Thursday, May 10, 2018

ਮੁਕਾਬਲਿਆਂ ਦੇ ਬੁਰਕੇ ਹੇਠ ਕਤਲੇਆਮ: ਗੜ੍ਹਚਿਰੌਲੀ ਵਿਚ ਵਿਕਾਸ ਦੀ ਨਵੀਂ ਰਾਜਕੀ ਨੀਤੀ

22 ਅਪ੍ਰੈਲ 2018 ਦੀ ਸਵੇਰ ਨੂੰ ਮਹਾਂਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੀ ਭੰਵਰਾਗੜ੍ਹ ਤਹਿਸੀਲ ਦੇ ਬੋਰੀਆ-ਕਸਨਾਸੁਰ ਵਿਚ ਇਕ ਅਖਾਉਤੀ ਮੁਕਾਬਲਾ ਹੋਇਆ। ਅਗਲੇ ਦਿਨ ਪੁਲਿਸ ਨੇ ਪ੍ਰੈਸ ਨੋਟ ਵਿਚ 16 ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਕਿ ਨਕਸਲੀ ਮੁਕਾਬਲੇ ਵਿਚ ਮਾਰੇ ਗਏ ਹਨ। 24 ਅਪ੍ਰੈਲ ਨੂੰ ਪੁਲਿਸ ਨੇ ਦਾਅਵਾ ਕੀਤਾ ਕਿ ਇੰਦਰਾਵਤੀ ਨਦੀ ਵਿੱਚੋਂ 15 ਹੋਰ ਲਾਸ਼ਾਂ ਮਿਲੀਆਂ ਹਨ। ਉਦੋਂ ਤੋਂ ਲੈਕੇ ਮੌਤਾਂ ਦੀ ਗਿਣਤੀ 40 ਹੋ ਚੁੱਕੀ ਹੈ। 12 ਸੂਬਿਆਂ ਤੋਂ 44 ਵਿਅਕਤੀਆਂ ਦੀ ਤੱਥ ਖੋਜ ਟੀਮ ਜੋ ਮਨੁੱਖੀ ਹੱਕਾਂ ਦੇ ਤਿੰਨ ਵੱਡੇ ਸਮੂਹਾਂ ਅਤੇ ਜਥੇਬੰਦੀਆਂ - ਕੋਆਰਡੀਨੇਸ਼ਨ ਆਫ ਡੈਮੋਕਰੈਟਿਕ ਰਾਈਟਸ ਆਰਗੇਨਾਈਜੇਸ਼ਨਜ਼ (ਸੀ.ਡੀ.ਆਰ.ਓ), ਇੰਡੀਅਨ ਐਸੋਸੀਏਸ਼ਨ ਆਫ ਪੀਪਲਜ਼ ਲਾਇਰਜ਼ (ਆਈ.ਏ.ਪੀ.ਐੱਲ.) ਅਤੇ ਵੂਮੈੱਨ ਅਗੇਂਸਟ ਸਟੇਟ ਰਿਪਰੈਸ਼ਨ ਐਂਡ ਸੈਕਸੂਅਲ ਵਾਇਲੈਂਸ (ਡਬਲਯੂ ਐੱਸ. ਐੱਸ.) - ਨਾਲ ਸਬੰਧਤ ਹੈ ਦੀ ਟੀਮ ਨੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਅਖਾਉਤੀ ਮੁਕਾਬਲਿਆਂ ਵਾਲੀਆਂ ਥਾਵਾਂ ਦਾ ਦੌਰਾ ਕੀਤਾ। ਅਸੀਂ ਉਹਨਾਂ ਸਾਰੀਆਂ ਥਾਵਾਂ ਉਪਰ ਗਏ ਜਿਥੇ ਨੇੜਲੇ ਬੀਤੇ ਵਿਚ ਪੁਲਿਸ ਹਿੰਸਾ ਅਤੇ ਮੁਕਾਬਲੇ ਹੋਏ। ਤਿੰਨ ਦਿਨ ਦੀ ਇਹ ਤੱਥ ਖੋਜ 5 ਤੋਂ 7 ਮਈ 2018 ਤਕ ਚੱਲੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ. ਦੇ ਸਥਾਨਕ ਨੁਮਾਇੰਦਿਆਂ, ਸਥਾਨਕ ਚੁਣੇ ਹੋਏ ਨੁਮਾਇੰਦਿਆਂ, ਗ੍ਰਾਮ ਸਭਾ ਮੈਂਬਰਾਂ, ਵਕੀਲਾਂ ਅਤੇ ਪੱਤਰਕਾਰਾਂ ਵਲੋਂ ਇਸ ਟੀਮ ਦੀ ਮਦਦ ਕੀਤੀ ਗਈ। ਸਾਡੀ ਖੋਜ ਦਿਖਾਉਦੀ ਹੈ ਕਿ ਭਾਵੇਂ ਇਹਨਾਂ ਸਾਰੀਆਂ ਘਟਨਾਵਾਂ ਵਿਚ ਮੁਕਾਬਲੇ ਲਕਬ ਵਰਤਿਆ ਜਾ ਰਿਹਾ ਹੈ, ਦਰਅਸਲ ਇਹ ਝੂਠੇ ਮੁਕਾਬਲੇ ਹਨ।


