Sunday, May 28, 2017

ਸ਼ਬੀਰਪੁਰ (ਸਹਾਰਨਪੁਰ) ਦੇ ਦਲਿਤਾਂ ਉੱਤੇ ਠਾਕੁਰ ਅਤਿਆਚਾਰ ਅਤੇ ਪ੍ਰਸਾਸ਼ਨ ਦਾ ਪੱਖਪਾਤੀ ਚੇਹਰਾਪੜਤਾਲੀਆ ਰਿਪੋਰਟ
5 ਮਈ ਨੂੰ ਉਤਰਾਖੰਡ ਦੇ ਜ਼ਿਲ੍ਹੇ ਸਹਾਰਨਪੁਰ ਦੇ ਪਿੰਡ ਸ਼ਬੀਰਪੁਰ ਵਿੱਚ ਠਾਕੁਰਾਂ ਅਤੇ ਦਲਿਤਾਂ ਦੇ ਟਕਰਾ ਦੀਆਂ ਘਟਨਾਵਾਂ 6 ਮਈ ਦੇ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ। 8 ਮਈ ਨੂੰ ਕਰਾਂਤੀਕਾਰੀ ਲੋਕ ਅਧਿਕਾਰ ਸੰਗਠਨ ਦੇ ਸਾਥੀ ਭੂਪਾਲ (ਸਹਾਰਨਪੁਰ), ਡਾ. ਪ੍ਰਮੋਦ ਧਾਲੀਵਾਲ, ਪ੍ਰਗਤੀਸ਼ੀਲ ਮਹਿਲਾ ਏਕਤਾ ਕੇਂਦਰ ਦੀ ਆਗੂ ਪੂਨਮ, ਨੌਜਵਾਨ ਭਾਰਤ ਸਭਾ ਦੇ ਸਾਥੀ ਰਾਜਿੰਦਰ ਅਤੇ ਰਾਸ਼ਟਰੀ ਦਲਿਤ ਕਰਾਂਤੀ ਮੋਰਚਾ ਦੇ ਪ੍ਰਧਾਨ ਬਲਵੰਤ ਸਿੰਘ ਚਾਰਵਾਲ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਸਾਥੀ ਨਰਭਿੰਦਰ ਆਦਿ ਅਧਾਰਤ ਛੇ ਮੈਂਬਰੀ ਟੀਮ ਨੇ ਇਲਾਕੇ ਅਤੇ ਸਬੀਬਪੁਰ ਪਿੰਡ ਜਾ ਕੇ ਘਟਨਾਂ ਦੀ ਜਾਂਚ ਪੜਤਾਲ ਕੀਤੀ। ਟੀਮ ਨੇ ਲੱਗਭੱਗ ਅੱਧਾ ਦਿਨ (6ਘੰਟੇ) ਪਿੰਡ ਵਿੱਚ ਜਾਂਚ ਪੜਤਾਲ ਲਈ ਲਾਏ ਅਤੇ ਦਲਿਤਾਂ ਦੇ ਸਾੜੇ ਗਏ ਘਰਾਂ, ਨੁਕਸਾਨੇ ਗਏ ਰਵੀਦਾਸ ਮੰਦਰ ਤੇ ਰਵੀਦਾਸ ਦੀ ਮੂਰਤੀ ਅਤੇ ਤਬਾਹੀ ਦੇ ਦ੍ਰਿਸ਼ਾਂ ਦਾ ਮੁਆਇਨਾ ਕੀਤਾ ਅਤੇ ਨਾਲ ਹੀ ਦਲਿਤ ਪ੍ਰੀਵਾਰਾਂ ਵਿਸ਼ੇਸ਼ ਕਰਕੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਤੋਂ, ਠਾਕੁਰਾਂ ਦੇ ਘਰਾਂ ’ਚੋਂ ਔਰਤਾਂ ਤੇ ਮਰਦ ਮੈਂਬਰਾਂ, ਤੇਲੀਆਂ ਦੇ ਪਰਿਵਾਰਾਂ ਨੂੰ ਮਿਲਕੇ ਜਾਣਕਾਰੀ ਇਕੱਠੀ ਕੀਤੀ। ਟੀਮ ਨੇ ਸ਼ਾਮੀ ਸਿਵਲ ਹਸਪਤਾਲ ਵਿੱਚ ਦਾਖਲ ਜ਼ਖਮੀ ਦਲਿਤਾਂ ਦਾ ਹਾਲ ਚਾਲ ਵੀ ਪੁੱਛਿਆ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਇਸ ਜਾਣਕਾਰੀ ਦੇ ਅਧਾਰ ’ਤੇ ਟੀਮ ਨੇ 9 ਮਈ ਨੂੰ ਜ਼ਿਲ੍ਹਾਂ ਪ੍ਰਸਾਸ਼ਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ 9 ਮਈ ਨੂੰ ਜ਼ਿਲ੍ਹਾ ਸਹਾਰਨਪੁਰ ’ਚ ਬਾਅਦ ਦੁਪਹਿਰ ਵਾਪਰੀਆਂ ਹੋਰ ਘਟਨਾਵਾਂ ਕਰਕੇ ਜ਼ੁੰਮੇਦਾਰ ਜ਼ਿਲ੍ਹਾ ਅਧਿਕਾਰੀ ਨਹੀਂ ਮਿਲ ਸਕੇ। ਇਸ ਕਰਕੇ ਟੀਮ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਇੱਕ ਮੰਗ ਪੱਤਰ ਸੋਪਿਆਂ ਜਿਸ ਵਿੱਚ ਰਾਸ਼ਟਰਪਤੀ ਤੋਂ ਸਿੱਧੇ ਦਖਲ ਦੀ ਮੰਗ ਕੀਤੀ ਗਈ ਸੀ।
ਘਟਨਾਗ੍ਰਸਤ ਪਿੰਡ ਸ਼ਬੀਰਪੁਰ ਦਾ ਵੇਰਵਾ: ਟੀਮ 8 ਮਈ ਨੂੰ ਜਦੋਂ 9 ਕੁ ਵਜੇ ਪਿੰਡ ਪਹੁੰਚੀ ਤਾਂ ਉਸ ਸਮੇਂ ਵੀ ਦਲਿਤ ਘਰਾਂ ਦੇ ਬਾਹਰ ਰੱਖੇ ਗਏ ਤੂੜੀ, ਚਾਰੇ ਜਾਂ ਗੋਹੇ ਦੇ ਬਾਲਣ ’ਚੋਂ ਧੂਆਂ ਨਿਕਲ ਰਿਹਾ ਸੀ। ਤੀਸਰੇ ਦਿਨ ਵੀ ਅੱਗ ਬੁਝਾਉਣ ਦੀ ਕੋਈ ਕੋਸ਼ਿਸ਼ ਨਜ਼ਰ ਨਹੀਂ ਆ ਰਹੀ ਸੀ।
          ਪਿੰਡ ਸ਼ਬੀਰਪੁਰ ਸਹਾਰਨਪੋਰ ਤੋਂ ਕੋਈ 30 ਕੁ ਕਿਲੋਮੀਟਰ ਦੂਰੀ ’ਤੇ ਹੈ ਅਤੇ ਬੜਗਾਉਂ ਪੁਲੀਸ ਸਟੇਸ਼ਨ ਅਧੀਨ ਹੈ। ਲੱਗਭੱਗ 4500 ਆਬਾਦੀ ਵਾਲੇ ਇਸ ਪਿੰਡ ਵਿੱਚ 2500 ਦੇ ਕਰੀਬ ਵੋਟਰ ਹਨ। ਅੱਧੀ ਕੁ ਆਬਾਦੀ 1200 ਕੁ ਵੋਟਰ ਠਾਕੁਰਾਂ ਦੀ ਹੈ ਅਤੇ ਬਾਕੀ ਬਰਾਦਰੀਆਂ ਵਿੱਚ ਵਧੇਰੇ ਕਸ਼ਅਪ–ਜੋਗੀ(ਉਪਾਧਿਆਏ), ਤੇਲੀ, ਧੋਬੀ ਤੇ ਹੋਰ ਬਰਾਦਰੀਆਂ ਦੇ ਲੋਕ ਹਨ। ਮੁਸਲਮਾਨ ਬਰਾਦਰੀ ਦੇ 12–13 ਘਰ ਹਨ ਜਿਹੜੇ ਮਜ਼ਦੂਰ ਹੀ ਹਨ। ਪਿਛਲੇਰੇ 10 ਸਾਲ ਤੋਂ ਪਿੰਡ ’ਚ ਪ੍ਰਧਾਨ ਦਲਿਤ(ਚਮਾਰ) ਬਰਾਦਰੀ ਚੋਂ ਹੀ ਬਣਦਾ ਆ ਰਿਹਾ ਹੈ। ਪਹਿਲੀ ਵੇਰ ਤਾਂ ਰੀਜ਼ਰਵ ਹੋਣ ਕਰਕੇ ਚੁਣਿਆ ਗਿਆ ਦੂਸਰੀ ਵਾਰੀ ਠਾਕੁਰਾਂ ਦੇ ਦੱਸਣ ਮੁਤਾਬਕ ਠਾਕੁਰਾਂ ਦੇ ਕਈ ਉਮੀਦਵਾਰ ਪ੍ਰਧਾਨਗੀ ਲਈ ਖੜੇ ਹੋ ਗਏ ਜਿਸ ਕਾਰਨ ਦੂਸਰੀਆਂ ਬਰਾਦਰੀਆਂ ਦਲਿਤਾਂ ਦੇ ਨਾਲ ਜੁੜ ਗਈਆਂ। ਇਹਨਾਂ ਦਲਿਤਾਂ ਨੂੰ ਜਾਟਵ ਗੋਤ ਨਾਲ ਪੁਕਾਰਿਆ ਜਾਂਦਾ ਹੈ। ਪਿੰਡ ਵਿੱਚ ਜ਼ਿਆਦਾ ਜ਼ਮੀਨ ਦੀ ਮਾਲਕੀ ਠਾਕੁਰਾਂ ਪਾਸ ਹੈ। ਵੈਸੇ ਦਲਿਤ ਦੇ ਕੁਝ ਕੁ ਪ੍ਰੀਵਾਰਾਂ ਪਾਸ ਵੀ ਥੋੜੀ ਥੋੜ ਜ਼ਮੀਨ ਹੈ। ਠਾਕੁਰਾਂ ਦੇ ਦੱਸਣ ਮੁਤਾਬਕ ਦਲਿਤ ਪ੍ਰਧਾਨ ਦੇ ਕੋਲ 60 ਵਿੱਘੇ ਜ਼ਮੀਨ ਹੈ ਪਰ ਜਾਂਚ ਤੋਂ ਪਤਾ ਲੱਗਿਆ ਕਿ ਉਹ ਪੰਜ ਭਰਾ ਹਨ ਭਾਵ 12–12 ਵਿੱਘੇ ਦੀ ਹੀ ਜ਼ਮੀਨ ਮਾਲਕੀ ਹੈ। ਪਿੰਡ ’ਚ ਇੱਕ ਸਰਕਾਰੀ ਸਕੂਲ ਹੈ ਜਿੱਥੇ ਵੱਡੀ ਗਿਣਤੀ ਬੱਚੇ ਦਲਿਤਾਂ ਪੜਦੇ ਹਨ । ਠਾਕੁਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਜਾਂਦੇ ਹਨ। ਇਸ ਗੱਲ ਦੀ ਪੁਸ਼ਟੀ ਇੱਕ ਅਧਿਆਪਕ ਨੇ ਵੀ ਕੀਤੀ ਜਿਸਨੇ ਦੱਸਿਆ ਕਿ ਇਲਾਕੇ ਵਿੱਚ ਹੀ ਇਹ ਸਥਿਤੀ ਹੈ ਸਰਕਾਰੀ ਸਕੂਲਾਂ ਵਿੱਚ ਦਲਿਤਾਂ ਦੇ ਹੀ ਵਧੇਰੇ ਬੱਚੇ ਪੜਦੇ ਹਨ।
