਦਾ ਇੱਕ ਮਸ਼ਹੂਰ ਪਿੰਡ ਹੈ।ਇਸ ਪਿੰਡ ਦੀ ਕੁੱਲ ਆਬਾਦੀ 10,000 ਹੈ।4000 ਕੁ ਹਜ਼ਾਰ ਵੋਟਾਂ ਨਾਲ ਚੁਣੀ ਜਾਂਦੀ ਇਸ ਪੰਚਾਇਤ ਦੀ ਪਹਿਚਾਣ ਇਸ ਪੱਖੌਂ ਹੈ ਕਿ ਇਥੇ ਪੰਚਾਇਤੀ ਚੋਣਾ ਪਿਛੋਂ  ਪਿੰਡ ਦੇ ਵਿਕਾਸ ਲਈ ਸਾਰੇ ਹੀ ਗਰੁੱਪ/ਧੜੇ ਇਕੱਠੇ ਹੁੰਦੇ ਹਨ।ਕੋਈ ਵੈਰ ਵਿਰੋਧ ਨਾ ਰੱਖਦੇ ਹੋਏ ਵਿਚਾਰਾਂ ਦੀ ਭਿੰਨਤਾਵਾਂ ਹੋਣ ਦੇ ਬਾਵਜੂਦ ਪਿੰਡ ਦੀ ਭਾਈਚਾਰਕ ਸਾਂਝ ਮਜ਼ਬੂਤ ਰਹੀ ਹੈ। ਇਸ ਦਾ ਕਾਰਨ ਸ਼ਾਇਦ  ਆਜ਼ਾਦੀ ਦੀ ਲੜਾਈ ਵਿੱਚ ਇਸ ਪਿੰਡ ਦਾ ਬਹੁਤ ਅਹਿਮ ਯੋਗਦਾਨ ਹੋਣਾ ਵੀ ਹੈ। 1913-16 'ਚ ਚੱਲੀ ਗਦਰ ਲਹਿਰ ਸਮੇਂ ਇਹ ਪਿੰਡ ਮਾਲਵੇ ਦਾ ਕੇਂਦਰ ਰਿਹਾ ਹੈ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਇਥੇ ਕਈ ਵਾਰ ਮੀਟਿੰਗਾਂ ਕਰਵਾਉਣ ਆਉਂਦੇ ਰਹੇ। ਇਥੋਂ ਦੇ ਬਾਬਾ ਈਸ਼ਰ ਸਿੰਘ ਅਤੇ ਬਾਬਾ ਰੂੜ ਸਿੰਘ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਬਾਬਾ ਜਥੇਦਾਰ ਪਾਲਾ ਸਿੰਘ ਛੋਟਾ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ।  ਬਾਬਾ ਪਾਖਰ ਸਿੰਘ, ਬਾਬਾ ਸ਼ਾਮ ਸਿੰਘ, ਹਰਨਾਮ ਸਿੰਘ, ਬਾਬਾ ਮਹਿੰਦਰ ਸਿੰਘ, ਬਾਬਾ ਅਤਰ ਸਿੰਘ, ਮਾਸਟਰ ਫੇਰਾ ਸਿੰਘ ਅਤੇ ਨੰਬਰਦਾਰ ਕਾਲਾ ਸਿੰਘ ਇਸ ਪਿੰਡ ਦੇ ਉਘੇ ਗਦਰੀ ਰਹੇ ਹਨ। ਦੇਸ਼ ਦੀ ਆਜ਼ਾਦੀ 'ਚ  ਅਹਿਮ ਭੂਮਿਕਾ ਨਿਭਾਉਣ ਵਾਲੇ ਲਾਲਾ ਲਾਜਪੱਤ ਰਾਏ ਦੀ ਜਨਮ ਭੂਮੀ(ਨਾਨਕਾ ਪਿੰਡ) ਵੀ ਹੈ।ਇਸ ਪਿੰਡ ਵਿੱਚ ਤਿੰਨ ਕਾਲਜ ਹਨ।ਪਿਛਲੇ ਕਈ ਦਹਾਕਿਆਂ ਤੋਂ ਇਹ ਪਿੰਡ ਖੱਬੇ ਪੱਖੀ ਲਹਿਰਾਂ ਦਾ ਵੀ ਕੇਂਦਰ ਰਿਹਾ ਹੈ।ਇਸ ਕਾਰਨ ਲੋਕਾਂ ਵਿੱਚ ਭਾਈਚਾਰਕ ਸਾਂਝ ਦਾ ਮਜ਼ਬੂਤ ਆਧਾਰ ਹੈ। ਹਰ ਵਰ੍ਹੇ ਇੱਥੇ ਗਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ ਵੀ ਕਰਵਾਇਆ ਜਾਂਦਾ ਹੈ ਅਤੇ ਅਗਾਂਹਵਧੂ ਸੱਭਿਆਂਚਾਰਕ ਪ੍ਰੋਗਰਾਮ ਵੀ ਹੁੰਦੇ ਰਹਿੰਦੇ ਹਨ।ਇਹੀ ਕਾਰਨ ਹੈ ਕਿ ਪੰਚਾਇਤ ਦੀ ਚੋਣ ਮੌਕੇ ਰਵਾਇਤੀ ਕਾਂਗਰਸੀ/ਅਕਾਲੀ ਦਲ ਦੇ ਬੈਨਰਾਂ ਨਾਲੋਂ ਇੱਕ ਸਾਂਝੇ ਅਤੇ ਨਿਰਪੱਖ ਆਗੂ ਦੀ ਚੋਣ ਨੂੰ ਪਹਿਲ ਮਿਲਦੀ ਹੈ। ਮੌਜੂਦਾ ਸਰਪੰਚ ਵੀ ਸਿਆਸੀ ਪਾਰਟੀਆਂ ਤੋਂ ਨਿਰਲੇਪ ਹੈ।25 ਨਵੰਬਰ ਦੀ ਘਟਨਾ:- ਲੋਕਾਂ ਅਨੁਸਾਰ ਪਿੰਡ 'ਚ 28 ਨਵੰਬਰ ਗਦਰੀ ਬਾਬਿਆਂ ਦੀ ਯਾਦ 'ਚ ਪ੍ਰੋਗਰਾਮ ਕਰਵਾਉਣ  ਦੀਆਂ ਤਿਆਰੀਆਂ ਚਲ ਰਹੀਆਂ ਸਨ। ਅਤੇ ਸਬੰਧਤ ਕਮੇਟੀ ਫੰਡ ਇਕੱਠਾ ਕਰ ਰਹੀ ਸੀ ਕਿ ਸ਼ਾਮ ਨੂੰ ਪਿੰਡ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਪਿੰਡ ਦੀ ਦਾਣਾ ਮੰਡੀ ਵਿੱਚ ਡੇਰਾ ਸੱਚਾ ਸੌਦਾ ਸਰਸਾ ਵਾਲੇ ਕੋਈ ਸਮਾਗਮ ਕਰ ਰਹੇ ਹਨ।ਪਿੰਡ ਚੋਂ ਇੱਕ ਦੋ ਵਿਅਕਤੀਆਂ ਨੇ ਚੁੱਪ ਚਪੀਤੇ ਅੰਦਰ ਖਾਤੇ ਇਸ ਸਮਾਗਮ ਦੇ ਵਿਰੋਧ 'ਚ ਇੱਕ ਇਕੱਠ ਕੀਤਾ, ਅਤੇ ਇਕੱਠ ਨੂੰ ਉਤੇਚਤ ਕਰ ਦਿੱਤਾ।ਇਸ ਸਬੰਧੀ ਪਿੰਡ ਦੇ ਇੱਕ ਗੁਰਦੁਵਾਰੇ ਵਿੱਚ ਅਨਾਉਂਸਮੈਂਟ ਵੀ ਕਰਵਾ ਦਿੱਤੀ ਕਿ ਡੇਰੇ ਵਾਲੇ ਸਮਾਗਮ ਕਰ ਰਹੇ ਹਨ ਅਤੇ ਸਾਧ ਸੰਗਤ ਇੱਕ ਗੁਰਦੁਆਰੇ ਵਿੱਚ ਇਕੱਠੀ ਹੋਵੇ। ਸੋ ਸ਼ਾਮੀ 7 ਵਜ਼ੇ ਇਸ ਹੋਕੇ ਉਪਰ ਇਕੱਠੇ ਹੋਣ ਵਾਲੇ ਜਿਆਦਾ ਤਰ ਮੁੰਡੇ ਹੀ ਸਨ।ਇਨ੍ਹਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਅਤੇ ਸਰਕਲ ਯੂਥ ਅਕਾਲੀ ਮੁੱਖੀ ਗੁਰਪ੍ਰੀਤ ਸਿੰਘ (ਪਟਨੇਵਾਲੇ) ਵੀ ਸਨ।ਇਸ ਮੌਕੇ ਹੀ ਨੌਜਵਾਨ ਸਰਪੰਚ ਜਸਦੀਪ ਸਿੰਘ ਗੈਰੀ ਨੂੰ ਗੁਰਦਵਾਰੇ ਵਿੱਚ ਹੋਏ ਇਸ ਇਕੱਠ ਵਿੱਚ ਆਉਣ ਲਈ ਫੋਨ ਆਇਆ। ਜਦੋਂ ਸਰਪੰਚ ਇਸ ਇਕੱਠ ਵਿੱਚ ਪਹੁੰਚਿਆਂ ਤਾਂ ਇਹ ਇਕੱਠ ਡੇਰੇ ਵਾਲਿਆਂ ਦੇ ਸਮਾਗਮ ਨੂੰ ਰੋਕਣ ਲਈ ਬਜ਼ਿਦ ਸੀ।ਸਰਪੰਚ ਨੇ ਕਿਹਾ ਕਿ ਪ੍ਰੇਮੀਆਂ ਨਾਲ ਗੱਲ ਕਰ ਲੈਂਦੇ ਹਾਂ।ਸਰਪੰਚ ਨੇ ਫੋਨ ਮਿਲਾ ਲਿਆ ਅਤੇ ਗੱਲ ਵੀ ਕੀਤੀ ਕਿ ਸਮਾਗਮ ਘਰੇ ਕਰ ਲਉ ਕਿਤੇ ਤਨਾਅ ਨਾ ਬਣ ਜਾਵੇ।ਅੱਗੋਂ ਵੀ ਜਵਾਬ ਸੀ ਕਿ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਇਸ ਪ੍ਰੋਗਰਾਮ ਨੂੰ ਕੈਂਸਲ ਕਰ ਦਿੱੰਦੇ ਹਾਂ, ਪਰ ਇਸੇ ਫੋਨ ਵਿੱਚ ਸਰਪੰਚ ਨੇ ਸਾਹਮਣੇ ਵਾਲਾ ਉਥੇ ਸਮਾਗਮਕਾਰਾਂ ਨੂੰ ਇਹ ਕਹਿੰਦਾ ਸੁਣਿਆ ਕਿ ਟੈਂਟ ਲਾਉ ਸਰਪੰਚ ਨੇ ਜੁੰਮੇਵਾਰੀ ਲੈ ਲਈ ਹੈ।ਸਰਪੰਚ ਦਾ ਸੁਝਾ ਸੀ ਕਿ ਅਸੀ ਚਾਰ ਜਣੇ ਜਾ ਕੇ ਗੱਲ ਕਰਾਂਗੇ। ਪਰ ਹਜ਼ੂਮ ਨੇ ਇਸ ਦੀ ਪ੍ਰਵਾਹ ਨਾ ਕਰਦਿਆਂ  ਸਰਪੰਚ ਅਤੇ ਹੋਰ ਮੋਹਤਬਰਾਂ ਤੋਂ ਪਹਿਲਾਂ ਹੀ ਮੰਡੀ ਵੱਲ ਕੂਚ ਕਰ ਦਿੱਤਾ ਅਤੇ ਟੈਂਟ ਲਾ ਰਹੇ ਡੇਰਾ ਪ੍ਰੇਮੀਆਂ ਦੇ ਮੋਟਰਸਾਈਕਲਾਂ ਅਤੇ ਟੈਂਟ ਨੂੰ ਅੱਗ ਲਾ ਦਿੱਤੀ।ਸਾੜਨ ਵਾਲਿਆਂ ਨੇ ਉੱਥੇ ਭੰਗੜਾ ਵੀ ਪਾਇਆ। ਡੇਰਾ ਪ੍ਰੇਮੀ ਇਸ ਹੋ ਹੱਲੇ ਨੁੰ ਟਾਲਦੇ ਹੋਏ ਸਹਿਜੇ ਹੀ ਇੱਧਰ ਉਧਰ ਹੋ ਗਏ। ਸਰਪੰਚ ਗੈਰੀ ਨੇ ਕਿਹਾ ਕਿ ਸਾਡੀ ਗਲਬਾਤ ਦੀ ਤਜ਼ਵੀਜ਼ ਤਾਂ ਭੀੜ ਦੀ ਇਸ ਕਾਰਵਾਈ ਕਾਰਨ ਹੀ ਫੇਲ ਗਈ।ਇਸ ਘਟਨਾ ਸਬੰਧੀ ਗਤੀਵਿਧੀਆਂ ਕੋਈ ਪੰਜ ਕੁ ਵਜ਼ੇ ਹੀ ਸੁਰੂ ਹੋ ਗਈਆਂ ਸਨ ਅਤੇ ਗੁਰਦਵਾਰੇ ਵਿੱਚ ਇੱਕ ਪੁਲਸ ਅਧਿਕਾਰੀ  2-3 ਪੁਲਸ ਮਲਾਜਮਾ ਸਮੇਤ ਦੇਖਿਆ ਗਿਆ ਸੀ।ਡੇਰਾ ਪਰੇਮੀਆਂ ਵੱਲੋਂ ਆਪਣੀਆਂ ਉਪਰਲੀਆਂ ਕਮੇਟੀਆਂ ਨੂੰ ਫੋਨ ਰਾਹੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਅਤੇ ਰਾਤ ਨੂੰ ਕੋਈ 200-200 ਡੇਰਾ ਪ੍ਰੇਮੀ ਵੱਖ ਵੱਖ ਪਿੰਡਾਂ ਚੋਂ ਢੁਡੀਕੇ ਪਹੁੰਚ ਗਏ ਸਨ।ਅਤੇ ਉਹ ਪੁਲਸ ਅਧਿਕਾਰੀਆਂ ਨੂੰ ਵੀ ਮਿਲੇ।  ਰਾਤ ਨੂੰ ਇੱਕ ਵਜੇ ਪੁਲਸ ਹਰਕਤ ਵਿੱਚ ਆਈ ਅਤੇ ਪਹਿਲਾਂ ਸਰਪੰਚ ਗੈਰੀ ਨੂੰ ਉਠਾਇਆ ਕਿ ਤੁਹਾਨੂੰ ਐਸ.ਐਸ.ਪੀ. ਨੇ ਬੁਲਾਇਆ ਹੈ ਅਤੇ ਗੱਡੀ ਵਿੱਚ ਬਿਠਾ ਲਿਆ। ਇਵੇਂ ਹੀ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਅਤੇ ਗੁਰਪ੍ਰੀਤ ਸਿੰਘ (ਪਟਨੇਵਾਲੇ) ਨੂੰ ਵੀ ਬਿਠਾ ਲਿਆਂ।  ਥਾਣੇ ਜਾਂਦਿਆ ਹੀ ਪੁਲਸ ਅਧਿਕਾਰੀ ਨੇ ਕਿਹਾ ਕਿ  ਸਰਪੰਚਾ ਕੀ ਕਰਵਾ ਦਿੱਤਾ? ਸਰਪੰਚ ਨੇ ਘਟਨਾ ਦਾ ਵਿਸਥਾਰ ਦੱਸਿਆ ਅਤੇ ਥਾਣੇਦਾਰ ਨਾਲ ਠੀਕ ਪ੍ਰਬੰਧ ਨਾ ਹੋਣ ਕਾਰਨ ਤਲਖੀ ਵੀ ਕੀਤੀ ।  ਫਿਰ ਐਸ.ਐਸ.ਪੀ. ਸਾਨੂੰ ਇਹ ਕਹਿ ਕਿ ਚਲਾ ਗਿਆ ਕਿ ਉਹ ਹੁਣੇ ਆਉਂਦਾ ਹੈ ਚਲਾ ਗਿਆ। ਜਦੋਂ ਪੁਲੀਸ ਨੇ ਇਹ ਦੱਸਿਆ ਕਿ ਤੁਹਾਡੀ ਗ੍ਰਿਫਤਾਰੀ ਹੋ ਗਈ ਹੈ ਕੇਸ ਦਰਜ਼ ਕਰ ਰਹੇ ਹਾਂ ਤਾਂ ਮੈਂ ਪਿੰਡ ਸੂਚਿਤ ਕੀਤਾ।26 ਨਵੰਬਰ ਦੀਆਂ ਘਟਨਾਵਾਂ:-26 ਨਵੰਬਰ ਨੁੰ ਸਵੇਰੇ ਪੰਜ ਵਜ਼ੇ ਸੂਚਨਾ ਮਿਲਦਿਆਂ ਹੀ ਕਿ ਸਰਪੰਚ ਗੈਰੀ ਉਪਰ ਕੇਸ ਦਰਜ਼ ਕੀਤਾ ਜਾ ਰਿਹਾ ਹੈ  ਤਾਂ 60-70 ਲੋਕ ਥਾਣੇ ਅੱਗੇ ਧਰਨਾ ਦੇਣ ਲਈ ਪਹੁੰਚ ਗਏ।ਕਾਫੀ ਬਹਿਸ ਪਿਛੋਂ ਜਦੋਂ ਪਿੰਡ 'ਚ  ਦੁਬਾਰਾ ਤਨਾਅ ਵਾਲੇ ਹਾਲਾਤ ਬਣ ਗਏ ਸਨ ਤਾਂ ਇੰਨਾਂ ਨੂੰ ਪੁਲਸ ਗੱਡੀਆਂ ਵਿੱਚ ਬਿਠਾ ਕੇ ਪਿੰਡ ਲੈ ਆਈ।ਰਾਤ ਨੂੰ ਐਫ.ਆਈ.ਆਰ ਨੂੰਬਰ 97 ਲਿਖੀ ਗਈ ਜੋ ਡੇਰਾ ਪ੍ਰੇਮੀਆਂ ਦੇ ਅਹੁਦੇ ਦਾਰਾਂ ਵੱਲੋਂ ਲਿਖਵਾਈ ਗਈ। 