Monday, April 6, 2020

ਦਿੱਲੀ ਦੰਗਿਆਂ ਦੀ ਤੱਥਾਂ ਤੇ ਅਧਾਰਤ ਰਿਪੋਰਟ



ਦੇਸ਼ ਦੀ ਰਾਜਧਾਨੀ ਦਿੱਲੀ ਜ਼ੋ ਕਿ ਬਾਕੀ ਰਾਜਾਂ ਦੇ ਮੁਕਾਬਲੇ ਵਿੱਚ ਸਭ ਤੋਂ ਵੱਧ ਸੁਰੱਖਿਅਤ ਮੰਨੀ ਜਾਂਦੀ ਹੈ ਨੂੰ ਫਰਵਰੀ ਦੇ ਅਖੀਰਲੇ ਹਫ਼ਤੇ ਵਿੱਚ ਭਿਆਨਕ ਹਿੰਸਾ ਵਿੱਚ ਝੋਕ ਦਿੱਤਾ ਗਿਆ। ਹਿੰਸਕ ਧਾੜਾਂ ਨੇ ਬੇਰਹਿਮ ਹੋ ਕੇ ਵੱਡੇ ਪੱਧਰ ’ਤੇ ਬੇਕਿਰਕ ਕਤਲੋਗਾਰਦ, ਲੁੱਟਮਾਰ ਅਤੇ ਸਾੜਫੂਕ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਵੱਡੀ ਪੱਧਰ ’ਤੇ ਦੁਕਾਨਾਂ ਅਤੇ ਮਕਾਨਾਂ ਨੂੰ ਲੁੱਟ ਕੇ ਅੱਗ ਦੀ ਭੈਂਟ ਚੜ੍ਹਾ ਦਿੱਤਾ ਗਿਆ। ਸਰਕਾਰੀ ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ 53 ਤੱਕ ਪਹੁੰਚ ਚੁੱਕੀ ਹੈ। ਮੌਤਾਂ ਦੀ ਗਿਣਤੀ ਹੋਰ ਵੱਧਣ ਦੇ ਅਸਾਰ ਹਨ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਲਾਪਤਾ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਗੰਭੀਰ ਰੂਪ ਚ ਜ਼ਖਮੀ ਹਨ।
1984 ਵਿੱਚ ਹੋਏ ਸਿੱਖਾਂ ਦੀ ਨਸਲਕੁ਼ਸ਼ੀ ਤੋਂ ਬਾਅਦ ਇਸ ਨੂੰ ਦੂਜਾ ਵੱਡਾ ਕਤਲੇਆਮ ਦੱਸਿਆ ਜਾ ਰਿਹਾ ਹੈ। ਜ਼ਮੀਨੀ ਹਕੀਕਤਾਂ ਦਾ ਪਤਾ ਲਾਉਣ ਅਤੇ ਸਮਝਣ ਲਈ ਵੱਖ-ਵੱਖ ਸੰਗਠਨਾਂ ਵੱਲੋਂ ਇੱਕ ਤੱਥ-ਖੋਜ ਕਮੇਟੀ 4 ਅਤੇ 5 ਮਾਰਚ ੨੦੨੦ਨੂੰ ਦੰਗਾ ਪ੍ਰਭਾਵਿਤ ਇਲਾਕਿਆਂ ਵਿੱਚ ਗਈ। ਇਸ ਟੀਮ ਵਿੱਚ ਨਾਗਰਿਕ ਅਖ਼ਬਾਰ, ਇਲੈਕਟਰਾਨਿਕ ਅਖ਼ਬਾਰ, ਰੇਡਸਟਾਰ ਪੱਤਰਿਕਾ ਅਤੇ ਜਨਸੰਘਰਸ਼ ਮੰਚ ਹਰਿਆਣਾ, ਪ੍ਰਗਤੀਸ਼ੀਲ ਮਹਿਲਾ ਏਕਤਾ ਕੇਂਦਰ, ਕਰਾਂਤੀਕਾਰੀ ਲੋਕ ਅਧਿਕਾਰ ਸੰਗਠਨ, ਪਰਿਵਰਤਣ ਗਾਮੀ ਵਿਦਿਆਰਥੀ ਸੰਗਠਨ ਦੇ ਪ੍ਰਤੀਨਿਧ ਅਤੇ ਕੁੱਝ ਸਮਾਜਿਕ ਕਾਰਕੁੰਨ ਸ਼ਾਮਲ ਸਨ। ਟੀਮ ਨੇ ਦੋ, ਤਿੰਨ, ਚਾਰ ਅਤੇ ਪੰਜ ਮਾਰਚ ਨੂੰ ਦਿੱਲੀ ਦੇ ਹਿੰਸਾ ਗ੍ਰਸਤ ਇਲਾਕੇ ਵਿੱਚ ਜਾ ਕੇ ਤੱਥ ਅਤੇ ਜਾਣਕਾਰੀ ਹਾਸਿਲ ਕਰਨ ਦਾ ਯਤਨ ਕੀਤਾ। ਟੀਮ ਵੱਲੋਂ ਤਿਆਰ ਕੀਤੀ ਰਿਪੋਰਟ ਨੂੰ ਪੇਸ਼ ਕੀਤਾ ਜਾ ਰਿਹਾ ਹੈ।
ਤੱਥ-ਖੋਜ ਕਮੇਟੀ ਦੇ ਮੈਂਬਰ 4 ਮਾਰਚ 2020 ਨੂੰ ਲੱਗਭਗ ਸਾਢੇ ਗਿਆਰਾਂ ਵਜੇ ਗੋਲਕਪੁਰੀ ਮੈਟਰੋ ਸਟੇਸ਼ਨ ’ਤੇ ਇਕੱਠੇ ਹੋਏ। ਗੋਲਕਪੁਰੀ ਮੈਟਰੋ ਸਟੇਸ਼ਨ ਮੈਟਰੋ ਦੀ ਪਿੰਕ ਲਾਈਨ ਉੱਤੇ ਭਜਨਪੁਰਾ ਨੰਦਨਗਰੀ ਰੋਡ ਉੱਪਰ ਪੈਂਦਾ ਹੈ। ਇੱਥੇ ਦੋ ਥਾਣੇ ਗੋਲਕਪੁਰੀ ਅਤੇ ਦਿਆਲ ਨਗਰ ਨਾਲੋ ਨਾਲ ਹਨ। ਗੋਲਕਪੁਰੀ ਥਾਣੇ ਵਿੱਚ ਇੱਥੋਂ ਦਾ ਐਸ.ਪੀ. ਬੈਠਦਾ ਹੈ। ਮੈਟਰੋ ਸਟੇਸ਼ਨ ਅਤੇ ਦੋਹਾਂ ਥਾਣਿਆਂ ਦੀਆਂ ਕੰਧਾਂ ਇੱਕ ਦੂਜੇ ਨਾਲ ਸਾਂਝੀਆਂ ਹਨ। ਇੱਥੇ ਪਹੁੰਚਣ ’ਤੇ ਪਤਾ ਲੱਗਿਆ ਕਿ ਬਹੁਤ ਹੀ ਨੇੜੇ ਪੈਂਦੇ ਗੋਲਕਪੁਰੀ ਬਜ਼ਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਹ ਥਾਂ ਦੋਹਾਂ ਥਾਣਿਆਂ ਤੋਂ ਲੱਗਭਗ 150 ਗਜ ਦੀ ਦੂਰੀ ਤੇ ਹੈ। ਇੱਕ ਸਕੂਲ ਦੀ ਕੰਧ ਇਸ ਬਜ਼ਾਰ ਅਤੇ ਥਾਣੇ ਦੇ ਸੰਨ੍ਹ ਵਿਚਕਾਰ ਹੈ। ਇਸ ਦੇ ਨੇੜੇ ਹੀ ਫਾਇਰ ਬਰਗੇਡ ਸਟੇਸ਼ਨ ਹੈ।
ਟੀਮ ਦੇ ਮੈਂਬਰ ਬਜ਼ਾਰ ਵਿੱਚ ਗਏ। ਉੱਥੇ ਕੁੱਝ ਦੁਕਾਨਦਾਰ ਬਹੁਤ ਹੀ ਮਾਯੂਸ ਹੋ ਕੇ ਆਪਣੀਆਂ ਦੁਕਾਨਾਂ ਵੱਲ ਵੇਖ ਰਹੇ ਸਨ। ਉੱਥੇ ਮੀਡੀਆ ਦੇ ਕੁੱਝ ਕਾਰਕੁੰਨ ਵੀ ਮੌਜੂਦ ਸਨ। ਅਸੀਂ ਕੁੱਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ। ਉੱਥੇ ਮੌਜੂਦ ਸ਼ਾਕਿਰ ਨੇ ਸਾਨੂੰ ਦੱਸਿਆ ਕਿ 24 ਫਰਵਰੀ ਦੀ ਸ਼ਾਮ ਤੱਕ ਉੱਤਰ-ਪੂਰਬੀ ਦਿੱਲੀ ਵਿੱਚ ਫਿਰਕੂ ਹਿੰਸਾ ਭੜਕ ਚੁੱਕੀ ਸੀ। ਬਹੁਤੇ ਲੋਕ ਡਰਦੇ ਮਾਰੇ ਕਿਸੇ ਨਾ ਕਿਸੇ ਤਰ੍ਹਾਂ ਬਚਾਅ ਕਰਕੇ ਭੱਜ ਗਏ ਸਨ। ਸੂਰਜ ਛੁਪਣ ਤੋਂ ਬਾਅਦ ਗੋਲਕਪੁਰੀ ਪਿੰਡ ਦੀ ਤਰਫੋਂ ਇੱਕ ਧਾੜ ਜੈ ਸ੍ਰੀਰਾਮ ਦੇ ਨਾਹਰੇ ਲਾਉਂਦੀ ਹੋਈ ਬਜ਼ਾਰ ਵਿੱਚ ਵੜ੍ਹ ਗਈ। ਪਹਿਲਾਂ ਦੁਕਾਨਾਂ ਦੇ ਸ਼ਟਰ ਤੋੜ ਕੇ ਕੀਮਤੀ ਸਮਾਨ ਲੁੱਟਿਆ ਅਤੇ ਉਸ ਤੋਂ ਬਾਅਦ ਅੱਗ ਲਾ ਦਿੱਤੀ। ਇਸ ਬਜ਼ਾਰ ਵਿੱਚ ਰਿੰਮ, ਟਾਇਰ-ਟਿਊਬ ਸਮੇਤ ਹਰ ਕਿਸਮ ਦੀਆਂ ਗੱਡੀਆਂ ਦੇ ਹਿੱਸੇ-ਪੁਰਜੇ ਵਿਕਦੇ ਹਨ। ਦਿੱਲੀ ਐਨਸੀਆਰ ਦੇ ਆਲੇ-ਦੁਆਲੇ ਦੇ ਲੋਕ ਐਥੋਂ ਹੀ ਖਰੀਦਦਾਰੀ ਕਰਦੇ ਹਨ। ਇਸ ਬਜ਼ਾਰ ਨੂੰ ਕਬਾੜੀ ਬਜ਼ਾਰ ਵੀ ਕਹਿੰਦੇ ਹਨ। ਪਹਿਲਾਂ ਇਹ ਬਜ਼ਾਰ ਜਾਮਾ ਮਸਜਿਦ ਦੇ ਸਾਹਮਣੇ ਸੀ ਜਿਸ ਨੂੰ ਮੀਨਾ ਬਜ਼ਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਬਹੁਤ ਵੱਡਾ ਬਜ਼ਾਰ ਸੀ। ਦਿੱਲੀ ਸਰਕਾਰ ਨੇ ਸਾਲ 2000 ਵਿੱਚ ਇਸ ਬਜ਼ਾਰ ਨੂੰ ਉਜਾੜ ਦਿੱਤਾ ਸੀ। ਲੰਬੇ ਸੰਘਰਸ਼ ਤੋਂ ਬਾਅਦ ਸਾਲ 2001 ਵਿੱਚ ਦਿੱਲੀ ਸਰਕਾਰ ਨੇ 224 ਦੁਕਾਨਾਂ ਬਣਾਕੇ ਦੁਕਾਨਦਾਰਾਂ ਨੂੰ ਅਲਾਟਮੈਂਟ ਕੀਤੀ ਸੀ। ਇੱਥੋਂ ਦੇ ਸਾਰੇ ਦੁਕਾਨਦਾਰ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ। ਇੱਕ ਹਜ਼ਾਰ ਤੋਂ ਵੱਧ ਲੋਕਾਂ ਦਾ ਰੁਜਗਾਰ ਇਸ ਬਜ਼ਾਰ ਨਾਲ ਜੁੜਿਆ ਹੋਇਆ ਸੀ। ਹਿੰਦੂ ਭਾਈਚਾਰੇ ਦੇ ਕੁੱਝ ਲੋਕ ਵੀ ਇੱਥੇ ਕੰਮ ਕਰਦੇ ਹਨ। ਸੀਟ ਕਵਰ ਚੜਾਉਣ ਵਾਲੇ ਇੱਕ ਵਿਅਕਤੀ ਮੋਹਨ ਨੇ ਦੱਸਿਆ ਕਿ ਇੱਥੇ ਲੋਕ ਬਹੁਤ ਪ੍ਰੇਮ-ਭਾਵ ਨਾਲ ਰਹਿੰਦਿਆਂ ਕੰਮ ਕਰਦੇ ਹਨ। ਸਖਤ ਮਿਹਨਤ ਅਤੇ ਲੰਬੇ ਸਮੇਂ ਤੋਂ ਲੋਕਾਂ ਨੇ ਦੁਕਾਨਾਂ ਨੂੰ ਸਥਾਪਿਤ ਕੀਤਾ ਹੋਇਆ ਸੀ। ਦੰਗਾਈਆਂ ਨੇ 24 ਫਰਵਰੀ ਨੂੰ ਹੀ ਕੁੱਝ ਦੁਕਾਨਾ ਨੂੰ ਲੁੱਟ ਕੇ ਅੱਗ ਲਾ ਦਿੱਤੀ। ਫਿਰ 25 ਫਰਵਰੀ ਨੂੰ ਦਿਨ ਦਿਹਾੜੇ ਗਿਰਝਾਂ ਦੀ ਤਰ੍ਹਾਂ ਦੁਕਾਨਾਂ ਲੁੱਟੀਆਂ ਅਤੇ ਇੱਕ-ਇੱਕ ਕਰਕੇ ਦੁਕਾਨਾਂ ਨੂੰ ਅੱਗ ਲਾਉਂਦੇ ਰਹੇ।
ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਫਾਇਰ ਬਿਗ੍ਰੇਡ ਦੀਆਂ ਦੋ ਗੱਡੀਆਂ ਵੀ ਇੱਥੇ ਆਈਆਂ ਸਨ। ਹਿੰਸਕ ਧਾੜ ਨੇ ਉਹਨਾਂ ਗੱਡੀਆਂ ਨੂੰ ਵੀ ਉਥੋਂ ਭਜਾ ਦਿੱਤਾ, ਕਿਉਂਕਿ ਉੱਥੋਂ ਚਾਰ ਕਦਮਾਂ ਦੀ ਦੂਰੀ ਤੇ ਦੋ ਥਾਣਿਆਂ ਦੀ ਪੁਲਿਸ ਅਰਾਮ ਨਾਲ ਹੱਥ ’ਤੇ ਹੱਥ ਧਰ ਕੇ ਤਮਾਸ਼ਾ ਦੇਖ ਰਹੀ ਸੀ। ਉਹ ਕਿਤੇ-ਕਿਤੇ ਦੰਗਾਈਆਂ ਦੀ ਧਾੜ ਵਿੱਚ ਸ਼ਾਮਲ ਸੀ। ਕਈ ਵੀਡੀਓ ਵਿੱਚ ਦਿੱਲੀ ਪੁਲਿਸ ਦੇ ਜਵਾਨ ਦੰਗਾਈਆਂ ਨਾਲ ਮਿਲ ਕੇ ਲੋਕਾਂ ਨੂੰ ਡੰਡੇ ਅਤੇ ਪੱਥਰ ਮਾਰਦੇ ਦਿਖਾਈ ਦਿੱਦੇ ਹਨ। ਲੋਕਾਂ ਨੇ ਦੱਸਿਆ ਕਿ ਦੰਗਾਈਆਂ ਨੇ ਬਿਨਾਂ ਕਿਸੇ ਡਰ ਭੌਅ ਦੇ 24, 25 ਅਤੇ 26 ਫਰਵਰੀ ਨੂੰ ਤਿੰਨ ਦਿਨ ਤੱਕ ਬਹੁਤ ਹੀ ਤਸੱਲੀ ਨਾਲ ਲੁੱਟ-ਮਾਰ ਕੀਤੀ। ਬਹੁਤੀਆਂ ਦੁਕਾਨਾਂ ਨੂੰ ਲੁੱਟਣ ਤੋਂ ਬਾਅਦ ਅੱਗ ਲਾ ਦਿੱਤੀ ਗਈ। ਦੁਕਾਨਾਂ ਦਾ ਸਮਾਨ ਬੇਕਾਰ ਹੋ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਹਰ ਇੱਕ ਦੁਕਾਨ ਤੋਂ ਲੱਗਭਗ ਦਸ ਤੋਂ ਪੰਦਰਾਂ ਲੱਖ ਰੁਪਏ ਦਾ ਸਮਾਨ ਲੁੱਟਿਆ ਗਿਆ ਜਾਂ ਅੱਗ ਦੀ ਭੇਂਟ ਚੜ੍ਹਾਕੇ ਨਸ਼ਟ ਕਰ ਦਿੱਤਾ ਗਿਆ। ਗਰਮੀ ਨਾਲ ਬਹੁਤੀਆਂ ਦੁਕਾਨਾਂ ਦੀ ਕੰਧਾਂ ਬੇਕਾਰ ਹੋ ਗਈਆਂ ਹਨ ਅਤੇ ਛੱਤਾਂ ਢਹਿ ਗਈਆਂ ਹਨ।
ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਤਿੰਨ ਦਿਨਾਂ ਤੱਕ ਹਿੰਸਕ ਦੰਗਾਈ ਤਾਂਡਵ ਨਾਚ ਨਚਦੇ ਰਹੇ ਪਰ ਦਿੱਲੀ ਪੁਲਿਸ ਨੇ ਕੋਈ ਹਰਕਤ ਨਾ ਕੀਤੀ। ਅਤੇ ਉਲਟਾ ਦੰਗਾਈਆਂ ਦੀ ਹੀ ਮੱਦਦ ਕੀਤੀ। ਬਜ਼ਾਰ ਵਿੱਚ ਕੁੱਝ ਲੋਕਾਂ ਨੇ ਦੱਸਿਆ ਕਿ ਦੰਗਿਆਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਸ਼ਿਵ ਵਿਹਾਰ ਕਲੋਨੀ ਦੇ ਲੱਗਭਗ ਇੱਕ ਹਜ਼ਾਰ ਲੋਕ ਜਿੰਨ੍ਹਾਂ ਵਿੱਚ ਔਰਤਾਂ, ਮਰਦ ਅਤੇ ਬੱਚੇ ਸ਼ਾਮਲ ਹਨ, ਨੇ ਮੁਸਤਫਾਬਾਦ ਦੇ ਈਦਗਾਹ ਕੈਂਪ ਵਿੱਚ ਸ਼ਰਨ ਲਈ ਹੋਈ ਹੈ। ਹੁਣ ਅਸੀਂ ਮੁਸਤਫਾਬਾਦ ਕੈਂਪ ਵੱਲ ਸੜਕ ਦੇ ਕਿਨਾਰੇ-ਕਿਨਾਰੇ ਅੱਗੇ ਗਏ। ਥੋੜੀ ਦੇਰ ਚੱਲਣ ਤੋਂ ਬਾਅਦ ਦੇਖਿਆ ਕਿ ਕਲੋਨੀ ਵਿੱਚ ਇੱਕ ਤਿੰਨ-ਮੰਜਲਾ ਇਮਾਰਤ ਦਾ ਜਿੰਦਰਾ ਤੋੜ ਕੇ ਉਸਨੂੰ  ਅੰਦਰੋ ਸਾੜ ਦਿੱਤਾ ਗਿਆ ਸੀ। ਆਸ-ਪਾਸ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਇਹ ਮਕਾਨ ਇੱਕ ਮੁਸਲਿਮ ਪਰਿਵਾਰ ਦਾ ਹੈ। ਉਹਨਾਂ ਨੇ ਦੱਸਿਆ ਕਿ ਘਰ ਦੇ ਮਾਲਕ ਡਰਦੇ ਮਾਰੇ ਘਰ ਛੱਡ ਕੇ ਚਲੇ ਗਏ ਹਨ। ਅਸੀਂ ਉੱਥੋਂ ਸਿੱਧੇ ਈਦਗਾਹ ਗਏ। ਅਸੀਂ ਦੇਖਿਆ ਕਿ ਇੱਕ ਹਜਾਰ ਤੋਂ ਵਧੇਰੇ ਮਰਦ, ਔਰਤਾਂ ਅਤੇ ਬੱਚੇ ਉੱਥੇ ਮੌਜੂਦ ਸਨ। ਲੋਕਾਂ ਨੇ ਦੱਸਿਆ ਕਿ ਇਹ ਕੈਂਪ ਦਿੱਲੀ ਵਕਫ਼ ਬੋਰਡ ਵੱਲੋਂ ਲਾਇਆ ਗਿਆ ਹੈ।
ਦਿੱਲੀ ਸਰਕਾਰ ਦੀ ਤਰਫੋ਼ ਓਖਲਾ ਵਿਧਾਨ ਸਭਾ ਦੇ ਵਿਧਾਇਕ ਅਮਾਨਤ ਉਲਾ ਖਾਨ ਉੱਥੇ ਪਹੁੰਚੇ ਹੋਏ ਸੀ। ਡਾਕਟਰ ਐਸੋਸੀਏਸ਼ਨ ਅਤੇ ਕੁੱਝ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਕਈ ਡਾਕਟਰ ਜ਼ਖਮੀਆਂ ਅਤੇ ਬਿਮਾਰ ਲੋਕਾਂ ਦਾ ਇਲਾਜ ਕਰ ਰਹੇ ਸਨ। ਕੈਂਪ ਵਿੱਚ ਹਿੰਸਕ ਦੰਗਾਈਆਂ ਵੱਲੋਂ ਮਾਰੇ-ਕੁੱਟੇ,ਜ਼ਖਮੀ ਕੀਤੇ ਲੋਕ ਮੌਜੂਦ ਸਨ। ਅਸੀਂ ਇੱਕ ਵਿਅਕਤੀ ਨੂੰ ਮਿਲੇ ਜਿਸ ਦੇ ਸਿਰ ’ਤੇ ਸੱਟ ਵੱਜੀ ਹੋਈ ਸੀ ਅਤੇ ਸ਼ਿਵ ਵਿਹਾਰ ਕਲੋਨੀ ਦਾ ਰਹਿਣ ਵਾਲਾ ਸੀ। ਪੁੱਛਣ ’ਤੇ ਉਹਨੇ ਦੱਸਿਆ ਕਿ ਕੈਂਪ ਵਿੱਚ ਮੌਜੂਦ ਵਧੇਰੇ ਲੋਕ 24 ਫਰਵਰੀ ਨੂੰ ਹਿੰਸਾ ਭੜਕਣ ਕਾਰਨ ਘਰ ਛੱਡ ਚੁੱਕੇ ਸਨ ਅਤੇ ਬਹੁਤੇ ਲੋਕ ਅਜੇ ਵੀ ਉੱਥੇ ਮੌਜੂਦ ਸਨ। ਉਹਨਾਂ ਨੇ ਦੱਸਿਆ ਕਿ ਉਹ ਕਲੋਨੀ ਵਿੱਚ ਕੰਮ ਕਰਦੇ ਹਨ। ਘਰਵਾਲੀ ਦੇ ਫੋਨ ਕਰਨ ’ਤੇ ਕੰਮ ਵਾਲੀ ਥਾਂ ਤੋਂ ਭੱਜ-ਭੱਜ ਕੇ `ਤੇ ਲੁਕ ਛਿਪ ਕੇ ਕਿਸੇ ਤਰ੍ਹਾਂ ਘਰ ਪਹੁੰਚੇ। ਸ਼ਾਮ ਨੂੰ ਬਹੁਤ ਵੱਡੀ ਧਾੜ ਹੱਥਾ ਵਿੱਚ ਪੱਥਰ, ਪਿਸਤੌਲ, ਤਲਵਾਰ ਆਦਿਕ ਲੈ ਕੇ ਜੈ ਸ੍ਰੀਰਾਮ ਦੇ ਨਾਹਰੇ ਲਾਉਂਦੇ ਹੋਈ ਬਸਤੀ ਵੱਲ ਆ ਰਹੀ ਸੀ। ਫਯੀਮ ਨੇ ਦੱਸਿਆ ਕਿ ਉਹ ਆਪਣੇ ਤਿੰਨ ਬੱਚੇ ਅਤੇ ਘਰ ਵਾਲੀ ਨੂੰ ਨਾਲ ਲੈ ਕੇ ਹਨੇਰੇ ਦੀ ਆੜ ਹੇਠ ਕਲੋਨੀ ਵਿੱਚੋਂ ਬਾਹਰ ਨਿਕਲੇ। ਸਾਡੇ ਅੱਗੇ ਪਿੱਛੇ ਹੋਰ ਵੀ ਦੰਗਾਈ ਲੋਕ ਸਾਡੇ ਉੱਤੇ ਪੱਥਰਾਂ ਦਾ ਮੀਂਹ ਵਰ੍ਹਾ ਰਹੇ ਸਨ। ਅਸੀਂ ਡਰਦੇ ਮਾਰੇ ਥਰ-ਥਰ ਕੰਬ ਰਹੇ ਸੀ। ਉਸੇ ਵੇਲੇ ਇੱਕ ਵੱਡਾ ਸਾਰਾ ਪੱਥਰ ਮੇਰੇ ਸਿਰ ’ਤੇ ਵੱਜਿਆ ਅਤੇ ਮੈਂ ਜਖਮੀ ਹੋ ਕੇ ਡਿੱਗ ਪਿਆ। ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਅਸੀਂ ਉੱਥੋਂ ਭੱਜ ਨਿਕਲੇ।
 ਮੁਹੰਮਦ ਆਮਿਰ ਜਿਸ ਦੇ ਦੋਵੇਂ ਹੱਥਾਂ ਅਤੇ ਪੈਰ ਤੇ ਪਲੱਸਤਰ ਲੱਗਿਆ ਹੋਇਆ ਸੀ, ਨੇ ਦੱਸਿਆ ਕਿ 24 ਫਰਵਰੀ ਦੁਪਹਿਰ ਤਿੰਨ ਵਜੇ ਇਸਤਮਾ (ਦੁਆ) ਕਰਕੇ ਆ ਰਹੇ ਸੀ ਕਿ ਦੰਗਾਈਆਂ ਦੀ ਧਾੜ ਨੇ ਉਹਨਾਂ ਨੂੰ ਉਸਮਾਲਪੁਰ ਦੇ ਪੰਜਵੇਂ ਪੁਲ ਦੇ ਕੋਲ ਟੈਂਪੂ ਤੋਂ ਉਤਾਰ ਕੇ ਘੇਰ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ।
ਕੈਂਪ `ਚ ਮੌਜੂਦ ਕਈ ਲੋਕਾਂ ਨੇ ਦੱਸਿਆ ਕਿ ਧਾੜ ਹਿੰਦੂ-ਬਹੁਲ ਪਿੰਡ ਅਤੇ ਕਲੋਨੀਆਂ ਤੋਂ ਆਈ ਸੀ। ਸ਼ਿਵ ਵਿਹਾਰ, ਗੋਕਲਪੁਰੀ, ਗੰਗਾ ਵਿਹਾਰ, ਬ੍ਰਿਜਪੁਰੀ, ਭਗੀਰਥੀ ਵਿਹਾਰ, ਚਾਂਦ ਬਾਗ, ਖਜੂਰੀ ਬਾਗ਼ ਦੇ ਬੀਚੋ-ਬੀਚ ਇੱਕ ਗੰਦਾ ਨਾਲਾ ਵਹਿੰਦਾ ਹੈ। ਨਾਲੇ ਦੇ ਦੋਨੋਂ ਪਾਸੇ ਸੰਘਣੀ ਆਬਾਦੀ ਵਾਲ਼ੀਆਂ ਕਲੋਨੀਆਂ ਹਨ। ਦੰਗਾਈਆਂ ਨੇ ਸੜਕਾਂ ਦੇ ਮੋੜਾਂ ’ਤੇ ਅਤੇ ਨਾਲੇ  ਉਪਰ ਬਣੀਆਂ ਪੁਲੀਆਂ ਨੂੰ ਘੇਰਿਆ ਹੋਇਆ ਸੀ। ਗੰਗਾ ਵਿਹਾਰ ਜਿਥੇ ਦੂਹਰਾ ਪੁਲ ਹੈ ਰਾਹੀਂ ਬਹੁਤ ਲੋਕ ਬਚਕੇ ਨਿਕਲ ਕੇ ਆ ਰਹੇ ਸਨ। ਦੰਗਾਈ ਲੋਕਾਂ ਦੇ ਨਾਂ ਪੁੱਛਦੇ ਅਤੇ ਮੁਸਲਿਮ ਹੋਣ ਤੇ ਬੇਰਹਿਮੀ ਨਾਲ ਕੁੱਟਦੇ ਅਤੇ ਨਾਲੇ ਵਿੱਚ ਸੁੱਟ ਦਿੰਦੇ। ਫਿਰਕੂ ਹਿੰਸਾ ਦੇ ਕਈ ਦਿਨਾਂ ਬਾਅਦ ਨਾਲੇ ਵਿੱਚੋਂ ਲਾਸ਼ਾਂ ਅਤੇ ਮੋਟਰ ਸਾਈਕਲ ਕੱਢੇ ਗਏ। ਭਗੀਰਥੀ ਵਿਹਾਰ ਦੇ ਨਾਲੇ ਵਿੱਚੋਂ ਉਸੇ ਦਿਨ ਲੱਗਭਗ 60 ਮੋਟਰ ਸਾਈਕਲ ਬਰਾਮਦ ਹੋਏ। ਐਨੇ ਦਿਨਾਂ ਤੋਂ ਬਾਅਦ ਵੀ ਇਹ ਸੰਖਿਆ ਦੱਸਦੀ ਹੈ ਕਿ ਹਿੰਸਾ ਕਿੰਨੇ ਵੱਡੇ ਪੱਧਰ ਤੇ ਹੋਈ ਹੈ।
ਲੋਕਾਂ ਨੇ ਦੱਸਿਆ ਕਿ ਦੰਗਾਈ ਹੱਥਾਂ ਵਿੱਚ ਡੰਡਾ, ਲੋਹੇ ਦੀ ਲੱਠ, ਪਿਸਤੌਲ, ਕੱਟ੍ਹਾ, ਬੰਦੂਕ ਲਹਿਰਾ ਰਹੇ ਸੀ। ਕਈਆਂ ਨੇ ਸ਼ਟਰ ਦਾ ਜਿੰਦਰਾ ਤੋੜਨ ਵਾਲੇ ਸੰਦ ਵੀ ਫੜ੍ਹ ਰੱਖੇ ਸਨ। ਅਸੀਂ ਈਦਗਾਹ ਕੈਂਪ ਵਿੱਚ ਔਰਤਾਂ ਨੂੰ ਮਿਲਣ ਦਾ ਯਤਨ ਕੀਤਾ ਪ੍ਰੰਤੂ ਉੱਥੇ ਹਾਜ਼ਰ ਵਲੰਟੀਅਰਾਂ ਨੇ ਸਾਨੂੰ ਔਰਤਾਂ ਨੂੰ ਮਿਲਣ ਨਾ ਦਿੱਤਾ। ਟੀਮ ਦੀਆਂ ਮਹਿਲਾ ਮੈਂਬਰਾਂ ਨੇ ਜਿਵੇਂ-ਕਿਵੇਂ ਔਰਤਾਂ ਨਾਲ ਸੰਪਰਕ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਵਧੇਰੇ ਔਰਤਾਂ ਅਤੇ ਛੋਟੀਆਂ ਬੱਚੀਆਂ ਮਾਨਸਿਕ ਰੋਗ (ਡਿਪਰੈਸ਼ਨ) ਦੀਆਂ ਸ਼ਿਕਾਰ ਹੋ ਰਹੀਆਂ ਸਨ। ਔਰਤਾਂ ਨੇ ਦੱਸਿਆ ਕਿ ਦੰਗਾਕਾਰੀਆਂ ਨੇ ਦੰਗਿਆਂ ਦੌਰਾਨ ਸ਼ਿਵ ਵਿਹਾਰ ਦੀ 13 ਸਾਲਾਂ ਦੀ ਨਾਬਾਲਗ ਬੱਚੀ ਨਾਲ ਕੁਕਰਮ ਕਰਕੇ ਉਸਦਾ ਗਲ ਵੱਢ ਦਿੱਤਾ। ਉਸ ਦੇ ਪਿਓ ਨੇ ਬੱਚੀ ਨੂੰ ਬਚਾਉਣ ਦੀ ਕੋਸ਼ਿਸ ਕਰਨ ’ਤੇ ਉਸ ਤੇ ਤੇਜ਼ਾਬ ਪਾ ਕੇ ਸਾੜ ਦਿੱਤਾ ਗਿਆ। ਉਹ ਅਜੇ ਹਸਪਤਾਲ ਵਿੱਚ ਦਾਖਲ ਹੈ। ਦੰਗਾਈਆਂ ਨੇ ਘਰਾਂ ਵਿੱਚ ਵੜ੍ਹ ਕੇ ਔਰਤਾਂ ਨਾਲ ਛੇੜ-ਛਾੜ ਅਤੇ ਕੁਕਰਮ ਕੀਤੇ ਅਤੇ ਕਈ ਔਰਤਾਂ ਦੇ ਨਿੱਜੀ ਅੰਗ ਕੱਟ ਦਿੱਤੇ। ਛੋਟੇ-ਛੋਟੇ ਬੱਚਿਆਂ ਦੇ ਹੱਥ-ਪੈਰ ਤੱਕ ਤੋੜ ਦਿੱਤੇ ਗਏ। ਕੈਂਪ ਦੀਆਂ ਔਰਤਾਂ ਦੇ ਦੱਸਣ ਅਨੁਸਾਰ ਔਰਤਾਂ ਨਾਲ ਛੇੜ-ਛਾੜ ਅਤੇ ਕੁਕਰਮ ਦੀਆਂ ਬਹੁਤੀਆਂ ਘਟਨਾਵਾ ਮੁਕੰਦ ਵਿਹਾਰ ਅਤੇ ਸ਼ਿਵ ਵਿਹਾਰ ਵਿੱਚ ਹੋਈਆਂ। ਈਦਗਾਹ ਤੋਂ ਅਸੀਂ ਬ੍ਰਿਜਪੁਰੀ ਪੁਲ ਪਹੁੰਚੇ। ਬ੍ਰਿਜਪੁਰੀ ਪੁਲ ਸੀਸੀਏ ਅਤੇ ਨਾਗਰਿਕਤਾ ਹੱਕਾਂ ਨੂੰ ਖੋਹਣ ਵਿਰੋਧੀ ਹੋਰ ਕਾਨੂੰਨਾਂ ਦੇ ਖਿਲਾਫ ਰੋਸ ਧਰਨਾ ਚੱਲ ਰਿਹਾ ਸੀ ਜਿਸ ਨੂੰ ਦੰਗਾਈਆਂ ਨੇ 24 ਫਰਵਰੀ ਨੂੰ ਬੰਦ ਕਰਵਾ ਦਿੱਤਾ ਸੀ।
