Tuesday, April 16, 2013

ਦਲਿਤ ਲੜਕੀ ਹਰਬਰਿੰਦਰ ਕੌਰ ਦੀ ਤਰਨ ਤਾਰਨ ਪੁਲੀਸ ਵਲੋਂ ਕੁੱਟਮਾਰ ਅਤੇ ਬੇਇਜ਼ਤ ਕਰਨ ਬਾਰੇ ਜ਼ਮਹੂਰੀ ਅਧਿਕਾਰ ਸਭਾ ਦੀ ਰਿਪੋਰਟ

ਦਲਿਤ ਲੜਕੀ ਹਰਬਰਿੰਦਰ ਕੌਰ ਉਮਰ 20 ਸਾਲ ਪਿਤਾ ਸ. ਕਸ਼ਮੀਰ ਸਿੰਘ ਪਿੰਡ ਉਸਮਾਂ ਦੀ ਪੁਲੀਸ ਸਿਟੀ ਥਾਣਾ ਤਰਨ ਤਾਰਨ ਵਲੋਂ ਕੁੱਟਮਾਰ ਅਤੇ ਬੇਇਜ਼ਤ ਕਰਨ ਬਾਰੇ ਜ਼ਮਹੂਰੀ ਅਧਿਕਾਰ ਸਭਾ ਦੀ ਰਿਪੋਰਟ।

3 ਮਾਰਚ 2013 ਨੂੰ ਕੁਆਰੀ ਦਲਿਤ ਲੜਕੀ ਹਰਬਰਿੰਦਰ ਕੌਰ ਪੁਤਰੀ ਸ. ਕਸ਼ਮੀਰ ਸਿੰਘ ਵਾਸੀ ਪਿੰਡ ਉਸਮਾਂ ਤਹਿਸੀਲ ਤੇ ਜ਼ਿਲਾ ਤਰਨ ਤਾਰਨ ਅਤੇ ਉਸਦੇ ਪਰਿਵਾਰ ਨੂੰ ਪੰਜਾਬ ਇੰਟਰਨੈਸ਼ਨਲ ਪੈਲਸ, ਗੋਇੰਦਵਾਲ ਰੋਡ, ਤਰਨ ਤਾਰਨ ਵਿਖੇ ਉਸਦੇ ਮਾਸੀ ਦੇ ਲੜਕੇ ਦੇ ਵਿਆਹ ਸਮਾਗਮ ਵਿਚ ਪੁਲੀਸ ਪਾਰਟੀ ਸਿਟੀ ਥਾਣਾ, ਤਰਨ-ਤਾਰਨ ਵਲੋਂ ਸ਼ਰੇਆਮ ਕੁੱਟਮਾਰ, ਬਦਤਮੀਜ਼ੀ ਤੇ ਬੇਇਜ਼ਤ ਕਰਨ, ਭੱਦੀ ਤੇ ਅਸੱਭਿਆ ਭਾਸ਼ਾ ਅਤੇ ਗਾਲੀ ਗਲੋਚ ਕੀਤੀ। ਇਸ ਮੰਦਭਾਗੀ ਘਟਨਾ ਦੀ ਪੜਤਾਲ ਕਰਨ ਲਈ ਜਮਹੂਰੀ ਅਧਿਕਾਰ ਸਭਾ, ਜਿਲ੍ਹਾ ਇਕਾਈ ਅੰਮ੍ਰਿਤਸਰ-ਤਰਨ ਤਾਰਨ ਵਲੋਂ ਹੇਠ ਲਿਖੇ ਅੱਠ ਮੈਂਬਰਾਂ ਦੀ ਤਥ ਖੋਜ ਕਮੇਟੀ ਬਣਾਈ।
