ਜਮਹੂਰੀ ਅਧਿਕਾਰ ਸਭਾ, ਪੰਜਾਬ ਦੀ ਰਿਪੋਰਟ
ਬਹਿਣੀਵਾਲ ਦੀ ਜੂਹ 'ਚ ਹੋਇਆ ਕਥਿਤ ਪੁਲਸ ਮੁਕਾਬਲਾ :
ਫਰਜ਼ੀ ਮੁਕਾਬਲਿਆਂ ਦੇ ਨਾਂ ਹੇਠ ਕਤਲਾਂ ਦੀ ਲੜੀ ਦਾ ਹਿੱਸਾ
ਪਿਛੋਕੜ: 25 ਅਪ੍ਰੈਲ, ਸ਼ਾਮ ਨੂੰ, ਮਾਨਸਾ-ਬਠਿੰਡਾ ਸੜਕ ਤੇ ਪਿੰਡ ਮਾਈਸਰਖਾਨਾ ਕੋਲੋਂ ਤਿੰਨ ਮੁਲਜ਼ਮ - ਨਾਹਰ ਸਿੰਘ, ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ, ਜੋ ਲੁੱਟਾਂ ਖੋਹਾਂ ਦੇ ਕਈ ਕੇਸਾਂ 'ਚ ਬਠਿੰਡਾ ਕੇਂਦਰੀ ਜੇਲ੍ਹ 'ਚ ਬੰਦ ਸਨ ਅਤੇ ਪੰਚਕੁਲਾ ਦੀ ਇਕ ਅਦਾਲਤ 'ਚ ਪੇਸ਼ੀ ਭੁਗਤਣ ਲਈ ਪੁਲਸ ਵੱਲੋਂ ਲਿਜਾਏ ਗਏ ਸਨ, ਪੁਲਸ ਹਿਰਾਸਤ ਚੋਂ ਭੱਜ ਗਏ। ਪੁਲਸ ਦਾ ਕਹਿਣਾ ਸੀ ਕਿ ਭੱਜਣ ਲਈ ਉਨ੍ਹਾਂ ਨੇ ਉਨ੍ਹਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ, ਪੁਲਸ ਪਾਰਟੀ 'ਤੇ ਹਮਲਾ ਕਰਕੇ ਇਕ ਕਰਮਚਾਰੀ ਨੂੰ ਮਾਰ ਦਿੱਤਾ ਅਤੇ ਦੂਜੇ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਜਾਂਦੇ ਹੋਏ ਇਕ ਐਸ.ਐਲ.ਆਰ ਸਮੇਤ ਮੈਗਜ਼ੀਨ ਲੈ ਗਏ। 28 ਅਪ੍ਰੈਲ ਦੇ ਅਖ਼ਬਾਰਾਂ 'ਚ ਇਨ੍ਹਾਂ ਚੋਂ ਦੋ - ਨਾਹਰ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜੈ ਸਿੰਘ ਵਾਲਾ (ਜ਼ਿਲਾ ਬਠਿੰਡਾ) - ਪਿੰਡ ਬਹਿਣੀਵਾਲ ਜ਼ਿਲਾ ਮਾਨਸਾ ਕੋਲ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਅਤੇ ਤੀਜੇ ਮੁਲਜ਼ਮ ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੇ ਬੱਚਕੇ ਭੱਜ ਜਾਣ ਦੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਛਪੀਆਂ। ਦੋਹਾਂ ਮ੍ਰਿਤਕਾਂ ਦੇ ਪ੍ਰੀਵਾਰਾਂ ਨੇ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ ਅਤੇ ਪੱਤਰਕਾਰਾਂ ਵੱਲੋਂ ਵੀ ਇਸ ਦੀ ਸਚਾਈ 'ਤੇ ਸਵਾਲ ਖੜ੍ਹੇ ਕੀਤੇ ਗਏ। ਜਮਹੂਰੀ ਅਧਿਕਾਰ ਸਭਾ, ਪੰਜਾਬ ਨੇ ਇਸ ਮੁਕਾਬਲੇ ਦੀ ਸਚਾਈ ਲੋਕਾਂ ਸਾਹਮਣੇ ਲਿਆਉਣ ਲਈ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਅਗਵਾਈ ਵਿਚ ਨਰਭਿੰਦਰ (ਸੂਬਾ ਜਥੇਬੰਦਕ ਸਕੱਤਰ), ਸੇਵਾ- ਮੁਕਤ ਬੈਂਕ ਮੈਨੇਜਰ ਪ੍ਰਿਤਪਾਲ ਸਿੰਘ (ਸੂਬਾ ਪ੍ਰਕਾਸ਼ਨ ਸਕੱਤਰ), ਐਡਵੋਕੇਟ ਐਨ ਕੇ ਜੀਤ (ਸੂਬਾ ਕਮੇਟੀ ਮੈਂਬਰ), ਐਡਵੋਕੇਟ ਬਲਕਰਨ ਬੱਲੀ ਅਤੇ ਕਾਮਰੇਡ ਜਸਪਾਲ ਖੋਖਰ (ਕਮੇਟੀ ਮੈਂਬਰ) ਉਤੇ ਅਧਾਰਤ ਇਕ ਤੱਥ ਖੋਜ ਕਮੇਟੀ ਦਾ ਗਠਨ ਕੀਤਾ।
ਬਹਿਣੀਵਾਲ ਦੇ ਲੋਕਾਂ ਵੱਲੋਂ ਦਿੱਤੀ ਜਾਣਕਾਰੀ: ਸਭਾ ਦੀ ਟੀਮ ਮਿਤੀ 28/04/2013 ਨੂੰ ਬਾਦ ਦੁਪਹਿਰ ਲਗਭਗ ਤਿੰਨ ਵਜੇ ਪਿੰਡ ਬਹਿਣੀਵਾਲ ਦੇ ਦੱਖਣ ਪੂਰਬ ਵੱਲ, ਵਾਟਰ ਵਰਕਸ ਕੋਲ ਸਥਿਤ ਮਜ਼ਦੂਰ ਬਸਤੀ ਵਿਚ ਗਈ। ਇਸ ਬਸਤੀ ਵਿਚ ਮਜ਼ਦੂਰਾਂ ਦੇ ਘਰਾਂ ਵਰਗਾ ਹੀ ਦੋ ਕਮਰਿਆਂ ਦਾ ਇਕ ਗੁਰਦੁਆਰਾ ਹੈ ਜਿਸਦਾ ਗ੍ਰੰਥੀ ਹੀਰਾ ਸਿੰਘ ਹੈ। ਜਦੋਂ ਇਹ ਟੀਮ ਉੱਥੇ ਪਹੁੰਚੀ ਤਾਂ ਪਿੰਡ ਦੇ ਕਾਫ਼ੀ ਸਾਰੇ ਲੋਕ ਗੁਰਦੁਵਾਰੇ ਦੇ ਸਾਹਮਣੇ ਦਰੱਖਤਾਂ ਹੇਠ ਬੈਠੇ ਸਨ। ਉਹਨਾਂ ਨੂੰ ਟੀਮ ਨੇ ਆਪਣੀ ਜਾਣ ਪਛਾਣ ਦੱਸਕੇ ਪੁਲੀਸ ਮੁਕਾਬਲੇ ਦੀ ਘਟਨਾ ਸਬੰਧੀ ਜਾਣਕਾਰੀ ਮੰਗੀ। ਇਹਨਾਂ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ 26 ਤਰੀਕ ਨੂੰ ਦੁਪਹਿਰ 12 ਕੁ ਵਜੇ ਇਕ ਮੋਟਰ ਸਾਈਕਲ ਤੇ ਸਵਾਰ ਤਿੰਨ ਨੌਜਵਾਨ ਵਿਅਕਤੀ ਉੱਥੇ ਪਹੁੰਚੇ। ਉਹ ਰੋਟੀ ਖਾਕੇ ਗੁਰਦੁਆਰੇ ਦੇ ਕੋਲ ਦਰਖਤਾਂ ਹੇਠ ਸੁੱਤੇ ਰਹੇ ਅਤੇ ਸ਼ਾਮ ਨੂੰ ਗੁਰਦੁਆਰੇ ਦੇ ਅੰਦਰ ਚਲੇ ਗਏ। ਲੋਕਾਂ ਅਨੁਸਾਰ ਇਹ ਨੌਜਵਾਨ ਕਿਸੇ ਨੂੰ ਫ਼ੋਨ ਵੀ ਕਰ ਰਹੇ ਸਨ ਅਤੇ ਪੁਲੀਸ ਨੇ ਸ਼ਾਇਦ ਫ਼ੋਨਾਂ ਤੋਂ ਹੀ ਇਨ੍ਹਾਂ ਦੀ ਪੈੜ ਨੱਪ ਲਈ ਅਤੇ ਸਿਵਲ ਵਰਦੀ ਵਿਚ ਬਸਤੀ ਨੂੰ ਦਿਨੇ ਹੀ ਘੇਰ ਲਿਆ। ਰਾਤ ਨੂੰ ਲਗਭਗ ਅੱਠ ਵਜੇ ਬਾ-ਵਰਦੀ ਪੁਲਸ ਆ ਗਈ ਅਤੇ ਬਸਤੀ ਦੇ ਲੋਕਾਂ ਨੂੰ ਘਰਾਂ ਵਿਚ ਵੜ੍ਹ ਜਾਣ ਲਈ ਕਿਹਾ। 8.30 ਕੁ ਵਜੇ ਪੁਲਸ ਨੇ ਗੁਰਦੁਆਰੇ ਦੇ ਅਗਲੇ ਪਾਸਿਉਂ ਅੰਦਰ ਵੱਲ ਦੋ ਫਾਇਰ ਕੀਤੇ। ਕੁੱਝ ਚਿਰ ਰੁਕ ਕੇ ਤੀਸਰਾ ਫਾਇਰ ਕੀਤਾ। ਫਿਰ ਕਿਸੇ ਪੁਲਸ ਅਧਿਕਾਰੀ ਨੇ ਕਿਹਾ ਕਿ ਜੇ ਅੱਗੇ ਤੋਂ ਫਾਇਰ ਦਾ ਜਵਾਬ ਨਹੀਂ ਆ ਰਿਹਾ ਤਾਂ ਹੋਰ ਫਾਇਰ ਨਾ ਕਰੋ। ਪੁਲਸ ਗੁਰਦਵਾਰੇ ਦੇ ਅੰਦਰ ਚਲੀ ਗਈ ਅਤੇ ਦਿਨੇ ਇਥੇ ਆਏ ਤਿੰਨ ਨੌਜਵਾਨਾਂ ਵਿਚੋਂ ਦੋ ਨੂੰ ਦਬੋਚ ਲਿਆ। ਤੀਸਰਾ ਵਿਅਕਤੀ ਨਾਲ ਦੇ ਖੇਤ ਦੁਆਲੇ ਲੱਗੀ ਤਾਰ ਟੱਪਦਾ ਹੋਇਆ ਪੁਲਸ ਨੇ ਕਾਬੂ ਕਰ ਲਿਆ। ਇਸੇ ਸਮੇਂ ਦੌਰਾਨ ਇਕ ਮੋਟਰ ਸਾਈਕਲ ਸਵਾਰ ਗੁਰਦੁਵਾਰੇ ਅੱਗੇ ਆਕੇ ਰੁਕਣ ਲੱਗਾ ਪਰ ਪੁਿਲਸ ਨੂੰ ਦੇਖਕੇ ਉਸਨੇ ਮੋਟਰ ਸਾਈਕਲ ਅੱਗੇ ਵੱਲ ਭਜਾ ਲਿਆ, ਪੁਲਸ ਨੇ ਉਸ ਨੂੰ ਵੀ ਫੜ੍ਹ ਲਿਆ। ਇਸ ਕਾਰਵਾਈ ਤੋਂ ਬਾਅਦ ਪੁਲਸ ਉਥੋਂ ਚਲੀ ਗਈ। ਥੋੜ੍ਹੀ ਦੇਰ ਬਾਅਦ ਪਲਿਸ ਵਾਪਸ ਗੁਰਦਵਆਰੇ ਵਿਚ ਆਈ ਅਤੇ ਉਸਦੇ ਅੱਗੇ ਪਏ ਬਾਲਣ ਦੇ ਢੇਰ ਦੀ ਫਰੋਲਾ ਫਰਾਲੀ ਕਰਕੇ ਉਥੋਂ ਕੁਝ ਕੱਢਕੇ ਲੈ ਗਈ।
ਗੁਰਦਵਾਰੇ ਵਿਚ ਆਏ ਇਹ ਤਿੰਨ ਨੌਜਵਾਨ ਪੁਲਸ ਹਿਰਾਸਤ ਚੋਂ ਭੱਜੇ ਹੋਏ ਕੈਦੀ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਤੇ ਨਾਹਰ ਸਿੰਘ ਸਨ ਅਤੇ ਮੋਟਰ ਸਾਈਕਲ 'ਤੇ ਆਇਆ ਹੋਇਆ ਵਿਅਕਤੀ ਗਹਿਰੀ ਬਾਰਾ ਸਿੰਘ ਦਾ ਬੱਗਾ ਸਿੰਘ ਸੀ ਜੋ ਕਿ ਗੁਰਦਵਾਰੇ ਦੇ ਗ੍ਰੰਥੀ ਹੀਰਾ ਸਿੰਘ ਦਾ ਭਾਈ ਸੀ। ਪੁਲਸ ਨੇ ਗਰੁਦਵਾਰੇ ਦੇ ਅੱਗੇ ਪਏ ਬਾਲਣ ਦੇ ਢੇਰ ਦੀ ਫਰੋਲਾ ਫਰਾਲੀ ਕਰਕੇ ਇਹਨਾਂ ਕੈਦੀਆਂ ਵੱਲੋਂ ਪੁਲਸ ਮੁਲਾਜ਼ਮਾਂ ਤੋਂ ਖੋਹੀ ਐੱਸ.ਐੱਲ.