Friday, June 10, 2016

ਪਿੰਡ ਬਾਲਦ ਕਲਾਂ ਜਿਲ੍ਹਾ ਸੰਗਰੂਰ ਵਿੱਚ ਦਲਿਤਾਂ ਉੱਤੇ ਹੋਏ ਲਾਠੀਚਾਰਜ ਦੀ ਜਾਂਚ ਰਿਪੋਰਟ

24 ਮਈ 2016 ਨੂੰ ਪਿੰਡ ਬਾਲਦ ਕਲਾਂ ਦੇ ਪੰਚਾਇਤੀ ਜ਼ਮੀਨ ਦੇ ਰਾਖਵੇਂ ਹਿੱਸੇ ਵਿੱਚੋਂ 100 ਵਿਘੇ ਤੋਂ ਵੱਧ ਦੀ ਧੋਖੇ ਨਾਲ ਬੋਲੀ ਕਰਨ ਬਾਰੇ ਰੋਸ ਪ੍ਰਗਟ ਕਰਨ ਲਈ ਪਿੰਡ ਦੇ ਬੱਸ ਸਟੈਂਡ ਉੱਤੇ ਧਰਨਾ ਲਗਾ ਰਹੇ ਦਲਿਤਾਂ ਉਪਰ ਬੇਰਹਿਮ ਪੁਲਿਸ ਲਾਠੀਚਾਰਜ ਦੀ ਖਬਰ ਮਿਲਣ ਸਾਰ ਜਮਹੂਰੀ ਅਧਿਕਾਰ ਸਭਾ ਨੇ ਜਿਲ੍ਹਾ ਪ੍ਰਧਾਨ ਨਾਮਦੇਵ ਭੂਟਾਲ, ਜਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਪੱਪੀ, ਸਵਰਨਜੀਤ ਸਿੰਘ, ਵਿਸ਼ਵਕਾਂਤ , ਮਨਧੀਰ ਸਿੰਘ, ਪ੍ਰਿੰ. ਅਮਰੀਕ ਖੋਖਰ ਅਤੇ ਬਸ਼ੇਸ਼ਰ ਰਾਮ ਉੱਤੇ ਅਧਾਰਿਤ ਇੱਕ ਜਾਂਚ ਟੀਮ ਬਣਾਈ। ਟੀਮ ਨੇ ਤੁਰੰਤ 24 ਮਈ ਸ਼ਾਮ ਨੂੰ ਪਿੰਡ ਬਾਲਦ ਕਲਾਂ ਅਤੇ ਭਵਾਨੀਗੜ੍ਹ ਹਸਪਤਾਲ ਦਾ ਦੌਰਾ ਕਰਕੇ ਹਾਲਤ ਜਾਨਣ ਤੋਂ ਬਾਅਦ 28 ਮਈ ਅਤੇ  3 ਜੂਨ ਨੂੰ ਅਧਿਕਾਰੀਆਂ, ਪੀੜਤ ਦਲਿਤਾਂ, ਸਰਪੰਚ ਅਤੇ ਬੋਲੀਕਾਰ ਦਲਿਤਾਂ ਆਦਿ ਸਾਰੀਆਂ ਧਿਰਾਂ ਨਾਲ ਵਿਸਥਾਰੀ ਮੁਲਾਕਾਤਾਂ ਕਰਕੇ ਸਾਰੇ ਤੱਥਾਂ ਦੀ ਭਰਪੂਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।
ਜਾਂਚ ਟੀਮ ਨੇ ਪੀੜਤ ਦਲਿਤਾਂ, ਸਰਪੰਚ ਬੂਟਾ ਸਿੰਘ, ਬੋਲੀਕਾਰ ਸਵਰਨ ਸਿੰਘ ਪੁੱਤਰ ਓਂਕਾਰ ਸਿੰਘ, ਮੱਘਰ ਸਿੰਘ ਅਤੇ ਪਵਿੱਤਰ ਸਿੰਘ,ਡੀ.ਡੀ.ਪੀ.ਓ. ਸੰਗਰੂਰ ਰਵਿੰਦਰ ਪਾਲ ਸਿੰਘ ਸੰਧੂ, ਡੀ.ਐਸ.ਪੀ ਸੰਗਰੂਰ ਗਗਨਦੀਪ ਸਿੰਘ ਭੁੱਲਰ, ਡੀ.ਸੀ ਸੰਗਰੂਰ ਅਰਸ਼ਦੀਪ ਸਿੰਘ ਥਿੰਦ ਨਾਲ ਮੁਲਾਕਾਤਾਂ ਅਤੇ ਸੰਪਰਕ ਕਰਕੇ ਉਨ੍ਹਾਂ ਦੇ ਬਿਆਨ ਦਰਜ਼ ਕੀਤੇ। 
ਘਟਨਾ ਦਾ ਪਿਛੋਕੜ: ਪਿੰਡ ਬਾਲਦ ਕਲਾਂ ਵਿੱਚ 2200 ਵਿਘੇ ਪੰਚਾਇਤੀ ਜ਼ਮੀਨ ਹੈ। ਰਸਤੇ, ਪਹੇ, ਪਹੀਆਂ ਅਤੇ ਹੋਰ ਸ਼ਾਮਲਾਟ ਛੱਡ ਕੇ ਲੱਗਭਗ 1680 ਵਿਘੇ ਜ਼ਮੀਨ ਤੇ ਖੇਤੀ ਹੁੰਦੀ ਹੈ ਜਿਸ ਵਿੱਚ ਲੱਗਭਗ 560 ਵਿਘੇ ਅਨੁਸੂਚਿਤ ਜਾਤੀ ਲੋਕਾਂ ਲਈ ਰਾਖਵੀਂ ਹੈ। ਪਿੰਡ ਵਿੱਚ ਦਲਿਤਾਂ ਦੇ 150 ਘਰ ਹਨ।
27 ਜੂਨ 2014 ਨੂੰ ਵੀ ਰਾਖਵੀਂ ਜ਼ਮੀਨ ਦੀ ਬੋਲੀ ਸਮੇਂ ਪੁਲਿਸ ਨੇ ਦਲਿਤਾਂ ਉੱਪਰ ਬੇਤਹਾਸ਼ਾ ਲਾਠੀਚਾਰਜ ਕੀਤਾ ਸੀ। ਕਾਫੀ ਸਾਰੇ ਮਰਦ ਔਰਤਾਂ ਗੰਭੀਰ ਜਖਮੀ ਵੀ ਹੋਏ ਸਨ। 41 ਵਿਅੱਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ,ਜਿਹਨਾਂ ਨੂੰ ਲੰਮਾ ਸਮਾਂ ਜੇਲ ਵਿੱਚ ਰਹਿਣਾ ਪਿਆ। 49 ਵਿਅਕਤੀਆਂ ਉੱਤੇ ਇਰਾਦਾ ਕਤਲ ਸਮੇਤ ਸੰਗੀਨ ਜੁਰਮਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ। ਅੰਤ ਦਲਿਤਾਂ ਦੇ ਦ੍ਰਿੜ ਸੰਘਰਸ਼ ਅੱਗੇ ਝੁਕਦਿਆਂ ਪ੍ਰਸ਼ਾਸ਼ਨ ਨੂੰ ਸਮਝੌਤਾ ਕਰਨਾ ਪਿਆ ਸੀ। ਜਿਸ ਅਧੀਨ ਰਾਖਵੇਂ ਹਿੱਸੇ ਦੀ ਸਾਰੀ ਪੰਚਾਇਤੀ ਜ਼ਮੀਨ ਹਾੜੀ ਲਈ ਸੰਘਰਸ਼ ਕਰ ਰਹੇ ਦਲਿਤਾਂ ਨੂੰ ਦੇ ਦਿੱਤੀ ਗਈ ਅਤੇ ਪਰਚਾ  ਰੱਦ ਕਰਕੇ ਗ੍ਰਿਫਤਾਰ ਵਿੱਅਕਤੀ ਬਿਨ੍ਹਾਂ ਸ਼ਰਤ ਰਿਹਾ ਕਰਨੇ ਪਏ ਸਨ।
