Monday, September 25, 2017

                ਜ਼ਰੂਰਤ ਹੈ ਸੂਝਵਾਨ ਉਪ-ਕੁਲਪਤੀ ਨਿਯੁਕਤ ਕਰਨ ਦੀ           
           ( ਸੰਦਰਭ: ਬੀ.ਐਚ.ਯੂ ਦੀਆਂ ਵਿਦਿਆਰਥਣਾਂ ਦਾ ਘੋਲ, ਸਤੰਬਰ 2017) 
  ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਦਾ, ਪੁਲੀਸ ਅਤੇ ਹਥਿਆਰਾਂ ਦੀ ਵਰਤੋਂ ਉਪਰ ਭਰੋਸਾ, ਦਿਨ-ਬ-ਦਿਨ ਵਧ ਰਿਹਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ (ਬੀ.ਐਚ.ਯੂ) ਦੀਆਂ ਵਿਦਿਆਰਥਣਾਂ ਨੇ ਛੇੜਖਾਨੀ ਵਿਰੁੱਧ ਆਵਾਜ਼ ਉਠਾਈ ਤਾਂ ਉਨ੍ਹਾਂ ਨੇ ਅਜਿਹਾ ਕਿਹੜਾ ਰਸਾਇਣ-ਵਿਗਿਆਨ ਦਾ ਕੋਈ ਮੁਸ਼ਕਲ ਸਵਾਲ ਪੁੱਛ ਲਿਆ ਸੀ ਕਿ ਉਪ-ਕੁਲਪਤੀ ਨੇ ਉਨ੍ਹਾਂ ਨਾਲ ਗੱਲ ਕਰਨੀ ਹੀ ਬੰਦ ਕਰ ਦਿੱਤੀ । ਲਾਠੀਚਾਰਜ ਸ਼ਰਮਨਾਕ ਘਟਨਾ ਹੈ। ਕੀ ਸੱਤਾ ਦਾ ਸਹਾਰਾ ਲੈ ਕੇ ਉਪ-ਕੁਲਪਤੀ ਸਾਹਿਬ ਇਹ ਦੱਸਣਾ ਚਾਹੁੰਦੇ ਹਨ ਕਿ ਇਸ ਲੋਕਤੰਤਰ ਵਿੱਚ ਲੜਕੀਆਂ ਦੇ ਕੋਈ ਅਧਿਕਾਰ ਨਹੀਂ ਹਨ ? ਲੜਕੀਆਂ ਨੂੰ ਕਿਹਾ ਗਿਆ ਕਿ ਤੁਸੀਂ ਬਲਾਤਕਾਰ ਕਰਵਾਉਣ ਲਈ ਰਾਤ ਸਮੇਂ ਬਾਹਰ ਜਾਣਾ ਚਾਹੁੰਦੀਆਂ ਹੋ। ਤੁਸੀਂ ਇਸ ਯੂਨੀਵਰਸਿਟੀ ਨੂੰ ਜੇ.ਐਨ.ਯੂ ਬਣਾ ਦੇਣਾ ਚਾਹੁੰਦੀਆਂ ਹੋ। ਮਤਲਬ ਛੇੜਛਾੜ ਸਹਿਣ ਕਰੋ, ਜੇਕਰ ਇਸ ਦਾ ਵਿਰੋਧ ਕਰੋਂਗੇ ਤਾਂ ਛੇੜਛਾੜ ਤੋਂ ਇਲਾਵਾ, ਚਰਿੱਤਰ ਦਾ ਚੀਰਹਰਨ ਵੀ ਹੋਵੇਗਾ।
       ਬਵੰਜਾ ਘੰਟੇ ਤੱਕ ਲੜਕੀਆਂ ਦਾ ਧਰਨਾ ਜਾਰੀ ਰਿਹਾ ਪਰ ਉਪ-ਕੁਲਪਤੀ ਉਨ੍ਹਾਂ ਨਾਲ ਗਲਬਾਤ ਕਰਨ ਲਈ ਸਮਾਂ ਨਹੀਂ ਕੱਢ ਸਕਿਆ। ਪ੍ਰੋਕਟੋਰੀਅਲ ਬੋਰਡ ਦੇ ਦਫਤਰ ਦੇ ਸਾਹਮਣੇ ਕਿਸੇ ਲੜਕੀ ਦੇ ਕੱਪੜੇ ਪਾੜਨ ਦੀ ਕੋਸ਼ਿਸ਼ ਹੋਈ, ਉਸ ਨੂੰ ਦਬੋਚਿਆ ਗਿਆ, ਕੀ ਕੋਈ ਸਮਾਜ ਇਹ ਸਭ ਇਸ ਲਈ ਸਹਿਣ ਕਰ ਲਵੇ ਕਿ ਕਿਉਂਕਿ ਉਹ ਬਹੁਤ ‘ਤੇਜ਼’ ਹੋ ਗਈ ਹੈ! ਬਹੁਤ ਹੀ ਸ਼ਰਮਨਾਕ ਹੈ। ਐਨ.ਡੀ.ਟੀ.ਵੀ ਦੇ ਪੱਤਰਕਾਰ ਕਮਾਲ ਖਾਨ ਨੂੰ ਲੜਕੀਆਂ ਨੇ ਕਿਹਾ ਕਿ ਕੀ ਕੋਈ ਵੀ ਸ਼ਖ਼ਸ ਉਨ੍ਹਾਂ ਨੂੰ ਛੂਹ ਸਕਦਾ ਹੈ, ਕਿਸੇ ਜਗਾਹ ਵੀ ਦਬੋਚ ਸਕਦਾ ਹੈ? ਸਵਾਲਾਂ ਨੂੰ ਟਾਲਣ ਦੇ ਮਕਸਦ ਨਾਲ ਲੜਕੀਆਂ ਦੇ ਘੋਲ ਨੂੰ ਰਾਜਨੀਤੀ ਗਰਦਾਨਣਾ, ਹੋਰ ਵੀ ਸ਼ਰਮਨਾਕ ਵਰਤਾਰਾ ਹੈ। ਸਹੀ ਤਾਂਇਹ ਹੋਣਾ ਸੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਲੜਕੀਆਂ ਵਲੋਂ ਲਗਾਏ ਦੋਸ਼ਾਂ ਦੀ ਜਾਂਚ ਕਰਵਾਉਂਦਾ, ਉਨ੍ਹਾਂ ਨਾਲ ਗੱਲਬਾਤ ਕਰਦਾ। ਲਾਠੀਚਾਰਜ, ਉਹ ਵੀ ਲੜਕੀਆਂ ’ਤੇ ? ਕੀ ਹਿੰਦੂ ਬਨਾਮ ਮੁਸਲਿਮ ਵਾਲੇ ਮੁੱਦੇ ਉਪਰ ਇੰਨਾ ਵਿਸ਼ਵਾਸ ਹੋ  ਚੁੱਕਾ ਹੈ ਕਿ ਤੁਸੀਂ ਸਮਾਜ ਨੂੰ  ਕਿਸੇ ਤਰ੍ਹਾਂ ਵੀ ਦਰੜ੍ਹਦੇ ਰਹੋਂਗੇ ਅਤੇ ਲੋਕ ਚੁੱਪ-ਚਾਪ ਸਹਿਣ ਕਰਦੇ ਰਹਿਣਗੇ ?
