Tuesday, October 25, 2016

ਵਿਕਾਸ ਦਾ ਵਿਨਾਸ਼ਮਈ ਚਿਹਰਾ–ਹਾਜੀਪੁਰ ਦਾ ਗੈਰਕਾਨੂੰਨੀ ਖਣਨ

ਵਿਕਾਸ ਦਾ ਵਿਨਾਸ਼ਮਈ ਚਿਹਰਾ–ਹਾਜੀਪੁਰ ਦਾ ਗੈਰਕਾਨੂੰਨੀ ਖਣਨ  
ਦੱਖਣੀ ਏਸ਼ੀਆਂ ਦੀ ਡੈਮਾਂ, ਦਰਿਆਵਾਂ ਅਤੇ ਵਾਤਾਵਰਣ ਤਾਣਾਬਾਣਾ(Sandrf) ਸੰਸਥਾ ਦੀ ਰਿਪੋਰਟ ਅਨੁਸਾਰ ਸਤੰਬਰ 2015 ਵਿੱਚ ਮਾਨਸੂਨ ਨਾਲ ਸਤਲੁਜ ਵਿੱਚ ਹੜ ਆ ਜਾਣ ਨਾਲ ਪੰਜਾਬ ਦਾ ਰੇਤ ਮਾਫੀਆ ਇੰਨਾ ਬੇਚੈਨ ਹੋ ਗਿਆ ਕਿ ਇਸਨੇ ਪਿੰਡਾਂ ਦੇ ਟੋਭੇ ਪੁੱਟਨੇ ਸ਼ੁਰੂ ਕਰ ਦਿੱਤੇ। ਮਾਫੀਏ ਨੇ ਜ਼ਮੀਨ ਨੂੰ ਮਨਜ਼ੂਰ ਸੁਦਾ 4 ਫੁੱਟ ਡੂੰਘਾਈ ਤੋਂ ਵੱਧ ਪੁੱਟਣ ਦੀ ਆਗਿਆ ਦੇਣ ਲਈ ਕਿਸਾਨਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ।
ਪੰਜਾਬ ਸਰਕਾਰ ਨੇ ਰੇਤੇ ਦੀਆ ਕੀਮਤਾਂ ਹੇਠਾਂ ਲਿਆਉਣ ਅਤੇ ਰੇਤੇ ਬਜ਼ਰੀ ਵਿੱਚ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਆਪਣੀ ਖਣਨ ਨੀਤੀ ਵਿੱਚ ਬਦਲਾਅ ਦਾ ਫੈਸਲਾ ਕਰਕੇ  ਸਤਲੁਜ ਬਿਆਸ ਦਰਿਆਵਾਂ ਵਿੱਚ ਆਪਣੇ ਸਿਜਾਈ ਵਿਭਾਗ ਨੂੰ 45 ਥਾਵਾਂ ’ਤੇ ਖੱਡੇ ਲਾਉਣ ਦੀ ਆਗਿਆ ਦੇ  ਦਿੱਤੀ। ਚੇਤੇ ਰਹੇ ਕਿ 2013 ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ(ਐਨ.ਜੀ.ਟੀ.) ਨੇ ਦਰਿਆਵੀ ਤਲਾਂ ਦੇ ਖਣਨ ਨਾਲ ਵਾਤਾਵਰਨ ਨਿਯਮਾਂ ਦੀ ਹੋ ਰਹੀ ਲਗਾਤਾਰ ਉਲੰਘਣਾ ਨੂੰ ਨੋਟ ਕਰਦਿਆਂ 5 ਅਗਸਤ 2013 ਰਾਜ ਵਾਤਾਵਰਨ ਪ੍ਰਭਾਵ ਅਥਾਰਟੀ ਅਤੇ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਵਿਭਾਗ ਦੀ ਅਗਾਂਉਂ ਆਗਿਆ ਤੋਂ ਬਗੈਰ ਦੇਸ਼ ਭਰ ’ਚ ਰੇਤੇ ਦੀ ਨਿਕਾਸੀ ਉਪਰ ਪਾਬੰਦੀ ਲਾ ਦਿੱਤੀ ਹੈ। ਐਨ.ਜੀ.ਟੀ.ਨੇ ਆਪਣੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਰਾਜਾਂ ਦੇ ਸਾਰੇ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ।  ਇਸ ਤੋਂ ਅੱਗੇ ਨਵੰਬਰ 2013 ਵਿੱਚ ਕਿਉਂਕਿ ਰੇਤਾ ਨਿਕਾਸੀ ਲਈ ਕਾਨੂੰਨ ਬਨਾਉਣਾ ਰਾਜ ਵਾਤਾਵਰਨ ਪ੍ਰਭਾਵ ਅਥਾਰਟੀ ਅਤੇ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਵਿਭਾਗ ਦੇ ਅਧਿਕਾਰ ਖੇਤਰ ’ਚ ਆਉਂਦੇ ਹਨ, ਐਨ.ਜੀ.ਟੀ. ਨੇ ਕਿਹਾ ਕਿ ਵਾਤਾਵਰਨ ਕੇਂਦਰ ਦੇ ਅਧਿਕਾਰ ਖੇਤਰ ’ਚ ਹੋਣ ਕਰ ਕੇ ਰਾਜ ਰੇਤੇ ਦੇ ਨਿਕਾਸੀ ਲਈ ਅਲੱਗ ਨਿਯਮ ਨਹੀਂ ਬਣਾ ਸਕਦੀ।
ਨਵੰਬਰ 2015 ਵਿੱਚ ਹਾਈਕੋਰਟ ਦੇ ਮਾਨਯੋਗ ਜੱਜ ਐਸ. ਕੇ. ਮਿਤਲ ਦੀ ਅਗਵਾਈ ਵਿੱਚ ਸੁਣਵਾਈ ਕਰ ਰਹੇ ਡਵੀਜਨ ਬੈਚ ਨੇ ਜੋ ਚੰਡੀਗੜ ਦੇ ਵਸਨੀਕ ਗੁਰਬੀਰ ਸਿੰਘ ਪੰਨੂੰ ਦੀ 2012 ਦੀ ਪਟੀਸ਼ਨ, ਜਿਸ ਵਿੱਚ ਉਸਨੇ ਸਰਕਾਰੀ ਖਜ਼ਾਨੇ ਨੂੰ ਗੈਰਕਾਨੂੰਨੀ ਖਣਨ ਨਾਲ ਹਰ ਸਾਲ 10,000 ਕਰੋੜ ਦਾ ਰਗੜਾ ਲੱਗਣ ਦੀ ਗਲ ਕਹੀ ਹੈਦੀ ਸੁਣਵਾਈ ਦੌਰਾਨ  ਨੋਟ ਕੀਤਾ ਕਿ ਉੱਚ ਅਧਿਕਾਰੀ ਜਾਂ ਤਾਂ ਗੈਰ ਕਾਨੂੰਨੀ ਖਣਨ ਨੂੰ ਅਣਗੋਲਿਆਂ ਕਰਦੇ ਹਨ ਜਾਂ ਇਸ ਵਿੱਚ ਹਿੱਸੇਦਾਰ ਹਨ, ਅਤੇ ਪੰਜਾਬ ਦੇ ਐਡਵੋਕੇਟ ਜਨਰਲ ਅਸ਼ੋਕ ਅਗਰਵਾਲ ਨੇ ਵੀ ਕੋਰਟ ਅੱਗੇ ਰਾਜ ਵਿੱਚ ਕਰੋੜਾ ਦੀ ਹੋ ਰਹੀ ਗੈਰ ਕਾਨੂੰਨੀ ਨਿਕਾਸੀ ਵਿੱਚ ਪੁਲੀਸ, ਉਚ ਅਧਿਕਾਰੀਆਂ ਅਤੇ ਸਿਆਸਤ ਦਾਨਾਂ ਦੀ ਸ਼ਮੂਲੀਅਤ ਨੂੰ ਕਬੂਲ ਕੀਤਾ। ਬੇਲਾ ਰਾਮਗੜ(ਰੋਪੜ) ਦੇ ਸਰਪੰਚ ਗੁਰਦੀਪ ਸਿੰਘ ਦੀ 2010 ਦੀ ਪਟੀਸ਼ਨ ਕਾਰਨ ਹਾਈਕੋਰਟ ਨੇ ਦੋਵਾਂ ਰਾਜਾਂ ਵਿੱਚ ਖਣਨ ਉੱਪਰ ਪਾਬੰਦੀ ਲਾ ਦਿੱਤੀ ਸੀ, ਹੁਣ ਇਸ ਗੱਲੋਂ ਪ੍ਰੇਸ਼ਾਨ ਸੀ ਕਿ ਉਹਨਾਂ ਦੇ ਪਿੰਡ ਵਿੱਚ ਜਨਤਕ ਸੁਣਵਾਈ ਵਿਚ ਇਨਕਾਰ ਹੋਣ ਦੇ ਬਾਵਜੂਦ ਪ੍ਰਸ਼ਾਸਨ ਖਣਨ ਦੀ ਤਿਆਰੀ ਵਿੱਚ ਹੈ।
            ਪਿਛਲੇ ਕਈ ਸਾਲਾਂ ਤੋਂ ਰੇਤੇ ਬਜਰੀ ਰਾਹੀ ਖਪਤਕਾਰਾਂ ਦੀ ਕੀਤੀ ਜਾ ਰਹੀ ਲੁੱਟ ਪੰਜਾਬ ਦੇ ਲੋਕਾਂ ਦਾ ਅਹਿਮ ਮੁੱਦਾ  ਬਣਿਆ ਹੋਇਆ ਹੈ ਜਿਸ ਨਾਲ ਉਸਾਰੀ ਮਜ਼ਦੂਰਾਂ ਦਾ ਰੁਜਗਾਰ ਵੱਡੀ ਪੱਧਰ ’ਤੇ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਪਿੱਛਲੇ ਸਾਲ ਤੋਂ ਰੇਤਾ ਬਜਰੀ ਮਾਫੀਏ ਵੱਲੋਂ ਹਿਮਾਲਾ ਪਰਬਤ ਦੇ ਪੈਰਾਂ ਵਿੱਚ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਕੀਤੀ ਜਾ ਰਹੀ ਖਣਨ ਨਾਲ ਦਰਿਆਵਾਂ, ਨਾਲਿਆਂ ਅਤੇ ਚੋਆਂ ਦੇ ਤਲਾਂ ਦੀ ਕੀਤੀ ਜਾ ਰਹੀ ਬਰਬਾਦੀ, ਕਿਸਾਨਾਂ ਦਾ ਉਜਾੜਾ, ਵਿਰੋਧ ਨੂੰ ਨੱਪਣ ਲਈ ਬਣਾਇਆ ਜਾ ਰਿਹਾ ਦਹਿਸ਼ਤ ਦਾ ਮਾਹੌਲ ਅਤੇ ਪੱਤਰਕਾਰਾਂ ਦੀ ਕੁੱਟਮਾਰ ਅਤੇ ਅਖੌਤੀ ਐਕਸੀਡੈਂਟਾਂ ਨਾਲ ਉਨ੍ਹਾਂ ਦੀ ਮੌਤ ਆਦਿ ਵੀ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਇਸ ਨੂੰ ਲੋਕਾਂ ਦੇ ਜਿਊਣ ਦੇ ਮੁਢਲੇ ਹੱਕ ਦੀ ਉਲੰਘਣਾ ਸਵੀਕਾਰ ਕਰਦੇ ਹੋਏ ਇਸ ਵਰਤਾਰੇ ਦੀ ਖੋਜ ਪੜਤਾਲ ਕਰਕੇ ਸਚਾਈ ਲੋਕਾਂ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ। ਇਸ ਲਈ ਸਭਾ ਨੇ ਸੂਬਾ ਪ੍ਰਧਾਨ ਪ੍ਰੋ. ਏ ਕੇ ਮਲੇਰੀ, ਸੂਬਾ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ, ਜਥੇਬੰਦਕ ਸਕੱਤਰ ਨਰਭਿੰਦਰ, ਪ੍ਰਿਤਪਾਲ ਸਿੰਘ (ਮੈਂਬਰ ਆਗੂ ਟੀਮ), ਡਾ. ਚਮਨ ਲਾਲ ਵਸਿਸ਼ਟ (ਹੁਸ਼ਿਆਰਪੁਰ ਜ਼ਿਲ੍ਹਾ ਪ੍ਰਧਾਨ) ਅਤੇ ਡਾ. ਤੇਜਪਾਲ ( ਹੁਸ਼ਿਆਰਪੁਰ ਜ਼ਿਲ੍ਹਾ ਸਕੱਤਰ) ਅਧਾਰਤ ਟੀਮ  ਦਾ ਗਨਨ ਕੀਤਾ। ਟੀਮ ਨੇ ਖਣਨ ਤੋਂ ਪ੍ਰਭਾਵਿਤ ਹੁਸ਼ਿਆਰਪੁਰ ਦੇ ਹਾਜੀਪੁਰ ਬਲਾਕ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਖਣਨ ਤੋਂ ਪ੍ਰਭਾਵਿਤ ਲੋਕਾਂ ਨਾਲ ਗਲਬਾਤ ਕੀਤੀ। ਟੀਮ ਨੇ ਇਲਾਕੇ ਦੀ ‘ਖਣਨ ਰੋਕੋ– ਜਮੀਨ ਬਚਾਓ’ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਵੀ ਗਲਬਾਤ ਕੀਤੀ। ਖਣਨ ਸਬੰਧੀ ਪੰਜਾਬ ਸਰਕਾਰ ਦੇ  ਵੱਖ ਵੱਖ ਪੱਤਰਾਂ, ਅਦਾਲਤੀ ਫੈਸਲਿਆਂ ਅਤੇ ਅਖਬਾਰੀ ਰਿਪੋਰਟਾਂ ਦਾ ਵੀ ਘੋਖ ਪੜਤਾਲ ਕੀਤੀ।
ਕੰਢੀ ਇਲਾਕੇ ਦਾ ਪਿਛੋਕੜ: ਤਿੰਨ ਭੂਗੋਲਿਕ ਖਿੱਤਿਆਂ ਵਿੱਚ ਵੱਡੇ ਪੰਜਾਬ ਦਾ ਇੱਕ ਖਿੱਤਾ ਕੰਢੀ ਇਲਾਕੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਿਵਾਲਕ ਪਹਾੜੀਆਂ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਦੇ ਪੈਰਾਂ ਹੇਠ ਪਸਰਿਆਂ ਇਹ ਇਲਾਕਾ ਡੇਰਾਬਸੀ ਤੋਂ ਲੈ ਕੇ ਚੰਡੀਗੜ, ਰੋਪੜ, ਬਲਾਚੌਰ ਹੁਸ਼ਿਆਰਪੁਰ ਮੁਕੇਰੀਆਂ ਤੋਂ ਹੁੰਦਾ ਹੋਇਆ ਪਠਾਨਕੋਟ ਤੱਕ ਪਸਰਿਆ ਹੋਇਆ ਹੈ। ਇਹ ਪੰਜਾਬ ਦੀ ਕੁੱਲ ਭੂਗੋਲਿਕ ਰਕਬੇ ਦਾ 10 ਪ੍ਰਤੀਸ਼ਤ ਹੈ । ਪਰ ਇਸ ਇਲਾਕੇ ਦਾ ਕੇਵਲ ਪੰਜਵਾ ਹਿੱਸਾ ਹੀ ਵਾਹੀਯੋਗ ਹੈ,ਵਧੇਰੇ ਇਲਾਕਾ ਗੈਰ ਉਪਜਾਊ ਹੈ। 40ਫੀ ਸਦੀ ਇਲਾਕਾ ਜੰਗਲਾਂ ਹੇਠ ਹੈ ਅਤੇ 5 ਲੱਖ 13 ਹਜ਼ਾਰ ਏਕੜ ਜ਼ਮੀਨ ਵਿੱਚ ਬਾਗ, 70 ਹਜ਼ਾਰ ਏਕੜ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ।  20 ਫੀਸਦੀ ਰਕਬੇ ਉੱਪਰ ਹੋਣ ਵਾਲੀ ਖੇਤੀ ਕੁਦਰਤੀ ਸਰੋਤਾਂ ਉੱਪਰ ਹੀ ਨਿਰਭਰ ਰਹੀ ਹੈ। ਪੰਜਾਬ ਦੀ ਅਨਾਜ ਦੀ 18 ਕੁਇੰਟਲ ਕਿਲੋ ਪ੍ਰਤੀ ਏਕੜ ਪੈਦਾਵਾਰ ਦੇ ਮੁਕਾਬਲੇ ਇਸ ਇਲਾਕੇ ਦੀ ਪੈਦਾਵਾਰ 2.8 ਕੁਇੰਟਲ ਪ੍ਰਤੀ ਏਕੜ (ਛੇਵੇਂ ਹਿੱਸੇ ਤੋਂ ਵੀ ਘੱਟ) ਹੈ।
