Friday, July 10, 2015

ਅਤੇਲੀ ਦਾ ' ਨਿਯੰਤਰਤ ' ਦੰਗਾ ( The ‘restrained riot’ of Atali by Satish Deshpande The Hindu 20 June 2015)

                                                                      ( 'ਦ ਹਿੰਦੂ-੨੦-੦੬-੧੫ ਚੋਂ ਧੰਨਵਾਦ ਸਹਿਤ)

                             

                                             ਅਤੇਲੀ ਦਾ ' ਨਿਯੰਤਰਤ ' ਦੰਗਾ

                                                                   ਸਤੀਸ਼ ਦੇਸ਼ਪਾਂਡੇ

ਇਕ ਨਵੇਕਲੇ ਤੇ ਜਾਣੇ ਪਹਿਚਾਨੇ ਤਰੀਕੇ ਨਾਲ ਕੀਤੇ ਅਤਾਲੀ ,ਹਰਿਆਣੇ ਦੇ ਦੰਗੇ ਸਾਡੇ ਤੋਂ ਇਹ ਸਮਝਦਾਰੀ ਦੀ ਮੰਗ ਕਰਦੇ ਹਨ ਕਿ ਕੀ ਇਹ "ਹਿੰਦੂਤਵ " ਦੇ ਪੁਰਾਣੇ ਮਾਡਲ ਜਿਸ ਦੀ ਸ਼ੁਰੁਆਤ 2002 ਦੇ ਗੁਜਰਾਤ ਨਰ ਸੰਘਾਰ  ਵਿਚ ਹੋਈ ਸੀ ਦਾ ਨਵਾਂ ਚੁਸਤ ਕੀਤਾ ਮਾਡਲ  ਹੈ॥


             ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਮੁਤਾਬਕ  communalism ਜਿਸ  ਨੂੰ ਦੱਖਣੀ ਏਸ਼ੀਆ ਵਿਚ 'ਫ਼ਿਰਕਾਪ੍ਰਸਤੀ' ਸ਼ਬਦ ਨਾਲ ਸਮਝਿਆ ਜਾਂਦਾ ਹੈ ,  ਪਰ  ਅੰਗਰੇਜ਼ੀ ਬੋਲਦੇ ਪੱਛਮ   ਵਿਚ ਵੱਖਰਾ ਭਾਵ ਪੈਦਾ ਕਰਦਾ ਹੈ ਜਿੱਥੇ ਇਹ ਕੋਈ 'ਸਾਰੀ ਬਰਾਦਰੀ ਦੁਆਰਾ ਵਰਤੀ ਜਾਣ ਵਾਲੀ' ਜਾਂ 'ਸਭ ਦੀ ਸਾਂਝੀ' ਚੀਜ਼ ਹੋਣ ਜਿਹੇ ਅਰਥ ਪ੍ਰਗਟਾਉਂਦਾ ਹੈ।ਦੱਖਣੀ ਏਸ਼ੀਅਨ ਭਾਵ ਇਸ ਤੋਂ ਬਿਲਕੁਲ ਉਲਟ ਹਨ ਜੋ ਇਕ ਭਾਈਚਾਰੇ ਵਿਚਲੀ ਸਾਂਝ ਜਾਂ ਇੱਕਮੁਠਤਾ ਨੂੰ ਨਹੀਂ ਸਗੋਂ ਧਰਮ ਦੁਆਰਾ ਪ੍ਰੀਭਾਸ਼ਤ ਵੱਖ-੨ ਫ਼ਿਰਕਿਆਂ ਵਿਚਲੀ ਅਲਿਹਦਗੀ ਤੇ ਦੁਸ਼ਮਣੀ ਨੂੰ ਪ੍ਰਗਟਾਉਂਦਾ ਹੈ।ਮੋਦੀ ਯੁੱਗ ਵਿਚ ਰਹਿ ਰਹੇ ਭਾਰਤੀਆਂ ਲਈ ਇਹ ਸ਼ਬਦ ਇਕ ਡਾਵਾਂਡੋਲ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਜੋ ਇਕ ਚੁਣੌਤੀ ਵੀ ਹੈ।ਜਦੋਂ ਇਸ ਦੇ ਦੋਨਾਂ ਅਰਥਾਂ ਨੂੰ ਇਕੱਠੇ ਤੌਰ 'ਤੇ ਲਿਆ ਜਾਂਦਾ ਹੈ ਤਾਂ 'ਫ਼ਿਰਕਾਪ੍ਰਸਤੀ' ਇਕ ਮੁਖਾਲਫ ਭਾਵਾਂ ਨੂੰ ਜੋੜਣ ਵਾਲਾ ਸ਼ਬਦ ਬਣ ਜਾਂਦਾ ਹੈ।ਇਹ ਇਕਮੁਠਤਾ ਦਾ ਅਹਿਸਾਸ ਕਰਾਉਂਦੇ ਸ਼ਬਦ 'ਅਸੀਂ' ਅਤੇ ਦੁਸ਼ਮਣੀ ਦਾ ਬੋਧ ਕਰਾਉਂਦੇ ਸ਼ਬਦ 'ਉਹ' ਦੇ ਵਿਰੋਧੀ ਭਾਵਾਂ ਨੂੰ ਇਕੱਠੇ ਨਰੜ੍ਹਦਾ ਹੈ।ਸਾਡੇ ਸਮਿਆਂ ਵਿਚ ਅਜਿਹੀ ਨਿਕਟਤਾ ਅਸੁਖਾਵੇਂ ਸਵਾਲਾਂ ਨੂੰ ਜਨਮ ਦਿੰਦੀ ਹੈ: ਕੀ ਸਾਡੇ ਸਮਾਜ ਦੇ ਸਭ ਤੋਂ ਜ਼ਿਆਦਾ ਸਾਰਥਕ ਸੰਕਲਪ ਸਾਝੇਂ ਆਦਰਸ਼ਾਂ ਦੀ ਬਜਾਏ ਸਾਂਝੀ ਨਫ਼ਰਤ ਦੇ ਆਧਾਰ 'ਤੇ ਉਸਾਰੇ ਗਏ ਹਨ?

