Tuesday, July 27, 2021
ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲੇ ਨੇਤਾਵਾਂ ਦੀ ਸੂਚੀ ’ਚ ਕੋਰੀਆਈ ਤਾਨਾਸ਼ਾਹ ਕਿੰਮ-ਜੌਂਗ-ਉਨ ਤੇ ਮੋਦੀ ਇੱਕ ਸਾਥ
ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲੇ ਨੇਤਾਵਾਂ ਦੀ ਸੂਚੀ ’ਚ ਕੋਰੀਆਈ ਤਾਨਾਸ਼ਾਹ ਕਿੰਮ-ਜੌਂਗ-ਉਨ ਤੇ ਮੋਦੀ ਇੱਕ ਸਾਥ
ਪੈਰਿਸ ਸਥਿੱਤ ਸੰਸਥਾ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ (RSF Reporter Sans Frontiers) ਪੱਤਰਕਾਰੀ ਦੇ ਖੇਤਰ ਨਾਲ ਸਬੰਧਿਤ ਇੱਕ ਵਕਾਰੀ ਸੰਸਥਾ ਹੈ ਜਿਸ ਦੀਆਂ ਰਿਪੋਰਟਾਂ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਤੇ ਮੰਚਾਂ ਵੱਲੋਂ ਬਹੁਤ ਤਵੱਜੋ ਦਿੱਤੀ ਜਾਂਦੀ ਹੈ। ਪੱਤਰਕਾਰੀ ਖੇਤਰ ਦੀਆਂ ਨਾਮਵਰ ਹਸਤੀਆਂ ਇਸ ਸੰਸਥਾ ਲਈ ਕੰਮ ਕਰਦੀਆਂ ਹਨ। ਇਹ ਸੰਸਥਾ ਵੱਖ ਵੱਖ ਮੁਲਕਾਂ ’ਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਪ੍ਰੈਸ ਦੀ ਆਜ਼ਾਦੀ ਨਾਲ ਸਬੰਧਿਤ ਮੁੱਦਿਆਂ ’ਤੇ ਨਜ਼ਰ ਰੱਖਦੀ ਹੈ ਅਤੇ ਹਰ ਸਾਲ ‘ ਪ੍ਰੈਸ ਦੀ ਆਜ਼ਾਦੀ ਦਾ ਗਲੋਬਲ ਇਨਡੈਕਸ’ ਜਾਰੀ ਕਰਦੀ ਹੈ। ਇਸ ਇਨਡੈਕਸ ਵਿੱਚ ਇਸ ਸਾਲ ਭਾਰਤ 180 ਮੁਲਕਾਂ ਵਿੱਚੋਂ 142ਵੇਂ ਸਥਾਨ ਤੇ ਹੈ। ਇਸ ਸਾਲ ਦੀ ਰਿਪੋਰਟ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਇਮਰਾਨ ਖਾਨ ਤੇ ਕਿਮ-ਜੌਂਗ-ਉਨ ਸਮੇਤ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਉਨਾਂ 37 ਸਟੇਟ-ਮੁੱਖੀਆਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ ਜਿਨਾਂ ਨੂੰ ਇਹ ਸੰਸਥਾ ‘ਪ੍ਰੈਸ ਦੀ ਆਜ਼ਾਦੀ ਦੇ ਧਾੜਵੀ ( Predators)’ ਕਹਿੰਦੀ ਹੈ।
5 ਜੁਲਾਈ 2021 ਨੂੰ ਨਿਊਜ਼-ਪੋਰਟਲ ‘ਵਾਇਰ’ ਵਿੱਚ ਇਸ ਸਬੰਧੀ ਇੱਕ ਆਰਟੀਕਲ ਪੋਸਟ ਹੋਇਆ ਹੈ। ‘ਵਾਇਰ’ ਦਾ ਧੰਨਵਾਦ ਕਰਦਿਆਂ ਹੇਠਾਂ ਇਸ ਆਰਟੀਕਲ ਦਾ ਪੰਜਾਬੀ ਰੂਪ ਪੇਸ਼ ਕੀਤਾ ਜਾ ਰਿਹਾ ਹੈ।
ਪੇਸ਼ਕਸ਼: ਹਰਚਰਨ ਸਿੰਘ ਚਹਿਲ : 79736 03365
------------
ਆਰਐਸਐਫ ਦੀ ‘ਪ੍ਰੈਸ ਦੀ ਆਜ਼ਾਦੀ ਦੇ 37 ਧਾੜਵੀਆਂ’ ਦੀ ਸੂਚੀ ’ਚ ਕਿੰਮ-ਜੌਂਗ-ਉਨ, ਇਮਰਾਨ ਖਾਨ ਤੇ ਮੋਦੀ ਇੱਕ ਸਾਥ
ਪ੍ਰਧਾਨ ਮੰਤਰੀ ਮੋਦੀ ਦਾ ਨਾਂਅ ਉਨਾਂ 37 ਰਾਜ/ਸਰਕਾਰ ਮੁੱਖੀਆਂ ਦੀ ਸੂਚੀ ਵਿਚ ਸ਼ਾਮਲ ਹੈ ਜਿਨਾਂ ਦੀ ਨਿਸ਼ਾਨਦੇਹੀ, ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ (RSF Reporter Sans Frontiers) ਨਾਂਅ ਦੀ ਅੰਤਰ-ਰਾਸ਼ਟਰੀ ਸੰਸਥਾ ਨੇ, ‘ਪ੍ਰੈਸ ਦੀ ਆਜ਼ਾਦੀ ਦੇ ਧਾੜਵੀਆਂ’ (Predators) ਵਜੋਂ ਕੀਤੀ ਹੈ। ਇਸ ਸੂਚੀ ਵਿੱਚ ਮੋਦੀ ਦੇ ਨਾਂਅ ਮੂਹਰੇ ਦਰਜ ਕੀਤਾ ਗਿਆ ਹੈ ਕਿ ਕਿਵੇਂ ‘‘ਵਿਸ਼ਾਲ ਮੀਡੀਆ ਘਰਾਣਿਆਂ ਦੇ ਖਰਬਪਤੀ ਮਾਲਕਾਂ ਨਾਲ ਨਜ਼ਦੀਕੀਆਂ ’’ਕਾਰਨ ਉਸ ਦੀਆਂ ‘‘ਇੰਤਹਾਈ ਫੁੱਟਪਾਊ ਤੇ ਅਪਮਾਨਜਨਕ’’ ਤਕਰੀਰਾਂ ਨੂੰ ਲਗਾਤਾਰ ਤੇ ਵਿਆਪਕ ਕਵਰੇਜ਼ ਮਿਲਦੀ ਰਹਿੰਦੀ ਹੈ ਜਿਸ ਦੀ ਮਦਦ ਨਾਲ ਉਹ ਆਪਣੀ ਲੋਕ-ਲੁਭਾਊ-ਰਾਸ਼ਟਰਵਾਦੀ ਵਿਚਾਰਧਾਰਾ ਦਾ ਪ੍ਰਚਾਰ/ ਪਰਸਾਰ ਕਰਦਾ ਰਹਿੰਦਾ ਹੈ।
‘ਆਰਐਸਐਫ ਵੱਲੋਂ” ਜਾਰੀ ਸੰਨ 2021 ਦੇ ‘ਗਲੋਬਲ ਪ੍ਰੈਸ ਆਜ਼ਾਦੀ ਇਨਡੈਕਸ’ ਵਿੱਚ ਕੁੱਲ 180ਮੁਲਕਾਂ ਚੋਂ ਭਾਰਤ 142 ਵਾਂ ਨੰਬਰ ਹੈ। ਪ੍ਰੈਸ ਦੀ ਆਜ਼ਾਦੀ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਜਾਣਕਾਰੀ ਹਾਸਲ ਕਰਨ ਅਤੇ ਦੂਸਰਿਆਂ ਨੂੰ ਜਾਣਕਾਰੀ ਦੇਣ ਦੇ ਬੁਨਿਆਦੀ ਮਨੁੱਖੀ ਅਧਿਕਾਰ ਨਾਲ ਨੇੜਿਉਂ ਜੁੜੀ ਹੋਈ ਹੈ ਅਤੇ ਪ੍ਰੈਸ ਦੀ ਆਜ਼ਾਦੀ ਨਾਲ ਸਰੋਕਾਰ ਰੱਖਣ ਵਾਲੀ ‘ਆਰਐਸਐਫ’, ਦੁਨੀਆਂ ਦੀ ਸਭ ਤੋਂ ਵੱਡੀ ਐਨਜੀਓ (ਗ਼ੈਰ-ਸਰਕਾਰੀ ਸੰਸਥਾ) ਹੈ।
ਦੁਨੀਆ ਦੇ 32 ਹੋਰ ਰਾਜ-ਮੁੱਖੀਆ ਤੋਂ ਇਲਾਵਾ ਮੋਦੀ ਦਾ ਨਾਂਅ ਪਾਕਸਿਤਾਨ ਦੇ ਇਮਰਾਨ ਖਾਨ, ਸਾਊਦੀ ਅਰਬ ਦੇ ਯੁਵਰਾਜ ਮੁਹੰਮਦ-ਬਿਨ-ਸੁਲਤਾਨ, ਮਿਆਂਮਾਰ ਦੇ ਫੌਜੀ ਡਿਕਟੇਟਰ ਮਿਨ ਔਂਗ ਹਲੈਂਗ ਅਤੇ ਉਤਰ ਕੋਰੀਆ ਦੇ ਤਾਨਾਸ਼ਾਂਹ ਕਿਮ-ਜੌਂਗ-ਉਨ ਵਰਗੇ ਉਨਾਂ ਵਿਅੱਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ ਜੋ ‘‘ਸ਼ੈਂਸਰਸਿੱਪ ਲਗਾ ਕੇ, ਆਪਹੁਦਰੇ ਢੰਗ ਨਾਲ ਪੱਤਰਕਾਰਾਂ ਨੂੰ ਜੇਲੀਂ ਡੱਕ ਕੇ ਜਾਂ ਉਨਾਂ ਵਿਰੱੁਧ ਹਿੰਸਕ ਕਾਰਵਾਈਆਂ ਕਰਵਾ ਕੇ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਦੇ ਰਹਿੰਦੇ ਹਨ। ਇਹ ਨੇਤਾ ਪੱਤਰਕਾਰਾਂ ਦੇ ਕਤਲ ਅਜਿਹੇ ਸਿੱਧੇ ਜਾਂ ਅਸਿੱਧੇ ਢੰਗਾਂ ਨਾਲ ਕਰਵਾਉਂਦੇ ਹਨ ਕਿ ਖੁਦ ਇਨਾਂ ਉਪਰ ਕੋਈ ਇਲਜ਼ਾਮ ਨਹੀਂ ਆਉਂਦਾ।’’
2016 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ‘ਆਰਐਸਐਫ’ ਨੇ ਇਸ ਤਰਾਂ ਦੀ ਕੋਈ ਲਿਸਟ ਜਾਰੀ ਕੀਤੀ ਹੈ। ਪ੍ਰੈਸ ਦੀ ਆਜ਼ਾਦੀ ਦੇ ਧਾੜਵੀਆਂ ਵਜੋਂ ਚਿੰਨਤ ਕੀਤੇ ਨੇਤਾਵਾਂ ਵਿੱਚੋਂ 17 ਦਾ ਨਾਂਅ ਪਹਿਲੀ ਵਾਰ ਦਰਜ ਕੀਤਾ ਗਿਆ ਹੈ। 37 ਰਾਜ-ਮੁਖੀਆਂ ਦੀ ਇਸ ਲਿਸਟ ਵਿਚੋਂ 13 ਏਸੀਆ-ਪੈਸੀਫਿਕ ਖਿੱਤੇ ਨਾਲ ਸਬੰਧਿਤ ਹਨ।
