ਨੌਜਵਾਨ ਫਤਿਹ ਸਿੰਘ ਦੀ ਖ਼ੁਦਕਸ਼ੀ ਲਈ ਜ਼ੁੰਮੇਵਾਰ ਨਸ਼ਾ ਤਸਕਰਾਂਂ ਦੀ ਗਿ੍ਰਫ਼ਤਾਰੀ ਦੀ ਮੰਗ ਕਰਦੇ ਲੋਕਾਂ ’ਤੇ ਜਬਰ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਰਿਪੋਰਟ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਰਿਪੋਰਟ
17 ਅਗਸਤ 2015 ਨੂੰ ਦਿਆਲਪੁਰਾ ਭਾਈਕਾ (ਬਠਿੰਡਾ) ਵਿਖੇ ਪਿੰਡ ਦੇ ਹੀ ਇੱਕ ਗ਼ਰੀਬ ਪਰਿਵਾਰ ਦੇ ਨੌਜਵਾਨ ਵੱਲੋਂ ਕੀਤੀ ਖ਼ੁਦਕਸ਼ੀ ਲਈ ਜ਼ੁੰਮੇਵਾਰ ਨਸ਼ਾ ਤਸਕਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰਦੇ ਲੋਕਾਂ ਉਪਰ ਅੰਨ੍ਹੇ ਜ਼ਬਰ ਅਤੇ ਲੋਕ ਆਗੂਆਂ ਦੀ ਗਿ੍ਰਫ਼ਤਾਰੀ ਅਖਬਾਰਾਂ ਦੀ ਸੁਰਖੀ ਬਣੀ। ਖਬਰ ਵਿੱਚ ਇਹ ਵੀ ਦਰਜ ਸੀ ਕਿ ਵਹਿਸ਼ੀ ਲਾਠੀਚਾਰਜ ਦੌਰਾਨ ਪੁਲਿਸ ਨੇ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ। ਇਸ ਮਸਲੇ ਦੀ ਗਹਿਰਾਈ ਨਾਲ ਛਾਣਬੀਣ ਕਰਕੇ ਸਹੀ ਤੱਥ ਲੋਕਾਂ ਸਾਹਮਣੇ ਪੇਸ਼ ਕਰਨ ਲਈ ਜਮਹੂਰੀ ਅਧਿਕਾਰ ਸਭਾ ਦੀ ਬਠਿੰਡਾ ਇਕਾਈ ਨੇ ਇੱਕ ਤੱਥ ਖੋਜ ਕਮੇਟੀ ਨਿਯੁਕਤ ਕੀਤੀ ਜਿਸ ਦੇ ਮੈਂਬਰ ਐਡਵੋਕੇਟ ਐਨ. ਕੇ. ਜੀਤ, ਸ੍ਰੀ ਪਿ੍ਰਤਪਾਲ ਸਿੰਘ (ਕੌਮੀ ਤਾਲਮੇਲ ਸਕੱਤਰ), ਸ੍ਰੀ ਸੁਖਦੇਵ ਪਾਂਧੀ, ਸ੍ਰੀ ਦਰਸ਼ਨ ਸਿੰਘ ਬਾਜਾਖਾਨਾ, ਅਤੇ ਸ੍ਰੀ ਰਾਤੇਸ਼ ਕੁਮਾਰ ਭਗਤਾ ਜ਼ਿਲਾ ਕਾਰਜਕਾਰਨੀ ਮੈਂਬਰਾਨ ਸਨ।
ਤੱਥ ਖੋਜ ਕਮੇਟੀ ਨੇ ਦਿਆਲਪੁਰਾ ਭਾਈਕਾ ਪਿੰਡ ਵਿੱਚ ਜਾ ਕੇ ਪੀੜਤ ਪਰਿਵਾਰ, ਉੱਥੋਂ ਦੇ ਆਮ ਲੋਕਾਂ, ਘਟਨਾ ਸਮੇਂ ਮੌਜੂਦ ਵਿਅਕਤੀਆਂ, ਪੁਲਸ ਅਧਿਕਾਰੀਆਂ, ਪਿੰਡ ਦੀ ਪੰਚਾਇਤ ਅਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨਾਲ ਸੰਪਰਕ ਕਰ ਕੇ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ। ਭਗਤੇ ਦੇ ਪੱਤਰਕਾਰਾਂ, ਜੋ ਧਰਨੇ ਦੀ ਕਵਰੇਜ ਕਰਨ ਲਈ ਮੌਕੇ ’ਤੇ ਮੌਜੂਦ ਸਨ, ਤੋਂ ਘਟਨਾਵਾਂ ਦੇ ਵੇਰਵੇ ਅਤੇ ਉਹਨਾਂ ਵੱਲੋਂ ਖਿੱਚੀਆਂ ਫੋਟੋਆਂ ਅਤੇ ਵੀਡੀਓ ਕਲਿਪ ਹਾਸਲ ਕੀਤੇ। ਇਸ ਘਟਨਾ ਨਾਲ ਸਬੰਧਿਤ ਧਨੌਲਾ ਅਤੇ ਦਿਆਲਪੁਰਾ ਭਾਈਕਾ ਥਾਣਿਆਂ ਵਿੱਚ ਦਰਜ ਤਿੰਨ ਐੱਫ.ਆਈ.ਆਰਾਂ. ਦੀਆਂ ਨਕਲਾਂ ਹਾਸਲ ਕੀਤੀਆਂ ਅਤੇ ਪੁਲਸ ਲਾਠੀਚਾਰਜ ਵਿੱਚ ਜ਼ਖਮੀ ਵਿਅਕਤੀਆਂ ਤੋਂ ਉਹਨਾਂ ਦੀ ਆਪ ਬੀਤੀ ਸੁਣੀ। ਧਰਨੇ ਦੇ ਪ੍ਰੋਗਰਾਮ ਵਿੱਚ ਸਿਰਕਤ ਕਰਨ ਵਾਲੀਆਂ ਕਿਸਾਨ, ਅਤੇ ਖੇਤ ਮਜਦੂਰ ਜਥੇਬੰਦੀਆਂਂ ਅਤੇ ਦਿਆਲਪੁਰਾ ਪੁਲਸ ਚੌਕੀ ਦੇ ਇੰਚਾਰਜ ਦਾ ਪੱਖ ਵੀ ਸੁਣਿਆ।
ਤੱਥ ਖੋਜ ਕਮੇਟੀ ਵਲੋਂ ਇਕੱਤਰ ਕੀਤੀ ਜਾਣਕਾਰੀ:
ਫਤਿਹ ਸਿੰਘ ਉੁਰਫ ਫੱਤਾ ਨਾਂ ਦੇ ਜਿਸ ਨੌਜਵਾਨ ਦੀ ਖ਼ੁਦਕਸ਼ੀ ਤੋਂ ਇਹ ਸਾਰਾ ਮਾਮਲਾ ਭੜਕਿਆ, ਉਹ 22-23 ਸਾਲ ਦਾ ਮਹਿਰਾ ਸਿੱਖ ਪਰਿਵਾਰ ਨਾਲ ਸਬੰਧਿਤ, 6 ਭੈਣਾਂ ਦਾ ਇੱਕੋ ਇੱਕ ਭਾਈ ਸੀ । ਦਸਵੀਂ ਚੋ ਇੱਕ ਰੀਅਪੀਅਰ ਆਉਣ ’ਤੇ ਘਰ ਦੀਆਂ ਆਰਥਿਕ ਤੰਗੀਆਂ ਤਰੁਸ਼ੀਆਂ ਕਰਕੇ ਉਹ ਆਪਣੀ ਪੜਾਈ ਜਾਰੀ ਨਾ ਰੱਖ ਸਕਿਆ, ਪਰ ਮਾਂ ਪਿਉ ਨੂੰ ਸਹਾਰਾ ਦੇਣ ਲਈ ਕੁੱਝ ਸਮਾਂ ਬਿਜਲੀ ਬੋਰਡ ਵਿੱਚ ਮਜਦੂਰੀ ਕਰਨ ਲੱਗ ਪਿਆ। ਕਬੱਡੀ ਅਤੇ ਕਿ੍ਰਕਟ ਦਾ ਉਹ ਸ਼ਾਨਦਾਰ ਖਿਡਾਰੀ ਸੀ। ਉਸਦੇ ਮਾਂ-ਪਿਓ ਅਤੇ ਭੈਣਾਂ ਖੇਡਾਂ ਵਿੱਚ ਜਿੱਤੀਆਂ ਉਸ ਦੀਆਂ ਸ਼ੀਲਡਾਂ ਅਤੇ ਮੈਡਲ ਟੀਮ ਨੂੰ ਦਿਖਾਉਂਦਿਆਂ ਭੁੱਬਾਂ ਮਾਰ ਕੇ ਰੋ ਰਹੀਆਂ ਸਨ। ਵਿਆਹਾਂ ਸ਼ਾਦੀਆਂ ਅਤੇ ਸਮਾਜਿਕ ਸਮਾਰੋਹਾਂ ਵਿੱਚ ਉਹ ਭੱਜ ਭੱਜ ਕੰਮ ਕਰਦਾ ਸੀ, ਲੋਕਾਂ ਦੇ ਕੰਮ ਆਉਂਦਾ ਸੀ, ਉਹਨਾਂ ਵਿੱਚ ਘੁਲਦਾ ਮਿਲਦਾ ਸੀ।
ਫਤਿਹ ਸਿੰਘ ਦੇ ਸੱਥਰ ’ਤੇ ਬੈਠੇ ਉਸਦੇ ਪਿਤਾ , ਆਂਢ ਗੁਆਂਢ ਦੇ ਮਰਦ ਔਰਤਾਂ ਆਦਿ ਨੇ ਸਭਾ ਦੀ ਟੀਮ ਨੂੰ ਦੱਸਿਆ ਕਿ ਮਿ੍ਰਤਕ ਫਤਿਹ ਸਿੰਘ ਬੇਹੱਦ ਸਾਊ ਸੁਭਾਅ ਦਾ ਖੇਡ-ਪ੍ਰੇਮੀ ਨੌਜਵਾਨ ਸੀ। ਉਸ ਦੀ ਸਿਹਤ ਚੰਗੀ ਅਤੇ ਸਰੀਰ ਫੁਰਤੀਲਾ ਸੀ। ਪਿੰਡ ਦੇ ਹੀ ਧਰਮੇ ਬਲੈਕੀਏ (ਪਿੰਡ ਵਾਲਿਆਂ ਦੇ ਦੱਸਣ ਅਨੁਸਾਰ ਧਰਮਾ ਸਿੰਘ ਨੂੰ ਬਲੈਕੀਆ ਇਸ ਕਰ ਕੇ ਕਿਹਾ ਜਾਂਦਾ ਹੈ ਕਿਉਂਕਿ ਉਹ ਪਹਿਲਾਂ ਅਫ਼ੀਮ ਅਤੇ ਭੁੱਕੀ ਦੀ ਬਲੈਕ ਕਰਦਾ ਸੀ ਅਤੇ ਅੱਜ ਕੱਲ ਚਿੱਟੇ ਦਾ ਧੰਦਾ ਕਰਦਾ ਹੈ) ਦੇ ਮੁੰਡਾ ਦੀਪੇ ਨਾਲ ਉਸਦੀ ਚੰਗੀ ਮਿਤਰਤਾ ਸੀ ਅਤੇ ਉਸ ਦੇ ਨਾਲ ਉਹ ਵੱਖ ਵੱਖ ਥਾਵਾਂ ’ਤੇ ਖੇਡ ਮੁਕਾਬਲਿਆਂ ਵਿੱਚ ਜਾਂਦਾ ਸੀ। ਅਤੇ ਕਈ ਦਿਨ ਰਾਤਾਂ ਉਸ ਕੋਲ ਹੀ ਰਹਿੰਦਾ ਸੀ। ਮਾਪਿਆਂ ਦੇ ਦੱਸਣ ਅਨੁਸਾਰ ਧਰਮੇ ਅਤੇ ਉਸਦੇ ਲੜਕੇ ਦੀਪੇ ਨੇ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਫਤਿਹ ਸਿੰਘ ਨੂੰ ਚਿੱਟੇ ਨਸ਼ੇ ਦੀ ਚਾਟ ’ਤੇ ਲਾ ਲਿਆ ਅਤੇ ਹੌਲੀ ਹੌਲੀ ਵੰਡ ਵੰਡਾਈ ਦੇ ਕੰਮ ਵਿੱਚ ਵੀ ਉਸਨੂੰ ਸ਼ਾਮਲ ਕਰ ਲਿਆ। 