ਆਰ. ਬਰਾਮਦ ਕੀਤੀ ਸੀ। ਪਿੰਡ ਵਾਸੀਆਂ ਅਨੁਸਾਰ ਉਸ ਰਾਤ ਉਨ੍ਹਾਂ ਤਿੰਨ ਕੁ ਵਜੇ ਨਾਲ ਲਗਦੇ ਖੇਤਾਂ ਵਿਚੋਂ ਕੁੱਝ ਗੋਲੀਆਂ ਚਲਣ ਦੀ ਆਵਾਜ਼ ਸੁਣੀ ਅਤੇ ਇਸ ਦੇ ਨਾਲ ਹੀ ਕੁਝ ਆਦਮੀਆਂ ਦੀ ਹਿੱਲਜੁਲ ਤੇ ਵਹੀਕਲਾਂ ਦੇ ਚੱਲਣ ਫਿਰਨ ਦੀ ਆਵਾਜ਼ ਵੀ ਸੁਣੀ। ਅਗਲੇ ਦਿਨ ਸਵੇਰੇ ਲੋਕਾਂ ਨੇ ਕੰਬਾਈਨ ਨਾਲ ਕੱਟੇ ਕਣਕ ਦੇ ਖੇਤ ਵਿਚ ਦੋ ਲਾਸ਼ਾਂ ਪਈਆਂ ਦੇਖੀਆਂ ਜਿਹਨਾਂ ਕੋਲ ਪੁਲਸ ਮੌਜੂਦ ਸੀ। ਇਕ ਲਾਸ਼ ਦੇ ਨਿਕਰ ਕਮੀਜ਼ ਪਾਈ ਹੋਈ ਸੀ ਤੇ ਪੈਰਾਂ ਕੋਲ ਚੱਪਲਾਂ ਪਈਆਂ ਸਨ। ਇਹ ਲਾਸ਼ ਖਾਲ ਤੋ 2-3 ਕਰਮਾਂ ਦੀ ਵਿੱਥ ਤੇ ਸੀ ਅਤੇ ਅਤੇ ਦੂਸਰੀ ਲਾਸ਼ ਇਸ ਲਾਸ਼ ਤੋਂ 30-35 ਕਰਮਾਂ ਦੂਰ ਉਤਰ ਪੂਰਬ ਵੱਲ ਖੇਤ ਵਿਚ ਪਈ ਸੀ ਅਤੇ ਉਸਦੇ ਵੀ ਪੈਰੀ ਚੱਪਲਾਂ ਸਨ। ਜਿਥੇ ਲਾਸ਼ਾਂ ਪਈਆਂ ਸਨ ਉਥੇ ਮਿੱਟੀ ਅਤੇ ਕਣਕ ਦਾ ਟਾਂਗਰ ਲਹੂ ਨਾਲ ਭਿੱਜਿਆ ਹੋਇਆ ਸੀ। ਆਲੇ ਦੁਆਲੇ ਦੇ ਖੇਤਾਂ ਵਿਚ ਕਣਕ ਹਾਲੇ ਖੜੀ ਸੀ। ਇਹ ਖੇਤ ਤਲਵੰਡੀ ਮਾਨਸਾ ਰੋਡ ਤੋਂ ਲਗਭਗ ਡੇਢ ਕਿਲੋਮੀਟਰ, ਬਹਿਣੀਵਾਲ ਪੇਰੋਂ ਰੋਡ ਤੋ ਪੌਣਾ ਕੁ ਕਿਲੋਮੀਟਰ ਅਤੇ ਸੂਏ ਤੋਂ ਚਾਰ ਪੰਜ ਕਿਲਿਆਂ ਦੀ ਦੂਰੀ ਤੇ ਸੀ। ਬਾਅਦ ਵਿਚ ਪੁਲਸ ਇਹਨਾਂ ਦੋਹਾਂ ਲਾਸ਼ਾਂ, ਜੋ ਪੁਲਸ ਅਨੁਸਾਰ ਭੱਜੇ ਹੋਏ ਕੈਦੀ ਕੁਲਵਿੰਦਰ ਸਿੰਘ ਅਤੇ ਨਾਹਰ ਸਿੰਘ ਦੀਆਂ ਸਨ, ਨੁੰ ਇਕ ਪੀਟਰ ਰੇਹੜੇ 'ਤੇ ਲੱਦ ਕੇ ਲੈ ਗਈ ਅਤੇ ਐਲਾਨ ਕੀਤਾ ਕਿ ਇਹ ਦੋਵੇ ਪੁਲਸ ਮੁਕਾਬਲੇ ਵਿਚ ਮਾਰੇ ਗਏ ਸਨ।
ਸਭਾ ਦੀ ਟੀਮ ਜਦੋਂ ਪਿੰਡ ਬਹਿਣੀਵਾਲ ਪਹੁੰਚੀ ਤਾਂ ਪਿੰਡ ਦੇ ਲੋਕ ਬਹੁਤ ਡਰੇ ਅਤੇ ਸਹਿਮੇ ਹੋਏ ਸਨ। ਗੁਰਦੁਵਾਰੇ ਦਾ ਭਾਈ ਹੀਰਾ ਸਿੰਘ ਬੇਹੱਦ ਡਰਿਆ ਹੋਇਆ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ। ਉਸਨੂੰ ਇਸ ਘਟਨਾ ਕਾਰਨ ਦੌਰੇ ਪੈ ਰਹੇ ਸਨ। ਉਸਨੂੰ ਆਪਣੇ ਭਰਾ ਬੱਗਾ ਸਿੰਘ ਦੀ ਵੀ ਚਿੰਤਾ ਸੀ ਜਿਸਨੂੰ ਪੁਲਸ ਨੇ ਗੁਰਦਵਾਰੇ ਦੇ ਸਾਹਮਣਿਉਂ ਮੋਟਰ ਸਾਈਕਲ 'ਤੇ ਆਉਂਦਿਆਂ ਗ੍ਰਿਫ਼ਤਾਰ ਤਾਂ ਕਰ ਲਿਆ ਸੀ ਪਰ ਉਸਦਾ ਕੋਈ ਅਤਾਪਤਾ ਨਹੀ ਦੱਸਿਆ ਸੀ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਬੱਗਾ ਸਿੰਘ, ਜੋ ਮਾਰੇ ਗਏ ਕੈਦੀਆਂ ਨਾਲ ਫ਼ਰੀਦਕੋਟ ਜੇਲ੍ਹ ਵਿਚ ਰਿਹਾ ਸੀ, ਵੀ ਜੇਲ ਚੋਂ ਭਗੌੜਾ ਸੀ। ਬਾਅਦ ਵਿਚ ਕਈ ਦਿਨਾਂ ਪਿਛੋਂ ਪੁਲਸ ਨੇ ਬੱਗਾ ਸਿੰਘ ਤੇ ਇਕ ਹੋਰ ਕੇਸ ਪਾਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ।
ਮੁਲਜ਼ਮਾਂ ਦੇ ਫਰਾਰ ਹੋਣ ਵਾਲੀ ਥਾਂ ਤੋਂ ਮਿਲੀ ਜਾਣਕਾਰੀ: ਸਭਾ ਦੀ ਪੜਤਾਲੀਆ ਟੀਮ ਕੈਦੀਆਂ ਦੇ ਫਰਾਰ ਹੋਣ ਦੀ ਘਟਨਾ ਵਾਲੀ ਥਾਂ ਤੇ ਪਹੁੰਚੀ ਅਤੇ ਉਥੇ ਸਥਿਤ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਜਾਣਕਾਰੀ ਹਾਸਲ ਕੀਤੀ। ਜਿਸ ਅਨੁਸਾਰ 25 ਅਪ੍ਰੈਲ ਸ਼ਾਮ 7.30 ਵਜੇ ਦੇ ਕਰੀਬ ਇਕ ਪੁਲਸ ਪਾਰਟੀ ਦਾ ਕੈਂਟਰ ਮਾਈਸਰਖਾਨਾ ਦੇ ਪੈਟਰੋਲ ਪੰਪ ਦੇ ਕੋਲ ਸੜਕ 'ਤੇ ਆਕੇ ਰੁਕਿਆ। ਕੈਂਟਰ ਦੇ ਪਿਛਲੇ ਹਿੱਸੇ ਵਿਚ ਤਿੰਨ ਕੈਦੀ ਅਤੇ ਦੋ ਪੁਲਸ ਮੁਲਾਜ਼ਮ ਸਨ ਅਤੇ ਕੈਂਟਰ ਦੇ ਅਗਲੇ ਹਿੱਸੇ ਵਿਚ ਡਰਾਈਵਰ ਸਮੇਤ ਚਾਰ ਕਰਮਚਾਰੀ ਸਨ। ਕੈਂਟਰ ਰੁਕਣ 'ਤੇ ਪਿਛਲੇ ਹਿੱਸੇ ਵਿਚ ਕਾਫੀ ਹੱਲਚੱਲ ਸੁਣਾਈ ਦਿੱਤੀ। ਪੈਟਰੋਲ ਪੰਪ ਮੁਲਾਜ਼ਮਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਨੂੰ ਦੌਰਾ ਵਗੈਰਾ ਪੈ ਗਿਆ ਹੈ। ਇਸ ਕਰਕੇ ਉਹ ਪਾਣੀ ਦਾ ਗਲਾਸ ਲੈਕੇ ਭੱਜਕੇ ਉਥੇ ਪਹੁੰਚੇ। ਉਹਨਾਂ ਦੇਖਿਆ ਕਿ ਕੈਂਟਰ ਦਾ ਡਰਾਇਵਰ ਪਿਛਲੇ ਪਾਸੇ ਤੋਂ ਕੈਂਟਰ ਵਿਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਸਨੂੰ ਅੰਦਰਲੇ ਵਿਅਕਤੀਆਂ ਨੇ ਚੜ੍ਹਨ ਨਹੀਂ ਦਿੱਤਾ। ਉਸ ਨੇ ਪੈਟਰੋਲ ਪੰਪ ਮੁਲਾਜ਼ਮਾਂ ਨੇ ਸੋਟੀ ਲਿਆਉਣ ਲਈ ਕਿਹਾ। ਉਸ ਸਮੇਂ ਡਰਾਈਵਰ ਵਾਲੇ ਹਿੱਸੇ ਚੋਂ ਉੱਤਰੇ ਪੁਲਸ ਕਰਮਚਾਰੀ ਇਧਰ ਉਧਰ ਘੰਮਦੇ ਅਤੇ ਫ਼ੋਨ ਕਰਦੇ ਰਹੇ। ਪੈਟਰੋਲ ਪੰਪ ਦੇ ਕਰਮਚਾਰੀਆਂ ਦੇ ਸੋਟੀ ਲੈਕੇ ਪਹੁੰਚਣ ਤੋਂ ਪਹਿਲਾਂ ਹੀ ਗੋਲੀਆਂ ਚਲਣ ਦੀ ਆਵਾਜ਼ ਆਈ ਅਤੇ ਤਿੰਨ ਕੈਦੀ ਕੈਂਟਰ ਚੋਂ ਉੱਤਰ ਕੇ ਗਹਿਰੀ ਬਾਰਾ ਸਿੰਘ ਵੱਲ ਖੇਤਾਂ ਵਿਚ ਦੀ ਜਾ ਰਹੇ ਸਨ। ਉਹਨਾਂ ਚੋਂ ਇਕ ਕੈਦੀ ਲੰਗੜਾਕੇ ਚਲਦਾ ਸੀ। ਕੈਦੀਆਂ ਚੋਂ ਇਕ ਦੇ ਹੱਥ ਵਿਚ ਰਾਈਫਲ ਸੀ ਅਤੇ ਉਹ ਧਮਕੀ ਦੇ ਰਿਹਾ ਸੀ ਕਿ ਜੇ ਕਿਸੇ ਨੇ ਪਿੱਛਾ ਕੀਤਾ ਤਾਂ ਉਹ ਗੋਲੀ ਚਲਾ ਦੇਵੇਗਾ। ਤਿੰਨੋ ਕੈਦੀ ਆਰਾਮ ਨਾਲ ਉਥੋਂ ਚਲੇ ਗਏ। ਅਤੇ ਬਾਹਰ ਖੜ੍ਹੇ ਪੁਲੀਸ ਮੁਲਾਜ਼ਮਾਂ ਨੇ ਨਾ ਤਾਂ ਉਹਨਾਂ ਦਾ ਪਿੱਛਾ ਕੀਤਾ ਅਤੇ ਨਾ ਹੀ ਆਪਣੇ ਹਥਿਆਰਾਂ ਦੀ ਕੋਈ ਵਰਤੋਂ ਕੀਤੀ। ਇਸ ਤੋਂ ਬਾਅਦ ਜ਼ਖ਼ਮੀ ਸਿਪਾਹੀਆਂ ਨੂੰ ਬਾਹਰ ਕੱਢਿਆ ਗਿਆ। ਇਕ ਸਿਪਾਹੀ ਨੂੰ ਪਾਣੀ ਪਿਲਾਇਆ, ਜਦੋਂ ਕਿ ਦੂਜੇ ਦੀ ਹਾਲਤ ਗੰਭੀਰ ਸੀ ਜਿਸਨੂੰ ਉਸਦੇ ਸਾਥੀ ਮੁਲਾਜ਼ਮਾਂ ਨੇ ਮਰਿਆ ਹੋਇਆ ਦੱਸਿਆ। ਇਹ ਸਾਰੀ ਘਟਨਾ 15 ਕੁ ਮਿੰਟਾਂ ਵਿਚ ਘਟ ਗਈ। ਇਸ ਘਟਨਾ ਤੋਂ ਲਗਭਗ ਇਕ ਘੰਟੇ ਬਾਅਦ ਹੋਰ ਪੁਲਸ ਉਥੇ ਆਈ। ਅਤੇ ਕੁਝ ਕਾਰਵਾਈ ਕਰਨ ਤੋਂ ਬਾਅਦ ਮ੍ਰਿਤਕ ਤੇ ਜ਼ਖ਼ਮੀ ਪੁਲਸ ਕਰਮਚਾਰੀਆਂ ਅਤੇ ਬਾਕੀਆਂ ਨੂੰ ਉਥੋਂ ਲੈ ਗਈ।
ਸਭਾ ਦੀ ਟੀਮ 25 ਅਪ੍ਰੈਲ ਦੀ ਘਟਨਾ ਵਿਚ ਮਾਰੇ ਗਏ ਹੌਲਦਾਰ ਅਵਤਾਰ ਸਿੰਘ ਦੇ ਪ੍ਰੀਵਾਰ ਨੂੰ ਮਿਲੀ ਅਤੇ ਉਸਦੀ ਪੋਸਟ ਮਾਰਟਮ ਰਿਪੋਰਟ ਹਾਸਲ ਕੀਤੀ।
ਪੁਲਸ ਮੁਲਾਜ਼ਮ ਐੱਚ. ਸੀ. ਅਵਤਾਰ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ 26/4/2013 ਨੂੰ ਦੋ ਡਾਕਟਰਾਂ ਦੇ ਪੈਨਲ ਵੱਲੋਂ ਕੀਤਾ ਗਿਆ। ਲਾਸ਼ 25/04/2013 ਨੂੰ ਸਵੇਰੇ 09.45 'ਤੇ ਸਿਵਲ ਹਸਪਤਾਲ ਵਿਚ ਪਹੁੰਚੀ ਅਤੇ ਪੋਸਟ ਮਾਰਟਮ 26/04/2013 ਨੂੰ 11.50 'ਤੇ ਕੀਤਾ ਗਿਆ। ਪੁਲਸ ਅਨੁਸਾਰ ਅਵਤਾਰ ਸਿੰਘ ਦੀ ਮੌਤ 25/4/2013 ਨੂੰ ਸ਼ਾਮ ਦੇ ਅੱਠ ਵਜੇ ਦੇ ਲਗਭਗ ਹੋਈ। ਪੁਲਸ ਵੱਲੋਂ ਪੋਸਟ ਮਾਰਟਮ ਸਮੇਂ ਦਿੱਤੀ ਜਾਣਕਾਰੀ ਅਨੁਸਾਰ ਉਸ ਦੀ ਮੌਤ ਕਿਸੇ ਫਾਇਰ ਆਰਮ ਜਾਂ ਤੇਜ਼ ਧਾਰ ਹਥਿਆਰ ਦੇ ਜ਼ਖ਼ਮ ਨਾਲ ਹੋਈ ਸੀ।
ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਐੱਚ.ਸੀ. ਅਵਤਾਰ ਸਿੰਘ ਦੇ ਸਰੀਰ 'ਤੇ ਕੁੱਲ 4 ਜ਼ਖ਼ਮ ਸਨ ਜਿਨਾਂ ਚੋਂ ਤਿੰਨ ਪੇਟ ਉਤੇ ਅਤੇ ਇਕ ਮੂੰਹ ਉੱਪਰ ਸੀ।
