Wednesday, July 13, 2016

ਮਨੁੱਖੀ ਤੇ ਜਮਹੂਰੀ ਹੱਕਾਂ ਦੀਆਂ ਅਠਾਰਾਂ ਜਥੇਬੰਦੀਆਂ ਦੇ ਤਾਲਮੇਲ ਕੇਂਦਰ ਵਲੋਂ ਕਸ਼ਮੀਰ ਅੰਦਰਲੀਆਂ ਹਾਲੀਆ ਘਟਨਾਵਾਂ ਬਾਰੇ ਸਾਂਝਾ ਬਿਆਨ

ਕੋਆਰਡੀਨੇਸ਼ਨ ਆਫ ਡੈਮੋਕਰੇਟਿਕ ਰਾਈਟਸ ਆਰਗੇਨਾਈਜੇਸ਼ਨਜ਼ ਵਲੋਂ

ਕਸ਼ਮੀਰ ਵਿਚ ਅੰਨ੍ਹੀ ਕਤਲੋਗ਼ਾਰਤ ਬੰਦ ਦਾ ਸੱਦਾ

ਕੋਆਰਡੀਨੇਸ਼ਨ ਆਫ ਡੈਮੋਕਰੇਟਿਕ ਰਾਈਟਸ ਆਰਗੇਨਾਈਜੇਸ਼ਨਜ਼ (ਸੀ.ਡੀ.ਆਰ.ਓ.) ਕਸ਼ਮੀਰ ਵਿਚਲੀ ਹਾਲਤ ਬਾਰੇ ਡੂੰਘੀ ਫ਼ਿਕਰਮੰਦੀ ਦਾ ਇਜ਼ਹਾਰ ਕਰਦਾ ਹੈ ਜਿਥੇ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਅਤੇ ਨੀਮ-ਫ਼ੌਜੀ ਤਾਕਤਾਂ ਹੱਥੋਂ 23 ਲੋਕ ਮਾਰੇ ਗਏ ਹਨ ਅਤੇ 300 ਤੋਂ ਵੱਧ ਜ਼ਖ਼ਮੀ ਹੋਏ ਹਨ। 8 ਜੁਲਾਈ 2016 ਨੂੰ ਸੁਰੱਖਿਆ ਤਾਕਤਾਂ ਵਲੋਂ ਬੁਰਹਾਨ ਮੁਜ਼ੱਫ਼ਰ ਵਾਨੀ ਦੀ ਹੱਤਿਆ ਕਰ ਦਿੱਤੀ ਗਈ ਜੋ ਇਕ ਹਥਿਆਰਬੰਦ ਟਾਕਰਾ ਗਰੁੱਪ ਦਾ ਨੌਜਵਾਨ ਆਗੂ ਅਤੇ ਕਸ਼ਮੀਰ ਵਿਚ ਨੌਜਵਾਨਾਂ ਲਈ ਚਿੰਨ੍ਹ ਬਣ ਚੁੱਕਾ ਸੀ। ਇਸ ਨਾਲ ਹਜ਼ਾਰਾਂ ਪ੍ਰਦਰਸ਼ਨਕਾਰੀ ਕਸ਼ਮੀਰ ਦੇ ਵੱਖ-ਵੱਖ ਕਸਬਿਆਂ ਦੀਆਂ ਸੜਕਾਂ 'ਤੇ ਆ ਨਿਕਲੇ, ਖ਼ਾਸ ਕਰਕੇ ਦੱਖਣੀ ਜ਼ਿਲ੍ਹਿਆਂ ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਬੀਜਬਹੇੜਾ ਵਿਚ। ਬੁਰਹਾਨ ਵਾਨੀ ਨੇ ਕਸ਼ਮੀਰੀ ਨੌਜਵਾਨਾਂ ਦੇ ਮਨ ਮੋਹ ਲਏ ਸੀ ਜੋ ਹਿੰਦੁਸਤਾਨੀ ਸੁਰੱਖਿਆ ਤਾਕਤਾਂ ਦੀ ਹਿੰਸਾ ਅਤੇ ਜਬਰ ਦੇ ਅਨੰਤ ਸਿਲਸਿਲੇ ਵਿਚ ਘਿਰੇ ਹੋਏ ਹਨ। ਭਾਵੇਂ ਪੁਲਿਸ ਦੇ ਐਡੀਸ਼ਨਲ ਡੀ.ਜੀ. ਐੱਸ.ਐੱਮ. ਸਹਾਏ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਪੁਲਿਸ ਕਾਰਵਾਈ ''ਸੰਜਮ ਨਾਲ ਕੀਤੀ ਗਈ'', ਪਰ ਬਹੁਤ ਸਾਰੀਆਂ ਜ਼ਮੀਨੀ ਰਿਪੋਰਟਾਂ ਤੋਂ ਪਤਾ ਚਲਦਾ ਹੈ ਕਿ ਪੁਲਿਸ ਵਲੋਂ ਵਿਖਾਵਾਕਾਰੀਆਂ ਉੱਪਰ ਜਿਵੇਂ ਅੱਥਰੂ-ਗੈਸ ਦੇ ਗੋਲੇ ਸੁੱਟੇ ਗਏ ਅਤੇ ਫਿਰ ਗੋਲੀਆਂ ਤੇ ਛੱਰਿਆਂ ਦੀ ਬੌਛਾੜਾਂ ਨਾਲ ਨਿਸ਼ਾਨਾ ਬਣਾਇਆ ਗਿਆ ਉਹ ਉਨ੍ਹਾਂ ਨੂੰ ਮਾਰਨ ਦੇ ਉਦੇਸ਼ ਨਾਲ ਕੀਤਾ ਗਿਆ। ਮਾਰੇ ਗਏ ਬਹੁਤ ਸਾਰੇ ਵਿਖਾਵਾਕਾਰੀਆਂ ਦੀਆਂ ਛਾਤੀਆਂ ਵਿਚ ਗੋਲੀਆਂ ਦੇ ਜ਼ਖ਼ਮ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਧਾਤ ਦੇ ਛੱਰੇ ਵੱਜਣ ਨਾਲ ਜ਼ਖ਼ਮੀ ਸਨ ਜਿਸ ਤੋਂ ਪਤਾ ਚਲਦਾ ਹੈ ਕਿ ਪੁਲਿਸ ਨੇ ਵਿਖਾਵਾਕਾਰੀਆਂ ਨੂੰ ਬੇਅਸਰ ਕਰਨ ਦੀ ਬਜਾਏ ਉਨ੍ਹਾਂ ਨੂੰ ਮਾਰਨ ਦੀ ਮਨਸ਼ਾ ਨਾਲ ਗੋਲੀਬਾਰੀ ਕੀਤੀ।

