Monday, March 18, 2013

ਏ.ਐਸ.ਆਈ. ਕੁਲਬੀਰ ਸਿੰਘ ਦੀ ਮੌਤ ਬਾਰੇ ਜ਼ਮਹੂਰੀ ਅਧਿਕਾਰ ਸਭਾ ਦੀ ਰਿਪੋਰਟ


5-6 ਮਾਰਚ ਦੀ ਰਾਤ ਨੂੰ ਪਿੰਡ ਜਿਊਬਾਲਾ, ਜ਼ਿਲਾ ਤਰਨ-ਤਾਰਨ ਵਿਖੇ 6 ਮਾਰਚ ਵਾਲੇ ਰੇਲ ਰੋਕੋ ਅੰਦਲੋਨ ਨੂੰ ਅਸਫਲ ਬਣਾਉਣ ਲਈ ਕਿਸਾਨ ਪਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਗਈ ਪੁਲੀਸ ਪਾਰਟੀ ਦੀ ਅਗਵਾਈ ਕਰਨ ਵਾਲੇ ਏ.ਐਸ. ਆਈ ਕੁਲਬੀਰ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਇਸ ਪਿਛੋਂ ਕਈ ਕਿਸਾਨਾਂ 'ਤੇ ਕਤਲ ਦਾ ਮੁਕਦਮਾ ਦਰਜ ਕਰ ਲਿਆ ਗਿਆ। ਇਸ ਘਟਨਾ ਦੀ ਪੜਤਾਲ ਕਰਨ ਲਈ ਜ਼ਮਹੂਰੀ ਅਧਿਕਾਰ ਸਭਾ ਦੀ ਅੰਮ੍ਰਿਤਸਰ ਇਕਾਈ ਨੇ ਹੇਠ ਲਿਖੇ ਮੈਂਬਰਾਂ 'ਤੇ ਅਧਾਰਤ ਇਕ ਤੱਥ ਖੋਜ ਕਮੇਟੀ ਦਾ ਗਠਨ ਕੀਤਾ :-

1. ਡਾ. ਪਰਮਿੰਦਰ ਸਿੰਘ, ਸੂਬਾ ਸਕਤਰੇਤ ਮੈਂਬਰ, ਅਢਧ੍ਰ
2. ਐਡਵੋਕੇਟ ਅਮਰਜੀਤ ਸਿੰਘ ਬਾਈ, ਜ਼ਿਲਾ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ
3. ਯਸ਼ਪਾਲ ਝਬਾਲ, ਜ਼ਿਲਾ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ
4. ਬਲਬੀਰ ਸਿੰਘ ਪਰਵਾਨਾ, ਜਿਲਾ ਕਮੇਟੀ ਮੈਂਬਰ
5. ਡਾ. ਪਰਸ਼ੋਤਮ ਲਾਲ, ਜ਼ਿਲਾ ਕਮੇਟੀ ਮੈਂਬਰ
6. ਕਾਮਰੇਡ ਅਜੀਤ ਸਿੰਘ ਜ਼ਿਲਾ ਕਮੇਟੀ ਮੈਂਬਰ
7. ਐਡਵੋਕੇਟ ਰਘਬੀਰ ਸਿੰਘ ਬਾਗੀ, ਜ਼ਿਲਾ ਕਮੇਟੀ ਮੈਂਬਰ

ਇਸ ਘਟਨਾ ਦੀ ਪੜਤਾਲ ਵਾਸਤੇ ਕਮੇਟੀ ਨੇ ਪਿੰਡ ਜਿਊਬਾਲਾ ਵਿਖੇ ਕਿਸਾਨ ਪਲਵਿੰਦਰ ਸਿੰਘ ਦੀ ਮਾਤਾ ਬੀਬੀ ਕੰਸੋ, ਕਿਸਾਨ ਸਲਵਿੰਦਰ ਸਿੰਘ ਦੀ ਪਤਨੀ, ਮੁੱਖ ਅਫਸਰ, ਥਾਣਾ ਸਦਰ ਤਰਨ ਤਾਰਨ ਨਾਲ ਮੁਲਾਕਾਤ ਕੀਤੀ। ਇਸਦੇ ਨਾਲ ਇਸੇ ਘਟਨਾ ਨਾਲ ਸੰਬੰਧਤ ਇਕ ਵੀਡੀਓ ਸੀਡੀ, ਜੋ ਕਿ ਕਿਸਾਨ ਸੰਘਰਸ਼ ਕਮੇਟੀ ਵਲੋਂ ਦਿੱਤੀ ਗਈ ਵੀ ਵੇਖੀ।


