Tuesday, June 7, 2016

ਮੋਦੀ ਸਰਕਾਰ ਸਭ ਤੋਂ ਵੱਡੀ ਦਹਿਸ਼ਤਗਰਦ - ਜੇ ਐਨ ਯੂ ਆਗੂ ਸ਼ਹਿਲਾ ਰਸ਼ੀਦ

ਲੁਧਿਆਣਾ, 5 ਜੂਨ 2016 : "ਜੇ ਐਨ ਯੂ ਉਪਰ ਹਮਲਾ ਮਹਿਜ ਯੂਨੀਵਰਸਿਟੀ ਉਪਰ ਹਮਲਾ ਨਹੀਂ ਸਗੋਂ ਹਿੰਦੂਤਵੀ ਫਾਸ਼ੀਵਾਦ ਦਾ ਜਮਹੂਰੀਅਤ, ਔਰਤਾਂ ਦੀ ਸੁਰੱਖਿਆ, ਆਜਾਦੀ, ਸਮਾਜਿਕ ਬਰਾਬਰੀ ਅਤੇ ਅਗਾਂਹਵਧੂ ਕਦਰਾਂ-ਕੀਮਤਾਂ ਦੇ ਮਾਡਲ ਉਪਰ ਹਮਲਾ ਹੈ ਜਿਸ ਵਿੱਚੋਂ ਸੱਤਾ ਦੀਆਂ ਮਨਮਾਨੀਆਂ ਨੂੰ ਤਰਕਪੂਰਨ ਚੁਣੌਤੀ ਦੇਣ ਵਾਲੇ ਜਹੀਨ ਬੁੱਧੀਜੀਵੀ ਉਭਰਦੇ ਹਨ। ਇਸ ਹਮਲੇ ਨੂੰ ਪਛਾੜਣ ਲਈ ਜਮਹੂਰੀ ਤਾਕਤਾਂ ਨੂੰ ਧੜੱਲੇ ਨਾਲ ਇਕਜੁੱਟ ਦਖਲਅੰਦਾਜੀ ਕਰਨ ਦੀ ਲੋੜ ਹੈ।” ਇਹ ਵਿਚਾਰ ਅੱਜ ਇੱਥੇ ਪੰਜਾਬੀ ਭਵਨ ਲੁਧਿਆਣਾ ਵਿਚ ਜਮਹੂਰੀ ਅਧਿਕਾਰ ਸਭਾ, ਪੰਜਾਬ ਵਲੋਂ ਆਯੋਜਤ ਹਿੰਦੂਤਵੀ ਫਾਸ਼ੀਵਾਦ ਵਿਰੋਧੀ ਸੂਬਾਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਜੇ ਐਨ ਯੂ ਸਟੂਡੈਂਟਸ ਯੂਨੀਅਨ ਦੀ ਮੀਤ ਪ੍ਰਧਾਨ ਸ਼ਹਿਲਾ ਰਸ਼ੀਦ ਸ਼ੋਰਾ ਨੇ ਪ੍ਰਗਟ ਕੀਤੇ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਮੁੱਖ ਵਕਤਾ ਤੋਂ ਇਲਾਵਾ ਸਭਾ ਦੇ ਪ੍ਰਮੁੱਖ ਆਗੂ ਪ੍ਰੋਫੈਸਰ ਜਗਮੋਹਣ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਪ੍ਰਿੰਸੀਪਲ ਬੱਗਾ ਸਿੰਘ, ਡਾ. ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਸਤੀਸ਼ ਸਚਦੇਵਾ ਬਿਰਾਜਮਾਨ ਸਨ।
ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਸਭ ਤੋਂ ਵੱਡੀ ਦਹਿਸ਼ਤਗਰਦ ਹੈ ਜਿਸਦੇ ਤਹਿਤ ਅਗਲੀਆਂ ਚੋਣਾਂ ਵਿਚ ਸਾਡੇ ਦੇਸ਼ ਨੂੰ ਹੋਰ ਵੀ ਖਤਰਨਾਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸੰਘ ਪਰਿਵਾਰ ਕੋਲ ਐਸੇ ਸਾਜਿਸ਼ ਫਾਰਮੂਲਿਆਂ ਦੀ ਕਮੀ ਨਹੀਂ ਹੈ ਜਿਨ੍ਹਾਂ ਦੀ ਮਦਦ ਨਾਲ ਇਹ ਫਰਜੀ ਦਹਿਸ਼ਤਗਰਦ ਹਮਲਿਆਂ ਨੂੰ ਅੰਜਾਮ ਦੇਕੇ ਅਤੇ ਮੁਸਲਿਮ ਦਹਿਸ਼ਤਵਾਦ ਦੇ ਹਊਏ ਦੇ ਬਹਾਨੇ ਮੁਸਲਿਮ ਧਾਰਮਿਕ ਘੱਟਗਿਣਤੀ ਅਤੇ ਹੋਰ ਘੱਟਗਿਣਤੀਆਂ ਤੇ ਦੱਬੇਕੁਚਲੇ ਲੋਕਾਂ ਨੂੰ ਵਿਆਪਕ ਨਿਸ਼ਾਨਾ ਬਣਾਕੇ ਸੱਤਾ ਉਪਰ ਆਪਣੀ ਜਕੜ ਨੂੰ ਬਰਕਰਾਰ ਰੱਖਣਾ ਚਾਹੇਗੀ। ਮੋਦੀ ਹਕੂਮਤ ਦੇ ਵਿਕਾਸ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੇ ਮੁਲਕ ਉਪਰ ਥੋਪਿਆ ਜਾ ਰਿਹਾ ਕਥਿਤ ਗੁਜਰਾਤ ਮਾਡਲ ਮਹਿਜ ਆਰਥਕ ਨਿਰਮਾਣ ਦਾ ਸਵਾਲ ਨਹੀਂ ਹੈ ਇਹ ਸਮਾਜ ਵਿਚ ਫਿਰਕੂ ਜਹਿਰ ਫੈਲਾਉਣ ਅਤੇ ਕਾਰਪੋਰੇਟ ਸਰਮਾਏਦਾਰੀ ਨਾਲ ਗੰਢਚਿਤਰਾਵਾ ਕਰਕੇ ਨਵਸਾਮਰਾਜਵਾਦ ਥੋਪਣ ਦਾ ਮਾਡਲ ਹੈ ਜਿਸ ਵਿਚ ਦਲਿਤਾਂ, ਔਰਤਾਂ, ਆਦਿਵਾਸੀਆਂ, ਧਾਰਮਿਕ ਘੱਟਗਿਣਤੀਆਂ, ਕੌਮੀਅਤਾਂ ਸਮੇਤ ਸੱਭਿਆਚਾਰਕ ਵੰਨਸੁਵੰਨਤਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਘ ਪਰਿਵਾਰ ਦਾ ਰਾਸ਼ਟਰਵਾਦ ਢੌਂਗੀ ਹੈ ਕਿਉਂਕਿ ਸੱਚਾ ਰਾਸ਼ਟਰਵਾਦ ਸਭ ਤੋਂ ਪਹਿਲਾਂ ਖੁੱਲ੍ਹੀ ਮੰਡੀ ਦੇ ਆਰਥਕ ਮਾਡਲ ਉੁਪਰ ਸਵਾਲ ਕਰੇਗਾ ਜੋ ਆਮ ਲੋਕਾਂ ਤੋਂ ਸਿਖਿਆ, ਸਿਹਤ ਅਤੇ ਰੋਜਗਾਰ ਦੇ ਵਸੀਲੇ ਖੋਹਕੇ ਹਰ ਚੀਜ਼ ਨੂੰ ਕਾਰਪੋਰੇਟ ਮੁਨਾਫ਼ੇ ਦਾ ਸਾਧਨ ਬਣਾ ਰਿਹਾ ਹੈ। ਉਨ੍ਹਾਂ ਜੋਰ ਦਿੱਤਾ ਕਿ ਕੋਈ ਵੀ ਸਵਾਲ ਪਵਿੱਤਰ ਗਊ ਨਹੀਂ ਹੈ ਜਿਸ ਨੂੰ ਛੂਹਿਆ ਨਹੀਂ ਜਾ ਸਕਦਾ। ਸਵਾਲ ਕਰਨ ਦੀ ਆਜਾਦੀ ਨੂੰ ਬਚਾਉਣਾ ਅੱਜ ਸਮੇਂ ਦਾ ਸਭ ਤੋਂ ਅਹਿਮ ਤਕਾਜਾ ਹੈ। ਜਿਸ ਲਈ ਖੱਬੇਪੱਖੀ ਤਾਕਤਾਂ ਨੂੰ ਦਲਿਤਾਂ ਤੇ ਹੋਰ ਦੱਬੇਕੁਚਲੇ ਸੰਘਰਸ਼ਸ਼ੀਲ ਹਿੱਸਿਆਂ ਨਾਲ ਇਕਜੁਟ ਹੋ ਕੇ ਮਜ਼ਬੂਤ ਜਮਹੂਰੀ ਲਹਿਰ ਉਸਾਰਨ ਦੀ ਲੋੜ ਹੈ। ਜੇ ਐਨ ਯੂ ਸਟੂਡੈਂਟਸ ਯੂਨੀਅਨ ਦੇ ਸੀਨੀਅਰ ਆਗੂ ਅਕਬਰ ਚੌਧਰੀ ਨੇ ਆਪਣੇ ਸੰਬੋਧਨ ਵਿਚ ਸਵੈਨਿਰਣੇ ਦੇ ਜਮਹੂਰੀ ਹੱਕ ਦੀ ਵਜਾਹਤ ਕਰਦੇ ਹੋਏ ਕਿਹਾ ਕਿ ਕਸ਼ਮੀਰ, ਉਤਰ-ਪੂਰਬ ਅਤੇ ਕੇਂਦਰੀ ਭਾਰਤ ਦੇ ਬਸਤਰ ਖੇਤਰ ਦੇ ਮਾਓਵਾਦੀ ਸੰਘਰਸ਼ ਉਪਰ ਢਾਹੇ ਜਾ ਰਹੇ ਜਬਰ ਬਾਰੇ ਕਾਰਪੋਰੇਟ ਮੀਡੀਆ ਨੇ ਸੋਚੀ ਸਮਝੀ ਖਾਮੋਸ਼ੀ ਧਾਰੀ ਹੋਈ ਹੈ ਜਿਸਦਾ ਪਰਦਾਫਾਸ਼ ਕਰਨ ਲਈ ਅਗਾਂਹਵਧੂ ਤਾਕਤਾਂ ਨੂੰ ਆਪਣੇ ਵਸੀਲਿਆਂ ਅਤੇ ਸੋਸ਼ਲ ਮੀਡੀਆ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਦੇ ਹੋਏ ਉਸ ਅਖਾਉਤੀ ਜਮਹੂਰੀਅਤ ਨੂੰ ਚੁਣੌਤੀ ਦੇਣ ਦੀ ਲੋੜ ਹੈ ਜਿਸ ਨੇ ਪੁਰਾਣੇ ਤਰਜ ਦੀਆਂ ਜਗੀਰੂ ਸੈਨਾਵਾਂ ਨੂੰ ਸਲਵਾ ਜੁਡਮ ਵਰਗੇ ਨਵੇਂ ਰੂਪ ਦੇ ਕੇ ਅਤੇ ਓਪਰੇਸ਼ਨ ਗਰੀਨ ਹੰਟ ਵਰਗੇ ਬੇਸ਼ੁਮਾਰ ਓਪਰੇਸ਼ਨਾਂ ਰਾਹੀਂ ਸਾਡੀ ਸਮੁੱਚੀ ਸਰਜਮੀਨ ਨੂੰ ਪੁਲਿਸ ਰਾਜ ਵਿਚ ਬਦਲ ਦਿੱਤਾ ਹੈ ਜੋ ਅੱਜ ਮਿਸ਼ਨ-2016 ਦੇ ਨਾਂ ਹੇਠ ਚਲਾਇਆ ਜਾ ਰਿਹਾ ਹੈ। ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਭਵਿੱਖਬਾਣੀ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਹੁਕਮਰਾਨਾਂ ਦੀ ਆਪਣੇ ਹੀ ਲੋਕਾਂ ਦੇ ਖਿਲਾਫ਼ ਜੰਗ ਕੁਦਰਤੀ ਸਰੋਤਾਂ ਦੀ ਲੁੱਟਮਾਰ ਲਈ ਹੈ ਅਤੇ ਦੇਸ਼ ਦੀ ਜਾਗਰੂਕ ਜਵਾਨੀ ਨੂੰ ਸੱਤਾਧਾਰੀਆਂ ਵਲੋਂ ਖੜ੍ਹੇ ਕੀਤੇ ਵਿਕਾਸ ਦੇ ਭਰਮ ਦੇ ਖ਼ਿਲਾਫ਼ ਸੱਚੀ ਆਜਾਦੀ ਨੂੰ ਸਮਰਪਿਤ ਹੋ ਕੇ ਜੂਝਣ ਦੀ ਲੋੜ ਹੈ। ਇਸ ਮੌਕੇ ਡਾ. ਪਰਮਿੰਦਰ ਸਿੰਘ ਵਲੋਂ ਪੇਸ਼ ਕੀਤੇ ਮਤਿਆਂ ਵਿਚ ਕਸ਼ਮੀਰ, ਉਤਰ-ਪੂਰਬ, ਛੱਤੀਸਗੜ੍ਹ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਕੀਤਾ ਜਾ ਰਿਹਾ ਜਬਰ ਬੰਦ ਕਰਨ, ਅਫਸਪਾ ਤੇ ਹੋਰ ਕਾਲੇ ਕਾਨੂੰਨ ਵਾਪਸ ਲੈਣ ਅਤੇ ਸਵੈਨਿਰਣੇ ਸਮੇਤ ਲੋਕਾਂ ਦੀਆਂ ਕੁਲ ਜਮਹੂਰੀ ਰੀਝਾਂ ਨੂੰ ਤਸਲੀਮ ਕਰਦੇ ਹੋਏ ਬੰਦੂਕ ਦੀ ਨੀਤੀ ਬੰਦ ਕਰਨ ਅਤੇ ਗੱਲਬਾਤ ਰਾਹੀਂ ਮਸਲਿਆਂ ਦਾ ਜਮਹੂਰੀ ਹੱਲ ਕਰਨ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਪੰਜਾਬ ਦੇ ਦਲਿਤਾਂ ਦੇ ਜਮੀਨਾਂ ਲਈ ਸੰਘਰਸ਼ ਉੁਪਰ ਜਬਰ ਅਤੇ ਮਜਦੂਰ ਆਗੂ ਕਾ. ਭਗਵੰਤ ਸਮਾਓਂ ਉਪਰ ਜਾਨਲੇਵਾ ਹਮਲੇ ਦੇ ਰੂਪ ਵਿਚ ਸਾਹਮਣੇ ਆਏ ਗੁੰਡਾ ਗਰੋਹਾਂ ਦੇ ਵਰਤਾਰੇ ਦੀ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ, ਮਜਦੂਰਾਂ ਅਤੇ ਹੋਰ ਲੋਕਾਂ ਦੇ ਹੱਕੀ ਸੰਘਰਸ਼ਾਂ ਪ੍ਰਤੀ ਸੂਬਾ ਸਰਕਾਰ ਦੇ ਬੇਰਹਿਮ ਵਤੀਰੇ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਸੁਪਰੀਮ ਕੋਰਟ ਦੇ ਤਾਜਾ ਹੁਕਮਾਂ ਸਮੇਤ ਵਿਚਾਰ ਪ੍ਰਗਟਾਵੇ ਦੀ ਆਜਾਦੀ ਉਪਰ ਹਮਲਿਆਂ ਉਪਰ ਗੰਭੀਰ ਚਿੰਤਾ ਪ੍ਰਗਟਾਈ ਗਈ। ਇਸ ਮੌਕੇ ਸਭਾ ਦੇ ਸੂਬਾਈ ਤੇ ਜਿਲ•ਾ ਆਗੂਆਂ ਤੋਂ ਇਲਾਵਾ, ਪ੍ਰੋਫੈਸਰ ਸੱਭਰਵਾਲ, ਐਡਵੋਕੇਟ ਦਲਜੀਤ ਸਿੰਘ, ਐਡਵੋਕੇਟ ਰਾਜੀਵ ਲੋਹਟਬੱਦੀ, ਐਡਵੋਕੇਟ ਐੱਨ.ਕੇ.ਜੀਤ, ਪ੍ਰੋਫੈਸਰ ਆਰ. ਐਸ ਬਰਾੜ, ਪ੍ਰੋਫੈਸਰ ਬਾਵਾ ਸਿੰਘ, ਹੇਮਰਾਜ ਸਟੈਨੋ, ਸੁਖਦੇਵ ਫਗਵਾੜਾ ਸਮੇਤ ਤਰਕਸ਼ੀਲ, ਰੰਗਕਰਮੀ, ਲੇਖਕ, ਬੁੱਧੀਜੀਵੀ, ਜਨਤਕ ਜਥੇਬੰਦੀਆਂ ਦੇ ਆਗੂ ਅਤੇ ਕਾਰਕੁੰਨ ਵੱਡੀ ਗਿਣਤੀ ਵਿਚ ਹਾਜਰ ਹਨ। ਸਭਾ ਦੇ ਮੀਤ ਪ੍ਰਧਾਨ ਪਿੰ੍ਰਸੀਪਲ ਬੱਗਾ ਸਿੰਘ ਵਲੋਂ ਹਾਜਰੀਨ ਦਾ ਧੰਨਵਾਦ ਕੀਤਾ ਗਿਆ।

No comments:

Post a Comment