Saturday, April 12, 2014

ਸ਼ੱਤਾ ਦੇ ਨਸ਼ੇ 'ਚ ਲੋਕਾਂ ਅਤੇ ਨਿਯਮਾਂ ਨੂੰ ਟਾਇਰਾਂ ਹੇਠ ਦਰੜ ਰਹੇ ਨੇ ਪ੍ਰਾਈਵੇਟ ਟਰਾਂਸਪੋਰਟਰ - ਜਮਹੂਰੀ ਅਧਿਕਾਰ ਸਭਾ

ਪੰਜਾਬ ਵਿੱਚ ਸੜਕਾਂ ਉਪਰ ਐਕਸੀਡੈਂਟਾਂ ਨਾਲ ਹੋਣ ਵਾਲੀਆਂ ਮੌਤਾਂ (100ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ) ਦੀ ਦਰ ਦੇਸ਼ ਭਰ'ਚ ਦੂਜੇ ਨੰਬਰ ਤੇ ਹੈ। ਇਸ ਤੋਂ ਵੱਧ ਕੇਵਲ ਦਰ ਨਾਗਾਲੈਂਡ  ਦੀ ਹੀ ਹੈ। ਪੰਜਾਬ ਵਿੱਚ ਇਹ ਦਰ 76%(2012) ,75.7%(2011), 66.3%(2010) ਅਤੇ 65.9%(2009) ਹੈ।(ਹਿੰਦੁਸਤਾਨ ਟਾਈਮਜ 29 ਅਕਤੁਬਰ 2013)। ਇੰਡੀਅਨ ਐਕਸਪ੍ਰੈਸ ਵਿੱਚ 6 ਨਵੰਬਰ 2012 ਨੂੰ ਛਪੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਰੋਜ 14 ਸੜਕੀ ਦੁਰਘਟਨਾਵਾਂ ਹੁੰਦੀਆਂ ਹਨ ਜਿਹਨਾਂ ਵਿੱਚ 13 ਮੌਤਾਂ ਹੁੰਦੀਆਂ ਹਨ ਅਤੇ 11 ਵਿਅਕਤੀ ਜਖ਼ਮੀ ਹੁੰਦੇ ਹਨ ਅਤੇ ਇੱਕ ਟਰੈਫਿਕ ਮਾਹਰ ਪ੍ਰਿਥੀਪਾਲ ਸਿੰਘ ਅਨੁਸਾਰ ਇੱਕ ਅਧਿਅਨ ਵਿੱਚ ਇਹ ਤੱਥ ਉਭਰ ਕੇ ਆਇਆ ਹੈ ਕਿ 55 ਫੀਸਦੀ ਦੁਰਘਟਨਾਵਾਂ ਥਕੇਵੇਂ, ਵੱਧ ਰਫਤਾਰ ਅਤੇ ਸਰਾਬ ਪੀ ਕੇ ਵਾਹਣ ਚਲਾਉਣ ਕਾਰਨ ਹੁੰਦੀਆਂ ਹਨ। 6 ਅਗਸਤ 2013 ਦੇ ਟਾਈਮਜ਼ ਆਫ ਇੰਡੀਆ ਅਨੁਸਾਰ ਮੰਬਈ ਸ਼ਹਿਰ ਵਿੱਚ 24592 (ਕਿਸੇ ਸ਼ਹਿਰ ਵਿੱਚ ਹੋਏ ਸੱਭ ਤੋਂ ਵੱਧ ਐਕਸੀਡੈਂਟ) ਵਿੱਚ ਕੇਵਲ 488 ਮੌਤਾਂ (ਮਹਿਜ਼ 2 ਫੀਸਦੀ) ਹੀ ਹੋਈਆਂ ਜਦੋਂ ਕਿ ਪੰਜਾਬ ਦੇ ਲੁਧਿਆਣਾ ਅਤੇ ਅੰਮ੍ਰਿਤਸ਼ਰ ਸ਼ਹਿਰਾਂ ਵਿੱਚ ਸੜਕੀ ਦੁਰਘਟਨਾਵਾਂ ਵਿੱਚ ਮੌਤ ਦਰ ਕਰਮਵਾਰ 60.9 ਫੀਸਦੀ ਅਤੇ 62.5 ਸਦੀ ਹੈ। ਪਿਛਲੇ ਕਾਫੀ ਅਰਸੇ ਤੋਂ ਸਿਆਸੀ ਰਸੂਖ ਵਾਲੇ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਵੱਲੋਂ ਲੋਕਾਂ ਨੂੰ ਦਰੜ ਕੇ ਲੰਘ ਜਾਣ ਦੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਫਰਵਰੀ ਮਹੀਨੇ ਅੋਰਬਿਟ ਟਰਾਂਸਪੋਰਟ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਕੋਲ ਬਠਿੰਡਾ ਸੰਗਰੂਰ ਮਾਰਗ ਤੇ ਮੋਟਰਸਾਈਕਲ ਸਵਾਰਾਂ ਨੂੰ ਦਰੜਨ ਅਤੇ ਕੋਟਕਪੂਰਾ ਸ਼ਹਿਰ ਵਿੱਚ ਨਿਊ ਦੀਪ ਬੱਸ ਸਰਵਿਸ ਦੀ ਬੱਸ ਵੱਲੋਂ ਕਾਰ ਸਵਾਰ ਮਾਂ-ਪੁੱਤਾਂ ਵੱਲੋਂ ਬੱਸ ਨੂੰ ਰਸਤਾ ਦੇਣ ਵਿੱਚ ਹੋਈ ਦੇਰੀ ਕਾਰਨ ਕੁਟਮਾਰ-ਧੱਕਾ ਮੁੱਕੀ ਕਰਨ ਦੀ ਘਟਨਾ ਸਾਹਮਣੇ ਆਈ। ਸ਼ਹਿਰ ਵਾਸੀਆਂ ਵੱਲੋਂ ਜਾਮ ਲਾਉਣ ਪਿਛੋਂ ਵੀ ਪੁਲਸ ਕੇਸ ਦਰਜ਼ ਕਰਨ ਵਿੱਚ ਲੰਬਾ ਸਮਾਂ ਅਣਾਕਣੀ ਕਰਦੀ ਰਹੀ ਸੀ। ਸਭਾ ਦੀ ਫਰੀਦਕੋਟ ਇਕਾਈ ਨੇ ਤੱਥਾਂ ਨੂੰ ਲੋਕਾਂ ਵਿੱਚ ਲਿਆਉਣ ਲਈ ਸ੍ਰੀ ਸਿਵਚਰਨ ਅਰਾਈਆਂਵਾਲਾ (ਪ੍ਰਧਾਨ) ਸ੍ਰੀ. ਰੇਸ਼ਮ ਸਿੰਘ ਬਰਗਾੜੀ (ਸੂਬਾ ਕਮੇਟੀ ਮੈਂਬਰ), ਲੈਕਚਰਾਰ ਸ੍ਰੀ ਹਰਦਾਸ (ਸਕੱਤਰ) ਅਤੇ ਤੇਜਾ ਸਿੰਘ ਸੇਵਾ ਮੁਕਤ ਜੂਨੀਅਰ ਇੰਜਨੀਅਰ ਅਧਾਰਤ ਕਮੇਟੀ ਦਾ ਗੱਠਨ ਕਰਕੇ ਜਾਂਚ ਪੜਤਾਲ ਕੀਤੀ। ਕਮੇਟੀ ਪੀੜਤ ਪਰਿਵਾਰ, ਬੱਸ ਡਰਾਈਵਰ, ਥਾਣਾ ਇੰਚਾਰਜ ਅਤੇ ਘਟਨਾ ਸਥਾਨ ਦੇ ਆਸਪਾਸ ਦੇ ਲੋਕਾਂ ਨੂੰ ਮਿਲੀ ਅਤੇ ਜਾਣਕਾਰੀ ਇਕੱਤਰ ਕੀਤੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ 19 ਮਾਰਚ ਨੂੰ ਦੁਪਹਿਰ 12 ਵਜੇ ਦੇ ਕਰੀਬ ਅਨਮੋਲ ਅਰੋੜਾ (ਲੱਗਭੱਗ 20-22 ਸਾਲ) ਵਾਸੀ ਕੋਟਕਪੁਰਾ ਕਾਰ (ਪੀਬੀ04ਐਸ 3700) ਵਿੱਚੋਂ ਗਾਂਧੀ ਮਾਡਲ ਸਕੂਲ ਵਿੱਚ ਬਤੌਰ ਅਧਿਆਪਕਾ ਕੰਮ ਕਰਦੀ ਆਪਣੀ ਮਾਤਾ ਸ੍ਰੀਮਤੀ ਦੀਪਕਾ ਨੂੰ ਲੈ ਕੇ ਆ ਰਿਹਾ ਸੀ। ਬਰਾੜ ਅੱਖਾਂ ਦੇ ਹਸਪਤਾਲ/ਪੈਟਰੋਲ ਪੰਪ ਕੋਲ ਕਿਸੇ ਐਕਸੀਡੈਂਟ ਕਾਰਨ ਸੜਕ ਦਾ ਕੁੱਝ ਹਿਸਾ ਰੁਕਿਆ ਹੋਣ ਕਰਕੇ ਵਹੀਕਲਾਂ ਦੀ ਇੱਕ ਹੀ ਲਾਈਨ ਸ਼ਹਿਰ ਵੱਲ ਚੱਲ ਰਹੀ ਸੀ। ਉਸਦੀ ਕਾਰ ਪਿਛੇ ਨਿਉ ਦੀਪ ਬੱਸ ਪੀਬੀ 30 ਐਫ 9578 ਦਾ ਡਰਾਈਵਰ ਅੱਗੇ ਲੰਘਣ ਲਈ ਬਹੁਤ ਤੇਜ ਹਾਰਨ ਮਾਰਦਾ ਉਪਰ ਚੜਦਾ ਆ ਰਿਹਾ ਸੀ। ਅਨਮੋਲ ਅਰੋੜਾ ਨੇ ਅੱਗੇ ਖੁੱਲੀ ਜਗ੍ਹਾ ਆਉਣ ਤੇ ਬੱਸ ਨੂੰ ਰਸਤਾ ਦਿੱਤਾ ਤਾਂ ਕੋਲ ਲੰਘ ਰਹੀ ਬੱਸ ਦੇ ਕੰਡਕਟਰ ਨੇ ਗਾਲਾਂ ਕੱਢੀਆਂ। ਕਾਰ ਚਾਲਕ ਨੇ ਕਾਰ ਤੇਜ਼ ਕਰਕੇ ਬੱਸ ਦੇ ਅੱਗੇ ਲਾ ਦਿੱਤੀ ਅਤੇ ਗੱਲਾਂ ਕੱਢਣ ਤੇ ਇਤਰਾਜ਼ ਕੀਤਾ। ਇੰਨੇ ਵਿੱਚ ਬੱਸ ਡਰਾਈਵਰ (ਸੂਬਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭਾਣਾ ਉਮਰ 40ਕੁ ਸਾਲ) ਅਤੇ ਕਡੰਕਟਰ ਅਮ੍ਰਿਤਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਉਮਰ 30-32 ਸਾਲ ਵਾਸੀ ਵਾੜਾ ਦਰਾਕਾ) ਨੇ ਅਨਮੋਲ ਅਰੋੜਾ ਨੂੰ ਕਾਰ ਵਿੱਚ ਹੀ ਕੁਟਦਿਆਂ ਹੋਇਆਂ ਬਾਹਰ ਕੱਢ ਲਿਆ। ਉਹਨਾਂ ਦੀਆ ਹੋਰ ਬੱਸਾਂ ਦਾ ਸਟਾਫ ਅਤੇ ਅੱਡੇ ਸਟਾਫ (ਫਰੀਦਕੋਟ ਮੁਕਤਸਰ ਚੌਕ ਵਿਚਲਾ ਸਟਾਫ) ਵੀ ਇਸ ਮਾਰਕੁਟਾਈ ਕਰਨ ਵਿੱਚ ਰੱਲ ਗਿਆ।ਇਹਨਾਂ ਕੋਲ ਹਾਕੀਆਂ ਤੇ ਰਾੜਾਂ ਸਨ। ਅਨਮੋਲ ਅਰੋੜਾ ਦੀ ਮਾਂ ਨੇ ਛੜਾਉਣ ਦਾ ਯਤਨ ਕੀਤਾ ਤਾਂ ਉਸਨੂੰ ਵੀ ਧੱਕਾ ਮੁੱਕੀ ਕੀਤੀ ਗਈ। ਕੁੱਟਮਾਰ ਕਰਨ ਤੋਂ ਬਾਅਦ ਬੱਸਾਂ ਚੱਲ ਪਈਆਂ। ਅਨਮੋਲ ਅਰੋੜਾ ਵੱਲੋਂ ਨੇੜੇ ਹੀ ਚੌਕ ਅਤੇ ਬੱਸ ਅੱਡੇ ਵਿਚਕਾਰ ਆਪਣੇ ਦੁਕਾਨਦਾਰ ਪਿਤਾ (ਅਸ਼ਵਨੀ ਅਰੋੜਾ) ਨੂੰ ਫੋਨ ਤੇ ਸੂਚਿਤ ਕੀਤਾ ਅਤੇ  ਉਸਦੇ ਪਿਤਾ ਨੇ ਸ਼ਹਿਰੀਆਂ ਦੀ ਮੱਦਦ ਨਾਲ ਤੁਰੰਤ ਚੌਕ ਵਿੱਚ ਜਾਮ ਲਾ ਦਿੱਤਾ ਅਤੇ ਬੱਸ ਸਟਾਫ ਉਪਰ ਕੇਸ ਦਰਜ਼ ਕਰਨ ਦੀ ਮੰਗ ਕੀਤੀ। ਪੁਲਸ ਕਾਫੀ ਦੇਰ ਟਾਲਾ ਮਾਰਦੀ ਰਹੀ । ਫਿਰ ਗਿਦੜਬਹਾ ਤੋਂ ਬੱਸ ਮਾਲਕ (ਹਰਦੀਪ ਸਿੰਘ ਢਿੱਲੋਂ) ਜੋ ਬਾਦਲ ਦੱਲ ਦਾ ਗਿਦੜਵਹਾ ਹਲਕਾ ਇੰਚਾਰਜ ਹੈ, ਦੇ ਪਹੰਚਣ ਤੋਂ ਬਾਅਦ ਹੀ ਡਰਾਈਵਰ ਅਤੇ ਕੰਡਕਟਰ ਖਿਲਾਫ ਕੇਸ ਦਰਜ ਕੀਤਾ ਗਿਆ। ਐਫ ਆਈ ਆਰ 55 ਮਿਤੀ 19-3-2013 ਕੋਟਕਪੂਰਾ ਅਨੁਸਾਰ 356, 341,323/41 ਆਈਪੀਸੀ ਧਾਰਾਵਾਂ ਲਾਈਆਂ ਗਈਆਂ ਹਨ।ਲੋਕਾਂ ਅਨੁਸਾਰ ਨਿੳ ੂਦੀਪ ਬੱਸਾਂ ਦੇ ਟਾਈਮ ਇਸ ਤਰਾਂ ਸੈਟ ਹਨ ਕਿ ਲੱਗਭਗ ਚਾਰ-ਪੰਜ ਬੱਸਾਂ ਇਸ ਚੌਕ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ।ਸ਼ਹਿਰ ਵਿੱਚ ਨਿਜੀ ਟਰਾਂਸਪੋਟਰਾਂ ਖਾਸ ਕਰਕੇ ਰਾਜ ਬੱਸ ਸਰਵਿਸ, ਦੀਪ ਬੱਸ ਅਤੇ ਔਰਬਿਟ ਬੱਸ ਵਾਲੇ ਪ੍ਰੈਸਰ ਹਾਰਨ ਦੀ ਵਰਤੌਂ ਕਰਦੇ ਬਹੁਤ ਹੀ ਤੇਜ਼ ਰਫਤਾਰ ਨਾਲ ਬੱਸਾਂ ਚਲਾਉਂਦੇ ਹਨ।ਲੋਕਾਂ ਵਿੱਚ ਦਹਿਸ਼ਤ ਹੈ। ਉਹ ਆਪਣੇ ਚੱਲਣ ਵਾਲੇ ਅੱਡਿਆਂ ਉਪਰ ਲੰਬਾ ਸਮਾਂ ਬੱਸਾਂ ਰੋਕ ਕੇ ਦੂਸਰੀਆਂ ਬੱਸਾਂ ਦਾ ਟਾਈਮ ਹਜ਼ਮ ਕਰਦੇ ਸਵਾਰੀਆਂ ਬੱਸਾਂ ਵਿੱਚ ਤੁੰਨਦੇ ਹਨ ਅਤੇ ਫੇਰ ਅਗਲੇ ਅੱਡੇ ਉਪਰ ਪਹੁੰਚਣ ਲਈ ਅੰਨੀ  ਰਫਤਾਰ ਨਾਲ ਚਲਦੇ ਹਨ। ਉਹ ਅਕਸਰ ਹੀ ਅਸ਼ਲੀਲ ਵੀਡੀਓਜ਼/ ਗਾਣੇ ਚਲਾਉਂਦੇ ਰਹਿੰਦੇ ਹਨ ਜੋ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਵਰਜਿਤ ਹਨ।   