ਘਟਨਾ ਦੀ ਸਮੁੱਚੀ ਤੱਥ ਖੋਜ ਦੇ ਅਧਾਰ ’ਤੇ ਅਸੀਂ ਇਸ ਨਤੀਜੇ ’ਤੇ ਪਹੁੰਚਦੇ ਹਾਂ ਕਿ ਸੀ-60 ਪੁਲਿਸ ਅਤੇ ਸੀ.ਆਰ.ਪੀ.ਐੱਫ. ਨੇ ਮਾਓਵਾਦੀਆਂ ਨੂੰ ਚਾਰ-ਚੁਫੇਰਿਓਂ ਘੇਰ ਲਿਆ ਅਤੇ ਉਹਨਾਂ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਅੰਡਰ ਬੈਰਲ ਗਰਨੇਡ ਲਾਂਚਰ (ਯੂ.ਬੀ.ਜੀ.ਐੱਲ.) ਵਰਗੇ ਆਧੁਨਿਕ ਹਥਿਆਰ ਵਰਤੋਂ ਵਿਚ ਲਿਆਉਦੇ ਹੋਏ ਅੰਧਾਧੁੰਦ ਗੋਲੀਬਾਰੀ ਕੀਤੀ ਗਈ। ਅਸਲ ਮਾਇਨਿਆਂ ਵਿਚ ਇਹ ਠੰਡੇ ਦਿਮਾਗ ਨਾਲ ਕੀਤਾ ਗਿਆ ਕਤਲੇਆਮ ਹੈ।
ਤੱਥ ਖੋਜ ਟੀਮ ਅਖਾਉਤੀ ਮੁਕਾਬਲੇ ਬਾਬਤ ਪੁਲਿਸ ਦੀ ਕਹਾਣੀ ਉੱਪਰ ਸਵਾਲ ਉਠਾਉਦੀ ਹੈ। ਮਿ੍ਰਤਕਾਂ ਦੀ ਅੰਤਮ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਸੀ.60 ਨੇ ਤੁਰੰਤ ਲਾਸ਼ਾਂ ਬਰਾਮਦ ਨਹੀਂ ਕੀਤੀਆਂ। ਚਿੱਠੀਆਂ, ਤਸਵੀਰਾਂ ਅਤੇ ਸ਼ਨਾਖ਼ਤੀ ਕਾਰਡਾਂ ਸਮੇਤ ਅਖਾਉਤੀ ਮੁਕਾਬਲੇ ਦੇ ਮਹੱਤਵਪੂਰਨ ਸਬੂਤ ਮੁਕਾਬਲੇ ਤੋਂ ਪਿੱਛੋਂ ਦਿਨਾਂ ਤਕ ਉੱਥੇ ਪਏ ਰਹੇ। 22 ਅਪ੍ਰੈਲ 2018 ਨੂੰ ਪੁਲਿਸ ਵਲੋਂ ਪ੍ਰੈੱਸ ਬਿਆਨ ਜਾਰੀ ਕਰਨ ਸਮੇਂ ਅਸਲ ਥਾਂ ਜਾਂ ਲਾਸ਼ਾਂ ਦੀਆਂ ਤਸਵੀਰਾਂ ਉਪਲਭਦ ਨਹੀਂ ਕਰਾਈਆਂ ਗਈਆਂ। ਸ਼ੁਰੂ ਵਿਚ ਸਿਰਫ਼ ਚੁਣਵੇਂ ਪੱਤਰਕਾਰਾਂ ਨੂੰ ਹੀ ਉਸ ਥਾਂ ਪਹੁੰਚਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਉਹਨਾਂ ਦੀਆਂ ਰਿਪੋਰਟਾਂ ਪੂਰੀ ਤਰ੍ਹਾਂ ਪੁਲਿਸ ਦੀ ਕਹਾਣੀ ਉੱਪਰ ਅਧਾਰਤ ਜਾਪਦੀਆਂ ਹਨ। ਇਹ ਵੀ ਸ਼ੱਕੀ ਜਾਪਦਾ ਹੈ ਕਿ 15 ਲਾਸ਼ਾਂ ਅਖਾਉਤੀ ਮੁਕਾਬਲੇ ਤੋਂ ਦੋ ਦਿਨ ਬਾਦ 24 ਅਪ੍ਰੈਲ ਨੂੰ ਲੱਭੀਆਂ ਗਈਆਂ ਸਨ ਅਤੇ ਸਾਰੀਆਂ ਉਸੇ ਹੀ ਥਾਂ ਤੋਂ। ਇਹ ਗੱਲ ਸ਼ੱਕੀ ਹੈ ਕਿਉਕਿ ਜ਼ਖ਼ਮੀ ਹੋਏ ਲੋਕ ਦੂਰ ਤਕ ਖਿੰਡ ਜਾਂਦੇ ਹਨ। ਸਮੁੱਚੀ ਕਾਰਵਾਈ ਵਿਚ ਇਹ ਦਿਲਚਸਪ ਗੱਲ ਹੈ ਕਿ ਸੀ-60 ਟੀਮ ਨੂੰ ਕੋਈ ਗੰਭੀਰ ਚੋਟ ਨਹੀਂ ਆਈ, ਜਾਨੀ ਨੁਕਸਾਨ ਦੀ ਤਾਂ ਗੱਲ ਹੀ ਛੱਡੋ। ਸੁਣਨ ਵਿਚ ਆਇਆ ਹੈ ਕਿ ਇਹ ਟੀਮ ਅੱਜਕੱਲ੍ਹ ਬਦੇਸ਼ੀ ਟੂਰ ਉੱਪਰ ਗਈ ਹੋਈ ਹੈ ਅਤੇ ਉਹਨਾਂ ਨਾਲ ਸੰਪਰਕ ਨਹੀਂ ਹੋ ਰਿਹਾ। ਜਦੋਂ ਅਸੀਂ ਬੋਰੀਆ ਪਹੁੰਚੇ, ਪਿੰਡ ਵਿਚ ਸੁਰੱਖਿਆ ਤਾਕਤਾਂ ਦੀ ਉੱਥੇ ਵੱਡੀ ਮੌਜੂਦਗੀ ਸੀ। ਜਾਪਦਾ ਹੈ ਕਿ ਉੱਥੇ ਪੁਲਿਸ ਤਾਕਤਾਂ ਦੀ ਤਾਇਨਾਤੀ ਇਸ ਲਈ ਕੀਤੀ ਗਈ ਸੀ ਤਾਂ ਜੋ ਲੋਕ ਤੱਥ ਖੋਜ ਟੀਮ ਨਾਲ ਗੱਲਬਾਤ ਨਾ ਕਰਨ। ਪੁਲਿਸ ਵਲੋਂ ਤੱਥ ਖੋਜ ਟੀਮ ਦੀ ਉੱਥੇ ਮੌਜੂਦਗੀ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਲਈ ਲੋਕਾਂ ਨੂੰ ਅਹੀਰੀ ਤੋਂ ਕਸਨਾਸੁਰ ਲਿਆਂਦਾ ਗਿਆ ਸੀ।

ਰਾਤ ਨੂੰ ਟੀਮ ਗੱਟੇਪਲੀ ਵਿਖੇ ਗਈ ਅਤੇ ਉੱਥੇ ਵੀ ਸੁਰੱਖਿਆ ਬਲਾਂ ਦੀ ਅਸਧਾਰਨ ਭਾਰੀ ਮੌਜੂਦਗੀ ਦੇਖੀ ਗਈ। ਪਿਛਲੇ ਤਿੰਨ ਦਿਨਾਂ ਤੋ ਪਾਵਰ ਕੱਟ ਹੋਣ ਕਾਰਨ ਪਿੰਡ ਹਨੇਰੇ ਵਿਚ ਡੁੱਬਿਆ ਹੋਇਆ ਸੀ। ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਉਸ ਦਿਨ ਹੀ ਤਾਇਨਾਤ ਕੀਤਾ ਗਿਆ ਸੀ ਅਤੇ ਲੋਕ ਉਹਨਾਂ ਦੀ ਮੌਜੂਦਗੀ ਵਿਚ ਗੱਲ ਕਰਨੋਂ ਡਰਦੇ ਸਨ। ਸੁਰੱਖਿਆ ਬਲਾਂ ਵਲੋਂ ਦੌਰੇ ‘ਤੇ ਗਏ ਟੀਮ ਦਾ ਪਿੱਛਾ ਵੀ ਕੀਤਾ ਗਿਆ ਜਿਸਨੇ ਕੋਈ ਵੀ ਵਾਰਤਾਲਾਪ ਮੁਸ਼ਕਲ ਬਣਾ ਦਿੱਤੀ। ਵੈਸੇ ਵੀ ਗੱਟੇਪੱਲੀ ਉਹ ਪਿੰਡ ਹੈ ਜਿਸਦੇ ਅੱਠ ਜਣੇ 22 ਅਪੈਲ ਤੋਂ ਲਾਪਤਾ ਹਨ। ਉਹ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਪਿੰਡ ਤੋਂ ਗਏ ਸਨ। ਇਕ ਲੜਕੀ ਰਾਸੂ ਚਾਕੋ ਮਾੜਾਵੀ ਨੂੰ ਛੱਡਕੇ ਕਿਸੇ ਵੀ ਲਾਪਤਾ ਨਾਬਾਲਗ ਦੀ ਸ਼ਨਾਖ਼ਤ ਨਹੀਂ ਹੋਈ। ਪਿੰਡ ਵਾਲਿਆਂ ਨੇ ਉਸਦੀ ਲਾਸ਼ ਉਹਨਾਂ ਵਿਚ ਪਛਾਣੀ ਜਿਹਨਾਂ ਬਾਰੇ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਹ ਬੋਰੀਆ-ਕਸਨਾਸੁਰ ਮੁਕਾਬਲੇ ਵਾਲੀ ਥਾਂ ਮਾਰੇ ਗਏ ਸਨ। ਅਗਲੇ ਦਿਨਾਂ ਵਿਚ ਪੁਲਿਸ ਦੀ ਕਹਾਣੀ ਬਦਲਦੀ ਗਈ। ਜਦੋਂ ਲਾਪਤਾ ਬੱਚਿਆਂ ਦੇ ਪਰਿਵਾਰਾਂ ਨੇ ਪੁਲਿਸ ਤਕ ਪਹੁੰਚ ਕੀਤੀ, ਪੁਲਿਸ ਨੇ ਇਹ ਸਥਾਪਤ ਕਰਨ ਦਾ ਯਤਨ ਕੀਤਾ ਕਿ ਉਹ ਮਾਓਵਾਦੀ ਪਾਰਟੀ ਦੇ ਨਵੇਂ ਰੰਗਰੂਟ ਸਨ। ਜਦੋਂ ਇਹ ਸਵਾਲ ਉਠਾਏ ਗਏ ਕਿ ਲਾਸ਼ਾਂ ਵਰਦੀਆਂ ਵਿਚ ਕਿਉ ਸਨ, ਫਿਰ ਪੁਲਿਸ ਦੀ ਕਹਾਣੀ ਬਦਲ ਗਈ ਕਿ ਉਹਨਾਂ ਨੂੰ ਮਹੀਨਾ ਪਹਿਲਾਂ ਹੀ ਭਰਤੀ ਕੀਤਾ ਗਿਆ ਸੀ। ਇਹ ਵੀ ਨਜਾਇਜ਼ ਹੈ ਕਿ ਲਾਪਤਾ ਵਿਅਕਤੀਆਂ ਦੇ ਅਧਾਰ ਕਾਰਡ ਜ਼ਬਤ ਕਰ ਲਏ ਗਏ ਹਨ ਅਤੇ ਅੱਜ ਤਕ ਵਾਪਸ ਨਹੀਂ ਕੀਤੇ ਗਏ।

23 ਅਪ੍ਰੈਲ ਦੀ ਉਸ ਰਾਤ ਨੂੰ ਰਾਜਾਰਾਮ ਖਾਂਡਲਾ ਵਿਚ ਕੀ ਵਾਪਰਿਆ, ਉਸ ਨੂੰ ਲੈਕੇ ਪੁਲਿਸ ਦੀਆਂ ਕਹਾਣੀਆਂ ਟਕਰਾਵੀਂਆਂ ਹਨ। 24 ਅਪ੍ਰੈਲ ਨੂੰ ਉਹਨਾਂ ਨੇ ਜਿਮਲਗੱਟਾ ਥਾਣੇ ਤੋਂ ਜੋ ਬਿਆਨ ਜਾਰੀ ਕੀਤੇ ਉਹਨਾਂ ਅਨੁਸਾਰ ਵਾਕਿਆ ਰਾਜਾਰਾਮ ਖੰਡਲਾ ਵਿਚ ਹੋਇਆ ਸੀ। ਜਦਕਿ 25 ਤਰੀਕ ਨੂੰ ਨੰਦੂ ਦੀ ਲਾਸ਼ ਪਰਿਵਾਰ ਨੂੰ ਸੌਂਪਦੇ ਵਕਤ ਐੱਸ.ਪੀ. ਨੇ ਜੋ ਪੱਤਰ ਜਾਰੀ ਕੀਤਾ ਉਹ ਕਹਿੰਦਾ ਹੈ ਕਿ ਉਹ ਕੋਪੇਵੰਚਾ-ਕੋਟਰਮ ਦੇ ਜੰਗਲ ਵਿਚ ਮਾਰੇ ਗਏ। ਮਾਰੇ ਗਿਆਂ ਵਿਚ ਚਾਰ ਔਰਤਾਂ ਸਨ। ਤੱਥ ਖੋਜ ਟੀਮ ਰਾਜਾਰਾਮ ਖੰਡਲਾ ਵਿਚ ਮੁਕਾਬਲੇ ਵਾਲੀ ਥਾਂ ਗਈ ਅਤੇ ਨੰਦੂ ਦੇ ਪਰਿਵਾਰ ਨੂੰ ਵੀ ਮਿਲੀ।