14 ਜੁਲਾਈ 2015 ਨੂੰ ਦਿਆਲ ਪੁਰਾ ਪੁਲਸ ਨੇ ਇਸੇ ਪਿੰਡ ਦੇ ਨੌਜਵਾਨ ਅਮਰਜੋਤ ਸਿੰਘ ਉਰਫ਼ ਜੋਤੀ ਤੋਂ 150 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਐੱਫ. ਆਈ.ਆਰ. 107 ਦਰਜ ਕੀਤੀ। ਇਸ ਕੇਸ ਵਿੱਚ ਫੱਤੇ ਨੂੰ ਭੱਜਿਆ ਦੱਸਿਆ ਗਿਆ। ਉਸੇ ਦਿਨ ਦੀਪਾ ਫੱਤੂ ਨੂੰ ਆਪਣੀ ਕਾਰ ਵਿੱਚ ਕਿਧਰੇ ਲੈ ਗਿਆ। ਫੱਤੂ ਦੀ ਮਾਤਾ ਹਰਬੰਸ ਕੌਰ ਨੇ ਕਈ ਵਾਰ ਧਰਮੇ ਤੋਂ ਫੱਤੂ ਬਾਰੇ ਪੁੱਛ-ਪੜਤਾਲ ਕੀਤੀ ਤਾਂ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ-ਮਟੋਲ ਕਰਦਾ ਰਿਹਾ। ਜਦੋਂ ਹਰਬੰਸ ਕੌਰ ਨੇ ਥੋੜੀ ਕਰੜਾਈ ਤੇ ਗੰਭੀਰਤਾ ਨਾਲ ਪੁੱਛਿਆ ਤਾਂ ਧਰਮੇ ਨੇ ਉਸ ਨੂੰ ਝਿੜਕਦਿਆਂ ਇਹ ਕਹਿਕੇ ਚੁੱਪ ਕਰਵਾ ਦਿੱਤਾ ਕਿ ‘‘ਪਹਿਲਾਂ ਕਿਹੜਾ ਫੱਤੂ ਤੇਰੇ ਨਾਲ ਪੈਂਦਾ ਸੀ। ’’
ਫਤਿਹ ਦੇ ਮਾਂ-ਬਾਪ ਅਨੁਸਾਰ 13 ਅਗਸਤ ਨੂੰ ਉਹਨਾਂ ਨੂੰ ਫੱਤੂ ਦਾ ਫੋਨ ਆਇਆ ਜੋ ਉਹ ਸੁਣ ਨਾ ਸਕੇ। ਬਾਅਦ ਵਿੱਚ ਜਦੋਂ ਉਹਨਾਂ ਇਧਰੋਂ ਫ਼ੋਨ ਕੀਤਾ ਤਾਂ ਫੱਤੂ ਨੇ ਦੱਸਿਆ ਕਿ ਉਹ ਦੀਪੇ ਹੁਰਾਂ ਦੇ ਚੁੰਗਲ ਵਿੱਚੋਂ ਨਿਕਲ ਆਇਆ ਹੈ , ਪਰ ਨਸ਼ੇ ਬਿਨਾਂ ਬੇਹਾਲ ਹੈ, ਅਤੇ ਟੱਟੀਆਂ-ਉਲਟੀਆਂ ਲੱਗੀਆਂ ਹੋਈਆਂ ਹਨ। ਨਸ਼ੇ ਤੋਂ ਬਚਣ ਦਾ ਇਲਾਜ ਕਰਵਾਉਣ ਲਈ ਉਸਨੇ ਕਿਸੇ ਹਸਪਤਾਲ ਵਿੱਚ ਭਰਤੀ ਕਰਵਾਉਣ ਵੀ ਲਈ ਕਿਹਾ। 14 ਅਗਸਤ ਨੂੰ ਫੱਤਾ ਆਪਣੀ ਭੈਣ ਕੋਲ ਪਿੰਡ ਬਡਬਰ ਭੈਣੀ ਜ਼ਿਲਾ ਬਰਨਾਲਾ ਪਹੁੰਚ ਗਿਆ। ਜਿੱਥੋਂ ਉਸਨੇ ਨਸ਼ੇ ਲਈ ਦੀਪੇ ਨਾਲ ਸੰਪਰਕ ਕੀਤਾ। ਪਰ ਦੀਪੇ ਨੇ ਨਸ਼ਾ ਦੇਣ ਤੋਂ ਨਾਂਹ ਕਰ ਦਿੱਤੀ। ਮਾਪਿਆਂ ਦੇ ਦੱਸਣ ਅਨੁਸਾਰ ਜਦੋਂ ਫੱਤੇ ਨੇ ਕਿਹਾ ਕਿ ਨਸ਼ੇ ਬਿਨਾਂ ਉਹ ਮਰ ਜਾਵੇਗਾ ਤਾਂ ਦੀਪੇ ਨੇ ਉਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਸੇ ਦਿਨ ਫੱਤੇ ਨੇ ਆਪਣੀ ਭੈਣ ਦੇ ਘਰੇ ਪੱਖੇ ਨਾਲ ਲਟਕ ਦੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਧਨੌਲਾ ਪੁਲਸ ਨੇ ਫੱਤੇ ਦੇ ਬਾਪ ਰਣਜੀਤ ਸਿੰਘ ਤੋਂ ਸਰਸਰੀ ਪੁੱਛਗਿੱਛ ਕਰ ਕੇ ਸੀਆਰ. ਪੀ.ਸੀ. ਦੀ ਧਾਰਾ 174 ਤਹਿਤ ਕਾਰਵਾਈ ਕਰ ਦਿੱਤੀ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ 15 ਅਗਸਤ ਨੂੰ ਲਾਸ਼ ਮਾਪਿਆਂ ਦੇ ਹਵਾਲੇ ਕਰ ਦਿੱਤੀ। ਫੱਤੇ ਦੇ ਮਾਪਿਆਂ ਨੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਉਨਾਂ ਦੇ ਲੜਕੇ ਦੀ ਮੌਤ ਦੇ ਜ਼ੁੰਮੇਵਾਰ ਧਰਮਾ ਬਲੈਕੀਆ ਅਤੇ ਉਹਦਾ ਲੜਕਾ ਦੀਪਾ ਹਨ ਜਿਹਨਾਂ ਨੇ ਪਹਿਲਾਂਂ ਉਸ ਨੂੰ ਨਸ਼ੇ ਦੀ ਚੇਟਕ ਲਾ ਕੇ ਇਸ ਦੀ ਵੰਡ ਵੰਡਾਈ ਦੇ ਕੰਮ ਵਿੱਚ ਸ਼ਾਮਲ ਕਰ ਲਿਆ। ਜਦੋਂ ਉਸ ਵਿਰੁੱਧ ਮੁਕੱਦਮਾ ਦਰਜ ਹੋ ਗਿਆ ਤਾਂ ਆਪਣਾ ਭਾਂਡਾ ਫੁੱਟਣ ਦੇ ਡਰੋਂ ਉਸ ਨੂੰ ਅਗਵਾ ਕਰ ਕੇ ਜਬਰੀ ਕਿਧਰੇ ਬੰਦ ਕਰੀ ਰੱਖਿਆ। ਬਾਅਦ ਵਿੱਚ ਜਦੋਂ ਉਸਦੀ ਹਾਲਤ ਵਿਗੜ ਗਈ ਤਾਂ ਨਸ਼ਾ ਬੰਦ ਕਰ ਦੇਣ ਕਰ ਕੇ ਉਸਨੂੰ ਮਰਨ ਲਈ ਮਜ਼ਬੂਰ ਕੀਤਾ।
ਧਰਮੇ ਬਲੈਕੀਏ ਦੇ ਖ਼ਿਲਾਫ਼ ਵਿਆਪਕ ਨਫ਼ਰਤ ਕਾਰਨ ਪਿੰਡ ਦੇ ਲੋਕਾਂ ਨੇ ਉਹਦੇ ਅਤੇ ਉਹਦੇ ਪੁੱਤਰ ਦੀਪੇ ਖ਼ਿਲਾਫ਼ ਫੱਤੇ ਦੀ ਖ਼ੁਦਕਸ਼ੀ ਸਬੰਧੀ ਪਰਚਾ ਦਰਜ ਕਰਵਾਉਣ ਲਈ ਸੰਘਰਸ਼ ਕਰਨ ਦਾ ਫੈਸਲਾ ਲੈ ਲਿਆ। ਅਤੇ ਜਦੋਂ ਤੱਕ ਉਹਨਾਂ ਖ਼ਿਲਾਫ਼ ਮੁਕੱਦਮਾ ਦਰਜ ਨਹੀਂ ਹੁੰਦਾ ਉਦੋਂ ਤੱਕ ਫੱਤੇ ਦੀ ਮਿ੍ਰਤਕ ਦੇਹ ਨੂੰ ਮੁੱਖ ਸੜਕ ’ਤੇ ਰੱਖ ਕੇ ਧਰਨਾ ਲਾਉਣ ਦਾ ਫੈਸਲਾ ਕੀਤਾ ਅਤੇ ਅਗਲੇ ਦਿਨ ਇਹ ਧਰਨਾ ਸ਼ਾਂਤੀ ਪੁਰਬਕ ਚਲਦਾ ਰਿਹਾ। ਕਿਸਾਨ, ਖੇਤ ਮਜਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਇਸ ਧਰਨੇ ਦੀ ਹਮਾਇਤ ਕੀਤੀ।
ਆਜ਼ਾਦੀ ਦੇ ਪ੍ਰੋਗਰਾਮਾਂ ਤੋਂ ਵਿਹਲੀ ਹੋ ਕੇ 16 ਅਗਸਤ ਨੂੰ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਡੀ. ਐੱਸ. ਪੀ. ਭੁੱਚੋ ਸ੍ਰੀ ਗੁਰਮੀਤ ਸਿੰਘ ਕਿੰਗਰਾ ਦੀ ਅਗਵਾਈ ਵਿੱਚ ਆ ਧਮਕੀ। ਸੰਘਰਸ਼ਸ਼ੀਲ ਲੋਕਾਂ ਦੇ ਇਕੱਠਾਂ ਨੂੰ ਡਾਗਾਂ ਦੇ ਜ਼ੋਰ ਖਿੰਡਾਉਣ ਲਈ ਡੀ. ਐੱਸ. ਪੀ. ਕਿੰਗਰਾ ਕਾਫ਼ੀ ‘‘ਪ੍ਰਸਿੱਧੀ’’ ਖੱਟ ਚੁੱਕੇ ਹਨ। ਇੱਕ ਪਾਸੇ ਪੰਚਾਇਤ ਅਤੇ ਕਿਸਾਨ ਮਜਦੂਰਾਂ ਦੇ ਆਗੂਆਂ ਵੱਲੋਂ ਗੱਲਬਾਤ ਚਲਾਕੇ ਮਸਲੇ ਦਾ ਤਸੱਲੀਬਖਸ਼ ਹੱਲ ਲੱਭ ਕੇ ਫਤਿਹ ਸਿੰਘ ਦੀ ਮਿ੍ਰਤਕ ਦੇਹ ਦਾ ਸਸਕਾਰ ਕਰਵਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆ ਸਨ ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਤੋਂ ਲੱਗਭੱਗ ਤਿੰਨ ਗੁਣਾ ਵੱਧ ਪੁਲਸ ਬਲ ਲੋਕਾਂ ’ਤੇ ਝਪਟਣ ਦੀਆ ਤਿਆਰੀਆਂ ਕਰ ਰਹੇ ਸਨ। ਇੰਨੇ ਵਿੱਚ ਧਰਨੇ ਵਾਲੀ ਥਾਂ ‘ਤੇ ਇੱਕ ਡਲਿਆਂ ਦੀ ਭਰੀ ਟਰਾਲੀ ਪਹੁੰਚ ਗਈ। ਡੀ. ਐੱਸ. ਪੀ. ਕਿੰਗਰਾ ਨੇ ਡਲਿਆਂ ਦੀ ਭਰੀ ਟਰਾਲੀ ਦਾ ਦੋਸ਼ ਸੰਘਰਸ਼ ਕਰ ਰਹੇ ਲੋਕਾਂਂ ’ਤੇ ਮੜ ਕੇ ਉਹਨਾਂ ਨੂੰ ਤੁਰੰਤ ਖਿੰਡਪੁੰਡ ਜਾਣ ਦਾ ਹੁਕਮ ਦਿੱਤਾ ਅਤੇ ਨਾਲ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲੱਗਭੱਗ 50-60 ਫਾਇਰ ਕਰਨ ਤੋਂ ਬਾਅਦ ਜਦੋਂ ਲੋਕਾਂ ਵਿੱਚ ਅਫਰਾ ਤਫਰੀ ਫੈਲ ਗਈ ਤਾਂ ਪੁਲਸ ਨੇ ਅੰਨੇਵਾਹ ਲਾਠੀਚਾਰਚ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਸਰਮੁਖ ਸਿੰਘ ਸੇਲਵਰਾ ਬੋਲ ਰਹੇ ਸਨ ਜਿਸਨੇ ਲੋਕਾਂ ਨੂੰ ਪੁਰਅਮਨ ਤੇ ਸਾਂਤ ਰਹਿਣ ਦੀ ਅਪੀਲ ਕੀਤੀ ਸੀ। ਪੁਲਸ ਨੇ ਉਸਨੂੰ ਸਟੇਜ ‘ਤੇ ਹੀ ਡਾਂਗਾ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਕੁੱਝ ਧਰਨਾਕਾਰੀ ਡਾਂਗਾ ਤੋਂ ਆਪਦਾ ਬਚਾਅ ਕਰਨ ਲਈ ਇੱਕ ਦੁਕਾਨ ਦਾ ਸ਼ਟਰ ਸਿੱਟ ਕੇ ਅੰਦਰ ਵੜ ਗਏ। ਪੁਲਸ ਨੇ ਇਹ ਸ਼ਟਰ ਭੰਨ ਕੇ ਉਹਨਾਂ ਨੂੰ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਕਾਮਯਾਬ ਨਹੀਂ ਹੋਈ। ਮਿ੍ਰਤਕ ਫੱਤੇ ਦੀਆਂ ਤਿੰਨ ਭੈਣਾਂ ਕਰਮਜੀਤ, ਕੁਲਵੰਤ ਕੌਰ ਅਤੇ ਛੋਟੀ ਅਮਨਦੀਪ (ਜੋ ਪਿਛਲੇ ਸਾਲ ਦਸਵੀਂ ਵਿੱਚ ਸੀ ) ਦੇ ਵਾਲ ਪੁੱਟੇ ਗਏ, ਢਿੱਡ ਵਿੱਚ ਲੱਤਾਂ ਮਾਰੀਆਂ ਗਈਆਂ ਅਤੇ ਪੱਟਾਂ ’ਤੇ ਡੰਡੇ ਮਾਰੇ ਗਏ। ਕੁਲਵੰਤ ਕੌਰ ਜੋ ਚਾਰ ਬੱਚਿਆਂ ਦੀ ਮਾਂ ਹੈ, ਦੀ ਇਸ ਕੁੱਟ ਅਤੇ ਖਿੱਚ-ਧੂਹ ਕਾਰਨ ਰੀੜ ਦੀ ਹੱਡੀ ਦੇ ਮਣਕੇ ਹਿੱਲ ਗਏ। ਅਮਨਦੀਪ ਨੂੰ ਬਾਹੋਂ ਫੜਕੇ ਤਿੰਨ ਸਿਪਾਹੀਆਂ ਨੇ ਕੁੱਟਿਆ ਅਤੇ ਢੂਈ ਵਿੱਚ ਲੱਤਾਂ ਮਾਰੀਆਂ। ਕਰਮਜੀਤ ਕੌਰ ਜੋ ਕੁੱਝ ਕੁ ਬੋਲ਼ੀ ਹੈ ਲਾਸ਼ ਦੇ ਉੱਪਰ ਡਿੱਗ ਪਈ। ਪੁਲਸ ਨੇ ਉਸਨੂੰ ਵੀ ਕੁੱਟਿਆ। ਕੁੜੀਆਂ ਨੇ ਦੱਸਿਆ ਕਿ ਉਹਨਾਂ ਦੀ ਕੁੱਟਮਾਰ ਮਰਦ ਪੁਲਸੀਆਂ ਨੇ ਹੀ ਕੀਤੀ ਹੈ। ਉਹਨਾਂ ਨੂੰ ਹਸਪਤਾਲ ਵਿੱਚ ਦਖਲ ਕਰਵਾਇਆ ਗਿਆ। ਸਭਾ ਦੀ ਟੀਮ ਲਾਠੀਚਾਰਜ ਵਿੱਚ ਜਖ਼ਮੀ ਹੋਏ ਕੁੱਝ ਹੋਰ ਮਰਦ ਤੇ ਔਰਤਾਂ ਨੂੰ ਮਿਲੀ ਜਿਹੜੇ ਪੁਲਸ ਵੱਲੋਂ ਕੇਸ ਵਿੱਚ ਫਸਾਕੇ ਜਾਣ ਦੇ ਡਰੋਂ ਲੋਕ ਛਿਪ ਕੇ ਆਵਦਾ ਇਲਾਜ ਕਰਵਾ ਰਹੇ ਸਨ। ਵੀਡੀਓ ਕਲਿਪਾਂ ਵਿੱਚ ਮਰਦ ਪੁਲਸ ਔਰਤਾਂ ਨੂੰ ਡੰਡੇ ਮਾਰਦੀ ਸਾਫ਼ ਦਿਖਾਈ ਦਿੰਦੀ ਹੈ। ਭਗਤੇ ਤੋਂ ਆਏ ਕੁੱਝ ਪੱਤਰਕਾਰ ਪੁਲਸ ਜਬਰ ਦੀਆਂ ਫੋਟੋਆਂ ਖਿੱਚ ਰਹੇ ਸਨ। ਪੁਲਸ ਨੇ ਉਹਨਾਂ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਵਧੀਕੀ ਦੇ ਖ਼ਿਲਾਫ਼ ਬਾਅਦ ਵਿੱਚ ਪੱਤਰਕਾਰਾਂ ਨੇ ਜ਼ਿਲਾ ਪ੍ਰਸ਼ਸਾਨ ਨੂੰ ਲਿਖਤੀ ਪੱਤਰ ਵੀ ਦਿੱਤਾ, ਪਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ।
ਪੁਲਸ ਨੇ ਮੌਕੇ ‘ਤੇ ਕਿਸਾਨ ਆਗੂਆਂ ਬਲਦੇਵ ਸਿੰਘ ਭਾਈਰੂਪਾ ਜ਼ਿਲਾ ਪ੍ਰਧਾਨ ਬੀ. ਕੇ.ਯੂ. ਡਕੌਂਦਾ, ਦਰਬਾਰਾ ਸਿੰਘ ਪੇਂਡੂ ਮਜਦੂਰ ਯੂਨੀਅਨ (ਮਸ਼ਾਲ), ਇਕਬਾਲ ਸਿੰਘ, ਨੀਲਾ ਮਿਸਤਰੀ, ਅਤੇ ਮੰਦਰ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ। ਫਤਿਹ ਸਿੰਘ ਦੀ ਲਾਸ਼ ਨੂੰ ਜ਼ਬਰੀ ਉੱਥੋਂ ਚੁੱਕ ਕੇ ਘਰ ਲਿਆਂਦਾ ਅਤੇ ਪਰਿਵਾਰ ’ਤੇ ਉਸਦਾ ਸਸਕਾਰ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਪੁਲਸ ਨੇ ਹਰਬੰਸ ਕੌਰ ਦੇ ਬਿਆਨਾਂ ’ਤੇ ਧਰਮੇ ਅਤੇ ਉਹਦੇ ਲੜਕੇ ਦੀਪੇ ‘ਤੇ ਆਈ.ਪੀ.ਸੀ. ਦੀ ਧਾਰਾ 306 (ਆਤਮ ਹੱਤਿਆ ਲਈ ਉਕਸਾਉਣਾ), 365 (ਅਗਵਾ ਕਰਨ) ਅਤੇ 34 ਤਹਿਤ ਕੇਸ ਤਾਂ ਦਰਜ ਕਰ ਲਿਆ ਪਰ ਉਹਨਾਂ ਨੂੰ ਗਿ੍ਰਫ਼ਤਾਰ ਨਹੀਂ ਕੀਤਾ। ਪਿੰਡ ਦੇ ਲੋਕ ਇਸ ਗੱਲ ‘ਤੇ ਅੜ ਗਏ ਕਿ ਜਦੋਂ ਤੱਕ ਸਾਰੇ ਗਿ੍ਰਫ਼ਤਾਰ ਵਿਅਕਤੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਪੁਲਸ ਨੇ ਪੰਚਾਇਤ ਕੋਲ ਪਿੰਡ ਦੇ ਲੋਕਾਂ ਗਿ੍ਰਫ਼ਤਾਰ ਵਿਅਕਤੀਆਂ ਨੂੰ ਤੁਰੰਤ ਰਿਹਾ ਕਰਨ ਅਤੇ ਕਿਸਾਨ ਮਜਦੂਰ ਆਗੂਆਂ ਨੂੰ ਕੁੱਝ ਦੇਰ ਬਾਅਦ ਰਿਹਾ ਕਰਨ ਦਾ ਭਰੋਸਾ ਦਿੱਤਾ। ਪਿੰਡ ਦੇ ਤਿੰਨਾ ਗਿ੍ਰਫ਼ਤਾਰ ਵਿਅਕਤੀਆਂ ਇਕਬਾਲ ਸਿੰਘ, ਨੀਲਾ ਮਿਸਤਰੀ ਅਤੇ ਮੰਦਰ ਸਿੰਘ ਨੂੰ ਸੰਸਕਾਰ ਮੌਕੇ ਛੱਡ ਦਿੱਤਾ ਗਿਆ।