5 ਮਈ ਨੂੰ ਵਾਪਰੀ ਭਿਆਨਕ ਮੰਜ਼ਿਰ ਵਿੱਚ ਦਲਿਤਾਂ ਦੇ 55 ਘਰ ਭੰਨਤੋੜ ਅਤੇ ਅੱਗਜਨੀ ਦਾ ਸ਼ਿਕਾਰ ਹੋਏ ਜਿਹਨਾਂ ਚੋਂ 26 ਤਾਂ ਬਿਲਕੁਲ ਸੜ ਕੇ ਸਵਾਹ ਹੇ ਗਏ। ਟੀਮ ਨੇ ਦੇਖਿਆ ਕਿ ਘਰ ਦਾ ਹਰ ਸਮਾਨ ਛੋਟੀ ਪੇਟੀ, ਅਲਮਾਰੀ, ਟੀ.ਵੀ., ਮੋਟਰ ਸਾਈਕਲ ਬਰਤਨ ਤੇ ਹਰ ਤਰ੍ਹਾਂ ਦੇ ਕਪੜਿਆਂ ਸਮੇਤ ਅਨਾਜ ਅਤੇ ਪਸ਼ੂਆਂ ਦਾ ਚਾਰਾ, ਚੁੱਲੇ ਜਲਾਉ ਵਾਲਾ ਬਾਲਣ ਆਦਿ ਰਾਖ ਹੋਇਆ ਪਿਆ ਸੀ। ਟੀਮ ਨੇ ਕਈ ਬਜ਼ੁਰਗ ਔਰਤਾਂ ਨੂੰ ਜ਼ਮੀਨ ’ਤੇ ਲੇਟਿਆਂ ਵੇਖਿਆ ਜਿਹਨਾਂ ਨੇ ਸੁਆਲਾਂ ਦਾ ਜੁਆਬ ਭਾਵੇਂ ਕੋਈ ਨਾ ਦਿੱਤਾ ਪਰ ਉਨ੍ਹਾਂ ਦੀਆਂ ਅੱਖਾਂ ਸਵਾਲ ਪੁੱਛ ਰਹੀਆਂ ਸਨਨ – “ਇਹ ਸਾਡੇ ਨਾਲ ਕਿਉਂ ਵਾਪਰਿਆ ਇਹਦਾ ਜਵਾਬ ਦਿੰਦੇ ਜਾਓ?” ਘਰ ਹੀ ਨਹੀ ਦਲਿਤਾਂ ਦੀਆਂ ਦੁਕਾਨਾਂ ਨੂੰ ਵੀ ਅੱਗ ਹਵਾਲੇ ਕਰ ਦਿੱਤਾ। ਦਲਿਤਾਂ ਦੇ ਪਸ਼ੂ ਵੀ ਅੱਗ ਦੀ ਲਪੇਟ ’ਚ ਆਏ ਸਿਰਫ਼ ਉਹੀ ਘਰ ਬਚੇ ਜਿਨ੍ਹਾਂ ਦੇ ਦਰਵਾਜੇ ਲੋਹੇ ਦੇ ਸਨ। ਘਰਾਂ ਦੀ ਸਾੜਫੂਕ ਦੇ ਨਾਲ ਹੀ ਦਲਿਤਾਂ ਦੇ ਰਵੀਦਾਸ ਮੰਦਰ, ਸ੍ਰੀ ਗੁਰੂ ਰਵੀਦਾਸ ਦੀ ਮੂਰਤੀ ਅਤੇ ਉਸ ਅੱਗੇ ਲੱਗਾ ਸੀਸ਼ਾ ਵੀ ਦੰਗਾਕਾਰੀਆ ਨੇ ਨਹੀਂ ਬਖਸ਼ਿਆ। ਜਿਹਨਾਂ ਦਲਿਤ ਮਰਦਾਂ ਐਰਤਾਂ ਨੇ ਘਰਾਂ ਦੀ ਅੱਗਜਨੀ ਤੋਂ ਸੁਰੱਖਿਆ ਕਰਨ ਦਾ ਯਤਨ ਕੀਤਾ ਉਹਨਾਂ ਨੂੰ ਤਲਵਾਰਾ ਅਤੇ ਲੋਹੇ ਦੀਆਂ ਰਾਡਾਂ ਅਤੇ ਡਾਗਾਂ ਸੋਟਿਆਂ ਨਾਲਬਹੁਤ ਜ਼ਿਆਦਾ ਕੁਟਿਆ ਅਤੇ ਜ਼ਖਮੀ ਕੀਤਾ। ਚੌਥੇ ਦਿਨ ਵੀ ਸਿਵਲ ਹਸਪਤਾਲ ’ਚ 15 ਦਲਿਤ ਜ਼ਖਮੀ ਮੰਜਿਆਂ ’ਤੇ ਸਨ ਅਤੇ ਇੱਕ ਨੌਜਵਾਨ ਜਿਹੜਾ ਪ੍ਰਧਾਨ ਸਿਵ ਕੁਮਾਰ ਦਾ ਲੜਕਾ ਹੈ ਗੰਭੀਰ ਹਾਲਤ ਵਿੱਚ ਦੇਹਰਾਦੂਨ ਦੇ ਜੈਲੀਗ੍ਰਾਂਟ ਹਸਪਤਾਲ ਵਿੱਚ ਜੇਰੇ ਇਲਾਜ ਹੈ।। ਜਖ਼ਮੀਆਂ ਵਿੱਚ 5–6 ਔਰਤਾਂ ਵੀ ਹਨ ਅਤੇ ਬਾਕੀ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹਨ। ਸਿਰਫ਼ 3–4 ਜਖਮੀ ਦਲਿਤ ਹੀ ਪ੍ਰੋੜ ਉਮਰੇ ਹਨ। ਪਿੰਡ ਸ਼ਬੀਰਪੁਰ ਦੀ ਦਲਿਤ ਬਸਤੀ ਦੀ ਇਹ ਤਬਾਹੀ ਦਾ ਮੰਜ਼ਿਰ ਮੱਧ ਯੁੱਗੀ ਜ਼ੁਲਮਾਂ ਦੀ ਯਾਦ ਤਾਜ਼ਾ ਕਰਵਾ ਰਿਹਾ ਹੈ।
5 ਮਈ ਦੀਆਂ ਘਟਨਾਵਾਂ ਤੇ ਮਹਾਰਾਣਾ ਪ੍ਰਤਾਪ ਜੇਅੰਤੀ: ਜ਼ਿਲ੍ਹੇ ਭਰ ’ਚ ਪਹਿਲਾਂ ਹੀ ਪੋਸਟਰ ਲੱਗੇ ਹੋਏ ਸਨ ਕਿ ਪਿੰਡ ਸ਼ਿਮਲਾਨਾ ਵਿੱਚ ਮਹਾਰਾਣਾ ਪ੍ਰਤਾਪ ਦੀ ਜੈਅੰਤੀ ਮਨਾਈ ਜਾ ਰਹੀ ਹੈ। ਮਹਾਰਾਣਾ ਪ੍ਰਤਾਪ ਦੀ ਵੱਡੀ ਫੋਟੋ ਵਾਲੇ ਪੋਸਟਰ, ਬੈਨਰ ਅਤੇ ਫਲੈਕਸਾਂ ਪਿੰਡ ਸਬੀਬਪੁਰ ਸਮੇਤ ਇਲਾਕੇ ਭਰ ਵਿੱਜ ਹੀ ਵੱਡੀ ਪੱਧਰ ’ਤੇ ਲੱਗੀਆਂ ਅੱਜ ਵੀ ਮੌਜੂਦ ਹਨ। 5 ਮਈ ਨੂੰ ਸ਼ਿਮਲਾਨਾ ਪਿੰਡ ਵਿੱਚ ਮਨਾਈ ਮਹਾਰਾਣਾ ਪ੍ਰਤਪ ਦੀ ਜੈਅੰਤੀ ਸਹਾਰਨਪੁਰ ਵਿੱਚ ਹੀ ਪਹਿਲੀ ਵਾਰ ਮਨਾਈ ਜਾ ਰਹੀ ਸੀ ਜਿਸ ’ਚ ਨੇੜਲੇ ਪਿੰਡਾਂ ਚੋਂ ਹਜ਼ਾਰਾਂ ਲੋਕ ਇਕੱਠੇ ਹੋਏ ਸਨ।
ਸਮਾਂ ਲਗਭਗ ਸਵਾ ਗਿਆਰਾਂ ਵਜ਼ੇ ਸਵੇਰ ਦਾ ਹੋਵੇਗਾ ਜਦੋਂ ਪਿੰਡ ਦੇ ਇੱਕ ਚੌਕ ’ਚ ਡੀ.ਜੇ. ਲਾਕੇ ਠਾਕੁਰਾਂ ਦੇ ਮੁੰਡੇ ਨੱਚਣ ਲੱਗੇ। ਇਸ ਚੌਂਕ ਤੋਂ ਅੱਗੇ ਦਲਿਤਾਂ ਦੇ ਘਰ ਪੈਂਦੇ ਸਨ ਅਤੇ ਪਿਛਲੇ ਪਿੰਡਾਂ ਤੋਂ ਆ ਰਿਹਾ ਰਸਤਾ ਪਿੰਡ ਦੀ ਦਲਿਤ ਬਸਤੀ ਵਿਚੋਂ ਦੀ ਹੋ ਕੇ ਹੀ ਲੰਘਦਾ ਹੈ। ਪਿਛਲੇਰੇ ਪਿੰਡਾਂ ਤੋਂ ਮਹਾਰਾਣਾ ਪ੍ਰਤਾਪ ਜੇਅੰਤੀ ਤੇ ਪਹੁੰਚਣ ਲਈ ਜਲੂਸ ਆ ਰਿਹਾ ਸੀ। ਪਿੰਡ ਦੇ ਪ੍ਰਵੇਸ਼ ਉੱਤੇ ਉਹਨਾਂ ਦੇ ਸੁਆਗਤ ਲਈ ਡੀ.ਜੇ. ਦਾ ਪ੍ਰਬੰਧ ਕੀਤਾ ਹੋਇਆ ਸੀ। ਪਿੰਡ ਦੇ ਮੁਖੀ ਹੋਣ ਦੇ ਨਾਤੇ ਅਤੇ ਪ੍ਰਧਾਨ ਦੇ ਰੂਪ ’ਚ ਸਿਵ ਕੁਮਾਰ ਨੇ ਥਾਣੇ ਇਤਲਾਹ ਦੇ ਦਿੱਤੀ ਕਿ ਇਸ ਡੀ.ਜੇ. ਨੂੰ ਬੰਦ ਕਰਵਾਇਆ ਜਾਵੇ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਵਾਪਰੇ। ਥਾਣਾ ਬੜਗਾਂਵ ਤੋਂ ਇੱਕ ਏ.ਐਸ.ਆਈ. ਕੁੱਝ ਸਿਪਾਹੀ ਲੈ ਕੇ ਆ ਗਿਆ ਅਤੇ ਠਾਕੁਰਾਂ ਨੂੰ ਸਮਝਾ ਬੁਝਾ ਕੇ ਪਿੰਡ ਵਿੱਚੋਂ ਦੀ ਲੰਘਾ ਕੇ ਸ਼ਿਮਲਾਨਾ ਦੇ ਰਾਹ ਪਾ ਦਿੱਤਾ। ਦਲਿਤਾਂ ਦੇ ਪੱਖੀਆਂ ਨੇ ਟੀਮ ਨੂੰ ਦੱਸਿਆ ਕਿ ਪੁਲੀਸ ਦੀ ਨਿਗਾਨੀ ਹੇਠ ਲੰਘ ਰਹੇ ਠਾਕੁਰ –ਮਹਾਰਾਣਾ ਪ੍ਰਤਾਪ ਜ਼ਿੰਦਾਬਾਦ, ਰਾਜਪੂਤਾਨਾ ਜ਼ਿੰਦਾਬਾਦ ਅਤੇ ਅੰਬੇਦਕਰ ਮੁਰਦਾਬਾਦ ਦੇ ਨਾਹਰੇ ਲਾ ਰਹੇ ਸਨ। ਇਹ ਭੜਕਾਹਟ ਪੈਦਾ ਕਰਨ ਵਾਲਾ ਜਲੂਸ ਸੀ।