2015 ਵਿੱਚ ਮਾਮਲਾ ਗਲਬਾਤ ਨਾਲ ਨਿਪਟ ਗਿਆ ਅਤੇ 47 ਵਿਘੇ ਵਿਹੜੇ ਤੋਂ ਅੱਡ ਚਲ ਰਹੇ ਲੱਗਭੱਗ ਇਕ ਦਰਜਨ ਪਰਿਵਾਰਾਂ ਨੂੰ 2.70 ਲੱਖ ਸਲਾਨਾ ਠੇਕੇ ਉੱਤੇ ਅਤੇ ਬਾਕੀ ਸੰਘਰਸ਼ਸ਼ੀਲ ਦਲਿਤਾਂ ਨੂੰ 14 ਲੱਖ 98 ਹਜ਼ਾਰ ਵਿੱਚ ਸਲਾਨਾ ਠੇਕੇ ਉੱਤੇ ਦਿੱਤੀ ਗਈ, ਜਿਸ ਉੱਤੇ ਉਨ੍ਹਾਂ ਸਾਂਝੀ ਖੇਤੀ ਕੀਤੀ। ਇਸ ਜ਼ਮੀਨ ਨੇ ਜਿੱਥੇ ਦਲਿਤ ਮਜ਼ਦੂਰਾਂ ਲਈ ਖਾਣ ਨੂੰ ਦਾਣੇ ਅਤੇ ਪਸ਼ੂਆਂ ਲਈ ਹਰ ਚਾਰਾ ਮੁਹੱਈਆ ਕਰਾਇਆ, ਉੱਥੇ ਬਿਗਾਨੀਆਂ ਵੱਟਾਂ ਉੱਤੋਂ ਘਾਹ ਖੋਤਣ ਦੀ ਖਾਤਰ ਸਹਿਣੀ ਪੈਂਦੀ ਜਲਾਲਤ ਅਤੇ ਅਪਮਾਨ ਤੋਂ ਵੀ ਛੁਟਕਾਰਾ ਦਿਵਾਇਆ।ਭਾਰੀ ਅਮਦਨ ਅਤੇ ਲਿੰਗਕ ਸੋਸਣ ਤੱਕ ਦਾ ਸਾਹਮਣਾ ਕਰ ਰਹੀਆਂ ਦਲਿਤ ਔਰਤਾਂ ਨੇ ਤਾਂ ਬਹੁਤ ਹੀ ਰਾਹਤ ਮਹਿਸੂਸ ਕੀਤੀ। ਇਸ ਵਾਰੀ ਵੀ ਕੁਝ ਪਰਿਵਾਰਾਂ ਨੂੰ ਛੱਡ ਕੇ ਸਾਰੇ ਪਰਿਵਾਰ ਇਕੱਠੇ ਤੌਰ ਉੱਤੇ 'ਤੇ ਹਿੱਸੇ ਆਉਂਦੀ ਜ਼ਮੀਨ ਨੂੰ ਪਹੁੰਚ ਯੋਗ ਦਰ ਉੱਤੇ ਲੈਣਾ ਚਾਹੁੰਦੇ ਹਨ।
ਘਟਨਾ ਬਾਰੇ ਪੁੱਛਣ ਉੱਤੇ ਸੰਘਰਸ਼ ਸ਼ੀਲ ਦਲਿਤਾਂ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਹ 24 ਮਈ ਨੂੰ ਰਾਖਵੇਂ ਹਿੱਸੇ ਦੀ ਬੋਲੀ ਰੱਖੀ ਹੋਣ ਕਰਕੇ ਭਵਾਨੀਗੜ੍ਹ ਚਲੇ ਗਏ ।ਉੱਥੇ BDPO ਮੌਜੂਦ ਸੀ। ਸਾਨੂੰ ਅੰਦਰ ਬੁਲਾਇਆ ਗਿਆ। ਜਰਨੈਲ ਸਿੰਘ ਅਤੇ ਦੇਵ ਸਿੰਘ ਅੰਦਰ ਚਲੇ ਗਏ ਵਿਚਾਰ ਹੋਈ। ਅਸੀਂ ਕਿਹਾ ਕਿ ਗਰੀਬ ਬੰਦੇ ਹਾਂ,ਸਾਨੂੰ ਠੇਕੇ ਦੀ ਦਰ ਵਿੱਚ ਰਿਐਤ ਕਰੋ।ਅਸੀਂ 10000-12000 ਰੁ. ਪ੍ਰਤੀ ਏਕੜ ਤੱਕ ਲੈ ਸਕਦੇ ਹਾਂ। BDPO ਕਹਿੰਦਾ ਐਨੀ  ਰਿਐਤ ਨਹੀਂ ਕਰ ਸਕਦੇ। ਇਸ ਦੀ ਖਾਤਰ ਤੁਸੀਂ ਡੀ.ਸੀ ਸਾਹਿਬ ਨੂੰ ਮਿਲੋ। ਅਸੀ ਕਿਹਾ ਮਿਲਾਂਗੇ ਪਰ ਅੱਜ ਬੋਲੀ ਰੱਦ ਕਰ ਦਿਓ। BDPO ਅਤੇ SHO ਤਾਂ ਬੋਲੀ ਮੁਲਤਵੀ ਕਰਨ ਦੇ ਹੱਕ ਵਿੱਚ ਸਨ ਪਰ DDPO ਸੰਗਰੂਰ ਨਹੀਂ ਸੀ ਮੰਨ ਰਿਹਾ।  ਬੂਟਾ ਸਿੰਘ ਸਰਪੰਚ ਵੀ ਕੋਲ ਬੈਠਾ ਸੀ। ਉਸਨੇ ਕਿਹਾ ਕਿ ਦੂਜੇ ਪਰਿਵਾਰਾਂ ਦੇ ਹਿੱਸੇ ਦੀ ਤਾਂ ਬੋਲੀ ਕਰ ਦਿਓ। ਉੱਥੇ ਗੁਰਚਰਨ ੰਿਸਘ, ਮੇਲਾ ਸਿੰਘ, ਕਾਲਾ ਗੁਰਦੀਪ, ਕਰਮਾ ਆਦਿ ਬੈਠੇ ਸਨ।
BDPO ਸਾਨੂੰ  ਪਰਾਂ ਬੁਲਾਕੇ ਲੈ ਗਿਆ। ਉਸਨੇ ਕਿਹਾ ਬੋਲੀ ਮੁਲਤਵੀ ਕਰਨ ਬਾਰੇ ਅਰਜੀ ਲਿਖਵਾ ਲਿਆਓ। ਅਸੀਂ ਜਦੋਂ ਅਰਜੀ ਲੈ ਕੇ ਵਾਪਸ ਗਏ ਤਾਂ 100 ਵਿਘੇ ਤੋਂ ਵੱਧ ਦੀ ਬੋਲੀਕਾਰ ਦਿੱਤੀ ਗਈ ਸੀ ਅਸੀਂ ਬਾਹਰ ਆ ਗਏ, ਰੋਸ ਵਿੱਚ ਨਾਅਰੇ ਲਾਏ। ਪੁਲਿਸ ਬਹੁਤ ਸੀ। ਉਨ੍ਹਾਂ ਹੋਰ ਵੀ ਪੁਲਿਸ ਬਲਾ ਲਈ। ਬੋਲੀਕਾਰਾਂ ਨੂੰ ਪੁਲਿਸ ਆਪ ਘਰ ਛੱਡ ਕੇ ਆਈ।
ਅਸੀਂ ਪਲੈਨ ਬਣਾਈ ਕਿ ਪਿੰਡ ਚੱਲ ਕੇ ਅੱਡੇ ਉੱਤੇ ਸੜਕ ਰੋਕ ਕੇ ਰੋਸ ਕਰੀਏ ਉੱਥੋਂ ਚਲ ਕੇ ਅਸੀ ਅੱਡੇ ਉੱਤੇ ਪਿੰਡ ਪਹੁੰਚ ਗਏ ਅਤੇ ਸੜਕ ਉੱਤੇ ਰੋਸ ਧਰਨਾ ਲਗਾ ਦਿੱਤਾ। ਇੰਨੇ ਨੂੰ ਬੋਲੀ ਦੇਣ ਵਾਲੇ ਪਰਿਵਾਰਾਂ ਵਿੱਚੋਂ ਦੋ ਲੜਕੇ ਧਰਨਾ ਕਾਰੀਆਂ ਵਿੱਚ ਮੋਟਰ ਸਾਈਕਲ  ਉੱਤੇ ਆ ਗਏ। ਉਨ੍ਹਾਂ ਸਰਾਬ ਪੀਤੀ ਹੋਈ ਸੀ। ਉਹ ਉੱਥੋਂ ਦੀ ਲੰਘਣ ਦੀ ਜ਼ਿੱਦ ਕਰਨ ਲੱਗੇ। ਅਸੀਂ ਰੋਕਿਆ ਤਕਰਾਰਬਾਜੀ ਹੋਣ ਲੱਗੀ। ਇਸੇ ਦੌਰਾਨ ਪੁਲਿਸ ਨੇ ਲਾਠੀਚਾਰਜ ਕਰ ਦਿੱਤੀ ਅਤੇ ਸਾਡਾ ਮੁੰਡਾ ਲਖਵਿੰਦਰ ਸਿੰਘ ਫੜ ਲਿਆ। ਅਸੀਂ ਕਿਹਾ ਮੁੰਡੇ ਨੂੰ ਛੱਡੋ। ਮੁੰਡੇ ਨੂੰ ਛੱਡਣ ਦੀ ਥਾਂ ਉਹ ਸਾਨੂੰ ਦੁਬਾਰਾ ਪੈ ਨਿਕਲੇ। ਉਨ੍ਹਾਂ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਬਜ਼ੁਰਗਾਂ, ਔਰਤਾਂ ਅਤੇ ਇੱਥੋਂ ਤੱਕ ਕਿ ਬੱਸ ਅੱਡੇ ਉੱਤੇ ਖੜੇ ਮੁਸਾਫਰਾਂ ਨੂੰ ਵੀ ਨਹੀਂ ਬਖਸਿਆ। ਕੁਝ ਹਵਾਈ ਫਾਇਰ ਵੀ ਕੀਤੇ। ਇਕ ਫਾਇਰ ਟਰੈਕਟਰ ਦੇ ਟਾਇਰ ਵਿੱਚ ਮਾਰਕੇ ਉਸਨੂੰ ਕੰਡਮ ਕਰ ਦਿੱਤਾ ਗਿਆ। ਦੋ ਟਰੈਕਟਰ ਟਰਾਲੀਆਂ , ਦੋ ਟੈਂਪੂ, 25-30 ਮੋਟਰ ਸਾਈਕਲ, ਸਾਈਕਲਾਂ ਸਮੇਤ ਉਹ 8-9 ਜਣਿਆ ਨੂੰ ਫੜ ਕੇ ਲੈ ਗਏ।
ਜਾਂਚ ਟੀਮ ਨੇ ਹਸਪਤਾਲ ਦੇ ਦੌਰੇ ਦੋਰਾਨ ਦੇਖਿਆ ਕਿ ਉੱਥੇ ਦਾਖਲ ਗੁਰਚਰਨ ਸਿੰਘ ਪੁੱਤਰ ਜਾਗਰ ਸਿੰਘ  (40 ਸਾਲ) ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਉਸ ਦੀ ਬਾਂਹ ਤੋੜੀ ਹੋਈ ਜਾਪਦੀ ਸੀ। ਦੇਵ ਸਿਘ ਪੁੱਤ ਨੰਦ ੰਿਸਘ ਦੀ ਲੱਗਭਗ 50 ਸਾਲ ਦੀ ਬਾਂਹ ਤੋੜੀ ਹੋਈ ਜਾਪਦੀ ਸੀ। ਉਸਦੀ ਲੱਤ ਉੱਤੇ ਵੀ ਜਖਮ ਸੀ ਅਤੇ ਉਹ ਨੀਮ ਬੇਹੋਸੀ ਦੀ ਹਾਲਤ ਵਿੱਚ ਪਿਆ ਸੀ। ਇੱਕ ਔਰਤ ਬੰਤ ਕੌਰ ਪਤਨੀ ਜੀਤ ਸਿੰਘ ਵੀ ਬੇਹੋਸ ਪਈ ਸੀ। ਮਨਜੀਤ ਕੌਰ ਪੁੱਤਰੀ ਦੀਦਾਰ ਸਿੰਘ (15 ਸਾਲ) ਦੀ ਪਿੱਠ ਵਿੱਚ ਡਾਂਗਾ ਮਾਰੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਸਿਮਰਨ ਕੌਰ ਪਤਨੀ ਚਮਕੌਰ ੰਿਸਘ ਨੇ ਵੀ ਦੱਸਿਆ ਕਿ ਉਹ ਭੜੋ ਜਾਣ ਲਈ ਬੱਸ ਉਡੀਕ ਵਿੱਚ ਖੜੀ ਸੀ, ਉਸਨੂੰ ਵੀ ਨਹੀਂ ਬਖਸਿਆ ਗਿਆ। ਕਿਰਨਪਾਲ ਪੁੱਤਰੀ ਬਾਬੂ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ 3 ਹੋਰ ਲੜਕੀਆਂ ਭਵਾਨੀਗੜ੍ਹ ਪੜਨ ਜਾਣ ਲਈ ਖੜੀਆਂ ਸਨ ਦੱਸਣ ਦੇ ਬਾਵਜੂਦ ਉਨ੍ਹਾਂ ਦਾ ਵੀ ਕੁਟਾਪਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ ਨੇ ਦੱਸਿਆ ਕਿ ਉਹ ਬਾਲਦ ਕਲਾਂ ਬੱਸ ਸਟੈਂਡ ਉੱਤੇ ਮੌਜੂਦ ਸੀ। ਪੁਲਿਸ ਨੇ  ਧਰਨਾਕਾਰੀਆਂ ਅਤੇ ਬੱਸ ਦੀ ਉਡੀਕ 'ਚ ਖੜੇ ਮੁਸਾਫਰਾਂ ਉੱਤੇ ਲਾਠੀਆਂ ਵਰਾਂਉਦੇ ਰਹੇ ਜਖਮੀਆਂ ਨੇ ਡਾਂਗਾਂ ਨਾਲ ਪਏ ਨੀਲ ਅਤੇ ਜਖਮ ਵੀ ਵਿਖਾਏ।
ਇਸੇ ਦੌਰਾਨ ਦੋ ਜਖਮੀਆਂ ਦੇਵ ਸਿੰਘ ਅਤੇ ਗੁਰਚਰਨ ਸਿੰਘ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪਿੰਡ ਦੇ ਦੌਰੇ ਦੌਰਾਨ ਟੀਮ ਨੂੰ ਜਰਨੈਲ ਸਿੰਘ ਪੁੱਤਰ ਜੋਗਿੰਦਰ ਸਿੰਘ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਾਲਦਕਲਾਂ ਇਕਾਈ , ਗੁਰਮੇਲ ਸਿੰਘ ਪੁੱਤਰ ਜੋਗਿੰਦਰ ਸਿੰਘ , ਕ੍ਰਿਸ਼ਨ ਕੋਰ ਪਤਨੀ ਕਰਨੈਲ ਸਿੰਘ, ਰਣਜੀਤ ਸਿੰਘ ਨੇ ਆਪਣੀਆਂ ਲੱਤਾਂ ਅਤੇ ਸਰੀਰ ਦੇ ਦੂਜੇ ਹਿੱਸਿਆਂ ਉੱਤੇ ਪਏ ਡਾਂਗਾਂ ਦੇ ਨੀਲ ਵਿਖਾਏ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਦੂਰ ਤੱਕ ਪਿੱਛੇ ਭੱਜ ਕੇ ਡਾਂਗਾ ਮਾਰੀਆਂ ਗਈਆਂ। ਇਸ ਦੌਰਾਨ ਪੁਲਸੀਏ ਅਵਾ ਤਵਾ ਬੋਲਦੇ ਰਹੇ।