          ਇਹ ਨਾਹਰਾ ਕੀਹਦੇ ਵਾਸਤੇ ਹੈ?  ਬੇਟੀ ਬਚਾਉ, ਬੇਟੀ ਪੜਾਉ। ਸੰਸਦ,ਵਿਧਾਨ ਸਭਾਵਾਂ ਵਿੱਚ ਮਹਿਲਾ ਰਾਖਵਾਂਕਰਨ ਬਿਲ ਪੇਸ਼ ਕਰਨ ਦੀ ਯਾਦ ਆਈ ਹੈ, ਇਸ ਲਈ ਨਹੀਂ ਕਿ ਇਹ ਅਧਿਕਾਰ ਦੇਣਾ ਹੈ ਸਗੋਂ ਇਸ ਲਈ ਕਿ ਆਰਥਿਕ ਮੰਦੀ ਤੋਂ ਧਿਆਨ ਲਾਂਭੇ ਕਰਨ ਲਈ ਇਹ ਮੁੱਦਾ ਕੰਮ ਆ ਸਕਦਾ ਹੈ। ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੋ ਸਮੇਂ ਕਰਵਾਉਣ ਦਾ ਮੁੱਦਾ ਵੀ ਇਸੇ ਮਕਸਦ ਨਾਲ ਉਠਾਇਆ ਗਿਆ ਹੈ। ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਲਾਂਭੇ ਕਰਨ ਲਈ, ਵੱਡੇ ਮੁੱਦੇ ਚਰਚਾ ਵਿੱਚ ਲੈ ਕੇ ਆਉ। ਇਸ ਲਿਹਾਜ਼ ਤੋਂ ਵੀ ਬੀ.ਐਚ.ਯੂ ਦੀਆਂ ਵਿਦਿਆਰਥਣਾਂ ਸਹੀ ਕੰਮ ਕਰ ਰਹੀਆਂ ਹਨ। ਛੇੜਖਾਨੀ ਦੇ ਖਿਲਾਫ ਆਵਾਜ਼ ਉਠਾ ਕੇ ਉਹ ਸਾਨੂੰ ਦੱਸ ਰਹੀਆਂ ਹਨ ਕਿ ਰਾਇਸਾਨਾ ਹਿੱਲਜ਼ ਸਿਰਫ ਦਿੱਲੀ ਵਿਚ ਹੀ ਨਹੀਂ ਹੈ। ਉਹ ਕਿਸੇ ਵੀ ਥਾਂ ’ਤੇ ਹੋ ਸਕਦੀ ਹੈ।
    ਕੀ ਤੁਸੀਂ ਹਰਿਆਣਾ ਦੀਆਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਅੰਦੋਲਨ ਨੂੰ ਭੁੱਲ ਗਏ ਹੋਂ ? ਇਸੇ ਸਾਲ ਮਈ ਮਹੀਨੇ ਦੀ ਗੱਲ ਹੈ ਜਦੋਂ 95 ਵਿਦਿਆਰਥਣਾਂ ਭੁੱਖ-ਹੜਤਾਲ ’ਤੇ ਬੈਠ ਗਈਆਂ ਸਨ। ਉੱਚ ਜਮਾਤਾਂ ਦੀ ਪੜਾਈ ਕਰਵਾਉਣ ਵਾਲਾ ਸਕੂਲ ਦੂਰ ਸੀ ਅਤੇ ਰਸਤੇ ਵਿਚ ਉਨ੍ਹਾਂ ਨਾਲ ਛੇੜਖਾਨੀ ਹੁੰਦੀ ਸੀ। ਇਸ ਲਈ ਧਰਨੇ ’ਤੇ ਬੈਠ ਗਈਆਂ। ਕੀ ਉਹ ਵੀ ਖੱਬੇ-ਪੱਖੀ ਵਿਚਾਰਧਾਰਾ ਦੀਆਂ ਪੈਰੋਕਾਰ ਸਨ ? ਕੀ ਨਿਰਭਯਾ ਦੇ ਹੱਤਿਆਰਿਆਂ ਦੇ ਖਿਲਾਫ  ਸਿਰਫ ਖੱਬੇ-ਪੱਖੀ ਹੀ ਰਾਇਸਾਨਾ ਹਿਲਜ਼ ਪਹੁੰਚੇ ਸਨ ? ਵੈਸੇ ਰਾਇਸਾਨਾ ਹਿੱਲਜ਼ ’ਤੇ ਪਹੁੰਚਣ ਦੀ ਸ਼ੁਰੂਆਤ ਖੱਬੇ-ਪੱਖੀ ਸੰਗਠਨਾਂ ਨੇ ਹੀ ਕੀਤੀ ਸੀ ਪਰ ਬਾਅਦ ਵਿਚ ਜੋ ਹਜ਼ਾਰਾਂ ਲੜਕੀਆਂ ਉਥੇ ਪਹੁੰਚੀਆਂ, ਕੀ ਉਹ ਸਾਰੀਆਂ ਖੱਬੇਪੱਖੀ ਵਿਚਾਰਾਧਾਰਾ ਦੀਆਂ ਸਮਰਥਕ ਸਨ ? ਖੱਬੇ-ਪੱਖੀ ਸਮਰਥਕ ਹੋਣ ਵੀ , ਫਿਰ ਵੀ ਇਹ ਗੱਲ ਕਿਸ ਤਰਕ ਦੇ ਆਧਾਰ ’ਤੇ ਕਹੀ ਜਾ ਸਕਦੀ ਹੈ ਕਿ ਰਾਤ ਨੂੰ ਕੈਂਪਸ ਵਿੱਚ ਘੁੰਮਣਾ, ਬਲਾਤਕਾਰ ਕਰਵਾਉਣ ਲਈ ਘੁੰਮਣਾ ਹੈ। ਕੀ ਕੋਈ ਉਪ-ਕੁਲਪਤੀ ਅਜਿਹੀ ਗੱਲ ਕਹਿ ਸਕਦਾ ਹੈ? ਨਿਯਮ-ਅਨੁਸਾਰ ਪ੍ਰਧਾਨ ਮੰਤਰੀ ਨੂੰ ਬਨਾਰਸ ਤੋਂ ਰੁਖਸਤ ਹੋਣ ਤੋਂ ਪਹਿਲਾਂ ਅਜਿਹੇ ਉਪ-ਕੁਲਪਤੀ ਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਵਿਦਿਆਰਥਣਾਂ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਕਰ ਸਕੇ ਤਾਂ ਕੋਈ ਗੱਲ ਨਹੀਂ, ਵੀ.ਸੀ(ਉਪ-ਕੁਲਪਤੀ) ਨੂੰ ਤਾਂ ਬਰਖ਼ਾਸਤ ਕਰ ਹੀ ਸਕਦੇ ਹਨ। ਕੁਸ਼ ਨਹੀਂ ਕਰ ਸਕਦੇ ਤਾਂ ਕੈਂਪਸ ਵਿੱਚ ਤੋਪ ਤਾਂ ਰਖਵਾ ਹੀ ਸਕਦੇ ਹਨ ਤਾਂ ਕਿ ਲੱਗੇ ਤਾਂ ਸਹੀ ਕਿ ਕੁਝ ਕਰ ਰਹੇ ਹਨ। ਕੁਝ ਸੁਣ ਰਹੇ ਹਨ।
    ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਜਿਲ੍ਹਾ ਪ੍ਰਸ਼ਾਸਨ ਨੇ ਵੀ.ਸੀ ਨੂੰ ਕਈ ਵਾਰ ਕਿਹਾ ਕਿ ਉਹ ਵਿਦਿਆਰਥਣਾਂ ਨਾਲ ਗੱਲ ਕਰ ਲੈਣ। ਪ੍ਰਧਾਨ ਮੰਤਰੀ ਨੂੰ ਖਾਸ ਕਰਕੇ ਇਸ ਨੁਕਤੇ ਦੀ ਰਿਪੋਰਟ ਮੰਗਣੀ ਚਾਹੀਦੀ ਹੈ ਕਿ ਵੀ.ਸੀ ਨੇ ਕੀ-2 ਕਦਮ ਉਠਾਏ। ਵਿਦਿਆਰਥਣਾਂ ਦਾ ਧਰਨਾ ਸਵੈ-ਪ੍ਰੇਰਿਤ ਸੀ। ਬਾਅਦ ਵਿਚ ਕੋਈ ਸਮਰਥਨ ਕਰਨ ਆ ਗਿਆ ਤਾਂ ਇਹ ਰਾਜਨੀਤਕ ਕਿਵੇਂ ਹੋ ਗਿਆ ? ਵੀ.ਸੀ ਨੇ ਧਰਨੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਹਿ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਕਰਕੇ, ਕੀ ਉਹ ਖੁਦ ਪੱਖਪਾਤੀ ਨਹੀਂ ਬਣ ਗਏ? ਉਹ ਕਿਸ ਵਿਚਾਰਧਾਰਾ ਦੀ ਰਾਜਨੀਤੀ ਕਰ ਰਹੇ ਹਨ ?
