Tuesday, May 28, 2013

                                                                ਪ੍ਰੈੱਸ ਬਿਆਨ

ਅੱਜ ਇਥੇ ਜਾਰੀ ਕੀਤੇ ਪ੍ਰੈੱਸ ਬਿਆਨ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲੱਖ ਨੇ ਕਿਹਾ ਕਿ ਸਭਾ ਫ਼ਰੀਦਕੋਟ ਦੇ ਸ਼ਰੂਤੀ ਅਗਵਾ ਤੇ ਜਬਰ ਜਨਾਹ ਮਾਮਲੇ ਵਿਚ ਮਾਣਯੋਗ ਟਰਾਇਲ ਅਦਾਲਤ ਵਲੋਂ ਮੁਜਰਮ ਨਿਸ਼ਾਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਅਤੇ ਹੋਰ ਮੁਜਰਮਾਂ ਨੂੰ ਦਿੱਤੀ ਢੁੱਕਵੀਂ ਸਜ਼ਾ ਦਾ ਸਵਾਗਤ ਕਰਦੀ ਹੈ। ਸਭਾ ਉਨ੍ਹਾਂ ਸਮੂਹ ਲੋਕ ਜਥੇਬੰਦੀਆਂ, ਸੰਘਰਸ਼ਸ਼ੀਲ ਲੋਕਾਂ, ਅਦਾਲਤੀ ਲੜਾਈ ਵਿਚ ਲੋਕ ਹਿੱਤਾਂ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਅਤੇ ਇਸ ਪੂਰੇ ਮਾਮਲੇ ਦੀ ਲਗਾਤਾਰ ਸਹੀ ਰਿਪੋਰਟਿੰਗ ਕਰਨ ਵਾਲੇ ਮੀਡੀਆ ਪੱਤਰਕਾਰਾਂ ਨੂੰ ਵਧਾਈ ਦਿੰਦੀ ਹੈ ਜੋ ਨਿਸ਼ਾਨ ਸਿੰਘ ਅਤੇ ਉਸ ਦੇ ਮੁਜਰਮ ਗਰੋਹ ਦੀ ਪੁਸ਼ਤਪਨਾਹੀ ਕਰਨ ਵਾਲੇ ਸੱਤਾਧਾਰੀਆਂ, ਇਨ੍ਹਾਂ ਨੂੰ ਸਜ਼ਾਵਾਂ ਤੋਂ ਬਚਾਉਣ ਲਈ ਸਰਗਰਮ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਹੋਰ ਤਾਕਤਾਂ ਵਲੋਂ ਖੜ੍ਹੀਆਂ ਕੀਤੀਆਂ ਰੁਕਾਵਟਾਂ ਤੇ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ ਚਟਾਨ ਵਾਂਗ ਡੱਟੇ ਰਹੇ। ਸਭਾ ਸਮਝਦੀ ਹੈ ਕਿ ਇਹ ਲੋਕਾਂ ਦੀ ਜਥੇਬੰਦ ਤਾਕਤ ਦੀ ਸੱਤਾਧਾਰੀ ਸਿਆਸਤ, ਸਿਆਸੀ ਸਰਪ੍ਰਸਤੀ ਵਾਲੇ ਗੁੰਡਾ ਗਰੋਹਾਂ ਅਤੇ ਪੁਲਿਸ-ਪ੍ਰਸ਼ਾਸਨ ਦੇ ਨਾਪਾਕ ਗੱਠਜੋੜ ਵਿਰੁੱਧ ਹੱਕ ਬਜਾਨਬ ਜੱਦੋਜਹਿਦ ਦੀ ਜਿੱਤ ਹੈ। ਇਸ ਲੋਕ ਜੱਦੋਜਹਿਦ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਆਪਣੇ ਜਮਹੂਰੀ ਹੱਕਾਂ ਦੀ ਰਾਖੀ ਇਕੱਠੇ ਹੋ ਕੇ ਹੀ ਕਰ ਸਕਦੇ ਹਨ। ਇਸ ਜਿੱਤ ਨੇ ਸਥਾਪਤੀ ਵਲੋਂ ਹਾਸ਼ੀਏ 'ਤੇ ਧੱਕੇ, ਦੱਬੇ-ਕੁਚਲੇ ਤੇ ਲੁੱਟੇ-ਪੁੱਟੇ ਲੋਕਾਂ ਦੇ ਆਪਣੀ ਜਥੇਬੰਦ ਤਾਕਤ ਰਾਹੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਅਤੇ ਬੇਇਨਸਾਫ਼ੀ ਦੇ ਵਿਰੁੱਧ ਜੂਝਣ ਦੇ ਜਮਹੂਰੀ ਹੱਕ ਪ੍ਰਤੀ ਸੋਝੀ ਵਧਾਈ ਹੈ ਅਤੇ ਉਨ੍ਹਾਂ ਦਾ ਆਪਣੀ ਜਥੇਬੰਦ ਤਾਕਤ 'ਚ ਵਿਸ਼ਵਾਸ ਪੱਕਾ ਕੀਤਾ ਹੈ। ਸਭਾ ਇਸ ਹਾਂਪੱਖੀ ਰੁਝਾਨ ਨੂੰ ਸਮਾਜ ਦੀ ਬਿਹਤਰੀ ਲਈ ਸੁਲੱਖਣਾ ਘਟਨਾ-ਵਿਕਾਸ ਸਮਝਦੀ ਹੈ।


ਪ੍ਰੋਫੈਸਰ ਜਗਮੋਹਣ ਸਿੰਘ
(ਜਨਰਲ ਸਕੱਤਰ)

 

ਪ੍ਰੋਫੈਸਰ ਅਜਮੇਰ ਸਿੰਘ ਔਲੱਖ
(ਸੂਬਾ ਪ੍ਰਧਾਨ)

ਜਮਹੂਰੀ ਅਧਿਕਾਰ ਸਭਾ, ਪੰਜਾਬ
ਮਿਤੀ : 28 ਮਈ 2013

No comments:

Post a Comment