Thursday, May 26, 2016

ਜਮਹੂਰੀ ਅਧਿਕਾਰ ਸਭਾ ਵਲੋਂ ਸੰਘਰਸ਼ਸ਼ੀਲ ਦਲਿਤਾਂ ਉੱਪਰ ਜਬਰ ਦੀ ਸਖ਼ਤ ਨਿਖੇਧੀ

ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਸੰਗਰੂਰ ਜ਼ਿਲ੍ਹੇ ਦੇ ਬਾਲਦ ਕਲਾਂ ਪਿੰਡ ਦੇ ਦਲਿਤਾਂ ਦੇ ਜ਼ਮੀਨ ਪ੍ਰਾਪਤੀ ਸੰਘਰਸ਼ ਨੂੰ ਦਬਾਉਣ ਲਈ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਉੱਪਰ ਬੇਰਹਿਮੀ ਨਾਲ ਲਾਠੀਚਾਰਜ ਕਰਨ ਅਤੇ ਗੋਲੀ ਚਲਾਉਣ, ਔਰਤਾਂ ਸਮੇਤ ਅੱਧੀ ਦਰਜਨ ਲੋਕਾਂ ਨੂੰ ਜ਼ਖ਼ਮੀ ਕਰਨ ਅਤੇ ਵਿਦਿਆਰਥਣਾਂ ਸਮੇਤ ਰਾਹ ਜਾਂਦੇ ਆਮ ਲੋਕਾਂ ਨੂੰ ਲਾਠੀਆਂ ਨਾਲ ਕੁੱਟਣ ਤੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਅਤੇ ਪ੍ਰਦਰਸ਼ਨਕਾਰੀਆਂ ਉੱਪਰ ਸੰਗੀਨ ਪਰਚੇ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਦਲਿਤਾਂ ਦਾ ਪੰਚਾਇਤੀ ਜ਼ਮੀਨ ਵਿੱਚੋਂ ਆਪਣਾ ਕਾਨੂੰਨੀ ਹਿੱਸਾ ਮੰਗਣਾ ਅਤੇ ਇਸ ਮਾਮਲੇ ਵਿਚ ਸਰਕਾਰ, ਪ੍ਰਸ਼ਾਸਨ ਅਤੇ ਬਾਰਸੂਖ਼ ਕਾਸ਼ਤਕਾਰਾਂ ਵਲੋਂ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਧਾਂਦਲੀਆਂ ਨੂੰ ਰੋਕਣ ਅਤੇ ਜ਼ਮੀਨਾਂ ਦੀ ਬੋਲੀ ਦੇ ਮਾਮਲੇ ਵਿਚ ਪਾਰਦਰਸ਼ਤਾ ਲਈ ਜਥੇਬੰਦ ਸੰਘਰਸ਼ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ। ਇਸ ਹੱਕ-ਜਤਾਈ ਨੂੰ ਕੁਚਲਣ ਅਤੇ ਪੰਚਾਇਤੀ ਜ਼ਮੀਨਾਂ ਉੱਪਰ ਬਾਰਸੂਖ਼ ਅਨਸਰਾਂ ਦੇ ਕਬਜ਼ਿਆਂ ਨੂੰ ਬਰਕਰਾਰ ਰੱਖਣ ਲਈ ਉਪਰੋਕਤ ਨਾਪਾਕ ਗੱਠਜੋੜ ਵਲੋਂ ਤਰ੍ਹਾਂ-ਤਰ੍ਹਾਂ ਦੇ ਹੱਥਕੰਡਿਆਂ ਅਤੇ ਬੇਤਹਾਸ਼ਾ ਜਬਰ ਦਾ ਸਹਾਰਾ ਲਿਆ ਜਾ ਰਿਹਾ ਹੈ। ਸਭਾ ਮੰਗ ਕਰਦੀ ਹੈ ਕਿ ਗ੍ਰਿਫ਼ਤਾਰ ਕੀਤੇ ਸੰਘਰਸ਼ਕਾਰੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਉਨ੍ਹਾਂ ਉੱਪਰ ਦਰਜ ਮਾਮਲੇ ਵਾਪਸ ਲਏ ਜਾਣ, ਲਾਠੀਚਾਰਜ ਕਰਨ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ, ਸਬੰਧਤ ਪਿੰਡਾਂ ਦੇ ਦਲਿਤਾਂ ਦੀ ਸੰਤੁਸ਼ਟੀ ਕਰਾਏ ਬਗ਼ੈਰ ਪ੍ਰਸ਼ਾਸਨਿਕ ਡੰਡੇ ਦੇ ਜ਼ੋਰ ਦਲਿਤ ਸਮਾਜ ਉੱਪਰ ਫ਼ੈਸਲੇ ਥੋਪਣ ਦਾ ਤਾਨਾਸ਼ਾਹ ਸਿਲਸਿਲਾ ਬੰਦ ਕਰੇ। ਸਮੁੱਚੇ ਪੰਜਾਬ ਵਿਚ ਹਰ ਜ਼ਿਲ੍ਹੇ ਦਾ ਪ੍ਰਸ਼ਾਸਨ ਪੰਚਾਇਤੀ ਜ਼ਮੀਨਾਂ ਵਿੱਚੋਂ ਦਲਿਤਾਂ ਦਾ ਹਿੱਸਾ ਧਨਾਢ ਤੇ ਬਾਰਸੂਖ਼ ਹਿੱਸਿਆਂ ਦੇ ਕਬਜ਼ੇ ਹੇਠੋਂ ਕਢਵਾਕੇ ਸਹੀ ਤਰੀਕੇ ਨਾਲ ਬੋਲੀ ਕਰਵਾਕੇ ਇਹ ਜ਼ਮੀਨ ਦਲਿਤਾਂ ਨੂੰ ਦਿਵਾਉਣਾ ਯਕੀਨੀਂ ਬਣਾਵੇ ਅਤੇ  ਸਾਂਝੀ ਖੇਤੀਬਾੜੀ ਕਰਨ ਲਈ ਬੇਜ਼ਮੀਨੇ ਤੇ ਛੋਟੇ ਕਿਸਾਨਾਂ ਨੂੰ ਇਹ ਜ਼ਮੀਨ ਘੱਟ ਤੋਂ ਘੱਟ ਬੋਲੀ ਉੱਪਰ ਮੁਹੱਈਆ ਕਰਾਈ ਜਾਵੇ।

ਮਿਤੀ: 25 ਮਈ 2016

No comments:

Post a Comment