25 ਨਵੰਬਰ ਦੀਆਂ ਭੜਕਾਉ ਕਾਰਵਾਈਆਂ ਪਿਛੋਂ ਪ੍ਰੇਮੀ ਵੀ ਉਤੇਜਤ ਹੋ ਗਏ। ਉਹਨਾ ਵੀ ਪੁਲਸ ਉਪਰ ਦਬਾਅ ਬਣਾ ਲਿਆ ਕਿ ਉਹ ਪ੍ਰੋਗਰਾਮ ਹਰ ਹਾਲਤ ਕਰਨਗੇ। ਉਹਨਾਂ ਦੇ ਇਲਾਕਾ ਅਤੇ ਪੰਜਾਬ ਦੇ ਆਗੂ ਵੀ ਉੱਥੇ ਪਹੁੰਚ ਗਏ ਸਨ। ਉਨ੍ਹਾਂ ਦੁਬਾਰਾ ਟੈਂਟ ਲਾ ਕੇ ਆਪਣਾ ਸਮਾਗਮ ਸ਼ੁਰੂ ਕਰ ਦਿੱਤਾ। ਪ੍ਰੇਮੀਆਂ ਦੀ ਗਿਣਤੀ ਕੋਈ 150-175 ਸਮਾਗਮ ਸੁਣਨ ਲਈ ਬੈਠੀ ਸੀ।26 ਨਵੰਬਰ ਨੂੰ ਜ਼ਿਲ੍ਹੇ ਭਰ ਦੀ ਪੁਲਸ ਢੁਡੀਕੇ ਪਹੁੰਚ ਗਈ। ਇਧਰ ਪਿੰਡ ਵਾਲਿਆਂ ਵੱਲੋਂ ਪਿੰਡ ਦੇ ਸਰਪੰਚ ਅਤੇ ਹੋਰਾਂ ਦੀ ਗ੍ਰਿਫਤਾਰੀ ਨੂੰ ਲੈਕੇ ਅਜਿਤਵਾਲ ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਲਗਭਗ 400-500 ਗਿਣਤੀ ਦੀ ਭੀੜ ਪਿੰਡ ਦੇ ਬਾਹਰਲੇ ਗੇਟ ਕੋਲ ਇਕੱਠੀ ਹੋ ਗਈ ਸੀ। ਅਤੇ ਉਹ ਪੁਲਸ ਅਤੇ ਪ੍ਰੇਮੀਆਂ ਖਿਲਾਫ ਨਾਹਰੇ ਲਾਉਣ ਲੱਗੀ। ਪੁਲਸ-ਅਕਾਲੀ ਆਗੂਆਂ ਜਿਨ੍ਹਾਂ ਵਿੱਚ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਜਗਰਾਜ ਸਿੰਘ ਦੋਧਰ ਵੀ ਸ਼ਾਮਲ ਸੀ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਗਲਬਾਤ ਕਰਕੇ ਹੱਲ ਕੱਢਣ ਦੀ ਤਜ਼ਬੀਜ਼ ਲੈ ਆਈ।ਇਸ ਸਬੰਧੀ ਇੱਕ ਦਸ ਮੈਂਬਰੀ ਕਮੇਟੀ ਬਣਾਈ ਜਾ ਰਹੀ ਸੀ ਕਿ ਇਸੇ ਸਮੇਂ ਡੇਰਾ ਪ੍ਰੇਮੀਆਂ  ਨੇ ਸਪੀਕਰ ਲਾਕੇ ਨਾਮ ਚਰਚਾ ਸ਼ੁਰੂ ਕਰ ਦਿੱਤੀ। ਮਹੌਲ ਉਤੇਜਿਤ ਹੋ ਗਿਆ ਅਤੇ ਭੀੜ ਭੜਕ ਕੇ ਰੋੜੇ ਚਲਾਉਣ ਲੱਗੀ। ਕਿਉਂਕਿ ਪੁਲਸ ਵੱਡੀ ਗਿਣਤੀ ਵਿੱਚ ਸੀ, ਉਹ ਕੰਧ ਬਣਕੇ ਖੜ੍ਹ ਗਈ। ਪੁਲਸ ਅਤੇ  ਭੀੜ ਵਿੱਚ ਚਲੀ ਕਸ਼ਮਕਸ਼ ਵਿੱਚ ਪੁਲੀਸ ਨੇ ਅਥਰੂ ਗੈਸ ਛੱਡੀ ਅਤੇ ਹਵਾਈ ਫਾਇਰ ਕੀਤੇ, ਭੀੜ ਖਿੰਡ ਗਈ। ਦਸ ਮੈਂਬਰੀ ਕਮੇਟੀ ਜਿਸ ਵਿੱਚ ਥਾਣੇ ਤੋਂ ਲਿਆਂਦਾ ਸਰਪੰਚ ਅਤੇ ਹੋਰ ਸਾਂਝੇ ਆਦਮੀ ਸਨ ਕੋਈ ਕਾਰਵਾਈ ਨਹੀਂ ਕਰ ਸਕੀ। ਪੁਲਸ ਨੇ ਭੀੜ ਨੂੰ ਪਿੰਡ ਵਿੱਚ ਵਾੜ ਦਿੱਤਾ।ਪਿੰਡ ਵਿੱਚ ਦਫਾ 144 ਲਗਾ ਦਿੱਤੀ। ਤਕਰੀਬਨ 11-11.30 ਵਜ਼ੇ ਪ੍ਰੇਮੀਆਂ ਨੂੰ ਪੁਲਸ ਆਪਣੀ ਹਿਫਾਜ਼ਤ ਵਿੱਚ ਮੋਗੇ ਨਾਮ ਚਰਚਾ ਘਰ ਛੱਡ ਆਈ। ਪੁਲਸ ਵੱਲੋਂ ਪਿੰਡ 'ਚ ਫਲੈਗ ਮਾਰਚ  ਕੀਤਾ ਗਿਆ ਅਤੇ ਕਰਫਿਊ ਲਾ ਦਿੱਤਾ ਗਿਆ। ਇਹ ਸਥਿਤੀ ਕਈ ਦਿਨ ਬਣੀ ਰਹੀ।  ਮਿਤੀ 26 ਨਵੰਬਰ ਨੂੰ ਇੱਕ ਹੋਰ ਮਕੱਦਮਾ ਨੰਬਰ 98 ਦਰਜ਼ ਕੀਤਾ ਗਿਆ। ਜਿਸ ਵਿੱਚ ਹਜ਼ੂਮ ਵੱਲੋਂ ਪੁਲਸ ਉਪਰ ਹਮਲਾ ਕਰਨ ਦਾ ਦੋਸ਼ ਹੈ। ਡੀ.ਐਸ.ਪੀ. ਨੇ ਸਭਾ ਦੇ ਵਫਦ ਨੂੰ ਦੋਵੇਂ ਐਫ.ਆਈ.ਆਰਾਂ ਦਿਖਾਉਣ ਤੋਂ ਟਾਲਾ ਵੱਟਿਆ ਅਤੇ ਜੁਬਾਨੀ ਕਲਾਮੀ ਦੱਸਿਆ ਕਿ ਭੀੜ ਵੱਲੋਂ ਇੱਕ ਪੁਲਸ ਅਧਿਕਾਰੀ ਦਾ ਮੋਟਰ ਸਾਈਕਲ 26 ਨਵੰਬਰ ਨੂੰ ਸਾੜਿਆ ਗਿਆ ਹੈ।ਪਰ ਪਿੰਡ ਦੇ ਲੋਕਾਂ ਅਤੇ ਮੌਕੇ ਤੇ ਹਾਜ਼ਰ ਡੇਰਾ ਪ੍ਰੇਮੀਆਂ 26 ਨਵੰਬਰ ਨੂੰ ਕਿਸੇ  ਕਿਸਮ ਦੀ ਸ਼ਾੜ ਫੂਕ ਦੀ ਘਟਨਾ ਦੀ ਜਾਣਕਾਰੀ ਸਭਾ ਦੀ ਟੀਮ ਨੂੰ ਨਹੀਂ ਦਿੱਤੀ। 27ਨਵੰਬਰ ਨੂੰ ਕਰਫਿਊ ਸ਼ਖਤੀ ਨਾਲ ਲਾਗੂ ਰਿਹਾ। 28ਨਵੰਬਰ ਨੂੰ ਗਦਰ ਪਾਰਟੀ ਦਾ ਸਮਾਗਮ ਹੋਇਆ ਜਿਸ ਵਿੱਚ ਭਾਈਚਾਰਕ ਏਕਤਾ ਬਣਾਉਣ ਦੀ ਅਪੀਲ ਕੀਤੀ। ਮਿਤੀ 29 ਨਵੰਬਰ ਨੂੰ ਪਿੰਡ ਦੇ ਇੱਕ ਗੁਰੂਦਵਾਰੇ ਵਿੱਚ ਸੰਤ ਦਾਦੂਵਾਲ ਆਇਆ, ਜਿਸ ਨੇ ਪਹਿਲਾਂ ਇੱਕ ਅਖਬਾਰੀ ਬਿਆਨ ਜਾਰੀ ਕੀਤਾ ਸੀ, ਨੇ ਕਿਹਾ ਕਿ ਅਕਾਲ ਤਖਤ ਵੱਲੋਂ ਜਾਰੀ ਹੁਕਮਨਾਮੇ ਨੂੰ ਲਾਗੂ ਕਰ ਰਹੀਆ ਸਿੱਖ ਸੰਗਤਾਂ ਉਪਰ ਤਸ਼ਦੱਦ ਕਰਨਾ, ਕੇਸ ਬਣਾਉਣੇ ਅਤੇ ਡੇਰਾ ਸੱਚਾ ਸੌਦਾ ਨੂੰ ਨਾਮ ਚਰਚਾ ਕਰਨ ਦੀ ਖੁੱਲ਼ ਦੇਣਾ ਭੜਕਾਊ ਕਾਰਵਾਈ ਹੈ। ਇਸ ਤੋਂ ਨਿਕਲਣ ਵਾਲੇ ਸਿਟਿਆਂ ਦੀ ਸਰਕਾਰ ਖੁਦ ਜੁੰਮੇਵਾਰ ਹੋਵੇਗੀ।