          ਪਿੰਡ ਸ਼ਿਮਲਾਨਾ ਪਹੁੰਚਣ ਤੋਂ ਪਿੱਛੋਂ ਦੂਸਰੇ ਪਿੰਡਾਂ ਦੇ ਠਾਕੁਰਾਂ ਦਾ ਵੱਡਾ ਹਜੂਮ ਫੇਰ ਪਿੰਡ ਸਬੀਬਪੁਰ ਆ ਧਮਕਿਆ । ਟੀਮ ਨੇ ਅਖਬਾਰਾਂ ਦੀਆਂ ਫੋਟੋਆਂ ਅਤੇ ਮੋਬਾਇਲ ’ਤੇ ਵੀਡੀਓ ਆਦਿ ਰਾਹੀਂ ਜੋ ਵੇਖਿਆ ਉਸ ਮੁਤਾਬਕ ਚਿੱਟੇ ਵਸਤਰਾਂ ਅਤੇ ਦੋ ਫਰਲਿਆਂ ਵਾਲੀ ਸ਼ਾਹੀ ਰਾਜਪੂਤੀ ਪੱਗਾਂ ਵਾਲੇ ਸ਼ਾਸਤਰ ਧਾਰੀ(ਤਲਵਾਰਾਂ ਫੜੀ) ਨੌਜਵਾਨ ਪੁਲੀਸ ਦੀ ਹਾਜ਼ਰੀ ’ਚ ਬਿਨਾਂ ਪ੍ਰਵਾਹ ਕੀਤੇ ਪਿੰਡ ’ਚ ਦਾਖਲ ਹੋਏ ਅਤੇ ਫਿਰ ਪਹਿਲਾ ਨਿਸ਼ਾਨਾ ਰਵੀ ਦਾਸ ਮੰਦਰ ਬਣਾਇਆ ਅਤੇ ਇਸ ਦੌਰਾਨ ਪਿੰਡ ’ਚ ਪਸ਼ੁਆਂ ਲਈ ਚਾਰਾ ਲਿਆ ਰਿਹਾ ਇੱਕ ਨੌਜਵਾਨ ਵੀ ਇਹਨਾਂ ਦੀ ਦਰਿੰਦਗੀ ਦਾ ਸ਼ਿਕਾਰ ਬਣਿਆ। ਪੁਲੀਸ ਹਜੂਮ ਸਾਹਮਣੇ ਖਾਮੋਸ਼ ਸੀ। ਅਪੀਲਾਂ ਨੂੰ ਕੋਈ ਹੁੰਗਾਰਾ ਨਹੀਂ ਸੀ। ਦਲਿਤਾਂ ਨੇ ਹਜੂਮ ਤੋਂ ਬਚਾਅ ਲਈ ਘਰਾਂ ਉੱਤੇ ਚੜ ਕੇ ਆਪਣਾ ਸੁਰੱਖਿਆ ਪੈਂਤੜਾ ਲਿਆ। ਇਸੇ ਦੌਰਾਨ ਠਾਕੁਰ ਨੌਜਵਾਨਾਂ ਦੀ ਭੀੜ ਨੇ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਟੀਮ ਨੂੰ ਦੱਸਣ ਵਾਲਿਆਂ
ਮੁਤਾਬਕ ਦੰਗਾਕਾਰੀ ਕਿਸੇ ਚੀਜ਼ ਦਾ ਛਿੜਕਾਓ ਕਰਦੇ ਸਨ ਅਤੇ ਫੇਰ ਅੱਗ ਪੂਰੇ ਘਰ ਨੂੰ ਆਪਣੀ ਲਪੇਟ ’ਚ ਲੈ ਲੈਂਦੀ ਸੀ। ਲਗਭਗ 55 ਘਰਾਂ ਦੀ ਭੰਨਤੋੜ ਕਰਨ ਅਤੇ 25 ਘਰਾਂ ਨੂੰ ਅੱਗ ਹਵਾਲੇ ਕਰਨ ਦਾ ਸਮਾਂ 12.30 ਤੋਂ 3 ਵਜੇ ਦਾ ਹੈ ਜਿਹੜਾ ਲਗਭਗ ਚਾਰ ਘੰਟੇ ਬਣਦਾ ਹੈ। ਇਸ ਦੌਰਾਨ ਮੌਕੇ ਦੀ ਪੁਲੀਸ ਅਸਮਰੱਥ ਸੀ ਅਤੇ ਬਾਹਰੋਂ ਹੋਰ ਪੁਲੀਸ ਸਮੇਂ ਸਿਰ ਨਹੀਂ ਪਹੁੰਚੀ। ਹਾਲਾਂਕਿ ਐਸਡੀਐਮ ਭਾਵੇਂ ਲੇਟ ਹੀ ਸੀ ਪਹੁੰਚ ਚੁੱਕੇ ਸਨ। ਪਰ ਇਹਦੇ ਬਾਵਜੂਦ ਉਹ ਹਾਲਤਾਂ ਨੂੰ ਕਾਬੂ ਕਰਨ ’ਚ ਅਸਮਰੱਥ ਰਹੇ ਅਤੇ ਇਹ ਤੱਥ ਸਾਹਮਣੇ ਆਏ ਕਿ ਇਹ ਸਭ ਕੁੱਝ ਉਹਨਾਂ ਦੀ ਲੁਕਵੀਂ ਮਨਜ਼ੂਰੀ ਨਾਲ ਹੀ ਵਾਪਰਿਆ। ਇਸ ਗੱਲ ਦੀ ਪੁਸ਼ਟੀ ਇੱਕ ਹੋਰ ਪਾਸਿਓੁਂ ਬੜਵਾੳਂ ਪੁਲੀਸ ਸਟੇਸ਼ਨ ਦੇ ਅਫਸਰ ਮਹਿੰਦਰ ਪਾਲ ਸਿੰਘ ਨੇ ਵੀ ਕੀਤੀ ਜਿਹਨੂੰ ਇਹਨਾਂ ਘਟਨਾਵਾਂ ਪਿੱਛੋਂ ਪੁਲੀਸ ਲਾਈਨ ਤਬਦੀਲ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਥਾਣੇ ਲਈ 111 ਪੁਲੀਸ ਕਰਮਚਾਰੀਆਂ ਦੀ ਲੋੜ ਹੈ ਅਤੇ ਐਨੀਆਂ ਪੋਸਟਾਂ ਵੀ ਹਨ ਪਰ ਹਾਜ਼ਰ ਸਿਰਫ 22 ਹੀ ਸਨ। 52 ਪਿੰਡਾਂ ਲਈ 22 ਪੁਲੀਸ ਕਰਮਚਾਰੀਜਿਨ੍ਹਾਂ ਚੋਂ ਫੀਲਡ ’ਚ ਸਿਰਡ 13 ਹੀ ਕੰਮ ਕਰ ਰਹੇ ਸਨ। ਉਹਦਾ ਕਹਿਣਾ ਸੀ ਕਿ ਜੇ ਮੇਰੇ ਪਾਸ ਮੁਲਾਜ਼ਮਾਂ ਦੀ ਨਫ਼ਰੀ ਹੁੰਦੀ ਤਾਂ ਇਹ ਘਟਨਾ ਟਾਲੀ ਜਾ ਸਕਦੀ ਸੀ। ਛੇ ਆਦਮੀ 2000 ਦੀ ਭੀੜ ਨੂੰ ਕਿਵੇਂ ਕਾਬੂ ਕਰਦੇ? ਉਹਦੇ ਮੁਤਾਬਕ ਉਹਨੂੰ 10.30 ਵਜੇ ਇਤਲਾਹ ਮਿਲੀ ਅਤੇ 10.40 ਉੱਤੇ ਪਹੁੰਚ ਗਿਆ ਸੀ ਅਤੇ ਮੋਟਰਸਾਈਕਲਾਂ ਉੱਤੇ ਡੀਜੇ ਨਾਲ ਨੱਚ ਰਹੇ ਅਤੇ ਖੜਦੰਬ ਮਚਾ ਰਹੇ ਠਾਕੁਰਾਂ ਨੂੰ ਇੱਕ ਵਾਰੀ ਸਮਝਾ ਬੁਝਾ ਕੇ ਪਿੰਡੋਂ ਬਾਹਰ ਕੱਢ ਆਇਆ ਸੀ ਪਰ ਪਿੱਛੋਂ ਵੱਡਾ ਹਜ਼ੂਮ ਆ ਗਿਆ ਉਸਨੇ ਚਾਰ ਗੋਲੀਆਂ ਹਵਾ ’ਚ ਵੀ ਚਲਾਈਆਂ ਪਰ ਭੀੜ ਕਾਬੂ ’ਚ ਨਹੀਂ ਆਈ। ਵਧੇਰੇ ਪੁਲੀਸ ਫੋਰਸ 1.45 ’ਤੇ ਹੀ ਪਹੁੰਚੀ।
ਇਸ ਹੰਗਾਮੇ, ਅੱਗਜਨੀ ਤੇ ਹੁੱੜਦੁੰਗ ਵਿੱਚ ਠਾਕੁਰਾਂ ਵਾਲੇ ਪਾਸਿਓੁਂ ਇੱਥ ਨੌਜਵਾਨ ਦੀ ਮੌਤ ਹੋ ਗਈ ਜਿਹੜਾ ਠਾਕੁਰ ਬਰਾਦਰੀ ਨਾਲ ਸੰਬੰਧਿਤ ਸੀ ਅਤੇ ਪਿੰਡ ਰਸੂਲਪੁਰ ਟਾਂਕ ਦਾ ਸੀ। ਪੁਲੀਸ ਮੁਤਾਬਕ ਉਸਦੇ ਮੱਥੇ ਅਤੇ ਛਾਤੀ ’ਚ ਸੱਟਾਂ ਕਰਕੇ ਉਹਦੀ ਮੌਤ ਹੋਈ। ਪਰ ਪੋਸਟਮ ਮਾਰਟਮ ਰਿਪੋਰਟ ਮੁਤਾਬਕ ਉਹਦੀ ਮੌਤ ਦਮ ਘੁੱਟਣ (suffocation) ਨਾਲ ਹੋਈ ਅਤੇ ਬਾਕੀ ਸਰੀਰ ਉੱਤੇ ਮਾਮੂਲੀ ਝਰੀਟਾਂ ਹੀ ਹਨ। ਡਾ. ਅਨਿਲ ਸ਼ਰਮਾਂ ਨੇ ਜਿਹਨਾਂ ਨੇ ਪੋਸਟਮਾਰਟਮ ਕੀਤਾ ਸੀ ਨੇ ਦੱਸਿਆ ਕਿ ਸਾਹ ਬੰਦ ਹੋਏ ਜਾਂ ਨਾ ਲਏ ਸਕਣ ਦੇ ਕਾਰਨ ਤਾਂ ਮੌਕੇ ਦੀ ਹਾਲਤ ਤੋਂ ਹੀ ਪੜਤਾਲੇ ਜਾ ਸਕਦੇ ਹਨ। ਘਟਨਾ ਸਥਾਨ ਨੂੰ ਜਦੋਂ ਟੀਮ ਨੇ ਵਾਚਿਆ ਤਾਂ ਹਮਲਾ ਜਿਹੜਾ ਠਾਕੁਰ ਹੁੜਦੁੰਬ ਬਾਜਾਂ ਨੇ ਕੀਤਾ ਉਹਦਾ ਨਿਸਾਨਾਂ ਸੀ ਭਗਤ ਰਵੀਦਾਸ ਮੰਦਰ। ਰਵੀਦਾਸ ਮੰਦਰ ਛੋਟਾ ਹੈ ਅਤੇ ਉਹਦਾ ਪ੍ਰਵੇਸ਼ ਦੁਆਰਾ ਐਨਾ ਨੀਵਾਂ ਕਿ ਆਦਮੀ ਨੁੰ ਦੂਹਰਾ ਹੋ ਕੇ ਲੰਘਣਾ ਪੈਂਦਾ ਹੈ ਜਿਸ ਅੰਦਰ ਭਗਤ ਰਵੀਦਾਸ ਦੀ ਮੂਰਤੀ ਰੱਖੀ ਸੀ। ਇਸ ਮੰਦਰ ਦੇ ਅੰਦਰ ਸਿਰਫ 5–6 ਆਦਮੀਆਂ ਦੀ ਹੀ ਜਗ੍ਹਾ ਹੈ ਅਤੇ ਪ੍ਰਵੇਸ਼ ਦੁਆਰਾ ਤੋਂ ਬਿਨਾਂ ਕੋਈ ਰੋਸ਼ਨਦਾਨ ਵੀ ਨਹੀਂ ਹੈ। ਭੀੜ ਜਦੋਂ ਮੰਦਰ ਅੰਦਰ ਜਾ ਰਹੀ ਸੀ ਤਾਂ ਮੰਦਰ ਦੀ ਭੰਨ ਤੋੜ ਕਰਦਿਆਂ ਪਹਿਲੇ ਹੁੰੜਦੁੰਗ ਬਾਜ ਬਾਹਰ ਨਿਕਲ ਰਹੇ ਸੀ। ਤੇਜ਼ੀ ਨਾਲ ਨਿਕਲਣ ਕਰਕੇ ਨੌਜਵਾਨ ਸੁਮੀਤ ਵੀ ਛੋਟਾ ਦੁਆਰਾ ਲੰਘਣਾ ਭੁੱਲ ਗਿਆ ਜਿਸ ਦਾ ਮੱਥਾ ਦੁਆਰ ਦੀ ਉਪਰਲੀ ਕੰਧ ਨਾਲ ਵੱਜਾ ਅਤੇ ਅੱਗਜਨੀ ਅਤੇ ਭੀੜ ਵਿੱਚ ਅਜਿਹੇ ਮੌਕੇ ਸਾਹ ਦੀ ਘੁੱਟਣਾਂ ਸੁਭਾਵਕ ਹੀ ਸੀ। ਇਸ ਲੲ. ਮਾਹਰਾਂ ਦੀ ਪੜਤਾਲ ਜਰੂਰੀ ਸੀ। ਹਾਲਾਂਕਿ ਪੁਲੀਸ ਨੇ ਇਸ ਨੂੰ ਸੁਮੀਤ ਦੇ ਪਿਤਾ ਬ੍ਰਹਮ ਕੁਮਾਰ ਦੇ ਬਿਆਨਾਂ ’ਤੇ ਆਧਾਰਤ ਪ੍ਰਧਾਨ ਸਿਵ ਕੁਮਾਰ, ਉਹਦੇ ਭਰਾ ਸੁਦੇਸ਼ ਕੁਮਾਰ, ਸਾਬਕਾ ਪ੍ਰਧਾਨ ਨਰੇਸ਼ ਕੁਮਾਰ ਅਤੇ ਚਾਰ ਹੋਰ ਵਿਅਕਤੀਆਂ ਖਿਲਾਫ਼ ਧਾਰਾ 149–148, 302, 504, 506 ਹੇਠ ਮੁਕੱਦਮਾ ਦਰਜ ਕਰ ਦਿੱਤਾ ਹੈ। ਪੁਲੀਸ ਨੇ ਆਪਣੇ ਵੱਲੋਂ ਇਹਨਾਂ ਵਿਰੁੱਧ ਪੁਲੀਸ ਦੀਆਂ ਗੱਡੀਆਂ ਦੀ ਭੰਨਤੋੜ ਅਤੇ ਪਥਰਾਅ ਕਰਨ ਦਾ ਮੁਕੱਦਮਾ ਕਰਜ਼ ਕੀਤਾ ਹੈ।