ਡਰਾਇਵਰ ਸੂਬਾ ਸਿੰਘ, ਜੋ ਹਸਪਤਾਲ ਵਿੱਚ ਦਾਖਲ ਸੀ, ਨੇ ਦੱਸਿਆ ਕਿ ਸ਼ਾਮ ਨੂੰ ਸਵਾ ਸੱਤ ਵਜ਼ੇ ਜਦੋਂ ਉਹ ਥਾਣੇ ਚੋਂ ਆਪਣੀ ਜਮਾਨਤ ਕਰਵਾ ਕੇ ਬਾਹਰ ਆ ਰਿਹਾ ਸੀ ਤਾਂ ਅਸ਼ਵਨੀ ਅਰੌੜਾ ਨੇ ਮੇਰੇ ਉਪਰ ਖਾਪੇ ਨਾਲ ਹਮਲਾ ਕੀਤਾ ਜਿਸ ਨਾਲ ਮੇਰੀ ਸੱਜੀ ਚੀਚੀ ਉਪਰ ਸੱਟ ਲੱਗੀ। ਉਸ ਦੀ ਚੀਚੀ ਉਪਰ ਨਾਮਨਿਹਾਦ ਬੱਝੀ ਪੱਟੀ ਟੀਮ ਨੇ ਵੇਖੀ। ਉਸ ਅਨੁਸਾਰ ਅਸੀ ਆਪਣੇ ਟਾਈਮ ਤੋਂ ਲੇਟ ਹੋ ਰਹੇ ਸੀ ਅਤੇ ਕਾਰ ਚਾਲਕ ਸਾਨੂੰ ਰਸਤਾ ਨਹੀਂ ਦੇ ਰਿਹਾ ਸੀ। ਇਸ ਕੰਪਨੀ ਦੇ ਹੋਰ ਡਰਇਵਰ ਕੰਡਕਟਰਾਂ ਤੋਂ ਉਹਨਾਂ ਦੇ ਤਨਖਾਹ ਭੱਤੇ ਵਾਰੇ ਪੁੱਛਣ ਤੇ ਉਸਨੇ ਦੱਸਿਆ ਕਿ ਟਿਕਟ ਬੁਕਿੰਗ ਚੋਂ ਕਮਿਸ਼ਨ ਦਿੱਤਾ ਜਾਂਦਾ ਹੈ। ਕੰਮ ਦੇ ਘੰਟੇ 12-14 ਹਨ। ਛੁੱਟੀ ਕਾਰਨ ਬੁਕਿੰਗ ਦਾ ਕਮਿਸ਼ਨ ਨਹੀਂ ਮਿਲਦਾ।ਮੂਲ ਤਨਖਾਹ ਬਹੁਤ ਹੀ ਘੱਟ ਹੈ। ਇੱਕ ਖਾਸ ਹੱਦ ਤੋਂ ਲਗਾਤਾਰ ਘੱਟ ਬੁਕਿੰਗ ਕਾਰਨ ਕੰਮ ਤੋਂ ਜਵਾਬ ਮਿਲਣ ਦੀ ਧਮਕੀ ਤਲਵਾਰ ਵਾਂਗ ਲਟਕਦੀ ਰਹਿੰਦੀ ਹੈ।ਇਸ ਤੋਂ ਇਲਾਵਾ ਬਾਦਲ ਪਰਿਵਾਰ ਦੀਆਂ ਡਬਵਾਲੀ ਟਰਾਂਸਪੋਰਟ, ਤਾਜ ਟਰਾਸ਼ਪੋਰਟ ਅਤੇ ਔਰਬਿਟ ਬੱਸ ਸਰਵਿਸ ਬਠਿੰਡਾ-ਪਟਿਆਲਾ- ਚੰਡੀਗੜ੍ਹ, ਬਠਿੰਡਾ-ਲੁਧਿਆਣਾ-ਜਲੰਧਰ-ਹੁਸ਼ਿਆਰਪੁਰ ਰੂਟ ਤੇ ਵੀ ਬੇਹੱਦ ਬੋਲਵਾਲਾ ਹੈ।  ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਦੋ ਸਾਲਾਂ ਵਿੱਚ ਸਭਾ ਦੀ ਬਰਨਾਲਾ ਇਕਾਈ ਦੇ ਧਿਆਨ ਵਿੱਚ ਇਹਨਾਂ ਟਰਾਂਸਪੋਰਟਾਂ ਵੱਲੋਂ  ਕੀਤੇ ਐਕਸੀਡੈਂਟਾਂ ਵਿੱਚ ਹੋਈਆਂ ਚਾਰ ਮੌਤਾਂ ਧਿਆਨ ਵਿੱਚ ਆਈਆਂ। ਪਿੰਡ ਸੰਘੇੜਾ ਵਿਖੇ ਦੋ ਸਾਲ ਪਹਿਲਾਂ ਔਰਬਿਟ ਬੱਸ ਨੇ ਲੱਕੀ ਪੁੱਤਰ ਜੱਗਾ ਸਿੰਘ (26ਸਾਲ) ਨੂੰ ਦਰੜ ਦਿੱਤਾ ਸੀ । ਇਸੇ ਤਰਾਂ ਇਸੇ ਕੰਪਨੀ ਦੀ ਬੱਸ ਨੇ ਤਰਕਸ਼ੀਲ ਚੌਂਕ ਵਿੱਚ ਪਿਛਲੇ ਅਰਸੇ ਵਿੱਚ ਇੱਕ ਸਕੂਲੀ ਬੱਚੇ ਨੂੰ ਟਾਇਰਾਂ ਹੇਠ ਲੈਕੇ ਮਾਰ ਦਿੱਤਾ ਸੀ। ਔਰਬਿਟ ਬੱਸ ਨੇ ਪਿਛਲੇ ਸਾਲ ਅਤੇ ਇਸ ਸਾਲ ਵੀ ਫਰਵਰੀ ਮਹੀਨੇ ਵਿੱਚ ਬਠਿੰਡਾ ਸੰਗਰੂਰ ਰੋਡ ਉਪਰ ਪਿੰਡ ਹਰੀਗੜ੍ਹ ਕੋਲ ਦੋ ਵਿਅਕਤੀਆਂ ਨੂੰ ਕੁਚਲ ਦਿੱਤਾ ਸੀ।