1. ਪ੍ਰੋ. ਪਰਮਿੰਦਰ ਸਿੰਘ, ਸਟੇਟ ਕਮੇਟੀ ਮੈਂਬਰ, 2. ਐਡਵੋਕੇਟ, ਅਮਰਜੀਤ ਸਿੰਘ ਬਾਈ, ਪ੍ਰਧਾਨ, ਜਿਲ੍ਹਾ ਇਕਾਈ ਅੰਮ੍ਰਿਤਸਰ-ਤਰਨ ਤਾਰਨ, 3. ਮਾਸਟਰ ਮੇਜਰ ਸਿੰਘ, ਮੈਂਬਰ 4. ਬਲਬੀਰ ਪ੍ਰਵਾਨਾ, ਮੈਂਬਰ 5. ਬਲਦੇਵ ਰਾਜ, ਮੈਂਬਰ, 6. ਕਾਮਰੇਡ ਅਜੀਤ ਸਿੰਘ, ਮੈਂਬਰ, 7. ਐਡਵੋਕੇਟ ਸੁਲਖਣ ਸਿੰਘ ਬੱਲ, ਮੈਂਬਰ ਅਤੇ 8. ਹਰਪਰਮਿੰਦਰ ਸਿੰਘ, ਪੰਜਾਬ ਸਟੂਡੈਂਟ ਯੂਨੀਅਨ
6 ਮਾਰਚ 2013 ਨੂੰ ਇਸ ਘਟਨਾ ਦੀ ਪੜਤਾਲ ਕਰਨ ਲਈ ਖੋਜ ਕਮੇਟੀ ਪਿੰਡ ਉਸਮਾਂ ਵਿਖੇ ਪੀੜਤ ਪਰਿਵਾਰ ਦੇ ਮੈਂਬਰਾਂ ਹਰਬਰਿੰਦਰ ਕੌਰ, ਪਿਤਾ ਸ. ਕਸ਼ਮੀਰ ਸਿੰਘ, ਭਰਾ ਗੁਰਜਿੰਦਰ ਸਿੰਘ ਤੇ ਰਵਿੰਦਰ ਸਿੰਘ ਅਤੇ ਤਰਨ ਤਾਰਨ ਸਿਟੀ ਥਾਣਾ ਦੇ ਐਸ.ਐਚ.ਓ. ਸੁਖਬੀਰ ਸਿੰਘ ਨਾਲ ਮੁਲਾਕਾਤ ਕੀਤੀ।

ਘਟਨਾ ਦੇ ਵੇਰਵਾ :
3 ਮਾਰਚ 2013 ਨੂੰ ਕਸ਼ਮੀਰ ਸਿੰਘ ਦੀ ਰਿਸ਼ਤੇਦਾਰੀ ਵਿਚੋਂ ਸਾਲੀ ਦੇ ਲੜਕੇ (ਪੀੜਤ ਲੜਕੀ ਦੇ ਮਸੇਰ) ਦਾ ਵਿਆਹ, ਪੰਜਾਬ ਇੰਟਰਨੈਸ਼ਨਲ ਪੈਲਸ, ਗੋਇੰਦਵਾਲ ਰੋਡ, ਤਰਨ ਤਾਰਨ, ਵਿਖੇ ਹੋ ਰਿਹਾ ਸੀ। ਪੀੜਤ ਲੜਕੀ ਦੇ ਦੱਸਣ ਅਨੁਸਾਰ ਜਿਹੜੀਆਂ ਕਾਰਾਂ/ਗੱਡੀਆਂ ਬਰਾਤੀਆਂ ਵਾਸਤੇ ਕਰਾਏ ਤੇ ਲਈਆਂ ਹੋਈਆਂ ਸਨ ਦੇ ਦੋ ਡਰਾਇਵਰਾਂ ਜਿੰਨ੍ਹਾਂ ਦੇ ਨਾਂ ਸ਼ੋਸ੍ਹੀ ਅਤੇ ਸਾਹਿਬ ਨੇ ਲੜਕੀ ਨਾਲ ਛੇੜ-ਛਾੜ ਅਤੇ ਬਦਤਮੀਜ਼ੀ ਕੀਤੀ। ਲੜਕੀ ਨੇ ਇਸ ਹਰਕਤ ਬਾਰੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਦੱਸਿਆ। ਪਿਤਾ ਕਸ਼ਮੀਰ ਸਿੰਘ, ਭਰਾਵਾਂ ਅਤੇ ਹੋਰ ਸਕੇ ਸਬੰਧੀਆਂ ਨੇ ਡਰਾਇਵਰਾਂ ਨੂੰ ਲੜਕੀ ਨਾਲ ਬਦਤਮੀਜ਼ੀ ਕਰਨ ਬਾਰੇ ਪੁੱਛਿਆ ਤਾਂ ਆਪਸ ਵਿਚ ਖਹਿਬੜਨ ਲੱਗੇ। ਦੱਸਣ ਅਨੁਸਾਰ ਇਹ ਦੋਵੇਂ ਡਰਾਇਵਰ ਪੈਲਸ ਤੋਂ ਬਾਹਰ ਚਲੇ ਗਏ ਅਤੇ ਕੁੱਝ ਸਮੇਂ ਬਾਅਦ ਹੋਰ ਅਣਪਛਾਤੇ ਸਾਥੀਆਂ ਨਾਲ ਹਥਿਆਰ ਬੰਦ ਹੋ ਕੇ ਕਿਰਪਾਨਾਂ, ਸਰੀਏ, ਬੇਸਬਾਲ ਅਤੇ ਦਾਤਰ ਆਦਿ ਹਥਿਆਰਾਂ ਨਾਲ ਲੈਸ ਹੋ ਕੇ ਪੈਲਸ ਵਿੱਚ ਹਮਲਾ ਕੀਤਾ। ਇਸ ਹਮਲੇ ਦੀ ਅਗਵਾਈ ਸ਼ੋਸ੍ਹੀ ਅਤੇ ਸਾਹਿਬ ਡਰਾਇਵਰਾਂ ਨੇ ਕੀਤੀ।
ਇਸ ਲੜਾਈ ਝਗੜੇ ਦੀ ਸੂਚਨਾ ਸਿਟੀ ਥਾਣਾ, ਤਰਨ ਤਾਰਨ ਨੂੰ ਕਿਸੇ ਵਿਅਕਤੀ ਵਲੋਂ ਦਿਤੀ ਗਈ ਅਤੇ ਪੰਜ-ਛੇਵਾਂ ਪੁਲੀਸ ਮੁਲਾਜ਼ਮਾ ਦੀ ਪਾਰਟੀ ਜਦ ਪੈਲਸ ਪਹੁੰਚੀ ਤਾਂ ਹਮਲਾਵਰ ਡਰਾਇਵਰ ਪੁਲੀਸ ਨੂੰ ਜਾਣਦੇ ਹੋਣ ਕਰਕੇ ਦੇਖਦਿਆਂ ਹੀ ਘਟਨਾ ਸਥਾਨ ਤੋਂ ਬਚ ਕੇ ਨਿਕਲ ਗਏ। ਪੈਲਸ ਵਿਚ ਪਹੁੰਚਦਿਆਂ ਹੀ ਬਗੈਰ ਕਿਸੇ ਪੁੱਛ ਗਿੱਛ ਦੇ ਪੁਲੀਸ ਪਾਰਟੀ ਨੇ ਪੀੜਤ ਲੜਕੀ ਦੇ ਬਾਪ ਸ. ਕਸ਼ਮੀਰ ਸਿੰਘ ਦੀ ਖਿੱਚ ਧੂਹ ਕਰਨ ਕਰਕੇ ਉਸਦੀ ਪੱਗ ਸਿਰ ਤੋਂ ਲੱਥ ਗਈ। ਲੜਕੀ ਦੇ ਕਹਿਣ ਅਨੁਸਾਰ ਬਾਪ ਦੀ ਜ਼ਮੀਨ ਤੇ ਡਿੱਗੀ ਪੱਗ ਚੁੱਕਣ ਗਈ ਤਾਂ ਪੁਲੀਸ ਨੇ ਉਸਨੂੰ ਅਤੇ ਬਾਪ ਨੂੰ ਕੁੱਟਿਆ ਅਤੇ ਜਾਤੀ ਸੂਚਕ, ਮੰਦੀ ਭਾਸ਼ਾ ਅਤੇ ਗਾਲੀ ਗਲੋਚ ਵੀ ਕੀਤਾ ਅਤੇ ਬੇਦਰੇਗ ਤਾਕਤ ਦੀ ਵਰਤੋਂ ਕੀਤੀ। ਇਹ ਵੀ ਧਮਕੀ ਦਿਤੀ ਕਿ ਥਾਣੇ ਜਾ ਕੇ ਤੇਰੇ ਬਾਪ ਅਤੇ ਭਰਾਵਾਂ ਦੇ ਸਾਹਮਣੇ ਬੇਇਜ਼ਤ ਕਰਨਗੇ।
ਪੀੜਤ ਲੜਕੀ ਦੇ ਵੱਡੇ ਭਰਾ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਥਾਣੇ ਵਿੱਚ ਪੈਖਾਨੇ ਦੀ ਸੀਟ ਵਿਚ ਮੂੰਹ ਮੱਥਾ ਜ਼ਬਰਨ ਘਸੇੜਿਆ ਜਿਸ ਕਾਰਨ ਉਸਦੇ ਚੇਹਰੇ ਤੇ ਚੋਟ ਦਾ ਨਿਸ਼ਾਨ ਵੀ ਸੀ। ਕਸ਼ਮੀਰ ਸਿੰਘ ਲੜਕੀ ਦੇ ਬਾਪ ਨੂੰ ਕੁੱਟਦੇ ਮਾਰਦੇ ਥਾਣੇ ਲੈ ਗਏ। ਦੱਸਣ ਅਨੁਸਾਰ ਉਸਦੀ ਜ਼ਾਮਾਤਲਾਸ਼ੀ ਵਿੱਚ 18000/- ਰੁਪਏ, ਦੋ ਸੋਨੇ ਦੀਆਂ ਮੁੰਦਰੀਆਂ ਅਤੇ ਲੜਕੀ ਦੇ ਕੰਨਾਂ ਦੇ ਟਾਪਸ ਪੁਲੀਸ ਨੇ ਕਬਜ਼ੇ ਵਿੱਚ ਲੈ ਲਏ। ਲੜਕੀ ਦੇ ਬਾਪ ਨੇ ਦੱਸਿਆ ਕਿ ਉਹ ਬਲੱਡ ਪਰੈਸ਼ਰ ਦੇ ਮਰੀਜ਼ ਹਨ ਜਿਸਦੀ ਦੁਆਈ ਲੈਂਦੇ ਹਨ। ਸ਼ਰਾਬ ਜਾਂ ਹੋਰ ਕਿਸੇ ਵੀ ਨਸ਼ੇ ਦੇ ਸੇਵਨ ਨਹੀਂ ਕਰਦੇ ਕਿਉਂਕਿ ਉਹ ਅੰਮ੍ਰਿਤਧਾਰੀ ਹੈ। ਵਿਆਹ ਸਮਾਗਮ ਦੀ ਵੀਡੀਓਗਰਾਫੀ ਕਰ ਰਹੇ ਜਗਜੀਤ ਸਿੰਘ ਨੇ ਇਸ ਘਟਨਾ ਕਰਮ ਦੀ ਵੀਡੀਉਗਰਾਫੀ ਕੀਤੀ ਜਿਸ ਵਿਚ ਉਸਨੇ ਪੁਲੀਸ ਵਧੀਕੀਆਂ ਦਾ ਨੰਗਾਂ ਨਾਚ ਕੈਮਰੇ ਵਿਚ ਬੰਦ ਕੀਤਾ। ਪੁਲੀਸ ਪਾਰਟੀ ਵਿੱਚ ਜ਼ਨਾਨਾ ਪੁਲੀਸ ਦੀ ਅਣਹੋਂਦ ਵੀ ਪੁਲੀਸ ਦੀ ਨਾਕਾਮੀ ਅਤੇ ਲਾਪ੍ਰਵਾਹੀ ਦੀ ਜਿੰਦਾ ਮਿਸਾਲ ਅਤੇ ਮਾਨਯੋਗ ਉਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਹੈ। ਉਸਨੇ ਇਹ ਵੀ ਦੱਸਿਆ ਕਿ ਥਾਣੇ ਵਿਚ ਪੁਲੀਸ ਨੇ ਕੋਰੇ ਕਾਗਜ਼ ਤੇ ਉਨ੍ਹਾਂ ਸਾਰਿਆਂ ਦੇ ਦਸਖਤ ਕਰਵਾ ਲਏ ਸਨ। ਇਸ ਕੋਰੇ ਕਾਗਜ਼ ਤੇ ਬਾਅਦ ਵਿਚ ਪੁਲੀਸ ਨੇ ਆਪਣੇ ਆਪ ਮੁਆਫੀਨਾਮਾ ਲਿਖ ਲਿਆ।
ਸ. ਜਸਵੰਤ ਸਿੰਘ, ਸਰਹਾਲੀ ਕਲਾਂ ਬਾਲਮੀਕ ਧਰਮ ਸਮਾਜ ਮਾਝਾ ਜੋਨ ਦੇ ਚੇਅਰਮੈਨ ਨੇ ਕਿਹਾ ਕਿ ਜਦ 4 ਮਾਰਚ 2013 ਨੂੰ ਥਾਣਾ ਸਿਟੀ ਤਰਨ ਤਾਰਨ ਗਏ ਤਾਂ ਥਾਣੇ ਵਿਚ ਪੁਲੀਸ  ਮੁਲਾਜ਼ਮਾਂ ਨੇ ਆਪਣੀ ਪਹਿਚਾਣ ਛਪਾਉਣ ਲਈ ਆਪਣੀਆਂ ਨਾਮ ਪਲੇਟਾਂ ਵਰਦੀ ਤੋਂ ਉਤਾਰੀਆਂ ਹੋਈਆਂ ਸਨ। ਕੁਲਵੰਤ ਸਿੰਘ ਅਤੇ ਹਰਜਿੰਦਰ ਸਿੰਘ ਦੋ ਪੁਲੀਸ ਮੁਲਾਜ਼ਮਾਂ ਦੀਆਂ ਵਰਦੀਆਂ ਤੇ ਹੀ ਨਾਮ ਪਲੇਟਾਂ ਲੱਗੀਆਂ ਹੋਈਆਂ ਸਨ। ਇਸ ਮੌਕੇ ਕਸ਼ਮੀਰ ਕੌਰ ਬਾਲਮੀਕ ਸਮਾਜ ਗੁਰੂ ਗਿਆਨ ਨਾਧ ਪੰਜਾਬ ਵੀ ਥਾਣਾ ਸਿਟੀ ਹਾਜ਼ਰ ਦਸੇ ਗਏ।
    6-3-2013 ਨੂੰ ਜਮਹੂਰੀ ਅਧਿਕਾਰ ਸਭਾ ਦੀ ਪੜਤਾਲ ਕਮੇਟੀ ਦੇ ਮੈਂਬਰਾਂ ਨੇ ਡੀ.ਐਸ.ਪੀ. ਦਲਜੀਤ ਸਿੰਘ ਢਿਲੋਂ ਥਾਣਾ ਸਿਟੀ ਤਰਨ ਤਾਰਨ ਨੂੰ ਮਿਲਣ ਲਈ ਮੋਬਾਇਲ ਫੋਨ ਤੇ ਸੰਪਰਕ ਕੀਤਾ ਤਾਂ ਉਸਨੇ ਥਾਣਾ ਸਿਟੀ ਦੇ ਥਾਣੇਦਾਰ ਸੁਖਬੀਰ ਸਿੰਘ ਨੂੰ ਮਿਲਣਨ ਲਈ ਕਿਹਾ। ਸ਼ਾਮ ਦੇ ਕਰੀਬ 6:00 ਵਜੇ ਕਮੇਟੀ ਸਿਟੀ ਥਾਣਾ ਤਰਨ ਤਾਰਨ ਪਹੁੰਚੀ ਤਾਂ ਉਹ ਥਾਣੇ ਵਿਚ ਨਹੀਂ ਮਿਲੇ। ਤਰਨ ਤਾਰਨ ਸ਼ਹਿਰ ਵਿਚ ਰੋਹੀ (ਡਰੇਨ) ਦੇ ਪੁੱਲ ਤੇ ਧਰਨਾ ਲੱਗਿਆ ਹੋਣ ਕਾਰਣ ਉਹ ਉਥੇ ਥਾਣੇ ਵਿਚ ਮੌਜੂਦ ਨਹੀ ਸਨ। ਉਸਨੂੰ ਮਿਲਕੇ ਪੁਲੀਸ ਦਾ ਪੱਖ ਜਾਨਣ ਲਈ ਕਮੇਟੀ ਧਰਨੇ ਵਾਲੀ ਥਾਂ ਤੇ ਪਹੁੰਚਕੇ ਥਾਣੇਦਾਰ ਨੂੰ ਮਿਲੀ। ਉਸਦੇ ਦੱਸਣ ਅਨੁਸਾਰ ਪੈਲਸ ਵਿਚ ਲੜਾਈ ਝਗੜੇ ਦੀ ਸੂਚਨਾ ਪੁਲੀਸ ਸੰਚਾਰ ਸਾਧਨਾਂ ਰਾਹੀਂ ਮਿਲੀ ਸੀ। ਪੁਲੀਸ ਪਾਰਟੀ ਮੁਲਾਜ਼ਮ ਜਦ 3-3-2013 ਨੂੰ ਪੈਲਸ ਪਹੁੰਚੇ ਤਾਂ ਉਸ ਸਮੇਂ ਲੜਕੀ ਦੇ ਬਾਪ ਤੇ ਸ਼ਰਾਬ ਪੀਤੀ ਹੋਣ ਦਾ ਕਥਿਤ ਦੋਸ਼ ਲਾਇਆ। ਉਸਦੇ ਕਹਿਣ ਅਨੁਸਾਰ ਸਾਰੇ ਪਰਿਵਾਰ ਨੂੰ ਫੜਕੇ ਥਾਣੇ ਲੈ ਆਏ ਸਨ ਅਤੇ ਕੁਝ ਦੇਰ ਬਾਅਦ ਛਡ ਦਿਤਾ ਗਿਆ। ਜ਼ਾਮਾ-ਤਲਾਸ਼ੀ ਵਿਚ ਥਾਣੇਦਾਰ ਸੁਖਬੀਰ ਸਿੰਘ ਨੇ ਕੇਵਲ 650/- ਰੁਪਏ ਦੀ  ਬਰਾਮਦੀ ਹੀ ਕਬੂਲੀ।
ਜਮਹੂਰੀ ਅਧਿਕਾਰ ਸਭਾ ਪੜਤਾਲ ਕਮੇਟੀ ਵਲੋਂ ਇਸ ਮੰਦਭਰੀ ਘਟਨਾ ਦੀ ਪੜਤਾਲ ਕਰਨ ਉਪਰੰਤ ਹੇਠ ਲਿਖੇ ਸਵਾਲ ਉਠਾਏ ਗਏ ਹਨ।
ਪੈਲਸ ਵਿਚ ਵਿਆਹ ਸਮਾਗਮ ਸਮੇਂ ਹੋਏ ਝਗੜੇ ਵਿਚ ਪੁਲੀਸ ਨੇ ਬਰਬਰਤਾ ਪੂਰਵਕ ਕਾਰਵਾਈ ਕਰਦਿਆਂ ਅੰਨੀ ਤੇ ਬੇਲੋੜੀ ਤਾਕਤ ਦੀ ਵਰਤੋਂ ਕਰਨਾ।
ਪੁਲੀਸ ਪਾਰਟੀ ਵਿਚ ਕੋਈ ਵੀ ਜ਼ਨਾਨਾ ਪੁਲੀਸ ਮੁਲਾਜ਼ਮ ਦੀ ਗੈਰਹਾਜ਼ਰੀ ਅਤੇ ਲੜਕੀ ਦੀ ਕੁੱਟਮਾਰ ਕਰਦੇ ਹੋਏ ਥਾਣੇ ਲੈ ਕੇ ਜਾਣ ਤੱਕ ਮਰਦਾਨਾ ਪੁਲੀਸ ਵਲੋਂ ਹੀ ਕਾਰਵਾਈ ਅਤੇ ਮਾਨਯੋਗ ਉਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨਾ।