ਟੀਮ ਜਦੋਂ ਠਾਕੁਰਾਂ ਤੋਂ ਪੁੱਛ ਪੜਤਾਲ ਕਰ ਰਹੀ ਸੀ ਤਾਂ ਪਿੰਡ ਦੇ ਠਾਕੁਰ ਪ੍ਰੀਵਾਰਾਂ ਨੇ ਦਲਿਤ ਮਹੁੱਲੇ ਜਾਣ ਤੋਂ ਇਨਕਾਰ ਕੀਤਾ ਅਤੇ ਇਸ ਪਥਰਾਅ ਅਤੇ ਟਕਰਾਅ ਨੂੰ ਦਲਿਤਾਂ ਅਤੇ ਪੁਲੀਸ ਦਰਮਿਆਨ ਟਕਰਾਅ ਹੀ ਕਿਹਾ। ਪਰ ਮੰਦਰ ਦੇ ਨੁਕਸਾਨੇ ਜਾਣ ਅਤੇ ਦਲਤਾਂ ਘਰਾਂ ਦੀ ਭੰਨ ਤੋੜ ਅਤੇ ਸਾੜੇ ਜਾਣ ਸਬੰਧੀ ਉਹਨਾ ਕੋਲ ਕੋਈ ਜਵਾਬ ਨਹੀਂ ਸੀ। ਦਲਿਤਾਂ ਕੋਲੋਂ ਪੁੱਛੇ ਸੁਆਲਾਂ ਚ ਉਹਨਾਂ ਸੁਮੀਤ ਦੀ ਮੌਤ ਸਬੰਧੀ ਇਹੋ ਕਿਹਾ ਕਿ “ਜਦੋਂ ਭਗਵਾਨ ਦੀ ਮੂਰਤੀ ਤੋੜੀ ਹੈ ਤਾਂ ਭਗਵਾਨ ਨੇ ਹੀ ਸਜ਼ਾ ਦਿੱਤੀ ਹੈ।
ਇਸ ਘਟਨਾ ਨੂੰ ਉਤੇਜਿਤ ਕਰਨ ਵਿੱਚ ਸ਼ੋਸ਼ਲ ਮੀਡੀਆ ਦੀ ਭੂਮਿਕਾ ਰਹੀ। ਡੀ.ਜੇ. ਬੰਦ ਕਰਵਾਉਣ ਪਿੱਛੋਂ ਤੇ ਫਿਰ ਸੁਮੀਤ ਦੀ ਮੌਤ ਪਿੱਛੋਂ ਵਾਇਰਲ ਹੋਈਆਂ ਵੀਡੀਓ ਵਿੱਚ ਦਲਿਤਾਂ ਵਿਰੁੱਧ ਕੁੜ ਪ੍ਰਚਾਰ ਕਰਕੇ ਅਤੇ ਤਿੰਨ ਠਾਕੁਰਾਂ ਦੇ ਕਤਲ ਕੀਤੇ ਜਾਣ ਦੀ ਝੂਠੀ ਖਬਰ ਦੇ ਕੇ ਭੜਕਾਇਆ ਗਿਆ ਸੀ ਜਿਸ ਨਾਲ ਨੇੜਲੇ ਪਿੰਡਾਂ ਵਿੱਚ ਵੀ ਠਾਕੁਰਾਂ ਅਤੇ ਦਲਿਤਾਂ ਦਾ ਤਨਾਅ ਵਧਿਆ ਅਤੇ ਦਲਿਤਾਂ ਦੇ ਖੋਖੇ ਭਾਵ ਛੋਟੀਆਂ ਦੁਕਾਨਾਂ ਸਾੜੀਆਂ ਗਈਆਂ। ਇਹ ਪਿੰਡ ਸਨ ਮਹੇਸ਼ਪੁਰ, ਨਾਨੌਤਾਂ, ਦੇਵਬੰਦ–ਰੁੜਕੀਆਂ ਉੱਤੇ ਜਾਮ ਵੀ ਲਾਇਆ ਗਿਆ।
ਸਿਵਲ ਹਸਮਪਾਲ ਵਿੱਚ ਦਾਖਲ ਜ਼ਖਮੀ ਔਰਤ ਰੀਟਾ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਸਿਰਫ਼ ਠਾਕੁਰਾਂ ਨੇ ਤਲਵਾਰਾਂ ਨਾਲ ਬੁਰੀ ਤਰ੍ਹਾਂ ਜਖ਼ਮੀ ਕੀਤਾ ਸਗੋਂ ਪਿੱਠ ਅਤੇ ਲੱਤਾਂ ਬਾਹਾਂ ਆਦਿ ਨੂੰ ਪੁਲੀਸ ਨੇ ਵੀ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਉਹਨਾਂ ਆਪਣੇ ਸਰੀਰ ਉੱਤੇ ਅਜਿਹੇ ਕੁੱਟ ਦੇ ਨਿਸ਼ਾਨ ਵੀ ਟੀਮ ਨੂੰ ਦਿਖਾਏ। ਉਹਦੇ ਸਰੀਰ ਦੇ ਖੱਬੀ ਬਾਂਹ, ਖੱਬੀ ਲੱਤ, ਪੇਟ ਕੋਲ ਤੇ ਛਾਤੀਆਂ ਕੋਲ ਜਖ਼ਮ ਵੇਖੇ ਗਏ। ਉਹਦੇ ਦੱਸਣ ਮੁਤਾਬਕ ਠਾਕੁਰ ਉਹਦੀਆਂ ਛਾਤੀਆਂ ਤੇ ਵਾਰ ਕਰਦੇ ਰਹੇ ਜਿਨ੍ਹਾਂ ਨੂੰ ਉਸਨੇ ਆਪਣੀਆਂ ਬਾਹਾਂ ਵੱਲ ਕੇ ਰੋਕਿਆ। ਉਸਨੇ ਆਪਣੇ ਮੋਢੇ, ਲੱਕ ਅਤੇ ਬਾਹਾਂ ’ਤੇ ਡਾਗਾਂ ਦੇ ਨਿਸ਼ਾਨ ਵੀ ਦਿਖਾਏ। ਰੀਟਾ ਦਾ ਘਰ ਸੜ ਕੇ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਉਹਦਾ ਪਤੀ ਵੀ ਜਖ਼ਮੀ ਹਾਲਤ ’ਚ ਹਸਪਤਾਲ ਵਿੱਚ ਨਾਲ ਹੀ ਪਿਆ ਸੀ। ਉਨ੍ਹਾਂ ਦੀਆਂ ਤਿੰਨ ਬੇਟੀਆਂ ਜੋ 4 ਤੋਂ ਲੈ ਕੇ 10 ਸਾਲ ਦੀ ਉਮਰ ਦੀਆਂ ਸਨ, ਉਹ ਅਜਿਹਾ ਖੌਫ਼ਨਾਕ ਮੰਜ਼ਿਰ ਦੇਖ ਕੇ ਦੌੜ ਗਈਆਂ ਸਨ ਅਤੇ ਤਿੰਨ ਦਿਨ ਗੁੰਮ ਰਹੀਆਂ ਸਨ। ਜਿਸ ਦਿਨ ਟੀਮ ਜਾਣਕਾਰੀ ਇਕੱਤਰ ਕਰਨ ਲਈ ਗਈ ਸੀ ਉਸੇ ਸਮੇਂ ਹੀ ਕੁੱਝ ਲੋਕਾਂ ਨੇ ਲੱਭ ਕੇ ਲਿਆਂਦੀਆਂ ਸਨ। 12–13 ਸਾਲ ਦੀ ਲੜਕੀ ਨੇ ਦੱਸਿਆ ਕਿ ਉਹਨਾ ਕੋਲ ਕੋਈ ਜਲਨਸ਼ੀਲ ਪਦਾਰਥ ਸੀ ਜਿਸ ਦਾ ਛਿੜਕਾਅ ਕਰਕੇ ਉਹਨਾਂ ਅੱਗ ਲਾਈ ਸੀ ਅਤੇ ਸਮੁੱਚਾ ਘਰ ਇੱਕ ਵਾਰ ਹੀ ਅੱਗ ਦੀਆਂ ਲਾਟਾਂ ’ਚ ਆ ਗਿਆ ਸੀ। ਉਨ੍ਹਾਂ ਕੁੜੀਆਂ ਨੂੰ ਵੀ ਕੁੱਟਿਆ ਸੀ ਜਿਸ ਤੋਂ ਦਹਿਸ਼ਤਜਦਾ ਹੋ ਕੇ ਉਹ ਘਰੋਂ ਭੱਜ ਗਈਆਂ ਸਨ। ਰੀਟਾ ਦਾ ਕਹਿਣਾ ਸੀ ਕਿ ਸਾਡੇ ’ਤੇ ਪਥਰਾਅ ਦਾ ਇਲਜ਼ਾਮ ਲਾਉਂਦੇ ਹਨ ਪਰ ਜਦੋਂ ਸਾਡੇ ਘਰ ਸਾੜੇ ਜਾ ਰਹੇ ਸਨ ਤਾਂ ਅਸੀ਼ ਚੁੱਪ ਕਰਕੇ ਵੇਂਹਦੇ ਰਹਿੰਦੇ? ਆਪਣੀ ਰਾਖੀ ਕੌਣ ਨਹੀਂ ਕਰਦਾ । ਉਹਦਾ ਇਤਰਾਜ਼ ਸੀ ਕਿ ਸੱਭ ਕੁੱਝ ਹੀ ਪੁਲੀਸ ਨੇ ਹੀ ਕਰਵਾਇਆ। ਜਦੋਂ ਸਵਾ ਗਿਆਰਾਂ ਵਜੇ ਸਵੇਰ ਤੋਂ ਹੀ ਡੀਜੇ ਲੱਗਾ ਸੀ, ਰਾਜਪੁਤਾਨਾ ਜ਼ਿੰਦਾਬਾਦ ਦੇ ਨਾਹਰੇ ਲੱਗ ਰਹੇ ਸਨ, ਮਹਾਰਾਣਾ ਪ੍ਰਤਾਪ ਦੇ ਨਾਹਰੇ ਲੱਗ ਰਹੇ ਸਨ, ਅੰਬੇਦਕਰ ਮੁਰਦਾਰਾਦ ਦੇ ਨਾਹਰੇ ਲੱਗ ਰਹੇ ਸਨ ਤਾਂ ਪੁਲੀਸ ਹੱਥ ਜੋੜਦੀ ਉਨ੍ਹਾਂ ਦੀ ਆਓੁ ਭਗਤ ਕਰ ਰਹੀ ਸੀ ਤਾਂ ਇਹ ਕਿਹਦੀ ਜ਼ਿੰਮੇਵਾਰੀ ਬਣਦੀ ਹੈ। ਦਲਿਤਾਂ ਦਾ ਆਮ ਹੀ ਕਹਿਣਾ ਹੈ ਪ੍ਰਧਾਨ ਸਿਵ ਕੁਮਾਰ ਨੇ ਤਾਂ ਸਵਾ ਗਿਆਰਾਂ ਵਜੇ ਹੀ ਪੁਲੀਸ ਨੂੰ ਫੋਨ ’ਤੇ ਇਤਲਾਹ ਦੇ ਦਿੱਤੀ ਸੀ ਪੁਲੀਸ ਆਈ ਵੀ ਪਰ ਉਨ੍ਹਾ ਕੀ ਭੂਮਕਾ ਨਿਭਾਈ?