ਨਿਯੰਤਰਤਾਂ ਦਾ ਤਰੀਕਾਕਾਰ
            ਇਹ ਸਵਾਲ ਆਪਣੇ ਆਪ ਮੇਰੇ ਉਪਰ ਹਾਵੀ ਹੋ ਗਿਆ ਜਦ ਪਿਛਲੇ ਹਫ਼ਤੇ ਮੈਂ ਆਪਣੇ ਦੋ ਦੋਸਤਾਂ ਨਾਲ ਅਤੇਲੀ ਗਿਆ।ਦਿੱਲੀ ਤੋਂ ਤਕਰੀਬਨ ਪੰਜਾਹ ਕਿਲੋਮੀਟਰ ਦੂਰ ਅਤੇਲੀ ਹਰਿਆਣਾ ਦੇ ਫਰੀਦਾਬਾਦ ਜਿਲ੍ਹੇ ਦੀ ਬਲਭਗੜ੍ਹ ਤਹਿਸੀਲ ਦਾ ਇਕ ਪਿੰਡ ਹੈ।੨੦੧੧ ਦੀ ਮਰਦਮਸ਼ੁਮਾਰੀ ਮੁਤਾਬਕ ਇਸ ਪਿੰਡ ਦੇ ਤਕਰੀਬਨ ੧੨੦੦ ਘਰਾਂ ਵਿਚ ੭੦੦੦ ਤੋਂ ਥੋੜ੍ਹੇ ਘਟ ਲੋਕ ਰਹਿੰਦੇ ਹਨ।ਇਹ ਪਿੰਡ ਦੇਸ਼ ਵਿਚ ਫ਼ਿਰਕੂ ਦੰਗਿਆਂ ਲਈ ਨਾਜ਼ੁਕ ਥਾਵਾਂ ਦੀ ਸੂਚੀ ਵਿਚ ਉਦੋਂ ਇਕ ਤਾਜ਼ਾ ਵਾਧਾ ਹੋ ਗਿਆ ਜਦ ੨੫ ਮਈ ਦੀ ਸ਼ਾਮ ਨੂੰ ਕਈ ਸਾਲਾਂ ਤੋਂ ਝਗੜ੍ਹੇ ਦਾ ਕਾਰਨ ਬਣੀ ਇਕ ਕੰਮ-ਚਲਾਊ ਮਸਜਿਦ ਵਿਚ ਨਮਾਜ਼ ਪੜ੍ਹ ਰਹੇ ਮੁਸਲਮਾਨਾਂ ਉਪਰ ਇਕ ਹਿੰਦੂ ਭੀੜ੍ਹ ਨੇ ਹਮਲਾ ਕਰ ਦਿੱਤਾ।ਤਕਰੀਬਨ ਤਿੰਨ ਘੰਟੇ ਚੱਲੇ ਇਕ ਯੋਜਨਾਬੱਧ ਹਿੰਸਕ ਦੌਰ ਦੌਰਾਨ ਔਰਤਾਂ ਤੇ ਮਰਦਾਂ ਨੂੰ ਕੁਟਿਆ ਗਿਆ,ਬੱਚਿਆਂ ਨੂੰ ਡਰਾਇਆ ਗਿਆ,ਘਰਾਂ ਨੂੰ ਤੋੜ੍ਹਿਆ ਤੇ ਜਲਾਇਆ ਗਿਆ, ਜਾਇਦਾਦ ਤਬਾਹ ਕੀਤੀ ਗਈ ਅਤੇ ਪਸ਼ੂ ਚੋਰੀ ਕੀਤੇ ਗਏ।ਇਸ ਸਾਰੇ ਘਟਨਾਕਰਮ ਦੌਰਾਨ ਸਥਾਨਕ ਪੁਲੀਸ ਨਦਾਰਦ ਰਹੀ ਅਤੇ ਸਿਰਫ਼ ਬਾਅਦ ਵਿਚ ਪੀੜ੍ਹਿਤਾਂ ਨੂੰ ਥਾਣੇ ਲਿਜਾਣ ਤੇ ਜਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਉਂਣ ਸਮੇਂ ਹੀ ਨਜ਼ਰੀਂ ਪਈ। ਤਕਰੀਬਨ ੪੦੦ ਦੀ ਸਾਰੀ ਮੁਸਲਮਾਨ ਆਬਾਦੀ ਪਿੰਡ ਛੱਡ ਕੇ ਭੱਜ ਗਈ ਅਤੇ ਔਰਤਾਂ ਤੇ ਬੱਚਿਆਂ ਸਮੇਤ ਤਕਰੀਬਨ ੧੫੦ ਲੋਕਾਂ ਨੇ ਇਕ ਹਫ਼ਤਾ ਥਾਣੇ ਵਿਚ ਡੇਰਾ ਲਾਈ ਰੱਖਿਆ।ਭਾਵੇਂ ਕਿ ਤਿੰਨ ਵਿਅਕਤੀ ਅੱਗ ਚ ਜਲਣ, ਤਿੱਖੇ ਹਥਿਆਰਾਂ ਦੀਆਂ ਸੱਟਾਂ ਤੇ ਹੱਡੀਆਂ ਟੁਟਣ ਆਦਿ ਨਾਲ ਗੰਭੀਰ ਰੂਪ ਵਿਚ ਜਖ਼ਮੀ ਸਨ ਪਰ ਕੋਈ ਮੌਤ ਨਹੀਂ ਹੋਈ ਸੀ; ਅਤੇ ਕੁੱਟੇ ਜਾਣ ਤੇ ਧੱਕਾ-ਮੁਕੀ ਹੋਣ ਦੇ ਬਾਵਜੂਦ ਕਿਸੇ ਔਰਤ ਦਾ ਬਲਾਤਕਾਰ ਨਹੀਂ ਹੋਇਆ।