ਲੜਕੀ ਅਤੇ ਲੜਕੀ ਦੇ ਪਰਿਵਾਰ ਵਲੋਂ ਕਥਿਤ ਮੁਆਫੀਨਾਮਾ ਲਿੱਖਣ ਦੀ ਪੁਲੀਸ ਵਲੋਂ ਕੋਰੇ ਕਾਗਜ਼ ਤੇ ਕਰਵਾਏ ਦਸਤਖਤਾਂ ਦੀ ਦੁਰਵਰਤੋ ਕਰਨਾ।
ਰਾਜਭਾਗ ਤੇ ਕਾਬਜ਼ ਰਾਜਨੀਤਿਕ ਧਿਰਾਂ ਵਲੋਂ ਆਮ ਲੋਕਾਂ ਦੇ ਮੁਢਲੇ ਅਧਿਕਾਰਾਂ ਦੀ ਅਣਦੇਖੀ ਕਰਨਾ ਅਤੇ ਪੁਲੀਸ/ਸੁਰਖਿਆ ਬਲਾ ਦੇ ਅਤਿਆਚਾਰਾ ਨੂੰ ਹੱਲਾਸ਼ੇਰੀ ਦੇਣਾ। ਕੁਝ ਸਿਆਸੀ ਪਾਰਟੀਆਂ ਵਲੋਂ ਇਸ ਸਵੇਦਨਸ਼ੀਲ ਘਟਨਾ ਤੇ ਰਾਜਨੀਤਿਕ ਰੋਟੀਆਂ ਸੇਕਣਾਂ।

ਇਸ ਕਰਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਪੁਲੀਸ ਸਿਟੀ ਥਾਣਾ, ਤਰਨ ਤਾਰਨ ਦੀ ਧੱਕੇਸ਼ਾਹੀ ਅਤੇ ਅੰਨੇ ਤਸ਼ੱਦਦ ਦੀ ਪੁਰਜੋਰ ਨਿੰਦਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕਾਨੂੰਨ ਅਨੁਸਾਰ ਦੋਸ਼ੀ ਪੁਲੀਸ ਮੁਲਾਜ਼ਮਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ।

ਅਮਰਜੀਤ ਸਿੰਘ ਬਾਈ
ਪ੍ਰਧਾਨ
ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ,
ਅੰਮ੍ਰਿਤਸਰ-ਤਰਨ ਤਾਰਨ।
ਮਿਤੀ : 25 ਮਾਰਚ, 2013                             (ਮ) 9988113584

No comments:

Post a Comment