ਇੱਥੇ ਇੱਕ ਮਸਜਿਦ ਹੈ। ਦੰਗਾਈਆੰ ਦੀ ਧਾੜ ਨੇ ਅਨੇਕਾਂ ਦੁਕਾਨਾਂ ਅਤੇ ਮਕਾਨਾਂ ਨੂੰ ਸਾੜਨ ਤੋਂ ਬਾਅਦ ਮਸਜਿਦ ਨੂੰ ਵੀ ਅੱਗ ਲਾ ਦਿੱਤੀ। ਮਸਜਿਦ ਵਿੱਚ ਇੱਕ ਮਦਰੱਸਾ ਚੱਲ ਰਿਹਾ ਸੀ। ਲੋਕਾਂ ਨੇ ਦੱਸਿਆ ਕਿ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੋਜਿਸ ਸਹਿਤ ਅੱਠ ਲੋਕ ਮਾਰੇ ਗਏ। ਮਸਜਿਦ ਦੇ ਨਾਲ ਲੱਗਦਾ ਇੱਕ ਪ੍ਰਾਈਵੇਟ ਸਕੂਲ ਵੀ ਸੀ, ਉਸ ਨੂੰ ਵੀ ਸਾੜ ਦਿੱਤਾ ਗਿਆ। ਪਤਾ ਲੱਗਿਆ ਹੈ ਕਿ ਸਕੂਲ ਦਾ ਮਾਲਕ ਇੱਕ ਹਿੰਦੂ ਸੀ ਪ੍ਰੰਤੂ ਕਾਂਗਰਸ ਪਾਰਟੀ ਦਾ ਸਾਬਕਾ ਵਿਧਾਇਕ ਹੋਣ ਕਾਰਨ ਉਸ ਦੇ ਸਕੂਲ ਨੂੰ ਸਾੜਿਆ ਗਿਆ। ਸਕੂਲ ਦੇ ਕੋਲ ਇੱਕ ਚਾਰ ਮੰਜਲਾ ਜੁੱਤੀਆਂ ਦਾ ਸ਼ੋਅ-ਰੂਮ ਸੀ, ਉਸਨੂੰ ਪਹਿਲਾਂ ਬੁਰੀ ਤਰ੍ਹਾਂ ਲੁੱਟਿਆ ਗਿਆ ਅਤੇ ਬਾਅਦ ਵਿੱਚ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਸ਼ੋਅ ਰੂਮ ਦੇ ਮਾਲਕ ਦਾਨਿਸ਼ ਖਾਨ ਨੇ ਦੱਸਿਆ ਕਿ ਇੱਕ ਕਰੋੜ ਤੋਂ ਉੱਤੇ ਦਾ ਨੁਕਸਾਨ ਹੋਇਆ ਹੈ। ਲੁੱਟਣ ਵਾਲਿਆਂ ਦੇ ਸੰਬੰਧ ਚ ਪੁੱਛਣ ’ਤੇ ਉਸ ਨੇ ਨੇੜੇ ਦੀ ਕਲੋਨੀ ਤਰਫ਼ ਇਸ਼ਾਰਾ ਕਰਦੇ ਹੋਏ ਦੱਸਿਆ ਕਿ ਜੇ ਪੁਲਿਸ ਛਾਣ-ਬੀਣ ਕਰੇ ਤਾਂ ਮੈਨੂੰ ਯਕੀਨ ਹੈ ਕਿ ਬਹੁਤ ਸਾਰਾ ਮਾਲ ਬਰਾਮਦ ਹੋ ਸਕਦਾ ਹੈ। ਸ਼ਾਮ ਦੇ ਸਮੇਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਉੱਥੇ ਹਾਜ਼ਰੀ ਲਵਾਉਣ ਆਏ ਸਨ।
ਅਗਲੇ ਦਿਨ 5 ਮਾਰਚ ਅਸੀਂ ਭਜਨਪੁਰਾ ਚੌਂਕ ’ਤੇ ਇੱਕਠੇ ਹੋਏ। ਭਜਨਪੁਰਾ, ਨੰਦ ਨਗਰੀ ਮੁੱਖ ਰੋਡ ’ਤੇ ਇੱਕ ਪਾਸੇ ਭਜਨਪੁਰਾ ਹੈ ਅਤੇ ਦੂਜੇ ਪਾਸੇ ਚਾਂਦ ਬਾਗ ਹੈ। ਇੱਥੇ ਵੀ ਲੰਮੇ ਸਮੇਂ ਤੋਂ ਸੀਏਏ ਦੇ ਖਿਲਾਫ ਰੋਸ ਧਰਨਾ ਚੱਲ ਰਿਹਾ ਸੀ। ਅਸੀਂ ਪਹਿਲਾਂ ਫੂਕੇ ਹੋਏ ਪੈਟਰੋਲ ਪੰਪ ’ਤੇ ਗਏ। ਉੱਥੇ ਸਾਡੀ ਅਮੀਨ ਭਾਈ ਨਾਲ ਮੁਲਾਕਾਤ ਹੋਈ। ਪੈਟਰੋਲ ਪੰਪ ਦੇ ਨਾਲ ਹੀ ਉਹਨਾਂ ਦਾ ਬੈਟਰੀ ਨਾਲ ਚੱਲਣ ਵਾਲੇ ਈ ਰਿਕਸ਼ਾ ਦੀ ਖਰੀਦੋ-ਫਰੋਖਤ ਅਤੇ ਸਰਵਿਸਿੰਗ ਦਾ ਕੰਮ-ਧੰਦਾ ਹੈ। ਅਮੀਨ ਭਾਈ 24 ਫਰਵਰੀ ਦੀ ਘਟਨਾ ਦੇ ਚਸ਼ਮਦੀਦ ਗਵਾਹ ਹਨ। ਉਹਨਾਂ ਨੇ ਦੱਸਿਆ ਕਿ 23 ਫਰਵਰੀ ਨੂੰ ਭੀਮ ਆਰਮੀ ਦੇ ਚੰਦਰ ਸ਼ੇਖਰ ਅਜ਼ਾਦ ਦੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਵਿੱਚ ਸੀਏਏ ਦੇ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਦਿਨ ਦਿਹਾੜੇ ਥੋੜ੍ਹੇ ਸਮੇਂ ਲਈ ਰਸਤਾ ਬੰਦ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਖੋਲ੍ਹ ਦਿੱਤਾ ਸੀ। ਅਗਲੇ ਦਿਨ 24 ਫਰਵਰੀ ਨੂੰ ਸੁਭਾ 200 ਤੋਂ ਵੱਧ ਅਨਸਰਾਂ ਦੀ ਧਾੜ ਧਰਨੇ ਵਾਲੀ ਥਾਂ ’ਤੇ ਆਈ। ਧਰਨਾ ਸਰਵਿਸ ਲੇਨ ’ਤੇ ਚੱਲ ਰਿਹਾ ਸੀ। ਟੈ੍ਰਫਿਕ ਦੀ ਕੋਈ ਸਮੱਸਿਆ ਨਹੀਂ ਸੀ। ਭੜਕੀ ਹੋਈ ਧਾੜ ਧਰਨਾ ਚੁੱਕਣ ਲਈ ਰੌਲਾ ਪਾਉਣ ਲੱਗੀ। ਥੋੜੀ ਜਿਹੀ ਤੂੰ-ਤੂੰ, ਮੈਂ ਮੈਂ ਤੋਂ ਬਾਅਦ ਧਾੜ ਵਾਪਸ ਚਲ ਗਈ। ਉਸ ਤੋਂ ਕੁੱਝ ਸਮੇਂ ਬਾਅਦ ਦਿੱਲੀ ਪੁਲਿਸ ਦੇ ਸਿਪਾਹੀ ਧਰਨੇ ਵਾਲੀ ਥਾਂ ’ਤੇ ਪਹੁੰਚੇ। ਪੁਲਿਸ ਵਾਲੇ ਵੀ ਸੀਏਏ ਖਿਲਾਫ ਲੱਗੇ ਧਰਨੇ ਨੂੰ ਚੁੱਕਣ ਲਈ ਜ਼ੋਰ ਪਾਉਣ ਲੱਗੇ। ਧਰਨਾਕਾਰੀਆਂ ਅਤੇ ਦਿੱਲੀ ਪੁਲਿਸ ਵਿੱਚ ਝੜਪ ਹੋਣ ਲੱਗੀ। ‘ਹਿੰਦੂਆਂ’ ਦੀ ਧਾੜ ਵਾਲੇ ਪਾਸਿਓਂ ਰੋੜੇ ਚੱਲਣ ਲੱਗ ਪਏ। ਧਾੜ ਨੇ ਪ੍ਰਦਰਸ਼ਨਕਾਰੀਆਂ ਉੱਤੇ ਇਟਾਂ- ਰੋੜਿਆਂ ਦਾ ਹਮਲਾ ਕਰ ਦਿੱਤਾ। ਆਪਣੇ ਬਚਾਅ ਵਿੱਚ ਪ੍ਰਦਰਸ਼ਨਕਾਰੀਆਂ ਨੇ ਵੀ ਪਥਰਾਓ ਕੀਤਾ। ‘ਹਿੰਦੂਆਂ’ ਦੀ ਇੱਕ ਭੀੜ ਮੁੱਖ ਸੜਕ ’ਤੇ ਪੈਂਦੇ ਮੋਹਨ ਹਸਪਤਾਲ ਦੀ ਛੱਤ ’ਤੇ ਚੜ੍ਹ ਗਈ ਅਤੇ ਉੱਥੋਂ ਧਰਨਾਕਾਰੀਆਂ ਉੱਤੇ ਪਿਸਤੌਲ ਅਤੇ ਬੰਦੂਕ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਕਈ ਪ੍ਰਦਰਸ਼ਨਕਾਰੀ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ ਅਤੇ ਇਸ ਦੌਰਾਨ ਤਿੰਨ ਪੁਲਿਸ ਵਾਲੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ ਰਤਨ ਲਾਲ ਦੀ ਮੌਤ ਹੋ ਗਈ। ਇਸ ਤੋਂ ਬਾਅਦ ਭਜਨਪੁਰਾ ਤੋਂ ਆਈ ‘ਹਿੰਦੂ’ ਦੰਗਾਕਾਰੀਆਂ ਦੀ ਧਾੜ ਨੂੰ ਨੰਗਾ ਨਾਚ ਕਰਨ ਦੀ ਪੂਰੀ ਖੁੱਲ੍ਹ ਮਿਲ ਗਈ ਅਤੇ ਪੁਲਿਸ ਦਾ ਸਾਥ ਵੀ ਮਿਲ ਗਿਆ।
ਅਮੀਨ ਭਾਈ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਘਰਾਂ ਅਤੇ ਦੁਕਾਨਾਂ ਨੂੰ ਲੁੱਟ ਕੇ ਅੱਗ ਲਾ ਦਿੱਤੀ ਗਈ। ਰਈਸ ਦੇ ਸ਼ੋਅ ਰੂਮ ਵਿੱਚ ਬਹੁਤ ਸਾਰੇ ਨਵੇਂ ਪੁਰਾਣੇ ਈ ਰਿਕਸ਼ਾ ਖੜ੍ਹੇ ਸਨ ਅਤੇ ਇਸ ਦੇ ਨਾਲ ਹੀ ਦਰਜਨਾਂ ਨਵੀਆਂ ਬੈਟਰੀਆਂ, ਕੀਮਤੀ ਸਮਾਨ ਅਤੇ ਨਗਦੀ ਪਈ ਸੀ। ਅਮੀਨ ਆਪਣੀ ਦੁਕਾਨ ਨੂੰ ਜਿੰਦਰਾ ਲਾ ਕੇ ਆਪਣੇ ਕਾਮਿਆਂ ਸਮੇਤ ਚਾਂਦ ਬਾਗ ਵੱਲ ਚਲਾ ਗਿਆ। ਦੰਗਾਕਾਰੀਆਂ ਨੇ ਉਸ ਦੀ ਦੁਕਾਨ ਦਾ ਜਿੰਦਰਾ ਤੋੜ ਕੇ ਬੈਟਰੀ, ਲਾਕਰ, ਟਾਇਰ, ਰਿੰਮ ਵਗੈਰਾ ਕੀਮਤੀ ਸਮਾਨ ਲੁੱਟ ਲਿਆ ਅਤੇ ਬਾਅਦ ਵਿੱਚ ਪੂਰੀ ਦੁਕਾਨ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਸੱਠ ਤੋਂ ਸੱਤਰ ਲੱਖ ਦਾ ਨੁਕਸਾਨ ਹੋਇਆ ਹੈ। ਅੱਗ ਐਨੀ ਭਿਆਨਕ ਫੈਲੀ ਕਿ ਪੈਟਰੋਲ ਪੰਪ ਵੀ ਧੂੰ-ਧੂੰ ਕਰਕੇ ਮੱਚਣ ਲੱਗ ਪਿਆ। ਦੰਗਾਕਾਰੀਆਂ ਨੇ ਕੋਚਿੰਗ ਇੰਸਟੀਚਿਊਟ ਨੂੰ ਵੀ ਸਾੜ ਦਿੱਤਾ। ਸਾਡੀ ਟੀਮ ਉਥੋਂ ਭਜਨਪੁਰਾ ਪਿੰਡ ਵਿੱਚ ਗਈ। ਇੱਕ ਛੋਟੇ ਜਿਹੇ ਪਾਰਕ ਵਿੱਚ ਕੁੱਝ ਲੋਕ ਇਕੱਠੇ ਬੈਠੇ ਹੋਏ ਸਨ। ਅਸੀਂ ਚਾਰ ਪੰਜ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਦੰਗਿਆਂ ਦਾ ਕਾਰਨ ਪੁੱਛਣ ’ਤੇ ਉਹਨਾਂ ਨੇ ਬੜੇ ਜ਼ੋਰ ਨਾਲ ਦੱਸਿਆ ਕਿ ਮੁਸਲਮਾਨ ਸੀਏਏ ਦਾ ਵਿਰੋਧ ਕਰ ਰਹੇ ਹਨ। ਇਸ ਲਈ ਦੰਗਾ ਹੋ ਰਿਹਾ। ਦਿਨੇਸ਼ ਪਾਠਕ ਅਤੇ ਉਸ ਦੇ ਨਾਲ ਖੜੇ ਇੱਕ ਹੋਰ ਸਖਸ਼ ਨੇ ਕਿਹਾ ਕਿ ਦੇਸ਼ ਵਿੱਚ 130 ਕਰੋੜ ਲੋਕ ਰਹਿੰਦੇ ਹਨ ਜਦੋਂ ਕਿ 115 ਕਰੋੜ ਲੋਕ ਸੀਏਏ ਨੂੰ ਸਮਰਥਨ ਦੇ ਰਹੇ ਨੇ ਤਾਂ 15 ਕਰੋੜ ਲੋਕ ਕਿਉਂ ਵਿਰੋਧ ਕਰ ਰਹੇ ਨੇ। ਵਿਰੋਧ ਕਰਨਾ ਹੀ ਹੈ ਤਾਂ ਸ਼ਾਂਤੀ ਪੂਰਵਕ ਕਰਨ। ਸੜਕ ਨੂੰ ਜਾਮ ਕਰਦੇ ਹਨ। ਪਿੰਡ ਦਾ ਇੱਕ ਵਕੀਲ ਵੀ ਮਿਲਿਆ। ਉਸ ਨੇ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ।
ਲੋਕਾਂ ਨੇ ਦੱਸਿਆ ਕਿ ਭਜਨਪੁਰਾ ਪਿੰਡ ਵਿੱਚ ਇੱਕ ਵੀ ਮੁਸਲਮਾਨ ਨਹੀਂ ਹੈ। ਬਜ਼ਾਰ ਵਿੱਚ ਅੱਠ-ਦਸ ਮੁਸਲਮਾਨ ਕਿਰਾਏ ’ਤੇ ਦੁਕਾਨਾਂ ਲੈ ਕੇ ਕੰਮ ਕਰਦੇ ਸਨ। ਇੱਥੇ ਦੁਕਾਨਾਂ ਅਤੇ ਮਕਾਨ ਹਿੰਦੂਆਂ ਦੇ ਹਨ। ਇਸ ਲਈ ਦੰਗਾਕਾਰੀਆਂ ਨੇ ਦੁਕਾਨਾਂ ਦਾ ਕੀਮਤੀ ਸਮਾਨ ਲੁੱਟ ਲਿਆ ਅਤੇ ਸਮਾਨ ਨੂੰ ਸੜਕ ’ਤੇ ਰੱਖ ਕੇ ਅਗਨੀ ਭੇਂਟ ਕਰ ਦਿੱਤਾ। ਭਜਨਪੁਰਾ ਤੋਂ ਨਿਕਲ ਕੇ ਅਸੀਂ ਚਾਂਦ ਬਾਗ, ਖਜੂਰੀ ਖਾਸ ਦੇ ਵੱਲ ਚੱਲ ਪਏ। ਕੋਨੇ ਉੱਪਰ ਹੀ ਮੁਸਲਮਾਨ ਭਾਈਚਾਰੇ ਦੀਆਂ ਕਈ ਫਲਾਂ ਦੀਆਂ ਦੁਕਾਨਾਂ, ਰੇੜ੍ਹੀਆਂ ਅਤੇ ਹੋਟਲਾਂ ਨੂੰ ਸਾੜਿਆ ਗਿਆ ਸੀ। ਅੱਗੇ ਅਸੀਂ ਸ਼ੇਰ ਬਾਗ ਪੁਲ ’ਤੇ ਪਹੁੰਚ ਗਏ। ਇੱਥੇ ਹੀ ਨਾਲੇ ਵਿੱਚੋਂ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੀ ਲਾਸ਼ ਮਿਲੀ ਸੀ। ਨਾਲੇ ਤੋਂ ਕੋਈ ਵੀਹ ਕੁ ਮਕਾਨ ਅੱਗੇ ਜਾ ਕੇ ਤਾਹੀਰ ਹੁਸੈਨ ਕੌਂਸਲਰ ਦਾ ਘਰ ਹੈ। ਤਾਹਿਰ ਹੁਸੈਨ ਦੇ ਮਕਾਨ ਅਤੇ ਨਾਲੇ ਦੇ ਵਿਚਕਾਰ ਦੋਹਾਂ ਫਿਰਕਿਆਂ ਦੀਆਂ 20 ਦੁਕਾਨਾਂ ਸਾੜੀਆਂ ਗਈਆਂ ਸਨ। ਵੱਡੀਆਂ ਦੁਕਾਨਾਂ ਵਿੱਚੋਂ ਬੇਕਰੀ, ਈ-ਰਿਕਸ਼ਾ ਸ਼ੋਅ ਰੂਮ, ਗੱਦਿਆਂ ਦੀ ਇੱਕ ਦੁਕਾਨ, ਮੈਡੀਕਲ ਨਾਲ ਲੱਗਦੇ ਵਿਨੋਦ ਭਾਈ ਦੀਆਂ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਨੂੰ ਵੀ ਸਾੜਿਆ ਫੂਕਿਆ ਗਿਆ ਸੀ ਅਤੇ 25 ਕਾਰਾਂ ਨੂੰ ਬੁਰੀ ਤਰ੍ਹਾਂ ਤੋੜਿਆ-ਭੰਨਿਆ ਗਿਆ ਸੀ।
ਬੇਕਰੀ ਦੇ ਮਾਲਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਲੋਕ ਦੰਗੇ ਕਰਾ ਰਹੇ ਹਨ। ਉਸ ਨੇ ਦੱਸਿਆ ਕਿ 24 ਅਤੇ 25 ਫਰਵਰੀ ਦੋ ਦਿਨ ਕਰਾਵਲ ਨਗਰ ਰੋਡ ਉੱਤੇ ਦੁਕਾਨਾਂ ਅਤੇ ਮਕਾਨਾਂ ਦੀ ਲੁੱਟਖਸੁੱਟ ਕੀਤੀ ਗਈ। ਰਾਜਿੰਦਰ ਦੀ ਬੇਕਰੀ ਅਤੇ ਆਈਸ ਕ੍ਰੀਮ ਦੀ ਵੱਡੀ ਦੁਕਾਨ ਸੀ। ਇੱਕ ਕਰੋੜ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ। ਇੱਥੇ ਸਾਰੀਆਂ ਦੁਕਾਨਾਂ ਦਾ ਕਈ ਕਰੋੜ ਦਾ ਨੁਕਸਾਨ ਹੋਇਆ ਹੈ।
ਪਾਰਕਿੰਗ ਵਾਲੇ ਵਿਨੋਦ ਭਾਈ ਨੇ ਦੱਸਿਆ ਕਿ 24 ਫਰਵਰੀ ਵਾਲੇ ਦਿਨ ਕੌਂਸਲਰ ਤਾਹਿਰ ਹੁਸੈਨ ਦੇ ਘਰ ਕੋਲ ਦੋਨਾਂ ਤਰਫੋਂ ਇੱਟਾਂ-ਰੋੜੇ ਚੱਲਣ ਲੱਗੇ ਜਿਹੜੇ ਦੇਰ ਸ਼ਾਮ ਤੱਕ ਚੱਲਦੇ ਰਹੇ। ਤਾਹਿਰ ਹੁਸੈਨ ਅਤੇ ਉਸ ਦਾ ਪਰਿਵਾਰ ਆਪਣੇ ਮਕਾਨ ਵਿੱਚ ਹੀ ਘਿਰਿਆ ਰਿਹਾ। ਕੁੱਝ ਦੰਗਾਕਾਰੀ ਮਕਾਨ ਦੀ ਛੱਤ ’ਤੇ ਚੜ੍ਹ ਗਏ। ਦੋਹਾਂ ਪਾਸਿਆਂ ਤੋਂ ਰੋੜਿਆਂ ਦੇ ਨਾਲ-ਨਾਲ ਬੋਤਲਾਂ ਵਿੱਚ ਪੈਟਰੋਲ ਭਰ ਕੇ ਸੁੱਟਿਆ ਜਾ ਰਿਹਾ ਸੀ। ਰਾਤ ਨੂੰ ਲੱਗਭਗ 8 ਵਜੇ ਦਿੱਲੀ ਪੁਲਿਸ ਅਤੇ ਸੀਆਰਪੀਐਫ ਦੇ ਕੁੱਝ ਜਵਾਨ ਆਏ ਅਤੇ ਧਾੜ ਤਿੱਤਰ-ਬਿੱਤਰ ਹੋ ਗਈ। ਉਸ ਵੇਲੇ ਪੁਲਿਸ ਵਾਲੇ ਤਾਹਿਰ ਹੁਸੈਨ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਚਲੇ ਗਏ। ਫਿਰ ਪੁਲਿਸ ਨਹੀਂ ਆਈ। ਹਿੰਦੂ ਦੰਗਾਕਾਰੀ ਉੱਤੋਂ ਦੀ ਪੈ ਗਏ ਅਤੇ ਉਹਨਾਂ ਨੇ ਖੂਬ ਲੁੱਟ-ਮਾਰ ਕੀਤੀ।