                 ਇਹ ਤੱਥ ਕਿ-ਇਸ ਤੋਂ ਵੀ ਬਹੁਤ ਬੁਰਾ ਹੋ ਸਕਦਾ ਸੀ ਪਰ ਹੋਇਆ ਨਹੀਂ- ਕਿਸੇ ਸਮੂਹ-ਗਾਣ ਦੀ ਇਕ ਸਤਰ ਵਾਂਗ ਜਾਂ ਕਿਸੇ ਧੁਨ ਲਈ ਵਰਤੇ ਦੋ ਸਾਜ਼ਾਂ ਦੀ ਆਵਾਜ਼ ਦੇ ਮੇਲ ਵਾਂਗ ਇਕ ਵਾਰ ਵਾਰ ਹੋਣ ਵਾਲੇ ਵਰਤਾਰੇ ਦੀ ਸ਼ਾਹਦੀ ਭਰਦਾ ਹੈ। ਅਤੇਲੀ ਦੇ ਜਾਟਾਂ ਨਾਲ ਹੋਈ ਸਾਡੀ ਛੋਟੀ-੨ ਗੱਲਬਾਤ ਚੋਂ ਇਸ ਦੀ ਝਲਕ ਮਿਲਦੀ ਸੀ ਅਤੇ ਮੀਡੀਏ ਵੱਲੋਂ ਦੰਗਿਆਂ ਤੇ ਬਾਅਦ ਦੇ ਘਟਨਾਕਰਮ ਦੀ ਕਵਰੇਜ਼ ਚੋਂ ਅਕਸਰ ਇਹੀ ਗੱਲ ਨਿਕਲਦੀ ਸੀ।ਹਮਲਾਵਰਾਂ ਦੁਆਰਾ ਜਾਂ ਉਨਾਂ੍ਹ ਦੀ ਤਰਫੋਂ ਹੁੰਦੀ ਗੱਲਬਾਤ ਵਿਚ, ਹੋਰ ਜ਼ਿਆਦਾ ਨੁਕਸਾਨ ਕਰਨ ਦੇ ਸਮਰੱਥ 'ਬਹੁਗਿਣਤੀ' ਵੱਲੋਂ ਸਦਾਚਾਰੀ ਨਿਯੰਤਰਤਾ  ਵਰਤੇ ਜਾਣ ਦਾ ਦਾਅਵਾ ਕੀਤਾ ਗਿਆ।ਹੈਰਾਨੀ ਦੀ ਗੱਲ ਹੈ ਕਿ ਪੀੜਿਤਾਂ ਵੱਲੋਂ ਵੀ ਇਹੀ ਕਥਾ-ਪ੍ਰਸੰਗ ਦੁਹਰਾਇਆ ਗਿਆ ਭਾਵੇਂ ਕਿ ਉਨਾਂ੍ਹ ਦਾ ਨੁਕਤਾ-ਨਜ਼ਰ ਕੁਝ ਹੋਰ ਸੀ।ਮੁਸਲਿਮ ਮੁਹੱਲੇ ਵਿਚ ਅਸੀਂ ਜਿਸ ਨਾਲ ਵੀ ਗੱਲ ਕੀਤੀ ਹਰ ਇਕ ਇਸ ਗੱਲ ਨਾਲ ਸਹਿਮਤ ਸੀ ਕਿ ਇਹ ਸਰਵ-ਸ਼ਕਤੀਮਾਨ 'ਉਪਰਵਾਲੇ'(ਪ੍ਰਮਾਤਮਾ) ਦੀ ਮਿਹਰ ਹੀ ਸੀ ਜਿਸ ਨੇ ਉਨਾਂ੍ਹ ਨੂੰ ਯਕੀਨੀ ਮੌਤ ਤੋਂ ਬਚਾਇਆ।

  ਗੁੱਸੇ ਦਾ ਨਿਸ਼ਾਨਾ
             '   ਸੁਰੱਖਿਅਤ ਬਾਹਰਲੇ ਬੰਦੇ ਜੋ ਜਾਣ ਕਾਰੀ ਪਰਾਪਤ ਕਰਨ ਆਏ ਹਾਂ' ਇਸ  ਅਪਰਾਧੀ ਅਹਿਸਾਸ ਚ ਗ੍ਰਸੇ ਹੋਏ ਅਸੀਂ ਤਬਾਹ ਹੋ ਚੁਕੀ ਘਰੇਲੂ ਆਰਥਿਕਤਾ ਦੇ ਦਿਲ-ਕੰਬਾਊ ਮਲਬੇ ਨਾਲ ਲੱਥ-ਪੱਥ ਧੁਆਂਖੇ ਘਰਾਂ ਵਿਚ ਤੁਰ ਫਿਰ ਰਹੇ ਸਾਂ।ਪ੍ਰਤੱਖ ਸਬੂਤ ਹਮਲਾਵਰਾਂ ਦੇ ਨਿਯੰਤਰਤਾ ਵਰਤੇ ਜਾਣ ਦੇ ਦਾਅਵਿਆਂ ਦੀ ਪ੍ਰੋੜ੍ਹਤਾ ਕਰਦੇ ਸਨ ਪਰ ਸਿਰਫ਼ ਇਸ ਪੱਖ ਤੋਂ ਕਿ ਮਨੁੱਖੀ ਜਾਨਾਂ ਤੇ ਸਰੀਰਕ ਅੰਗਾਂ ਦੀ ਥਾਂ ਤਰੱਕੀ-ਯਾਫਤਾ ਆਰਥਿਕ ਖੁਸ਼ਹਾਲੀ ਦੇ ਚਿੰਨ ਉਨਾਂ੍ਹ ਦਾ ਮੁਖ ਨਿਸ਼ਾਨਾ ਬਣੇ  ਸਨ।ਦੋ ਸਭ ਤੋਂ ਜ਼ਿਆਦਾ ਸਾਧਨ-ਸੰਪੰਨ ਮੁਸਲਿਮ ਪ੍ਰਵਾਰਾਂ ਦੀ ਜਾਇਦਾਦ ਤੇ ਘਰਾਂ ਨੇ ਹਮਲਾਵਰਾਂ ਦਾ ਸਭ ਤੋਂ ਜ਼ਿਆਦਾ ਧਿਆਨ ਖਿਚਿਆ। ਕਾਰਾਂ, ਮੋਟਰਸਾਈਕਲਾਂ, ਸਕੂਟਰਾਂ ਅਤੇ ਇਕ ਟਰੈਕਟਰ ਤੇ ਟੈਂਪੂ ਸਮੇਤ ਤਕਰੀਬਨ ਇਕ ਦਰਜਨ ਖੜ੍ਹੇ ਵਾਹਨਾਂ ਨੂੰ ਪੂਰੀ ਤਰਾਂ ਤਬਾਹ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਘੜੀਸ ਕੇ ਉਥੋਂ ਹਟਾ ਦਿੱਤਾ ਗਿਆ ਸੀ।ਕੀਮਤੀ ਮੱਝਾਂ ਤੇ ਬਕਰੀਆਂ ਚੋਰੀ ਹੋ ਗਈਆਂ ਸਨ।