ਮਾਈਸਰਖਾਨਾ ਦੀ ਘਟਨਾ ਬਾਰੇ ਪੁਲਸ ਦਾ ਪੱਖ: ਮਿਤੀ 25/4/2013 ਨੂੰ ਮੌੜ ਥਾਣੇ ਵਿਚ ਐੱਚ.ਸੀ. ਤਰਲੋਚਨ ਸਿੰਘ ਪੁਲਸ ਲਾਈਨ ਬਠਿੰਡਾ ਦੇ ਬਿਆਨ ਤੇ ਦਰਜ਼ ਐੱਫ.ਆਈ.ਆਰ. ਨੰਬਰ 42 ਅਨੁਸਾਰ ਬਠਿੰਡਾ ਕੇਂਦਰੀ ਜੇਲ੍ਹ ਵਿਚ ਬੰਦ ਤਿੰਨ ਦੋਸ਼ੀਆਂ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਨਾਹਰ ਸਿੰਘ ਨੂੰ ਪੰਚਕੁਲਾ ਦੀ ਇਕ ਅਦਾਲਤ ਵਿਚ ਪੇਸ਼ ਕਰਨ ਲਈ ਤਿੰਨ ਹੈਡ ਕਾਂਸਟੇਬਲਾਂ, ਦੋ ਸਿਪਾਹੀਆਂ ਅਤੇ ਇਕ ਡਰਾਈਵਰ ਦੀ ਪੁਲਸ ਪਾਰਟੀ ਉਸੇ ਦਿਨ ਸਵੇਰੇ ਟਾਟਾ-407 ਕੈਂਟਰ ਨੰਬਰ ਪੀ.ਬੀ.-03 ਐੱਨ-9062 'ਤੇ ਸਵਾਰ ਹੋਕੇ ਗਈ। ਦੁਪਹਿਰੇ ਢਾਈ ਵਜੇ ਪੇਸ਼ੀ ਭੁਗਤਣ ਤੋਂ ਬਾਅਦ ਇਹ ਪੁਲਸ ਪਾਰਟੀ ਵਾਪਸ ਚੱਲ ਪਈ। ਵਾਪਸੀ ਸਮੇਂ ਤਿੰਨੋਂ ਮੁਲਜ਼ਮ ਕੈਂਟਰ ਦੇ ਪਿਛਲੇ ਪਾਸੇ ਬੈਠੇ ਸਨ। ਉਨ੍ਹਾਂ ਦੀ ਰਾਖੀ ਲਈ ਐੱਚ.ਸੀ. ਤਰਲੋਚਨ ਸਿੰਘ, ਐੱਚ.ਸੀ. ਅਵਤਾਰ ਸਿੰਘ, ਐੱਚ.ਸੀ. ਮਨੋਜ ਕੁਮਾਰ, ਅਤੇ ਕਾਂਸਟੇਬਲ ਮਨਦੀਪ ਸਿੰਘ ਬੈਠੇ ਸਨ। ਮੁਲਜ਼ਮ ਕੁਲਵਿੰਦਰ ਸਿੰਘ ਨੂੰ ਇਕੱਲੇ ਨੂੰ ਹੱਥਕੜੀ ਲੱਗੀ ਹੋਈ ਸੀ। ਬਾਕੀ ਦੋਹਾਂ ਮੁਲਜ਼ਮਾਂ ਨੂੰ ਇਕੱਠਿਆਂ ਹੱਥਕੜੀ ਲੱਗੀ ਹੋਈ ਸੀ। ਹੱਥਕੜੀ ਦੇ ਕੁੰਡੇ ਐੱਚ.ਸੀ. ਤਰਲੋਚਨ ਸਿੰਘ ਕੋਲ ਸਨ। ਮੁਲਜ਼ਮਾਂ ਦੇ ਨਾਲ ਬੈਠੇ 4 ਮੁਲਾਜ਼ਮਾਂ ਵਿਚੋਂ ਤਿੰਨ ਕੋਲ ਆਧੁਨਿਕ ਹਥਿਆਰ ਸਨ। ਐੱਚ.ਸੀ. ਅਵਤਾਰ ਸਿੰਘ ਅਤੇ ਐੱਚ.ਸੀ. ਮਨੋਜ ਕੁਮਾਰ ਕੋਲ ਇਕ ਇਕ ਕਾਰਬਾਈਨ ਸੀ ਅਤੇ ਸਿਪਾਹੀ ਮਨਦੀਪ ਸਿੰਘ ਕੋਲ ਐਸ. ਐਲ. ਆਰ. ਸੀ। ਕੈਂਟਰ ਦੀ ਮੁਹਰਲੀ ਸੀਟ 'ਤੇ ਡਰਾਈਵਰ ਜਸਵੀਰ ਕੁਮਾਰ ਦੇ ਨਾਲ ਐੱਚ.ਸੀ. ਨਿਰਮਲ ਸਿੰਘ ਬੈਠਾ ਸੀ। ਐੱਚ.ਸੀ. ਤਰਲੋਚਨ ਸਿੰਘ ਅਨੁਸਾਰ ਜਦੋਂ ਕੈਂਟਰ ਮਾਈਸਰਖਾਨਾ ਪਿੰਡ ਤੋਂ ਥੋੜ੍ਹਾ ਅੱਗੇ ਪੈਟਰੋਲ ਪੰਪ ਦੇ ਕੋਲ ਸ਼ਾਮ ਨੂੰ ਸਵਾ 7 ਵਜੇ ਦੇ ਲਗਭਗ ਪੁੱਜਿਆ ਤਾਂ, ''ਉਕਤ ਤਿੰਨੋ ਕੈਦੀ ਹਮ-ਮਸ਼ਵਰਾ ਹੋਕੇ ਇਕ ਦਮ ਸਾਡੇ ਨਾਲ ਹੱਥੋਪਾਈ ਹੋ ਗਏ। ਤਿੰਨੋਂ ਕੈਦੀ ਜਾਨ ਵਿਚ ਸਾਡੇ ਨਾਲੋਂ ਤਕੜੇ ਸਨ। ਕੈਦੀ ਕੁਲਵਿੰਦਰ ਸਿੰਘ ਨੇ ਸਿਪਾਹੀ ਮਨਦੀਪ ਸਿੰਘ ਅਤੇ ਐੱਚ.ਸੀ. ਅਵਤਾਰ ਸਿੰਘ ਦੀਆਂ ਅੱਖਾਂ ਵਿਚ ਲਾਲ ਮਿਰਚਾਂ ਪਾ ਦਿੱਤੀਆਂ ਅਤੇ ਐੱਸ.ਐੱਲ.ਆਰ. ਖੋਹਕੇ ਸਿਪਾਹੀ ਮਨਦੀਪ ਸਿੰਘ ਦੇ ਪੱਟ ਵਿਚ ਫਾਇਰ ਮਾਰੇ ਅਤੇ ਐੱਚ.ਸੀ. ਅਵਤਾਰ ਸਿੰਘ ਦੇ ਪੇਟ ਵਿਚ ਵੀ ਫਾਇਰ ਮਾਰੇ। ਸਾਡੇ ਕੈਂਟਰ ਡਰਾਇਵਰ ਅਤੇ ਐੱਚ.ਸੀ. ਨਿਰਮਲ ਸਿੰਘ ਨੂੰ ਪਤਾ ਲੱਗਣ 'ਤੇ ਉਹਨਾਂ ਕੈਂਟਰ ਸੜਕ ਦੇ ਕਿਨਾਰੇ ਰੋਕ ਦਿੱਤਾ। ਉਸ ਵੇਲੇ ਸੂਰਜ ਛਿਪ ਚੁੱਕਾ ਸੀ। ਉਕਤ ਤਿੰਂਨੋ ਕੈਦੀ ਸਾਡੀ ਹਿਰਾਸਤ ਵਿਚੋਂ ਹਨੇਰੇ ਦਾ ਫ਼ਾਇਦਾ ਉਠਾਕੇ ਭੱਜਣ ਵਿਚ ਕਾਮਯਾਬ ਹੋ ਗਏ"।
ਪੁਲਸ ਦੀ ਕਹਾਣੀ ਸ਼ੱਕ ਦੇ ਘੇਰੇ 'ਚ :
ਮੌੜ ਥਾਣੇ ਵਿਚ ਦਰਜ ਇਸ ਐੱਫ.ਆਈ.ਆਰ. ਨੰ: 42 ਵਿਚ ਬਿਆਨ ਕੀਤੀ ਕਹਾਣੀ ਕਈ ਪੱਖਾਂ ਤੋਂ ਸ਼ੱਕੀ ਲਗਦੀ ਹੈ, ਜਿਵੇਂ:-
ਤਿੰਨ ਮੁਲਜ਼ਮ ਜਿਨ੍ਹਾਂ ਦੇ ਹੱਥ ਕੜੀਆਂ ਲੱਗੀਆਂ ਹੋਈਆਂ ਸਨ, ਚਾਰ ਪੁਲਸ ਮੁਲਾਜ਼ਮ ਜਿਨ੍ਹਾਂ ਕੋਲ ਤਿੰਨ ਅੱਤ ਆਧੁਨਿਕ ਹਥਿਆਰ ਲੈਸ ਸਨ ਉੱਪਰ ਕਿਵੇਂ ਭਾਰੂ ਪੈ ਗਏ ਅਤੇ ਭੱਜਣ ਵਿਚ ਕਾਮਯਾਬ ਕਿਵੇਂ ਹੋ ਗਏ?, ਜਦੋਂ ਕਿ ਉਹਨਾਂ ਵਿਚੋਂ ਇਕ ਮੁਲਜ਼ਮ ਲੱਤ ਤੋਂ ਆਹਰੀ ਸੀ ਅਤੇ ਜ਼ਿਆਦਾ ਤੇਜ਼ ਦੌੜ ਨਹੀਂ ਸਕਦਾ ਸੀ ਅਤੇ ਪੁਲਸ ਟੀਮ ਇਸ ਗੱਲ ਤੋਂ ਚੰਗੀ ਤਰਾਂ ਜਾਣੂ ਸੀ।
ਐੱਫ.ਆਈ.ਆਰ. ਮੁਤਾਬਕ ਮੁਲਜ਼ਮਾਂ ਨੇ ਐੱਚ.ਸੀ. ਅਵਤਾਰ ਸਿੰਘ ਦੇ ਪੇਟ ਵਿਚ ਫਾਇਰ ਮਾਰੇ ਅਤੇ ਉਸਨੂੰ ਕਤਲ ਕੀਤਾ। ਪ੍ਰੰਤੂ ਐੱਚ.ਸੀ. ਅਵਤਾਰ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ।
ਐੱਫ.ਆਈ. ਆਰ. ਅਨੁਸਾਰ ਮੁਲਜ਼ਮ ਹਨੇਰੇ ਦਾ ਫ਼ਾਇਦਾ ਉਠਾਕੇ ਪੁਲਸ ਹਿਰਾਸਤ ਵਿਚੋਂ ਭੱਜਣ ਵਿਚ ਕਾਮਯਾਬ ਹੋ ਗਏ। ਇਹ ਗੱਲ ਵੀ ਹਕੀਕਤ ਦੇ ਉਲਟ ਹੈ ਕਿਉਂਕਿ ਜਿਸ ਜਗ੍ਹਾ 'ਤੇ ਇਹ ਘਟਨਾ ਵਾਪਰੀ ਉਥੇ ਪੈਟਰੋਲ ਪੰਪ ਹੈ ਅਤੇ ਰੋਸ਼ਨੀ ਹੈ। ਭੱਜਦੇ ਮੁਲਜ਼ਮਾਂ ਨੂੰ ਕੈਂਟਰ ਦੀਆਂ ਹੈੱਡ ਲਾਈਟਾਂ ਲਾਕੇ ਵੀ ਨਿਗਾਹ ਹੇਠ ਰੱਖਿਆ ਜਾ ਸਕਦਾ ਸੀ। ਇਸਤੋਂ ਇਲਾਵਾ 25 ਅਪ੍ਰੈਲ ਨੂੰ ਪੁੰਨਿਆ ਦਾ ਦਿਨ ਸੀ। ਉਸ ਦਿਨ ਸ਼ਾਮ 6.55 ਮਿੰਟ 'ਤੇ ਸੂਰਜ ਦੇ ਛਿਪਣ ਤੋਂ ਪਹਿਲਾਂ ਹੀ 6.34 ਮਿੰਟ 'ਤੇ ਚੰਦ ਨਿਕਲ ਆਇਆ ਸੀ।
ਐੱਫ.ਆਈ.ਆਰ. ਅਨੁਸਾਰ ਇਹ ਘਟਨਾ ਸਵਾ 7 ਵਜੇ ਵਾਪਰੀ ਜਦੋਂ ਕਿ ਹੈੱਡ ਕਾਂਸਟੇਬਲ ਅਵਤਾਰ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਅਨੁਸਾਰ ਉਸ ਦੀ ਮੌਤ ਸ਼ਾਮ ਨੂੰ ਅੱਠ ਵਜੇ ਹੋਈ। ਇਸ ਸਮੇਂ ਦੌਰਾਨ ਜੇ ਉਹ ਜ਼ਖ਼ਮੀ ਸੀ ਤਾਂ ਉਸ ਨੂੰ ਮਾਈਸਰਖਾਨਾ ਜਾਂ ਮੌੜ ਮੰਡੀ ਤੋਂ ਕੋਈ ਡਾਕਟਰੀ ਸਹਾਇਤਾ ਕਿਉਂ ਨਹੀਂ ਦਿਵਾਈ ਗਈ। ਇਸ ਗੱਲ ਦਾ ਪੁਲਸ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਸਗੋਂ ਐੱਫ.ਆਈ.ਆਰ. ਅਨੁਸਾਰ ਜ਼ਿਲ੍ਹਾ ਕੰਟਰੋਲ ਰੂਮ ਬਠਿੰਡਾ ਤੋਂ ਇਤਲਾਹ ਮਿਲਣ ਤੇ ਐੱਸ.ਐੱਚ.ਓ. ਮੌੜ ਜਦੋਂ ਰਾਤ ਨੂੰ ਤਕਰੀਬਨ 10.30 ਵਜੇ ਵਾਰਦਾਤ ਥਾਂ 'ਤੇ ਪੁਜਿਆ ਤਾਂ ਕੈਂਟਰ ਸਾਰੇ ਮੁਲਾਜ਼ਮਾਂ ਸਮੇਤ ਉਥੇ ਹੀ ਖੜ੍ਹਾ ਸੀ।
ਜਿਥੋਂ ਤੱਕ ਮੁਲਾਜ਼ਮਾਂ ਵੱਲੋਂ ਪੁਲਸ ਕਰਮਚਾਰੀਆਂ ਦੀਆਂ ਅੱਖਾਂ ਵਿਚ ਲਾਲ ਮਿਰਚਾਂ ਪਾਉਣ ਦਾ ਸਵਾਲ ਹੈ ਮੈਡੀਕਲ ਐਵੀਡੈਂਸ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ। ਇਸਤੋਂ ਇਲਾਵਾ ਪੁਲਸ ਪਾਰਟੀ ਨੇ ਸਵੇਰੇ ਦੋਸ਼ੀਆਂ ਨੂੰ ਤਲਾਸ਼ੀ ਲੈਕੇ ਕੈਂਟਰ ਵਿਚ ਚੜ੍ਹਾਇਆ ਸੀ ਅਤੇ ਘਟਨਾ ਵਾਪਰਨ ਤੱਕ ਉਹ ਇਸ ਟੀਮ ਦੀ ਨਿਗਰਾਨੀ ਹੇਠ ਹੀ ਰਹੇ ਅਤੇ ਸੰਭਵ ਨਹੀਂ ਹੈ ਕਿ ਉਹਨਾਂ ਨੇ ਪੁਲਸ ਮੁਲਾਜ਼ਮਾਂ ਦੀ ਜਾਣਕਾਰੀ ਤੋਂ ਬਿਨਾਂ ਕਿਤੋਂ ਪੀਸੀਆਂ ਹੋਈਆਂ ਲਾਲ ਮਿਰਚਾਂ ਹਾਸਲ ਕਰ ਲਈਆਂ ਹੋਣ।
ਹੈਰਾਨੀ ਦੀ ਗੱਲ ਹੈ ਕਿ ਪੁਲਸ ਟੀਮ ਕੋਲ ਦੋ ਕਾਰਬਾਈਨਾਂ ਅਤੇ ਇਕ ਐਲ.ਐਸ.ਆਰ. ਹੋਣ ਦੇ ਬਾਵਜੂਦ ਵੀ, ਜਦੋਂ ਮੁਲਜ਼ਮ ਪੁਲਸ ਮੁਲਾਜ਼ਮਾਂ ਨਾਲ ''ਹੱਥੋਪਾਈ" ਹੋ ਗਏ ਸਨ ਤਾਂ ਕਿਸੇ ਵੀ ਪੁਲਸ ਮੁਲਾਜ਼ਮ ਨੇ ਆਪਣੇ ਹਥਿਆਰ ਦੀ ਵਰਤੋਂ ਕਿਉਂ ਨਹੀਂ ਕੀਤੀ?
