ਅਪਰੈਲ ਦੇ ਤੀਜੇ ਹਫ਼ਤੇ ਅਖ਼ਬਾਰਾਂ ਵਿਚ ਪਿੰਡ ਮਾਨਾਂ ਜ਼ਿਲ੍ਹਾ ਸੰਗਰੂਰ ਦੇ ਦੋ ਦਲਿਤ ਮਜ਼ਦੂਰਾਂ ਨੂੰ ਪੁਲਿਸ ਵਲੋਂ ਨਜਾਇਜ਼ ਹਿਰਾਸਤ ਵਿਚ ਰੱਖਕੇ ਦਿੱਤੇ ਗਏ ਤਸੀਹਿਆਂ ਦੀਆਂ ਖ਼ਬਰਾਂ ਪੜਨ ਉਪਰੰਤ ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਸੰਗਰੂਰ ਨੇ ਮਿਤੀ 19/04/16 ਨੂੰ ਹੰਗਾਮੀ ਮੀਟਿੰਗ ਕਰਕੇ ਇਸ ਘਟਨਾਂ ਸੰਬੰਧੀ ਤੱਥ ਖੋਜ ਲਈ ਸਰਵ ਸ਼੍ਰੀ ਨਾਮਦੇਵ ਭੁਟਾਲ (ਜ਼ਿਲ੍ਹਾ ਪ੍ਰਧਾਨ) ਗੁਰਬਖਸ਼ੀਸ਼ ਸਿੰਘ, ਸਤਿਜੀਤ ਸਿੰਘ, ਅਮਰੀਕ ਸਿੰਘ ਖੋਖਰ, ਸਵਰਨਜੀਤ ਸਿੰਘ ਨੂੰ ਲੈਕੇ ਕਮੇਟੀ ਬਣਾਈ ਗਈ। ਇਸ ਕਮੇਟੀ ਵੱਲੋਂ ਇਸ ਘਟਨਾ ਸੰਬੰਧੀ ਪੀੜਤ ਮਜ਼ਦੂਰਾਂ, ਚੋਰੀ ਦਾ ਦੋਸ਼ ਲਗਾਉਣ ਵਾਲੀਆਂ ਧਿਰਾਂ, ਪੁਲੀਸ, ਮੌਕੇ ਦੇ ਗਵਾਹਾਂ ਨੂੰ ਮਿਲਕੇ ਜਾਂ ਸੰਪਰਕ ਕਰਕੇ ਅਤੇ ਦਸਤਾਵੇਜ਼ਾਂ ਦੀ ਘੋਖ-ਪੜਤਾਲ ਕਰਕੇ ਤੱਥ ਇੱਕਠੇ ਕੀਤੇ ਗਏ।
ਪੜਤਾਲੀਆ ਟੀਮ ਨੇ ਸਭ ਤੋਂ ਪਹਿਲਾ ਪੀੜਤ ਮਜ਼ਦੂਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਪਰਬਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਮਾਨਾ ਨੂੰ ਮਿਲਕੇ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਉਹ ਅਮਰਗੜ੍ਹ ਵਿਖੇ ਚੌਂਦਾ ਰੋਡ ਪਾਸ ਸੁਰਜੀਤ ਸਿੰਘ ਫੋਰਮੈਨ ਦੀ ਵਰਕਸ਼ਾਪ 'ਤੇ ਕੰਮ ਕਰਦੇ ਸਨ। 6 ਅਪਰੈਲ ਨੂੰ ਮਨਦੀਪ ਸਿੰਘ ਨੂੰ ਅਮਰਗੜ੍ਹ ਵਿਖੇ ਕੋਈ ਕੰਮ ਸੀ ਉਹ ਪਰਬਤ ਸਿੰਘ ਨੂੰ ਨਾਲ ਲੈ ਕੇ ਅਮਰਗੜ੍ਹ ਆਇਆ ਤੇ ਕੰਮ ਕਰਨ ਉਪਰੰਤ ਉਹ ਦੋਵੇਂ ਪਰਬਤ ਸਿੰਘ ਦੀ ਭੈਣ ਨੂੰ ਮਿਲਣ ਲਈ ਆਪਣੇ ਬਾਈਕ ਨੰ: ਪੀਬੀ02-ਬੀਸੀ 2497 (ਪਲਾਟੀਨਾ) ਉਪਰ ਪਿੰਡ ਸਲਾਰ ਨੂੰ ਜਾ ਰਹੇ ਸੀ। ਸਵੇਰੇ 11:30 ਵਜ੍ਹੇ ਦੇ ਕਰੀਬ ਪਿੰਡ ਬੁਰਜ ਵਿਖੇ ਦੋ ਸਕੂਟਰ ਸਵਾਰ ਵਿਅਕਤੀਆਂ ਨੇ ਉਹਨਾਂ ਨੂੰ ਘੇਰ ਲਿਆ। ਘੇਰਨ ਸਾਰ ਸਾਡੇ ਬਾਈਕ ਨੂੰ ਜਿੰਦਾ ਲਗਾ ਕੇ ਚਾਬੀ ਕੱਢ ਲਈ। ਫਿਰ ਉਹਨਾਂ ਨੇ ਆਪਣੇ ਮੋਬਾਇਲ ਰਾਹੀਂ ਸਾਡੀਆਂ ਫੋਟੋਆ ਖਿੱਚੀਆਂ। ਸਾਡੇ ਪਿੱਛੇ ਆ ਰਹੇ ਵਿਅਕਤੀ ਭੋਲੂ ਮੀਆਂ ਨੇ ਸਾਡੇ 'ਤੇ ਦੋਸ਼ ਲਗਾਇਆ ਕਿ ਅਸਾਂ ਉਸਦੀ ਕੁੱਤੀ ਚੋਰੀ ਕੀਤੀ ਹੈ। ਉਸ ਕਿਹਾ ਕਿ ਚੋਰ ਤੁਸੀਂ ਨਹੀਂ ਪਰ ਮੋਟਰਸਾਈਕਲ ਇਹੀ ਹੈ ਜੋ ਚੋਰੀ ਸਮੇਂ ਵਰਤਿਆ ਗਿਆ ਹੈ। ਉਹਨਾਂ ਕਿਹਾ ਕਿ ਚੋਰਾਂ ਨੂੰ ਪੇਸ਼ ਕਰੋ, ਮੋਟਰ ਸਾਈਕਲ ਫਿਰ ਦੇਵਾਂਗੇ। ਅਸੀਂ ਉਥੋਂ ਪੈਦਲ ਚਲਕੇ ਪਰਬਤ ਸਿੰਘ ਦੀ ਭੈਣ ਦੇ ਘਰ ਸਲਾਰ ਚਲੇ ਗਏ। ਜਿਥੋਂ ਫਿਰ ਅਸੀਂ ਪਿੰਡ ਪਹੁੰਚੇ। ਇਸ ਉਪਰੰਤ ਅਸੀ ਦੋ ਤਿੰਨ ਦਿਨ ਇਧਰੋਂ ਉਧਰੋਂ ਬੰਦੇ ਭੇਜ ਕੇ ਆਪਣਾ ਮੋਟਰਸਾਈਕਲ ਲੈਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਅਸੀਂ ਮਿਤੀ 9/4/16 ਨੂੰ ਸਵੇਰੇ 10:30 ਵਜੇ ਸ਼੍ਰੀ ਮਲਕੀਤ ਸਿੰਘ ਧੰਦੀਵਾਲ, ਬਲਵੀਰ ਸਿੰਘ (ਪਿਤਾ-ਮਨਦੀਪ ਸਿੰਘ), ਜਗਨ ਸਿੰਘ ਪੰਚਾਇਤ ਮੈਂਬਰ ਪਿੰਡ ਮਾਨਾ, ਰਾਜਿੰਦਰ ਸਿੰਘ ਸਰਪੰਚ ਪਿੰਡ ਮਾਨਾ, ਜੋਧਾ ਸਿੰਘ ਪਿੰਡ ਚਪੜੌਦਾ ਨੂੰ ਨਾਲ ਲੈ ਕੇ ਥਾਣਾ ਅਮਰਗੜ੍ਹ ਗਏ ਤੇ ਸਾਡਾ ਮੋਟਰਸਾਈਕਲ ਦਿਵਾਉਣ ਦੀ ਫਰਿਆਦ ਕੀਤੀ। ਥਾਣੇ ਵਿਚ ਸਾਨੂੰ ਸ਼੍ਰੀ ਸੰਜੀਵ ਗੋਇਲ ਐਸ.ਐਚ.ੳ. ਅਤੇ ਸ਼੍ਰੀ ਰਘਵੀਰ ਸਿੰਘ ਏ.ਐਸ.ਆਈ. ਮਿਲੇ। ਉਹਨਾਂ ਕਿਹਾ ਕਿ ਕੁੱਤੀ ਦੀ ਤਾਂ ਕਹਾਣੀ ਬਣਾਈ ਗਈ ਹੈ। ਦਰਅਸਲ ਚਾਰ ਲੱਖ ਰੁਪਏ ਦੀ ਰਕਮ ਖੋਹੀ ਗਈ ਹੈ। ਇਸ ਸੰਬੰਧੀ ਪੀੜਤ ਧਿਰ ਤੁਹਾਡਾ ਨਾਮ ਰੱਖਦੀ ਹੈ। ਅਸੀਂ ਇਸ ਘਟਨਾ ਸੰਬੰਧੀ ਪੁੱਛ-ਗਿੱਛ ਕਰਨੀ ਹੈ। ਉਹਨਾਂ ਸਾਡੇ ਨਾਲ ਗਏ ਵਿਆਕਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ 2 ਘੰਟੇ ਬਾਅਦ ਸਾਨੂੰ ਛੱਡ ਦੇਣਗੇ। ਇਸ ਵਿਸ਼ਵਾਸ ਨਾਲ ਸਾਡੇ ਨਾਲ ਗਏ ਵਿਆਕਤੀ ਸਾਨੂੰ ਥਾਣੇ ਛੱਡ ਕੇ ਬਾਹਰ ਆ ਗਏ। ਏ.ਐਸ.ਆਈ. ਰਘਵੀਰ ਸਿੰਘ ਦੀ ਅਗਵਾਈ ਵਿਚ ਪੁਲੀਸ ਨੇ ਸਾਨੂੰ ਤਰਾਂ ਤਰਾਂ ਦੇ ਤਸੀਹੇ ਦਿੱਤੇ। ਸਾਡੀ ਬਹੁਤ ਹੀ ਜ਼ਿਆਦਾ ਕੁੱਟਮਾਰ ਕੀਤੀ। ਉਹ ਸਾਨੂੰ ਸਾਰਾ ਦਿਨ ਕੁਟਦੇ ਰਹੇ। ਜਦੋਂ ਸ਼ਾਮ ਤੱਕ ਵੀ ਪੁਲੀਸ ਨੇ ਸਾਨੂੰ ਨਾ ਛੱਡਿਆ ਤਾਂ ਸਾਡੇ ਰਿਸ਼ਤੇਦਾਰਾਂ ਨੇ 181 'ਤੇ ਫੋਨ ਕਰਕੇ ਗੈਰਕਾਨੂੰਨੀ ਹਿਰਾਸਤ ਸੰਬੰਧੀ ਸ਼ਿਕਾਇਤ ਦਰਜ ਕਰਾਈ। ਪੁਲੀਸ ਅਗਲੇ ਦਿਨ ਸਾਨੂੰ ਹਿਮਤਾਨਾ ਚੌਂਕੀ ਲੈ ਗਈ। ਉਥੇ ਸਾਨੂੰ ਬਹੁਤ ਹੀ ਬੁਰੀ ਤਰ੍ਹਾਂ ਤਸੀਹੇ ਦਿੱਤੇ। ਸਾਡੇ ਗੁਪਤ ਅੰਗਾਂ 'ਤੇ ਕਰੰਟ ਲਗਾਏ ਗਏ। ਸਾਨੂੰ ਬੁਰੀ ਤਰ੍ਹਾਂ ਤੜਫਾਇਆ ਗਿਆ। ਫਿਰ ਸ਼ਾਮ ਨੂੰ ਅਮਰਗੜ੍ਹ ਲੈ ਆਏ, ਅਗਲੇ ਦਿਨ 11 ਅਪਰੈਲ ਨੂੰ ਏ.ਐੱਸ.ਆਈ. ਰਘਵੀਰ ਸਿੰਘ ਸਾਨੂੰ ਸੀ.ਆਈ.ਏ. ਸਟਾਫ ਬਹਾਦੁਰਸਿੰਘ ਵਾਲਾ ਲੈ ਆਇਆ। ਇਥੇ ਸਾਡੀ ਕੁੱਟਮਾਰ ਤਾਂ ਨਹੀਂ ਹੋਈ ਪਰ ਸਾਨੂੰ ਡਰਾਇਆ ਧਮਕਾਇਆ ਗਿਆ ਤੇ ਪੁੱਛ-ਗਿੱਛ ਕੀਤੀ ਗਈ। ਸ਼ਾਮ ਨੂੰ ਫਿਰ ਅਮਰਗੜ੍ਹ ਲੈ ਆਏ। 12/04/16 ਨੂੰ ਸਾਡੇ ਰਿਸ਼ਤੇਦਾਰਾਂ ਨੇ ਐੱਸ.ਐੱਸ.ਪੀ. ਸੰਗਰੂਰ ਨੂੰ ਮਿਲਕੇ ਸਾਰਾ ਮਾਮਲਾ ਧਿਆਨ ਵਿਚ ਲਿਆਂਦਾ। ਪੁਲੀਸ ਵੀ ਉਸ ਸਮੇਂ ਤੱਕ ਸਾਨੂੰ ਕਹਿਣ ਲੱਗੀ ਕਿ ਤੁਸੀ ਤਾਂ ਬੇਕਸੂਰੇ ਹੀ ਕੁੱਟੇ ਗਏ। ਤੁਹਾਡਾ ਗ਼ਲਤ ਨਾਮ ਰੱਖ ਦਿੱਤਾ ਹੈ। ਤੁਹਾਨੂੰ ਉਹਨਾਂ ਖ਼ਿਲਾਫ਼ ਸਾਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ। ਫਿਰ ਪੁਲੀਸ ਨੇ 13/04/16 ਨੂੰ ਸਾਨੂੰ ਸ਼ਾਮ ਨੂੰ 6/7 ਵਜੇ ਛੱਡਿਆ। ਰਾਜਿੰਦਰ ਸਿੰਘ ਸਰਪੰਚ, ਜਗਨ ਸਿੰਘ ਮੈਂਬਰ, ਕੁਲਦੀਪ ਸਿੰਘ ਬਟੂਹਾ, ਮਲਕੀਤ ਸਿੰਘ ਧੰਦੀਵਾਲ, ਬਹਾਦੁਰ ਸਿੰਘ ਮਾਸਟਰ ਮਾਨਾ ਅਤੇ ਸਾਡੇ ਦੋਨਾਂ ਦੇ ਪਿਤਾ ਸਾਡੇ ਛੱਡਣ ਸਮੇਂ ਥਾਣੇ ਵਿਚ ਹਾਜ਼ਰ ਸਨ। ਸਾਨੂੰ ਉਹਨਾਂ ਦੇ ਸਪੁਰਦ ਕੀਤਾ ਗਿਆ। ਸਾਡੀ ਸਰੀਰਕ ਹਾਲਤ ਬਹੁਤ ਮਾੜੀ ਸੀ। ਅਗਲੇ ਦਿਨ 14/04/16 ਨੂੰ ਅਸੀਂ ਸਵੇਰ ਸਮੇਂ ਸਿਵਲ ਹਸਪਤਾਲ ਧੂਰੀ ਵਿਖੇ ਆ ਕੇ ਸਾਡਾ ਇਲਾਜ ਕਰਨ ਅਤੇ ਸਾਡਾ ਪਰਚਾ ਕੱਟਣ ਦੀ ਬੇਨਤੀ ਕੀਤੀ। ਪਰੰਤੂ ਉਹਨਾਂ ਨੇ ਪਰਚਾ ਕੱਟਣ ਤੇ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਸਿਰਫ਼ ਪਰਚੀਆਂ 'ਤੇ ਦਵਾਈ ਲਿਖਕੇ ਦੇ ਦਿੱਤੀ। ਪਿਰਥੀ ਸਿੰਘ ਨੇ 104 ਨੰਬਰ 'ਤੇ ਫ਼ੋਨ ਕਰਕੇ ਸ਼ਿਕਾਇਤ ਕੀਤੀ। ਪਰ ਉਹਨਾਂ ਵੀ ਸਾਡੀ ਮਦਦ ਨਹੀਂ ਕੀਤੀ। ਫਿਰ ਅਸੀ ਦਵਾਈ ਲੈ ਕੇ ਪਿੰਡ ਵਾਪਸ ਮੁੜ ਗਏ। ਅਗਲੇ ਦਿਨ ਜ਼ਿਆਦਾ ਤੰਗ ਹੋਣ ਕਾਰਣ ਅਸੀ ਸੰਗਰੂਰ ਹਸਪਤਾਲ ਵਿਚ ਆ ਗਏ। ਉਹਨਾਂ ਨੇ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਸਰੀਰਕ ਤੌਰ 'ਤੇ ਜ਼ਿਆਦਾ ਤੰਗ ਹੋਣ ਕਾਰਨ ਅਸੀਂ ਲਿਖਕੇ ਦੇ ਦਿੱਤਾ ਕਿ ਅਸੀਂ ਕਾਨੂੰਨੀ ਕਾਰਵਾਈ ਨਹੀਂ ਕਰਨੀ। ਫਿਰ ਉਹਨਾਂ ਨੇ ਸਾਨੂੰ ਦਾਖ਼ਲ ਕੀਤਾ।