ਪਰ ਸੰਤ ਦਾਦੂਵਾਲ ਨੇ ਭਾਵੇਂ ੜਬਕਾਊ ਸ਼ਬਦਾਵਲੀ ਦੀ ਵਰਤੋਂ ਕੀਤੀ ਪਰ ਪਿੰਡ ਵਾਸ਼ੀਆਂ ਨੇ ਸੰਜਮ ਤੋਂ ਕੰਮ ਲਿਆ ਅਤੇ ਦਾਦੂ ਵਾਲ ਦੇ ਵਿਚਾਰਾਂ ਨੂੰ ਨਕਾਰਿਆ।ਇਸ ਦੌਰਾਨ ਪਿੰਡ ਦੀਆ ਕੁੱਝ ਸ਼ਖਸ਼ੀਅਤਾਂ ਨਾਵਲਕਾਰਾ ਜਸਵੰਤ ਕੰਵਲ ਅਤੇ ਕਿਸਾਨ ਆਗੂ ਨਿਰਭੈ ਸਿੰਘ ਢੁਡੀਕੇ ਲਗਾਤਾਰ ਪੁਲਸ ਅਧਿਕਾਰੀਆਂ ਨੂੰ ਮਿਲਦੇ ਰਹੇ ਤਾਂ ਕਿ ਪੁਲਸ ਪਿੰਡ ਵਿੱਚ ਕੋਈ ਭੜਕਾਊ ਕਾਰਵਾਈ ਨਾ ਕਰੇ।3 ਦਸੰਬਰ ਨੂੰ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰ ਆਦਮੀਆਂ ਸਮੇਤ ਲੋਕਾਂ ਦੀ ਬੈਠਕ ਹੋਈ ਜਿਸ ਵਿੱਚ ਸਰਬਸੰਤੀ ਨਾਲ ਫੈਸਲਾ ਕੀਤਾ ਗਿਆ ਕਿ- ਪਿੰਡ ਵਿੱਚ ਸ਼ਾਂਤੀ ਅਤੇ ਭਾੲਚਾਰਾ ਬਣਿਆ ਰਹਿਣਾ ਚਾਹੀਦਾ ਹੈ, ਪਿੰਡ ਦੇ ਕਿਸੇ ਫਿਰਕੇ ਨੂੰ ਭਾਵੇਂ ਉਹ ਕਿਸੇ ਵੀ ਵਿਚਾਰਾਂ ਅਤੇ ਜਾਤ ਨਾਲ ਸਬੰਧ ਰਖਦਾ ਹੋਵੇ ਨਾਲ ਭਾਈਚਾਰਕ ਸਬੰਧਾਂ ਨੂੰ ਆਂਚ ਨਹੀਂ ਆਉਣ ਦੇਣੀ ਚਾਹੀਦੀ ਅਤੇ ਕਿਸੇ ਵੀ ਡੇਰਾ ਪ੍ਰੇਮੀ ਦਾ ਪਿੰਡ ਵੱਲੋਂ ਬਾਈਕਾਟ ਨਹੀਂ ਕੀਤਾ ਜਾਵੇਗਾ। ਸਭਾ ਦੀ ਕਮੇਟੀ ਦੇ ਦੌਰੇ ਸਮੇਂ ਪਿੰਡ ਵਿੱਚ ਪੁਲਸ ਕੈਂਪ ਥਾਂ ਥਾਂ ਲਗੇ ਹੋਏ ਸਨ ਪਰ ਪਿੰਡ ਸ਼ਾਂਤ ਸੀ।ਡੇਰਾ ਪ੍ਰੇਮੀਆਂ ਨਾਲ ਗਲਬਾਤ ਉੱਤੇ ਵੀ ਉਹਨਾਂ ਨੂੰ ਘਟਨਾਵਾ ਉਪਰ ਚਿੰਤਾ ਅਤੇ ਅਫਸੋਸ ਤਾਂ ਸੀ ਪਰ ਖੌਫ ਵਰਗਾ ਕੁੱਝ ਨਹੀਂ ਦਿਸਦਾ ਸੀ।ਉਹਨਾਂ ਦਾ ਮੰਨਣਾ ਸੀ ਕਿ ਪਿੰਡ 'ਚ ਕਦੇ ਵੀ ਸਾਡਾ ਬਾਈਕਾਟ ਨਹੀਂ ਕੀਤਾ ਗਿਆ। ਡੇਰਾ ਪਰੇਮੀ ਹੋਣ ਕਰਕੇ ਕੋਈ ਬੁਰਾ ਵਿਵਹਾਰ ਨਹੀਂ ਕੀਤਾ ਗਿਆ।ਇਸ ਚੋਂ ਪਿੰਡ ਵਿੱਚ ਭਾਈਚਾਰਕ ਏਕਤਾ ਦਾ ਚਿੰਨ ਸ਼ਾਫ ਝਲਕਦਾ ਸੀ।ਕੁੱਝ ਮੂੜ ਮੱਤੀਆਂ ਨੇ ਪ੍ਰੇਮੀਆਂ ਨੂੰ ਦੁੱਧ ਆਦਿ ਨਾ ਦੇਣ ਦਾ ਹੋਕਾ ਦਿੱਤਾ ਜੋ ਪਿੰਡ ਵਾਸ਼ੀਆਂ ਨੇ ਗੌਲਿਆ ਨਹੀਂ। ਡੇਰਾ ਪ੍ਰੇਮੀਆਂ ਨੇ ਦੱਸਿਆ ਕਿ ਉਹਨਾਂ ਆਪਣੇ ਸਮਾਗਮ ਦੀ ਇਤਲਾਹ ਥਾਣੇ ਦਿੱਤੀ ਸੀ ਅਤੇ ਡੀ ਐਸ ਪੀ ਨੇ ਵੀ ਸਭਾ ਦੇ ਵਫਤ ਕੋਲ ਮੰਨਿਆ ਕਿ ਥਾਣੇਦਾਰ ਨੇ ਇਸ ਸਮਾਗਮ ਦੀ ਸੁਰੱਖਿਆਂ ਲਈ ਕੋਈ ਕਾਰਵਾਈ ਨਹੀਂ ਕੀਤੀਸਿੱਟੇ:-ਸਭਾ ਸਮਝਦੀ ਹੈ ਡੇਰਾ ਸੱਚਾ ਸੋਦਾ ਸਿੱਖ ਵਿਵਾਦ ਦੀ ਸ਼ੁਰੂਆਤ 13 ਮਈ 2007 ਤੋਂ ਹਇੀ ਜਦੋਂ ਡੇਰਾ ਸਲਾਬਤਪੁਰੇ ਦੇ ਸਮਾਗਮ ਵਿੱਚ ਡੇਰਾ ਮੁੱਖੀ ਰਾਮ ਰਹੀਮ ਗੁਰਮੀਤ ਸਿੰਘ ਨੇ ਜਾਮੇ-ਏ ਇਨਸ਼ਾ ਪਿਆ ਕੇ ਨਵੀਂ ਰੀਤ ਚਲਾਈ। ਕੱਟੜ ਸਿੱਖਾਂ ਨੂੰ ਇਤਰਾਜ਼ ਹੈ ਕਿ ਉਸਨੇ ਇਹ ਸੱਭ ਗੁਰੁ ਗੋਬਿੰਦ ਸਿੰਘ ਜੀ ਦੀ ਨਕਲ ਵਜ਼ੋਂ ਕੀਤਾਂ। ਇਸ ਘਟਨਾਂ ਦੀ ਭੜਕਾਹਟ 'ਚ ਪੰਜਾਬ ਅਸ਼ਾਂਤ ਹੋ ਗਿਆ ਤੇ ਬਠਿੰਡਾ, ਮਾਨਸਾ ਅਤੇ ਸੁਨਾਮ ਵਿੱਚ ਕਈ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ। ਇਸ ਪਿਛੋਂ ਸਿੱਖਾਂ ਦੀ ਸਰਵੱਚ ਸੰਸਥਾਂ ਅਕਾਲ ਤਖਤ ਸਾਹਿਬ ਨੇ ਪੰਜਾਂ ਸਿੰਘ ਸਹਿਬਾਨਾਂ ਦੇ ਦਸਖਤਾਂ ਹੇਠ ਆਦੇਸ਼ ਜਾਰੀ ਕੀਤਾ  ਕਿ ਸਮੂਹ ਸਿੱਖ ਸੰਗਤਾਂ ਇਸ ਦੰਭੀ, ਪਾਖੰਡੀ ਅਤੇ ਪੰਥ ਦੋਖੀ ਰਾਮ ਰਹੀਮ ਸਿੰਘ ਅਤੇ ਉਸ ਨਾਲ ਸਬੰਧਤ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਕਿਸਮ ਦੇ ਧਾਰਮਿਕ, ਸਮਾਜਿਕ,ਭਾਈਚਾਰਕ ਅਤੇ ਰਾਜਸੀ ਸਬੰਧ ਨਾ ਰੱਖਣ।ਅਜਿਹੇ ਹੀ ਹੁਕਮ ਮਿਤੀ 20/5, 29 /5 ਅਤੇ 27/6 ਨੂੰ ਵੀ ਜਾਰੀ ਹੋਏ।ਜਿੰਨਾਂ ਨੇ ਸਿੱਖ ਧਰਮ ਦੇ ਜਾਨੂੰਨੀ ਪੈਰੋਕਾਰਾਂ ਨੂੰ ਉਤਸ਼ਾਹਤ ਕੀਤਾ।ਉਦੋਂ ਤੋਂ ਹੀ ਇਹ ਧਿਰ ਡੇਰੇ ਵਾਲਿਆਂ ਪ੍ਰਤੀ ਹਿੰਸਕ ਰੁੱਖ ਅਪਣਾਉਂਦੀ ਪ੍ਰਵਿਰਤੀ ਨੂੰ ਖੁਰਾਕ ਦਿੰਦੀ ਆ ਰਹੀ ਹੈ।ਇਸ ਨਾਲ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿੱਚ ਇੱਕ ਲੀਕ ਖਿੱਚੀ ਗਈ ਹੈ।