Friday, June 9, 2017

ਐੱਨ.ਡੀ.ਟੀ.ਵੀ. ਉੱਪਰ ਛਾਪੇਮਾਰੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲਾ - ਜਮਹੂਰੀ ਅਧਿਕਾਰ ਸਭਾ



ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਐੱਨ.ਡੀ.ਟੀ.ਵੀ. ਦੇ ਬਾਨੀ ਪ੍ਰਣਵ ਰਾਏ ਅਤੇ ਉਸਦੀ ਪਤਨੀ ਰਾਧਿਕਾ ਰਾਏ ਦੇ ਦਫ਼ਤਰ ਅਤੇ ਘਰ ਉੱਪਰ ਸੀ.ਬੀ.ਆਈ. ਵਲੋਂ ਮਾਰੇ ਛਾਪਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਨਿਰਪੱਖ ਏਜੰਸੀ ਦੇ ਤੌਰ 'ਤੇ ਸੀ.ਬੀ.ਆਈ. ਦੀ ਭੂਮਿਕਾ ਹਮੇਸ਼ਾ ਵਿਵਾਦਪੂਰਨ ਰਹੀ ਹੈ ਅਤੇ ਆਪਣਾ ਕਾਨੂੰਨੀ ਫਰਜ਼ ਨਿਭਾਉਣ ਦੀ ਬਜਾਏ ਇਹ ਕੇਂਦਰੀ ਏਜੰਸੀ ਹਮੇਸ਼ਾ ਸੱਤਾਧਾਰੀ ਧਿਰ ਦੇ ਸੌੜੇ ਹਿਤਾਂ ਅਨੁਸਾਰ ਵਿਰੋਧੀਆਂ ਦੀ ਬਾਂਹ ਮਰੋੜਨ ਦਾ ਕੰਮ ਕਰਦੀ ਆਈ ਹੈ। ਏਜੰਸੀ ਵਲੋਂ ਇਕ ਖ਼ਾਸ ਟੀ.ਵੀ. ਚੈਨਲ ਨੂੰ ਨਿਸ਼ਾਨਾ ਬਣਾਉਣ ਦਾ ਮਨੋਰਥ ਇਕ ਬੈਂਕ ਨਾਲ ਜੁੜੀਆਂ ਵਿਤੀ ਬੇਨਿਯਮੀਆਂ ਨਹੀਂ ਜਿਵੇਂ ਕਿ ਬਹਾਨਾ ਬਣਾਇਆ ਗਿਆ ਹੈ ਸਗੋਂ ਇਨ੍ਹਾਂ ਛਾਪਿਆਂ ਪਿੱਛੇ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਉਠਾਉਣ ਵਾਲਿਆਂ ਦੀ ਜ਼ਬਾਨਬੰਦੀ ਕਰਨ ਅਤੇ ਇਸ ਚੈਨਲ ਦੀ ਆਲੋਚਨਾਤਮਕ ਆਵਾਜ਼ ਨੂੰ ਦਬਾਉਣ ਦੀ ਤਾਨਾਸ਼ਾਹ ਮਨਸ਼ਾ ਕੰਮ ਕਰਦੀ ਹੈ। ਕਈ ਤਰ੍ਹਾਂ ਦੇ ਵਿਤੀ ਵਿਵਾਦਾਂ ਅਤੇ ਮਹਾਂ ਘੁਟਾਲਿਆਂ ਵਿਚ ਸ਼ਾਮਲ ਵੱਡੇ ਵੱਡੇ ਕਾਰਪੋਰੇਟ ਕਾਰੋਬਾਰੀਆਂ ਅਤੇ ਸੱਤਾਧਾਰੀ ਧਿਰ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਮੀਡੀਆ ਘਰਾਣਿਆਂ ਵੱਲ ਇਹ ਏਜੰਸੀ ਕਦੇ ਮੂੰਹ ਨਹੀਂ ਕਰਦੀ ਕਿਉਂਕਿ ਇਸ ਨੇ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰਿਆਂ ਅਨੁਸਾਰ ਹਰਕਤ ਵਿਚ ਆਉਣਾ ਹੁੰਦਾ ਹੈ। ਸੀ ਬੀ ਆਈ ਨੂੰ ਕਿਥੇ ਵਰਤਣਾ ਤੇ ਕਿਥੇ ਨਹੀਂ ਵਰਤਣਾ ਇਸ ਦੀ ਤਾਜ਼ਾ ਮਿਸਾਲ ਹੈ ਉਤਰਾਖੰਡ ਦੀ ਬੀ ਜੇ ਪੀ ਸਰਕਾਰ ਵਲੋਂ ਨੈਸ਼ਨਲ ਹਾਈਵੇਅ-74 ਲਈ ਜ਼ਮੀਨ ਪ੍ਰਾਪਤੀ ਮਾਮਲੇ ਵਿਚ 300 ਕਰੋੜ ਦਾ ਘੁਟਾਲਾ ਹੈ ਜਿਸ ਦੀ ਸੀ ਬੀ ਆਈ ਤੋਂ ਜਾਂਚ ਕੇਂਦਰੀ ਮੰਤਰੀ ਗਡਕਰੀ ਨੇ ਨਹੀਂ ਹੋਣ ਦਿੱਤੀ। ਇਹ ਇਸ ਏਜੰਸੀ ਨੂੰ ਸਿਆਸੀ ਹਿਤਾਂ ਲਈ ਵਰਤਣ ਦੀ ਇਕ ਹੋਰ ਮਿਸਾਲ ਹੈ। ਸਿਰਫ਼ ਤੇ ਸਿਰਫ਼ ਐੱਨ.ਡੀ.ਟੀ.ਵੀ. ਉੱਪਰ ਹਮਲਾ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲਾ ਹੈ ਜਿਸਦਾ ਸਮੂਹ ਜਮਹੂਰੀ ਅਤੇ ਇਨਸਾਫ਼ਪਸੰਦ ਤਾਕਤਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ। 
                                                                                                                                       
                                                                                                                                 ਬੂਟਾ ਸਿੰਘ, ਪ੍ਰੈੱਸ ਸਕੱਤਰ 
 ਮਿਤੀ: 6 ਜੂਨ 2017


No comments:

Post a Comment