23 ਤਰੀਕ ਨੂੰ ਸਵੇਰੇ ਨੰਦੂ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਸਥਾਨਕ ਪੁਲੀਸ ਦਾ ਸੁਨੇਹਾ ਮਿਲਿਆ ਕਿ ਉਸ ਨੂੰ, ਦੂਸਰਿਆਂ ਸਮੇਤ, ਕੱਲ੍ਹ ਰਾਤ ਬੋਰੀਆ-ਕਸਨਾਸੁਰ ਤੋਂ ਫੜ ਲਿਆ ਗਿਆ ਹੈ। ਪਰਿਵਾਰ ਵਾਲੇ ਹਿਰਾਸਤ ਵਿਚ ਲਏ ਗਏ ਲੋਕਾਂ ’ਚ ਉਸ ਨੂੰ ਦੇਖਣ ਲਈ ਪੁਲੀਸ ਕੈਂਪਾਂ ਤੇ ਥਾਣਿਆਂ ਵਿਚ ਗਏ ਪਰ ਉਹ ਉਸ ਨੂੰ ਲੱਭ ਨਾ ਸਕੇ। ਅਗਲੇ ਦਿਨ ਉਹਨਾਂ ਨੂੰ ਦੱਸਿਆ ਗਿਆ ਕਿ ਨੰਦੂ ਅਤੇ ਉਸ ਦੇ ਨਾਲ ਵਾਲੇ 23 ਤਰੀਕ ਦੀ ਸ਼ਾਮ ਨੂੰ ਨੈਨਾਰ ਦੇ ਜੰਗਲਾਂ ਵਿਚ ਪੁਲੀਸ ਮੁਕਾਬਲੇ ਵਿਚ ਮਾਰੇ ਗਏ। ਤੱਥ-ਖੋਜ ਟੀਮ ਨੇ ਨੈਨਾਰ ਜੰਗਲ ਵਿਚ ਇਸ ਕਥਿਤ ਪੁਲੀਸ ਮੁਕਾਬਲੇ ਵਾਲੀ ਥਾਂ ਦਾ ਪਤਾ ਲਗਾਇਆ। ਟੀਮ ਨੇ ਜ਼ਮੀਨ ਤੇ ਖੂਨ ਦੇ ਧੱਬੇ, ਰਬੜ ਦੇ ਦਸਤਾਨਿਆਂ ਦਾ ਇਕ ਖੁੱਲ੍ਹਾ ਪੈਕਟ, ਦਰੱਖਤਾਂ ਦੇ ਤਣਿਆਂ ਉਪਰ ਗੋਲੀਆਂ ਦੇ ਨਿਸ਼ਾਨ ਅਤੇ ਦੋ ਖਾਲੀ ਡੱਬੇ ਉਥੇ ਪਏ ਦੇਖੇ। ਜਾਪਦਾ ਸੀ ਕਿ ਪੁਲੀਸ ਨੇ ਪਹਿਲਾਂ ਨੰਦੂ ਤੇ ਹੋਰਾਂ ਨੂੰ ਤਸੀਹੇ ਦਿਤੇ ਅਤੇ ਫਿਰ ਉਨ੍ਹਾਂ ਨੂੰ ਨੇੜਿਉਂ ਗੋਲੀ ਮਾਰ ਦਿੱਤੀ। ਹੋਰਨਾਂ ਗੱਲਾਂ ਤੋਂ ਇਲਾਵਾ ਜੋ ਇਕ ਗੱਲ ਸਾਡੀ ਟੀਮ ਨੂੰ ਰੜਕੀ ਕਿ ਪੁਲੀਸ ਨੇ ਪਰਿਵਾਰ ਨੂੰ ਪੋਸਟ-ਮਾਰਟਮ ਦੀ ਨਕਲ ਮੁਹੱਈਆ ਨਹੀਂ ਕਰਵਾਈ। 25 ਤਰੀਕ ਨੂੰ ਜਦ ਉਸ ਦੇ ਪਿਤਾ ਨੂੰ ਲਾਸ਼ ਸੌਂਪੀ ਗਈ, ਇਹ ਗਲ-ਸੜ ਚੁੱਕੀ ਸੀ ਪਰ ਸੱਜੇ ਮੋਢੇ ਉੱਪਰ ਜ਼ਖ਼ਮ ਦਾ ਨਿਸ਼ਾਨ ਸੀ ਜੋ ਲੱਗਦਾ ਸੀ ਕਿ ਕੁਹਾੜੀ ਦੇ ਟੱਕ ਨਾਲ ਹੋਇਆ ਸੀ। ਉਸ ਦੇ ਸਰੀਰ ਉਪਰ ਗੋਲੀਆਂ ਦੇ ਨਿਸ਼ਾਨ ਨਹੀਂ ਦਿਸੇ। ਨੇੜਲੀਆਂ ਬਸਤੀਆਂ ਵਾਲਿਆਂ ਨੇ ਵੀ ਉਸ ਰਾਤ ਗੋਲੀਆਂ ਦੀ ਆਵਾਜ਼ ਉਸ ਤਰ੍ਹਾਂ ਦੀ ਨਹੀਂ ਸੁਣੀ ਜਿਸ ਤਰ੍ਹਾਂ ਕਿ ਅਕਸਰ ਪੁਲੀਸ ਮੁਕਾਬਲਿਆਂ ਦੌਰਾਨ ਸੁਣੀਂਦੀ ਹੈ, ਗੋਲੀ ਚੱਲਣ ਦੀਆਂ ਇੱਕਾ-ਦੁੱਕਾ ਆਵਾਜ਼ਾਂ ਹੀ ਸੁਣੀਆਂ। ਪਰਿਵਾਰ ਨੂੰ ਖ਼ਦਸ਼ਾ ਹੈ ਕਿ ਉਹਨਾਂ ਛੇਆਂ ਨੂੰ ਗੋਲੀ ਮਾਰਨ ਤੋਂ ਪਹਿਲਾਂ ਪੁਲੀਸ ਹਿਰਾਸਤ ਵਿਚ ਰੱਖਿਆ ਗਿਆ ਅਤੇ ਸਖ਼ਤ ਤਸੀਹੇ ਦਿਤੇ ਗਏ। ਤੱਥ-ਖੋਜ ਕਮੇਟੀ ਨੂੰ ਸਮਝ ਨਹੀਂ ਆ ਰਿਹਾ ਕਿ ਹਿਰਾਸਤ ਵਿਚ ਲਏ ਗਏ ਨੰਦੂ ਅਤੇ ਉਸ ਦੇ ਸਾਥੀਆਂ ਨੂੰ ਪੁਲੀਸ ਨੇ ਗਿ੍ਰਫ਼ਤਾਰ ਕਰਕੇ ਅਦਾਲਤ ਦੇ ਸਾਹਮਣੇ ਪੇਸ਼ ਕਿਉਂ ਨਹੀਂ ਕੀਤਾ ਅਤੇ ਸਾਰੇ ਸਬੂਤਾਂ ਤੇ ਗਵਾਹੀਆਂ ਦੁਆਰਾ ਹਿਰਾਸਤੀ ਤਸ਼ਦਦ ਤੇ ਕਤਲ ਵੱਲ ਇਸ਼ਾਰਾ ਕੀਤੇ ਜਾਣ ਦੇ ਬਾਵਜੂਦ, ਕਿਵੇਂ ਪੁਲੀਸ, ਇਹ ਮੌਤਾਂ ਪੁਲੀਸ ਮੁਕਾਬਲੇ ਵਿਚ ਹੋਣ ਦਾ ਦਾਅਵਾ ਕਰ ਰਹੀ ਹੈ। ਟੀਮ ਨੇ ਨੋਟ ਕੀਤਾ ਕਿ ਕੋਰਾਪਲੀ ਪਿੰਡ ਵਿਚ ਅਜੇ ਵੀ ਸੁਰੱਖਿਆ ਬਲ ਅਤੇ ਸਥਾਨਕ ਪੁਲੀਸ, ਪਰਿਵਾਰ ਅਤੇ ਉਹਨਾਂ ਦੇ ਗਵਾਂਢੀਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ।