ਪੁਲਸ ਨੇ ਇਸ ਘਟਨਾ ਦੇ ਸਬੰਧ ਵਿੱਚ ਦਿਆਲਪੁਰਾ ਥਾਣੇ ਵਿੱਚ ਮੁਕੱਦਮਾ ਨੰਬਰ 130 ਮਿਤੀ 16 ਅਗਸਤ 2015, ਆਈ. ਪੀ.ਸੀ. ਦੀ ਧਾਰਾ 307, 353, 188, 283, ਅਧੀਨ 100-150 ਅਣਪਛਾਤੇ ਲੋਕਾਂ ਤੋਂ ਇਲਾਵਾ ਬਲਦੇਵ ਸਿੰਘ ਭਾਈਰੂਪਾ, ਦਰਬਾਰਾ ਸਿੰਘ ਫੂਲੇਵਾਲਾ, ਮੇਜਰ ਸਿੰਘ (ਦਿਆਲਪੁਰਾ ਭਾਈਕਾ), ਤੀਰਥ ਸਿੰਘ ਅਤੇ ਗੁਰਦਿੱਤ ਸਿੰਘ (ਕੋਠਾ ਗੁਰੁ), ਸਵਰਨ ਸਿੰਘ ਕੂਕਾ (ਭਗਤਾ ਭਾਈਕਾ), ਗੁਰਚਰਨ ਸਿੰਘ ਬੀਐਸਪੀ, ਸਿੰਦਰਪਾਲ ਕੌਰ( ਸੂਬਾ ਆਗੂ ਆਂਗਨਵਾੜੀ ਵਰਕਰਜ ਯੂਨੀਅਨ) ਅਤੇ ਗੁਰਪ੍ਰੀਤ ਸਿੰਘ ਬੀਕੇਯੂ (ਦਿਆਲਪੁਰਾ), ਸਰਮੁੱਖ ਸਿੰਘ ਸੇਲਵਰਾ, ਸੁਖਪਾਲ ਸਿੰਘ, ਗੁਰਤੇਜ ਸਿੰਘ, ਸੰਧੂਰਾ ਸਿੰਘ, ਕਸ਼ਮੀਰ ਸਿੰਘ, ਗੁਰਜੰਟ ਸਿੰਘ, ਬੋਹੜ ਸਿੰਘ, ਇਕਬਾਲ ਸਿੰਘ, ਸੁਖਮੰਦਰ ਸਿੰਘ ਅਤੇ ਬਲਬੀਰ ਸਿੰਘ (ਦਿਆਲਪੁਰਾ), ਜਗਸੀਰ ਸਿੰਘ ਮਲੂਕਾ ਦੋਸ਼ੀ ਨਾਮਜਦ ਕੀਤੇ ਹਨ। ਇਸ ਸਮੇਂ ਬਲਦੇਵ ਸਿੰਘ (ਬੀ.ਕੇ.ਯੂ. ਡਕੌਂਦਾ), ਦਰਬਾਰਾ ਸਿੰਘ (ਪੇਂਡੂ ਮਜਦੂਰ ਯੂਨੀਅਨ ਮਸ਼ਾਲ), ਕਸ਼ਮੀਰ ਸਿੰਘ, ਜਸਵੰਤ ਸਿੰਘ, ਗੁਰਤੇਜ਼ ਸਿੰਘ ਅਤੇ ਸੇਵਕ ਕੂਕਾ ਆਦਿ ਜੇਲ ਵਿੱਚ ਨਜਰਬੰਦ ਹਨ।
ਸਭਾ ਨੋਟ ਕਰਦੀ ਹੈ ਕਿ :
1. ਕੁਲ ਘਟਨਾ ਕ੍ਰਮ ਤੋਂ ਜਾਪਦਾ ਹੈ ਕਿ ਪੁਲਸ ਬਦਨਾਮ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ, ਭਾਵੇਂ ਲੋਕ ਦਬਾਅ ਤਹਿਤ ਪੁਲਸ ਨੇ ਧਰਮੇ ਬਲੈਕੀਏ ਅਤੇ ਉਸ ਦੇ ਲੜਕੇ ਦੀਪੇ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਪਰ ਉਹਨਾਂ ਨੂੰ ਗਿ੍ਰਫ਼ਤਾਰ ਨਹੀਂ ਕੀਤਾ। ਗਿ੍ਰਫ਼ਤਾਰੀ ਨਾ ਕਰਨ ਸਬੰਧੀ ਦਲੀਲ ਦਿੱਤੀ ਜਾ ਰਹੀ ਹੈ ਕਿ ਦੋਸ਼ੀਆਂ ਨੇ ਆਪਣੀ ਗਿ੍ਰਫ਼ਤਾਰੀ ਰੋਕਣ ਬਾਰੇ ਦਰਖਾਸ਼ਤ ਦਿੱਤੀ ਹੈ ਜਿਸ ਦੀ ਪੜਤਾਲ ਹੋ ਰਹੀ ਹੈ। ਅਸਲ ਵਿੱਚ ਲਗਦਾ ਇਹ ਹੈ ਕਿ ਜੇ ਲੋਕ ਰਾਇ ਦਾ ਦਬਾਅ ਨਾ ਰਿਹਾ ਤਾਂ ਦੋਸ਼ੀ ਜੋ ਸਿਆਸੀ ਪਹੁੰਚ ਵਾਲੇ ਹਨ, ਨੂੰ ਨਿਰਦੋਸ਼ ਐਲਾਨ ਦਿੱਤਾ ਜਾਵੇਗਾ। ਦੂਜੇ ਪਾਸੇ ਲੋਕ ਰਾਏ ਨੂੰ ਦਹਿਸ਼ਤ ਨਾਲ ਦਬਾਉਣ ਦਾ ਵਰਤਾਰਾ 16 ਅਗਸਤ ਦੀ ਪੁਲਸ ਕਾਰਵਾਈ (ਫਾਇਰਿੰਗ ਅਤੇ ਅੰਨਾ ਲਾਠੀਚਾਰਜ) ਚੋਂ ਸਾਫ਼ ਝਲਕਦਾ ਹੈ। ਸੰਘਰਸ਼ਸ਼ੀਲ ਆਗੂਆਂ ਅਤੇ ਇਨਸਾਫ਼ ਪਸੰਦ ਲੋਕਾਂ ‘ਤੇ ਇਰਾਦਾ ਕਤਲ ਵਰਗੇ ਸੰਗੀਨ ਦੋਸ਼ਾਂ ਤਹਿਤ ਕੇਸ ਮੜ ਦਿੱਤਾ ਹੈ ਹਾਲਾਂਕਿ ਕਿਸੇ ਪੁਲਸ ਮੁਲਾਜ਼ਮ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ।
2. ਫਤਿਹ ਸਿੰਘ ਫੱਤੂ ਵੱਲੋਂ ਨਸ਼ੇ ਦੀ ਦਲਦਲ ਵਿੱਚ ਫਸ ਕੇ ਖ਼ੁਦਕਸ਼ੀ ਕਰ ਜਾਣਾ, ਕੋਈ ਕੱਲੀ ਕਹਿਰੀ ਘਟਨਾ ਨਹੀਂ ਹੈ। ਸਿਆਸਤਦਾਨਾਂ ਅਤੇ ਪੁਲਸ ਦੀ ਸਰਪ੍ਰਸਤੀ ਵਿੱਚ ਦਿਨ ਰਾਤ ਵੱਧ ਰਹੇ ਨਸ਼ਾ ਤਸ਼ਕਰਾਂ ਦੇ ਬਦਨਾਮ ਗ੍ਰੋਹ ਪੰਜਾਬ ਦੀ ਜਵਾਨੀ ਨੂੰ ਹਰ ਰੋਜ਼ ਮੌਤ ਦੇ ਮੂੰਹ ਵਿੰਚ ਧੱਕ ਰਹੇ ਹਨ। ਨਸ਼ੇ ਦੀ ਗਿ੍ਰਫਤ ਵਿੱਚ ਆਏ ਨੌਜ਼ਵਾਨਾ ਦੀ ਜਿੰਦਗੀ ਮਕਸਦ ਹੀਣ ਹੋ ਰਹੀ ਹੈ। ਨਸ਼ਾ ਹਾਸਲ ਕਰਨ ਲਈ ਉਹ ਕੁਝ ਵੀ ਕਰ ਸਕਦੇ ਹਨ। ਇਸੇ ਦਾ ਲਾਹਾ ਲੈਂਦਿਆਂ ਨਸ਼ਾ ਤਸਕਰ ਪਹਿਲਾਂ ਉਹਨਾਂ ਨੂੰ ਚਾਟ ‘ਤੇ ਲਾਉਂਦੇ ਹਨ ਫਿਰ ਇਸ ਦੀ ਵੰਡ ਵੰਡਾਈ ਵਿੱਚ ਸ਼ਾਮਲ ਕਰ ਲੈਂਦੇ ਹਨ। ਜਦੋਂ ਇਹਨਾਂ ਚੋਂ ਕਿਸੇ ਤੋਂ ਆਪਦੇ ਨਸ਼ਰ ਹੋਣ ਦਾ ਖ਼ਤਰਾ ਖੜਾ ਹੁੰਦਾ ਹੈ ਤਾਂ ਨਸ਼ੇ ਦੀ ਸਪਲਾਈ ਬੰਦ ਕਰ ਕੇ, ਮੌਤ ਦੇ ਮੂੰਹ ਵਿੰਚ ਪੁਚਾ ਦਿੰਦੇ ਹਨ। ਚੁਸਤ-ਖਿਡਾਰੀ ਉਹਨਾਂ ਦੇ ਚੋਣਵੇ ਨਿਸ਼ਾਨੇ ਹਨ। ਇਹਨਾਂ ਚੋਂ ਕੁਝ ਕੁ ਨੂੰ ਕਦੀ ਕਦਾਈਂ ਫੜ ਕੇ ਪੁਲਸ ਦੀ ‘ਨਸ਼ਾ ਵਿਰੋਧੀ ਮੁਹਿੰਮ’ ਦਾ ਵੀ ਘਰ ਪੂਰਾ ਕਰ ਦਿੱਤਾ ਜਾਂਦਾ ਹੈ। ਬੇਰੁਜ਼ਗਾਰੀ ਨੇ ਨਸ਼ਾ ਤਸਕਰਾਂ ਲਈ ਨਵੇ ਰੰਗਰੂਟਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ। ਰੈਡ ਕਰਾਸ ਡੀ ਅਡਿਕਸ਼ਨ ਸੈਂਟਰ ਗੁਰਦਾਸਪੁਰ ਨੇ ਪੰਜਾਬੀਆਂ ਵਿੱਚ ਨਸ਼ਾਖੋਰੀ ਦੇ ਪ੍ਰਮੁੱਖ ਕਾਰਨਾਂ ਵਿੱਚ ਵਧ ਰਹੀ ਬੇਰੁਜ਼ਗਾਰੀ ਨੂੰ ਲਿਸਟ ਕੀਤਾ ਹੈ। ਇਸ ਨਾਲ ਗਰੀਬ ਅਤੇ ਬੇਕਾਰ ਜਵਾਨੀ ਜੋ ਰੁਜ਼ਗਾਰ ਦੀ ਭਾਲ ਵਿੱਚ ਨਸ਼ਾ ਤਸ਼ਕਰਾਂ ਦੇ ਚੰਗਲ ਵਿੱਚ ਫਸ ਜਾਂਦੀ ਹੈ ਅਤੇ ਉਹਨਾਂ ਦੇ ਕੋਰੀਅਰ ਵਜੋਂ ਕੰਮ ਨੂੰ ਅਪਣਾ ਲੈਂਦੀ ਹੈ ਸਾਲ 2013 ਵਿੱਚ ਦੇਸ਼ ਭਰ ਚੋਂ ਸਭ ਤੋਂ ਵੱਧ ਨਸ਼ਾ ਤਸਕਰੀ ਦੇ ਕੇਸ(14654) ਪੰਜਾਬ ਵਿੱਚ ਦਰਜ ਹੋਏ ਹਨ। ਇਹਨਾਂ ਕੇਸਾਂ ਵਿੱਚ ਬਹੁਤ ਸਾਰੇ ਗ਼ਰੀਬ ਅਤੇ ਸਰਕਾਰੇ ਦਰਬਾਰੇ ਪਹੁੰਚ ਵਿਹੀਣ ਲੋਕ ਫਸੇ ਹੋਏ ਹਨ। ਇਸ ਕਾਰੋਬਾਰ ਦੇ ਸਰਗਣੇ ਅਤੇ ਵੱਡੇ ਸੌਦਾਗਰ, ਪੁਲਸ ਦੀ ਗਿ੍ਰਫਤ ਤੋਂ ਬਾਹਰ ਰਹਿੰਦੇ ਹਨ ਕਿਉਂਕਿ ਸਤਾ ਦੇ ਗਲਿਆਰਿਆਂ ਵਿੱਚ ਉਹਨਾਂ ਦੀ ਤਕੜੀ ਪਹੁੰਚ ਹੈ। ਪੰਜਾਬ ਪੁਲਸ ਦੇ ਨੌਕਰੀ ਤੋਂ ਬਰਖਾਸਤ ਅਧਿਕਾਰੀ ਜਗਦੀਸ਼ ਭੋਲਾ ਦੀ ਨਸ਼ਾ ਤਸਕਰੀ ਸਬੰਧੀ ਗਿ੍ਰਫ਼ਤਾਰੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਸੱਤਾਧਾਰੀ ਗੱਠਜੋੜ ਦੇ ਸੀਨੀਅਰ ਆਗੂਆਂ ਦੇ ਨਾਮ ਇਸ ਚਰਚਾ ਵਿੱਚ ਆਉਣੇ, ਇਸ ਕਾਰੋਬਾਰ ਦੇ ਤਾਰ ਸਤਾ ਦੀ ਸਿਖ਼ਰ ਤੱਕ ਜੁੜੇ ਹੋਣ ਦੇ ਸੰਕੇਤ ਦਿੰਦਾ ਹਨ। ਕੁੱਝ ਸਾਲ ਪਹਿਲਾਂ ਬਠਿੰਡੇ ਜ਼ਿਲੇ ਵਿੱਚ ਜਗਦੀਸ਼ ਭੋਲਾ ਦੇ ਦੋ ਟਰੱਕ ਭੁੱਕੀ ਦੇ ਫੜੇ ਸਨ। ਪੁਲਸ ਅਨੁਸਾਰ ਭੋਲਾ ਮੌਕੇ ਤੋਂ ਭੱਜ ਗਿਆ ਸੀ। ਇਸ ਸਬੰਧੀ ਦੋ ਪਰਚੇ ਦਰਜ ਹੋਏ ਸਨ, ਪਰ ਮੌਕੇ ’ਤੇ ਹਾਜ਼ਰ ਡੀ. ਐੱਸ.ਪੀ. ਵੱਲੋਂ ਗਵਾਹੀ ਮੁੱਕਰ ਜਾਣ ਕਾਰਨ, ਭੋਲਾ ਇਹਨਾਂ ਦੋਨਾ ਕੇਸਾਂ ਚੋਂ ਬਰੀ ਹੋ ਗਿਆ ਸੀ। ਉਸ ਤੋਂ ਬਾਅਦ ਕੌਮੀ ਪੱਧਰ ਦਾ ਨਸ਼ਾ ਤਸਕਰ ਬਣ ਗਿਆ।
3. ਲੋਕਾਂ ‘ਤੇ ਫਾਇਰਿੰਗ ਅਤੇ ਪੁਲਸ ਵੱਲੋਂ ਲਾਠੀਚਾਰਜ ਲਈ ਸਭ ਤੋਂ ਵੱਧ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ‘‘ਕਿਸਾਨ ਯੂਨੀਅਨ ਵਾਲਿਆਂ ਨੇ ਇੱਕ ਰੋੜਿਆਂ ਦੀ ਟਰਾਲੀ ਭਰ ਕੇ ਨਜ਼ਦੀਕ ਖੜੀ ਕਰ ਲਈ ਸੀ’’ ਅਤੇ ‘‘ ਤੀਰਥ ਸਿੰਘ ਕੋਠਾ ਗੁਰੂ ਨੇ ਸਪੀਕਰ ਵਿੱਚ ਬੋਲ ਦਿੱਤਾ ਕਿ ਪੁਲਸ ’ਤੇ ਰੋੜਿਆਂ ਦੀ ਬਰਸ਼ਾਤ ਕਰ ਦਿਓ’’। ਤੱਥ ਖੋਜ ਟੀਮ ਨੇ ਪੁਲਸ ਦੇ ਇਸ ਦਾਅਵੇ ਨੂੰ ਕਈ ਪੱਖਾਂ ਤੋਂ ਵਿਚਾਰਿਆ ਹੈ, ਪਰ ਇਹ ਜਚਣਹਾਰ ਅਤੇ ਵਾਜਬ ਨਹੀਂ ਲਗਦਾ। ਜਿਵੇ:
. ਇਹ ਹਕੀਕਤ ਹੈ ਕਿ ਰੋੜਿਆਂ ਦੀ ਭਰੀ ਟਰਾਲੀ ਧਰਨੇ ਵਾਲੀ ਥਾਂ ’ਤੇ ਪਹੁੰਚੀ ਸੀ। ਪਰ ਜਦੋਂ ਇਹ ਟਰਾਲੀ ਉੱਥੇ ਪਹੁੰਚੀ, ਉਸ ਸਮੇਂਂ ਧਰਨੇ ਵਾਲੀ ਥਾਂ ’ਤੇ ਲੱਗਭੱਗ 500-600 ਦੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ ਜੋ ਧਰਨੇ ਵਾਲੀ ਥਾਂ ਦੇ ਆਸ ਪਾਸ ਕਾਫ਼ੀ ਦੂਰ ਤੱਕ ਤਾਇਨਾਤ ਸੀ। ਪੁਲਸ ਨੇ ਨਾ ਤਾਂ ਇਸ ਟਰਾਲੀ ਨੂੰ ਰਾਹ ਵਿੱਚ ਰੋਕਿਆ ਅਤੇ ਨਾ ਹੀ ਉਦੋਂ ਜਦੋਂ ਇਹ ਧਰਨੇ ਵਾਲੀ ਥਾਂ ਕੋਲ ਖੜੀ ਕੀਤੀ ਗਈ ਸੀ। ਨਾ ਹੀ ਧਰਨਾ ਖਿੰਡਾ ਦੇਣ ਪਿੱਛੋਂ ਪੁਲਸ ਨੇ ਟਰਾਲੀ ਨੂੰ ਆਪਣੇ ਕਬਜੇ ਵਿੱਚ ਲਿਆ। ਇਹ ਇੱਕ ਉੱਭਰਵਾਂ ਸਵਾਲ ਹੈ ਜੋ ਪੁਲਸ ਦੀ ਭੂਮਿਕਾ ਨੂੰ ਸ਼ੱਕੀ ਬਣਾਉਦਾ ਹੈ। ਇਸ ਟਰਾਲੀ ਦੇ ਆਉਣ ਤੱਕ ਪੁਲਸ ਅਤੇ ਧਰਨੇਕਾਰੀਆਂ ਬਲਦੇਵ ਸਿੰਘ ਭਾਈਰੂਪਾ, ਦਰਬਾਰਾ ਸਿੰਘ ਫੂਲੇਵਾਲ ਅਤੇ ਸਵਰਨ ਸਿੰਘ (ਬੀ.ਕੇਯੂ ਡਕੌਂਦਾ) ਦਰਮਿਆਨ ਗੱਲਬਾਤ ਚੱਲ ਰਹੀ ਸੀ। ਪਰ ਜਿਉਂ ਹੀ ਇਹ ਟਰਾਲੀ ਆਈ, ਪੁਲਸ ਨੇ ਗੱਲਬਾਤ ਤੋੜਕੇ ਫਾਇਰਿੰਗ ਅਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਪੱਤਰਕਾਰਾਂ ਵੱਲੋਂ ਘਟਨਾ ਦੀ ਵੀਡੀਓ ਰਿਕਾਰਡਿੰਗ ਪੁਲਸ ਦੀ ਕਹਾਣੀ ਨੂੰ ਝੁਠਲਾਉਂਦੀ ਹੈ। ਪੁਲਸ ਵੱਲੋਂ ਫਾਇਰਿੰਗ ਅਤੇ ਲਾਠੀਚਾਰਜ ਸਮੇਂ ਬੀ.ਕੇ.ਯੂ. ਕ੍ਰਾਤੀਕਾਰੀ ਦਾ ਆਗੂ ਸੁਰਮੁਖ ਸਿੰਘ ਸੇਲਬਰਾ ਬੋਲ ਰਿਹਾ ਸੀ ਜੋ ਧਰਨਾਕਾਰੀਆਂ ਨੂੰ ਕਿਸੇ ਭੜਕਾਹਟ ਵਿੱਚ ਨਾ ਆਉਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕਰ ਰਿਹਾ ਸੀ। ਟਰਾਲੀ ਆਉਣ ਤੋਂ ਪਹਿਲਾਂ ਤੀਰਥ ਸਿੰਘ ਬੋਲ ਚੁੱਕਿਆ ਸੀ। ਕੋਈ ਭੜਕਾਊ ਭਾਸ਼ਣ ਨਹੀਂ ਦਿੱਤਾ। ਉਸਨੇ ਤਾਂ ਸਗੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਪੁਲਸ ਨੇ ਲੋਕਾਂ ਨੂੰ ਬਿਨਾਂ ਕੋਈ ਚਿਤਾਵਨੀ ਦਿੱਤਿਆਂ -ਫਾਇਰਿੰਗ ਅਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਭਾ. ਕਿ. ਯੂ. ਕਾਂਂਤੀਕਾਰੀ ਦਾ ਆਗੂ ਸਰਮੁਖ ਸੇਲਵਰਾ ਅਤੇ ਮੌਕੇ ‘ਤੇ ਹਾਜ਼ਰ ਹੋਰ ਵਿਅਕਤੀਆਂ ਅਨੁਸਾਰ ਸਭ ਤੋਂ ਪਹਿਲਾਂ ਡੀ. ਐੱਸ. ਪੀ. ਕਿੰਗਰਾ ਨੇ ਸਰਮੁਖ ਸਿੰਘ ਦੇ ਸਿਰ ਵਿੱਚ ਡਾਂਗ ਮਾਰੀ, ਜਦੋਂ ਉਹ ਸਟੇਜ ‘ਤੇ ਬੋਲ ਰਿਹਾ ਸੀ। ਡਾਂਗ ਵੱਜਣ ਨਾਲ ਉਸਦੇ ਸਿਰ ਚੋਂ ਖ਼ੂਨ ਵਹਿ ਤੁਰਿਆ। ਫਿਰ ਉਸਨੇ ਸਰਮੁਖ ਸਿੰਘ ਦੇ ਮੌਰਾਂ ਵਿੱਚ ਡਾਂਗਾਂ ਮਾਰੀਆਂ। ਔਰਤ ਪੁਲਸ ਕਰਮਚਾਰੀ ਮੌਕੇ ‘ਤੇ ਹਾਜ਼ਰ ਸਨ ਪਰ ਉਹ ਪਾਸੇ ਬੈਠੀਆਂ ਰਹੀਆਂ। ਮਰਦ ਪੁਲਸੀਆਂ ਨੇ ਔਰਤਾਂ ਨੂੰ ਬੇਰਹਿਮੀ ਨਾਲ ਕੁੱਟਿਆ। ਪੱਤਰਾਕਾਰਾਂ ਨਾਲ ਵੀ ਹੱਥੋਪਾਈ ਹੋਈ। ਉਹਨਾਂ ਤੋ ਕੈਮਰੇ ਖੋਹਣ ਅਤੇ ਘਟਨਾ ਦੀਆਂ ਫੋਟੋਆਂ-ਵੀਡੀਓ ਕਲਿਪਾਂ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁੱਝ ਪੁਲਸੀਆਂ ਦੇ ਹੱਥਾਂ ਵਿੱਚ ਦਰੱਖਤਾਂ ਤੋਂ ਤੋੜੇ ਹੋਏ ਅਣਘੜਤ ਤਲੈਂਬੜ ਫੜੇ ਹੋਏ ਸਨ ਜਿਹਨਾਂ ਨਾਲ ਲੋਕਾਂ ਨੂੰ ਕੁੱਟਿਆ। ਇੱਕ ਗਵਾਹ ਅਨੁਸਾਰ ਪੁਲਸ ਦੇ ਇੱਕ ਠਾਣੇਦਾਰ ਨੇ ਖੇਤਾਂ ਵਿੱਚ ਭੱਜ ਰਹੇ ਕੁੱਝ ਲੋਕਾਂ ‘ਤੇ ਆਪਣੇ ਪਿਸਤੌਲ ਨਾਲ 8-9 ਫਾਇਰ ਕੀਤੇ। ਲਾਠੀਚਾਰਜ ਤੋ ਪਹਿਲਾਂ ਪੁਲਸ ਨੇ ਫਾਇਰਿੰਗ ਕੀਤੀ ਜਿਸ ਦੀ ਆਵਾਜ ਵੀਡੀਓ ਕਲਿਪਾਂ ਵਿੱਚ ਸਾਫ਼ ਸੁਣੀ ਜਾ ਸਕਦੀ ਹੈ। ਲੋਕਾਂ ਦੀ ਮੰਗ ਸੀ ਕਿ ਮਿ੍ਰਤਕ ਦੀ ਮਾਤਾ ਦੇ ਬਿਆਨਾਂ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਐੱਫ. ਆਈ. ਆਰ. ਦੀ ਨਕਲ ਉਹਨਾਂ ਨੂੰ ਦਿੱਤੀ ਜਾਵੇ ਜਿਸ ਤੋਂ ਬਾਅਦ ਉਹ ਧਰਨਾ ਚੁੱਕ ਲੈਣਗੇ ਅਤੇ ਮਿ੍ਰਤਕ ਦਾ ਸੰਸਕਾਰ ਕਰ ਦੇਣਗੇ। ਪੁਲਸ ਦੇ ਸਮੁੱਚੇ ਵਿਹਾਰ ਨੂੰ ਦੇਖਦਿਆਂ ਅਤੇ ਨਸ਼ਾ ਤਸਕਰਾਂ ਦੀ ਸਿਆਸੀ ਪਹੁੰਚ ਦੇ ਮੱਦੇ ਨਜ਼ਰ ਇਹ ਮੰਗ ਗ਼ੈਰਵਾਜਬ ਨਹੀਂ ਸੀ। ਉਹ ਸੋਚਦੇ ਸਨ ਕਿ ਜੇ ਇੱਕ ਵਾਰ ਧਰਨਾ ਚੁੱਕ ਲਿਆ ਗਿਆ ਤਾਂ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨੀ। ਪੁਲਸ ਧੱਕੇ ਨਾਲ ਸੰਸਕਾਰ ਕਰਵਾਉਣ ਤੇ ਬਜਿੱਦ ਸੀ। ਇਸ ਸਾਰੀ ਜਾਬਰ ਕਾਰਵਾਈ ਦੇ ਬਾਵਜੂਦ ਮਿ੍ਰਤਕ ਦੇਹ ਦਾ ਸੰਸਕਾਰ ਉਦੋਂ ਹੀ ਹੋਇਆ ਜਦੋਂ ਐੱਫ. ਆਈ. ਆਰ. ਦੀ ਕਾਪੀ ਪਰਿਵਾਰ ਨੂੰ ਮਿਲ ਗਈ।
. ਘਟਨਾ ਦੇ ਹਾਲਾਤ ਇਸ ਗੱਲ ਦੀ ਗਵਾਹੀ ਭਰ ਦੇ ਹਨ ਕਿ ਰੋੜਿਆਂ ਦੀ ਭਰੀ ਟਰਾਲੀ ਉੱਥੇ ਪਹੁੰਚਣ ਅਤੇ ਇਸ ਬਹਾਨੇ ਹੇਠ ਪੁਲਸ ਵੱਲੋਂ ਫਾਇਰਿੰਗ ਅਤੇ ਲਾਠੀਚਾਰਜ ਕਰ ਕੇ ਧਰਨਾਕਾਰੀਆਂ ਨੂੰ ਖਿੰਡਾਉਣ ਵਿੱਚ ਮੁੱਖ ਤੌਰ ’ਤੇ ਦੋ ਧਿਰਾਂ ਦੀ ਦਿਲਚਸਪੀ ਹੋ ਸਕਦੀ ਹੈ। ਇੱਕ ਤਾਂ ਸਿਆਸੀ ਸਰਪ੍ਰਸਤੀ ਹੇਠ ਚਿੱਟੇ ਦਾ ਵਪਾਰ ਕਰ ਰਹੇ ਉਹ ਬਲੈਕੀਏ ਜਿਹਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰਵਾਉਣ ਅਤੇ ਉਹਨਾਂ ਨੂੰ ਗਿ੍ਰਫ਼ਤਾਰ ਕਰਵਾਉਣ ਲਈ ਲੋਕਾਂ ਨੇ ਧਰਨਾ ਲਾਇਆ ਸੀ ਅਤੇ ਦੂਜੀ ਪੁਲਸ ਧਿਰ-ਜੋ ਹਰ ਹਾਲਤ ਵਿੱਚ ਧਰਨੇ ਨੂੰ ਖ਼ਤਮ ਕਰਵਾਉਣਾ ਚਾਹੁੰਦੀ ਸੀ। ਸੰਘਰਸ਼ ਕਰ ਰਹੇ ਲੋਕਾਂ ਤੇ ਲਾਠੀਚਾਰਜ ਲਈ ਪ੍ਰਸਿੱਧ ਡੀ. ਐੱਸ. ਪੀ. ਗੁਰਮੀਤ ਸਿੰਘ ਕਿੰਗਰਾ ਜੋ ਘਟਨਾ ਸਥੱਲ ਤੋਂ ਬਾਹਰਲੇ ਹਲਕੇ ਦੇ ਵਿੱਚ ਤਾਇਨਾਤ ਹਨ ਦੀ ਅਗਵਾਈ ਵਿੱਚ ਇੰਨੇ ਭਾਰੀ ਪੁਲਸ ਬਲ ਦੀ ਮੌਜੂਦਗੀ ਦੇ ਬਾਵਜੂਦ, ਰੋੜਿਆਂ ਦੀ ਟਰਾਲੀ ਦਾ ਪਹੁੰਚਣਾ, ਸੋਚਣ ਵਾਲਾ ਰਹੱਸ ਹੈ
. ਤੱਥ ਖੋਜ ਟੀਮ ਨੂੰ ਮਿਲੀ ਜਾਣਕਾਰੀ ਅਨੁਸਾਰ ਘਟਨਾ ਤੋਂ ਤੁਰੰਤ ਬਾਅਦ ਇਸ ਸਬੰਧੀ ਦਿਆਲਪੁਰਾ ਥਾਣੇ ਵਿੱਚ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਪੁਲਸ ਨੇ ਟਰਾਲੀ ਨੂੰ ਆਪਦੇ ਕਬਜੇ ਵਿੱਚ ਨਹੀਂ ਲਿਆ ਜੋ ਕਿ ਅਹਿਮ ਸਬੂਤ ਹੋਣ ਕਰ ਕੇ ਜ਼ਰੂਰੀ ਸੀ। ਟਰਾਲੀ ਚਾਲਕ ਨੂੰ ਵੀ ਕੁਝ ਦਿਨ ਬਾਅਦ ਗਿ੍ਰਫ਼ਤਾਰ ਕੀਤਾ ਗਿਆ। ਇਹ ਤੱਥ ਪੁਲਸ ਕਹਾਣੀ ਨੂੰ ਸ਼ੱਕੀ ਬਣਾਉਂਦੀਆਂ ਹਨ।
. ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟਰਾਲੀ ਕਿਸਾਨ ਯੂਨੀਅਨ ਨੇ ਨਹੀਂ ਮੰਗਵਾਹੀ ਸਗੋਂ ਕਿਸੇ ਹੋਰ ਨੇ ਡੂੰਘੀ ਸ਼ਾਜਿਸ਼ ਤਹਿਤ ੳੱਥੇ ਮੰਗਵਾਈ ਹੈ। ਟਰਾਲੀ ਦਾ ਸੰਬੰਧ ਇੱਕ ਅਕਾਲੀ ਭੱਠਾ ਮਾਲਕ ਨਾਲ ਹੋਣਾ, ਉਸ ਦਾ ਧਰਨੇ ਵਾਲੀ ਥਾਂ ’ਤੇ ਪਹੁੰਚਣਾ ਸ਼ੱਕੀ ਹੈ ਅਤੇ ਡੂੰਘੇਰੀ ਜਾਂਚ ਦੀ ਮੰਗ ਕਰਦਾ ਹੈ। ਤੱਥ ਖੋਜ ਟੀਮ ਪੁਲਸ ਵੱਲੋਂ ਕਿਸਾਨ ਯੂਨੀਅਨ ਵਾਲਿਆਂ ਵੱਲੋਂ ਰੋੜਿਆਂ ਦੀ ਟਰਾਲੀ ਲਿਆਉਣ ਅਤੇ ਲੋਕਾਂ ਨੂੰ ਪੁਲਸ ’ਤੇ ਰੋੜਿਆਂ ਦਾ ਮੀਂਹ ਵਰਾਉਣ ਲਈ ਉਕਸਾਉਣ ਦੇ ਦੋਸ਼ , ਹਾਸਲ ਤੱਥਾਂ ਅਤੇ ਮੌਕੇ ਦੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਬਿਲਕੁਲ ਝੂਠਾ ਅਤੇ ਬੇਬੁਨਿਆਦ ਸਮਝਦੀ ਹੈ।