ਏ.ਸੀ, ਫਰਿਜ਼, ਕੂਲਰ, ਵਾਸ਼ਿੰਗ ਮਸ਼ੀਨਾਂ ਤੇ ਗੈਸ ਸਟੋਵ ਭੰਨ ਦਿੱਤੇ ਗਏ ਸਨ।ਸਜਾਵਟੀ ਫਰਨੀਚਰ ਤੇ ਸੋਅ-ਕੇਸ਼ਾਂ ਨੂੰ ਸਾੜ੍ਹ ਜਾਂ ਭੰਨ ਦਿੱਤਾ ਗਿਆ ਸੀ।ਦੀਵਾਰਾਂ ਤੇ ਫ਼ਰਸ਼ਾਂ ਦੀਆਂ ਟਾਇਲਾਂ ਲਾਹ ਕੇ ਚਕਨਾਚੂਰ ਕਰ ਦਿੱਤੀਆਂ ਸਨ ਅਤੇ  ਕਿਸੇ ਗਰੀਬ ਆਦਮੀ ਦੇ ਘਰ ਵਰਗੀਆਂ ਦਿਸਣ ਲਈ ਕੰਧਾਂ ਨੂੰ ਬਦਸੂਰਤ ਬਣਾ ਦਿੱਤਾ ਗਿਆ ਸੀ।ਇੰਨਾਂ ਮੁੱਖ ਨਿਸ਼ਾਨਿਆਂ ਦੇ ਮੁਕਾਬਲੇ ਬਾਕੀ ਦਾ ਮਲਬਾ ਸਿਰਫ਼ ਇੰਨਾਂ ਨਾਲ ਜੁੜਵੇਂ ਨੁਕਸਾਨ ਦਾ ਸੀ: ਨੀਵੇਂ ਝੂਲਦੇ ਜਲ੍ਹੇ ਹੋਏ ਪੱਖੇ; ਧੁਆਂਖੀਆਂ ਛੱਤਾਂ ਤੋਂ ਲਟਕਦੇ ਡਰਾਵਣੇ ਤਿੰਨ ਪੱਤੀ ਫੁਲਾਂ ਵਰਗੇ ਅੱਗ ਚ ਪਿਘਲੇ  ਹੋਏ ਪੱਖਾ-ਬਲੇਡ; ਖੁਲ੍ਹੇ ਮੂੰਹ ਵਾਲਾ ਅੱਧ-ਜਲੀਆਂ ਕਿਤਾਬਾਂ ਤੇ ਕਾਪੀਆਂ ਨਾਲ ਭਰਿਆ ਇਕ ਖੂੰਜੇ ਚ ਪਿਆ ਬੱਚੇ ਦਾ ਇਕ ਸਕੂਲੀ ਬੈਗ ਜਾਂ ਫਿਰ ਰਸੋਈ ਦੇ ਫ਼ਰਸ਼ ਉਪਰ ਵਿਖਰੇ ਪਏ ਖਾਣੇ ਦੇ  ਟੁੱਟੇ-ਭੱਜੇ ਬਰਤਨ…
           ਬੇਰਹਿਮੀ ਦੀ ਗਿਣਤੀ-ਮਿਣਤੀ ਅਤੇਲੀ ਦੀ ਘਟਨਾ ਨੂੰ ਇਕ ਵੱਖਰੇ ਪੱਧਰ ਉਪਰ ਲਿਆ ਖੜਾ੍ਹ ਕਰਦੀ ਹੈ।ਜੇਕਰ ਅਸੀਂ ਇਸਦੇ ਜਾਟ ਬਜ਼ੁਰਗਾਂ ਵੱਲੋਂ ਆਪਣੇ ਮੁਸਲਿਮ ਗਵਾਂਢੀਆਂ ਨੂੰ ਪਿੰਡ ਵਾਪਸ ਪਰਤਣ ਲਈ ਮਨਾਉਂਣ ਵਾਸਤੇ ਕੀਤੀਆਂ ਸਰਗਰਮ ਕੋਸ਼ਿਸਾਂ ਦਾ ਧਿਆਨ ਕਰੀਏ ਤਾਂ ਇਹ ਘਟਨਾ ਫ਼ਿਰਕੂ ਹਿੰਸਾ ਦੇ ਤਾਜ਼ਾ ਇਤਿਹਾਸ ਦੀ ਲੱਗਭਗ ਇਕ ਵਿਲੱਖਣ ਘਟਨਾ ਬਣ ਜਾਂਦੀ ਹੈ।ਪਰ ਫਿਰ ਵੀ ਅਜਿਹਾ ਹੋਰ ਬਹੁਤ ਕੁਝ ਹੈ ਜੋ ਵਾਰ-੨ ਦੁਹਰਾਈ ਜਾਂਦੀ ਪਟ-ਕਥਾ ਅਨੁਸਾਰ ਵਾਪਰਿਆ ਹੈ।ਮਸਜਿਦ ਦੀ ਉਸਾਰੀ ਉਪਰ ਲੱਗੀ ਰੋਕ ਦੇ ਆਦੇਸ਼ ਨੂੰ ਥੋੜ੍ਹੇ ਦਿਨ ਪਹਿਲਾਂ ਇਕ ਅਦਾਲਤ ਵੱਲੋਂ ਖਾਰਜ਼ ਕੀਤੇ ਜਾਣ ਤੋਂ ਬਾਅਦ ਦੰਗਿਆਂ ਦੀ ਪੂਰਵ ਘੋਸ਼ਨਾ ਕਰ ਦਿੱਤੀ ਗਈ ਸੀ।ਲੋੜੀਂਦੀ ਭੀੜ ਨੂੰ ਜੁਟਾਉਂਣ ਲਈ ਆਸ-ਪਾਸ ਦੇ ਦਰਜਨ ਪਿੰਡਾਂ ਵਿਚ ਜਨਤਕ ਮੁਹਿੰਮ ਚਲਾਈ ਗਈ।ਇਕ ਸਥਾਨਕ ਔਰਤ ਨੇ ਮਰਦਾਂ ਨੂੰ ਹੱਲਾਸ਼ੇਰੀ ਦੇਣ ਲਈ ਪ੍ਰਮੁਖ ਰੋਲ ਅਦਾ ਕੀਤਾ ਅਤੇ ਇਕ ਟਰਾਲੀ ਭਰ ਔਰਤ ਦੰਗਾਈਆਂ ਨੂੰ ਇਕੱਠਾ ਕੀਤਾ।