ਇਸ ਇਲਾਕੇ ਵਿੱਚ ਸਾਲ ਵਿਚ 1000 ਤੋਂ 1200 ਮਿਲੀਮੀਟਰ ਬਰਸਾਤ ਹੁੰਦੀ ਹੈ। ਬਹੁਤੀ ਬਰਸਾਤ ਭਾਵ 80 ਫੀਸਦੀ ਕੇਵਲ ਜੁਲਾਈ, ਅਗਸਤ ਅਤੇ ਅੱਧ ਸਤੰਬਰ ਵਿੱਚ ਹੀ ਹੋ ਜਾਂਦੀ ਹੈ। ਬਰਸਾਤ ਦਾ ਬਹੁਤਾ ਪਾਣੀ ਰੁੜ ਜਾਂਦਾ ਹੈ। ਇਸ ਤੋਂ ਇਲਾਵਾ ਸਿਵਾਲਕ ਪਹਾੜੀਆਂ ਦੇ ਪੈਰਾਂ ਹੇਠ ਹੋਣ ਕਰ ਕੇ ਇਹ ਇਲਾਕਾ ਚੋਆਂ ਦੀ ਮਾਰ ਹੇਠ ਵੀ ਆਉਂਦਾ ਹੈ ਜਿਹਨਾਂ ਦਾ ਪਾਣੀ ਇੱਕ ਪਾਸੇ ਉਪਜਾਊ ਜ਼ਮੀਨ ਨੂੰ ਰੋੜ ਕੇ ਲੈ ਜਾਂਦਾ ਹੈ ਅਤੇ ਦੂਜੇ ਪਾਸੇ ਪਹਾੜਾਂ ਤੋ. ਲਿਆਂਦੀ ਰੇਤ ਨਾਲ ਖੇਤਾਂ ਨੂੰ ਬੰਜਰ ਬਣਾ ਦਿੰਦਾ ਹੈ। ਇਲਾਕੇ ਦਾ ਭੂਮੀ ਹੇਠਲਾ ਪਾਣੀ ਜ਼ਿਆਦਾ ਡੂੰਘਾ ਹੋਣ ਕਰਕੇ ਇੱਥੇ ਆਸਾਨੀ ਨਾਲ ਟਿਊਬਵੈੱਲ ਨਹੀਂ ਲਾਏ ਜਾ ਸਕਦੇ। ਕੰਢੀ ਇਲਾਕੇ ਵਿੱਚ 1952 ਵਿੱਚ ਚੋਆਂ ਦੀ ਮਾਰ ਲੱਗਭੱਗ 75 ਹਜ਼ਾਰ ਏਕੜ ਜ਼ਮੀਨ ’ਤੇ ਸੀ ਜਿਹੜੀ 1990 ਵਿੱਚ ਵੱਧ ਕੇ ਇੱਕ ਲੱਖ 25 ਹਜ਼ਾਰ ਏਕੜ ਉੱਪਰ ਹੋ ਗਈ ਸੀ।
1978 ਵਿੱਚ ਤਲਵਾੜਾ ਡੈਮ ਤੋਂ ਪਹਿਲੀ ‘ਕੰਢੀ’ ਨਹਿਰ ਕੱਢੀ ਗਈ ਅਤੇ ਫਿਰ ਅੱਸੀਵਿਆਂ ਵਿਚ ਕੰਢੀ ਇਲਾਕੇ ਵਿੱਚ 422 ਡੂੰਘੇ ਟਿਊਬਵੈੱਲ ਲਾਏ ਗਏ ਜਿਹਨਾਂ ਚੋਂ ਕੁਲ 364 ਹੁਸ਼ਿਆਰਪੁਰ ਜ਼ਿਲ੍ਹੇ ਵਿਚ ਲਾਏ। ਇਸ ਵਿਚੋਂ  233 ਹੁਸ਼ਿਆਰ ਪੁਰ ਦੇ ਕੰਢੀ ਇਲਾਕੇ ਵਿੱਚ ਲਾਏ ਗਏ। 1990–91 ਤੋਂ 1995–96 ਦੇ ਦੂਸਰੇ ਪੜਾਅ ਵਿੱਚ 13 ਛੋਟੇ ਡੈਮ ਬਣਾਉਣ ਦੀ ਸਕੀਮ ਸੀ ਜਿਹਨਾਂ ਚੋਂ 6 ਹੀ ਮੁਕੰਮਲ ਹੋ ਸਕੇ। ਮਿਸਾਲ ਵਜੋਂ ਢੋਲਵਾਹਾ ਡੈਮ ਨੇ 40500 ਏਕੜ ਨੂੰ ਚੋਆਂ ਤੋ ਬਚਾਇਆ ਅਤੇ 7000 ਅਨਾਜ ਦੀ ਪੈਦਾਵਾਰ ਵਧੀ। ਇਸੇ ਤਰ੍ਹਾਂ  ਜਨੌੜੀ, ਢਮਸਲ, ਚੋਹਲ, ਸਲੇਰਾ ਅਤੇ ਪਤਿਆਨੀ ਡੈਮਾਂ ਦੀ ਉਸਾਰੀ ਨਾਲ ਪ੍ਰਭਾਵ ਪਿਆ। ਚੋਆਂ ਅਤੇ ਬਾਰਸਾਂ ਦਾ ਪਾਣੀ ਰੋਕਣ ਲਈ 66 ਕੱਚੇ ਬੰਨ ਉਸਾਰੇ ਗਏ ਅਤੇ ਪਾਣੀ ਚੁੱਕ ਕੇ ਲਾਉਣ  ਦੀ ਵਿਵਸਥਾ ਕੀਤੀ ਗਈ। ਭਾਵ ਇਸ ਇਲਾਕੇ ਦੀ ਸਮੱਸਿਆ ਬਾਰਸਾਂ ਦੇ ਪਾਣੀ ਨਾਲ ਖੇਤੀ ਅਤੇ ਜ਼ਮੀਨ  ਦੀ ਤਬਾਹੀ ਹੀ ਪ੍ਰਮੁੱਖ ਰਹੀ। ਸਰਕਾਰਾਂ ਦੇ ਦਾਅਵੇ ਅਤੇ ਸਕੀਮਾਂ ਦਾ ਅਮਲ ਅੱਧ ਅਧੂਰਾ ਹੀ ਹੋਇਆ।
          ਇੱਥੋਂ ਦੀ ਖੇਤੀ ਪਹਿਲਾਂ ਬਰਸਾਤ ਉੱਪਰ ਹੀ ਨਿਰਭਰ ਰਹੀ ਹੈ। ਆਬਾਦੀ ਖਿੰਡੀ ਪੁੰਡੀ ਹੈ। ਪਿੰਡਾਂ ਦੀ ਬਣਤਰ ਵੀ ਵੱਖਰੀ ਹੈ।  ਹੁਸ਼ਿਆਰਪੁਰ ਮੁਕੇਰੀਆਂ ਇਲਾਕੇ ਦੇ ਇਹਨਾ ਪਿੰਡਾਂ ’ਚ ਸਮਾਜਿਕ ਸਭਿਆਚਾਰਕ ਜੀਵਨ ਵਿਚ ਖੜੋਤ ਹੈ । ਇੱਥੋਂ ਦੀ ਆਬਾਦੀ ਦਾ ਵੱਡਾ ਹਿੱਸਾ 2.5 ਏਕੜ ਜ਼ਮੀਨ ਦੀ ਮਾਲਕੀ ਵਾਲਾ ਹੈ ਅਤੇ ਵੱਧ ਤੋਂ ਵੱਧ ਵੱਡੀ ਮਾਲਕੀ 5 ਤੋਂ 7 ਏਕੜ ਦੀ ਹੈ।
          ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਵੀ ਇੱਥੇ ਕੋਈ ਸਥਾਈ ਰਾਜ ਪ੍ਰਬੰਧ ਨਹੀਂ ਸੀ ਕਿਉਂਕਿ ਇਲਾਕੇ ਵਿੱਚ ਉਤਪਾਦਨ ਦੇ ਸ੍ਰੋਤ ਨਹੀਂ ਸਨ। ਅੰਗਰੇਜਾਂ ਦੇ ਆਉਣ ਪਿੱਛੋਂ ਵੀ ਹਾਲਾਤ ਇਵੇਂ ਹੀ ਰਹੇ। ਆਬਾਦੀ ਦਾ ਵੱਡਾ ਹਿੱਸਾ ਪਹਿਲਾਂ ਰਜਵਾੜਿਆਂ ਸਮੇਂ, ਫਿਰ ਅੰਗਰੇਜਾਂ ਸਮੇਂ  ਅਤੇ 1947 ਪਿੱਛੋਂ ਵੀ ਰੁਜ਼ਗਾਰ ਹਿੱਤ ਫੌਜ਼ਾਂ ਵਿੱਚ ਹੀ ਭਰਤੀ ਹੁੰਦਾ ਰਿਹਾ ਜਾਂ ਨੋਕਰੀਆਂ ਲਈ ਬਾਹਰ ਜਾਂਦੇ ਰਹੇ। ਪਰ ਜਦੋਂ ਤਲਵਾੜੇ ਡੈਮ ਅਤੇ ਮੁਕੇਰੀਆਂ ਹਾਈਡਲ ਬਣ ਰਿਹਾ ਸੀ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਮੇ ਸਾਈਕਲਾਂ ’ਤੇ ਕੰਮ ਦੀਆਂ ਥਾਵਾਂ ’ਤੇ ਜਾਂਦੇ ਸਨ।
  ਇਸ ਇਲਾਕੇ ਵਿੱਚ ਪੜਾਈ ਨੂੰ ਕਾਫੀ ਮਹੱਤਤਾ ਦਿੱਤੀ ਜਾਦੀ ਰਹੀ ਹੈ ਕਿਉਂ ਕਿ ਆਰਥਕ ਮੰਦਵਾੜੇ ਵਿਚੋਂ ਨਕਿਲ ਦਾ ਇਹ ਹੀ ਇਕ ਰਾਹ ਸੀ ।   ਇਸ ਇਲਾਕੇ ਦੀਆਂ ਔਰਤਾਂ ਪੰਜਾਬ ਨਾਲੋਂ ਵਧੇਰੇ ਬੇ–ਬਾਕ ਹਨ। ਜਿਸ ਦਾ ਕਾਰਨ ਉਨ੍ਹਾਂ ਦਾ ਖੇਤੀ ਤੇ ਸਹਾਇਕ ਧੰਦਿਆਂ ਭਾਵ ਮਜ਼ਦੂਰੀ ਵਿੱਚ ਲੱਗੇ ਹੋਣ ਕਰਕੇ ਹੈ। 1947 ਤੋਂ ਪਹਿਲਾਂ ਇਹ  ਇਲਾਕਾ ਦੇਸ਼ ਭਗਤਾਂ ਦੀ ਠਹਿਰ ਵੀ ਰਿਹਾ, ਜਿਸ ਕਰ ਕੇ ਕਮਿਊਨਿਸਟ ਲਹਿਰ ਦੇ ਪ੍ਰਭਾਵ ਹੇਠ ਵੀ ਰਿਹਾ।  70 ਵਿਆਂ ਤੋਂ ਪਿਛੋਂ 80 ਵਿੱਚ ਵਿਸ਼ੇਸ਼ ਕਰ ਕੇ ਭਾਜਪਾ ਅਸਰ ਵਧਿਆਂ ਹੈ ।
ਸੜਕਾਂ ਸਬੰਧੀ: ਅੱਖੀਂ ਦਖਿਆ ਹਾਲ:
          ਮੇਨ ਰੋਡ ਤੋਂ ਜਦੋਂ ਟੀਮ ਹੰਦਵਾਲ ਰੋਡ ’ਤੇ ਟੋਟੇ ਪਿੰਡ ਲੰਘ ਕੇ ਨਹਿਰ ਦੇ ਪੁੱਲ ਤੱਕ ਪਹੁੰਚੀ ਤਾਂ ਪੰਜਾਂ ਮਿੰਟਾਂ ’ਚ 15 ਭਰੇ ਟਰੱਕ ਪਾਸ ਕੀਤੇ। ਟਰੱਕ ਨੰਬਰ ਇਸ ਪ੍ਰਕਾਰ ਹਨ–PB08-6967, PB09A-9451, PB08L-2699, PB08AF-9966, PB10S-6950, PB10-6917, PB07A- 4985, PB10A-2710, PB12M-9388, PB08-1849, PB08AF-9860, PB10L-9977, PBG3110, PB10F-9996, PB07-1849। ਇਹ ਸਮਾਂ ਦਪਿਹਰ ਦਾ ਸੀ । ਸਥਾਨਿਕ ਲੋਕਾਂ ਦੇ ਦੱਸਣ ਅਨੁਸਾਰ ਸ਼ਾਮ ਨੂੰ ਇਹਨਾਂ ਵਾਹਣਾ ਦੀ ਗਿਣਤੀ ਹੋਰ ਵੱਧ ਜਾਂਦੀ ਹੈ। ਇਹਨਾ ਵਾਹਣਾ ਦੀ ਭੱਦੀ ਡਰਾਇਵਿੰਗ ਨੇ ਕਈ ਜਾਨਾਂ ਵੀ ਲਈਆਂ ਹਨ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਬਣਾਇਆ ਹੈ। ਇਹ 10 ਫੁੱਟੀ ਪਿੰਡ ਨੂੰ ਜਾਂਦੀ  ਲਿੰਕ ਰੋਡ ਹੈ ਜਿਸ ਉਪਰ 24 ਟਨ ਵਜਣ ਵਾਲੇ ਭਾਰੀ ਵਾਹਣ ਲਗਾਤਾਰ ਚੱਲਣ ਕਰਕੇ 4–4, 5–5 ਫੁੱਟ ਦੇ ਖੱਡੇ ਪਏ ਹੋਏ ਹਨ। ਇਹ ਸੜਕ ਦਾ ਕੁੱਝ ਹਿੱਸਾ ਨਹਿਰ ਅਤੇ ਨਿਕਾਸੀ ਨਾਲੇ ਦੀ ਪਟੜੀ ਉੱਤੇ ਪੈਂਦਾ ਹੈ। ਇਸ ਪਟੜੀ ਉੱਪਰ ਨਹਿਰੀ ਵਿਭਾਗ ਕਦੇ ਖੇਤਾਂ ਲਈ ਪਸ਼ੂ  ਰੇੜੇ ਵੀ ਨਹੀਂ ਚੱਲਣ ਦਿੰਦਾ ਸੀ ਪਰ ਇਹਨਾਂ ਟਰਕਾਂ ਨੂੰ ਕੋਈ ਰੋਕ ਨਹੀੰ ਹੈ।  ਇਹ ਸਾਰੇ ਟਰੱਕ ਹੰਦਵਾਲ ਨੇੜੇ ਖੱਡਿਆਂ ’ਚ ਲੱਗੇ ਕਰੈਸ਼ਰ ਤੋਂ ਬਜਰੀ ਅਤੇ ਹੋਰ ਮਾਲ ਉਠਾ ਕੇ ਲੈਜਾ ਰਹੇ ਸਨ। ਇਸ ਕਾਰਨ ਸਥਾਨਿਕ ਲੋਕਾਂ ਦੀ ਆਵਾਜਾਈ ਲਈ ਮੁਸ਼ਕਲਾਂ ਖੜੀਆਂ ਹੋਈਆਂ।  ਟੋਟੇ ਪਿੰਡ ਦੇ ਫਿਰਨੀ ਉੱਤੋਂ ਦਿਨ ਰਾਤ ਲੰਘਦੀ ਭਾਰੀ ਆਵਾਜਾਈ ਤੋਂ ਪ੍ਰੇਸ਼ਾਨ ਹੋਕੇ ਲੋਕਾਂ ਨੈ ਜਦੋ ਇਸ ਦਾ ਵਿਰੋਧ ਕੀਤਾ ਤਾਂ ਮਾਫੀਏ ਨੇ ਦਹਿਸ਼ਤ ਪਾਉਣ ਦੀ ਕੋਸ਼ਿਸ਼  ਕੀਤੀ ।   ਪਿੰਡ ਦੀਆਂ ਔਰਤਾਂ ਵੱਲੋਂ  ਦਿਨ ਰਾਤ ਸੜਕ ਨੂੰ ਜਾਮ ਕਰਕੇ ਇਹਨਾਂ ਵਾਹਣਾ ਦਾ ਫਿਰਨੀ ਉੱਪਰ ਚਲਣਾ ਬੰਦ ਕੀਤਾ । ਪਿੰਡ ਦੀਆਂ ਸੰਘਰਸ਼ਸ਼ੀਲ ਔਰਤਾਂ ਦਾ ਮਨੋਬਲ ਤੋੜਨ ਲਈ ਉਹਨਾਂ ਉੱਪਰ ਇਲਜ਼ਾਮ ਬਾਜ਼ੀ ਵੀ ਕੀਤੀ।