ਐੱਚ.ਸੀ. ਤਰਲੋਚਨ ਸਿੰਘ ਦੇ ਬਿਆਨ ਵਿਚ ਕਿਤੇ ਵੀ ਦਰਜ਼ ਨਹੀਂ ਕਿ ਜਦੋਂ ਇਹ ਹੱਥੋਪਾਈ ਹੋ ਰਹੀ ਸੀ ਤਾਂ ਉਸਨੇ ਕੈਂਟਰ ਦੇ ਡਰਾਈਵਰ ਨੂੰ ਅਤੇ ਉਸ ਦੇ ਨਾਲ ਬੈਠੇ ਐੱਚ.ਸੀ. ਨਿਰਮਲ ਸਿੰਘ ਦਾ ਧਿਆਨ ਖਿੱਚਣ ਅਤੇ ਉਹਨਾਂ ਤੋਂ ਮਦਦ ਲੈਣ ਲਈ ਕੀ ਕੀਤਾ ਜਾਂ ਖ਼ੁਦ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕੀ ਕੀਤਾ?
ਉਪਰੋਕਤ ਸਾਰੇ ਨੁਕਤਿਆਂ ਤੋਂ ਇਹ ਲਗਦਾ ਹੈ ਕਿ ਪੁਲਸ ਪਾਰਟੀ ਦਾ ਰੋਲ ਸ਼ੱਕ ਦੇ ਘੇਰੇ 'ਚ ਹੈ ਤਿੰਨਾਂ ਮੁਲਜ਼ਮਾਂ ਨੂੰ ਭਜਾਉਣ ਵਿਚ ਇਸ ਦੇ ਕਿਸੇ ਇਕ ਜਾਂ ਵੱਧ ਮੈਂਬਰਾਂ ਦਾ ਹੱਥ ਹੈ। ਸ਼ੁਰੂ ਵਿਚ ਚਾਹੇ 27 ਅਪ੍ਰੈਲ ਨੂੰ ਏ.ਡੀ.ਜੀ.ਪੀ ਲਾਅ ਐਂਡ ਆਰਡਰ ਸ੍ਰੀ ਦਿਨੇਸ਼ ਗੁਪਤਾ ਨੇ ਬਠਿੰਡਾ ਵਿਚ ਪ੍ਰੈੱਸ ਕਾਨਫਰੰਸ ਵਿਚ ਪੁਲਸ ਕਰਮਚਾਰੀਆਂ ਵੱਲੋਂ ਜਵਾਬੀ ਫਾਇਰਿੰਗ ਨਾ ਕਰਨ ਅਤੇ ਕੈਦੀਆਂ ਵੱਲੋਂ ਮਿਰਚਾਂ ਹਾਸਲ ਕਰਨ ਸਬੰਧੀ ਪੜਤਾਲ ਕਰਨ ਬਾਰੇ ਕਿਹਾ ਸੀ ਪ੍ਰੰਤੂ ਉਸੇ ਦਿਨ ਸ਼ਾਮ ਬਠਿੰਡਾ ਦੇ ਐਸ.ਐਸ.ਪੀ. ਸਿਵਚਰਨ ਸਿੰਘ ਬਰਾੜ ਨੇ ਐਲਾਨ ਕਰ ਦਿੱਤਾ ਕਿ ਸਾਰੇ ਮੁਲਾਜ਼ਮਾਂ ਤੋਂ ਡੂੰਘਾਈ ਨਾਲ ਪੁੱਛ ਪੜਤਾਲ ਕਰਨ ਤੋਂ ਬਾਅਦ ਇਹ ਨਤੀਜਾ ਨਿਕਲਿਆ ਕਿ ਉਹਨਾਂ ਦੀ ਕੋਈ ਸ਼ਮੂਲੀਅਤ ਨਹੀਂ ਹੈ। ਇਹ ਪੱਖ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਹਨਾਂ ਪੁਲਸ ਮੁਲਾਜ਼ਮਾਂ ਦੇ ਰੋਲ ਉੱਤੇ ਭੱਜੇ ਹੋਏ ਕੈਦੀਆਂ ਦੇ ਮਾਰੇ ਜਾਣ ਤੋਂ ਬਾਅਦ ਪੜਦਾ ਪਾ ਦਿੱਤਾ ਗਿਆ ਹੈ।
ਮੁਕਾਬਲੇ ਸਬੰਧੀ ਪੁਲਸ ਦਾ ਪੱਖ ਜਾਨਣ ਦੀਆਂ ਕੋਸ਼ਿਸ਼ਾਂ: ਸਭਾ ਦੀ ਪੜਤਾਲੀਆ ਟੀਮ ਇਸ ਮੁਕਾਬਲੇ ਸਬੰਧੀ ਪੁਲਸ ਦਾ ਪੱਖ ਜਾਣਨ ਲਈ ਥਾਣਾ ਜੌੜਕੀਆਂ ਗਈ। ਪਰ ਥਾਣੇਦਾਰ ਐਸ.ਆਈ. ਗੁਰਬੀਰ ਸਿੰਘ ਉਥੇ ਨਹੀਂ ਮਿਲਿਆ। ਫ਼ੋਨ 'ਤੇ ਉਸਨੇ ਇਹ ਕਹਿੰਦਿਆਂ ਮਿਲਣ ਤੋਂ ਅਸਮਰੱਥਾ ਜ਼ਾਹਰ ਕੀਤੀ ਕਿ ਉਹ ਉਸ ਸਮੇਂ ਮਾਨਸਾ ਹੈ ਜਿਥੋਂ ਅੱਗੇ ਉਸਨੇ ਬਠਿੰਡੇ ਜਾਣਾ ਹੈ। ਮੁਨਸ਼ੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਸ ਪੜਤਾਲ ਸਬੰਧੀ ਐੱਫ ਆਈ ਆਰ 32 ਨੰਬਰ ਮਿਤੀ 27 ਅਪ੍ਰੈਲ ਨੂੰ ਸਵੇਰੇ 2.30 ਵਜੇ ਦਰਜ ਕੀਤੀ ਜਾ ਚੁੱਕੀ ਹੈ, ਇਹ ਇੰਟਰਨੈਟ 'ਤੇ ਦੇਖੀ ਜਾ ਸਕਦੀ ਹੈ। ਘਟਨਾ ਦਾ ਵੇਰਵਾ ਅਤੇ ਪੁਲਸ ਦਾ ਪੱਖ ਪੁੱਛਣ 'ਤੇ ਉਸਨੇ ਕਿਹਾ ਕਿ ਇਸ ਸਬੰਧੀ ਸਾਰਾ ਰਿਕਾਰਡ ਥਾਣੇਦਾਰ ਗੁਰਬੀਰ ਸਿੰਘ ਕੋਲ ਹੀ ਉਪਲੱਬਧ ਹੈ। ਸਭਾ ਦੀ ਟੀਮ ਨੇ ਥਾਣੇਦਾਰ ਗੁਰਬੀਰ ਸਿੰਘ ਨਾਲ ਸੰਪਰਕ ਕਰਨ ਲਈ ਉਸ ਨੂੰ ਕਈ ਵਾਰ ਫ਼ੋਨ ਕੀਤਾ ਪਰ ਉਸਨੇ ਕੋਈ ਉਤਰ ਨਹੀਂ ਦਿੱਤਾ। ਟੀਮ ਨੇ ਕਥਿਤ ਪੁਲਸ ਮੁਕਾਬਲੇ ਵਿਚ ਮਾਰੇ ਗਏ ਦੋਨੋ ਮੁਲਜ਼ਮਾਂ ਕੁਲਵਿੰਦਰ ਸਿੰਘ ਤੇ ਨਾਹਰ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਵੀ ਹਾਸਲ ਕੀਤੀ।
ਮ੍ਰਿਤਕ ਮੁਲਜ਼ਮਾਂ ਦੇ ਪਰਿਵਾਰ ਦਾ ਪੱਖ: ਸਭਾ ਦੀ ਟੀਮ ਦੋਨੋਂ ਮ੍ਰਿਤਕ ਮੁਲਜ਼ਮਾਂ ਦੇ ਪ੍ਰੀਵਾਰ ਮੈਂਬਰਾਂ ਨੂੰ ਉਹਨਾਂ ਦੇ ਜੱਦੀ ਪਿੰਡ ਜੈ ਸਿੰਘਵਾਲਾ ਜਿਲ੍ਹਾ ਬਠਿੰਡਾ ਵਿਖੇ ਮਿਲੀ ਤੇ ਉਹਨਾਂ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕੀਤੀ। ਕੁਲਵਿੰਦਰ ਦੇ ਵਾਰਿਸਾਂ ਦਾ ਕਹਿਣਾ ਹੈ ਕਿ ਉਸ ਦੀ ਉਮਰ 27 ਕੁ ਸਾਲ ਦੀ ਸੀ। ਬਚਪਨ ਵਿਚ ਉਸਦੀ ਸੱਜੀ ਲੱਤ ਪੋਲੀਓ ਦਾ ਸ਼ਿਕਾਰ ਹੋ ਗਈ ਸੀ ਜੋ ਕਿ ਦੂਸਰੀ ਲੱਤ ਤੋਂ ਛੋਟੀ ਸੀ। ਉਹਨਾਂ ਨੇ 50 ਫ਼ੀ ਸਦੀ ਸਰੀਰਕ ਅਯੋਗਤਾ ਦੇ ਸਰਟੀਫੀਕੇਟ ਦੀ ਕਾਪੀ ਵੀ ਟੀਮ ਨੂੰ ਦਿੱਤੀ। ਉਹਨਾਂ ਅਨੁਸਾਰ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਤੇ ਨਾਹਰ ਸਿੰਘ ਕਿਸੇ ਝਗੜੇ ਕਾਰਨ ਅਪਰਾਧ ਜਗਤ ਨਾਲ ਜੁੜ ਗਏ ਅਤੇ ਫੇਰ ਵਾਪਸ ਪਰਤ ਕੇ ਨਹੀਂ ਦੇਖਿਆ। 25 ਅਪ੍ਰੈਲ ਨੂੰ ਭਾਰੀ ਪੁਲਸ ਨੇ ਘਰਾਂ ਨੂੰ ਘੇਰ ਲਿਆ ਸੀ ਕੁਲਵਿੰਦਰ ਅਤੇ ਜਸਵਿੰਦਰ ਦੇ ਪਿਤਾ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਕਰੰਟ ਦੇ ਝਟਕੇ ਲਾਉਣ ਦਾ ਦੋਸ਼ ਵੀ ਲਾਇਆ ਅਤੇ ਨਾਹਰ ਸਿੰਘ ਦੀ ਭੈਣ ਅਤੇ ਭਣੋਈਏ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ 26 ਨੂੰ ਸਵੇਰੇ ਛੱਡ ਦਿੱਤਾ ਸੀ ਅਤੇ ਪੁਲਸ ਪਿੰਡੋਂ ਚਲੀ ਗਈ। 27 ਅਪ੍ਰੈਲ ਨੂੰ ਸਵੇਰੇ ਸੂਚਿਤ ਕੀਤਾ ਗਿਆ ਕਿ ਕੁਲਵਿੰਦਰ ਤੇ ਨਾਹਰ ਸਿੰਘ ਪੁਲਸ ਮੁਕਾਬਲੇ ਵਿਚ ਮਾਰੇ ਗਏ ਅਤੇ ਜਸਵਿੰਦਰ ਸਿੰਘ ਭੱਜਣ ਵਿਚ ਸਫ਼ਲ ਹੋ ਗਿਆ। ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਪਿੰਡ ਲੈ ਆਏ। ਕੁਲਵਿੰਦਰ ਦੇ ਵਾਰਿਸਾਂ ਨੇ ਦੱਸਿਆ ਕਿ ਕੁਲਵਿੰਦਰ ਦੇ ਮੋਢੇ ਨਿਕਲੇ ਹੋਏ ਸਨ ਜਿਵੇਂ ਉਸਨੂੰ ਤਸੀਹੇ ਦਿੱਤੇ ਗਏ ਹੋਣ। ਨਾਹਰ ਸਿੰਘ ਦੀ ਮਾਂ ਅਤੇ ਭੈਣ ਨੇ ਦੱਸਿਆ ਕਿ ਉਹਨਾਂ ਨੇ ਕੇਵਲ ਉਸਦਾ ਮੂੰਹ ਦੇਖਿਆ ਕਿਉਕਿ ਉਹਨਾਂ ਨੂੰ ਕਿਹਾ ਗਿਆ ਕਿ ਚੀਰਫਾੜ ਹੋਣ ਕਾਰਨ ਹੇਠਲਾ ਸਰੀਰ ਦੇਖਣ ਯੋਗ ਨਹੀ। ਸੰਸਕਾਰ ਪੁਲਸ ਪਹਿਰੇ ਹੇਠ ਹੀ ਹੋਇਆ। ਜਸਵਿੰਦਰ ਸਿੰਘ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਪਰ ਪੁਲਸ ਉਸਦੀ ਕੋਈ ਭਾਲ ਟੋਲ ਵੀ ਨਹੀਂ ਕਰ ਰਹੀ, ਨਾ ਕਿਤੇ ਇੱਥੇ ਆਈ ਹੈ ਨਾ ਕਿਸੇ ਰਿਸ਼ਤੇਦਾਰੀ ਵਿਚ ਗਈ ਹੈ। ਉਹਨਾਂ ਨੂੰ ਲਗਦਾ ਹੈ ਕਿ ਜਸਵਿੰਦਰ ਸਿੰਘ ਭੱਜਿਆ ਨਹੀਂ ਸਗੋਂ ਪੁਲਸ ਨੇ ਕਿਧਰੇ ਛੁਪਾਇਆ ਜਾਂ ਖਪਾਇਆ ਹੈ। ਦੋਹਾਂ ਪ੍ਰੀਵਾਰਾਂ ਦਾ ਕਹਿਣਾ ਸੀ ਕਿ ਦੋਹਾਂ ਮੁਲਜ਼ਮਾਂ ਨੂੰ ਪੁਲਸ ਨੇ ਫੜ੍ਹਕੇ ਮਾਰਿਆ ਹੈ ਅਤੇ ਮੁਕਾਬਲਾ ਝੂਠਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ, ਪ੍ਰਸ਼ਾਸ਼ਕੀ ਅਤੇ ਨਿਆਂਇਕ ਅਧਿਕਾਰੀਆਂ ਨੂੰ ਮੁਕੱਦਮਾ ਦਰਜ਼ ਕਰਨ ਅਤੇ ਨਿਰਪੱਖ ਪੜਤਾਲ ਕਰਕੇ ਦੋਸ਼ੀ ਪੁਲਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀਆਂ ਦਰਖ਼ਾਸਤਾਂ ਵੀ ਦਿੱਤੀਆਂ ਗਈਆਂ ਹਨ।
ਮੁਕਾਬਲੇ ਸਬੰਧੀ ਐੱਫ.ਆਈ.ਆਰ. ਨੰ: 32 ਵਿਚ ਦਰਜ ਪੁਲਸ ਦਾ ਪੱਖ: ਇਸ ਕਥਿਤ ਪੁਲਸ ਮੁਕਾਬਲੇ ਸਬੰਧੀ ਪੁਲਸ ਦੀ ਕਹਾਣੀ ਥਾਣਾ ਜੌੜਕੀਆਂ ਵਿਚ ਦਰਜ਼ ਐਫ ਆਈ ਆਰ ਨੰ: 32 ਮਿਤੀ 27 ਅਪ੍ਰੈਲ 2012 ਸਮਾਂ 2.30 ਵਜੇ ਸਵੇਰੇ ਵਿਚ ਇਸ ਤਰ੍ਹਾਂ ਦਰਜ਼ ਹੈ:-
ਐਸ ਪੀ ਹੈਡ ਕੁਆਟਰ ਰਾਜੇਸ਼ਵਰ ਸਿੰਘ ਨੇ ਆਪਣੀ ਪੁਲਸ ਫੋਰਸ ਨਾਲ 26 ਮਈ ਰਾਤ ਦਸ ਵਜੇ ਬਹਿਣੀਵਾਲ ਸੂਏ ਦੇ ਪੁਲ 'ਤੇ ਨਾਕਾ ਲਾਇਆ ਹੋਇਆ ਸੀ। ਰਾਤ ਕਰੀਬ 12 ਵਜੇ ਉਸ ਨੂੰ ਐੱਸ. ਆਈ. ਗੁਰਬੀਰ ਸਿੰਘ ਨੇ ਵਾਇਰਲੈਸ 'ਤੇ ਦੱਸਿਆ ਕਿ ਉਹ ਆਪਣੀ ਫੋਰਸ ਨਾਲ ਬਹਿਣੀਵਾਲ ਸਕੂਲ ਦੇ ਨਾਲ ਪਈ ਖਾਲੀ ਜਗ੍ਹਾ ਦੀ ਤਲਾਸ਼ੀ ਲੈ ਰਹੇ ਸਨ ਕਿ ਇਕ ਮੋਟਰ ਸਾਈਕਲ 'ਤੇ ਤਿੰਨ ਸਵਾਰ ਮਾਨਸਾ ਰੋਡ ਵੱਲ ਭੱਜ ਗਏ ਹਨ, ਉਹ ਆਪਣੀ ਫੋਰਸ ਸਮੇਤ ਉਹਨਾਂ ਦਾ ਪਿੱਛਾ ਕਰ ਰਿਹਾ ਹੈ। ਫਿਰ ਐਸ. ਪੀ. ਹੈੱਡ ਕੁਆਟਰ ਨੂੰ ਇਕ ਮੋਟਰ ਸਾਈਕਲ ਪਿੰਡ ਬਹਿਣੀਵਾਲ ਵੱਲੋਂ ਆਉਂਦਾ ਦਿਸਿਆ। ਚਾਨਣੀ ਰਾਤ ਵਿਚ ਇਸ ਮੋਟਰਸਾਈਕਲ ਉੱਤੇ ਤਿੰਨ ਸਵਾਰ ਨਜ਼ਰ ਪਏ। ਜਦੋਂ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਮੋਟਰ ਸਾਈਕਲ ਸੱਜੇ ਪਾਸੇ ਸੂਏ ਦੀ ਪੱਟੜੀ ਵੱਲ ਮੋੜ ਲਿਆ। ਪਿਛਲੇ ਸਵਾਰ ਕੋਲ ਇਕ ਰਾਈਫ਼ਲ ਸੀ ਤੇ ਉਸਨੇ ਆਪਣੀ ਰਾਈਫ਼ਲ ਨਾਲ ਪੁਲਸ ਪਾਰਟੀ 'ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ, ਉਨ੍ਹਾਂ ਬਚਾਓ ਪੁਜੀਸ਼ਨਾਂ ਲੈ ਲਈਆਂ ਅਤੇ ਐਸ.ਪੀ. ਨੇ ਆਪਣੇ ਸਰਕਾਰੀ ਪਿਸਟਲ 9ਐਮ ਐਮ ਨਾਲ ਦੋ ਫਾਇਰ ਕੀਤੇ। ਪਰ ਮੋਟਰਸਾਈਕਲ ਸਵਾਰ ਮੋਟਰ ਸਾਈਕਲ ਭਜਾ ਕੇ ਲੈ ਗਏ। ਪੁਲਸ ਪਾਰਟੀ ਨੇ ਸਰਕਾਰੀ ਗੱਡੀਆਂ ਨਾਲ ਉਹਨਾਂ ਦਾ ਪਿਛਾ ਕੀਤਾ। 1-1/2 ਕਿਲੋਮੀਟਰ ਅੱਗੇ ਜਾਕੇ ਪਿਛਲੇ ਦੋ ਸਵਾਰ ਮੋਟਰ ਸਾਈਕਲ ਤੋਂ ਉੱਤਰਕੇ ਸੱਜੇ ਪਾਸੇ ਖੇਤਾਂ ਵੱਲ ਭੱਜ ਗਏ ਅਤੇ ਮੋਟਰ ਸਾਈਕਲ ਚਾਲਕ ਮੋਟਰ ਸਾਈਕਲ ਭਜਾਕੇ ਲੈ ਗਿਆ। ਪੁਲਸ ਨੇ ਇਸ ਇਲਾਕੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ।
ਪੁਲਸ ਦੀ ਕਹਾਣੀ ਲੋਕਾਂ ਵੱਲੋਂ ਬਿਆਨ ਕੀਤੇ ਤੱਥਾਂ ਨਾਲ ਮੇਲ ਨਹੀਂ ਖਾਂਦੀ। ਲੋਕਾਂ ਦੇ ਬਿਆਨਾਂ ਅਨੁਸਾਰ ਤਿੰਨੋ ਭਗੌੜੇ ਮੁਲਜ਼ਮ ਪੁਲਸ ਨੇ ਸ਼ਾਮ ਨੂੰ 8.30 ਵਜੇ ਦੇ ਲੱਗਭਗ ਬਹਿਣੀਵਾਲ ਪਿੰਡ ਦੇ ਮਜ਼ਦੂਰ ਬਸਤੀ ਦੇ ਗੁਰਦੁਵਾਰੇ ਵਿਚੋਂ ਹਿਰਾਸਤ ਵਿਚ ਲੈ ਲਏ ਸਨ। ਪੁਲਸ ਨੇ ਲਗਭਗ ਉਸੇ ਸਮੇਂ ਹੀ ਗਹਿਰੀ ਬਾਰਾ ਦੇ ਬੱਗਾ ਸਿੰਘ ਨੂੰ ਫੜ੍ਹ ਲਿਆ ਸੀ ਅਤੇ ਮ੍ਰਿਤਕ ਮੁਲਜ਼ਮਾਂ ਵਲੋਂ ਪੁਲਸ ਤੋਂ ਖੋਹੀ ਐਸ.ਐਲ.ਆਰ. ਵੀ ਬਰਾਮਦ ਕਰ ਲਈ ਸੀ। ਲੋਕਾਂ ਵੱਲੋਂ ਵਰਨਣ ਇਹ ਸਚਾਈ ਪੁਲਸ ਦੇ ਦਾਅਵੇ ਨੂੰ ਖੋਖਲਾ ਸਿੱਧ ਕਰਦੀ ਹੈ। ਇਸ ਤੋਂ ਇਲਾਵਾ ਪੁਲਸ ਦੀ ਕਹਾਣੀ ਵਿਚ ਹੋਰ ਵੀ ਊਣਤਾਈਆਂ/ਵਿਰੋਧਤਾਈਆਂ ਹਨ ਜਿਨਾਂ ਦਾ ਸੰਖੇਪ ਵਰਨਣ ਇਸ ਪ੍ਰਕਾਰ ਹੈ:-
ਮ੍ਰਿਤਕ ਮੁਲਜ਼ਮਾਂ ਦੇ ਮੋਟਰ ਸਾਈਕਲ ਤੋਂ ਉਤਰ ਕੇ ਖੇਤਾਂ ਵੱਲ ਭੱਜਣ ਦੀ ਕਹਾਣੀ ਜਚਣਹਾਰ ਨਹੀਂ ਕਿਉਂਕਿ ਇਹਨਾਂ ਵਿਚੋਂ ਮੁਲਜ਼ਮ ਕੁਲਵਿੰਦਰ ਸਿੰਘ ਪੋਲੀਓ ਪੀੜਤ ਹੋਣ ਕਾਰਨ ਅਪੰਗ ਸੀ। ਉਸ ਦੀ ਸੱਜੀ ਲੱਤ ਛੋਟੀ ਸੀ ਅਤੇ ਪੈਰ ਵਿੰਗਾ ਸੀ। ਇਸ ਲਈ ਉਹ ਲੰਗੜਾਕੇ ਤੁਰਦਾ ਸੀ। ਜੇ ਉਹ ਸੱਚੀਂਮੁਚੀਂ ਮੋਟਰ ਸਾਈਕਲ 'ਤੇ ਸਵਾਰ ਸੀ ਤਾਂ ਕਿਸੇ ਵੀ ਹਾਲਤ ਵਿਚ ਉਹ ਚੱਪਲਾਂ ਪਾਕੇ ਪੈਦਲ ਭੱਜਣ ਦਾ ਜ਼ੋਖ਼ਮ ਨਹੀਂ ਉਠਾ ਸਕਦਾ ਸੀ।
ਜੇ ਖੇਤ ਵਿਚ ਮੁਕਾਬਲਾ ਹੋਇਆ ਤਾਂ ਮੁਲਜ਼ਮ ਜ਼ਰੂਰ ਹੀ ਕਿਸੇ ਦਰਖ਼ਤ ਜਾਂ ਕਿਸੇ ਹੋਰ ਚੀਜ਼ ਦੀ ਓਟ ਲੈਂਦੇ, ਖੁੱਲ੍ਹੇ ਖੇਤ ਵਿਚ ਮੁਕਾਬਲਾ ਨਹੀਂ ਕਰਦੇ। ਅਤੇ ਨਾਹਰ ਸਿੰਘ ਦੇ ਬਾਂਹ ਦੇ ਜ਼ਖ਼ਮ ਕਿਸੇ ਵੀ ਤਰ੍ਹਾਂ ਮੁਕਾਬਲਾ ਕਰ ਰਹੇ ਵਿਅਕਤੀ ਦੀਆਂ ਬਾਹਾਂ ਦੀ ਸਥਿਤੀ ਅਨੁਸਾਰ ਨਹੀ ਲਗਦੇ ਹਨ।
ਗੋਲੀਆਂ ਮੁਲਜ਼ਮਾਂ ਦੀ ਛਾਤੀ ਵੱਲ ਸੇਧਤ ਹਨ, ਇਕ ਵੀ ਗੋਲੀ ਲੱਕ ਤੋਂ ਹੇਠਾਂ ਨਹੀਂ ਲੱਗੀ। ਇਸ ਕਰਕੇ ਚੰਦ ਚਾਨਣੀ ਰਾਤ ਵਿਚ ਭਾਰੀ ਪੁਲੀਸ ਫੋਰਸ ਵੱਲੋਂ ਦੋ ਮੁਲਜ਼ਮਾਂ ਨੂੰ ਘੇਰਕੇ ਜਿਉਂਦਿਆਂ ਫੜ੍ਹ ਲੈਣ ਦਾ ਕੋਈ ਵੀ ਯਤਨ ਨਜ਼ਰ ਨਹੀਂ ਆਉਂਦਾ। ਜਿਉਂਦੇ ਮੁਲਜ਼ਮ ਤੋਂ ਉਹਨਾਂ ਦੇ ਭੱਜਣ ਦੀ ਕਹਾਣੀ ਦਾ ਭੇਦ ਮਿਲਣਾ ਸੀ।
ਦੋਹਾਂ ਮ੍ਰਿਤਕ ਮੁਲਾਜ਼ਮਾਂ ਦੀਆਂ ਪੋਸਟ ਮਾਰਟਮ ਰਿਪੋਰਟਾਂ ਵਿਚੋਂ ਇਹ ਗੱਲ ਵਿਸ਼ੇਸ਼ ਤੌਰ ਤੇ ਉਭਰ ਕੇ ਆਈ ਹੈ ਕਿ ਦੋਹਾਂ ਦੇ ਗਿੱਟਿਆਂ ਤੇ ਜ਼ਖ਼ਮ ਹਨ। ਨਾਹਰ ਸਿੰਘ ਦੇ ਦੋਹਾਂ ਗਿਟਿਆਂ ਉਤੇ ਅਤੇ ਕੁਲਵਿੰਦਰ ਸਿੰਘ ਦੇ ਖੱਬੇ ਗਿੱਟੇ ਅਤੇ ਖੱਬੀ ਲੱਤ 'ਤੇ ਜ਼ਖ਼ਮ ਹਨ। ਕੁਲਵਿੰਦਰ ਸਿੰਘ ਸੱਜੀ ਲੱਤ ਤੋਂ ਆਹਰੀ ਸੀ। ਪੁਲਸ ਵੱਲੋਂ ਦੋਹਾਂ ਦੇ ਗਿਟਿਆਂ 'ਤੇ ਇਨ੍ਹਾਂ ਜ਼ਖ਼ਮਾਂ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਕੁਲਵਿੰਦਰ ਸਿੰਘ ਦੀ ਉਸ ਲੱਤ 'ਤੇ ਕੋਈ ਜ਼ਖ਼ਮ ਨਾ ਹੋਣਾ ਜਿਸ ਤੋਂ ਉਹ ਅਪੰਗ ਸੀ, ਇਨ੍ਹਾਂ ਜ਼ਖ਼ਮਾਂ ਬਾਰੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।
ਪੜਤਾਲੀਆ ਟੀਮ ਨੇ ਮ੍ਰਿਤਕਾਂ ਦੀਆਂ ਪੋਸਟ ਮਾਰਟਮ ਰਿਪੋਰਟਾਂ ਦੀ ਬਰੀਕੀ ਨਾਲ ਘੋਖ ਕੀਤੀ ਜਿਸ ਚੋਂ ਹੇਠ ਲਿਖੇ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ:-
ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ ਦਾ ਪੋਸਟ ਮਾਰਟਮ ਤਿੰਨ ਡਾਕਟਰਾਂ ਦੇ ਇਕ ਬੋਰਡ ਵੱਲੋਂ ਸਿਵਲ ਹਸਪਤਾਲ ਮਾਨਸਾ ਵਿਚ 27/4/2013 ਨੂੰ ਦੁਪਹਿਰੇ 2.15 ਵਜੇ ਕੀਤਾ ਗਿਆ ਜਦੋਂ ਕਿ ਉਹਨਾਂ ਦੀਆ ਲਾਸ਼ਾਂ 11.10 ਵਜੇ ਸਵੇਰੇ ਹਸਪਤਾਲ ਵਿਚ ਪਹੁੰਚ ਗਈਆਂ ਸਨ।