ਅਸਲੀ ਹਮਲਾ ਕਰਨ ਦੇ ਬਹਾਨੇ ਵੀ ਜਾਣੇ-ਪਹਿਚਾਣੇ ਸਨ-ਔਰਤਾਂ ਦੀ ਕਥਿਤ ਪ੍ਰੇਸ਼ਾਨੀ ਅਤੇ ਮਸਜਿਦ ਦੀ ਜਗਾਹ ਨੂੰ ਲੈਕੇ ਝਗੜਾ।ਇਹ ਇਕ ਪੂਰੀ ਤਰਾਂ ਸਬੂਤਿਆ ਤੱਥ ਹੈ ਕਿ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਕਈ ਦਹਾਕਿਆਂ ਤੋਂ ਇਹ ਜਗਾਹ ਮੁਸਲਮਾਨਾਂ ਵੱਲੋਂ ਨਮਾਜ਼ ਅਦਾ ਕਰਨ ਲਈ ਵਰਤੀ ਜਾ ਰਹੀ ਸੀ ਅਤੇ ਮਸਜਿਦ ਵਾਲੀ ਜ਼ਮੀਨ ਸਰਕਾਰੀ ਮਾਲ ਰਿਕਾਰਡ ਵਿਚ ਵਕਫ਼-ਜ਼ਮੀਨ ਵੱਜੋਂ ਤਸਲੀਮ ਕੀਤੀ ਜਾ ਚੁਕੀ ਹੈ।ਮਸਜਿਦ ਦੀ ਉਸਾਰੀ ਨੂੰ ਰੋਕਣ ਲਈ ਦਾਇਰ ਕੀਤੇ ਗਏ ਕਈ ਕੋਰਟ ਕੇਸ ਖ਼ਾਰਜ਼ ਹੋ ਚੁਕੇ ਹਨ ਅਤੇ ਤਾਜ਼ਾ ਅਦਾਲਤੀ ਫ਼ੈਸਲਾ ਬਦਨੀਅਤੀ ਨਾਲ ਦਾਇਰ ਕੀਤੇ ਗਏ ਕੋਰਟ-ਕੇਸਾਂ ਲਈ ਸਖ਼ਤ ਝਾੜ ਪਾਉਂਦਾ ਹੈ।ਪਰ ਵਿਰੋਧੀ ਧਿਰ ਨੇ ਜਿਦ ਫੜੀ੍ਹ ਹੋਈ ਹੈ ਅਤੇ ਇਹ ਧਿਰ ਹੋਰ ਮਜ਼ਬੂਤ ਹੋਈ ਹੈ।ਜਿਵੇਂ ਕਿ ਇਕ ਜਾਟ ਲੀਡਰ ਨੇ ਮੀਡੀਆ ਨੂੰ ਕਿਹਾ ਕਿ ਅਦਾਲਤੀ ਫ਼ੈਸਲੇ ਉਨਾਂ੍ਹ ਲਈ ਕੋਈ ਅਹਿਮੀਅਤ ਨਹੀਂ ਰੱਖਦੇ- ਉਹ ਕਦੇ ਵੀ ਆਪਣੇ ਪਿੰਡ ਵਿਚ ਮਸਜਿਦ ਬਣਾਉਂਣ ਦੀ ਆਗਿਆ ਨਹੀਂ ਦੇਣਗੇ।
  ਪੱਖਪਾਤ ਨੂੰ ਆਮ ਦਰਸਾਉਣਾ
                ਅਤੇਲੀ ਵਿਚ ਅਪਣਾਏ ਗਏ ਇੰਨਾਂ ਨਵੀਨ ਤੇ ਜਾਣੇ-ਪਹਿਚਾਣੇ ਢੰਗਾਂ ਦਾ ਸੁਮੇਲ ਸਾਡੇ ਲਈ ਸਵਾਲ ਖੜ੍ਹੇ ਕਰਦਾ ਹੈ ਕਿ ਕੀ ਇਹ ਸੰਨ ੨੦੦੨ ਵਿਚ ਗੁਜ਼ਰਾਤ ਵਿਚ ਸ਼ੁਰੂ ਕੀਤੇ ਹਿੰਦੁਤਵ ਮਾਡਲ ਦੀ ਨਵੀਂ ਸੁਧਾਰੀ ਗਈ ਵੰਨਗੀ ਦੀ ਤਰਜ਼ਮਾਨੀ ਤਾਂ ਨਹੀਂ।ਸੰਨ ੨੦੦੨ ਦੇ ਬਦਨਾਮ 'ਕਰਮ-ਪ੍ਰਤੀਕਰਮ' ਦੇ ਸਿਲਸਿਲੇ ਨੇ ਸਾਧਾਰਨ ਮੁਸਲਿਮ ਵਿਰੋਧੀ ਪੱਖਪਾਤ ਨੂੰ ਸਮਕਾਲੀ ਹਿੰਦੁਤਵ ਮਾਡਲ ਦਾ ਕੇਂਦਰੀ ਧੁਰਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ।ਭਾਵੇਂ ਕਿ ਮੁਸਲਿਮ ਵਿਰੋਧੀ ਭੰਡੀ-ਪ੍ਰਚਾਰ ਤਾਂ ਖੁਦ ਹਿੰਦੁਤਵ ਜਿੰਨਾਂ ਹੀ ਪੁਰਾਣਾ ਹੈ ਪਰ ਅਸਲ ਚੁਣੌਤੀ ਇਸ ਨੂੰ ਆਮ ਦਰਸਾਉਣਾ  ਦੀ ਸੀ, ਆਮ ਲੋਕਾਂ ਦੀਆਂ ਨਜ਼ਰਾਂ ਵਿਚ ਇਸ ਦੀ ਵਾਜਬੀਅਤ ਇਸ ਹੱਦ ਤੱਕ ਸਥਾਪਤ ਕਰਨ ਦੀ ਸੀ ਕਿ ਇਹ ਇਕ ਸਵੈ-ਪ੍ਰਤੱਖ ਸਚਾਈ ਜਾਪਣ ਲੱਗ ਜਾਵੇ।