ਇਹ ਘਟਨਾਵਾਂ ਕਸ਼ਮੀਰ ਵਿਚ ਜ਼ਮੀਨੀ ਹਾਲਤ ਦਾ ਪ੍ਰਤੀਬਿੰਬ ਹਨ, ਜੋ ਇਸ ਵਕਤ ਦੁਨੀਆਂ ਦੇ ਸਭ ਤੋਂ ਫ਼ੌਜੀਕਰਨ ਕੀਤੇ ਇਲਾਕਿਆਂ ਵਿਚੋਂ ਇਕ ਹੈ, ਜਿਥੇ ਬਹੁਤ ਹੀ ਰੋਹ ਭਰੇ ਸੱਠ ਲੱਖ ਲੋਕਾਂ ਦੇ ਖ਼ਿਲਾਫ਼ ਛੇ ਲੱਖ ਹਿੰਦੁਸਤਾਨੀ ਫ਼ੌਜ ਅਤੇ ਨੀਮ-ਫ਼ੌਜੀ ਸੈਨਿਕ ਤਾਇਨਾਤ ਕੀਤੇ ਗਏ ਹਨ। ਬੁਰਹਾਨ ਵਾਨੀ ਦਾ ਹਥਿਆਰਬੰਦ ਟਾਕਰੇ ਦਾ ਹਰਮਨਪਿਆਰਾ ਆਗੂ ਬਣਕੇ ਉਭਰਨਾ ਇਸ ਅਮਲ ਦਾ ਨਤੀਜਾ ਹੈ, ਕਿਉਂਕਿ ਉਹ ਕਸ਼ਮੀਰੀ ਨੌਜਵਾਨਾਂ ਵਿਚ ਘਰ ਕਰ ਚੁੱਕੀ ਡੂੰਘੀ ਮਾਯੂਸੀ ਦਾ ਸਾਖਿਆਤ ਰੂਪ ਸੀ ਅਤੇ ਉਸੇ ਦਾ ਇਜ਼ਹਾਰ ਸੀ ਜੋ ਲੰਮੇ ਸਮੇਂ ਤੋਂ ਹਿੰਦੁਸਤਾਨੀ ਸੁਰੱਖਿਆ ਤਾਕਤਾਂ ਦੇ ਜਬਰ ਦਾ ਸ਼ਿਕਾਰ ਹਨ। ਹਿੰਦੁਸਤਾਨੀ ਰਾਜ ਇਸ ਮਾਯੂਸੀ ਦੀ ਥਾਹ ਨਹੀਂ ਪਾਉਣੀ ਚਾਹੁੰਦਾ। ਸਗੋਂ ਇਹ ਦਾਅਵੇ ਕਰ ਰਿਹਾ ਹੈ ਕਿ ਟਕਰਾਓ ਦੇ ਕਾਰਨ ਬਾਹਰੀ ਹਨ ਅਤੇ ਇਹ ਪਾਕਿਸਤਾਨ ਦਾ ਪੈਦਾ ਕੀਤਾ ਹੋਇਆ ਹੈ। ਇਸ ਨਾਲ ਜੁੜਕੇ ਹਿੰਦੁਸਤਾਨੀ ਫ਼ੌਜ ਅਤੇ ਨੀਮ-ਫ਼ੌਜੀ ਤਾਕਤਾਂ ਵਲੋਂ ਵਸੋਂ ਉੱਪਰ ਢਾਹੇ ਘੋਰ ਜਬਰ ਦੇ ਨਤੀਜੇ ਵਜੋਂ ਇਹ ਹਾਲਤ ਬਣ ਚੁੱਕੀ ਹੈ ਕਿ ਜਮਾਂ ਹੋਏ ਗੁੱਸੇ ਦਾ ਇਜ਼ਹਾਰ ਇਨ੍ਹਾਂ ਅਵਾਮੀ ਵਿਖਾਵਿਆਂ ਵਿਚ ਹੋਇਆ ਹੈ। ਇਨ੍ਹਾਂ ਵਿਰੋਧ-ਪ੍ਰਦਰਸ਼ਨਾਂ ਨੂੰ ਦਬਾਉਣ ਲਈ ਜਿਸ ਤਰ੍ਹਾਂ ਦੀ ਹਿੰਸਾ ਕੀਤੀ ਗਈ, ਉਹ ਕਸ਼ਮੀਰ ਨੌਜਵਾਨਾਂ ਵਿਚ ਗੁੱਸੇ ਅਤੇ ਮਾਯੂਸੀ ਨੂੰ ਵਧਾ ਹੀ ਰਹੀ ਹੈ, ਜੋ ਜਾਣਦੇ ਹਨ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਜਾਂ ਉਨ੍ਹਾਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਕੋਈ ਜਮਹੂਰੀ ਤਰੀਕੇ ਮੌਜੂਦ ਨਹੀਂ ਹਨ। ਸੁਰੱਖਿਆ ਤਾਕਤਾਂ ਦੇ ਇਨ੍ਹਾਂ ਦਾਅਵਿਆਂ ਦੇ ਉਲਟ ਕਿ ਕਸ਼ਮੀਰ ਵਿਚਲਾ ਖਾੜਕੂਵਾਦ ਸਰਹੱਦ ਪਾਰੋਂ ਪਾਕਿਸਤਾਨ ਤੋਂ ਆਏ ਮੁੱਠੀ ਭਰ ਖਾੜਕੂਆਂ ਦਾ ਭੜਕਾਇਆ ਹੋਇਆ ਹੈ, ਬੁਰਹਾਨ ਵਾਨੀ ਇਕ ਮੁਕਾਮੀ ਕਸ਼ਮੀਰੀ ਨੌਜਵਾਨ ਸੀ ਜੋ ਉਨ੍ਹਾਂ ਹੀ ਕਾਰਨਾਂ ਕਰਕੇ ਹਥਿਆਰਬੰਦ ਟਾਕਰੇ ਵਿਚ ਸ਼ਾਮਲ ਹੋਇਆ ਸੀ ਜਿਨ੍ਹਾਂ ਕਾਰਨ ਹਜ਼ਾਰਾਂ ਕਸ਼ਮੀਰੀ ਨੌਜਵਾਨ ਹਿੰਦੁਸਤਾਨੀ ਸੁਰੱਖਿਆ ਤਾਕਤਾਂ ਉੱਪਰ ਪਥਰਾਓ ਕਰਨ ਲਈ ਸੜਕਾਂ 'ਤੇ ਨਿਕਲ ਰਹੇ ਹਨ। ਇਹ ਹੈਰਾਨੀਜਨਕ ਨਹੀਂ ਕਿ ਤਰਾਲ ਵਿਚ ਉਸ ਦੇ ਜ਼ੱਦੀ ਘਰ ਵਿਖੇ ਉਸਦੇ ਜਨਾਜ਼ੇ ਮੌਕੇ 40000 ਲੋਕ ਸ਼ਾਮਲ ਹੋਏ।