ਘਟਨਾ ਦੇ ਵੇਰਵਾ :
6 ਮਾਰਚ 2013 ਨੂੰ ਪੰਜਾਬ ਦੀਆਂ 17 ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝੇ ਤੌਰ 'ਤੇ ਆਪਣੀਆਂ ਮੰਗਾਂ ਮਨਵਾਉਣ ਲਈ ਦੁਪਹਿਰ ਇਕ ਵਜੇ ਤੋਂ ਤਿੰਨ ਵਜੇ ਤਕ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਨੂੰ ਫੇਲ• ਕਰਨ ਲਈ 5 ਅਤੇ 6 ਮਾਰਚ ਦੀ ਰਾਤ ਨੂੰ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸਾਨ ਅਤੇ ਮਜ਼ਦੂਰ ਆਗੂਆਂ ਅਤੇ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਗਏ। ਅਜਿਹਾ ਹੀ ਇਕ ਛਾਪਾ ਪੁਲੀਸ ਚੌਂਕੀ ਮਾਨੋਚਾਹਲ ਦੇ ਇਨਚਾਰਜ ਏ.ਐਸ.ਆਈ ਕੁਲਬੀਰ ਸਿੰਘ ਦੀ ਅਗਵਾਈ ਵਿਚ ਪਿੰਡ ਜਿਊਬਾਲਾ (ਜ਼ਿਲ•ਾ ਤਰਨ ਤਾਰਨ) ਦੇ ਕਿਸਾਨ ਪਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਰਾਤ ਦੇ 2 ਵਜੇ ਮਾਰਿਆ ਗਿਆ। ਇਸ ਪੁਲੀਸ ਪਾਰਟੀ ਨਾਲ ਚਾਰ ਜਾਂ ਪੰਜ ਸਿਪਾਹੀ ਏ.ਐਸ.ਆਈ. ਦੇ ਨਾਲ ਸਨ। ਤੱਥ ਖੋਜ ਕਮੇਟੀ ਨੂੰ ਪਲਵਿੰਦਰ ਸਿੰਘ ਦੀ ਮਾਂ ਕੰਸੋ ਨੇ ਦੱਸਿਆ ਕਿ ਰਾਤ ਦੇ ਤਕਰੀਬਨ 2 ਵਜੇ ਘਰ ਦਾ ਦਰਵਾਜ਼ਾ ਜ਼ੋਰ ਨਾਲ ਖੜਕਿਆ ਪਰ ਪਰਿਵਾਰ ਦੇ ਕਿਸੇ ਮੈਂਬਰ ਨੇ ਦਰਵਾਜ਼ਾ ਨਾ ਖੋਲਿਆ ਇਸਦਾ ਕਾਰਨ ਉਸਨੇ ਇਹ ਦਸਿਆ ਕਿ ਕੁਝ ਦਿਨ ਪਹਿਲਾਂ ਰਾਤ ਨੂੰ ਹੀ ਪਿੰਡ ਵਿਚ ਡਾਕੇ, ਚੋਰੀ ਦੀ ਵਾਰਦਾਤ ਹੋਈ ਸੀ। ਬੀਬੀ ਕੰਸੋ ਦੇ ਦੱਸਣ ਮੁਤਾਬਿਕ ਇਕ ਪੁਲੀਸ ਮੁਲਾਜ਼ਿਮ ਘਰ ਦੀ ਕੰਧ ਟੱਪ ਕੇ ਘਰ ਵਿਚ ਦਾਖਲ ਹੋਇਆ ਅਤੇ ਉਸਨੇ ਘਰ ਦਾ ਦਰਵਾਜ਼ਾ ਅੰਦਰੋ ਖੋਲ• ਦਿੱਤਾ। ਆਉਂਦਿਆ ਹੀ ਉਹਨਾਂ ਨੇ ਪਲਵਿੰਦਰ ਸਿੰਘ ਨੂੰ ਫੜ• ਲਿਆ ਅਤੇ ਤੁਰੰਤ ਦਰਵਾਜ਼ਾ ਨਾ ਖੋਲਣ ਦੇ ਬਹਾਨੇ ਉਸਦੀ ਕੁੱਟ ਮਾਰ ਕੀਤੀ। ਕਿਉਂ ਕਿ ਪੁਲੀਸ ਰਾਹੀਂ ਉਸਨੂੰ ਫੜ ਕੇ ਲੈਣ ਜਾਣ ਦੇ ਡਰੋਂ ਘਰ ਦੀਆਂ ਔਰਤਾਂ ਪੁਲੀਸ ਦੀ ਜੀਪ ਦੇ ਅੱਗੇ ਪੈ ਗਈਆਂ। ਰੌਲੇ ਗੌਲੇ ਨੂੰ ਸੁਣਕੇ ਆਂਢ ਗੁਆਂਢ ਦੇ ਲੋਕ ਅਤੇ ਫੋਨਾਂ 'ਤੇ ਇਤਲਾਹ ਦੇਣ ਕਰਕੇ ਪਿੰਡ ਦੇ ਹੋਰ ਲੋਕ ਵੀ ਉਥੇ ਇੱਕਠੇ ਹੋ ਗਏ। ਬੀਬੀ ਕੰਸੋ ਦੇ ਦਸਣ ਮੁਤਾਬਿਕ ਉਹਨਾਂ ਨੇ ਪੁਲੀਸ ਪਾਰਟੀ ਨੂੰ ਕਮਰੇ ਵਿਚ ਬਿਠਾ ਕੇ ਚਾਹ ਵੀ ਪਿਆਈ। ਦਰੀਆਂ ਚਾਦਰਾਂ ਵਿਛਾ ਕੇ ਲੋਕਾਂ ਨੇ ਗ੍ਰਿਫਤਾਰੀ ਦੇ ਵਿਰੋਧ ਵਿਚ ਉਥੇ ਹੀ ਧਰਨਾ ਵੀ ਸ਼ੁਰੂ ਕਰ ਦਿਤਾ। ਪਲਵਿੰਦਰ ਸਿੰਘ ਦੀ ਮਾਤਾ ਦੇ ਦਸਣ ਮੁਤਾਬਿਕ ਤਕਰੀਬਨ ਤਿੰਨ ਵਜੇ ਤੋਂ ਪਿਛੋਂ ਇਲਾਕੇ ਦਾ ਡੀ.ਐਸ.ਪੀ. ਆਪਣੀ ਫੋਰਸ ਸਮੇਤ ਉਥੇ ਆ ਗਿਆ। ਇਕਠੇ ਹੋਏ ਲੋਕ ਏ.ਐਸ.