ਡੇਰਾ ਸੱਚਾ ਸੌਦਾ ਪਿਛਲੇ ਕਈ ਸਾਲਾਂ ਤੋਂ ਇੱਕ ਵਿਵਾਦਤ ਸੰਸਥਾ ਰਹੀ ਹੈ। ਸ਼ਾਹ ਮਸਤਾਨਾ, ਸ਼ਾਹਸਤਨਾਮ ਤੋਂ ਪਿਛੋਂ ਬਣੇ ਨਵੇਂ ਮੁੱਖੀ ਗੁਰਮੀਤ ਸਿੰਘ ਜਿਸਨੇ ਰਾਮ ਰਹੀਮ ਗੁਰਮੀਤ ਸਿੰਘ ਨਾਂ ਧਾਰਨ ਕੀਤਾ ਹੈ ਉਪਰ ਕਈ ਇਲਜ਼ਾਮ ਲਗਦੇ ਆ ਰਹੇ ਹਨ ਅਤੇ ਉਹਨਾਂ ਸਬੰਧੀ ਕੇਸ ਵੀ ਅਦਾਲਤਾਂ ਵਿੱਚ ਚੱਲ ਰਹੇ ਹਨ ਜਿਨ੍ਹਾਂ 'ਚ ਚਰਚਿਤ ਇੱਕ ਸਾਧਵੀਂ ਦੇ ਸਰੀੂਰਕ ਸ਼ੋਸ਼ਣ ਦਾ ਮਾਮਲਾ, ਇਹਨਾਂ ਖਬਰਾਂ ਅਤੇ ਡੇਰਾ ਸਬੰਧੀ ਖਬਰਾਂ ਨੂੰ ਲਗਾਤਾਰ ਛਾਪਣ ਵਾਲਾ ਪੱਤਰਕਾਰ ਰਾਮ ਚੰਦਰ ਛੱਤਰਪੱਤੀ ਅਤੇ ਸਾਧਵੀ ਦੇ ਭਰਾ ਰਣਜੀਤ ਸਿੰਘ ਦਾ ਕਤਲ ਕਰਵਾਉਣਾ ਦਾ ਮਾਮਲਾ ਆਦਿ ਹੈ। ਸਮਾਜਿਕ ਵਿਕਾਸ ਵਿਸ਼ੇਸ਼ ਕਰਕੇ ਅੱਸੀਵਿਆਂ ਤੋਂ ਬਾਅਦ ਦੇ ਵਿਕਾਸ ਨੇ ਹਰ ਇੱਕ ਨੂੰ ਬਰਾਬਰੀ ਨਾਲ ਵੇਖਣ ਅਤੇ ਪਹਿਚਾਣ ਦੇਣ ਦੀ ਥਾਂ ਧੌਂਸਵਾਦ ਨੂੰ ਪ੍ਰਮੁੱਖਤਾ ਦਿੱਤੀ ਹੈ ਜਿਸ ਨੇ ਸਮਾਜਿਕ ਤਬਕਿਆਂ ਵਿੱਚ ਦੂਰੀ ਬਣਾ ਦਿੱਤੀ ਹੈ। ਧਾਰਮਿਕ,ਰਾਜਨੀਤਕ, ਆਰਥਿਕ ਅਤੇ ਸਮਾਜਿਕ ਸੰਸਥਾਵਾਂ ਉਪਰ ਧੌਂਸਵਾਦੀ ਧਨਾਢ ਅੰਸਰਾਂ ਦੀ ਪੁਗਤ  ਹੋ ਗਈ, ਅਤੇ ਸਮਾਜ ਦਾ ਦੱਬਿਆ ਕੁੱਚਲਿਆ ਕ੍ਰਿਤੀ ਵਰਗ ਅਤੇ ਜਾਤਾਂ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਨ ਲੱਗੀਆਂ ਹਨ। ਪਰ ਦੂਜੇ ਪਾਸੇ ਸਮਾਜ ਦੇ ਚੇਤਨਾ ਪੱਧਰ ਕਾਰਨ ਹਰ ਮਨੁੱਖ, ਅਤੇ ਵਿਸ਼ੇਸ਼ ਕਰਕੇ ਦੱਬੇ ਕੁੱਚਲੇ ਵਰਗਾਂ ਅਤੇ ਜਾਤਾਂ ਦੇ ਵਿਅਕਤੀਆਂ ਨੂੰ ਇੱਕ ਪਹਿਚਾਣ ਅਤੇ ਸੁਰੱਖਿਆ ਦੀ ਲੋੜ ਹੈ।ਅਜਿਹੇ ਸਮੇਂ ਵੱਖ ਵੱਖ ਕਾਰਨਾਂ ਕਰਕੇ ਇਹਨਾਂ ਦੱਬੀਆਂ ਕੁੱਚਲੀਆ ਜਾਤਾਂ ਅਤੇ ਜਮਾਤਾਂ ਦਾ ਵੱਡਾ ਹਿੱਸਾ ਅਜਿਹੇ ਡੇਰਿਆਂ ਵਰਗੀਆਂ ਸੰਸਥਾਵਾਂ ਵੱਲ ਖਿਚਿਆ ਗਿਆ। ਅਤੇ ਡੇਰਾ ਸੱਚਾ ਸੌਦਾ ਸਰਸੇ ਵਾਲੇ ਦੇ ਪੈਰੋਕਾਰ ਵੀ ਇਹਨਾਂ ਵਰਗਾਂ ਅਤੇ ਜਾਤਾਂ ਚੋਂ ਹੀ ਹਨ। ਇਸ ਡੇਰੇ ਦਾ ਪੰਜਾਬ ਦੇ ਮਾਲਵਾ ਖੇਤਰ ਖਾਸ ਕਰਕੇ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਫਰੀਦਕੋਟ, ਮੁਕਤਸਰ ਜ਼ਿਲ੍ਹਿਆਂ, ਹਰਿਆਣਾ ਦੇ ਸਰਸਾ ਅਤੇ ਆਸ ਪਾਸ ਦੇ ਜ਼ਿਲ੍ਹੇ ਅਤੇ ਉਤਰੀ ਰਾਜਸਥਾਨ ਦੇ ਇਲਾਕੇ ਵਿੱਚ ਤਕੜਾ ਪ੍ਰਭਾਵ ਹੈ। ਇਹਨਾਂ ਇਲਾਕਿਆਂ ਵਿੱਚ ਇਸ ਦੇ ਪੈਰੋਕਾਰਾਂ ਦੇ ਵੋਟਰਾਂ ਦੀ ਗਿਣਤੀ ਲੱਖਾਂ ਵਿੱਚ ਹੈ ਅਤੇ ਉਹ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਦੇ ਹਨ।ਡੇਰਾ ਸੱਚਾ ਸੌਦਾ ਦਾ ਮੁੱਖੀ ਰਾਮ ਰਹੀਮ ਗੁਰਮੀਤ ਸਿੰਘ ਹੀ ਨਹੀ ਹੈ, ਸਗੋਂ ਇਸ ਦੀ ਖਾਸ ਬਣਤਰ ਹੈ। ਇਸਦੀ ਕਮੇਟੀ ਵਿੱਚ ਕੱਟੜਤਾ ਅਤੇ ਧੌਂਸਗਿਰੀ ਵਾਲੀਆਂ ਪ੍ਰਵਿਰਤੀਆਂ ਕਾਫੀ ਵੇਖਣ ਨੂੰ ਮਿਲਦੀਆਂ ਹਨ। ਇੱਥੇ ਵੀ ਸਾਧਾਰਨ ਮਨੁੱਖ ਵਿੱਚ ਮਿਲਣ ਵਾਲੀ ਮਨੁੱਖੀ ਸ਼ਹਿਨੀਲਤਾ, ਤਰਕਸ਼ੀਲਤਾ, ਦੂਸਰੇ ਦੇ ਵਿਚਾਰਾਂ ਨੂੰ ਸੁਨਣ, ਅਤੇ ਹਾਲਾਤ ਨੂੰ ਵਾਚਣ ਅਤੇ ਵਿਚਾਰਣ ਦੀ ਪ੍ਰਵ੍ਰਿਤੀ ਗਾਇਬ ਹੈ। ਇਸ ਦਾ ਇੱਕ ਸਿਆਸੀ ਵਿੰਗ ਵੀ ਹੈ। ਜੋ ਕਿਸੇ ਵੀ ਚੋਣ ਸਮੇਂ ਆਪਣੇ ਪੈਰੋਕਾਰਾਂ ਨੂੰ ਵੋਟਾਂ ਸਬੰਧੀ ਆਦੇਸ਼ ਜਾਰੀ ਕਰਦੇ ਹਨ। ਅਤੇ ਹਰ ਤਰਾਂ ਦੇ ਸਿਆਸੀ ਨੇਤਾ ਅਤੇ ਪਾਰਟੀਆਂ ਵੋਟਾਂ ਲੈਣ ਲਈ ਇਸ ਡੇਰੇ ਤੱਕ ਪਹੁੰਚ ਕਰਨ ਸਮੇਤ ਅਨੇਕਾਂ ਢੰਗ ਅਪਣਾਉਂਦੀਆਂ ਹਨ।ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਦੀ ਸਵਰਗੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਦੀਆਂ ਡੇਰੇ ਦੇ ਮੁੱਖੀ ਤੋਂ ਅਸ਼ੀਰਵਾਦ ਲੈਂਦਿਆਂ ਦੀਆਂ ਤਸਵੀਰਾਂ ਜੱਗ ਜਾਹਰ ਹਨ।