ਇਸ ਉਪਰੰਤ ਪੜਤਾਲੀਆਂ ਟੀਮ ਨੇ ਅਮਰਗੜ੍ਹ ਵਿਖੇ ਸੁਰਜੀਤ ਸਿੰਘ ਫੋਰਮੈਨ ਦੀ ਵਰਕਸ਼ਾਪ 'ਤੇ ਜਾ ਕੇ ਜਾਣਕਾਰੀ ਹਾਸਲ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਦੋਨਾ ਲੜਕਿਆਂ ਨੇ ਸਾਡੇ ਪਾਸ ਤਕਰੀਬਨ ਇੱਕ ਮਹੀਨਾ ਕੰਮ ਕੀਤਾ ਹੈ। ਇਹਨਾਂ ਨੇ ਠੀਕ ਤਰੀਕੇ ਨਾਲ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਇਹਨਾਂ ਨੇ ਦਸ਼ਮੇਸ ਵਾਲਿਆਂ ਦੇ ਵੀ ਕਈ ਮਹੀਨੇ ਲਗਾਏ ਹਨ। ਇਹ ਸਾਊ ਸੁਭਾਅ ਦੇ ਹਨ। ਇਹਨਾਂ ਦੀ ਉਥੇ ਵੀ ਕੋਈ ਸ਼ਿਕਾਇਤ ਨਹੀਂ ਸੀ। ਉਹਨਾਂ ਕਿਹਾ ਕਿ ਮਨਦੀਪ ਸਿੰਘ ਨੇ ਸਾਡੇ ਪਾਸ 26/3 ਦੀ ਦੁਪਹਿਰ ਤੱਕ ਕੰਮ ਕੀਤਾ ਹੈ। ਪਰਬਤ ਸਿੰਘ ਪਹਿਲਾਂ ਹਟ ਗਿਆ ਸੀ। 26/3 ਨੂੰ ਮਨਦੀਪ ਸਿੰਘ ਸਾਡੇ ਤੋਂ ਪੈਸੇ ਮੰਗ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਜਾਣਾ ਹੈ।
ਇਸ ਉਪਰੰਤ ਟੀਮ ਬੁਰਜ ਪਿੰਡ ਪੁਜੀ ਜਿਥੇ ਇਹਨਾਂ ਦਾ ਮੋਟਰ ਸਾਈਕਲ ਕਬਜੇ ਵਿਚ ਲਿਆ ਗਿਆ ਸੀ। ਇਥੇ ਭੋਲੂ ਮੀਆਂ ਨੂੰ ਮਿਲਕੇ ਗਲਬਾਤ ਕੀਤੀ। ਉਸਨੇ ਕਿਹਾ ਕਿ 26/3 ਨੂੰ ਤਕਰੀਬਨ 6.32 ਵਜੇ ਸ਼ਾਮ ਨੂੰ ਮੈਂ ਦਾਤਣਾਂ ਤੋੜ ਕੇ ਘਰ ਆ ਰਿਹਾ ਸੀ ਤਾਂ ਇਕ ਨੌਜਵਾਨ ਮੋਟਰਸਾਈਕਲ ਉਪਰ ਖੜਾ ਸੀ ਤੇ ਦੂਸਰਾ ਸਾਡੀ ਗਲੀ ਵਿੱਚੋਂ ਕੁੱਤੀ ਚੁੱਕ ਕੇ ਮੇਰੇ ਪਾਸੋਂ ਗਲੀ ਦੇ ਮੋੜ 'ਤੇ ਲੰਘਿਆ। ਮੈਂ ਉਸ ਤੋਂ ਕੁੱਤੀ ਲੈਣੀ ਚਾਹੀ ਪਰ ਉਹ ਤੁਰੰਤ ਮੋਟਰਸਾਈਕਲ ਦੇ ਪਿਛੇ ਬੈਠ ਗਿਆ ਤੇ ਉਹ ਦੋਨੋ ਮੋਟਰ ਸਾਈਕਲ ਭਜਾ ਕੇ ਲੈ ਗਏ। ਮੈਂ ਅੰਦਰ ਜਾ ਕੇ ਮੋਟਰਸਾਈਕਲ ਚੁੱਕ ਕੇ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਦੂਰ ਜਾ ਚੁੱਕੇ ਸਨ ਜਦੋਂ ਉਸਨੂੰ ਪੁਛਿਆ ਕਿ ਤੁਸੀ ਰੌਲਾ ਪਾਇਆ ਸੀ ਜਾਂ ਅੱਗੇ ਕਿਸੇ ਨੂੰ ਰੋਕਣ ਵਾਸਤੇ ਕਿਹਾ ਸੀ ਤਾਂ ਉਹਨਾਂ ਕਿਹਾ ਕਿ ਮੈਂ ਅਜਿਹਾ ਨਹੀਂ ਕੀਤਾ। ਮੈਂ ਸੋਚਦਾ ਸੀ ਕਿ ਮੈਂ ਪਿਛੇ ਜਾ ਕੇ ਆਪ ਹੀ ਫੜ ਲਵਾਂਗਾ। ਜਦੋਂ ਉਸ ਤੋਂ ਮਿਤੀ 6/4/16 ਨੂੰ ਮੋਟਰਸਾਈਕਲ ਖੋਹਣ ਦੀ ਘਟਨਾ ਵਾਰੇ ਪੁੱਛਿਆ ਤਾਂ ਉਹਨਾਂ ਮੰਨਿਆ ਕਿ ਸਾਡੇ ਵਲੋਂ ਹੀ ਮੋਟਰ ਸਾਈਕਲ ਫੜਿਆ ਗਿਆ ਹੈ। ਉਹਨਾਂ ਕਿਹਾ ਕਿ ਇਥੇ 40-45 ਬੰਦਿਆਂ ਦੇ ਇਕੱਠ ਵਿਚ ਮੰਨ ਕੇ ਗਏ ਸੀ ਕਿ ਅਸੀ ਕੁੱਤੀ ਲਿਆ ਕੇ ਦੇਵਾਂਗੇ, ਉਸ ਸਮੇਂ ਮੇਰੇ ਮੁੰਡਿਆਂ ਨੇ ਉਹਨਾਂ ਦੀਆਂ ਫੋਟੋਆਂ ਵੀ ਖਿਚੀਆਂ ਸਨ। ਜਦੋਂ ਉਸਤੋਂ ਪੁਛਿਆ ਗਿਆ ਕਿ ਤੁਸੀਂ ਤਾਂ ਕਿਹਾ ਕਿ ਉਹ ਚੋਰ ਨਹੀਂ ਹਨ। ਸਿਰਫ਼ ਮੋਟਰਸਾਈਕਲ ਹੀ ਉਹ ਹੈ ਜਿਸ 'ਤੇ ਚੋਰੀ ਹੋਈ ਹੈ; ਇਸ 'ਤੇ ਉਹਨਾਂ ਕਿਹਾ ਕਿ ਇੱਕ ਮੁੰਡਾ (ਮਨਦੀਪ ਸਿੰਘ ਫੋਟੋ ਦਿਖਾਕੇ) ਉਹੀ ਸੀ। ਪਰ ਮੈਂ ਜਾਣ ਬੁਝ ਕੇ ਕਹਿ ਦਿੱਤਾ ਸੀ ਕਿ ਇਹ ਚੋਰ ਨਹੀਂ ਹਨ। ਕਿਉਂਕਿ ਮੈਨੂੰ ਡਰ ਸੀ ਕਿ ਲੋਕ ਉਸਨੂੰ ਕੁੱਟ ਕੁੱਟ ਕੇ ਮਾਰ ਦੇਣਗੇ। ਜਦੋਂ ਉਸ ਤੋਂ 4 ਲੱਖ ਰੁਪਏ ਖੋਹਣ ਦੀ ਵਾਰਦਾਤ ਵਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਲਾਲਿਆ (ਕ੍ਰਿਸਨਾ ਰਾਣੀ) ਨਾਲ ਸਾਡਾ ਬਹੁਤ ਵਧੀਆ ਸਹਿਚਾਰ ਹੈ ਤੇ ਲੈਣ ਦੇਣ ਹੈ। ਉਹਨਾਂ ਸਾਨੂੰ ਕਿਹਾ ਸੀ ਕਿ ਜੇਕਰ ਤੁਹਾਨੂੰ ਕੁੱਤੀ ਚੁੱਕਣ ਵਾਲੇ ਲੱਭ ਜਾਣ ਤਾਂ ਸਾਨੂੰ ਦੱਸਿਓ। ਇਸ ਲਈ ਅਸੀ 6/14 ਨੂੰ ਉਸੇ ਸਮੇਂ ਉਹਨਾਂ ਨੂੰ ਦਸ ਦਿੱਤਾ ਸੀ। ਉਹਨਾਂ ਨੇ ਇਥੇ ਮੌਕੇ ਤੇ ਪੁਜ ਕੇ ਉਹਨਾਂ ਦੀਆਂ ਫੋਟੋਆ ਖਿੱਚ ਲਈਆਂ ਸਨ।
ਟੀਮ ਵਲੋਂ ਬੁਰਜ ਪਿੰਡ ਦੇ ਸਰਪੰਚ ਸ਼੍ਰੀ ਕੇਵਲ ਸਿੰਘ ਦੇ ਘਰ ਉਸ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦੱਸਿਆ ਕਿ 6/4/2016 ਨੂੰ ਉਹ ਘਰ ਨਹੀਂ ਸੀ। ਲੋਕਾਂ ਨੇ ਮੁੰਡਿਆਂ ਤੋਂ ਮੋਟਰ ਸਾਈਕਲ ਫੜਿਆ ਸੀ ਜੋ ਮੇਰੇ ਲੜਕੇ ਨੂੰ ਫੜਾ ਦਿੱਤਾ ਸੀ। ਉਸੇ ਦਿਨ ਤੋਂ ਮੇਰੇ ਘਰ ਖੜਾ ਹੈ। ਟੀਮ ਨੇ ਮੋਟਰਸਾਈਕਲ ਖੜਾ ਦੇਖਿਆ। ਉਸ ਕਿਹਾ ਕਿ ਹੁਣ ਪੁਲੀਸ ਇਸ ਨੂੰ ਮੰਗ ਰਹੀ ਹੈ ਪਰ ਮੈਂ ਨਹੀਂ ਦਿੱਤਾ।
ਇਸ ਉਪਰੰਤ ਟੀਮ ਨੇ ਬੁਰਜ ਦੇ ਨਾਲ ਲਗਦੇ ਪਿੰਡ ਸਲਾਰ ਵਿਖੇ ਪਰਬਤ ਸਿੰਘ ਦੀ ਭੈਣ ਸੁਖਵਿੰਦਰ ਕੌਰ ਪਤਨੀ ਕਮਲਜੀਤ ਸਿੰਘ ਉਰਫ਼ ਘੋਟਨਾ ਨਾਲ ਗੱਲਬਾਤ ਕੀਤੀ। ਉਸ ਨੇ ਦੱਸਿਆ ਕਿ ਅਸੀਂ 6/4 ਨੂੰ ਮੋਟਰ ਸਾਈਕਲ ਫੜਨ ਸਮੇਂ ਬੁਰਜ ਚਲੀਆਂ ਗਈਆਂ ਸੀ। ਉਥੇ ਮੌਜੂਦ ਭੋਲੂ ਮੀਆਂ ਨੇ ਕਿਹਾ ਕਿ ਇਹ ਮੁੰਡੇ ਚੋਰ ਨਹੀਂ ਹਨ ਪਰ ਇਸੇ ਮੋਟਰ ਸਾਈਕਲ 'ਤੇ ਕੁੱਤੀ ਚੋਰੀ ਹੋਈ ਹੈ। ਚੋਰਾਂ ਨੂੰ ਪੇਸ਼ ਕਰ ਦੇਵੋ ਤੇ ਮੋਟਰ ਸਾਈਕਲ ਲੈ ਜਾਵੋ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਸ ਸਮੇਂ ਅਮਰਗੜ੍ਹ ਤੋਂ ਕ੍ਰਿਸ਼ਨਾ ਰਾਣੀ ਤੇ ਉਸਦੇ ਪਰਿਵਾਰ ਮੈਂਬਰ ਉਥੇ ਮੌਜੂਦ ਸਨ ਤਾਂ ਉਹਨਾਂ ਕਿਹਾ ਕਿ ਨਹੀਂ ਉਹ ਉਥੇ ਹਾਜ਼ਰ ਨਹੀਂ ਸਨ। ਸਿਰਫ਼ ਪਿੰਡ ਦੇ ਕੁਝ ਬੰਦੇ ਸਨ। ਉਸ ਨੇ ਕਿਹਾ ਕਿ 9/4/16 ਤੋਂ 13/4/16 ਤੱਕ ਅਸੀਂ ਪਰਬਤ ਸਿੰਘ ਹੁਰਾਂ ਨੂੰ ਮਿਲਣ ਲਈ ਹਰ ਰੋਜ਼ ਅਮਰਗੜ੍ਹ ਥਾਣੇ ਜਾਂਦੇ ਸੀ ਪਰ ਮੈਨੂੰ ਮਿਲਣ ਨਹੀਂ ਦਿੱਤਾ ਗਿਆ। ਉਸ ਨੇ ਕਿਹਾ ਕਿ ਸਾਡੇ ਮੁੰਡਿਆਂ ਨੇ ਦੱਸਿਆ ਸੀ ਕਿ ਭੜੀ ਪਿੰਡ ਦੇ ਮੁੰਡੇ ਇੱਕ ਦਿਨ ਉਹਨਾਂ ਦਾ ਮੋਟਰਸਾਈਕਲ ਮੰਗ ਕੇ ਲੈ ਕੇ ਗਏ ਸੀ। ਪਰ ਪੁਲੀਸ ਨੇ ਉਹਨਾਂ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ।
ਪੜਤਾਲੀਆ ਟੀਮ ਅਮਰਗੜ੍ਹ ਵਿਖੇ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਨੂੰ ਵੀ ਮਿਲੀ। ਉਹਨਾਂ ਦੱਸਿਆ ਕਿ 27/3 ਨੂੰ ਸ਼ਾਮ ਨੂੰ ਤਕਰੀਬਨ 6 ਕੁ ਵਜੇ ਮੈਂ ਅਤੇ ਹਿਮਾਲੀਆ ਮਾਚਸ ਕੰਪਨੀ, ਭਗਤਾ ਭਾਈਕਾ ਦਾ ਸੇਲਜ਼ਮੈਨ, ਜਤਿੰਦਰ ਕੁਮਾਰ ਐਕਟਿਵਾ ਸਕੂਟਰ 'ਤੇ ਪਿੰਡਾਂ ਵਿਚ ਉਗਰਾਹੀ ਕਰਨ ਉਪਰੰਤ ਹੁਸੈਨਪੁਰੇ ਨਹਿਰ ਪਾਸ ਆ ਰਹੇ ਸੀ ਤਾਂ ਸਾਨੂੰ ਪੰਜ ਬੰਦਿਆਂ ਨੇ ਤਿੰਨ ਮੋਟਰ ਸਾਈਕਲ 'ਤੇ ਘੇਰ ਲਿਆ ਅਤੇ ਪਸਤੌਲ ਤਾਣ ਲਿਆ। ਸਾਡੀ ਐਕਟਿਵਾ ਖੋਹ ਕੇ ਭੱਜ ਗਏ। ਜਿਸ ਵਿਚ ਤਕਰੀਬਨ 4 ਲੱਖ ਰੁਪੈ ਸਨ। ਉਹਨਾਂ ਸਾਨੂੰ ਮਾਰਨ ਦੀ ਧਮਕੀ ਵੀ ਦਿੱਤੀ। ਮੈਂ ਉਸੇ ਦਿਨ ਪੁਲੀਸ ਨੂੰ ਰਿਪੋਰਟ ਲਿਖਾ ਦਿੱਤੀ ਸੀ। ਜਦੋਂ ਉਸ ਤੋਂ ਮਨਦੀਪ ਸਿੰਘ ਤੇ ਪਰਬਤ ਸਿੰਘ ਦੀ ਪਹਿਚਾਣ ਸੰਬੰਧੀ ਪੁਛਿਆ ਤਾਂ ਉਸਨੇ ਕਿਹਾ ਕਿ 6/4 ਨੂੰ ਬੁਰਜ ਵਿਚ ਫੋਟੋ ਖਿਚੀਆਂ ਸੀ। ਉਸ ਦਿਨ ਮੈਂ ਮਾਨਾ ਵਾਲੇ ਮਨਦੀਪ ਸਿੰਘ ਨੂੰ ਪਹਿਚਾਣਿਆ ਸੀ। ਮੈਂ ਇਸ ਸੰਬੰਧੀ ਪੁਲੀਸ ਨੂੰ ਦਸ ਦਿੱਤਾ ਸੀ ਤੇ ਫੋਟੋ ਵੀ ਦਿਖਾ ਦਿੱਤੀ ਸੀ। ਉਸਨੇ ਮੇਰੇ ਸਾਹਮਣੇ ਡੀ.ਐੱਸ.ਪੀ. ਅਤੇ ਐੱਸ.ਐੱਚ.ਓ. ਪਾਸ ਸਾਡਾ ਪਿੱਛਾ ਕਰਨ ਦੀ ਗੱਲ ਵੀ ਮੰਨੀ ਸੀ। ਮੇਰੇ ਨਾਲ ਗਏ ਸੇਲਜ਼ਮੈਨ ਨੇ ਵੀ ਫੋਟੋਆਂ ਦੀ ਪਹਿਚਾਣ ਕੀਤੀ ਹੈ। ਪਰ ਪਤਾ ਨਹੀਂ ਕਿਉਂ ਪੁਲੀਸ ਨੇ ਉਹਨਾਂ ਨੂੰ ਛੱਡ ਦਿੱਤਾ ਹੈ ਹੋ ਸਕਦਾ ਮਿਲ ਮਿਲਾ ਕੇ ਛੱਡ ਦਿੱਤਾ ਹੋਵੇ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਹੁਣ ਫਿਰ ਉਗਰਾਹੀ ਕਿਵੇਂ ਕਰਦੇ ਹੋ ਤਾਂ ਉਸਨੇ ਕਿਹਾ ਕਿ ਮੈਂ ਤਾਂ ਉਸੇ ਤਰ੍ਹਾਂ ਹੀ ਲਗਾਤਾਰ ਐਕਟਿਵਾ 'ਤੇ ਉਗਰਾਹੀ ਕਰਕੇ ਲਿਆਉਂਦੀ ਹਾਂ। ਮੈਨੂੰ ਕੋਈ ਡਰ ਨਹੀਂ ਲਗਦਾ।
ਕ੍ਰਿਸ਼ਨਾ ਰਾਣੀ ਵਲੋਂ ਪੁਲੀਸ ਪਾਸ ਮਿਤੀ 29/03/16 ਨੂੰ ਲਿਖਾਈ ਐੱਫ ਆਈ ਆਰ ਨੰ. 33 ਵਿਚ ਉਸਨੇ ਲਿਖਾਇਆ ਹੈ ਕਿ ਉਹ ਉਗਰਾਹੀ ਕਰਕੇ ਪਿੰਡ ਹੁਸੈਨਪੁਰ ਵਲ ਨੂੰ ਆ ਰਹੇ ਸੀ । ਜਦੋਂ ਉਹ ਨਹਿਰ ਦੀ ਕੱਚੀ ਪਟੜੀ ਦੇ ਪੁਲ ਦੇ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਮੋਟਰਸਾਈਕਲ ਉਪਰ ਇਕ ਲੜਕਾ ਆਇਆ। ਜਿਸਨੇ ਉਹਨਾਂ ਦੀ ਸਕੂਟਰੀ ਰੋਕ ਲਈ। ਇਕ ਮੋਟਰ ਸਾਈਕਲ ਖੱਬੇ ਪਾਸਿਓ ਆਇਆ ਜਿਸ ਉਪਰ ਦੋ ਲੜਕੇ ਸਵਾਰ ਸਨ। ਇਕ ਮੋਟਰਸਾਈਕਲ ਮਨਵੀ ਵਲੋਂ ਸਾਡੇ ਪਿਛੇ ਆਇਆ। ਇਹਨਾਂ ਪੰਜਾਂ ਨੇ ਸਾਨੂੰ ਘੇਰ ਲਿਆ। ਇਕ ਲੜਕੇ ਨੇ ਮੇਰੀ ਸਕੂਟਰੀ ਦੀ ਚਾਬੀ ਕੱਢ ਲਈ, ਇੱਕ ਨੇ ਪਿਸਤੌਲ ਕੱਢ ਕੇ ਕਿਹਾ ਕਿ ਜੋ ਕੁਝ ਹੈ ਸਾਨੂੰ ਦੇ ਦੇਵੋ। ਉਹ ਡਰ ਗਏ ਤੇ ਲੜਕਿਆਂ ਵਿਚੋਂ ਇੱਕ ਉਹਨਾਂ ਦੀ ਸਕੂਟਰੀ ਚੁੱਕ ਕੇ ਨਹਿਰ ਦੀ ਹੁਸੈਨਪੁਰ ਵਾਲੀ ਪਟੜੀ 'ਤੇ ਭਜਾ ਕੇ ਲੈ ਗਿਆ ਤੇ ਬਾਕੀ ਵੀ ਉਸ ਮਗਰ ਜਬੋਮਾਜਰਾ ਸਾਈਡ ਵਲ ਨੂੰ ਭੱਜ ਗਏ। ਕਰੀਬ 10 ਮਿੰਟ ਬਾਅਦ ਰਾਹਗੀਰਾਂ ਦੀ ਕਾਰ ਆ ਗਈ। ਉਹਨਾਂ ਨੇ ਲੜਕਿਆਂ ਦਾ ਪਿੱਛਾ ਕੀਤਾ। ਤਕਰੀਬਨ ਡੇਢ ਕਿਲੋ ਮੀਟਰ 'ਤੇ ਉਹਨਾਂ ਦੀ ਸਕੂਟਰੀ ਡਿਗੀ ਪਈ ਸੀ। ਜਿਸ ਵਿਚੋਂ ਰੁਪਿਆ ਵਾਲਾ ਬੈਗ, ਇਕ ਡਾਇਰੀ, 5/6 ਚੈਕ, ਇੱਕ ਦੋ ਸਿਮਾ ਵਾਲਾ ਮੋਬਾਇਲ ਉਹ ਚੋਰੀ ਕਰਕੇ ਲੈ ਗਏ ਸਨ। ਕ੍ਰਿਸ਼ਨਾ ਰਾਣੀ ਨੇ ਐੱਫ ਆਈ ਆਰ ਵਿਚ ਲਿਖਾਇਆ ਹੈ ਕਿ ਉਹ 27/3 ਤੋਂ 29/3 ਤੱਕ ਆਪਣੇ ਤੌਰ 'ਤੇ ਇਹਨਾਂ ਗੁੰਮ ਹੋਏ ਤਕਰੀਬਨ ਚਾਰ ਲੱਖ ਦੀ ਭਾਲ ਕਰਦੇ ਰਹੇ ਇਸ ਉਪਰੰਤ ਹੀ 29/3 ਨੂੰ ਐੱਫ ਆਈ ਆਰ ਲਿਖਾਈ ਗਈ ਹੈ।