ਇਹ ਹੱਤਿਆਵਾਂ ਕੋਈ ਇੱਕਾ-ਦੁੱਕਾ ਟੁੱਟਵੀਂਆਂ ਘਟਨਾਵਾਂ ਨਹੀਂ ਸਗੋਂ ਇਸ ਇਲਾਕੇ ਵਿਚ ਹੋ ਰਹੇ ਪੁਲੀਸ ਅਤਿਆਚਾਰਾਂ ਦੇ ਵੱਡੇ ਰੁਝਾਨ ਦਾ ਇਕ ਹਿੱਸਾ ਜਾਪਦੀਆਂ ਹਨ। ਪੁਲੀਸ ਤੇ ਸੁਰੱਖਿਆ ਬਲਾਂ ਦੇ ਵੱਡੀ ਗਿਣਤੀ ਵਿਚ ਕਾਇਮ ਕੀਤੇ ਕੈਂਪ, ਉਸ ਇਲਾਕੇ ਵਿਚ ਰਹਿ ਰਹੇ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਦਾ ਮਾਹੌਲ ਸਿਰਜ ਰਹੇ ਹਨ। ਪੁਲੀਸ ਤਸ਼ੱਦਦ ਤੇ ਮੁਕਾਬਲਿਆਂ ਦੀਆਂ ਇਸ ਸਾਲ ਦੌਰਾਨ ਹੋਈਆਂ ਪਿਛਲੀਆਂ ਘਟਨਾਵਾਂ ਤੋਂ ਇਸ ਗੱਲ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ। ਮਿਸਾਲ ਦੇ ਤੌਰ ’ਤੇ ਇਸ ਸਾਲ 5 ਫਰਵਰੀ ਨੂੰ, ਪੰਛੀਆਂ ਦਾ ਸ਼ਿਕਾਰ ਕਰਨ ਨਿਕਲੇ ਕੋਇਨਵਰਸ਼ਾ ਪਿੰਡ ਦੇ ਦੋ ਨੌਜਵਾਨਾਂ, ਰਾਮ ਕੁਮਾਰ ਤੇ ਪ੍ਰੇਮ ਲਾਲ, ਨੂੰ ਸੁਰੱਖਿਆ ਬਲਾਂ ਨੇ ਹਿਰਾਸਤ ਵਿਚ ਲੈ ਲਿਆ। ਉਹਨਾਂ ਨੂੰ ਅਲੱਗ-2 ਕਰ ਕੇ ਪੁੱਛ-ਗਿਛ ਕੀਤੀ ਗਈ ਅਤੇ ਵਾਰ-2 ਇਹ ਮੰਨਵਾਉਣ ਲਈ ਦਬਾਉ ਪਾਇਆ ਗਿਆ ਕਿ ਉਹ ਮਾਉਵਾਦੀ ਹਨ। ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੂੰ ਜ਼ਬਰਦਸਤੀ ਹਿਰਾਸਤ ਵਿਚ ਰੱਖਿਆ ਗਿਆ। ਚੰਗੇ ਭਾਗੀਂ, ਉਨ੍ਹਾਂ ’ਚੋਂ ਇਕ, ਪ੍ਰੇਮ ਲਾਲ, ਭੱਜਣ ਵਿਚ ਕਾਮਯਾਬ ਹੋ ਗਿਆ ਜਿਸ ਨੇ ਇਹ ਸਾਰਾ ਪ੍ਰਸੰਗ ਟੀਮ ਨਾਲ ਸਾਂਝਾ ਕੀਤਾ। 6 ਤਰੀਕ ਨੂੰ ਪਿੰਡ ਵਾਸੀ ਉਸ ਥਾਂ ਉਪਰ ਗਏ ਜਿਥੋਂ ਉਹਨ੍ਹਾਂ ਨੂੰ ਚੁੱਕਿਆ ਗਿਆ ਸੀ। ਉਥੇ ਉਹਨਾਂ ਨੇ ਖ਼ੂਨ ਦੇ ਧੱਬੇ, ਰਾਮ ਕੁਮਾਰ ਦੀ ਵੋਟਰ-ਆਈ-ਡੀ ਦੇ ਅੱਧ-ਜਲੇ ਟੁਕੜੇ ਅਤੇ ਸ਼ਿਕਾਰ ਕੀਤੇ ਗਏ ਪੰਛੀ ਦੀ ਰਹਿੰਦ-ਖੂੰਹਦ ਦੇਖੀ। ਇਸ ਤੋਂ ਉਹਨਾਂ ਨੂੰ ਸ਼ੱਕ ਹੋਇਆ ਕਿ ਰਾਮ ਕੁਮਾਰ ਨੂੰ ਮਾਰ ਦਿਤਾ ਗਿਆ ਹੈ। ਜਦੋਂ ਉਹ ਗੜ੍ਹਚਿਰੋਲੀ ਥਾਣੇ ਪਹੁੰਚੇ ਤਾਂ ਉਥੇ ਰਾਮ ਕੁਮਾਰ ਦੀ ਲਾਸ਼ ਦੇਖੀ। ਕੋਇਨਵਰਸ਼ਾ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਉਹਨਾਂ ਦੇ ਪਿੰਡ ਵਿਚ ਵਾਪਰੀ ਇਹ ਅਜਿਹੀ ਪਹਿਲੀ ਘਟਨਾ ਸੀ ਅਤੇ ਪੁਲੀਸ ਨੇ ਉਹਨਾਂ ਉਪਰ ਇਸ ਮੁੱਦੇ ਨੂੰ ਨਾ ਉਛਾਲਣ ਲਈ ਦਬਾਅ ਪਾਇਆ। ਪਿੰਡ ਵਾਸੀਆਂ ਨੂੰ ਚੁੱਪ ਰਹਿਣ ਬਦਲੇ ਪੈਸੇ ਦੇਣ ਦਾ ਲਾਲਚ ਦਿਤਾ ਗਿਆ। ਜਦ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਹੈਦਰੀ ਪੁਲੀਸ ਕੈਂਪ ਪਹੁੰਚੇ ਤਾਂ ਇਹਨਾਂ ਨੌਜਵਾਨਾਂ ਦੇ ਮਾਉਵਾਦੀਆਂ ਨਾਲ ਸਬੰਧ ਸਾਬਤ ਕਰਨ ਲਈ ਇਕ ਚਿੱਠੀ ਉਪਰ ਪਰਿਵਾਰ ਦੇ ਮੈਂਬਰਾਂ ਦੇ ਅੰਗੂਠਿਆਂ ਦੇ ਨਿਸ਼ਾਨ ਲੈ ਲਏ ਗਏ। ਇਸ ਕੇਸ ਵਿਚ ਮੈਜਿਸਟ੍ਰੇਟੀ ਜਾਂਚ ਚਲ ਰਹੀ ਹੈ ਪਰ ਉਹਨਾਂ ਨੂੰ ਇਸ ਜਾਂਚ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਸੇ ਸੂਰਜਗੜ ਇਲਾਕੇ ਵਿਚ, ਜਿਥੇ ਵਿਚ ਲੋਇਡ ਮਾਈਨਿੰਗ ਕਾਰਪੋਰੇਸ਼ਨ ਨੇ ਸੰਨ 2016 ਵਿਚ ਆਪਣਾ ਆਧਾਰ ਕਾਇਮ ਕੀਤਾ ਸੀ, ਖਾਣਾਂ ਸਥਾਪਤ ਕੀਤੇ ਜਾਣ ਵਿਰੁੱਧ ਲੋਕਾਂ ਦਾ ਵਿਰੋਧ ਉਸੇ ਵਕਤ ਸ਼ੁਰੂ ਹੋ ਗਿਆ ਸੀ ਜਦੋਂ ਲੋਇਡ ਕੰਪਨੀ ਨੂੰ ਜ਼ਮੀਨ ਲੀਜ਼ ਉਪਰ ਦਿਤੀ ਗਈ। ਸਿੱਟੇ ਵਜੋਂ ਉਸੇ ਵਕਤ ਧਰਮਕੁੰਡਵਨੀ ਤੇ ਸੂਰਜਗੜ ਖਾਣਾਂ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਪੁਲੀਸ ਤਸ਼ੱਦਦ ਵਧ ਗਿਆ ਜਿਸ ਵਿਚ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ, ਕੁੱਟ ਮਾਰ ਕਰਨੀ ਅਤੇ ਹਿਰਾਸਤ ਵਿਚ ਲੈਣਾ ਆਦਿ ਸ਼ਾਮਲ ਸੀ। ਇਹ ਵਰਤਾਰਾ ਮੋਹੰਦੀ ਤੇ ਗੁਦਨਪੁਰ ਇਲਾਕੇ ਵਿਚ ਸਾਫ਼ ਦਿਸਦਾ ਹੈ ਜਿਥੇ ਗੱਤਾ ਥਾਣੇ ਦੀ ਪੁਲੀਸ ਨੇ ਇਕ ਪਿੰਡ ਵਿੱਚੋਂ ਪਹਿਲਾਂ ਦੋ ਅਤੇ ਫਿਰ ਪੰਜ ਲੋਕਾਂ ਨੂੰ ਚੁੱਕ ਲਿਆ। ਜਦੋਂ ਪਿੰਡ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਏਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਕਈਆਂ ਦੇ ਸਰੀਰਾਂ ਉਪਰ ਕੁੱਟ ਦੇ ਨਿਸ਼ਾਨ ਅਜੇ ਤਕ ਦਿਖਦੇ ਹਨ। ਫੜੇ ਗਏ ਬੰਦਿਆਂ ਚੋਂ ਇਕ ਦੀ ਮਾਂ ਦਾ ਕੁੱਟ-2 ਕੇ ਹੱਥ ਤੋੜ ਦਿੱਤਾ ਜੋ ਅਜੇ ਤੱਕ ਨਕਾਰਾ ਹੈ। ਫੜੇ ਗਏ ਇਹਨਾਂ ਅੱਠ ਬੰਦਿਆਂ ਚੋਂ ਸੱਤ ਜੇਲ਼ ਵਿਚ ਬੰਦ ਹਨ, ਜਿਹਨਾਂ ’ਚੋਂ ਦੋ ਨਬਾਲਗ ਹਨ। ਅੱਠਵੇਂ ਦਾ ਅਜੇ ਤੱਕ ਵੀ ਕੋਈ ਥਹੁ-ਪਤਾ ਨਹੀਂ ਹੈ। ਪੁਲੀਸ ਦਾ ਦਾਅਵਾ ਹੈ ਕਿ ਇਹ ਅੱਠਵਾਂ, ਦਿਨੇਸ਼, ਪੁਲੀਸ ਹਿਰਾਸਤ ਤੋਂ ਭੱਜ ਗਿਆ ਹੈ ਪਰ ਪਰਿਵਾਰ ਨੂੰ ਖ਼ਦਸ਼ਾ ਹੈ ਕਿ ਉਸ ਨੂੰ ਮਾਰ ਦਿਤਾ ਗਿਆ ਹੈ। ਰੇਕਾਨਰ ਪਿੰਡ ਦੇ ਇਕ ਨੌਜਵਾਨ, ਸੰਸੂ ਮਿਰਚਾ ਉਸੈਂਡੀ ਨੇ 29 ਮਾਰਚ 2018 ਨੂੰ, ਜੰਗਲੀ ਜਾਨਵਰ ਫੜਣ ਲਈ ਜਾਲ ਲਗਾਇਆ ਸੀ। 30 ਤਰੀਕ ਨੂੰ ਉਹ ਇਸ ਜਾਲ ਨੂੰ ਚੈੱਕ ਕਰਨ ਗਿਆ ਤਾਂ ਸੀ.ਆਰ.ਪੀ.ਐਫ ਨੇ ਪਿਛਲੇ ਪਾਸੇ ਤੋਂ ਉਸ ਉਪਰ ਹਮਲਾ ਕਰ ਦਿੱਤਾ। ਉਸ ਨੂੰ ਸੁਰੱਖਿਆ ਬਲਾਂ ਦੁਆਰਾ ਕੁੱਟਿਆ ਤੇ ਘਸੀਟਿਆ ਗਿਆ ਅਤੇ ਆਖ਼ਿਰ ਮਾਰ ਦਿੱਤਾ ਗਿਆ। ਇਕ ਅਪਰੈਲ ਨੂੰ ਉਸ ਦੇ ਪਰਿਵਾਰ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਉਹ ਪੁਲੀਸ ਥਾਣੇ ਗਏ। ਉਹਨਾਂ ਨੂੰ ਉਸ ਦੇ ਮਾਰੇ ਜਾਣ ਬਾਰੇ ਨਹੀਂ ਦੱਸਿਆ ਗਿਆ। ਜਦੋਂ ਤਿੰਨ ਅਪਰੈਲ ਨੂੰ ਉਸ ਨੂੰ ਲੱਭਦੇ-ਲੱਭਦੇ ਉਹ ਫਿਰ ਥਾਣੇ ਗਏ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਅਖਾਉਤੀ ਪੁਲੀਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਪਰਿਵਾਰ ਤੇ ਪਿੰਡ ਵਾਸੀਆਂ ਨੇ ਇਸ ਹੱਤਿਆ ਵਿਰੁਧ 6 ਅਪਰੈਲ ਨੂੰ ਐਸ.ਪੀ ਦਫ਼ਤਰ ਮੂਹਰੇ ਰੋਸ-ਪ੍ਰਦਰਸ਼ਨ ਕੀਤਾ।