ਸਭਾ ਦੀ ਸਮਝ ਅਨੁਸਾਰ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਦੇ ਮੌਜੂਦਾ ਵਿਵਾਦ ਦੀ ਜੜ੍ਹ ਡੇਰੇ ਵੱਲੋਂ 2007 ਦੀਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਾਲਵੇ ਦੇ ਹਲਕਿਆਂ ਵਿੱਚ ਇਸ ਡੇਰੇ ਨੇ ਕਾਂਗਰਸ ਦੇ ਹੱਕ ਵਿੱਚ ਭੁਗਤ ਕੇ ਅੱਜ ਦੀ ਹਾਕਮ ਅਕਾਲੀ ਪਾਰਟੀ ਜਿਸਦੀ ਦਾ ਆਧਾਰ ਜਿਆਦਾ ਕਰਕੇ ਸੰਗਰੂਰ, ਮਾਨਸਾ, ਬਠਿੰਡਾ ਅਤੇ ਫਰੀਦਕੋਟ ਜ਼ਿਲਿਆਂ ਵਿੱਚ ਹੈ ਅਤੇ ਸਿੱਖ ਵੋਟਰਾਂ ਦੀ ਰਾਜਨੀਤੀ ਉਪਰ ਆਧਾਰਤ ਹੈ, ਲਈ ਕਈ ਅਣਕਿਆਸੇ ਨਤੀਜੇ ਕੱਢ ਦਿੱਤੇ।ਇਸ ਡੇਰੇ ਨੂੰ ਸਬਕ ਸਿਖਾਉਣ ਅਤੇ ਆਪਣੇ ਪ੍ਰਭਾਵ ਹੇਠ ਲਿਆਉਣ ਲਈ ਹੁਕਮਰਾਨ ਪਾਰਟੀ ਮੌਕੇ ਦੀ ਤਲਾਸ ਵਿੱਚ ਸੀ। 13 ਮਈ 2007 ਦੀ ਘਟਨਾ ਇੱਕ ਸਬੱਬ ਬਣਕੇ ਬਹੁੜੀ ਜਿਸਨੂੰ ਇਹ ਪਾਰਟੀ ਨੇ ਜਿਥੇ ਡੇਰੇ ਉਪਰ ਦਬਾਅ ਪਾਉਣ ਲਈ ਵਰਤ ਰਹੀ ਹੈ, ਉਥੇ ਇਹ ਲੋਕਾਂ ਵਿੱਚ ਵੰਡੀਆਂ ਪਾਕੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਲਈ ਉਹਨਾਂ ਦੇ ਸੰਘਰਸ਼ ਨੂੰ ਵੀ ਕਮਜ਼ੋਰ ਕਰਨ ਲਈ ਵੀ ਸਫਲਤਾ ਪੂਰਬਕ ਵਰਤ ਰਹੀ ਹੈ।ਢੁਡੀਕੇ ਦੀ ਘਟਨਾ ਸਮੇਤ ਪੰਜਾਬ ਭਰ ਵਿੱਚ ਪ੍ਰੇਮੀਆਂ ਅਤੇ ਸਿੱਖਾਂ ਦੇ ਟਕਰਾ ਦੀਆਂ ਸਾਰੀਆਂ ਹੀ ਘਟਨਾਵਾਂ ਵਿੱਚ ਹੁਕਮਰਾਨ ਪਾਰਟੀ ਦਾ ਦੋਗਲਾ ਕਿਰਦਾਰ ਸਾਹਮਣੇ ਆ ਰਿਹਾ ਹੈ।ਇਸ ਲਈ ਇਹ ਇਸ ਦੇ ਅਸਰ-ਰਸੂਖ ਹੇਠ ਸ੍ਰੋਮਣੀ ਕਮੇਟੀ ਰਾਹੀਂ ਸਿੱਖ ਸੰਸਥਾਵਾਂ ਨੂੰ ਮੌਕੇ ਮੌਕੇ ਵਰਤ ਰਹੀ ਹੈ।ਸਭਾ ਸਮਝਦੀ ਹੈ ਕਿ ਅਕਾਲੀ ਹੁਕਮਰਾਨ ਪਾਰਟੀ ਦੀ  ਲੀਡਰਸ਼ਿਪ ਭੜਕਾਹਟ ਪੈਦਾ ਕਰਨ ਸਮੇਂ ਤਾਂ ਹਾਜ਼ਰ ਰਹੀ ਪਰ ਸਾਰਥਕ ਭੂਮਿਕਾ ਨਿਭਾਉਣ ਸਮੇਂ ਲਗਭਗ ਚੁੱਪ ਰਹੀ ਹੈ। 26 ਨਵੰਬਰ ਨੂੰ ਜਦੋਂ ਸਿੱਖ ਪੈਰੋਕਾਰ ਨਾਮ ਚਰਚਾ ਬੰਦ ਕਰਾਉਣ ਲਈ ਟਕਰਾਅ ਦਾ ਰੁੱਖ ਅਪਣਾ ਰਹੇ ਸਨ, ਅਤੇ ਸ੍ਰੋਮਣੀ ਕਮੇਟੀ ਮੈਂਬਰ ਸਰਦਾਰ ਜਗਰਾਜ ਸਿੰਘ ਦੌਧਰ ਅਤੇ ਸਰਕਲ ਯੂਥ ਅਕਾਲੀ ਦਲ ਦੇ ਮੁੱਖੀ ਸਰਦਾਰ ਗੁਰਪ੍ਰੀਤ ਸਿੰਘ (ਪਟਨੇਵਾਲੇ) ਹਾਜ਼ਰ ਸਨ, ਤਾਂ ਉਹਨਾਂ ਨੇ ਆਪਣਾ ਧਾਰਮਿਕ ਅਸਰ-ਰਸੂਖ਼ ਵਰਤ ਕੇ ਭੀੜ ਨੂੰ ਸ਼ਾਂਤ ਕਰਨ ਦੀ ਭੂਮਿਕਾ ਨਿਭਾਉਣ ਦੀ ਥਾਂ ਮੌਕੇ ਤੋਂ ਖਿਸਕਣਾ ਹੀ ਬਿਹਤਰ ਸਮਝਿਆ। ਸਥਾਨਕ ਅਕਾਲੀ ਵਿਧਾਇਕ ਨੇ ਅਜੇ ਤੱਕ ਪਿੰਡ ਪਹੁੰਚਣਾ ਹੀ ਆਪਣਾ ਫਰਜ਼ ਨਹੀਂ ਸਮਝਿਆ।ਜਥੇਦਾਰ ਤੋਤਾ ਸਿੰਘ ਸਿਰਫ ਅੱਖਾਂ ਪੂੰਝਣ ਆਇਆ, ਮਹੌਲ ਵਿੱਚ ਕੋਈ ਭਾਈਚਾਰਕ ਏਕਤਾ ਬਣਾਈ ਰੱਖਣ ਜਾਂ ਨੌਜਵਾਨਾਂ ਨੂੰ ਇਸ ਸਬੰਧੀ ਠੀਕ ਰਾਹ ਅਪਣਾਉਣ ਦਾ ਕੋਈ ਵੀ ਸੰਦੇਸ਼ ਨਹੀਂ ਦਿੱਤਾ। ਇਹੀ ਹਾਲ ਕਾਂਗਰਸ ਪਾਰਟੀ ਦਾ ਹੈ।ਸਭਾ ਸਮਝਦੀ ਹੈ ਕਿ ਵਿਚਾਰ ਭਾਵੇਂ ਕਿਸੇ ਵੀ ਧਰਮ ਨਾਲ ਸਬੰਧਤ ਹੋਣ ਜਾਂ ਧਰਮ ਨੂੰ ਨਾ ਮੰਨਣ ਵਾਲੇ ਦੇ ਹੋਣ ਵਿੱਚ ਸ਼ਹਿਣਸ਼ੀਲਤਾ, ਇੱਕ ਦੂਜੇ ਦੇ ਤਰਕ ਨੂੰ ਵਾਚਣ ਤੇ ਵਿਚਾਰਨ ਦੀ ਪ੍ਰਵਿਰਤੀ, ਉਹਨਾਂ ਨੂੰ ਥਾਂ ਦੇਣ ਦੀ ਪ੍ਰਵ੍ਰਿਤੀ ਗੁੰਮ ਹੋ ਰਹੀ ਹੈ। ਇਸ ਦੀ ਥਾਂ ਦੂਸਰੇ ਦੇ ਵਿਚਾਰਾਂ ਨੂੰ ਬਰਦਾਸ਼ਤ ਨਾ ਕਰਨ, ਆਪਣੇ ਵਿਚਾਰਾਂ ਨੂੰ ਦੂਸਰੇ ਉਪਰ ਠੋਸਣ, ਧੌਂਸ ਅਤੇ ਦਾਬੇ ਨਾਲ ਆਪਣੇ ਵਿਚਾਰਾਂ ਨੂੰ ਲਾਗੂ ਕਰਾਉਣ ਦੀ ਪ੍ਰਵਿਰਤੀ ਸਮਾਜ ਦੇ ਹਰ ਖੇਤਰ ਵਿੱਚ ਭਾਰੂ ਹੋਈ ਹੈ।