ਟੀਮ ਨੂੰ ਦੱਸਿਆ ਗਿਆ ਕਿ ਸਰਦੀਪ ਸਿੰਘ ਪੁੱਤਰ ਜਰਨੈਲ ਸਿੰਘ, ਗਗਨਦੀਪ ਸਿੰਘ, ਲਖਵਿੰਦਰ ਸਿੰਘ ਪੁੱਤਰ ਹਾਕਮ ਸਿੰਘ, ਰਣਜੀਤ ਸਿੰਘ ਪੁੱਤਰ ਰਾਮ ਚੰਦ, ਪ੍ਰਮਜੀਤ ਸਿਘ ਪੁੱਤਰ ਹਰਮੇਲ ਸਿੰਘ, ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ , ਭਿੱਦਰ ਸਿੰਘ ਪੁੱਤਰ ਦੇਸ ਰਾਜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਟੀਮ ਨੇ ਭਵਾਨੀਗੜ੍ਹ ਥਾਣੇ ਅੰਦਰ ਹਵਾਲਾਤ ਵਿੱਚ ਬੈੇਠੇ ਕਈ ਬਾਲਦ ਕਲਾਂ ਨਿਵਾਸੀ ਵੀ ਅੱਖੀਂ ਵੇਖੇ।
ਦਲਿਤ ਪੀੜਤਾਂ ਨੇ ਦੱਸਿਆ ਕਿ ਔਰਤਾਂ ਉੱਤੇ ਮਰਦ ਪੁਲਿਸ ਕਰਮਚਾਰੀਆਂ ਨੇ ਹੀ ਲਾਠੀਆਂ ਵਰ੍ਹਾਂਈਆਂ। ਉੱਥੇ ਲੇਡੀਜ ਪੁਲਿਸ ਘੱਟ ਹੀ ਮੌਜੂਦ ਸੀ ਅਤੇ ਉਹਨ੍ਹਾਂ ਨੇ ਵੀ ਇਸ ਸਮੇਂ ਕੋਈ ਦਾਖਲ ਨਹੀਂ ਦਿੱਤਾ। ਮਰਦ ਪੁਲਸੀਏ ਔਰਤਾਂ ਨਾਲ ਦੁਰ-ਵਿਹਾਰ ਕਰਦੇ ਰਹੇ ਅਤੇ ਉਹਨ੍ਹਾਂ ਨੂੰ ਅਵਾ-ਤਵਾ ਬੋਲਦੇ ਰਹੇ।
ਇਸੇ ਦੌਰਾਨ ਪੁਲਿਸ ਨੇ ਦੋ ਪਰਚੇ ਕੱਟ ਦਿੱਤੇ । 21 ਅਣਪਛਾਤੇ ਵਿਅਕਤੀਆਂ ਸਮੇਤ 65 ਵਿਅਕਤੀਆਂ ਉੱਤੇ ਬੋਲੀਕਾਰਾਂ ਵੱਲੋਂ ਸ਼ਕਾਇਤ ਲਿਖਵਾ ਕੇ ਧਾਰਾ 341 , 342, 506,107,148,149, IPC ਅਧੀਨ ਪਹਿਲਾ ਪਰਚਾ ਦਰਜ ਕੀਤਾ ਗਿਆ, ਜਿਸ ਵਿੱਚ ਪਿੰਡ ਇਕਾਈ ਦੇ ਆਗੂਆਂ ਤੋਂ ਬਿਨ੍ਹਾਂ ਸੁਰਜਨ ਸਿੰਘ ਝਨੇੜੀ, ਮੱਘਰ ਸਿੰਘ ਘਰਾਚੋਂ,ਮੁਕੇਸ਼ ਕੁਮਾਰ ਮਲੌਦ, ਗੁਰਮੁਖ ਸਿੰਘ (ਮਾਨ), ਪ੍ਰਿਥੀ ਸਿੰਘ ਲੋਗੋਂਵਾਲ, ਗੁਰਪ੍ਰੀਤ ਸਿੰਘ ਖੇੜੀ, ਮਲੂਕ ਚੰਦ ਘਰਾਚੋਂ, ਕ੍ਰਿਸ਼ਨ ਬਾਓਪੁਰ, ਦਰਸ਼ਨ ਸਿੰਘ ਕੂੰਨਰਾ ਅਤੇ ਕਾਕਾ ਸਿੰਘ ਭੱਟੀਵਾਲ ਵੀ ਸ਼ਾਮਲ ਕੀਤੇ ਗਏ ਹਾਲਾਕਿ ਕ੍ਰਿਸ਼ਨ ਬੌਪੁਰ ਜੇਲ 'ਚ ਬੰਦ ਸੀ। ਸੁਰਜਨ ਝਨੇੜੀ ਪੁਲਿਸ ਨੇ ਕਈ ਦਿਨ ਤੋਂ ਨਜਾਇਜ ਹਿਰਾਸਤ 'ਚ ਰੱਖਿਆ ਹੋਇਆ ਸੀ। ਅਤੇ ਪਿੰਡ ਤੋਂ ਬਾਹਰਲੇ ਉਕਤ ਆਗੂ ਮੌਕੇ ਉੱਤੇ ਮੌਜੂਦ ਨਹੀਂ ਸਨ।( ਕ੍ਰਿਸ਼ਨ ਬੌਪੁਰ ਦਾ ਨਾਂ ਬਾਅਦ 'ਚ ਵੱਡੀ ਕੁਤਾਹੀ ਦੇ ਨੰਗੇ ਹੋਣ ਉੱਤੇ ਕੱਢ ਦਿੱਤਾ ਗਿਆ ਸੀ) ਇੰਨ੍ਹਾਂ ਉੱਤੇ ਬੋਲੀਕਾਰਾਂ ਨੂੰ ਡਰਾਉਣ ਧਮਕਾਉਣ , ਉਨ੍ਹਾਂ ਦੀਆਂ ਲੱਤਾ ਬਾਹਾਂ ਤੋੜਨ ਦੇ ਡਰਾਵੇ ਦੇਣ ਦਾ ਦੋਸ਼ ਲਾਇਆ ਗਿਆ। ਬਾਹਰਲੇ ਆਗੂਆਂ ਉੱਤੇ ਬਾਲਦ ਕਲਾਂ ਦੇ ਦਲਿਤਾਂ ਨੂੰ ਧਮਕੀਆਂ ਦੇਣ ਲਈ ਸ਼ਹਿ ਦੇਣ ਦਾ ਦੋਸ਼ ਲਾਇਆ ਗਿਆ।
ਦੂਜਾ ਪਰਚਾ ਧਾਰਾਵਾਂ 307, 353, 186,323 ,427, 341, 283, 148, 149, 120 ਬੀ ਹਿੰ.ਡ. ਅਧੀਨ ਦਰਜ ਕੀਤਾ ਗਿਆ, ਜਿਸ ਵਿੱਚ 69 ਨਾਮਿਤ ਅਤੇ ਦੋ ਅਣਪਛਾਤੇ ਵਿਅਕਤੀ ਪਾਏ ਗਏ। ਇੰਨ੍ਹਾਂ ਵਿੱਚ 59 ਬਾਲਦ ਕਲਾਂ ਦੇ ਦਲਿਤ, ਪ੍ਰਗਟ ਸਿੰਘ, ਤਾਰਾ ਸਿੰਘ , ਬਿੱਲੂ ਸਿੰਘ ਅਤੇ ਸਤਨਾਮ ਸਿੰਘ ਸਾਰੇ ਪਿੰਡ ਭੜੋ, ਮੁਕੇਸ਼ ਮਲੌਦ, ਸੁਰਜਨ ਝਨੇੜੀ, ਪ੍ਰਿਥੀ ਲੋਗੋਂਵਾਲ, ਮਲੂਕ ਚੰਦ ਘਰਾਚੋਂ , ਜੀਤ ਸਿੰਘ ਬਟੜਿਆਣਾ ਅਤੇ ਫੌਜੀ ਆਲੋਅਰਖ ਵੀ ਧਰ ਲਏ ਗਏ। ਪਰਚੇ ਵਿੱਚ ਬਾਲਦ ਕਲਾਂ ਦੀਆਂ 14 ਔਰਤਾਂ ਵੀ ਪਾਈਆਂ ਗਈਆਂ ।