ਸੰਨ 2006-07 ਵਿਚ ਜਦੋਂ ਪਹਿਲੀ ਵਾਰ ਖਾਣਾਂ ਦੀ ਤਜ਼ਵੀਜ ਸਾਹਮਣੇ ਆਈ ਤਾਂ ਸਥਾਨਕ ਭਾਈਚਾਰਿਆਂ ਦੇ ਹੋਏ ਵਿਰੋਧ ਕਾਰਨ ਉਸ ਵਕਤ ਇਸ ਤਜ਼ਵੀਜ ਨੂੰ ਰੋਕ ਦਿਤਾ ਗਿਆ। ਹੁਣ ਇਕ ਵਾਰ ਫਿਰ ਪੁਲੀਸ ਤੇ ਨੀਮ-ਫ਼ੌਜੀ ਬਲਾਂ ਦੇ ਕੈਂਪਾਂ ਦੀ ਨਫ਼ਰੀ ਵਧਾ ਕੇ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਉਪਰ ਤਸ਼ੱਦਦ ਵਿਚ ਤੇਜ਼ੀ ਲਿਆਕੇ ਇਸ ਤਜ਼ਵੀਜ ਨੂੰ ਲਾਗੂ ਕੀਤਾ ਜਾ ਰਿਹਾ ਹੈ। ਪੁਲੀਸ ਤਸ਼ੱਦਦ ਦੇ ਡਰ ਕਾਰਨ ਔਰਤਾਂ ਜੰਗਲ ਵਿਚ ਜਾਣ ਤੋਂ ਡਰਦੀਆਂ ਹਨ ਕਿਉਂਕਿ ਪਿਛਲੇ ਸਮੇਂ ਦੌਰਾਨ ਅਜਿਹੀਆਂ ਕਈ ਘਟਨਾਵਾਂ ਹੋਈਆਂ ਹਨ ਜਦੋਂ ਸੁਰੱਖਿਆ-ਬਲਾਂ ਨੇ ਨੌਜਵਾਨ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਅਤੇ ਰਾਤ ਭਰ ਬਿਠਾਈ ਰੱਖਿਆ। ਪੁਲੀਸ ਵਲੋਂ ਚੁੱਕ ਲਏ ਜਾਣ ਦੇ ਡਰੋਂ ਆਦਮੀਆਂ ਨੇ ਬਾਜ਼ਾਰ ਜਾਣਾ ਬੰਦ ਕਰ ਦਿੱਤਾ ਹੈ। ਕਾਰਪੋਰੇਸ਼ਨਾਂ ਤੇ ਪੁਲੀਸ ਦੁਆਰਾ ਉਹਨਾਂ ਉਪਰ ਪਾਏ ਦਬਾਅ ਕਾਰਨ ਤੇਂਦੂ-ਪੱਤਾ ਤੇ ਬਾਂਸ ਖਰੀਦਣ ਵਾਲੇ ਠੇਕੇਦਾਰਾਂ ਨੇ ਉਸ ਇਲਾਕੇ ਵਿਚ ਜਾਣਾ ਬੰਦ ਕਰ ਦਿਤਾ ਹੈ। ਪੇਂਡੂ ਲੋਕਾਂ ਨੂੰ ਹਿਰਾਸਤ ਵਿਚ ਲਏ ਜਾਣ ਤੇ ਹੱਤਿਆਵਾਂ ਅਤੇ ਇਹਨਾਂ ਮੁੱਦਿਆਂ ਉਪਰ ਅਦਾਲਤੀ ਪ੍ਰਤੀਕਰਮ ਜਾਂ ਅਮਲ ਦੀ ਘਾਟ ਕਾਰਨ, ਲੋਕਾਂ ਵਿਚ ਡਰ ਤੇ ਗੁੱਸੇ ਦੀ ਭਾਵਨਾ ਵਧ ਰਹੀ ਹੈ। ਧਮਕੁੰਡਵਨੀ ਪਹਾੜੀ ਮਹਾਂਰਾਸ਼ਟਰ, ਛੱਤੀਸਗੜ੍ਹ ਤੇ ਝਾਰਖੰਡ ਸੂਬੇ ਦੇ ਆਦਿਵਾਸੀਆਂ ਲਈ ਪਵਿੱਤਰ ਅਸਥਾਨ ਹੈ ਅਤੇ ਖਾਣਾਂ ਕਾਰਨ ਉਹਨਾਂ ਦੀ ਸਮਾਜਿਕ, ਆਰਥਕ ਤੇ ਸੱਭਿਆਚਾਰਕ ਜ਼ਿੰਦਗੀ ਹਿੰਸਕ ਤਰੀਕੇ ਨਾਲ ਪ੍ਰਭਾਵਿਤ ਹੁੰਦੀ ਹੈ। ਗੜ੍ਹਚਿਰੋਲੀ ਜ਼ਿਲ੍ਹੇ ਦੇ ਸਹੀ ਹਾਲਾਤਾਂ ਨੂੰ ਸਮਝਣ ਲਈ ਤੱਥ-ਖੋਜ ਟੀਮ ਆਪਣੇ ਤਿੰਨ ਦਿਨਾ ਦੌਰੇ ਦੌਰਾਨ ਕਈ ਪਿੰਡਾਂ ਵਿਚ ਘੁੰਮੀ ਅਤੇ ਕਈ ਸੌ ਲੋਕਾਂ ਨੂੰ ਮਿਲੀ। ਸਾਨੂੰ ਸਪੱਸ਼ਟ ਹੋ ਗਿਆ ਕਿ ਸਰਕਾਰ ਦੁਆਰਾ ਪ੍ਰਚਾਰਿਆ ਜਾ ਰਿਹਾ ਵਿਕਾਸ ਦਾ ਕਿੱਸਾ, ਲੋਕਾਂ ਦੀ ਮਰਜ਼ੀ ਦੇ ਮੁਤਾਬਕ ਨਹੀਂ ਹੈ। ਲੋਕ, ਉਹਨਾਂ ਦੀਆਂ ਜ਼ਮੀਨਾਂ ਤੇ ਜੀਵਨ-ਗੁਜ਼ਾਰੇ ਦੇ ਸਾਧਨਾਂ ਨੂੰ ਜ਼ੋਰ-ਜ਼ਬਰਦਸਤੀ ਨਾਲ ਖੋਹੇ ਜਾਣ ਦੇ ਵਿਰੁੱਧ ਪੂਰੀ ਤਨਦੇਹੀ ਨਾਲ ਡਟੇ ਹੋਏ ਹਨ ਜਿਸ ਦੇ ਫਲਸਰੂਪ ਉਹਨਾਂ ਨੂੰ ਰਾਜ ਦੇ ਵਹਿਸ਼ੀ ਜਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚ ਉਹਨਾਂ ਦਾ ਜਾਨੀ ਨੁਕਸਾਨ ਵੀ ਸ਼ਾਮਲ ਹੈ।