ਸੀ.ਡੀ.ਆਰ.ਓ. ਕਸ਼ਮੀਰ ਵਿਚ ਸੁਰੱਖਿਆ ਤਾਕਤਾਂ ਵਲੋਂ ਢਾਏ ਜਾ ਰਹੇ ਜਬਰ ਦੀ ਨਿਖੇਧੀ ਕਰਦਾ ਹੈ ਅਤੇ ਸੂਬਾਈ ਤੇ ਕੇਂਦਰੀ ਹਕੂਮਤਾਂ ਨੂੰ ਗੁਜ਼ਾਰਿਸ਼ ਕਰਦਾ ਹੈ ਕਿ ਹਾਲਤ ਨਾਲ ਇੰਞ ਸੂਝ-ਬੂਝ ਨਾਲ ਨਜਿੱਠਿਆ ਜਾਵੇ ਕਿ ਅੱਗੋਂ ਹੋਰ ਮੌਤਾਂ ਨਾ ਹੋਣ। ਕਸ਼ਮੀਰ ਅੰਦਰਲੀਆਂ ਘਟਨਾਵਾਂ ਨੇ ਵਾਰ-ਵਾਰ ਦਿਖਾਇਆ ਹੈ (ਮਿਸਾਲ ਵਜੋਂ ਇਸ ਸਾਲ ਅਪ੍ਰੈਲ ਮਹੀਨੇ ਜਦੋਂ ਉਨ੍ਹਾਂ ਨਿਹੱਥੇ ਲੋਕਾਂ ਉੱਪਰ ਪੁਲਿਸ ਵਲੋਂ ਚਲਾਈਆਂ ਗੋਲੀਆਂ ਨਾਲ ਪੰਜ ਬੰਦੇ ਮਾਰੇ ਗਏ ਜੋ ਹੰਦਵਾੜਾ ਵਿਚ ਇਕ ਫ਼ੌਜੀ ਵਲੋਂ ਇਕ ਨਾਬਾਲਗ ਕੁੜੀ ਨੂੰ ਕਥਿਤ ਬੇਪੱਤ ਕੀਤੇ ਜਾਣ ਦੇ ਖ਼ਿਲਾਫ਼ ਰੋਸ ਪ੍ਰਗਟਾ ਰਹੇ ਸਨ), ਕਿ ਇਹ ਪੁਲਿਸ ਵਲੋਂ ਕੀਤੀ ਧੱਕੇਸ਼ਾਹੀ ਹੈ ਜੋ ਉਸ ਹਾਲਤ ਨੂੰ ਹੋਰ ਵਿਗਾੜ ਰਹੀ ਹੈ ਜੋ ਪਹਿਲਾਂ ਹੀ ਖ਼ਰਾਬ ਹੈ। ਇਹ ਸਿਆਸਤ ਦੀ ਅਣਹੋਂਦ ਵਿਚ ਖ਼ੂਨਖ਼ਰਾਬੇ ਨੂੰ ਦਰਸਾਉਂਦੀ ਹੈ। ਸੀ.ਡੀ.ਆਰ.ਓ. ਮੁੜ ਦੁਹਰਾਉਂਦੀ ਹੈ ਕਿ ਇਹ ਜੰਗਾਂ, ਅਤੇ ਕਦੇ ਨਾ ਮੁੱਕਣ ਵਾਲੇ ਦਮਨ ਬੰਦ ਹੋਣਾ ਚਾਹੀਦਾ ਹੈ। ਸਿਰਫ਼ ਤੇ ਸਿਰਫ਼ ਐਸਾ ਸਿਆਸੀ ਅਮਲ ਨਾਲ ਹੀ ਜਮਹੂਰੀ ਹੱਲ ਕੀਤਾ ਸਕਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਅਮਨ ਲਿਆਂਦਾ ਸਕਦਾ ਹੈ ਜੋ ਤਕਰੀਬਨ ਸੱਤ ਦਹਾਕਿਆਂ ਤੋਂ ਹਿੰਦੁਸਤਾਨੀ ਨਿਗਰਾਨੀ ਹੇਠ ਬੁਰੀ ਤਰ੍ਹਾਂ ਪੀੜਤ ਹਨ।