ਬਾਲਦ ਕਲਾਂ ਨਿਵਾਸੀਆਂ ਵਿੱਚ ਧਰਨੇ ਵਿੱਚ ਸ਼ਾਮਲ ਨਾ ਹੋਣ ਵਾਲੇ ਜਨਰਲ ਵਰਗ ਨਾਲ ਸੰਬੰਧਤ ਗੁਰਦੇਵ ਸਿੰਘ ਸਾਬਕਾ ਸਰਪੰਚ ਅਤੇ ਸੁਖਦੇਵ ਭੋਲੂ ਆਗੂ ਬੀ.ਕੇ.ਯੂ (ਡਕੌਂਦਾ) ਵੀ ਸ਼ਾਮਲ ਕਰ ਲਏ ਗਏ। ਪਰਚੇ 'ਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਬੋਲੀਕਾਰ ਪਰਿਵਾਰਾ ਨਾਲ ਸੰਬੰਧਤ ਨੌਜਵਾਨ ਨਾਲ ਲੰਘਣ ਸਮੇਂ ਧਰਨਾਕਾਰੀਆਂ ਨੇ ਕੁੱਟਮਾਰ ਕੀਤੀ ਹੈ।ਗਲਬਾਤ ਦੌਰਾਨ ਬੂਟਾ ਸਿੰਘ ਨੇ ਦੱਸਿਆ ਕਿ ਇਸ ਵਾਰੀ ਪਿਛਲੇ ਦੋ ਸਾਲ ਵੱਖ ਠੇਕੇ ਉੱਤੇ ਲੈਣ ਵਾਲੇ 10-11 ਪਰਿਵਾਰਾਂ ਤੋਂ ਬਿਨ੍ਹਾਂ 18-19 ਹੋਰ ਪਰਿਵਾਰਾਂ ਨੇ ਜ਼ਮੀਨ ਲਈ ਬੋਲੀ ਲਈ । ਪਹਿਲੇ ਪਰਿਵਾਰਾਂ ਨੂੰ 47 ਅਤੇ ਇਸ ਵਾਰੀ ਅੱਡ ਹੋਣ ਵਾਲਿਆਂ ਨੂੰ 59 ਵਿਘੇ ਠੇਕੇ ਉੱਤੇ ਦਿੱਤੀ ਗਈ ਹੈ। ਉਸਨੇ ਦਾਅਵਾ ਕੀਤਾ ਕਿ ਜ਼ਮੀਨ ਪ੍ਰਾਪਤੀ ਕਮੇਟੀ ਦੇ ਦਾਅਵੇ ਅਨੁਸਾਰ ਪ੍ਰਤੀ ਪਰਿਵਾਰ ਆਉਂਦੀ ਜ਼ਮੀਨ ਦੇ ਹਿਸਾਬ ਨਾਲ ਹੀ ਇੰਨ੍ਹਾਂ ਸਾਰਿਆਂ ਨੂੰ ਜ਼ਮੀਨ ਦਿੱਤੀ ਗਈ ਹੈ। ਜਿਸ ਵਿੱਚ ਉਹ ਵੀ ਸਾਂਝੇ ਤੌਰ ਉੱਤੇ ਦੋ ਗਰੁੱਪਾਂ 'ਚ ਖੇਤੀ ਕਰਨਗੇ। ਉਸਨੇ ਇਹ ਵੀ ਕਿਹਾ ਕਿ ਸਾਰੇ ਝਗੜੇ ਪਿੱਛੇ ਸਥਾਨਕ ਵੋਟ ਰਾਜਨੀਤੀ ਵੀ ਕੰਮ ਕਰ ਰਹੀ ਹੈ। ਜਦੋਂ ਜਰਨੈਲ ਸਿੰਘ ਪੰਚ ਨੇ ਉਸਦਾ ਸਾਥ ਛੱਡ ਦਿੱਤਾ ਤਾਂ ਉਸ ਨੂੰ ਵੀ ਆਪਣੇ ਹੱਕ 'ਚ ਬੰਦੇ ਤਿਆਰ ਕਰਨੇ ਪਏ। ਵਿਰੋਧੀ ਦਲਿਤਾਂ ਨੂੰ ਮੇਰੇ ਨਾਲੋਂ ਤੋੜਨਾਂ ਚਾਹੁੰਦੇ ਹਨ। ਉਹ ਇਹ ਵੀ ਨਹੀਂ ਚਾਹੁੰਦੇ ਕਿ ਦਲਿਤਾਂ ਅਤੇ ਪਛੜੀ ਜਾਤੀ ਵਾਲਿਆਂ ਦਾ ਏਕਾ ਹੋਵੇ । ਉਸਨੇ ਪ੍ਰਵਾਨ ਕੀਤਾ ਕਿ ਬੱਸ ਅੱਡੇ ਉੱਤੇ ਲਾਠੀਚਾਰਜ ਸਮੇਂ 3 ਫਾਇਰ ਵੀ ਪੁਲਿਸ ਨੇ ਕੀਤੇ। ਉਸਨੇ ਦਾਅਵਾ ਕੀਤਾ ਕਿ ਉਹ ਤਾਂ ਪਹਿਲੋਂ ਤੋਂ ਹੀ ਦਲਿਤ ਭਲਾਈ ਦੇ ਕੰਮ ਕਰਦਾ ਰਹਿੰਦਾ ਹੈ।
ਪਿਛਲੇ ਤਿੰਨ ਸਾਲਾਂ ਤੋਂ ਅਲੱਗ ਠੇਕੇ ਉੱਤੇ ਜ਼ਮੀਨ ਲੈਂਦੇ ਪਰਿਵਾਰਾਂ ਵਿੱਚੋਂ ਸਵਰਨ ਸਿੰਘ ਪੁੱਤਰ ਉਂਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੀ ਪਿਛਲੇ ਸਾਲ ਇਕੱਠੀ ਖੇਤੀ ਕੀਤੀ ਸੀ। ਇਸ ਵਾਰੀ ਪਿਛਲੀ ਵਾਰੀ ਦੇ 2.70 ਲੱਖ ਠੇਕੇ ਤੋਂ ਘਟ ਕੇ 2.35 ਲੱਖ ਠੇਕੇ ਉੱਤੇ 47 ਵਿਘੇ ਜ਼ਮੀਨ ਮਿਲ ਗਈ। ਉਸਨੇ ਮੰਨਿਆ ਕਿ ਇਹ ਸੰਘਰਸ਼ ਦੇ ਅਸ਼ਰ ਦਾ ਹੀ ਨਤੀਜਾ ਹੈ। ਉਸਨੇ ਤੇ ਉਸਦੇ ਪਿਤਾ ਓਂਕਾਰ ਸਿੰਘ ਨੇ ਕਿਹਾ ਕਿ ਉਹ ਵੀ ਭਾਈਚਾਰੇ ਨਾਲ ਮਿਲਣਾ ਚਾਹੁੰਦੇ ਹਨ। ਪਰ ਜ਼ਮੀਨ ਪ੍ਰਾਪਤੀ ਕਮੇਟੀ ਵਾਲਿਆਂ ਨੇ ਉਨ੍ਹਾਂ ਦਾ ਬਾਈਕਾਟ ਕਰ ਰੱਖਿਆ ਹੈ।
ਮੱਘਰ ਸਿੰਘ ਅਤੇ ਪਵਿੱਤਰ ਸਿੰਘ (ਜੋ ਪਹਿਲੋਂ ਪਿੰਡ ਇਕਾਈ ਦੀ ਆਗੂ ਕਮੇਟੀ ਦੇ ਮੈਂਬਰ ਰਹੇ ਹੋਣ ਦਾ ਦਾਅਵਾ ਦਰਦੇ ਹਨ) ਨੇ ਜ਼ਮੀਨ ਪ੍ਰਾਪਤੀ ਕਮੇਟੀ ਦੇ ਕੰਮਕਾਰ ਬਾਰੇ ਕਈ ਇਤਰਾਜ਼ ਉਠਾਏ। ਦੂਜੇ ਪਾਸੇ ਮੱਘਰ ਸਿੰਘ ਨੇ ਮੰਨਿਆ ਕਿ ਉਸਨੇ ਇੱਕ ਘਰੇਲੂ ਝਗੜੇ ਵਿੱਚ ਸਰਪੰਚ ਦੀ ਮਦਦ ਲਈ ਸੀ। ਉਨ੍ਹਾਂ ਭਵਾਨੀਗੜ੍ਹ ਬਲਾਕ ਦਫਤਰ ਵਿੱਚ ਵੀ ਕਮੇਟੀ ਵਾਲਿਆਂ ਵੱਲੋਂ ਦੁਰਵਿਹਾਰ ਤੇ ਗਾਲੀ ਗਲੋਚ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਾਏ।