4. ਟੀਮ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਘਟਨਾ ਦੇ ਸਬੰਧ ਵਿੱਚ ਦਿਆਲਪੁਰਾ ਥਾਣੇ ਵਿੱਚ ਦਰਜ ਐੱਫ. ਆਈ. ਆਰ. 130 ਮਿਤੀ 16 ਅਗਸਤ 2015 ਝੂਠੀ ਹੈ। ਇਹ ਸਿਆਸੀ ਰੰਜਸ ਅਤੇ ਲੋਕ ਸੰਘਰਸ਼ਾਂ ਨੂੰ ਕੁਚਲਣ ਦੀ ਦੁਰ ਭਾਵਨਾ ਤਹਿਤ ਦਰਜ ਕੀਤੀ ਗਈ ਹੈ। ਇਸ ਵਿੱਚ ਘਟਨਾਵਾਂ ਤੋੜ ਮਰੋੜ ਕੇ ਦਰਜ ਕੀਤੀਆਂ ਗਈਆਂ ਹਨ। ਕੁੱਝ ਅਜਿਹੇ ਵਿਅਕਤੀਆਂ ਨੂੰ ਦੋਸ਼ੀਆਂ ਵਜੋਂ ਨਾਮਜਦ ਕੀਤਾ ਗਿਆ ਹੈ ਜੋ ਮੌਕੇ ’ਤੇ ਹਾਜ਼ਰ ਹੀ ਨਹੀਂ ਸਨ ਅਤੇ ਜਿਹਨਾਂ ਦਾ ਇਸ ਘਟਨਾ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ। ਮਿਸਾਲ ਵਜੋ ਐੱਫ. ਆਈ. ਆਰ. ਵਿੱਚ ਪੁਲਿਸ ਨੇ ਜਗਸੀਰ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਮਲੂਕਾ ਨੂੰ ਦੋਸ਼ੀ ਨਾਮਜਦ ਕੀਤਾ ਹੈ। ਇਹ ਵਿਅਕਤੀ ਮੌਕੇ ’ਤੇ ਹਾਜ਼ਰ ਨਹੀਂ ਸੀ ਅਤੇ ਨਾ ਹੀ ਇਸਦਾ ਘਟਨਾ ਨਾਲ ਕੋਈ ਸਬੰਧ ਹੈ। ਇਸ ਨੂੰ ਦੋਸ਼ੀ ਸਿਰਫ਼ ਇਸ ਕਰ ਕੇ ਬਣਾਇਆ ਗਿਆ ਹੈ ਕਿ ਇਸਦੀ ਸ਼ਿਕਾਇਤ ’ਤੇ ਇਲਾਕੇ ਦੇ ਅਕਾਲੀ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਮੈਂਬਰਾਂ ਨੂੰ ਫਰੀਦਕੋਟ ਦੀ ਅਦਾਲਤ ਵੱਲੋਂ ਦੋਸ਼ੀ ਐਲਾਨ ਕੇ ਸਜਾ ਹੋਈ ਸੀ। ਅਪੀਲ ਵਿੱਚ ਦੋਸ਼ ਬਰਕਰਾਰ ਰਿਹਾ ਪਰ ਸਜ਼ਾ, ਨੇਕ ਚਲਨੀ ਦੀ ਜਮਾਨਤ ਵਿੱਚ ਬਦਲ ਦਿੱਤੀ ਗਈ ਸੀ। ਇਸ ਵਿਅਕਤੀ ਦੇ ਖ਼ਿਲਾਫ਼ ਪੀਹਿਲਾਂ ਵੀ ਕਈ ਅਜਿਹੀਆਂ ਝੂਠੀਆਂ ਐੱਫ. ਆਈ. ਆਰਾਂ ਦਰਜ ਕੀਤੀਆਂ ਗਈਆਂ ਹਨ। ਇਸ ਤਰਾਂ ਇਸ ਐੱਫ. ਆਈ. ਆਰ. ਵਿੱਚ ਬਹੁਤੇ ਉਨਾਂ ਲੋਕਾਂ ਅਤੇ ਆਗੂਆਂ ਦੇ ਨਾਮ ਹਨ ਜੋ ਪਿੰਸੀਪਲ ਦਲਜੀਤ ਸਿੰਘ ਦੀ ਬਦਲੀ ਅਤੇ ਹਮੀਰਗੜ ਵਿੱਚ ਦਲਿਤਾਂ ’ਤੇ ਹੋਏ ਅਤਿਆਚਾਰ ਵਿਰੁੱਧ ਸੰਘਰਸ਼ ਵਿੱਚ ਸਰਗਰਮ ਹਨ।
5. ਕੇਂਦਰ ਸਰਕਾਰ ਨੇ ਨਸ਼ਾ ਤਸਕਰੀ ਰੋਕੂ ਕਾਨੂੰਨ (ਐੱਨ. ਡੀ. ਪੀ. ਐੱਸ. ਐਕਟ) ਬਣਾਇਆ ਹੈ ਜਿਸ ਤਹਿਤ ਨਸ਼ਾ ਤਸਕਰੀ ਲਈ ਉਮਰ ਕੈਦ ਅਤੇ ਲੱਖਾਂ ਰੁਪਏ ਜਰਮਾਨੇ ਦੀਆਂ ਸਜ਼ਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ। ਨਸ਼ਾ ਤਸਕਰਾਂ ਨੂੰ ਫੜਨ ਦੀ ਜ਼ੁੰਮੇਵਾਰੀ ਸਰਕਾਰ ਦੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ ਰਾਜ ਪੱਧਰਾ ਨਸ਼ਾ ਵਿਰੋਧੀ ਸੈੱਲ ਬਣਾਇਆ ਹੈ ਜਿਸ ਵਿੱਚ ਕਈ ਆਈ. ਜੀ. ਰੈਂਕ ਦੇ ਅਧਿਕਾਰੀ ਤਾਇਨਾਤ ਹਨ। ਇਸ ਸੈੱਲ ਨੂੰ ਜਾਸੂਸੀ ਦੇ ਅਤੀ ਆਧੁਨਿਕ ਸਾਧਨ ਦਿੱਤੇ ਗਏ ਹਨ। ਇਸ ਸੈੱਲ ਦੇ ਅਧਿਕਾਰੀ ਅਤੇ ਕਰਮਚਾਰੀ ਜਦੋਂ ਚਾਹੁਣ ਅਤੇ ਜਿੱਥੇ ਚਾਹੁੰਣ ਬਿਨਾਂ ਕਿਸੇ ਕਾਨੂੰਨੀ ਇਜਾਜ਼ਤ ਦੇ ਲੋਕਾਂ ਦੇ ਟੈਲੀਫ਼ੋਨ ਸੁਣ ਸਕਦੇ ਹਨ, ਇੰਟਰਨੈੱਟ ‘ਤੇ ਨਿਗਾਹ ਰੱਖ ਸਕਦੇ ਹਨ, ਈ-ਮੇਲਾਂ ਪੜ ਸਕਦੇ ਹਨ। ਹਰ ਛੋਟੇ-ਵੱਡੇ ਨਸ਼ਾ ਤਸਕਰ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਉਸ ਤੋਂ ਪੁੱਛਗਿੱਛ ਕਰਕੇ ਨਸ਼ੇ ਦੇ ਸ੍ਰੋਤ ਦਾ ਅਤੇ ਇਸ ਦੇ ਪਿੱਛੇ ਕੰਮ ਕਰਦੇ ਵਿਅਕਤੀਆਂ ਦਾ ਪਤਾ ਲਾਉਣਾ ਇਸ ਸੈੱਲ ਦਾ ਕੰਮ ਹੈ। ਪ੍ਰੰਤੂ ਇਸ ਸਭ ਕਾਸੇ ਦੇ ਬਾਵਜੂਦ ਨਸ਼ਾ ਤਸਕਰੀ ਘਟੀ ਨਹੀਂ ਸਗੋਂ ਵਧੀ ਹੈ। ਇਸ ਤੋਂ ਰਾਜ ਸਰਕਾਰ ਦੀ ਨਾਲਾਇਕੀ ਸਾਫ ਝਲਕਦੀ ਹੈ। ਇਹ ਇੱਕ ਸਥਾਪਤ ਅਸੂਲ ਹੈ ਕਿ ਜੇ ਸਰਕਾਰ ਦੇ ਕਿਸੇ ਅਧਿਕਾਰੀ ਦੀ ਨਲਾਇਕੀ ਜਾਂ ਗ਼ੈਰ ਕਾਨੂੰਨੀ ਵਿਹਾਰ ਨਾਲ ਕਿਸੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਉਸ ਲਈ ਜ਼ੁੰਮੇਵਾਰ ਬਦਦੀ ਹੈ। ਇਸ ਨੂੰ ਵਿਕੇਰੀਅਸ ਲਾਇਬਿਲਟੀ (ਹੇਠਲੇ ਅਧਿਕਾਰੀਆਂ ਦੇ ਕੰਮਾਂਦੇ ਨੁਕਸਾਨ ਲਈ ਮੁਖੀ ਦੇਣਦਾਰ) ਦਾ ਅਸੂਲ ਕਿਹਾ ਜਾਂਦਾ ਹੈ। ਜੇ ਕਰ ਸਰਕਾਰ ਜਾਂ ਉਸ ਦੀ ਪੁਲਿਸ ਆਵਦੀ ਨਲਾਇਕੀ ਕਾਰਨ ਜਾਂ ਜਾਣ ਬੁੱਝ ਕੇ ਨਸ਼ਾ ਤਸਕਰੀ ਨੂੰ ਬੰਦ ਨਹੀਂ ਕਰਵਾਉਂਦੀ ਤਾਂ ਇਸ ਦੇ ਨਤੀਜੇ ਵਜੋਂ ਸਰੀਰਕ ਤੇ ਮਾਨਸਿਕ ਤੌਰ ‘ਤੇ ਪੰਗੂ ਬਣੇ ਅਤੇ ਮਰ ਚੁੱਕੇ ਲੋਕਾਂ ਦੀ ਹਾਲਤ ਲਈ ਉਹ ਜ਼ੁੰਮੇਵਾਰ ਹੈ। ਇਸ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਮੁਕੰਮਲ ਇਲਾਜ ਕਰਨ ਅਤੇ ਇਲਾਜ ਦੀ ਅਣਹੋਂਦ ਕਾਰਨ ਮੌਤ ਦੇ ਮੂੱਹ ਵਿੱਚ ਧੱਕੇ ਲੋਕਾਂ ਨੂੰ ਮੁਆਵਜਾ ਦੇਣਾ ਸਰਕਾਰ ਦਾ ਕਾਨੂੰਨੀ ਫਰਜ਼ ਹੈ।