ਡਾਕਟਰਾਂ ਦੀ ਰਿਪੋਰਟ ਅਨੁਸਾਰ ਦੋਹਾਂ ਦੀ ਮੌਤ ਗੋਲੀਆਂ ਲੱਗਣ ਤੋਂ ਤੁਰੰਤ ਬਾਅਦ ਹੋ ਗਈ ਸੀ। ਦੋਨਾਂ ਦੀ ਮੌਤ ਪੋਸਟ ਮਾਰਟਮ ਤੋਂ 6 ਤੋਂ 12 ਘੰਟੇ ਪਹਿਲਾਂ ਭਾਵ ਸਵੇਰੇ ਸਵਾ ਦੋ ਵਜੇ ਤੋਂ ਸਵੇਰੇ ਸਵਾ ਅੱਠ ਵਜੇ ਵਿਚਕਾਰ ਹੋਈ ਸੀ। ਪੁਲਸ ਦੇ ਰਿਕਾਰਡ ਅਨੁਸਾਰ ਇਹਨਾਂ ਦੀ ਮੌਤ ਬਾਰੇ ਪੁਲਸ ਨੂੰ ਸਾਢੇ ਚਾਰ ਵਜੇ ਸਵੇਰੇ (27/4/2013) ਪਤਾ ਲੱਗਾ। ਇਸ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਦੋਹਾਂ ਦੀ ਮੌਤ ਉਸ ਦਿਨ ਸਵੇਰੇ ਸਵਾ ਦੋ ਵਜੇ ਤੋਂ ਸਵੇਰੇ ਸਾਢੇ ਚਾਰ ਵਜੇ ਵਿਚਕਾਰ ਹੋਈ।
ਨਾਹਰ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਅਨੁਸਾਰ:
ਉਹ 5 ਫੁੱਟ 7 ਇੰਚ ਲੰਬਾ ਸੀ। ਉਸਨੇ ਸਰਦਈ ਰੰਗ ਦੀ ਸ਼ਰਟ ਅਤੇ ਨੀਲੀ ਨਿਕਰ ਪਹਿਨੀ ਹੋਈ ਸੀ। ਪੈਰਾਂ ਵਿਚ ਚਿੱਟੀਆਂ ਨੀਲੀਆਂ ਚੱਪਲਾਂ ਸਨ। ਉਸ ਦੇ ਕੱਪੜਿਆਂ 'ਤੇ ਲਹੂ ਦੇ ਦਾਗ਼ ਸਨ ਅਤੇ ਕਣਕ ਦਾ ਟਾਂਗਰ ਲੱਗਿਆ ਹੋਇਆ ਸੀ।
ਉਸ ਦੇ ਸਰੀਰ 'ਤੇ ਜ਼ਖ਼ਮਾਂ ਦੇ ਕੁਲ 9 ਨਿਸ਼ਾਨ ਸਨ। ਜ਼ਖ਼ਮ ਨੰਬਰ ਇਕ ਛਾਤੀ ਦੇ ਖੱਬੇ ਪਾਸੇ 0.6 ਤੇ 0.5 ਸੈਂਟੀਮੀਟਰ ਸਾਈਜ਼ ਦਾ ਗੋਲੀ ਦਾ ਨਿਸ਼ਾਨ ਹੈ। ਜਦੋਂ ਕਿ ਜ਼ਖ਼ਮ ਨੰਬਰ ਦੋ ਪਿੱਠ ਪਿਛੇ ਇਸੇ ਗੋਲੀ ਦੇ ਨਿਕਲਣ ਦਾ 5 ਤੇ 4 ਸਮ ਦਾ ਜ਼ਖਮ ਹੈ। ਇਹ ਜ਼ਖਮ ਆਪਸ ਵਿਚ ਮਿਲੇ ਹੋਏ ਹਨ। ਇਸਤੋਂ ਲਗਦਾ ਹੈ ਕਿ ਗੋਲੀ ਛਾਤੀ ਵਿਚ ਵੱਜ ਕੇ ਪਿੱਠ ਵਿਚੋਂ ਨਿਕਲੀ ਹੈ।
ਜ਼ਖਮ ਨੰਬਰ 3: ਪੇਟ ਦੇ ਉਪਰਲੇ ਹਿੱਸੇ ਵਿਚ 0.6 ਤੇ 0.5 ਸਮ ਦਾ ਗੋਲੀ ਲੱਗਣ ਦਾ ਜ਼ਖ਼ਮ ਹੈ। ਗੋਲੀ ਸੱਜੇ ਪਾਸੇ ਗਈ ਹੈ।
ਜ਼ਖਮ ਨੰਬਰ 4: ਇਸ ਗੋਲੀ ਦੇ ਬਾਹਰ ਨਿਕਲਣ ਕਾਰਨ ਵੱਖੀ ਵਿਚ ਹੋਇਆ 4 ਤੇ 3 ਸਮ ਸਾਈਜ਼ ਦਾ ਜ਼ਖਮ ਹੈ। ਇਹ ਦੋਵੇਂ ਜ਼ਖਮ ਆਪਸ ਵਿਚ ਮਿਲੇ ਹੋਏ ਹਨ।
ਜ਼ਖਮ ਨੂੰ: 5 ਸੱਜੀ ਕੂਹਣੀ ਦੇ ਮੂਹਰਲੇ ਪਾਸੇ 5 ਤੇ 8 ਸਮ ਲੰਮਾ ਚੌੜਾ ਅਤੇ 2ਸਮ ਡੂੰਘਾ ਜ਼ਖ਼ਮ ਹੈ ਜੋ ਜ਼ਖ਼ਮ ਨੰਬਰ 4 ਦੇ ਇਕਸਾਰ ਹੈ। ਗੋਲੀ ਜ਼ਖ਼ਮ ਨੰਬਰ 3 ਵਿਚੋਂ ਦਾਖ਼ਲ ਹੋਕੇ ਜ਼ਖ਼ਮ ਨੰਬਰ 4 ਵਿਚੋਂ ਹੁੰਦੀ ਹੋਈ ਜ਼ਖ਼ਮ ਨੰਬਰ 5 ਤੱਕ ਪਹੁੰਚੀ ਹੈ। ਇਨ੍ਹਾਂ ਤਿੰਨਾਂ ਜ਼ਖ਼ਮਾਂ ਤੋਂ ਪਤਾ ਲਗਦਾ ਹੈ ਕਿ ਗੋਲੀ ਪੇਟ ਦੇ ਉਪਰਲੇ ਹਿੱਸੇ ਵਿਚ ਲੱਗ ਕੇ ਦੂਜੇ ਪਾਸੇ ਵੱਖੀ ਚੋਂ ਨਿਕਲੀ ਹੈ ਅਤੇ ਫਿਰ ਸੱਜੀ ਕੂਹਣੀ ਦੇ ਮੂਹਰਲੇ ਪਾਸੇ 2 ਸੈਂਟੀਮੀਟਰ ਡੂੰਘੀ ਦਾਖ਼ਲ ਹੋ ਗਈ ਹੈ। ਐੱਸ.ਐੱਲ.ਆਰ. ਜਾਂ ਪਿਸਤੌਲ ਨਾਲ ਮੁਕਾਬਲੇ 'ਚ ਇਸ ਤਰਾਂ ਦੇ ਜ਼ਖ਼ਮਾਂ ਦੀ ਸੰਭਾਵਨਾ ਨਹੀਂ।
ਜ਼ਖਮ ਨੰਬਰ 6: ਸੱਜੀ ਬਾਂਹ ਤੇ ਕੂਹਣੀ ਤੋਂ 6 ਸਮ ਥੱਲੇ 0.7 ਸਮ ਵਿਆਸ ਦਾ ਗੋਲੀ ਦਾ ਜ਼ਖ਼ਮ ਹੈ। ਜੇ ਬਾਂਹ ਨੂੰ ਲਾਸ਼ ਦੇ ਬਰਾਬਰ ਰੱਖੀਏ ਤਾਂ ਇਹ ਜ਼ਖ਼ਮ ਨੰਬਰ 4 ਦੀ ਲਾਈਨ ਵਿਚ ਆਉਂਦਾ ਹੈ। ਪਹਿਲਾਂ ਜ਼ਖ਼ਮ ਨੰਬਰ 5 ਬਾਰੇ ਵੀ ਇਹ ਕਿਹਾ ਗਿਆ ਹੈ ਕਿ ਇਹ ਜ਼ਖ਼ਮ ਨੰਬਰ 3 ਅਤੇ 4 ਦੀ ਲਾਈਨ ਵਿਚ ਆਉਂਦਾ ਹੈ। ਇਸ ਕਰਕੇ ਬਾਂਹ ਦੇ ਦੋ ਜ਼ਖ਼ਮ (ਜ਼ਖ਼ਮ ਨੰਬਰ 5 ਅਤੇ ਜ਼ਖ਼ਮ ਨੰਬਰ 6,7 ਜ਼ਖ਼ਮ ਨੰਬਰ 4 ਦੀ ਲਾਈਨ ਵਿਚ ਨਹੀਂ ਆ ਸਕਦੇ।
ਜ਼ਖ਼ਮ ਨੰਬਰ 7: ਸੱਜੀ ਬਾਂਹ ਤੇ 13 ਤੇ 4.3 ਸਮ ਦਾ ਜ਼ਖ਼ਮ ਹੈ। ਜ਼ਖ਼ਮ ਨੰਬਰ 6 ਅਤੇ ਜ਼ਖਮ ਨੰਬਰ 7 ਇਕ ਦੂਜੇ ਨਾਲ ਜੁੜੇ ਹੋਏ ਹਨ।
ਜ਼ਖਮ ਨੰਬਰ 6, 7 ਤੋਂ ਪਤਾ ਲਗਦਾ ਹੈ ਕਿ ਮ੍ਰਿਤਕ ਦੇ ਗੋਲੀ ਸੱਜੀ ਬਾਂਹ ਉਤੇ ਕੂਹਣੀ ਤੋਂ 6 ਸੈਂਟੀਮੀਟਰ ਥੱਲੇ ਲੱਗੀ ਹੈ ਜੋ ਦੂਜੇ ਪਾਸੇ 13 ਤੇ 4.3 ਸੈਂਟੀਮੀਟਰ ਦਾ ਜ਼ਖ਼ਮ ਕਰਕੇ ਨਿਕਲੀ ਹੈ। ਇਸ ਬਾਂਹ ਨੂੰ ਲਾਸ਼ ਦੇ ਬਰਾਬਰ ਰੱਖੇ ਜਾਣ ਤੇ ਸੱਜੀ ਬਾਂਹ 'ਚ ਗੋਲੀ ਦੇ ਦਾਖਲ ਹੋਣ ਦਾ ਜ਼ਖਮ, ਪੇਟ 'ਚ ਵੱਜੀ ਗੋਲੀ ਦੇ ਨਿਕਲਣ ਵਾਲੀ ਥਾਂ ਦੇ ਬਰਾਬਰ ਆਉਂਦਾ ਹੈ।
ਜ਼ਖ਼ਮ ਨੰਬਰ 8: ਖੱਬੇ ਗਿੱਟੇ 'ਤੇ 4.6 ਸੈਂਟੀਮੀਟਰ ਦੀ ਝਰੀਟ ਹੈ।
ਜ਼ਖ਼ਮ ਨੰਬਰ 9: ਸੱਜੇ ਗਿੱਟੇ ਤੇ 4.5 ਤੇ 3 ਸੈਂਟੀਮੀਟਰ ਝਰੀਟ ਹੈ।
ਜ਼ਖ਼ਮ ਨੰਬਰ 8 ਅਤੇ 9 ਵਿਚ ਖ਼ੂਨ ਜੰਮਿਆ ਹੋਇਆ ਹੈ।
ਨਾਹਰ ਸਿੰਘ ਦੀ ਮੌਤ ਜ਼ਖ਼ਮ ਨੰਬਰ 1 ਤੋਂ 7 ਕਾਰਨ ਹੋਈ ਹੈ। ਸਾਰੀਆਂ ਸੱਟਾਂ ਮੌਤ ਤੋਂ ਪਹਿਲਾਂ ਦੀਆਂ ਹਨ।
ਮ੍ਰਿਤਕ ਕੁਲਵਿੰਦਰ ਸਿੰਘ ਜੋ ਇਕ ਅਪੰਗ ਵਿਅਕਤੀ ਸੀ ਦੀ ਪੋਸਟ ਮਾਰਟਮ ਰਿਪੋਰਟ ਅਨੁਸਾਰ ਉਸ ਦੀ ਲਾਸ਼ ਦੀ ਲੰਬਾਈ 5 ਫੁੱਟ 9 ਇੰਚ ਸੀ। ਉਸ ਦੀ ਸੱਜੀ ਲੱਤ ਖੱਬੀ ਲੱਤ ਨਾਲੋਂ 3 ਇੰਚ ਛੋਟੀ ਸੀ।
ਉਸ ਨੇ ਹਰੇ ਰੰਗ ਦਾ ਕੁੜਤਾ, ਚਿੱਟਾ ਪਜਾਮਾ ਤੇ ਭੂਰੇ ਰੰਗ ਦੀ ਨਿਕਰ ਪਾਈ ਹੋਈ ਸੀ। ਉਸਦੀ ਸੱਜੀ ਬਾਂਹ ਵਿਚ ਕੜਾ ਅਤੇ ਪੈਰਾਂ 'ਚ ਨੀਲੀਆਂ ਚਿੱਟੀਆਂ ਚਪਲਾਂ ਪਾਈਆਂ ਹੋਈਆਂ ਸਨ। ਕੱਪੜਿਆਂ ਉਤੇ ਲਹੂ ਲੱਗਿਆ ਹੋਇਆ ਸੀ ਅਤੇ ਕਣਕ ਦਾ ਟਾਂਗਰ ਵੀ ਮੌਜੂਦ ਸੀ। ਗੂੜੇ ਰੰਗ ਦਾ ਖ਼ੂਨ ਨਾਸਾਂ ਵਿਚੋਂ ਵਹਿ ਰਿਹਾ ਸੀ। ਚਿਹਰੇ 'ਤੇ ਖ਼ੂਨ ਜੰਮਿਆ ਹੋਇਆ ਸੀ।
ਇਸ ਦੇ ਸਰੀਰ ਤੇ ਕੁਲ ਚਾਰ ਜ਼ਖ਼ਮ ਹਨ। ਜ਼ਖ਼ਮ ਨੰਬਰ 1 ਛਾਤੀ ਦੇ ਖੱਬੇ ਪਾਸੇ 0.7 ਤੇ 0.6 ਸੈਂਟੀਮੀਟਰ ਦਾ ਗੋਲੀ ਲੱਗਣ ਨਾਲ ਹੋਇਆ ਸੀ।
ਜ਼ਖਮ ਨੰਬਰ 2: ਛਾਤੀ ਦੇ ਸੱਜੇ ਪਾਸੇ ਪਿੱਠ ਪਿਛੇ 5.8 ਤੇ 5ਸਮ ਦਾ ਹੈ। ਇਹ ਦੋਵੇਂ ਜ਼ਖ਼ਮ ਇਕ ਦੂਜੇ ਨਾਲ ਮਿਲਦੇ ਹਨ। ਛਾਤੀ ਦੇ ਖੱਬੇ ਪਾਸੇ ਤੋਂ ਵੱਜਕੇ ਸੱਜੇ ਪਾਸੇ ਪਿੱਠ ਵਿਚੋਂ ਨਿਕਲੀ ਹੋਈ ਸੀ।
ਜ਼ਖਮ ਨੰਬਰ 3: ਖੱਬੇ ਗਿੱਟੇ ਉਤੇ 5 ਸਮ ਦੀ ਝਰੀਟ ਹੈ। ਇਸ ਉਤੇ ਵੀ ਖ਼ੂਨ ਜੰਮਿਆ ਹੋਇਆ ਸੀ।
ਜ਼ਖਮ ਨੰਬਰ 4: ਖੱਬੀ ਲੱਤ ਉਤੇ 3.8 ਸਮ ਦੀ ਝਰੀਟ ਹੈ। ਇਸ ਤੇ ਵੀ ਖ਼ੂਨ ਜੰਮਿਆ ਹੋਇਆ ਸੀ।
ਕੁਲਵਿੰਦਰ ਸਿੰਘ ਦੀ ਮੌਤ ਸੱਟ ਨੰਬਰ 1 ਅਤੇ ਸੱਟ ਨੰਬਰ 2 ਕਾਰਨ ਹੋਈ ਹੈ। ਸਾਰੀਆਂ ਸੱਟਾਂ ਮੌਤ ਤੋਂ ਪਹਿਲਾਂ ਦੀਆਂ ਹਨ।
ਸਿੱਟੇ :-