ਹਾਈਕੋਰਟ ਦੇ ਨਿਰਦੇਸ਼: ਸੁਰਿੰਦਰ ਸਿੰਘ ਅਤੇ 4 ਹੋਰ ਸਾਥੀਆਂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ’ਚ  2013 ਵਿੱਚ ਪਾਈ ਜਨਤਕ ਹਿੱਤ ਰਿਟ ਨੰਬਰ 14711 ਵਿੱਚ ਹੁਸ਼ਿਆਰਪੁਰ ਦੇ ਮੁਕੇਰੀਆਂ ਤਹਿਸੀਲ ਵਿੱਚ ਹਿਮਾਚਲ ਦੇ ਨਾਲ ਲੱਗਦੇ ਪਿੰਡਾਂ ਦੀਆਂ ਸੜਕਾਂ ਉੱਪਰ ਸਟੋਨ ਕਰੈਸਰ ਮੈਟੀਰੀਅਲ ਨਾਲ ਲੱਦੀਆਂ ਭਾਰੀਆਂ ਗੱਡੀਆਂ ਨੂੰ ਨਾ ਰੋਕਣ ਕਰਕੇ ਪਿੰਡਾਂ ਦੀਆਂ ਸੜਕਾਂ ਦੇ ਟੁੱਟਣ, ਵਾਤਾਵਰਣ ’ਚ ਪ੍ਰਦੂਸ਼ਣ ਫੈਲਾਉਣ, ਜਾਨ ਮਾਲ ਦਾ ਨੁਕਸਾਨ ਅਤੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਕਾਰਨ ਇਹਨਾਂ ਭਾਰੀਆਂ ਗੱਡੀਆਂ ਦੇ ਰੋਕਣ ਲਈ ਅਦਾਲਤੀ ਨਿਰਦੇਸ਼ਾਂ ਦੀ ਮੰਗ ਕੀਤੀ। ਰਿਟ ਵਿੱਚ ਪਹਿਲਾਂ ਪਾਈਆਂ ਅਜਿਹੀਆਂ ਰਿਟਾਂ ਦਾ ਵੀ ਵਰਨਣ ਹੈ। ਪਟੀਸ਼ਨਰਾਂ ਦੀ ਇਸ ਰਿੱਟ ਉੱਪਰ 12 ਜੁਲਾਈ 2013 ਨੂੰ ਦਿੱਤੇ ਫੈਸਲੇ ’ਚ ਅਦਾਲਤ ਨੇ ਕਾਰਵਾਈ ਕਰਨ ਦਾ ਹੁਕਮ ਦਿੱਤਾ ਅਤੇ ਇੱਕ ਮਹੀਨੇ ਵਿੱਚ ਕੀਤੇ ਅਮਲ ਦੀ ਰਿਪੋਰਟ ਕਰਨ ਲਈ ਕਿਹਾ।
ਪੰਜਾਬ ਪਲੂਸ਼ਨ ਕੰਟਰੋਲ ਬੋਰਡ: ਪੰਜਾਬ ਪਲੂਸ਼ਨ ਕੰਟਰੋਲ ਬੋਰਡ ਵੱਲੋਂ ਮੈ. ਜੈ ਸੰਕਰ ਸਟੋਨ ਕਰੈਸਰ ਨੂੰ ਪੱਤਰ ਨੰਬਰ Industry:ID: R15HSP3338633 ਦਿਨਾਂਕ 05/12/2015 ਰਾਹੀਂ ਕੋਈ ਇਤਰਾਜ ਨਹੀਂ ਸਰਟੀਫੀਕੇਟ ਜਾਰੀ ਕੀਤਾ ਗਿਆ ਜਿਸ ਵਿੱਚ ਤਿੰਨ ਨੰਬਰ ਤੇ ਮੁੱਖ ਸ਼ਰਤ ਅਨੁਸਾਰ ਕਰੈਸ਼ਰ ਅਤੇ ਮੈਟਲ ਰੋਡ ਵਿੱਚਕਾਰਲਾ ਰਸਤਾ ਵੀ ਹਾਈ ਕੰਪਰੈਸਡ ਹੋਣਾ ਚਾਹੀਦਾ ਹੈ।  
ਮਾਈਨਿੰਗ ਦਾ ਅੱਖੀਂ ਦੇਖਿਆ ਹਾਲ:
          ਪਿੰਡ ਸਿਬੋਚੱਕ ਨੇੜੇ 60 ਤੋਂ ਲੈਕੇ 80 ਫੁੱਟ ਡੂੰਘੀ 15 ਕੁ ਏਕੜ ਦੀ ਖੱਡ ਸੀ ਜਿਥੋਂ ਕਰੈਸਰ ਬੰਦ ਹੋ ਚੁੱਕੇ ਸਨ। ਇਸ ਖੱਡ ਕਾਰਨ ਸਾਹਕੰਢੀ ਨਰਿਹ ਦੀ ਸਬ ਕੈਨਾਲ ਦੀ ਬੁਰੀ ਤਰਾਂ ਨੁਕਸਾਨੀ ਹੋਈ ਸੀ। ਖੇਤਾਂ ਵਾਲਿਆਂ ਨੇ ਦੱਸਿਆ ਕਿ ਇਹ ਮਾਫੀਆ ਨਹਿਰਾਂ ਨੂੰ ਤੋੜਨ ’ਤੇ ਉਤਾਰੂ ਹੈ ਅਤੇ ਨਹਿਰਾਂ ਨੂੰ ਅਕਸਰ ਬੰਦ ਕਰਵਾਉਂਦਾ ਰਹਿੰਦਾ ਹੈ। ਨਹਿਰ ਦੇ ਨਾਲ ਜ਼ਮੀਨ ਦੇਜ਼ ਪਾਣੀ ਸਪਲਾਈ ਦੀ ਪਾਈਪ ਨੁਕਸਾਨੀ ਹੋਣ ਕਰਕੇ ਭਾਰੀ ਮਾਤਰਾ ’ਚ ਪਾਣੀ ਬਾਹਰ ਨਿਕਲ ਰਿਹਾ ਸੀ। ਟੀਮ ਨੇ ਥਾਂ ਪੁਰ ਥਾਂ ਪੀਣ ਵਾਲੇ ਅਤੇ ਸਿੰਚਾਈ ਵਾਲੇ ਪਾਣੀ ਦੀ ਸਪਲਾਈ ਵਾਲੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਪਾਈਪਾ ਵੀ ਦੇਖੀਆਂ।
ਟੀਮ ਨੇ ਵਜੀਰਾਂ ਪਿੰਡ ਦੀ 4 –5 ਏਕੜ ਦੀ 70–80 ਫੂੱਟ ਡੂੰਘੀ ਖੱਡ ਵੀ ਦੇਖੀ । ਲੋਕਾਂ ਨੇ ਦੱਸਿਆ ਕਿ ਇਹ ਖੰਡ ਕਾਹਲੋਂ ਕਰੈਸ਼ਰ ਵਾਲਿਆਂ ਨੇ ਪੁੱਟੀ ਹੈ। ਕਰੈਸਰ ਵਾਲਿਆਂ ਨੇ ਖੇਤਾਂ ਨੂੰ ਜਾਂਦਾ ਦੋ ਕਰਮ ਦਾ ਸਰਕਾਰੀ ਰਸਤਾ ਵੀ ਪੁੱਟ ਸੁੱਟਿਆ।
          ਖੁੰਡਾ ਪਿੰਡ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਤਿਗੁਰੂ ਕਰੈੂਸ਼ਰ ਨੇ ਪਿੰਡ ਦੀ 7 ਏਕੜ ਵਾਕਫ ਬੋਰਡ ਦੀ ਜਮੀਨ ਵੀ ਫਰਜ਼ੀ ਨਿਲਾਮੀ ਹੇਠ ਲੈ ਕੇ 80–80 ਫੁੱਟ ਪੁੱਟ ਲਈ ਹੈ। ਟੀਮ ਨੇ ਦੇਖਿਆ ਕਿ  ਇਸ ਕਰੈਸਰ ਵੱਲੋਂ ਪੁੱਟੀ ਖੱਡ ਦੇ  ਨਾਲ ਪਿੰਡ ਭਵਨਾਲ ਦੇ ਕੋਠਿਆਂ ਨੂੰ ਜਾਂਦੀ ਪੱਕੀ ਸੜਕ ਪੁੱਟ ਕੇ ਰਸਤਾ ਡੂੰਘਾ ਕਰ ਦਿੱਤਾ ਤਾਂ ਕਿ ਬਰਸਾਤ ਦਾ ਪਾਣੀ ਖੱਡ ਵਿੱਚ ਨਾ ਪਵੇ। ਇਹ ਸੜਕ ਪੁੱਟਣ ਨਾਲ ਨਾਲ ਲਗਦੇ ਕਿਸਾਨਾਂ ਦੀਆਂ ਜਮੀਨਾਂ ਨੂੰ ਵੀ ਖੋਰਾ ਲਾ ਦਿੱਤਾ। ਇਸੇ ਕਰੈਸ਼ਰ ਦੇ ਨਾਲ ਟੀਮ ਨੇ ਇੱਕ ਕਿਸਾਨ ਹਰਬੰਸ ਸਿੰਘ ਦਾ ਖੇਤ ਵੀ ਦੇਖਿਆ ਜਿਸਨੇ ਕਰੈਸ਼ਰ ਨੂੱ ਜਮੀਨ ਨਹੀਂ ਦਿੱਤੀ ਸੀ ਪਰ ਉਸਦਾ ਖੇਤ ਤਿੰਨ ਪਾਸਿਆਂ ਤੋਂ 80–80  ਫੁੱਟ ਖੁਦਾਈ ਕੀਤੀ ਹੋਈ ਸੀ। ਇਸ ਕਰੈਸ਼ਰ ਵੱਲੋਂ ਕੀਤੀ ਮਾਈਨਿੰਗ 70–80 ਏਕੜ ਤੱਕ ਫੈਲੀ ਹੋਈ ਸੀ। ਧਿਆਨ ਸਿੰਘ ਅਤੇ ਸਵਰਗੀ ਸਵਰਨ ਸਿੰਘ ਦੀ ਜਮੀਨ ਨਾਲ ਵੀ ਇਹੋ ਵਾਪਰ ਰਿਹਾ ਹੈ।
          ਮੀਰੀ ਪੀਰੀ ਸਟੋਨ ਕਰੈਸ਼ਰ ਦੀ ਲੱਗਭੱਗ 80ਫੁੱਟ ਡੂੰਘੀ 30–40 ਏਕੜ ਵਿੱਚ ਫੈਲੀ ਖੱਡ ਵਿੱਚ ਵੀ ਜਾਂਚ ਟੀਮ ਪਹੁੰਚੀ ਜਿੱਥੇ ਆਧੁਨਿਕ ਮਸ਼ੀਨਾ ਨਾਲ ਪੱਧਰ ਖੁਦਾਈ ਅਤੇ ਪੱਥਰ ਦੀ ਤੁੜਾਈ ਕਰ ਕੇ ਬਜਰੀ ਬਣਾਈ ਜਾ ਰਹੀ ਹੈ। ਯਾਦ ਰਹੇ ਇਹ ਕਰੈਸ਼ਰ ਸਤੰਬਰ 2012 ਤੋਂ ਚਾਲੂ ਹੈ। ਟੀਮ ਨੇ ਕਰੈਸਰ ਦੇ ਮਾਲਕ/ਮੈਨੇਜਰ ਨੂੰ ਮਿਲਣ ਲਈ ਉੱਥੇ ਮੌਜੂਦ ਕਰਿੰਦਿਆਂ ਤੋਂ ਉਹਨਾ ਦਾ ਨਾਮ ਸੰਪਰਕ ਲੈਣਾ ਚਾਹਿਆ ਤਾਂ ਕੋਰਾ ਜਵਾਬ ਮਿਲਿਆਂ ਕਿ ਉਹ ਇਹ ਨਹੀਂ ਦੇ ਸਕਦੇ। ਪ੍ਰਬੰਧਕ ਮਾਲੂਮ ਹੁੰਦੇ ਕਰਿੰਦੇ ਨੇ ਆਪਣਾ ਨਾਮ ਵੀ ਨਹੀਂ ਦੱਸਿਆ। ਟੀਮ ਨੇ ਆਪਣਾ ਸੰਪਰਕ ਦੇ ਦਿੱਤਾ ਤਾਂ ਕਿ ਉਹ ਮਾਲਕ ਨਾਲ ਗੱਲ ਕਰਵਾ ਦੇਵੇ ਪਰ ਕੋਈ ਜਵਾਬ ਨਹੀਂ ਮਿਲਆ ।
80 ਫੁੱਟ ਡੂੰਘੀਆਂ ਇਹਨਾ ਖੱਡਾਂ ਦੀ ਜਾਂਚ ਵੇਲੇ ਧਰਤੀ ਦੀਆਂ ਪਰਤਾਂ ਨੂੰ ਟੀਮ ਨੇ ਨੋਟ ਕੀਤਾ ਕਿ ਪਹਿਲੀ ਉਪਰਲੀ ਪਰਤ 5 ਕੁ ਫੁੱਟ ਲਾਲ ਉਪਜਾਊ ਮਿੱਟੀ ਦੀ ਹੈ , ਉਸਤੇਂ ਹੇਠਾਂ 7–10 ਫੁੱਟ ਤੱਕ ਇੱਕ ਇੱਚੀ ਤੋਂ 6 ਇੱਚੀ ਦੇ ਪੱਥਰਾਂ ਵਾਲੀ ਪਰਤ ਹੈ, ਅਤੇ ਹੇਠਲੀ ਪਰਤ ਵਿੱਚ  ਵੱਡੇ ਪੱਥਰ ਮਿਲਦੇ ਹਨ ਜਿਹਨਾਂ ’ਚ ਡੇਢ ਤੋਂ ਲੈ  ਕੇ 2 ਫੁੱਟ ਤੱਕ ਦੇ ਮੋਟੇ ਪੱਥਰ ਹਨ। ਇਹਨਾਂ ਪੱਥਰਾਂ ਨੂੰ ਵੱਡੀਆਂ ਆਧੁਨਿਕ ਮਸ਼ੀਨਾਂ ਨਾਲ ਤੋੜ ਕੇ ਛੋਟੀ ਬਜਰੀ ਬਣਾਇਆਂ ਜਾਂਦਾ ਹੈ, ਜਿਸਦੀਆਂ ਲੱਗਭੱਗ ਤਿੰਨ ਕਿਸਮਾ ਹਨ ਅੱਧੀ ਇੰਚੀ, ਇੱਕ ਇੱਚੀ ਅਤੇ ਦੋ ਇੰਚੀ । ਇਹੋ ਬਜਰੀ ਸੜਕਾ, ਇਮਾਰਤਾਂ ਦੀ ਉਸਾਰੀ ਦੇ ਕੰਮ ਆਉ਼ਦੀ ਹੈ। ਵੱਡੀਆਂ ਮਸ਼ੀਨਾਂ ਨਾਲ ਇਹਨਾਂ ਨੂੰ ਛਾਣਿਆ ਵੀ ਜਾਂਦਾਂ ਹੈ ਅਤੇ ਫਿਰ ਸਫ਼ਾਈ ਲਈ ਪਾਣੀ ਨਾਲ ਧੋਤਾ ਜਾਂਦਾ ਹੈ।
    ਪਿੰਡ ਅਤੇ ਵਸੋਂ ਦੇ ਨੇੜੇ ਹੋਣ ਕਰਕੇ ਕਰੈਸ਼ਰ ਤੋਂ ਉਡਦੀ ਪੱਥਰ ਦੀ ਧੂੜ ਅਤੇ ਭਾਰੀ ਵਹੀਕਲਾਂ ਦੀ ਆਵਾਜਾਈ ਨਾਲ ਫੈਲ ਰਹੇ ਪ੍ਰਦੂਸ਼ਨ ਨੇ ਲੋਕਾਂ ਨੂੰ ਬਿਮਾਰੀ ਦੀ ਹਾਲਤ ਵੱਲ ਵੀ ਧੱਕ ਦਿੱਤਾ ਹੈ। ਟੀਮ ਨੂੰ ਰਵਿੰਦਰ ਕੌਰ ਨੇ ਦਸਿਆ ਕਿ ਉਸਦੇ ਦੋ ਸਾਲਾ ਬੱਚੇ ਨੂੰ ਪਿਛਲੇ ਇੱਕ ਸਾਲ ਤੋਂ ਸਾਹ ਅਤੇ ਅਲਰਜ਼ੀ ਦੀ ਬਿਮਾਰੀ ਨੇ ਘੇਰਿਆ ਹੋਇਆ ਹੈ ਅਤੇ ਉਸਦੇ ਫੈਫੜੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ।  ਇਸ ਪਰਿਵਾਰ ਨੇ ਭਾਰੀ ਵਾਹਣਾ ਦੀ ਧਮਕ ਨਾਲ ਆਪਣੇ ਮਕਾਨ ਨੂੰ ਆਈਆਂ ਤਰੇੜਾਂ ਵੀ ਦਿਖਾਈਆਂ।
ਇਸ ਤਰਾਂ ਹੀ ਪਿੰਡ ਕਾਂਜੀ ਪੁਰ ਵਿੱਚ ਸਟੋਨ ਕਰੈਸ਼ਰ ਵੱਲੋਂ 200 ਏਕੜ ਵਿੱਚ ਪੁੱਟੀ ਖੱਡ ਬਾਰੇ ਵੀ ਲੋਕਾਂ ਨੇ ਦੱਸਿਆ।