ਗੁਜ਼ਰਾਤ ਮਾਡਲ ਦੀ ਪ੍ਰਾਪਤੀ ਇਹ ਸੀ ਕਿ ਇਸ ਨੇ ਆਜ਼ਾਦ ਭਾਰਤ ਵਿਚ ਇਕ ਨਵੇਕਲਾ ਵਰਤਾਰਾ ਅੱਗੇ ਲਿਆਂਦਾ-ਬਿਨਾਂ ਕਿਸੇ ਪਛਤਾਵੇ ਦੇ ਦੰਗਿਆਂ ਵਿਚ ਇਕ ਵੱਡੇ ਸਮੂਹ ਵੱਲੋਂ ਇਕ ਦੂਸਰੇ ਵੱਡੇ ਸਮੂਹ ਦਾ ਕਤਲੇ-ਆਮ।ਪਹਿਲੀ ਵਾਰ ਹੋਣ ਵਾਲੇ ਅਮਲਾਂ ਵਿਚ:ਇਸ ਇਤਿਹਾਸਕ ਕਤਲੇ-ਆਮ ਵਿਚ ਔਰਤਾਂ ਤੇ ਖੁਸ਼ਹਾਲ ਮੱਧ-ਵਰਗ ਨੇ ਸਰਗਰਮ ਹਿੱਸਾ ਲਿਆ; ਸ਼ਹਿਰੀ-ਪੇਂਡੂ ਇਲਾਕੇ ਹੋਣ ਦਾ ਵਖਰੇਂਵਾ ਖਤਮ ਹੋਇਆ ਅਤੇ ਵੱਡੀ ਗਿਣਤੀ ਵਿਚ ਦਲਿਤਾਂ ਤੇ ਆਦਿਵਾਸੀਆਂ ਨੇ ਇਸ ਲੁਟਮਾਰ ਵਿਚ ਸ਼ਿਰਕਤ ਕੀਤੀ।ਸਭ ਤੋਂ ਮਹੱਤਵਪੂਰਨ, ਇਹ ਪਹਿਲਾ ਦੰਗਾ ਸੀ ਜਿਸ ਵਿਚ ਸ਼ਾਮਲ ਮੁਖ ਧਿਰਾਂ ਚੋਂ ਕਿਸੇ ਨੇ ਕਦੇ ਵੀ ਮਾਫ਼ੀ ਨਹੀਂ ਮੰਗੀ।ਇਸ ਤੋਂ ਪਹਿਲਾਂ ਕਿਸੇ ਵੀ ਦਲ ਦੀ ਸਰਕਾਰ ਸਮੇਂ, ਫ਼ਿਰਕੂ ਦੰਗਿਆਂ ਨੂੰ 'ਕੁਝ ਸਮਾਜ-ਵਿਰੋਧੀ ਅਨਸਰਾਂ' ਦੀ ਤੇਜ਼ ਉਕਸਾਹਟ ਤੇ ਭੜਕਾਹਟ ਕਾਰਨ ਪਾਗਲਪਣ ਦੇ ਅਪਵਾਦੀ ਪਲਾਂ ਚ ਕੀਤੇ ਬੁਰੇ ਕੰਮਾਂ ਵਜੋਂ ਬਿਆਨ ਕੀਤਾ ਜਾਂਦਾ ਸੀ।
ਇਸ ਦੀਆਂ ਮਹੱਤਵਪੂਰਨ ਵਿਚਾਰਧਾਰਕ ਕਾਢਾਂ ਦੇ ਬਾਵਜੂਦ,ਗੁਜ਼ਰਾਤ ਮਾਡਲ ਨੂੰ ਸੀਮਿਤ ਸਫ਼ਲਤਾ ਹੀ ਮਿਲੀ।ਇਸ ਦੀ ਮੁਖ ਸਫ਼ਲਤਾ ਮੁਸਲਿਮ-ਵਿਰੋਧੀ ਕਤਲੇ-ਆਮ ਨੂੰ ਵਾਜਬ ਠਹਿਰਾਉਂਣਾ ਅਤੇ ਇੱਥੋਂ ਤੱਕ ਕਿ ਇਸ ਕੰਮ ਲਈ ਸ਼ਾਬਾਸ ਲੈਣਾ ਸੀ। ਇਸ ਪਰਕਾਰ ਇਹ ਉਸ ਵਕਤ ਤੱਕ ਸਾਰੀਆਂ ਰਾਜਸੀ ਪਾਰਟੀਆਂ ਦੁਆਰਾ 'ਛੁਪਾਉਂਣ' ਦੀ ਚਲੀ ਆ ਰਹੀ ਸਥਾਪਤ ਰਵਾਇਤ ਤੋਂ ਬਿਲਕੁਲ ਉਲਟ ਗੱਲ ਸੀ।ਭਾਵੇਂ ਇਹ ਦੰਗੇ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਬਨਣ ਦੀ ਕੋਸ਼ਿਸ਼ ਵਿਚ ਰੋੜ੍ਹਾ ਨਹੀਂ ਬਣੇ ਪਰ ਇਹ ਅਟਲ ਬਿਹਾਰੀ ਵਾਜਪਾਈ ਤੇ ਐਲ.ਕੇ.ਅਡਵਾਨੀ ਨੂੰ ਕੁਰਸੀ ਤੱਕ ਪਹੁਚਾਉਂਣ ਵਾਲੀ ਰਾਮ ਜਨਮ-ਭੂਮੀ ਲਹਿਰ ਵਾਂਗ ਸਾਫ਼ ਤੌਰ 'ਤੇ ਲਾਹੇਬੰਦ ਵੀ ਸਿੱਧ ਨਹੀਂ ਹੋਏ।ਸੰਨ ੨੦੦੨ ਦੇ ਦੰਗੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਹੋਏ ਨੁਕਸਾਨ ਦੀ ਪੂਰਤੀ ਲਈ ਕੀਤੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਕਾਫ਼ੀ ਮਹਿੰਗੇ ਸਾਬਤ ਹੋਏ।ਸੰਖੇਪ ਵਿਚ ਗੁਜ਼ਰਾਤ ਮਾਡਲ ਕਾਮਯਾਬ ਤਾਂ ਸੀ ਪਰ ਹੰਢਣਸਾਰ ਨਹੀਂ।
  ਹੰਢਣਸਾਰ ਹਿੰਦੁਤਵਾ