ਸਭਾ ਦੀ ਪੜਤਾਲੀਆ ਟੀਮ ਨੇ 25 ਅਪ੍ਰੈਲ ਨੂੰ ਤਿੰਨਾਂ ਦੋਸ਼ੀਆਂ - ਨਾਹਰ ਸਿੰਘ, ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵੱਲੋਂ - ਦੋ ਕਾਰਬਾਈਨਾਂ ਅਤੇ ਇਕ ਐੱਸ.ਐੱਲ.ਆਰ. ਨਾਲ ਲੈਸ 6 ਵਿਅਕਤੀਆਂ ਦੀ ਪੁਲਸ ਪਾਰਟੀ ਦੀ ਹਿਰਾਸਤ ਵਿਚੋਂ ਇਕ ਪੁਲਸ ਕਰਮਚਾਰੀ ਨੂੰ ਮਾਰ ਕੇ ਅਤੇ ਦੂਜੇ ਨੂੰ ਜ਼ਖ਼ਮੀ ਕਰਕੇ, ਇਕ ਐੱਸ.ਐੱਲ.ਆਰ. ਸਮੇਤ ਭੱਜ ਜਾਣ ਅਤੇ 26-27 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਇਨ੍ਹਾਂ ਵਿਚੋਂ ਦੋ ਮੁਲਜ਼ਮਾਂ - ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ - ਦੇ ਪਿੰਡ ਬਹਿਣੀਵਾਲ ਨੇੜੇ ਕਥਿਤ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਅਤੇ ਤੀਜੇ ਮੁਲਜ਼ਮ ਜਸਵਿੰਦਰ ਸਿੰਘ ਦੇ ਬਚ ਕੇ ਭੱਜ ਜਾਣ ਸਬੰਧੀ ਪੁਲਸ ਕਹਾਣੀ ਜੋ ਇਨ੍ਹਾਂ ਘਟਨਾਵਾਂ ਨਾਲ ਸਬੰਧਤ ਐਫ.ਆਈ.ਆਰਾਂ ਵਿਚ ਦਰਜ਼ ਹੈ, ਨੂੰ ਘਟਨਾਵਾਂ ਨਾਲ ਸਬੰਧਤ ਥਾਵਾਂ ਤੇ ਹਾਜ਼ਰ ਲੋਕਾਂ ਵੱਲੋਂ ਦਿੱਤੀ ਜਾਣਕਾਰੀ, ਮ੍ਰਿਤਕਾਂ ਦੀਆਂ ਪੋਸਟ ਮਾਰਟਮ ਰਿਪੋਰਟਾਂ, ਇਨ੍ਹਾਂ ਰਿਪੋਰਟਾਂ ਤੇ ਮਾਹਰ ਡਾਕਟਰਾਂ, ਫਰੈਂਸਿਕ ਮਾਹਰਾਂ ਅਤੇ ਫ਼ੌਜਦਾਰੀ ਦੇ ਮਾਹਰ ਵਕੀਲਾਂ ਵੱਲੋਂ ਦਿੱਤੀਆਂ ਗਈਆਂ ਰਾਇਆਂ (ਉਪੀਨੀਅਨ) ਆਦਿ ਦੀ ਰੋਸ਼ਨੀ 'ਚ ਵਿਚਾਰਿਆ ਹੈ। ਕਿਸੇ ਭਗੌੜੇ ਮੁਲਜ਼ਮ ਨੂੰ ਫੜ੍ਹਨ ਲਈ ਤਾਕਤ ਦੀ ਵਰਤੋਂ ਸਬੰਧੀ ਕਾਨੂੰਨੀ ਵਿਵਸਥਾਵਾਂ (ਪਰੋਵਿਜ਼ਨ) ਅਤੇ ਝੂਠੇ ਮੁਕਾਬਲਿਆਂ ਸਬੰਧੀ ਸ਼ਿਕਾਇਤਾਂ ਮਿਲਣ ਤੇ ਯੋਗ ਕਾਰਵਾਈ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਵਿਚਾਰਿਆ ਹੈ। ਇਸ ਸਾਰੀ ਵਿਚਾਰ-ਚਰਚਾ ਉਪਰੰਤ ਟੀਮ ਹੇਠ ਲਿਖੇ ਸਿੱਟਿਆਂ ਉੱਪਰ ਪੁੱਜੀ ਹੈ :-
ਮ੍ਰਿਤਕਾਂ ਦੇ ਪਹਿਨੇ ਹੋਏ ਕੱਪੜਿਆਂ ਤੋਂ ਉਹਨਾਂ ਵੱਲੋਂ ਮੋਟਰ ਸਾਈਕਲ ਤੋਂ ਉਤਰਕੇ ਭੱਜਣ ਅਤੇ ਪੁਲਸ ਨਾਲ ਮੁਕਾਬਲਾ ਕਰਨ ਦੀ ਕਹਾਣੀ ਦੀ ਪੁਸ਼ਟੀ ਨਹੀਂ ਹੁੰਦੀ। ਦੋਹਾਂ ਦੇ ਪੈਰਾਂ ਵਿਚ ਚਿੱਟੀਆਂ ਨੀਲੀਆਂ ਚਪਲਾਂ ਪਾਈਆਂ ਹੋਈਆਂ ਸਨ ਜਿਨ੍ਹਾਂ ਨਾਲ ਖੇਤਾਂ ਵਿਚ ਭੱਜਣਾ ਬੇਹੱਦ ਔਖਾ ਹੈ। ਪੇਸ਼ਾਵਰ ਭਗੌੜਿਆਂ ਤੋਂ ਇਸ ਤਰ੍ਹਾਂ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਮੁਕਾਬਲਾ ਕਰਨ ਵਾਲਾ ਹਮੇਸ਼ਾਂ ਕਿਸੇ ਓਟ, ਦਰੱਖਤ, ਕੰਧ, ਖਾਲ, ਟੋਏ, ਭੜੀਂ, ਬਾਗ (ਜੋ ਬਿਲਕੁਲ ਨੇੜੇ ਸੀ) ਆਦਿ ਦਾ ਸਹਾਰਾ ਲਵੇਗਾ, ਪਰ ਖੁੱਲ੍ਹਾ ਖੇਤ ਮੁਕਾਬਲੇ ਦੀ ਜਗਾ ਨਹੀਂ ਹੋ ਸਕਦੀ।
ਮੁਕਾਬਲੇ ਵਿਚ ਦੋਨੋ ਮੁਕਾਬਲਾ ਕਰ ਰਹੀਆਂ ਧਿਰਾਂ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ ਹੈ, ਪਰ ਇਸ ਮੁਕਾਬਲੇ ਵਿਚ ਕਿਸੇ ਪੁਲਸ ਵਾਲੇ ਦੇ ਕੋਈ ਝਰੀਟ ਵੀ ਨਹੀਂ ਆਈ।
ਦੋਸ਼ੀਆਂ ਦੇ ਸਾਰੀਆਂ ਗੋਲੀਆਂ ਲੱਕ ਤੋਂ ਉਪਰ ਹੀ ਲੱਗੀਆਂ ਹਨ। ਕੋਈ ਵੀ ਗੋਲੀ ਸਰੀਰ ਦੇ ਹੇਠਲੇ ਹਿੱਸੇ ਵਿਚ ਨਹੀਂ ਲੱਗੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੁਲਸ ਦੀ ਮਨਸ਼ਾ ਦੋਸ਼ੀਆਂ ਨੂੰ ਮਾਰਨ ਦੀ ਸੀ ਨਾ ਕਿ ਫੜ੍ਹਨ ਦੀ। ਜੇ ਪੁਲਸ ਵੱਲੋਂ ਪ੍ਰਚਾਰੀ ਜਾ ਰਹੀ ਮੁਕਾਬਲੇ ਦੀ ਕਹਾਣੀ ਸੱਚੀ ਵੀ ਮੰਨ ਲਈਏ ਤਾਂ ਵੀ ਦੋਸ਼ੀ ਕੁਲਵਿੰਦਰ ਸਿੰਘ ਜੋ ਕਿ ਇਕ ਲੱਤ ਤੋਂ ਆਹਰੀ ਸੀ ਅਤੇ ਬਹੁਤਾ ਭੱਜ ਨਹੀਂ ਸਕਦਾ ਸੀ, ਨੂੰ ਜਿਉਂਦਿਆਂ ਫੜ੍ਹਿਆ ਜਾ ਸਕਦਾ ਸੀ।
ਦੋਨੋ ਮ੍ਰਿਤਕਾਂ ਦੇ ਸਰੀਰ ਉਪਰ ਲੱਗੀਆਂ ਗੋਲੀਆਂ ਦੀ ਇਕੋ ਦਿਸ਼ਾ ਵੀ ਮੁਕਾਬਲੇ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦੀ ਹੈ। ਭਾਵੇਂ ਉਹਨਾਂ ਦੀਆਂ ਲਾਸ਼ਾਂ ਖੇਤ ਵਿਚ ਤੀਹ ਪੈਂਤੀ ਕਰਮਾਂ ਦੀ ਵਿੱਥ ਉਤੇ ਪਈਆਂ ਸਨ।
ਮ੍ਰਿਤਕ ਨਾਹਰ ਸਿੰਘ ਦੇ ਬਾਂਹ ਉਪਰ ਗੋਲੀਆਂ ਦੇ ਜ਼ਖ਼ਮ ਕਿਸੇ ਤਰ੍ਹਾਂ ਵੀ ਮੁਕਾਬਲੇ ਵਿਚ ਲੱਗੀਆਂ ਗੋਲੀਆਂ ਦੇ ਜ਼ਖ਼ਮ ਸਿੱਧ ਨਹੀਂ ਹੁੰਦੇ, ਸਗੋਂ ਸੰਭਾਵਨਾ ਇਹ ਹੈ ਕਿ ਮ੍ਰਿਤਕ ਦੀਆਂ ਬਾਹਾਂ ਕਿਸੇ ਕੱਪੜੇ ਨਾਲ ਸਰੀਰ ਦੇ ਬਰਾਬਰ ਬੰਨ੍ਹੀਆਂ ਗਈਆਂ ਅਤੇ ਨੇੜਿਉਂ ਕੀਤੇ ਫਾਇਰ ਦੀ ਗੋਲੀ ਹੀ ਉਸਦੇ ਸਰੀਰ ਨੂੰ ਪਾਰ ਕਰਕੇ ਫਿਰ ਬਾਂਹ ਦੇ ਵੀ ਪਾਰ ਹੋ ਸਕਦੀ ਹੈ। ਫਾਰੈਂਸਕ ਮਾਹਰਾਂ ਅਨੁਸਾਰ ਦੂਰ ਤੋਂ ਕੀਤੇ ਫਾਇਰ ਦੀ ਗੋਲੀ ਜੇ ਸਰੀਰ ਵਿਚ ਦੀ ਨਿਕਲ ਵੀ ਜਾਂਦੀ ਹੈ, ਤਾਂ ਉਹ ਫਿਰ ਸਰੀਰ ਦੇ ਹੋਰ ਅੰਗ ਨੂੰ ਪਾਰ ਨਹੀਂ ਕਰਦੀ।
ਪਿੰਡ ਬਹਿਣੀਵਾਲ ਦੇ ਲੋਕਾਂ ਅਨੁਸਾਰ ਪੁਲਸ ਨੇ ਦੋਸ਼ੀਆਂ ਨੂੰ ਸ਼ਾਮ ਨੂੰ 8.30 ਵਜੇ ਫੜ੍ਹ ਲਿਆ ਸੀ ਅਤੇ ਫਿਰ ਪੁਲਸ ਕੁਝ ਦੇਰ ਬਾਅਦ ਬਾਲਣ ਦੇ ਢੇਰ ਵਿਚੋਂ ਕੁਝ ਕੱਢ ਕੇ ਲੈ ਗਈ ਸੀ। ਕੀ ਫਿਰ ਪੁਲਸ ਹਿਰਾਸਤ ਵਿਚ ਹੀ ਦੋਸ਼ੀਆਂ ਨੇ ਪੁਲਸ ਨਾਲ ਮੁਕਾਬਲਾ ਕੀਤਾ।
25 ਅਪ੍ਰੈਲ ਨੂੰ ਦੋਸ਼ੀਆਂ ਦੇ ਪੁਲਸ ਹਿਰਾਸਤ ਵਿਚੋਂ ਭੱਜਣ ਸਮੇਂ ਪੁਲਸ ਕਰਮਚਾਰੀਆਂ ਦਾ ਵਿਹਾਰ ਸ਼ੱਕ ਦੇ ਘੇਰੇ ਵਿਚ ਹੈ।
ਪੁੱਲ ਉੱਤੇ ਲੱਗੇ ਪੁਲਸ ਨਾਕੇ 'ਤੇ ਇੱਕ ਮੋਟਰਸਾਈਕਲ ਉੱਤੇ ਭੱਜੇ ਆ ਰਹੇ ਤਿੰਨ ਭਗੌੜਿਆਂ ਦਾ, ਪੁਲਸ ਵੱਲੋਂ ਰੋਕੇ ਜਾਣ ਦਾ ਇਸ਼ਾਰਾ ਕਰਨ ਤੇ ਇੱਕ ਦਮ ਸੱਜੇ ਪਾਸੇ ਸੂਏ ਦੀ ਪੱਟੜੀ ਵੱਲ ਮੋਟਰਸਾਈਕਲ ਮੋੜ ਕੇ ਭੱਜ ਜਾਣਾ ਅਸੰਭਵ ਹੈ। ਇਹ ਕਹਾਣੀ ਮਨਘੜਤ ਹੈ।
ਇਹ ਸਾਰੇ ਤੱਥ ਮੁਕਾਬਲੇ ਦੀ ਕਹਾਣੀ ਨੂੰ ਸ਼ੱਕੀ ਬਣਾਉਂਦੇ ਹਨ।
ਉਪਰੋਕਤ ਤੱਥਾਂ ਤੋਂ ਸਭਾ ਇਸ ਸਿੱਟੇ ਤੇ ਪਹੁੰਚਦੀ ਹੈ ਕਿ ਇਹ ਪੁਲਸ ਮੁਕਾਬਲਾ ਫਰਜ਼ੀ/ਝੂਠਾ ਹੈ।
ਮੰਗਾਂ ਅਤੇ ਸੁਝਾਅ:-
ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਨੂੰ ਕਥਿਤ ਮੁਕਾਬਲੇ ਵਿਚ ਮਾਰ ਕੇ ਅਸਲ ਵਿਚ ਇਨ੍ਹਾਂ ਵਿਅਕਤੀਆਂ ਵੱਲੋਂ ਪੁਲਸ ਹਿਰਾਸਤ ਚੋਂ ਭੱਜਣ ਸਮੇਂ ਐੱਚ.ਸੀ. ਅਵਤਾਰ ਸਿੰਘ ਨੂੰ ਮਾਰ ਦੇਣ ਅਤੇ ਐੱਚ.ਸੀ. ਮਨਦੀਪ ਸਿੰਘ ਨੂੰ ਜ਼ਖ਼ਮੀ ਕਰਨ ਦਾ ਬਦਲਾ ਲਿਆ ਹੈ। ਇਉਂ ਕਰਦਿਆਂ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ। ਅਤੇ ਅਦਾਲਤੀ ਹੁਕਮਾਂ ਦੀ ਘੋਰ ਉਲੰਘਣਾ ਕੀਤੀ ਗਈ ਸੀ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਹ ਕਾਲਾ ਕਾਰਨਾਮਾ ਹੇਠਲੇ ਪੱਧਰ ਦੇ ਪੁਲਸ ਅਧਿਕਾਰੀਆਂ ਨੇ ਨਹੀਂ ਸਗੋਂ ਉਚ ਪੁਲਸ ਅਧਿਕਾਰੀਆਂ ਨੇ ਸਾਜਿਸ਼ ਰਚਕੇ ਵਿਉਂਤਬੱਧ ਢੰਗ ਨਾਲ ਕੀਤਾ ਹੈ। ਇਸ ਦਾ ਮਕਸਦ ਲੋਕਾਂ ਤੇ ਪੁਲਸ (ਸਰਕਾਰੀ ਡੰਡੇ) ਦੀ ਦਬਸ਼ ਕਾਇਮ ਰੱਖਣਾ ਹੈ। ਇਸ ਮਾਮਲੇ 'ਚ ਪੁਲਸ ਦੇ ਸਿਆਸੀ ਪ੍ਰਭੂ ਉਸ ਨਾਲ ਘਿਉ ਖਿਚੜੀ ਹਨ। ਇਸ ਦਾ ਪ੍ਰਗਟਾਵਾ ਲੱਗਭੱਗ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਅਖੌਤੀ ਲੋਕ ਨੁਮਾਇੰਦਿਆਂ ਵੱਲੋਂ ਇਸ ਮਸਲੇ ਤੇ ਧਾਰੀ ਚੁੱਪ ਤੋਂ ਹੁੰਦਾ ਹੈ।
