ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਐੱਮ.ਐੱਮ.ਆਰ. ਟੀਕਾਕਰਣ ਮਿਸ਼ਨ ਦੇ ਸਬੰਧ ਵਿਚ ਸਰਕਾਰ ਦੇ ਗ਼ੈਰਜ਼ਿੰਮੇਵਾਰਾਨਾ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਦੱਸਿਆ ਕਿ ਖਸਰਾ, ਕੰਨਪੇੜਾ (ਮੰਪਸ) ਅਤੇ ਰੂਬੈਲਾ ਦੇ ਟੀਕਿਆਂ ਅਤੇ ਇਹਨਾਂ ਦੇ ਮਿਸ਼ਰਣ ਦੇ ਸਬੰਧ ਵਿਚ ਸੰਸਾਰ ਸਿਹਤ ਸੰਸਥਾ ਦੀਆਂ ਸਪਸ਼ਟ ਹਦਾਇਤਾਂ ਹਨ ਕਿ ਇਹਨਾਂ ਨੂੰ 8 ਡਿਗਰੀ ਸੈਂਟੀਗਰੇਡ ਤੋਂ ਜ਼ਿਆਦਾ ਤਾਪਮਾਨ ਵਿਚ ਰੱਖਣ ਅਤੇ ਬੰਦ ਪੈਕਿੰਗ ਨੂੰ ਵਰਤਣ ਲਈ ਖੋਹਲਣ ਤੋਂ ਬਾਦ ਛੇ ਘੰਟੇ ਤੋਂ ਵੱਧ ਖੁੱਲ੍ਹਾ ਰੱਖਣ ਦੇ ਗੰਭੀਰ ਖ਼ਤਰੇ ਹਨ ਅਤੇ ਇਹ ਸ਼ਰਤਾਂ ਪੂਰੀਆਂ ਨਾ ਕਰਨ ‘ਤੇ ਇਸ ਦਵਾਈ ਦੀ ਇਹਨਾਂ ਬੀਮਾਰੀਆਂ ਨੂੰ ਰੋਕਣ ਦੀ ਅਸਰਦਾਇਕਤਾ ਖ਼ਤਮ ਹੋ ਜਾਂਦੀ ਹੈ। ਸਭਾ ਵਲੋਂ 6 ਮਈ ਨੂੰ ਸਿਹਤ ਮੰਤਰੀ ਪੰਜਾਬ ਤੋਂ ਈ-ਮੇਲ ਰਾਹੀਂ ਟੀਕਾਕਰਣ ਦੇ ਸਬੰਧ ਵਿਚ ਇਹਨਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਸਬੰਧੀ ਜਾਣਕਾਰੀ ਮੰਗੀ ਗਈ ਸੀ ਜਿਸਦਾ ਸਿਹਤ ਮੰਤਰੀ ਵਲੋਂ ਅੱਜ ਤਕ ਵੀ ਕੋਈ ਜਵਾਬ ਦੇਣ ਦੀ ਜ਼ਰੂਰਤ ਨਹੀਂ ਸਮਝੀ ਗਈ। ਸਭਾ ਨੇ ਮੰਗ ਕੀਤੀ ਸੀ ਕਿ ਇਸ ਟੀਕਾਕਰਣ ਦੇ ਸਬੰਧ ਵਿਚ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਬਹੁਤ ਸਾਰੇ ਸ਼ੰਕੇ ਹਨ ਉਹਨਾਂ ਨੂੰ ਮੁਖ਼ਾਤਬ ਹੋਕੇ ਸ਼ੰਕੇ ਦੂਰ ਕਰਨ ਦੀ ਬਜਾਏ ਟੀਕਾਕਰਣ ਬਾਰੇ ਵਾਜਬ ਸਵਾਲ ਉਠਾਉਣ ਵਾਲੇ ਮੈਡੀਕਲ ਮਾਹਰਾਂ ਵਿਰੁੱਧ ਪੁਲਿਸ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਵੀ ਮੰਗੀ ਗਈ ਸੀ ਕਿ ਦਵਾਈ ਨੂੰ ਵਰਤੋਂ ਦੇ ਸੀਮਤ ਸਮੇਂ ਲਈ ਵੱਧ ਤੋਂ ਵੱਧ 8 ਡਿਗਰੀ ਸੈਂਟੀਗਰੇਡ ਵਿਚ ਸਟੋਰ ਰੱਖਣ ਦੀ ਸਿਫ਼ਾਰਸ਼ ਦੇ ਬਾਵਜੂਦ ਟੀਕਾਕਰਣ ਦਾ ਮਿਸ਼ਨ ਉਸ ਮੌਸਮ ਵਿਚ ਕਿਉਂ ਲਾਗੂ ਕੀਤਾ ਗਿਆ ਜਦੋਂ ਤਾਪਮਾਨ 29 ਤੋਂ 40 ਡਿਗਰੀ ਸੈਂਟੀਗਰੇਡ ਚੱਲ ਰਿਹਾ ਹੈ। ਮਿਸ਼ਨ ਨੂੰ ਸਰਦੀ ਦੇ ਮੌਸਮ ਵਿਚ ਹੱਥ ਕਿਉਂ ਨਹੀਂ ਲਿਆ ਗਿਆ? ਸਭਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਟੀਕਾਕਰਣ ਮਿਸ਼ਨ ਪ੍ਰਤੀ ਗ਼ੈਰਜ਼ਿੰਮੇਵਾਰਾਨਾ ਵਤੀਰਾ ਬੰਦ ਕਰੇ ਅਤੇ ਟੀਕਾਕਰਣ ਦੀ ਖ਼ਾਨਾਪੂਰਤੀ ਰਾਹੀਂ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਥਾਂ ਜ਼ਿੰਮੇਵਾਰੀ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਾਈਆਂ ਜਾਣ।
22 meI 2018
22 meI 2018
No comments:
Post a Comment