ਧਾਰਮਿਕ ਭਾਵਨਾ ਨੂੰ ਠੇਸ ਪਹੁੰਚਣ ਦੀ ਆਂੜ ਹੇਠ ਵਿਰੋਧੀ ਵਿਚਾਰਾਂ ਨੂੰ ਹੀ ਦਬਾਇਆ ਜਾ ਰਿਹਾ ਹੈ। ਫਾਜ਼ਿਲਕਾ  ਅਤੇ ਤਪੇ ਵਿੱਚ ਤਰਕਸ਼ੀਲਾਂ ਨਾਲ ਝਗੜਿਆਂ ਸਮੇਤ ਹਰ ਰੋਜ਼ ਲਿਖਤਾਂ,ਕਲਾ ਕ੍ਰਿਤਾਂ ਅਤੇ ਫਿਲਮਾਂ ਦਿਖਾਉਣ ਜਾਂ ਨਾ ਦਿਖਾਉਣ ਲਈ ਧਾਰਮਿਕ ਸੰਸਥਾਵਾਂ ਵੱਲੋਂ ਹੁਕਮ ਜਾਰੀ ਕਰਨੇ, ਕੇਸ਼ ਦਰਜ਼ ਕਰਵਾਉਣੇ, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਅਤੇ ਸੰਗਮ ਪ੍ਰਕਾਸ਼ਨ ਸਮਾਣਾ ਦੇ ਮਾਲਕਾਂ ਵਿਰੁੱਧ ਇਤਿਹਾਸਕ ਲਿਖਤਾਂ ਵਿਚ ਦਰਜ਼ ਜਾਤੀਸੂਚਕ ਹਵਾਲਿਆਂ ਨੂੰ ਬਹਾਨਾ ਬਣਾ ਕੇ ਪਰਚੇ ਦਰਜ਼ ਕਰਾਉਣੇ, ਵਿਰੋਧੀ ਵਿਚਾਰ ਨੂੰ ਨਾ ਬਰਦਾਸ਼ਤ ਕਰਨ ਦੀ ਪ੍ਰਵਿਰਤੀ ਦਾ ਇਜ਼ਹਾਰ ਹੀ ਹੈ।ਆਰਥਿਕ ਵਿਕਾਸ ਨਾਲ ਚੇਤਨਾ ਪੱਧਰ ਵੀ ਉੱਚਾ ਹੁੰਦਾ ਹੈ ਪਰ ਭਾਰਤ ਵਿੱਚ ਸਮਾਜਿਕ ਚੇਤਨਾ ਦਾ ਸੁੰਘੜਨਾ ਅਤੇ ਸਿਮਟਣਾ ਖਤਰਨਾਕ ਹੈ।ਢੂਡੀਕੇ ਦੀ ਘਟਨਾ ਵਿੱਚ ਵੀ ਇਹੀ ਮਿਸਾਲ ਹੈ।ਭਾਰਤ ਸਰਕਾਰ ਨੇ ਵੀ ਸੁਪਰੀਮ ਕੋਰਟ ਵਿੱਚ ਦਾਖਲ ਕੀਤੇ ਐਫੀਡੈਵਿਟ ਵਿੱਚ ਵਿਚਾਰਾਂ ਨੂੰ ਵੱਧ ਖਤਰਨਾਕ ਦੱਸਿਆ ਹੈ। ਇਹ ਚਿੰਤਾ ਦਾ ਵਿਸ਼ਾ ਹੈ।ਸਭਾ ਸਮਝਦੀ ਹੈ ਕਿ ਹਰ  ਇੱਕ ਵਿਚਾਰ ਨੂੰ ਰੱਖਣ ਅਤੇ ਪ੍ਰਚਾਰਣ ਦਾ ਮੁਢਲਾ ਅਤੇ ਬੁਨਿਆਦੀ ਹੱਕ ਹੈ। ਢੁਡੀਕੇ ਵਿੱਚ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਵੀ ਇਸੇ ਅਧਿਕਾਰ ਹੇਠ ਆਉਂਦੀ ਹੈ।ਇੱਕ ਧਿਰ ਵੱਲੋਂ ਕੀਤੀ ਭੜਕਾਉ ਕਾਰਵਾਈ ਨਿੰਦਣਯੋਗ ਹੈ ਜਿਸ ਨੇ ਸਮਾਜਿਕ ਤਨਾਓ ਨੂੰ ਜਨਮ ਦਿੱਤਾ।ਕੁੱਝ ਕੱਟੜ ਸਿੱਖਾਂ ਵੱਲੋਂ ਕਹਿਣਾ ਕਿ "ਡੇਰਾ ਕੋਈ ਧਰਮ ਨਹੀਂ ਹੈ, ਸੰਵਿਧਾਨ ਵਿੱਚ ਸਿਰਫ ਸੱਤ ਧਰਮਾਂ ਨੂੰ ਹੀ ਮਾਨਤਾ ਹੈ" ਕਦਾਚਿਤ ਪ੍ਰਵਾਨ ਕਰਨ ਯੋਗ ਨਹੀਂ।ਵਿਚਾਰ ਕਿਸੇ ਸੰਵਿਧਾਨ ਦੁਆਰਾ ਨਿਰਧਾਰਤ ਨਹੀਂ ਕੀਤੇ ਜਾ ਸਕਦੇ।ਸਭਾ ਸਮਝਦੀ ਹੈ 25 ਨਵੰਬਰ ਨੂੰ ਸ਼ਾਮੀ ਅਗਜ਼ਨੀ ਦੀਆਂ ਘਟਨਾਵਾਂ ਇੱਕ ਛੋਟੀ ਜਿਹੀ ਕੱਟੜ ਧਿਰ ਦੀ ਸੋਚੀ ਸਮਝੀ ਵਿਉਂਤ ਦਾ ਹਿੱਸਾ ਹਨ ਜਿਸ ਨੇ ਡੇਰਾ ਮੁੱਖੀ ਦੇ ਚਰਿੱਤਰ ਖਿਲਾਫ ਲੋਕਾਂ ਦੇ ਗੁੱਸੇ ਨੂੰ ਵਰਤ ਲਿਆ। ਡੇਰਾ ਸ਼ਰਧਾਲੂ ਆਪਣੇ ਮੁੱਖੀ ਖਿਲਾਫ ਲੱਗੇ ਇਹਨਾਂ ਦੋਸ਼ਾਂ ਨੂੰ ਤਰਕ ਸੰਗਤ ਢੰਗ ਨਾਲ ਦੂਰ ਕਰਨ ਦੀ ਬਜਾਏ ਲੋਕਾਂ ਦੀ ਜ਼ਬਾਨ ਬੰਦ ਕਰਨ ਤੇ ਉੱਤਰ ਆਉਂਦੇ ਹਨ। ਜੋਕਿ ਗਲਤ ਢੰਗ ਹੈ। ਸਭਾ ਸਮਝਦੀ ਹੈ ਕਿ ਘਟਨਾਵਾਂ ਨੂੰ ਰੋਕਣ ਵਿੱਚ ਪੂਰੇ ਪ੍ਰਸਾਸ਼ਨ ਦੀ ਸਾਜ਼ਸੀ ਗੈਰ ਜੁੰਮੇਵਾਰੀ ਹੈ,ਇਸ ਲਈ ਕੇਵਲ  ਥਾਣੇ ਦਾ ਇੰਚਾਰਜ਼ ਹੀ ਜੰਮੇਵਾਰ ਨਹੀਂ। ਇਸ ਇਲਾਕੇ ਵਿੱਚ  ਨਾਮ ਚਰਚਾ ਸਮੇਂ ਝਗੜੇ ਹੁੰਦੇ ਹੀ ਰਹਿੰਦੇ ਹਨ, ਇਹਨਾਂ ਨੂੰ ਸਰਸਰੀ ਲੈਣ ਦਾ ਕੋਈ ਆਧਾਰ ਨਹੀਂ ਬਣਦਾ।ਸਰਗਰਮੀਆ  ਸਾੜਫੂਕ ਤੋਂ 2-3 ਘੰਟੇ (ਸ਼ਾਮੀ ਪੰਜ ਸਾਢੇ ਪੰਜ ਵਜੇ) ਪਹਿਲਾਂ ਸ਼ੁਰੂ ਹੋ ਗਈਆਂ ਸਨ। ਪਰ ਪ੍ਰਸਾਸ਼ਨ ਨੂੰ ਜਿਵੇਂ ਕੋਈ ਫਿਕਰ ਨਹੀਂ ਹੁੰਦਾ ਕੋਈ ਵੀ ਵਾਜਬ ਕਦਮ ਨਹੀਂ ਉਠਾਇਆ। ਸਭਾ ਸਮਝਦੀ ਹੈ ਕਿ ਸਰਪੰਚ ਗੈਰੀ ਨੂੰ ਗ੍ਰਿਫਤਾਰ ਕਰਨਾ ਵੀ ਮਾਮਲੇ ਦੇ ਭਾਈਚਾਰਕ ਹੱਲ ਨੂੰ ਰੋਕਣ ਦੀ ਕਾਰਵਾਈ ਹੈ। ਬਿਨਾਂ ਕਿਸੇ ਤਫਤੀਸ਼ ਦੇ ਇੱਕ ਇਤਲਾਹ ਦੇ ਆਧਾਰ ਤੇ ਹੀ ਉਸ ਖਿਲਾਫ ਕੇਸ ਦਰਜ਼ ਕਰਕੇ ਗ੍ਰਿਫਤਾਰ ਕਰ ਲੈਣਾ ਇੱਕ ਉਤੇਜਿਤੀ ਕਾਰਵਾਈ ਹੈ।ਪ੍ਰੇਮੀਆਂ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਜੋ ਘਟਨਾ ਸਮੇਂ ਹਾਜਰ ਹੀ ਨਹੀਂ ਸੀ ਵੱਲੋਂ ਲਿਖਵਾਈ ਗਈ ਐਫ.ਆਈ.ਆਰ. ਵਿੱਚ ਮਾਰ ਦੇਣ ਲਈ ਗੋਲੀ ਚਲਾਉਣ ਦਾ ਕੋਈ ਵੀ ਤੱਥ ਸਭਾ ਦੀ ਟੀਮ ਨੂੰ ਨਹੀਂ ਮਿਲਿਆ।ਪੁਲਸ ਆਮ ਮਾਮਲਿਆਂ ਵਿੱਚ ਕਈ ਕਈ ਦਿਨ ਕਾਰਵਾਈ ਨਹੀਂ ਕਰਦੀ ਪਰ ਇਥੇ ਤੁਰੰਤ ਗ੍ਰਿਫਤਾਰੀਆਂ ਸ਼ੰਕੇ ਖੜੇ ਕਰਦੀਆਂ ਹਨ।