ਪੜਤਾਲੀਆਂ ਟੀਮ ਨੇ ਥਾਣਾ ਅਮਰਗੜ੍ਹ ਜਾਂ ਕੇ ਐੱਸ.ਐੱਚ.ਓ. ਨੂੰ ਮਿਲਣ ਦੀ ਇਛਾ ਜਾਹਰ ਕੀਤੀ। ਪਰ ਉਹ ਛੁੱਟੀ ਤੇ ਗਏ ਹੋਏ ਸੀ। ਫਿਰ ਟੀਮ ਨੇ ਸ਼੍ਰੀ ਰਘਵੀਰ ਸਿੰਘ ਏ.ਐੱਸ.ਆਈ. ਨੂੰ ਮਿਲਕੇ ਜਾਣਕਾਰੀ ਹਾਸਲ ਕੀਤੀ। ਸ਼੍ਰੀ ਰਘਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਹੁਸੈਨਪੁਰੇ ਦੇ ਪੁਲਾਂ 'ਤੇ ਇੱਕ ਚਾਰ ਲੱਖ ਰੁਪਏ ਖੋਹਣ ਦੀ ਵਾਰਦਾਤ ਹੋਈ ਸੀ। ਇਸ ਸੰਬੰਧੀ ਅਸੀਂ ਐੱਫ.ਆਈ.ਆਰ. ਨੰ: 33 ਦਰਜ ਕੀਤੀ ਹੋਈ ਹੈ। ਕੁਝ ਦਿਨ ਪਹਿਲਾਂ ਸਾਨੂੰ ਸ਼ਿਕਾਇਤ ਕਰਤਾ ਨੇ ਆ ਕੇ ਦੱਸਿਆ ਕਿ ਅਸੀਂ ਵਾਰਦਾਤ ਕਰਨ ਵਾਲੇ ਨੌਜਵਾਨਾਂ ਵਿੱਚੋਂ ਦੋ ਦੀ ਸ਼ਨਾਖ਼ਤ ਕਰ ਲਈ ਹੈ। ਉਸ ਨੇ ਕਿਹਾ ਕਿ ਮਾਨਾ ਪਿੰਡ ਦੇ ਮਨਦੀਪ ਸਿੰਘ ਤੇ ਪਰਬਤ ਸਿੰਘ ਇਸ ਵਾਰਦਾਤ ਵਿਚ ਸ਼ਾਮਲ ਸਨ। ਉਸਨੇ ਉਹਨਾਂ ਦੀਆਂ ਫੋਟੋਆ ਵੀ ਆਪਣੇ ਮੋਬਾਇਲ ਵਿਚੋਂ ਸਾਨੂੰ ਦਿਖਾਈਆਂ । ਇਸ ਲਈ ਸ਼ੱਕ ਦੇ ਆਧਾਰ 'ਤੇ ਹੀ ਅਸੀ ਇਹਨਾਂ ਨੂੰ 9/4 ਨੂੰ ਥਾਣੇ ਵਿਚ ਬੁਲਾਇਆ ਸੀ ਅਤੇ ਇਹਨਾਂ ਤੋਂ ਪੁੱਛਗਿਛ ਕੀਤੀ ਸੀ। ਇਹਨਾਂ ਤੋਂ ਪੁੱਛਿਆ ਗਿਆ ਕਿ 27/3 ਨੂੰ ਉਹ ਕਿਥੇ ਸਨ। ਉਹਨਾਂ ਜੋ ਦੱਸਿਆ ਉਹ ਉਹਨਾਂ ਦੇ ਮੋਬਾਇਲ ਦੀਆਂ ਲੋਕੇਸ਼ਨ ਨਾਲ ਮਿਲਦਾ ਸੀ। ਜਿਸ ਤੋਂ ਪਤਾ ਲਗ ਗਿਆ ਕਿ ਇਹ ਵਾਰਦਾਤ ਵਿਚ ਸ਼ਾਮਲ ਨਹੀਂ ਸਨ। ਫਿਰ ਅਸੀਂ ਇਹਨਾਂ ਨੂੰ ਛੱਡ ਦਿੱਤਾ। ਜਦੋਂ ਉਹਨਾਂ ਤੋਂ ਪੁਛਿਆ ਗਿਆ ਕਿ ਉਹਨਾਂ ਦੀ ਹਾਲਤ ਦਸਦੀ ਹੈ ਕਿ ਪੁਲੀਸ ਵਲੋਂ ਉਹਨਾਂ ਦੀ ਕੁਟਮਾਰ ਕੀਤੀ ਗਈ ਹੈ। ਤਾਂ ਉਹਨਾਂ ਇਸ ਤੋਂ ਸਾਫ਼ ਇਨਕਾਰ ਕੀਤਾ ਤੇ ਕਿਹਾ ਕਿ ਪਹਿਲਾਂ ਦੀ ਕੋਈ ਸੱਟ ਲੱਗੀ ਹੋਣੀ ਹੈ। ਅਸੀ ਤਾਂ ਸਿਰਫ਼ ਪੁੱਛ-ਗਿਛ ਕੀਤੀ ਹੈ। ਜਦੋਂ ਉਹਨਾਂ ਤੋਂ ਪੁੱਛਿਆ ਕਿ ਕੀ ਤੁਸੀਂ ਉਹਨਾਂ ਨੂੰ ਹਿਮਤਾਨਾ ਤੇ ਸੀ.ਆਈ.ਏ. ਬਹਾਦੁਰਸਿੰਘ ਵਾਲਾ ਲੈ ਕੇ ਗਏ ਸੀ। ਤਾਂ ਉਹਨਾਂ ਮੰਨਿਆ ਕਿ ਅਸੀਂ ਲੈ ਕੇ ਗਏ ਸੀ। ਕਿਉਂਕਿ ਉਹ ਗੈਰਕਾਨੂੰਨੀ ਹਿਰਾਸਤ ਵਿਚ ਸਨ ਇਸ ਲਈ ਕੋਈ ਸ਼ਿਕਾਇਤ ਹੋ ਸਕਦੀ ਸੀ। ਇਸ ਲਈ ਇਧਰ-ਉਧਰ ਕਰਨਾ ਪੈਂਦਾ ਹੈ। ਜਦੋਂ ਉਹਨਾਂ ਤੋਂ ਪੁਛਿਆ ਕਿ ਤੁਸੀ 9/4 ਤੋਂ 13/4 ਤੱਕ ਉਹਨਾਂ ਨਾਲ ਕੀ ਕਰਦੇ ਰਹੇ ਤਾਂ ਉਹਨਾਂ ਕਿਹਾ ਕਿ ਅਸੀਂ ਤਾਂ ਉਹਨਾਂ ਨੂੰ 11/4 ਨੂੰ ਛੱਡ ਦਿੱਤਾ ਸੀ। ਟੀਮ ਮੈਂਬਰ ਵਲੋਂ ਰਾਜਿੰਦਰ ਸਿੰਘ ਸਰਪੰਚ ਪਿੰਡ ਮਾਨਾ ਨਾਲ ਫ਼ੋਨ ਨੰਬਰ 98723-96969 'ਤੇ ਕੀਤੀ ਗੱਲਬਾਤ ਵਿਚ ਉਹਨਾਂ ਦੱਸਿਆ ਕਿ ਉਹ ਦੋਨਾਂ ਲੜਕਿਆਂ ਨੂੰ ਪੇਸ਼ ਕਰਨ ਸਮੇਂ ਤੇ ਥਾਣੇ ਤੋਂ ਲੈ ਕੇ ਆਉਣ ਸਮੇਂ ਉਹਨਾਂ ਦੇ ਨਾਲ ਸੀ। ਉਹਨਾਂ ਕਿਹਾ ਕਿ ਭਾਵੇਂ ਮੇਰੇ ਪੱਕੀ ਤਾਰੀਕ ਯਾਦ ਨਹੀਂ ਪਰ ਦੋਨੋ ਲੜਕੇ 4-5 ਦਿਨ ਪੁਲੀਸ ਹਿਰਾਸਤ ਵਿਚ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਮੁੰਡਿਆਂ ਦਾ ਚਾਲ ਚਲਣ ਤੇ ਕਾਰ ਵਿਹਾਰ ਪਿੰਡ ਵਿਚ ਬਿਲਕੁਲ ਠੀਕ ਠਾਕ ਹੈ। ਇਹਨਾਂ ਤੋਂ ਕਿਸੇ ਕਿਸਮ ਦੀ ਵਾਰਦਾਤ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਪਰ ਇਹ ਠੀਕ ਹੈ ਕਿ ਸਾਡੇ ਸਾਹਮਣੇ ਹੀ ਸ਼ਿਕਾਇਤ ਕਰਤਾ ਨੇ ਇਹਨਾਂ ਦੀ ਸ਼ਨਾਖ਼ਤ ਕੀਤੀ ਸੀ ਜਿਸ ਕਰਕੇ ਇਹਨਾਂ ਨੂੰ ਥਾਣੇ ਛੱਡ ਕੇ ਆਉਣਾ ਪਿਆ।
ਪੜਤਾਲੀਆ ਟੀਮ ਨੇ ਮਨਦੀਪ ਸਿੰਘ ਦੇ ਸਹੁਰੇ ਘਰ ਪਿੰਡ ਧੰਦੀਵਾਲ ਜਾ ਕੇ ਉਸਦੇ ਸਹੁਰੇ, ਸੱਸ, ਸਾਲੇ (ਗੁਰਦੀਪ ਸਿੰਘ), ਪਤਨੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਨਦੀਪ ਸਿੰਘ ਆਪਣੀ ਪਤਨੀ ਦੇ ਇਲਾਜ ਸੰਬੰਧੀ 26/3 ਨੂੰ ਸ਼ਾਮ ਨੂੰ ਧੰਦੀਵਾਲ ਆਇਆ ਸੀ। ਧੰਦੀਵਾਲ ਆਉਣ ਉਪਰੰਤ ਇਹਨਾਂ ਨੇ ਰਣੀਕੇ ਜਾ ਕੇ ਇੱਕ ਨਰਸ ਪਾਸੋ ਦਵਾਈ ਵੀ ਲਿਆਂਦੀ ਸੀ। ਦੂਜੇ ਦਿਨ 27/3 ਨੂੰ ਚੀਮੇ ਜਾ ਕੇ ਧਾਗਾ/ਤਵੀਤ ਕਰਾਕੇ ਲਿਆਇਆ ਸੀ। ਕਿਉਂਕਿ ਇਸ ਤੋਂ ਪਹਿਲਾਂ ਇਸ ਦੇ ਦੋ ਵਾਰ ਅਬਾਰਸ਼ਨ ਹੋ ਗਿਆ ਸੀ। ਫਿਰ 28/3 ਨੂੰ ਵੀ ਇਹ ਧੰਦੀਵਾਲ ਹੀ ਰਹੇ ਹਨ ਤੇ 29/3 ਨੂੰ ਸਵੇਰੇ ਵਾਪਸ ਪਿੰਡ ਗਏ ਸਨ। ਉਹਨਾਂ ਕਿਹਾ ਕਿ ਇਸ ਦੀ ਜਾਮਨੀ ਸਾਰੇ ਵਿਹੜੇ ਵਿਚੋਂ ਕੀਤੀ ਜਾ ਸਕਦੀ ਹੈ। ਉਸ ਦਿਨ ਪਿੰਡ ਦੇ ਬੰਦੇ ਵੀ ਇਹਨਾਂ ਨੂੰ ਮਿਲੇ ਸਨ। ਰਣੀਕੇ ਨਰਸ ਪਾਸ ਜਾ ਕੇ ਵੀ ਪੁੱਛ ਸਕਦੇ ਹੋ। ਉਥੇ ਹੀ ਮੌਜੂਦ ਮਨਦੀਪ ਸਿੰਘ ਨੇ ਕਿਹਾ ਕਿ 26/3 ਨੂੰ ਦੁਪਹਿਰ ਵੇਲੇ ਸੁਰਜੀਤ ਸਿੰਘ ਫੋਰਮੈਨ ਦੇ ਘਰੋ ਆ ਕੇ ਮੈਂ ਪਿੰਡ ਆ ਗਿਆ ਸੀ। ਫਿਰ ਕੁਝ ਦੇਰ ਠਹਿਰ ਕੇ ਧੰਦੀਵਾਲ ਨੂੰ ਚਲ ਪਿਆ ਸੀ। ਅਸੀ ਸ਼ਾਮ ਨੂੰ 6.30 ਤੋਂ 7 ਵਜੇ ਵਿਚਕਾਰ ਧੰਦੀਵਾਲ ਪਹੁੰਚ ਗਏ ਸੀ ਅਤੇ 29/3 ਨੂੰ ਵਾਪਸ ਪਿੰਡ ਆਏ ਸੀ। ਉਸ ਨੇ ਕਿਹਾ 16/3 ਨੂੰ ਮੇਰਾ ਮੋਟਰ ਸਾਈਕਲ ਭੜੀ ਦੇ ਮੁੰਡੇ ਮੰਗ ਕੇ ਲੈ ਕੇ ਗਏ ਸੀ। ਇਸ ਸੰਬੰਧੀ ਅਸੀਂ ਪੁਲੀਸ ਨੂੰ ਦਸ ਦਿਤਾ ਸੀ।
ਪਰਬਤ ਸਿੰਘ ਨੂੰ 26/3 ਤੇ 27/3 ਦੇ ਰੁਝੇਵਿਆਂ ਵਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਂ 25/3 ਨੂੰ ਸ਼ਾਮ ਨੂੰ 9.30 ਵਜੇ ਮੀਮਸੇ ਵਾਲੇ ਹੈਰੀ ਨਾਲ ਧੂਰੀ ਸਟੇਸ਼ਨ 'ਤੇ ਆ ਗਿਆ ਸੀ। ਇਥੋਂ ਰਾਤ ਦੀ 1:30 ਵਾਲੀ ਗੱਡੀ ਅਸੀ ਚੰਡੀਗੜ੍ਹ ਗਏ ਸੀ। ਸਵੇਰੇ ਚੰਡੀਗੜ੍ਹ ਸਟੇਸ਼ਨ ਤੋਂ ਅਸੀ ਪੀ.ਜੀ.ਆਈ. ਚਲੇ ਗਏ ਸੀ। ਫਿਰ ਪੀ.ਜੀ.ਆਈ. ਤੋਂ ਦੁਪਹਿਰ ਵੇਲੇ ਤਕਰੀਬਨ 1:30 ਵਜੇ ਅਸੀ ਸੁਖਣਾ ਝੀਲ 'ਤੇ ਚਲੇ ਗਏ ਸੀ। ਉਥੋ ਸ਼ਾਮ ਨੂੰ 8/8.30 ਵਜੇ ਅਸੀਂ ਚੰਡੀਗੜ੍ਹ ਸਟੇਸ਼ਨ 'ਤੇ ਆ ਕੇ ਧੂਰੀ ਲਈ ਗੱਡੀ ਫੜ ਲਈ ਸੀ ਅਤੇ 27/3 ਨੂੰ 1.30 ਵਜੇ ਸਵੇਰੇ ਅਸੀਂ ਧੂਰੀ ਪੁੱਜ ਗਏ ਸੀ। ਇਸ ਉਪਰੰਤ ਰਾਤ ਸਟੇਸ਼ਨ 'ਤੇ ਬਿਤਾਉਣ ਤੋਂ ਮਗਰੋ ਸਵੇਰੇ ਪਿੰਡ ਮਾਨਾ ਚਲਾ ਗਿਆ ਸੀ। ਫਿਰ ਮੈਂ 29/3 ਤੱਕ ਪਿੰਡ ਹੀ ਰਿਹਾ ਹਾਂ।
ਉਪਰੋਕਤ ਅਨੁਸਾਰ ਹੇਠ ਲਿਖੇ ਤੱਥ ਸਾਹਮਣੇ ਆਏ ਹਨ :
1) ਮਨਦੀਪ ਸਿੰਘ ਅਤੇ ਪਰਬਤ ਸਿੰਘ ਨੁੂੰ 9/3/16 ਤੋਂ 13/3/16 ਤੱਕ ਅਮਰਗੜ੍ਹ ਪੁਲੀਸ ਵਲੋਂ ਗੈਰਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਉਹਨਾਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ।
2) ਮਨਦੀਪ ਸਿੰਘ ਅਤੇ ਪਰਬਤ ਸਿੰਘ ਦਾ 26/3 ਨੂੰ ਪਿੰਡ ਬੁਰਜ ਵਿਚ ਕੁੱਤੀ ਚੋਰੀ ਅਤੇ 27/3 ਨੂੰ 4 ਲੱਖ ਰੁਪਏ ਖੋਹਣ ਦੀ ਵਾਰਦਾਤ ਨਾਲ ਕੋਈ ਸੰਬੰਧ ਨਹੀਂ ਹੈ। ਇਹਨਾਂ ਨੂੰ ਗ਼ਲਤ ਪਛਾਣ ਦੇ ਅਧਾਰ 'ਤੇ ਹੀ ਫੜਿਆ ਗਿਆ ਹੈ।