ਆਈ. ਕੁਲਬੀਰ ਸਿੰਘ ਬਾਰੇ ਕਹਿ ਰਹੇ ਸਨ ਕਿ ਉਸਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਸ ਲਈ ਉਹ ਉਸਦੇ ਡਾਕਟਰੀ ਮੁਲਾਹਜ਼ੇ ਦੀ ਮੰਗ ਕਰ ਰਹੇ ਸਨ। ਧਰਨੇ ਦੀ ਬਣਾਈ ਵੀਡੀਓ ਦੇਖ ਕੇ ਇਹ ਪਤਾ ਲਗਦਾ ਹੈ ਕਿ ਉਸ ਵੇਲੇ ਕਿਸਾਨ ਮਰਦ ਅਤੇ ਔਰਤਾਂ ਦਰੀਆ ਆਦਿ ਵਿਛਾ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰ ਰਹੇ ਸਨ। ਇਸ ਵੀਡੀਓ ਵਿਚ ਕਿਤੇ ਵੀ ਪੁਲੀਸ ਨੂੰ ਘੇਰ ਕੇ ਉਹਨਾਂ 'ਤੇ ਸਰੀਰਕ ਜਾਂ ਮਨੋਵਿਗਿਆਨਕ ਦਬਾਅ ਪਾਉਣ ਦੇ ਦ੍ਰਿਸ਼ ਨਹੀਂ ਹਨ। ਵੀਡੀਓ ਦੀ ਫਿਲਮਕਾਰੀ ਤੋਂ ਇਹ ਭਲੀ ਭਾਂਤ ਪਤਾ ਲਗਦਾ ਹੈ ਕਿ ਇਸਨੂੰ ਹਨੇਰੇ ਵਿਚ ਬਣਾਇਆ ਗਿਆ ਹੈ। ਇਸ ਚਲਦੇ ਹੋਏ ਧਰਨੇ ਦੇ ਸਮੇਂ ਦੇ ਦੌਰਾਨ ਹੀ ਕੁਝ ਪ੍ਰੈਸ ਦੇ ਪੱਤਰਕਾਰ ਵੀ ਉਥੇ ਪਹੁੰਚ ਗਏ। ਵੀਡੀਓ ਦੇ ਇਕ ਹਿੱਸੇ ਵਿੱਚ ਇਕ ਪੱਤਰਕਾਰ ਦੁਆਰਾ ਪੁੱਛੇ ਸੁਆਲਾਂ ਦੇ ਜਵਾਬ ਵਿਚ, ਏ.ਐਸ.ਆਈ. ਕੁਲਬੀਰ ਸਿੰਘ ਇਹ ਕਹਿ ਰਿਹਾ ਹੈ ਕਿ ਉਹ ਤਾਂ ਪੈਟਰੋਲਿੰਗ ਕਰਦੇ ਹੀ ਉਥੇ ਆਏ ਸਨ। ਆਪਣੇ ਬਿਆਨ ਵਿਚ ਉਹ ਕਿਤੇ ਵੀ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਪਲਵਿੰਦਰ ਸਿੰਘ ਦੇ ਘਰ ਉਸਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤਾ ਸੀ। ਇਸਦੇ ਉਲਟ ਏ.ਐਸ.ਆਈ ਹੀਰਾ ਸਿੰਘ ਦੁਆਰਾ ਲਿਖਾਈ ਐਫ.ਆਈ.ਆਰ ਵਿਚ ਸਾਫ ਤੌਰ ਤੇ ਲਿਖਿਆ ਹੈ ਕਿ ਪੁਲਿਸ ਪਾਰਟੀ ਪਿੰਡ ਜਿਊਬਾਲਾ ਦੇ ਪਲਵਿੰਦਰ ਸਿੰਘ ਦੇ ਘਰ ਰੇਡ ਕਰਨ ਲਈ ਗਈ ਸੀ। ਇਸੇ ਵੀਡੀਓ ਵਿਚ ਇਕ ਕਿਸਾਨ ਪ੍ਰੈਸ ਨੂੰ ਦਿੱਤੇ ਇਕ ਬਿਆਨ ਵਿਚ ਇਹ ਕਹਿ ਰਿਹਾ ਹੈ ਕਿ ਪੁਲੀਸ ਨੇ ਧੂਹ ਕੇ ਪਲਵਿੰਦਰ ਸਿੰਘ ਨੂੰ ਆਪਣੀ ਗੱਡੀ ਵਿਚ ਸਿੱਟਿਆ। ਇਸੇ ਬਿਆਨ ਵਿਚ ਉਸ ਕਿਸਾਨ ਨੇ ਕਿਹਾ ਕਿ ਠਾਣੇਦਾਰ (ਕੁਲਬੀਰ ਸਿੰਘ) ਆਪਣੇ ਆਪ ਹੀ ਕਿਤੇ ਖਿਸਕ ਗਿਆ ਸੀ। ਉਸਨੇ ਅੱਗੇ ਕਿਹਾ ਕਿ ਕਿਤੇ ਐਥੇ ਓਥੇ ਹੀ ਬੈਠਾ ਹੋਵੇਗਾ। ਉਪਰ ਜ਼ਿਕਰ ਕੀਤੇ ਏ.ਐਸ.ਆਈ. ਦੇ ਬਿਆਨ ਬਾਰੇ ਡੇਅ ਐਂਡ ਨਾਈਟ ਚੈਨਲ ਤੇ ਇਕ ਟਿੱਪਣੀ ਪ੍ਰਸਾਰਤ ਕੀਤੀ ਗਈ ਕਿ ਇਹ ਬਿਆਨ ਇਸ ਕਿਸਾਨ ਦੇ ਬਿਆਨ ਤੋਂ ਬਾਅਦ ਦਿਤਾ ਗਿਆ। ਇਸਦੇ ਨਾਲ ਹੀ ਇਸ ਬਿਆਨ ਵਿਚ ਕਿਸਾਨ ਜਥੇਬੰਦੀਆਂ ਦੇ ਰੇਲ ਰੋਕੋ ਅੰਦਲੋਨ ਬਾਰੇ ਗੱਲ ਕਰਦੇ ਹੋਏ ਕਹਿ ਰਿਹਾ ਹੈ ਕਿ ਕਿਸਾਨਾਂ ਨੂੰ ਇਕ ਪਾਸੇ ਤਾਂ ਲਾਹੇਵੰਦੇ ਭਾਅ ਨਹੀਂ ਮਿਲਦੇ ਤਾਂ ਦੂਜੇ ਪਾਸੇ ਆਪਣਾ ਕਰਜ਼ਾ ਚੁਕਾਉਣ ਲਈ ਬੈਂਕਾਂ ਵਾਲੇ ਤੰਗ ਕਰਦੇ ਹਨ। ਇਸੇ ਵੀਡੀਓ ਦੇ ਅਖੀਰ ਵਿਚ ਐਸ.ਐਸ.ਪੀ. ਪ੍ਰੈਸ ਨੂੰ ਦਿਤੇ ਬਿਆਨ ਵਿਚ ਕਹਿ ਰਿਹਾ ਹੈ ਕਿ ਏ.ਐਸ.ਆਈ. ਕੁਲਬੀਰ ਸਿੰਘ ਆਪਣੇ ਆਪ ਹੀ ਧਰਨੇ ਵਾਲੀ ਥਾਂ ਤੋਂ ਪਾਸੇ ਹੋ ਗਿਆ ਸੀ। ਇਸ ਬਿਆਨ ਵਿਚ ਨਾਂ ਤਾਂ ਕਿਸਾਨਾਂ ਦੁਆਰਾ ਉਸ ਉਤੇ ਕੀਤੀ ਕਿਸੇ ਹਿੰਸਾ ਦਾ ਹੀ ਜ਼ਿਕਰ ਹੈ ਅਤੇ ਨਾ ਹੀ, ਜਿਵੇਂ ਕਿ ਐਫ.ਆਈ.ਆਰ ਵਿਚ ਕਿਹਾ ਗਿਆ ਹੈ, ਏ.ਐਸ.ਆਈ. ਦੀ ਛਾਤੀ ਵਿਚ ਉਠੇ ਦਰਦ ਵੱਲ ਕੋਈ ਇਸ਼ਾਰਾ ਹੈ। ਘਟਨਾ ਦੇ ਅੱਗੇ ਵੇਰਵਾ ਦਿੰਦੇ ਹੋਏ ਬੀਬੀ ਕੰਸੋ ਨੇ ਕਿਹਾ ਕਿ ਡੀ. ਐਸ.ਪੀ. ਨੇ ਹੀ ਕੁਲਬੀਰ ਸਿੰਘ ਨੂੰ ਮੈਡੀਕਲ ਮੁਲਾਹਜ਼ੇ ਤੋਂ ਬਚਾਉਣ ਲਈ ਪਾਸੇ ਭੇਜ ਦਿਤਾ। ਦੁਖ ਦੀ ਗੱਲ ਇਹ ਹੈ ਕਿ ਸਵੇਰੇ ਕੋਈ ਪੌਣੇ ਛੇ ਵਜੇ ਕੁਲਬੀਰ ਸਿੰਘ ਦੀ ਲਾਸ਼ ਪਲਵਿੰਦਰ ਸਿੰਘ ਦੇ ਘਰ ਤੋਂ ਕੋਈ ਡੇਢ ਕੁ ਕਿਲੋਮੀਟਰ ਦੀ ਦੂਰੀ ਤੇ ਇਕ ਰੋਹੀ (ਡਰੇਨ) ਦੇ ਕੋਲੋਂ ਮਿਲੀ।

ਇਸ ਘਟਨਾ ਸਬੰਧੀ ਉਤਰ ਮੰਗਦੇ ਕੁਝ ਪ੍ਰਸ਼ਨ :
ਕਮੇਟੀ ਦੁਆਰਾ ਵੱਖ-ਵੱਖ ਵਿਅਕਤੀਆਂ ਨਾਲ ਕੀਤੀ ਗੱਲਬਾਤ ਤੋਂ ਬਾਅਦ, ਘਟਨਾ ਨਾਲ ਸਬੰਧਤ ਵੀਡੀਓ, ਐਫ.ਆਈ.ਆਰ. ਅਤੇ ਕੁਲਬੀਰ ਸਿੰਘ ਦੀ ਪੋਸਟ ਮਾਰਟਿਮ ਰਿਪੋਰਟ ਦੇ ਦੇਖਣ ਤੋਂ ਪਿਛੋਂ ਕੁਝ ਅਜਿਹੇ ਪ੍ਰਸ਼ਨ ਉਠਦੇ ਹਨ ਜੋ ਕਿ ਪੁਲੀਸ ਦੁਆਰਾ ਦਸੀ ਜਾ ਰਹੀ ਕਹਾਣੀ ਤੇ ਗੰਭੀਰ ਹੇਠ ਲਿਖੇ ਪ੍ਰਸ਼ਨ ਉਠਾਉਂਦੇ ਹਨ।