ਝੂਠੇ ਪੁਲਸ ਮੁਕਾਬਲੇ ਰਚਾਉਣ ਵੇਲੇ, ਲੋਕਾਂ ਨੂੰ ਭੰਬਲ ਭੂਸੇ ਵਿਚ ਪਾਕੇ ਬੇਹਰਕਤੇ ਕਰਨ ਅਤੇ ਆਪਣੇ ਗ਼ੈਰ ਕਾਨੂੰਨੀ ਤੇ ਅਣਮਨੁੱਖੀ ਵਹਿਸ਼ੀ ਕਾਰੇ ਨੂੰ ਵਾਜਬ ਠਹਿਰਉਣ ਲਈ, ਪੁਲਸ ਅਧਿਕਾਰੀ ਅਕਸਰ ਮ੍ਰਿਤਕ ਤੇ ਖ਼ਤਰਨਾਕ ਮੁਜਰਮ, ਦਹਿਸ਼ਤਗਰਦ ਜਾਂ ਦੇਸ਼ ਧ੍ਰੋਹੀ ਹੋਣ ਦਾ ਠੱਪਾ ਲਾ ਦਿੰਦੀ ਹੈ। (ਇਸ਼ਰਤ ਜਹਾਂ ਫਰਜ਼ੀ ਪੁਲਸ ਮੁਕਾਬਲੇ ਦੀ ਅੱਜਕੱਲ੍ਹ ਉਧੜ ਰਹੀ ਕਹਾਣੀ ਇਸ ਦੀ ਸੱਜਰੀ ਮਿਸਾਲ ਹਨ। ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਖ਼ਤਰਨਾਕ ਮੁਜਰਮ ਆਪਣਾ ਅਸਰ-ਰਸੂਖ਼ ਵਰਤਕੇ ਅਦਾਲਤਾਂ ਵਿਚੋਂ ਬਰੀ ਹੋ ਜਾਂਦੇ ਹਨ, ਇਸ ਲਈ ਉਹਨਾਂ ਨੂੰ ਪੁਲਸ ਮੁਕਾਬਲੇ ਵਿਚ 'ਗੱਡੀ ਚਾੜਿਆ' ਜਾਣਾ ਚਾਹੀਦਾ ਹੈ। ਪਰ ਇਹ ਸਾਰੀਆਂ ਗੱਲਾਂ ਸਿਰੇ ਦੀਆਂ ਗ਼ੈਰ ਜਮਹੂਰੀ, ਗੈਰ ਸੰਵਿਧਾਨਕ ਅਤੇ ਅੰਤਰ ਰਾਸ਼ਟਰੀ ਤੌਰ 'ਤੇ ਪ੍ਰਵਾਨਤ ਮਨੁੱਖੀ ਹੱਕਾਂ ਦੀ ਉਲੰਘਣਾ ਹਨ। ਕਿਸੇ ਵੀ ਅਜਿਹੇ ਮੁਲਕ ਵਿਚ - ਜੋ ਸੰਵਿਧਾਨ ਅਤੇ ਕਾਨੂੰਨ ਉਪਰ ਅਧਾਰਤ ਰਾਜ ਹੋਣ ਦਾ ਦਾਅਵਾ ਕਰਦਾ ਹੈ, ਕਿਸੇ ਪੁਲਸ ਜਾਂ ਰਾਜ ਦੀ ਸ਼ਹਿ ਪ੍ਰਾਪਤ ਸਿਆਸੀ ਟੋਲੇ ਨੂੰ ਇਨਕਾਨਵੀਨੀਐਂਟ ਬੰਦਿਆਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਮਾਰ ਮੁਕਾਉਣ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਲੋਕਾਂ ਨੂੰ ਇਹਨਾਂ ਬੇਥਵੀਆਂ ਦਲੀਲਾਂ ਨੂੰ ਮੁੱਢੋਂ ਸੁੱਢੋਂ ਰੱਦ ਕਰਕੇ ਕਾਨੂੰਨ ਦੇ ਰਾਜ ਉਤੇ ਆਧਾਰਤ ਜਮਹੂਰੀਅਤ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਇਸ ਸਬੰਧ 'ਚ ਕੁੱਝ ਮਹੀਨੇ ਪਹਿਲਾਂ ਸੁਪਰੀਮ ਕੋਰਟ ਦੇ ਦੋ ਜੱਜਾਂ ਉਤੇ ਆਧਾਰਤ ਬੈਂਚ ਵੱਲੋਂ ''ਰੋਹਤਾਸ ਕੁਮਾਰ ਬਨਾਮ ਹਰਿਆਣਾ ਸਰਕਾਰ ਵਗੈਰਾ" ਕੇਸ ਵਿਚ ਕੀਤਾ ਫ਼ੈਸਲਾ ਵਰਨਣ ਯੋਗ ਹੈ। ਇਸ ਕੇਸ ਵਿਚ ਨਾਰਨੌਲ ਪੁਲਸ ਨੇ ਸੁਨੀਲ ਨਾਂ ਦੇ ਇਕ ਵਿਅਕਤੀ ਨੂੰ ਜੋ ਪੁਲਸ ਅਨੁਸਾਰ, ''ਮਹਿੰਦਰਗੜ੍ਹ ਅਤੇ ਰਿਵਾੜੀ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਲੋੜੀਂਦਾ ਮੁਜਰਮ" ਸੀ, ਇਕ ਮੁਕਾਬਲੇ 'ਚ ਮਾਰ ਦੇਣ ਦਾ ਦਾਅਵਾ ਕੀਤਾ ਸੀ। ਮ੍ਰਿਤਕ ਦੇ ਵਾਰਸਾਂ ਦਾ ਕਹਿਣਾ ਸੀ ਕਿ ਸੁਨੀਲ ਨੂੰ ਝੂਠੇ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿਚ ਇਸ ਕਥਿਤ ਮੁਕਾਬਲੇ ਨੂੰ ਝੂਠਾ ਕਰਾਰ ਦਿੰਦਿਆਂ ਹਰਿਆਣਾ ਸਰਕਾਰ ਨੂੰ ਮ੍ਰਿਤਕਾਂ ਦੇ ਵਾਰਸਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਕਿ:
ਝੂਠੇ ਪੁਲਸ ਮੁਕਾਬਲੇ ਦੀ ਪੜਤਾਲ ਕਰ ਰਹੇ ਅਧਿਕਾਰੀ ਨੂੰ ਮ੍ਰਿਤਕਾਂ ਦੇ ਚਾਲ ਚੱਲਣ ਨੂੰ ਧਿਆਨ ਵਿਚ ਨਹੀਂ ਰੱਖਣਾ ਚਾਹੀਦਾ ਸਗੋਂ ਆਪਣੀ ਪੜਤਾਲ ਕਥਿਤ ਮੁਕਾਬਲੇ ਦੇ ਹਾਲਾਤਾਂ ਉਤੇ ਕੇਂਦਰਤ ਕਰਨੀ ਚਾਹੀਦੀ ਹੈ। ਤਾਂ ਕਿ ਜ਼ਰੂਰੀ ਸਬਕ ਕੱਢੇ ਜਾ ਸਕਣ ਅਤੇ ਘਟਨਾਵਾਂ ਨੂੰ ਮੁੜ ਵਾਪਣ ਤੋਂ ਰੋਕਿਆ ਜਾ ਸਕੇ।
ਜਿਉਂ ਹੀ ਪੁਲਸ ਖ਼ਿਲਾਫ਼ ਕਤਲ ਦੀ ਸ਼ਿਕਾਇਤ ਮ੍ਰਿਤਕ ਦੇ ਵਾਰਸਾਂ ਵੱਲੋਂ ਕੀਤੀ ਜਾਂਦੀ ਹੈ, ਐੱਫ.ਆਈ.ਆਰ. ਤੁਰੰਤ ਦਰਜ਼ ਕੀਤੀ ਜਾਣੀ ਚਾਹੀਂਦੀ ਹੈ।
ਪੁਲਸ ਮੁਕਾਬਲੇ ਵਿਚ ਹੋਈ ਮੌਤ ਦੀ ਤਫ਼ਤੀਸ਼ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ।
ਪੁਲਸ ਵੱਲੋਂ ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਕਥਿਤ ਮਕਾਬਲੇ 'ਚ ਮਾਰ ਮਕਾਉਣ ਅਤੇ ਜਸਵਿੰਦਰ ਸਿੰਘ ਦੇ ਬਚ ਕੇ ਨਿਕਲ ਜਾਣ ਦੀ ਕਹਾਣੀ ਨਾਲ ਇਨ੍ਹਾਂ ਘਟਨਾਵਾਂ ਸਬੰਧੀ ਥਾਣਾ ਮੌੜ ਅਤੇ ਥਾਣਾ ਜੌੜਕੀਆਂ 'ਚ ਦਰਜ਼ ਐਫ ਆਈ ਆਰ ਤਫਤੀਸ਼ ਬੰਦ ਹੋ ਗਈ ਹੈ। ਇਸ ਨਾਲ ਇਨ੍ਹਾਂ ਦੋਹਾਂ ਵਾਰਦਾਤਾਂ ਦਾ ਸੱਚ ਲੋਕਾਂ ਜਾਂ ਅਦਾਲਤਾਂ ਸਾਹਮਣੇ ਆਉਣ ਦੇ ਦਰਵਾਜ਼ੇ ਬੰਦ ਹੋ ਗਏ ਹਨ। ਇਸ ਲਈ ਇਨ੍ਹਾਂ ਦੋਹਾਂ ਘਟਨਾਵਾਂ ਦੀ ਸ਼ੈਸਨ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ ਤੋਂ ਪੜਤਾਲ ਕਰਵਾਕੇ ਅਗਲੇਰੀ ਕਾਰਵਾਈ ਕੀਤੀ ਜਾਣੀ ਚਾਹੀਂਦੀ ਹੈ।
ਮ੍ਰਿਤਕ ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ ਦੇ ਮਾਪਿਆਂ ਵੱਲੋਂ ਅਖੌਤੀ ਪੁਲਸ ਮੁਕਾਬਲੇ ਨੂੰ ਝੂਠਾ ਕਰਾਰ ਦੇਣ ਅਤੇ ਦੋਹਾਂ ਨੂੰ ਫੜ੍ਹ ਕੇ ਮਾਰਨ ਦਾ ਦੋਸ਼ ਲਗਾਇਆ ਗਿਆ ਹੈ। ਉਹਨਾਂ ਨੇ ਜਸਵਿੰਦਰ ਸਿੰਘ ਨੂੰ ਵੀ ਪੁਲਸ ਵੱਲੋਂ ਕਿਧਰੇ ਛੁਪਾਉਣ ਜਾਂ ਮਾਰ ਖਪਾਉਣ ਦਾ ਦੋਸ਼ ਲਗਾਇਆ ਹੈ। ਇਸ ਆਧਾਰ ਉਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਮੁਕੱਦਮਾ ਦਰਜ਼ ਕਰਕੇ, ਇਸ ਦੀ ਪੜਤਾਲ ਕਿਸੇ ਨਿਰਪੱਖ ਏਜੰਸੀ ਤੋਂ ਅਦਾਲਤੀ ਦੇਖ-ਰੇਖ ਹੇਠ ਕਰਵਾਈ ਜਾਣੀ ਚਾਹੀਦੀ ਹੈ।
ਜਸਵਿੰਦਰ ਸਿੰਘ, ਜਿਸਨੂੰ ਪੁਲਸ ਨੇ ਭਗੌੜਾ ਦੱਸਿਆ ਹੈ ਨੂੰ ਲੱਭਿਆ ਜਾਵੇ ਅਤੇ ਸਰਕਾਰ ਇਹ ਯਕੀਨੀ ਬਣਾਵੇ ਕਿ ਪੁਲਸ ਗ਼ੈਰ ਕਾਨੂੰਨੀ ਕਾਰੇ (ਝੂਠੇ ਪੁਲਸ ਮੁਕਾਬਲੇ) ਉੱਤੇ ਪੜਦਾ ਪਾਉਣ ਲਈ ਉਸ ਨੂੰ ਖ਼ਤਮ ਨਾ ਕਰ ਸਕੇ।
ਜਾਰੀ ਕਰਤਾ: ਪ੍ਰੌਫੈਸਰ ਅਜਮੇਰ ਔਲਖ (ਸੂਬਾ ਪ੍ਰਧਾਨ) ਪ੍ਰੋਫੈਸਰ ਜਗਮੋਹਨ ਸਿੰਘ (ਜਨਰਲ ਸਕਤਰ)
ਮੋਬਾਈਲ 9815575495 ਮੋਬਾਈਲ 9814001836
ਜਮਹੂਰੀ ਅਧਿਕਾਰ ਸਭਾ, ਪੰਜਾਬ
ਮਿੱਤੀ: 13ਜੁਲਾਈ, 2013

No comments:
Post a Comment