Saturday, February 16, 2013

ਅਫਜ਼ਲ ਨੂੰ ਫਾਂਸੀ ਕੌਮਾਂਤਰੀ ਮਨੁੱਖੀ ਅਧਿਕਾਰ ਚਾਰਟਰ ਦਾ ਘਾਣ

                                                                            +



ਅਫਜ਼ਲ ਨੂੰ ਫਾਂਸੀ ਕੌਮਾਂਤਰੀ ਮਨੁੱਖੀ ਅਧਿਕਾਰ ਚਾਰਟਰ ਦਾ ਘਾਣ - ਜਮਹੂਰੀ ਅਧਿਕਾਰ ਸਭਾ

16 ਫਰਵਰੀ ਨੂੰ ਜਮਹੂਰੀ ਅਧਿਕਾਰ ਸਭਾ (ਪੰਜਾਬ) ਵਲੋਂ ਕਸ਼ਮੀਰੀ ਨੌਜਵਾਨ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੋਧ 'ਚ ਲੁਧਿਆਣਾ 'ਚ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਆਗੂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਭਾਈ ਬਾਲਾ ਚੌਂਕ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਕੋਲ ਰੈਲੀ ਕੀਤੀ ਗਈ ਇਸ ਉਪਰੰਤ ਇੱਥੋਂ ਲੈ ਕੇ ਭਾਰਤ ਨਗਰ ਚੌਂਕ ਹੁੰਦਿਆਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਇੱਥੇ ਰੈਲੀ ਕਰਕੇ ਅਫ਼ਜ਼ਲ ਗੁਰੂ ਨੂੰ ਫਾਂਸੀ ਅਤੇ ਮੌਤ ਦੀ ਸਜ਼ਾ ਦੇ ਵਿਰੋਧ 'ਚ ਆਵਾਜ਼ ਬੁਲੰਦ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਅਫ਼ਜ਼ਲ ਗੁਰੂ ਨੂੰ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਸੰਸਦ ਉੱਪਰ ਹਮਲੇ ਦੇ ਕੇਸ ਵਿਚ ਫਸਾਇਆ ਗਿਆ। ਹਿਰਾਸਤ 'ਚ ਉਸ ਨੂੰ ਘੋਰ ਅਣਮਨੁੱਖੀ ਤਸੀਹੇ ਦੇ ਕੇ ਉਸ ਦਾ ਇਕਬਾਲੀਆ ਬਿਆਨ ਮੀਡੀਆ 'ਚ ਉਛਾਲਿਆ ਗਿਆ। ਅਤੇ ਇਸ ਨੂੰ ਅਧਾਰ ਬਣਾਕੇ ਉਸ ਦੀ ਜਾਨ ਲੈਣ ਦਾ ਮਨਸੂਬਾ ਰਚਿਆ ਗਿਆ। ਨਾ ਤਾਂ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ ਅਤੇ ਨਾ ਰਾਸ਼ਟਰਪਤੀ ਵਲੋਂ ਰਹਿਮ ਦੀ ਅਰਜ਼ੀ ਖਾਰਜ਼ ਕੀਤੇ ਜਾਣ 'ਤੇ ਉਸ ਨੂੰ ਮੌਤ ਦੀ ਸਜ਼ਾ ਘੱਟ ਕਰਨ ਲਈ ਜੁਡੀਸ਼ੀਅਲ ਰੀਵਿਊ ਕਰਨ ਦਾ ਹੱਕ ਦਿੱਤਾ ਗਿਆ। ਭਾਰਤ ਦੇ ਗ੍ਰਹਿ ਮੰਤਰਾਲੇ ਦੀ ਸਰਪ੍ਰਸਤੀ ਹੇਠ ਐਸ ਟੀ ਐਫ ਦੀ ਇਸ ਮਾਮਲੇ ਵਿਚ ਭੂਮਿਕਾ ਬਾਰੇ ਅਫਜ਼ਲ ਵਲੋਂ ਜੋ ਸਵਾਲ ਉਠਾਏ ਸਨ ਉਹ ਅੱਜ ਵੀ ਹੁਕਮਰਾਨਾਂ ਤੋਂ ਜਵਾਬ ਦੀ ਮੰਗ ਕਰਦੇ ਹਨ। ਬਿਨਾ ਕੋਈ ਠੋਸ ਸਬੂਤ ਪੇਸ਼ ਕੀਤੇ ''ਕੌਮ ਦੀਆਂ ਸਮੂਹਿਕ ਭਾਵਨਾਵਾਂ ਨੂੰ ਸ਼ਾਂਤ ਕਰਨ'' ਦੀ ਸਿਰੇ ਦੀ ਤਰਕਹੀਣ ਦਲੀਲ ਦੇ ਕੇ ਸਿਰਫ਼ ਇਕ ਕਸ਼ਮੀਰੀ ਅਤੇ ਮੁਸਲਮਾਨ ਹੋਣ ਕਾਰਨ ਉਸ ਨੂੰ ਚੁੱਪਚੁਪੀਤੇ ਫਾਹੇ ਲਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਅਫਜ਼ਲ ਨੂੰ ਫਾਂਸੀ ਕੌਮਾਂਤਰੀ ਮਨੁਖੀ ਅਧਿਕਾਰ ਚਾਰਟਰ ਦੀ ਘੋਰ ਉਲੰਘਣਾ ਹੈ। ਪੁਲਿਸ ਹਿਰਾਸਤ ਵਿਚ ਅਫਜ਼ਲ ਦੇ ਬਿਆਨਾਂ ਨੂੰ ਉਸਨੂੰ ਫਾਂਸੀ ਦੇਣ ਲਈ ਉਸਦੇਖਿਲਾਫ ਗਵਾਹੀ ਵਜੋਂ ਵਰਤਣਾ ਨਿਆਂਇਕ ਅਸੂਲਾਂ ਦੀ ਉਲੰਘਣਾ ਅਤੇ ਨਾਵਾਜਬ ਅਮਲ ਹੈ ਅਤੇ ਐਤਵਾਰ ਨੂੰ ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਖਾਰਜ਼ ਕਰਨ ਤੋਂ ਵੀ ਉਸ ਨੂੰ ਬੇਬੁਨਿਆਦ ਫਾਂਸੀ ਲਾਉਣ ਦੀ ਹਕੂਮਤ ਦੀ ਕਾਹਲ ਦਿਖਾਈ ਦਿੰਦੀ ਹੈ।
ਬੁਲਾਰਿਆਂ ਨੇ ਕਿਹਾ ਕਿ ਫਾਂਸੀ ਬਾਰੇ ਉਸ ਦੇ ਪਰਿਵਾਰ ਨੂੰ ਸੁਚਿਤ ਨਾ ਕਰਨਾ ਅਤੇ ਉਸ ਦੀ ਮ੍ਰਿਤਕ ਦੇਹ ਵੀ ਉਸ ਦੇ ਵਾਰਿਸਾਂ ਦੇ ਹਵਾਲੇ ਨਾ ਕਰਨਾ ਭਾਰਤੀ ਹੁਕਮਰਾਨਾਂ ਦਾ ਪੂਰੀ ਤਰ੍ਹਾਂ ਅਣਮਨੁੱਖੀ ਰਵੱਈਆ ਹੈ। ਦਰਅਸਲ ਭਾਰਤੀ ਰਾਜ ਇਕ ਜਮਹੂਰੀਅਤ ਨਾ ਹੋ ਕੇ ਆਪਣੇ ਹੀ ਨਾਗਰਿਕਾਂ ਦੀਆਂ ਜਾਨਾਂ ਲੈਣ ਵਾਲੀ ਮਸ਼ੀਨ ਦੀ ਭੂਮਿਕਾ ਨਿਭਾ ਰਿਹਾ ਹੈ। ਬੁਲਾਰਿਆਂ ਵਲੋਂ ਜਿੱਥੇ ਮੌਤ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਜਾਹਲ ਕਰਾਰ ਦਿੰਦਿਆਂ ਇਸ ਨੂੰ ਸੰਵਿਧਾਨਕ ਤੌਰ 'ਤੇ ਖ਼ਤਮ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਗਈ ਉੱਥੇ ਨਾਲ ਹੀ ਦਿੱਲੀ ਵਿਚ ਅਫ਼ਜ਼ਲ ਗੁਰੂ ਦੀ ਫਾਂਸੀ ਵਿਰੁੱਧ ਰੋਸ ਪ੍ਰਗਟਾ ਰਹੀਆਂ ਕਸ਼ਮੀਰੀ ਕੁੜੀਆਂ ਤੇ ਹੋਰ ਕਾਰਕੁੰਨਾਂ ਨਾਲ ਬਜਰੰਗ ਦਲ ਦੇ ਗੁੰਡਿਆਂ ਵਲੋਂ ਪੁਲਿਸ ਦੀ ਮਿਲੀਭੁਗਤ ਤਹਿਤ ਬਦਤਮੀਜ਼ੀ ਕਰਨ ਅਤੇ ਮਨੁੱਖੀ ਹੱਕਾਂ ਦੇ ਬਹੁਤ ਹੀ ਮਕਬੂਲ ਆਗੂ ਗੌਤਮ ਨਵਲੱਖਾ ਦੇ ਮੂੰਹ 'ਤੇ ਕਾਲਖ ਮਲਣ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹ ਫਾਸ਼ੀਵਾਦੀ ਹਰਕਤ ਕਰਨ ਵਾਲੇ ਅਨਸਰਾਂ ਅਤੇ ਇਸ ਨੂੰ ਸ਼ਹਿ ਦੇਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਮੁਜ਼ਾਹਰੇ ਨੂੰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ, ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਏ.ਕੇ ਮਲੇਰੀ, ੍ਰਪੈੱਸ ਸਕੱਤਰ ਬੂਟਾ ਸਿੰਘ, ਨਰਭਿੰਦਰ ਸਿੰਘ, ਪ੍ਰਿਤਪਾਲ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਲੇਖਕ ਅਭੇ ਸਿੰਘ, ਮਾਸਟਰ ਤਰਸੇਮ ਲਾਲ, ਨਾਮਦੇਵ ਭੁਟਾਲ, ਦਰਸ਼ਨ ਸਿੰਘ ਮੋਗਾ, ਡਾਕਟਰ ਤੇਜਪਾਲ, ਗੁਰਪ੍ਰੀਤ ਕੌਰ ਸੰਗਰੂਰ ਸਮੇਤ ਜ਼ਿਲ੍ਹਾ ਆਗੂ ਤੇ ਹੋਰ ਜਨਤਕ ਜਮਹੂਰੀ ਕਾਰਕੁਨ ਹਾਜ਼ਰ ਸਨ।                                                            
                               

No comments:

Post a Comment