    ਬਹਾਨੇ ਨਾ ਬਣਾਉ। ਸਾਫ਼-2 ਕਹੋ ਕਿ ਤੁਸੀਂ ਨਹੀਂ ਚਾਹੁੰਦੇ ਕਿ ਲੜਕੀਆਂ ਆਪਣਾ ਮੂੰਹ ਖੋਲਣ,ਆਪਣੇ ਹੱਕਾਂ ਦੀ ਗੱਲ ਕਰਨ। ਲੜਕੀਆਂ ਦੀ ਆਜ਼ਾਦੀ ਅਤੇ ਖੁਦ-ਮੁਖਤਿਆਰੀ ਖਿਲਾਫ ਜਾਗੀਰੂ ਨਫ਼ਰਤ ਫੈਲਾਉਂਦੇ ਰਹੋ। ਉਨ੍ਹਾਂ ਵਿਚ ਹੁਣ ਇੰਨੀ ਹਿੰਮਤ ਅਤੇ ਸਮਝ ਹੈ ਕਿ ਉਹ ਆਪਣੀ ਬਿਹਤਰੀ ਦਾ ਰਸਤਾ ਖੁਦ ਚੁਣ ਲੈਣਗੀਆਂ। ਅੰਦੋਲਨ ਵਿਚ ਬਾਹਰਲੇ ਲੋਕਾਂ ਦੇ ਦਖਲ ਦਾ ਬਹਾਨਾ ਹੁਣ ਨਹੀਂ ਚਲੇਗਾ।
    ਵੈਸੇ ਬੀ.ਐਚ.ਯੂ ਦੇ ਪ੍ਰੋਫੈਸਰ ਕੀ ਕਰ ਰਹੇ ਹਨ ?
 ਨੋਟ: ਆਈ. ਟੀ. ਸੈਲ ਵਿੱਚ ਹੁਣ ਅਦਲਾ-ਬਦਲੀ ਸ਼ੁਰੂ ਹੋ ਚੁੱਕੀ ਹੈ। ਤੁਸੀਂ ਜੋ ਮਰਜੀ ਕਰ ਲਉ ਪਰ ਆਪਣੇ ਮਾਂ-ਬਾਪ ਨੂੰ ਨਹੀਂ ਦੱਸ ਸਕਦੇ ਕਿ ਤੀਜੇ ਦਰਜੇ ਦੇ ਘਟੀਆ ਨੇਤਾਵਾਂ ਦੀ ਤਰਫਦਾਰੀ ਲਈ ਤੁਸੀਂ, ਉਨ੍ਹਾਂ ਤੋਂ ਸਵਾਲ ਪੁਛਣ ਵਾਲਿਆਂ ਨੂੰ ਗਾਲਾਂ ਦੇਣ ਦਾ ਕੰਮ ਕਰਦੇ ਹੋ। ਉਨ੍ਹਾਂ ਨੂੰ ਪਤਾ ਚਲ ਗਿਆ ਤਾਂ ਤੁਹਾਡੀ ਖਿਚਾਈ ਕਰ ਦੇਣਗੇ। ਤੁਸੀਂ ਜਿਸ ਨੇਤਾ ਲਈ ਇਹ ਸਭ  ਕੰਮ ਕਰ ਰਹੇ ਹੋ, ਉਹ ਜਲਦੀ ਹੀ ਪਿਛਵਾੜੇ ਲੱਤ ਮਾਰ ਕੇ ਤੁਹਾਨੂੰ ਭਜਾਉਣ ਵਾਲਾ ਹੈ। ਆਪਣਾ ਅਕਸ ਸੁਧਾਰਨ ਲਈ ਉਹ ਕੁਝ ਵੀ ਕਰ ਸਕਦਾ ਹੈ।
 ਧੰਨਵਾਦ ਸਹਿਤ :  ਰਵੀਸ਼ ਕੁਮਾਰ  ਸੀਨੀਅਰ ਪੱਤਰਕਾਰ ਐਨ.ਡੀ.ਟੀ.ਵੀ
  ਪੇਸ਼ਕਸ          : ਹਰਚਰਨ ਸਿੰਘ ਚਹਿਲ


No comments:

Post a Comment