          ਟੀਮ ਕੇਸਰ ਸਿੰਘ ਨਾਮੀ ਕਿਸਾਨ ਨੂੰ ਵੀ ਮਿਲੀ ਜਿਸਦੀ ਜ਼ਮੀਨ ਦੇ ਨਾਲ ਮੀਰੀ ਪੀਰੀ ਕਰੈਸ਼ਰ ਵੱਲੋਂ ਲੱਗਭੱਗ 80 ਫੁੱਟ ਖੁਦਾਈ  ਕੀਤੀ ਸੀ । 11 ਅਗਸਤ 2016 ਨੂੰ ਪਏ ਮੀਂਹ ਕਾਰਨ  ਇਕ ਕਨਾਲ ਦੇ ਲੱਗਭੱਗ ਮੱਕੀ ਦੀ ਫਸਲ ਖੱਡ ਵੱਲ ਤਿਲਕ ਗਈ ਅਤੇ ਜਿਹੜੀ ਵੱਧ ਬਾਰਸਾਂ ਵਿੱਚ ਹੋਰ ਡਿੱਗਣ ਦਾ ਡਰ ਹੈ। ਕੇਸਰ ਸਿੰਘ ਨੂੰ ਡੂੰਘਾ ਸਦਮਾ ਪਹੁੰਚਿਆ ਅਤੇ ਦਿਲ ਦੇ ਦੌਰਾ ਦਾ ਸ਼ਿਕਾਰ ਹੋਇਆ ਅਤੇ ਸਰੀਰ ਦਾ ਇੱਕ ਪਾਸਾ ਨਕਾਰਿਆ ਗਿਆ । ਇਲਾਜ ਉੱਪਰ ਡਾਢੀ ਰਕਮ ਵੀ ਖਰਚ ਹੋ ਗਈ ।
ਇਸ ਨਿਜਾਇਜ ਖਨਣ ਨਾਲ ਅਜੇਹੇ ਕਈ ਕਿਸਾਨਾਂ ਨੂੰ ਨਿਜੀ ਨੁਕਸਾਨ ਹੋ ਰਹੇ ਹਨ।

ਖਨਣ ਰੋਕੋ ਜਮੀਨ ਬਚਾਓ ਸੰਘਰਸ਼ ਕਮੇਟੀ:
ਖਨਣ ਰੋਕੋ ਜਮੀਨ ਬਚਾਓ ਸੰਘਰਸ਼ ਕਮੇਟੀ ਕੋਲ ਦਾਖਲ ਹੋਈਆਂ ਦਰਖਾਸਤਾਂ ਮੁਤਾਬਕ ਬਹੁਤ ਕਿਸਾਨਾ ਦੈ ਜਮੀਨ ਇਸ ਨਾਜਾਇਜ ਖਨਣ ਨਾਲ ਬਰਬਾਦ ਹੋਈ ਹੈ। ਜਿ੍ਨ੍ਹਾਂ ਵਿਚੋਂ ਕੁਝ ਗਾ ਵੇਰਵਾ ਇਸ ਤਰਾਂ ਹੈ।
 ਦੇਸ਼ ਰਾਜ ਵਾਸੀ ਭਵਨਾਲ ਦੀ ਕੁੱਲ ਤਿੰਨ ਕੁਨਾਲ 5 ਮਰਲਿਆਂ ਚੋਂ ਇੱਕ ਕਨਾਲ,
ਕਾਂਜੂਪੀਰ ਦੇ ਗਿਰਧਾਰੀ ਲਾਲ ਵਾਸੀ ਕਾਜੂਪੀਰ ਦੀ ਕਨਾਲ ਜਮੀਨ ਉਪਰ 50 ਫੁੱਟ ਟੋਇਆ ਪੁਟਣਾ,
ਕ੍ਰਿਸ਼ਨ ਚੰਦ ਦੀ ਤਕਰੀਬਨ 2 ਕਨਾਲ ਰਕਬਾ ਪੁਟਣਾ,
ਜਸਵਿੰਦਰ ਕੁਮਾਰ ਤੇ ਸਰਵਨ ਸਿੰਘ ਦੀ ਇੱਕ ਏਕੜ,
 ਫਤਿਹਪੁਰ ਕੁਲੀਆਂ ਵਾਸੀ ਕਰਮ ਚੰਦ ਵਾਸੀ ਦੀ 12ਕਨਾਲ10 ਮਰਲੇ ,
 ਹਰਭਜਨ ਦੀ ਤਕਰੀਬਨ ਇੱਕ ਏਕੜ ’ਚ 70 ਫੁੱਟ ਟੋਇਆ ਪੁਟਣਾ,
 ਜਗਦੀਸ਼ ਰਾਮ ਦੀ ਤਕਰੀਬਨ ਇੱਕ ਏਕੜ,
ਬਿਕਰਮ, ਜਗਮੋਹਨ, ਜਸਵਿੰਦਰ ਦੀ 3 ਏਕੜ,  
 ਤਰਸੇਮ ਸਿੰਘ ਤੇ  ਕਸ਼ਮੀਰ ਸਿੰਘ ਵਾਸੀ ਕਾਜੂਪੀਰ ਦੇ ਫਤਹਿਪੁਰ ਕੁਲੀਆਂ ਦੇ  4.5 ਕਨਾਲ
 , ਸੁਰਿੰਦਰ ਦੀ 4 ਕਨਾਲ ’ਚ 10ਫੁੱਟ ਟੌਆ,
 ਦਰਸ਼ਨ ਸਿੰਘ ਦੀ 2 ਕਨਾਲ ਰੋੜਕੇ 70 ਫੁੱਟ ਟੋਆ,
ਸੁਖਵਿੰਦਰ ਸਿੰਘ ਵਾਸੀ ਫਤਿਹਪੁਰ ਦੇ ਘਰ ਤੋਂ 100 ਮੀਟਰ ਦੀ ਦੂਰੀ ਤੇ ਲੱਗੇ ਦੋ ਕਰੈਸ਼ਰਾਂ ਦੀ ਪ੍ਰਦੂਸ਼ਨ ਨਾਲ ਬੱਚੇ ਦੀ ਬਿਮਾਰ ਹੋਣਾ, ਖਾਣ ਪੀਣ ਪਕੌਣ  ਵੇਲੇ ਅਤੇ ਕੱਪੜਿਆ ਉਪਰ ਘੱਟਾ ਪੈਣਾ, ਘਰ ਨੂੰ ਤਰੇੜਾਂ ਆਉਣੀਆ,
 ਰੋਸ਼ਨ ਲਾਲ ਵਾਸੀ ਕਾਂਜੂਪੀਰ ਦੀ 2 ਕਨਾਲ,
ਮੁਹਿੰਦਰ ਵਾਸੀ ਕਾਂਜੂਪੀਰ ਦੀ 1 ਕਨਾਲ 5 ਮਰਲੇ,
 ਰਘਬੀਰ ਸਿੰਘ ਵਾਸੀ ਕਾਂਜੂਪੀਰ ਦੇ ਖੇਤ ਨੇੜੇ ਹੋਣ ਕਾਰਨ ਘੱਟੇ ਨਾਲ ਫਸਲਾਂ ਦਾ ਝਾੜ ਘਟਨ ਅਤੇ ਖੇਤ ਨੂੰ ਆਉਂਦੀ ਸਰਕਾਰੀ ਬੋਰ ਦੀ ਪਾਈਪ ਤੋੜਨਲੰਘਣ ਦਾ ਰਸਤਾ ਨੀਵਾ ਹੋਣ,
ਜਗੀਰ ਸਿੰਘ ਵਾਸੀ ਬਰਿਆਣਾ ਦੇ ਖੇਤ ਨੂੰ ਸਰਕਾਰੀ ਟਿਊਬਵੈੱਲ ਦੀ ਸਪਲਾਈ ਪਾਈਪ ਜੇ ਸੀ ਬੀ  ਨਾਲ ਟੁੱਟਣ,
ਹਰਭਜਨ ਸਿੰਘ ਵਾਸੀ ਚਕੜਿਆਲ ਦੀ ਆਪਣੇ ਭਰਾਵਾਂ ਨਾਲ ਸਾਝੀ 2 ਏਕੜ ਪੈਲੀ  ਨਾਲ 60–70 ਫੁੱਟ ਡੂੰਘੇ ਟੋਏ ਨਾਲ ਢਿਗਾਂ ਡਿਗਣ ਨਾਲ ਖਰਾਬ,
ਸੁਖਵਿੰਦਰ ਸਿੰਘ ਵਾਸੀ ਫਤਿਹਪੁਰ ਨੂੰ ਧਮਕੀਆਂ, ਆਦਿ 
 ਖਣਨ ਰੋਕੋ ਜਮੀਨ ਬਚਾੳ ਕਮੇਟੀ ਕੋਲ ਪ੍ਰਾਪਤ ਜਾਣਕਾਰੀ , ਇਲਾਕੇ ਵਿੱਚ ਸਟੋਨ ਕਰੈਸ਼ਰ ਵਾਲਿਆਂ ਦੇ ਧੱਕੇ ਦੀ ਇਕ ਝਲਕ ਮਾਤਰ ਹੀ ਹੈ ।

 ਕੱਚੇ ਮਾਲ ਦੀ ਪੂਰਤੀ ਲਈ ਬਿਆਸ ਨਦੀ ਦੇ 52 ਗੇਟ ਤੋਂ ਲੈ ਕੇ ਮੀਰਥਲ, ਨੌਸ਼ਹਿਰਾ ਪੱਤਨ, ਧਨੋਆ, ਅਤੇ ਟੈਰਕਿਆਨਾ, ਹਾਜੀਪੁਰ ਬਲਾਕ ਦੇ ਪਿੰਡ ਖੁੰਡਾ, ਭਵਨਾਲ, ਪੁਰੋ ਚੱਕ, ਸਿੱਬੋ ਚੱਕ, ਮਰੂਲਾ, ਬਰਿੳਵਾਲ, ਦਗਨ, ਜੀਨੋਵਾਲ, ਕਲੇਰਾਂਫਤਿਹਪੁਰ ਕੁੱਲੀਆਂ, ਕਾਂਜੀਪੀਰ, ਥੇਲਾ–ਸਰਿਆਣਾ, ਨੌਸ਼ਹਿਰਾ–ਸਿੰਥਲੀ, ਨੌਸ਼ਹਿਰਾ–ਸੈਦੋ, ਵਜ਼ੀਰਾ, ਧਾਮੀਆਂ, ਸੰਧਵਾਲ, ਗੋਧਾਂ, ਆਦਿ ਅਤੇ ਤਲਵਾੜਾ ਬਲਾਕ ਦੇ ਪਿੰਡ ਚੱਕ ਪੜਿਆਣ, ਸੱਥਵਾਂ, ਰੌਲੀ ਹੰਦਵਾਲ ਅਤੇ ਟੋਟੇ ਪਿੰਡ ਕੀਤੀ ਜਾ ਰਹੀ ਖੰਨਨ ਅਤੇ ਚੱਲ ਰਹੇ ਭਾਰੇ ਟਰੱਕਾਂ ਕਾਰਨ ਲੱਗਭੱਗ 33 ਪਿੰਡ ਪੀੜਤ ਹਨ। ਕਮੇਟੀ ਮੁਤਾਬਿਕ ਇਸ ਇਲਾਕੇ ਵਿੱਚ ਖਣਨ ਵਿਰੁੱਧ ਲਾਮਬੰਦੀ ਹੋਣ ਕਾਰਨ ਇਹ ਮਾਫੀਆਂ ਪੂਰਬ ਵੱਲ ਭਾਵ ਤਲਵਾੜਾ ਡੈਮ ਦੇ ਪੈਰਾਂ ਵੱਲ ਖਣਨ ਕਰਨ ਲਈ ਵੱਧ ਰਿਹਾ ਹੈ। ਕਮੇਟੀ ਨੇ ਪ੍ਰਸਾਸ਼ਨ ਦੇ ਧਿਆਨ ਚ ਲਿਆਂਦਾ ਹੈ ਕਿ ਕਿ ਜੇ ਖਣਨ ਇਸ ਤਰ੍ਹਾਂ ਅੱਗੇ ਵਧਦਾ ਰਿਹਾ ਤਾਂ ਤਲਵਾੜਾ ਡੈਮ ਨੂੰ ਵੀ ਖਤਰਾ ਪੈਦਾ ਹੋ ਜਾਵੇਗਾ। ਚੇਤੇ ਰਹੇ ਤਲਵਾੜਾ ਡੈਮ ਵੀ ਮਿਟੀ ਦਾ ਬਣਿਆ ਹੋਇਆ ਅਤੇ ਇਹਦਾ ਵੀ ਹਾਲ ਖਣਨ ਕਾਰਨ ਚਾਰ ਸਾਲ ਪਹਿਲਾਂ ਹਰਿਆਣੇ ਦਾ ਟੁੱਟੇ ਤਾਜੇਵਾਲਾ ਡੈਮ ਵਾਲਾ ਹੋਣਾ ਯਕੀਨੀ ਹੈ।
          ਸੰਘਰਸ਼ ਕਮੇਟੀ ਅਨੁਸਾਰ ਕਰੈਸ਼ਰਾਂ ਦੇ ਨਾਮ ਵਧੇਰੇ ਕਰ ਕੇ ਧਾਰਮਿਕ ਸ਼ਬਦਾਵਲੀ ਚੋਂ ਰੱਖੇ ਗਏ  ਹਨ ਅਤੇ ਜਿਹਨਾਂ ਦੇ ਮਾਲਕ ਸਿੱਧੇ–ਅਸਿਧੇ ਤੌਰ ’ਤੇ ਸਤਾਧਾਰੀ ਧਿਰ ਦੇ ਮੰਤਰੀਆਂ ਤੋਂ ਲੈ ਕੇ, ਉੱਚ ਅਧਿਕਾਰੀ ਅਤੇ ਉੱਚ ਪੁਲਸ ਅਧਿਕਾਰੀ ਹਨ। ਇੱਕ ਵਾਰ ਰੇਲ ਪੱਟੜੀ ਲਈ ਬਜਰੀ ਲੈਣ ਆਇਆ ਇੱਕ ਠੇਕੇਦਾਰ ਲੋਕਾਂ ਤੋਂ ਤੋਤਾ ਸਿੰਘ ( ਜਥੇਦਾਰ) ਦਾ ਕਰੈਸ਼ਰ ਭਾਲਦਾ ਫਿਰਦਾ ਸੀ।
ਖਣਨ ਵਾਲੇ ਇਲਾਕੇ ਦੇ ਵਾਸੀਆਂ ਅਤੇ ਟੀਮ ਦੇ ਬਾਗਬਾਨੀ ਦੇ ਮਾਹਰ ਮੈਂਬਰ ਨੇ  ਇਲਾਕੇ ਚ ਬਹੁਤ ਸਾਰੇ ਅਜਿਹੇ ਪੇੜ ਪੌਦੇ ਜਿਹੜੇ ਮਨੁੱਖੀ ਸਰੀਰ ਲਈ ਅਤੀ ਲਾਹੇਬੰਦ ਹਨ ਅਤੇ ਦਵਾਈਆਂ ਬੂਟੀਆਂ ਵਿੱਚ ਕੰਮ ਆਉਂਦੇ ਹਨ  ਜ਼ਿਆਦਾਤਰ ਪੰਜਾਬ ਦੇ ਇਸ ਇਲਾਕੇ ਵਿੱਚ ਪਾਏ ਜਾਂਦੇ ਹਨ ਜਿਹੜੇ ਖਣਨ ਨਾਲ ਤਬਾਹ ਹੇ ਰਹੇ ਹਨ ਅਤੇ ਉਹਨਾਂ ਦੇ ਅਲੋਪ ਹੋਣ ਦਾ ਖਤਰਾ ਹੈ।
ਧੱਕੇ ਨਾਲ ਜ਼ਮੀਨਾਂ ਉੱਪਰ ਕਬਜ਼ਾ:
ਲੋਕਾਂ ਦੀਆਂ ਜ਼ਮੀਨਾਂ ਵਿੱਚ ਪੱਥਰਾਂ  ਦੇ ਢੇਰ ਲਾ ਕੇ, ਨਾਲ ਦੀਆਂ ਜ਼ਮੀਨਾ ਵਿੱਚ ਡੂੰਘੀ ਖੁਦਾਈ ਕਰਕੇ, ਜ਼ਮੀਨਾਂ ਨੂੰ ਜਾਣ ਦੇ ਰਸਤੇ ਬੰਦ ਕਰਕੇ ਜਾਂ ਪੁੱਟਕੇ  ਲੋਕਾਂ ਨੂੰ ਬੇਵੱਸ ਕਰਕੇ ਵੇਚਣ ਲਈ ਮਜ਼ਬੂਰ ਕਰ ਕੇ ਜਮੀਨਾਂ ਉਪਰ ਕਬਜ਼ਾ ਕੀਤਾ ਜਾ ਰਿਹਾ ਹੈ। ਮਿਸਾਲ ਦੇ ਤੋਰ ਤੇ ਧਿਆਨ ਸਿੰਘ ਵਾਸੀ ਕਾਂਜੀਪੁਰ ਦੀ ਵੱਟ ਨਾਲ 60–70 ਫੁੱਟ ਡੂੰਘੀ ਪੁਟਾਈ ਕਰਕੇ ਉਸ ਦੀ ਜਮੀਨ ਬਰਬਾਦ ਕਰ ਦਿੱਤੀ ਗਈ ਹੈ । 
ਖਣਨ ਵਿਰੋਧੀ ਸੰਘਰਸ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ:- ਬੀਰ ਸਿੰਘ ਅਤੇ 6 ਹੋਰ ਸੰਘਰਸ਼ ਕਮੇਟੀ ਮੈਬਰਾਂ ਨੇ ਥਾਣੇ ਨੂੰ ਲਿਖਤੀ ਸਿਕਾਇਤ ਭੇਜੀ ਹੈ ਕਿ ਸੰਘਰਸ਼ ਕਮੇਟੀ ਦੀ ਅਗਵਾਹੀ ਵਿੱਚ ਟੋਟੇ ਪਿੰਡ ਦੀ ਨਹਿਰ ’ਤੇ ਬਣੇ ਵੱਡੇ ਪੁੱਲ ਤੋਂ ਗੁਜ਼ਰ ਰਹੀਆਂ  10 ਟਾਇਰਾਂ ਵਾਲੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਸਟੋਨ ਕਰੈਸ਼ਰ ਦੇ ਮਾਲਕ ਅਸ਼ਵਨੀ ਕੁਮਾਰ ਨੇ ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਫਿਰ ਆਪਣਾ ਰਿਵਾਲਵਰ ਕੱਢਕੇ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਧਰਮਿੰਦਰ ਸਿੰਘ ਅਨੁਸਾਰ ਪਿੰਡ ਟੋਟੇ ਦੀਆਂ ਔਰਤਾਂ ਵੱਲੋਂ ਪਿੰਡ ਦੀ ਫਿਰਨੀ ਤੋਂ ਕਰੈਸ਼ਰਾਂ ਵਾਲੀਆਂ ਦੀਆਂ ਗੱਡੀਆਂ ਬੰਦ ਕਰਵਾਉਣ ਦੇ ਲੜੇ ਗਏ ਸਫ਼ਲ ਸੰਘਰਸ਼ ਪਿੱਛੋਂ ਮਾਈਨਿੰਗ ਮਾਫ਼ੀਏ ਨੇ ਫਿਰਨੀ ਜਾਮ ਕਰਨ ਵਾਲੀਆਂ ਔਰਤਾਂ ਦੀ ਸ਼ਾਨ ਦੇ ਖਿਲਾਫ ਕੂੜ ਪ੍ਰਚਾਰ ਕੀਤਾ ।