ਭਾਵੇਂ ਕਿ ਇਸ ਘਟਨਾਕ੍ਰਮ ਚੋਂ ਇਤਨੀ ਜਲਦੀ ਕੋਈ ਵੀ ਸਿੱਟੇ ਨਾਂ ਕਢਣਾ ਮਹੱਤਵਪੂਰਨ ਹੈ ਪਰ ਫਿਰ ਵੀ ਸਾਨੂੰ ਹੰਢਣਸਾਰ ਹਿੰਦੁਤਵ ਲਈ 'ਅਤੇਲੀ ਮਾਡਲ' ਦੇ ਸੰਭਾਵਿਤ ਸੰਕੇਤਾਂ ਦਾ ਅਧਿਐਨ ਕਰਨ ਦੀ ਜ਼ਰੂਰਤ ਹੈ।ਇਸ ਤਰਾਂ ਦਾ ਮਾਡਲ ਅਪਣਾਉਂਣ ਨਾਲ ਕਤਲ, ਬਲਾਤਕਾਰ ਤੇ ਮੁਸਲਮਾਨਾਂ ਦੇ ਜ਼ਬਰੀ ਉਜਾੜ੍ਹੇ ਜਿਹੇ ਰਾਜਸੀ ਤੌਰ 'ਤੇ ਮਹਿੰਗਾ ਪੈਂਦੇ ਅਮਲਾਂ ਤੋਂ ਛੁਟਕਾਰਾ ਮਿਲ ਜਾਵੇਗਾ।ਸਗੋਂ ਇਸ ਨਾਲ ਸਾਧਾਰਨ ਜ਼ਬਰ ਦਾ ਇਕ ਜ਼ਿਆਦਾ ਹੰਢਣਸਾਰ ਸਿਸਟਮ ਉਤਪੰਨ ਹੋ ਜਾਵੇਗਾ ਜਿਸ ਵਿਚ ਮੁਸਲਮਾਨ ਆਪਣੀ ਖੁਦ ਦੀ ਅਧੀਨਗੀ ਵਿਚ ਪੱਕੇ ਤੌਰ 'ਤੇ ਭਾਗੀਦਾਰ ਬਨਣ ਲਈ ਮਜ਼ਬੂਰ ਹੋ ਜਾਣਗੇ।ਇਸ ਮਾਡਲ ਦਾ ਮੁਖ ਤੱਤ ਉਨਾਂ੍ਹ ਦੀ ਨਾਗਰਿਕਤਾ ਦੀ ਗੁਣਵੱਤਾ ਤੇ ਮਿਕਦਾਰ ਨੂੰ ਸੀਮਿਤ ਕਰਦੀਆਂ ਸ਼ਰਤਾਂ ਲਾਗੂ ਕਰਨਾ ਹੈ।ਇਕ ਵਾਰ ਜਦ ਅਧੀਨ-ਨਾਗਰਿਕਤਾ ਦੇ ਮੂਲ ਸਿਧਾਂਤ ਨੂੰ ਵਾਜਬੀਅਤ ਮਿਲ ਜਾਂਦੀ ਹੈ ਤਾਂ ਖੁਸ਼ਗਵਾਰ-ਸਹਿਹੋਂਦ, ਘੁਲਿਆ-ਮਿਲਿਆ ਸਭਿਆਚਾਰ, ਹਿੰਦੂ ਧਰਮ ਦੀ ਅੰਤਰੀਵੀ ਸ਼ਹਿਨਸ਼ੀਲਤਾ ਆਦਿ ਦੀ ਉਸਤੱਤ ਚ ਕਹੇ ਜਾਂਦੇ ਘਸੇ-ਪਿਟੇ ਸ਼ਬਦਾਂ ਨੂੰ ਬੜੀ ਢੀਠਤਾ ਨਾਲ ਖਤਮ ਕੀਤਾ ਜਾ ਸਕਦਾ ਹੈ-ਗਰਵ ਸੇ।
         ਇੰਨਾਂ ਗੱਲਾਂ ਚੋਂ ਬਹੁਤ ਕੁਝ ਤਾਂ ਪਹਿਲਾਂ ਹੀ ਵਾਪਰ ਰਿਹਾ ਹੈ।ਅਤੇਲੀ ਵਿਚ ਜਾਟ ਅਤੀਤ ਦੇ ਉਸ ਪੇਂਡੂ ਜੀਵਨ ਨੂਂੰ ਯਾਦ ਕਰਦੇ ਹਨ ਜਦੋਂ ਨਿਮਾਣੇ ਮੁਸਲਮਾਨ ਆਪਣੇ ਹਿੰਦੂ ਦਾਤਿਆਂ ਨਾਲ ਮਿਲਜੁਲ ਰਹਿੰਦੇ ਅਤੇ ਇੱਥੋਂ ਤੱਕ ਕੇ ਉਸੇ ਬਰਤਨ ਵਿਚ ਖਾਣਾ ਖਾਂਦੇ ਸਨ।ਉਹ ਦੋ ਮੁਸਲਮਾਨ ਪ੍ਰਵਾਰਾਂ ਨੂੰ ਜੋ 'ਜ਼ਿਆਦਾ ਹੀ ਅਮੀਰ' ਹੋ ਗਏ ਹਨ, ਮੌਜੂਦਾ ਖਹਿਬਾਜ਼ੀ ਦਾ ਕਾਰਨ ਸਮਝਦੇ ਹਨ।ਉਹ ਜ਼ੋਰ ਨਾਲ ਕਹਿੰਦੇ ਹਨ ਕਿ ਜੇਕਰ ਮੁਸਲਮਾਨ ਸਹਿਯੋਗ ਕਰਦੇ ਹਨ, ਪਿੰਡ ਦੀਆਂ ਇਛਾਵਾਂ ਦਾ ਸਨਮਾਨ ਕਰਦੇ ਹਨ ਤੇ ਆਪਣੀ ਮਸਜਿਦ ਦੀ ਉਸਾਰੀ ਨਹੀਂ ਕਰਦੇ ਤਾਂ "ਹੁਣ ਵੀ" ਉਹ ਪਿੰਡ ਵਿਚ ਰਹਿ ਸਕਦੇ ਹਨ।