ਅਸੀਂ ਤਾਹਿਰ ਹੁਸੈਨ ਦੇ ਘਰ ਦੇ ਅੱਗੋ ਲੰਘੇ। ਅੱਗੇ ਖਜ਼ੂਰੀ ਖਾਸ ਦੀ ਗਲੀ ਨੰ: 4 ਅਤੇ 5 ਦੇ ਸੱਤਰ-ਅੱਸੀ ਘਰਾਂ ਵਿੱਚੋਂ ਲੁੱਟ-ਖਸੁੱਟ ਕਰਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ ਗਈ ਸੀ। ਘਰਾਂ ਦਾ ਸਮਾਨ ਪੂਰੀ ਤਰ੍ਹਾਂ ਸੜ੍ਹ ਚੁੱਕਿਆ ਸੀ। ਕੱਧਾਂ ਅਤੇ ਛੱਤਾਂ ਟੇਢੀਆਂ -ਮੇਢੀਆਂ ਹੋ ਗਈਆਂ ਸਨ। ਇੱਥੇ ਸੜ੍ਹੇ ਹੋਏ ਸਾਰੇ ਘਰ ਮੁਸਲਮਾਨਾਂ ਦੇ ਸਨ। ਚਾਰ ਨੰਬਰ ਗਲੀ ਦੇ ਸਾਹਮਣੇ ਦਸ-ਬਾਰਾਂ ਦੁਕਾਨਾਂ ਸਨ ਜਿੰਨ੍ਹਾਂ ਵਿੱਚੋਂ ਪੰਜ ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਚੁਣਕੇ ਲੁੱਟਿਆ ਅਤੇ ਸਾੜਿਆ ਗਿਆ ਸੀ। ਇੱਕ ਸੋਚਣ ਵਾਲੀ ਇਹ ਗੱਲ ਹੈ ਕਿ ਆਲੇ ਦੁਆਲੇ ਪੈਂਦੀਆਂ ਹਿੰਦੂਆਂ ਦੀਆਂ ਦੁਕਾਨਾਂ ਸੁਰੱਖਿਅਤ ਸਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੰਗਾਕਾਰੀਆਂ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਦੀ ਪਹਿਲਾਂ ਤੋਂ ਨਿਸ਼ਾਨਦੇਹੀ ਕਰ ਰੱਖੀ ਸੀ। ਇਲਾਕੇ ਦਾ ਕੋਈ ਵਾਕਫ਼ ਆਦਮੀ ਉਹਨਾਂ ਨੂੰ ਮੁਸਲਮਾਨਾਂ ਦੀਆਂ ਦੁਕਾਨਾਂ ਦੀ ਪਛਾਣ ਕਰਵਾ ਰਿਹਾ ਸੀ। ਗਲੀ ਨੰਬਰ ਚਾਰ ਵਿੱਚ ਇੱਕ ਮਸਜਿਦ ਨੂੰ ਵੀ ਸਾੜਿਆ ਗਿਆ ਸੀ। ਚੰਦੂ ਨਗਰ ਵਿੱਚ ਦੋ ਮਸਜਿਦਾਂ ਨੂੰ ਸਾੜ ਦਿੱਤਾ ਗਿਆ।
ਅੱਗੇ ਸ਼ੇਰਬਾਗ ਚੌਂਕ ਉੱਤੇ ਮੈਡੀਕਲ ਸਟੋਰ, ਰੈਡੀਮੇਡ ਕੱਪੜਿਆਂ ਦੀ ਦੁਕਾਨ, ਸ਼ੋਅ ਰੂਮ ਸਮੇਤ ਕਈ ਦੁਕਾਨਾਂ ਸਾੜੀਆਂ ਗਈਆਂ ਸਨ। ਚੌਂਕ ’ਤੇ ਇੱਕ ਰਿਕਸ਼ਾ ਵਾਲੇ ਨੇ ਦੱਸਿਆ ਕਿ ਦੰਗਿਆਂ ਦੇ ਦਿਨ ਤੋਂ ਹੀ ਉਸ ਦਾ ਲੜਕਾ ਸ਼ਾਹਜਾਦ ਲਾਪਤਾ ਹੈ। ਪੁਲਿਸ ਕੋਈ ਮੱਦਦ ਨਹੀਂ ਕਰ ਰਹੀ। ਅਸੀਂ ਅੱਗੇ ਦਿਆਲਪੁਰ ਪਿੰਡ ਪਹੁੰਚੇ। ਉੱਥੇ ਰਿਯਾਸਤ ਦੀ ਸਰੀਏ ਅਤੇ ਐਲੂਮੀਨੀਅਮ ਪਾਈਪ, ਹਾਰਡਵੇਅਰ ਦੀ ਦੁਕਾਨ ਨੂੰ ਲੁੱਟਿਆ ਗਿਆ ਸੀ। ਰਿਯਾਸਤ ਨਾਲ ਕੰਮ ਕਰਨ ਵਾਲੇ ਇੱਕ ਮਜਦੂਰ ਜੋ ਕਿ ਪਰਿਵਾਰ ਸਮੇਤ ਦੁਕਾਨ ਉੱਪਰ ਬਣੇ ਕਮਰੇ ਵਿੱਚ ਰਹਿੰਦਾ ਸੀ, ਨੂੰ ਮਾਰਨ ਲਈ ਧਾੜ ਉੱਪਰ ਚੜ੍ਹ ਗਈ। ਪ੍ਰੰਤੂ ਹਿੰਦੂ ਹੋਣ ਕਾਰਨ ਉਸ ਦੀ ਜਾਨ ਬਚ ਗਈ। ਉਸ ਦੀ ਜਾਨ ਬਚਾਉਣ ਲਈ ਨਜਦੀਕ ਸੈਨਟਰੀ ਦੁਕਾਨ ਦੇ ਮਾਲਕ ਪ੍ਰੇਮ ਪ੍ਰਸ਼ਾਦ ਨੇ ਕਾਫ਼ੀ ਹਿੰਮਤ ਕੀਤੀ। ਆਸ-ਪਾਸ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੂੰ ਸਾੜਿਆ ਗਿਆ ਸੀ। ਇਹਨਾਂ ਵਿੱਚ ਪੰਜ ਮੀਟ ਦੀਆਂ ਦੁਕਾਨਾਂ ਵੀ ਸਨ। ਇੱਥੇ ਹੋਈ ਫਿਰਕੂ ਹਿੰਸਾ, ਲੁੱਟ-ਖੋਹ, ਸਾੜ-ਫੂਕ ਅਤੇ ਕਤਲਾਂ ਦੇ ਕਾਰਨਾਂ ਬਾਰੇ ਪ੍ਰੇਮ ਪ੍ਰਸ਼ਾਦ ਨੇ ਦੱਸਿਆ ਕਿ ਮੁਸਲਮਾਨਾਂ ਵੱਲੋਂ ਸੀਏਏ ਕਾਨੂੰਨ ਦਾ ਵਿਰੋਧ ਕਰਨ ਕਰਕੇ ਹੀ ਇਹ ਦੰਗਾ ਫ਼ਸਾਦ ਹੋਇਆ ਹੈ।
ਸਾਡੀ ਟੀਮ ਚੰਦੂ ਨਗਰ, ਸ਼ਾਦਾਤਪੁਰ, ਚੌਹਾਨਪੁਰ ਅਤੇ ਆਸ ਪਾਸ ਦੀਆਂ ਕਲੋਨੀਆਂ ਵਿੱਚ ਗਈ। ਹਰ ਜਗ੍ਹਾਂ ਇੱਕੋ ਹੀ ਕਿਸਮ ਦਾ ਵਰਤਾਰਾ ਸੀ। ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਲੁੱਟਿਆ ਅਤੇ ਸਾੜਿਆ-ਫੂਕਿਆ ਗਿਆ ਸੀ। ਅਸੀਂ ਮੁਸਤਫਾਬਾਦ ਗਏ ਜਿੱਥੇ ਕਿ ਮੁਸਲਮਾਨਾਂ ਦੀ ਆਬਾਦੀ ਵਧੇਰੇ ਹੈ। ਸ਼ਿਵ ਵਿਹਾਰ ਕਲੋਨੀ ਇੱਥੋਂ ਥੋੜੀ ਦੂਰੀ ’ਤੇ ਹੈ। ਮੁਸਤਫਾਬਾਦ ਦੇ ਕੁੱਝ ਪਰਿਵਾਰਾਂ ਨੇ ਸ਼ਿਵ ਵਿਹਾਰ ਦੇ ਪੀੜਿਤਾਂ ਨੂੰ ਸ਼ਰਨ ਦਿੱਤੀ ਹੋਈ ਸੀ। ਇੱਥੇ ਕੁੱਝ ਸਮਾਜ ਸੇਵੀ ਸੰਸਥਾਵਾਂ ਅਤੇ ਗੈਰ ਸਰਕਾਰੀ ਐਨਜੀਓ ਸੰਗਠਨਾਂ ਦੀ ਮੱਦਦ ਨਾਲ ਇੱਕ ਮੈਡੀਕਲ ਅਤੇ ਰਾਹਤ ਕੈਂਪ ਲਾਇਆ ਹੋਇਆ ਸੀ। ਮੁਸਲਮਾਨ ਭਾਈਚਾਰੇ ਵਿੱਚ ਬਹੁਤ ਜਿਆਦਾ ਡਰ, ਭੈਅ, ਮਾਯੂਸੀ ਅਤੇ ਨਿਰਾਸ਼ਾ ਹੈ। ਉੱਪਰ ਜਿਹੜੀਆਂ ਘਟਨਾਵਾ ਦਾ ਜਿਕਰ ਕੀਤਾ ਗਿਆ ਹੈ, ਇਹ ਕੁੱਲ ਵਾਪਰੀਆਂ ਘਟਨਾਵਾਂ ਵਿੱਚੋਂ ਕੁੱਝ ਮੁੱਖ ਘਟਨਾਵਾਂ ਹੀ ਹਨ। ਉੱਤਰ-ਪੂਰਬੀ ਦਿੱਲੀ ਵਿੱਚ ਵਾਪਰੀ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਉੱਪਰ ਇੱਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਸੰਖੇਪ ਵਿੱਚ ਤੱਥ-ਖੋਜ ਕਮੇਟੀ ਵੱਲੋਂ ਕੱਢੇ ਗਏ ਸਿੱਟੇ ਇਸ ਪ੍ਰਕਾਰ ਹਨ:-
1.     ਇਹ ਹਿੰਸਕ ਦੰਗੇ ਸੀਏਏ ਵਿਰੋਧੀ ਧਰਨਿਆਂ ਨੂੰ ਦਬਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਭਗਵੇਂ ਗੁੰਡਿਆਂ ਵੱਲੋਂ ਯੋਜਨਾਬੰਦ ਢੰਗ ਨਾਲ ਕੀਤੀ ਗਈ ਹਿੰਸਾ ਸੀ। ਸੱਚਾਈ ਇਹ ਹੈ ਕਿ 23 ਫਰਵਰੀ ਤੋਂ ਪਹਿਲਾਂ ਸੀਏਏ ਦੇ ਖਿਲਾਫ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਚੱਲ ਰਿਹਾ ਸੀ `ਤੇ ਅੱਜ ਵੀ ਸ਼ਾਂਤੀਪੂਰਵਕ ਚੱਲ ਰਿਹਾ ਹੈ। ਜੇ ਕਿਸੇ ਨੇ ਸੀਏਏ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਦੇ ਵਿਰੁੱਧ ਨਫ਼ਰਤ ਦਾ ਵਾਤਾਵਰਨ ਤਿਆਰ ਕੀਤਾ ਅਤੇ ਹਿੰਸਾ ਕਰਨ ਲਈ ਸ੍ਰੀਰਾਮ ਦੇ ਨਾਹਰੇ ਲਾਉਣ ਵਾਲੇ ਵਹਿਸ਼ੀ ਗੁੰਡਾ ਅਨਸਰਾਂ ਨੂੰ ਉਕਸਾਇਆ ਸੀ ਤਾਂ ਉਹ ਭਾਜਪਾ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਹੋਰ ਆਗੂ ਸਨ। ਹਿੰਸਾ ਭੜਕਾਉਣ ਅਤੇ ਸ਼ਾਂਤੀਪੂਰਵਕ ਵਿਰੋਧ ਨੂੰ ਦਬਾਉਣ ਲਈ ਭਾਜਪਾ ਤੇ ਉਸਦੇ ਨੇਤਾਵਾ ਦੀ ਪ੍ਰਤੱਖ ਭੂਮਿਕਾ ਰਹੀ ਹੈ। ਦਿੱਲੀ ਚੋਣ ਦੇ ਦੌਰਾਨ ਅਮਿਤ ਸ਼ਾਹ ਤੋਂ ਲੈ ਕੇ ਪ੍ਰਵੇਸ਼ ਸਿੰਘ ਵਰਮਾ, ਅਨੁਰਾਗ ਠਾਕੁਰ ਅਤੇ ਕਪਿਲ ਮਿਸ਼ਰਾ ਜੋ ਭੜਕਾਊ ਬਿਆਨਬਾਜੀ ਕਰ ਰਹੇ ਸਨ ਉਸ ਨੇ ਫਿਰਕੂ ਨਫਰਤ ਨੂੰ ਭੜਕਾਉਣ ਦਾ ਕੰਮ ਕੀਤਾ। ਕਪਿਲ ਮਿਸ਼ਰਾ ਵੱਲੋਂ ਇੱਕ ਮੁੱਖ ਪੁਲਿਸ ਅਧਿਕਾਰੀ ਦੀ ਮੌਜੂਦਗੀ ਵਿੱਚ ਹਿੰਸਾ ਦੀ ਧਮਕੀ ਦੇਣਾ ਅਚਾਨਕ ਵਾਪਰਿਆ ਵਰਤਾਰਾ ਨਹੀਂ ਸੀ। ਦੰਗਾਕਾਰੀਆਂ ਦੀ ਧਾੜ ਵੱਲੋੰ ਜੈ ਸ੍ਰੀਰਾਮ ਦੇ ਨਾਹਰੇ ਲਾਉਣੇ ਅਤੇ ਉਹਨਾਂ ਨੂੰ ਮਿਲੀ ਪੁਲਿਸ ਸੁਰੱਖਿਆ ਅਤੇ ਬਾਅਦ ਵਿੱਚ ਦਿੱਲੀ ਹਾਈਕੋਰਟ ਵੱਲੋਂ ਭੜਕਾਊ ਬਿਆਨਬਾਜੀ ਕਰਨ ਵਾਲੇ ਭਾਜਪਾ ਨੇਤਾਵਾ ਦੀ ਗ੍ਰਿਫਤਾਰੀ ਦੇ ਹੁਕਮ ਦੇਣ ਵਾਲੇ ਜੱਜ ਮੁਰਲੀਧਰ ਦਾ ਵਲਵਲੇਵਾਂ ਪਾਕੇ ਪੰਜਾਬ, ਹਰਿਆਣਾ ਹਾਈ ਕੋਰਟ ਚੰਡੀਗੜ੍ਹ ਬਦਲਣ ਦਾ ਕੀਤਾ ਫੈਸਲਾ ਆਦਿ ਤੱਥ ਇਸ ਹਿੰਸਾ ਪਿੱਛੇ ਭਾਜਪਾ ਨੇਤਾਵਾਂ ਦੀ  ਵਿਊਂਤਬੱਧ ਢੰਗ ਨਾਲ ਕੀਤੀ ਸਾਜ਼ਿਸ ਨੂੰ ਸਪੱਸ਼ਟ ਕਰਦੇ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਆਪਣੇ ਆਪ ਵਿੱਚ ਹੋਈ ਹਿੰਸਾ ਨਹੀਂ ਸੀ ਬਲਕਿ ਯੋਜਨਾਬੱਧ ਤਰੀਕੇ ਨਾਲ ਕੀਤੀ ਹਿੰਸਾ ਸੀ।
2.    ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਫਿਰਕੂ ਹਿੰਸਾ ਦੀ ਅਖੌਤੀ ਮੁੱਖਧਾਰਾ ਦੇ ਇਲੈਕਟਰੋਨਿਕ ਅਤੇ ਪ੍ਰਿੰਟ ਮੀਡੀਆ ਨੇ ਸਹੀ ਰਿਪੋਰਟ ਤੱਥਾਂ ਸਮੇਤ ਪੇਸ਼ ਕਰਨ ਦੀ ਬਜਾਏ ਰਵਾਇਤੀ ਧਾਰਨਾਵਾਂ ਦੇ ਆਧਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਮੁਸਲਮਾਨ ਭਾਈਚਾਰੇ ਵਿਰੁੱਧ ਨਫ਼ਰਤ ਦਾ ਮਾਹੌਲ ਪੈਦਾ ਕਰਨ ਲਈ ਰਿਪੋਰਟਾਂ ਪੇਸ਼ ਸ਼ੂਕਰਨ ਸਮੇਂ ਜਾਂ ਤਾਂ ਤੱਥਾਂ ਨੂੰ ਛੁਪਾਇਆ ਤੇ ਜਾਂ ਪੀੜਿਤ ਭਾਈਚਾਰੇ ਵਿਸ਼ੇਸ ਨੂੰ ਦੋਸ਼ੀ ਗਰਦਾਨਣ ਦੀ ਕੋਸ਼ਿਸ਼ ਕੀਤੀ ਹੈ।
3.     ਇਸ ਪੂਰੇ ਘਟਨਾਕਰਮ ਵਿੱਚ ਸਥਾਨਕ ਲੋਕਾਂ ਦਾ ਕੋਈ ਬਹੁਤਾ ਹੱਥ ਨਹੀਂ ਹੈ। ਗੁੰਡਿਆਂ ਦੀ ਧਾੜ ਨੂੰ ਬਾਹਰੋੰ ਭਾੜੇ ਤੇ ਲਿਆਂਦਾ ਗਿਆ ਸੀ। ਇਹ ਗੁੰਡੇ ਹਥਿਆਰਾਂ ਅਤੇ ਡਾਂਗਾਂ-ਸੋਟੀਆਂ ਆਦਿ ਨਾਲ ਲੈਸ ਸਨ। ਇਹ ਸਲੰਡਰ ਨਾਲ ਧਮਾਕਾ ਕਰਨ ਅਤੇ ਰੱਸੀਆਂ ਨਾਲ ਕੰਧਾਂ ’ਤੇ ਚੜ੍ਹਣ ਦੀ ਸਿਖਲਾਈ ਯਾਫਤਾ ਸਨ। ਬਹੁਤ ਸਾਰੀਆਂ ਮਸਜਿਦਾਂ ਨੂੰ ਸਲੰਡਰਾਂ ਦੇ ਧਮਾਕੇ ਕਰਕੇ ਨੁਕਸਾਨ ਪਹੁੰਚਾਇਆ ਗਿਆ। ਕੁੱਝ ਸਥਾਨਕ ਲੋਕਾਂ ਨੇ ਬਾਹਰੋਂ ਆਏ ਦੰਗਾਕਾਰੀਆਂ ਨੂੰ ਦੁਕਾਨਾਂ ਦੀ ਨਿਸ਼ਾਨਦੇਹੀ ਜਰੂਰ ਕਰਵਾਈ। ਕਿਉਂਕਿ ਬਾਹਰੋਂ ਆਏ ਵਿਅਕਤੀ ਨੂੰ ਇਹ ਕਿਵੇਂ ਪਤਾ ਲੱਗੂ ਕਿ ਕਿਹੜਾ ਘਰ ਕਿਹੜੇ ਫਿਰਕੇ ਦੇ ਵਿਅਕਤੀ ਦਾ ਹੈ। ਕਈ ਜਗ੍ਹਾ ਵੱਖ-ਵੱਖ ਫਿਰਕੇ ਦੇ ਲੋਕਾਂ ਨੇ ਗੁਆਂਢੀਆਂ ਨੂੰ ਦੰਗਾਕਾਰੀਆਂ ਤੋਂ ਬਚਾਉਣ ਵਿੱਚ ਵੀ ਭੂਮਿਕਾ ਨਿਭਾਈ। ਪ੍ਰੰਤੂ ਉਹ ਵੀ ਡਰੇ ਹੋਏ ਹਨ ਕਿ ਦੰਗਾਕਾਰੀਆਂ ਨੂੰ ਕਿਤੇ ਇਹ ਸਭ ਪਤਾ ਨਾ ਲੱਗ ਜਾਵੇ।
4.    ਚੁਣ-ਚੁਣ ਕੇ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੇਖਣ ਵਿੱਚ ਆਇਆ ਹੈ ਕਿ ਜਿਸ ਗਲੀ ਵਿੱਚ ਇੱਕਾ- ਦੁੱਕਾ ਮੁਸਲਮਾਨ ਭਾਈਚਾਰੇ ਦੇ ਘਰ ਅਤੇ ਦੁਕਾਨਾਂ ਹਨ, ਉਹ ਲੁੱਟੇ ਗਏ ਅਤੇ ਸਾੜੇ ਗਏ। ਦੰਗਾ ਪ੍ਰਭਾਵਿਤ ਇਲਾਕੇ ਵਿੱਚ ਇੱਕ ਵੀ ਮਸਜਿਦ ਅਜਿਹੀ ਨਹੀਂ ਜਿਸ ਨੂੰ ਨੁਕਸਾਨ ਨਾ ਪਹੁੰਚਾਇਆ ਗਿਆ ਹੋਵੇ। ਕੁੱਝ ਤਾਂ ਬਿਲਕੁਲ ਹੀ ਖਤਮ ਹੋ ਚੁੱਕੀਆਂ ਹਨ।
5.    ਇੱਕ ਵੀ ਮੰਦਰ ਦਿਖਾਈ ਨਹੀਂ ਦਿੱਤਾ ਜਿਸ ਦਾ ਕੋਈ ਨੁਕਸਾਨ ਹੋਇਆ ਹੋਵੇ। ਇੱਕ ਮੰਦਰ ਦੇ ਬਾਰੇ ਅਫਵਾਹਾਂ ਸਨ ਕਿ ਤਾਹਿਰ ਹੁਸੈਨ ਦੇ ਘਰ ਦੇ ਨਜਦੀਕ ਵਾਲੇ ਮੰਦਰ ’ਤੇ ਪੱਥਰਬਾਜੀ ਹੋਈ ਹੈ, ਲੇਕਿਨ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ।
6.    ਲੋਕਾਂ ਦਾ ਅਨੁਮਾਨ ਹੈ ਕਿ ਇੱਕ ਹਜ਼ਾਰ ਦੇ ਲੱਗਭਗ ਦੁਕਾਨਾਂ ਤੇ ਘਰਾਂ ਨੂੰ ਲੁੱਟਿਆ ਗਿਆ ਹੈ, ਸਾੜਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕਾ-ਦੁੱਕਾ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਆਸ-ਪਾਸ ਦੇ ਮੁਸਲਮਾਨ ਭਾਈਚਾਰੇ ਦੇ ਘਰ ਅਤੇ ਦੁਕਾਨਾਂ ਹਨ।
7.    ਗੋਕਲਪੁਰੀ ਟਾਇਰ ਬਜ਼ਾਰ ਅਤੇ ਆਸ-ਪਾਸ ਦੇ ਬਜ਼ਾਰ ਵਿੱਚ ਸਭ ਤੋਂ ਵੱਧ ਲੁੱਟਖਸੁੱਟ ਹੋਈ ਹੈ। ਬਿਲਕੁਲ ਉਸੇ ਤਰ੍ਹਾਂ ਨਿਸ਼ਾਨਦੇਹੀ ਕਰਕੇ ਕਿ ਕਿਸਦੀ ਦੁਕਾਨ ਲੁੱਟਣੀ ਹੈ ਤੇ ਕਿਸ ਦੀ ਦੁਕਾਨ ਛੱਡਣੀ ਹੈ।