ਪ੍ਰਿੰਟ ਤੇ ਬਿਜਲਈ ਮੀਡੀਆ ਸਮੇਤ ਅਧਿਕਾਰੀਆਂ ਨੇ ਇਹਨੂੰ ਦੋ ਬਰਾਦਰੀਆਂ ਵਿੱਚ ਟਕਰਾਅ ਕਹਿ ਕੇ ਪੇਸ਼ ਕੀਤਾ ਹੈ। ਕੀ ਇਹ ਦੋ ਫਿਰਕਿਆਂ ਦਰਮਿਆਨ ਟਕਰਾਅ ਸੀ ਤੇ ਹੈ। ਇਹ ਸੁਆਲ ਹੈ ਅਤੇ ਦਲਿਤਾਂ ਪ੍ਰਤੀ ਗੈਰ ਬਰਾਬਰੀ ਵਾਲੀ ਪਹੁੰਚ ਵੀ। ਸਬੀਬਪੁਰ ਦੇ ਦਲਿਤਾਂ ਦਾ ਪਿੰਡ ਦੇ ਠਾਕੁਰਾਂ ਨਾਲ ਟਕਰਾਅ ਹੋਇਆ ਹੀ ਨਹੀਂ। ਡੀਜੇ. ਲਾਉਣ ਜਾਂ ਨਾ ਲਾਉਣ ਦਾ ਮਾਮਲਾ ਤਾਂ 10.30 ਵਜੇ ਹੀ ਟਲ ਗਿਆ ਸੀ। ਜਦੋਂ ਕਿ ਪਿੰਡ ਸ਼ਿਮਲਾਨਾ ਤੋਂ ਠਾਕੁਰਾਂ ਨੌਜਵਾਨਾ ਦਾ ਹਜ਼ੂਮ ਆ ਕੇ ਪਿੰਡ ਸਬੀਬਪੁਰ ਦੀ ਦਲਿਤ ਬਸਤੀ ’ਤੇ ਹਮਲਾ ਕਰਦਾ ਹੈ ਤਾਂ ਕੀ ਇਹ ਬਰਾਬਰ ਦਾ ਟਕਰਾਅ ਕਿਹਾ ਜਾ ਸਕਦਾ ਹੈ? ਜੇ ਟਕਰਾਅ ਸੀ ਤਾਂ ਪਿੰਡ ਦੇ 14–15 ਦਲਿਤ ਜਖ਼ਮੀ ਹੋਏ 25 ਘਰ ਸੜੇ ਅਤੇ 55 ਘਰ ਭੰਨੇ ਗਏ, ਦਲਿਤ ਮੰਦਰ ਦੀ ਭੰਨ ਤੋੜ ਕੀਤੀ ਪਰ ਪਿੰਡ ਦੇ ਕਿਸੇ ਠਾਕੁਰ ਦੇ ਨਾਂ ਝਰੀਟ ਆਈ ਨਾ ਹੀ ਕੋਈ ਨੁਕਸਾਨ ਹੋਇਆ ਇਹ ਕੀ ਬਰਾਬਰ ਦੀ ਲੜਾਈ ਹੈ? ਇਹ ਪਹੁੰਚ ਹੀ ਖਤਰਨਾਕ ਹੈ ਅਤੇ ਪੁਲੀਸ ਅਤੇ ਮੀਡੀਆ ਸਬੰਧੀ ਦਲਿਤਾਂ ਵਿੱਚ ਗੈਰ ਵਿਸ਼ਵਾਸ਼ੀ ਪੈਦਾ ਕਰਨ ਅਤੇ ਨਫ਼ਰਤ ਵਧਾਉਣ ਦਾ ਹੀ ਸਬੱਬ ਬਣਦਾ ਹੈ।
ਸ਼ਬੀਰਪੁਰ ’ਚ ਵਾਪਰੇ ਕਾਂਡ ਦਾ ਪਿਛੋਕੜ
          ਜਿਵੇਂ ਪਹਿਲਾਂ ਜ਼ਿਕਰ ਆ ਚੁੱਕਾ ਹੈ ਕਿ ਸਬੀਬਪੁਰ ਪ੍ਰਧਾਨ ਪਿਛਲੀਆਂ ਦੋ ਪਾਰੀਆਂ ਵਿੱਚ ਦਲਿਤ ਹੀ ਰਿਹਾ ਹੈ। ਇਸੇ ਦੌਰਾਨ ਦਲਿਤਾਂ ਨੇ ਰਵੀਦਾਸ ਮੰਦਰ ਦਾ ਨਿਰਮਾਨ ਵੀ ਕੀਤਾ ਹੈ ਜਿਹੜਾ ਕਿ 5 ਕੁ ਮਰਲੇ ਦੇ ਪਲਾਟ ਦੇ ਇੱਕ ਕੋਨੇ ਵਿੱਚ ਬਹੁਤ ਹੀ ਛੋਟਾ 6x6ਫੁਟ ਦਾ ਮੰਦਰ ਹੋਵੇਗਾ ਜਿਸ ਵਿੱਚ 3x21/2 ਫੁੱਟ ਮੂਰਤੀ ਰਖਣ ਲਈ ਜਗ੍ਹਾ ਹੈ। ਇਹ ਪੁਰਾਤਨ ਮੰਦਰ ਨਿਰਮਾਣਾਂ ਦੀ ਤਰਜ਼ ’ਤੇ ਹੈ ਪਰ ਇਹ ਠਾਕੁਰ ਸਮੁਦਾਏ ਨੂੰ ਹਜ਼ਮ ਨਹੀ਼ ਆਇਆ। ਠਾਕੁਰਾਂ ਨੇ ਖੁਦ ਪ੍ਰਵਾਨ ਕੀਤਾ ਕਿ ਇਸ ਮੰਦਰ ਦੀ ਦਲਿਤਾਂ ਨੇ ਬਿਨਾਂ ਇਜਾਜ਼ਤ ਦੇ ਉਸਾਰੀ ਕੀਤੀ ਹੈ ਮੌਜੂਦਾ ਪ੍ਰਧਾਨ ਸਿਵ ਕੁਮਾਰ ਨੇ ਇਸ ਦੇ ਨਾਲ ਹੀ ਇੱਕ ਥੜੇ ਦਾ ਨਿਰਮਾਨ ਕਰਵਾਇਆ ਸੀ ਜਿਸ ਉੱਤੇ ਭੀਮ ਰਾਓਅੰਬੇਦਕਰ ਦੀ ਮੂਰਤੀ ਲਾਈ ਜਾਣੀ ਸੀ। 14 ਅਪ੍ਰੈਲ ਨੂੰ ਮੂਰਤੀ ਰੱਖਣ ਦਾ ਪ੍ਰਗਰਾਮ ਸੀ, ਪਰ ਠਾਕੁਰਾਂ ਨੇ ਪ੍ਰਸਾਸ਼ਨ ਨੂੰ ਇਹ ਸ਼ਿਕਾਇਤ ਕੀਤੀ ਕਿ ਇਹ ਮੂਰਤੀ ਬਿਨਾਂ ਇਜਾਜ਼ਤ ਦੇ ਰੱਖੀ ਰਾ ਰਹੀ ਹੈ। ਪ੍ਰਸਾਸ਼ਨ ਨੇ ਆ ਕੇ ਰੋਕ ਲਗਾ ਦਿੱਤੀ। ਪੁਲੀਸ ਦੇ ਉੱਚ ਅਧਿਕਾਰੀ ਮੁਤਾਬਕ ਇਹ ਮੂਰਤੀ ਅਜੇ ਵੀ ਪ੍ਰਧਾਨ ਦੇ ਘਰ ਪਈ ਹੈ। ਭਾਵ ਜਿਵੇਂ ਕਿ ਕਲੇਸ਼ ਦੀ ਜੜ ਅੰਬੇਦਕਰ ਦੀ ਮੂਰਤੀ ਹੀ ਹੈ। ਪ੍ਰਸਾਸ਼ਨ ਨੇ ਅਜੇ ਤੱਕ ਅੰਬੇਦਕਰ ਦੀ ਮੂਰਤੀ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ। ਹਾਲਾਂਕਿ ਹੁਣ ਤਾਂ ਉਸ ਸੰਘ ਅਤੇ ਬੀਜੇਪੀ ਦੀ ਸਰਕਾਰ ਹੈ ਜਿਹੜੀ ਅੰਬੇਦਕਰ ਨੂੰ ਹਥਿਆਉਣ ਲਈ ਪੂਰੇ ਪਖੰਡ ’ਤੇ ਉਤਰੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅੰਬੇਦਕਰ ਪ੍ਰਤੀ ਸ਼ਬਦਾਬਲੀ ਅਤੇ ਹੇਠਾਂ ਭਾਜਪਾ, ਸੰਘ ਵੱਲੋਂ ਅੰਬੇਦਕਰ ਪ੍ਰਤੀ ਨਫ਼ਰਤ ਇੱਕ ਚਿਹਰੇ ਦੇ ਦੋ ਮਖੌਟੇ ਹਨ। ਸੁਆਲ ਉਠਦਾ ਹੈ ਕਿ ਪ੍ਰਸਾਸ਼ਨ ਨੂੰ ਅੰਬੇਦਕਰ ਤੋਂ ਕਾਹਦਾ ਡਰ ਹੈ?
