Thursday, March 28, 2013

ਵਿਦਿਆਰਥੀਆਂ ਨੂੰ ਗੈਰਕਾਨੂੰਨੀ ਗ੍ਰਿਫ਼ਤਾਰ ਕਰਨ ਖਿਲਾਫ਼ ਪ੍ਰਦਰਸ਼ਨ



ਆਂਧਰਾ ਪ੍ਰਦੇਸ਼ ਪੁਲੀਸ ਵਲੋਂ ਚੰਡੀਗੜ੍ਹ ਤੋਂ ਦੋ ਵਿਦਿਆਰਥੀਆਂ ਨੂੰ ਪਿਸਤੌਲ ਦੀ ਨੋਕ’ਤੇ ਗ੍ਰਿਫ਼ਤਾਰ ਕਰਨ ਖਿਲਾਫ਼ ਜਮਹੂਰੀ ਜਥੇਬੰਦੀਆਂ ਨੇ ਸੈਕਟਰ 17 ਦੇ ਪਲਾਜਾ ਵਿਚ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ) ਨਾਲ ਸਬੰਧਤ ਆਂਧਰਾਪ੍ਰਦੇਸ਼ ਦੇ ਅੱਧੀ ਦਰਜਨ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਨੌਂ ਮਾਰਚ ਨੂੰ ਸੈਕਟਰ 23-24 ਦੀਆਂ ਲਾਈਟਾਂ ਤੋਂ ਵਿਦਿਆਰਥੀ ਆਗੂ ਮਨਦੀਪ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਉਸ ਸਮੇਂ ਚੁੱਕ ਲਿਆ ਗਿਆ ਸੀ, ਜਦੋਂ ਉਹ ਮੋਟਰਸਾਈਕਲ’ਤੇ ਸਵਾਰ ਸਨ। ਇਸ ਦੇ ਵਿਰੋਧ ਵਿਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਰੈਲੀ ਕੀਤੀ।
ਆਂਧਰਾ ਤੋਂ ਰਿਹਾਅ ਹੋ ਕੇ ਆਏ ਪ੍ਰਦੀਪ ਨੇ ਰੈਲੀ ਨੂੰ ਆਪਣੀ ਵਿੱਥਿਆ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਐਨ.ਆਈ.ਏ ਵਲੋਂ ਚੰਡੀਗੜ੍ਹ ਤੋਂ ਐਸ.ਯੂ.ਵੀ ਕਾਰ ਵਿਚ ਸੁੱਟ ਲਿਆ ਗਿਆ ਅਤੇ ਉਨ੍ਹਾਂ ਨੂੰ ਐਨ.ਆਈ.ਏ ਦੇ ਗ੍ਰੇਟਰ ਨੋਇਡਾ ਵਿਚਲੇ ਦਫ਼ਤਰ ਲੈ ਗਈ। ਪ੍ਰਦੀਪ ਨੇ ਕਿਹਾ ਕਿ ਉਨ੍ਹਾਂ ਨੇ ਰਾਹ ਵਿਚ ਕਈ ਥਾਂਈਂ ਗੱਡੀ ਦੀ ਨੰਬਰ ਪਲੇਟ ਬਦਲੀ। ਉਨ੍ਹਾਂ ਦੱਸਿਆ ਕਿ ਆਂਧਰਾ ਪ੍ਰਦੇਸ਼ ਲਿਜਾਣ ਸਮੇਂ ਮਨਦੀਪ ਤੇ ਉਸ ਨੂੰ ਫ਼ਰਜ਼ੀ ਮੁਕਾਬਲਾ ਬਣਾਉਣ ਲਈ ਕਈ ਥਾਵਾਂ ’ਤੇ ਉਤਾਰਿਆਂ ਗਿਆ ਅਤੇ ਉਨ੍ਹਾਂ ਦਾ ਫਰਜ਼ੀ ਮੁਕਾਬਲਾ ਬਣਾਉਣ ਲਈ ਦਹਿਸ਼ਤਜਦਾ ਕੀਤਾ ਗਿਆ। ਪ੍ਰਦੀਪ ਨੇ ਕਿਹਾ ਕਿ ਮਥੁਰਾ ਦੇ ਇਕ ਮਾਲ ਵਿਚ ਮੌਕਾ ਮਿਲਣ’ਤੇ ਉੱਥੇ ਮੌਜੂਦ ਲੋਕਾਂ ਨੂੰ ਮਨਦੀਪ ਵਲੋਂ ਆਪਣੇ ਨਾਲ ਵਾਪਰੀ ਵਿੱਥਿਆ ਸੁਣਾਈ ਗਈ, ਜਿਸ ਤੋਂ ਬਾਅਦ ਮਥੁਰਾ ਪੁਲੀਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ। ਚਾਰ-ਪੰਜ ਘੰਟੇ ਥਾਣੇ ਰੱਖਣ ਤੋਂ ਬਾਅਦ ਮਥੁਰਾ ਪੁਲੀਸ ਨੇ ਉਨ੍ਹਾਂ ਨੂੰ ਬਿਨਾਂ ਕੋਈ ਕੇਸ ਦਰਜ ਕੀਤਿਆਂ ਜਾਣ ਦਿੱਤਾ।
ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਲੋਕਾਇਤ ਦੀ ਪ੍ਰਧਾਨ ਐਡਵੋਕੇਟ ਆਰਤੀ ਨੇ ਕਿਹਾ ਕਿ ਸੱਤ ਦਿਨ ਗੈਰਕਾਨੂੰਨੀ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਕਰਨ ਤੋਂ ਬਾਅਦ ਆਂਧਰਾ ਪ੍ਰਦੇਸ਼ ਪੁਲੀਸ ਨੇ ਮੰਚੇਰੀਅਲ ਪੁਲੀਸ ਸਟੇਸ਼ਨ ਵਿਚ ਮਨਦੀਪ ਸਿੰਘ ’ਤੇ ਆਂਧਰਾ ਪ੍ਰਦੇਸ਼ ਪਬਲਿਕ ਸਕਿਊਰਿਟੀ ਐਕਟ ਦੀ ਧਾਰਾ-8 ਤਹਿਤ ਇਕ ਝੂਠਾ ਮੁਕੱਦਮਾ ਦਰਜ ਕੀਤਾ। ਆਰਤੀ ਨੇ ਕਿਹਾ ਕਿ ਪ੍ਰਦੀਪ ਸਿੰਘ ਨੂੰ ਉਸੇ ਰਾਤ ਇਲਾਕੇ ਦੇ ਤਹਿਸੀਲਦਾਰ ਕੋਲ ਪੇਸ਼ ਕੀਤਾ ਗਿਆ ਸੀ ਅਤੇ 18 ਮਾਰਚ ਨੂੰ ਭੋਪਾਲ ਰੇਲਵੇ ਸਟੇਸ਼ਨ ’ਤੇ ਉਸ ਦੇ ਦੋਸਤਾਂ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਹਾਲੇ ਵੀ ਆਂਧਰਾਪ੍ਰਦੇਸ਼ ਦੀ ਜੇਲ੍ਹ ਵਿਚ ਹੀ ਬੰਦ ਹੈ।
ਐਡਵੋਕੇਟ ਬਲਵੀਰ ਸੈਣੀ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਕਿਸੇ ਸਮੇਂ ਸਿੱਖਾਂ ਦੇ ਕੇਸ ਲੜਨ ਵੇਲੇ ਉਸ ਨੂੰ ਪੁੱਠਾ ਲਟਕਾ ਦਿੱਤਾ ਗਿਆ ਸੀ। ਜਦੋਂਕਿ ਇੰਦਰ ਸਿੰਘ ਨੇ ਕਿਹਾ ਕਿ ਸ਼ਰੇਆਮ ਪਿਸਤੌਲ ਦੀ ਨੋਕ’ਤੇ ਵਿਦਿਆਰਥੀਆਂ ਨੂੰ ਚੁੱਕਣਾ ਗੈਰਕਾਨੂੰਨੀ ਹੈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਸੰਜੀਵ ਮਿੰਟੂ ਨੇ ਕਿਹਾ ਕਿ ਹਾਲਤਾਂ ਅਜਿਹੀਆਂ ਬਣ ਗਈਆਂ ਹਨ ਕਿ ਬਿਨਾਂ ਕਿਸੇ ਸਥਾਨਕ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤਿਆਂ ਕੇਂਦਰ ਕਿਤੋਂ ਵੀ ਕਿਸੇ ਵੀ ਵਿਅਕਤੀ ਨੂੰ ਚੁੱਕ ਸਕਦੀ ਹੈ। ਐਡਵੋਕੇਟ ਰਾਜੀਵ ਗੋਂਦਾਰਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸੁਰੱਖਿਆ ਦੀ ਦੁਹਾਈ ਦੇਣ ਵਾਲੇ ਸਥਾਨਕ ਪ੍ਰਸ਼ਾਸਨ ਨੂੰ ਆਂਧਰਾ ਪੁਲੀਸ ਦੀ ਇਸ ਕਾਰਵਾਈ ਦਾ ਪਤਾ ਕਿਉਂ ਨਹੀਂ ਚੱਲਿਆ? ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਬੇਅੰਤ ਸਿੰਘ ਨੇ ਕਿਹਾ ਕਿ ਨੈਸ਼ਨਲ  ਜਾਂਚ ਏਜੰਸੀ ਦੇ ਆਂਧਰਾ ਪ੍ਰਦੇਸ਼ ਪੁਲੀਸ ਮੁਲਾਜ਼ਮਾਂ ਵਲੋਂ ਚੰਡੀਗੜ੍ਹ ਤੋਂ ਬਗੈਰ ਕਿਸੇ ਜਿਊਰੀਡਿਕਸ਼ਨ ਦੇ ਗ੍ਰਿਫ਼ਤਾਰੀ ਦੇਸ਼ ਦੇ ਸੰਘੀ ਢਾਂਚੇ ’ਤੇ ਹਮਲਾ ਹੈ।