8.    ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਜਿੱਥੇ ਪੀੜਿਤਾਂ ਨੇ ਖੁਦ ਵੀ ਬਚਾਉ ਕਾਰਜ ਕੀਤਾ ਹੈ। ਇੱਕ ਮੁਸਲਮਾਨ ਸਾਥੀ ਨਾਲ ਮੁਲਾਕਾਤ ਹੋਈ ਜਿਸ ਨੇ ਆਪਣੀ ਕਾਰ ਵਿੱਚ ਦੋ ਪੁਲਿਸ ਵਾਲਿਆਂ ਨੂੰ ਹਸਪਤਾਲ ਪਹੁੰਚਾਇਆ ਸੀ, ਜਿਨ੍ਹਾਂ ਵਿੱਚੋਂ ਬਾਅਦ ਵਿੱਚ ਇੱਕ ਦੀ ਮੌਤ ਹੋ ਗਈ ਸੀ।
9.    ਆਸ ਪਾਸ ਦੇ ਕਾਰਖਾਨੇ ਅਤੇ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਬਹੁਤੇ ਮਜਦੂਰ ਛੱਡ ਕੇ ਜਾ ਚੁੱਕੇ ਹਨ। ਬਜ਼ਾਰ ਉੱਤੇ ਇਸ ਦਾ ਅਸਰ ਪਵੇਗਾ ਹੀ। ਪ੍ਰੰਤੂ ਜੋ ਅਬਾਦੀ ਕੰਮ ਤੋਂ ਸੱਖਣੀ ਹੋ ਗਈ ਹੈ, ਉਹਨਾਂ ਲਈ ਆਫਤ ਬਹੁਤ ਵੱਡੀ ਹੈ। ਉਹਨਾਂ ਨੂੰ ਖਾਣ ਪੀਣ ਦੇ ਲਾਲੇ ਪੈ ਗਏ ਹਨ। ਉਹਨਾਂ ਲਈ ਰਾਹਤ ਦਾ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ। ਦੰਗਿਆਂ ਵਿੱਚ ਸਭ ਤੋਂ ਵਧੇਰੇ ਪ੍ਰਭਾਵਿਤ ਮਿਹਨਤ ਕਰਨ ਵਾਲਾ ਤਬਕਾ ਹੈ। ਉਹਨਾਂ ਨੂੰ ਕੋਈ ਮੁਆਵਜਾ ਅਤੇ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਭਾਰੀ ਗਿਣਤੀ ਵਿੱਚ ਮਿਹਨਤਕਸ ਮਜਦੂਰ ਆਬਾਦੀ ਇੱਥੋਂ ਛੱਡ ਕੇ ਜਾ ਚੁੱਕੀ ਹੈ। 
10.  ਮੁਸਲਮਾਨ ਭਾਈਚਾਰੇ ਦੇ ਇਹਨਾਂ ਲੋਕਾਂ ਨੇ ਹਿੰਦੂਆਂ ਦੇ ਘਰਾਂ ਵਿੱਚ ਦੁਕਾਨਾਂ ਕਿਰਾਏ ’ਤੇ ਲਈਆਂ ਹੋਈਆਂ ਸਨ, ਉਹਨਾਂ ਨੂੰ ਸਿੱਧੇ ਤੌਰ ’ਤੇ ਸਾੜਿਆ ਨਹੀਂ  ਗਿਆ। ਉਹਨਾਂ ਨੂੰ ਪਹਿਲਾਂ ਲੁੱਟਿਆ ਗਿਆ। ਲੋੜੀਂਦਾ ਸਮਾਨ ਲੁੱਟ ਕੇ ਲੈ ਜਾਣ ਤੋਂ ਬਾਅਦ ਬਚੇ-ਖੁਚੇ ਬਾਕੀ ਸਮਾਨ ਨੂੰ ਬਾਹਰ ਕੱਢ ਕੇ ਅੱਗ ਲਾ ਦਿੱਤੀ ਗਈ।
11.   ਅਜੇ ਵੀ ਹਾਲਾਤ ਬਹੁਤ ਖਰਾਬ ਹਨ। ਜ਼ਖਮੀ ਪਰਿਵਾਰਾਂ ਦੇ ਲੋਕਾਂ ਨੂੰ ਡਰ ਹੈ ਕਿ ਜੇਕਰ ਉਹ ਹਸਪਤਾਲ ਜਾ ਕੇ ਇਲਾਜ ਕਰਾਉਂਦੇ ਹਨ ਤਾਂ ਬਾਅਦ ਵਿੱਚ ਪੁਲਿਸ ਉਹਨਾਂ ਨੂੰ ਬੇਵਜਾਹ ਤੰਗ ਕਰੇਗੀ। ਬਹੁਤ ਸਾਰੇ ਲੋਕ ਘਰਾਂ ਵਿੱਚ ਹੀ ਇਲਾਜ ਕਰਵਾ ਰਹੇ ਹਨ। 
12.  ਇਸ ਤਰ੍ਹਾਂ ਨਹੀਂ ਕਿ ਹਿੰਸਾ ਇੱਕ ਹੀ ਜਗ੍ਹਾ ਤੋਂ ਸ਼ੁਰੂ ਹੋਈ ਅਤੇ ਅੱਗੇ ਵਧਦੀ ਗਈ ਬਲਕਿ ਕਈ ਸਥਾਨਾਂ ਤੇ ਇੱਕੋ ਸਮੇਂ ਹੀ ਹਿੰਸਾ ਦੀਆਂ ਵਾਰਦਾਤਾਂ ਹੋਈਆਂ। ਕਈ ਥਾਂਵਾਂ ਤੇ ਤਾਂ ਹਿੰਸਕ ਧਾੜ ਦੁਆਰਾ ਹਿੰਸਾ ਦੀਆਂ ਵਾਰਦਾਤਾਂ ਇੱਕੋ ਸਮੇਂ 200 ਜਾਂ 500 ਮੀਟਰ ਦੀ ਦੂਰੀ ’ਤੇ  ਹੋ ਰਹੀਆਂ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਿੰਸਾ ਯੋਜਨਾਬੱਧ ਸੀ। 
13.  ਪੁਲਿਸ ਅਤੇ ਸੁਰੱਖਿਆ ਬਲਾਂ ਦਾ ਫਿਰਕੂ ਚਰਿੱਤਰ ਇਸ ਫਿਰਕੂ ਹਿੰਸਾ ਦੌਰਾਨ ਖੁੱਲ੍ਹ ਕੇ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ੁਰੂਆਤੀ ਸਮੇਂ ਦੌਰਾਨ ਘੱਟ ਗਿਣਤੀ ਭਾਈਚਾਰੇ ਉੱਪਰ ਦੰਗਾਕਾਰੀ ਧਾੜ ਦੇ ਹਮਲਿਆਂ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਪੀੜਿਤਾਂ ਦੇ ਫੋਨ ਕਾਲਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਹਨਾਂ ਨਾਲ ਰਲ ਕੇ ਪੱਥਰ ਮਾਰਦੇ ਹੋਏ ਅਤੇ ਸੀਸੀਟੀਵੀ ਕੈਮਰੇ ਤੋੜਦੇ ਹੋਏ ਪੁਲਿਸ ਮੁਲਾਜਮ ਦਿਖਾਈ ਦਿੱਤੇ। ਦੰਗਾਕਾਰੀਆਂ ਨੂੰ ਪੁਲਿਸ ਮੁਲਾਜਮਾਂ ਦੇ ਪੈਰੀਂ ਹੱਥ ਲਾਉਂਦੇ ਅਤੇ ਪੁਲਿਸ ਜਿੰਦਾਬਾਦ ਦੇ ਨਾਹਰੇ ਲਾਉਂਦੇ ਸੁਣਿਆ ਗਿਆ। ਕਿਉਂਕਿ ਦਿੱਲੀ ਪੁਲਿਸ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ, ਇਸ ਲਈ ਇਸ ਵਿੱਚ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਦਾ ਹੱਥ ਹੈ। ਇਸ ਲਈ ਇਹ ਪੁਲਿਸ ਜੋ ਵੀ ਜਾਚ ਕਰੇਗੀ ਉਸਦੀ ਭਰੋਸੇਯੋਗਤਾ ਸ਼ੱਕੀ ਹੋਵੇਗੀ।
14.  ਹਿੰਦੂਆਂ ਦੁਆਰਾ ਮੁਸਲਮਾਨਾਂ ਦਾ ਬਚਾਅ ਕਰਨ ਦੇ ਵੀ ਕੁੱਝ ਤੱਥ ਸਾਹਮਣੇ ਆਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਫਿਰਕੂ ਪਾਲਾਬੰਦੀ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਈਆਂ।
15.  ਇਹ ਗੱਲ ਵੀ ਸੁਣਨ ਵਿੱਚ ਆਈ ਹੈ ਕਿ ਜੋ ਦਿੱਲੀਓਂ ਬਾਹਰ ਦੇ ਪਰਿਵਾਰ ਹਨ ਉੱਥੇ ਕਿਸੇ ਦੀ ਮੌਤ ਹੋਈ ਹੈ ਤਾਂ ਉਹ ਕਿਸੇ ਪੁਲਿਸ ਅਤੇ ਹੋਰ ਚੱਕਰਾਂ ਵਿੱਚ ਪੈਣ ਦੀ ਬਜਾਏ ਲਾਸ਼ ਲੈ ਕੇ ਸਿੱਧੇ ਆਪਣੇ ਪਿੰਡ ਚਲੇ ਗਏ। ਇਹ ਸਾਬਤ ਕਰਦਾ ਹੈ ਕਿ ਪੀੜਿਤ ਲੋਕਾਂ ਅੰਦਰ ਪੁਲਿਸ ਅਤੇ ਪ੍ਰਸ਼ਾਸਨ ਦੇ ਵਿਵਹਾਰ ਵਿੱਚ ਪੂਰੀ ਤਰ੍ਹਾਂ ਪੱਖਪਾਤ ਕਰਨ ਦਾ ਡਰ ਮੌਜੂਦ ਹੈ ਅਤੇ ਸਰਕਾਰ ਤੋਂ ਵੀ ਕੋਈ ਵਧੇਰੇ ਉਮੀਦ ਨਹੀਂ ਹੈ।
(ਉਕਤ ਰਿਪੋਰਟ ਵਿੱਚ ਦਿੱਤੇ ਗਏ ਨਾਮ ਉਹਨਾਂ ਦੀ ਸੁਰੱਖਿਆ ਅਤੇ ਪਹਿਚਾਣ ਨੂੰ ਛੁਪਾਉਣ ਦੇ ਮਕਸਦ ਨਾਲ ਬਦਲ ਦਿੱਤੇ ਗਏ ਹਨ) 
-ਪੰਜਾਬੀ ਤਰਜਮਾ ਸ੍ਰੀ ਦਰਬਾਰਾ ਸਿੰਘੇਸੇਵਾ ਮੁਕਤ ਬੈਂਕ ਏਜੀਐਮ ਅਮਰਜੀਤ ਕੌਰ ਸੇਵਾ ਮੁਕਤ ਲੈਕਚਰਾਰ

No comments:

Post a Comment