          ਟੀਮ ਨੇ ਪਿੰਡਾਂ ਦਾ ਅਧਿਐਨ ਕੀਤਾ ਅਤੇ ਠਾਕੁਰਾਂ ਦੀ ਮਾਨਸਿਕਤਾ ਨੂੰ ਪਛਾਣਿਆ ਵਾਚਿਆ ਅਤੇ ਇਸ ਸਿੱਟੇ ’ਤੇ ਪਹੁੰਚੀ ਕਿ ਦਰ ਅਸਲ ਦਲਿਤਾਂ ਨਾਲਬਰਾਬਰ ਦੀ ਸਮਾਜਿਕ ਹੈਸੀਅਤ ਠਾਕੁਰ ਨੂੰ ਕਦਾਚਿੱਤ ਪ੍ਰਵਾਨ ਨਹੀਂ ਅਤੇ ਉਹ ਅਜੇ ਵੀ ਮੱਧ ਯੁੰਗੀ ਮਾਨਸਿਕਤਾ ਵਿੱਚ ਹੀ ਜਿਉਂ ਰਹੇ ਹਨ। ਸਬੀਬਪੁਰ ਦੇ ਠਾਕੁਰਾਂ ਤੇ ਠਾਕੁਰ ਪ੍ਰੀਵਾਰਾਂ ਦੀਆਂ ਔਰਤਾਂ ਦੇ ਬਿਆਨ ਇਸ ਦੀ ਪੁਸ਼ਟੀ ਕਰਦੇ ਹਨ। ਉਹਨਾਂ ਦਾ ਪਹਿਲਾ ਇਤਰਾਜ਼ ਸੀ ਕਿ ਇਹਨਾਂ ਨੂੰ ਪਿਛਲੇਰੀਆਂ ਸਰਕਾਰਾਂ ਦੌਰਾਨ ਜ਼ਮੀਨਾਂ ਮਿਲੀਆਂ, ਮਾਨ ਸਨਮਾਨ ਮਿਲਿਆ, ਨੌਕਰੀਆਂ ਮਿਲੀਆਂ। ਦੂਸਰਾ ਇੱਕ ਇੱਕ ਪ੍ਰੀਵਾਰ ਦੇ ਚਾਰ–ਚਾਰ, ਪੰਜ–ਪੰਜ ਮੈਂਬਰ ਦਿਹਾੜੀ ਕਰਕੇ ਪੈਸੇ ਲੈ ਆਉਂਦੇ ਹਨ। 600 ਰੁਪਏ ਮਜ਼ਦੂਰੀ ਮਿਲਦੀ ਹੈ, ਇਹ ਕਿਸੇ ਪਾਸਿਉਂ ਕਮਜ਼ੋਰ ਨਹੀਂ ਹਨ। ਪ੍ਰੇਸ਼ਾਨ ਤਾਂ ਅਸੀਂ ਹਾਂ। ਤੀਸਰਾਂ ਉਨ੍ਹਾਂ ਦੀ ਭਾਸ਼ਾ ਅਤੇ ਵਿਚਾਰਾਂ ਦੇ ਪ੍ਰਗਟਾਅ ਤੋਂ ਸਾਹਮਣੇ ਆਇਆ ਕਿ ਇਹ ਭਾਵ ਨਵੀਂ ਪੀੜੀ ਬਰਾਬਰੀ ਕਰਨ ਲੱਗੀ ਹੈ। ਠਾਕੁਰ ਔਰਤਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ “ਸਾਡੀ ਤਾਂ ਇੱਜ਼ਤ ਹੈ, ਅਸੀ਼ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਇਹਨਾਂ ਦੀਆਂ ਔਰਤਾਂ ਦੀ ਕੀ ਇਜ਼ਤ ਹੈ। ਦਲਿਤ ਔਰਤਾਂ ਟਰੈਕਟਰਾਂ ’ਤੇ ਬਹਿ ਸ਼ਹਿਰ ਜਾਂਦੀਆਂ ਹਨ ਅਤੇ ਪੈਸੇ ਲੈ ਕੇ ਆਉਂਦੀਆਂ ਹਨ।” ਭਾਵ ਉਹਨਾਂ ਦਾ ਗੁੱਸੇ ’ਤੇ ਨਫ਼ਰਤ ਵਾਲਾ ਇਤਰਾਜ਼ ਸੀ ਕਿ ਪਹਿਲਾਂ ਵਾਗੂੰ ਦਲਿਤ ਜੀ ਹਜੂਰੀਏ ਤੇ ਗਲਾਮ ਨਹੀਂ ਹਨ।
          ਇੱਕ ਨੌਜਵਾਨ ਠਾਕੁਰ ਨੇ ਸਰਕਾਰੀ ਸਕੂਲ ’ਚ ਬੱਚਿਆਂ ਦੇ ਪੜਾਉਣ ਸਬੰਧੀ ਸੁਆਲ ਦੇ ਜਵਾਬ ’ਚ ਕਿਹਾ ਕਿ, “ਠਾਕੁਰਾਂ ਦੇ ਬੱਚੇ ਦਲਿਤਾਂ ਦੇ ਬਰਾਬਰ ਬੈਠ ਕੇ ਨਹੀਂ ਪੜ ਸਕਦੇ। ਅਸੀ਼ ਜ਼ਮੀਨ ਵੇਚ ਦਿਆਂਗੇ ਪਰ ਸਾਡੇ ਬੱਚੇਸਰਕਾਰੀ ਸਕੂਲ ਵਿੱਚ ਦਲਿਤਾਂ ਨਾਲ ਨਹੀਂ ਬੈਠਕੇ ਪੜਨਗੇ।” ਉਨ੍ਹਾਂ ਨੂੰ ਇਹ ਵੀ ਇਤਰਾਜ਼ ਸੀ ਕਿ ਪਿੰਡ ਦਾ ਪਟਵਾਰੀ ਦਲਿਤ ਹੈ ਅਤੇ ਉਹ ਵੀ ਦਵੈਤ ਰੱਖਦਾ ਹੈ।
ਠਾਕੁਰਾਂ ਦਾ ਇਹ ਵੀ ਇਤਰਾਜ਼ ਸੀ ਕਿ ਜਦੋਂ ਤੋਂ ਐਸ. ਸੀ. ਐਸ. ਟੀ. ਐਕਟ ਬਣਿਆ ਹੈ, ਠਾਕੁਰ ਪ੍ਰਵਾਰਾਂ ਨੂੰ ਖੁਦ ਕੰਟਰੋਲ ਕਰਨਾ ਪੈ ਰਿਹਾ ਹੈ ਅਤੇ ਕਦੀ ਕਦੀ ਜੇਲ ਵੀ ਜਾਣਾ ਪੈਂਦਾ ਹੈ। ਉਹਨਾਂ ਲਈ ਬਸਪਾ ਇਸ ਕਰਕੇ ਨਫ਼ਰਤ ਦਾ ਪਾਤਰ ਸੀ ਕਿਉਂਕਿ ਉਹ ਦਲਿਤਾਂ ਦੇ ਪਿੱਠ ’ਤੇ ਖੜੀ ਹੁੰਦੀ ਹੈ। ਹਾਲਾਂਕਿ ਬਸਪਾ ਦੀ ਰਣਨੀਤੀ ਮਹਿਜ਼ ਦਲਿਤ ਵੋਟਰਾਂ ਨੂੰ ਕਲਾਵੇ ’ਚ ਰੱਖਣ ਤੱਕ ਹੈ। ਠਾਕੁਰਾਂ ਨੇ ਕਿਹਾ ਕਿ ਬਸਪਾ ਸਰਕਾਰ ਹੁੰਦੀ ਤਾਂ ਸਾਰੇ ਠਾਕੁਰ ਅੰਦਰ ਜਾਣੇ ਸਨ। ਹੁਣ ਤਾਂ ਸਿਰਫ਼ 10–12 ਲੋਕ ਹੀ ਪਹਿਲੇ ਦਿਨ ਕਾਬੂ ਠਾ ਗਏ ਫਿਰ ਕੋਈ ਗ੍ਰਿਫ਼ਤਾਰਨਹੀਂ ਹੋਇਆ।
ਟੀਮ ਨੇ ਇਹ ਵੀ ਨੋਟ ਕੀਤਾ ਅਤੇ ਤੱਥ ਮਿਲੇ ਕਿ ਇਸ ਪਿੰਡ ਦੇ ਠਾਕੁਰਾਂ ਵਿੱਚ ਆਰ. ਐਸ. ਐਸ. ਆਪਣੀ ਸਾਖ਼ਾ ਵੀ ਲਾੳਂਦਾ ਹੈ। ਇਸ ਪਿੰਡ ਵਿੱਚ ਇਸ ਸੰਸਥਾ ਵਿੱਚ ਦਲਿਤਾਂ ਦਾ ਕੋਈ ਮੇਂਬਰ ਨਹੀਂ ਜਾਂਦਾ ਜਦੋਂ ਕਿ ਹੋਰ ਪਿੰਡਾਂ ਵਿੱਚ ਵੀ ਸਾਖ਼ਾ ਵਿੱਚ ਦਲਿਤ ਨੌਜਵਾਨ ਹਨ। ਸੋ ਟੀਮ ਨੇ ਨੋਟ ਕੀਤਾ ਕਿ ਸੰਘ ਜਿਹੜਾਂ ਜਾਤੀ ਪਾਤੀ ਵਿਚਾਰਾਂ ਦੀ ਨਫ਼ਰਤ ਬੀਜਦਾ ਹੈ ਉਹਦਾ ਅਸਰ ਹੈ ਕਿ ਠਾਕੁਰ ਆਪਣੇ ਸਵਰਨ ਭਾਵ ਉੱਚ ਜਾਤੀ ਦੀ ਹਊਮੇਂ ਹੰਕਾਰ ’ਚ ਗ੍ਰਸ਼ਤ ਹਨ । ਉਹ ਰਾਖਵੇਂ ਕਰਨ ਅਤੇ ਸਮਾਜਕ ਬਰਾਬਰੀ ਦੇ ਵਿਰੋਧੀ ਹਨ। ਇਹ ਅੰਤਰ ਵਿਰੋਧ ਯੂ.ਪੀ. ਦਾ ਭਾਜਪਾ ਤੇ ਯੋਗੀ ਸਰਕਾਰ ਆਉਣ ਨਾਲ ਤਿੱਖਾ ਹੋਇਆ ਹੈ। ਸੰਘ  ਯੂ.ਪੀ. ਵਿੱਚ ਦੇਸ਼ ਦੇ ਹੋਰਾਂ ਹਿੱਸਿਆਂ ਵਾਗੂੰ ਮੁਸਲਮਾਨਾਂ ਦੇ ਵਿਰੋਧ ’ਚ ਸਾਰੇ ਹਿੰਦੂਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਆਪਣੇ ਫਾਸ਼ੀ ਅੰਦੋਲਨ ਨੂੰ ਮਜ਼ਬੂਤ ਕਰ ਰਿਹਾ ਹੈ।

ਘਟਨਾ ਪਿੱਛੋਂ ਪ੍ਰਸਾਸ਼ਨ ਦੀ ਭੂਮਿਕਾ ਸਵਾਲਾਂ ਦੇ ਘੇਰੇ ’ਚ:– ਕਿਉਂਕਿ 14 ਅਪ੍ਰੈਲ ਨੂੰ ਹੀ ਅੰਬੇਦਕਰ ਦੇ ਬੁੱਤ ਲਾਉਣ ਨੂੰ ਲੈ ਕੇ ਪਿੰਡ ਵਿੱਚ ਕੜਵਾਹਟ ਸੀ। ਪ੍ਰਸਾਸ਼ਨ ਨੂੰ ਖਬਰਦਾਰ ਹੋਣਾ ਚਾਹੀਦਾ ਸੀ ਅਤੇ ਵਿਸ਼ੇਸ ਕਰਕੇ 11.30 ਵਜੇ ਜਾਣਕਾਰੀ ਮਿਲਣ ਪਿੱਛੋਂ ਹੋਰ ਵੀ ਚੌਕਸ ਕਿਉਂ ਨਹੀਂ ਹੋਇਆ। ਇਹਦੇ ਤਾਲਮੇਲ ਵਿੱਚ ਕਿੱਥੇ ਫਰਕ ਰਿਹਾ ਹੈ। ਇਹ ਕਿਸੇ ਏਜੰਸੀ ਦੀ ਜਾਂਚ ਦਾ ਕੰਮ ਹੈ। ਪਰ ਜਾਂਚ ਟੀਮ ਨੇ ਨੋਟ ਕੀਤਾ ਕਿ ਇਹਦੇ ਵਿੱਚ ਗੈਰ ਜ਼ਿੰਮੇਦਾਰਾਨਾ ਭੂਮਿਕਾ ਜਰੂਰ ਨਿਸਚਿਤ ਹੁੰਦੀ ਹੈ। ਵਿਸ਼ੇਸ ਕਰਕੇ ਜਦੋਂ ਪਿੰਡ ਸਿਮਲਾਨਾ ਤੋਂ ਹੜਦੁੰਗਬਾਜ ਹਜੂਮ ਚਲਿਆ ਤਾਂ ਪ੍ਰਸਾਸ਼ਨ ਕਿੱਥੇ ਗੁੰਮ ਰਿਹਾ। ਡੀ.ਜੀ.ਪੀ. ਨੇ ਖੁਫ਼ੀਆ ਤੰਤਰ ਦੀ ਲਾਪ੍ਰਵਾਹੀ ਕਹਿ ਕੇ ਟਾਲ ਦਿੱਤਾ। ਸਵਾਲ ਇਹ ਵੀ ਹੈ ਕਿ ਜਿਹੜੀ ਸੋਭਾ ਯਾਤਰਾ ਪਿੰਡ ਸਬੀਬਪੁਰ ਵਿੱਚੋਂ ਲੰਘ ਰਹੀ ਸੀ ਕੀ ਕਿਸੇ ਪ੍ਰਸਾਸ਼ਨ ਨੇ ਉਸਨੂੰ ਇਜਾਜ਼ਤ ਦਿੱਤੀ ਸੀ?