1. ਪਲਵਿੰਦਰ ਸਿੰਘ ਦੇ ਘਰ ਏ.ਐਸ.ਆਈ. ਕੁਲਬੀਰ ਸਿੰਘ ਦੁਆਰਾ ਪ੍ਰੈਸ ਨੂੰ ਦਿੱਤੇ ਬਿਆਨ ਵਿਚ ਸਿਰਫ ਪੁਲੀਸ ਪੈਟਰੋਲਿੰਗ ਦਾ ਹੀ ਜ਼ਿਕਰ ਹੈ, ਰੇਡ ਕਰਕੇ ਗ੍ਰਿਫਤਾਰ ਕਰਨ ਦਾ ਨਹੀਂ। ਕੀ ਅਜਿਹਾ ਬਿਆਨ ਪੁਲੀਸ ਵਲੋਂ ਆਪਣੇ ਦੁਆਰਾ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਅਸਲੀਅਤ ਨੂੰ ਲੋਕਾਂ ਕੋਲੋਂ ਲੁਕਾਉਣ ਦੀ ਆਦਤ ਦਾ ਹਿੱਸਾ ਤਾਂ ਨਹੀਂ। ਇਸੇ ਤਰ•ਾਂ ਇਸ ਵੀਡੀਓ ਵਿਚ ਅਜਿਹਾ ਕੋਈ ਪ੍ਰਤੱਖ ਦਬਆ ਨਜ਼ਰ ਨਹੀਂ ਆ ਰਿਹਾ ਕਿ ਏ.ਐਸ.ਆਈ. ਕੁਲਬੀਰ ਸਿੰਘ ਦੇ ਉਥੋਂ ਜਾਣ 'ਤੇ ਕੋਈ ਜ਼ਬਰਦਸਤੀ ਰੋਕ ਕਿਸਾਨਾਂ ਨੇ ਲਾਈ ਹੋਵੇ। ਜੇਕਰ ਅਜਿਹਾ ਹੁੰਦਾ ਤਾਂ ਕਿਸਾਨਾਂ ਦਾ ਇੱਕਠ ਵੀ ਆਸੇ ਪਾਸੇ ਨਜ਼ਰ ਆਉਂਦਾ ਅਤੇ ਉਹਨਾਂ ਦੁਆਰਾ ਲਾਏ ਜਾ ਰਹੇ ਨਾਅਰਿਆਂ ਜਾਂ ਬੋਲਾਂ ਆਦਿ ਦੀ ਦੂਜੀਆਂ ਅਵਾਜ਼ਾਂ ਨੂੰ ਦਬਾਉਣ ਵਾਲੀ ਅਵਾਜ਼ ਵੀ ਸੁਣਾਈ ਦਿੰਦੀ। ਇਸੇ ਵੀਡੀਓ ਵਿਚ ਐਸ.ਐਸ.ਪੀ. ਦੇ ਬਿਆਨ ਵਿਚ ਕਿਧਰੇ ਵੀ ਅਜਿਹਾ ਕੋਈ ਇਸ਼ਾਰਾ ਨਹੀਂ ਮਿਲਦਾ ਕਿ ਏ.ਐਸ.ਆਈ. ਕੁਲਬੀਰ ਸਿੰਘ ਨੂੰ ਉਥੋਂ ਪਾਸੇ ਜਾਣ ਵਿਚ ਕੋਈ ਦਿੱਕਤ ਪੇਸ਼ ਆਈ ਹੋਵੇ। ਜੇਕਰ ਘਰਾਓ ਜ਼ਿਆਦਾ ਸਖ਼ਤ ਹੁੰਦਾ ਜਾਂ ਹਿੰਸਾ 'ਤੇ ਉਤਾਰੂ ਹੁੰਦਾ ਤਾਂ ਅਜਿਹਾ ਨਹੀਂ ਹੋਣਾ ਸੀ। ਇਸੇ ਤ•ਰ•ਾਂ ਹੀ ਇਸ ਵੀਡੀਓ ਵਿਚ ਦਰਜ ਇਕ ਕਿਸਾਨ ਦੇ ਬਿਆਨ ਤੋਂ ਵੀ ਇਹ ਜ਼ਾਹਰ ਹੋ ਰਿਹਾ ਹੈ ਕਿ ਏ.ਐਸ.ਆਈ. ਕੁਲਬੀਰ ਸਿੰਘ ਅਸਾਨੀ ਨਾਲ ਹੀ ਕਿਧਰੇ ਪਾਸੇ ਨੂੰ ਚਲਿਆ ਗਿਆ ਹੋਣਾ ਹੈ। ਸਾਰੀ ਵੀਡੀਓ ਵਿਚ ਕਿਤੇ ਵੀ ਏ.ਐਸ.ਆਈ. ਜਾਂ ਕਿਸੇ ਹੋਰ ਪੁਲੀਸ ਕਰਮਚਾਰੀ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਈ ਹਰਕਤ ਨਜ਼ਰ ਨਹੀਂ ਆਉਂਦੀ।

2. ਪੁਲੀਸ ਦੁਆਰਾ ਦਰਜ ਕੀਤੀ ਐਫ.ਆਈ.ਆਰ ਵਿਚ ਜਿਊਬਾਲਾ ਤੋਂ ਬਾਹਰਲੇ ਪਿੰਡਾਂ ਜਿਵੇਂ ਕਿ ਝਾਮਕਾ ਤੇ ਸਰਾਏ ਦਿਵਾਨਾ ਦੇ ਕੁਝ ਵਿਅਕਤੀਆਂ ਨੂੰ ਦੋਸ਼ੀਆਂ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ। ਜਿਵੇਂ ਕਿ ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਸਾਰੇ ਲੋਕ ਰੌਲਾ ਗੌਲਾ ਸੁਣ ਕੇ ਆ ਗਏ। ਕੀ ਇਹ ਬਾਹਰਲੇ ਪਿੰਡਾਂ ਦੇ ਲੋਕ ਵੀ ਸਿਰਫ ਰੌਲਾ ਸੁਣਕੇ ਤੁਰੰਤ ਉਥੇ ਆ ਗਏ?

3. ਐਫ.ਆਈ.ਆਰ. ਵਿਚ ਏ.ਐਸ.ਆਈ. ਹੀਰਾ ਸਿੰਘ ਦੇ ਦਿੱਤੇ ਬਿਆਨ ਵਿਚ ਕੁਲਬੀਰ ਸਿੰਘ ਦੀ ਛਾਤੀ ਵਿਚ ਉਠੇ ਦਰਦ ਦਾ ਜ਼ਿਕਰ ਹੈ। ਪਰ ਐਸ.ਐਸ.ਪੀ. ਦੇ ਬਿਆਨ ਵਿਚ ਕਿਤੇ ਵੀ ਇਸ ਦਰਦ ਵਲ ਕੋਈ ਇਸ਼ਾਰਾ ਮਾਤਰ ਵੀ ਨਹੀਂ ਹੈ। ਦੋਹਾਂ 'ਚੋਂ ਕਿਸ ਬਿਆਨ ਨੂੰ ਸੱਚ ਮਨਿਆ ਜਾਵੇ?

4. ਪੋਸਟ ਮਾਰਟਿਮ ਰਿਪੋਰਟ ਅਨੁਸਰਾ ਸਰੀਰ ਦੇ ਕਿਸੇ ਹਿੱਸੇ 'ਤੇ ਕਿਸੇ ਵੀ ਤਰ•ਾਂ ਦਾ ਜ਼ਖਮ ਨਹੀਂ ਹੈ ਅਤੇ ਨਾ ਹੀ ਗਲੇ ਉਤੇ ਗਲਾ ਘੁਟਣ ਦੇ ਕੋਈ ਨਿਸ਼ਾਨ ਹਨ। ਮੌਤ ਦੇ ਅਸਲ ਕਾਰਨ ਦਾ ਪਤਾ ਤਾਂ ਵਿਸਰਾ ਦੀ ਰਿਪੋਰਟ ਅਤੇ ਦਿਲ ਤੇ ਦਿਮਾਗ ਆਦਿ ਦੀ ਹਿਸਟੋਪੈਥੋਲੋਜੀ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਪੁਲੀਸ ਨੇ “ਦੋਸ਼ੀਆਂ” ਦੀ ਪੁਲੀਸ ਹਿਰਾਸਤ ਵਿਚ ਕੀਤੀ ਪੁੱਛ ਪੜਤਾਲ (ਜਿਸਦਾ ਵਿਹਾਰਕ ਤੌਰ 'ਤੇ ਅਰਥ ਕੁੱਟਮਾਰ ਅਤੇ ਤਸੀਹੇ ਹੀ ਹੁੰਦੇ ਹਨ) ਦੇ ਅਧਾਰ 'ਤੇ ਆਈ.ਪੀ.ਸੀ ਦੀ ਧਾਰਾ 302 ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਇਸ ਅਨੁਸਾਰ ਤਾਂ ਸਰੀਰ 'ਤੇ ਸੱਟਾਂ ਆਦਿ ਨਿਸ਼ਾਨ ਲਾਜ਼ਮੀ ਹੋਣੇ ਚਾਹੀਦੇ ਸਨ। ਇਥੇ ਇਹ ਕਹਿਣ ਵਿਚ ਵੀ ਕੋਈ ਅਤਿ ਕਥਨੀ ਨਹੀਂ ਹੋਵੇਗੀ ਕਿ ਐਫ.ਆਈ.ਆਰ. ਨੂੰ ਹੀ ਲਿਖਿਆ ਇਸ ਤਰ•ਾਂ ਗਿਆ ਕਿ ਧਾਰਾ 304 ਅਧੀਨ ਕੇਸ ਦਰਜ ਕੀਤਾ ਜਾ ਸਕੇ ਹਾਲਾਂਕਿ ਵੀਡੀਓ ਦੀ ਰਿਕਾਰਡਿੰਗ, ਐਸ.ਐਸ.ਪੀ. ਅਤੇ ਹੋਰਨਾਂ ਵਿਅਕਤੀਆਂ ਦੇ ਬਿਆਨ ਇਸ ਐਫ.ਆਈ.ਆਰ ਵਿਚ ਦਰਜ ਵੇਰਵਿਆਂ ਨਾਲ ਵੀ ਮੇਲ ਨਹੀਂ ਖਾਂਦੇ।

5. ਪੁਲੀਸ ਦੁਆਰਾ ਬਾਅਦ ਵਿਚ ਅਖਬਾਰਾਂ ਵਿਚ ਉਠਾਏ ਪ੍ਰਸ਼ਨਾਂ ਜਿਵੇਂ ਕਿ ਮ੍ਰਿਤਕ ਦੁਆਰਾ ਪਾਏ ਕਪੜਿਆਂ ਦੇ ਬਿਲਕੁਲ ਸਹੀ ਸਲਾਮਤ ਹੋਣ ਬਾਰੇ ਕਹਿਣਾ ਕਿ ਅਜਿਹਾ ਦਿਲ ਆਦਿ ਦਾ ਦੌਰਾ ਪੈਣ ਤੋਂ ਬਾਅਦ ਨਹੀਂ ਹੋ ਸਕਦਾ, ਦੇ ਉਤਰ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਧਰਨਾ ਮਾਰੀ ਬੈਠੇ ਕਿਸਾਨਾਂ ਰਾਹੀਂ ਜੇਕਰ ਮ੍ਰਿਤਕ ਨਾਲ ਕੋਈ ਹਿੰਸਾ ਕੀਤੀ ਹੁੰਦੀ ਤਾਂ ਵੀ ਇਹ ਕਪੜੇ ਸਹੀ ਸਲਾਮਤ ਅਤੇ ਸਹੀ ਦਸ਼ਾ ਵਿਚ ਨਹੀਂ ਹੋਣੇ ਸਨ।