ਇਸ ਮੌਕੇ ਪ੍ਰਦਰਸ਼ਨ ਦੌਰਾਨ ਪ੍ਰਸਿੱਧ ਵਕੀਲ ਆਰ.ਐਸ.ਬੈਂਸ  ਨੇ ਕਿਹਾ ਕਿ ਹੋਰ ਸੂਬਿਆਂ ਵਿਚ ਆਂਧਰਾ ਪ੍ਰਦੇਸ਼ ਪੁਲੀਸ ਦੀ ਮੌਜੂਦਗੀ ਸੰਵਿਧਾਨ ਖਿਲਾਫ਼ ਹੈ। ਚੰਡੀਗੜ੍ਹ, ਨੋਇਡਾ, ਮਥੁਰਾ ਵਿਚ ਆਂਧਰਾ ਪ੍ਰਦੇਸ਼ ਪੁਲੀਸ ਦੀ ਗੈਰ ਸੰਵਿਧਾਨਕ ਕਾਰਵਾਈਆਂ ਨੂੰ ਸਥਾਨਕ ਪੁਲੀਸ ਪ੍ਰਸ਼ਾਸਨ ਦੀ ਸ਼ਰੇਆਮ ਮਦਦ ਮਿਲਣਾ, ਕੇਂਦਰ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨਚਿੰਨ ਲਾਉਂਦਾ।
ਪ੍ਰਦਰਸ਼ਨ ਵਿਚ ਪਹੁੰਚੇ ਲੋਕਾਂ, ਬੁੱਧੀਜੀਵੀਆਂ ਅਤੇ ਮਨਦੀਪ ਦੇ ਪਿਤਾ ਬਲਵੀਰ ਸਿੰਘ ਨੇ ਮਨਦੀਪ ਸਿੰਘ ਦੀ ਤੁਰੰਤ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ। ਨਾਲ ਹੀ ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਆਂਧਰਾਪ੍ਰਦੇਸ਼ ਪੁਲੀਸ ਦੀ ਗੈਰਸੰਵਿਧਾਨ ਕਕਾਰਵਾਈਆਂ ਨੂੰ ਤੁਰੰਤ ਬੰਦ ਕਰੇ ਅਤੇ ਹੋਰ ਸੂਬਿਆਂ ਵਿਚ ਗੈਰਕਾਨੂੰਨੀ ਢੰਗ ਨਾਲ ਕਾਰਵਾਈਆਂ ਕਰ ਰਹੀ
ਆਂਧਰਾ ਪ੍ਰਦੇਸ਼ ਪੁਲੀਸ ’ਤੇ ਤੁਰੰਤ ਕਾਰਵਾਈ ਕਰੇ ਤਾਂ ਕਿ ਦੇਸ਼ ਦੇ ਸੰਘੀ ਢਾਂਚੇ ਦੀ ਰੱਖਿਆ ਕੀਤੀ ਜਾ ਸਕੇ। ਪ੍ਰਦਰਸ਼ਨਕਾਰੀਆਂ ਨੇ ਸੰਘੀ ਢਾਂਚੇ ਦੇ ਸਿਧਾਂਤ ਦੀ ਖਿਲਾਫ਼ਤ ਕਰ ਕੇ ਬਣੀ ਕੌਮੀ ਜਾਂਚ ਏਜੰਸੀ (ਐਨ.ਆਈ.ਏ) ਨੂੰ ਤੁਰੰਤ ਭੰਗ ਕਰਨਦੀ ਮੰਗ ਕਰਦਿਆਂ  ਨੈਸ਼ਨਲ ਕਾਉਂਟਰ ਟੈਰੇਰਿਜ਼ਮ (ਐਨ.ਸੀ.ਟੀ.ਸੀ) ਦੇ ਗਠਨ ਕਰਨ ਦਾ ਵੀ ਵਿਰੋਧ ਕੀਤਾ। ਇਥੇ ਦਿਲਚਸਪ ਗੱਲ ਇਹ ਵਾਪਰੀ ਕਿ ਜਦੋਂ ਇਹ ਪ੍ਰਰਦਸ਼ਨ ਚੱਲ ਰਿਹਾ ਸੀ, ਤਾਂ ਚੰਡੀਗੜ੍ਹ ਪੁਲੀਸ ਇਸ ਰੈਲੀ ਵਿਚ ਖਲਲ ਪਾ ਰਹੀ ਸੀ ਅਤੇ ਉਨ੍ਹਾਂ ਨੂੰ ਧਰਨਾ ਚੁੱਕਣ ਲਈ ਦਬਾਅ ਪਾ ਰਹੀ ਸੀ।

ਜਾਰੀ ਕਰਤਾ:
ਆਰਤੀ, (ਐਡਵੋਕੇਟ), 97791-10201

No comments:

Post a Comment