ਤੱਥ-ਖੋਜ ਕਮੇਟੀ ਰਾਜ ਦੀ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਮਾਰ ਮੁਕਾਉਣ ਵਾਲ਼ੀ ਇਸ ਨੀਤੀ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ

(1) ਬੋਰੀਆ-ਕਸਨਸੁਰ, ਰਾਜਾਰਾਮ ਖੰਡਲਾ, ਕੋਇਨਵਰਸ਼ਾ ਤੇ ਰੇਖਾਨਾਰ ਦੇ ਝੂਠੇ ਪੁਲੀਸ ਮੁਕਾਬਲਿਆਂ ਦੀ ਅਦਾਲਤੀ ਜਾਂਚ ਕਰਵਾਈ ਜਾਵੇ।

(2) ਪੁਲੀਸ ਅਤਿਆਚਾਰਾਂ ਵਿਰੁੱਧ ਆਵਾਜ਼ ਉਠਾਉਣ ਵਾਲੇ ਸਿਵਲ ਸੁਸਾਇਟੀ ਮੈਂਬਰਾਂ ਵਿਰੁੱਧ ਦਰਜ ਕੇਸ ਰੱਦ ਕੀਤੇ ਜਾਣ।

(3) ਸੁਰੱਖਿਆ ਬਲਾਂ ਦੀ ਅੰਧਾਧੁੰਦ ਵਰਤੋਂ ਅਤੇ ਝੂਠੇ ਪੁਲੀਸ ਮੁਕਾਬਲੇ ਰਚਾਉਣ ਲਈ ਜ਼ਿੰਮੇਵਾਰ ਮੁਲਾਜ਼ਮਾਂ ਖਿਲਾਫ਼ ਪਰਚੇ ਦਰਜ ਕੀਤੇ ਜਾਣ।

(4) ਇਲਾਕੇ ਵਿੱਚੋਂ ਪੁਲੀਸ ਤੇ ਨੀਮ-ਫ਼ੌਜੀ ਬਲਾਂ ਨੂੰ ਵਾਪਸ ਬੁਲਾਇਆ ਜਾਵੇ।

(5) ਗ੍ਰਾਮ ਸਭਾ ਦੀ ਮਨਜ਼ੂਰੀ ਬਗ਼ੈਰ ਕੋਈ ਮਾਈਨਿੰਗ ਨਾ ਕੀਤੀ ਜਾਵੇ।

(6) ਪੇਸਾ () ਐਕਟ ਵਿਚ ਕੀਤੀ ਸੋਧ, ਜਿਸ ਰਾਹੀਂ ਮਾਈਨਿੰਗ ਲਈ ਗ੍ਰਾਮ ਸਭਾ ਦੀ ਸਹਿਮਤੀ ਨੂੰ ਦਰਕਿਨਾਰ ਕੀਤਾ ਗਿਆ ਹੈ, ਨੂੰ ਵਾਪਸ ਲਿਆ ਜਾਵੇ।

(7) ਤੇਂਦੂ-ਪੱਤਾ ਤੇ ਬਾਂਸ ਦੀ ਬੇਰੋਕ-ਟੋਕ ਉਗਰਾਹੀ ਲਈ ਜੰਗਲਾਂ ਨੂੰ ਸਹੀ ਸਲਾਮਤ ਰੱਖਿਆ ਜਾਵੇ ਅਤੇ ਸਰਕਾਰ ਇਹਨਾਂ ਜਿਣਸਾਂ ਦੀ ਵਾਜਬ ਕੀਮਤ ਉੱਪਰ ਵਿਕਰੀ ਦਾ ਪ੍ਰਬੰਧ ਕਰੇ।

ਜਮਹੂਰੀ ਅਧਿਕਾਰਾਂ ਨਾਲ ਸਬੰਧਤ ਜਥੇਬੰਦੀਆਂ ਦੀ ਤਾਲਮੇਲ ਕਮੇਟੀ (CDRO)

ਇੰਡੀਅਨ ਐਸੋਸੀਏਸ਼ਨ ਆਫ਼ ਪੀਪਲਜ਼ ਲਾਇਅਰਜ਼ (IAPL)

ਰਾਜ ਦੇ ਜਬਰ ਤੇ ਲਿੰਗਕ ਹਿੰਸਾ ਵਿਰੁਧ ਔਰਤਾਂ ਦੀ ਜਥੇਬੰਦੀ (WSS)