ਵਿਸ਼ਵ-ਨੇਤਾਵਾਂ ਦੀ ਇਸ ਲਿਸਟ ਵਿੱਚ 7 ਨੇਤਾ ਅਜਿਹੇ ਹਨ ਜਿਨਾਂ ਦਾ ਨਾਂਅ, ਇਸ ਸੂਚੀ ਦੇ ਸੰਨ 2001 ਵਿਚ ਸ਼ੁਰੂ ਹੋਣ ਦੇ ਸਮੇਂ ਤੋ ਲੈ ਕੇਂ ਹਰ ਸਾਲ ਇਸ ਸੂਚੀ ਵਿਚ ਸ਼ਾਮਲ ਹੁੰਦਾ ਹੈ ਅਤੇ ਸੂਚੀ ਵਿੱਚ ਸੀਰੀਆ ਦੇ ਰਾਸ਼ਟਰਪਤੀ ਬਸਰ-ਅਲ-ਅਸਦ, ਇਰਾਨ ਦੇ ਅਲੀ ਖੁਮੈਨੀ, ਰੂਸ ਦੇ ਵਲਾਦੀਮੀਰ ਪੁਤਿਨ ਅਤੇ ਬੈਲਾਰੂਸ ਮੁਲਕ ਦਾ ਲੁਕਾਸ਼ੈਂਕੋ ਦੇ ਨਾਂਅ ਵੀ ਸ਼ਾਂਮਲ ਹਨ। ਇੱਕ ‘ਧਾੜਵੀ’ ਵਜੋਂ ਲੁਕਾਸ਼ੈਂਕੋ ਦਾ ਨਾਂਅ, ਆਪਣੇ ਆਲੋਚਕ ਤੇ ਪੱਤਰਕਾਰ ਰੋਮਨ ਪ੍ਰੋਤਾਸੇਵਿਚ ਨੂੰ ਗਿ੍ਰਫਤਾਰ ਕਰਨ ਲਈ, ਡਰਾਮਈ ਢੰਗ ਨਾਲ ਹਵਾਈ ਜ਼ਹਾਜ ਦਾ ਰੂਟ ਬਦਲਾਉਣ ਵਾਲੀ ਘਟਨਾ ਤੋ ਬਾਅਦ ਉਭਰ ਕੇ ਸਾਹਮਣੇ ਆਇਆ ਹੈ।
ਬੰਗਲਾਦੇਸ਼ ਦੀ ਸ਼ੇਖ ਹਸੀਨਾ ਤੇ ਹਾਂਗਕਾਂਗ ਦੀ ਕੈਰੀ ਲਾਮ ਅਜਿਹੀਆਂ ਦੋ ਮਹਿਲਾ ਨੇਤਾ ਹਨ ਜਿਨਾਂ ਦੀ ਨਿਸ਼ਾਨਦੇਹੀ ਪ੍ਰੈਸ ਦੀ ਆਜ਼ਾਦੀ ਦੇ ‘ਧਾੜਵੀਆਂ’ ਵਜੋਂ ਕੀਤੀ ਗਈ ਹੈ।
ਆਰਐਸਐਫ ਨੇ ਹਰ ‘ਧਾੜਵੀ’ ਦੀ ਇੱਕ ਫਾਈਲ ਤਿਆਰ ਕੀਤੀ ਹੈ ਜਿਸ ਵਿੱਚ ਉਸ ਨੇਤਾ ਦੇ ‘ਧਾੜਵੀ ਢੰਗ-ਤਰੀਕੇ’ ਅਤੇ ਉਸ ਵੱਲੋਂ ਜਾਰੀ ਪ੍ਰੈਸ-ਨੋਟਾਂ ਨੂੰ ਸੰਕਲਿਤ ਕੀਤਾ ਗਿਆ ਹੈ।
ਇਸ ਲਿਸਟ ਵਿੱਚ ਦਰਜ ਕੀਤਾ ਗਿਆ ਹੈ ਕਿ ਕਿਵੇਂ ‘ਕੋਈ ਧਾੜਵੀ ਨੇਤਾ’ ਪ੍ਰੈਸ ’ਤੇ ਸ਼ੈਂਸਰਸ਼ਿੱਪ ਲਾਗੂ ਕਰਦਾ ਹੈ; ਪੱਤਰਕਾਰਾਂ ਨੂੰ ਤਸੀਹੇ ਦਿੰਦਾ ਹੈ ਅਤੇ ਉਸ ਦੇ ‘ਪਸੰਦੀਦਾ ਨਿਸ਼ਾਨੇ’ ਕਿਹੜੇ ਹਨ -ਯਾਨੀ ਉਹ ਕਿਸ ਤਰਾਂ ਦੇ ਪੱਤਰਕਾਰਾਂ ਤੇ ਕਿਹੜੇ ਮੀਡੀਆ ਹਾਊਸਾਂ ਨੂੰ ਆਪਣਾ ਨਿਸ਼ਾਨਾ ਬਣਾਉੰਦਾ ਹੈ। ਲਿਸਟ ਵਿੱਚ ਇਨਾਂ ਨੇਤਾਵਾਂ ਦੀਆਂ ਤਕਰੀਰਾਂ ਵਿਚੋਂ ਲਈਆਂ ਗਈਆਂ ਟੂਕਾਂ ਜਾਂ ਉਨਾਂ ਦੇ ਅਜਿਹੇ ਇੰਟਰਵਿਊ ਸ਼ਾਮਲ ਜਿੰਨਾਂ ਰਾਹੀਂ ਉਹ ਨੇਤਾ ਆਪਣੇ ‘ਧਾੜਵੀ ਵਿਵਹਾਰ’ ਨੂੰ ਵਾਜਬ ਠਹਿਰਉਂਦਾ ਹੈ।