 ਮਿਤੀ 22–08–2015 ਨੂੰ ਸਤਿਗੁਰੂ ਸਟੋਨ ਕਰੈਸ਼ਰ ਅਤੇ ਮੀਰੀ ਪੀਰੀ ਸਟੋਨ ਕਰੈਸ਼ਰ ਦੀਆਂ ਗੱਡੀਆਂ ਵਿਰੁੱਧ ਲੱਗੇ ਜਾਮ ਤੋਂ ਭੜਕ ਕੇ ਇਹਨਾਂ ਕਰੈਸ਼ਰਾਂ ਦੇ ਕਰਿੰਦਿਆਂ ਵੱਲੋਂ 3–4 ਵਜੇ ਸਵੇਰੇ ਜਾਮ ਲਾਈ ਬੈਠੀਆਂ ਔਰਤਾਂ ਅਤੇ ਧਰਨਾਕਾਰੀਆਂ ਨੂੰ ਮੀਰੀ ਪੀਰੀ ਕਰੈਸ਼ਰ ਦੇ ਲੰਮੀ ਦਾਹੜੀ ਤੇ ਬਾ ਸਿੱਖੀ ਸਾਰੂਪੀ  ਜਸਵਿੰਦਰ ਸਿੰਘ ਅਤੇ ਸਤਿਗੁਰ ਤੇਰੀ ਉਟ ਕਰੈਸਰ ਦੇ ਮਾਲਕ ਨੇ ਠੇਠ ਮਾਝੇ ਦੀ ਭਾਸ਼ਾ ’ਚ ਧਰਨਾਕਾਰੀਆਂ  ਨੂੰ   ਨੰਗੀਆਂ (ਗੰਦੀਆਂ) ਗਾਲੀਆਂ ਕੱਢੀਆਂ।  ਸੰਘਰਸ਼ ਦੇ ਦਬਾਅ ਹੇਠ ਇਹਨਾਂ ਕਰਿੰਦਿਆਂ ਨੇ ਲਿਖਤੀ ਮਾਫੀ ਮੰਗ ਕਿ ਪਿਛਾ ਛੁਡਾਇਆ ।
ਸਭਾ ਦੀ ਟੀਮ ਨੇ ਨੋਟ ਕੀਤਾ ਕਿ ਇਸ ਖੇਤਰ ਵਿੱਚ ਖਣਨ ਦੇ ਖਿ਼ਲਾਫ਼ ਔਰਤਾਂ ਵੱਲੋਂ ਨਿਭਾਈ ਭੂਮਿਕਾ ਬੇਹੱਦ ਉਤਸ਼ਾਹ ਜਨਕ ਹੈ। ਔਰਤਾਂ ਨੇ ਪਿੰਡਾਂ ਚ ਲਾਮਬੰਦੀ ਕਰਨ, ਖਣਨ ਮਾਫ਼ੀਏ ਦੀ ਦਹਿਸ਼ਤੀ ਅਤੇ ਭੱਦੀ ਆਵਾਜਾਈ ਨੂੰ ਨੱਥ ਪਾਉਣ, ਖਣਨ ਮਾਫੀਏ ਦੇ ਵਰਤਾਰੇ ਨੂੰ ਨੰਗਾ ਕਰਨ ਅਤੇ ਸਰਕਾਰੀ ਅਧਿਕਾਰੀਆਂ ਉੱਪਰ ਇਸ ਗੈਰਕਾਨੂੰਨੀ ਖਣਨ ਨੂੰ ਰੋਕਣ ਲਈ ਦਬਾ ਪਾਉਣ ਦੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਈ ਜਿਹੜੀ ਕਿ ਪੰਜਾਬ ਵਿੱਚ ਹੋ ਰਹੇ ਲੋਕ ਸੰਘਰਸ਼ਾਂ ਲਈ ਇੱਕ ਮਿਸਾਲ ਹੈ।   
ਡੂੰਘੀ ਖੁਦਾਈ ਕਾਰਨ ਨੇੜਲੇ ਖੇਤਾਂ ਅਤੇ ਘਰਾਂ ਨੂੰ ਹੋ ਰਹੇ ਨੁਕਸਾਨ ਸਬੰਧੀ ਜਦੋਂ ਸੰਘਰਸ਼ ਕਮੇਟੀ ਦਾ ਇੱਕ ਵਫਦ ਜ਼ਿਲ੍ਹਾ ਪ੍ਰਸਾਸ਼ਨ ਨੂੰ ਮਿਲਿਆ ਤਾਂ ਅਧਿਕਾਰੀਆਂ ਨੇ ਕਰੈਸਰ ਮਾਲਕਾਂ ਵੱਲੋਂ ਵਿਸ਼ਵਾਸ਼ ਦਿਵਾਇਆ ਕਿ ਉਹ ਇਹਨਾਂ ਖੱਡਾਂ ਨੂੰ ਪੂਰ ਦੇਣਗੇ, ਵਫਦ ਨੇ ਜਦੋਂ ਸੈਕੜੇ ਏਕੜਾਂ ’ਚ 80–80 ਫੁੱਟ ਡੂੰਘੀਆਂ ਖੱਡਾਂ ਨੂੰ ਪੂਰਨ ਲਈ ਕਿੰਨੇ ਹੋਰ ਸੈਂਕੜੇ ਏਕੜ ਦੀ ਖੁਦਾਈ ਦੀ ਲੋੜ ਪਵੇਗੀ ਤਾਂ ਅਧਿਕਾਰੀ ਲਾ ਜਵਾਬ ਸੀ। ਜਾਂਚ ਟੀਮ ਨੇ ਇੱਕ ਪੁਰਾਣੀ ਖੱਡ ਵਿੱਚ  ਬਜਰੀ ਦੀ ਛਾਣ ਵਾਲੀ ਮਿਟੀ ਦੇ ਟਰਕ   ਸੁੱਟੇ ਜਾਂਦੇ ਦੇਖੇ ਜਿਹੜੇ ਸਰਕਾਰੀ ਨਿਗਰਾਨ ਅਧਿਕਾਰੀਆਂ ਦੀਆਂ ਅੱਖਾਂ ਪੂੰਝਣ ਦੀ ਕਾਰਵਾਈ ਮਾਤਰ ਸਨ।
          ਮਿਤੀ 15 ਸਤੰਬਰ 2015 ਨੂੰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਹਾਜੀਪੁਰ ਦੇ ਸਫਲ ਸੜਕੀ ਆਵਾਜਾਈ ਦੇ ਜਾਮ ਪਿੱਛੋਂ  ਐਨ. ਡੀ. ਟੀ. ਵੀ. ਦੀ ਟੀਮ ਨੂੰ ਕਾਹਲੋਂ ਸਟੋਨ ਕਰੈਸ਼ਰ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਦਾ ਮੌਕਾ ਵਿਖਾਉਣ ਗਏ ਖਣਨ ਰੋਕੋ ਜ਼ਮੀਨ ਬਚਾਓ ਕਮੇਟੀ ਦੇ ਆਗੂ ਧਰਮਿੰਦਰ ਉਪਰ ਜਾਨ ਲੇਵਾ ਹਮਲਾ ਕੀਤਾ ਗਿਆ ਜਿਸ ਦੀ ਰਿਪੋਰਟ ਪੁਲੀਸ ਨੂੰ ਕੀਤੀ ਗਈ, ਪਰ ਕੋਈ ਕਾਰਵਾਈ ਨਹੀਂ ਹੋਈ। ਜਿਵੇਂ ਕਿ ਆਮ ਹੁੰਦਾ ਹੈ ਕਿ ਸੰਘਰਸ਼ ਕਰ ਰਹੀ ਇਸ ਕਮੇਟੀ ਦੇ ਆਗੂਆਂ   ਉਪਰ ਕਾਹਲੋਂ ਕਰੈਸ਼ਰ ਦੇ ਹਿੱਸੇਦਾਰ ਅਨਿਲ ਸਨਿਆਲ ਅਤੇ ਸੰਤ ਸਟੋਨ ਕਰੈਸ਼ਰ ਦੇ ਹਿੱਸੇਦਾਰ ਮੁਕੇਸ਼ ਕੁਮਾਰ ਵੱਲੋਂ ਇਸੇ ਦਿਨ 15 ਸਤੰਬਰ 2015 ਧਰਮਿੰਦਰ ਅਤੇ ਸੁਖਵਿੰਦਰ ਸਿੰਘ ਵੱਲੋਂ ਉਹਨਾ ਉਪਰ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰਨ ਦੀ ਕਹਾਣੀ ਘੜੀ ਗਈ ਜਿਸਦੀ ਮੁੱਢਲੀ ਫਰਜ਼ੀ ਰਿਪੋਰਟ 6 ਦਿਨ ਬਾਅਦ  ਦਰਜ਼ ਕੀਤੀ ਗਈ ਅਤੇ 6 ਮਹੀਨੇ ਬਾਅਦ ਮੱਕਦਮੇਂ ਦੀ ਧਾਰਾ 326 ਬਦਲ ਦਿੱਤੀ ਗਈ।ਜਿਸ ਬਾਰੇ ਅਦਾਲਤ ਨੇ ਵੀ ਨੋਟ ਕੀਤਾ।  ਜਦੋਂ ਕਿ ਸੰਘਰਸ਼ ਕਰ ਰਹੀ ਕਮੇਟੀ ਦੇ ਆਗੂਆਂ ਉਪਰ ਜਾਨ ਲੇਵਾ ਹਮਲੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਪ੍ਰਸਾਸ਼ਨ ਚੁੱਪ ਰਿਹਾ। ਪਰ ਕਰੈਸ਼ਰ ਮਾਲਕਾਂ ਦੀ ਸ਼ਕਾਇਤ ਉਤੇ ਧਰਮਿੰਦਰ ਅਤੇ ਸੁਖਵਿੰਦਰ ਸਿੰਘ ਨੂੰ ਪੁਲਸ ਨੇ ਸਾਜ਼ਿਸੀ ਢੰਗ ਨਾਲ ਗ੍ਰਿਫਤਾਰ ਕਰ ਲਿਆ। ਮਾਨਯੋਗ ਜੱਜ  ਪਰੀਆ ਸੂਦ ,ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ   ਨੇ ਧਰਮਿੰਦਰ ਸਿੰਘ ਦੀ ਜਮਾਨਤ ਦੀ ਅਰਜ਼ੀ ਦਾ ਫੈਸਲਾ ਦਿੰਦੇ ਨੋਟ ਕੀਤਾ ਕਿ  ਪ੍ਰੈਸ ਵਿੱਚ ਘਟਨਾ ਵਾਲੇ ਦਿਨ 15 ਸਤੰਬਰ 2015 ਨੂੰ  ਖਣਨ ਨੂੰ ਨੰਗਾ ਕਰਨ ਵਾਲੇ ਕਾਰਕੁਨ(ਵਿਸ਼ਲ ਬਲੋਅਰ) ਧਰਮਿੰਦਰ ਸਿੰਘ ਵੱਲੋਂ ਇੱਕ ਨਿਊਜ਼ ਚੈਨਲ ਦੀ ਟੀਮ ਨੂੰ ਇੱਕ ਗੈਰ ਕਾਨੂੰਨੀ ਕਰੈਸ਼ਰ ਦੀ ਥਾਂ ਉਪਰ ਲੈ ਕੇ ਜਾਣ ਸਮੇਂ ਖਣਨ ਮਾਫੀਏ ਵੱਲੋਂ ਧਰਮਿੰਦਰ ਨੂੰ ਘੇਰ ਲੈਣ ਪਿੱਛੋਂ ਪੇ਼ਡੂਆਂ ਅਤੇ ਖਣਨ ਮਾਫੀਏ ਵਿਚਕਾਰ ਝੜਪਾਂ ਹੋਣ ਖਬਰਾਂ ਪ੍ਰੈਸ ਦੇ ਰਿਕਾਰਡ ਵਿੱਚ ਹਨ।
ਵਿਰੋਧੀ ਰਾਜਸੀ ਪਾਰਟੀਆਂ ਨੇ ਵੀ ਖਣਨ ਮਾਫੀਏ ਵਿਰੁੱਧ ਕੋਈ ਸਾਰਥਿਕ ਭੂਮਿਕਾ ਨਹੀਂ ਨਿਭਾਈ, ਬਲਕਿ ਧਰਨੇ ਦਾ ਲਾਹਾ ਲੈਣ ਲਈ  ਅਤੇ ਅਖਬਾਰੀ ਦੀਆਂ ਸੁਰਖੀਆਂ   ਬਣਨ ਲਈ ਇੱਕ ਦਿਨ ਆਏ।
ਖਣਨ ਨਾਲ ਅੰਨੀ ਕਮਾਈ:
ਸੰਘਰਸ਼ ਕਮੇਟੀ ਅਨੁਸਾਰ ਸਟੋਨ ਕਰੈਸ਼ਰ ਵਾਲੇ ਕਿਸਾਨ ਦੀ ਜਮੀਨ 10 ਫੁੱਟ ਡੂੰਘੀ ਕਰਨ ਦੇ ਵਾਅਦੇ ਨਾਲ ਪ੍ਰਤੀ ਏਕੜ 1.5 ਲੱਖ ਦੇ ਠੇਕੇ ਉਪਰ ਜ਼ਮੀਨ ਉਪਰ ਕਬਜ਼ਾ ਕਰਦੇ ਹਨ ਪਰ 45 ਫੁੱਟ ਡੁੰਘਾ ਕਰਨ ਨਾਲ  ਇੱਕ ਕਰੋੜ ਤੋਂ ਸਵਾ ਕਰੋੜ ਕਮਾ ਲੈਂਦੇ ਹਨ।  ਅਤੇ ਰੇਤੇ ਦਾ  ਇੱਕ ਟਿਪਰ 7000 ਤੋਂ ਲੈ ਕੇ 12000 ਹਜ਼ਾਰ ਨਾਲ ਵੇਚਿਆ ਜਾਂਦਾ ਹੈ। ਟਿਪਰਾਂ ਦੀ ਬਾਡੀ ਨੂੰ ਉਵਰਲੋਡ ਕਰਨ ਲਈ ਉਪਰ ਵੱਲ ਨਾਜਾਇਜ ਵਧਾਇਆ ਹੋਇਆ ਹੈ।
ਹਾਈਕੋਰਟ ਦੇ ਫੈਸਲੇ:
ਹਾਈਕੋਰਟ ਦੇ ਸਾਲ 2016 ਦੇ ਫੈਸਲਾ ਨੰਬਰ CWP 7712 ਦੀ ਪਾਲਣਾ ਤਹਿਤ ਸਟੇਟ ਜਿਆੳਲੋਜਿਟ ਦੇ ਮੀਮੋ ਨੰਬਰ Glg/Pb./C/Case/1756/5369-A dated 4.5.2016 ਉਪਰ ਕਾਰਵਾਈ ਕਰਦਿਆਂ ਸੁਯੰਕਤ ਡਾਇਰੈਕਟਰ (ਇਨਫਰਾ) ਵੱਲੋਂ ਗੈਰ ਕਾਨੂੰਨੀ ਨਿਕਾਸੀ ਦੀ ਚੈਕਿੰਗ ਕਰਨ ਲਈ ਗਠਤ ਕੀਤੀ  ਟੀਮ ਨੇ 10.5.2016 ਨੂੰ ਪਿੰਡ ਫਹਿਤਪੁਰ ਕੁਲੀਆਂ, ਤਹਿਸੀਲ ਮੁਕੇਰੀਆਂ ਦਾ ਦੌਰਾ ਕੀਤਾ ਅਤੇ ਲਿਖਿਆ ਕਿ ਦੌਰੇ ਸਮੇਂ ਕੋਈ ਮਾਇਨਿੰਗ ਸਾਈਟ ਨਹੀਂ ਦੇਖੀ ਗਈ। ਸਟੇਟ ਜਿਆਲੋਜਿਸਟ ਨੂੰ ਆਪਣੇ ਮੀਮੋ ਨੰਬਰ ਗ::ਪੱ;ਨੰ:ਡਾ/ –ਚੈਕਿੰਗ/ਹੋਸ਼ਿਆਰਪੁਰ/5744–ਏ ਮਿਤੀ 12/5/2016 ਦੇ ਪੱਤਰ ਨਾਲ ਸਤਿਗੁਰ ਤੇਰੀਓਟ ਸਟੋਨ ਕਰੈਸ਼ਰ ਜਿਹੜਾ ਫਤਿਹਪੁਰ ਕੁਲੀਆਂ  ਵਿਖੇ ਕਾਰਜਸ਼ੀਲ ਹੈ ਦੇ ਮਾਲਕ ਦੇ ਬਿਆਨ ਦਾ ਬਿਊਰਾ ਦਿੱਤਾ ਹੈ  ਜਿਸ ਵਿੱਚ ਉਸਨੇ ਕਿਹਾ ਕਿ ਇਹ ਜਮੀਨ ਉਸਨੇ 3–4 ਸਾਲ ਪਹਿਲਾਂ ਹੀ ਖਰੀਦੀ ਸੀ ਜੋ ਪਹਿਲਾਂ ਹੀ ਨੀਵੀਂ ਸੀ( 70–80 ਫੁੱਟ) ਅਤੇ ਉਹ ਸੁਖਚੈਨਪੁਰ ਦੀ ਅਧਿਕਾਰਤ ਖੱਡ ਤੋਂ ਮੈਟੀਰੀਅਲ ਲਿਆਉਂਦਾ ਹੈ।
