Monday, February 1, 2016

ਚੋਟੀ ਦੇ ਮਾਰਕਸੀ ਚਿੰਤਕ ਪ੍ਰੋਫੈਸਰ ਰਣਧੀਰ ਸਿੰਘ ਜੀ ਸਦੀਵੀ ਵਿਛੋੜਾ ਦੇ ਗਏ



ਜਮਹੂਰੀ ਅਧਿਕਾਰ ਸਭਾ ਵਲੋਂ ਉਨ੍ਹਾਂ ਦੇ ਦੇਹਾਂਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ

ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਉੱਘੇ ਮਾਰਕਸੀ ਚਿੰਤਕ ਪ੍ਰੋਫੈਸਰ ਰਣਧੀਰ ਸਿੰਘ ਜੀ ਦੇ ਦੇਹਾਂਤ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਮਨੁੱਖਤਾ ਇਕ ਉੱਚਕੋਟੀ ਦੇ ਜ਼ਹੀਨ, ਇਨਸਾਨੀਅਤ ਪ੍ਰੇਮੀ ਚਿੰਤਕ ਤੋਂ ਵਾਂਝੀ ਹੋ ਗਈ ਹੈ। ਉਹ ਦਿੱਲੀ ਯੂਨੀਵਰਸਿਟੀ ਵਿਚ ਰਾਜਨੀਤਕ ਸਿਧਾਂਤ ਦੇ ਪ੍ਰੋਫੈਸਰ ਰਹੇ ਜਿਨ੍ਹਾਂ ਨੇ ਬੇਸ਼ੁਮਾਰ ਵਿਦਿਆਰਥੀਆਂ ਨੂੰ ਵਿਗਿਆਨਕ ਸਮਾਜਵਾਦੀ ਨਜ਼ਰੀਏ ਨਾਲ ਜੋੜਿਆ। ਉਹ ਇਨਕਲਾਬੀ ਸਮਾਜਿਕ ਤਬਦੀਲੀ ਨੂੰ ਪ੍ਰਣਾਏ ਕਮਿਊਨਿਸਟ ਨਜ਼ਰੀਏ ਵਾਲੇ ਪ੍ਰਤੀਬਧ ਚਿੰਤਕ ਹੋਣ ਦੇ ਨਾਤੇ ਫਿਰਕਾਪ੍ਰਸਤੀ, ਮੂਲਵਾਦ ਸਮੇਤ ਹਰ ਤਰ੍ਹਾਂ ਦੇ ਪਿਛਾਖੜੀ ਵਿਚਾਰਾਂ ਦੇ ਤਿੱਖੇ ਆਲੋਚਕ ਅਤੇ ਔਰਤਾਂ ਦੀ ਬੰਦਖ਼ਲਾਸੀ ਦੇ ਦਿ੍ਰੜ ਮੁਦੱਈ ਸਨ। 1939 'ਚ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋਣ ਦੇ ਸਮੇਂ ਤੋਂ ਲੈ ਕੇ ਆਖ਼ਰੀ ਦਮ ਤਕ ਉਨ੍ਹਾਂ ਨੇ ਸਮਾਜ ਦੇ ਆਦਰਸ਼ ਨੂੰ ਬੁਲੰਦ ਰੱਖਿਆ। ਆਪਣੇ ਸਮੇਂ ਦੇ ਭਖਦੇ ਵਿਚਾਰਧਾਰਕ ਸਿਆਸੀ ਸਵਾਲਾਂ ਉੱਪਰ ਉਨ੍ਹਾਂ ਨੇ ਡੱਟਕੇ ਸਟੈਂਡ ਲਿਆ ਅਤੇ ਸੰਸਾਰ ਸਮਾਜਵਾਦੀ ਪ੍ਰਬੰਧ ਨੂੰ ਲੱਗੀ ਪਛਾੜ ਦੇ ਕਾਰਨਾਂ ਦਾ ਆਲੋਚਨਾਤਮਕ ਅਧਿਐਨ ਕਰਦਿਆਂ ਵੱਡ-ਅਕਾਰੀ ਭਰਵਾਂ ਵਿਸ਼ਲੇਸ਼ਣ ਪੇਸ਼ ਕੀਤਾ। ਉਨ੍ਹਾਂ ਨੇ ਸੱਤ ਦਹਾਕੇ ਲੰਮੀ ਸਰਗਰਮ ਚਿੰਤਨਸ਼ੀਲ ਜ਼ਿੰਦਗੀ ਵਿਚ ਭਖਵੇਂ ਸਵਾਲਾਂ ਉੱਪਰ ਬੇਸ਼ੁਮਾਰ ਲੈਕਚਰ ਦਿੱਤੇ ਅਤੇ ਇਨ੍ਹਾਂ ਤੋਂ ਇਲਾਵਾ 'ਕਰਾਸਿਸ ਆਫ ਸੋਸ਼ਲਿਜ਼ਮ, ਰਿਜ਼ਨ, ਰੈਵੋਲੂਸ਼ਨ ਐਂਡ ਪੁਲੀਟੀਕਲ ਥਿਊਰੀ, ਫਾਈਵ ਲੈਕਚਰਜ਼ ਇਨ ਮਾਰਕਸਿਸਟ ਮੋਡ, ਆਫ ਮਾਰਕਸਿਜ਼ਮ ਐਂਡ ਇੰਡੀਅਨ ਪਾਲਿਟਿਕਸ, ਮਾਰਕਸਿਜ਼ਮ-ਸੋਸ਼ਲਿਜ਼ਮ ਐਂਡ ਇੰਡੀਅਨ ਪਾਲਿਟਿਕਸ, ਕਾਨਟੈਂਪਰੇਰੀ ਇਕਾਲੋਜੀਕਲ ਕਰਾਸਿਸ, ਇੰਡੀਅਨ ਪਾਲਿਟਿਕਸ ਟੂਡੇ ਦੇ ਰੂਪ 'ਚ ਸੱਤ ਬਹੁਮੁੱਲੀਆਂ ਕਿਤਾਬਾਂ ਮਨੁੱਖਤਾ ਦੀ ਝੋਲੀ ਪਾਈਆਂ। ਸਭਾ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਡੂੰਘਾ ਅਧਿਐਨ ਸਮਾਜਿਕ ਤਬਦੀਲੀ ਲਈ ਸਰਗਰਮ ਸਿਆਸੀ ਤਾਕਤਾਂ, ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਲਈ ਬਹੁਮੁੱਲਾ ਬੌਧਿਕ ਖ਼ਜ਼ਾਨਾ ਹਨ।
1 ਫਰਵਰੀ 2016



No comments:

Post a Comment