ਭਾਵੇਂ ਕਿ ਹਿੰਸਾ ਵਾਰੇ ਪ੍ਰਤੱਖ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂਦਾ  ਸਗੋਂ ਉਲਟ ਸਵਾਲ ਕੀਤਾ ਜਾਂਦਾ ਹੈ: ਕੀ ਇਹ ਸੱਚ ਨਹੀਂ ਕਿ ਕੋਈ ਮੌਤ ਜਾਂ ਬਲਾਤਕਾਰ ਨਹੀਂ ਹੋਇਆ? ਕੀ ਸਾਡੇ ਬਜ਼ੁਰਗਾਂ ਨੇ ਉਨਾਂ੍ਹ ਨੂੰ ਵਾਪਸ ਆਉਂਣ ਲਈ ਨਹੀਂ ਕਿਹਾ? ਇਹ ਸਵਾਲ ਤੇ ' ਨਿਅੰਤਰਤ ਦੰਗਾ' ਜਿਸ ਕਾਰਨ ਇਹ ਸਵਾਲ ਉਠਾਏ ਜਾ ਸਕੇ-ਦੰਗਿਆਂ ਦੀ ਹੰਢਣਸਾਰਤਾ ਦੀ ਕੁੰਜੀ ਹਨ ਕਿਉਂਕਿ ਇਸ ਨਾਲ ਨਫ਼ੇ-ਨੁਕਸਾਨ ਦੇ ਅਨੁਪਾਤ ਦਾ ਸਵਾਲ ਜੁੜ੍ਹਿਆ ਹੋਇਆ ਹੈ।ਕੋਈ 'ਮੌਤ ਨਾ ਹੋਣ' ਵਾਲੀ ਘਟਨਾ ਪ੍ਰਤੀ ਮੀਡੀਆ ਦਾ ਢਿਲਾ-ਮੱਠਾ ਪ੍ਰਤੀਕਰਮ 'ਥਾਨੇ ਵਿਚ ਬੈਠੇ ਮੁਸਲਮਾਨਾਂ, ਦੇ ਸੁਖਾਲੇ ਦ੍ਰਿਸ਼ਾਂ ਤੋਂ ਅਗਾਂਹ ਨਹੀਂ ਵਧਿਆ।ਪੁਲੀਸ ਨੂੰ ਨਾਮਜ਼ਦ ਕੀਤੇ ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕ ਦਿੱਤਾ ਗਿਆ।ਰਾਜ ਨੂੰ ਮੁਆਵਜ਼ਾ ਦੇਣ ਲਈੌ ਮਜ਼ਬੂਰ ਕਰ ਦਿੱਤਾ ਜਾਵੇਗਾ ਤਾਂ ਜੋ ਇਸ ਨੂੰ ਮਸਲੇ ਨੂੰ ਖਤਮ ਕਰਨ ਲਈ ਇਕ ਹਥਿਆਰ ਵਜੋਂ ਵਰਤਿਆ ਜਾ ਸਕੇ।ਸਮਾਂ ਪੀੜ੍ਹਿਤਾਂ ਦੇ ਵਿਰੁਧ ਭੁਗਤੇਗਾ ਜਿਨ੍ਹਾਂ ਨੂੰ ਹੋਰ ਕੁਝ ਵੀ ਕਰਨ ਤੋਂ ਪਹਿਲਾਂ ਆਪਣੀਆਂ ਜਿੰਦਗੀਆਂ ਤੇ ਰੋਜ਼ੀ-ਰੋਟੀ ਨੂੰ ਸੰਭਾਲਣਾ ਪੈਣਾ ਹੈ।ਇਸ ਦੌਰਾਨ ਉਨਾਂ੍ਹ ਦੇ ਹਮਲਾਵਰਾਂ ਨੇ "ਜ਼ਿਆਦਾ ਹੀ ਅਮੀਰ"ਮੁਸਲਮਾਨਾਂ ਨੂੰ ਸਬਕ ਸਿੱਖਾ ਦਿੱਤਾ ਹੈ, ਦੂਜਿਆਂ ਨੂੰ ਡਰਾ ਦਿੱਤਾ ਹੈ, ਆਪਣਿਆਂ ਨੂੰ ਹੋਰ ਲਾਮਬੰਦ ਕਰ ਲਿਆ ਹੈ ਅਤੇ ਆਪਣੀ ਮਰਜ਼ੀ ਮੁਤਾਬਕ ਫਿਰ ਤੋਂ ਉਸੇ ਤਰਾਂ ਦੀ ਕਾਰਵਾਈ ਲਈ ਤਿਆਰ-ਬਰ-ਤਿਆਰ ਹਨ।
        ਭਾਵੇਂ ਕਿ 'ਅਤੇਲੀ ਮਾਡਲ' ਕਾਮਯਾਬ ਤੇ ਹੰਢਣਸਾਰ ਲਗਦਾ ਹੈ ਪਰ ਇਸ ਅੱਗੇ ਅਜੇ ਦੋ ਮੁੱਖ ਚੁਣੌਤੀਆਂ ਹਨ-ਜਾਤੀ ਸਮੀਕਰਨ ਤੇ ਚੁਣਾਵੀ ਰਾਜਨੀਤੀ।ਅਤੇਲੀ ਦੇ ਮੁਸਲਮਾਨ ਨੀਵੀਂ ਜਾਤੀ ਨਾਲ ਸਬੰਧਿਤ ਫਕੀਰ ਤੇ ਤੇਲੀ ਹਨ; ਪਿੰਡ ਵਿਚ ਦਲਿਤ-ਹਿੰਦੂ ਵੀ ਵੱਡੀ ਗਿਣਤੀ ਵਿਚ ਹਨ; ਅਤੇ ਚੋਣਾਂ ਵੀ ਨਜ਼ਦੀਕ ਹਨ।ਇਹ ਪੱਖ ਦੇਖਣਯੋਗ ਹੋਵੇਗਾ।

                           (ਸਤੀਸ਼ ਪਾਂਡੇ ਦਿੱਲੀ ਯੂਨੀਵਰਸਿਟੀ ਵਿਚ ਸਮਾਜ ਵਿਗਿਆਨ(ਸੋਸ਼ਿਆਲੋਜ਼ੀ)  ਪੜਾਉਂਦੇ ਹਨ) 
ਪੇਸ਼ਕਸ਼ ਹਰਚਰਨ ਚਹਿਲ
                

No comments:

Post a Comment