ਖਨਣ ਰੋਕੋ ਜਮੀਨ ਬਚਾਓ ਸੰਘਰਸ਼ ਕਮੇਟੀ ਮੁਤਾਬਿਕ ਇਹ ਝੁਠੀ ਰੀਪੋਰਟ ਇਸ ਕਰਕੇ ਬਣਾਈ ਗਈ ਹੈ ਕਿਉਂ ਕਿ ਇਸ ਇਲਾਕੇ ਵਿੱਚ ਖਨਣ ਦੀ ਆਗਿਆ ਨਹੀਂ ਹੈ।
ਖਣਨ ਨਾਲ ਖੇਤੀ ਉਪਰ ਅਸਰ :
ਭੂਮੀ ਰੱਖਿਆ ਮਾਹਰਾਂ ਅਨੁਸਾਰ ਡੂੰਘੇ ਟੋਏ ਨਾਲ ਲਗਦਾ ਖੇਤ ਪਾਣੀ ਦੇ ਵਹਾਅ ਨਾਲ ਰੁੜ ਜਾਂਦਾ ਹੈ, ਇਸ ਖੇਤ ਵਿੱਚਲੇ ਉਪਜਾਊ ਤੱਤ ਪਾਣੀ ਵਿੱਚ ਘੁੱਲ ਕੇ ਧਰਤੀ ਵਿੱਚ ਹੇਠਾਂ ਰਿਸਦੇ ਹੋਏ ਡੂੰਘੇ ਖੇਤ ਵਿੱਚ ਵਹਿ ਜਾਣ ਕਰਕੇ ਖੇਤ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ, ਖੇਤ ਵਿੱਚ ਨਮੀਂ ਦੀ ਮਾਤਰਾ ਘੱਟ ਜਾਣ ਕਰਕੇ   ਫਸਲਾਂ ਨੂੰ ਪਾਣੀ ਦੀ ਘਾਟ ਆ ਜਾਂਦੀ ਹੈ, ਕੰਡੀ ਇਲਾਕੇ ਵਿੱਚ ਕਈ ਖੇਤਾਂ ਦੇ ਰਸਤੇ ਵੀ ਰੁੜ ਜਾਂਦੇ ਹਨ।   
ਪਿੱਛਲੇ ਦਿਨੀ ਕੇਂਦਰੀ ਮੰਤਰੀ ਗਡਕਰੀ ਨੇ 10500 ਕਰੋੜ ਦੀ ਲਾਗਤ ਨਾਲ ਪੰਜਾਬ ਭਰ ’ਚ ਸੜਕਾਂ ਦਾ ਨਿਰਮਾਨ ਕਰਨ ਦਾ ਉਦਘਾਟਨ ਵੀ ਕੀਤਾ, ਜਿਹਨਾਂ ਲਈ ਪੱਥਰ, ਬਜਰੀ ਲਈ ਕੰਢੀ ਇਲਾਕੇ ਵਿੱਚ ਨਿਕਾਸੀ ਹੋਰ ਤੇਜ ਹੋਵੇਗੀ ।
ਉਜਾੜੇ ਦਾ ਸੰਤਾਪ ਪਿੱਛਾ ਨਹੀਂ ਛੱਡਦਾ:
ਪਿੰਡ ਕਾਂਜੂਪੀਰ ਸੁਖਵਿੰਦਰ ਸਿੰਘ ਦੇ ਚਾਚਾ ਸਰਦੂਲ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਭੱਗਠਾਵਾਂ (ਪਾਕਿਸਤਾਨ ਦੀ ਸਰਹੱਦ ਨਾਲ ਰਹਿੰਦੇ ਸਨ। ਪਰ 1965, 1971 ਅਤੇ ਕਾਰਗਿਲ ਦੀ ਲੜਾਈ ਵੇਲੇ ਉਹਨਾਂ ਦੇ ਪਿੰਡ ਨੂੰ ਉਠਾ ਦਿੱਤਾ ਸੀ । ਸਾਡੇ ਰਿਸਤੇਦਾਰ 47 ਦੀ  ਵੰਡ ਪਿਛੋਂ ਇਧਰ ਆ ਕੇ ਵਸੇ ਸਨ ਉਹ ਸਾਨੂੰ ਇੱਧਰ ਬੁਲਾ ਲਿਆ । ਪਰ ਸਾਂਤੀ ਨਾਲ ਇੱਥੇ ਵੀ ਰਹਿ ਨਹੀਂ ਸਕਦੇ।
ਅਖਬਾਰੀ ਰਿਪੋਰਟਾਂ ਮੁਤਾਬਕ ਅਕਾਲੀ ਆਗੂ ਬੀਬੀ ਜੋਸ਼ ਦਾ ਬੇਟਾ ਰੇਤਾ ਖਨਣ ਦੇ ਕਾਰੋਬਾਰ ਵਿਚ ਸਹਿਯੋਗੀ ਹੈ ਅਤੇ ਗੁਰਦਵਾਰੇ ਦੀ ਉਸਾਰੀ ਲਈ ਕੀਤੀ ਮੁਫਤ ਖਨਣ ਦੇ ਨਾਂ ਤੇ ਮੋਟੀ ਨਿਜੀ  ਕਮਾਈ ਕੀਤੀ ਹੈ। ਇਹਨਾਂ ਰੀਪੋਰਟਾਂ ਬਾਅਦ ਵੀ ਉਸ ਉਪਰ ਕੋਈ ਕਾਰਵਾਈ  ਨਹੀੰ ਕੀਤੀ ਗਈ।
ਭਾਸਕਰ ਵਿੱਚ ਛਪੀਆਂ ਰਿਪੋਰਟਾਂ ਮੁਤਾਬਕ ਮਹਿੰਦਰ ਕੌਰ ਜੋਸ਼ ਦੇ ਕਰੀਬੀ ਸਤਬੀਰ ਸਿੰਘ ਚੱਕੋਵਾਲ ਸੇਖਾਂ ਨੇ ਕਸਬਾ ਹਰਿਆਣਾ ਦੇ ਨਜ਼ਦੀਕ ਤਖਨੀ ਪਿੰਡ ਦੀ ਜ਼ਮੀਨ ਪੱਧਰੀ ਕਰਨ ਦੇ ਨਾਮ ’ਤੇ ਜ਼ਮੀਨ ਠੇਕੇ ਤੇ ਲਈ ਹੋਈ ਹੈ। ਪੱਤਰਕਾਰ ਜਦੋਂ ਉੱਥੇ ਪਹੁੰਚੇ ਤਾਂ ਦੋ ਜੇ ਸੀ ਬੀ ਅਤੇ ਇੱਕ ਟਿਪਰ ਭੱਜ ਗਏ। ਭੱਜੇ ਜਾਂਦੇ ਟਿਪਰ ਉਪਰ ਗੜਸੰਕਰ ਹਲਕੇ ਦੇ ਅਕਾਲੀ ਵਿਧਾਇਕ ਅਤੇ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸਕੱਤਰ ਸੁਰਿੰਦਰ ਸਿੰਘ ਬੁੱਲੇਵਾਲਰਾਠਾਂ ਦੇ ਨਜਦੀਕੀ ਮਾਹਿਲ ਪੁਰ ਦੇ ਅਕਾਲੀ ਆਗੂ ਅਵਤਾਰ ਸਿੰਘ ਬਾਹੋਵਾਲ ਦੇ ਨਾਮ ਉਕਰਿਆ ਹੋਇਆ ਸੀ। ਦੇ ਘੰਟੇ ਦੇਰ ਨਾਲ ਪਹੁੰਚੀ ਪੁਲਸ ਨੇ ਅਗਿਆਤ ਲੋਕਾਂ ਉੱਪਰ ਮਾਮਲਾ ਦਰਜ ਕਰ ਦਿੱਤਾ। ਨਜਾਇਜ ਰੇਤ ਨਾਲ ਭਰੇ ਅਜਿਹੇ ਵਹੀਕਲ ਹਰਿਆਣਾ ਕਸਬੇ ਦੀ ਪੁਲਸ ਵੱਲੋਂ ਕਈ ਵਾਰ ਛੱਡੇ ਜਾਣ ਦੀਆਂ ਖਬਰਾਂ ਹਨ।
ਪੰਜਾਬ ਸਰਕਾਰ ਦੇ ਉਦਯੋਗ ਅਤੇ ਕਮਰਸ਼ ਵਿਭਾਗ (ਜਿਉਲੀਜਲ ਸ਼ਾਖਾ) ਈ ਬੋਲੀ ਸਬੰਧੀ ਪੱਤਰ ਨੰਬਰ:ਜੀ.ਐਲ.ਜੀ./ਪੰਜ./ਜੀ.–1/ਨਿਲਾਮੀ/1085/2015/9543ਬੀ ਮੁਤਾਬਕ ਇਸ ਇਲਾਕੇ  ਵਿੱਚ ਪਿੰਡਾਂ ਦੀਆਂ ਸੜਕਾਂ ਤੋਂ 10 ਮੀਟਰ ਦੇ ਘੇਰੇ ਅੰਦਰ ਨਿਕਾਸੀਨਹਿਰ ਨੇੜੇ , ਵਸੋਂ ਵਾਲੀਆਂ ਥਾਵਾਂ ਤੋਂ 50 ਮੀਟਰ ਦੇ ਘੇਰੇ ਦੇ ਅੰਦਰ ਨਿਕਾਸੀ ਨਹੀਂ ਕੀਤੀ ਜਾ ਸਕਦੀ। ਜਮੀਨ ਦੀ ਸਤਹ ਤੋਂ 3 ਮੀਟਰ ਤੋਂ ਵੱਧ ਡੂੰਘੀ ਪੁਟਾਈ ਦੀ ਮਨਾਹੀ ਹੈ ।ਨਿਕਾਸੀ ਬਾਅਦ ਜ੍ਮੀਨ ਨੂੰ ਪੱਧਰ ਕਰਨ ਦੀ ਜਿੰਮੇਵਾਰੀ ਠੇਕੇਦਾਰ   ਦੀ ਹੈ । ਨਿਕਾਸੀ ਦਾ ਕੰਮ ਗਰਮੀਆਂ ਵਿੱਚ 6.00 ਸਵੇਰੇ ਤੋਂ 7.00 ਸ਼ਾਮ ਅਤੇ ਸਰਦੀਆਂ ਵਿੱਚ 7.00 ਸਵੇਰੇ ਤੋਂ 5 ਵਜੇ ਸ਼ਾਮ ਤੱਕ ਕੀਤਾ ਜਾ ਸਕੇਗਾ । ਜ਼ਿਲ੍ਹਾਂ ਪੱਧਰੀ ਵਾਤਾਵਰਨ ਸੈੱਲ ਪੰਜਾਬ ਪ੍ਰਦੂਸ਼ਨ ਕੰਟਰੋਲ ਇੰਜੀਨੀਅਰ ਦੀ ਨਿਗਰਾਨੀ ਹੇਠ ਸਬ ਕਮੇਟੀ ਗਿਠਿਤ ਕਰ ਕੇ ਠੇਕੇ ਅਤੇ ਖਾਣਾਂ ਦੀ ਨਿਰੀਖਣ ਕਰੇਗਾ । ਅਤੇ   ਵਾਤਵਰਣ  ਕਾਨੂਂਨ   ਦੀਆਂ ਸ਼ਰਤਾ ਦੀ ਪਾਲਣਾ ਤੇ ਨਿਗਰਾਨੀ ਹਿੱਤ , ਮਹੀਨੇ ਵਿੱਚ ਜਿਲਾ ਪਧਰ ਤੇ ਇੱਕ ਵਾਰੀ ਅਤੇ ਸੂਬਾ ਪੱਧਰ ’ਤੇ ਦੋ ਮਹੀਨਿਆਂ ’ਚ ਇੱਕ ਵਾਰੀ  ਮੀਟਿੰਗ  ਕਰਨਗੇ।  ਹੈਰਾਨੀ ਹੈ ਕਿ ਇਸ ਇਲਾਕੇ ਵਿਚ ਇਕ ਵੀ ਖਾਣ ਦੀ ਬੋਲੀ ਨਹੀਂ ਹੋਈ ਪਰ ਖਨਣ ਜਾਰੀ ਹੈ।
ਖਣਨ ਰੋਕੋ /ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਵੱਲੋਂ ਪਾਸ ਕੀਤੇ ਮਤੇ ਜਿਹੜੇ ਤਹਿਸੀਲਦਾਰ, .ਐਸ.ਪੀ. ਮੁਕੇਰੀਆਂ ਅਤੇ ਹੋਰ ਅਧਿਕਾਰੀਆਂ ਨੂੰ ਭੇਜੇ ਗਏ।
ਮਤਾ ਨੰ: (2) ਕਿ ਅਦਾਲਤ ਵੱਲੋਂ ਧਿਆਨ ਸਿੰਘ ਪੁੱਤਰ ਜ਼ਗਦੀਸ਼ ਰਾਮ ਦੇ ਹੱਕ ਵਿੱਚ ਸਟੋਨ ਕਰੈਸ਼ਰ ਵਿਰੁੱਧ ਸਟੇਅ ਆਰਡਰ ਪ੍ਰਾਪਤ ਹੋਇਆ, ਸਟੇਅ ਆਰਡਰ ਥਾਣਾ ਹਾਜ਼ੀਪੁਰ ਦਿੱਤਾ ਗਿਆ, ਕਰੈਸ਼ਰ ਮਾਲਕਾਂ ਨੇ ਇਸਦੀ ਪ੍ਰਵਾਹ ਨਹੀਂ ਕੀਤੀ, ਇਸ ਨੂੰ ਲਾਗੂ ਕਰਵਾਉਣ ਦੀ ਮੰਗ ਕੀਤੀ ਜਾਂਦੀ ਹੈ।
ਮਤਾ ਨੰ:(3) ਮਾਨਯੋਗ ਏ.ਐਸ.ਪੀ. ਵੱਲੋਂ ਸੱਦੀ ਮੀਟਿੰਗ ਵਿੱਚ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ 12.11.2014 ਨੂੰ ਸ਼ੀਮਤੀ ਹਰਜੀਤ ਕੌਰ ਮਾਈਨਿੰਗ ਅਧਿਕਾਰੀ ਹੁਸ਼ਿਆਰਪੁਰ ਨੇ ਚੈਕਿੰਗ ਦੌਰਾਨ ਸਤਿਗੁਰ ਤੇਰੀ ਓਟ ਕਰੈਸ਼ਰ ਮਾਲਕਾਂ ਨੂੰ ਕੁੱਲ ਪਟਾਈ ਬੰਦ ਕਰਨ ਅਤੇ ਡੂੰਘੇ ਟੋਏ ਭਰਨ ਲਈ ਸੂਚਿਤ ਕੀਤਾ ਸੀ ਪਰ ਖਨਣ ਧੱਕੇ ਨਾਲ ਜਾਰੀ ਹੈ। ਕਰੈਸ਼ਰ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਕੇ ਪੱਕੇ ਤੌਰ ’ਤੇ ਪੁਟਾਈ ਬੰਦ ਕਰਵਾਈ ਜਾਵੇ।
ਮਤਾ ਨੰ: (7) ਕਿ ਮੀਰੀ ਪੀਰੀ ਕਰੈਸ਼ਰ ਮਾਲਕਾਂ ਵੱਲੋਂ ਪੰਜਾਬ ਵਕਫ ਬੋਰਡ ਦੀ ਕਰੀਬ 7 ਏਕੜ ਜ਼ਮੀਨ ਪਿੰਡ ਕਾਂਜੀਪੁਰ (ਸਰਿਆਣਾ) ਵਿੱਚ 30 ਤੋਂ 50 ਫੁੱਟ ਤੱਕ ਪੁੱਟੀ ਗਈ ਹੈ ਜੋ ਕਿ ਨਜਾਇਜ਼ ਅਤੇ ਗੈਰ ਕਾਨੂੰਨੀ ਹੈ। ਇਸ ਦੀ ਪੜਤਾਲ ਵਿਜੀਲੈਂਸ ਵਿਭਾਗ ਅਤੇ ਜੁਡੀਸਰੀ ਪਾਸੋਂ ਕਰਵਾਈ ਜਾਵੇ। ਸਬੰਧਿਤ ਮਹਿਕਮੇ ਦੇ ਜ਼ੰਮੇਵਾਰ ਅਧਿਕਾਰੀਆ ਅਤੇ ਕਰਮਚਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਕਿਉਂ ਕਿ  ਇਹ ਕੰਮ ਮਹਿਕਮਾ ਵਕਫ਼ ਬੋਰਡ ਅਤੇ ਮਾਲ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੋਇਆ ਹੈ।