ਡੀ.ਐਮ. ਤੇ ਹੋਰ ਪੁਲੀਸ ਅਧਿਕਾਰੀਆਂ ਨੇ ਤਾਂ ਪਿੰਡ ਦਾ ਦੌਰਾ ਕੀਤਾ ਪਰ ਅੱਗਜ਼ਨੀ ਨਾਲ ਸੜੇ ਘਰਾਂ ’ਚ ਜਾਣ ਦੀ ਥਾਂ ਮੁੱਖ ਸੜਕ ਤੋਂ ਹੀ ਕਾਫਲਾ ਟੱਪ ਗਿਆ। ਉੱਧਰ ਮੁੱਖ ਸਕੱਤਰ ਸ੍ਰੀ ਦੇਵਾਸੀਸ਼ ਪਾਂਡਾ ਅਤੇਡੀ.ਜੀ.ਪੀ. ਸੁਖਲਾਨ ਸਿੰਘ ਘਟਨਾ ਵਾਲੇ ਪਿੰਡ ਹੀ ਨਹੀਂ ਗਏ ਅਤੇ ਨਾਹੀ ਪੀੜਤਾਂ ਦੀ ਦਾਸਤਾਨ ਸੁਣੀ। ਇੱਥੋਂ ਤੱਕ ਕਿ ਸਹਾਰਨਪੁਰ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਦੇ ਆਗੂ(ਕਾਂਗਰਸ, ਬਸਪਾ , ਭਾਜਪਾ ਅਤੇ ਸਜਪਾ ਆਦਿ) ਇਹਨਾਂ ਅਧਿਕਾਰੀਆਂ ਨੂੰ ਤਾਂ ਮਿਲੇ ਪਰ 8 ਤਰੀਕ ਤੱਕ ਪਿੰਡ ਨਹੀ ਪਹੁੰਚੇ ਸਨ। ਹਾਲਾਂਕਿ ਉਸ ਸਮੇਂ ਪਿੰਡ ਸਬੀਬ ਪੁਰ ਅਤੇ ਮਹੇਸ਼ਪੁਰ ਵਿੱਚ ਚਾਰੇ ਪਾਸੇ ਸੁੰਨਸਾਨ ਵਾਪਰੀ ਪਈ ਸੀ। ਅਤੇ ਗਲੀਆਂ ਵਿੱਚ ਸਨਾਟਾ ਸੀ।
ਪਿੰਡ ਵਿੱਚ ਪੂਰੇ 25 ਘਰ ਤਬਾਹ ਹੋ ਗਏ, ਉਨ੍ਹਾਂ ਲਈ ਖਾਣ ਲਈ ਕੁੱਝ ਨਾ ਬਚਿਆ, ਨੰਗੇ ਧੜ ਸੜਕਾਂ ਅਤੇ ਹਸਪਤਾਨਾ ’ਚ ਪਏ ਸਨ, ਉਹਨਾਂ ਦੀ ਸਹਾਇਤਾ ਲਈ 8 ਮਈ ਤੱਕ ਕੋਈ ਅਧਿਕਾਰ ਨਹੀਂ ਬਹੁੜਿਆ। ਇਹ ਜਾਂਚ ਟੀਮ ਜਦੋਂ ਪਿੰਡ ਸਬੀਬਪੁਰ ਪਹੁੰਚੀ ਸੀ ਤਾਂ ਨੇੜਲੇ ਪਿ਼ਡਾਂ ਚੋਂ ਕੁੱਝ ਲੋਕ ਅਤੇ ਬਸਪਾ ਦੇ ਕਾਰਕੁਨ ਦਲਿਤਾਂ ਲਈ ਰਾਹਤ ਸਮੱਗਰੀ ਲੈ ਕੇ ਆਏ ਸਨ ਪਰ ਪਿੰਡ ’ਚ ਬੈਠੀ ਪੁਲੀਸ ਅਤੇ ਬੜਗਾਂਵ ਥਾਣੇ ਨੇ ਇਜਾਜ਼ਤ ਨਹੀਂ ਦਿੱਤੀ। ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਸਿਰਫ਼ ਇੱਕ ਦਿੱਨ 7 ਮਈ ਨੂੰ ਦੋ ਕਿਲੋ ਆਲੂ, ਦੋ ਕਿਲੋ ਖੰਡ ਅਤੇ ਪੰਜ ਕਿਲੋ ਆਟਾ ਤੇ ਚੌਲ ਆਦਿ ਦਿੱਤੇ ਸਨ ਪਰ ਫੇਰ ਕੁੱਝ ਨਹੀਂ। ਪ੍ਰੀੜਤ ਪ੍ਰੀਵਾਰਾਂ ਕੋਲ ਤਾਂ ਕੱਪੜੇ ਮੰਜੇ ਤੇ ਭਾਂਡੇ ਵੀ ਨਹੀ ਬਚੇ ਪਰ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਮੱਦਦ ਲਈ ਸਰਕਾਰ ਨੂੰ ਲਿਖ ਦਿੱਤਾ ਗਿਆ ਹੈ। ਡੀ.ਐਮ. ਨੇ ਹਸਪਤਾਲ ਵਿੱਚ ਮੁਫਤ ਇਲਾਜ਼ ਦਾ ਦਾਅਵਾ ਕੀਤਾ। ਟੀਮ ਨੇ ਦੇਖਿਆ ਕਿ ਜਖ਼ਮੀ ਵਿਅਕਤੀ ਮਰਦ ਅਤੇ ਔਰਤਾਂ ਦੇ ਉਹੀ ਕਪੜੇ ਪਹਿਨੇ ਹੋਏ ਸਨ ਜਿਹੜੇ 5 ਮਈ ਨੂੰ ਹਾਦਸੇ ਵਾਲੇ ਦਿਨ ਪਾਏ ਸਨ। ਘਰਦੇ ਕਪੜੇ ਤਾ ਸੜ ਚੁੱਕੇ ਸਨ। ਪ੍ਰਸਾਸ਼ਨ ਨੇ9 ਮਈ ਤੱਕ ਉਨ੍ਹਾਂ ਲਈ ਸਾਫ਼ ਕੱਪੜਿਆਂ ਦਾ ਪ੍ਰਬੰਧ ਨਹੀਂ ਕੀਤਾ। ਹਾਂ ਕੁੱਝ ਸਮਾਜ ਸੇਵੀ ਜੂਸ ਤੇ ਫਰੂਟ ਜਰੂਰ ਵੰਡਦੇ ਦੇਖੇ ਗਏ। ਪ੍ਰਸਾਸ਼ਨ ਦਾ ਗੈਰ ਮਾਨਵੀ ਰਵੱਈਆ ਜਰੂਰ ਹੀ ਜ਼ਾਹਰ ਹੋਇਆ ਹੈ।
ਪਹਿਲੇ ਹੀ ਦਿਨ 7 ਦਲਿਤ ਸਮੂਦਾਏ ਦੇ ਅਤੇ ਘਰੇ 10 ਠਾਕੁਰਾਂ ਦੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ। ਪਿੱਛੋਂ 9 ਤਰੀਕ ਤੱਕ ਕੋਈ ਗ੍ਰਿਫਤਾਰੀ ਕੀਤੀ ਹੀ ਨਹੀਂ। ਹਸਪਤਾਲ ਵਿੱਚ ਜਖਮੀਆਂ ਦੀ ਨਾ ਹੀ ਡਾਕਟਰੀ ਮੁਆਇਨੇ ਦਾ ਪਰਚਾ ਕੱਟਿਆ ਗਿਆ ਅਤੇ ਨਾਹੀਂ ਬਿਆਨ ਲਏ ਗਏ ਹਨ। ਦਲਿਤਾਂ ਦੇ ਸਾੜੇ ਘਰਾਂ ਦਾ ਸਰਵੇ ਵੀ ਨਹੀਂ ਹੋਇਆ ਜਿਸ ਅਧਾਰ ’ਤੇ ਮੁਆਵਜਾ ਦੇਣ ਦੀ ਕਾਰਵਾਈ ਹੋਣੀ ਹੈ। ਦਲਿਤਾਂ ਦੇ ਘਰਾਂ ਵਿੱਚ ਲੱਗਭੱਗ 15–20 ਮੋਟਰਸਾਈਕਲ ਸਾੜੇ ਗਏ ਹਨ । ਕਿਉਂਕਿ ਉਨ੍ਹਾਂ ਦਾ ਬੀਮਾ ਆਦਿ ਨਹੀਂ ਹੋਇਆ। ਹੁਣ ਉਹਨਾਂ ਨੂੰ ਨਾ ਹੀ ਬੀਮਾ ਮਿਲਣਾ ਹੈ ਅਤੇ ਨਾ ਹੀ ਹੋਰ ਕੋਈ ਮੁਆਵਜ਼ਾ।
 ਜੇ ਦਲਿਤਾਂ ਦੇ ਹੱਕ ਵਿੱਚ ਅਤੇ ਪ੍ਰਸਾਸ਼ਨ ਦੇ ਭੇਦ ਭਾਵ ਵਾਲੇ ਵਿਉਹਾਰ ਦੇ ਵਿਰੋਧ ਜਾਂ ਉਨ੍ਹਾਂ ਉੱਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਾਸਤੇ ਨੇੜਲੇ ਪਿੰਡਾਂ ਜਾਂ ਸਹਾਰਨਪੁਰ ਦੇ ਦਲਿਤ ਅਤੇ ਜਮਹੂਰੀ ਜਥੇਬੰਦੀਆਂ ਨੇ ਇੱਕ ਜੁੱਟ ਹੋਣ ਦੀ ਕੋ਼ਸ਼ਿਸ਼ ਕੀਤੀ ਤਾਂ 9 ਮਈ ਨੂੰ ਗਾਂਧੀ ਪਾਰਕ ’ਚ ਹੋਣ ਵਾਲੀ ਰੈਲੀ ਰੋਕ ਦਿੱਤੀ ਅਤੇ ਲਾਠੀਚਾਰਜ ਕਰਕੇ ਖਿੰਡਾ ਦਿੱਤਾ।
ਪਰ ਦੂਸਰੇ ਪਾਸੇ ਠਾਕੁਰ ਸੁਮੀਤ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਪਹਿਲੇ ਦਿਨ ਹੀ ਰਸੂਲਪੁਰ ਪਿੰਡ ਦੇ ਬਾਹਰ ਲਾਸ਼ ਰੱਖ ਕੇ ਜਾਮ ਲਾਇਆ ਗਿਆ ਅਤੇ ਉੱਚ ਪੁਲੀਸ ਅਫ਼ਸਰ ਅਤੇ ਦੇਵਬੰਦ ਹਲਕੇ ਦੇ ਵਿਧਾਇਕ ਕੰਵਰ ਬ੍ਰਿਜੇਸ਼ ਨੇ ਮੌਕੇ ’ਤੇ ਪਹੁੰਚ ਕੇ ਮੁੱਖ ਮੰਤਰੀ ਪਾਸੋਂ 15 ਲੱਖ ਦੀ ਰਾਸ਼ੀ ਅਤੇ ਪਤਨੀ ਨੂੰ ਨੌਕਰੀ ਦੇਣ ਦਾ ਵਿਸ਼ਵਾਸ਼ ਦੁਆਇਆ ਗਿਆ। ਅਤੇ ਫਿਰ 8 ਮਈ ਨੂੰ ਉਤਰ ਪ੍ਰਦੇਸ਼ ਕੁਸ਼ੱਤਰੀ ਸਮਾਜ ਮਹਾਂ ਸਭਾਂ ਨੇ ਜਿਸ ਵਿੱਚ ਕਈ ਰਾਜਪੂਤਾਂ ਦੇ ਸੰਗਠਨ ਸਨ ਨੂੰ ਮਹਾਂਸਭਾ ਕਰਨ ਦੀ ਇਜਾਜ਼ਤ ਦਿੱਤੀ ਜਿਨ੍ਹਾਂ ਨੇ 50 ਲੱਖ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ।