3) ਸ਼ਿਕਾਇਤ ਕਰਤਾ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਵਲੋਂ ਇਹ ਕਹਿਣਾ ਕਿ ਮੈਂ ਹੁਣ ਵੀ ਬਿਨਾਂ ਕਿਸੇ ਸੁਰੱਖਿਆ ਦੇ ਪਿੰਡਾਂ ਵਿਚ ਲੱਖਾਂ ਰੁਪਏ ਦੀ ਉਗਰਾਹੀ ਕਰਨ ਐਕਟਿਵਾ 'ਤੇ ਹੀ ਜਾਂਦੀ ਹਾਂ। ਪਸਤੌਲ ਦੀ ਨੋਕ 'ਤੇ ਪੈਸੇ ਖੋਹਣ ਦੀ ਏਨੀ ਵੱਡੀ ਘਟਨਾ ਬਾਅਦ ਅਜਿਹਾ ਕਰਨ ਦੀ ਜੁਅਰਤ ਕਰਨਾ ਘਟਨਾ ਦੀ ਅਸਲੀਅਤ 'ਤੇ ਪ੍ਰਸ਼ਨ-ਚਿੰਨ ਲਗਾਉਂਦਾ ਹੈ। ਜਿਸ ਦੀ ਪੜਤਾਲ ਕਰਨੀ ਬਣਦੀ ਹੈ।
4) ਸ਼ਿਕਾਇਤ ਕਰਤਾ ਵਲੋ ਸ਼ਿਕਾਇਤ ਦੋ ਦਿਨ ਲੇਟ ਲਿਖਾਉਣਾ ਅਤੇ ਅਪਣੀ ਪੱਧਰ 'ਤੇ ਪੜਤਾਲ ਕਰਨਾ, ਘਟਨਾ ਉਪਰੰਤ ਰਾਹਗੀਰਾਂ ਵਲੋਂ ਹਥਿਆਰਬੰਦ ਲੁਟੇਰਿਆਂ ਦਾ ਬਿਨਾ ਕਿਸੇ ਹਥਿਆਰ ਦੇ ਪਿੱਛਾ ਕਰਨ ਦੀ ਕਾਰਵਾਈ ਵੀ ਇਸ ਘਟਨਾ ਨੂੰ ਸ਼ੱਕੀ ਬਣਾਉਂਦੀ ਹੈ।
5) 26/3 ਨੂੰ ਕੁੱਤੀ ਚੋਰੀ ਦੀ ਘਟਨਾ ਨਾਲ ਸੰਬੰਧਤ ਭੋਲੂ ਮੀਆਂ ਦੀ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਦੇ ਪਰਿਵਾਰ ਨਾਲ ਨੇੜਤਾ ਹੋਣਾ ਅਤੇ 6/4 ਨੂੰ ਮੋਟਰਸਾਈਕਲ ਫੜਨ ਸਮੇਂ ਖਿਚੀਆਂ ਫੋਟੋਆ ਤੁਰੰਤ ਕ੍ਰਿਸ਼ਨਾ ਦੇਵੀ ਪਾਸ ਭੇਜਣਾ ਕਿਸੇ ਮਿਲੀਭੁਗਤ ਨੂੰ ਦਰਸਾਉਂਦਾ ਹੈ ਜਿਸ ਦੀ ਪੜਤਾਲ ਕਰਨੀ ਬਣਦੀ ਹੈ। ਦੂਸਰੇ ਪਹਿਲਾਂ ਫੋਟੋਆ ਖਿੱਚਕੇ ਪਿੱਛੋਂ ਥਾਣੇ ਵਿਚ ਉਸ ਵਿਅਕਤੀ ਦੀ ਸ਼ਨਾਖ਼ਤ ਕਰਨ ਦੀ ਕੋਈ ਵਾਜਬੀਅਤ ਨਹੀਂ ਬਣਦੀ।
6) ਮਨਦੀਪ ਸਿੰਘ ਵਲੋਂ 16/4 ਨੂੰ ਜਿਨ੍ਹਾਂ ਵਿਅਕਤੀਆਂ ਨੂੰ ਮੋਟਰ ਸਾਈਕਲ ਦਿੱਤਾ ਗਿਆ ਸੀ । ਉਹਨਾਂ ਦੀ ਮਨਦੀਪ ਸਿੰਘ ਦੀ ਪੁਲੀਸ ਹਿਰਾਸਤ ਸਮੇਂ ਇਸ ਦੇ ਸਾਹਮਣੇ ਪੜਤਾਲ ਨਾ ਕਰਨੀ ਪੁਲੀਸ ਦੀ ਕਾਰਗੁਜ਼ਾਰੀ 'ਤੇ ਪ੍ਰਸਨਚਿੰਨ ਲਗਾਉਂਦਾ ਹੈ।
7) ਘਟਨਾ ਦੀ ਪੜਤਾਲ ਕਰਨ ਸੰਬੰਧੀ ਵੀ ਪੁਲੀਸ ਦੀ ਦੋਗਲੀ ਪਹੁੰਚ ਸਾਹਮਣੇ ਆਉਂਦੀ ਹੈ। ਦਲਿਤ ਮਜ਼ਦੂਰਾਂ ਨੂੰ ਸ਼ੱਕ ਦੇ ਅਧਾਰ 'ਤੇ ਹੀ ਗੈਰਕਾਨੂੰਨੀ ਹਿਰਾਸਤ ਵਿਚ ਲੈ ਕੇ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ। ਪਰ ਜੇਕਰ ਇਸਦੀ ਥਾਂ ਕੋਈ ਅਮੀਰ ਤੇ ਬਾਰਸੂਖ਼ ਵਿਅਕਤੀਆਂ ਦੇ ਲੜਕੇ ਹੁੰਦੇ ਤਾਂ ਸਿਰਫ਼ ਪ੍ਰਸ਼ਨ ਪੁੱਛ ਕੇ ਮੋਬਾਇਲ ਲੁਕੇਸ਼ਨਾਂ ਪਤਾ ਕਰਕੇ ਹੀ ਸਾਰ ਲਿਆ ਜਾਂਦਾ।
ਸਭਾ ਮੰਗ ਕਰਦੀ ਹੈ :
1) ਸ਼੍ਰੀ ਮਨਦੀਪ ਸਿੰਘ ਅਤੇ ਸ਼੍ਰੀ ਪਰਬਤ ਸਿੰਘ ਨੂੰ 5 ਦਿਨ ਗੈਰਕਾਨੂੰਨੀ ਹਿਰਾਸਤ ਵਿਚ ਰੱਖਕੇ ਅਣਮਨੁੱਖੀ ਤਸੀਹੇ ਦੇਣ ਵਾਲੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
2) 26/3 ਨੂੰ ਬੁਰਜ ਵਿਖੇ ਕੁੱਤੀ ਚੁੱਕਣ, ਅਤੇ 27/3 ਨੂੰ ਚਾਰ ਲੱਖ ਖੋਹਣ ਦੀਆਂ ਵਾਰਦਾਤਾਂ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਜਾਂਚ ਕੀਤੀ ਜਾਵੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।
3) ਸ਼੍ਰੀ ਮਨਦੀਪ ਸਿੰਘ ਅਤੇ ਸ਼੍ਰੀ ਪਰਬਤ ਸਿੰਘ ਨੂੰ ਆਪਣਾ ਇਲਾਜ ਕਰਾਉਣ, ਗੁਜਾਰਾ ਚਲਾਉਣ ਅਤੇ ਕਾਨੂੰਨੀ ਚਾਰਾਜੋਈ ਕਰਨ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ।
ਵਲੋਂ: ਜਮਹੂਰੀ ਅਧਿਕਾਰ ਸਭਾ, ਪੰਜਾਬ, ਜ਼ਿਲ੍ਹਾ ਇਕਾਈ ਸੰਗਰੂਰ
ਜਾਰੀ ਕਰਤਾ: ਸੁਖਵਿੰਦਰ ਪੱਪੀ, ਜ਼ਿਲ੍ਹਾ ਸਕੱਤਰ।
No comments:
Post a Comment