ਮਤਾ ਨੰ:(8) ਕਿ ਮੀਰੀ–ਪੀਰੀ ਅਤੇ ਸਤਿਗੁਰੁ ਤੇਰੀ ਓਟ ਦੀ ਮਾਰਫਾਤ ਕੁੱਝ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ ਭਾਰੀਆਂ ਅਤੇ ਲੋਡਡ ਗੱਡੀਆਂ ਚੱਲਦੀਆਂ ਹਨ। ਇਸ ਕਰਕੇ ਲਿੰਕ ਸੜਕਾਂ ਬਰਬਾਦ ਹੋ ਗਈਆਂ ਹਨ। ਸਬੰਧਿਤ ਐਕਸੀਅਨ ਤੋਂ ਪੁੱਛਿਆ ਜਾਵੇ  ਕਿ ਲਿੰਕ ਸੜਕਾਂ ਉਪਰ ਇਹ ਲੋਡਡ ਗੱਡੀਆਂ ਨੂੰ ਕਿਉਂ ਨਹੀਂ ਰੋਕਿਆ ਗਿਆ ਜਾਂ ਕੀ ਕਾਰਵਾਈ ਕੀਤੀ ਗਈ? ਜ਼ੁੰਮੇਵਾਰ ਅਧਿਕਾਰੀਆਂ ਦੀ ਕਰੈਸ਼ਰ ਮਾਲਕਾਂ ਨਾਲ ਮਿਲੀ ਭੁਗਤ ਨੂੰ ਨੰਗਾ ਕਰਕੇ ਉਹਨਾ ਵਿਰੁੱਧ ਫੌਰੀ ਸਖ਼ਤ ਕਾਰਵਾਈ ਕੀਤੀ ਜਾਵੇ।
ਮਤਾ ਨੰ; (9) ਕਿ ਕਰੈਸ਼ਰ ਮਾਲਕਾਂ ਵੱਲੋਂ ਭਾਰੀਆਂ ਅਤੇ ਲੋਡਡ ਗੱਡੀਆਂ ਨਹਿਰੀ ਪੱਟੜੀਆਂ ਅਤੇ ਪੁਲਾਂ ਉੱਪਰ ਚਲਦੀਆਂ ਹਨ।ਪਟੜੀਆਂ ਅਤੇ ਪੁਲਾਂ ਦੀ ਹੋਈ ਬਰਬਾਦੀ ਨਾਲ  ਪਿੰਡਾਂ ਦੇ ਨੁਕਸਾਨ ਦਾ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਹ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਘੋਰ ਅਦਗਹਿਲੀ ਹੈ ਅਤੇ ਕਰੈਸ਼ਰ ਮਾਲਕਾਂ ਦੀ ਮਿਲੀ ਭੁਗਤ ਹੈ।ਇਸ ਨਾਲ ਇਲਾਕੇ ਦੇ ਲੋਕਾਂ ਨਾਲ ਹਾਦਸੇ ਵੀ ਵਾਪਰਦੇ ਰਹਿੰਦੇ ਹਨ। ਨਹਿਰੀ ਵਿਭਾਗ ਤੋਂ ਪੁੱਛਿਆ ਜਾਵੇ ਕਿ ਇਸ ਨੁਕਸਾਨ ਦਾ ਕੋਣ ਜ਼ੁੰਮੇਦਾਰ ਹੈ। ਕਰੈਸ਼ਰ ਮਾਲਕਾਂ ਦੀਆਂ ਇਹ ਵੰਡੀਆਂ ਲੋਡਡ ਗੱਡੀਆਂ ਲੰਘਣ ਦੀ ਨਹਿਰੀ ਵਿਭਾਗ ਕਿਸ ਤਰ੍ਹਾਂ ਅਤੇ ਕਿਉਂ ਇਜਾਜ਼ਤ ਦਿੰਦਾ ਹੈ। ਟੁੱਟੀਆਂ ਪਟੜੀਆਂ ਅਤੇ ਪੁਲਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਕਸੂਰਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਮਤਾ ਨੰ: (10) ਕਿ ਟਿਊਬਵੈੱਲ ਕਾਰਪੋਰੇਸ਼ਨ ਵੱਲੋਂ ਕਿਸਾਨਾਂ ਖੇਤਾਂ ਵਿੱਚ ਪਾਣੀ ਦੀ ਸਿੰਚਾਈ ਵਾਸਤੇ ਪਾਈਆਂ ਜ਼ਮੀਨ ਦੋਜ਼ ਪਾਈਪਾ ਲਗਵਾਈਆਂ ਗਈਆਂ ਸਨ, ਸਤਿਗੁਰੁ ਤੇਰੀ ਓਟ ਕਰੈਸ਼ਰ ਵਾਲਿਆਂ ਨੇ ਜੇ.ਸੀ.ਬੀ ਮਸ਼ੀਨਾਂ ਨਾਲ ਪਿੰਡ ਫਤਿਹਪੁਰ ਦੀ ਜ਼ਮੀਨ ਵਿੱਚੋਂ ਪੁੱਟ ਸੁੱਟੀਆਂ ਹਨ। ਇਹਨਾਂ ਪਾਈਪਾ ਨਾਲ ਸਿੰਜਿਆ ਜਾਂਦਾ 40 ਏਕੜ ਰਕਬਾ ਪ੍ਰਭਾਵਤ ਹੋਇਆ ਹੈ।ਕਰੈਸ਼ਰ ਮਾਲਕਾਂ ਨੂੰ ਇਹ ਪਾਈਪਾਂ ਤੋੜਨ ਦਾ ਅਧਿਕਾਰ ਟਿਊਬਵੈੱਲ ਕਾਰਪੋਰੇਸ਼ਨ ਦੇ ਕਿਸਨੇ  ਦਿੱਤਾ,ਅਜਿਹੇ ਮਿਲੀ ਭੁਗਤ ਵਾਲੇ ਅਧਿਕਾਰੀਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ । ਸਬੰਧਿਤ ਮਹਿਕਮੇ ਵੱਲੋਂ ਕਰੈਸ਼ਰ ਮਾਲਕਾਂ ਦੇ ਖਿ਼ਲਾਫ਼ (ਪਾਈਪਾਂ ਤੋੜਨ) ਵਿਰੁੱਧ  ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਅਤੇ ਕੀ ਕਰੈਸ਼ਰ ਮਾਲਕਾਂ ਖਿ਼ਲਾਫ ਕੋਈ ਪਰਚਾ ਦਰਜ ਕਰਵਾਇਆ ਗਿਆ ਹੈ। ਪਾਈਪਾ ਟੁੱਟ ਜਾਣ ਨਾਲ ਜੋ ਕਿਸਾਨਾਂ ਦੀਆਂ ਫਸਲਾ ਪ੍ਰਭਾਵਤ ਹੋਈਆਂ ਹਨ ਉਸ ਲਈ ਟਿਊਬਵੈੱਲ ਕਾਰਪੋਰਸ਼ਨ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਅਤੇ ਲਾਪ੍ਰਵਾਹੀ ਖਿਲਾਫ਼ ਸਖਤ ਕਾਰਵਾਈ ਕਰਨ ਦੀ ਖੇਚਲ ਕੀਤੀ ਜਾਵੇ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ। 
ਮਤਾ ਨੰ:(11)ਕਿ ਜਿਹਨਾਂ ਕਿਸਾਨਾਂ ਦੀ ਜ਼ਮੀਨ ਮੀਰੀ ਪੀਰੀ ਅਤੇ ਸਤਿਗੁਰ ਤੇਰੀ ਓਟ ਕਰੈਸ਼ਰਾਂ ਵੱਨੋਂ ਧੱਕੇ ਨਾਲ 30 ਫੁੱਟ ਤੋਂ ਲੈ ਕੇ 70 ਫੁੱਟ ਤੱਕ ਪੁੱਟੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਸਾਨਾਂ ਦੀਆਂ ਨਾਲ ਦਰਖਾਸਤਾਂ ਪੇਸ਼ ਹਨ ਇਹਨਾਂ ਦਰਖਾਸਤਾਂ ਦੇ ਆਧਾਰ ’ਤੇ ਕਰੈਸ਼ਰ ਮਾਲਕਾਂ ਖਿ਼ਲਾਫ਼ ਪਰਚੇ ਦਰਜ ਕੀਤੇ ਜਾਣ।
ਮਤਾ ਨੰ: (12)  ਕਿ ਹੁਣ ਤੱਥ ਮੀਰੀ ਪੀਰੀ ਅਤੇ ਸਤਿਗੁਰੁ ਤੇਰੀ ਓਟ ਕਰੈਸ਼ਰਾਂ ਦੇ ਮਾਲਕਾਂ ਵੱਲੋਂ 30 ਫੁੱਟ ਤੋਂ ਲੈ ਕੇ 70 ਫੁੱਟ ਤੱਕ ਪੁਟਾਈ ਕੀਤੀ ਗਈ ਹੈ। 10 ਫੁੱਟ ਤੋਂ ਹੇਠਾਂ ਸਰਕਾਰ ਦੀ ਮਾਲਕੀ ਹੈ। ਇਸ ਤਰ੍ਹਾਂ ਸਰਕਾਰ ਦੇ ਹੱਕ ਦੀ ਚੋਰੀ ਹੋਈ ਹੈ , ਇਸ ਦੇ ਨਾਲ ਨਾਲ ਪਿੰਡ ਦੇ ਰਹਾਇਸ਼ੀ ਮਕਾਨਾਂ ਦੇ ਬਰਬਾਦ ਹੋਣ ਦਾ ਵੀ ਖਤਰਾ ਪੈਦਾ ਹੋਇਆ ਹੈ। ਮਹਿਕਮਾਂ ਮਾਲ ਦਾ ਫੀਲਡ ਵਿਭਾਗ ਹਰ 6 ਮਹੀਨੇ ਬਾਅਦ ਗਿਰਦਾਵਰੀ ਕਰਦਾ ਹੈ, ਉਹਨਾਂ ਵੱਲੋਂ ਸਰਕਾਰ ਨੂੰ ਇਸ ਸਬੰਧੀ ਰਿਪੋਰਟਾਂ ਨਾ ਭੇਜਣ ਲਈ ਜ਼ਿੰਮੇਵਾਰੀ ਤਹਿ ਕੀਤੀ ਜਾਵੇ ਅਤੇ ਸਬੰਧਿਤ ਅਧਿਕਾਰੀਆਂ ਖਿਲਾਫਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਿੱਟੇ: ਟੀਮ ਵੱਲੋਂ ਇੱਕਤਰ ਕੀਤੀ ਜਾਣਕਾਰੀ, ਦਸ਼ਤਾਵੇਜਾਂ, ਅਦਾਲਤੀ ਫੈਸਲਿਆਂ ਦੀ ਘੋਖ ਅਤੇ ਖਣਨ ਰੋਕੋ /ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਮਤਿਆਂ ਦੇ ਮੱਦੇ ਨਜ਼ਰ ਸਭਾ ਇਹਨਾਂ ਸਿੱਟਿਆਂ ’ਤੇ ਪਹੁੰਚੀ ਹੈ ਕਿ:
1.     ਖਣਨ ਮਾਫੀਏ ਦਾ ਸਤਾਧਾਰੀ ਸਿਆਸਤਦਾਨਾਂ, ਉੱਚ ਅਧਿਕਾਰੀਆਂ ਅਤੇ ਉੱਚ ਪੁਲੀਸ ਅਧਿਕਾਰੀਆਂ ਨਾਲ ਗੱਠਜੋੜ ਖਣਨ ਨੂੰ ਨਿਯਮਤ ਕਰਨ ਦੇ ਸਾਰੇ ਕਾਇਦੇ ਕਾਨੂੰਨਾਂ ਤੋਂ ਬੇਪ੍ਰਵਾਹ ਹੋ ਕੇ ਕੀਤੀ ਜਾ ਰਹੀ ਇਹ ਗੈਰ ਕਾਨੂੰਨੀ ਖਣਨ ਲੋਕਾਂ ਦੇ ਜਾਨਾਂ, ਜ਼ਮੀਨਾਂ, ਵਾਤਾਵਰਨ ਆਦਿ ਲਈ ਵੱਡਾ ਖਤਰਾ ਬਣ ਕੇ ਉੱਭਰ ਰਹੀ ਹੈ। ਇਹ ਤੱਥ ਅਦਾਲਤਾਂ ਵਿੰਚ ਵੀ ਕਬੂਲ ਕੀਤਾ ਜਾ ਚੁੱਕਿਆ ਹੈ। ਲੋਕਾਂ ਲਈ ਇਹ ਚਿੰਤਾ ਦਾ ਵਿਸ਼ਾ ਹੈ।
2.     ਨਵੀਆਂ ਆਰਥਿਕ ਨੀਤੀਆਂ ਤਹਿਤ ਨਿਜੀ ਕਰਨ ਦੇ ਨਾਂ ਤੇ ਨਿਜੀ ਕਾਰੋਬਾਰੀਆਂ  ਨੂੰ ਲਗਾਤਾਰ ਛੋਟਾ ਦਿੱਤੀਆਂ ਜਾ ਰਹੀਆਂ ਹਨ। ਰੇਲਾਂ ਦੇ ਵਿਸਥਾਰ ਦੀ ਥਾਂ ਹਾਲ ਦੇ ਹੀ ਦਿਨਾਂ ਵਿੱਚ ਕੇਦਰੀ ਮੰਤਰੀ ਗਡਕਰੀ ਵੱਲੋਂ 10500 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦਾ ਰੱਖਿਆ ਗਿਆ ਨੀਂਹ ਪੱਥਰ ਰੇਤਾ,ਬਜਰੀ ਦੀ ਮੰਗ ਨੂੰ ਹੋਰ ਤਿੱਖਾ ਕਰੇਗਾ। ਮੁਨਾਫੇ ਦੀ ਹੋੜ ਖਣਨ ਨੂੰ ਹੋਰ ਵੱਧ ਮਾਰੂ ਬਣਾਵੇਗੀ। ਆਲਜੰਜਾਲ ਦੀ ਤਹਿ ਸੁਦਾ ਖਣਨ ਨੀਤੀ ਅਨਸੁਾਰ ਪੰਜਾਬ ਵਿੱਚ ਕਿਤੇ ਵੀ 3 ਮੀਟਰ ਤੋਂ ਹੇਠਾਂ ਖੁਦਾਈ ਦੀ ਮਨਾਹੀ ਹੈ ਪਰ ਸਭਾ ਦੀ ਟੀਮ ਵੱਲੋਂ ਵੇਖੇ 60ਫੁੱਟ ਤੋਂ 80 ਫੁੱਟ ਡੂੰਘੇ ਟੋਏ ਇਸ ਦੀ ਨੰਗੀ ਚਿੱਟੀ ਉਲੰਘਣਾ ਤਾਂ ਹੈ ਹੀ ਪਰ ਪੂਰਾ ਪ੍ਰਸਾਸ਼ਨ ਇਸ ਗੱਠਜੋੜ ਦੀ ਮਾਰ ਹੇਠ ਆਕੇ ਅੱਖਾਂ ਮੀਟੀ ਬੈਠਾ ਹੈ। ਅਜਿਹੇ ਡੂੰਘੇ ਟੋਏ  ਨਾਲ ਦੇ ਕਿਸਾਨਾਂ ਦੇ ਕੇਵਲ ਰੁਜ਼ਗਾਰ ਦੇ ਵਸੀਲੇ (ਜ਼ਮੀਨ) ਲਈ ਹੀ ਵੱਡਾ ਖਤਰਾ ਨਹੀਂ ਸਗੋ ਲਾਲ ਡੋਰੇ ਦੇ ਅੰਦਰ ਅਤੇ ਰਸਤਿਆਂ ਦੇ ਨੇੜੇ ਹੋਣ ਕਾਰਨ ਉਹਨਾਂ ਦੀ ਆਪਣੀ ਜਿੰਦਗੀ ਅਤੇ ਪਸ਼ੂਆਂ ਲਈ ਵੀ ਖਤਰਨਾਕ ਹਨ। ਇਹ ਮਾਫੀਆ ਲੋਕਾਂ ਨੂੰ ਬੇਵੱਸੀ ਦੀ ਹਾਲਤ ਵਿੱਚ ਸੁੱਟਕੇ ਉਹਨਾਂ ਦੀਆਂ ਜਮੀਨਾਂ ਉਪਰ ਕਬਜੇ ਕਰ ਰਿਹਾ ਹੈ। ਅਜਿਹੇ  ਹਾਲਤਾਂ ਵਿੱਚ ਅਦਾਲਤੀ ਹੁਕਮ ਵੀ ਬੇਅਸਰ ਸਿੱਧ ਹੋ ਰਹੇ ਹਨ। ਇਹਨਾਂ ਡੂੰਘੇ ਟੋਇਆਂ ਨੂੰ ਪੂਰਨ ਤੋਂ ਇਹ ਮਾਫੀਆਂ ਨਾਬਰ ਹੋਇਆ ਬੈਠਾ ਹੈ। ਲੋਕਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੈ।