ਮੋਦੀ ਦੇ ਨਾਂਅ ਅੱਗੇ ਦਰਜ ਹੈ ਕਿ ਉਹ 26 ਮਈ 2014 ਨੂੰ ‘‘ਸੱਤਾ ਸੰਭਾਲਣ ਦੇ ਦਿਨ ਤੋਂ ਹੀ ਧਾੜਵੀ’: ਬਣਿਆ ਹੋਇਆ ਹੈ ਅਤੇ ‘‘ਰਾਸ਼ਟਰਵਾਦੀ ਲੋਕਲਭਾਊ ਲਫ਼ਾਜ਼ੀ ਨਾਲ ਲਬਰੇਜ਼ ਅਤੇ ਜਾਣ-ਬੁੱਝ ਕੇ ਗਲਤ ਜਾਣਕਾਰੀ ਦੇਣਾ ’’ ਉਸ ਦੇ ‘ਧਾੜਵੀ ਤਰੀਕਾਕਾਰ’ ਦਾ ਹਿੱਸਾ ਹਨ। ਆਰਐਸਐਫ ਲਿਖਦਾ ਹੈ ਕਿ ‘ਸਿੱਕੂਲਰ’ ਤੇ ‘ਪ੍ਰੈਸਟੀਚਿਊਟ’ ਲਕਬਾਂ ਨਾਲ ਨਿਵਾਜ਼ੇ ਜਾਂਦੇ ਲੋਕ ਉਸ ਦੇ ਪਸੰਦੀਦਾ ਟਾਰਗੈਟ ਹਨ। ਸੱਜ-ਪਿੱਛਾਖੜੀ ਹਿੰਦੂ ਤੇ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਸਮਰਥਕ ‘ਸਿੱਕੂਲਰ’ ਸ਼ਬਦ ਸੈਕੂਲਰ (ਧਰਮ-ਨਿਰਪੱਖ) ਨਜ਼ਰੀਏ ਦੀ ਖਿੱਲੀ ਉਡਾਉਣ ਲਈ ਵਰਤਦੇ ਹਨ, ਨਾ ਕਿ ਆਪਣੇ ਸੱਜੇ-ਪੱਖੀ ਹਿੰਦੂ ਸਮਰਥਕ ਹੋਣ ਦਾ ਦਿਖਾਵਾ ਕਰਨ ਲਈ। ਚੇਤੇ ਰਹੇ ਇਹੀ ‘ਸੈਕੂਲਰ’ ਸ਼ਬਦ ਹੈ ਜੋ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਵੀ ਦਰਜ ਹੈ। ਦੂਸਰਾ ਸ਼ਬਦ ‘ਪ੍ਰੈਸਟੀਚਿਊਟ’ ਦੋ ਸ਼ਬਦਾਂ ‘ਪ੍ਰੈਸ’ (ਪੱਤਰਕਾਰੀ) ਤੇ ‘ਪ੍ਰੋਸਟੀਚਿਊਟ’ (ਵੇਸਵਾ) ਨੂੰ ਜੋੜ ਕੇ ਘੜਿਆ ਹੈ ਅਤੇ ਇਸ ਸ਼ਬਦ ਰਾਹੀਂ ਇਸਤਰੀ ਜਾਤੀ ਪ੍ਰਤੀ ਘਿਰਣਾ ਦੀ ਭਾਵਨਾ ਦਾ ਇਸਤੇਮਾਲ ਇਹ ਦਰਸਾਉਣ ਲਈ ਕੀਤਾ ਗਿਆ ਹੈ ਕਿ ਮੋਦੀ ਦੀ ਆਲੋਚਨਾ ਕਰਨ ਵਾਲਾ ਮੀਡੀਆ ਵਿਕਾਊ-ਮਾਲ ਹੈ।
ਆਰਐਸਐਫ, ਆਜ਼ਾਦ ਪ੍ਰੈਸ ਉਪਰ ਮੋਦੀ ਦੇ ਹਮਲਿਆਂ ਨੂੰ ਹੇਠ ਲਿਖੇ ਸ਼ਬਦਾਂ ਰਾਹੀਂ ਬਿਆਨ ਕਰਦਾ ਹੈ:
ਸੰਨ 2001 ਵਿੱਚ ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਉਸ ਨੇ ਇਸ ਪੱਛਮੀ ਸੂਬੇ ਨੂੰ ਖਬਰਾਂ ਤੇ ਜਾਣਕਾਰੀ ਉਪਰ ਨਿਯੰਤਰਣ ਕਰਨ ਲਈ ਪ੍ਰਯੋਗਸ਼ਾਲਾ ਦੇ ਤੌਰ ’ਤੇ ਇਸਤੇਮਾਲ ਕੀਤਾ ਅਤੇ ਸੰਨ 2014 ਵਿੱਚ ਪ੍ਰਧਾਨ ਮੰਤਰੀ ਬਣਨ ਬਾਅਦ, ਪ੍ਰੈਸ ਨੂੰ ਕੰਟਰੋਲ ਕਰਨ ਲਈ ਉਨਾਂ ਹੀ ਢੰਗ ਤਰੀਕਿਆਂ ਦਾ ਇਸਤੇਮਾਲ ਕੀਤਾ।
ਉਸ ਦਾ ਪ੍ਰਮੁੱਖ ਹਥਿਆਰ ਇਹ ਹੈ ਕਿ ਉਹ ਮੁੱਖ-ਧਾਰਾਈ ਮੀਡੀਏ ਉਪਰ ਆਪਣੀ ਰਾਸ਼ਟਰਵਾਦੀ-ਲੋਕ-ਲਭਾਊ ਵਿਚਾਰਧਾਰਾ ਨੂੰ ਵਾਜਬ ਠਹਿਰਾਉਣ ਵਾਲੀਆਂ ਤਕਰੀਰਾਂ ਤੇ ਜਾਣਕਾਰੀਆਂ ਦਾ ਲਗਾਤਾਰ ‘ਮੀਂਹ ਵਰਾਉਂਦਾ’ ਰਹਿੰਦਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਉਸ ਨੇ ਵਿਸ਼ਾਲ ਮੀਡੀਆ ਹਾਊਸਾਂ ਦੇ ਅਰਬਾਂਪਤੀ ਮਾਲਕਾਂ ਨਾਲ ਕਰੀਬੀ ਨਜ਼ਦੀਕੀਆਂ ਬਣਾ ਕੇ ਰੱਖੀਆਂ ਹੋਈਆਂ ਹਨ।
ਇਹ ਕਪਟੀ ਰਣਨੀਤੀ ਦੋ ਤਰੀਕਿਆਂ ਨਾਲ ਕੰਮ ਕਰਦੀ ਹੈ। ਇੱਕ ਤਰਫ ਤਾਂ ਪ੍ਰਮੁੱਖ ਮੀਡੀਆ ਹਾਊਸਾਂ ਦੇ ਮਾਲਕਾਂ ਨਾਲ ਜ਼ਾਹਰਾ ਤੌਰ ’ਤੇ ਨਜ਼ਦੀਕੀਆਂ ਦਿਖਾਉਣ ਕਾਰਨ ਇਨਾਂ ਮੀਡੀਆ ਹਾਊਸਾਂ ਦੇ ਪੱਤਰਕਾਰਾਂ ਨੂੰ ਕੰਨ ਹੋ ਜਾਂਦੇ ਹਨ ਕਿ ਜੇਕਰ ਉਹ ਸਰਕਾਰ ਦੀ ਆਲੋਚਨਾ ਕਰਨਗੇ ਤਾਂ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ। ਦੂਸਰੀ ਤਰਫ ਉਸ ਦੀਆਂ ਇੰਤਹਾਈ ਫੁੱਟ-ਪਾਊ ਤੇ ਅਪਮਾਨਜਨਕ ਤਕਰੀਰਾਂ, ਜੋ ਕਿ ਅਕਸਰ ਗਲਤ ਜਾਣਕਾਰੀ ਨਾਲ ਭਰਪੂਰ ਹੁੰਦੀਆਂ ਹਨ, ਨੂੰ ਪ੍ਰਮੁੱਖਤਾ ਨਾਲ ਕਵਰੇਜ਼ ਮਿਲ ਜਾਂਦੀ ਹੈ ਜੋ , ਸਰੋਤਿਆਂ ਤੇ ਪਾਠਕਾਂ ਦੀ ਗਿਣਤੀ ਵਧਾਉਣ ਵਿੱਚ, ਇਨਾਂ ਮੀਡੀਆ ਹਾਊਸਾਂ ਲਈ ਮਦਦਗਾਰ ਸਾਬਤ ਹੁੰਦੀ ਹੈ।
ਮੋਦੀ ਦਾ ਇੱਕੋ ਹੀ ਪਸੰਦੀਦਾ ਕੰਮ ਹੈ ਕਿ ਮੀਡੀਆ ਕੇਂਦਰਾਂ ਨੂੰ ਅਤੇ ਉਸਦੇ ਵੰਡ-ਪਾਊ ਢੰਗ-ਤਰੀਕਿਆਂ ’ਤੇ ਉਂਗਲ ਉਠਾਉਣ ਵਾਲੇ ਪੱਤਰਕਾਰਾਂ ਨੂੰ ਕਿਵੇਂ ‘ਸੂਤ ਕਰਨਾ’ ਹੈ। ਇਸ ਕੰਮ ਲਈ ਉਸ ਦੇ ਜੁਡੀਸ਼ੀਅਲ ਭੱਥੇ ਵਿੱਚ ਕਾਨੂੰਨਾਂ ਧਾਰਾਵਾਂ ਦੇ ਅਜਿਹੇ ਤੀਰ ਸ਼ਾਮਲ ਹਨ ਜੋ ਪ੍ਰੈਸ ਦੀ ਆਜ਼ਾਦੀ ਲਈ ਗੰਭੀਰ ਖਤਰਾ ਖੜਾ ਕਰਦੇ ਹਨ। ਮਿਸਾਲ ਦੇ ਤੌਰ ’ਤੇ ਪੱਤਰਕਾਰਾਂ ਨੂੰ ਦੇਸ਼-ਧਰੋਹ ਦੇ ਦੋਸ਼ --ਜਿਸ ਦੀ ਪ੍ਰੀਭਾਸ਼ਾ ਪੂਰੀ ਤਰਾਂ ਅਸੱਪਸ਼ਟ ਤੇ ਸ਼ੱਕੀ ਹੈ- ਹੇਠ ਉਮਰ ਕੈਦ ਦੀ ਸਜ਼ਾ ਦੀ ਸੰਭਾਵਨਾ ਦਾ ਖਤਰਾ ਸਹੇੜਨਾ ਪੈਂਦਾ ਹੈ।
ਆਂਪਣੇ ਇਸ ਜੁਡੀਸ਼ੀਅਲ ‘ਅਸਲਾਖਾਨੇ’ ਨੂੰ ਹੋਰ ਮਜ਼ਬੂਤ ਕਰਨ ਲਈ ਉਸ ਕੋਲ ‘ਯੋਧਾ’ ਵਜੋਂ ਜਾਣੇ ਜਾਂਦੇ ਆਨ-ਲਾਈਨ ਟਰੌਲਜ਼ ਦੀ ਪੂਰੀ ਫੌਜ ਹਾਜ਼ਰ ਹੈ ਜੋ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਪਣੇ ਨਾ-ਪਸੰਦ ਪੱਤਰਕਾਰਾਂ ਵਿਰੱੁਧ ਖੌਫ਼ਨਾਕ ਨਫ਼ਰਤੀ ਮੁਹਿੰਮ ਛੇੜ ਦਿੰਦੇ ਹਨ -- ਇੱਕ ਅਜਿਹੀ ਨਫ਼ਰਤੀ ਮੁਹਿੰਮ ਜਿਸ ਵਿੱਚ ਪੱਤਰਕਾਰਾਂ ਨੂੰ ਫੋਨ ’ਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਆਦਿ ਦੇਣਾ ਆਮ ਜਿਹੀ ਗੱਲ ਹੈ।
ਮੋਦੀ ਦੇ ਨਾਂਅ ਦੀ ਐਂਟਰੀ ਅੱਗੇ ਸੰਨ 2017 ਵਿੱਚ ਹੋਏ ਗੌਰੀ ਲੰਕੇਸ਼ ਦੇ ਕਤਲ ਦਾ ਵੀ ਜ਼ਿਕਰ ਹੈ ਜੋ ਹਿੰਦੂਤਵਾ ਵਿਚਾਰਧਾਰਾ ਦੀ ਪ੍ਰਮੁੱਖ ਸ਼ਿਕਾਰ ਬਣੀ --‘‘ਇੱਕ ਅਜਿਹੀ ਵਿਚਾਰਧਾਰਾ ਜਿਸ ਨੇ ਉਸ ਹਿੰਦੂ ਰਾਸ਼ਟਰਵਾਦੀ ਲਹਿਰ ਨੂੰ ਜਨਮ ਦਿੱਤਾ ਜੋ ਮੋਦੀ ਦੀ ਪੂਜਾ ਕਰਦੀ ਹੈ।’’
ਆਰਐਸਐਫ ਦਾ ਇਹ ਨੋਟ, ਮੋਦੀ ਦੇ ਕੰਮ-ਢੰਗਾਂ ਬਾਰੇ ਕਿੰਤੂ ਕਰਨ ਵਾਲੀਆਂ, ਰਾਣਾ ਅਯੂਬ ਤੇ ਬਰਖਾ ਦੱਤ ਜਿਹੀਆਂ ਮਹਿਲਾ ਪੱਤਰਕਾਰਾਂ ਦਾ ਵੀ ਜ਼ਿਕਰ ਕਰਦਾ ਹੈ ਜਿਨਾਂ ਨੂੰ ਨਿੱਜੀ ਚਰਿੱਤਰ-ਹਰਨ ਤੇ ਸਮੂਹਿਕ ਬਲਾਤਕਾਰ ਦੀਆਂ ਧਮਕੀਆਂ ਵਾਲੀਆਂ ਫੋਨ-ਕਾਲਾਂ ਸਮੇਤ ਬਹੁਤ ਪ੍ਰਚੰਡ ਤੇ ਜ਼ਹਿਰੀਲੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਆਮ ਦਸਤੂਰ ਬਣ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਰਾਸ਼ਟਰਵਾਦੀ-ਲੋਕਲੁਭਾਊ ਵਿਚਾਰਧਾਰਾ ਉਪਰ ਉੰਗਲੀ ਉਠਾਉਣ ਵਾਲੇ ਕਿਸੇ ਵੀ ਪੱਤਰਕਾਰ ਜਾਂ ਮੀਡੀਆ ਹਾਊਸ ਨੂੰ ਤੁਰੰਤ ‘ਸਿੱਕੂਲਰ’ ਗਰਦਾਨ ਦਿੱਤਾ ਜਾਂਦਾ ਹੈ। ਮੋਦੀ ਸਮਰਥਕ ਜਿਨਾਂ ਨੂੰ ਅਕਸਰ ‘‘ਭਗਤ’’ ਕਿਹਾ ਜਾਂਦਾ ਹੈ, ਮੋਦੀ ਨਾਲ ਅਸਹਿਮਤੀ ਜਤਾਉਣ ਵਾਲੇ ਲੋਕਾਂ ਨੂੰ ‘‘ਸਿੱਕੂਲਰ’’ ਕਹਿ ਕੇ ਉਨਾਂ ਦੀ ਖਿੱਲੀ ਉਡਾਉਂਦੇ ਹਨ ਇਹ ਸ਼ਬਦ ‘‘ਸਿੱਕ’’(ਯਾਨੀ ਬਿਮਾਰ) ਅਤੇ ’’ਸੈਕੂਲਰ’’ (ਯਾਨੀ ਧਰਮ-ਨਿਰਪੱਖ) ਨੂੰ ਜੋੜ ਕੇ ਘੜਿਆ ਗਿਆ ਹੈ। ਮੋਦੀ ‘ਭਗਤ’ ਇਨਾਂ ਲੋਕਾਂ ਵਿਰੁੱਧ ਮੁਕੱਦਮੇ ਦਰਜ ਕਰਵਾਉਂਦੇ ਹਨ; ਮੁੱਖ-ਧਾਰਾਈ ਮੀਡੀਆ ਰਾਹੀਂ ਇਨਾਂ ਨੂੰ ਬਦਨਾਮ ਕਰਦੇ ਹਨ ਅਤੇ ਆਪਸੀ ਤਾਲਮੇਲ ਰਾਹੀਂ ਉਨਾਂ ਵਿਰੁੱਧ ਆਨ-ਲਾਈਨ ਮੁਹਿੰਮਾਂ ਵਿੱਢਦੇ ਹਨ।
ਪਿਛਲੇ ਦਿਨੀਂ ਆਰਐਸਐਫ ਨੇ, ਗਾਜ਼ੀਆਬਾਦ ਵਿੱਚ ਇੱਕ ਬਜ਼ੁਰਗ ਮੁਸਲਿਮ ਮੌਲਵੀ ਉਪਰ ਹੋਏ ਹਮਲੇ ਦੇ ਸਬੰਧ ਵਿੱਚ ‘ਦ ਵਾਇਰ’, ਟਵਿੱਟਰ ਇੰਡੀਆ ਅਤੇ ਪਤੱਰਕਾਰਾਂ ਰਾਣਾ ਅਯੂਬ, ਸਬਾ ਨਕਵੀ ਤੇ ਮੁਹੰਮਦ ਜ਼ੁਬੇਰ ਵਿਰੁੱਧ, ਇਨਾਂ ਦੇ ਟਵੀਟਾਂ ਤੇ ਨਿਊਜ਼ ਸਟੋਰੀਆਂ ਨੂੰ ਲੈ ਕੇ ਯੂ.ਪੀ ਪੁਲਿਸ ਵੱਲੋਂ ਇਨਾਂ ਉਪਰ ਲਾਏ ‘‘ਅਪਰਾਧਿਕ ਸ਼ਾਜਿਸ਼’’ ਦੇ ‘‘ਬੇਹੂਦਾ ਦੋਸ਼ਾਂ’’ ਦੀ ਸਖਤ ਆਲੋਚਨਾ ਕੀਤੀ ਸੀ।
*****
ਈਮੇਲ hschahal234@gmail.com.
Subscribe to:
Post Comments (Atom)
No comments:
Post a Comment