ਸਭਾ ਦੀ ਬਰਨਾਲਾ ਇਕਾਈ ਵੱਲੋਂ ਸ੍ਰੀ ਗੁਰਮੇਲ ਸਿੰਘ ਠੁਲੀਵਾਲ (ਪ੍ਰਧਾਨ), ਸ੍ਰੀ ਪ੍ਰੇਮ ਕੁਮਾਰ ਸਾਬਕਾ ਸਹਾਇਕ ਸਕੱਤਰ, ਡਾ ਸਾਹਿਬ ਸਿੰਘ ਬਡਬਰ ਅਤੇ ਸ੍ਰੀ ਜਗਜੀਤ ਸਿੰਘ ਅਧਾਰਤ ਗੱਠਤ ਕੀਤੀ ਤੱਥ ਖੋਜ ਕਮੇਟੀ ਨੇ ਹਰੀਗੜ੍ਹ ਕੋਲ ਹੋਏ ਦੋਵੇਂ ਐਕਸੀਡੈਂਟਾਂ ਦੀ ਜਾਣਕਾਰੀ ਪਿੰਡ ਦੇ ਲੋਕਾਂ, ਪੀੜਤ ਪਰਿਵਾਰਾਂ ਅਤੇ ਥਾਣਾ ਧਨੌਲਾ ਤੋਂ ਇਕੱਤਰ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 13 ਫਰਵਰੀ 2013 ਨੂੰ ਦੁਪਹਿਰੇ ਪੌਣੇ ਦੋ ਵਜੇ ਦੇ ਲੱਗਭਗ ਸੰਗਰੂਰ ਤੋਂ ਬਠਿੰਡਾ ਜਾ ਰਹੀ ਔਰਬਿਟ ਬੱਸ ਪੀਬੀ 03-3835 ਨੇ ਆਪਣੀ ਸਾਈਡ ਤੇ ਧਨੌਲੇ ਵੱਲੋਂ ਆ ਰਹੀ ਸਕਾਰਪੀਓ (ਐਚ ਆਰ 29ਟੀ 2456) ਵਿੱਚ ਰਾਜਵਾੜੈ ਢਾਬੇ ਕੋਲ ਬਿਲਕੁਲ ਸਿੱਧੀ ਟੱਕਰ ਮਾਰੀ। ਸਕਾਰਪੀਓ ਦੇ ਡਰਾਈਵਰ ਬਲਵਿੰਦਰ ਸਿੰਘ ਫੌਜੀ ਵਾਸੀ ਹਰੀਗੜ੍ਹ ਦੀ ਮੌਕੇ ਉਪਰ ਮੌਤ ਹੋ ਗਈ ਅਤੇ ਉਸਦਾ ਸਾਥੀ ਜਸਵਿੰਦਰ (ਕਨੇਡਾ ਵਾਸੀ) ਗੰਭੀਰ ਰੂਪ ਵਿੱਚ ਜਖਮੀ ਹੋਣ ਕਾਰਨ 6 ਮਹੀਨੇ ਜੇਰੇ ਇਲਾਜ ਰਿਹਾ। ਤਰਾਸਦੀ ਇਹ ਹੈ ਕਿ ਮੌਕੇ ਤੋਂ ਬਰਨਾਲਾ ਤੋਂ ਪੁੱਜਿਆ ਪ੍ਰਸਾਸ਼ਨ ਬੱਸ ਨੂੰ ਸਿੱਧੀ ਕਰਨ ਲੱਗ ਪਿਆ ਅਤੇ ਜ਼ਖਮੀਆਂ ਦੀ ਸਾਰ ਨਹੀਂ ਲਈ।  ਪ੍ਰਸਾਸ਼ਨ ਅਨੁਸਾਰ ਬੱਸ ਦਾ ਟਾਈਮ ਮਾਰਿਆ ਜਾਵੇਗਾ। ਲੋਕਾਂ ਵਿੱਚ ਇਸ ਕਾਰਨ ਕਾਫੀ ਰੋਹ ਭਰਿਆ ਗਿਆ। ਬਲਵਿੰਦਰ ਸਿੰਘ ਦੇ ਦੋ ਲੜਕੀਆਂ (4ਸਾਲ ਅਤੇ ਦੋ ਸਾਲ) ਅਤੇ ਇੱਕ ਤਿੰਨ ਮਹੀਨਿਆਂ ਦਾ ਲੜਕਾ ਹੈ। ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ। ਐਫਆਈਆਰ ਨੰਬਰ 11 -2013 ਥਾਣਾ ਧਨੌਲਾ ਅਧੀਨ ਚੱਲ ਰਿਹਾ ਕੇਸ ਹਾਲੇ ਵੀ ਸੁਣਵਾਈ ਅਧੀਨ ਹੈ। ਡੀਐਮਸੀ ਹਸਪਤਾਲ ਲੁਧਿਆਣਾ ਤੋਂ ਇੱਕ ਡਾਕਟਰ ਦੀ ਗਵਾਹੀ ਚਿਰਾਂ ਤੋਂ ਲੜਕਣ ਕਾਰਨ ਅੱਗੇ ਤਰੀਕਾਂ ਪੈ ਰਹੀਆਂ ਹਨ। ਮਿਤੀ 16 ਫਰਵਰੀ 2014 ਨੂੰ ਇਸ ਕੰਪਨੀ ਦੀ ਬੱਸ (ਪੀਬੀ-03ਐਕਸ-0635) ਜੋ ਗੰਗਾਨਗਰ ਤੋਂ ਪਟਿਆਲਾ ਜਾ ਰਹੀ ਸੀ ਨੇ ਸਵੇਰੇ ਸਾਢੇ ਗਿਆਂਰਾਂ ਵਜੇ ਦੇ ਕਰੀਬ ਹਰੀਗੜ੍ਹ ਪਿੰਡ ਦੀ ਡਰੇਨ ਲੰਘ ਕੇ ਅੱਗੇ ਜਾ ਰਹੇ ਇੱਕ ਮੋਟਰ ਸ਼ਾਈਕਲ ਦੇ ਪਿਛੋਂ ਫੇਟ ਮਾਰੀ। ਜਿਸ ਕਰਕੇ ਮੋਟਰਸ਼ਾਈਕਲ ਚਾਲਕ ਗੁਰਲਾਭ ਸਿੰਘ (ਅੰਮ੍ਰਿਤਧਾਰੀ) ਦੀ ਪਤਨੀ ਗੁਰਦੀਪ ਕੌਰ ਦਾ ਸਿਰ ਬੱਸ ਦੇ ਟਾਇਰ ਹੇਠ ਆਉਣ ਕਾਰਨ ਫੇਹਿਆ ਗਿਆ ਅਤੇ ਗੁਰਲਾਭ ਸਿੰਘ ਦੇ ਸੱਟਾਂ ਲੱਗੀਆਂ। ਬੱਸ ਡਰਾਈਵਰ ਨੇ ਸਵਾਰੀਆਂ ਦੇ ਰੌਲਾ ਪਾਉਣ ਪਿਛੋਂ ਹੀ ਬੱਸ ਰੋਕੀ ਅਤੇ ਡਰਾਈਵਰ-ਕੰਡਕਟਰ ਕਿਸੇ ਕਾਰ ਵਿੱਚ ਸਵਾਰ ਹੋਕੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਧਨੌਲੇ ਤੋਂ ਆਇਆ ਐਸਐਚਓ ਮ੍ਰਿਤਕ ਅਤੇ ਜ਼ਖਮੀ ਵੱਲ ਧਿਆਨ ਦੇਣ ਦੀ ਥਾਂ ਬੱਸ ਦੀ ਹਿਫਾਜ਼ਤ ਦਾ ਪੈਂਤੜ ਲੈਣ ਲੱਗ ਪਿਆ ਜਿਸ ਕਰਕੇ ਗੁੱਸੇ ਨਾਲ ਭਰੇ ਪਏ ਲੋਕਾਂ ਨੇ ਬੱਸ ਨੂੰ ਅੱਗ ਲਾ ਦਿੱਤੀ। ਭਾਵੇਂ ਪੁਲਸ ਨੇ ਬੱਸ ਚਾਲਕ ਖਿਲਾਫ ਐਫਆਈਆਰ ਨੰਬਰ 11-2014 ਥਾਣਾ ਧਨੌਲਾ ਦਰਜ਼ ਕਰ ਦਿੱਤੀ ਹੈ। ਪਰ ਕੋਈ ਕਾਰਵਾਈ ਕਰਨ ਦੀ ਥਾਂ ਲੋਕਾਂ ਉਪਰ ਬੱਸ ਸਾੜਨ ਦਾ ਕੇਸ ਦਰਜ਼ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆ ਹਨ। ਬੱਸਾਂ ਉਸੇ ਤਰਾਂ ਅੰਨੀ ਰਫਤਾਰ ਨਾਲ ਚੱਲ ਰਹੀਆਂ ਹਨ।ਸਿੱਟੇ: 1.ਇਹ ਬੱਸ ਕੰਪਨੀਆਂ ਦੇ ਮਾਲਕ ਸੱਤਾ ਦੇ ਨਸ਼ੇ ਵਿੱਚ ਹਨ ਜਿਸ ਕਰਕੇ ਇਹਨਾਂ ਦਾ ਅਮਲਾ ਚਲਾਉਣ ਦੀ ਰਫਤਾਰ ਅਤੇ ਢੰਗ, ਵਰਜਿਤ ਪ੍ਰੈਸ਼ਰ ਹਾਰਨਾਂ ਅਤੇ ਅਸਲੀਲ ਫਿਲਮਾਂ/ਗਾਣਿਆਂ ਸਬੰਧੀ ਨਿਯਮਾਂ ਨੂੰ ਟਾਇਰਾਂ ਹੇਠ ਦਰੜ ਰਿਹਾ ਹੈ। ਇਹਨਾਂ ਕੰਪਨੀਆਂ ਨੇ ਵਾਧੂ ਅਮਲਾ ਰੱਖਿਆ ਹੋਇਆ ਹੈ ਜੋ ਬੱਸ ਅੱਡਿਆਂ ਉਪਰ ਲੋਕਾਂ ਨਾਲ ਬਦਸਲੂਕੀ, ਸਰਕਾਰੀ ਟਰਾਂਸਪੋਰਟਰਾਂ ਅਤੇ ਛੋਟੀਆਂ ਨਿਜੀ ਟਰਾਂਸਪੋਰਟਾਂ ਦੇ ਕਾਮਿਆਂ ਨਾਲ ਧੱਕਾ ਕਰਦਾ ਰਹਿੰਦਾ ਹੈ। ਇਹ ਧੱਕੜ ਅਮਲਾ ਉਹਨਾਂ ਨੂੰ ਸਵਾਰੀ ਚੁੱਕਣ ਤੋਂ ਰੋਕਦਾ ਹੈ ਅਤੇ ਉਹਨਾਂ ਦੇ ਟਾਈਮ ਨੁੰ ਵੀ ਹਜ਼ਮ ਕਰਦਾ ਹੈ। ਸਿੱਟੇ ਵਜੋਂ ਜਨਤਕ ਟਰਾਂਸਪੋਰਟ ਅਤੇ ਕਈ ਛੋਟੀਆਂ ਟਰਾਂਸਪੋਰਟਾਂ ਬੰਦ ਹੋ ਗਈਆਂ ਹਨ ਜਾਂ ਬੰਦ ਹੋਣ ਦੇ ਕਿਨਾਰੇ ਪਹੁੰਚ ਗਈਆਂ ਹੈ। ਇਹਨਾਂ ਮਾਰਗਾਂ ਉਪਰ ਚੱਲਦੇ ਲੋਕ ਕਾਫੀ ਦਹਿਸ਼ਤ ਵਿੱਚ ਹਨ। ਆਵਾਜ਼ਾਈ ਅਤੇ ਟਰਾਂਸਪੋਰਟ ਦੇ ਨਿਯਮਾਂ ਨੂੰ ਲਾਗੂ ਕਰਨ ਵਿੱਚ ਪ੍ਰਸਾਸ਼ਨ ਇਹਨਾਂ ਟਰਾਸ਼ਪੋਰਟਰਾਂ ਨੂੰ ਜਾਣ ਬੁੱਝਕੇ ਅੱਖੌਂ ਪ੍ਰੋਖੇ ਕਰ ਰਿਹਾ ਹੈ।