3.    ਕਿਸੇ ਵੇਲੇ ਇਲਾਕੇ ਦੀ ਖੇਤੀ ਨੂੰ ਵਿਕਸਤ ਕਰਨ ਲਈ ਵਿਛਾਈਆਂ ਗਈਆਂ ਨਹਿਰਾਂ ਅਤੇ ਟਿਊਬਵੈੱਲਾਂ ਦਾ ਪਾਣੀ ਸਪਲਾਈ ਕਰਨ ਲਈ ਵਿਛਾਈਆਂ ਜ਼ਮੀਨ ਦੋਜ਼ ਪਾਈਪਾਂ ਨੂੰ ਇਸ ਖਣਨ ਮਾਫੀਏ ਵੱਲੋਂ ਤੋੜਨਾ ਖੇਤੀ ਨੂੰ ਬਰਬਾਦ ਕਰਕੇ  ਇਲਾਕੇ ਦੀ ਆਰਥਿਕਤਾ ਨੂੰ ਤਬਾਹ ਕਰਨ ਅਤੇ ਲੋਕਾਂ ਨੂੰ ਉਜਾੜਨ ਦੀ ਡੂੰਘੀ ਸਾਜਿਸ਼ ਹੈ। 
4.    ਲਿੰਕ ਸੜਕਾਂ ਅਤੇ ਨਹਿਰੀ ਪਟੜੀਆਂ ਉਪਰ ਚਲਦੇ ਭਾਰੀ ਖਣਨ ਸਮੱਗਰੀ ਨਾਲ ਲੱਧੇ ਭਾਰੀ ਵਾਹਣ ਸੜਕਾਂ, ਨਹਿਰੀ ਪਟੜੀਆਂ ਅਤੇ ਪੁੱਲਾਂ ਦੇ ਟੁੱਟਣ ਦਾ ਕਾਰਨ ਬਣ ਰਹੇ ਹਨ ਅਤੇ ਇਸ ਸਬੰਧੀ ਟਰਾਂਸਪੋਰਟ ਵਿਭਾਗ ਅਤੇ ਨਹਿਰੀ ਵਿਭਾਗ ਦੀ ਨਾਅਹਿਲੀਅਤ ਲੋਕਾਂ ਦੇ ਸਾਧਨਾਂ ਨਾਲ ਅਤੇ ਲੋਕਾਂ ਦੀ ਸਹੂਲਤ ਲਈ ਉਸਾਰੇ ਇਸ ਮਾਮੂਲੀ ਢਾਂਚੇ ਦੀ ਤਬਾਹੀ ਦਾ ਕਾਰਨ ਬਣ ਰਹੀ ਹੈ। ਹਾਈਕੋਰਟ ਵੱਲੋਂ ਇਹਨਾਂ ਭਾਰੀ ਵਾਹਨਾਂ ਦੀ ਰੋਕ ਲਈ ਕੀਤੇ ਹੁਕਮ ਹਰ ਰੋਜ਼ ਟਾਇਰਾਂ ਥੱਲੇ ਦਰੜੇ ਜਾ ਰਹੇ ਹਨ ਅਤੇ ਨਿਯਮ ਲਾਗੂ ਕਰਨ ਵਾਲੇ ਵਿਭਾਗ ਅੱਖਾਂ ਮੀਟੀ ਬੈਠੇ ਹਨ।
5.     ਦਿਨ ਰਾਤ ਚੱਲ ਰਹੇ ਕਰੈਸ਼ਰ ਅਤੇ ਵਾਹਨਾਂ ਵੱਲੋਂ ਉਡਾਈ ਜਾ ਰਹੀ ਧੂੜ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਕੇ ਲੋਕਾਂ ਦੀ ਸਿਹਤ ਨੂੰ ਖਤਰਾ ਖੜਾ ਕਰ ਰਹੀ ਹੈ ਉੱਥੇ ਫਸਲਾਂ ਅਤੇ ਪੇੜ ਪੌਦਿਆਂ ਉਪਰ ਜੰਮ ਰਹੀ ਧੂੜ ਉਹਨਾ ਦੇ ਝਾੜ ਘਟਣ, ਅਤੇ ਤਬਾਹੀ ਦਾ ਕਾਰਨ ਵੀ ਬਣ ਰਹੀ ਹੈ।
6.    ਖਣਨ ਕਾਰਨ ਦਰਖਤਾਂ ਅਤੇ ਜੜੀ ਬੂਟੀਆਂ ਦੀ ਤਬਾਹੀ ਇੱਕ ਨਾ ਪੂਰੇ ਜਾਣ ਵਾਲਾ ਘਾਟ ਹੈ ਜਿਸ ਨਾਲ ਜੜੀ ਬੂਟੀਆਂ ਅਤੇ ਜੰਗਲੀ ਜੀਵਾਂ ਦੇ ਅਲੋਪ ਹੋਣ ਦਾ ਵੀ ਖਤਰਾ ਹੈ ਅਤੇ ਹੜਾਂ ਦਾ ਖਤਰਾ ਵੀ ਵਧ ਜਾਵੇਗਾ।
7.    ਕੰਢੀ ਦਾ ਇਲਾਕਾ ਪਹਿਲਾਂ ਹੀ ਪਾਣੀ ਦੀ ਥੁੜ ਦਾ ਸ਼ਿਕਾਰ ਹੈ, ਬਜਰੀ ਨੂੰ ਸਾਫ ਕਰਨ ਲਈ ਕਰੈਸ਼ਰਾਂ ਵੱਲੋਂ ਦਿਨ ਰਾਤ ਕੱਢਿਆ ਜਾ ਭੂਮੀ ਹੇਠਲਾ ਪਾਣੀ ਆਉਣ ਵਾਲੇ ਸਮੇਂ ਵਿੱਚ ਪਾਣੀ ਦਾ ਸਕੰਟ ਖੜਾ ਕਰ ਸਕਦਾ ਹੈ। 
8.    ਤਲਵਾੜਾ ਡੈਮ ਦੇ ਪੈਰਾਂ ’ਚ ਖੁਦਾਈ ਨਾਲ ਹੋਣ ਨਾਲ ਇਸਦਾ ਵੀ ਹਾਲ ਹਰਿਆਣਾ ਦੇ ਤਾਜੇ ਵਾਲਾ ਡੈਮ ਵਾਲਾ ਹੋਣ ਦਾ ਖਤਰਾ ਹੈ। ਚੇਤੇ ਰਹੇ ਕਿ ਲੱਗਭੱਗ ਚਾਰ ਸਾਲ ਪਹਿਲਾਂ ਤਾਜੇ ਵਾਲਾ ਡੈਮ ਲਗਾਤਾਰ ਹੋ ਰਹੀ ਰੇਤ ਦੀ ਨਿਕਾਸੀ ਕਾਰਨ ਪਾਣੀ ਵਿੱਚ ਰੁੜ ਗਿਆ ਸੀ।
9.    ਖਣਨ ਮਾਫੀਆਂ ਖਣਨ ਦੇ ਵਿਰੋਧਆਂ ਨੂੰ ਚੁੱਪ ਕਰਕੇ ਨਹੀ਼ ਜਰ ਰਿਹਾ ਸਗੋ ਪੂਰੀ ਦਹਿਸ਼ਤ ਨਾਲ ਕੁੱਚਲਣ ’ਤੇ ਉਤਾਰੂ ਹੈ। ਇਸ ਦਾ ਸਬੂਤ ਸੰਘਰਸ਼ ਕਮੇਟੀ ਵੱਲੋਂ ਵਾਹਣ ਦੀ  ਆਵਾਜਾਈ ਰੋਕਣ ਉਪਰ ਰਿਵਾਲਵਰ ਤਾਣ ਲੈਣਾ, ਨੰਗੀਆਂ ਗਾਲਾਂ ਕੱਢਣੀਅ. ਅਤੇ ਔਰਤਾਂ  ਦੇ ਉਦਮ ਨੂੰ ਮਾਰਨ ਲਈ ਉਹਨਾ ਦੀ ਸ਼ਾਨ ਖਿ਼ਲਾਫ਼ ਪਰਚਾਰ ਕਰਨਾ।
ਇਸ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਆਗੂ ਉਪਰ ਜਾਨ ਲੇਵਾ ਹਮਲਾ ਕਰਨਾ, ਅਤੇ ਆਗੂਆਂ ਉਪਰ ਝੂਠਾ ਪਰਚਾ ਦਰਜ ਕਰਵਾਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਉਣਾ ਸੰਘਰਸ਼ਸ਼ੀਲ ਲੋਕਾਂ ਨੂੰ ਬੇਦਿਲ ਕਰਨ ਅਤੇ ਡਰਾਉਣ ਦੀਆ ਕਾਰਵਾਈਆਂ ਹਨ। ਰਾਜ ਤੰਤਰ ਵੀ ਇਸ ਮਾਫੀਏ ਦੇ ਹੱਕ ਵਿੱਚ ਭੁਗਤ ਰਿਹਾ  ਹੈ, ਸੰਘਰਸ਼ ਕਮੇਟੀ ਦੇ ਆਗੂ ਉਪਰ ਹਮਲਾ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ  ਨਹੀਂ ਕੀਤੀ ਗਈ।
10.  ਗੈਰ ਕਾਨੂੰਨੀ ਖਣਨ ਨਾਲ ਸਰਕਾਰੀ ਖਜ਼ਾਨੇ ਨੂੰ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦਾ  ਚੂਨਾ ਲੱਗ ਰਿਹਾ ਹੈ ਜਿਹੜਾ ਕਿ ਲੋਕਾਂ ਲਈ ਮੁਫਤ ਵਿਦਿਆ ਅਤੇ ਸਿਹਤ ਸਹੂਲਤਾਂ ਲਈ ਵਰਤਿਆ ਜਾ ਸਕਦਾ ਹੈ ਅਤੇ ਇਉਂ ਇਹਨਾਂ ਸਹੂਲਤਾਂ ਦੇ ਨਿਜੀ ਕਰਨ ਨਾਲ ਲੋਕਾਂ ਦੀ ਕੀਤੀ ਜਾ ਰਹੀ ਲੁੱਟ  ਵਧਾਉਣ ਵਿੱਚ ਇੱਕ ਕਾਰਕ ਹੈ।
11.  ਜਿਆਦਾ ਤਰ ਕਰੈਸ਼ਰਾਂ ਦੇ ਨਾਮ ਧਾਰਮਿਕ ਪਹਿਚਾਨ ਵਾਲੇ ਹਨ, ਅਫਸੋਸ ਹੈ , ਨਿਜੀ ਹਿਤ ਤੇ ਨਾਜਾਇਜ ਧੰਦਿਆਂ  ਲਈ  ਧਾਰਮਿਕ ਚਿੰਨਾਂ ਦਾ ਇਸਤੇਮਾਲ ਕੀਤਾ ਗਿਆ ਹੈ । ਜੋ ਕਿ ਬਹੁਤ ਗਲਤ ਹੈ ਤੇ ਸਵੀਧਾਨ ਦੀ ਉਲੰਘਣਾ  ਵੀ ਹੈ।

ਮੰਗਾਂ ਅਤੇ ਸੁਝਾਅ: ਅਜਿਹੇ ਹਾਲਤਾਂ ਵਿੱਚ ਸਭਾ ਲੋਕਾਂ ਨੂੰ ਹੇਠ ਲਿਖੀਆਂ ਮੰਗਾਂ ਅਤੇ ਸੁਝਾਵਾਂ ਦੁਆਲੇ ਸਰਗਰਮੀ ਕਰਨ ਦਾ ਸੱਦਾ ਦਿੰਦੀ ਹੈ।
1.     ਲੋਕਾਂ ਦੇ ਜਿਉਣ ਦੇ ਵਸੀਲੇ ਖੋਹਣ ਲਈ ਬਣਿਆ ਸੱਤਾਧਾਰੀ ਸਿਆਸਤ ਦਾਨਾ, ਅਫਸ਼ਰਸ਼ਾਹੀ ਅਤੇ ਉੱਚ ਪੁਲਸ ਪ੍ਰਸਾਸ਼ਨ ਦਾ ਗੱਠ ਜੋੜ ਜਮਹੂਰੀ ਅਤੇ ਸੰਘਰਸ਼ਸ਼ੀਲ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਖਿਲਾਫ਼ ਵਿਸ਼ਾਲ ਜਾਗਰੂਕ ਮੁਹਿੰਮ ਚਲਾਕੇ ਹੀ ਇਸ ਮਾਫੀਏ ਨੂੰ ਲੋਕਾਂ ਵਿੱਚ ਬੇਪੜਦ ਕਰਕੇ  ਇਸ  ਹਮਲੇ ਨੂੰ ਪਛਾੜਿਆ ਜਾ ਸਕਦਾ ਹੈ ਅਤੇ ਲੋਕਾਂ ਦੀ ਸੁਣਵਾਈ ਹੋ ਸਕਦੀ ਹੈ।
2.    ਸਭਾ ਮੰਗ ਕਰਦੀ ਹੈ ਕਿ ਖਣਨ ਨੀਤੀ ਨੂੰ ਜਨਤਕ ਕੀਤਾ ਜਾਵੇ ਅਤੇ ਕਿਸੇ ਵੀ ਇਲਾਕੇ ਵਿੱਚ ਹੋਣ ਵਾਲੀ ਨਿਕਾਸੀ ਸ਼ੁਰੂ ਕਰਨ ਤੋਂ ਪਹਿਲਾਂ ਪਾਰਦਰਸ਼ੀ ਜਨਤਕ ਸੁਣਵਾਈ ਲਾਜਮੀ ਕੀਤੀ ਜਾਵੇ ।
3.    ਖਣਨ ਮਾਫੀਏ ਵਲੋਂ  ਇਸ ਕਾਰੋਬਾਰ ਰਾਹੀਂ ਕੀਤੀ ਜਨਤਕ ਸਾਧਨਾ ਦੀ ਲੁੱਟ ਦੀ ਪੜਤਾਲ ਕਰਕੇ  ਜਨਤਕ ਕੀਤਾ ਜਾਵੇ ਅਤੇ ਅਜਿਹੀ ਨਾਜਾਇਜ ਢੰਗਾ ਨਾਲ ਇਕਠੀ ਕੀਤੀ ਸੰਪਤੀ ਜਬਤ ਕਰਕੇ ਲੋਕ ਹਿਤ ਵਿਚ ਵਰਤੀ ਜਾਵੇ।
4.    ਖਣਨ ਮਾਫੀਏ ਵੱਲੋਂ ਕੀਤੇ ਜਨਤਕ ਅਤੇ ਨਿਜੀ ਜਾਇਦਾਦ   – ਨਹਿਰਾਂ, ਸੜਕਾਂ, ਟਿਊਬਵੈੱਲਾਂ ਦੀਆਂ ਸਪਲਾਈ ਪਾਈਪਾਂ, ਵਾਤਾਵਰਣ, ਪਸ਼਼ੂਆਂ ਆਦਿ ਦੇ ਨੁਕਸਾਨ  ਲੋਕਾਂ ਦੀ ਸ਼ਮੂਲੀਅਤ ਨਾਲ ਤਹਿ ਕਰਕੇ ਇਸ ਮਾਫੀਏ ਤੋਂ ਵਸੂਲਿਆ ਜਾਵੇ, ਲੋਕਾਂ ਦੇ ਹੋਏ ਨੁਕਸਾਨ ਦੀ ਭਰਭਾਈ ਕੀਤੀ ਜਾਵੇ। ਸਬੰਧਤ ਜ਼ੁੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
5.      ਸੰਘਰਸ਼ ਕਰ ਰਹੇ ਲੋਕਾਂ ਉਪਰ ਪਾਏ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ ਅਤੇ ਮਾਫੀਏ ਵੱਲੋਂ ਲੋਕਾਂ ਉਪਰ ਕੀਤੇ ਹਮਲਿਆਂ ਲਈ ਉਨ੍ਹਾਂ ਉ੍ਹਪਰ ਮੁਕੱਦਮੇ ਦਰਜ ਕੀਤੇ ਜਾਣ ।

ਵੱਲੋਂ: ਸੂਬਾ ਕਮੇਟੀ ਜਮਹੂਰੀ ਅਧਿਕਾਰ ਸਭਾ ਪੰਜਾਬ
ਜਾਰੀ ਕਰਤਾ: ਪ੍ਰੋਂ. ਜਗਮੋਹਨ ਸਿੰਘ ਜਨਰਲ ਸਕੱਤਰ   (26 ਅਕਤੂਬਰ 2016)


No comments:

Post a Comment