ਆਖਰਕਾਰ ਪੁਲੀਸ ਨੇ ਕਿਸਾਨਾਂ ਉਪਰ ਕਤਲ ਦਾ ਮੁਕਦਮਾ ਕਿਉਂ ਦਰਜ ਕੀਤਾ?
ਇਸ ਘਟਨਾ ਬਾਰੇ ਪੁਲੀਸ ਦੁਆਰਾ ਦਸੀ ਜਾ ਰਹੀ ਕਹਾਣੀ ਪ੍ਰਤੀ ਉਠਾਏ ਗਏ ਪ੍ਰਸ਼ਨਾਂ ਦੇ ਸੰਦਰਭ ਵਿਚ ਇਹ ਪ੍ਰਸ਼ਨ ਪੈਦਾ ਹੋਣਾ ਕੁਦਰਤੀ ਹੈ ਕਿ ਪੁਲੀਸ ਨੇ ਬਗੈਰ ਕੋਈ ਠੋਸ ਸਬੂਤਾਂ ਦੋ ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਨਿਰਅਧਾਰ ਹੀ ਕਿਸਾਨਾਂ 'ਤੇ ਕਤਲ ਦਾ ਮੁਕਦਮਾ ਕਿਉਂ ਦਰਜ ਕੀਤਾ ਹੈ। 6 ਮਾਰਚ ਦੇ ਰੇਲ ਰੋਕੋ ਅੰਦੋਲਨ ਅਤੇ ਬਾਅਦ  ਵਿਚ 10 ਮਾਰਚ ਦੇ ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਦਿਤੇ ਜਾਣ ਵਾਲੇ ਅਣਮਿਥੇ ਸਮੇਂ ਦੇ ਧਰਨੇ ਨੂੰ ਅਸਫਲ ਬਣਾਉਣ ਲਈ ਚਲਾਏ ਦਮਨਕਾਰੀ ਚੱਕਰ ਦੇ ਸੰਦਰਭ ਵਿਚ ਹੀ ਕਿਸਾਨਾਂ ਉਤੇ ਦਰਜ ਕੀਤੇ ਇਸ ਮੁਕਦਮੇ ਦੇ ਅਸਲ ਅਰਥਾਂ ਨੂੰ ਸਮਝਿਆ ਜਾ ਸਕਦਾ ਹੈ। ਕਿਸਾਨੀ ਮਸਲੇ ਅਤੇ ਇਹਨਾਂ ਨਾਲ ਸੰਬੰਧਤ ਮੰਗਾਂ ਆਪਣੇ ਖ਼ਾਸੇ ਵਜੋਂ ਭਾਰਤੀ ਰਾਜ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਨਵ ਉਦਾਰਵਾਦੀ ਨੀਤੀਆਂ ਦੇ ਵਿਰੋਧ ਵਾਲੀਆਂ ਮੰਗਾਂ ਹਨ। ਇਹ ਵਿਰੋਧ ਬੁਨਿਆਦੀ ਖ਼ਾਸੇ ਵਾਲਾ ਵਿਰੋਧ ਹੈ। ਇਸੇ ਕਰਕੇ ਹੀ ਰਾਜ ਦੀ ਸੇਵਾ ਕਰਦੀਆਂ ਪੁਲੀਸ ਅਤੇ ਹੋਰ ਪ੍ਰਬੰਧਕੀ ਸ਼ਕਤੀਆਂ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਹਿੱਤ ਪੂਰਦੀਆਂ ਮੰਗਾਂ ਲਈ ਵਿੱਢੇ ਜਾਂ ਉਲੀਕੇ ਕਿਸੇ ਵੀ ਜਮਹੂਰੀ ਸੰਘਰਸ਼ ਨੂੰ ਤਾਕਤ ਨਾਲ ਦਬਾਉਣ ਦੀ ਨੀਤੀ ਤੇ ਚਲ ਰਹੀਆਂ ਹਨ। ਅਜਿਹਾ ਕਰਨ ਦੇ ਲਈ ਉਹਨਾਂ ਵਾਸਤੇ ਸਭ ਤੋਂ ਅਹਿਮ ਗੱਲ ਇਹਨਾਂ ਤਬਕਿਆਂ ਦੇ ਸੰਘਰਸ਼ਮਈ ਹਿੱਸਿਆਂ ਵਿਚ ਦਹਿਸ਼ਤ ਫੈਲਾਉਣਾ ਹੈ।

6-10 ਮਾਰਚ ਤੱਕ ਕੀਤੀਆਂ ਗ੍ਰਿਫਤਾਰੀਆਂ, ਕਤਲ ਦਾ ਇਹ ਮੁਕਦਮਾ ਅਤੇ ਕਿਸਾਨਾਂ ਦੇ ਧਰਨੇ ਨੂੰ ਨਾ ਲਗਣ ਦੇਣ ਦੀਆਂ ਧਮਕੀਆਂ ਇਸੇ ਨੀਤੀ ਦਾ ਹੀ ਹਿੱਸਾ ਹਨ। ਅਜਿਹਾ ਕਰਨ ਵਿਚ ਪੁਲੀਸ ਵਲੋਂ ਬਹੁਤ ਫੁਰਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਪੁਲੀਸ ਦੇ ਇਸ ਰਵਈਏ ਦੇ ਉਲਟ ਪੁਲੀਸ ਦਾ ਦੂਸਰਾ ਰੂਪ ਤਰਨ ਤਾਰਨ ਜ਼ਿਲੇ ਦੇ ਪਿੰਡ ਉਸਮਾਂ ਦੀ ਇਕ ਲੜਕੀ ਅਤੇ ਉਸਦੇ ਪਿਤਾ ਦੀ ਸ਼ਾਰੇਆਮ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਦੋਸ਼ੀ ਪੁਲੀਸ ਮੁਲਾਜ਼ਮਾਂ ਦੇ ਵਿਰੁੱਧ ਕੇਸ ਦਰਜ ਕਰਨ ਵਿਚ ਕੀਤੀ ਢਿਲ ਮੱਠ ਦਾ ਹੈ। ਲੜਕੀ ਦੀ ਮੰਗ ਦੇ ਉਲਟ ਛੇ ਮੁਲਾਜ਼ਮਾਂ 'ਤੇ ਕੇਸ ਦਰਜ ਕਰਨ ਦੀ ਬਜਾਇ ਦੋ ਮੁਲਾਜ਼ਮਾਂ ਤੇ ਵੀ ਕੇਸ ਉਦੋਂ ਦਰਜ ਕੀਤਾ ਗਿਆ ਜਦੋਂ ਕਿ ਸਖਤ ਸ਼ਬਦਾਂ ਵਿਚ ਸੁਪਰੀਮ ਕੋਰਟ ਨੇ ਇਸ ਕੇਸ ਦਾ ਆਪ ਹੀ ਨੋਟਿਸ ਲੈ ਕੇ ਇਸ ਬਾਰੇ ਕੀਤੀ ਜਾ ਰਹੀ ਕਾਰਵਈ ਦੀ ਸਰਕਾਰ ਤੋਂ ਰਿਪੋਰਟ ਮੰਗੀ।