6. ਨਸਿਆਂ ਸਬੰਧੀ ਲੋਕ ਚਰਚਾ ਅਨੁਸਾਰ ਅਫ਼ੀਮ-ਭੁੱਕੀ ਟੀਕਿਆਂ, ਗੋਲੀਆਂ ਅਤੇ ਸ਼ੀਸ਼ੀਆਂ ਦੇ ਮੁਕਾਬਲੇ ਚਿੱਟੇ ਦਾ ਨਸ਼ਾ ਬਹੁਤ ਮਹਿੰਗਾ ਹੈ। ਸ਼ੁਧ ਚਿੱਟੇ ਦੀ ਕੀਮਤ 5000ਰੁ. ਪ੍ਰਤੀ ਗ੍ਰਾਮ ਹੈ ਜਦੋਂ ਕਿ ਨਸ਼ਾ ਤਸਕਰ ਇਸ ਵਿੱਚ ਕੁੱਝ ਹੋਰ ਨਸ਼ੀਲੀਆਂ ਦਵਾਈਆਂ ਮਿਲਾਕੇ ਵੰਡਾਵਿਆਂ ਨੂੰ 2500 ਰੁ. ਪ੍ਰਤੀ ਗ੍ਰਾਮ ਦਿੰਦੇ ਹਨ ਜੋ ਅੱਗੇ ਨਸੇੜੀਆਂ ਨੂੰ 3000 ਰੁ. ਪ੍ਰਤੀ ਗ੍ਰਾਮ ਵੇਚਦੇ ਹਨ। ਇਸ ਤਰਾਂ ਜਿੱਥੇ ਇਸ ਕਾਰੋਬਾਰ ਵਿੱਚ ਮੋਟੇ ਮੁਨਾਫ਼ੇ ਹਨ। ਊੱਥੇ ਪੂੰਜੀ ਨਿਵੇਸ਼ ਵੀ ਵੱਡਾ ਹੈ। ਚਿੱਟੇ ਦਾ ਕਾਰੋਬਾਰ ਸਿਰਫ਼ ਅਮੀਰ ਲੋਕ ਹੀ ਕਰ ਸਕਦੇ ਹਨ, ਇਹ ਸਾਧਾਰਨ ਲੋਕਾਂ ਦੇ ਵੱਸ ਦਾ ਨਹੀਂ ਹੈ। ਇਸ ਜਾਣਕਾਰੀ ਅਨੁਸਾਰ 14 ਜੁਲਾਈ 2015 ਨੂੰ ਅਮਰਜੋਤ ਸਿੰਘ ਤੋਂ ਬਰਾਮਦ ਕੀਤੇ 150 ਗ੍ਰਾਮ ਚਿੱਟੇ ਪਾਊਡਰ ਦੀ ਕੀਮਤ 3 ਲੱਖ 75 ਹਜ਼ਾਰ ਰੁ. ਬਣਦੀ ਹੈ। ਇਹਨਾ ਦੋਨਾਂ ਪਰਿਵਾਰਾਂ ਦੀ ਇੰਨੀ ਰਕਮ ਖਰਚਣ ਦੀ ਸਮਰੱਥਾ ਨਹੀਂ ਹੈ। ਇਸ ਲਈ ਸਪੱਸ਼ਟ ਹੈ ਕਿ ਬਰਾਮਦ ਮਾਲ ਉਹਨਾਂ ਦਾ ਨਹੀਂ ਸੀ, ਸਗੋਂ ਉਹ ਕਿਸੇ ਵੱਡੇ ਨਸ਼ਾ ਤਸਕਰ ਦੇ ਵੰਡਾਵੇ ਸਨ। ਦਿਆਲਪੁਰਾ ਪਿੰਡ ਦੇ ਹੀ ਨਸ਼ਾ ਤਸਕਰ ਧਰਮ ਸਿੰਘ ਅਤੇ ਉਸਦੇ ਲੜਕੇ ਦੀਪੇ ਨਾਲ ਇਹਨਾਂਂ ਦੋਹਾਂ ਦਾ ਸਬੰਧ ਪਿੰਡ ਵਿੱਚ ਹਰੇਕ ਨੂੰ ਪਤਾ ਸੀ। ਪਰ ਪੁਲਿਸ ਇਸ ਕੇਸ ਵਿੱਚ ਵੀ ਪੜਦੇ ਉਹਲੇ ਛੁਪੇ ਵੱਡੇ ਨਸ਼ਾ ਤਸਕਰਾਂ ਤੋਂ ਪੁੱਛ-ਗਿੱਛ ਨਹੀਂ ਕਰ ਰਹੀ। ਉਹ ਆਜ਼ਾਦ ਘੁੰਮ ਰਹੇ ਹਨ।
ਸਿੱਟੇ: ਸਭਾ ਸਾਰੇ ਤੱਥਾਂ ਅਤੇ ਪੱਖਾਂ ਨੂੰ ਵਿਚਾਰ ਕੇ ਇਸ ਸਿੱਟੇ ਤੇ ਪੁੱਜੀ ਹੈ ਕਿ:
1. ਫਤਿਹ ਸਿੰਘ ਉਰਫ਼ ਫੱਤੂ ਦੀ ਮੌਤ ਲਈ ਜ਼ੁੰਮੇਵਰ ਉਹ ਦੋਵੇਂ ਨਸ਼ਾ ਤਸਕਰ ਹਨ ਜਿਨਾਂ ਨੇ ਪਹਿਲਾਂ ਉਸਨੂੰ ਚਿੱਟੇ ਦੇ ਨਸ਼ੇ ‘ਤੇ ਲਾਇਆ ਅਤੇ ਬਾਅਦ ਵਿੱਚ ਜਦੋਂ 14 ਜੁਲਾਈ 2015 ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਫਸ ਗਿਆ ਤਾਂ ਉਸ ਨੂੰ ਅਗਵਾ ਕਰ ਕੇ ਮਹੀਨਾ ਭਰ ਛੁਪਾਈ ਰੱਖਿਆ ਤਾਂ ਜੋ ਉਹ ਕਿਤੇ ਉਹਨਾਂ ਦਾ ਭਾਂਡਾ ਨਾ ਭੰਨ ਦੇਵੇ। ਬਾਦ ਵਿੱਚ ਜਦੋਂ ਸਾਰੇ ਪਾਸੇ ਗਿੱਟ-ਮਿੱਟ ਹੋ ਗਈ ਤਾਂ ਉਹਨਾਂ ਨੇ ਫਤਿਹ ਨੂੰ ਨਸ਼ਾ ਦੇਣਾ ਬੰਦ ਕਰ ਕੇ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ।
2. ਪੁਲਿਸ ਨੇ 16 ਅਗਸਤ 2015 ਨੂੰ ਨਸ਼ਾ ਤਸਕਰਾਂ ਵਿਰੁੱਧ ਕੇਸ ਦਰਜ ਕਰਨ ਅਤੇ ਉਹਨਾਂ ਨੂੰ ਗਿ੍ਰਫ਼ਤਾਰ ਕਰਨ ਦੀ ਮੰਗ ਕਰ ਰਹੇ ਲੋਕਾਂ ‘ਤੇ ਫਾਇਰਿੰਗ ਅਤੇ ਲਾਠੀਚਾਰਜ ਦੇ ਰੂਪ ਵਿੱਚ ਕੀਤੀ ਕਾਰਵਾਈ ਜਾਬਰ ਭੜਕਾਊ ਅਤੇ ਬੇਲੋੜੀ ਸੀ ਅਤੇ ਸੰਘਰਸ਼ ਕਰਦੇ ਲੋਕਾਂ ਖ਼ਿਲਾਫ਼ ਦਰਜ ਕੀਤੀ ਐੱਫ. ਆਈ. ਆਰ 130 ਮਿਤੀ 16 ਅਗਸਤੀ 2015 ਝੂਠੀ ਹੈ। ਪਰ ਨਸ਼ਾ ਤਸਕਰਾਂ ਖੁੱਲੇ ਆਮ ਘੁੰਮ ਰਹੇ ਹਨ। ਇਹ ਨਸ਼ਾ ਤਸਕਰਾਂ, ਪੁਲਸ, ਸਿਆਸੀ ਗੱਠਜੋੜ ਦੀ ਨਿਸ਼ਾਨੀ ਹੈ।
3. ਠੋਸ ਤੱਥਾਂ ਦੀ ਘਾਟ ਕਾਰਨ ਸਭਾ ਰੋੜਿਆਂ ਦੀ ਭਰੀ ਟਰਾਲੀ ਦਾ ਧਰਨੇ ਵਾਲੀ ਥਾਂ ’ਤੇ ਪਹੁੰਚਣ ਦੇ ਮਾਮਲੇ ’ਤੇ ਡੂੰਘਾਈ ਨਾਲ ਜਾਂਚ ਦੀ ਮੰਗ ਕਰਦੀ ਹੈ।
ਮੰਗਾਂ: ਜਮਹੂਰੀ ਅਧਿਕਾਰ ਸਭਾ ਮੰਗ ਕਰਦੀ ਹੈ ਕਿ
1. ਮਿ੍ਰਤਕ ਨੌਜਵਾਨ ਦੀ ਮਾਤਾ ਦੇ ਬਿਆਨਾਂ ਦੇਆਧਾਰ ’ਤੇ ਦਰਜ ਕੀਤੀ ਐੱਫ. ਆਈ. ਆਰ ਵਿੱਚ ਨਾਮਜਦ ਦੋਸ਼ੀ ਧਰਮ ਸਿੰਘ ਅਤੇ ਉਸਦੇ ਲੜਕੇ ਦੀਪੇ ਨੂੰ ਤੁਰੰਤ ਗਿ੍ਰਫ਼ਤਾਰ ਕੀਤਾ ਜਾਵੇ;
2. ਸਾਰੇ ਪੰਜਾਬ ਵਿੱਚ ਨਸ਼ਾ ਤਸਕਰਾਂ ਅਤੇ ਉਹਨਾਂ ਦੇ ਸਰਪ੍ਰਸਤ ਸਿਆਸੀ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਨਸ਼ੇ ਤਸਕਰੀ ਨੂੰ ਜੜੋਂ ਪੁਟਿਆ ਜਾਵੇ।
3. ਫਤਿਹ ਸਿੰਘ ਦੀ ਮੌਤ ਰਾਜ ਸਰਾਕਰ ਅਤੇ ਪੁਲਸ ਵੱਲੋਂ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਵਰਤੀ ਜਾ ਰਹੀ ਮੁਜਰਮਾਨਾਂ ਅਣਗਹਿਲੀ ਕਰ ਕੇ ਹੋਈ ਹੈ, ਇਸ ਲਈ ਉਸ ਦੇ ਪਰਿਵਾਰ ਨੂੰ ਯੋਗ ਮੁਆਵਜਾ ਦਿੱਤਾ ਜਾਵੇ।
4. ਨਸ਼ੇ ਦੇ ਚੁੰਗਲ ਵਿੱਚ ਫਸੇ ਪੰਜਾਬ ਦੇ ਨੌਜਵਾਨਾਂ ਦੀ ਸ਼ਨਾਖਤ ਕਰ ਕੇ ਉਹਨਾਂ ਨੂੰ ਮੁਕੰਮਲ ਰੂਪ ਵਿੱਚ ਨਸ਼ਾ ਮੁਕਤ ਹੋਣ ਅਤੇ ਨਵਾਂ ਜਾਵਨ ਸ਼ੁਰੂ ਕਰਨ ਤੱਕ ਸਰਕਾਰੀ ਇਲਾਜ ਦਾ ਪ੍ਰਬੰਧ ਕੀਤਾ ਜਾਵੇ।
5. ਕਿਸਾਨ-ਮਜਦੂਰ ਆਗੂਆਂ ਅਤੇ ਪਿੰਡ ਦੇ ਲੋਕਾ ਖ਼ਿਲਾਫ਼ ਦਰਜ ਐੱਫ. ਆਈ. ਆਰ ਨੰ. 130 ਰੱਦ ਕੀਤੀ ਜਾਵੇ ਅਤੇ ਗਿ੍ਰਫ਼ਤਾਰ ਵਿਅਕਤੀਆਂ ਨੂੰ ਰਿਹਾ ਕੀਤਾ ਜਾਵੇ ਅਤੇ ਲੋਕਾਂ ਉਪਰ ਤਸੱਦਦ ਕਰਨ, ਝੂਠਾ ਪੁਲਸ ਕੇਸ ਬਣਾਉਣ ਅਤੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਜਾਰੀ ਕਰਤਾ:
ਬੱਗਾ ਸਿੰਘ ਪ੍ਰਧਾਨ ਰਣਧੀਰ ਗਿੱਲਪੱਤੀ ਜਨਰਲ ਸਕੱਤਰ
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਬਠਿੰਡਾ
7 ਸਤੰਬਰ 2015
No comments:
Post a Comment