2. ਬਿਨਾਂ ਪਰਮਿਟ ਤੋਂ ਇੱਕੋ ਨੰਬਰ ਦੀਆ ਚੱਲ ਰਹੀਆ ਬੱਸਾ ਜਨਤਕ ਸਾਧਨਾਂ ਨੂੰ ਸੰਨ ਲਾ ਰਹੀਆਂ ਹਨ।3. ਕਮਸ਼ਿਨ ਅਧਾਰਤ ਰੱਖੇ ਕਾਮਿਆਂ ਦਾ ਜੀਵਨ ਬੜਾ ਮਾੜਾ ਹੈ ਉਹ 12-14 ਘੰਟੇ ਕੰਮ ਕਰਦੇ ਜੀਵਨ ਨਿਰਵਾਹ ਲਈ ਤੇਜ ਰਫਤਾਰ ਨਾਲ ਆਪਣੀ ਅਤੇ ਲੋਕਾਂ ਦੀਆਂ ਜਾਨਾਂ ਦਾ ਖਿਲਵਾੜ ਕਰਨ ਲਈ ਮਜ਼ਬੂਰ ਹਨ। 4.ਸੜਕਾਂ ਉਪਰ ਵਧੇ ਹੋਏ ਟਰੈਫਿਕ ਦੀ ਸਮੱਸਿਆ ਦਾ ਮੂਲ ਕਾਰਨ ਕੌਮੀ ਟਰਾਂਸਪੋਰਟ ਪਾਲਿਸੀ ਹੈ ਜਿਸ ਅਧੀਨ ਬੱਸਾਂ-ਟਰੱਕਾਂ ਅਤੇ ਕਾਰਾਂ (ਆਟੋ ਮੋਬਾਈਲ ਸਨੱਅਤ) ਅਤੇ ਨਿਜੀ ਟਰਾਂਸਪੋਰਟਰਾਂ ਦੇ ਫਾਇਦੇ ਲਈ ਰੇਲਵੇ ਅਤੇ ਜਨਤਕ ਟਰਾਂਸਪੋਰਟ ਵਧਾਉਣ ਦੀ ਥਾਂ ਜਾਣ ਬੁੱਝਕੇ ਅਣਗੋਲਿਆਂ ਕੀਤਾ ਗਿਆ ਹੈ। ਪੰਜਾਬ ਵਿੱਚ ਰੇਲਵੇ ਲਾਈਨਾਂ ਵਿਛਾਉਣ, ਦੂਹਰੀਆਂ ਕਰਨ ਅਤੇ ਨਵੀਆਂ ਮੁਸਾਫਰ ਗੱਡੀਆ ਚਲਾਉਣ ਦਾ ਕੰਮ ਬਿਲਕੁਲ ਹੀ ਨਹੀ ਹੋ ਰਿਹਾ। ਦਿਨ ਵੇਲੇ ਮੁਸਾਫਰ ਗੱਡੀਆਂ ਦਾ ਦੇ ਚੱਲਣ ਦਾ ਸਮਾਂ ਵੀ ਮੁਸਾਫਰਾਂ ਦੀ ਸਹੂਲਤ ਅਨੁਸਾਰ ਨਹੀਂ ਹੈ। ਰਾਜ ਪੂਰੀ ਸ਼ਕਤੀ ਸੜਕਾਂ ਨੂੰ ਚੌੜਾ ਕਰਨ ਰੇਲਵੇ ਪੁੱਲ ਬਣਾਉਣ ਉਪਰ ਲਗਾ ਰਿਹਾ ਹੈ, ਜਿਸਨਾਲ ਪ੍ਰਦੂਸ਼ਨ ਵਧ ਰਿਹਾ ਹੈ ਅਤੇ  ਅਤੇ ਦਰਖਤਾਂ ਦੀ ਕਟਾਈ ਹੋ ਰਹੀ ਹੈ। ਰੋਡ ਟਰਾਂਸਪੋਰਟ ਲੋਕਾਂ ਨੂੰ ਮਹਿੰਗਾ ਵੀ ਪੈ ਰਿਹਾ ਹੈ। ਡੀਜ਼ਲ ਪੈਟਰੋਲ ਦਰਾਮਦ ਕਾਰਨ ਕਾਰਨ ਬਾਹਰਲੇ ਮੁਲਕਾਂ ਉਪਰ ਨਿਰਭਰਤਾ ਵੀ ਵੱਧ ਰਹੀ ਹੈ। 5. ਲੋਕਾਂ ਨੂੰ ਇਹਨਾਂ ਟਰਾਂਸਪੋਟਰਾਂ ਖਿਲਾਫ ਬੋਲਣ / ਸ਼ਿਕਾਇਤਾਂ ਤੋਂ ਰੋਕਣ ਲਈ ਧਮਕੀਆਂ ਅਤੇ ਪੁਲਸ ਕੇਸ਼ਾ ਦੀ ਮੱਦਦ ਵੀ ਲਈ ਜਾਂਦੀ ਹੈ। ਇਸ ਦੀ ਉਦਾਹਰਣਕੋਟਕਪੂਰੇ ਵਾਲੀ ਘਟਨਾ ਵਿੱਚ ਸੂਬਾ ਸਿੰਘ ਵੱਲੋਂ ਚੀਚੀ ਉਪਰ ਸੱਟ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਦੀ ਕਹਾਣੀ ਹੈ। ਇਹ ਬਿਲਕੁਲ ਝੂਠੀ ਹੈ। ਕਿਉਂਕਿ ਉਸ ਸਮੇਂ (ਸ਼ਾਮ ਦੇ ਸਵਾ ਸੱਤ ਵਜੇ) ਥਾਣੇ ਦੇ ਆਸ ਪਾਸ ਦੁਕਾਨਾਂ 9 ਵਜੇ ਤੱਲ ਖੁੱਲੀਆ ਰਹਿੰਦੀਆਂ ਹਨ। ਸੂਬਾ ਸਿੰਘ ਅਨੁਸਾਰ ਅਸਵਨੀ ਅਰੌੜਾ ਵੱਲੋਂ ਉਸ ਉਪਰ ਹੋਏ ਹਮਲੇ ਨੂੰ ਕਿਸੇ ਦੁਕਾਨਦਾਰ ਨੇ ਇਸ ਕਰਕੇ ਨਹੀਂ ਵੇਖਿਆ ਕਿਉਂਕਿ ਦੁਕਾਨਾਂ ਬੰਦ ਹੋ ਗਈਆਂ ਸਨ। ਚੀਚੀ ਉਪਰ ਸੱਟ ਮਾਰਕੇ ਪੱਟੀ ਬੰਨਣ ਮਜਿਜ਼ ਇੱਕ ਡਰਾਮਾ ਹੈ। ਅਸਲ ਵਿੱਚ ਇਹ ਪੀੜਤ ਪਰਿਵਾਰ ਉਪਰ ਸਮਝੌਤੇ ਲਈ ਦਬਾਅ ਪਾਉਣ ਦਾ ਢੰਗ ਹੈ। ਸਮਝੋਤੇ ਲਈ ਪੁਲਸ ਵੀ ਤਫਤੀਸ ਦੇ ਨਾਮ ਹੇਠ ਇਸ ਨੂੰ ਤਲਵਾਰ ਦੀ ਤਰਾਂ ਲਟਕਾਈ ਰੱਖੇਗੀ।ਮੰਗਾਂ ਅਤੇ ਸੁਝਾਅ :  ਸ਼ਭਾ ਮੰਗ ਕਰਦੀ ਹੈ ਕਿ1.ਪ੍ਰਸਾਸ਼ਨ ਅੰਨੇਵਾਹ ਸੜਕਾਂ ਉਪਰ ਦੌੜ ਰਹੀਆਂ ਬੱਸਾਂ ਅਤੇ ਕਾਰਾਂ ਨੂੰ ਨਿਯਮ ਬੱਧ ਕਰੇ।ਬੱਸ ਮਾਲਕਾਂ ਸਮੇਤ ਦੋਸ਼ੀਆਂ ਨੂੰ ਸਜ਼ਾਵਾਂ ਯਕੀਨੀ ਬਣਾਈਆਂ ਜਾਣ। ਇਹਨਾਂ ਟਰਾਂਸਪੋਟਰਾਂ ਜਾਂ ਇਹਨਾਂ ਦੇ ਸਟਾਫ ਵੱਲੋਂ ਮੋੜਵੇਂ ਮੁੱਕਦਮੇ ਦਰਜ ਕਰਨ ਵਰਗੀਆਂ ਲੋਕਾਂ ਉਪਰ ਦਬਾਅ ਪਾਉਣ ਵਾਲੀਆਂ ਚਾਲਾਂ ਨੂੰ ਰੱਦ ਕੀਤਾ ਜਾਵੇ। 2. ਲੋਕਾਂ ਦੀ ਸਮੂਹਕ ਜਥੇਬੰਦਕ ਤਾਕਤ ਹੀ ਪ੍ਰਸਾਸ਼ਨ ਨੂੰ ਲੋਕਾਂ ਦੀਆਂ ਜਿੰਦਗੀਆਂ ਦਾ ਖੌਅ ਬਣ ਰਹੇ ਅਜਿਹੇ ਟਰਾਂਸਪੋਟਰਾਂ ਉਪਰ ਕਾਰਵਾਈ ਲਈ ਮਜ਼ਬੂਰ ਕਰ ਸਕਦੀ ਹੈ। ਕਿਉਂਕਿ ਸਤਾ ਦਾ ਨਸ਼ਾ ਮਾਨ ਰਹੇ ਜੋਰਾਵਰਾਂ ਨੂੰ ਠੱਲ ਲੋਕ ਤਾਕਤ ਹੀ ਪਾ ਸਕਦੀ ਹੈ ਅਤੇ ਆਪਣੀ ਸੁਰੱਖਿਆ ਯਕੀਨੀ ਬਣਾ ਸਕਦੀ ਹੈ। ਫਰੀਦਕੋਟ ਅਤੇ ਬਰਨਾਲਾ ਦੇ ਲੋਕਾਂ ਕੋਲ ਮਹਿਲ ਕਲਾਂ ਘੋਲ ਅਤੇ ਸਰੂਤੀ ਘੋਲ ਵਰਗੀਆਂ ਅਜਿਹੀਆਂ ਉਦਾਹਰਣਾ ਮੌਜੂਦ ਹਨ।3. ਸੜਕਾਂ ਉਪਰ ਵੱਧ ਰਹੀ ਟਰੈਫਿਕ ਸਮੱਸ਼ਿਆ ਦਾ ਹੱਲ ਚੌੜੀਆਂ ਸੜਕਾਂ ਨਹੀਂ ਸਗੋਂ ਰੇਲਵੇ ਅਤੇ ਜਨਤਕ ਟਰਾਂਸਪੋਰਟ ਦਾ ਵਿਸ਼ਥਾਰ ਹੈ। ਇਸ ਕਰਕੇ ਰਾਜ ਰੇਲਵੇ  ਨੂੰ ਪਹਿਲ ਦੇ ਅਧਾਰ ਤੇ ਵਿਕਸਤ ਕਰੇ।4. ਬੱਸਾਂ ਨੂੰ ਚਲਾ ਰਹੇ ਸਟਾਫ ਰਾਹਤ ਦੀ ਲੋੜ ਹੈ। ਉਹਨਾਂ ਦੇ ਕੰਮ ਦੇ ਘੰਟਿਆਂ ਨੂੰ ਘਟਾਕੇ ਉਚਿਤ ਭੱਤੇ ਦਿੱਤੇ ਜਾਣ, ਵੱਧ ਕਮਿਸ਼ਨ ਰਾਹੀ ਆਪਣੀ ਰੋਟੀ ਰੋਜੀ ਕਮਾਉਣ ਦੀ ਤਲਵਾਰ ਸਮਾਜ ਅਤੇ ਇਹਨਾਂ ਕਾਮਿਆਂ ਲਈ ਨੁਕਸਾਨ ਦੇਹ ਹੈ ਇਸ ਦੀ ਥਾਂ ਨਿਯਮ ਭੱਤੇ ਦਿੱਤੇ ਜਾਣ।

ਜਾਰੀ ਕਰਤਾ:

ਸਿਵਚਰਨ ਅਰਾਈਆਂਵਾਲਾ (ਪ੍ਰਧਾਨ)

ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਫਰੀਦਕੋਟ

ਮਿਤੀ 29ਫਰਵਰੀ 2014


No comments:

Post a Comment