ਨੋਟ : ਤੱਥ ਖੋਜ ਟੀਮ ਵਿਚ ਸ਼ਾਮਲ ਐਡਵੋਕੇਟ ਐੱਨ.ਕੇ.ਜੀਤ ਨੇ ਜਾਣਕਾਰੀ ਦਿੱਤੀ ਹੈ ਕਿ ਵੱਖ ਵੱਖ ਥਾਵਾਂ ‘ਤੇ ਜਾਕੇ ਪੜਤਾਲ ਕਰਨ ਤੋਂ ਬਾਦ ਟੀਮ ਵਲੋਂ ਆਪਣੀ ਅੰਤਰਿਮ ਰਿਪੋਰਟ ਪ੍ਰੈਸ ਕਾਨਫਰੰਸ ਰਾਹੀਂ ਜਾਰੀ ਕੀਤੀ ਗਈ। ਜਿਥੇ ਟੀਮ ਨਾਲ ਸਹਿਯੋਗ ਕਰ ਰਹੇ ਆਮ ਆਦਮੀ ਪਾਰਟੀ, ਸੀਪੀਆਈ ਤੇ ਕਈ ਗ੍ਰਾਮ ਪੰਚਾਇਤਾਂ ਦੇ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਹਾਜਰ ਸਨ। ਜਦੋਂ ਤੱਥ ਖੋਜ ਕਮੇਟੀ ਪ੍ਰੈਸ ਕਾਨਫਰੰਸ ਖ਼ਤਮ ਕਰਕੇ ਬਾਹਰ ਨਿਕਲ ਰਹੀ ਸੀ ਤਾਂ ਇੱਥੋਂ ਦੇ ਇਕ ਸਥਾਨਕ ‘‘ਨਕਸਲ ਵਿਰੋਧੀ ਸੰਗਠਨ’’ ਦਾ ਪ੍ਰਧਾਨ ਡਾ. ਅਰਵਿੰਦ ਸੋਹਣੀ ਆਪਣੇ ਦੋ ਤਿੰਨ ਸਾਥੀਆਂ ਸਮੇਤ ਉਥੇ ਪਹੁੰਚ ਕੇ ਹਮਲਾਵਰ ਅੰਦਾਜ਼ ਵਿਚ ਕਮੇਟੀ ਦੇ ਮੈਂਬਰਾਂ ਨੂੰ ਨਕਸਲਵਾਦ ਬਾਰੇ ਬਹਿਸ ਵਿਚ ਹਿੱਸਾ ਲੈਣ ਲਈ ਵੰਗਾਰਨ ਲੱਗ ਪਿਆ। ਉਹਨਾਂ ਦਾ ਮਕਸਦ ਸਪਸ਼ਟ ਤੌਰ ਤੇ ਖ਼ਲਲ ਪਾਉਣ ਦਾ ਸੀ। ਕਮੇਟੀ ਮੈਂਬਰਾਂ ਨੇ ਉਸਨੂੰ ਕਿਹਾ ਕਿ ਅਸੀਂ ਇੱਥੇ ਸਚਾਈ ਦੀ ਖੋਜ ਕਰਨ ਲਈ ਆਏ ਹਾਂ ਨਾ ਕਿ ਨਕਸਲਵਾਦ ਬਾਰੇ ਬਹਿਸ ਕਰਨ ਲਈ। ਜਿਹਨਾਂ ਘਟਨਾਵਾਂ ਬਾਰੇ ਅਸੀਂ ਪੜਤਾਲ ਕੀਤੀ ਹੈ ਉਹਨਾਂ ਬਾਰੇ ਕੋਈ ਜ਼ਬਾਨੀ ਜਾਂ ਲਿਖਤੀ ਤੱਥ ਤੁਸੀਂ ਪੇਸ਼ ਕਰਨਾ ਚਾਹੁੰਦੇ ਹੋਂ ਤਾਂ ਅਸੀਂ ਉਹ ਸੁਨਣ ਨੂੰ ਤਿਆਰ ਹਾਂ। ਤੱਥ ਖੋਜ ਕਮੇਟੀ ਨਾ ਨਕਸਲ ਪੱਖੀ ਹੈ ਨਾ ਨਕਸਲ ਵਿਰੋਧੀ। ਇਹ ਕਮੇਟੀ ਸਿਰਫ਼ ਲੋਕਾਂ ਦੇ ਜਮਹੂਰੀ ਹੱਕਾਂ ਦੇ ਪੱਖੀ ਹੈ ਤੇ ਉਸਦੀ ਰਾਖੀ ਲਈ ਵਚਨਬੱਧ ਹੈ। ਹੈਰਾਨੀ ਦੀ ਗੱਲ ਹੈ ਕਿ ਤੱਥ ਖੋਜ ਦੀ ਟੀਮ ਦੀ ਰਿਪੋਰਟ ਬਾਰੇ ਜੋ ਖਬਰਾਂ ਅੱਜ ਦੇ ਅਖਬਾਰਾਂ ‘ਚ ਲੱਗੀਆਂ, ਤੱਥ ਖੋਜ ਕਮੇਟੀ ਦਾ ਪੱਖ ਸੁੰਗੇੜ ਕੇ ਦਿਤਾ ਗਿਆ ਹੈ ਅਤੇ ਸਟੇਟ ਪਖੀ ਪ੍ਰਚਾਰ ਨੂੰ ਉਕਤ ਖ਼ਲਲ ਪਾਊ ਵਿਅਕਤੀਆਂ ਦੇ ਹਵਾਲੇ ਨਾਲ ਪ੍ਰਮੁੱਖਤਾ ਦਿਤੀ ਗਈ ਹੈ। ਇਸ ਤੋਂ ਜ਼ਾਹਰ ਹੈ ਕਿ ਪ੍ਰੈਸ ਹਕੂਮਤ ਦੇ ਦਬਾਅ ਥੱਲੇ ਕੰਮ ਕਰ ਰਹੀ ਹੈ ਜੋ ਖ਼ਬਰਾਂ ਦੀ ਨਿਰਪੱਖਤਾ ਤੇ ਪਾਰਦਰਸ਼ਤਾ ‘ਤੇ ਸੁਆਲੀਆ ਚਿੰਨ ਲੱਗਦਾ ਹੈ। ਇਸ ਤੋਂ ਪਹਿਲਾਂ ਵੀ ਨਾਟਕੀ ਤਰੀਕੇ ਨਾਲ ਵਿਉਂਤੇ ਪ੍ਰਦਰਸ਼ਨ ਵੀ ਕਰਾਵਏ ਗਏ ਤੇ ਉਹਨਾਂ ਰਾਹੀਂ ਹਕੂਮਤੀ ਪੱਖ ਨੂੰ ਪ੍ਰੈਸ ‘ਚ ਪੇਸ਼ ਕੀਤਾ ਗਿਆ। ਪ੍ਰੈਸ ‘ਚ ਇਸ ਨਾਟਕੀ ਘਟਨਾਕ੍ਰਮ ਬਾਰੇ ਅਜ਼ਾਦਾਨਾ ਅਤੇ ਪੜਤਾਲੀਆ ਪੱਖ ਅਤੇ ਖੋਜੀ ਵਿਸ਼ਲੇਸ਼ਣ ਪੇਸ਼ ਨਹੀਂ ਹੋਇਆ ਜਿਸਤੋਂ ਟਕਰਾਅ ਦੇ ਇਸ ਖੇਤਰ ਅੰਦਰ ਬਣਾਏ ਗਏ ਦਬਾਅ ਦੇ ਮਾਹੌਲ ਦਾ ਅੰਦਾਜ਼ਾ ਲੱਗ ਜਾਂਦਾ ਹੈ।

No comments:

Post a Comment