     ਡੀ ਸੀ ਸੰਗਰੂਰ ਅਰਸ਼ਦੀਪ ਸਿੰਘ ਥਿੰਦ ਨੇ ਸੰਪਰਕ ਕਰਨ ਉੱਤੇ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਲਿਤਾਂ ਨੂੰ ਭੜਕਾ ਰਹੀ ਹੈ। ਕਮੇਟੀ ਵਾਲੇ ਕਹਿੰਦੇ ਹਨ ਕਿ ਜੇ ਸਾਡੇ ਬੰਦਿਆਂ ਨੂੰ ਬੋਲੀ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਬੋਲੀ ਨਹੀਂ ਦੇਣ ਦਿਆਂਗੇ। ਉਨ੍ਹਾਂ ਉਪਰ ਹਿੰਸਾ ਦੇ ਆਦੀ ਅਨਸਰ ਹੋਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਵਾਲਿਆਂ ਦੀ ਮੰਗ ਅਨੁਸਾਰ ਘੱਟ ਦਰ ਉੱਤੇ ਰਾਖਵੀਂ ਜਮੀਨ ਦੇਣ ਦੀ ਨਿਯਮ ਇਜ਼ਾਜ਼ਤ ਨਹੀਂ ਦਿੰਦੇ। ਉਨ੍ਹਾਂ ਘਰਾਚੋਂ ਪਿੰਡ 'ਚ ਦਲਿਤ ਭਲਾਈ ਲਈ ਵਾਜਬ ਦਰ ਉੱਤੇ ਜਮੀਨ ਦੇਣ ਦੀ ਮੰਗ ਸੰਬੰਧੀ ਕਿਹਾ ਕਿ ਉਹ ਹੋਰਨਾਂ ਢੰਗਾਂ ਨਾਲ ਦਲਿਤਾਂ ਦੀ ਮਦਦ ਕਰਦੇ ਰਹਿੰਦੇ ਹਨ।
     ਡੀ ਡੀ ਪੀ ਓ ਸੰਗਰੂਰ ਰਵਿੰਦਰਪਾਲ ਸਿੰਘ ਸੰਧੂ ਨੇ ਮੁਲਾਕਾਤ ਦੌਰਾਨ ਕਿਹਾ ਕਿ ਉਹ ਤਾਂ ਪਾਲਸੀ ਲਾਗੂ ਕਰਨ ਵਾਲੇ ਹਨ, ਬਨਾਉਣ ਵਾਲੇ ਨਹੀਂ। ਜੇ ਕਮੇਟੀ ਵਾਲੇ ਘੱਟ ਰੇਟ ਸੰਬੰਧੀ ਪਾਲਸੀ ਬਣਵਾ ਲੈਣ ਤਾਂ ਉਹ ਉਸੇ ਪਾਲਸੀ ਨੂੰ ਲਾਗੂ ਕਰ ਦੇਣਗੇ। ਉਸਨੇ ਨਾਲ ਹੀ ਕਿਹਾ ਕਿ ਜੇ ਘੱਟ ਰੇਟ ਉੱਤੇ ਜਮੀਨ ਠੇਕੇ ਉੱਤੇ ਦੇ ਦਿਤੀ ਜਾਂਦੀ ਹੈ ਤਾਂ ਸਾਰੇ ਪਾਸੇ ਇਹ ਮੰਗ ਉਠ ਖੜੇਗੀ। ਮਾਲੀਆ ਘਟ ਜਾਵੇਗਾ। ਉਨ੍ਹਾਂ ਪਿੰਡ ਵਾਲਿਆਂ ਨੂੰ ਬਾਹਰਲੇ ਬੰਦਿਆਂ ਦੀ ਚੱਕ ਹੋਣ ਦੀ ਗੱਲ ਕਹੀ ਦੂਜੇ ਪਾਸੇ ਉਨ੍ਹਾਂ ਪ੍ਰਵਾਨ ਕੀਤਾ ਕਿ ਸਰਕਾਰ ਦੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਮੁਕਾਬਲਾ ਹੋਵੇ। ਭਵਾਨੀਗੜ੍ਹ ਬੋਲੀ ਰੱਖਣ ਦੀ ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਪਿੰਡ ਬੋਲੀ ਕੀਤੀ ਜਾਂਦੀ ਤਾਂ ਗੜਬੜ ਦਾ ਖਤਰਾ ਸੀ। ਉਸਦਾ ਵੀ ਘਿਰਾਉ ਕਰ ਲਿਆ ਜਾਂਦਾ। ਪ੍ਰਸ਼ਾਸ਼ਨ ਨੂੰ ਮੁਸ਼ਕਲ ਖੜੀ ਹੋ ਜਾਂਦੀ।
     ਡੀ ਐਸ ਪੀ ਗਗਨਦੀਪ ਸਿੰਘ ਭੁੱਲਰ ਨੇ ਗਲਬਾਤ ਦੌਰਾਨ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੁਲੀਸ ਨੇ ਜਾਣਬੁਝ ਕੇ ਕੁਝ ਸਰਾਬੀ ਵਿਅੱਕਤੀਆਂ ਨੂੰ ਧਰਨਾਕਾਰੀਆਂ ਵਿਚਕਾਰ ਭੇਜਿਆ। ਲਾਠੀਚਾਰਜ ਕਰਨ ਤੋਂ ਪਹਿਲਾਂ ਵਾਟਰ ਕੈਨਨ ਵਰਤਣ, ਅਥਰੂ ਗੈਸ ਵਗੈਰਾ ਦੀ ਵਰਤੋਂ ਕਰਨ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਸੜਕ ਜਾਮ ਲਾਇਆ ਜਾਵੇਗਾ। ਇਸ ਲਈ ਉਨ੍ਹਾਂ ਦੀ ਲੋੜੀਂਦੀ ਤਿਆਰੀ ਨਹੀਂ ਸੀ। ਉਸਨੇ ਦਾਅਵਾ ਕੀਤਾ ਕਿ ਧਰਨਾਕਾਰੀਆਂ ਨੇ ਜਖਮੀ ਵਿਅੱਕਤੀ ਨੂੰ ਲਿਜਾਣ ਤੋਂ ਰੋਕਿਆ ਅਤੇ ਪੁਲੀਸ ਤੇ ਹਮਲਾ ਕਰਕੇ ਕਈ ਜਵਾਨ ਜਖਮੀ ਕਰ ਦਿੱਤੇ। ਬਾਅਦ ਵਿੱਚ ਹੋਰ ਪੁਲੀਸ ਫੋਰਸ ਮੰਗਾ ਕੇ ਉਨ੍ਹਾਂ ਉੱਤੇ ਕਾਬੂ ਪਾਉਣਾ ਪਿਆ। ਸੜਕ ਰੋਕਣ ਲਈ ਵਰਤੇ ਗਏ ਵਹੀਕਲ ਹੀ ਕਬਜੇ ਵਿੱਚ ਲਈ ਗਏ। ਬੱਸ ਮੁਸਾਫਿਰਾਂ ਤੇ ਪੜ੍ਹਨ ਜਾਣ ਵਾਲੀਆਂ ਲੜਕੀਆਂ ਉੱਤੇ ਲਾਠੀਚਾਰਜ ਦੇ ਦੋਸ਼ ਸੰਬੰਧੀ ਉਨ੍ਹਾਂ ਕਿਹਾ ਕਿ ਇਹ ਕੁਝ ਉਸਦੀ ਜਾਣਕਾਰੀ ਵਿੱਚ ਨਹੀਂ। ਨਾ ਹੀ ਕੋਈ ਸ਼ਿਕਾਇਤ ਆਈ ਹੈ। ਜੇ ਸ਼ਿਕਾਇਤ ਆਈ ਤਾਂ ਦੋਸ਼ੀ ਪੁਲਸੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
         ਪ੍ਰਾਪਤ ਉਕਤ ਜਾਣਕਾਰੀ ਦੀ ਛਾਣਬੀਣ ਦੇ ਆਧਾਰ ਉੱਤੇ ਜਾਂਚ ਟੀਮ ਇੰਨ੍ਹਾਂ ਸਿੱਟਿਆਂ ਉੱਤੇ ਪੁੱਜੀ ਹੈ:
ਲਾਠੀਚਾਰਜ ਬੇਲੋੜਾ ਅਤੇ ਸਰਾਸਰ ਧੱਕੇ ਸ਼ਾਹੀ ਸੀ। ਲੱਗਦਾ ਹੈ ਕਿ ਦਲਿਤਾਂ ਦੀ ਉੱਚੀ ਹੋ ਰਹੀ ਅਵਾਜ ਨੂੰ ਦਬਾਉਣ ਅਤੇ ਦਲਿਤ ਚੇਤਨਾ ਦੇ ਉਭਾਰ ਨੂੰ ਮਸਲਣ ਦੀ ਨੀਤੀ ਅਧੀਨ ਹੀ ਲਾਠੀਚਾਰਜ ਸੋਚ ਸਮਝ ਕੇ ਕੀਤਾ ਗਿਆ ਹੈ।
ਪੰਜਾਇਤੀ ਜ਼ਮੀਨ ਨੂੰ ਵੱਧ ਤੋਂ ਵੱਧ ਮਾਲੀਆ ਇਕੱਠਾ ਕਰਨ ਦਾ ਸਾਧਨ ਬਨਾਉਣ ਅਤੇ ਇਸਨੂੰ ਮਹਿਜ ਆਰਥਕ ਸੁਆਲ ਵਜੋਂ ਲੈਣ ਦੀ ਹਕੂਮਤੀ ਪਹੁੰਚ ਗਲਤ ਹੈ। ਇਸ ਵਿੱਚ ਸ਼ਾਮਲ ਦਲਿਤ ਆਤਮ ਸਨਮਾਨ ਖਾਸ ਕਰ ਔਰਤਾਂ ਨੂੰ ਪੇਸ਼ ਆਉਂਦੀ ਜਲਾਲਤ ਅਤੇ ਹੁੰਦੇ ਲਿੰਗਕ ਸੋਸ਼ਣ ਵੱਲ ਲੋੜੀਂਦੀ ਗੰਭਰੀਤਾ ਨਾ ਦਿਖਾਉਣਾ, ਠੇਕੇ ਤੇ ਜਮੀਨ ਮਿਲਣ ਉਪਰੰਤ ਉਨ੍ਹਾਂ ਨੂੰ ਇਸ ਸੰਬੰਧੀ ਮਿਲਦੀ ਰਾਹਤ ਵੱਲ ਤਵਜੋਂ ਨਾ ਦੇਣਾ ਦਿਖਾਉਂਦਾ ਹੈ ਕਿ ਹਕੂਮਤ ਤੇ ਪ੍ਰਸ਼ਾਸ਼ਕੀ ਅਧਿਕਾਰੀ ਇਸ ਸਮੱਸਿਆ ਵੱਲ ਗੰਭੀਰ ਨਹੀਂ।
ਪ੍ਰਸ਼ਾਸ਼ਨ ਵੱਲੋਂ ਬੋਲੀ ਲਈ ਜ਼ਿੱਦ ਕਰਨਾ , ਵਾਜਬ ਦਰ ਉੱਤੇ ਰਾਖਵੀਂ ਜ਼ਮੀਨ ਠੇਕੇ ਉੱਤੇ ਦੇਣ ਦੇ ਮੁੱਦੇ ਨੂੰ ਗਲਬਾਤ ਤੇ ਰਜਾਮੰਦੀ ਰਾਹੀਂ ਨਿਪਟਾਉਣ ਲਈ ਲੋੜੀਂਦੀ ਪਹਿਲ  ਨਾ ਕਰਨਾ , ਸੰਘਰਸ਼ਸ਼ੀਲ ਆਗੂਆਂ ਨੂੰ ਭੜਕਾਊ ਅੰਸਰ ਤੇ ਹਿੰਸਾ ਦੇ ਆਦੀ ਕਹਿਣਾ ਦਿਖਾਉਂਦਾ ਹੈ ਕਿ ਉਸਦੇ ਮਨਸੇ ਮਾਮਲਾ ਨਿਪਟਾਉਣ ਨਾਲ਼ੋ ਕੁਝ ਹੋਰ ਹਨ। ਦਲਿਤਾਂ ਵਿੱਚ ਪਾਟਕ ਪਾਉਣ, ਉਨ੍ਹਾਂ ਵਿੱਚ ਮੁਕਾਬਲੇਬਾਜੀ ਭੜਕਾਉਣ ਤੇ ਦਲਿਤਾਂ ਨੂੰ ਦਲਿਤਾਂ ਨਾਲ ਲੜਾਉਣ ਦੀ ਪ੍ਰਸ਼ਾਸ਼ਕੀ ਨੀਤੀ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਹੀ ਅਪਣਾਈ ਜਾ ਰਹੀ ਲਗਦੀ ਹੈ।
ਡੀ ਐਸ ਪੀ ਸੰਗਰੂਰ ਵੱਲੋਂ ਇਹ ਕਹਿਣਾ ਹੈ ਕਿ ਉਨ੍ਹਾਂ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਸੜਕ ਜਾਮ ਲਾਇਆ ਜਾਵੇਗਾ, ਇਸ ਲਈ ਲੋੜੀਂਦੀ ਤਿਆਰੀ ਨਹੀਂ ਕਰ ਸਕੇ। ਦੂਜੇ ਪਾਸੇ ਡੀਡੀਪੀਓ ਸੰਗਰੂਰ ਵੱਲੋਂ ਕਹਿਣਾ ਹੈ ਕਿ ਉਨ੍ਹਾਂ ਨੇ ਵੱਡੀ ਗੜਬੜ ਦਾ ਡਰ ਹੋਣ ਕਰਕੇ ਬੋਲੀ ਭਵਾਨੀਗੜ੍ਹ ਰੱਖੀ ਜਿੱਥੇ ਸਿਰੇ ਦੇ ਆਪਾ ਵਿਰੋਧੀ ਬਿਆਨ ਹਨ, ਉੱਥੇ ਦਿਖਾਉਂਦੇ ਹਨ ਕਿ ਕਿਵੇਂ ਸਰਕਾਰੀ ਅਧਿਕਾਰੀ ਮਨ ਘੜਤ ਕਹਾਣੀਆਂ ਬਣਾਉਂਦੇ ਹਨ।ਇਹ ਬਿਆਨ ਇਸ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਪੁਲਿਸ ਦਾ ਮਕਸਦ ਭੀੜ ਨੂੰ ਕਾਬੂ ਕਰਨਾ ਨਹੀਂ ਸਬਕ ਸਿਖਾਉਣਾ ਸੀ।