ਇਹ ਵੀ ਜਾਣਕਾਰੀ ਮਿਲੀ ਕਿ 8 ਮਈ ਨੂੰ ਮੁੱਖ ਮੰਤਰੀ ਅਤਿਆਯੋਗੀ ਨੇ ਮੇਰਠ ਵਿੱਚ ਅੰਬਦਕਰ ਦੀ ਮੂਰਤੀ ਨੂੰ ਹਾਰ ਪਹਿਨਾਉਣੇ ਸਨ ਪਰ ਉਨ੍ਹਾਂ ਨਹੀਂ ਪਹਿਨਾਏ।
ਟੀਮ ਮਹਿਸੂਸ ਕਰਦੀ ਹੈ ਕਿ ਯੂ.ਪੀ. ਦੀ ਭਾਜਪਾ ਸਰਕਾਰ ਅਤੇ ਪੂਰਾ ਜ਼ਿਲ੍ਹਾ ਪ੍ਰਸਾਸ਼ਨ ਘਟਨਾ ਪਿੱਛੋਂ ਵੀ ਦਲਿਤਾਂ ਨਾਲ ਭੇਦਭਾਵ ਵਾਲਾ ਰਵੱਈਆ ਨੰਗੇ ਚਿੱਟੇ ਰੂਪ ਵਿੱਚ ਪ੍ਰਗਟ ਕਰ ਰਿਹਾ ਹੈ।
ਸਹਾਰਨਪੁਰ ਖੇਤਰ ’ਚ ਇਸ ਘਟਨਾ ਨ ਲੈ ਕੇ ਗੁੱਸਾ ਹੈ ਪਰ ਵਰਤਾਰੇ ਬਾਰੇ ਜਾਗਰੂਕਤਾਂ ਦੀ ਘੱਟ ਹੈ। 9 ਮਈ ਨੂੰ ਜਦੋਂ ਗਾਂਧੀ ਪਾਰਕ ਵਿੱਚ ਇਕੱਠੇ ਹੋਕੇ ਦਲਿਤਾਂ ਲਾਠੀਚਾਰਜ ਕਰਕੇ ਪ੍ਰਸਾਸ਼ਨ ਨੇ ਖਿੰਡਾ ਦਿੱਤਾ ਸੀ ਤਾਂ ਸਾਮੀਂ ਗੁੱਸੇ ’ਚ ਆਏ ਦਲਿਤਾਂ ਨੇ ਸਹਾਰਨਪੁਰ ਦੇ ਇੱਕ ਪੁਲੀਸ ਥਾਣੇ ਵਿੱਚ ਹੀ ਅੱਗ ਲਾ ਦਿੱਤੀ ਸੀ ਅਤੇ ਕੁੱਝ ਪੁਲੀਸ ਵਹੀਕਲ ਸਾੜ ਦਿੱਤੇ। ਪੁਲੀਸ ਦੇ ਕੁੱਝ ਆਦਮੀਆਂ ਨੂੰ ਕੁੱਟਿਆ ਵੀ। ਇੱਕ ਬੱਸ ਸਾੜ ਦਿੱਤੀ। ਜਾਂਚ ਟੀਮ ਸਮਝਦੀ ਹੈ ਕਿ ਇੱਕ ਪਾਸੇ ਜਦੋਂ ਜਾਤੀ ਹਿੰਸਾ ਕਰਨ ਵਾਲਿਆਂ ਪ੍ਰਤੀ ਪ੍ਰਸਾਸ਼ਨ ਦਿਆਲੂ ਅਤੇ ਹਮਦਰਦੀ ਵਾਲਾ ਰਵੱਈਆ ਰੱਖਦਾ ਆ ਰਿਹਾ ਹੈ ਅਤੇ ਉਹਨਾਂ ਦੇ ਜਖਮਾਂ ਤੇ ਪੱਟੀ ਲਾਉਣ ਹਿੱਤ ਸਾੜ ਫੂਕ ਤੇ ਕੁੱਟ ਮਾਰ ਕਰਨ ਵਾਲਿਆਂ ਵਿਰੁੱਧ ਕੇਸ ਵੀ ਦਰਜ਼ ਨਹੀਂ ਕਰ ਰਹੀ ਤਾਂ ਫਿਰ ਖੁਦ ਸਰਕਾਰ ਦਲਿਤਾਂ ਨੂੰ ਕਿਸ ਪਾਸੇ ਤੋਰ ਰਹੀ ਹੈ।
ਪ੍ਰਸਾਸ਼ਨ ਨੇ ਦਲਿਤ ਵਰਗ ਨਾਲ ਜੁੜੀ ਭੀਮ ਸੈਨਾ ਉੱਤੇ ਹਮਲੇ ਬੋਲਣੇ ਸ਼ੁਰੂ ਕਰ ਦਿੱਤੇ ਹਨ। ਤਲਾਸ਼ੀ ਲੈ ਕੇ ਚਿੰਨਤ ਕੀਤਾ ਜਾ ਰਿਹਾ ਹੈ । ਹਸਪਤਾਲ ਤੋਂ ਲੈ ਕੇ ਕਾਲਜ ਦੇ ਹੋਸਟਲਾਂ ਤੱਕ ਦਲਿਤ ਵਿਦਿਆਰਥੀਆਂ, ਨੌਜਵਾਨਾ ਨੂੰ ਹਕੂਮਤੀ ਦਹਿਸ਼ਤ ਦਾ ਸ਼ਿਕਾਰ ਬਣਾ ਰਹੀ ਹੈ ਜਦੋਂ ਕਿ ਠਾਕੁਰਾਂ ਦੀ ਰੱਖਿਆ ਕਰ ਰਹੀ ਹੈ।
ਪ੍ਰਸਾਸ਼ਨ ਤੇ ਰਾਜ ਦਾ ਇਹ ਪੱਖਪਾਤੀ ਰਵੱਈਆ, ਜਾਤੀ ਭੇਦ ਭਾਵ ਵਾਲਾ ਹੈ, ਇਹ ਆਪਣੀ ਹੀ ਪੀੜਤ ਪਰਜਾ ਨੂੰ ਅਣਦੇਖਿਆਂ ਕਰਨ ਵਾਲਾ ਹੈ ਅਤੇ ਦਮਨ ਕਰਨ ਵਾਲਾ ਹੈ ਅਤੇ ਦਲਿਤਾਂ ਨੂੰ ਸਬਕ ਸਿਖਾਉਣ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇਹ ਸਮਸਿਆ ਦਾ ਹੱਲ ਨਹੀਂ ਸਗੋਂ ਸਮੱਸਿਆ ਨੂੰ ਡੂੰਘੀ ਕਰਨ ਦੀ ਜ਼ਮੀਨ ਤਿਆਰ ਕਰਨ ਵਾਲਾ ਹੈ ਜਿਹੜਾ ਜਾਤੀਵਾਦੀ, ਫ਼ਿਰਕਾਪ੍ਰਸਤੀ ਅਤੇ ਫਾਸ਼ਿਸਟ ਵਿਚਾਰਾਂ ਨੂੰ ਉਤਸ਼ਾਹਤ ਕਰਨ ਵਾਲਾ ਹੈ। ਇਹ ਇੱਕ ਖਤਰਨਾਕ ਵਰਤਾਰਾ ਹੈ। ਜਦੋਂ ਰਾਜ ਆਪਣੇ ਹੀ ਨਾਗਰਿਕਾਂ ਪ੍ਰਤੀ ਅਜਿਹਾ ਭੇਦਭਾਵ ਵਾਲਾ ਰਵੱਈਆ ਰਖਦਾ ਹੈ ਤਾਂ ਇਨਸਾਫ ਦੀ ਉਮੀਦ ਘੱਟ ਜਾਂਦੀ ਹੈ। ਸੰਵਿਧਾਨਕ ਮਰਿਆਦਾ ਖੰਡਿਤ ਹੁੰਦੀ ਹੈ ਅਤੇ ਵਿਅਕਤੀਆਂ ਦੀਆਂ ਆਜ਼ਾਦੀਆਂ ਅਤੇ ਜਮਹੂਰੀ ਹੱਕ ਕੁੱਚਲੇ ਜਾਂਦੇ ਹਨ।
ਟੀਮ ਮੰਗ ਕਰਦੀ ਹੈ:–
(1)  ਸਮੁੱਚੀ ਘਟਨਾ ਦੀ ਸੀਬੀਆਈ ਦੀ ਜਾਂਚ ਹੋਵੇ।
(2)  ਦਲਿਤਾ ਦਾ ਮਾਨ ਸਨਮਾਨ ਬਹਾਲ ਕਰਨ ਲਈ ਅੱਗਜ਼ਨੀ ਅਤੇ ਕੁੱਟ ਮਾਰ ਕਰਨ ਵਾਲਿਆਂ ਵਿਰੁੱਧਕੇਸ ਦਰਜ ਕੀਤੇ ਜਾਣ। ਜਖਮੀ ਦਲਿਤ, ਮਰਦ ਅਤੇ ਔਰਤਾਂ ਦੇ ਬਿਆਨ ਅਤੇ ਜਾਇਦਾਤ ਨੁਕਸਾਨ ਨਾਲ ਪੀੜਤ ਪ੍ਰੀਵਾਰਾਂ ਦੇ ਬਿਆਨਾਂ ਦੇ ਆਧਾਰ ’ਤੇ ਐਸ.ਸੀ..ਐਸ.ਟੀ. ਐਕਟ ਹੇਅ ਮਕੱਦਮੇ ਦਰਜ਼ ਕੀਤੇ ਜਾਣ।
(3) ਦਲਿਤਾਂ ਨੂੰ ਫੌਰੀ ਰਾਹਤ ਸਮੱਗਰੀ , ਨੁਕਸਾਨ ਦਾ ਮੁਆਵਜਾ ਅਤੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਰੋਜਗਾਰ ਮਹੱਈਆ ਕਰਵਾਇਆ ਜਾਵੇ। ਬੱਚਿਆਂ ਦੀ ਪੜਾਈ ਲਈ ਲੋੜੀ.ਦੇ ਪ੍ਰਬੰਧ ਕੀਤੇ ਜਾਣ।
(4) ਜਾਤੀਗਤ ਅਤੇ ਧਾਰਮਿਕ ਆਧਾਰ ਉੱਤੇ ਦੰਗਿਆ ਨੂੰ ਅੰਜਾਮ ਦੇਣ ਵਾਲੇ ਅਪਰਾਧਿਕ ਗ੍ਰੇਹਾਂ ਵਾਲੀਆਂ ‘ਸੈਨਾਵਾਂ’ ਉੱਤੇ ਪਾਬੰਦੀ ਲਾਹੀ ਜਾਵੇ।
(5) ਠਾਕੁਰ ਨੌਜਵਾਨ ਸੁਮੀਤ ਸਿੰਘ ਦੀ ਮੌਤ ਦੇ ਕਾਰਨ ਦੀ ਵਿਗਿਆਨਕ ਪੜਤਾਲ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ ਅਤੇ ਉਸ ਦੀ ਮੌਤ ਨੂੰ ਕਤਲ ਤਾ ਨਾਮ ਦੇ ਕੇ ਦਲਿਤ ਮੁਖੀਆਂ ਤੇ ਲੋਕਾਂ ਨੂੰ ਬੇਵਜਾਹ ਪਰੇਸ਼ਾਨ ਨਾ ਕੀਤਾ ਜਾਵੇ।
(6) ਸਮਾਜ ਸੇਵੀ ਜਥੇਬੰਦੀਆਂ ਨੂੰ ਪੀੜਤ ਦਲਿਤਾਾਂ ਲਈ ਰਾਹਤ ਸਮੱਗਰੀ ਪਹੁੰਚਾਉਣ ਤੇ ਮਦਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
(7) ਇਸ ਕਾਂਡ ਵਿੱਚ ਦੋਸ਼ੀ ਪੁਲੀਸ ਤੇ ਪ੍ਰਸਾਸ਼ਨਕ ਅਧਿਕਾਰੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨੌਕਰੀਓ ਬਰਖਾਸ਼ਤ ਕੀਤਾ ਜਾਵੇ।
ਵੱਲੋਂ ਜਮਹੂਰੀ ਅਧਿਕਾਰ ਸਭਾ ਪੰਜਾਬ
ਕਰਾਤੀਕਾਰੀ ਲੋਕ ਅਧਿਕਾਰ ਸੰਗਠਨ ਯੂ.ਪੀ.
ਨੌਜਵਾਨ ਭਾਰਤ ਸਭਾ
ਪ੍ਰਗਤੀਸ਼ੀਲ ਮਹਿਲਾ ਏਕਤਾ ਕੇਂਦਰ
ਮਿਤੀ 10 ਮਈ 2017  

No comments:

Post a Comment