Tuesday, September 1, 2015
ਹਿੰਦੂਵਾਦੀ ਤਾਕਤਾਂ ਵਲੋਂ ਪ੍ਰੋਫੈਸਰ ਕਲਬੁਰਗੀ ਦਾ ਕਤਲ ਗੰਭੀਰ ਚੁਣੌਤੀ
ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਮੋਹਰੀ ਅਗਾਂਹਵਧੂ ਬੁੱਧੀਜੀਵੀ ਅਤੇ ਕੰਨੜ ਯੂਨੀਵਰਸਿਟੀ ਹਾਂਪੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਐੱਮ.ਐੱਮ. ਕਲਬੁਰਗੀ ਨੂੰ ਉਨ੍ਹਾਂ ਦੀ ਧਾਰਵਾੜ (ਕਰਨਾਟਕਾ) ਸਥਿਤ ਰਿਹਾਇਸ਼ ਉਪਰ ਪਿਛਾਖੜੀ ਤਾਕਤਾਂ ਵਲੋਂ ਗੋਲੀ ਮਾਰਕੇ ਕਤਲ ਕਰ ਦੇਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਤਲ ਅਗਾਂਹਵਧੂ ਤਾਕਤਾਂ ਲਈ ਬਹੁਤ ਹੀ ਫ਼ਿਕਰਮੰਦੀ ਦਾ ਵਿਸ਼ਾ ਹੈ ਕਿਉਂਕਿ ਇਸ ਤੋਂ ਪਹਿਲਾਂ ਅੰਧਵਿਸ਼ਵਾਸ ਵਿਰੋਧੀ ਲਹਿਰ ਦੇ ਆਗੂ ਡਾ. ਨਰੇਂਦਰ ਡਭੋਲਕਰ ਅਤੇ ਕਮਿਊਨਿਸਟ ਆਗੂ ਕਾ. ਪਾਨਸਰੇ ਨੂੰ ਇਸੇ ਤਰ੍ਹਾਂ ਕਤਲ ਕੀਤਾ ਜਾ ਚੁੱਕਾ ਹੈ। 100 ਦੇ ਕਰੀਬ ਕਿਤਾਬਾਂ ਦੇ ਲੇਖਕ ਪ੍ਰੋਫੈਸਰ ਕਲਬੁਰਗੀ ਅੰਧਵਿਸ਼ਵਾਸਾਂ ਵਿਰੁੱਧ ਆਵਾਜ਼ ਉਠਾ ਰਹੇ ਸਨ ਅਤੇ ਉਨ੍ਹਾਂ ਦੀ ਆਵਾਜ਼ ਬੰਦ ਕਰਾਉਣ ਲਈ ਪਿਛਲੇ ਸਾਲ ਬਜਰੰਗ ਦਲ ਤੇ ਸ੍ਰੀਰਾਮ ਸੈਨਾ ਨੇ ਨਾ ਸਿਰਫ਼ ਉਨ੍ਹਾਂ ਨੇ ਖ਼ਿਲਾਫ਼ ਰੋਸ-ਵਿਖਾਵੇ ਕੀਤੇ ਸਨ ਸਗੋਂ ਉਨ੍ਹਾਂ ਦੇ ਘਰ ਉਪਰ ਪੱਥਰਾਂ ਅਤੇ ਪੈਟਰੋਲ ਬੰਬਾਂ ਨਾਲ ਘਾਤਕ ਹਮਲਾ ਵੀ ਕੀਤਾ ਸੀ। ਡਾ. ਡਭੋਲਕਰ ਵਰਗੇ ਉੱਘੇ ਆਗੂਆਂ ਨੂੰ ਕਤਲ ਕਰਨ ਤੇ ਕਰਾਉਣ ਵਾਲੀਆਂ ਤਾਕਤਾਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਬਜਾਏ ਹੁਕਮਰਾਨ ਜਮਾਤਾਂ ਵਲੋਂ ਉਨ੍ਹਾਂ ਦੀ ਸ਼ਰੇਆਮ ਪੁਸ਼ਤ-ਪਨਾਹੀ ਕੀਤੇ ਜਾਣ ਕਾਰਨ ਪਿਛਾਖੜੀ ਤਾਕਤਾਂ ਦੇ ਹੌਸਲੇ ਐਨੇ ਵਧ ਚੁੱਕੇ ਹਨ ਕਿ ਹੁਣ ਨਾ ਸਿਰਫ਼ ਪ੍ਰੋਫੈਸਰ ਕਲਬੁਰਗੀ ਨੂੰ ਕਤਲ ਕਰ ਦਿੱਤਾ ਗਿਆ ਸਗੋਂ ਕਤਲ ਤੋਂ ਬਾਅਦ ਇਨ੍ਹਾਂ ਤਾਕਤਾਂ ਵਲੋਂ ਫੇਸਬੁੱਕ ਉਪਰ ਸ਼ਰੇਆਮ ਉਸ ਸ਼ਖਸੀਅਤ ਦਾ ਨਾਂ ਵੀ ਨਸ਼ਰ ਕਰ ਦਿੱਤਾ ਗਿਆ ਹੈ ਜਿਸ ਨੂੰ ਅਗਲਾ ਨਿਸ਼ਾਨਾ ਬਣਾਇਆ ਜਾਵੇਗਾ। ਨਾਲ ਹੀ ਖੁੱਲ੍ਹੇਆਮ ਦਹਿਸ਼ਤਗਰਦ ਐਲਾਨ ਕੀਤਾ ਗਿਆ, ''ਹਿੰਦੂਵਾਦ ਦਾ ਮਖੌਲ ਉਡਾਓਗੇ ਤਾਂ ਕੁੱਤੇ ਦੀ ਮੌਤ ਮਰੋਗੇ।'' ਸਭਾ ਦੇ ਆਗੂਆਂ ਨੇ ਕਿਹਾ ਕਿ ਪ੍ਰੋਫੈਸਰ ਕਲਬੁਰਗੀ ਦਾ ਕਤਲ ਸਿਰਫ਼ ਅਗਾਂਹਵਧੂ ਵਿਗਿਆਨਕ ਸੋਚ ਲਈ ਵੱਡਾ ਧੱਕਾ ਹੀ ਨਹੀਂ ਸਗੋਂ ਵਿਚਾਰਾਂ ਦੀ ਆਜ਼ਾਦੀ 'ਤੇ ਵੀ ਹਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰੋਫੈਸਰ ਕਲਬੁਰਗੀ ਅਤੇ ਡਾ. ਡਭੋਲਕਾਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
Subscribe to:
Post Comments (Atom)
No comments:
Post a Comment