ਸੀ.ਡੀ.ਆਰ.ਓ. ਵਿਚ ਸ਼ਾਮਲ ਜਥੇਬੰਦੀਆਂ: ਜਮਹੂਰੀ ਅਧਿਕਾਰ ਸਭਾ, (ਏ.ਐੱਫ.ਡੀ.ਆਰ.) ਪੰਜਾਬ; ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ (ਏ.ਪੀ.ਡੀ.ਆਰ), ਪੱਛਮੀ ਬੰਗਾਲ; ਬੰਦੀ ਮੁਕਤੀ ਮੋਰਚਾ (ਬੀ.ਐੱਮ.ਸੀ.), ਪੱਛਮੀ ਬੰਗਾਲ; ਕੈਂਪੇਨ ਫਾਰ ਪੀਸ ਐਂਡ ਡੈਮੋਕਰੇਸੀ ਇਨ ਮਨੀਪੁਰ (ਸੀ.ਪੀ.ਡੀ.ਐੱਮ.), ਦਿੱਲੀ; ਸਿਵਲ ਲਿਬਰਟੀਜ਼ ਕਮੇਟੀ (ਸੀ.ਐੱਲ.ਸੀ.), ਆਂਧਰਾ ਪ੍ਰਦੇਸ; ਕਮੇਟੀ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ (ਸੀ.ਪੀ.ਡੀ.ਆਰ.), ਮੁੰਬਈ; ਕੋਆਰਡੀਨੇਸ਼ਨ ਫਾਰ ਹੂਮੈਨ ਰਾਈਟਸ (ਸੀ.ਓ.ਐੱਚ.ਆਰ.) ਮਨੀਪੁਰ; ਹੂਮੈੱਨ ਰਾਈਟਸ ਫੋਰਮ (ਐੱਚ.ਆਰ.ਐੱਫ.), ਆਂਧਰਾ ਪ੍ਰਦੇਸ; ਝਾਰਖੰਡ ਕੌਂਸਲ ਫਾਰ ਡੈਮੋਕਰੇਟਿਕ ਰਾਈਟਸ (ਜੇ.ਸੀ.ਡੀ.ਆਰ.), ਝਾਰਖੰਡ; ਮਾਨਬ ਅਧਿਕਾਰ ਸੰਗਰਾਮ ਸੰਮਤੀ (ਐੱਮ.ਏ.ਐੱਸ.ਐੱਸ.), ਅਸਾਮ; ਨਾਗਾ ਪੀਪਲਜ਼ ਮੂਵਮੈਂਟ ਫਾਰ ਹੂਮੈਨ ਰਾਈਟਸ (ਐੱਨ.ਪੀ.ਐੱਮ.ਐੱਚ.ਆਰ.); ਆਰਗੇਨਾਈਜੇਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ (ਓ.ਪੀ.ਡੀ.ਆਰ.), ਆਂਧਰਾ ਪ੍ਰਦੇਸ; ਪੀਪਲਜ਼ ਕਮੇਟੀ ਫਾਰ ਹੂਮੈਨ ਰਾਈਟਸ (ਪੀ.ਸੀ.ਐੱਚ.ਆਰ.), ਜੰਮੂ ਐਂਡ ਕਸ਼ਮੀਰ; ਪੀਪਲਜ਼ ਡੈਮੋਕਰੇਟਿਕ ਫੋਰਮ (ਪੀ.ਡੀ.ਐੱਫ.), ਕਰਨਾਟਕਾ; ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਪੀ.ਯੂ.ਡੀ.ਆਰ.), ਦਿੱਲੀ; ਪੀਪਲਜ਼ ਯੂਨੀਅਨ ਫਾਰ ਸਿਵਲ ਰਾਈਟਸ (ਪੀ.ਯੂ.ਸੀ.ਆਰ.), ਹਰਿਆਣਾ; ਕਮੇਟੀ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ (ਸੀ.ਪੀ.ਡੀ.ਆਰ.), ਤਾਮਿਲਨਾਡੂ।

ਸੀ.ਡੀ.ਆਰ.ਓ. ਦੇ ਕੋਆਰਡੀਨੇਟਰ:

 ਸੀ.ਚੰਦਰਸ਼ੇਖਰ (ਸੀ.ਐੱਲ.ਸੀ., ਆਂਧਰਾ ਪ੍ਰਦੇਸ), ਅਸੀਸ਼ ਗੁਪਤਾ (ਪੀ.ਯੂ.ਡੀ.ਆਰ., ਦਿੱਲੀ), ਪ੍ਰਿਤਪਾਲ ਸਿੰਘ (ਜਮਹੂਰੀ ਅਧਿਕਾਰ ਸਭਾ, ਪੰਜਾਬ), ਫੂਲੇਂਦਰੋ ਕੌਂਸਮ (ਕੋਹਰ, ਮਨੀਪੁਰ) ਅਤੇ ਤਪਸ ਚਕਰਾਬਰਤੀ (ਏ.ਪੀ.ਡੀ.ਆਰ., ਪੱਛਮੀ ਬੰਗਾਲ)

11.07.2016


No comments:

Post a Comment