ਡੀ.ਡੀ.ਪੀ.ਓ ਵੱਲੋਂ ਕਹਿਣਾ ਕਿ ਘੱਟ ਦਰ ਉੱਤੇ ਜ਼ਮੀਨ ਦੇਣ ਨਾਲ ਤਾਂ ਇਹ ਮੰਗ ਸਾਰੇ ਪਾਸੇ ਉੱਠ ਖੜੇਗੀ ਤੇ ਮਾਲੀਏ ਵਿੱਚ ਬਹੁਤ ਘਾਟਾ ਪਵੇਗਾ, ਆਪਸੀ ਮੁਕਾਬਲਾ ਤਾਂ ਹੋਣਾ ਹੀ ਚਾਹੀਦਾ ਹੈ। ਐਫ.ਆਈ.ਆਰ ਵਿੱਚ ਦਰਜ ਕਰਨਾ ਕਿ ਬਿਨ੍ਹਾਂ ਬੋਲੀ ਰਾਖਵੀਂ ਜਮੀਨ ਦਲਿਤਾਂ ਨੂੰ ਕਾਨੂੰਨ ਕਿਵੇਂ ਦੇ ਦੇਵੇਗਾ ਅਤੇ ਬੋਲੀ ਲਈ ਵਾਰ ਵਾਰ ਯਤਨਾਂ ਨੂੰ ਦੇਖ ਕੇ ਸਾਫ ਹੈ ਕਿ ਪੰਚਾਇਤੀ ਜ਼ਮੀਨ ਤੋਂ ਦਰੜੇ ਤੇ ਲੁਟੀਂਦੇ ਦਲਿਤਾਂ ਸਮੇਤ ਲੋਕਾਂ ਦੇ ਵੱਖੋਂ ਵੱਖ ਹਿੱਸਿਆਂ ਤੋਂ ਵੱਧ ਤੋਂ ਵੱਧ ਮਾਲੀਆ ਨਿਚੋੜਨ ਦੀ ਨੀਤੀ ਕਲਿਆਣਕਾਰੀ ਰਾਜ ਦੇ ਉਦੇਸ਼ ਨਾਲ ਬੇਮੇਲ ਬੇਇਨਸਾਫੀ ਵਾਲੀ ਨੀਤੀ ਹੈ।
ਬਹੁਤ ਸਾਰੇ ਮਰਦ ਔਰਤਾਂ ਉਪਰ ਸੰਗੀਨ ਧਾਰਾਵਾਂ ਲਗਾ ਕੇ ਝੂਠਾ ਮੁਕਦਮਾ ਦਰਜ ਕਰਨਾ , ਮੌਕੇ ਉੱਤੇ ਮੌਜੂਦ ਨਾ ਹੋਣ ਦੇ ਬਾਵਜੂਦ ਵੀ ਮੁਕੇਸ਼ ਮਲੌਦ, ਗੁਰਮੁਖ ਮਾਨ, ਦਰਸ਼ਨ ਕੂਨਰਾਂ ਵਰਗੇ ਆਗੂਆਂ ਉੱਤੇ ਮੁਕਦਮਾ ਦਰਜ ਕਰਨਾ ਅਤੇ ਜੇਲ੍ਹ 'ਚ ਬੰਦ ਕਿਸ਼ਨ ਬੌਪੁਰ ਤੇ ਹਿਰਾਸਤ ਵਿੱਚ ਰੱਖੇ  ਸੁਰਜਨ ਝਨੇੜੀ ਦਾ ਨਾ ਵੀ ਪਰਚੇ 'ਚ ਪਾਉਣਾ ਦਿਖਾਉਂਦਾ ਹੈ ਕਿ ਪੁਲਿਸ ਝੂਠੇ ਮਾਮਲੇ ਦਰਜ ਕਰਦੀ ਹੈ। ਵਾਜਬ ਮੰਗਾ ਮੰਨ ਕੇ ਤੇ ਮਨ ਸ਼ਾਂਤ ਕਰਕੇ  ਸਮਾਜਕ ਸ਼ਾਂਤੀ ਕਾਇਮ ਕਰਨ ਦੀ ਥਾਂ ਜਬਰ ਦੇ ਸਹਾਰੇ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰਨ ਵਾਲੀ ਹਕੂਮਤੀ ਨੀਤੀ ਜਮਹੂਰੀਅਤ ਤੇ ਲੋਕ ਵਿਰੋਧੀ ਹੈ। ਇਹ ਸੰਵਿਧਾਨ ਅਤੇ ਕਾਨੂੰਨ ਦਾ ਵੀ ਉਲੰਘਣ ਕਰਦੀ ਹੈ।
ਮਰਦ ਪੁਲਿਸ ਕਰਮਚਾਰੀਆਂ ਵੱਲੋਂ ਔਰਤਾਂ ਉੱਤੇ ਲਾਠੀਚਾਰਜ, ਉਹਨ੍ਹਾਂ ਨੂੰ ਗ੍ਰਿਫਤਾਰ ਕਰਨਾ ਅਤੇ ਦੁਰ-ਵਿਹਾਰ ਕਰਨਾ ਜਿੱਥੇ ਕਾਨੂੰਨ ਦਾ ਉਲੰਘਣ ਹੈ ਉੱਥੇ ਸਰਾਸਰ ਨਜਾਇਜ ਅਤੇ ਨਿੰਦਣ ਯੋਗ ਹੈ।

ਇਸ ਲਈ ਸਭਾ ਜ਼ੋਰਦਾਰ ਮੰਗ ਕਰਦੀ ਹੈ ਕਿ:
ਲਾਠੀਚਾਰਜ ਕਰਨ ਵਾਲੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ ।
ਝੂਠੇ ਪਰਚੇ ਰੱਦ ਕਰਕੇ ਗਿਰਫ਼ਤਾਰ ਵਿਅਕਤੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਪੰਚਾਇਤੀ ਜ਼ਮੀਨ ਨੂੰ ਵੱਧ ਤੋਂ ਵੱਧ ਮਾਲੀਆ ਇਕੱਠਾ ਕਰਨ ਦਾ ਸਾਧਨ ਬਨਾਉਣ ਲਈ ਨੀਤੀ ਛੱਡੀ ਜਾਵੇ,     ਪੰਚਾਇਤੀ ਜਮੀਨ ਦਾ ਰਾਖਵਾਂ ਹਿੱਸਾ ਦਲਿਤਾਂ ਨੂੰ ਵਾਜਬ ਦਰ ਉੱਤੇ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਜਨਰਲ ਹਿੱਸਾ ਥੁੜ ਜ਼ਮੀਨੇ ਗਰੀਬ ਕਿਸਾਨਾਂ ਤੇ ਹੋਰ ਮਿਹਨਤਕਸ਼ ਵਰਗਾਂ ਲਈ ਰਾਖਵਾਂ ਕਰਕੇ ਵਾਜਬ ਦਰ ਉੱਤੇ ਦਿੱਤਾ ਜਾਵੇ।
ਡੰਮੀ ਬੋਲੀਆਂ ਦਾ ਰੁਝਾਨ ਸਖਤੀ ਨਾਲ ਰੋਕਿਆ ਜਾਵੇ ਅਤੇ ਇਸ ਸਬੰਧੀ ਦੋਸ਼ੀ ਪੰਚਾਇਤੀ ਨੁਮਾਇੰਦਿਆਂ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਸਹਿਕਾਰੀ ਖੇਤੀ ਦੀ ਵਧ ਰਹੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾਵੇ।
ਡੰਮੀ ਬੋਲੀਆਂ ਦੇਣ ਵਾਲੇ ਦਲਿਤਾਂ ਦੇ ਆਰਥਿਕ ਸਰੋਤਾਂ ਦੀ ਸੀ.ਬੀ.ਆਈ ਵੱਲੋਂ ਜਾਂਚ ਕੀਤੀ ਜਾਵੇ।


ਪ੍ਰਕਾਸ਼ਕ         ਵੱਲੋਂ:-
ਸੁਖਵਿੰਦਰ ਪੱਪੀ,       ਜਮਹੂਰੀ ਅਧਿਕਾਰ ਸਭਾ ਪੰਜਾਬ,
ਜਿਲ੍ਹਾ ਜਨਰਲ ਸਕੱਤਰ   ਜ਼ਿਲ੍ਹਾ ਇਕਾਈ ਸੰਗਰੂਰ।

No comments:

Post a Comment