ਇਹ ਹੁਕਮਰਾਨ ਪਾਰਟੀ ਵੱਲੋਂ ਸਰਪੰਚ ਨੂੰ ਆਪਣੇ ਪੱਖ ਵਿੱਚ ਝੁਕਾਉਣ ਦਾ ਢੰਗ ਹੋ ਸਕਦਾ ਹੈ ਜਿਸ ਕਰਕੇ ਪਿੰਡ ਦੀ ਜਮਹੂਰੀ ਧਿਰ ਵਿੱਚ ਗੁੱਸਾ ਹੈ। ਜਿਥੇ ਡੇਰਾ ਪ੍ਰੇਮੀਆਂ ਨੂੰ ਨਾਮ ਚਰਚਾ ਕਰਨ ਦਾ ਜਮਹੂਰੀ ਹੱਕ ਹੈ ਉਥੇ ਉਹ ਟਕਰਾਵਾਂ ਨੂੰ ਰੋਕਣ ਲਈ ਕੋਈ ਸੰਜੀਦਗੀ ਨਹੀਂ ਦਿਖਾ ਰਹੇ ਸਿਰਫ ਆਪਣੀ ਤਾਕਤ (ਵਿਚਾਰਧਾਰਕ ਤਾਕਤ ਨਹੀਂ) ਅਤੇ ਪੁ੍ਰਸਾਸ਼ਨ ਉਪਰ ਟੇਕ ਰੱਖ ਰਹੇ ਹਨ।ਸਭਾ ਖੱਬੇ ਪੱਖੀ ਧਿਰਾਂ ਸਮੇਤ ਸਮੂਹ ਜਮਹੂਰੀ ਲੋਕਾਂ ਦੀ ਉਸਾਰੂ ਭੂਮਿਕਾ ਦੀ ਸ਼ਲਾਘਾ ਕਰਦੀ ਹੈ ਜਿਹਨਾਂ ਨੇ ਇਨ੍ਹਾਂ ਦਿਨਾਂ ਵਿੱਚ ਨਾਵਲਕਾਰ ਜਸਵੰਤ ਕੰਵਲ ਦੀ ਅਗਵਾਈ ਹੇਠ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਉਪਰਾਲੇ ਕੀਤੇ। ਉਹਨਾਂ ਦੋਵਾਂ ਧਿਰਾਂ ਨਾਲ ਸਬੰਧ ਬਣਾਉਂਦੇ ਹੋਏ ਪੁਲੀਸ ਨਾਲ ਵੀ ਸੰਪਰਕ ਬਣਾਈ ਰੱਖਿਆ। ਬੇਸ਼ੱਕ ਸਾੜਫੂਕ ਦੀ ਘਟਨਾ ਪਿੰਡੋਂ ਬਾਹਰ ਦੀ ਸੀ ਪਰ ਡੇਰਾ ਪ੍ਰੇਮੀਆਂ ਦੇ ਘਰਾਂ ਅਤੇ ਆਲੇ ਦੁਆਲੇ ਕੋਈ ਵੀ ਟਕਰਾ ਜਾਂ ਬਾਈਕਾਟ ਵਾਲੀ ਹਾਲਤ ਨਹੀਂ ਸੀ। ਪ੍ਰੇਮੀਆਂ ਅਨੁਸਾਰ "ਭਾਵੇਂ ਪਿੰਡ ਵਿੱਚ ਡੇਰੇ ਦੇ ਪੈਰੋਕਾਰਾਂ ਦੀ ਗਿਣਤੀ ਪਿੰਡ ਦੇ ਕੇਵਲ 50 ਕੁ ਘਰ ਹਨ। ਪਰ ਉਹਨਾਂ ਲਈ ਕੋਈ ਘਬਰਾਹਟ ਵਾਲੇ ਹਾਲਤ ਨਹੀਂ ਹੈ।ਇਸਦਾ ਸਿਹਰਾ ਖੱਬੇ ਪੱਖੀਆਂ ਨੂੰ ਜਾਂਦਾ ਹੈ"।ਨਾਵਲਕਾਰ ਜਸਵੰਤ ਕੰਵਲ ਦਾ ਕਹਿਣਾ ਹੈ ਕਿ ਸਾਡੇ ਵੱਲੋਂ 1950 ਵਿਆਂ 'ਚ ਤਨਾਅ ਗ੍ਰਸਤ ਪਿੰਡ ਨੂੰ ਸ਼ਾਂਤੀ ਪਸੰਦ ਅਤੇ ਵਿਕਾਸ ਦੇ ਰਾਹ ਉਪਰ ਪਾਉਣ ਦੇ ਉਪਰਾਲੇ ਬਰਕਰਾਰ ਰਹਿਣਗੇ। ਪਿੰਡ ਵਿੱਚ ਤਿੰਨ ਕਾਲਜ ਅਤੇ ਹੋਰ ਵਿਦਿਅਕ ਅਦਾਰੇ ਹਨ।ਪਿੰਡ ਦਾ ਵਿਕਾਸ ਪ੍ਰਭਾਵਸ਼ਾਲੀ ਹੈ। ਇਹ ਸਾਡੀ ਭਾਈਚਾਰਕ ਸਾਂਝ ਦਾ ਹੀ ਸਿੱਟਾ ਹੈ।ਕੰਵਲ ਹੋਰਾਂ ਦਾ ਇਹ ਵੀ ਕਹਿਣਾ ਸੀ ਕਿ ਘਟਨਾ ਦੀ ਕਨਸੋਅ ਮੈਨੂੰ ਮਿਲ ਜਾਂਦੀ ਤਾਂ ਮੈਂ ਵਿਚਕਾਰ ਜਾ ਖਲੋਣਾ ਸੀ ਅਤੇ ਟਕਰਾਅ ਰੋਕ ਦੇਣਾ ਸੀ ਬੇਸ਼ੱਕ ਮੈਨੂੰ ਕੁਰਬਾਨੀ ਕਿਉਂ ਨਾ ਦੇਣੀ ਪੈਂਦੀ।ਇਹੀ ਵਿਚਾਰ ਨਿਰਭੈ ਸਿੰਘ ਢੁਡੀਕੇ ਅਤੇ ਚਮਕੌਰ ਸਿੰਘ ਹੋਰਾਂ ਦੇ ਸਨ।ਮੰਗਾਂ ਅਤੇ ਸੁਝਾਅ:-ਦੋਹਾਂ ਪਾਸਿਆਂ ਤੋਂ ਭੜਕਾਹਟ ਪੈਦਾ ਕਰਨ ਵਾਲਿਆਂ ਦੀ ਨਿਸ਼ਾਨ ਦੇਹੀ ਕਰਕੇ ਲੋਕਾਂ ਵਿੱਚੋਂ ਨਿਖੇੜਿਆ ਜਾਵੇ। ਸਰਪੰਚ ਅਤੇ ਹੋਰ ਬੇਕਸੂਰ ਲੋਕਾਂ ਉਪਰ ਮੜੇ ਝੂਠੇ ਕੇਸ ਵਾਪਸ ਲਏ ਜਾਣ।ਵਿਚਾਰਾਂ ਦੀ ਆਜ਼ਾਦੀ ਜੋ ਸਮਾਜਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਨੂੰ ਵਿਕਸਤ ਕੀਤਾ ਜਾਵੇ, ਧੌਸਵਾਦੀ ਤਾਕਤਾਂ ਨੂੰ ਨਿਖੇੜਿਆ ਜਾਵੇ।ਵਿਰੋਧੀ ਵਿਚਾਰਾਂ ਨੂੰ ਬਰਦਾਸ਼ਤ ਕਰਨ, ਵਾਚਣ ਅਤੇ ਵਿਚਾਰਣ ਦਾ ਸੱਭਿਆਚਾਰ ਸਿਰਜਣ ਵੱਲ ਵੱਧਿਆ ਜਾਵੇ।ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀਆ ਤਾਕਤਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਨਿਖੇੜਿਆ ਜਾਵੇ।ਇਸ ਘਟਨਾ ਵਿੱਚ ਪ੍ਰਸਾਸ਼ਨ ਦੇ ਰੋਲ ਦੀ ਜਾਂਚ ਕਰਕੇ ਜੁੰਮੇਵਾਰ ਅਧਿਕਾਰੀਆਂ ਦੇ ਗੈਰਜ਼ੁੰਮੇਵਾਰਾਨਾ ਰਵੱਈਏ ਦੀ ਸਜ਼ਾ ਦਿੱਤੀ ਜਾਵੇ।ਸਿੱਖੀ ਦੀ ਵਿਰਾਸਤ ਵਿਚਾਰਾਂ ਦੀ ਆਜ਼ਾਦੀ ਅਤੇ ਤਾਕਤ ਦੀ ਧੌਂਸਬਾਜ਼ੀ ਦਾ ਵਿਰੋਧ ਕਰਨ ਦੀ ਰਹੀ ਹੈ। ਸਿੱਖ ਭਾਈਚਾਰੇ ਅਤੇ ਸਿੱਖ ਸੰਸਥਾਵਾਂ ਨੂੰ ਕੱਟੜਪੰਥੀ ਰੁਝਾਨ ਦੇ ਬਹਿਕਾਵੇ ਵਿਚ ਆ ਕੇ ਅਸਹਿਣਸ਼ੀਲਤਾ ਦਿਖਾਉਣ ਦੀ ਥਾਂ ਵਿਚਾਰਾਂ ਦੀ ਆਜ਼ਾਦੀ ਅਤੇ ਜਮਹੂਰੀ ਢੰਗ ਨਾਲ ਵਿਚਾਰਧਾਰਕ ਸੰਵਾਦ ਦਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ।

  


No comments:

Post a Comment