ਏ.ਐਸ.ਆਈ ਕੁਲਬੀਰ ਸਿੰਘ ਦੀ ਮੌਤ ਉਤੇ ਜਮਹੂਰੀ ਅਧਿਕਾਰ ਸਭਾ ਉਸਦੇ ਪਰਿਵਾਰ ਦੇ ਦੁਖ ਵਿਚ ਸ਼ਰੀਕ ਹੁੰਦੀ ਹੋਈ ਇਹ ਸਮਝਦੀ ਹੈ ਕਿ ਇਹ ਇਕ ਬੇਵਕਤੀ ਅਤੇ ਅਤਿਅੰਤ ਦੁਖ ਦੇਣ ਵਾਲੀ ਘਟਨਾ ਹੈ। ਇਸ ਕਰਕੇ ਉਸਦਾ ਪਰਿਵਾਰ ਅਤੇ ਸਨੇਹੀ ਬੇਹੱਦ ਪੀੜ ਅਤੇ ਦੁਖ ਦੀ ਘੜੀ ਵਿਚੋਂ ਗੁਜ਼ਰ ਰਹੇ ਹਨ। ਪੁਲੀਸ ਅਤੇ ਰਾਜ ਮਸ਼ੀਨਰੀ ਰਾਹੀਂ ਇਸ ਮੌਤ ਨੂੰ ਬਿਨਾਂ ਠੋਸ ਸਬੂਤਾਂ ਦੇ ਕਤਲ ਕਹਿਣਾ ਅਤੇ ਕਿਸਾਨਾਂ 'ਤੇ ਮੁਕਦਮੇ ਦਰਜ ਕਰਨ ਦੀ ਕਾਰਵਾਈ ਅਸਲ ਵਿਚ ਲੋਕਾਂ ਵਿਚ ਦਹਿਸ਼ਤ ਫੈਲਾਉਣ ਦੀ ਨੀਤੀ ਨੂੰ ਅਮਲ ਵਿਚ ਲਿਆਉਣ ਦੀ ਕਾਰਵਾਈ ਹੈ। ਇਹ ਮੁਕਦਮਾ ਦਰਜ ਕਰਕੇ ਪੁਲੀਸ ਆਪਣੇ ਹੀ ਕਰਮਚਾਰੀ ਦੀ ਮੌਤ ਨੂੰ ਰਾਜ ਕਰਦੀਆਂ ਸ਼ਕਤੀਆਂ ਦੀਆਂ ਸਿਆਸੀ ਲੋੜਾਂ ਖਾਤਰ ਵਰਤ ਰਹੀ ਹੈ। ਇਸ ਕਰਕੇ ਜਮਹੂਰੀ ਅਧਿਕਾਰ ਸਭਾ ਮੰਗ ਕਰਦੀ ਹੈ ਕਿ :-


1. ਇਸ ਮੌਤ ਦੇ ਬਹਾਨੇ  ਕਿਸਾਨਾਂ 'ਤੇ ਦਰਜ ਕਤਲ ਦਾ ਮੁਕਦਮਾ ਖਾਰਜ ਕੀਤਾ ਜਾਵੇ ਅਤੇ ਇਸ ਮੌਤ ਦੀ ਜੁਡੀਸ਼ਲ ਜਾਂ ਕਿਸੇ ਹੋਰ ਨਿਰਪੱਖ ਏਜੰਸੀ ਰਾਹੀਂ ਪੜਤਾਲ ਕਰਵਾਈ ਜਾਵੇ।

2. ਸਾਰੇ ਗ੍ਰਿਫਤਾਰ ਕਿਸਾਨ ਰਿਹਾਅ ਕੀਤੇ ਜਾਣ।

3. ਕਿਸਾਨਾਂ ਅਤੇ ਖੇਤ ਮਜ਼ਦੁਰਾਂ ਦੇ ਸੰਘਰਸ਼ ਕਰਨ ਦੇ ਮੁਢਲੇ ਅਧਿਕਾਰ ਨੂੰ ਬਹਾਲ ਕੀਤਾ ਜਾਵੇ।


ਅਮਰਜੀਤ ਸਿੰਘ ਬਾਈ
ਪ੍ਰਧਾਨ ਜ਼ਮਹੂਰੀ ਅਧਿਕਾਰ ਸਭ ਜਿਲ•ਾ ਇਕਾਈ, ਅੰਮ੍ਰਿਤਸਰ।

No comments:

Post a Comment