Monday, August 26, 2013

ਤਰਕਸ਼ੀਲ ਆਗੂ ਡਾ. ਨਰੇਂਦਰ ਡਭੋਲਕਰ ਦੇ ਕਤਲ ਦੀ ਪੁਰਜ਼ੋਰ ਨਿਖੇਧੀ

20 ਅਗਸਤ ( ਲੁਧਿਆਣਾ) : ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲੱਖ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਅੱਜ ਪੂਣੇ (ਮਹਾਰਾਸ਼ਟਰ) ਵਿਚ ਅੰਧਵਿਸ਼ਵਾਸਾਂ ਵਿਰੋਧੀ ਵਿਗਿਆਨਕ ਲਹਿਰ ਦੀ ਬਹੁਤ ਹੀ ਹਰਮਨਪਿਆਰੀ ਸ਼ਖਸੀਅਤ ਡਾ. ਨਰੇਂਦਰ ਡਭੋਲਕਰ ਨੂੰ ਪਿਛਾਖੜੀ ਤਾਕਤਾਂ ਵਲੋਂ ਗੋਲੀ ਮਾਰਕੇ ਕਤਲ ਕਰ ਦੇਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਅੱਜ ਜਦੋਂ ਉਹ ਸਵੇਰੇ ਸੈਰ ਕਰ ਰਹੇ ਸਨ ਤਾਂ ਉਸ ਸਮੇਂ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਗੋਲੀ ਮਾਰਕੇ ਮਾਰ ਦਿੱਤਾ। ਉਹ ਖ਼ੁਦ ਹੀ ਵਿਗਿਆਨਕ ਸੋਚ ਦੇ ਧਾਰਨੀ ਨਹੀਂ ਸਨ ਸਗੋਂ ਉਨ੍ਹਾਂ ਦਾ ਪਰਿਵਾਰ ਵੀ ਅਗਾਂਹਵਧੂ ਖ਼ਿਆਲਾਂ ਦਾ ਹੈ। ਉਨ੍ਹਾਂ ਦੇ ਭਰਾ ਦੇਵਦੱਤ ਡਭੋਲਕਰ ਪੂਨਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ। ਸਤਾਰਾ ਨਾਲ ਸਬੰਧਤ ਡਾ. ਨਰੇਂਦਰ ਹਫ਼ਤਾਵਾਰ ਰਸਾਲੇ ਸਾਧਨਾ ਦੇ ਸੰਪਾਦਕ ਸਨ ਅਤੇ ਅਖਿਲ ਭਾਰਤੀਯ ਅੰਧਸ਼ਰਧਾ ਨਿਰਮੂਲਨ ਸੰਮਤੀ ਦੇ ਬਾਨੀ ਸਨ। ਉਹ 1983 ਤੋਂ ਲੈ ਕੇ ਸਮਾਜ ਵਿਚ ਫੈਲੇ ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ ਵਿਰੁੱਧ ਲੜ ਰਹੇ ਸਨ। ਉਹ ਪਿਛਲੇ 18 ਸਾਲ ਤੋਂ ਜਾਦੂ-ਟੂਣਾ ਵਿਰੋਧੀ ਬਿੱਲ ਲਿਆਉਣ ਲਈ ਅੱਗੇ ਹੋ ਕੇ ਲਗਾਤਾਰ ਲੜਾਈ ਦੇਣ ਵਾਲੇ ਮੋਹਰੀ ਆਗੂ ਸਨ ਅਤੇ ਇਸ ਕਾਰਨ ਉਨ੍ਹਾਂ ਨੂੰ ਪਿਛਾਖੜੀ ਤਾਕਤਾਂ, ਖ਼ਾਸ ਕਰਕੇ ਹਿੰਦੂਤਵੀ ਫਾਸ਼ੀਵਾਦੀ ਜਥੇਬੰਦੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕੁਝ ਦਿਨ ਪਹਿਲਾਂ ਹੀ ਮਹਾਂਰਾਸ਼ਟਰ ਸਰਕਾਰ ਵਲੋਂ ਉਨ੍ਹਾਂ ਨੂੰ ਇਸ ਵਿਧਾਨ ਸਭਾ ਸੈਸ਼ਨ ਵਿਚ ਇਹ ਬਿੱਲ ਪਾਸ ਪੇਸ਼ ਕਰਨ ਦਾ ਭਰੋਸਾ ਦਿੱਤਾ ਸੀ। ਪਿੱਛੇ ਜਹੇ ਉਨ੍ਹਾਂ ਨੇ ਜਾਟ ਪੰਚਾਇਤ ਦੇ ਖ਼ਿਲਾਫ਼ ਮੁਹਿੰਮ ਚਲਾਈ ਸੀ ਅਤੇ ਨਾਸਿਕ ਵਿਚ ਜਾਟ ਪੰਚਾਇਤ ਵਿਰੁੱਧ ਵਰਕਸ਼ਾਪ ਵੀ ਜਥੇਬੰਦ ਕੀਤੀ ਸੀ। ਉਹ ਨਦੀਆਂ ਵਿਚ ਮੂਰਤੀਆਂ ਚੜ੍ਹਾਉਣ ਦੇ ਖ਼ਿਲਾਫ਼ ਵੀ ਸਰਗਰਮੀ ਨਾਲ ਮੁਹਿੰਮ ਚਲਾ ਰਹੇ ਸਨ ਅਤੇ ਇਸ ਦੀ ਬਜਾਏ ਸ਼ਰਧਾਲੂਆਂ ਨੂੰ ਨਿੱਜੀ ਜਲ ਸਰੋਤਾਂ ਨੂੰ ਇਸ ਲਈ ਵਰਤੋਂ 'ਚ ਲਿਆਕੇ ਜਲ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰੇਰਤ ਕਰ ਰਹੇ ਸਨ। ਨਿਰਸੰਦੇਹ ਉਨ੍ਹਾਂ ਦੇ ਕਤਲ ਪਿੱਛੇ ਉਨ੍ਹਾਂ ਤਾਕਤਾਂ ਦਾ ਹੱਥ ਹੈ ਜੋ ਉਨ੍ਹਾਂ ਵਲੋਂ ਤਜਵੀਜ਼ ਕੀਤੇ ਜਾ ਰਹੇ ਬਿੱਲ ਦਾ ਤਿੱਖਾ ਵਿਰੋਧ ਕਰ ਰਹੀਆਂ ਸਨ। ਸਭਾ ਦੇ ਆਗੂਆਂ ਨੇ ਕਿਹਾ ਡਾ. ਨਰੇਂਦਰ ਦਾ ਕਤਲ ਸਿਰਫ਼ ਅਗਾਂਹਵਧੂ ਵਿਗਿਆਨਕ ਲਹਿਰ ਲਈ ਵੱਡਾ ਧੱਕਾ ਹੀ ਨਹੀਂ ਸਗੋਂ ਵਿਚਾਰਾਂ ਦੀ ਆਜ਼ਾਦੀ 'ਤੇ ਵੀ ਹਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਡਾ. ਨਰੇਂਦਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਬੂਟਾ ਸਿੰਘ
ਸੂਬਾ ਪ੍ਰੈੱਸ ਸਕੱਤਰ
20 ਅਗਸਤ 2013

No comments:

Post a Comment